Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵਡੋਦਰਾ ਦੇ ਹਾਰਨੀ ਹਵਾਈ ਅੱਡੇ ‘ਤੇ ਸੰਯੁਕਤ ਟਰਮੀਨਲ ਦਾ ਉਦਘਾਟਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਵਡੋਦਰਾ ਦੇ ਹਾਰਨੀ ਹਵਾਈ ਅੱਡੇ ‘ਤੇ ਸੰਯੁਕਤ ਟਰਮੀਨਲ ਦਾ ਉਦਘਾਟਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਮੰਚ ਉੱਤੇ ਬਿਰਾਜਮਾਨ ਗੁਜਰਾਤ ਦੇ ਗਵਰਨਰ ਸ੍ਰੀਮਾਨ ਓਮ ਪ੍ਰਕਾਸ਼ ਕੋਹਲੀ ਜੀ, ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਨੀ ਜੀ, ਉੱਪ ਮੁੱਖ ਮੰਤਰੀ ਸ੍ਰੀ ਨਿਤਿਨ ਭਾਈ ਪਟੇਲ, ਕੇਂਦਰ ਵਿੱਚ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਸ੍ਰੀਮਾਨ ਅਸ਼ੋਕ ਗਣਪਤੀ ਰਾਜੂ ਜੀ, ਜਯੰਤ ਸਿਨਹਾ ਜੀ, ਇੱਥੋਂ ਦੇ ਸਾਂਸਦ ਸ੍ਰੀਮਤੀ ਰੰਜਨਬੇਨ, ਇਸ ਖੇਤਰ ਦੀ ਵਿਧਾਇਕਾ ਮਨੀਸ਼ਾ ਬੇਨ, ਰਾਜ ਸਰਕਾਰ ਦੇ ਮੰਤਰੀ ਸ੍ਰੀਮਾਨ ਰਾਜੇਂਦਰ ਜੀ, ਵਿਭਾਗ ਦੇ ਸਕੱਤਰ ਸ੍ਰੀਮਾਨ ਆਰ. ਐੱਨ . ਚੌਬੇ ਜੀ, ਏਅਰਪੋਰਟ ਅਥਾਰਟੀ ਆਵ੍ ਇੰਡੀਆ ਦੇ ਮੁਖੀ ਡਾ. ਗੁਰੂਪ੍ਰਸਾਦ ਮਹਾਪਾਤਰ, ਮੌਜੂਦ ਸਾਰੇ ਭਰਾਵੋ ਤੇ ਭੈਣੋ…

2014 ਦੇ ਮਈ ਮਹੀਨੇ ‘ਚ ਪ੍ਰਧਾਨ ਮੰਤਰੀ ਵਜੋਂ ਤੁਸੀਂ ਸਭ ਨੇ ਮੈਨੂੰ ਕੰਮ ਦੀ ਜ਼ਿੰਮੇਵਾਰੀ ਸੌਂਪੀ ਸੀ। ਤਦ ਕੁਝ ਹੀ ਸਮੇਂ ‘ਚ ਦੋ ਅਜਿਹੇ ਅਹਿਮ ਕੰਮ ਸਨ, ਜੋ ਅਸੀਂ ਕੀਤੇ। ਉਨ੍ਹਾਂ ਵਿੱਚੋਂ ਇੱਕ ਅਜਿਹਾ ਕੰਮ ਸੀ, ਜਿਸ ਲਈ ਗੁਜਰਾਤ ਪੰਜ ਦਹਾਕਿਆਂ ਤੋਂ ਉਡੀਕ ਕਰ ਰਿਹਾ ਸੀ, ਸੰਘਰਸ਼ ਕਰ ਰਿਹਾ ਸੀ ਅਤੇ ਔਕੜਾਂ ਝੱਲ ਰਿਹਾ ਸੀ। ਉਹ ਸੀ ਸਰਦਾਰ ਸਰੋਵਰ ਬੰਨ੍ਹ ਦੀ ਉਚਾਈ ਵਧਾਉਣ ਦਾ ਕੰਮ।

