ਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦਾ ਫਿਲੀਪੀਨਜ਼ ਰਵਾਨਾ ਹੋਣ ਤੋਂ ਪਹਿਲਾਂ ਬਿਆਨ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਪਣੇ ਫਿਲੀਪੀਨਜ਼ ਦੇ ਦੌਰੇ ਉੱਤੇ ਰਵਾਨਾ ਹੋਣ ਤੋਂ ਪਹਿਲਾਂ ਦਿੱਤੇ ਬਿਆਨ ਦਾ ਮੂਲ-ਪਾਠ

”ਮੈਂ 12 ਨਵੰਬਰ ਤੋਂ ਸ਼ੁਰੂ ਹੋ ਰਹੇ ਆਪਣੇ ਤਿੰਨ ਦਿਨਾ ਦੌਰੇ ਉੱਤੇ ਮਨੀਲਾ ਵਿੱਚ ਹੋਵਾਂਗਾ। ਇਹ ਮੇਰਾ ਪਹਿਲਾ ਦੁਵੱਲਾ ਫਿਲਪੀਨਜ਼ ਦੌਰਾ ਹੋਵੇਗਾ। ਉੱਥੇ ਮੈਂ ਏਸੀਆਨ -ਇੰਡੀਆ ਅਤੇ ਪੂਰਬੀ ਏਸ਼ੀਆ ਸਿਖਰ ਸੰਮੇਲਨਾਂ (ASEAN-India and East Asia Summits) ਵਿੱਚ ਵੀ ਹਿੱਸਾ ਲਵਾਂਗਾ। ਮੇਰਾ ਇਨ੍ਹਾਂ ਵਿੱਚ ਹਿੱਸਾ ਲੈਣਾ ਵਿਸ਼ੇਸ਼ ਤੌਰ ‘ਤੇ ਭਾਰਤ ਦੀ ਏਸੀਆਨ ਮੈਂਬਰ ਦੇਸ਼ਾਂ ਅਤੇ ਆਮ ਤੌਰ ‘ਤੇ ਮੇਰੀ ਸਰਕਾਰ ਦੀ ਐਕਟ ਈਸਟ ਪਾਲਸੀ ਦੇ ਢਾਂਚੇ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ। ਇਨ੍ਹਾਂ ਸਿਖਰ ਸੰਮੇਲਨਾਂ ਤੋਂ ਇਲਾਵਾ ਮੈਂ ਏਸੀਆਨ, ਖੇਤਰੀ ਵਿਸਤ੍ਰਿਤ ਆਰਥਿਕ ਭਾਈਵਾਲੀ (ਆਰਸੀਈਪੀ) ਆਗੂਆਂ ਦੀ ਮੀਟਿੰਗ ਦੀ 50ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਹੋਣ ਵਾਲੇ ਵਿਸ਼ੇਸ਼ ਸਮਾਰੋਹਾਂ ਅਤੇ ਏਸੀਆਨ ਵਪਾਰਕ ਅਤੇ ਨਿਵੇਸ਼ ਸੰਮੇਲਨ ਵਿੱਚ ਹਿੱਸਾ ਲਵਾਂਗਾ। ਏਸੀਆਨ ਵਪਾਰ ਅਤੇ ਨਿਵੇਸ਼ ਸੰਮੇਲਨ ਸਾਡੇ ਨਜ਼ਦੀਕੀ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਏਸੀਆਨ ਮੈਂਬਰ ਦੇਸ਼ਾਂ ਨਾਲ ਸਾਡੇ ਵਪਾਰ ਸਬੰਧਾਂ ਵਿੱਚ ਵਾਧਾ ਕਰੇਗਾ। ਇਹ ਵਪਾਰ ਸਮੁੱਚੇ ਵਪਾਰ ਦਾ 10.85% ਹੈ।

