ਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

24 ਸਤਬੰਰ 2017 ਨੂੰ ਮਨ ਕੀ ਬਾਤ ਦੀ 36 ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਮੇਰੇ ਪਿਆਰੇ ਦੇਸ਼ ਵਾਸੀਓ! ਤੁਹਾਨੂੰ ਸਭ ਨੂੰ ਨਮਸਕਾਰ। ਆਕਾਸ਼ਵਾਣੀ ਦੇ ਮਾਧਿਅਮ ਰਾਹੀਂ ‘ਮਨ ਕੀ ਬਾਤ’ ਕਰਦਿਆਂ ਹੋਇਆਂ ਤਿੰਨ ਵਰ੍ਹੇ ਪੂਰੇ ਹੋ ਗਏ ਹਨ। ਅੱਜ ਇਹ 36ਵਾਂ ਐਪੀਸੋਡ ਹੈ। ‘ਮਨ ਕੀ ਬਾਤ’ ਇੱਕ ਤਰਾਂ ਨਾਲ ਭਾਰਤ ਦੀ ਜੋ ਸਕਾਰਾਤਮਕ ਸ਼ਕਤੀ ਹੈ, ਦੇਸ਼ ਦੇ ਕੋਨੇ-ਕੋਨੇ ’ਚ ਜੋ ਭਾਵਨਾਵਾਂ ਭਰੀਆਂ ਪਈਆਂ ਹਨ, ਇੱਛਾਵਾਂ ਹਨ, ਉਮੀਦਾਂ ਹਨ, ਕਿਤੇ-ਕਿਤੇ ਸ਼ਿਕਾਇਤ ਵੀ ਹੈ। ਇੱਕ ਜਨ ਮਨ ਵਿੱਚ ਜੋ ਭਾਵ ਆਉਂਦੇ ਰਹਿੰਦੇ ਹਨ, ‘ਮਨ ਕੀ ਬਾਤ’ ਨਾਲ ਉਨ੍ਹਾਂ ਸਾਰਿਆਂ ਭਾਵਾਂ ਨਾਲ ਮੈਨੂੰ ਜੁੜਨ ਦਾ ਇੱਕ ਬਹੁਤ ਅਨੋਖਾ ਮੌਕਾ ਦਿੱਤਾ ਅਤੇ ਮੈਂ ਇਹ ਕਦੇ ਵੀ ਨਹੀਂ ਕਿਹਾ ਕਿ ਇਹ ਮੇਰੇ ‘ਮਨ ਕੀ ਬਾਤ’ ਹੈ। ਇਹ ‘ਮਨ ਕੀ ਬਾਤ’ ਦੇਸ਼ ਵਾਸੀਆਂ ਦੇ ਮਨ ਨਾਲ ਜੁੜੀ ਹੈ। ਉਨ੍ਹਾਂ ਦੀਆਂ ਭਾਵਨਾਵਾਂ ਨਾਲ ਜੁੜੀ ਹੈ। ਉਨ੍ਹਾਂ ਦੀਆਂ ਆਸਾਂ-ਉਮੀਦਾਂ ਨਾਲ ਜੁੜੀ ਹੋਈ ਹੈ ਅਤੇ ਜਦ ‘ਮਨ ਕੀ ਬਾਤ’ ਵਿੱਚ ਜੋ ਗੱਲਾਂ ਮੈਂ ਦੱਸਦਾ ਹਾਂ, ਤਾਂ ਦੇਸ਼ ਦੇ ਹਰ ਕੋਨੇ ਤੋਂ ਜੋ ਲੋਕ ਮੈਨੂੰ ਆਪਣੀਆਂ ਗੱਲਾਂ ਭੇਜਦੇ ਹਨ, ਤੁਹਾਨੂੰ ਤਾਂ ਸ਼ਾਇਦ ਮੈਂ ਬਹੁਤ ਘੱਟ ਕਹਿੰਦਾ ਹਾਂ, ਪਰ ਮੈਨੂੰ ਤਾਂ ਭਰਪੂਰ ਖਜ਼ਾਨਾ ਮਿਲ ਜਾਂਦਾ ਹੈ। ਚਾਹੇ ਈ-ਮੇਲ ’ਤੇ ਹੋਵੇ, ਟੈਲੀਫੋਨ ’ਤੇ ਹੋਵੇ, Mygov ’ਤੇ ਹੋਵੇ, NarendraModiApp ’ਤੇ ਹੋਵੇ, ਇੰਨੀਆਂ ਗੱਲਾਂ ਮੇਰੇ ਤੱਕ ਪਹੁੰਚਦੀਆਂ ਹਨ। ਜ਼ਿਆਦਾਤਰ ਤਾਂ ਮੈਨੂੰ ਪ੍ਰੇਰਣਾ ਦੇਣ ਵਾਲੀਆਂ ਹੁੰਦੀਆਂ ਹਨ। ਬਹੁਤ ਸਾਰੀਆਂ, ਸਰਕਾਰ ’ਚ ਸੁਧਾਰ ਦੇ ਲਈ ਹੁੰਦੀਆਂ ਹਨ। ਕਿਤੇ ਨਿਜੀ ਸ਼ਿਕਾਇਤ ਵੀ ਹੁੰਦੀ ਹੈ ਤਾਂ ਕਿਤੇ ਸਮੂਹਿਕ ਸਮੱਸਿਆ ਉੱਪਰ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ ਅਤੇ ਮੈਂ ਤਾਂ ਮਹੀਨੇ ’ਚ ਇੱਕ ਵਾਰ ਤੁਹਾਡਾ ਅੱਧਾ ਘੰਟਾ ਲੈਂਦਾ ਹਾਂ, ਪਰ ਲੋਕ 30 ਦਿਨ ‘ਮਨ ਕੀ ਬਾਤ’ ਉੱਪਰ ਆਪਣੀਆਂ ਗੱਲਾਂ ਪਹੁੰਚਾਉਂਦੇ ਹਨ ਅਤੇ ਉਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਸਰਕਾਰ ਵਿੱਚ ਵੀ ਸੰਵੇਦਨਸ਼ੀਲਤਾ, ਸਮਾਜ ਵਿੱਚ ਦੂਰ-ਦੂਰ ਕਿਹੋ ਜਿਹੀਆਂ ਸ਼ਕਤੀਆਂ ਪਈਆਂ ਹਨ, ਉਨ੍ਹਾਂ ਉੱਪਰ ਉਸ ਦਾ ਧਿਆਨ ਜਾਣਾ ਇਹ ਸਹਿਜ ਅਨੁਭਵ ਹੋ ਰਿਹਾ ਹੈ ਅਤੇ ਇਸ ਲਈ ‘ਮਨ ਕੀ ਬਾਤ’ ਦਾ ਤਿੰਨਾਂ ਸਾਲਾਂ ਦਾ ਇਹ ਸਫ਼ਰ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਦਾ, ਅਹਿਸਾਸ ਦਾ ਇੱਕ ਸਫਰ ਹੈ ਅਤੇ ਸ਼ਾਇਦ ਏਨੇ ਘੱਟ ਵਕਤ ਵਿੱਚ ਦੇਸ਼ ਦੇ ਸਧਾਰਣ ਮਨੁੱਖ ਦੇ ਭਾਵਾਂ ਨੂੰ ਜਾਨਣ-ਸਮਝਣ ਦਾ ਮੈਨੂੰ ਜੋ ਮੌਕਾ ਮਿਲਿਆ ਹੈ, ਇਸ ਦੇ ਲਈ ਦੇਸ਼ ਵਾਸੀਆਂ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। ‘ਮਨ ਕੀ ਬਾਤ’ ’ਚ ਮੈਂ ਹਮੇਸ਼ਾ ਅਚਾਰਿਆ ਵਿਨੋਬਾ ਭਾਵੇ ਦੀ ਉਸ ਗੱਲ ਨੂੰ ਯਾਦ ਰੱਖਿਆ ਹੈ, ਅਚਾਰਿਆ ਵਿਨੋਬਾ ਭਾਵੇ ਹਮੇਸ਼ਾ ਆਖਦੇ ਸਨ ਅ-ਸਰਕਾਰੀ, ਅਸਰਕਾਰੀ। ਮੈਂ ਵੀ ‘ਮਨ ਕੀ ਬਾਤ’ ’ਚ ਇਸ ਦੇਸ਼ ਦੀ ਜਨਤਾ ਨੂੰ ਕੇਂਦਰ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਰਾਜਨੀਤੀ ਦੇ ਰੰਗ ਤੋਂ ਉਸ ਨੂੰ ਦੂਰ ਰੱਖਿਆ ਹੈ। ਤਤਕਾਲੀ ਜੋ ਗਰਮੀ ਹੁੰਦੀ ਹੈ, ਰੋਸ ਹੁੰਦਾ ਹੈ, ਉਸ ਵਿੱਚ ਵਹਿ ਜਾਣ ਦੀ ਬਜਾਏ ਇੱਕ ਸਥਿਰ ਮਨ ਨਾਲ ਤੁਹਾਡੇ ਨਾਲ ਜੁੜੇ ਰਹਿਣ ਦਾ ਯਤਨ ਕੀਤਾ ਹੈ। ਮੈਂ ਜ਼ਰੂਰ ਮੰਨਦਾ ਹਾਂ ਕਿ ਹੁਣ ਤਿੰਨਾਂ ਸਾਲਾਂ ਬਾਅਦ,social scientists, universities, research scholars, media experts, 5 ਜ਼ਰੂਰ ਇਸ ਦਾ analysis ਕਰਨਗੇ। plus-minus ਹਰ ਚੀਜ਼ ਨੂੰ ਉਜਾਗਰ ਕਰਨਗੇ ਅਤੇ ਮੈਨੂੰ ਯਕੀਨ ਹੈ ਕਿ ਇਹ ਸਲਾਹ-ਮਸ਼ਵਰਾ ਭਵਿੱਖ ਵਿੱਚ ‘ਮਨ ਕੀ ਬਾਤ’ ਲਈ ਹੋਰ ਵੀ ਉਪਯੋਗੀ ਹੋਵੇਗਾ। ਉਸ ਵਿੱਚੋਂ ਇੱਕ ਨਵੀਂ ਚੇਤਨਾ, ਨਵੀਂ ਊਰਜਾ ਮਿਲੇਗੀ ਅਤੇ ਮੈਂ ਜਦ ਇੱਕ ਵਾਰ ‘ਮਨ ਕੀ ਬਾਤ’ ’ਚ ਕਿਹਾ ਸੀ ਕਿ ਸਾਨੂੰ ਭੋਜਨ ਕਰਦਿਆਂ ਚਿੰਤਾ ਕਰਨੀ ਚਾਹੀਦੀ ਹੈ ਕਿ ਜਿੰਨੀ ਲੋੜ ਹੈ, ਓਨਾ ਹੀ ਲਈਏ। ਅਸੀਂ ਉਸ ਨੂੰ ਬਰਬਾਦ ਨਾ ਕਰੀਏ ਪਰ ਉਸ ਤੋਂ ਬਾਅਦ ਮੈਂ ਵੇਖਿਆ ਕਿ ਦੇਸ਼ ਦੇ ਹਰ ਕੋਨੇ ਤੋਂ ਮੈਨੂੰ ਇੰਨੀਆਂ ਚਿੱਠੀਆਂ ਆਈਆਂ, ਅਨੇਕਾਂ ਸਮਾਜਿਕ ਸੰਗਠਨ, ਅਨੇਕਾਂ ਨੌਜਵਾਨ ਪਹਿਲਾਂ ਤੋਂ ਹੀ ਇਹ ਕੰਮ ਕਰ ਰਹੇ ਹਨ ਜੋ ਅੰਨ ਥਾਲ਼ੀ ਵਿੱਚ ਛੱਡ ਦਿੱਤਾ ਜਾਂਦਾ ਹੈ, ਉਸ ਨੂੰ ਇਕੱਠਿਆਂ ਕਰਕੇ ਉਸ ਦਾ ਸਹੀ ਉਪਯੋਗ ਕਿਵੇਂ ਹੋਵੇ, ਇਸ ਬਾਰੇ ਕੰਮ ਕਰਨ ਵਾਲੇ ਇੰਨੇ ਲੋਕ ਮੇਰੇ ਧਿਆਨ ਵਿੱਚ ਆਏ, ਮੇਰੇ ਮਨ ਨੂੰ ਬੜੀ ਤਸੱਲੀ ਹੋਈ, ਬਹੁਤ ਖੁਸ਼ੀ ਮਿਲੀ।

