ਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

29.10.2017 ਨੂੰ ਆਕਾਸ਼ਵਾਣੀ ( ਆਲ ਇੰਡੀਆ ਰੇਡੀਓ) ‘ਤੇ ਪ੍ਰਧਾਨ ਮੰਤਰੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦਾ ਮੂਲ-ਪਾਠ

            ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ। ਦੀਵਾਲੀ ਤੋਂ 6 ਦਿਨ ਬਾਅਦ ਮਨਾਇਆ ਜਾਣ ਵਾਲਾ ਮਹਾਪਰਵ ਛਠ, ਸਾਡੇ ਦੇਸ਼ ਵਿੱਚ ਸਭ ਤੋਂ ਜ਼ਿਆਦਾ ਨਿਯਮ, ਨਿਸ਼ਠਾ ਦੇ ਨਾਲ ਮਨਾਏ ਜਾਣ ਵਾਲੇ ਤਿਓਹਾਰਾਂ ਵਿੱਚੋਂ ਇੱਕ  ਹੈ, ਜਿਸ ਵਿੱਚ ਖਾਣ-ਪੀਣ ਤੋਂ ਲੈ ਕੇ ਪਹਿਰਾਵੇ ਤੱਕ, ਹਰ ਗੱਲ ਵਿੱਚ ਪਰੰਪਰਿਕ ਨਿਯਮਾਂ ਦਾ ਪਾਲਣ ਕੀਤਾ ਜਾਂਦਾ ਹੈ। ਛਠ ਪੂਜਾ ਦਾ ਅਨੋਖਾ ਪਰਵ ਪ੍ਰਕਿਰਤੀ ਨਾਲ ਤੇ ਪ੍ਰਕਿਰਤੀ ਦੀ ਉਪਾਸਨਾ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ। ਸੂਰਜ ਅਤੇ ਜਲ ਜੇ ਮਹਾਪਰਵ ਛਠ ਦੀ ਉਪਾਸਨਾ ਦੇ ਕੇਂਦਰ ਵਿੱਚ ਹਨ, ਤਾਂ ਬਾਂਸ ਤੇ ਮਿੱਟੀ ਨਾਲ ਬਣੇ ਬਰਤਨ ਅਤੇ ਕੰਦਮੂਲ ਇਨ੍ਹਾਂ ਦੀ ਪੂਜਨ ਵਿਧੀ ਨਾਲ ਜੁੜੀਆਂ ਵੱਖ-ਵੱਖ ਸਮੱਗਰੀਆਂ ਹਨ। ਆਸਥਾ ਦੇ ਇਸ ਮਹਾਪਰਵ ਵਿੱਚ ਚੜ੍ਹਦੇ ਸੂਰਜ ਦੀ ਉਪਾਸਨਾ ਅਤੇ ਡੁੱਬਦੇ ਸੂਰਜ ਦੀ ਪੂਜਾ ਦਾ ਪੈਗ਼ਾਮ ਸਾਰੇ ਸੰਸਕਾਰਾਂ ਨਾਲ ਪੂਰਨ ਹੈ। ਦੁਨੀਆ ਤਾਂ ਚੜ੍ਹਨ ਵਾਲਿਆਂ ਨੂੰ ਪੂਜਣ ਵਿੱਚ ਲੱਗੀ ਰਹਿੰਦੀ ਹੈ ਪਰ ਛਠ ਪੂਜਾ ਸਾਨੂੰ, ਉਨ੍ਹਾਂ ਦੀ ਅਰਾਧਨਾ ਕਰਨ ਦਾ ਵੀ ਸੰਸਕਾਰ ਦਿੰਦੀ ਹੈ, ਜਿਸ ਦਾ ਅਸਤ ਹੋਣਾ ਵੀ ਆਮ ਤੌਰ ’ਤੇ ਨਿਸ਼ਚਿਤ ਹੈ। ਸਾਡੇ ਜੀਵਨ ਵਿੱਚ ਸਵੱਛਤਾ ਦੇ ਮਹੱਤਵ ਦਾ ਪ੍ਰਗਟਾਵਾ ਵੀ ਇਸ ਤਿਓਹਾਰ ਵਿੱਚ ਸਮਾਇਆ ਹੋਇਆ ਹੈ। ਛਠ ਤੋਂ ਪਹਿਲਾਂ ਪੂਰੇ ਘਰ ਦੀ ਸਫਾਈ, ਨਾਲ ਹੀ ਨਦੀ, ਤਲਾਬ, ਪੋਖਰ ਦੇ ਕਿਨਾਰੇ, ਪੂਜਾ ਸਥਾਨ, ਯਾਨਿ ਘਾਟ ਦੀ ਵੀ ਸਫਾਈ ਪੂਰੇ ਜੋਸ਼ ਨਾਲ ਸਾਰੇ ਲੋਕ ਜੁੜ ਕੇ ਕਰਦੇ ਹਨ। ਸੂਰਜ ਵੰਦਨਾ ਜਾਂ ਛਠ ਪੂਜਾ, ਵਾਤਾਵਰਣ ਸੰਭਾਲ, ਰੋਗ ਨਿਵਾਰਣ ਤੇ ਅਨੁਸ਼ਾਸਨ ਦਾ ਤਿਓਹਾਰ ਹੈ।

            ਸਧਾਰਣ ਰੂਪ ਨਾਲ ਲੋਕ ਕੁਝ ਮੰਗ ਕੇ ਲੈਣ ਨੂੰ ਹੀ ਹੀਣ ਭਾਵ ਸਮਝਦੇ ਹਨ ਪਰ ਛਠ ਪੂਜਾ ਵਿੱਚ ਸਵੇਰ ਦੇ ਅਰਘ ਤੋਂ ਬਾਅਦ ਪ੍ਰਸ਼ਾਦ ਮੰਗ ਕੇ ਖਾਣ ਦੀ ਇੱਕ  ਵਿਸ਼ੇਸ਼ ਪ੍ਰੰਪਰਾ ਰਹੀ ਹੈ। ਪ੍ਰਸ਼ਾਦ ਮੰਗਣ ਦੀ ਇਸ ਪ੍ਰੰਪਰਾ ਦੇ ਪਿੱਛੇ ਇਹ ਮਾਨਤਾ ਵੀ ਦੱਸੀ ਜਾਂਦੀ ਹੈ ਕਿ ਇਸ ਨਾਲ ਹੰਕਾਰ ਨਸ਼ਟ ਹੁੰਦਾ ਹੈ। ਇੱਕ  ਅਜਿਹੀ ਭਾਵਨਾ ਜੋ ਵਿਅਕਤੀ ਦੀ ਪ੍ਰਗਤੀ ਦੇ ਰਾਹ ਵਿੱਚ ਰੁਕਾਵਟ ਬਣ ਜਾਂਦੀ ਹੈ। ਭਾਰਤ ਦੀ ਇਸ ਮਹਾਨ ਪ੍ਰੰਪਰਾ ਦੇ ਪ੍ਰਤੀ ਹਰ ਕਿਸੇ ਨੂੰ ਮਾਣ ਹੋਣਾ ਬਹੁਤ ਸੁਭਾਵਿਕ ਹੈ।

            ਮੇਰੇ ਪਿਆਰੇ ਦੇਸ਼ ਵਾਸੀਓ, ‘ਮਨ ਕੀ ਬਾਤ’ ਦੀ ਸ਼ਲਾਘਾ ਵੀ ਹੁੰਦੀ ਰਹੀ ਹੈ, ਆਲੋਚਨਾ ਵੀ ਹੁੰਦੀ ਰਹੀ ਹੈ ਪਰ ਜਦੋਂ ਕਦੀ ਮੈਂ ‘ਮਨ ਕੀ ਬਾਤ’ ਦੇ ਪ੍ਰਭਾਵ ਵੱਲ ਦੇਖਦਾ ਹਾਂ ਤਾਂ ਮੇਰਾ ਵਿਸ਼ਵਾਸ ਪੱਕਾ ਹੋ ਜਾਂਦਾ ਹੈ ਕਿ ਇਸ ਦੇਸ਼ ਦੀ ਜਨਤਾ ਦੇ ਨਾਲ ‘ਮਨ ਕੀ ਬਾਤ’ ਸੌ ਫੀਸਦੀ ਅਟੁੱਟ ਰਿਸ਼ਤੇ ਨਾਲ ਬੱਝ ਚੁੱਕੀ ਹੈ। ਖਾਦੀ ਅਤੇ handloom ਦਾ ਉਦਾਹਰਣ ਲੈ ਲਓ। ਗਾਂਧੀ ਜਯੰਤੀ ’ਤੇ ਮੈਂ ਹਮੇਸ਼ਾ handloom ਦੇ ਲਈ, ਖਾਦੀ ਦੇ ਲਈ ਵਕਾਲਤ ਕਰਦਾ ਰਹਿੰਦਾ ਹਾਂ ਅਤੇ ਉਸ ਦਾ ਨਤੀਜਾ ਕੀ ਹੈ। ਤੁਹਾਨੂੰ ਵੀ ਇਹ ਜਾਣ ਕੇ ਖੁਸ਼ੀ ਹੋਵੇਗੀ। ਮੈਨੂੰ ਦੱਸਿਆ ਗਿਆ ਹੈ ਕਿ ਇਸ ਮਹੀਨੇ 17 ਅਕਤੂਬਰ ਨੂੰ ‘ਧਨਤੇਰਸ’ ਦੇ ਦਿਨ ਦਿੱਲੀ ਦੇ ਖਾਦੀ ਗ੍ਰਾਮ ਉਦਯੋਗ ਭਵਨ ਸਟੋਰ ਵਿੱਚ ਲਗਭਗ ਇੱਕ  ਕਰੋੜ ਵੀਹ ਲੱਖ ਰੁਪਏ ਦੀ record ਵਿਕਰੀ ਹੋਈ ਹੈ। ਖਾਦੀ ਅਤੇ handloom  ਦੀ, ਇੱਕ  ਹੀ ਸਟੋਰ ’ਤੇ ਇੰਨੀ ਵੱਡੀ ਵਿਕਰੀ ਹੋਣਾ, ਇਹ ਸੁਣ ਕੇ ਤੁਹਾਨੂੰ ਵੀ ਆਨੰਦ ਆਇਆ ਹੋਵੇਗਾ, ਸੰਤੋਖ ਹੋਇਆ ਹੋਵੇਗਾ। ਦੀਵਾਲੀ ਦੇ ਦੌਰਾਨ ਖਾਦੀ gift coupon  ਦੀ ਵਿਕਰੀ ਵਿੱਚ ਕਰੀਬ-ਕਰੀਬ 680 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਖਾਦੀ ਅਤੇ handicraft ਦੀ ਕੁੱਲ ਵਿਕਰੀ ਵਿੱਚ ਵੀ ਪਿਛਲੇ ਸਾਲ ਨਾਲੋਂ ਇਸ ਸਾਲ ਕਰੀਬ-ਕਰੀਬ 90 ਪ੍ਰਤੀਸ਼ਤ ਵਾਧਾ ਦੇਖਣ ਨੂੰ ਮਿਲਿਆ ਹੈ। ਇਹ ਵੇਖਣ ਨੂੰ ਮਿਲਦਾ ਹੈ ਕਿ ਅੱਜ ਨੌਜਵਾਨ, ਵੱਡੇ-ਬਜ਼ੁਰਗ, ਔਰਤਾਂ ਹਰ ਉਮਰ ਵਰਗ ਦੇ ਲੋਕ ਖਾਦੀ ਅਤੇ handloom ਨੂੰ ਪਸੰਦ ਕਰ ਰਹੇ ਹਨ। ਮੈਂ ਕਲਪਨਾ ਕਰ ਸਕਦਾ ਹਾਂ ਕਿ ਇਸ ਨਾਲ ਕਿੰਨੇ ਬੁਨਕਰ ਪਰਿਵਾਰਾਂ ਨੂੰ, ਗ਼ਰੀਬ ਪਰਿਵਾਰਾਂ ਨੂੰ, ਹੱਥਖੱਡੀ ਤੇ ਕੰਮ ਕਰਨ ਵਾਲੇ ਪਰਿਵਾਰਾਂ ਨੂੰ ਕਿੰਨਾ ਲਾਭ ਮਿਲਿਆ ਹੋਵੇਗਾ। ਪਹਿਲਾਂ ਖਾਦੀ ‘Khadi for nation’  ਸੀ ਅਤੇ ਅਸੀਂ ‘Khadi for fashion’  ਦੀ ਗੱਲ ਕਹੀ ਸੀ ਪਰ ਪਿਛਲੇ ਕੁਝ ਸਮੇਂ ਤੋਂ ਮੈਂ ਤਜ਼ਰਬੇ ਨਾਲ ਕਹਿ ਸਕਦਾ ਹਾਂ ਕਿ Khadi for nation    ਅਤੇ Khadi for fashion   ਤੋਂ ਬਾਅਦ ਹੁਣ   Khadi for transformation ਦੀ ਜਗ੍ਹਾ ਲੈ ਰਿਹਾ ਹੈ। ਖਾਦੀ ਗ਼ਰੀਬ ਤੋਂ ਗ਼ਰੀਬ ਵਿਅਕਤੀ ਦੇ ਜੀਵਨ ਵਿੱਚ,  handloom  ਗ਼ਰੀਬ ਤੋਂ ਗ਼ਰੀਬ ਵਿਅਕਤੀ ਦੇ ਜੀਵਨ ਵਿੱਚ ਬਦਲਾਓ ਲਿਆਉਂਦੇ ਹੋਏ ਉਨ੍ਹਾਂ ਨੂੰ ਮਜ਼ਬੂਤ ਬਣਾਉਣ ਦਾ, ਸ਼ਕਤੀਸ਼ਾਲੀ ਸਾਧਨ ਬਣ ਕੇ ਉੱਭਰ ਰਿਹਾ ਹੈ। ਪਿੰਡਾਂ ਦੀ ਉਸਾਰੀ ਲਈ ਇਹ ਬਹੁਤ ਵੱਡੀ ਭੂਮਿਕਾ ਅਦਾ ਕਰ ਰਿਹਾ ਹੈ।

