ਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

‘ਪ੍ਰਗਤੀ’ ਰਾਹੀਂ ਪ੍ਰਧਾਨ ਮੰਤਰੀ ਦੀ ਗੱਲਬਾਤ

‘ਪ੍ਰਗਤੀ’ ਰਾਹੀਂ ਪ੍ਰਧਾਨ ਮੰਤਰੀ ਦੀ ਗੱਲਬਾਤ

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ‘ਸਰਗਰਮ ਸ਼ਾਸਨ ਤੇ ਸਮੇਂ ਸਿਰ ਲਾਗੂਕਰਨ’ ਲਈ ਆਈ.ਸੀ.ਟੀ. ਆਧਾਰਤ ਮਲਟੀ-ਮੋਡਲ ਪਲੇਟਫ਼ਾਰਮ – ‘ਪ੍ਰਗਤੀ’ ਰਾਹੀਂ ਆਪਣੀ 18ਵੀਂ ਗੱਲਬਾਤ ਦੀ ਪ੍ਰਧਾਨਗੀ ਕੀਤੀ।

ਪ੍ਰਧਾਨ ਮੰਤਰੀ ਨੇ ਰੇਲਵੇ ਨਾਲ ਸਬੰਧਤ ਸ਼ਿਕਾਇਤਾਂ ਨਾਲ ਨਿਪਟਣ ਤੇ ਉਨ੍ਹਾਂ ਦਾ ਹੱਲ ਕੀਤੇ ਜਾਣ ਦੇ ਕੰਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਇਹ ਗੱਲ ਨੋਟ ਕੀਤੀ ਕਿ ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਅਧਿਕਾਰੀਆਂ ਦੀਆਂ ਭ੍ਰਸ਼ਟ ਗਤੀਵਿਧੀਆਂ ਨਾਲ ਸਬੰਧਤ ਹੁੰਦੀਆਂ ਹਨ, ਉਨ੍ਹਾਂ ਭ੍ਰਿਸ਼ਟਾਚਾਰ ਦੇ ਦੋਸ਼ੀ ਪਾਏ ਜਾਣ ਵਾਲੇ ਰੇਲਵੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਦਿੱਤੀ। ਉਨ੍ਹਾਂ ਨੇ ਭਾਰਤੀ ਰੇਲਵੇ ਕਿਹਾ ਕਿ ਉਹ ਕਿਸੇ ਹਾਦਸੇ ਦੀ ਸਥਿਤੀ ਵਿੱਚ ਹੈਲਪਲਾਈਨ ਸਮੇਤ ਸਾਰੀਆਂ ਸ਼ਿਕਾਇਤਾਂ ਤੇ ਪੁੱਛਗਿੱਛ ਲਈ ਇੱਕੋ-ਇੱਕ ਸਾਂਝਾ ਟੈਲੀਫ਼ੋਨ ਨੰਬਰ ਰੱਖਣ ਲਈ ਕੰਮ ਕਰਨ।
ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਕਰਨਾਟਕ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਓੜੀਸ਼ਾ, ਉੱਤਰ ਪ੍ਰਦੇਸ਼, ਉੱਤਰਾਖੰਡ, ਜੰਮੂ ਤੇ ਕਸ਼ਮੀਰ, ਅਸਮ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਤ੍ਰਿਪੁਰਾ ਅਤੇ ਨਾਗਾਲੈਂਡ ਸਮੇਤ ਅਨੇਕਾਂ ਸੂਬਿਆਂ ਵਿੱਚ ਚੱਲ ਰਹੇ ਰੇਲਵੇ, ਸੜਕ ਤੇ ਬਿਜਲੀ ਖੇਤਰਾਂ ਨਾਲ ਸਬੰਧਤ ਬੁਨਿਆਦੀ ਢਾਂਚੇ ਦੇ ਅਹਿਮ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ।

ਅੱਜ ਜਿਹੜੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਗਈ, ਉਨ੍ਹਾਂ ਵਿੱਚ ਇਹ ਸ਼ਾਮਲ ਹਨ: ਮੁੰਬਈ ਮੈਟਰੋ, ਦਿ ਤਿਰੂਪਤੀ-ਚੇਨਈ ਹਾਈਵੇਅ, ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਮਨੀਪੁਰ ਵਿੱਚ ਲੰਮੇ ਸਮੇਂ ਤੋਂ ਮੁਲਤਵੀ ਪਏ ਸੜਕੀ ਪ੍ਰੋਜੈਕਟ ਅਤੇ ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬ ਵਿੱਚ ਅਹਿਮ ਬਿਜਲੀ ਟ੍ਰਾਂਸਮਿਸ਼ਨ ਲਾਈਨਾਂ।

