ਪੀਐੱਮਇੰਡੀਆ

PM's Message

ਮੇਰੇ ਪਿਆਰੇ ਦੇਸ਼ ਵਾਸੀਓ,

ਪਿਛਲੇ ਵਰ੍ਹੇ ਅੱਜ ਦੇ ਦਿਨ ਜਨਤਾ-ਜਨਾਰਦਨ ਦੇ ਅਸ਼ੀਰਵਾਦ ਨਾਲ ਮੈਨੂੰ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਮਿਲੀ। ਮੈਂ ਖ਼ੁਦ ਨੂੰ “ਪ੍ਰਧਾਨ ਸੇਵਕ” ਮੰਨ ਕੇ ਆਪਣੀ ਜ਼ਿੰਮੇਵਾਰੀ ਇਸੇ ਭਾਵਨਾ ਨਾਲ ਨਿਭਾ ਰਿਹਾ ਹਾਂ।

‘ਅੰਤਯੋਦਯ’ ਸਾਡੇ ਸਿਆਸੀ ਦਰਸ਼ਨ ਦਾ ਮੂਲ-ਮੰਤਰ ਹੈ। ਪ੍ਰਮੁੱਖ ਫ਼ੈਸਲੇ ਲੈਂਦੇ ਸਮੇਂ ਸਦਾ ਵਾਂਝੇ, ਗ਼ਰੀਬ, ਮਜ਼ਦੂਰ ਅਤੇ ਕਿਸਾਨ ਸਾਡੀਆਂ ਅੱਖਾਂ ਦੇ ਸਾਹਮਣੇ ਰਹਿੰਦੇ ਹਨ। ਜਨ-ਧਨ ਯੋਜਨਾ ਵਿੱਚ ਹਰ ਪਰਿਵਾਰ ਦਾ ਬੈਂਕ ਖਾਤਾ ਅਤੇ ਪ੍ਰਧਾਨ ਮੰਤਰੀ ਜੀਵਨ-ਜਿਓਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਇਸੇ ਦੇ ਸਬੂਤ ਹਨ।

‘ਅੰਨਦਾਤਾ ਸੁਖੀ ਭਵ:’ ਸਾਡੀ ਸਰਬਉੱਚ ਤਰਜੀਹ ਹੈ। ਸਾਡੇ ਕਿਸਾਨ ਅਣਥੱਕ ਮਿਹਨਤ ਕਰ ਕੇ ਦੇਸ਼ ਨੂੰ ਅਨਾਜ ਸੁਰੱਖਿਆ ਪ੍ਰਦਾਨ ਕਰਦੇ ਹਨ। ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ, ਸੁਆਇਲ ਹੈਲਥ ਕਾਰਡ, ਬਿਜਲੀ ਦੀ ਬਿਹਤਰ ਉਪਲੱਬਧਤਾ, ਨਵੀਂ ‘ਯੂਰੀਆ ਨੀਤੀ’, ਖੇਤੀ ਵਿਕਾਸ ਲਈ ਸਾਡੀ ਪ੍ਰਤੀਬੱਧਤਾ ਹੈ। ਬੇਮੌਸਮੀ ਵਰਖਾ ਅਤੇ ਗੜੇਮਾਰ ਤੋਂ ਪੀੜਤ ਕਿਸਾਨਾਂ ਨਾਲ ਅਸੀਂ ਮਜ਼ਬੂਤੀ ਨਾਲ ਖੜ੍ਹੇ ਰਹੇ। ਸਹਾਇਤਾ ਰਾਸ਼ੀ ਨੂੰ ਡੇਢ ਗੁਣਾ ਕੀਤਾ।