ਫਿਲੀਪੀਨਜ਼ ਦੇ ਮੇਰੇ ਪਹਿਲੇ ਦੌਰੇ ਦੌਰਾਨ ਮੈਂ ਫਿਲੀਪੀਨਜ਼ ਦੇ ਰਾਸ਼ਟਰਪਤੀ ਮਾਣਯੋਗ ਸ਼੍ਰੀ ਰੋਡਰੀਗੋ ਡਿਊਟਰਟੇ (HE Mr. Rodrigo Duterte) ਨਾਲ ਦੁਵੱਲੀ ਮੀਟਿੰਗ ਦਾ ਰਾਹ ਦੇਖ ਰਿਹਾ ਹਾਂ। ਮੈਂ ਏਸੀਆਨ ਅਤੇ ਪੂਰਬੀ ਏਸ਼ੀਆ ਸਿਖਰ ਆਗੂਆਂ ਨਾਲ ਵੀ ਵਿਚਾਰ-ਵਟਾਂਦਰਾ ਕਰਾਂਗਾ।

ਮੈਂ ਫਿਲੀਪੀਨਜ਼ ਵਿੱਚ ਰਹਿਣ ਵਾਲੇ ਭਾਰਤੀ ਭਾਈਚਾਰੇ ਨਾਲ ਗੱਲਬਾਤ ਕਰਨ ਦੀ ਤੀਬਰਤਾ ਨਾਲ ਉਡੀਕ ਕਰ ਰਿਹਾ ਹਾਂ। ਮਨੀਲਾ ਵਿੱਚ ਆਪਣੇ ਠਹਿਰਾਅ ਦੌਰਾਨ ਮੈਂ ਅੰਤਰਰਾਸ਼ਟਰੀ ਚਾਵਲ ਖੋਜ ਸੰਸਥਾ (ਆਈਆਰਆਰਆਈ) ਅਤੇ ਮਹਾਵੀਰ ਫਿਲੀਪੀਨਜ਼ ਫਾਊਂਡੇਸ਼ਨ ਇੰਕ (ਐੱਮਪੀਐੱਫਆਈ) ਵੀ ਦੇਖਣ ਜਾਵਾਂਗਾ।

ਅੰਤਰਰਾਸ਼ਟਰੀ ਚਾਵਲ ਖੋਜ ਸੰਸਥਾ (ਆਈਆਰਆਰਆਈ) ਨੇ ਵਿਗਿਆਨਕ ਖੋਜ ਅਤੇ ਵਿਕਾਸ ਰਾਹੀਂ ਵਧੀਆ ਕਿਸਮ ਦੇ ਚਾਵਲ ਵਿਕਸਤ ਕੀਤੇ ਹਨ ਅਤੇ ਇਸ ਨੇ ਖੁਰਾਕ ਦੀ ਕਮੀ ਦੇ ਮੁੱਦੇ ਨੂੰ ਹੱਲ ਕਰਨ ਵਿੱਚ ਵਿਸ਼ਵ ਭਾਈਚਾਰੇ ਦੀ ਮਦਦ ਕੀਤੀ ਹੈ। ਆਈਆਰਆਰਆਈ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਵਿਗਿਆਨੀ ਕੰਮ ਕਰ ਰਹੇ ਹਨ ਅਤੇ ਖੋਜ ਅਤੇ ਵਿਕਾਸ ਦੇ ਖੇਤਰ ਵਿੱਚ ਹਿੱਸਾ ਪਾ ਰਹੇ ਹਨ। ਮੇਰੇ ਮੰਤਰੀ ਮੰਡਲ ਨੇ 12 ਜੁਲਾਈ, 2017 ਨੂੰ ਆਈਆਰਆਰਆਈ ਨੂੰ ਵਾਰਾਣਸੀ ਵਿੱਚ ਆਪਣਾ ਦੱਖਣੀ ਏਸ਼ਿਆਈ ਖੇਤਰੀ ਕੇਂਦਰ ਕਾਇਮ ਕਰਨ ਦੀ ਪ੍ਰਵਾਨਗੀ ਦਿੱਤੀ ਸੀ। ਆਪਣੇ ਹੈੱਡਕੁਆਰਟਰ ਫਿਲੀਪੀਨਜ਼ ਤੋਂ ਬਾਹਰ ਇਸ ਦਾ ਇਹ ਪਹਿਲਾ ਖੋਜ ਕੇਂਦਰ ਹੋਵੇਗਾ। ਵਾਰਾਣਸੀ ਕੇਂਦਰ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਦਦ ਕਰੇਗਾ ਅਤੇ ਉਹ ਅਜਿਹਾ ਚਾਵਲ ਉਤਪਾਦਕਤਾ ਵਧਾ ਕੇ, ਉਤਪਾਦਨ ਦਾ ਖਰਚ ਘਟਾ ਕੇ, ਵਿਭਿੰਨਤਾ ਲਿਆ ਕੇ ਅਤੇ ਕਿਸਾਨਾਂ ਦੀ ਨਿਪੁੰਨਤਾ ਵਧਾ ਕੇ ਕਰੇਗਾ।