ਇੱਕ ਵਾਰ ਮੈਂ ‘ਮਨ ਕੀ ਬਾਤ’ ’ਚ ਮਹਾਰਾਸ਼ਟਰ ਦੇ ਇੱਕ retired teacher ਸ਼੍ਰੀਮਾਨ ਚੰਦਰ ਕਾਂਤ ਕੁਲਕਰਨੀ ਦੀ ਗੱਲ ਦੱਸੀ ਸੀ ਜੋ ਆਪਣੀ pension ਵਿੱਚੋਂ 16 ਹਜ਼ਾਰ ਰੁਪਏ, pension ਮਿਲਦੀ ਸੀ, ਉਸ ਵਿੱਚੋਂ ਪੰਜ ਹਜ਼ਾਰ ਰੁ. 51 post-dated cheque ਦੇ ਕੇ ਸਵੱਛਤਾ ਲਈ ਉਨ੍ਹਾਂ ਨੇ ਦਾਨ ਦੇ ਦਿੱਤਾ ਸੀ ਅਤੇ ਉਸ ਤੋਂ ਬਾਅਦ ਮੈਂ ਵੇਖਿਆ ਕਿ ਸਵੱਛਤਾ ਲਈ ਇਸ ਤਰਾਂ ਦੇ ਕੰਮ ਕਰਨ ਵਾਲੇ ਕਾਫੀ ਲੋਕ ਅੱਗੇ ਆਏ।

ਇੱਕ ਵਾਰ ਮੈਂ ਹਰਿਆਣਾ ਦੇ ਇੱਕ ਸਰਪੰਚ ਦੀ ‘selfie with daughter’ ਨੂੰ ਵੇਖਿਆ ਅਤੇ ਮੈਂ ‘ਮਨ ਕੀ ਬਾਤ’ ਵਿੱਚ ਸਭ ਦੇ ਸਾਹਮਣੇ ਰੱਖਿਆ। ਵੇਖਦਿਆਂ-ਵੇਖਦਿਆਂ ਨਾ ਸਿਰਫ ਭਾਰਤ ਵਿੱਚੋਂ, ਪੂਰੇ ਵਿਸ਼ਵ ਵਿੱਚ ‘selfie with daughter’ ਇੱਕ ਵੱਡੀ ਮੁਹਿੰਮ ਚੱਲ ਪਈ। ਇਹ ਸਿਰਫ social media ਦਾ ਮੁੱਦਾ ਨਹੀਂ। ਹਰ ਬੇਟੀ ਨੂੰ ਇੱਕ ਨਵਾਂ ਆਤਮਵਿਸ਼ਵਾਸ, ਨਵਾਂ ਮਾਣ ਪੈਦਾ ਕਰਨ ਵਾਲੀ ਘਟਨਾ ਬਣ ਗਈ। ਹਰ ਮਾਂ-ਪਿਓ ਨੂੰ ਲੱਗਣ ਲੱਗਾ ਕਿ ਮੈਂ ਆਪਣੀ ਬੇਟੀ ਨਾਲ selfie ਲਵਾਂ। ਹਰ ਬੇਟੀ ਨੂੰ ਲੱਗਣ ਲੱਗ ਪਿਆ ਮੇਰਾ ਕੋਈ ਮਹੱਤਵ ਹੈ।

ਪਿਛਲੇ ਦਿਨੀਂ ਮੈਂ ਭਾਰਤ ਸਰਕਾਰ ਦੇ tourism department ਨਾਲ ਬੈਠਾ ਸੀ। ਮੈਂ ਜਦ tour ’ਤੇ ਜਾਣ ਵਾਲੇ ਲੋਕਾਂ ਨੂੰ ਕਿਹਾ ਸੀ ਕਿ ਤੁਸੀਂ incredible India ਉੱਪਰ ਜਿੱਥੇ ਵੀ ਜਾਓ, ਉੱਥੋਂ ਦੀਆਂ ਫੋਟੋਆਂ ਭੇਜੋ। ਲੱਖਾਂ ਤਸਵੀਰਾਂ, ਭਾਰਤ ਦੇ ਹਰ ਕੋਨੇ ਵਿੱਚੋਂ ਇੱਕ ਤਰਾਂ ਨਾਲ tour ਦੇ ਖੇਤਰ ਵਿੱਚ ਕੰਮ ਕਰਨ ਵਾਲਿਆਂ ਦੀ ਇੱਕ ਬਹੁਤ ਵੱਡੀ ਅਮਾਨਤ ਬਣ ਗਈ। ਛੋਟੀ ਜਿਹੀ ਘਟਨਾ ਕਿੰਨਾ ਵੱਡਾ ਅੰਦੋਲਨ ਖੜਾ ਕਰ ਦਿੰਦੀ ਹੈ, ਇਹ ‘ਮਨ ਕੀ ਬਾਤ’ ਵਿੱਚ ਮੈਂ ਮਹਿਸੂਸ ਕੀਤਾ ਹੈ। ਅੱਜ ਮਨ ਕਰ ਆਇਆ, ਕਿਉਕਿ ਜਦ ਸੋਚ ਰਿਹਾ ਸੀ ਕਿ ਤਿੰਨ ਸਾਲ ਹੋ ਗਏ ਤਾਂ ਪਿਛਲੇ ਤਿੰਨਾਂ ਸਾਲਾਂ ਦੀਆਂ ਕਈ ਘਟਨਾਵਾਂ ਮੇਰੇ ਮਨ-ਮੰਦਿਰ ਵਿੱਚ ਛਾ ਗਈਆਂ। ਦੇਸ਼ ਸਹੀ ਦਿਸ਼ਾ ’ਚ ਜਾਣ ਲਈ ਹਰ ਪਲ ਅੱਗੇ ਵਧ ਰਿਹਾ ਹੈ। ਦੇਸ਼ ਦਾ ਹਰ ਨਾਗਰਿਕ ਦੂਜਿਆਂ ਦੇ ਭਲੇ ਲਈ, ਸਮਾਜ ਦੀ ਭਲਾਈ ਲਈ, ਦੇਸ਼ ਦੀ ਤਰੱਕੀ ਲਈ ਕੁਝ ਨਾ ਕੁਝ ਕਰਨਾ ਚਾਹੁੰਦਾ ਹੈ, ਇਹ ਮੇਰੇ ਤਿੰਨ ਸਾਲ ਦੀ ‘ਮਨ ਕੀ ਬਾਤ’ ਦੀ ਮੁਹਿੰਮ ਵਿੱਚ, ਮੈਂ ਦੇਸ਼ ਵਾਸੀਆਂ ਤੋਂ ਜਾਣਿਆ ਹੈ, ਸਮਝਿਆ ਹੈ, ਸਿੱਖਿਆ ਹੈ, ਕਿਸੇ ਵੀ ਦੇਸ਼ ਲਈ ਇਹ ਸਭ ਤੋਂ ਵੱਡੀ ਪੂੰਜੀ ਹੁੰਦੀ ਹੈ, ਇੱਕ ਬਹੁਤ ਵੱਡੀ ਤਾਕਤ ਹੁੰਦੀ ਹੈ, ਮੈਂ ਦਿਲੋਂ ਦੇਸ਼ ਵਾਸੀਆਂ ਨੂੰ ਨਮਨ ਕਰਦਾ ਹਾਂ।

ਮੈਂ ਇੱਕ ਵਾਰ ‘ਮਨ ਕੀ ਬਾਤ’ ਵਿੱਚ ਖਾਦੀ ਦੇ ਵਿਸ਼ੇ ਬਾਰੇ ਚਰਚਾ ਕੀਤੀ ਸੀ ਅਤੇ ਖਾਦੀ ਇੱਕ ਵਸਤਰ ਨਹੀਂ, ਇੱਕ ਵਿਚਾਰ ਹੈ ਅਤੇ ਮੈਂ ਵੇਖਿਆ ਹੈ ਕਿ ਇਨੀਂ ਦਿਨੀਂ ਖਾਦੀ ਪ੍ਰਤੀ ਕਾਫੀ ਦਿਲਚਸਪੀ ਵਧੀ ਹੈ ਅਤੇ ਮੈਂ ਸੁਭਾਵਿਕ ਰੂਪ ’ਚ ਕਿਹਾ ਸੀ ਕਿ ਮੈਂ ਕੋਈ ਖਾਦੀ ਧਾਰੀ ਬਣਨ ਲਈ ਨਹੀਂ ਕਹਿ ਰਿਹਾ ਹਾਂ ਪਰ ਵੱਖ-ਵੱਖ ਤਰਾਂ ਦੇ fabric ਹੁੰਦੇ ਹਨ ਤਾਂ ਇੱਕ ਖਾਦੀ ਕਿਉ ਨਾ ਹੋਵੇ? ਘਰ ਵਿੱਚ ਚਾਦਰ ਹੋਵੇ, ਰੁਮਾਲ ਹੋਵੇ, curtain ਹੋਵੇ, ਤਜ਼ਰਬਾ ਇਹ ਹੋਇਆ ਹੈ ਕਿ ਨੌਜਵਾਨ ਪੀੜ੍ਹੀ ਵਿੱਚ ਖਾਦੀ ਪ੍ਰਤੀ ਖਿੱਚ ਵਧੀ ਹੈ। ਖਾਦੀ ਦੀ ਵਿਕਰੀ ਵਧੀ ਹੈ ਅਤੇ ਉਸ ਕਾਰਣ ਗਰੀਬ ਦੇ ਘਰ ਵਿੱਚ ਸਿੱਧਾ-ਸਿੱਧਾ ਰੋਜ਼ਗਾਰ ਦਾ ਸਬੰਧ ਜੁੜ ਗਿਆ ਹੈ। 2 ਅਕਤੂਬਰ ਤੋਂ ਖਾਦੀ ’ਚ discount ਦਿੱਤਾ ਜਾਂਦਾ ਹੈ। ਕਾਫੀ ਛੋਟ-ਰਿਆਇਤ ਮਿਲਦੀ ਹੈ। ਮੈਂ ਇੱਕ ਵਾਰ ਫੇਰ ਬੇਨਤੀ ਕਰਾਂਗਾ, ਖਾਦੀ ਦੀ ਜੋ ਮੁਹਿੰਮ ਚੱਲੀ ਹੈ, ਉਸ ਨੂੰ ਅਸੀਂ ਅੱਗੇ ਚਲਾਈਏ, ਹੋਰ ਵਧਾਈਏ। ਖਾਦੀ ਖਰੀਦ ਕੇ ਗਰੀਬ ਦੇ ਘਰ ਵਿੱਚ ਦਿਵਾਲੀ ਦਾ ਦੀਵਾ ਬਾਲੀਏ। ਇਸ ਭਾਵਨਾ ਨੂੰ ਲੈ ਕੇ ਅਸੀਂ ਕੰਮ ਕਰੀਏ। ਸਾਡੇ ਦੇਸ਼ ਦੇ ਗਰੀਬ ਨੂੰ ਇਸ ਕੰਮ ਨਾਲ ਇੱਕ ਤਾਕਤ ਮਿਲੇਗੀ ਅਤੇ ਸਾਨੂੰ ਕਰਨਾ ਚਾਹੀਦਾ ਹੈ ਅਤੇ ਇਸ ਖਾਦੀ ਦੇ ਪ੍ਰਤੀ ਦਿਲਚਸਪੀ ਵਧਣ ਕਾਰਣ ਖਾਦੀ ਦੇ ਖੇਤਰ ’ਚ ਕੰਮ ਕਰਨ ਵਾਲਿਆਂ ਵਿੱਚ ਭਾਰਤ ਸਰਕਾਰ ਦੇ ਖਾਦੀ ਨਾਲ ਸਬੰਧਿਤ ਲੋਕਾਂ ਵਿੱਚ ਇੱਕ ਨਵੇਂ ਤਰੀਕੇ ਨਾਲ ਸੋਚਣ ਦਾ ਉਤਸ਼ਾਹ ਵੀ ਵਧਿਆ ਹੈ। ਨਵੀਂ ਟੈਕਨਾਲੋਜੀ ਕਿਵੇਂ ਲਿਆਈਏ, ਉਤਪਾਦਨ ਦੀ ਸਮਰੱਥਾ ਕਿਵੇਂ ਵਧਾਈਏ, ਸੋਲਰ ਹੱਥਖੱਡੀ ਕਿਵੇਂ ਲੈ ਕੇ ਆਈਏ। ਪੁਰਾਣੀ ਜੋ ਵਿਰਾਸਤ ਸੀ, ਉਹ ਬਿਲਕੁਲ ਹੀ 20-20, 25-25, 30-30 ਸਾਲ ਤੋਂ ਬੰਦ ਪਈ ਹੈ, ਉਸ ਨੂੰ ਮੁੜ ਸੁਰਜੀਤ ਕਿਵੇਂ ਕੀਤਾ ਜਾਵੇ।

