ਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰੋਜ਼ਾਨਾ ਥਾਂਥੀ ਦੇ ਪਲੈਟੀਨਮ ਜੁਬਲੀ ਸਮਾਰੋਹ ਵਿਚ ਪ੍ਰਧਾਨ ਮੰਤਰੀ ਦੇ ਸੰਬੋਧਨ ਦੇ ਮੁਖ ਅੰਸ਼

ਰੋਜ਼ਾਨਾ  ਥਾਂਥੀ ਦੇ ਪਲੈਟੀਨਮ ਜੁਬਲੀ ਸਮਾਰੋਹ ਵਿਚ ਪ੍ਰਧਾਨ ਮੰਤਰੀ ਦੇ ਸੰਬੋਧਨ  ਦੇ ਮੁਖ ਅੰਸ਼

ਰੋਜ਼ਾਨਾ  ਥਾਂਥੀ ਦੇ ਪਲੈਟੀਨਮ ਜੁਬਲੀ ਸਮਾਰੋਹ ਵਿਚ ਪ੍ਰਧਾਨ ਮੰਤਰੀ ਦੇ ਸੰਬੋਧਨ  ਦੇ ਮੁਖ ਅੰਸ਼

ਰੋਜ਼ਾਨਾ  ਥਾਂਥੀ ਦੇ ਪਲੈਟੀਨਮ ਜੁਬਲੀ ਸਮਾਰੋਹ ਵਿਚ ਪ੍ਰਧਾਨ ਮੰਤਰੀ ਦੇ ਸੰਬੋਧਨ  ਦੇ ਮੁਖ ਅੰਸ਼

ਸ਼ੁਰੂਆਤ ਵਿਚ, ਮੈਂ ਉਨ੍ਹਾਂ ਪਰਿਵਾਰਾਂ ਨਾਲ ਅਫਸੋਸ ਅਤੇ ਹਮਦਰਦੀ ਪ੍ਰਗਟਾਉਂਦਾ ਹਾਂ  ਜਿਨ੍ਹਾਂ ਦੇ ਆਪਣੇ ਪਿਆਰੇ  ਚੇਨਈ ਅਤੇ ਤਾਮਿਲਨਾਡੂ ਦੇ ਹੋਰ ਹਿੱਸਿਆਂ ਵਿਚ ਬੀਤੇ ਦਿਨੀਂ ਹੋਈ ਭਾਰੀ ਵਰਖਾ ਅਤੇ ਆਏ ਹੜ੍ਹਾਂ ਵਿਚ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਜਾਂ ਜਿਨ੍ਹਾਂ ਲੋਕਾਂ ਨੂੰ ਇਨ੍ਹਾਂ ਹੜ੍ਹਾਂ ਅਤੇ ਵਰਖਾ ਕਾਰਣ ਆਪ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਮੈਂ ਸੂਬਾ ਸਰਕਾਰ ਨੂੰ ਯਕੀਨ ਦਿਵਾਇਆ ਹੈ ਕਿ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਮੈਂ ਸੀਨੀਅਰ ਪੱਤਰਕਾਰ ਥੀਰੂ ਆਰ ਮੋਹਨ ਦੇ ਦਿਹਾਂਤ ਉੱਤੇ ਵੀ ਡੂੰਘਾ ਦੁੱਖ ਪ੍ਰਗਟਾਉਂਦਾ ਹਾਂ।

 

ਦੀਨਾ ਥਾਂਥੀ ਨੇ ਆਪਣੇ 75 ਸ਼ਾਨਦਾਰ ਸਾਲ ਮੁਕੰਮਲ ਕਰ ਲਏ ਹਨ। ਮੈਂ ਹੁਣ ਤੱਕ ਦੀ ਇਸ ਸਫਲਤਾ ਦੀ ਕਹਾਣੀ ਵਿਚ ਥੀਰੂ ਐਸ ਪੀ ਅਦਿਥਨਾਰ, ਅਤੇ ਥੀਰੂ ਬਾਲਾਸੁਬਰਾਮਣੀਅਮ ਜੀ ਵਲੋਂ ਨਿਭਾਈ ਗਈ ਭੂਮਿਕਾ ਦੀ ਪ੍ਰਸ਼ੰਸਾ ਕਰਦਾ ਹਾਂ। ਉਨ੍ਹਾਂ ਦੇ ਜ਼ੋਰਦਾਰ ਯਤਨਾਂ ਨਾਲ ਹੀ ਪਿਛਲੇ ਸਾਢੇ ਸੱਤ ਦਹਾਕਿਆਂ ਵਿੱਚ ਥਾਂਥੀ ਇੱਕ ਸਭ ਤੋਂ ਵੱਡਾ ਮੀਡੀਆ ਬ੍ਰਾਂਡ ਬਣ ਗਿਆ ਹੈ। ਇਹ ਸਿਰਫ ਤਾਮਿਲਨਾਡੂ ਸੂਬੇ ਵਿੱਚ ਹੀ ਨਹੀਂ ਸਗੋਂ ਸਾਰੇ ਦੇਸ਼ ਭਰ ਵਿੱਚ ਹੋਇਆ ਹੈ। ਮੈਂ ਥਾਂਥੀ ਗਰੁੱਪ ਦੀ ਇਸ ਸਫਲਤਾ ਲਈ ਉਸ ਦੇ ਪ੍ਰਬੰਧਨ ਅਤੇ ਸਟਾਫ਼ ਨੂੰ ਵੀ ਵਧਾਈ ਦਿੰਦਾ ਹਾਂ।

 

24 ਘੰਟੇ ਦੇ ਨਿਊਜ਼  ਚੈਨਲ ਅੱਜ ਲੱਖਾਂ ਭਾਰਤੀਆਂ ਲਈ ਮੁਹੱਈਆ ਹਨ ਪਰ ਫਿਰ ਵੀ ਬਹੁਤ ਸਾਰੇ ਲੋਕ ਆਪਣੇ ਦਿਨ ਦੀ ਸ਼ੁਰੂਆਤ ਇਕ ਹੱਥ ਵਿੱਚ ਚਾਹ ਜਾਂ ਕਾਫੀ ਦਾ ਕੱਪ ਲੈ ਕੇ ਅਤੇ ਦੂਜੇ ਹੱਥ ਵਿੱਚ ਅਖਬਾਰ ਲੈ ਕੇ ਕਰਦੇ ਹਨ। ਮੈਨੂੰ ਦੱਸਿਆ ਗਿਆ ਹੈ ਕਿ ਦੀਨਾ ਥਾਂਥੀ ਆਪਣੇ 17 ਐਡੀਸ਼ਨਾਂ ਰਾਹੀਂ ਸਿਰਫ ਤਾਮਿਲਨਾਡੂ  ਵਿੱਚ ਹੀ ਨਹੀਂ ਸਗੋਂ ਬੈਂਗਲੁਰੂ, ਮੁੰਬਈ ਅਤੇ ਇਥੋਂ ਤੱਕ ਕਿ ਡੁਬਈ ਵਿੱਚ ਵੀ ਲੋਕਾਂ ਨੂੰ ਇਹ ਮੌਕਾ ਮੁਹੱਈਆ ਕਰਵਾਉੰਦਾ ਹੈ। ਪਿਛਲੇ 75 ਸਾਲਾਂ ਵਿੱਚ ਇਹ ਸ਼ਾਨਦਾਰ ਪ੍ਰਸਾਰ ਥੀਰੂ ਐਸ ਪੀ ਅਦਿਤਨਾਰ ਦੀ ਸੋਚ ਭਰੀ ਲੀਡਰਸ਼ਿਪ ਨੂੰ ਇੱਕ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਕਿ 1942 ਵਿੱਚ ਇਹ ਅਖਬਾਰ ਸ਼ੁਰੂ ਕੀਤੀ। ਉਨ੍ਹਾਂ ਦਿਨਾਂ ਵਿੱਚ ਅਖਬਾਰੀ ਕਾਗਜ਼ ਆਸਾਨੀ ਨਾਲ  ਮਿਲਦਾ ਸੀ ਪਰ ਉਨ੍ਹਾਂ ਨੇ ਬਾਂਸ ਤੋਂ ਬਣੇ ਕਾਗਜ਼ ਉੱਤੇ ਇਸ ਅਖਬਾਰ ਦੀ ਛਪਾਈ ਸ਼ੁਰੂ ਕੀਤੀ।

