Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਗੋਆ ‘ਚ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਨੇ ਗੋਆ ‘ਚ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਗੋਆ ‘ਚ ਸ਼ਿਆਮਾ ਪ੍ਰਸਾਦ ਮੁਖਰਜੀ ਸਟੇਡੀਅਮ ਵਿਖੇ ਇੱਕ ਸਮਾਰੋਹ ਦੌਰਾਨ ਮੋਪਾ ਹਵਾਈ ਅੱਡੇ ਅਤੇ ਤੁਆਮ ‘ਚ ਇਲੈਕਟ੍ਰੌਨਿਕ ਸਿਟੀ ਦਾ ਨੀਂਹ ਪੱਥਰ ਰੱਖਣ ਲਈ ਯਾਦਗਾਰੀ ਚਿੰਨ੍ਹ ਜਾਰੀ ਕੀਤੇ।

ਪ੍ਰਧਾਨ ਮੰਤਰੀ ਨੇ ‘ਮਾਈਨ ਕਾਊਂਟਰ ਮਈਅਰ ਵੈਸਲਜ਼’ ਲਈ ਬੁਨਿਆਦੀ ਢਾਂਚੇ ਦੇ ਉਦਘਾਟਨ ਅਤੇ ਪੰਜ ਸਮੁੰਦਰੀ ਤੱਟ-ਰੱਖਿਅਕ ਆੱਫ਼-ਸ਼ੋਰ ਗਸ਼ਤੀ ਸਮੁੰਦਰੀ ਜਹਾਜ਼ਾਂ ਦੇ ਨਿਰਮਾਣ ਦੀ ਸ਼ੁਰੂਆਤ ਦੇ ਉਦਘਾਟਨ ਲਈ ਵੀ ਯਾਦਗਾਰੀ ਚਿੰਨ੍ਹ ਜਾਰੀ ਕੀਤੇ।

ਇਸ ਮੌਕੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਉਸ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਸ਼ੁਰੂਆਤ ਕੀਤੀ, ਜਿਸ ਨੇ ਕੁਝ ਹਫ਼ਤੇ ਪਹਿਲਾਂ ਗੋਆ ‘ਚ ‘ਬ੍ਰਿਕਸ’ ਸਿਖ਼ਰ ਸੰਮੇਲਨ ਦਾ ਸਫ਼ਲ ਆਯੋਜਨ ਕਰਵਾਉਣ ਲਈ ਭਾਰਤ ਨੂੰ ਯੋਗ ਬਣਾਇਆ। ਪ੍ਰਧਾਨ ਮੰਤਰੀ ਨੇ ਗੋਆ ਰਾਜ ‘ਚ ਹੋਈ ਪ੍ਰਗਤੀ ਦੀ ਸ਼ਲਾਘਾ ਕੀਤੀ।

ਹਵਾਈ-ਅੱਡਾ ਪ੍ਰੋਜੈਕਟ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਖ਼ੁਸ਼ ਹਨ ਕਿ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪੇਈ ਵੱਲੋਂ ਕੀਤਾ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਗੋਆ ਨੂੰ ਲਾਭ ਪੁੱਜੇਗਾ ਅਤੇ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ।

ਇਲੈਕਟ੍ਰੌਨਿਕ ਸਿਟੀ ਪ੍ਰੋਜੈਕਟ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਡਿਜੀਟਲ ਤੌਰ ‘ਤੇ ਸਿੱਖਿਆ-ਪ੍ਰਾਪਤ, ਆਧੁਨਿਕ ਅਤੇ ਨੌਜਵਾਨਾਂ ਵੱਲੋਂ ਸੰਚਾਲਿਤ ਉਸ ਗੋਆ ਨੂੰ ਅਕਾਰ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਭਾਰਤ ਨੂੰ ਤਬਦੀਲ ਕਰ ਕੇ ਰੱਖ ਦੇਣ ਦੀ ਤਾਕਤ ਹੈ।