ਸਰਕਾਰ ਵਿੱਚ ਆਉਂਦਿਆਂ ਹੀ ਅਰੰਭਲੇ ਦਿਨਾਂ ਵਿੱਚ ਜੋ ਪਹਿਲੇ ਕੰਮ ਅਸੀਂ ਕੀਤੇ, ਉਨ੍ਹਾਂ ਵਿੱਚੋਂ ਇੱਕ ਸੀ ਸਰਦਾਰ ਪਟੇਲ ਦੇ ਨਾਂਅ ਉੱਤੇ ਬਣੀ ਸਰਦਾਰ ਸਰੋਵਰ ਯੋਜਨਾ ਦੀ ਉਚਾਈ ਵਧਾਉਣ ਦੇ ਕੰਮ ਦੀ ਪ੍ਰਵਾਨਗੀ ਦੇਣਾ ਅਤੇ ਮੈਂ ਗੁਜਰਾਤ ਸਰਕਾਰ ਦਾ ਅਭਿਨੰਦਨ ਕਰਦਾ ਹਾਂ ਕਿਉਂਕਿ ਜਿਸ ਤੇਜ਼ ਰਫ਼ਤਾਰ ਨਾਲ ਇਸ ਕੰਮ ਨੂੰ ਅੱਗੇ ਵਧਾ ਰਹੀ ਹੈ, ਮੈਨੂੰ ਯਕੀਨ ਹੈ ਕਿ ਸਮਾਂ-ਸੀਮਾ ਤੋਂ ਕੁਝ ਪਹਿਲਾਂ ਹੀ ਗੁਜਰਾਤ ਸਰਕਾਰ ਇਹ ਕੰਮ ਮੁਕੰਮਲ ਕਰ ਲਵੇਗੀ।
ਦੂਜੇ, ਇਸ ਏਅਰਪੋਰਟ ਦੇ ਨਿਰਮਾਣ ਦਾ ਕੰਮ, ਇਸ ਦਾ ਕੰਮ ਵੀ ਸਾਲ 2014 ਦੇ ਜੂਨ-ਜੁਲਾਈ ‘ਚ ਸ਼ੁਰੂ ਕਰ ਦਿੱਤਾ ਗਿਆ ਅਤੇ ਅੱਜ ਹਿੰਦੁਸਤਾਨ ਦੇ ਜੋ ਪ੍ਰਮੁੱਖ ਏਅਰਪੋਰਟ ਗਿਣੇ ਜਾਣਗੇ, ਉਨ੍ਹਾਂ ਵਿੱਚ ਇੱਕ ਏਅਰਪੋਰਟ ਵਡੋਦਰਾ ਦਾ ਵੀ ਮੰਨਿਆ ਜਾਵੇਗਾ।

ਇਨ੍ਹੀਂ ਦਿਨੀਂ ਭਾਰਤ ਸਰਕਾਰ ਭਵਨ-ਨਿਰਮਾਣ ਦੇ ਖੇਤਰ ਵਿੱਚ ਜੋ ਵੀ ਕੰਮ ਕਰਦੀ ਹੈ, ਉਸ ਵਿੱਚ ਇੱਕ ਗੱਲ ‘ਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਵਾਤਾਵਰਨ ਦੇ ਅਨੁਕੂਲ ਹੋਵੇ ਅਤੇ ਈਕੋ-ਸਿਸਟਮ ਦਾ ਖ਼ਿਆਲ ਰੱਖਿਆ ਗਿਆ ਹੋਵੇ। ਮੈਨੂੰ ਖ਼ੁਸ਼ੀ ਹੈ ਕਿ ਭਾਰਤ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਦੋ ਏਅਰਪੋਰਟ ਇੱਕ ਤਰ੍ਹਾਂ ਹਰਿਤ ਅੰਦੋਲਨ ਦਾ ਹਿੱਸਾ ਬਣੇ ਹਨ। ਇੱਕ ਏਅਰਪੋਰਟ ਦਾ ਉਦਘਾਟਨ ਕੇਰਲ ਦੇ ਕੋਚੀ ਵਿਖੇ ਕੀਤਾ ਅਤੇ ਦੂਜਾ ਅੱਜ ਵਡੋਦਰਾ ਏਅਰਪੋਰਟ, ਜੋ ਰਾਸ਼ਟਰ ਨੂੰ ਸਮਰਪਿਤ ਹੋ ਰਿਹਾ ਹੈ।