ਭ੍ਰਿਸ਼ਟਾਚਾਰ-ਮੁਕਤ, ਪਾਰਦਰਸ਼ੀ, ਨੀਤੀ-ਅਧਾਰਤ ਪ੍ਰਸ਼ਾਸਨ ਅਤੇ ਛੇਤੀ ਫ਼ੈਸਲਾ ਸਾਡੇ ਬੁਨਿਆਦੀ ਸਿਧਾਂਤ ਹਨ। ਪਹਿਲਾਂ ਕੁਦਰਤੀ ਵਸੀਲੇ ਜਿਵੇਂ ਕੋਲਾ ਜਾਂ ਸਪੈੱਕਟ੍ਰਮ ਅਲਾਟਮੈਂਟ ਮਨ-ਮਰਜ਼ੀ ਨਾਲ, ਚਹੇਤੇ ਉਦਯੋਗਪਤੀਆਂ ਨੂੰ ਹੁੰਦਾ ਸੀ। ਪਰ ਦੇਸ਼ ਦੇ ਵਸੀਲੇ ਦੇਸ਼ ਦੀ ਸੰਪਤੀ ਹਨ। ਸਰਕਾਰ ਦਾ ਮੁਖੀ ਹੋਣ ਕਾਰਨ ਮੈਂ ਉਸ ਦਾ ਟਰੱਸਟੀ ਹਾਂ। ਇਸ ਲਈ ਅਸੀਂ ਫ਼ੈਸਲਾ ਲਿਆ ਕਿ ਇਨ੍ਹਾਂ ਦੀ ਅਲਾਟਮੈਂਟ ਨੀਲਾਮੀ ਰਾਹੀਂ ਹੋਵੇਗੀ। ਕੋਲੇ ਦੀ ਹੁਣ ਤੱਕ ਅਲਾਟਮੈਂਟ ਤੋਂ ਲਗਭਗ ਤਿੰਨ ਲੱਖ ਕਰੋੜ ਰੁਪਏ ਅਤੇ ਸਪੈੱਕਟ੍ਰਮ ਤੋਂ ਲਗਭਗ ਇੱਕ ਲੱਖ ਕਰੋੜ ਰੁਪਏ ਦੀ ਆਮਦਨ ਹੋਵੇਗੀ!

ਮਜ਼ਬੂਤ ਅਰਥ-ਵਿਵਸਥਾ ਲਈ ਭਰੋਸੇਮੰਦ ਸਰਕਾਰ ਜ਼ਰੂਰੀ ਹੁੰਦੀ ਹੈ। ਜਦੋਂ ਸਾਡੀ ਸਰਕਾਰ ਬਣੀ, ਉਸ ਵੇਲੇ ਆਰਥਿਕ ਹਾਲਤ ਡਾਵਾਂਡੋਲ ਸੀ। ਮਹਿੰਗਾਈ ਤੇਜ਼ੀ ਨਾਲ ਵਧ ਰਹੀ ਸੀ। ਮੈਨੂੰ ਖ਼ੁਸ਼ੀ ਹੈ ਕਿ ਸਾਡੇ ਜਤਨਾਂ ਨਾਲ ਪਿਛਲੇ ਵਰ੍ਹੇ ਭਾਰਤ, ਵਿਸ਼ਵ ਦੀ ਸਭ ਤੋਂ ਤੇਜ਼ ਰਫ਼ਤਾਰ ਵਾਲੀ ਅਰਥ-ਵਿਵਸਥਾ ਬਣਿਆ। ਮਹਿੰਗਾਈ ਉੱਤੇ ਕਾਬੂ ਪਾਇਆ ਗਿਆ ਅਤੇ ਸਮੁੱਚੇ ਮਾਹੌਲ ਵਿੱਚ ਨਵੇਂ ਉਤਸ਼ਾਹ ਦਾ ਸੰਚਾਰ ਹੋਇਆ।