            ਸ਼੍ਰੀਮਾਨ ਰਾਜਨ ਭੱਟ ਨੇ NarendramodiApp ’ਤੇ ਲਿਖਿਆ ਹੈ ਕਿ ਉਹ ਸੁਰੱਖਿਆ ਬਲਾਂ ਦੇ ਨਾਲ ਮੇਰੇ ਦੀਵਾਲੀ experience ਸਬੰਧੀ ਜਾਨਣਾ ਚਾਹੁੰਦੇ ਹਨ ਅਤੇ ਉਹ ਇਹ ਵੀ ਜਾਨਣਾ ਚਾਹੁੰਦੇ ਹਨ ਕਿ ਸਾਡੇ ਸੁਰੱਖਿਆ ਬਲ ਕਿਵੇਂ ਦੀਵਾਲੀ ਮਨਾਉਂਦੇ ਨੇ। ਸ਼੍ਰੀਮਾਨ ਤੇਜਸ ਗਾਇਕਵਾੜ ਨੇ ਵੀ NarendramodiApp ’ਤੇ ਲਿਖਿਆ ਹੈ – ਕੀ ਸਾਡੇ ਵੀ ਘਰ ਦੀ ਮਠਿਆਈ ਸੁਰੱਖਿਆ ਬਲਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਹੋ ਸਕਦਾ ਹੈ? ਸਾਨੂੰ ਵੀ ਸਾਡੇ ਵੀਰ ਸੁਰੱਖਿਆ ਬਲਾਂ ਦੀ ਯਾਦ ਆਉਂਦੀ ਹੈ। ਸਾਨੂੰ ਵੀ ਲੱਗਦਾ ਹੈ ਕਿ ਸਾਡੇ ਘਰ ਦੀ ਮਠਿਆਈ ਦੇਸ਼ ਦੇ ਜਵਾਨਾਂ ਤੱਕ ਪਹੁੰਚਣੀ ਚਾਹੀਦੀ ਹੈ। ਦੀਵਾਲੀ ਤੁਸੀਂ ਸਾਰੇ ਲੋਕਾਂ ਨੇ ਖੂਬ ਜੋਸ਼ੋ-ਖਰੋਸ਼ ਨਾਲ ਮਨਾਈ ਹੋਵੇਗੀ। ਮੇਰੇ ਲਈ ਦੀਵਾਲੀ ਇਸ ਵਾਰ ਵੀ ਇੱਕ  ਵਿਸ਼ੇਸ਼ ਅਨੁਭਵ ਲੈ ਕੇ ਆਈ। ਮੈਨੂੰ ਇੱਕ  ਵਾਰ ਫਿਰ ਸਰਹੱਦ ’ਤੇ ਤਾਇਨਾਤ ਸਾਡੇ ਜਾਂਬਾਜ਼ ਸੁਰੱਖਿਆ ਬਲਾਂ ਦੇ ਨਾਲ ਦੀਵਾਲੀ ਮਨਾਉਣ ਦਾ ਮਾਣ ਪ੍ਰਾਪਤ ਹੋਇਆ। ਇਸ ਵਾਰ ਜੰਮੂ-ਕਸ਼ਮੀਰ ਦੇ ਗੁਰੇਜ ਸੈਕਟਰ ਵਿੱਚ ਸੁਰੱਖਿਆ ਬਲਾਂ ਦੇ ਨਾਲ ਦੀਵਾਲੀ ਮਨਾਉਣਾ ਮੇਰੇ ਲਈ ਯਾਦਗਾਰ ਪਲ ਰਿਹਾ। ਸਰਹੱਦ ’ਤੇ ਜਿਨ੍ਹਾਂ ਮੁਸ਼ਕਿਲ ਅਤੇ ਔਖੇ ਹਾਲਾਤ ਦਾ ਸਾਹਮਣਾ ਕਰਦੇ ਹੋਏ ਸਾਡੇ ਸੁਰੱਖਿਆ ਬਲ ਦੇਸ਼ ਦੀ ਰਖਵਾਲੀ ਕਰਦੇ ਨੇ, ਉਸ ਸੰਘਰਸ਼, ਸਮਰਪਣ ਅਤੇ ਤਿਆਗ ਦੇ ਲਈ ਮੈਂ ਸਾਰੇ ਦੇਸ਼ ਵਾਸੀਆਂ ਵੱਲੋਂ ਸਾਡੇ ਸੁਰੱਖਿਆ ਬਲ ਦੇ ਸਾਰੇ ਜਵਾਨਾਂ ਦਾ ਆਦਰ ਕਰਦਾ ਹਾਂ। ਜਿੱਥੇ ਸਾਨੂੰ ਅਵਸਰ ਮਿਲੇ, ਜਦੋਂ ਸਾਨੂੰ ਮੌਕਾ ਮਿਲੇ – ਸਾਡੇ ਜਵਾਨਾਂ ਦੇ ਤਜ਼ਰਬੇ ਜਾਨਣੇ ਚਾਹੀਦੇ ਹਨ, ਉਨ੍ਹਾਂ ਦੀ ਗੌਰਵਗਾਥਾ ਸੁਣਨੀ ਚਾਹੀਦੀ ਹੈ। ਸਾਡੇ ਵਿੱਚੋਂ ਕਈ ਲੋਕਾਂ ਨੂੰ ਪਤਾ ਨਹੀਂ ਹੋਵੇਗਾ ਕਿ ਸਾਡੇ ਸੁਰੱਖਿਆ ਬਲ ਦੇ ਜਵਾਨ ਨਾ ਸਿਰਫ ਸਾਡੇ ਬਾਰਡਰ ’ਤੇ, ਸਗੋਂ ਵਿਸ਼ਵ ਭਰ ਵਿੱਚ ਸ਼ਾਂਤੀ ਸਥਾਪਿਤ ਕਰਨ ਵਿੱਚ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੇ ਹਨ। UN Peacekeeper  ਬਣ ਕੇ ਉਹ ਦੁਨੀਆ ਵਿੱਚ ਹਿੰਦੁਸਤਾਨ ਦਾ ਨਾਮ ਰੌਸ਼ਨ ਕਰ ਰਹੇ ਹਨ। ਹੁਣੇ ਪਿਛਲੇ ਦਿਨੀਂ 24 ਅਕਤੂਬਰ ਨੂੰ ਵਿਸ਼ਵ ਭਰ ਵਿੱਚ UN Day, ਸੰਯੁਕਤ ਰਾਸ਼ਟਰ ਦਿਵਸ ਮਨਾਇਆ ਗਿਆ। ਵਿਸ਼ਵ ਵਿੱਚ ਸ਼ਾਂਤੀ ਸਥਾਪਿਤ ਕਰਨ ਦੇ ਯੂ. ਐੱਨ. ਦੇ ਯਤਨਾਂ, ਉਸ ਦੀ ਸਕਾਰਾਤਮਕ ਭੂਮਿਕਾ ਨੂੰ ਹਰ ਕੋਈ ਯਾਦ ਕਰਦਾ ਹੈ ਅਤੇ ਅਸੀਂ ਤਾਂ ‘ਵਸੁਧੈਵ ਕੁਟੁੰਬਕਮ’ ਨੂੰ ਮੰਨਣ ਵਾਲੇ ਹਾਂ ਯਾਨਿ ਪੂਰਾ ਵਿਸ਼ਵ ਸਾਡਾ ਪਰਿਵਾਰ ਹੈ ਅਤੇ ਇਸੇ ਵਿਸ਼ਵਾਸ ਦੇ ਕਾਰਣ ਭਾਰਤ ਅਰੰਭ ਤੋਂ ਹੀ ਯੂਐੱਨ ਦੇ ਵੱਖ-ਵੱਖ ਮਹੱਤਵਪੂਰਨ initiatives ’ਚ ਸਰਗਰਮ ਭਾਗੀਦਾਰੀ ਨਿਭਾਉਂਦਾ ਆ ਰਿਹਾ ਹੈ। ਤੁਸੀਂ ਲੋਕ ਜਾਣਦੇ ਹੀ ਹੋਵੋਗੇ ਕਿ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਅਤੇ ਯੂਐੱਨ ਚਾਰਟਰ ਦੀ ਪ੍ਰਸਤਾਵਨਾ ਦੋਵੇਂ    We the people ਇਨ੍ਹਾਂ ਸ਼ਬਦਾਂ ਦੇ ਨਾਲ ਹੀ ਸ਼ੁਰੂ ਹੁੰਦੀ ਹੈ। ਭਾਰਤ ਨੇ ਨਾਰੀ-ਸਮਾਨਤਾ ’ਤੇ ਹਮੇਸ਼ਾ ਜ਼ੋਰ ਦਿੱਤਾ ਹੈ ਅਤੇ UN Declaration of human rights    ਇਸ ਦਾ ਜਿਊਂਦਾ ਜਾਗਦਾ ਸਬੂਤ ਹੈ। ਇਸ ਦੇ Initial phrase  ਵਿੱਚ ਜੋ Propose ਕੀਤਾ ਗਿਆ ਸੀ, ਉਹ ਸੀ All men are born free and equal ਜਿਸ ਨੂੰ ਭਾਰਤ ਦੀ ਪ੍ਰਤੀਨਿਧੀ ਹੰਸਾ ਮਹਿਤਾ ਦੀਆਂ ਕੋਸ਼ਿਸ਼ਾਂ ਨਾਲ ਬਦਲ ਲਿਆ ਗਿਆ ਅਤੇ ਬਾਅਦ ਵਿੱਚ ਸਵੀਕਾਰ ਕੀਤਾ ਗਿਆ All human beings are born, free and equal. ਵੈਸੇ ਤਾਂ ਇਹ ਬਹੁਤ ਛੋਟੀ ਜਿਹੀ ਤਬਦੀਲੀ ਲੱਗਦੀ ਹੈ ਪਰ ਇੱਕ  ਤੰਦਰੁਸਤ ਸੋਚ ਉਸ ਵਿੱਚ ਝਲਕਦੀ ਹੈ। UN Umbrella ਦੇ ਤਹਿਤ ਭਾਰਤ ਨੇ ਜੋ ਇੱਕ  ਸਭ ਤੋਂ ਅਹਿਮ ਯੋਗਦਾਨ ਦਿੱਤਾ ਹੈ, ਉਹ ਹੈ UN peace keeping operations   ’ਚ ਭਾਰਤ ਦੀ ਭੂਮਿਕਾ। ਸੰਯੁਕਤ ਰਾਸ਼ਟਰ ਦੇ ਸ਼ਾਂਤੀ ਸੁਰੱਖਿਆ ਮਿਸ਼ਨ ’ਚ ਭਾਰਤ ਹਮੇਸ਼ਾ ਬਹੁਤ ਵੱਡੀ ਭੂਮਿਕਾ ਅਦਾ ਕਰ ਰਿਹਾ ਹੈ। ਤੁਹਾਡੇ ’ਚੋਂ ਬਹੁਤ ਸਾਰੇ ਲੋਕ ਨੇ, ਜਿਨ੍ਹਾਂ ਨੂੰ ਸ਼ਾਇਦ ਇਹ ਜਾਣਕਾਰੀ ਪਹਿਲੀ ਵਾਰੀ ਮਿਲ ਰਹੀ ਹੋਵੇਗੀ। 18000 ਤੋਂ ਜ਼ਿਆਦਾ ਭਾਰਤੀ ਸੁਰੱਖਿਆ ਬਲਾਂ ਨੇ UN peace keeping operations    ’ਚ ਆਪਣੀਆਂ ਸੇਵਾਵਾਂ ਦਿੱਤੀਆਂ ਨੇ। ਅੱਜ ਦੇ ਸਮੇਂ ’ਚ ਭਾਰਤ ਦੇ ਲਗਭਗ 7000 ਜਵਾਨ UN peace keeping initiatives  ਨਾਲ ਜੁੜੇ ਨੇ ਅਤੇ ਇਹ ਪੂਰੀ ਦੁਨੀਆ ’ਚ ਤੀਸਰਾ ਸਭ ਤੋਂ ਵੱਡਾ ਸਥਾਨ ਹੈ। ਅਗਸਤ 2017 ਤੱਕ ਭਾਰਤੀ ਜਵਾਨਾਂ ਨੇ ਯੂਐੱਨ ਦੇ ਦੁਨੀਆ ਭਰ ਦੇ 71   Peace keeping operations ਵਿੱਚੋਂ ਤਕਰੀਬਨ 50 ਆਪ੍ਰੇਸ਼ਨਾਂ ’ਚ ਆਪਣੀਆਂ ਸੇਵਾਵਾਂ ਦਿੱਤੀਆਂ ਨੇ। ਇਹ ਆਪ੍ਰੇਸ਼ਨ ਕੋਰੀਆ, ਕੰਬੋਡੀਆ, ਲਾਓਸ, ਵਿਅਤਨਾਮ, ਕੋਂਗੋ, ਸਾਈਪ੍ਰੈਸ, ਲਾਈਬੇਰੀਆ, ਲਿਬਨਾਨ ਅਤੇ ਸੁਡਾਨ ਸੰਸਾਰ ਦੇ ਭੂ-ਭਾਗਾਂ ’ਚ ਕਈ ਦੇਸ਼ਾਂ ਵਿੱਚ ਚੱਲੇ ਨੇ। ਕੋਂਗੋ ਅਤੇ ਦੱਖਣ ਸੁਡਾਨ ’ਚ ਭਾਰਤੀ ਸੈਨਾ ਦੇ ਹਸਪਤਾਲਾਂ ’ਚ 20 ਹਜ਼ਾਰ ਤੋਂ ਜ਼ਿਆਦਾ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ ਅਤੇ ਅਣਗਿਣਤ ਲੋਕਾਂ ਨੂੰ ਬਚਾਇਆ ਗਿਆ ਹੈ। ਭਾਰਤ ਦੇ ਸੁਰੱਖਿਆ ਬਲਾਂ ਨੇ ਵੱਖ-ਵੱਖ ਦੇਸ਼ਾਂ ’ਚ ਨਾ ਸਿਰਫ ਉੱਥੋਂ ਦੇ ਲੋਕਾਂ ਦੀ ਰੱਖਿਆ ਕੀਤੀ ਹੈ, ਸਗੋਂ People friendly operation   ਕਰਕੇ ਉਨ੍ਹਾਂ ਦਾ ਦਿਲ ਵੀ ਜਿੱਤ ਲਿਆ ਹੈ। ਭਾਰਤੀ ਮਹਿਲਾਵਾਂ ਨੇ ਸ਼ਾਂਤੀ ਸਥਾਪਿਤ ਕਰਨ ਦੇ ਕੰਮਾਂ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਬਹੁਤ ਘੱਟ ਲੋਕ ਇਸ ਗੱਲ ਨੂੰ ਜਾਣਦੇ ਹੋਣਗੇ ਕਿ ਭਾਰਤ ਪਹਿਲਾ ਦੇਸ਼ ਸੀ, ਜਿਸ ਨੇ ਲਾਈਬੇਰੀਆ ’ਚ ਸੰਯੁਕਤ ਰਾਸ਼ਟਰ ਸ਼ਾਂਤੀ ਅਭਿਆਨ ਮਿਸ਼ਨ ’ਚ Female police unit  ਭੇਜੀ ਸੀ ਅਤੇ ਵੇਖੋ ਭਾਰਤ ਦਾ ਇਹ ਕਦਮ ਦੁਨੀਆ ਭਰ ਦੇ ਦੇਸ਼ਾਂ ਲਈ ਪ੍ਰੇਰਨਾ ਸਰੋਤ ਬਣ ਗਿਆ ਤੇ ਇਸ ਤੋਂ ਬਾਅਦ ਸਾਰੇ ਦੇਸ਼ਾਂ ਨੇ ਆਪਣੀ-ਆਪਣੀ Women police units    ਨੂੰ ਭੇਜਣਾ ਸ਼ੁਰੂ ਕੀਤਾ। ਤੁਹਾਨੂੰ ਸੁਣ ਕੇ ਮਾਣ ਮਹਿਸੂਸ ਹੋਵੇਗਾ ਕਿ ਭਾਰਤ ਦੀ ਭੂਮਿਕਾ ਸਿਰਫ Peace keeping operation    ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਭਾਰਤ ਤਕਰੀਬਨ 85 ਦੇਸ਼ਾਂ ਦੇ Peace keepers  ਨੂੰ ਸਿਖਲਾਈ ਦੇਣ ਦਾ ਵੀ ਕੰਮ ਕਰ ਰਿਹਾ ਹੈ। ਮਹਾਤਮਾ ਗਾਂਧੀ ਅਤੇ ਗੌਤਮ ਬੁੱਧ ਦੀ ਇਸ ਧਰਤੀ ਤੋਂ ਸਾਡੇ ਬਹਾਦਰ, ਸ਼ਾਂਤੀ ਰੱਖਿਅਕਾਂ ਨੇ ਦੁਨੀਆ ਭਰ ’ਚ ਸ਼ਾਂਤੀ ਅਤੇ ਸਦਭਾਵਨਾ ਦਾ ਸੁਨੇਹਾ ਪਹੁੰਚਾਇਆ ਹੈ। Peace keeping operation   ਆਸਾਨ ਕੰਮ ਨਹੀਂ ਹੈ। ਸਾਡੇ ਸੁਰੱਖਿਆ ਬਲ ਦੇ ਜਵਾਨਾਂ ਨੂੰ ਮੁਸ਼ਕਿਲ ਇਲਾਕਿਆਂ ’ਚ ਜਾ ਕੇ ਕੰਮ ਕਰਨਾ ਪੈਂਦਾ ਹੈ, ਵੱਖ-ਵੱਖ ਲੋਕਾਂ ਦੇ ਵਿੱਚ ਰਹਿਣਾ ਪੈਂਦਾ ਹੈ, ਵੱਖ-ਵੱਖ ਹਾਲਾਤ ਅਤੇ ਵੱਖ-ਵੱਖ ਸੱਭਿਆਚਾਰਾਂ ਨੂੰ ਜਾਨਣਾ-ਸਮਝਣਾ ਪੈਂਦਾ ਹੈ। ਉਨ੍ਹਾਂ ਨੂੰ ਉੱਥੋਂ ਦੀਆਂ ਸਥਾਨਕ ਜ਼ਰੂਰਤਾਂ, ਮਾਹੌਲ ਦੇ ਮੁਤਾਬਿਕ ਆਪਣੇ ਆਪ ਨੂੰ ਢਾਲਣਾ ਪੈਂਦਾ ਹੈ। ਅੱਜ ਜਦੋਂ ਸਾਡੇ ਬਹਾਦਰ UN Peace keepers   ਨੂੰ ਯਾਦ ਕਰਦੇ ਹਾਂ ਤਾਂ ਕੈਪਟਨ ਗੁਰਬਚਨ ਸਿੰਘ ਸਲਾਰੀਆ ਨੂੰ ਕੌਣ ਭੁੱਲ ਸਕਦਾ ਹੈ, ਜਿਨ੍ਹਾਂ ਨੇ ਅਫਰੀਕਾ ਦੇ ਕਾਂਗੋ ’ਚ ਸ਼ਾਂਤੀ ਲਈ ਲੜਦਿਆਂ ਆਪਣਾ ਸਭ ਕੁਝ ਵਾਰ ਦਿੱਤਾ ਸੀ। ਉਨ੍ਹਾਂ ਨੂੰ ਯਾਦ ਕਰਕੇ ਹਰ ਦੇਸ਼ ਵਾਸੀ ਦਾ ਸੀਨਾ ਮਾਣ ਨਾਲ ਚੌੜਾ ਹੋ ਜਾਂਦਾ ਹੈ। ਉਹ ਇਕੱਲੇ UN Peace keeper ਸਨ, ਵੀਰ ਪੁਰਸ਼ ਸਨ, ਜਿਨ੍ਹਾਂ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਲੈਫਟੀਨੈਂਟ ਜਨਰਲ ਪ੍ਰੇਮ ਚੰਦ ਜੀ ਉਨ੍ਹਾਂ India peace keepers   ਵਿੱਚੋਂ ਇੱਕ  ਨੇ, ਜਿਨ੍ਹਾਂ ਨੇ ਸਾਈਪ੍ਰਸ ’ਚ ਵਿਸ਼ੇਸ਼ ਪਹਿਚਾਣ ਬਣਾਈ। 1989 ’ਚ 72 ਵਰ੍ਹਿਆਂ ਦੀ ਉਮਰ ’ਚ ਉਨ੍ਹਾਂ ਨੂੰ ਨਾਮੀਬੀਆ ’ਚ ਆਪ੍ਰੇਸ਼ਨ ਲਈ ਫੋਰਸ ਕਮਾਂਡਰ ਬਣਾਇਆ ਗਿਆ ਅਤੇ ਉਨ੍ਹਾਂ ਨੇ ਉਸ ਦੇਸ਼ ਦੀ ਆਜ਼ਾਦੀ ਯਕੀਨੀ ਬਣਾਉਣ ਲਈ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਜਨਰਲ ਥੀਮੱਈਆ, ਜੋ ਭਾਰਤੀ ਸੈਨਾ ਦੇ ਮੁਖੀ ਰਹੇ, ਨੇ ਸਾਈਪ੍ਰਸ ’ਚ UN peace keeping force  ਨੂੰ Lead ਕੀਤਾ ਅਤੇ ਸ਼ਾਂਤੀ ਕਾਰਜਾਂ ਲਈ ਆਪਣਾ ਸਭ ਕੁਝ ਵਾਰ ਦਿੱਤਾ। ਭਾਰਤ ਸ਼ਾਂਤੀ ਦੂਤ ਦੇ ਰੂਪ ਵਿੱਚ ਹਮੇਸ਼ਾ ਤੋਂ ਵਿਸ਼ਵ ’ਚ ਸ਼ਾਂਤੀ, ਏਕਤਾ ਅਤੇ ਸਦਭਾਵਨਾ ਦਾ ਪੈਗ਼ਾਮ ਦਿੰਦਾ ਰਿਹਾ ਹੈ। ਸਾਡਾ ਵਿਸ਼ਵਾਸ ਹੈ ਕਿ ਹਰ ਕੋਈ ਸ਼ਾਂਤੀ, ਸਦਭਾਵਨਾ ਦੇ ਨਾਲ ਜੀਵੇ ਅਤੇ ਇੱਕ  ਬਿਹਤਰ ਤੇ ਸ਼ਾਂਤੀਪੂਰਨ ਕੱਲ੍ਹ ਦੀ ਉਸਾਰੀ ਦੀ ਦਿਸ਼ਾ ’ਚ ਅੱਗੇ ਵਧੇ।