 

ਇਸ ਦੇ ਅੱਖਰਾਂ ਦਾ ਸਾਈਜ਼, ਸਾਦੀ ਭਾਸ਼ਾ ਅਤੇ ਸੌਖ ਨਾਲ ਸਮਝ ਵਿੱਚ ਆਉਣ ਵਾਲੀ ਬੋਲੀ ਨੇ ਇਸ ਨੂੰ ਲੋਕਾਂ ਵਿੱਚ ਹਰਮਨਪਿਆਰਾ ਬਣਾ ਦਿੱਤਾ। ਉਨ੍ਹਾਂ ਦਿਨਾਂ ਵਿੱਚ ਉਸ ਨੇ ਲੋਕਾਂ ਤੱਕ ਸਿਆਸੀ ਜਾਗਰੂਕਤਾ ਅਤੇ ਸੂਚਨਾ ਪਹੁੰਚਾਈ। ਲੋਕ ਇਸ ਅਖਬਾਰ ਨੂੰ ਪੜ੍ਹਨ ਲਈ ਸਵੇਰੇ ਚਾਹ ਦੀਆਂ ਦੁਕਾਨਾਂ ਉੱਤੇ ਇਕੱਠੇ ਹੋਣ ਲੱਗੇ। ਇਸ ਤਰ੍ਹਾਂ ਸ਼ੁਰੂ ਹੋਈ ਯਾਤਰਾ ਅੱਜ ਵੀ ਜਾਰੀ ਹੈ ਅਤੇ ਆਪਣੀ ਸੰਤੁਲਿਤ ਪਹੁੰਚ ਕਰਕੇ ਦੀਨਾ ਥਾਂਥੀ ਇੱਕ ਦਿਹਾੜੀਦਾਰ ਤੋਂ ਲੈ ਕੇ ਸੂਬੇ ਦੇ ਵੱਡੇ ਸਿਆਸੀ ਆਗੂ ਤੱਕ ਵੀ ਹਰਮਨ ਪਿਆਰਾ ਹੋਇਆ ਹੈ।

 

ਮੈਨੂੰ ਪਤਾ ਲੱਗਾ ਹੈ ਕਿ ਥਾਂਥੀ ਦਾ ਮਤਲਬ ਤਾਰ (ਟੈਲੀਗ੍ਰਾਮ) ਹੁੰਦਾ ਹੈ। ਦੀਨਾ ਥਾਂਥੀ ਦਾ ਮਤਲਬ ‘ਡੇਲੀ ਟੈਲੀਗ੍ਰਾਮ’ ਹੈ। ਪਿਛਲੇ 75 ਸਾਲ ਵਿੱਚ ਲੋਕਾਂ ਤੱਕ ਡਾਕ ਵਿਭਾਗ ਵਲੋਂ ਜੋ ਤਾਰਾਂ ਪਹੁੰਚਾਈਆਂ ਜਾਂਦੀਆਂ ਸਨ, ਉਹ ਹੁਣ ਪੁਰਾਣੀਆਂ ਹੋ ਗਈਆਂ ਹਨ ਜਾਂ ਖਤਮ ਹੋ ਚੁੱਕੀਆਂ ਹਨ ਪਰ ਇਹ ਟੈਲੀਗ੍ਰਾਮ ਰੋਜ਼ਾਨਾ ਵਧ ਫੁਲ ਰਿਹਾ ਹੈ। ਇਹ ਸ਼ਕਤੀ ਹੈ ਇਸ ਸੁੱਚੇ ਵਿਚਾਰ ਦੀ,  ਜਿਸ ਦੇ ਮਗਰ ਸਖਤ ਮਿਹਨਤ ਅਤੇ ਵਚਨਬੱਧਤਾ ਦਾ ਹੱਥ ਹੈ।

 

ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਥਾਂਥੀ ਗਰੁੱਪ ਨੇ ਆਪਣੇ ਬਾਨੀ ਥੀਰੂ ਅਦਿਤਨਾਰ ਦੇ ਨਾਂ ਉੱਤੇ ਤਾਮਿਲ ਸਾਹਿੱਤ ਨੂੰ ਉਤਸ਼ਾਹਿਤ ਕਰਨ ਲਈ ਪੁਰਸਕਾਰ ਸ਼ੁਰੂ ਕੀਤੇ ਹਨ। ਮੈਂ ਇਹ ਪੁਰਸਕਾਰ ਹਾਸਲ ਕਰਨ ਵਾਲਿਆਂ ਥੀਰੂ ਤਾਮਿਲਿਨਬੇਨ, ਡਾ. ਇਰਾਈ ਅਨਬੂ ਅਤੇ ਥੀਰੂ ਵੀ ਜੇ ਸੰਤੋਸ਼ਮ ਨੂੰ ਵਧਾਈ ਦਿੰਦਾ ਹਾਂ। ਮੈਨੂੰ ਯਕੀਨ ਹੈ ਕਿ ਇਹ ਮਾਨਤਾ ਉਨ੍ਹਾਂ ਲੋਕਾਂ ਲਈ ਇੱਕ ਪ੍ਰੇਰਨਾ ਦਾ ਕੰਮ ਕਰੇਗੀ ਜਿਨ੍ਹਾਂ ਨੇ ਲੇਖਣੀ ਨੂੰ ਇੱਕ ਪਵਿੱਤਰ ਕਿੱਤੇ ਵਜੋਂ ਅਪਣਾਇਆ ਹੈ।

 

ਭੈਣੋ ਅਤੇ ਭਰਾਵੋ

 