ਮਹਾਵੀਰ ਫਿਲੀਪੀਨਜ਼ ਫਾਊਂਡੇਸ਼ਨ ਇੰਕ (ਐਮਪੀਐੱਫਆਈ) ਦਾ ਮੇਰਾ ਦੌਰਾ ਇਸ ਦੀਆਂ ਨਕਲੀ ਅੰਗ ਮੁਫਤ ਵੰਡਣ ਦੀਆਂ ਸਰਗਰਮੀਆਂ ਪ੍ਰਤੀ ਹਮਾਇਤ ਨੂੰ ਦਰਸਾਵੇਗਾ। ਇਹ ਸੰਸਥਾ ਲੋੜਵੰਦਾਂ ਨੂੰ ”ਜੈਪੁਰ ਫੁੱਟ” ਮੁਫਤ ਵੰਡ ਰਹੀ ਹੈ। ਸੰਨ 1989 ਵਿੱਚ ਇਸ ਦੀ ਸਥਾਪਨਾ ਤੋਂ ਬਾਅਦ ਐੱਮਪੀਐੱਫਆਈ ਨੇ ਫਿਲੀਪੀਨਜ਼ ਵਿੱਚ 15,000 ਲੋੜਵੰਦਾਂ ਨੂੰ ਜੈਪੁਰ ਫੁੱਟ ਫਿੱਟ ਕੀਤੇ ਹਨ ਅਤੇ ਉਨ੍ਹਾਂ ਨੂੰ ਇੱਕ ਨਵਾਂ ਜੀਵਨ ਜਿਊਣ ਦੇ ਯੋਗ ਬਣਾਇਆ ਹੈ। ਭਾਰਤ ਸਰਕਾਰ ਇਸ ਫਾਊਂਡੇਸ਼ਨ ਦੀ ਮਦਦ ਵਿੱਚ ਆਪਣਾ ਛੋਟਾ ਜਿਹਾ ਹਿੱਸਾ ਪਾ ਰਹੀ ਹੈ।

ਮੈਨੂੰ ਪੂਰੀ ਆਸ ਹੈ ਕਿ ਮਨੀਲਾ ਦਾ ਮੇਰਾ ਦੌਰਾ ਭਾਰਤ ਫਿਲੀਪੀਨਜ਼ ਦੁਵੱਲੇ ਸਬੰਧਾਂ ਨੂੰ ਇੱਕ ਨਵਾਂ ਹੁਲਾਰਾ ਦੇਵੇਗਾ ਅਤੇ ਏਸੀਆਨ ਨਾਲ ਦੇਸ਼ ਦੇ ਸਿਆਸੀ – ਸੁਰੱਖਿਆ, ਆਰਥਿਕ ਅਤੇ ਸਮਾਜਿਕ-ਸੱਭਿਆਚਾਰਕ ਸਬੰਧਾਂ ਦੇ ਥੰਮ੍ਹਾਂ ਨੂੰ ਮਜ਼ਬੂਤ ਕਰੇਗਾ।

ਏਕੇਟੀ/ਐੱਨਟੀ