            ਮੇਰੇ ਪਿਆਰੇ ਦੇਸ਼ ਵਾਸੀਓ, ਸਾਡੀ ਪਾਵਨ ਧਰਤੀ ਅਜਿਹੇ ਮਹਾਨ ਲੋਕਾਂ ਨਾਲ ਸੁਸ਼ੋਭਿਤ ਰਹੀ ਹੈ, ਜਿਨ੍ਹਾਂ ਨੇ ਨਿਰਸਵਾਰਥ ਭਾਵ ਨਾਲ ਮਾਨਵਤਾ ਦੀ ਸੇਵਾ ਕੀਤੀ ਹੈ। ਸਿਸਟਰ ਨਿਵੇਦਿਤਾ ਜਿਨ੍ਹਾਂ ਨੂੰ ਅਸੀਂ ਭਗਿਨੀ ਨਿਵੇਦਿਤਾ ਵੀ ਕਹਿੰਦੇ ਹਾਂ। ਉਹ ਵੀ ਉਨ੍ਹਾਂ ਅਸਧਾਰਣ ਲੋਕਾਂ ’ਚੋਂ ਇੱਕ  ਸਨ। ਉਨ੍ਹਾਂ ਨੇ ਆਇਰਲੈਂਡ ’ਚ ਮਾਰਗਰੇਟ ਐਲੀਜ਼ਾ ਬੈੱਥ ਨੋਬੇਲ ਦੇ ਰੂਪ ਵਿੱਚ ਜਨਮ ਲਿਆ ਸੀ ਪਰ ਸੁਆਮੀ ਵਿਵੇਕਾਨੰਦ ਨੇ ਉਨ੍ਹਾਂ ਨੂੰ ਨਿਵੇਦਿਤਾ ਨਾਮ ਦਿੱਤਾ ਅਤੇ ਨਿਵੇਦਿਤਾ ਦਾ ਅਰਥ ਹੈ, ਉਹ ਜੋ ਪੂਰੀ ਤਰ੍ਹਾਂ ਸਮਰਪਿਤ ਹੋਵੇ। ਬਾਅਦ ’ਚ ਉਨ੍ਹਾਂ ਨੇ ਆਪਣੇ ਨਾਮ ਦੇ ਮੁਤਾਬਿਕ ਹੀ ਆਪਣੇ ਆਪ ਨੂੰ ਸਿੱਧ ਕਰਕੇ ਵਿਖਾਇਆ। ਕੱਲ੍ਹ ਸਿਸਟਰ ਨਿਵੇਦਿਤਾ ਦੀ 150ਵੀਂ ਵਰ੍ਹੇਗੰਢ ਸੀ। ਉਹ ਸੁਆਮੀ ਵਿਵੇਕਾਨੰਦ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਉਨ੍ਹਾਂ ਨੇ ਆਪਣੇ ਖੁਸ਼ਹਾਲ ਜੀਵਨ ਦਾ ਤਿਆਗ ਕਰ ਦਿੱਤਾ ਅਤੇ ਆਪਣੇ ਜੀਵਨ ਨੂੰ ਗ਼ਰੀਬਾਂ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਸਿਸਟਰ ਨਿਵੇਦਿਤਾ ਬਰਤਾਨਵੀ ਰਾਜ ਵਿੱਚ ਹੋਣ ਵਾਲੇ ਅੱਤਿਆਚਾਰਾਂ ਤੋਂ ਬਹੁਤ ਦੁਖੀ ਸੀ, ਅੰਗਰੇਜ਼ਾਂ ਨੇ ਨਾ ਸਿਰਫ ਸਾਡੇ ਦੇਸ਼ ਨੂੰ ਗ਼ੁਲਾਮ ਬਣਾਇਆ ਸੀ, ਸਗੋਂ ਉਨ੍ਹਾਂ ਨੇ ਸਾਨੂੰ ਮਾਨਸਿਕ ਰੂਪ ਨਾਲ ਵੀ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਸਾਡੇ ਸੱਭਿਆਚਾਰ ਨੂੰ ਨੀਵਾਂ ਵਿਖਾ ਕੇ ਸਾਡੇ ’ਚ ਹੀਣ ਭਾਵਨਾ ਪੈਦਾ ਕਰਨਾ, ਇਹ ਕੰਮ ਲਗਾਤਾਰ ਚੱਲਦਾ ਰਹਿੰਦਾ ਸੀ। ਭੈਣ ਨਿਵੇਦਿਤਾ ਜੀ ਨੇ ਭਾਰਤੀ ਸੱਭਿਆਚਾਰ ਦੇ ਮਾਣ ਨੂੰ ਮੁੜ੍ਹ ਸਥਾਪਿਤ ਕੀਤਾ। ਰਾਸ਼ਟਰੀ ਚੇਤਨਾ ਜਗਾ ਕੇ ਲੋਕਾਂ ਨੂੰ ਇੱਕ ਜੁੱਟ ਕਰਨ ਦਾ ਕੰਮ ਕੀਤਾ। ਉਨ੍ਹਾਂ ਨੇ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ’ਚ ਜਾ ਕੇ ਸਨਾਤਨ ਧਰਮ ਅਤੇ ਦਰਸ਼ਨ ਦੇ ਬਾਰੇ ’ਚ ਕੀਤੇ ਜਾ ਰਹੇ ਗਲਤ ਪ੍ਰਚਾਰਾਂ ਦੇ ਖਿਲਾਫ਼ ਆਵਾਜ਼ ਉਠਾਈ। ਪ੍ਰਸਿੱਧ ਰਾਸ਼ਟਰਵਾਦੀ ਅਤੇ ਤਮਿਲ ਕਵੀ ਸੁਬਰਾਮਨੀਅਮ ਭਾਰਤੀ ਆਪਣੀ ਕ੍ਰਾਂਤੀਕਾਰੀ ਕਵਿਤਾ ‘ਪੁਦੁਮਈ ਪੈੱਨ’ (Pudhumai Penn ), New Women   ਅਤੇ ਨਾਰੀ ਸਸ਼ਕਤੀਕਰਣ ਲਈ ਜਾਣੇ ਜਾਂਦੇ ਰਹੇ ਨੇ। ਅਜਿਹਾ ਕਿਹਾ ਜਾਂਦਾ ਹੈ ਕਿ ਪ੍ਰੇਰਣਾ ਭੈਣ ਨਿਵੇਦਿਤਾ ਹੀ ਸਨ। ਭੈਣ ਨਿਵੇਦਿਤਾ ਜੀ ਨੇ ਮਹਾਨ ਵਿਗਿਆਨਕ ਜਗਦੀਸ਼ ਚੰਦਰ ਬਸੂ ਦਾ ਵੀ ਸਹਿਯੋਗ ਕੀਤਾ। ਉਨ੍ਹਾਂ ਨੇ ਆਪਣੇ ਲੇਖ ਅਤੇ ਸੰਮੇਲਨਾਂ ਦੇ ਮਾਧਿਅਮ ਨਾਲ ਬਸੂ ਦੇ ਰਿਸਰਚ ਦੇ ਪ੍ਰਕਾਸ਼ਨ ਅਤੇ ਪ੍ਰਚਾਰ ਵਿੱਚ ਸਹਾਇਤਾ ਕੀਤੀ। ਭਾਰਤ ਦੀ ਇਹੀ ਇੱਕ  ਵਿਸ਼ੇਸ਼ ਸੁੰਦਰਤਾ ਹੈ ਕਿ ਸਾਡੇ ਸੱਭਿਆਚਾਰ ’ਚ ਅਧਿਆਤਮਿਕਤਾ ਅਤੇ ਵਿਗਿਆਨ ਇੱਕ  ਦੂਸਰੇ ਦੇ ਪੂਰਕ ਨੇ। ਸਿਸਟਰ ਨਿਵੇਦਿਤਾ ਅਤੇ ਵਿਗਿਆਨਿਕ ਜਗਦੀਸ਼ ਚੰਦਰ ਬਸੂ ਇਸ ਦੇ ਵਿਸ਼ੇਸ਼ ਉਦਾਹਰਣ ਹਨ। 1899 ’ਚ ਕਲਕੱਤਾ ਵਿੱਚ ਭਿਆਨਕ ਪਲੇਗ ਹੋਇਆ ਅਤੇ ਵੇਖਦਿਆਂ ਹੀ ਵੇਖਦਿਆਂ ਸੈਂਕੜੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ। ਸਿਸਟਰ ਨਿਵੇਦਿਤਾ ਨੇ ਆਪਣੀ ਸਿਹਤ ਦੀ ਪ੍ਰਵਾਹ ਕੀਤੇ ਬਗ਼ੈਰ ਨਾਲੀਆਂ ਅਤੇ ਸੜਕਾਂ ਦੀ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ। ਉਹ ਇੱਕ  ਅਜਿਹੀ ਔਰਤ ਸੀ ਜੋ ਆਰਾਮਦਾਇਕ  ਜੀਵਨ ਜੀਅ ਸਕਦੀ ਸੀ ਪਰ ਉਹ ਗ਼ਰੀਬਾਂ ਦੀ ਸੇਵਾ ’ਚ ਜੁਟੀ ਰਹੀ। ਉਨ੍ਹਾਂ ਦੇ ਇਸੇ ਤਿਆਗ ਤੋਂ ਪ੍ਰੇਰਣਾ ਲੈ ਕੇ ਲੋਕਾਂ ਨੇ ਸੇਵਾ ਕਾਰਜਾਂ ’ਚ ਉਨ੍ਹਾਂ ਦਾ ਹੱਥ ਵੰਡਾਇਆ। ਉਨ੍ਹਾਂ ਨੇ ਆਪਣੇ ਕਾਰਜਾਂ ਨਾਲ ਲੋਕਾਂ ਨੂੰ ਸਵੱਛਤਾ ਅਤੇ ਸੇਵਾ ਦੇ ਮਹੱਤਵ ਦਾ ਪਾਠ ਪੜ੍ਹਾਇਆ ਅਤੇ ਉਨ੍ਹਾਂ ਦੀ ਸਮਾਧੀ ’ਤੇ ਲਿਖਿਆ ਹੈ ‘Here reposes sister Nivedita who gave her all to India’ ਇੱਥੇ ਸਿਸਟਰ ਨਿਵੇਦਿਤਾ ਵਿਸ਼ਰਾਮ ਕਰ ਰਹੇ ਨੇ, ਜਿਨ੍ਹਾਂ ਨੇ ਆਪਣਾ ਸਭ ਕੁਝ ਭਾਰਤ ਨੂੰ ਦੇ ਦਿੱਤਾ। ਬਿਨਾਂ ਸ਼ੱਕ ਉਨ੍ਹਾਂ ਨੇ ਅਜਿਹਾ ਹੀ ਕੀਤਾ। ਉਸ ਮਹਾਨ ਸ਼ਖਸੀਅਤ ਦੇ ਲਈ ਅੱਜ ਇਸ ਤੋਂ ਢੁਕਵੀਂ ਸ਼ਰਧਾਂਜਲੀ ਹੋਰ ਨਹੀਂ ਹੋ ਸਕਦੀ ਕਿ ਹਰੇਕ ਭਾਰਤ ਵਾਸੀ ਉਨ੍ਹਾਂ ਦੇ ਜੀਵਨ ਤੋਂ ਸਿੱਖਿਆ ਲੈ ਕੇ ਖੁਦ ਉਸ ਸੇਵਾ ਪੰਦ ’ਤੇ ਚੱਲਣ ਦਾ ਯਤਨ ਕਰੇ।