ਇਹ ਟਰਮੀਨਲ ਕੂੜਾ-ਕਰਕਟ ਰਾਹੀਂ ਸੰਪਤੀ ਨਿਰਮਾਣ ‘ਤੇ ਅਧਾਰਤ ਊਰਜਾ ਬਚਾਉਣ ਵਾਲਾ ਅਤੇ ਵਾਤਾਵਰਨ ਦੇ ਅਨੁਕੂਲ ਹੈ। ਜਦੋਂ ਇਸ ਤਰ੍ਹਾਂ ਦੀਆਂ ਵੱਕਾਰੀ ਇਮਾਰਤਾਂ ਤਿਆਰਾ ਹੁੰਦੀਆਂ ਹਨ, ਤਾਂ ਆਮ ਜਨਤਾ ਦਾ ਉਤਸ਼ਾਹ ਵੀ ਇਸ ਪ੍ਰਕਾਰ ਦੇ ਕੰਮ ਨੂੰ ਵੇਖ ਕੇ ਵਧਦਾ ਹੈ। ਅਰੰਭ ਵਿੱਚ ਚੀਜ਼ਾਂ ਜ਼ਿਆਦਾ ਮਹਿੰਗੀਆਂ ਹੁੰਦੀਆਂ ਹਨ ਪਰ ਇੱਕ ਵਾਰ ਸਰਕਾਰ ਦਖ਼ਲ ਦੇਵੇ ਅਤੇ ਸ਼ੁਰੂਆਤ ਕਰ ਦੇਵੇ, ਤਾਂ ਆਮ ਨਾਗਰਿਕ ਲਈ ਵੀ ਉਹ ਆਰਥਿਕ ਤੌਰ ‘ਤੇ ਘੱਟ ਕੀਮਤ ਉੱਤੇ ਤਿਆਰ ਹੁੰਦੀਆਂ ਹਨ ।

ਇੱਕ ਸਮਾਂ ਸੀ, ਜਦੋਂ ਕੋਲ਼ੇ ਨਾਲ ਚਲਣ ਵਾਲੇ ਬਿਜਲੀ ਦੇ ਕਾਰਖਾਨੇ ਦੇ ਆਲੇ-ਦੁਆਲੇ ਵੀ ਕੋਲ਼ੇ ਦੀ ਸੁਆਹ ਦਾ ਢੇਰ ਲਗਿਆ ਰਹਿੰਦਾ ਸੀ। ਬਿਜਲੀ ਦੇ ਕਾਰਖਾਨੇ ਤੋਂ ਵੱਡਾ ਢੇਰ ਕੋਲ਼ੇ ਦੀ ਸੁਆਹ ਦਾ ਹੁੰਦਾ ਸੀ ਅਤੇ ਕੋਲ਼ੇ ਦੀ ਸੁਆਹ ਚੁੱਕਣ ਲਈ ਪੈਸੇ ਦੇਣੇ ਪੈਂਦੇ ਸਨ। ਆਲ਼ੇ-ਦੁਆਲ਼ੇ ਰਹਿਣ ਵਾਲੇ ਲੋਕ ਚੀਕਦੇ ਸਨ ਕਿ ਬਈ ਇਹ ਹਟਾਓ, ਅਸੀਂ ਤਾਂ ਮਰ ਜਾਵਾਂਗੇ। ਇਸ ਟਰਮੀਨਲ ਦੀ ਬਿਲਡਿੰਗ ਵਿੱਚ ਜਿਹੜੀਆਂ ਇੱਟਾਂ ਦਾ ਜੋ ਉਪਯੋਗ ਹੋਇਆ ਹੈ, ਉਹ ਕੋਲ਼ੇ ਦੀ ਸੁਆਹ ਨਾਲ ਬਣੀਆਂ ਇੱਟਾਂ ਦਾ ਉਪਯੋਗ ਹੋਇਆ ਹੈ। ਉਸ ਨਾਲ ਮਜ਼ਬੂਤੀ ਵੀ ਮਿਲਦੀ ਹੈ ਅਤੇ ਜਿਸ ਕੂੜਾ-ਕਰਕਟ ਨੂੰ ਹਟਾਉਣ ਵਿੱਚ ਖ਼ਰਚਾ ਕਰਨਾ ਪੈਂਦਾ ਸੀ, ਉਹੀ ਇੱਥੇ ਕੰਮ ਵਿੱਚ ਲਿਆਂਦਾ ਗਿਆ ਹੈ ਅਤੇ ਵਾਤਾਵਰਨ ਦੀ ਰਾਖੀ ਕੀਤੀ ਗਈ ਹੈ।