ਉੱਤਰ ਪ੍ਰਦੇਸ਼ ’ਚ ਵਾਰਾਣਸੀ ਸੇਵਾਪੁਰ ਵਿੱਚ ਹੁਣ ਸੇਵਾਪੁਰੀ ਦਾ ਖਾਦੀ ਆਸ਼ਰਮ 26 ਸਾਲ ਤੋਂ ਬੰਦ ਪਿਆ ਸੀ, ਪਰ ਹੁਣ ਮੁੜ ਸੁਰਜੀਤ ਹੋ ਗਿਆ। ਕਈ ਪ੍ਰਕਾਰ ਦੀਆਂ ਪ੍ਰਵਿਰਤੀਆਂ ਨੂੰ ਜੋੜਿਆ ਗਿਆ। ਅਨੇਕਾਂ ਲੋਕਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ। ਕਸ਼ਮੀਰ ਦੇ ਪੰਪੋਰ ’ਚ ਖਾਦੀ ਅਤੇ ਗ੍ਰਾਮ ਉਦਯੋਗ ਨੇ ਬੰਦ ਪਏ ਆਪਣੇ ਸਿਖਲਾਈ ਕੇਂਦਰ ਨੂੰ ਫਿਰ ਤੋਂ ਸ਼ੁਰੂ ਕੀਤਾ ਅਤੇ ਕਸਮੀਰ ਕੋਲ ਤਾਂ ਇਸ ਖੇਤਰ ਨੂੰ ਦੇਣ ਲਈ ਬਹੁਤ ਕੁਝ ਹੈ। ਹੁਣ ਇਹ ਸਿਖਲਾਈ ਕੇਂਦਰ ਫਿਰ ਤੋਂ ਸ਼ੁਰੂ ਹੋਣ ਕਾਰਣ ਨਵੀਂ ਪੀੜ੍ਹੀ ਨੂੰ ਆਧੁਨਿਕ ਰੂਪ ਵਿੱਚ ਨਿਰਮਾਣ ਕਾਰਜ ਕਰਨ ’ਚ, ਬੁਣਨ ਵਿੱਚ, ਨਵੀਆਂ ਚੀਜ਼ਾਂ ਬਨਾਉਣ ਵਿੱਚ ਮਦਦ ਮਿਲੇਗੀ ਅਤੇ ਮੈਨੂੰ ਚੰਗਾ ਲੱਗ ਰਿਹਾ ਹੈ ਕਿ ਜਦ ਵੱਡੇ-ਵੱਡੇ ਕਾਰਪੋਰੇਟ ਹਾਊਸ ਵੀ ਦਿਵਾਲੀ ਨੂੰ ਜਦ ਗਿਫਟ ਦਿੰਦੇ ਹਨ ਤਾਂ ਇਨੀਂ ਦਿਨੀਂ ਖਾਦੀ ਦੀਆਂ ਚੀਜ਼ਾਂ ਦੇਣੀਆਂ ਸ਼ੁਰੂ ਕੀਤੀਆਂ ਹਨ। ਲੋਕਾਂ ਨੇ ਵੀ ਇੱਕ-ਦੂਜੇ ਨੂੰ ਗਿਫਟ ਦੇ ਰੂਪ ਵਿੱਚ ਖਾਦੀ ਦੀਆਂ ਚੀਜ਼ਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇੱਕ ਸਹਿਜ ਰੂਪ ਵਿੱਚ ਚੀਜ਼ ਕਿਵੇਂ ਅੱਗੇ ਵੱਧਦੀ ਹੈ, ਅਸੀਂ ਸਾਰੇ ਇਹ ਮਹਿਸੂਸ ਕਰ ਰਹੇ ਹਾਂ।