            ਫੋਨ ਕਾਲ… ਮਾਣਯੋਗ ਪ੍ਰਧਾਨ ਮੰਤਰੀ ਜੀ ਮੇਰਾ ਨਾਮ ਡਾ. ਪਾਰਥ ਸ਼ਾਹ ਹੈ। 14 ਨਵੰਬਰ ਨੂੰ ਅਸੀਂ ਬਾਲ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਾਂ, ਕਿਉਂਕਿ ਉਹ ਸਾਡੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਜੀ ਦਾ ਜਨਮ ਦਿਵਸ ਹੈ। ਉਸ ਦਿਨ ਨੂੰ ਵਿਸ਼ਵ ਡਾਇਬਟੀਜ਼ ਦਿਨ ਵੀ ਮੰਨਿਆ ਜਾਂਦਾ ਹੈ। ਡਾਇਬਟੀਜ਼ ਕੇਵਲ ਵੱਡਿਆਂ ਦਾ ਰੋਗ ਨਹੀਂ ਹੈ, ਉਹ ਕਾਫੀ ਸਾਰੇ ਬੱਚਿਆਂ ਵਿੱਚ ਵੀ ਪਾਇਆ ਜਾਂਦਾ ਹੈ ਤਾਂ ਇਸ ਚੁਣੌਤੀ ਦੇ ਲਈ ਅਸੀਂ ਕੀ ਕਰ ਸਕਦੇ ਹਾਂ?