ਭਾਰਤ ‘ਚ ਹਵਾਬਾਜ਼ੀ ਖੇਤਰ ਬਹੁਤ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ। ਉਸ ਦਾ ਵਿਕਾਸ ਬਹੁਤ ਤੇਜ਼ ਹੈ। ਹੁਣ ਮੱਧ ਵਰਗ ਦੇ ਪਰਿਵਾਰ ਦਾ ਹਵਾਈ ਯਾਤਰਾ ਦਾ ਮਨ ਕਰਦਾ ਹੈ, ਉਸ ਨੂੰ ਟਰੇਨ ਰਾਹੀਂ ਜਾਣਾ ਵਧੀਆ ਨਹੀਂ ਲਗਦਾ। ਰਿਸ਼ਤੇਦਾਰ ਪੁੱਛਣਗੇ, ਟਰੇਨ ‘ਚ ਆਏ ਹੋ? ਤਾਂ ਉਨ੍ਹਾਂ ਨੂੰ ਲਗਦਾ ਹੈ ਕਿ ਨਹੀਂ, ਸਾਨੂੰ ਹਵਾਈ ਜਹਾਜ਼ ‘ਚ ਜਾਣਾ ਚਾਹੀਦਾ ਹੈ। ਇਹ ਸਾਡੇ ਦੇਸ਼ ਵਿੱਚ ਹੁਣ ਵੱਕਾਰ ਨਾਲ ਜੁੜਨ ਲਗ ਗਿਆ ਹੈ।

ਇੱਕ ਅਨੁਮਾਨ ਹੈ ਕਿ ਭਾਰਤ ਦੇ ਹਵਾਈ ਅੱਡਿਆਂ ਉੱਤੇ ਪੰਜ ਸਾਲ ਦੇ ਅੰਦਰ ਇਹ ਹਾਲਤ ਹੋਵੇਗੀ ਕਿ ਅਮਰੀਕਾ ਦੀ ਜਿੰਨੀ ਅਬਾਦੀ ਹੈ, ਓਨੇ ਲੋਕ ਸਾਡੇ ਦੇਸ਼ ਵਿੱਚ ਸਾਲ ਭਰ ਵਿੱਚ ਹਵਾਈ ਅੱਡਿਆਂ ‘ਤੇ ਹੋਣਗੇ। ਭਾਵ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਹਵਾਬਾਜ਼ੀ ਖੇਤਰ ਕਿੰਨਾ ਅੱਗੇ ਵਧਣ ਵਾਲਾ ਹੈ। ਭਾਰਤ ਸ਼ਾਇਦ ਬਹੁਤ ਹੀ ਨੇੜ ਭਵਿੱਖ ਵਿੱਚ ਦੁਨੀਆ ਦਾ ਤੀਜੇ ਨੰਬਰ ਦਾ ਦੇਸ਼ ਬਣੇਗਾ, ਜੋ ਏਅਰਪੋਰਟ ਐਕਟੀਵਿਟੀ ਦੇ ਮਾਪਦੰਡਾਂ ਨੂੰ ਪਾਰ ਕਰ ਜਾਵੇਗਾ, ਇਸ ਨਾਲ ਰੋਜ਼ਗਾਰ ਦੀਆਂ ਸੰਭਾਵਨਾਵਾਂ ਵਧਣ ਵਾਲੀਆਂ ਹਨ, ਇਸ ਕਾਰਨ ਆਰਥਿਕਤਾ ਅਤੇ ਕਾਰੋਬਾਰ ਨੂੰ ਰਫ਼ਤਾਰ ਮਿਲਦੀ ਹੈ।