ਮਨੁੱਖਤਾ ਦੀ ਗਿਆਨ ਪ੍ਰਤੀ ਤਾਂਘ ਓਨੀ ਹੀ ਪੁਰਾਣੀ ਜਿੰਨਾ ਕਿ ਸਾਡਾ ਇਤਿਹਾਸ ਹੈ। ਪੱਤਰਕਾਰੀ ਇਸ ਪਿਆਸ ਨੂੰ ਬੁਝਾਉਣ ਵਿੱਚ ਮਦਦ ਕਰਦੀ ਹੈ। ਅੱਜ ਅਖਬਾਰਾਂ ਸਿਰਫ ਖਬਰਾਂ ਹੀ ਨਹੀਂ ਦਿੰਦੀਆਂ, ਉਹ ਲੋਕਾਂ ਦੀ ਸੋਚਣੀ ਵਿੱਚ ਤਬਦੀਲੀ ਲਿਆ ਸਕਦੀਆਂ ਹਨ ਅਤੇ ਦੁਨੀਆ ਲਈ ਇੱਕ ਨਵੀਂ ਖਿੜਕੀ ਖੋਲ੍ਹ ਸਕਦੀਆਂ ਹਨ। ਮੋਟੇ ਸੰਦਰਭ ਵਿੱਚ ਮੀਡੀਆ ਸਮਾਜ ਨੂੰ ਤਬਦੀਲ ਕਰਨ ਦਾ ਇੱਕ ਸਾਧਨ ਹੈ, ਇਸ ਲਈ ਹੀ ਅਸੀਂ ਮੀਡੀਆ ਨੂੰ ਲੋਕਰਾਜ ਦਾ ਚੌਥਾ ਥੰਮ ਕਹਿੰਦੇ ਹਾਂ। ਮੈਂ ਅੱਜ ਖੁਸ਼ਕਿਸਮਤ ਹਾਂ ਕਿ ਉਨ੍ਹਾਂ ਲੋਕਾਂ ਵਿੱਚ ਹਾਂ ਜੋ ਕਿ ਆਪਣੀ ਕਲਮ ਦੀ ਤਾਕਤ ਦੀ ਵਰਤੋਂ ਕਰਕੇ ਸਮਾਜ ਦੇ ਜ਼ਮੀਰ ਨੂੰ ਜਗਾਉਂਦੇ ਹਨ ਅਤੇ ਦੱਸਦੇ ਹਨ ਕਿ ਇਹ ਤਾਕਤ ਕਿੰਨੀ ਅਹਿਮ ਹੈ।

 

ਬਸਤੀਵਾਦ ਦੇ ਕਾਲੇ ਦਿਨਾਂ ਵਿੱਚ ਕਈ ਪ੍ਰਕਾਸ਼ਨ, ਜਿਵੇਂ ਕਿ ਰਾਜਾਰਾਮ ਮੋਹਨ ਰਾਏ ਦੇ ਸੰਬਾਦ ਕੌਮੁਡੀ, ਲੋਕ ਮਾਨਯ ਤਿਲਕ ਦੇ ਕੇਸਰੀ ਅਤੇ ਮਹਾਤਮਾ ਗਾਂਧੀ ਦੇ ਨਵਜੀਵਨ ਨੇ ਇੱਕ ਜੋਤ ਜਗਾਈ ਅਤੇ ਆਜ਼ਾਦੀ ਦੇ ਸੰਘਰਸ਼ ਨੂੰ ਪ੍ਰੇਰਿਤ ਕੀਤਾ। ਦੇਸ਼ ਭਰ ਵਿੱਚ ਪੱਤਰਕਾਰਤਾ ਦੇ ਕਈ ਥੰਮ ਸਨ ਜਿਨ੍ਹਾਂ ਨੇ ਕਿ ਆਪਣੀ ਆਰਾਮ ਦੀ ਜ਼ਿੰਦਗੀ ਤਿਆਗ ਦਿੱਤੀ। ਉਨ੍ਹਾਂ ਨੇ ਲੋਕਾਂ ਵਿੱਚ ਆਪਣੀਆਂ ਅਖਬਾਰਾਂ ਰਾਹੀਂ ਸਮੂਹਿਕ ਜਾਗਰੂਕਤਾ ਪੈਦਾ ਕੀਤੀ। ਸ਼ਾਇਦ ਇਸੇ ਕਾਰਣ ਹੀ ਇਨ੍ਹਾਂ ਬਾਨੀ ਲੋਕਾਂ ਦੇ ਉੱਚ ਆਦਰਸ਼ਾਂ ਕਾਰਣ ਹੀ ਬ੍ਰਿਟਿਸ਼ ਰਾਜ ਵਿੱਚ ਕਾਇਮ ਹੋਏ ਬਹੁਤ ਸਾਰੇ ਅਖਬਾਰ ਅੱਜ ਵੀ ਵਧ ਫੁਲ ਰਹੇ ਹਨ।

 

ਦੋਸਤੋ

 

ਸਾਨੂੰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਸਭ ਪੀੜ੍ਹੀਆਂ ਨੇ ਆਪਣੇ ਸਮੇਂ ਸਮਾਜ ਅਤੇ ਦੇਸ਼ ਵੱਲ ਲੋੜੀਂਦੇ ਫਰਜ਼ਾਂ ਨੂੰ ਨਿਭਾਇਆ। ਇਸੇ ਤਰ੍ਹਾਂ ਹੀ ਸਾਨੂੰ ਆਜ਼ਾਦੀ ਹਾਸਿਲ ਹੋਈ। ਆਜ਼ਾਦੀ ਤੋਂ ਬਾਅਦ ਜਨਤਕ ਗੱਲਬਾਤ ਵਿੱਚ ਸ਼ਹਿਰੀਆਂ ਦੇ ਅਧਿਕਾਰਾਂ ਦੀ ਗੱਲਬਾਤ ਦੀ ਅਹਿਮੀਅਤ ਵੱਧ ਗਈ। ਬਦਕਿਸਮਤੀ ਨਾਲ ਸਮਾਂ ਲੰਘਣ ਦੇ ਨਾਲ ਨਾਲ ਅਸੀਂ ਆਪਣੇ ਫਰਜ਼ ਦੀ ਭਾਵਨਾ ਨਿੱਜੀ ਅਤੇ ਸਮੂਹਿਕ ਤੌਰ ਤੇ ਨਜ਼ਰਅੰਦਾਜ਼ ਕਰਨ ਲੱਗੇ ਜਿਸ ਨਾਲ ਕਈ ਅਜਿਹੀਆਂ ਬੁਰਾਈਆਂ ਪੈਦਾ ਹੋਈਆਂ ਜਿਨ੍ਹਾਂ ਨੇ ਸਾਡੇ ਸਮਾਜ ਨੂੰ ਪ੍ਰਭਾਵਿਤ ਕੀਤਾ। ਸਮੇਂ ਦੀ ਲੋੜ ਹੈ ਕਿ ”ਕੰਮ ਵਿੱਚ ਲੱਗੇ, ਜ਼ਿੰਮੇਵਾਰ ਅਤੇ ਜਾਗਰੂਕ ਸ਼ਹਿਰੀ” ਤਿਆਰ ਕਰਨ ਲਈ ਸਮੂਹਿਕ ਜਾਗਰੂਕਤਾ ਪੈਦਾ ਕੀਤੀ ਜਾਵੇ। ਅਜਿਹਾ ਬਿਨਾਂ ਸ਼ੱਕ ਸਾਡੇ ਵਿੱਦਿਅਕ ਸਿਸਟਮ ਰਾਹੀਂ ਅਤੇ ਸਾਡੇ ਸਿਆਸੀ ਆਗੂਆਂ ਦੇ ਵਤੀਰੇ ਕਾਰਣ ਹੀ ਸੰਭਵ ਹੈ ਪਰ ਇਸ ਵਿੱਚ ਮੀਡੀਆ ਨੇ ਵੀ ਅਹਿਮ ਭੂਮਿਕਾ ਨਿਭਾਉਣੀ ਹੈ।