            ਤੁਹਾਡੇ ਫੋਨ ਕਾਲ ਦੇ ਲਈ ਧੰਨਵਾਦ। ਸਭ ਤੋਂ ਪਹਿਲਾਂ ਤਾਂ ਸਾਡੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਨ ’ਤੇ ਮਨਾਏ ਜਾਣ ਵਾਲੇ Children’s Day, ਬਾਲ ਦਿਵਸ ਦੀ ਸਾਰੇ ਬੱਚਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਬੱਚੇ ਨਵੇਂ ਭਾਰਤ ਦੇ ਨਿਰਮਾਣ ਦੇ ਸਭ ਤੋਂ ਮਹੱਤਵਪੂਰਨ ਹੀਰੋ ਨੇ, ਨਾਇਕ  ਨੇ। ਤੁਹਾਡੀ ਚਿੰਤਾ ਸਹੀ ਹੈ ਕਿ ਪਹਿਲਾਂ ਜੋ ਬਿਮਾਰੀਆਂ ਵੱਡੀ ਉਮਰ ’ਚ ਆਉਂਦੀਆਂ ਸਨ, ਜੀਵਨ ਦੇ ਆਖ਼ਰੀ ਪੜਾਅ ਦੇ ਆਸ-ਪਾਸ ਆਉਂਦੀਆਂ ਸਨ, ਉਹ ਅੱਜ-ਕੱਲ੍ਹ ਬੱਚਿਆਂ ’ਚ ਵੀ ਦਿਖਣ ਲੱਗੀਆਂ ਨੇ। ਅੱਜ ਬੜੀ ਹੈਰਾਨੀ ਹੁੰਦੀ ਹੈ, ਜਦੋਂ ਸੁਣਦੇ ਹਾਂ ਕਿ ਬੱਚੇ ਵੀ ਡਾਇਬਟੀਜ਼ ਨਾਲ ਪੀੜ੍ਹਿਤ ਹੋ ਰਹੇ ਹਨ। ਪਹਿਲਾਂ ਦੇ ਜ਼ਮਾਨੇ ’ਚ ਇਸ ਤਰ੍ਹਾਂ ਦੇ ਰੋਗਾਂ ਨੂੰ ‘ਰਾਜ ਰੋਗ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ‘ਰਾਜ ਰੋਗ’ ਯਾਨਿ ਅਜਿਹੀਆਂ ਬਿਮਾਰੀਆਂ ਜੋ ਕੇਵਲ ਸਾਧਨ ਸੰਪਨ ਲੋਕਾਂ ਨੂੰ, ਐਸ਼ੋ-ਆਰਾਮ ਦੀ ਜ਼ਿੰਦਗੀ ਜੀਣ ਵਾਲਿਆਂ ਨੂੰ ਹੀ ਹੋਇਆ ਕਰਦੀਆਂ ਸਨ। ਨੌਜਵਾਨ ਲੋਕਾਂ ’ਚ ਅਜਿਹੀਆਂ ਬਿਮਾਰੀਆਂ ਬਹੁਤ rare ਹੁੰਦੀਆਂ ਸਨ ਪਰ ਸਾਡਾ Life style  ਬਦਲ ਗਿਆ ਹੈ। ਅੱਜ ਇਨ੍ਹਾਂ ਬਿਮਾਰੀਆਂ ਨੂੰ Life style disorder   ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਨੌਜਵਾਨ ਪੀੜ੍ਹੀ ਦਾ ਇਸ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਗ੍ਰਸਤ ਹੋਣ ਦਾ ਇੱਕ  ਪ੍ਰਮੁੱਖ ਕਾਰਣ ਹੈ ਸਾਡੀ ਜੀਵਨ ਸ਼ੈਲੀ ’ਚ Physical Activities ਦੀ ਕਮੀ ਅਤੇ ਸਾਡੇ ਖਾਣ-ਪੀਣ ਦੇ ਤਰੀਕਿਆਂ ’ਚ ਬਦਲਾਓ। ਸਮਾਜ ਅਤੇ ਪਰਿਵਾਰ ਨੂੰ ਇਸ ਚੀਜ਼ ’ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਜਦੋਂ ਉਹ ਇਸ ਗੱਲ ਨੂੰ ਸੋਚਣਗੇ ਤਾਂ ਤੁਸੀਂ ਵੇਖੋਗੇ ਕਿ ਕੁਝ Extra ordinary  ਕਰਨ ਦੀ ਲੋੜ ਨਹੀਂ ਹੈ। ਲੋੜ ਹੈ ਬਸ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਨਿਯਮਿਤ ਰੂਪ ਵਿੱਚ ਕਰਦੇ ਹੋਏ ਉਨ੍ਹਾਂ ਨੂੰ ਆਪਣੀ ਆਦਤ ’ਚ ਸ਼ੁਮਾਰ ਕਰਨ ਦੀ, ਉਸ ਨੂੰ ਆਪਣਾ ਸੁਭਾਅ ਬਣਾਉਣ ਦੀ। ਮੈਂ ਤਾਂ ਚਾਹਾਂਗਾ ਕਿ ਪਰਿਵਾਰ ਦੇ ਲੋਕ ਜਾਗਰੂਕਤਾਪੂਰਵਕ ਇਹ ਕੋਸ਼ਿਸ਼ ਕਰਨ ਕਿ ਬੱਚੇ ਖੁੱਲ੍ਹੇ ਮੈਦਾਨਾਂ ’ਚ ਖੇਡਣ ਦੀ ਆਦਤ ਬਣਾਉਣ। ਸੰਭਵ ਹੋਵੇ ਤਾਂ ਅਸੀਂ ਪਰਿਵਾਰ ਦੇ ਵੱਡੇ ਲੋਕ ਵੀ ਇਨ੍ਹਾਂ ਬੱਚਿਆਂ ਦੇ ਨਾਲ ਜ਼ਰਾ ਖੁੱਲ੍ਹੇ ’ਚ ਜਾ ਕੇ ਖੇਡੀਏ। ਬੱਚਿਆਂ ਨੂੰ ਲਿਫਟ ’ਚ ਉੱਪਰ ਆਉਣ-ਜਾਣ ਦੀ ਬਜਾਏ ਪੌੜੀਆਂ ਚੜ੍ਹਨ ਦੀ ਆਦਤ ਪਾਈਏ। Dinner ਤੋਂ ਬਾਅਦ ਪੂਰਾ ਪਰਿਵਾਰ ਬੱਚਿਆਂ ਨੂੰ ਲੈ ਕੇ ਕੁਝ Walk ਕਰਨ ਦੀ ਕੋਸ਼ਿਸ਼ ਕਰਨ।  Yoga for Young India. ਯੋਗ ਵਿਸ਼ੇਸ਼ ਰੂਪ ਵਿੱਚ ਸਾਡੇ ਨੌਜਵਾਨ ਸਾਥੀਆਂ ਨੂੰ ਇੱਕ  Healthy life style   ਬਣਾਏ ਰੱਖਣ ਅਤੇ Life style disorder   ਤੋਂ ਬਚਾਉਣ ’ਚ ਮਦਦਗਾਰ ਸਾਬਿਤ ਹੋਵੇਗਾ। ਸਕੂਲ ਤੋਂ ਪਹਿਲਾਂ 30 ਮਿੰਟ ਦਾ ਯੋਗ, ਫਿਰ ਵੇਖੋ ਕਿੰਨਾ ਲਾਭ ਹੋਏਗਾ, ਘਰ ’ਚ ਵੀ ਕਰ ਸਕਦੇ ਨੇ ਅਤੇ ਯੋਗ ਦੀ ਵਿਸ਼ੇਸ਼ਤਾ ਵੀ ਤਾਂ ਇਹੀ ਹੈ – ਉਹ ਸਹਿਜ ਹੈ, ਸਰਲ ਹੈ, ਸਰਵਸੁਲਭ ਹੈ ਅਤੇ ਸਹਿਜ ਹੈ ਮੈਂ ਇਸ ਲਈ ਕਹਿ ਰਿਹਾ ਹਾਂ ਕਿ ਕਿਸੇ ਵੀ ਉਮਰ ਦਾ ਵਿਅਕਤੀ ਅਸਾਨੀ ਨਾਲ ਕਰ ਸਕਦਾ ਹੈ। ਸੌਖਾ ਇਸ ਲਈ ਹੈ ਕਿ ਅਸਾਨੀ ਨਾਲ ਸਿੱਖਿਆ ਜਾ ਸਕਦਾ ਹੈ ਅਤੇ ਸਰਵਸੁਲਭ ਇਸ ਲਈ ਹੈ ਕਿ ਕਿਤੇ ਵੀ ਕੀਤਾ ਜਾ ਸਕਦਾ ਹੈ। ਵਿਸ਼ੇਸ਼ ਟੂਲਸ ਜਾਂ ਮੈਦਾਨ ਦੀ ਜ਼ਰੂਰਤ ਨਹੀਂ ਹੁੰਦੀ। ਡਾਇਬਟੀਜ਼ ਕੰਟਰੋਲ ਕਰਨ ’ਚ ਯੋਗ ਕਿੰਨਾ ਅਸਰਦਾਰ ਹੈ, ਇਸ ’ਤੇ ਕਈ  Studies ਚੱਲ ਰਹੀਆਂ ਨੇ। AIIMS ’ਚ ਵੀ ਇਸ ’ਤੇ ਸਟਡੀ ਕੀਤੀ ਜਾ ਰਹੀ ਹੈ ਅਤੇ ਹਾਲੇ ਤੱਕ ਜੋ ਵੀ ਨਤੀਜੇ ਆਏ ਨੇ, ਉਹ ਕਾਫੀ encouraging ਨੇ। ਆਯੁਰਵੇਦ ਅਤੇ ਯੋਗ ਨੂੰ ਅਸੀਂ ਸਿਰਫ ਇਲਾਜ Treatment ਦੇ ਮਾਧਿਅਮ ਦੇ ਤੌਰ ’ਤੇ ਨਾ ਵੇਖੀਏ, ਉਨ੍ਹਾਂ ਨੂੰ ਅਸੀਂ ਆਪਣੇ ਜੀਵਨ ਦਾ ਹਿੱਸਾ ਬਣਾਈਏ।