ਦੇਸ਼ ਆਜ਼ਾਦ ਹੋਣ ਤੋਂ ਬਾਅਦ ਪਹਿਲੀ ਵਾਰ ਇਸ ਸਰਕਾਰ ਨੇ ਵੱਖਰੀ ਹਵਾਬਾਜ਼ੀ ਨੀਤੀ ਬਣਾਈ ਹੈ। ਸਾਡੇ ਦੇਸ਼ ਵਿੱਚ ਹਵਾਈ ਜਹਾਜ਼ ਉੱਡਦੇ ਸਨ, ਹਵਾਈ ਅੱਡੇ ਬਣਦੇ ਸਨ, ਹਵਾਈ ਜਹਾਜ਼ਾਂ ਦੀ ਖ਼ਰੀਦ-ਵੇਚ ਹੁੰਦੀ ਸੀ, ਪਰ ਦੇਸ਼ ਦੀ ਕੋਈ ਹਵਾਬਾਜ਼ੀ ਨੀਤੀ ਨਹੀਂ ਸੀ। ਇਸ ਨਹੀ ਪੰਜ ਸਾਲਾਂ ਵਿੱਚ ਇਸ ਨੂੰ ਕਿੱਥੇ ਪਹੁੰਚਾਉਣਾ ਹੈ, ਦਸ ਸਾਲਾਂ ਵਿੱਚ ਕਿੱਥੇ ਪਹੁੰਚਾਉਣਾ ਹੈ, ਦੇਸ਼ ਦੇ ਆਮ ਨਾਗਰਿਕ ਦੀਆਂ ਜ਼ਰੂਰਤਾਂ ਲਈ ਕੀ ਕਰਨਾ ਹੈ, ਇਸ ਦਾ ਕੋਈ ਦ੍ਰਿਸ਼ਟੀਕੋਣ ਨਹੀਂ ਸੀ। ਚਲਦਾ ਸੀ ਤਾਂ ਚਲਦਾ ਸੀ, ਦੌੜਦਾ ਸੀ ਤਾਂ ਦੌੜਦਾ ਸੀ, ਰੁਕਦਾ ਸੀ ਤਾਂ ਰੁਕਦਾ ਸੀ। ਇਹ ਸੀ।