 

ਭੈਣੋ ਅਤੇ ਭਰਾਵੋ

 

ਬਹੁਤ ਸਾਰੀਆਂ ਅਖਬਾਰਾਂ ਜਿਨ੍ਹਾਂ ਨੇ ਕਿ ਆਜ਼ਾਦੀ ਦਾ ਸਰੂਪ ਤਿਆਰ ਕੀਤਾ ਉਹ ਸਥਾਨਕ ਅਖਬਾਰਾਂ ਹੀ ਸਨ। ਅਸਲ ਵਿੱਚ ਬ੍ਰਿਟਿਸ਼ ਸਰਕਾਰ ਭਾਰਤੀ ਖੇਤਰੀ ਅਖਬਾਰਾਂ ਤੋਂ ਡਰੀ ਹੋਈ ਸੀ। ਇਨ੍ਹਾਂ ਖੇਤਰੀ ਅਖਬਾਰਾਂ ਨੂੰ ਕਾਬੂ ਹੇਠ ਰੱਖਣ ਲਈ ਹੀ 1878 ਵਿੱਚ ਵਰਨੈਕੁਲਰ ਪ੍ਰੈੱਸ ਐਕਟ ਪਾਸ ਕੀਤਾ ਗਿਆ।

 

ਸਾਡੇ ਵਿਭਿੰਨਤਾ ਵਾਲੇ ਦੇਸ਼ ਵਿੱਚ ਸਥਾਨਕ ਅਖਬਾਰਾਂ — ਉਹ ਅਖਬਾਰਾਂ ਜੋ ਕਿ ਖੇਤਰੀ ਭਾਸ਼ਾਵਾਂ ਵਿੱਚ ਛਪਦੀਆਂ ਹਨ, ਦੀ ਭੂਮਿਕਾ ਅੱਜ ਵੀ ਉਸ ਵੇਲੇ ਵਾਂਗ ਹੀ ਕਾਫੀ ਅਹਿਮ ਹੈ। ਉਨ੍ਹਾਂ ਵਿੱਚ ਉਸ ਭਾਸ਼ਾ ਵਿੱਚ ਸਮਗਰੀ ਛਾਪੀ ਜਾਂਦੀ ਹੈ ਜੋ ਕਿ ਲੋਕਾਂ ਨੂੰ ਆਸਾਨੀ ਨਾਲ ਸਮਝ ਆ ਜਾਂਦੀ ਹੈ। ਆਮ ਤੌਰ ਤੇ ਉਹ ਸਮਾਜ ਦੇ ਲਾਭ ਤੋਂ ਵਾਂਝੇ ਗਰੁੱਪਾਂ ਅਤੇ ਨਾਜ਼ੁਕ ਗਰੁੱਪਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। ਉਨ੍ਹਾਂ ਦੀ ਤਾਕਤ, ਉਨ੍ਹਾਂ ਦਾ ਪ੍ਰਭਾਵ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਨੂੰ ਘੱਟ ਕਰਕੇ ਨਹੀਂ ਵੇਖਿਆ ਜਾਣਾ ਚਾਹੀਦਾ। ਉਹ ਦੂਰ ਦੁਰਾਡੇ ਇਲਾਕਿਆਂ ਵਿੱਚ ਸਰਕਾਰ ਦੀਆਂ ਨੀਤੀਆਂ ਦੇ ਸੰਦੇਸ਼ਵਾਹਕ ਹੁੰਦੇ ਹਨ। ਇਸੇ ਤਰ੍ਹਾਂ ਉਹ ਵਿਚਾਰਾਂ, ਭਾਵਨਾਵਾਂ ਅਤੇ ਸੋਚਣੀ ਦੇ ਰਾਹ ਦਿਖਾਵੇ ਹੁੰਦੇ ਹਨ।

 

ਇਸ ਸੰਦਰਭ ਵਿੱਚ ਇਹ ਸੱਚਮੁਚ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਸਾਡੇ ਪ੍ਰਿੰਟ ਮੀਡੀਆ ਵਿਚ  ਬਹੁਤ ਜ਼ਿਆਦਾ ਛਪਣ ਵਾਲੀਆਂ ਅਖਬਾਰਾਂ ਵਿਚੋਂ ਕੁਝ ਖੇਤਰੀ ਭਾਸ਼ਾਵਾਂ ਵਿੱਚ ਛਪਦੀਆਂ ਹਨ। ਦੀਨਾ ਥਾਂਥੀ ਵੀ ਬਿਨਾਂ ਸ਼ੱਕ ਉਨ੍ਹਾਂ ਅਖਬਾਰਾਂ ਵਿੱਚੋਂ ਹੈ।

 

ਦੋਸਤੋ

 

ਮੈਂ ਆਮ ਤੌਰ ਤੇ ਸੁਣਿਆ ਹੈ ਕਿ ਲੋਕ ਇਸ ਗੱਲ ਉੱਤੇ ਹੈਰਾਨ ਹੁੰਦੇ ਹਨ ਕਿ ਕਿਵੇਂ ਦੁਨੀਆ ਭਰ ਵਿੱਚ ਵਾਪਰ ਰਹੀਆਂ ਘਟਨਾਵਾਂ ਦੀਆਂ ਖਬਰਾਂ ਅਖਬਾਰਾਂ ਵਿੱਚ ਜਗ੍ਹਾ  ਬਣਾ ਲੈਂਦੀਆਂ ਹਨ।

 

