ਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨੀਤੀ ਆਯੋਗ ਵੱਲੋਂ ਆਯੋਜਿਤ “ਚੈਂਪੀਅਨਜ਼ ਆਵ੍ ਚੇਂਜ” ਪਹਿਲ ‘ਚ ਨੌਜਵਾਨ ਉੱਦਮੀਆਂ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਅੱਜ ਪ੍ਰਵਾਸੀ ਭਾਰਤੀ ਕੇਂਦਰ ‘ਚ ਨੀਤੀ ਆਯੋਗ ਵੱਲੋਂ ਕਰਵਾਏ “ਚੈਂਪੀਅਨਜ਼ ਆਵ੍ ਚੇਂਜ” ਪਹਿਲ ‘ਚ ਨੌਜਵਾਨ ਉੱਦਮੀਆਂ ਨਾਲ ਗੱਲਬਾਤ ਕੀਤੀ।

ਨੌਜਵਾਨ ਉੱਦਮੀਆਂ ਦੇ ਛੇ ਸਮੂਹਾਂ ਨੇ ਸਾਫਟ ਪਾਵਰ: ਇਨਕ੍ਰੈਡੀਬਲ ਇੰਡੀਆ 2.0; ਸਿੱਖਿਆ ਅਤੇ ਕੌਸ਼ਲ ਵਿਕਾਸ; ਸਿਹਤ ਅਤੇ ਪੋਸ਼ਣ; ਇੱਕ ਟਿਕਾਊ ਕੱਲ੍ਹ ਊਰਜਾਵਾਨ ਕਰਦਿਆਂ; ਅਤੇ ਡਿਜੀਟਲ ਇੰਡੀਆ; 2022 ਤੱਕ ਨਿਊ ਇੰਡੀਆ ਵਰਗੇ ਵਿਸ਼ਿਆਂ `ਤੇ ਪ੍ਰਧਾਨ ਮੰਤਰੀ ਸਾਹਮਣੇ ਪੇਸ਼ਕਾਰੀ ਕੀਤੀ।

ਉੱਦਮੀਆਂ ਵੱਲੋਂ ਕੀਤੀਆਂ ਪੇਸ਼ਕਾਰੀਆਂ ਵਿੱਚ ਸੰਕਲਪਿਤ ਨਵੇਂ ਵਿਚਾਰਾਂ ਅਤੇ ਨਵੀਨਤਾਵਾਂ ਦੀ ਸ਼ਲਾਘਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਤੇ ਸਮੇਂ ‘ਚ ਕੀਤੀਆਂ ਸਮਾਜਿਕ ਪਹਿਲਾਂ ਨੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਵੱਡੇ ਪੱਧਰ ‘ਤੇ ਪੂਰਾ ਕੀਤਾ ਸੀ ਅਤੇ ਇਨ੍ਹਾਂ ਲਹਿਰਾਂ ਦੀ ਅਗਵਾਈ ਸਮਾਜ ਦੇ ਪ੍ਰਸਿੱਧ ਲੋਕਾਂ ਵੱਲੋਂ ਕੀਤੀ ਗਈ।

ਪ੍ਰਧਾਨ ਮੰਤਰੀ ਨੇ “ਚੈਂਪੀਅਨਜ਼ ਆਵ੍ ਚੇਂਜ” ਪਹਿਲ ਨੂੰ ਰਾਸ਼ਟਰ ਅਤੇ ਸਮਾਜ ਦੇ ਲਾਭ ਲਈ ਵੱਖ-ਵੱਖ ਤਾਕਤਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਦੱਸਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪਹਿਲ ਅੱਗੇ ਵਧੇਗੀ ਅਤੇ ਸਭ ਤੋਂ ਵਧੀਆ ਤਰੀਕੇ ਨਾਲ ਸੰਸਥਾਗਤ ਰੂਪ ਧਾਰੇਗੀ। ਉਨ੍ਹਾਂ ਕਿਹਾ ਕਿ ਇੱਕ ਸੰਭਾਵਨਾ ਇਹ ਵੀ ਹੋ ਸਕਦੀ ਹੈ ਕਿ ਕੇਂਦਰ ਸਰਕਾਰ ਦੇ ਸਬੰਧਤ ਵਿਭਾਗਾਂ ਅਤੇ ਮੰਤਰਾਲਿਆਂ ਦੇ ਨਾਲ ਇਹ ਪੇਸ਼ਕਾਰੀਆਂ ਦੇਣ ਵਾਲੇ ਸਮੂਹਾਂ ਨੂੰ ਜੋੜਿਆ ਜਾ ਸਕਦਾ ਹੈ।