ਵਿਸ਼ਵ ਪੱਧਰ ‘ਤੇ ਭਾਰਤ ਦਾ ਵੱਕਾਰ ਵਧਿਆ ਹੈ। ਪੂੰਜੀ ਨਿਵੇਸ਼ ਵਧਿਆ ਹੈ। ‘ਮੇਕ ਇਨ ਇੰਡੀਆ’ ਅਤੇ ‘ਸਕਿੱਲ ਇੰਡੀਆ’ ਮੁਹਿੰਮ ਦਾ ਮੰਤਵ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣਾ ਹੈ। ਅਸੀਂ ਮੁਦਰਾ ਬੈਂਕ ਦੀ ਸਥਾਪਨਾ ਕੀਤੀ, ਜਿਸ ਨਾਲ ਛੋਟੇ-ਛੋਟੇ ਰੋਜ਼ਗਾਰ ਚਲਾਉਣ ਵਾਲੇ ਭਰਾਵਾਂ-ਭੈਣਾਂ ਨੂੰ ਦਸ ਹਜ਼ਾਰ ਰੁਪਏ ਤੋਂ ਦਸ ਲੱਖ ਰੁਪਏ ਤੱਕ ਦੇ ਬੈਂਕ ਕਰਜ਼ੇ ਅਸਾਨੀ ਨਾਲ ਮਿਲ ਸਕਣਗੇ। ਅਸੀਂ ਕਾਲਾ ਧਨ ਵਾਪਸ ਲਿਆਉਣ ਦਾ ਵਾਅਦਾ ਕੀਤਾ ਸੀ। ਸਰਕਾਰ ਬਣਦੇ ਹੀ ਪਹਿਲਾ ਫ਼ੈਸਲਾ ਕਾਲੇ ਧਨ ‘ਤੇ ਐੱਸ.ਆਈ.ਟੀ. ਦਾ ਗਠਨ ਕਰਨ ਦਾ ਸੀ। ਫਿਰ ਅਸੀਂ ਵਿਦੇਸ਼ਾਂ ਵਿੱਚ ਕਾਲਾ ਧਨ ਰੱਖਣ ਵਾਲਿਆਂ ਨੂੰ ਸਖ਼ਤ ਸਜ਼ਾ ਦੇਣ ਲਈ ਕਾਨੂੰਨ ਬਣਾਇਆ।

‘ਸਵੱਛ ਭਾਰਤ ਮੁਹਿੰਮ’ ਦੀ ਸੋਚ ਹੈ ਕਿ ਨੂੰਹ-ਧੀ ਨੂੰ ਖੁੱਲ੍ਹੇ ਮੈਦਾਨ ਵਿੱਚ ਪਖਾਨੇ ਲਈ ਨਾ ਜਾਣਾ ਪਵੇ, ਪਖਾਨੇ ਦੀ ਘਾਟ ਕਾਰਨ ਧੀਆਂ ਸਕੂਲ ਨਾ ਛੱਡਣ ਅਤੇ ਗੰਦਗੀ ਨਾਲ ਮਾਸੂਮ ਬੱਚੇ ਵਾਰ-ਵਾਰ ਬੀਮਾਰ ਨਾ ਪੈਣ। ਬਾਲਕਾਂ ਦੇ ਮੁਕਾਬਲੇ ਬਾਲੜੀਆਂ ਦੀ ਘਟਦੀ ਗਿਣਤੀ ਬਹੁਤ ਚਿੰਤਾ ਦਾ ਵਿਸ਼ਾ ਹੈ। ਇਸੇ ਲਈ ਅਸੀਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਚਲਾਈ। ਸਦੀਆਂ ਤੋਂ ਸਾਡੀ ਆਸਥਾ ਦਾ ਕੇਂਦਰ ਅਤੇ ਜੀਵਨ-ਦਾਤੀ ਮਾਂ ਗੰਗਾ ਪ੍ਰਦੂਸ਼ਣ-ਮੁਕਤ ਹੋਵੇ, ਇਸ ਲਈ ਅਸੀਂ ”ਨਮਾਮਿ ਗੰਗੇ” ਪ੍ਰੋਗਰਾਮ ਸ਼ੁਰੂ ਕੀਤਾ। ਸਾਡਾ ਇਰਾਦਾ ਹੈ ਕਿ ਪਿੰਡ ਦੀ ਤਸਵੀਰ ਬਦਲੇ ਅਤੇ ਬੁਨਿਆਦੀ ਸਹੂਲਤਾਂ ਜਿਵੇਂ ਹਰੇਕ ਪਰਿਵਾਰ ਲਈ ਪੱਕਾ ਘਰ, ਚੌਵੀ ਘੰਟੇ ਬਿਜਲੀ, ਪੀਣ ਦਾ ਸ਼ੁੱਧ ਪਾਣੀ, ਪਖਾਨਾ, ਸੜਕ ਅਤੇ ਇੰਟਰਨੈੱਟ ਦਾ ਇੰਤਜ਼ਾਮ ਹੋਵੇ, ਜਿਸ ਨਾਲ ਲੋਕਾਂ ਦਾ ਜੀਵਨ ਪੱਧਰ ਬਿਹਤਰ ਹੋਵੇ। ਇਨ੍ਹਾਂ ਸਭ ਦੀ ਕਾਮਯਾਬੀ ਲਈ ਤੁਹਾਡੀ ਸ਼ਮੂਲੀਅਤ ਜ਼ਰੂਰੀ ਹੈ।