ਗੰਭੀਰ ਤੌਰ ਤੇ ਸੋਚੀਏ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਦੁਨੀਆ ਵਿੱਚ ਰੋਜ਼ਾਨਾ ਬਹੁਤ ਕੁਝ ਵਾਪਰ ਰਿਹਾ ਹੈ। ਇਹ ਸੰਪਾਦਕ ਹੀ ਹੁੰਦੇ ਹਨ ਜੋ ਕਿ ਫੈਸਲਾ ਕਰਦੇ ਹਨ ਕਿ ਕੀ ਅਹਿਮ ਹੈ ਅਤੇ ਕਿਵੇਂ ਛਪਣਾ ਹੈ। ਉਹ ਫੈਸਲਾ ਕਰਦੇ ਹਨ ਕਿ ਪਹਿਲੇ ਪੰਨੇ ਉੱਤੇ ਕਿਸ ਖਬਰ ਨੂੰ ਜਗ੍ਹਾ ਦਿੱਤੀ ਜਾਣੀ ਚਾਹੀਦੀ ਹੈ, ਕਿਨ੍ਹਾਂ ਖਬਰਾਂ ਨੂੰ ਵਧੇਰੇ ਜਗ੍ਹਾ ਮਿਲਣੀ ਚਾਹੀਦੀ ਹੈ ਅਤੇ ਕਿਨ੍ਹਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣਾ ਚਾਹੀਦਾ ਹੈ। ਇਹ ਗੱਲ ਉਨ੍ਹਾਂ ਉੱਤੇ ਇੱਕ ਵੱਡੀ ਜ਼ਿੰਮੇਵਾਰੀ  ਪਾਉਂਦੀ ਹੈ। ਸੰਪਾਦਕੀ ਆਜ਼ਾਦੀ ਦੀ ਵਰਤੋਂ ਸਿਆਣਪ ਨਾਲ ਜਨਤਕ ਹਿੱਤ ਵਿੱਚ ਕੀਤੀ ਜਾਣੀ ਚਾਹੀਦੀ ਹੈ। ਇਸੇ ਤਰ੍ਹਾਂ ਲਿਖਣ ਦੀ ਆਜ਼ਾਦੀ ਅਤੇ ਇਹ ਫੈਸਲਾ ਕਰਨ ਦੀ ਆਜ਼ਾਦੀ ਕਿ ਕੀ ਲਿਖਿਆ ਜਾਣਾ ਚਾਹੀਦਾ ਹੈ, ਵਿੱਚ ਉਹ ਆਜ਼ਾਦੀ ਸ਼ਾਮਲ ਨਹੀਂ ਹੁੰਦੀ ਕਿ ”ਸੱਚਾਈ ਤੋਂ ਘੱਟ” ਜਾਂ ”ਤੱਥਾਂ ਤੋਂ ਦੂਰ ਹਟ ਕੇ” ਲਿਖਿਆ ਜਾਵੇ। ਜਿਵੇਂ ਕਿ ਮਹਾਤਮਾ ਗਾਂਧੀ ਨੇ ਸਾਨੂੰ ਆਪ ਹੀ ਦੱਸਿਆ ਸੀ ”ਪ੍ਰੈੱਸ ਨੂੰ ਚੌਥਾ ਥੰਮ ਕਿਹਾ ਜਾਂਦਾ ਹੈ। ਇਹ ਸੱਚਮੁੱਚ ਇੱਕ ਸ਼ਕਤੀ ਹੈ ਪਰ ਇਸ ਸ਼ਕਤੀ ਦੀ ਦੁਰਵਰਤੋਂ ਕਰਨਾ ਇੱਕ ਅਪਰਾਧ ਹੈ।”

 

ਮੀਡੀਆ ਦੀ ਮਲਕੀਅਤ ਭਾਵੇਂ ਨਿੱਜੀ ਹੱਥਾਂ ਵਿੱਚ ਹੈ ਪਰ ਇਹ ਇੱਕ ਜਨਤਕ ਉਦੇਸ਼ ਦੀ ਪੂਰਤੀ ਕਰਦਾ ਹੈ ਜਿਵੇਂ ਕਿ ਵਿਦਵਾਨਾਂ ਦਾ ਕਹਿਣਾ ਹੈ ਕਿ ਇਹ ਤਾਕਤ ਦੀ ਬਜਾਏ ਸ਼ਾਂਤੀ ਨਾਲ ਸੁਧਾਰ ਲਿਆਉਣ ਦਾ ਇੱਕ ਸਾਧਨ ਹੈ। ਇਸ ਦੀ ਸਮਾਜਿਕ ਜ਼ਿੰਮੇਵਾਰੀ ਚੁਣੀ ਗਈ ਸਰਕਾਰ ਅਤੇ ਨਿਆਂ ਪਾਲਿਕਾ ਜਿੰਨੀ ਹੀ ਹੈ ਅਤੇ ਇਸ ਦਾ ਕੰਮਕਾਜ ਦਾ ਤਰੀਕਾ ਬਰਾਬਰੀ ਵਾਲਾ ਹੋਣਾ ਚਾਹੀਦਾ ਹੈ। ਮਹਾਨ ਸੰਤ ਤਿਰੂਵਲੂਵਰ ਦੇ ਸ਼ਬਦਾਂ ਨੂੰ ਯਾਦ ਕਰਦਿਆਂ, ”ਇਸ ਦੁਨੀਆ ਵਿੱਚ ਨੈਤਿਕ ਕਦਰਾਂ ਕੀਮਤਾਂ ਤੋਂ ਬਿਨਾਂ ਕੁਝ ਵੀ ਨਹੀਂ ਹੈ। ਇਹ ਕਦਰਾਂ ਕੀਮਤਾਂ ਹੀ ਪ੍ਰਸਿੱਧੀ ਅਤੇ ਦੌਲਤ ਨੂੰ ਇਕੱਠੇ ਲੈ ਕੇ ਆਉਂਦੀਆਂ ਹਨ।”

 

ਦੋਸਤੋ

 

ਤਕਨਾਲੋਜੀ ਨੇ ਮੀਡੀਆ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਲਿਆਂਦੀਆਂ ਹਨ। ਇੱਕ ਸਮਾਂ ਸੀ ਜਦੋਂ ਉਸ ਦਿਨ ਦੀਆਂ ਮੁੱਖ ਹੈੱਡ ਲਾਈਨਾਂ ਨੂੰ ਪਿੰਡ ਦੇ ਬਲੈਕਬੋਰਡ ਉੱਤੇ ਲਿਖਿਆ ਜਾਂਦਾ  ਸੀ ਅਤੇ ਉਨ੍ਹਾਂ ਦੀ ਕਾਫੀ ਪੁੱਛਗਿੱਛ ਵੀ ਹੁੰਦੀ ਸੀ। ਅੱਜ ਸਾਡੇ ਮੀਡੀਆ ਦੀ ਰੇਂਜ ਬਹੁਤ ਵੱਧ ਗਈ ਹੈ ਅਤੇ ਇਹ ਪਿੰਡ ਦੇ ਬਲੈਕਬੋਰਡ ਤੋਂ ਆਨਲਾਈਨ ਬੁਲੇਟਿਨ ਬੋਰਡ ਤੱਕ ਪਹੁੰਚ ਗਿਆ ਹੈ।

 

