ਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨਾਵਿਕਾ ਸਾਗਰ ਪਰਿਕਰਮਾ ਦੇ ਚਾਲਕ ਦਲ (crew) ਨੂੰ ਮਿਲੇ

ਭਾਰਤੀ ਜਲ ਸੈਨਾ ਦੀਆਂ 6 ਮਹਿਲਾ ਅਫਸਰਾਂ, ਜਿਨ੍ਹਾਂ ਨੇ ਕਿ ਇੱਕ ਸਮੁੰਦਰੀ ਜਹਾਜ਼ ਆਈ ਐੱਨ ਐੱਸ ਵੀ ਤਾਰਿਨੀ (INSV Tarini) ਵਿੱਚ ਦੁਨੀਆ ਦਾ ਚੱਕਰ ਲਗਾਉਣਾ ਹੈ, ਨੇ ਅੱਜ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਇਹ ਪੂਰੇ ਮਹਿਲਾ ਚਾਲਕ ਦਲ (crew) ਵੱਲੋਂ ਵਿਸ਼ਵ ਦਾ ਪਹਿਲਾ ਦੌਰਾ ਹੋਵੇਗਾ। ਉਹ ਇਸ ਮਹੀਨੇ ਦੇ ਅਖੀਰ ਵਿੱਚ ਗੋਆ ਤੋਂ ਆਪਣੀ ਇਹ ਯਾਤਰਾ ਸ਼ੁਰੂ ਕਰਨਗੇ ਅਤੇ ਮਾਰਚ 2018 ਵਿੱਚ ਇਸ ਯਾਤਰਾ ਨੂੰ ਮੁਕੰਮਲ ਕਰਕੇ ਗੋਆ ਪਰਤ ਆਉਣਗੇ। ਇਸ ਮੁਹਿੰਮ ਨੂੰ ਨਾਵਿਕਾ ਸਾਗਰ ਪਰਿਕਰਮਾ ਦਾ ਨਾਂ ਦਿੱਤਾ ਗਿਆ ਹੈ। ਇਹ ਪਰਿਕਰਮਾ 5 ਪੜਾਵਾਂ ਵਿੱਚ ਪੂਰੀ ਹੋਵੇਗੀ ਅਤੇ 4 ਬੰਦਰਗਾਹਾਂ – ਫਰੀਮੈਂਟਲ (ਆਸਟਰੇਲੀਆ), ਲਿਟਲਟਨ (ਨਿਊਜ਼ੀਲੈਂਡ), ਪੋਰਟ ਸਟੈਨਲੇ (ਫਾਕਲੈਂਡਜ਼) ਅਤੇ ਕੇਪਟਾਊਨ (ਦੱਖਣੀ ਅਫਰੀਕਾ) ਵਿਖੇ ਇਨ੍ਹਾਂ ਦਾ ਠਹਿਰਾਅ ਹੋਵੇਗਾ।

ਆਈ ਐੱਨ ਐੱਸ ਦੀ ਤਾਰਿਨੀ 55 ਫੁੱਟ ਲੰਬਾ ਸਮੁੰਦਰੀ ਜਹਾਜ਼ ਹੈ ਜੋ ਕਿ ਦੇਸ਼ ਵਿੱਚ ਵੀ ਤਿਆਰ ਹੋਇਆ ਹੈ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਸੀ।

ਗੱਲਬਾਤ ਦੌਰਾਨ ਚਾਲਕ ਦਲ ਦੇ ਮੈਂਬਰਾਂ ਨੇ ਆਪਣੀ ਆਉਣ ਵਾਲੀ ਯਾਤਰਾ ਦੇ ਵੇਰਵੇ ਪ੍ਰਧਾਨ ਮੰਤਰੀ ਨੂੰ ਦੱਸੇ। ਪ੍ਰਧਾਨ ਮੰਤਰੀ ਨੇ ਕਾਮਨਾ ਕੀਤੀ ਕਿ ਮਹਿਲਾ ਚਾਲਕ ਦਲ ਠੀਕ-ਠਾਕ ਰਹੇ ਅਤੇ ਉਨ੍ਹਾਂ ਕਿਹਾ ਕਿ ਉਹ ਦੁਨੀਆ ਭਰ ਵਿੱਚ ਉਨ੍ਹਾਂ ਦੀ ਯਾਤਰਾ ਦੀ ਹੋ ਰਹੀ ਪ੍ਰਗਤੀ ਉੱਤੇ ਨਜ਼ਰ ਰੱਖਣਗੇ। ਉਨ੍ਹਾਂ ਚਾਲਕ ਦਲ ਨੂੰ ਸੱਦਾ ਦਿੱਤਾ ਕਿ ਉਹ ਭਾਰਤ ਦੀਆਂ ਯੋਗਤਾਵਾਂ ਅਤੇ ਤਾਕਤ ਦਾ ਦੁਨੀਆ ਭਰ ਵਿੱਚ ਪ੍ਰਚਾਰ ਕਰਨ। ਉਨ੍ਹਾਂ ਨੇ ਇਨ੍ਹਾਂ ਮਹਿਲਾਵਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਆਪਣੀ ਯਾਤਰਾ ਦੇ ਸਫਲਤਾ ਨਾਲ ਮੁਕੰਮਲ ਹੋਣ `ਤੇ ਆਪਣੇ ਤਜਰਬੇ ਲਿਖਣ ਅਤੇ ਸਾਂਝੇ ਕਰਨ।

ਇਸ ਜਹਾਜ਼ ਦੀ ਅਗਵਾਈ ਲੈਫਟੀਨੈਂਟ ਕਮਾਂਡਰ ਵਰਤਿਕਾ ਜੋਸ਼ੀ ਵੱਲੋਂ ਕੀਤੀ ਜਾਵੇਗੀ ਅਤੇ ਚਾਲਕ ਦਲ ਦੇ ਮੈਂਬਰਾਂ ਵਿੱਚ ਲੈਫਟੀਨੈਂਟ ਕਮਾਂਡਰ ਪ੍ਰਤਿਭਾ ਜਾਮਵਾਲ, ਪੀ ਸਵਾਤੀ ਅਤੇ ਲੈਫਟੀਨੈਂਟਸ ਐੱਸ ਵਿਜਯਾ ਦੇਵੀ, ਬੀ ਐਸ਼ਵਰਿਆ ਅਤੇ ਪਾਇਲ ਗੁਪਤਾ ਸ਼ਾਮਲ ਹਨ।

AKT/NT