ਮੇਰੇ ਪਿਆਰੇ ਦੇਸ਼ ਵਾਸੀਓ, ਪਿਛਲੇ ਮਹੀਨੇ ‘ਮਨ ਕੀ ਬਾਤ’ ਵਿੱਚ ਹੀ ਅਸੀਂ ਸਾਰਿਆਂ ਨੇ ਇੱਕ ਸੰਕਲਪ ਲਿਆ ਸੀ ਅਤੇ ਅਸੀਂ ਤਹਿ ਕੀਤਾ ਸੀ ਕਿ ਗਾਂਧੀ ਜਯੰਤੀ ਤੋਂ ਪਹਿਲਾਂ 15 ਦਿਨ ਦੇਸ਼ ਭਰ ਵਿੱਚ ਸਵੱਛਤਾ ਦਾ ਉਤਸਵ ਮਨਾਵਾਂਗੇ। ਸਵੱਛਤਾ ਨਾਲ ਜਨ-ਮਨ ਨੂੰ ਜੋੜਾਂਗੇ। ਸਾਡੇ ਮਾਣਯੋਗ ਰਾਸ਼ਟਰਪਤੀ ਜੀ ਨੇ ਇਸ ਕੰਮ ਦਾ ਆਰੰਭ ਕੀਤਾ ਅਤੇ ਦੇਸ਼ ਜੁੜ ਗਿਆ। ਬਜ਼ੁਰਗ ਹੋਵੇ, ਮਰਦ ਹੋਵੇ, ਇਸਤਰੀ ਹੋਵੇ, ਸ਼ਹਿਰ ਹੋਵੇ, ਪਿੰਡ ਹੋਵੇ ਹਰ ਕੋਈ ਅੱਜ ਇਸ ਸਵੱਛਤਾ ਮੁਹਿੰਮ ਦਾ ਹਿੱਸਾ ਬਣ ਗਿਆ ਹੈ ਅਤੇ ਜਦ ਮੈਂ ਆਖਦਾ ਹਾਂ ਕਿ ‘ਸੰਕਲਪ ਤੋਂ ਸਿੱਧੀ’ ਇਹ ਸਵੱਛਤਾ ਮੁਹਿੰਮ ਇੱਕ ਸੰਕਲਪ-ਸਿੱਧੀ ਵੱਲ ਕਿਵੇਂ ਅੱਗੇ ਵਧ ਰਹੀ ਹੈ, ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਰਹੇ ਹਾਂ। ਹਰ ਕੋਈ ਇਸ ਨੂੰ ਸਵੀਕਾਰਦਾ ਹੈ, ਸਹਿਯੋਗ ਕਰਦਾ ਹੈ ਅਤੇ ਸਾਕਾਰ ਕਰਨ ਲਈ ਕੋਈ ਨਾ ਕੋਈ ਯੋਗਦਾਨ ਦਿੰਦਾ ਹੈ। ਮੈਂ ਮਾਣਯੋਗ ਰਾਸ਼ਟਰਪਤੀ ਜੀ ਦਾ ਆਭਾਰ ਮੰਨਦਾ ਹਾਂ ਪਰ ਨਾਲ-ਨਾਲ ਦੇਸ਼ ਦੇ ਹਰ ਵਰਗ ਨੇ ਇਸ ਨੂੰ ਆਪਣਾ ਕੰਮ ਮੰਨਿਆ ਹੈ। ਹਰ ਕੋਈ ਇਸ ਨਾਲ ਜੁੜ ਗਿਆ ਹੈ। ਚਾਹੇ ਖੇਡ-ਜਗਤ ਦੇ ਲੋਕ ਹੋਣ, ਸਿਨੇ-ਜਗਤ ਦੇ ਲੋਕ ਹੋਣ, academicians ਹੋਣ, ਸਕੂਲ ਹੋਣ, ਕਾਲਜ ਹੋਣ, ਯੂਨੀਵਰਸਿਟੀ ਹੋਵੇ, ਕਿਸਾਨ ਹੋਣ, ਮਜ਼ਦੂਰ ਹੋਣ, ਅਫਸਰ ਹੋਣ, ਬਾਬੂ ਹੋਣ, ਪੁਲਿਸ ਹੋਵੇ, ਫੌਜ ਦੇ ਜਵਾਨ ਹੋਣ, ਹਰ ਕੋਈ ਇਸ ਨਾਲ ਜੁੜ ਗਿਆ ਹੈ। ਜਨਤਕ ਥਾਵਾਂ ਉੱਪਰ ਇੱਕ ਦਬਾਅ ਵੀ ਪੈਦਾ ਹੋਇਆ ਹੈ ਕਿ ਹੁਣ ਜਨਤਕ ਥਾਵਾਂ ਗੰਦੀਆਂ ਹੋਣ ਤਾਂ ਲੋਕ ਟੋਕਦੇ ਹਨ, ਉੱਥੇ ਕੰਮ ਕਰਨ ਵਾਲਿਆਂ ਨੂੰ ਵੀ ਇੱਕ ਦਬਾਅ ਮਹਿਸੂਸ ਹੋਣ ਲੱਗ ਪਿਆ ਹੈ। ਮੈਂ ਇਸ ਨੂੰ ਚੰਗਾ ਮੰਨਦਾ ਹਾਂ ਅਤੇ ਮੈਨੂੰ ਖੁਸ਼ੀ ਹੈ ‘ਸਵੱਛਤਾ ਹੀ ਸੇਵਾ ਅਭਿਆਨ’ ਦੇ ਸਿਰਫ ਪਹਿਲੇ ਚਾਰ ਦਿਨ ਵਿੱਚ ਹੀ ਤਕਰੀਬਨ 75 ਲੱਖ ਤੋਂ ਜ਼ਿਆਦਾ ਲੋਕ, 40 ਹਜ਼ਾਰ ਤੋਂ ਜ਼ਿਆਦਾ initiative ਲੈ ਕੇ ਗਤੀਵਿਧੀਆਂ ਵਿੱਚ ਜੁੜ ਗਏ ਅਤੇ ਕੁਝ ਲੋਕਾਂ ਨੂੰ ਤਾਂ ਮੈਂ ਵੇਖਿਆ ਕਿ ਲਗਾਤਾਰ ਕੰਮ ਕਰ ਰਹੇ ਹਨ। ਨਤੀਜੇ ਲਿਆ ਕੇ ਰਹਿਣ ਦਾ ਫੈਸਲਾ ਕਰਕੇ ਕੰਮ ਕਰ ਰਹੇ ਹਨ। ਇਸ ਵਾਰ ਇੱਕ ਹੋਰ ਚੀਜ਼ ਵੀ ਵੇਖੀ, ਇੱਕ ਤਾਂ ਹੁੰਦਾ ਹੈ ਕਿ ਅਸੀਂ ਸਫਾਈ ਕਰੀਏ, ਦੂਜਾ ਹੁੰਦਾ ਹੈ ਕਿ ਅਸੀਂ ਜਾਗਰੂਕ ਰਹਿ ਕੇ ਗੰਦਗੀ ਨਾ ਫੈਲਾਈਏ ਪਰ ਸਵੱਛਤਾ ਨੂੰ ਜੇਕਰ ਸੁਭਾਅ ਬਨਾਉਣਾ ਹੈ ਤਾਂ ਇੱਕ ਵਿਚਾਰਕ ਅੰਦੋਲਨ ਵੀ ਜ਼ਰੂਰੀ ਹੁੰਦਾ ਹੈ। ਇਸ ਵਾਰੀ ‘ਸਵੱਛਤਾ ਹੀ ਸੇਵਾ’ ਨਾਲ ਕਈ ਪ੍ਰਤੀਯੋਗਤਾਵਾਂ ਹੋਈਆਂ, ਢਾਈ ਕਰੋੜ ਤੋਂ ਜ਼ਿਆਦਾ ਬੱਚਿਆਂ ਨੇ ਸਵੱਛਤਾ ਦੇ ਨਿਬੰਧ ਮੁਕਾਬਲਿਆਂ ’ਚ ਭਾਗ ਲਿਆ, ਹਜ਼ਾਰਾਂ ਬੱਚਿਆਂ ਨੇ ਪੇਂਟਿੰਗਸ ਬਣਾਈਆਂ, ਆਪੋ-ਆਪਣੀ ਕਲਪਨਾ ਨਾਲ ਸਵੱਛਤਾ ਨੂੰ ਲੈ ਕੇ ਚਿੱਤਰ ਬਣਾਏ, ਬਹੁਤ ਸਾਰੇ ਲੋਕਾਂ ਨੇ ਕਵਿਤਾਵਾਂ ਲਿਖੀਆਂ ਅਤੇ ਇਨੀਂ ਦਿਨੀਂ ਮੈਂ ਸੋਸ਼ਲ ਮੀਡੀਆ ਉੱਪਰ ਸਾਡੇ ਜੋ ਛੋਟੇ ਸਾਥੀਆਂ ਨੇ, ਛੋਟੇ-ਛੋਟੇ ਬਾਲਕਾਂ ਨੇ ਜੋ ਚਿੱਤਰ ਭੇਜੇ ਹਨ, ਉਨ੍ਹਾਂ ਨੂੰ ਮੈਂ ਪੋਸਟ ਵੀ ਕਰਦਾ ਹਾਂ। ਉਨ੍ਹਾਂ ਦਾ ਗੌਰਵ ਗਾਨ ਵੀ ਕਰਦਾ ਹਾਂ। ਜਿੱਥੋਂ ਤੱਕ ਸਵੱਛਤਾ ਦੀ ਗੱਲ ਆਉਦੀ ਹੈ ਤਾਂ ਮੈਂ ਮੀਡੀਆ ਦੇ ਲੋਕਾਂ ਦਾ ਆਭਾਰ ਮੰਨਣਾ ਕਦੀ ਨਹੀਂ ਭੁੱਲਦਾ। ਇਸ ਅੰਦੋਲਨ ਨੂੰ ਉਨ੍ਹਾਂ ਨੇ ਬੜੀ ਪਵਿੱਤਰਤਾ ਨਾਲ ਅੱਗੇ ਵਧਾਇਆ ਹੈ। ਆਪੋ-ਆਪਣੇ ਤਰੀਕੇ ਨਾਲ ਉਹ ਜੁੜ ਗਏ ਹਨ ਅਤੇ ਇੱਕ ਸਕਾਰਾਤਮਕ ਵਾਤਾਵਰਣ ਬਨਾਉਣ ਵਿੱਚ ਉਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਅਤੇ ਅੱਜ ਵੀ ਉਹ ਆਪੋ-ਆਪਣੇ ਤਰੀਕੇ ਨਾਲ ਸਵੱਛਤਾ ਦੇ ਅੰਦੋਲਨ ਦੀ ਅਗਵਾਈ ਕਰ ਰਹੇ ਹਨ। ਸਾਡੇ ਦੇਸ਼ ਦਾ ਇਲੈਕਟ੍ਰੌਨਿਕ ਮੀਡੀਆ, ਸਾਡੇ ਦੇਸ਼ ਦਾ ਪ੍ਰਿੰਟ ਮੀਡੀਆ ਦੇਸ਼ ਦੀ ਕਿੰਨੀ ਵੱਡੀ ਸੇਵਾ ਕਰ ਸਕਦਾ ਹੈ, ਇਹ ‘ਸਵੱਛਤਾ ਹੀ ਸੇਵਾ’ ਅੰਦੋਲਨ ’ਚ ਅਸੀਂ ਵੇਖ ਸਕਦੇ ਹਾਂ। ਅਜੇ ਕੁਝ ਦਿਨ ਪਹਿਲਾਂ ਹੀ ਕਿਸੇ ਨੇ ਮੇਰਾ ਧਿਆਨ ਸ਼੍ਰੀਨਗਰ ਦੇ 18 ਸਾਲ ਦੇ ਨੌਜਵਾਨ ਬਿਲਾਲ ਡਾਰ ਵੱਲ ਕੇਂਦਰਿਤ ਕੀਤਾ ਅਤੇ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਸ਼੍ਰੀਨਗਰ ਨਗਰ ਨਿਗਮ ਨੇ ਬਿਲਾਲ ਡਾਰ ਨੂੰ ਸਵੱਛਤਾ ਲਈ ਆਪਣਾ ਬ੍ਰੈਂਡ ਅੰਬੈਸਡਰ ਬਣਾਇਆ ਹੈ ਅਤੇ ਜਦ ਬ੍ਰੈਂਡ ਅੰਬੈਸਡਰ ਦੀ ਗੱਲ ਆਉਦੀ ਹੈ ਤਾਂ ਤੁਹਾਨੂੰ ਲੱਗਦਾ ਹੋਣਾ ਕਿ ਸ਼ਾਇਦ ਉਹ ਕੋਈ ਸਿਨੇ ਕਲਾਕਾਰ ਹੋਵੇਗਾ, ਸ਼ਾਇਦ ਕੋਈ ਖੇਡ ਜਗਤ ਦਾ ਹੀਰੋ ਹੋਵੇਗਾ, ਜੀ ਨਹੀਂ। ਬਿਲਾਲ ਡਾਰ ਖੁਦ 12-13 ਸਾਲ ਦੀ ਉਮਰ ਤੋਂ ਪਿਛਲੇ 5-6 ਸਾਲ ਤੋਂ ਸਵੱਛਤਾ ’ਚ ਲੱਗਾ ਹੋਇਆ ਹੈ। ਏਸ਼ੀਆ ਦੀ ਸਭ ਤੋਂ ਵੱਡੀ ਝੀਲ ਸ਼੍ਰੀਨਗਰ ਦੇ ਕੋਲ, ਜਿੱਥੇ ਪਲਾਸਟਿਕ ਹੋਵੇ, ਪਾਲੀਥੀਨ ਹੋਵੇ, ” used bottle ਹੋਵੇ, ਕੂੜਾ-ਕਚਰਾ ਹੋਵੇ, ਬਸ ਉਹ ਸਾਫ ਕਰਦਾ ਰਹਿੰਦਾ ਹੈ। ਉਸ ਵਿੱਚੋਂ ਕੁਝ ਕਮਾਈ ਵੀ ਕਰ ਲੈਂਦਾ ਹੈ, ਕਿਉਂਕਿ ਉਸ ਦੇ ਪਿਤਾ ਜੀ ਦੀ ਬਹੁਤ ਛੋਟੀ ਉਮਰ ਵਿੱਚ ਕੈਂਸਰ ਕਾਰਣ ਮੌਤ ਹੋ ਗਈ ਸੀ ਪਰ ਉਸ ਨੇ ਆਪਣਾ ਜੀਵਨ ਰੋਜ਼ਗਾਰ ਦੇ ਨਾਲ-ਨਾਲ ਸਵੱਛਤਾ ਨਾਲ ਵੀ ਜੋੜ ਦਿੱਤਾ। ਇੱਕ ਅੰਦਾਜ਼ਾ ਹੈ ਕਿ ਬਿਲਾਲ ਨੇ ਸਾਲਾਨਾ 12 ਹਜ਼ਾਰ ਕਿਲੋ ਤੋਂ ਜ਼ਿਆਦਾ ਕੂੜਾ-ਕਚਰਾ ਸਾਫ ਕੀਤਾ ਹੈ, ਸ਼੍ਰੀਨਗਰ ਨਗਰ ਨਿਗਮ ਨੂੰ ਵੀ ਮੈਂ ਵਧਾਈ ਦਿੰਦਾ ਹਾਂ, ਸਵੱਛਤਾ ਦੇ ਪ੍ਰਤੀ ਇਸ ਪਹਿਲ ਲਈ ਅਤੇ ਅੰਬੈਸਡਰ ਦੇ ਲਈ ਉਨ੍ਹਾਂ ਦੀ ਇਸ ਕਲਪਨਾ ਦੇ ਲਈ, ਕਿਉਕਿ ਸ਼੍ਰੀਨਗਰ ਇੱਕ “tourist destination ਹੈ ਅਤੇ ਹਿੰਦੁਸਤਾਨ ਦੇ ਹਰ ਨਾਗਰਿਕ ਦਾ ਸ਼੍ਰੀਨਗਰ ਜਾਣ ਦਾ ਮਨ ਕਰਦਾ ਹੈ ਅਤੇ ਉੱਥੇ ਸਫਾਈ ਨੂੰ ਇੰਨਾ ਬਲ ਮਿਲੇ, ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ ਬਿਲਾਲ ਨੂੰ ਸਿਰਫ ਬ੍ਰੈਂਡ ਅੰਬੈਸਡਰ ਹੀ ਨਹੀਂ ਬਣਾਇਆ, ਸਫਾਈ ਕਰਨ ਵਾਲੇ ਬਿਲਾਲ ਨੂੰ ਨਿਗਮ ਨੇ ਇਸ ਵਾਰ ਗੱਡੀ ਵੀ ਦਿੱਤੀ ਹੈ, ਯੂਨੀਫਾਰਮ ਦਿੱਤੀ ਹੈ ਅਤੇ ਉਹ ਹੋਰਨਾਂ ਇਲਾਕਿਆਂ ਵਿੱਚ ਜਾ ਕੇ ਵੀ ਲੋਕਾਂ ਨੂੰ ਸਵੱਛਤਾ ਲਈ ਸਿੱਖਿਅਤ ਕਰਦਾ ਹੈ, ਪ੍ਰੇਰਿਤ ਕਰਦਾ ਹੈ ਅਤੇ ਨਤੀਜੇ ਲਿਆਉਣ ਤੱਕ ਪਿੱਛੇ ਲੱਗਾ ਰਹਿੰਦਾ ਹੈ। ਬਿਲਾਲ ਡਾਰ, ਉਮਰ ਛੋਟੀ ਹੈ ਪਰ ਸਵੱਛਤਾ ’ਚ ਦਿਲਚਸਪੀ ਰੱਖਣ ਵਾਲੇ ਹਰ ਕਿਸੇ ਲਈ ਪ੍ਰੇਰਣਾ ਦਾ ਕਾਰਣ ਹੈ। ਮੈਂ ਬਿਲਾਲ ਡਾਰ ਨੂੰ ਬਹੁਤ ਵਧਾਈ ਦਿੰਦਾ ਹਾਂ।