ਜਿਵੇਂ ਕਿ ਵਿੱਦਿਆ ਹੁਣ ਸਿੱਖਣ ਦੇ ਨਤੀਜਿਆਂ ਉੱਤੇ ਮੁੱਖ ਧਿਆਨ ਦੇਣ ਲੱਗੀ ਹੈ, ਉਸੇ ਤਰ੍ਹਾਂ ਖਪਤ ਦੇ ਵਿਸ਼ਾ ਵਸਤੂ ਪ੍ਰਤੀ ਸਾਡਾ ਨਜ਼ਰੀਆ ਬਦਲ ਗਿਆ ਹੈ। ਅੱਜ ਹਰ ਸ਼ਹਿਰੀ ਵੱਖ ਵੱਖ ਸੋਮਿਆਂ ਤੋਂ ਮਿਲਣ ਵਾਲੀਆਂ ਖਬਰਾਂ ਦੀ ਤਸਦੀਕ ਕਈ ਸੋਮਿਆਂ ਤੋਂ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਉਹ ਹਰ ਖਬਰ ਦਾ ਵਿਸ਼ਲੇਸ਼ਣ ਕਰਦਾ ਹੈ, ਉਸ ਬਾਰੇ ਚਰਚਾ ਵੀ ਕਰਦਾ ਹੈ ਅਤੇ ਉਸ ਦੀ ਤਸਦੀਕ ਵੀ ਕਰਦਾ  ਹੈ। ਇਸ ਲਈ ਮੀਡੀਆ ਨੂੰ ਆਪਣੀ ਸਾਖ ਕਾਇਮ ਰੱਖਣ ਲਈ ਵਾਧੂ ਯਤਨ ਕਰਨੇ ਚਾਹੀਦੇ ਹਨ। ਚੰਗੀ ਸਾਖ ਵਾਲੇ ਮੀਡੀਆ ਪਲੇਟਫਾਰਮਾਂ ਵਿੱਚ ਸਿਹਤਮੰਦ ਮੁਕਾਬਲੇਬਾਜ਼ੀ ਵੀ ਜ਼ਰੂਰੀ ਹੈ ਤਾਂ ਹੀ ਸਾਡਾ ਲੋਕਤੰਤਰ ਸਿਹਤਮੰਦ ਬਣਿਆ ਰਹਿ ਸਕਦਾ ਹੈ।

 

ਸਾਖ ਉੱਤੇ ਵਧੇਰੇ ਜ਼ੋਰ ਦਿੱਤੇ ਜਾਣ ਵੇਲੇ  ਸਾਡੇ ਲਈ ਅੰਦਰੂਨੀ ਝਾਤ ਮਾਰਨੀ ਲਾਜ਼ਮੀ ਬਣਾਉਂਦੀ ਹੈ। ਮੈਨੂੰ ਪੱਕਾ ਯਕੀਨ ਹੈ ਕਿ ਮੀਡੀਆ ਵਿੱਚ ਜਿਥੇ ਵੀ ਲੋੜੀਂਦਾ ਹੋਵੇ, ਸੁਧਾਰ ਅੰਦਰੋਂ ਹੀ ਕੀਤਾ ਜਾ ਸਕਦਾ ਹੈ। ਬਿਨਾਂ ਸ਼ੱਕ ਅਸੀਂ ਕਈ ਅਹਿਮ ਮੌਕਿਆਂ ਉੱਤੇ ਇਸ ਅਮਲ ਨੂੰ ਅਪਣਾਉਂਦੇ ਹੋਏ ਵੇਖਿਆ ਹੈ ਜਿਵੇਂ ਕਿ 26 /11 ਦੇ ਮੁੰਬਈ ਅੱਤਵਾਦੀ ਹਮਲੇ ਦੇ ਵਿਸ਼ਲੇਸ਼ਣ ਦੇ ਮੌਕੇ ਤੇ।ਹੋਇਆ।  ਅਜਿਹਾ ਹੋਣਾ ਜਰੂਰੀ ਹੈ।

 

ਦੋਸਤੋ

 

ਮੈਨੂੰ ਸਾਡੇ ਸਵਰਗੀ ਰਾਸ਼ਟਰਪਤੀ ਡਾ. ਏ ਪੀ ਜੇ ਅਬਦੁਲ ਕਲਾਮ ਦੀ ਇੱਕ ਟਿੱਪਣੀ ਯਾਦ ਆਉਂਦੀ ਹੈ, ”ਸਾਡਾ ਏਨਾ ਮਹਾਨ ਦੇਸ਼ ਹੈ। ਇਥੇ ਕਈ ਹੈਰਾਨਕੁੰਨ ਸਫਲਤਾ ਭਰੀਆਂ ਕਹਾਣੀਆਂ ਵਾਪਰਦੀਆਂ ਹਨ, ਪਰ ਅਸੀਂ ਉਨ੍ਹਾਂ ਨੂੰ ਮਾਨਤਾ ਨਹੀਂ ਦਿੰਦੇ, ਕਿਉਂ?”

 

ਮੈਂ ਵੇਖਿਆ ਹੈ ਕਿ ਅੱਜ ਮੀਡੀਆ ਵਿੱਚ ਵਧੇਰੇ ਚਰਚਾ ਸਿਆਸਤ ਦੁਆਲੇ ਹੀ ਘੁੰਮਦੀ ਹੈ। ਲੋਕਤੰਤਰ ਵਿੱਚ  ਤਾਂ ਸਿਆਸਤ ਬਾਰੇ ਚਰਚਾ ਹੋਣਾ ਜ਼ਰੂਰੀ ਹੈ, ਪਰ ਭਾਰਤ ਵਿੱਚ ਸਿਰਫ ਸਿਆਸਤਦਾਨ ਹੀ ਤਾਂ ਨਹੀਂ ਹਨ। ਦੇਸ਼ ਦੇ 125 ਕਰੋੜ ਸ਼ਹਿਰੀ ਹਨ ਜੋ ਮਿਲ ਕੇ ਦੇਸ਼ ਬਣਾਉਂਦੇ ਹਨ। ਮੈਨੂੰ ਖੁਸ਼ੀ ਹੋਵੇਗੀ ਕਿ ਮੀਡੀਆ ਹੋਰ ਵਿਸ਼ਿਆਂ, ਲੋਕਾਂ ਦੀਆਂ ਪ੍ਰਾਪਤੀਆਂ ਵੱਲ ਵੀ ਧਿਆਨ ਕੇਂਦ੍ਰਿਤ ਕਰੇ।

 

ਇਸ ਯਤਨ ਵਿੱਚ ਮੋਬਾਈਲ ਫੋਨ ਰੱਖਣ ਵਾਲਾ ਹਰ ਸ਼ਹਿਰੀ ਤੁਹਾਡਾ ਸਹਿਯੋਗੀ ਬਣ ਸਕਦਾ ਹੈ। ਸ਼ਹਿਰੀਆਂ ਵੱਲੋਂ ਕੀਤੀ ਗਈ ਰਿਪੋਰਟਿੰਗ ਰਾਹੀਂ ਸਫਲਤਾ ਦੀਆਂ ਕਹਾਣੀਆਂ ਆਮ ਜਨਤਾ ਤੱਕ ਪਹੁੰਚ ਸਕਦੀਆਂ ਹਨ। ਇਹ ਸ਼ਹਿਰੀ ਕੁਦਰਤੀ ਆਫਤਾਂ ਦੇ ਮੌਕੇ ਤੇ ਸਹਾਇਤਾ ਅਤੇ ਬਚਾਅ ਕਾਰਜਾਂ ਵਿੱਚ ਵੀ ਸਹਾਈ ਹੋ ਸਕਦੇ ਹਨ।