            ਮੇਰੇ ਪਿਆਰੇ ਦੇਸ਼ ਵਾਸੀਓ, ਖ਼ਾਸ ਕਰਕੇ ਮੇਰੇ ਨੌਜਵਾਨ ਸਾਥੀਓ ਖੇਡ ਦੇ ਖੇਤਰ ’ਚ ਪਿਛਲੇ ਦਿਨੀਂ ਚੰਗੀਆਂ ਖ਼ਬਰਾਂ ਆਈਆਂ ਨੇ। ਵੱਖ-ਵੱਖ ਖੇਡਾਂ ’ਚ ਸਾਡੇ ਖਿਡਾਰੀਆਂ ਨੇ ਦੇਸ਼ ਦੇ ਨਾਮ ਰੌਸ਼ਨ ਕੀਤਾ ਹੈ। ਹਾਕੀ ’ਚ ਭਾਰਤ ਨੇ ਸ਼ਾਨਦਾਰ ਖੇਡ ਵਿਖਾ ਕੇ ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤਿਆ ਹੈ। ਸਾਡੇ ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਇਸੇ ਦੇ ਦਮ ’ਤੇ ਭਾਰਤ 10 ਸਾਲ ਬਾਅਦ ਏਸ਼ੀਆ ਕੱਪ ਚੈਂਪੀਅਨ ਬਣਿਆ ਹੈ। ਇਸ ਤੋਂ ਪਹਿਲਾਂ ਭਾਰਤ 2003 ਅਤੇ 2007 ’ਚ ਏਸ਼ੀਆ ਕੱਪ ਚੈਂਪੀਅਨ ਬਣਿਆ ਸੀ। ਪੂਰੀ ਟੀਮ ਅਤੇ  Support Staff  ਨੂੰ ਮੇਰੇ ਵੱਲੋਂ, ਦੇਸ਼ ਵਾਸੀਆਂ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ।

            ਹਾਕੀ ਤੋਂ ਬਾਅਦ ਬੈਡਮਿੰਟਨ ’ਚ ਵੀ ਭਾਰਤ ਲਈ ਚੰਗੀ ਖ਼ਬਰ ਆਈ। ਬੈਡਮਿੰਟਨ ਸਟਾਰ ਕਿਦਾਂਬੀ ਸ਼੍ਰੀਕਾਂਤ ਨੇ ਉੱਤਮ ਪ੍ਰਦਰਸ਼ਨ ਕਰਦੇ ਹੋਏ ਡੈਨਮਾਰਕ ਓਪਨ ਖਿਤਾਬ ਜਿੱਤ ਕੇ ਹਰ ਭਾਰਤੀ ਨੂੰ ਗੌਰਵ ਨਾਲ ਭਰ ਦਿੱਤਾ ਹੈ। ਇੰਡੋਨੇਸ਼ੀਆ ਓਪਨ ਅਤੇ ਆਸਟ੍ਰੇਲੀਆ ਓਪਨ ਤੋਂ ਬਾਅਦ ਇਹ ਉਸ ਦਾ ਤੀਸਰਾ ਸੁਪਰ ਸੀਰੀਜ਼ ਪ੍ਰੀਮੀਅਰ ਖਿਤਾਬ ਹੈ। ਮੈਂ ਸਾਡੇ ਯੁਵਾ ਸਾਥੀ ਨੂੰ ਉਸ ਦੀ ਇਸ ਉਪਲੱਬਧੀ ਦੇ ਲਈ ਅਤੇ ਭਾਰਤ ਦੇ ਮਾਣ ਨੂੰ ਵਧਾਉਣ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

            ਦੋਸਤੋ, ਇਸੇ ਮਹੀਨੇ ਫੀਫਾ ਅੰਡਰ 17 ਵਰਲਡ ਕੱਪ ਦਾ ਆਯੋਜਨ ਹੋਇਆ। ਵਿਸ਼ਵ ਭਰ ਦੀਆਂ ਟੀਮਾਂ ਭਾਰਤ ਵਿੱਚ ਆਈਆਂ ਅਤੇ ਸਾਰਿਆਂ ਨੇ ਫੁੱਟਬਾਲ ਦੇ ਮੈਦਾਨ ਵਿੱਚ ਆਪਣਾ ਹੁਨਰ ਦਿਖਾਇਆ। ਮੈਨੂੰ ਵੀ ਇੱਕ  ਮੈਚ ਵਿੱਚ ਜਾਣ ਦਾ ਮੌਕਾ ਮਿਲਿਆ। ਖਿਡਾਰੀਆਂ, ਦਰਸ਼ਕਾਂ ਸਾਰਿਆਂ ਵਿੱਚ ਭਾਰੀ ਉਤਸ਼ਾਹ ਸੀ। ਵਰਲਡ ਕੱਪ ਦਾ ਏਨਾ ਵੱਡਾ ਇਵੈਂਟ ਪੂਰਾ ਵਿਸ਼ਵ ਤੁਹਾਨੂੰ ਦੇਖ ਰਿਹਾ ਹੋਵੇ, ਏਨਾ ਵੱਡਾ ਮੈਚ ਮੈਂ ਤਾਂ ਸਾਰੇ ਯੁਵਾ ਖਿਡਾਰੀਆਂ ਦੀ ਊਰਜਾ, ਉਤਸ਼ਾਹ ਕੁਝ ਕਰ ਦਿਖਾਉਣ ਦੇ ਜਜ਼ਬੇ ਨੂੰ ਦੇਖ ਕੇ ਹੈਰਾਨ ਰਹਿ ਗਿਆ ਸੀ। ਵਰਲਡ ਕੱਪ ਦਾ ਆਯੋਜਨ ਸਫਲਤਾਪੂਰਵਕ ਹੋਇਆ ਅਤੇ ਸਾਰੀਆਂ ਟੀਮਾਂ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ। ਭਾਵੇਂ ਭਾਰਤ ਖਿਤਾਬ ਨਾ ਜਿੱਤ ਸਕਿਆ, ਲੇਕਿਨ ਭਾਰਤ ਦੇ ਯੁਵਾ ਖਿਡਾਰੀਆਂ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਭਾਰਤ ਸਮੇਤ ਪੂਰੇ ਵਿਸ਼ਵ ਨੇ ਖੇਡ ਦੇ ਇਸ ਮਹਾਉਤਸਵ ਨੂੰ Enjoy ਕੀਤਾ ਅਤੇ ਇਹ ਪੂਰਾ ਟੂਰਨਾਮੈਂਟ ਫੁੱਟਬਾਲ ਪ੍ਰੇਮੀਆਂ ਦੇ ਲਈ ਰੋਚਕ ਅਤੇ ਮਨੋਰੰਜਕ ਰਿਹਾ। ਫੁੱਟਬਾਲ ਦਾ ਭਵਿੱਖ ਬਹੁਤ ਰੌਸ਼ਨ ਹੈ। ਇਸ ਦੇ ਆਸਾਰ ਨਜ਼ਰ ਆਉਣ ਲੱਗੇ ਨੇ। ਮੈਂ ਇੱਕ  ਵਾਰ ਫਿਰ ਤੋਂ ਸਾਡੇ ਖਿਡਾਰੀਆਂ ਨੂੰ, ਉਨ੍ਹਾਂ ਦੇ ਸਹਿਯੋਗੀਆਂ ਨੂੰ ਅਤੇ ਉਨ੍ਹਾਂ ਦੇ ਪ੍ਰੇਮੀਆਂ ਨੂੰ ਵਧਾਈ ਦਿੰਦਾ ਹਾਂ ਸ਼ੁਭਕਾਮਨਾਵਾਂ ਦਿੰਦਾ ਹਾਂ।  