ਮੇਰੇ ਪਿਆਰੇ ਦੇਸ਼ ਵਾਸੀਓ, ਸਾਨੂੰ ਇਸ ਗੱਲ ਨੂੰ ਮੰਨਣਾ ਹੋਵੇਗਾ ਕਿ ਆਉਣ ਵਾਲਾ ਇਤਿਹਾਸ, ਇਤਿਹਾਸ ਦੀ ਕੁੱਖ ਵਿੱਚੋਂ ਜਨਮ ਲੈਂਦਾ ਹੈ ਅਤੇ ਜਦ ਇਤਿਹਾਸ ਦੀ ਗੱਲ ਤੁਰਦੀ ਹੈ ਤਾਂ ਮਹਾਪੁਰਖਾਂ ਦਾ ਯਾਦ ਆਉਣਾ ਬਹੁਤ ਸੁਭਾਵਿਕ ਹੈ। ਇਹ ਅਕਤੂਬਰ ਮਹੀਨਾ ਸਾਡੇ ਬਹੁਤ ਸਾਰੇ ਮਹਾਪੁਰਖਾਂ ਨੂੰ ਯਾਦ ਕਰਨ ਦਾ ਮਹੀਨਾ ਹੈ। ਮਹਾਤਮਾ ਗਾਂਧੀ ਤੋਂ ਲੈ ਕੇ ਸਰਦਾਰ ਪਟੇਲ ਤੱਕ ਇਸੇ ਅਕਤੂਬਰ ਮਹੀਨੇ ’ਚ ਇੰਨੇ ਮਹਾਪੁਰਖ ਸਾਡੇ ਸਾਹਮਣੇ ਹਨ, ਜਿਨਾਂ ਨੇ 20ਵੀਂ ਸਦੀ ਅਤੇ 21ਵੀਂ ਸਦੀ ਲਈ ਸਾਡੇ ਲੋਕਾਂ ਨੂੰ ਦਿਸ਼ਾ ਦਿੱਤੀ, ਸਾਡੀ ਅਗਵਾਈ ਕੀਤੀ, ਸਾਡਾ ਮਾਰਗ-ਦਰਸ਼ਨ ਕੀਤਾ ਅਤੇ ਦੇਸ਼ ਲਈ ਉਨ੍ਹਾਂ ਨੇ ਬਹੁਤ ਕਸ਼ਟ ਝੱਲੇ। 2 ਅਕਤੂਬਰ ਨੂੰ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਜੀ ਦੀ ਜਨਮ ਜਯੰਤੀ ਹੈ ਤਾਂ 11 ਅਕਤੂਬਰ ਨੂੰ ਜੈ ਪ੍ਰਕਾਸ਼ ਨਾਰਾਇਣ ਅਤੇ ਨਾਨਾ ਜੀ ਦੇਸ਼ਮੁਖ ਦੀ ਜਨਮ ਜਯੰਤੀ ਹੈ ਅਤੇ 25 ਸਤੰਬਰ ਪੰਡਿਤ ਦੀਨ ਦਿਆਲ ਉਪਾਧਿਆਇ ਜੀ ਦੀ ਜਨਮ ਜਯੰਤੀ ਹੈ। ਨਾਨਾ ਜੀ ਅਤੇ ਦੀਨ ਦਿਆਲ ਜੀ ਦਾ ਇਹ ਸ਼ਤਾਬਦੀ ਵਰਾ ਵੀ ਹੈ। ਅਤੇ ਇਨਾਂ ਸਾਰੇ ਮਹਾਪੁਰਖਾਂ ਦਾ ਇੱਕ ਕੇਂਦਰ ਬਿੰਦੂ ਕੀ ਸੀ? ਇੱਕ ਗੱਲ common ਸੀ ਅਤੇ ਉਹ ਸੀ ਦੇਸ਼ ਲਈ ਜੀਣਾ, ਦੇਸ਼ ਲਈ ਕੁਝ ਕਰਨਾ ਅਤੇ ਸਿਰਫ ਉਪਦੇਸ਼ ਨਹੀਂ, ਆਪਣੇ ਜੀਵਨ ਦੁਆਰਾ ਕਰਕੇ ਵਿਖਾਉਣਾ। ਗਾਂਧੀ ਜੀ, ਜੈ ਪ੍ਰਕਾਸ਼ ਜੀ, ਦੀਨ ਦਿਆਲ ਜੀ ਇਹ ਅਜਿਹੇ ਮਹਾਪੁਰਖ ਹਨ ਜੋ ਸੱਤਾ ਦੇ ਗਲਿਆਰਿਆਂ ਤੋਂ ਕੋਹਾਂ ਦੂਰ ਰਹੇ ਪਰ ਜਨਜੀਵਨ ਦੇ ਨਾਲ ਪਲ-ਪਲ ਜਿਊਂਦੇ ਰਹੇ, ਜੂਝਦੇ ਰਹੇ ਅਤੇ ‘ਸਰਵਜਨ ਹਿਤਾਏ ਸਰਵਜਨ ਸੁਖਾਏ’, ਕੁਝ ਨਾ ਕੁਝ ਕਰਦੇ ਰਹੇ। ਨਾਨਾ ਜੀ ਦੇਸ਼ਮੁਖ ਰਾਜਨੀਤਿਕ ਜੀਵਨ ਨੂੰ ਛੱਡ ਕੇ ਗ੍ਰਾਮਉਦੈ ’ਚ ਲੱਗ ਗਏ ਅਤੇ ਜਦ ਅੱਜ ਉਨ੍ਹਾਂ ਦਾ ਸ਼ਤਾਬਦੀ ਵਰਾ ਮਨਾਉਦੇ ਹਾਂ ਤਾਂ ਉਨ੍ਹਾਂ ਦੇ ਗ੍ਰਾਮਉਦੈ ਦੇ ਕੰਮ ਦੇ ਪ੍ਰਤੀ ਆਦਰ ਹੋਣਾ ਬਹੁਤ ਸੁਭਾਵਿਕ ਹੈ।

ਭਾਰਤ ਦੇ ਸਾਬਕਾ ਰਾਸ਼ਟਰਪਤੀ ਸ਼੍ਰੀਮਾਨ ਅਬਦੁਲ ਕਲਾਮ ਜੀ ਜਦ ਨੌਜਵਾਨਾਂ ਨਾਲ ਗੱਲ ਕਰਦੇ ਸਨ ਤਾਂ ਨਾਨਾ ਜੀ ਦੇਸ਼ਮੁਖ ਦੇ ਪੇਂਡੂ ਵਿਕਾਸ ਦੀਆਂ ਗੱਲਾਂ ਕਰਿਆ ਕਰਦੇ ਸਨ। ਬੜੇ ਆਦਰ ਨਾਲ ਜ਼ਿਕਰ ਕਰਦੇ ਸਨ ਅਤੇ ਉਹ ਖੁਦ ਵੀ ਨਾਨਾ ਜੀ ਦੇ ਇਸ ਕੰਮ ਨੂੰ ਵੇਖਣ ਲਈ ਪਿੰਡਾਂ ’ਚ ਗਏ ਸਨ।

ਦੀਨ ਦਿਆਲ ਉਪਾਧਿਆਏ ਜੀ, ਜਿਵੇਂ ਮਹਾਤਮਾ ਗਾਂਧੀ ਸਮਾਜ ਦੇ ਅਖੀਰਲੇ ਸਿਰੇ ’ਤੇ ਬੈਠੇ ਇਨਸਾਨ ਦੀ ਗੱਲ ਕਰਦੇ ਸਨ, ਦੀਨ ਦਿਆਲ ਜੀ ਵੀ ਸਮਾਜ ਦੇ ਅਖੀਰਲੇ ਸਿਰੇ ’ਤੇ ਬੈਠੇ ਹੋਏ ਗਰੀਬ, ਪੀੜਤ, ਸ਼ੋਸ਼ਿਤ, ਵੰਚਿਤ ਦੀ ਹੀ ਅਤੇ ਉਸ ਦੇ ਜੀਵਨ ਵਿੱਚ ਤਬਦੀਲੀ ਲਿਆਉਣ ਦੀ-ਸਿੱਖਿਆ ਦੁਆਰਾ, ਰੋਜ਼ਗਾਰ ਦੁਆਰਾ ਕਿਸ ਤਰਾਂ ਤਬਦੀਲੀ ਲਿਆਂਦੀ ਜਾਏ, ਇਸ ਦੀ ਚਰਚਾ ਕਰਦੇ ਸਨ। ਇਨਾਂ ਸਾਰੇ ਮਹਾਪੁਰਖਾਂ ਨੂੰ ਯਾਦ ਕਰਨਾ, ਇਹ ਉਨ੍ਹਾਂ ਪ੍ਰਤੀ ਉਪਕਾਰ ਨਹੀਂ, ਇਨਾਂ ਮਹਾਪੁਰਖਾਂ ਨੂੰ ਯਾਦ ਇਸ ਲਈ ਕਰਦੇ ਹਾਂ ਕਿ ਸਾਨੂੰ ਅਗਾਂਹ ਦਾ ਰਾਹ ਮਿਲਦਾ ਰਹੇ, ਅਗਾਂਹ ਦੀ ਦਿਸ਼ਾ ਮਿਲਦੀ ਰਹੇ।