 

ਮੈਂ ਇਥੇ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਕੁਦਰਤੀ ਆਫਤਾਂ ਦੇ ਮੌਕੇ ਤੇ ਘਟਨਾ ਦੇ ਵੱਖ ਵੱਖ ਪਹਿਲੂਆਂ ਦਾ ਵਰਣਨ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੁਦਰਤੀ ਆਫਤਾਂ ਦੁਨੀਆ ਭਰ ਵਿੱਚ ਕਾਫੀ ਤੇਜ਼ ਗਤੀ ਨਾਲ  ਵਾਪਰਦੀਆਂ ਹਨ। ਮੌਸਮ ਦੀ ਤਬਦੀਲੀ ਵੀ ਸਾਡੇ ਸਭ ਲਈ ਇੱਕ ਚੁਣੌਤੀ ਹੈ। ਇਸ ਜੰਗ ਵਿੱਚ ਮੀਡੀਆ ਮੋਹਰੀ ਦੀ ਭੂਮਿਕਾ ਨਿਭਾ ਸਕਦਾ ਹੈ। ਕੀ ਮੀਡੀਆ ਮੌਸਮ ਦੀ ਤਬਦੀਲੀ ਦੇ ਟਾਕਰੇ ਲਈ ਕੁਝ ਥਾਂ ਜਾਂ ਸਮਾਂ ਰਾਖਵਾਂ ਰੱਖ ਸਕਦਾ ਹੈ?

 

ਮੈਂ ਇਸ ਮੌਕੇ ਤੇ ਸਵੱਛ ਭਾਰਤ ਮਿਸ਼ਨ ਪ੍ਰਤੀ ਮੀਡੀਆ ਦੇ ਹੁੰਗਾਰੇ ਦੀ ਪ੍ਰਸ਼ੰਸਾ ਕਰਦਾ ਹਾਂ। ਅਸੀਂ 2019 ਤੱਕ, ਜਦੋਂ ਕਿ ਮਹਾਤਮਾ ਗਾਂਧੀ ਦਾ 150ਵਾਂ ਜਨਮ ਦਿਵਸ ਹੈ, ਦੇ ਮੌਕੇ ਤੇ ਸਵੱਛ ਭਾਰਤ ਹਾਸਲ ਕਰਨਾ ਚਾਹੁੰਦੇ ਹਾਂ। ਮੀਡੀਆ ਵਲੋਂ ਇਸ ਪ੍ਰਤੀ ਨਿਭਾਏ ਜਾ ਰਹੀ ਉਸਾਰੂ ਭੂਮਿਕਾ ਨੂੰ ਵੇਖ ਕੇ ਮੇਰਾ ਮਨ ਭਾਵੁਕ ਹੋ ਗਿਆ ਹੈ। ਸਵੱਛਤਾ ਬਾਰੇ ਮੀਡੀਆ ਵਲੋਂ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਸਮੂਹਿਕ ਜਾਗ੍ਰਤੀ ਲਿਆਉਣ ਲਈ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ। ਮੀਡੀਆ ਨੇ ਬਾਕੀ ਬਚੇ ਕੰਮ ਵੱਲ ਵੀ ਧਿਆਨ ਦਿਵਾਇਆ ਹੈ।

 

ਭੈਣੋ ਅਤੇ ਭਰਾਵੋ

 

ਇੱਕ ਹੋਰ ਅਹਿਮ ਖੇਤਰ ਵੀ ਹੈ ਜਿਸ ਵਿੱਚ ਕਿ ਮੀਡੀਆ ਅਹਿਮ ਭੂਮਿਕਾ ਨਿਭਾ ਸਕਦਾ ਹੈ। ਇਹ ਖੇਤਰ ਹੈ ”ਏਕ ਭਾਰਤ ਸ੍ਰੇਸ਼ਟ ਭਾਰਤ” ਪਹਿਲਕਦਮੀ ਦਾ। ਮੈਂ ਤੁਹਾਨੂੰ ਇਸ ਬਾਰੇ ਇੱਕ ਉਦਾਹਰਣ ਨਾਲ ਸਪਸ਼ਟ ਕਰਦਾ ਹਾਂ—

 

ਕੀ ਇੱਕ ਅਖਬਾਰ ਰੋਜ਼ਾਨਾ ਇੱਕ ਸਾਲ ਲਈ ਆਪਣੇ ਕਾਲਮ ਵਿੱਚ ਜਗ੍ਹਾ ਇਸ ਪ੍ਰੋਗਰਾਮ ਲਈ ਰੱਖ ਸਕਦਾ ਹੈ? ਰੋਜ਼ਾਨਾ ਉਨ੍ਹਾਂ ਨੂੰ ਆਪਣੀ ਪ੍ਰਕਾਸ਼ਨਾਂ ਦੀ ਭਾਸ਼ਾ ਵਿੱਚ ਇੱਕ ਸਾਦਾ ਜਿਹਾ ਫਿਕਰਾ ਉਸ ਦੇ ਸਾਰੀਆਂ ਪ੍ਰਮੁੱਖ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਸਮੇਤ ਛਾਪਣਾ ਪਵੇਗਾ।

 

ਸਾਲ ਦੇ ਅੰਤ ਵਿੱਚ ਅਖਬਾਰ ਦੇ ਪਾਠਕਾਂ ਨੂੰ 365 ਅਜਿਹੇ ਸਾਦੇ ਫਿਕਰੇ ਸਾਰੀਆਂ ਪ੍ਰਮੁੱਖ ਭਾਰਤੀ ਭਾਸ਼ਾਵਾਂ ਵਿੱਚ ਪੜ੍ਹਨ ਅਤੇ ਸਮਝਣ ਵਿੱਚ ਮਦਦ ਮਿਲ ਜਾਵੇਗੀ। ਜ਼ਰਾ ਸੋਚੋ ਕਿ ਇਸ ਸਾਦੇ ਕਦਮ ਦਾ ਕਿੰਨਾ ਪ੍ਰਭਾਵ ਪੈ ਸਕਦਾ ਹੈ। ਇਸ ਤੋਂ ਇਲਾਵਾ ਸਕੂਲਾਂ ਨੂੰ ਆਪਣੀਆਂ ਕਲਾਸਾਂ ਵਿੱਚ ਕੁਝ ਮਿੰਟ ਇਸ ਬਾਰੇ ਵਿਚਾਰ ਕਰਨ ਲਈ ਦਿੱਤੇ ਜਾਣੇ ਚਾਹੀਦੇ ਹਨ ਤਾਂ ਕਿ ਬੱਚੇ ਵੀ ਸਾਡੀ ਵਿਭਿੰਨਤਾ ਅਤੇ ਤਾਕਤ ਤੋਂ ਜਾਣੂ ਹੋ ਸਕਣ। ਇਸ ਕਦਮ ਨਾਲ ਇੱਕ ਚੰਗਾ ਕੰਮ ਹੀ ਪੂਰਾ ਨਹੀਂ ਹੋਵੇਗਾ ਸਗੋਂ ਅਖਬਾਰਾਂ ਦੀ ਤਾਕਤ ਵੀ ਵਧੇਗੀ।