500 ਰੁਪਏ ਅਤੇ 1,000 ਰੁਪਏ ਦੇ ਕਰੰਸੀ ਨੋਟਾਂ ਨੂੰ ਬੰਦ ਕਰਨ ਦੇ ਕੇਂਦਰ ਸਰਕਾਰ ਦੇ ਹਾਲੀਆ ਫ਼ੈਸਲੇ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 8 ਨਵੰਬਰ ਨੂੰ ਭਾਰਤ ਦੇ ਬਹੁਤ ਸਾਰੇ ਲੋਕਾਂ ਨੂੰ ਚੈਨ ਦੀ ਨੀਂਦ ਆਈ, ਪਰ ਕੁਝ ਕੁ ਲੋਕਾਂ ਦੀ ਨੀਂਦ ਹਾਲੇ ਤੱਕ ਉੱਡੀ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਾਲੇ ਧਨ ਦਾ ਖ਼ਾਤਮਾ ਕਰਨ ਅਤੇ ਭਾਰਤ ਦੇ ਈਮਾਨਦਾਰ ਨਾਗਰਿਕਾਂ ਦੀ ਮਦਦ ਕਰਨ ਲਈ ਇੱਕ ਪ੍ਰਮੁੱਖ ਕਦਮ ਚੁੱਕਿਆ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਨੋਟ ਬੰਦ ਕਰਨ ਦੇ ਕਾਰਜ ਨੂੰ ਯਕੀਨੀ ਤੌਰ ‘ਤੇ ਸਫ਼ਲ ਬਣਾਉਣ ਲਈ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੀ ਦਰਦ ਦਾ ਅਹਿਸਾਸ ਹੈ ਅਤੇ ਚੁੱਕੇ ਗਏ ਇਹ ਕਦਮ ਕਿਸੇ ਤਰ੍ਹਾਂ ਦੇ ਹੰਕਾਰ ਦਾ ਪ੍ਰਦਰਸ਼ਨ ਨਹੀਂ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਗ਼ਰੀਬੀ ਵੇਖੀ ਹੈ ਅਤੇ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹਨ।

ਉਨ੍ਹਾਂ ਚੇਤੇ ਕਰਦਿਆਂ ਕਿਹਾ ਕਿ 2014 ‘ਚ, ਲੋਕਾਂ ਨੇ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਵਾਉਣ ਲਈ ਵੋਟਾਂ ਪਾਈਆਂ ਸਨ। ਉਨ੍ਹਾਂ ਕਾਲੇ ਧਨ ਦਾ ਖ਼ਾਤਮਾ ਕਰਨ ਲਈ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਵੱਖ-ਵੱਖ ਕਦਮਾਂ ਦਾ ਵੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਭਾਰਤ ਵਿੱਚ ਧਨ ਦੀ ਕੋਈ ਲੁੱਟ ਹੋਈ ਹੈ ਅਤੇ ਧਨ ਭਾਰਤ ਤੋਂ ਬਾਹਰ ਚਲਾ ਗਿਆ ਹੈ, ਤਾਂ ਉਸ ਨੂੰ ਲੱਭਣਾ ਸਾਡਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਉੱਚੇ ਅਹੁਦੇ ‘ਤੇ ਬੈਠਣ ਲਈ ਪੈਦਾ ਨਹੀਂ ਹੋਏ ਸਨ, ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੇ ਘਰ ਵਿੱਚ ਉਨ੍ਹਾਂ ਦਾ ਜੋ ਕੁਝ ਵੀ ਸੀ, ਉਨ੍ਹਾਂ ਨੇ ਉਸ ਨੂੰ ਦੇਸ਼ ਦੀ ਸੇਵਾ ਕਰਨ ਲਈ ਤਿਆਗ ਦਿੱਤਾ ਸੀ।

***

AKT/NT
(Release ID :153574)