ਇਹ ਦੇਸ਼ ਬਹੁਤ ਵਿਸ਼ਾਲ ਹੈ। 80 ਜਾਂ 100 ਹਵਾਈ ਅੱਡਿਆਂ ਨਾਲ ਅਸੀਂ ਦੇਸ਼ ਚਲਾਉਣ ਬਾਰੇ ਸੋਚਦੇ ਹਾਂ, ਤਾਂ ਅਸੀਂ ਦੇਸ਼ ਦੀ ਵਿਕਾਸ ਯਾਤਰਾ ਵਿੱਚ ਰੁਕਾਵਟ ਪੈਦਾ ਕਰਦੇ ਹਾਂ। ਟਾਇਰ-2, ਟਾਇਰ 3 ਸ਼੍ਰੇਣੀ ਦੇ ਸ਼ਹਿਰਾਂ ਵਿੱਚ ਵੀ ਓਨੀ ਹੀ ਸੰਭਾਵਨਾ ਹੁੰਦੀ ਹੈ, ਜਿੰਨੀ ਉੱਪਰ ਦੀ ਸ਼੍ਰੇਣੀ ਦੇ ਸ਼ਹਿਰਾਂ ਵਿੱਚ। ਜੇ ਉਨ੍ਹਾਂ ਨੂੰ ਹਵਾਬਾਜ਼ੀ ਖੇਤਰ ਦਾ ਲਾਭ ਮਿਲੇ, ਤਾਂ ਦੇਸ਼ ਦੀ ਵਿਕਾਸ ਯਾਤਰਾ ਦੇ ਨਵੇਂ ਰਾਹ ਖੁੱਲ੍ਹ ਸਕਦੇ ਹਨ। ਅਤੇ ਇਸ ਲਈ ਇਸ ਨੂੰ ਪ੍ਰਮੋਟ ਕਰਨ ਲਈ 500 ਕਿਲੋਮੀਟਰ ਦੇ ਹਿਸਾਬ ਨਾਲ 2,500 ਰੁਪਏ ਜਿਹੀ ਟਿਕਟ ਹੈ, ਤਾਂ ਜੋ ਕਿਸੇ ਨੇ ਜੇ ਦੂਰ-ਦੁਰਾਡੇ ਨਾਗਾਲੈਂਡ ਜਾਣਾ ਹੈ ਜਾਂ ਕਿਸੇ ਨੇ ਅਰੁਣਾਚਲ ਜਾਣਾ ਹੈ ਜਾਂ ਕਿਸੇ ਨੇ ਮਿਜ਼ੋਰਮ ਜਾਣਾ ਹੈ, ਕਿਸੇ ਨੇ ਅੰਡੇਮਾਨ-ਨਿਕੋਬਾਰ ਜਾਣਾ ਹੈ, ਲਕਸ਼ਦਵੀਪ ਜਾਣਾ ਹੈ, ਕਿਸੇ ਨੇ ਕੱਛ ਜਾਣਾ ਹੈ, ਕਿਸੇ ਨੇ ਭਾਵਨਗਰ, ਜੂਨਾਗੜ੍ਹ ਜਾਣਾ ਹੈ… ਅਜਿਹੇ ਖੇਤਰ ਹਨ, ਜਿੱਥੇ ਅੱਜ ਟਰੈਫ਼ਿਕ ਨਹੀਂ ਮਿਲਦਾ, ਜਿੱਥੇ ਪੁਰਾਣੇ ਵੇਲੇ ਦੀਆਂ ਹਵਾਈ ਪੱਟੀਆਂ ਬਣੀਆਂ ਹੋਈਆਂ ਹਨ। ਤਾਂ ਇੱਕ ਬਹੁਤ ਵੱਡੇ ਪੱਧਰ ਉੱਤੇ ਵਿਸਥਾਰ ਦੇ ਮਿਸ਼ਨ ਉੱਤੇ ਕੰਮ ਚਲ ਰਿਹਾ ਹੈ। ਅਤੇ ਇਹ ਨਿਜੀ-ਜਨਤਕ ਭਾਈਵਾਲੀ ਦੇ ਮਾਡਲ ‘ਤੇ ਕੰਮ ਹੋਣ ਵਾਲਾ ਹੈ।

ਅੱਜ ਦੁਨੀਆ ਜਿਸ ਪ੍ਰਕਾਰ ਦੀ ਹੈ, ਉਸ ਵਿੱਚ ਕੁਨੈਕਟੀਵਿਟੀ ਦਾ ਬਹੁਤ ਮਹੱਤਵ ਹੈ। ਫ਼ਿਜ਼ੀਕਲ ਕੁਨੈਕਟੀਵਿਟੀ ਵੀ ਚਾਹੀਦੀ ਹੈ, ਡਿਜੀਟਲ ਕੁਨੈਕਟੀਵਿਟੀ ਵੀ ਚਾਹੀਦੀ ਹੈ। ਜੇ ਹਾਈਵੇਅ ਚਾਹੀਦਾ ਹੈ, ਤਾਂ ਆਈਵੇਅ ਵੀ ਚਾਹੀਦਾ ਹੈ। ਸੂਚਨਾ ਤਰੰਗਾਂ ਦੀ ਵੀ ਜ਼ਰੂਰਤ ਹੈ। ਉਸੇ ਤਰ੍ਹਾਂ ਹਵਾਈ ਆਵਾਜਾਈ ਦੀ ਵੀ ਓਨੀ ਹੀ ਜ਼ਰੂਰਤ ਹੈ। ਸੈਰ-ਸਪਾਟਾ ਖੇਤਰ ਵਿੱਚ ਅੱਜ ਹਵਾਈ ਸੇਵਾ ਦੀ ਬਹੁਤ ਵੱਡੀ ਜ਼ਰੂਰਤ ਹੈ।