 

ਭੈਣੋ ਅਤੇ ਭਰਾਵੋ

 

ਇਕ ਮਨੁੱਖੀ ਜੀਵਨ ਵਿੱਚ 75 ਸਾਲ ਕਾਫੀ ਅਹਿਮ ਹੁੰਦੇ ਹਨ ਪਰ ਇੱਕ ਦੇਸ਼ ਜਾਂ ਸੰਸਥਾ ਦੇ ਜੀਵਨ ਵਿੱਚ ਇਹ ਇੱਕ ਅਹਿਮ ਮੀਲ ਪੱਥਰ ਵੀ ਹੁੰਦੇ ਹਨ। 3 ਮਹੀਨੇ ਪਹਿਲਾਂ ਅਸੀਂ ਭਾਰਤ ਛੱਡੋ ਅੰਦੋਲਨ ਦੀ 75ਵੀਂ ਵਰ੍ਹੇਗੰਢ ਮਨਾਈ ਸੀ। ਇੱਕ ਤਰ੍ਹਾਂ ਨਾਲ ਦੀਨਾ ਥਾਂਥੀ ਨੇ ਭਾਰਤ ਦੇ ਇੱਕ ਨੌਜਵਾਨ ਮਜ਼ਬੂਤ ਦੇਸ਼ ਦੀ ਯਾਤਰਾ ਦਾ ਆਇਨਾ ਵਿਖਾਇਆ ਹੈ।

 

ਉਸੇ ਦਿਨ ਹੀ ਪਾਰਲੀਮੈਂਟ ਵਿੱਚ ਬੋਲਦੇ ਹੋਏ ਮੈਂ 2022 ਤੱਕ ਇੱਕ ਨਵਾਂ ਭਾਰਤ ਕਾਇਮ ਕਰਨ ਦਾ ਸੱਦਾ ਦਿੱਤਾ ਸੀ। ਇੱਕ ਅਜਿਹਾ ਭਾਰਤ, ਜੋ ਕਿ ਭ੍ਰਿਸ਼ਟਾਚਾਰ, ਜਾਤੀਵਾਦ, ਫਿਰਕਾਪ੍ਰਸਤੀ ਅਤੇ ਬੀਮਾਰੀਆਂ ਤੋਂ ਮੁਕਤ ਹੋਵੇ। ਅਗਲੇ 5 ਸਾਲ ਵਿੱਚ ਅਸੀਂ ਇਸ ਵਾਅਦੇ ਨੂੰ ਸੰਕਲਪ ਸੇ ਸਿੱਧੀ ਰਾਹੀਂ ਪੂਰਾ ਕਰਨਾ ਹੈ ਤਾਂ ਹੀ ਅਸੀਂ ਆਪਣੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਦਾ ਭਾਰਤ ਕਾਇਮ ਕਰ ਸਕਦੇ ਹਾਂ। ਇੱਕ ਅਖਬਾਰ, ਜੋ ਕਿ ਭਾਰਤ ਛੱਡੋ ਅੰਦੋਲਨ ਮੌਕੇ ਤੇ ਪੈਦਾ ਹੋਇਆ ਸੀ, ਨੂੰ ਮੈਂ ਸੁਝਾਅ ਦਿੰਦਾ ਹਾਂ ਕਿ ਇਸ ਸਬੰਧ ਵਿੱਚ ਦੀਨਾ ਥਾਂਥੀ ਦੀ ਵਿਸ਼ੇਸ਼ ਜ਼ਿੰਮੇਵਾਰੀ ਹੈ। ਮੈਨੂੰ ਆਸ ਹੈ ਕਿ ਤੁਸੀਂ ਇਸ ਮੌਕੇ ਦੀ ਵਰਤੋਂ ਕਰਕੇ ਆਪਣੇ ਪਾਠਕਾਂ ਅਤੇ ਭਾਰਤ ਵਾਸੀਆਂ ਨੂੰ ਅਗਲੇ 5 ਸਾਲਾਂ ਵਿੱਚ ਦੱਸੋਗੇ ਕਿ ਤੁਸੀਂ ਇਸ ਲਈ ਕੀ ਕਰ ਸਕਦੇ ਹੋ?

 

ਅਗਲੇ 5 ਸਾਲਾਂ ਦੇ ਟੀਚੇ ਨੂੰ ਵੀ ਅੱਗੇ ਜਾ ਕੇ ਸ਼ਾਇਦ ਥਾਂਥੀ ਅਖਬਾਰ ਵਾਲੇ ਇਹ ਸੋਚਣਗੇ ਕਿ ਅਗਲੇ 75 ਸਾਲ ਵਿੱਚ ਉਹ ਕੀ ਕਰ ਸਕਦੇ ਹਨ। ਆਪਣੇ ਆਪ ਨੂੰ ਸਬੰਧਤ ਬਣਾਈੇ ਰੱਖਣ ਅਤੇ ਖਬਰਾਂ ਲੋਕਾਂ ਤੱਕ ਵਧੀਆ ਢੰਗ ਨਾਲ ਪਹੁੰਚਾਉਣ ਦਾ ਤਰੀਕਾ ਕੀ ਹੋ ਸਕਦਾ ਹੈ? ਅਜਿਹਾ ਕਰਦੇ ਸਮੇਂ ਤੁਹਾਨੂੰ ਕਾਰੋਬਾਰ ਅਤੇ , ਨੈਤਿਕਤਾ ਦੇ ਉੱਚ ਮਿਆਰਾਂ ਨੂੰ ਵੀ ਕਾਇਮ ਰੱਖਣਾ ਪਵੇਗਾ।

 

ਅੰਤ ਵਿੱਚ ਮੈਂ ਤਾਮਿਲਨਾਡੂ ਦੇ ਲੋਕਾਂ ਦੀ ਸੇਵਾ ਲਈ ਦੀਨਾ ਥਾਂਥੀ ਦੇ ਪ੍ਰਕਾਸ਼ਕਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕਰਦਾ ਹਾਂ। ਮੈਨੂੰ ਪੂਰਾ ਯਕੀਨ ਹੈ ਕਿ ਇਹ ਲੋਕ ਸਾਡੇ ਮਹਾਨ ਦੇਸ਼ ਦੇ ਭਵਿੱਖ ਨੂੰ ਤਿਆਰ ਕਰਨ ਵਿੱਚ ਆਪਣਾ ਉਸਾਰੂ ਯੋਗਦਾਨ ਜਾਰੀ ਰੱਖਣਗੇ।

 

ਧੰਨਵਾਦ

 

AKT/SH