ਅਗਲੇ ‘ਮਨ ਕੀ ਬਾਤ’ ਵਿੱਚ ਮੈਂ ਜ਼ਰੂਰ ਸਰਦਾਰ ਵੱਲਭ ਭਾਈ ਪਟੇਲ ਦੇ ਵਿਸ਼ੇ ’ਚ ਬੋਲਾਂਗਾ ਪਰ 31 ਅਕਤੂਬਰ ਪੂਰੇ ਦੇਸ਼ ਵਿੱਚ Run for Unity ‘ਇੱਕ ਭਾਰਤ ਸ੍ਰੇਸ਼ਟ ਭਾਰਤ’ ਦੇਸ਼ ਦੇ ਹਰ ਸ਼ਹਿਰ ’ਚ, ਹਰ ਨਗਰ ’ਚ ਬਹੁਤ ਵੱਡੀ ਗਿਣਤੀ ਵਿੱਚ Run for Unity ਦੇ ਪ੍ਰੋਗਰਾਮ ਹੋਣੇ ਚਾਹੀਦੇ ਹਨ ਅਤੇ ਮੌਸਮ ਵੀ ਅਜਿਹਾ ਹੈ ਕਿ ਦੌੜਨ ’ਚ ਮਜ਼ਾ ਆਉਦਾ ਹੈ। ਸਰਦਾਰ ਸਾਹਿਬ ਵਰਗੀ ਲੋਹ-ਸ਼ਕਤੀ ਪਾਉਣ ਲਈ ਵੀ ਤਾਂ ਇਹ ਜ਼ਰੂਰੀ ਹੈ ਅਤੇ ਸਰਦਾਰ ਸਾਹਿਬ ਨੇ ਦੇਸ਼ ਨੂੰ ਇੱਕ ਕੀਤਾ ਸੀ, ਸਾਨੂੰ ਵੀ ਏਕਤਾ ਲਈ ਦੌੜ ਕੇ ਏਕਤਾ ਦੇ ਮੰਤਰ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਅਸੀਂ ਲੋਕ ਬਹੁਤ ਸੁਭਾਵਿਕ ਰੂਪ ’ਚ ਆਖਦੇ ਹਾਂ, ਵੰਨ-ਸੁਵੰਨਤਾ ’ਚ ਏਕਤਾ, ਭਾਰਤ ਦੀ ਵਿਸ਼ੇਸ਼ਤਾ। ਵੰਨ-ਸੁਵੰਨਤਾ ਉੱਪਰ ਅਸੀਂ ਮਾਣ ਕਰਦੇ ਹਾਂ ਪਰ ਕੀ ਅਸੀਂ ਇਸ ਵੰਨ-ਸੁਵੰਨਤਾ ਨੂੰ ਮਹਿਸੂਸ ਕਰਨ ਦਾ ਯਤਨ ਕੀਤਾ ਹੈ? ਮੈਂ ਵਾਰ-ਵਾਰ ਹਿੰਦੁਸਤਾਨ ਦੇ ਮੇਰੇ ਦੇਸ਼ ਵਾਸੀਆਂ ਨੂੰ ਕਹਿਣਾ ਚਾਹਾਂਗਾ ਅਤੇ ਵਿਸ਼ੇਸ਼ ਤੌਰ ’ਤੇ ਆਪਣੀ ਨੌਜਵਾਨ ਪੀੜ੍ਹੀ ਨੂੰ ਕਹਿਣਾ ਚਾਹਾਂਗਾ ਕਿ ਅਸੀਂ ਇੱਕ ਜਾਗਰੂਕ ਅਵਸਥਾ ਵਿੱਚ ਹਾਂ। ਇਸ ਭਾਰਤ ਦੀ ਵੰਨ-ਸੁਵੰਨਤਾ ਨੂੰ ਮਹਿਸੂਸ ਕਰੀਏ, ਉਸ ਨੂੰ ਛੋਹ ਕੇ ਵੇਖੀਏ, ਉਸ ਦੀ ਮਹਿਕ ਨੂੰ ਮਹਿਸੂਸ ਕਰੀਏ। ਤੁਸੀਂ ਵੇਖਣਾ ਤੁਹਾਡੀ ਅੰਦਰਲੀ ਸ਼ਖਸੀਅਤ ਦੇ ਵਿਕਾਸ ਲਈ ਵੀ ਸਾਡੇ ਦੇਸ਼ ਦੀ ਇਹ ਵੰਨ-ਸੁਵੰਨਤਾ ਇੱਕ ਬਹੁਤ ਵੱਡੀ ਪਾਠਸ਼ਾਲਾ ਦਾ ਕੰਮ ਕਰਦੀ ਹੈ। Vacation ਹਨ, ਦਿਵਾਲੀ ਦੇ ਦਿਨ ਹਨ, ਸਾਡੇ ਦੇਸ਼ ’ਚ ਚਾਰੇ ਪਾਸੇ ਕਿਤੇ ਨਾ ਕਿਤੇ ਜਾਣ ਦਾ ਸੁਭਾਅ ਬਣਿਆ ਹੋਇਆ ਹੈ। ਲੋਕ ਟੂਰਿਸਟ ਦੇ ਤੌਰ ’ਤੇ ਜਾਂਦੇ ਹਨ ਅਤੇ ਇਹ ਸੁਭਾਵਿਕ ਹੈ ਪਰ ਕਦੇ-ਕਦੇ ਚਿੰਤਾ ਹੁੰਦੀ ਹੈ ਕਿ ਅਸੀਂ ਆਪਣੇ ਦੇਸ਼ ਨੂੰ ਤਾਂ ਵੇਖਦੇ ਹੀ ਨਹੀਂ, ਦੇਸ਼ ਦੀ ਵੰਨ-ਸੁਵੰਨਤਾ ਨੂੰ ਜਾਣਦੇ ਹੀ ਨਹੀਂ ਪਰ ਚਮਕ-ਦਮਕ ਦੇ ਪ੍ਰਭਾਵ ’ਚ ਆ ਕੇ ਵਿਦੇਸ਼ਾਂ ਦੇ ਹੀ ਟੂਰ ਪਸੰਦ ਕਰਨੇ ਸ਼ੁਰੂ ਕਰ ਦਿੱਤੇ ਹਨ। ਤੁਸੀਂ ਦੁਨੀਆਂ ’ਚ ਜਾਓ ਮੈਨੂੰ ਕੋਈ ਇਤਰਾਜ਼ ਨਹੀਂ ਪਰ ਕਦੀ ਆਪਣੇ ਘਰ ਨੂੰ ਤਾਂ ਵੇਖੋ। ਉੱਤਰ ਭਾਰਤ ਦੇ ਵਿਅਕਤੀ ਨੂੰ ਪਤਾ ਨਹੀਂ ਹੋਣਾ ਕਿ ਦੱਖਣੀ ਭਾਰਤ ਵਿੱਚ ਕੀ ਹੈ? ਪੱਛਮੀ ਭਾਰਤ ਦੇ ਵਿਅਕਤੀ ਨੂੰ ਪਤਾ ਹੀ ਨਹੀਂ ਹੋਣਾ ਕਿ ਪੂਰਬੀ ਭਾਰਤ ਵਿੱਚ ਕੀ ਹੈ? ਸਾਡਾ ਦੇਸ਼ ਕਿੰਨੀਆਂ ਵੰਨ-ਸੁਵੰਨਤਾਵਾਂ ਨਾਲ ਭਰਿਆ ਪਿਆ ਹੈ।

ਮਹਾਤਮਾ ਗਾਂਧੀ, ਲੋਕ ਮਾਨਯ ਤਿਲਕ, ਸਵਾਮੀ ਵਿਵੇਕਾਨੰਦ, ਸਾਡੇ ਸਾਬਕਾ ਰਾਸ਼ਟਰਪਤੀ ਜੇਕਰ ਉਨ੍ਹਾਂ ਦੀਆਂ ਗੱਲਾਂ ਨੂੰ ਵੇਖੋਗੇ ਤਾਂ ਇੱਕ ਗੱਲ ਸਾਹਮਣੇ ਆਉਦੀ ਹੈ ਕਿ ਉਨ੍ਹਾਂ ਨੇ ਭਾਰਤ ਘੁੰਮਿਆ ਤਾਂ ਉਨ੍ਹਾਂ ਨੂੰ ਭਾਰਤ ਨੂੰ ਵੇਖਣ-ਸਮਝਣ ਅਤੇ ਉਸ ਲਈ ਜੀਣ-ਮਰਨ ਲਈ ਇੱਕ ਨਵੀਂ ਪ੍ਰੇਰਣਾ ਮਿਲੀ। ਇਨਾਂ ਸਾਰੇ ਮਹਾਪੁਰਖਾਂ ਨੇ ਭਾਰਤ ਦੀ ਵਿਆਪਕ ਯਾਤਰਾ ਕੀਤੀ। ਆਪਣੇ ਕੰਮ ਦੇ ਆਰੰਭ ’ਚ ਉਨ੍ਹਾਂ ਨੇ ਭਾਰਤ ਨੂੰ ਜਾਨਣ-ਸਮਝਣ ਦਾ ਯਤਨ ਕੀਤਾ। ਭਾਰਤ ਨੂੰ ਆਪਣੇ ਆਪ ਵਿੱਚ ਜੀਣ ਦੀ ਕੋਸ਼ਿਸ਼ ਕੀਤੀ। ਕੀ ਅਸੀਂ, ਸਾਡੇ ਦੇਸ਼ ਦੇ ਵੱਖ-ਵੱਖ ਰਾਜਾਂ ਨੂੰ, ਵੱਖ-ਵੱਖ ਸਮਾਜਾਂ ਨੂੰ, ਸਮੂਹਾਂ ਨੂੰ, ਉਨ੍ਹਾਂ ਦੇ ਰੀਤੀ-ਰਿਵਾਜਾਂ ਨੂੰ, ਉਨ੍ਹਾਂ ਦੀ ਪਰੰਪਰਾ ਨੂੰ, ਉਨ੍ਹਾਂ ਦੇ ਪਹਿਰਾਵੇ ਨੂੰ, ਉਨ੍ਹਾਂ ਦੇ ਖਾਣ-ਪੀਣ ਨੂੰ, ਉਨ੍ਹਾਂ ਦੀਆਂ ਮਾਨਤਾਵਾਂ ਨੂੰ ਇੱਕ ਵਿਦਿਆਰਥੀ ਦੇ ਰੂਪ ਵਿੱਚ ਸਿੱਖਣ ਦਾ, ਸਮਝਣ ਦਾ, ਜੀਣ ਦਾ ਯਤਨ ਕਰ ਸਕਦੇ ਹਾਂ?