ਭਾਰਤ ਵਿੱਚ ਸੈਰ-ਸਪਾਟੇ ਦੀ ਤਰੱਕੀ ਤੇਜ਼ ਰਫ਼ਤਾਰ ਨਾਲ ਹੋ ਰਹੀ ਹੈ। ਸੰਭਾਵਨਾਵਾਂ ਅਥਾਹ ਹਨ। ਜੇ ਅਸੀਂ ਲੋਕਾਂ ਨੂੰ ਸਥਾਨਾਂ ਉੱਤੇ ਜਾਣ ਦੀ ਸਹੂਲਤ ਦਿੰਦੇ ਹਾਂ, ਤਾਂ ਉਹ ਦੋ-ਤਿੰਨ ਦਿਨ ਵੱਧ ਰਹਿੰਦੇ ਹਨ। ਜ਼ਿਆਦਾ ਰਹਿੰਦੇ ਹਨ ਅਤੇ ਜ਼ਿਆਦਾ ਖ਼ਰਚ ਕਰਦੇ ਹਨ, ਤਾਂ ਉੱਥੋਂ ਦੀ ਅਰਥ-ਵਿਵਸਥਾ ਨੂੰ ਬਹੁਤ ਤਾਕਤ ਮਿਲਦੀ ਹੈ। ਤਾਂ ਇਸ ਪੱਖ ਤੋਂ ਹਵਾਈ ਆਵਾਜਾਈ ਨਾਲ ਬਹੁ-ਪੱਖੀ ਆਰਥਿਕ ਅਸਰ ਪੈਦਾ ਹੁੰਦੇ ਹਨ। ਉਨ੍ਹਾਂ ਚੀਜ਼ਾਂ ਨੂੰ ਧਿਆਨ ‘ਚ ਰੱਖਦਿਆਂ ਹਵਾਬਾਜ਼ੀ ਖੇਤਰ ਨੂੰ ਹੱਲਾਸ਼ੇਰੀ ਦੇਣ ਦਾ ਯਤਨ ਮੌਜੂਦਾ ਸਰਕਾਰ ਨੇ ਕੀਤਾ ਹੈ।

ਵਡੋਦਰਾ ਨਿਵਾਸੀਆਂ ਨੂੰ ਇਹ ਨਵਾਂ ਤੋਹਫ਼ਾ ਅੱਜ ਮਿਲ ਰਿਹਾ ਹੈ। ਮੈਨੂੰ ਯਕੀਨ ਹੈ ਕਿ ਵਡੋਦਰਾ ਦੀ ਆਪਣੀ ਇੱਕ ਪਛਾਣ ਤਾਂ ਹੈ ਹੀ, ਉਸ ਪਛਾਣ ਵਿੱਚ ਚਾਰ ਚੰਨ ਲਾਉਣ ਦਾ ਕੰਮ, ਇਹ ਵਿਵਸਥਾ ਹੋਵੇਗੀ।

ਵਡੋਦਰਾ ਇੱਕ ਸੰਸਕਾਰੀ ਨਗਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਪਰ ਨਾਲ-ਨਾਲ ਵਡੋਦਰਾ ਸਿੱਖਿਆ ਦਾ ਵੀ ਹੱਬ ਹੈ। ਤਕਨੀਕੀ ਸਿੱਖਿਆ ਵਿੱਚ ਵਡੋਦਰਾ ਨੇ ਆਪਣਾ ਇੱਕ ਸਥਾਨ ਬਣਾਇਆ ਹੈ। ਵਡੋਦਰਾ ਅਤੇ ਵਿੱਦਿਆਨਗਰ ਨੇ ਉਸ ਦਿਸ਼ਾ ਵਿੱਚ ਕਾਫ਼ੀ ਕੰਮ ਕੀਤਾ ਹੈ। ਇਨ੍ਹਾਂ ਗੱਲਾਂ ਨੂੰ ਧਿਆਨ ‘ਚ ਰੱਖਦਿਆਂ ਭਾਰਤ ਸਰਕਾਰ ਨੇ ਇੱਕ ਬਹਤੁ ਅਹਿਮ ਫ਼ੈਸਲਾ ਲਿਆ ਹੈ। ਜਿਸ ਦਾ ਅਸਰ ਆਉਣ ਵਾਲੀ ਪੂਰੀ ਸਦੀ ਉੱਤੇ ਰਹਿਣ ਵਾਲਾ ਹੈ। ਸੌ ਸਾਲਾਂ ਤੱਕ ਜਿਸ ਦਾ ਪ੍ਰਭਾਵ ਰਹਿਣ ਵਾਲਾ ਹੈ, ਅਜਿਹਾ ਇੱਕ ਅਹਿਮ ਫ਼ੈਸਲਾ ਕੀਤਾ ਹੈ। ਉਹ ਫ਼ੈਸਲਾ ਹੈ ਕਿ ਵਡੋਦਰਾ ਵਿੱਚ ਦੇਸ਼ ਦੀ ਪਹਿਲੀ ਰੇਲਵੇ ਯੂਨੀਵਰਸਿਟੀ ਬਣੇਗੀ।