            ਮੇਰੇ ਪਿਆਰੇ ਦੇਸ਼ ਵਾਸੀਓ, ਸਵੱਛ ਭਾਰਤ ਦੇ ਵਿਸ਼ੇ ’ਚ ਮੈਨੂੰ ਜਿੰਨੇ ਲੋਕ ਲਿਖਦੇ ਨੇ, ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੀਆਂ ਭਾਵਨਾਵਾਂ ਦੇ ਨਾਲ ਜੇ ਮੈਂ ਨਿਆਂ ਕਰਨ ਦੀ ਸੋਚਾਂ ਤਾਂ ਮੈਨੂੰ ਹਰ ਰੋਜ਼ ‘ਮਨ ਕੀ ਬਾਤ’ ਦਾ ਪ੍ਰੋਗਰਾਮ ਕਰਨਾ ਪਵੇਗਾ ਅਤੇ ਹਰ ਰੋਜ਼ ਮੈਨੂੰ ਸਵੱਛਤਾ ਦੇ ਵਿਸ਼ੇ ’ਤੇ ਹੀ ‘ਮਨ ਕੀ ਬਾਤ’ ਨੂੰ ਸਮਰਪਣ ਕਰਨਾ ਪਵੇਗਾ। ਕਈ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਕੋਸ਼ਿਸ਼ਾਂ ਦੀਆਂ ਤਸਵੀਰਾਂ ਭੇਜਦੇ ਨੇ ਤੇ ਕਿਤੇ ਨੌਜਵਾਨਾਂ ਦੀ ਟੀਮ Efforts ਦਾ ਕਿੱਸਾ ਹੁੰਦਾ ਹੈ। ਕਿਤੇ ਸਵੱਛਤਾ ਨੂੰ ਲੈ ਕੇ ਕਿਸੇ Innovation ਦੀ ਕਹਾਣੀ ਹੁੰਦੀ ਹੈ ਜਾਂ ਫਿਰ ਕਿਸੇ ਅਧਿਕਾਰੀ ਦੇ ਜਨੂੰਨ ਨੂੰ ਲੈ ਕੇ ਆਈ ਤਬਦੀਲੀ ਦੀ ਖ਼ਬਰ ਹੁੰਦੀ ਹੈ। ਪਿਛਲੇ ਦਿਨੀਂ ਮੈਨੂੰ ਇੱਕ  ਤਫਸੀਲੀ ਰਿਪੋਰਟ ਮਿਲੀ ਹੈ, ਜਿਸ ’ਚ ਮਹਾਰਾਸ਼ਟਰ ਦੇ ਚੰਦਰਪੁਰ ਕਿਲੇ ਦੇ ਕਾਇਆਕਲਪ ਦੀ ਕਹਾਣੀ ਹੈ। ਉੱਥੇ Ecological protection organisation   ਨਾਂ ਦੇ ਇੱਕ  ਐੱਨਜੀਓ ਦੀ ਪੂਰੀ ਟੀਮ ਨੇ ਚੰਦਰਪੁਰ ਕਿਲੇ ’ਚ ਸਫਾਈ ਦਾ ਅਭਿਆਨ ਚਲਾਇਆ। 200 ਦਿਨਾਂ ਤੱਕ ਇਸ ਅਭਿਆਨ ’ਚ ਲੋਕਾਂ ਨੇ ਬਿਨਾਂ ਰੁਕੇ, ਬਿਨਾਂ ਥੱਕੇ ਇੱਕ  ਟੀਮ ਵਰਕ ਦੇ ਨਾਲ ਕਿਲੇ ਦੀ ਸਫਾਈ ਦਾ ਕੰਮ ਕੀਤਾ। 200 ਦਿਨ ਲਗਾਤਾਰ। Before and after   – ਇਹ ਫੋਟੋ ਉਨ੍ਹਾਂ ਨੇ ਮੈਨੂੰ ਭੇਜੇ ਨੇ, ਫੋਟੋ ਦੇਖ ਕੇ ਮੈਂ ਵੀ ਹੈਰਾਨ ਰਹਿ ਗਿਆ ਅਤੇ ਜੋ ਵੀ ਇਸ ਫੋਟੋ ਨੂੰ ਵੇਖੇਗਾ, ਜਿਸ ਦੇ ਵੀ ਮਨ ’ਚ ਆਪਣੇ ਆਸ-ਪਾਸ ਦੀ ਗੰਦਗੀ ਨੂੰ ਵੇਖ ਕੇ ਕਦੇ ਨਿਰਾਸ਼ਾ ਹੁੰਦੀ ਹੋਵੇ, ਕਦੇ ਉਸ ਨੂੰ ਲੱਗਦਾ ਹੋਵੇ ਕਿ ਸਵੱਛਤਾ ਦਾ ਸੁਪਨਾ ਕਿਵੇਂ ਪੂਰਾ ਹੋਵੇਗਾ ਤਾਂ ਮੈਂ ਉਨ੍ਹਾਂ ਲੋਕਾਂ ਨੂੰ ਕਹਾਂਗਾ Ecological protection organisation   ਦੇ ਨੌਜਵਾਨਾਂ ਨੂੰ, ਉਨ੍ਹਾਂ ਦੇ ਪਸੀਨੇ ਨੂੰ, ਉਨ੍ਹਾਂ ਦੇ ਹੌਂਸਲੇ ਨੂੰ, ਉਨ੍ਹਾਂ ਦੇ ਸੰਕਲਪ ਨੂੰ, ਉਨ੍ਹਾਂ ਜਿਊਂਦੀਆਂ-ਜਾਗਦੀਆਂ ਤਸਵੀਰਾਂ ’ਚ ਤੁਸੀਂ ਵੇਖ ਸਕਦੇ ਹੋ। ਉਨ੍ਹਾਂ ਨੂੰ ਵੇਖਦਿਆਂ ਹੀ ਤੁਹਾਡੀ ਨਿਰਾਸ਼ਾ ਵਿਸ਼ਵਾਸ ’ਚ ਬਦਲ ਜਾਏਗੀ। ਸਵੱਛਤਾ ਦਾ ਇਹ ਅਣਥੱਕ ਯਤਨ ਸੁੰਦਰਤਾ, ਸਮੂਹਿਕਤਾ ਅਤੇ ਨਿਰੰਤਰਤਾ ਦੀ ਇੱਕ  ਅਦਭੁਤ ਉਦਾਹਰਣ ਹੈ। ਕਿਲੇ ਤਾਂ ਸਾਡੀ ਵਿਰਾਸਤ ਦਾ ਪ੍ਰਤੀਕ ਨੇ। ਇਤਿਹਾਸਕ ਧਰੋਹਰਾਂ ਨੂੰ ਸੁਰੱਖਿਅਤ ਅਤੇ ਸਵੱਛ ਰੱਖਣ ਦੀ ਜ਼ਿੰਮੇਵਾਰੀ ਸਾਡੀ ਸਭ ਦੇਸ਼ ਵਾਸੀਆਂ ਦੀ ਹੈ। ਮੈਂ Ecological protection organisation   ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਅਤੇ ਚੰਦਰਪੁਰ ਦੇ ਨਾਗਰਿਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

            ਮੇਰੇ ਪਿਆਰੇ ਦੇਸ਼ ਵਾਸੀਓ, ਆਉਣ ਵਾਲੇ 4 ਨਵੰਬਰ ਨੂੰ ਅਸੀਂ ਸਭ ਗੁਰੂ ਨਾਨਕ ਜਯੰਤੀ ਮਨਾਵਾਂਗੇ। ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੀ ਨਹੀਂ, ਸਗੋਂ ਜਗਤ ਗੁਰੂ ਨੇ। ਉਨ੍ਹਾਂ ਨੇ ਪੂਰੀ ਮਾਨਵਤਾ ਦੇ ਕਲਿਆਣ ਬਾਰੇ ਸੋਚਿਆ। ਉਨ੍ਹਾਂ ਨੇ ਸਾਰੀਆਂ ਜਾਤਾਂ ਨੂੰ ਇੱਕ  ਸਮਾਨ ਦੱਸਿਆ। ਨਾਰੀ ਸਸ਼ਕਤੀਕਰਣ ਅਤੇ ਨਾਰੀ ਸਨਮਾਨ ’ਤੇ ਜ਼ੋਰ ਦਿੱਤਾ ਸੀ। ਗੁਰੂ ਨਾਨਕ ਦੇਵ ਜੀ ਨੇ ਪੈਦਲ ਹੀ 28 ਹਜ਼ਾਰ ਕਿਲੋਮੀਟਰ ਦੀ ਯਾਤਰਾ ਕੀਤੀ ਅਤੇ ਆਪਣੀ ਇਸ ਯਾਤਰਾ ਦੇ ਦੌਰਾਨ ਉਨ੍ਹਾਂ ਨੇ ਸੱਚੀ ਮਾਨਵਤਾ ਦਾ ਸੁਨੇਹਾ ਦਿੱਤਾ। ਉਨ੍ਹਾਂ ਨੇ ਲੋਕਾਂ ਨਾਲ ਸੰਵਾਦ ਕੀਤਾ, ਉਨ੍ਹਾਂ ਨੂੰ ਸਚਾਈ, ਤਿਆਗ ਅਤੇ ਕਰਮ-ਨਿਸ਼ਠਾ ਦਾ ਰਾਹ ਵਿਖਾਇਆ। ਉਨ੍ਹਾਂ ਨੇ ਸਮਾਜ ਵਿੱਚ ਸਮਾਨਤਾ ਦਾ ਸੁਨੇਹਾ ਦਿੱਤਾ ਅਤੇ ਆਪਣੇ ਇਸ ਸੁਨੇਹੇ ਨੂੰ ਗੱਲਾਂ ਨਾਲ ਹੀ ਨਹੀਂ, ਆਪਣੇ ਕਰਮ ਨਾਲ ਕਰਕੇ ਵਿਖਾਇਆ। ਉਨ੍ਹਾਂ ਨੇ ਲੰਗਰ ਚਲਾਇਆ, ਜਿਸ ਨਾਲ ਲੋਕਾਂ ’ਚ ਸੇਵਾ ਭਾਵਨਾ ਪੈਦਾ ਹੋਈ। ਇਕੱਠੇ ਬੈਠ ਕੇ ਲੰਗਰ ਛਕਣ ਨਾਲ ਲੋਕਾਂ ’ਚ ਏਕਤਾ ਅਤੇ ਸਮਾਨਤਾ ਦਾ ਭਾਵ ਜਾਗ੍ਰਿਤ ਹੋਇਆ। ਗੁਰੂ ਨਾਨਕ ਦੇਵ ਜੀ ਨੇ ਸਾਰਥਿਕ ਜੀਵਨ ਦੇ ਤਿੰਨ ਸੁਨੇਹੇ ਦਿੱਤੇ – ਪ੍ਰਮਾਤਮਾ ਦਾ ਨਾਮ ਜਪੋ, ਮਿਹਨਤ ਕਰੋ-ਕੰਮ ਕਰੋ ਅਤੇ ਜ਼ਰੂਰਤਮੰਦਾਂ ਦੀ ਮਦਦ ਕਰੋ। ਗੁਰੂ ਨਾਨਕ ਦੇਵ ਜੀ ਨੇ ਆਪਣੀ ਗੱਲ ਕਹਿਣ ਲਈ ‘ਗੁਰਬਾਣੀ’ ਦੀ ਰਚਨਾ ਵੀ ਕੀਤੀ। ਆਉਣ ਵਾਲੇ ਵਰ੍ਹੇ 2019 ’ਚ ਅਸੀਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹਾਂ। ਆਓ, ਅਸੀਂ ਉਨ੍ਹਾਂ ਦੇ ਸੁਨੇਹੇ ਅਤੇ ਸਿੱਖਿਆ ਦੇ ਮਾਰਗ ’ਤੇ ਅੱਗੇ ਵਧਣ ਦੀ ਕੋਸ਼ਿਸ਼ ਕਰੀਏ।