ਉਨ੍ਹਾਂ ਪਦਮ ਪੁਰਸਕਾਰਾਂ ਦੀ ਮਿਸਾਲ ਦਿੰਦਿਆਂ ਦੱਸਿਆ ਕਿ ਸਮਾਜ ਦੇ ਹੁਣ ਤੱਕ ਅਣਗੌਲੇ ਨਾਇਕਾਂ ਨੂੰ ਪਛਾਨਣ ਲਈ ਪ੍ਰਕਿਰਿਆਵਾਂ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੀ ਟੀਮ ਲੋਕਾਂ ਦੀ ਭਲਾਈ ਲਈ ਨਵੇਂ ਰਸਤੇ ਤਲਾਸ਼ ਰਹੀ ਹੈ। ਉਨ੍ਹਾਂ ਉੱਦਮੀਆਂ ਨੂੰ ਆਪਣੇ ਸਬੰਧਤ ਸਮੂਹਾਂ ‘ਚ ਆਪਣੀ ਸੋਚ ਨੂੰ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਹ ਸ਼ਾਸਨ ਨੂੰ ਅੱਗੇ ਵਧਾਉਣ ‘ਚ ਕਾਫੀ ਸਹਾਇਕ ਹੋ ਸਕਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਈ ਛੋਟੇ ਬਦਲਾਅ ਲਿਆਂਦੇ ਗਏ ਹਨ, ਜਿਸ ਦੇ ਮਹੱਤਵਪੂਰਨ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਦਸਤਾਵੇਜ਼ਾਂ ਨੂੰ ਸਵੈ ਤਸਦੀਕ ਕਰਨ ਰਾਹੀਂ ਆਮ ਆਦਮੀ ‘ਤੇ ਭਰੋਸਾ ਇੱਕ ਅਜਿਹੀ ਹੀ ਪਹਿਲ ਹੈ। ਉਨ੍ਹਾਂ ਕੇਂਦਰ ਸਰਕਾਰ ‘ਚ ਸਾਰੇ ਸੀ ਅਤੇ ਡੀ ਅਹੁਦਿਆਂ ਲਈ ਇੰਟਰਵਿਊ ਦੇ ਖਾਤਮੇ ਦਾ ਵੀ ਜ਼ਿਕਰ ਕੀਤਾ।

ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਅੱਜ ਹਰ ਫਰਕ ਨੂੰ ਭਰਨ ਲਈ ਇੱਕ ਐਪ ਹੈ। ਉਨ੍ਹਾਂ ਕਿਹਾ ਕਿ ਤਕਨੀਕ ਅਤੇ ਖੋਜ ਨੂੰ ਸ਼ਾਸਨ ਬਦਲਣ ਲਈ ਵਰਤਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਿਹਾਤੀ ਅਰਥਵਿਵਸਥਾ ਨੂੰ ਵਿਕਸਿਤ ਕਰਨ ਲਈ ਵਿਕੇਂਦਰਿਤ ਢਾਂਚਾ ਮਹੱਤਵਪੂਰਨ ਹੈ। ਇਸ ਸਬੰਧ ‘ਚ, ਉਨ੍ਹਾਂ ਬਦਲਾਅ ਨੂੰ ਉਤਸ਼ਾਹਿਤ ਕਰਨ ‘ਚ ਸਟਾਰਟਅੱਪਸ ਦੀ ਭੂਮਿਕਾ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਸਮਾਜ ‘ਚ ਚੰਗੇ ਅਧਿਆਪਕਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਟੈਕਨੋਲੋਜੀ ਸਿੱਖਿਆ ਦੇ ਮਿਆਰ ਨੂੰ ਵਧਾ ਸਕਦੀ ਹੈ।

ਪ੍ਰਧਾਨ ਮੰਤਰੀ ਨੇ ਉੱਦਮੀਆਂ ਨੂੰ ਆਪਣੇ ਕਰਮਚਾਰੀਆਂ ਦਰਮਿਆਨ ਸਰਕਾਰ ਦੀਆਂ ਸਮਾਜਿਕ ਭਲਾਈ ਯੋਜਨਾਵਾਂ ਨੂੰ ਹੁਲਾਰਾ ਦੇਣ ਲਈ ਉਤਸ਼ਾਹਿਤ ਕੀਤਾ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਰੋੜਾਂ ਆਮ ਨਾਗਰਿਕਾਂ ਦੀਆਂ ਕੋਸ਼ਿਸ਼ਾਂ ਰਾਹੀਂ ਹੀ ਨਵਾਂ ਭਾਰਤ ਬਣਾਇਆ ਜਾ ਸਕਦਾ ਹੈ। ਉਨ੍ਹਾਂ ਉੱਦਮੀਆਂ ਨੂੰ ਇਸ ਕੋਸ਼ਿਸ਼ ‘ਚ ਸ਼ਾਮਲ ਹੋਣ ਲਈ ਸੱਦਾ ਦਿੱਤਾ।

ਇਸ ਮੌਕੇ ਕਈ ਕੇਂਦਰੀ ਮੰਤਰੀ, ਨੀਤੀ ਆਯੋਗ ਦੇ ਚੇਅਰਮੈਨ ਸ਼੍ਰੀ ਅਰਵਿੰਦ ਪਨਗੜ੍ਹੀਆ ਅਤੇ ਸੀਨੀਅਰ ਕੇਂਦਰੀ ਸਰਕਾਰੀ ਅਧਿਕਾਰੀ ਮੌਜੂਦ ਸਨ। ਇਸ ਪਹਿਲ ਦਾ ਸੰਚਾਲਨ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ, ਸ਼੍ਰੀ ਅਮਿਤਾਭ ਕਾਂਤ ਵੱਲੋਂ ਕੀਤਾ ਗਿਆ।

***

AKT/NT