ਸਮੁੱਚਾ ਵਿਸ਼ਵ ਰੇਲਵੇ ਦੇ ਖੇਤਰ ਵਿੱਚ ਜੇ 100 ਨੰਬਰ ਉੱਤੇ ਪੁੱਜ ਰਿਹਾ ਹੈ, ਤਾਂ ਹਿੰਦੁਸਤਾਨ 10 ਨੰਬਰ ‘ਤੇ ਖੜ੍ਹਾ ਹੈ। ਅੱਜ ਵੀ ਸਾਡੇ ਡੱਬੇ, ਉਨ੍ਹਾਂ ਦੀ ਰਫ਼ਤਾਰ, ਉਹ ਝੰਡੀ ਲਹਿਰਾਉਣ ਵਾਲਾ – ਉਹ ਸਭ ਉਵੇਂ ਹੀ ਹੈ। ਦੁਨੀਆ ਬਦਲ ਚੁੱਕੀ ਹੈ। ਬਹੁਤ ਨਵੇਂ ਤਜਰਬੇ ਹੋਏ ਹਨ। ਪੁਰਾਣੀ ਰੇਲ ਹੈ, ਪਰ ਉਸ ਨੂੰ ਆਧੁਨਿਕ ਤਕਨੀਕੀ ਤੇ ਨਵੇਂ ਤਜਰਬਿਆਂ ਰਾਹੀਂ ਭਾਰਤ ਦੀਆਂ ਜ਼ਰੂਰਤਾਂ ਅਨੁਸਾਰ ਬਦਲਿਆ ਜਾ ਸਕਦਾ ਹੈ। ਉਸ ਕੰਮ ਨੂੰ ਤਰਜੀਹ ਦੇਣ ਲਈ ਭਾਰਤ ਸਰਕਾਰ ਨੇ, ਭਾਰਤੀ ਰੇਲਵੇ ਨੇ ਵਡੋਦਰਾ ਨੂੰ ਚੁਣਿਆ ਹੈ।

ਇਸ ਸਾਲ ਰੇਲਵੇ ਯੂਨੀਵਰਸਿਟੀ, ਜੋ ਹਿੰਦੁਸਤਾਨ ਦੀ ਪਹਿਲੀ ਅਜਿਹੀ ਯੂਨੀਵਰਸਿਟੀ ਹੈ, ਉਹ ਤੁਹਾਡੇ ਇੱਥੇ ਵਡੋਦਰਾ ਨਗਰੀ ਵਿੱਚ ਬਣਨ ਵਾਲੀ ਹੈ। ਉਸ ਤੋਂ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕਿੰਨਾ ਵੱਡਾ ਯੋਗਦਾਨ ਵਡੋਦਰਾ ਦੇਸ਼ ਲਈ ਕਰਨ ਵਾਲਾ ਹੈ।

ਅੱਜ ਮੈਨੂੰ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ ਹੈ। ਮੈਂ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਇੰਨੀ ਵੱਡੀ ਗਿਣਤੀ ਵਿੱਚ ਤੁਸੀਂ ਆਏ, ਮੈਨੂੰ ਅਸ਼ੀਰਵਾਦ ਦਿੱਤਾ।

***

AKT/HS/GSB