ਬੱਚਿਆਂ ਲਈ ਵਿਆਪਕ ਟੀਕਾਕਰਨ ਲਈ ਮਿਸ਼ਨ ਇੰਦਰਧਨੁਸ਼ ਦੀ ਸਮੀਖਿਆ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਸਬੰਧੀ ਸਭ ਤੋਂ ਮਾੜੀ ਕਾਰਗੁਜ਼ਾਰੀ ਵਾਲੇ 100 ਜ਼ਿਲ੍ਹਿਆਂ ਲਈ ਸਖ਼ਤੀ ਨਾਲ ਇੱਕ ਨਿਸ਼ਚਤ ਸਮਾਂ-ਸੀਮਾ ਅੰਦਰ ਟੀਚੇ ਦੀ ਪ੍ਰਾਪਤੀ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਐੱਨ.ਸੀ.ਸੀ. ਅਤੇ ਨਹਿਰੂ ਯੁਵਾ ਕੇਂਦਰ ਜਿਹੇ ਯੁਵਾ ਸੰਗਠਨਾਂ ਨੂੰ ਇਹ ਯਕੀਨੀ ਬਣਾਉਣ ਲਈ ਸ਼ਾਮਲ ਕੀਤਾ ਜਾ ਸਕਦਾ ਹੈ, ਤਾਂ ਜੋ ਕੋਈ ਵੀ ਬੱਚਾ ਟੀਕਾਕਰਨ ਦੇ ਲਾਭ ਤੋਂ ਵਾਂਝਾ ਨਾ ਰਹਿ ਜਾਵੇ।

ਸਵੱਛਤਾ ਕਾਰਜ-ਯੋਜਨਾਵਾਂ ਲਾਗੂ ਕੀਤੇ ਜਾਣ ਦੀ ਸਮੀਖਿਆ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੱਛਤਾ ਪੰਦਰਵਾੜੇ ਜਿਹੇ ਸਮਾਰੋਹ ਪੱਕੇ ਹੱਲ ਲੱਭਣ ਲਈ ਅੰਦੋਲਨਾਂ ਤੇ ਲਹਿਰਾਂ ਵਿੱਚ ਤਬਦੀਲ ਕੀਤੇ ਜਾਣੇ ਚਾਹੀਦੇ ਹਨ। ‘ਅਮਰੁਤ’ ਮਿਸ਼ਨ ਬਾਰੇ ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਨਵੀਨਤਮ ਤਕਨਾਲੋਜੀ, ਜਿਵੇਂ ਕਿ ਐੱਲ.ਈ.ਡੀ. ਬਲੱਬਾਂ ਦੀ ਵਰਤੋਂ ਰਾਹੀਂ ਹੋਏ ਫ਼ਾਇਦੇ ਵਧਾਏ ਜਾਣ ਅਤੇ ਉਨ੍ਹਾਂ ਨੂੰ ਦਸਤਾਵੇਜ਼ਾਂ ਦੀ ਸ਼ਕਲ ਦਿੱਤੀ ਜਾਵੇ, ਤਾਂ ਜੋ ਇਹ ਲਾਭ ਸਭ ਤੱਕ ਪੁੱਜ ਸਕਣ।

ਪ੍ਰਧਾਨ ਮੰਤਰੀ ਨੇ ਭਾਰਤ ਸਰਕਾਰ ਦੇ ਸਾਰੇ ਸਕੱਤਰਾਂ ਅਤੇ ਰਾਜਾਂ ਦੇ ਸਾਰੇ ਮੁੱਖ ਸਕੱਤਰਾਂ ਨੂੰ ਬੇਨਤੀ ਕੀਤੀ ਕਿ ਉਹ ਸਾਲ 2022 ਦੌਰਾਨ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤੱਕ ਠੋਸ ਯੋਜਨਾਵਾਂ ਤੇ ਉਦੇਸ਼ਾਂ ਨਾਲ ਵੱਡੀਆਂ ਤਬਦੀਲੀਆਂ ਲਿਆਉਣ। ਸਵੱਛਤਾ ਦੇ ਸਬੰਧ ਵਿੱਚ, ਉਨ੍ਹਾਂ ਸਾਲ 2019 ਵਿੱਚ ਮਹਾਤਮਾ ਗਾਂਧੀ ਦੀ 150ਵੀਂ ਜਨਮ ਵਰ੍ਹੇਗੰਢ ਮਨਾਉਣ ਲਈ ਵੀ ਵੱਧ ਤੋਂ ਵੱਧ ਯਤਨ ਕਰਨ ਲਈ ਕਿਹਾ।

***

AKT/HS