ਅਸੀਂ ਜੋੜਨ ਦਾ ਕੰਮ ਕੀਤਾ ਹੈ – ਦੇਸ਼ ਦੀਆਂ ਸਰਹੱਦਾਂ, ਬੰਦਰਗਾਹਾਂ ਅਤੇ ਸਮੁੱਚੇ ਭਾਰਤ ਨੂੰ ਇੱਕ ਕੋਣੇ ਤੋਂ ਦੂਜੇ ਕੋਣੇ ਤੱਕ ਜੋੜਨ ਲਈ ਸੜਕਾਂ ਅਤੇ ਰੇਲਵੇ ਨੂੰ ਨਵਾਂ ਜੀਵਨ ਦੇਣ ਦਾ ਜਤਨ। ਲੋਕਾਂ ਨੂੰ ਜੋੜਨ ਲਈ ”ਡਿਜੀਟਲ ਇੰਡੀਆ” ਕੁਨੈਕਟੀਵਿਟੀ। ਸਾਰੇ ਮੁੱਖ ਮੰਤਰੀਆਂ ਨਾਲ ‘ਟੀਮ ਇੰਡੀਆ’ ਦੀ ਧਾਰਨਾ ਵੀ ਦੂਰੀਆਂ ਮਿਟਾਉਣ ਦਾ ਜਤਨ ਹੈ।

ਪਹਿਲੇ ਸਾਲ ‘ਚ ਵਿਕਾਸ ਯਾਤਰਾ ਦੀ ਮਜ਼ਬੂਤ ਨੀਂਹ ਰਾਹੀਂ ਦੇਸ਼ ਨੇ ਗੁਆਚਿਆ ਭਰੋਸਾ ਹਾਸਲ ਕੀਤਾ ਹੈ। ਮੈਨੂੰ ਯਕੀਨ ਹੈ ਕਿ ਸਾਡੇ ਜਤਨਾਂ ਨੇ ਤੁਹਾਡੀ ਜ਼ਿੰਦਗੀ ਨੂੰ ਛੋਹਿਆ ਹੋਵੇਗਾ। ਇਹ ਕੇਵਲ ਸ਼ੁਰੂਆਤ ਹੈ।

ਦੇਸ਼ ਅੱਗੇ ਵਧਣ ਲਈ ਤਿਆਰ ਹੈ। ਆਓ… ਅਸੀਂ ਸਾਰੇ ਸੰਕਲਪ ਲਈਏ ਕਿ ਸਾਡਾ ਹਰ ਕਦਮ ਦੇਸ਼ ਹਿਤ ਵਿੱਚ ਅੱਗੇ ਵਧੇ।

ਤੁਹਾਡੀ ਸੇਵਾ ਵਿੱਚ ਸਮਰਪਿਤ,
ਜੈ-ਹਿੰਦ!

 
ਨਰੇਂਦਰ ਮੋਦੀ
PM's Message