Tourism ਵਿੱਚ value addition ਤਾਂ ਹੀ ਹੋਵੇਗਾ, ਜਦ ਅਸੀਂ ਸਿਰਫ ਮੁਲਾਕਾਤੀ ਹੀ ਨਹੀਂ, ਇੱਕ ਵਿਦਿਆਰਥੀ ਦੇ ਤੌਰ ’ਤੇ ਉਸ ਦਾ ਪਾਉਣ-ਸਮਝਣ-ਬਣਨ ਦਾ ਯਤਨ ਕਰੀਏ। ਮੇਰਾ ਖੁਦ ਦਾ ਤਜਰਬਾ ਹੈ, ਮੈਨੂੰ ਹਿੰਦੁਸਤਾਨ ਦੇ 500 ਤੋਂ ਜ਼ਿਆਦਾ ਜ਼ਿਲਿਆਂ ’ਚ ਜਾਣ ਦਾ ਮੌਕਾ ਮਿਲਿਆ ਹੋਵੇਗਾ। 450 ਤੋਂ ਜ਼ਿਆਦਾ ਜ਼ਿਲੇ ਅਜਿਹੇ ਹੋਣਗੇ, ਜਿੱਥੇ ਮੈਨੂੰ ਰਾਤ ਠਹਿਰਣ ਦਾ ਮੌਕਾ ਮਿਲਿਆ ਅਤੇ ਅੱਜ ਮੈਂ ਭਾਰਤ ਦੀ ਇਸ ਜ਼ਿੰਮੇਵਾਰੀ ਨੂੰ ਸੰਭਾਲ ਰਿਹਾ ਹਾਂ ਤਾਂ ਮੇਰੇ ਉਸ ਭ੍ਰਮਣ ਦਾ ਤਜ਼ਰਬਾ ਬਹੁਤ ਕੰਮ ਆਉਂਦਾ ਹੈ। ਚੀਜ਼ਾਂ ਨੂੰ ਸਮਝਣ ’ਚ ਮੈਨੂੰ ਬਹੁਤ ਸੁਵਿਧਾ ਮਿਲਦੀ ਹੈ, ਤੁਹਾਨੂੰ ਵੀ ਮੇਰੀ ਬੇਨਤੀ ਹੈ ਕਿ ਤੁਸੀਂ ਇਸ ਵਿਸ਼ਾਲ ਭਾਰਤ ਨੂੰ ‘ਵਿਵਿਧਤਾ ਮੇਂ ਏਕਤਾ’ ਸਿਰਫ ਨਾਅਰਾ ਨਹੀਂ, ਸਾਡੀ ਅਥਾਹ ਸ਼ਕਤੀ ਦਾ ਭੰਡਾਰ ਹੈ, ਇਸ ਨੂੰ ਮਹਿਸੂਸ ਕਰੋ। ‘ਇੱਕ ਭਾਰਤ ਸ੍ਰੇਸ਼ਟ ਭਾਰਤ’ ਦਾ ਸੁਪਨਾ ਇਸੇ ’ਚ ਲੁਕਿਆ ਹੈ। ਖਾਣ-ਪੀਣ ਦੀਆਂ ਕਿੰਨੀਆਂ varieties ਹਨ। ਪੂਰੇ ਜੀਵਨ ਵਿੱਚ ਹਰੇਕ ਦਿਨ ਇੱਕ ਨਵੀਂ variety ਜੇਕਰ ਖਾਂਦੇ ਰਹੀਏ ਤਾਂ ਵੀ repetition ਨਹੀਂ ਹੋਵੇਗਾ। ਹੁਣ ਇਹ ਸਾਡੀ ਟੂਰਿਜ਼ਮ ਦੀ ਵੱਡੀ ਤਾਕਤ ਹੈ। ਮੈਂ ਬੇਨਤੀ ਕਰਾਂਗਾ ਕਿ ਇਨਾਂ ਛੁੱਟੀਆਂ ’ਚ ਤੁਸੀਂ ਸਿਰਫ ਘਰ ਤੋਂ ਬਾਹਰ ਜਾਓ, ਅਜਿਹਾ ਨਹੀਂ। change ਲਈ ਨਿਕਲ ਪਓ, ਅਜਿਹਾ ਨਹੀਂ। ਕੁਝ ਜਾਨਣ, ਸਮਝਣ, ਪਾਉਣ ਦੇ ਇਰਾਦੇ ਨਾਲ ਨਿਕਲੋ, ਭਾਰਤ ਨੂੰ ਆਪਣੇ ਅੰਦਰ ਆਤਮਸਾਤ ਕਰੋ। ਕਰੋੜਾਂ ਲੋਕਾਂ ਦੀ ਵੰਨ-ਸੁਵੰਨਤਾ ਨੂੰ ਆਪਣੇ ਅੰਦਰ ਆਤਮਸਾਤ ਕਰੋ। ਇਨਾਂ ਤਜ਼ਰਬਿਆਂ ਨਾਲ ਤੁਹਾਡਾ ਜੀਵਨ ਅਮੀਰ ਹੋ ਜਾਏਗਾ। ਤੁਹਾਡੀ ਸੋਚ ਦਾ ਦਾਇਰਾ ਵਿਸ਼ਾਲ ਹੋ ਜਾਏਗਾ ਅਤੇ ਤਜਰਬੇ ਤੋਂ ਵੱਡਾ ਸਿੱਖਿਅਕ ਕੌਣ ਹੁੰਦਾ ਹੈ। ਆਮ ਤੌਰ ’ਤੇ ਅਕਤੂਬਰ ਤੋਂ ਮਾਰਚ ਤੱਕ ਦਾ ਸਮਾਂ ਜ਼ਿਆਦਾਤਰ ਸੈਰ-ਸਪਾਟੇ ਦਾ ਹੁੰਦਾ ਹੈ। ਲੋਕ ਜਾਂਦੇ ਹਨ, ਮੈਨੂੰ ਯਕੀਨ ਹੈ ਕਿ ਇਸ ਵਾਰ ਵੀ ਜੇਕਰ ਤੁਸੀਂ ਜਾਓਗੇ ਤਾਂ ਮੇਰੀ ਇਸ ਮੁਹਿੰਮ ਨੂੰ ਹੋਰ ਅੱਗੇ ਵਧਾਓਗੇ। ਤੁਸੀਂ ਜਿੱਥੇ ਵੀ ਜਾਓ, ਆਪਣੇ ਤਜ਼ਰਬਿਆਂ ਨੂੰ ਸ਼ੇਅਰ ਕਰੋ, ਤਸਵੀਰਾਂ ਨੂੰ ਸ਼ੇਅਰ ਕਰੋ, #incredibleindia (ਹੈਸ਼ ਟੈਗ incredibleindia) ਇਸ ਉੱਪਰ ਤੁਸੀਂ ਫੋਟੋ ਜ਼ਰੂਰ ਭੇਜੋ। ਉੱਥੋਂ ਦੇ ਲੋਕਾਂ ਨੂੰ ਮਿਲੋ ਤਾਂ ਉਨ੍ਹਾਂ ਦੀ ਤਸਵੀਰ ਵੀ ਭੇਜੋ। ਸਿਰਫ ਇਮਾਰਤਾਂ ਦੀ ਨਹੀਂ, ਸਿਰਫ ਕੁਦਰਤੀ ਸੁੰਦਰਤਾ ਦੀ ਨਹੀਂ, ਉੱਥੋਂ ਦੇ ਜਨਜੀਵਨ ਦੀਆਂ ਕੁਝ ਗੱਲਾਂ ਲਿਖੋ, ਆਪਣੀ ਯਾਤਰਾ ਦੇ ਵਧੀਆ ਲੇਖ ਲਿਖੋ। Mygov ਉੱਪਰ ਭੇਜੋ NarendraModiApp ਉੱਪਰ ਭੇਜੋ। ਮੇਰੇ ਮਨ ’ਚ ਇੱਕ ਖਿਆਲ ਆਉਦਾ ਹੈ ਕਿ ਅਸੀਂ ਭਾਰਤ ਦੇ ਟੂਰਿਜ਼ਮ ਨੂੰ ਉਤਸ਼ਾਹ ਦੇਣ ਲਈ ਤੁਹਾਡੇ ਆਪਣੇ ਰਾਜ ਦੇ 7 ਉੱਤਮ ਤੋਂ ਉੱਤਮ tourist destination ਕੀ ਹੋ ਸਕਦੇ ਹਨ, ਹਰ ਹਿੰਦੋਸਤਾਨੀ ਨੂੰ ਆਪਣੇ ਰਾਜ ਦੀਆਂ ਉਨ੍ਹਾਂ 7 ਚੀਜ਼ਾਂ ਬਾਰੇ ਜਾਨਣਾ ਚਾਹੀਦਾ ਹੈ। ਹੋ ਸਕੇ ਤਾਂ ਉਨ੍ਹਾਂ ਸੱਤਾਂ ਥਾਵਾਂ ਉੱਪਰ ਜਾਣਾ ਚਾਹੀਦਾ ਹੈ। ਕੀ ਤੁਸੀਂ ਉਸ ਦੇ ਵਿਸ਼ੇ ਬਾਰੇ ਕੋਈ ਜਾਣਕਾਰੀ ਦੇ ਸਕਦੇ ਹੋ? #incredibleindia ਉੱਪਰ ਕੀ ਉਸ ਨੂੰ ਰੱਖ ਸਕਦੇ ਹੋ? #incredibleindia (ਹੈਸ਼ ਟੈਗ #incredibleindia) `ਤੇ ਰੱਖ ਸਕਦੇ ਹੋ? ਤੁਸੀਂ ਵੇਖਣਾ ਇੱਕ ਰਾਜ ਦੇ ਲੋਕ ਅਜਿਹਾ ਦੱਸਣਗੇ ਤਾਂ ਮੈਂ ਸਰਕਾਰ ਵਿੱਚ ਕਹਾਂਗਾ ਕਿ ਉਹ ਉਸ ਦੀ scrutiny ਕਰੇ ਅਤੇ common ਕਿਹੜੀਆਂ 7 ਚੀਜ਼ਾਂ ਹਰ ਰਾਜ ਤੋਂ ਆਈਆਂ ਹਨ, ਉਸ ਉੱਪਰ ਉਹ ਪ੍ਰਚਾਰ-ਸਮੱਗਰੀ ਤਿਆਰ ਕਰੇ। ਭਾਵ ਇੱਕ ਤਰਾਂ ਨਾਲ ਜਨਤਾ ਦੀਆਂ ਕੋਸ਼ਿਸ਼ਾਂ ਨਾਲ tourist destination ਨੂੰ ਉਤਸ਼ਾਹ ਕਿਵੇਂ ਮਿਲੇ। ਇਸੇ ਤਰ੍ਹਾਂ ਤੁਸੀਂ ਦੇਸ਼ ਭਰ ਵਿੱਚ ਜੋ ਚੀਜ਼ਾਂ ਵੇਖੀਆਂ ਹਨ, ਉਨ੍ਹਾਂ ਵਿੱਚੋਂ ਜਿਹੜੀਆਂ 7 ਤੁਹਾਨੂੰ ਵਧੀਆ ਤੋਂ ਵਧੀਆ ਲੱਗੀਆਂ ਹਨ ਅਤੇ ਤੁਸੀਂ ਚਾਹੁੰਦੇ ਹੋ ਕਿ ਕਿਸੇ ਨਾ ਕਿਸੇ ਨੂੰ ਤਾਂ ਇਸ ਨੂੰ ਵੇਖਣਾ ਚਾਹੀਦਾ ਹੈ, ਜਾਣਾ ਚਾਹੀਦਾ ਹੈ, ਉਸ ਦੇ ਵਿਸ਼ੇ ਵਿੱਚ ਜਾਣਕਾਰੀ ਪਾਉਣੀ ਚਾਹੀਦੀ ਹੈ ਤਾਂ ਤੁਸੀਂ ਆਪਣੀ ਪਸੰਦ ਦੀਆਂ 7 ਅਜਿਹੀਆਂ ਥਾਵਾਂ ਨੂੰ ਵੀ MyGov `ਤੇ, NarendraModiApp `ਤੇ ਜ਼ਰੂਰ ਭੇਜੋ। ਭਾਰਤ ਸਰਕਾਰ ਉਸ ਉੱਪਰ ਕੰਮ ਕਰੇਗੀ। ਜਿਹੜੇ ਉੱਤਮ destination ਹੋਣਗੇ, ਉਨ੍ਹਾਂ ਲਈ ਫ਼ਿਲਮ ਬਣਾਉਣਾ, ਵੀਡੀਓ ਬਣਾਉਣਾ, ਪ੍ਰਚਾਰ-ਸਾਹਿਤ ਤਿਆਰ ਕਰਨਾ, ਉਸ ਨੂੰ ਉਤਸ਼ਾਹ ਦੇਣਾ, ਤੁਹਾਡੇ ਦੁਆਰਾ ਚੁਣੀਆਂ ਹੋਈਆਂ ਚੀਜ਼ਾਂ ਨੂੰ ਸਰਕਾਰ ਸਵੀਕਾਰ ਕਰੇਗੀ। ਆਓ ਮੇਰੇ ਨਾਲ ਜੁੜੋ। ਇਸ ਅਕਤੂਬਰ ਮਹੀਨੇ ਤੋਂ ਮਾਰਚ ਮਹੀਨੇ ਤੱਕ ਦੇ ਸਮੇਂ ਦਾ ਉਪਯੋਗ ਕਰਕੇ ਦੇਸ਼ ਦੇ ਟੂਰਿਜ਼ਮ ਨੂੰ ਵਧਾਉਣ ਵਿੱਚ ਤੁਸੀਂ ਵੀ ਇੱਕ ਬਹੁਤ ਵੱਡੇ catalyst agent ਬਣ ਸਕਦੇ ਹੋ। ਮੈਂ ਤੁਹਾਨੂੰ ਸੱਦਾ ਦਿੰਦਾ ਹਾਂ।