            ਮੇਰੇ ਪਿਆਰੇ ਦੇਸ਼ ਵਾਸੀਓ, ਦੋ ਦਿਨ ਬਾਅਦ 31 ਅਕਤੂਬਰ ਨੂੰ ਅਸੀਂ ਸ. ਵੱਲਭ ਭਾਈ ਪਟੇਲ ਜੀ ਦੀ ਜਨਮ ਜਯੰਤੀ ਮਨਾਵਾਂਗੇ। ਅਸੀਂ ਸਭ ਜਾਣਦੇ ਹਾਂ ਕਿ ਅਜੋਕੇ ਅਖੰਡ ਭਾਰਤ ਦੀ ਨੀਂਹ ਉਨ੍ਹਾਂ ਨੇ ਹੀ ਰੱਖੀ ਸੀ। ਭਾਰਤ ਮਾਂ ਦੀ ਉਸ ਮਹਾਨ ਸੰਤਾਨ ਦੀ ਅਸਧਾਰਣ ਯਾਤਰਾ ਤੋਂ ਅੱਜ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। 31 ਅਕਤੂਬਰ ਨੂੰ ਸ਼੍ਰੀਮਤੀ ਇੰਦਰਾ ਗਾਂਧੀ ਵੀ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ। ਸ. ਵੱਲਭ ਭਾਈ ਪਟੇਲ ਦੀ ਵਿਸ਼ੇਸ਼ਤਾ ਇਹ ਸੀ ਕਿ ਉਹ ਨਾ ਸਿਰਫ ਪਰਿਵਰਤਨਕਾਰੀ ਵਿਚਾਰ ਦਿੰਦੇ ਸਨ ਪਰ ਉਹ ਇਸ ਨੂੰ ਕਰ ਵਿਖਾਉਣ ਲਈ ਮੁਸ਼ਕਿਲ ਤੋਂ ਮੁਸ਼ਕਿਲ ਸਮੱਸਿਆ ਦਾ ਸੁਭਾਵਿਕ ਹੱਲ ਲੱਭਣ ’ਚ ਕਾਬਲ ਸਨ। ਵਿਚਾਰ ਨੂੰ ਸਾਕਾਰ ਕਰਨਾ, ਉਸ ’ਚ ਉਨ੍ਹਾਂ ਦੀ ਮੁਹਾਰਤ ਸੀ। ਸ. ਵੱਲਭ ਭਾਈ ਪਟੇਲ ਨੇ ਭਾਰਤ ਨੂੰ ਇੱਕ  ਸੂਤਰ ’ਚ ਪਰੋਣ ਦੀ ਵਾਗਡੋਰ ਸੰਭਾਲੀ। ਇਹ ਯਕੀਨੀ ਬਣਾਇਆ ਕਿ ਕਰੋੜਾਂ ਭਾਰਤ ਵਾਸੀਆਂ ਨੂੰ ਇੱਕ  ਰਾਸ਼ਟਰ ਅਤੇ ਇੱਕ  ਸੰਵਿਧਾਨ ਦੀ ਛਤਰ-ਛਾਇਆ ’ਚ ਲਿਆਂਦਾ ਜਾਵੇ। ਉਨ੍ਹਾਂ ਦੇ ਫੈਸਲੇ ਲੈਣ ਦੀ ਸਮਰੱਥਾ ਨੇ ਉਨ੍ਹਾਂ ਨੂੰ ਸਾਰੀਆਂ ਔਕੜਾਂ ਨੂੰ ਪਾਰ ਕਰਨ ਦੀ ਸਮਰੱਥਾ ਦਿੱਤੀ। ਜਿੱਥੇ ਮੰਨਣ-ਮਨਾਉਣ ਦੀ ਲੋੜ ਸੀ, ਉਨ੍ਹਾਂ ਨੇ ਮਨਾਇਆ ਵੀ। ਜਿੱਥੇ ਤਾਕਤ ਦੇ ਇਸਤੇਮਾਲ ਦੀ ਲੋੜ ਪਈ, ਉੱਥੇ ਤਾਕਤ ਦਾ ਵੀ ਇਸਤੇਮਾਲ ਕੀਤਾ।  ਉਨ੍ਹਾਂ ਨੇ ਇੱਕ  ਉਦੇਸ਼ ਨਿਸ਼ਚਿਤ ਕਰ ਲਿਆ ਅਤੇ ਫਿਰ ਕੇਵਲ ਉਸੇ ਪਾਸੇ ਪੂਰੀ ਦ੍ਰਿੜ੍ਹਤਾ ਦੇ ਨਾਲ ਉਹ ਵਧਦੇ ਹੀ ਗਏ, ਵਧਦੇ ਹੀ ਗਏ। ਦੇਸ਼ ਨੂੰ ਇੱਕ  ਕਰਨ ਦਾ ਇਹ ਕੰਮ ਸਿਰਫ ਉਹੀ ਕਰ ਸਕਦੇ ਸਨ, ਜਿਨ੍ਹਾਂ ਨੇ ਇੱਕ  ਅਜਿਹੇ ਰਾਸ਼ਟਰ ਦੀ ਪਰਿਕਲਪਨਾ ਕੀਤੀ, ਜਿੱਥੇ ਸਾਰੇ ਲੋਕ ਸਮਾਨ ਹੋਣ, ਉਨ੍ਹਾਂ ਨੇ ਕਿਹਾ ਸੀ ਅਤੇ ਮੈਂ ਚਾਹਾਂਗਾ ਕਿ ਸ. ਵੱਲਭ ਭਾਈ ਪਟੇਲ ਦੀ ਗੱਲ ਹਮੇਸ਼ਾ ਸਾਡੇ ਲੋਕਾਂ ਲਈ ਪ੍ਰੇਰਣਾ ਦੇਣ ਵਾਲੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਜਾਤ ਅਤੇ ਪੰਥ ਦਾ ਕੋਈ ਭੇਦ ਸਾਨੂੰ ਰੋਕ ਨਾ ਸਕੇ। ਸਾਰੇ ਭਾਰਤ ਦੇ ਪੁੱਤਰ ਤੇ ਧੀਆਂ ਨੇ। ਸਾਨੂੰ ਸਭ ਨੂੰ ਆਪਣੇ ਦੇਸ਼ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਆਪਸੀ ਪ੍ਰੇਮ ਅਤੇ ਸਦਭਾਵਨਾ ਤੇ ਆਪਣੀ ਨਿਯਤੀ ਦਾ ਨਿਰਮਾਣ ਕਰਨਾ ਚਾਹੀਦਾ ਹੈ।

            ਸ. ਸਾਹਿਬ ਦਾ ਇਹ ਕਹਿਣਾ ਅੱਜ ਵੀ ਸਾਡੇ New India   ਦੇ  Vision ਲਈ ਪ੍ਰੇਰਕ ਹੈ, ਢੁਕਵਾਂ ਹੈ ਅਤੇ ਇਹੀ ਕਾਰਣ ਹੈ ਕਿ ਉਨ੍ਹਾਂ ਦਾ ਜਨਮ ਦਿਨ ਰਾਸ਼ਟਰੀ ਏਕਤਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਦੇਸ਼ ਨੂੰ ਇੱਕ  ਅਖੰਡ ਰਾਸ਼ਟਰ ਦਾ ਸਵਰੂਪ ਦੇਣ ’ਚ ਉਨ੍ਹਾਂ ਦਾ ਯੋਗਦਾਨ ਸ਼ਲਾਘਾਯੋਗ ਹੈ। ਸ. ਸਾਹਿਬ ਦੀ ਜਯੰਤੀ ਦੇ ਮੌਕੇ ’ਤੇ 31 ਅਕਤੂਬਰ ਨੂੰ ਦੇਸ਼ ਭਰ ’ਚ Run for unity    ਦਾ ਆਯੋਜਨ ਕੀਤਾ ਜਾਏਗਾ, ਜਿਸ ’ਚ ਦੇਸ਼ ਭਰ ਦੇ ਬੱਚੇ, ਨੌਜਵਾਨ, ਮਹਿਲਾਵਾਂ ਹਰ ਉਮਰ ਦੇ ਲੋਕ ਸ਼ਾਮਿਲ ਹੋਣਗੇ। ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਤੁਸੀਂ ਵੀ  Run for unity  ਆਪਸੀ ਸਦਭਾਵਨਾ ਦੇ ਇਸ ਉਤਸਵ ’ਚ ਭਾਗ ਲਓ।

            ਮੇਰੇ ਪਿਆਰੇ ਦੇਸ਼ ਵਾਸੀਓ, ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ ਨਵੇਂ ਸੰਕਲਪ ਦੇ ਨਾਲ, ਨਵੇਂ ਨਿਸ਼ਚੇ ਦੇ ਨਾਲ ਆਪ ਸਭ ਆਪਣੀ ਰੋਜ਼ਮਰਾ ਦੀ ਜ਼ਿੰਦਗੀ ’ਚ ਇੱਕ  ਵਾਰ ਫਿਰ ਰੁੱਝ ਗਏ ਹੋਵੋਗੇ। ਮੇਰੇ ਵੱਲੋਂ ਦੇਸ਼ ਵਾਸੀਆਂ ਨੂੰ ਉਨ੍ਹਾਂ ਦੇ ਸਾਰੇ ਸੁਪਨੇ ਸਾਕਾਰ ਹੋਣ, ਇਹ ਸ਼ੁਭਕਾਮਨਾਵਾਂ ਨੇ।

  ਬਹੁਤ-ਬਹੁਤ ਧੰਨਵਾਦ।   

***

ਏਕੇਟੀ/ਏਕੇ