ਮੇਰੇ ਪਿਆਰੇ ਦੇਸ਼ ਵਾਸੀਓ, ਇੱਕ ਇਨਸਾਨ ਦੇ ਨਾਤੇ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਛੂਹ ਜਾਂਦੀਆਂ ਹਨ। ਮੇਰੇ ਦਿਲ ਨੂੰ ਅੰਦੋਲਿਤ ਕਰਦੀਆਂ ਹਨ। ਮੇਰੇ ਮਨ ਉੱਪਰ ਡੂੰਘਾ ਅਸਰ ਛੱਡ ਜਾਂਦੀਆਂ ਹਨ। ਆਖਿਰ ਮੈਂ ਵੀ ਤਾਂ ਤੁਹਾਡੀ ਤਰਾਂ ਇੱਕ ਇਨਸਾਨ ਹੀ ਹਾਂ। ਪਿਛਲੇ ਦਿਨਾਂ ਦੀ ਇੱਕ ਘਟਨਾ ਹੈ ਜੋ ਸ਼ਾਇਦ ਤੁਹਾਡੇ ਧਿਆਨ ਵਿੱਚ ਵੀ ਆਈ ਹੋਵੇਗੀ। ਨਾਰੀ ਸ਼ਕਤੀ ਅਤੇ ਦੇਸ਼ ਭਗਤੀ ਦੀ ਇੱਕ ਅਨੋਖੀ ਮਿਸਾਲ ਅਸੀਂ ਦੇਸ਼ ਵਾਸੀਆਂ ਨੇ ਵੇਖੀ ਹੈ। ਇੰਡੀਅਨ ਆਰਮੀ ਨੂੰ ਲੈਫਟੀਨੈਂਟ ਸਵਾਤੀ ਅਤੇ ਨਿਧੀ ਦੇ ਰੂਪ ਵਿੱਚ ਦੋ ਬਹਾਦਰ ਕੁੜੀਆਂ ਮਿਲੀਆਂ ਹਨ ਅਤੇ ਉਹ ਅਸਧਾਰਣ ਬਹਾਦਰ ਕੁੜੀਆਂ ਹਨ। ਅਸਧਾਰਣ ਇਸ ਲਈ ਹਨ ਕਿ ਸਵਾਤੀ ਅਤੇ ਨਿਧੀ ਦੇ ਪਤੀ ਮਾਂ ਭਾਰਤੀ ਦੀ ਸੇਵਾ ਕਰਦਿਆਂ-ਕਰਦਿਆਂ ਸ਼ਹੀਦ ਹੋ ਗਏ ਸਨ। ਅਸੀਂ ਕਲਪਨਾ ਕਰ ਸਕਦੇ ਹਾਂ ਕਿ ਇੰਨੀ ਛੋਟੀ ਉਮਰ ’ਚ ਜਦ ਦੁਨੀਆਂ ਉੱਜੜ ਜਾਏ ਤਾਂ ਮਨ ਦੀ ਹਾਲਤ ਕੀ ਹੋਵੇਗੀ? ਪਰ ਸ਼ਹੀਦ ਕਰਨਲ ਸੰਤੋਸ਼ ਮਹਾਦਿਕ ਦੀ ਪਤਨੀ ਸਵਾਤੀ ਮਹਾਦਿਕ ਨੇ ਇਨਾਂ ਮੁਸ਼ਕਿਲ ਹਾਲਾਤ ਦਾ ਸਾਹਮਣਾ ਕਰਨ ਦਾ ਇਰਾਦਾ ਮਨ ਵਿੱਚ ਧਾਰ ਲਿਆ ਅਤੇ ਉਹ ਭਾਰਤੀ ਫੌਜ ਵਿੱਚ ਭਰਤੀ ਹੋ ਗਈ। 11 ਮਹੀਨਿਆਂ ਤੱਕ ਉਸ ਨੇ ਸਖ਼ਤ ਮਿਹਨਤ ਕਰਕੇ ਸਿਖਲਾਈ ਹਾਸਿਲ ਕੀਤੀ ਅਤੇ ਆਪਣੇ ਪਤੀ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਸ ਨੇ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ। ਇਸੇ ਤਰਾਂ ਨਿਧੀ ਦੂਬੇ, ਉਸ ਦੇ ਪਤੀ ਮੁਕੇਸ਼ ਦੂਬੇ ਫੌਜ ਦਾ ਨਾਇੱਕ ਦਾ ਕੰਮ ਕਰਦੇ ਸਨ ਅਤੇ ਮਾਤਭੂਮੀ ਲਈ ਸ਼ਹੀਦ ਹੋ ਗਏ ਤਾਂ ਉਨ੍ਹਾਂ ਦੀ ਪਤਨੀ ਨਿਧੀ ਨੇ ਮਨ ਵਿੱਚ ਨਿਸ਼ਚਾ ਕਰ ਲਿਆ ਅਤੇ ਉਹ ਵੀ ਫੌਜ ’ਚ ਭਰਤੀ ਹੋ ਗਈ। ਹਰ ਦੇਸ਼ ਵਾਸੀ ਨੂੰ ਸਾਡੀ ਇਸ ਮਾਤ ਸ਼ਕਤੀ ਉੱਪਰ, ਸਾਡੀਆਂ ਇਨਾਂ ਬਹਾਦਰ ਕੁੜੀਆਂ ਪ੍ਰਤੀ ਆਦਰ ਹੋਣਾ ਬਹੁਤ ਸੁਭਾਵਿਕ ਹੈ। ਮੈਂ ਇਨਾਂ ਦੋਵਾਂ ਭੈਣਾਂ ਨੂੰ ਦਿਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਉਨ੍ਹਾਂ ਨੇ ਦੇਸ਼ ਦੇ ਕਰੋੜਾਂ ਲੋਕਾਂ ਵਿੱਚ ਇੱਕ ਨਵੀਂ ਪ੍ਰੇਰਣਾ, ਇੱਕ ਨਵੀਂ ਚੇਤਨਾ ਜਗਾਈ ਹੈ। ਉਨ੍ਹਾਂ ਦੋਵਾਂ ਭੈਣਾਂ ਨੂੰ ਬਹੁਤ-ਬਹੁਤ ਵਧਾਈ।

ਮੇਰੇ ਪਿਆਰੇ ਦੇਸ਼ ਵਾਸੀਓ, ਨਰਾਤਿਆਂ ਦਾ ਤਿਓਹਾਰ ਅਤੇ ਦਿਵਾਲੀ ਦੇ ਵਿਚਕਾਰ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਲਈ ਇੱਕ ਬਹੁਤ ਵੱਡਾ ਮੌਕਾ ਵੀ ਹੈ, FIFA under-17 ਦਾ ਵਿਸ਼ਵ ਕੱਪ ਸਾਡੇ ਇੱਥੇ ਹੋ ਰਿਹਾ ਹੈ, ਮੈਨੂੰ ਯਕੀਨ ਹੈ ਕਿ ਚਾਰੇ ਪਾਸੇ ਫੁੱਟਬਾਲ ਦੀ ਗੂੰਜ ਸੁਣਾਈ ਦੇਵੇਗੀ। ਹਰ ਪੀੜ੍ਹੀ ਦੀ ਫੁੱਟਬਾਲ ’ਚ ਦਿਲਚਸਪੀ ਵਧੇਗੀ। ਹਿੰਦੁਸਤਾਨ ਦਾ ਕੋਈ ਸਕੂਲ-ਕਾਲਜ ਦਾ ਮੈਦਾਨ ਅਜਿਹਾ ਨਾ ਹੋਵੇ ਕਿ ਜਿੱਥੇ ਸਾਡੇ ਨੌਜਵਾਨ ਖੇਡਦੇ ਹੋਏ ਨਜ਼ਰ ਨਾ ਆਉਣ। ਆਓ, ਪੂਰੀ ਦੁਨੀਆ ਜਦ ਭਾਰਤ ਦੀ ਧਰਤੀ ਉੱਪਰ ਖੇਡਣ ਆ ਰਹੀ ਹੈ ਤਾਂ ਅਸੀਂ ਵੀ ਖੇਡ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ।

ਮੇਰੇ ਪਿਆਰੇ ਦੇਸ਼ ਵਾਸੀਓ, ਨਰਾਤਿਆਂ ਦਾ ਤਿਓਹਾਰ ਚੱਲ ਰਿਹਾ ਹੈ। ਮਾਂ ਦੁਰਗਾ ਦੀ ਪੂਜਾ ਦਾ ਮੌਕਾ ਹੈ। ਪੂਰਾ ਮਾਹੌਲ ਪਾਵਨ-ਪਵਿੱਤਰ ਸੁਗੰਧ ਨਾਲ ਭਰਿਆ ਹੋਇਆ ਹੈ। ਸਾਰੇ ਪਾਸੇ ਅਧਿਆਤਮਕਤਾ ਦਾ ਵਾਤਾਵਰਣ, ਤਿਓਹਾਰ ਦਾ ਵਾਤਾਵਰਣ, ਭਗਤੀ ਦਾ ਵਾਤਾਵਰਣ ਹੈ ਅਤੇ ਇਹ ਸਾਰਾ ਕੁਝ ਸ਼ਕਤੀ ਦੀ ਸਾਧਨਾ ਦਾ ਤਿਓਹਾਰ ਮੰਨਿਆ ਜਾਂਦਾ ਹੈ। ਸ਼ਰਦ ਨਰਾਤਿਆਂ ਦੇ ਰੂਪ ’ਚ ਜਾਣਿਆ ਜਾਂਦਾ ਹੈ ਅਤੇ ਇੱਥੋਂ ਹੀ ਸਰਦ ਰੁੱਤ ਦਾ ਅਰੰਭ ਹੁੰਦਾ ਹੈ। ਨਰਾਤਿਆਂ ਦੇ ਇਸ ਪਵਿੱਤਰ ਤਿਓਹਾਰ ਉੱਪਰ ਮੈਂ ਦੇਸ਼ ਵਾਸੀਆਂ ਨੂੰ ਅਨੇਕਾਂ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਮਾਂ ਸ਼ਕਤੀ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਦੇਸ਼ ਦੇ ਆਮ ਲੋਕਾਂ ਦੇ ਜੀਵਨ ਦੀਆਂ ਆਸਾਂ-ਉਮੀਦਾਂ ਨੂੰ ਪੂਰਿਆਂ ਕਰਨ ਲਈ ਸਾਡਾ ਦੇਸ਼ ਨਵੀਆਂ ਉਚਾਈਆਂ ਨੂੰ ਛੂਹੇ। ਹਰ ਚੁਣੌਤੀ ਦਾ ਸਾਹਮਣਾ ਕਰਨ ਦੀ ਸਮਰੱਥਾ ਦੇਸ਼ ਵਿੱਚ ਆਵੇ। ਦੇਸ਼ ਤੇਜ਼ ਰਫ਼ਤਾਰ ਨਾਲ ਅੱਗੇ ਵਧੇ ਅਤੇ 2022 ਭਾਰਤ ਦੀ ਅਜ਼ਾਦੀ ਦੇ 75 ਸਾਲ, ਅਜ਼ਾਦੀ ਦੇ ਦੀਵਾਨਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਯਤਨ, ਸਵਾ ਸੌ ਕਰੋੜ ਦੇਸ਼ ਵਾਸੀਆਂ ਦਾ ਸੰਕਲਪ, ਅਥਾਹ ਮਿਹਨਤ, ਅਥਾਹ ਪੁਰਸ਼ਾਰਥ ਅਤੇ ਸੰਕਲਪ ਨੂੰ ਸਾਕਾਰ ਕਰਨ ਲਈ 5 ਸਾਲ ਦਾ ਰੋਡ ਮੈਪ ਬਣਾ ਕੇ ਅਸੀਂ ਚੱਲੀਏ ਅਤੇ ਮਾਂ ਸ਼ਕਤੀ ਸਾਨੂੰ ਅਸ਼ੀਰਵਾਦ ਦੇਵੇ। ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਉਤਸਵ ਵੀ ਮਨਾਓ, ਉਤਸ਼ਾਹ ਵੀ ਵਧਾਓ।

ਬਹੁਤ-ਬਹੁਤ ਧੰਨਵਾਦ।

*****

ਅਤੁਲ ਤਿਵਾਰੀ / ਹਿਮਾਂਸ਼ੂ ਸਿੰਘ