ਪੀਐੱਮਇੰਡੀਆ
ਗੁਜਰਾਤ ਦੇ ਪ੍ਰਸਿੱਧ ਮੁੱਖ ਮੰਤਰੀ ਸ਼੍ਰੀ ਭੁਪੇਂਦਰ ਭਾਈ ਪਟੇਲ, ਕੇਂਦਰ ਵਿੱਚ ਮੇਰੇ ਸਹਿਯੋਗੀ ਅਸ਼ਵਿਨੀ ਵੈਸ਼ਣਵ, ਮਾਈਕ੍ਰੋਨ ਟੈਕਨਾਲੋਜੀ ਦੇ ਸੀਈਓ ਸੰਜੇ ਮੇਹਰੋਤਰਾ ਜੀ, ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਸਰਜੀਓ ਗੋਰ, ਉਪ ਮੁੱਖ ਮੰਤਰੀ ਹਰਸ਼ ਸਾਂਘਵੀ ਜੀ, ਹੋਰ ਮਾਣਯੋਗ ਦੇਵੀਓ ਅਤੇ ਸੱਜਣੋ।
ਦੁਨੀਆ ਦੀ ਸਭ ਤੋਂ ਵੱਡੀ ਅਤੇ ਸਫ਼ਲ ਏਆਈ ਸਮਿਟ ਤੋਂ ਬਾਅਦ, ਅੱਜ ਅਸੀਂ ਇੱਥੇ ਇੱਕ ਹੋਰ ਇਤਿਹਾਸਿਕ ਪੜਾਅ ਦੇ ਗਵਾਹ ਬਣ ਰਹੇ ਹਾਂ। ਏਆਈ ਸਮਿਟ ਨੇ ਜਿੱਥੇ ਦੁਨੀਆਂ ਨੂੰ ਭਾਰਤ ਦੀ ਏਆਈ ਤਾਕਤ ਨਾਲ ਜਾਣੂ ਕਰਾਇਆ, ਉੱਥੇ ਅੱਜ ਦਾ ਇਹ ਦਿਨ ਟੈਕਨਾਲੋਜੀ ਲੀਡਰਸ਼ਿਪ ਨੂੰ ਲੈ ਕੇ ਭਾਰਤ ਦੀ ਵਚਨਬੱਧਤਾ ਦਾ ਇੱਕ ਹੋਰ ਸਬੂਤ ਹੈ।
ਸਾਥੀਓ,
ਬਹੁਤ ਦੂਰ ਦੀ ਗੱਲ ਨਹੀਂ ਹੈ, 10-11 ਸਾਲ ਪਹਿਲਾਂ ਤੱਕ ਭਾਰਤ ਵਿੱਚ ਡੇਟਾ ਅਤੇ ਚਿੱਪ ਦੀ ਚਰਚਾ ਬਹੁਤ ਹੀ ਛੋਟੇ ਦਾਇਰਿਆਂ ਵਿੱਚ ਹੀ ਹੁੰਦੀ ਸੀ। ਜਦੋਂ ਟੈਕਨਾਲੋਜੀ ਦੀ ਗੱਲ ਆਉਂਦੀ ਸੀ, ਤਾਂ ਅਕਸਰ ਸਾਡੀ ਚਰਚਾ, ਮੁੱਖ ਤੌਰ ’ਤੇ ਆਈਟੀ ਸੇਵਾਵਾਂ ਦੇ ਆਲੇ-ਦੁਆਲੇ ਹੀ ਰਹਿੰਦੀ ਸੀ। ਅਤੇ ਅੱਜ ਦੇਖੋ, ਸੌਫਟਵੇਅਰ ਦੇ ਲਈ ਜਾਣਿਆ ਜਾਂਦਾ ਭਾਰਤ, ਹੁਣ ਹਾਰਡਵੇਅਰ ਦੇ ਖੇਤਰ ਵਿੱਚ ਵੀ ਆਪਣੀ ਪਹਿਚਾਣ ਨੂੰ ਸਸ਼ਕਤ ਕਰ ਰਿਹਾ ਹੈ। ਅੱਜ ਸਾਣੰਦ ਵਿੱਚ ਅਸੀਂ ਨਵੇਂ ਭਵਿੱਖ ਦਾ ਉਭਾਰ ਹੁੰਦੇ ਦੇਖ ਰਹੇ ਹਾਂ। ਮਾਈਕ੍ਰੋਨ ਦੀ ਇਸ ਏਟੀਐੱਮਪੀ ਫੈਸਿਲਿਟੀ ਵਿੱਚ ਵਣਜ ਉਤਪਾਦਨ ਦੀ ਸ਼ੁਰੂਆਤ, ਗਲੋਬਲ ਟੈਕਨਾਲੋਜੀ ਵੈਲੀਉ ਚੇਨ ਵਿੱਚ ਭਾਰਤ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਵਾਲੀ ਹੈ।
ਸਾਥੀਓ,
ਅੱਜ ਭਾਰਤ ਬਹੁਤ ਤੇਜ਼ੀ ਨਾਲ ਗਲੋਬਲ ਸੈਮੀਕੰਡਕਟਰ ਵੈਲੀਉ ਚੇਨ ਦਾ ਹਿੱਸਾ ਬਣ ਰਿਹਾ ਹੈ। ਮੈਂ ਮਾਈਕ੍ਰੋਨ ਦੀ ਪੂਰੀ ਟੀਮ ਨੂੰ, ਭੁਪੇਂਦਰ ਭਾਈ ਦੀ ਅਗਵਾਈ ਵਾਲੀ ਗੁਜਰਾਤ ਸਰਕਾਰ ਨੂੰ, ਸਾਰੇ ਇੰਜੀਨੀਅਰਾਂ, ਟੈਕਨੀਸ਼ੀਅਨਾਂ ਅਤੇ ਵਰਕਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਮਾਈਕ੍ਰੋਨ ਦੀ ਇਹ ਫੈਸਿਲਿਟੀ ਭਾਰਤ ਦੇ ਨਵੇਂ ਮਿਜ਼ਾਜ ਦੀ ਵੀ, ਉਸਦਾ ਵੀ ਇੱਕ ਸ਼ਾਨਦਾਰ ਉਦਾਹਰਣ ਹੈ। ਅੱਜ ਦਾ ਭਾਰਤ, ਨੀਤੀ ਤੋਂ ਲੈ ਕੇ ਉਤਪਾਦਨ ਤੱਕ ਕਿਸ ਅਪਰੋਚ ਨਾਲ ਅੱਗੇ ਵਧ ਰਿਹਾ ਹੈ, ਉਹ ਇੱਥੇ ਦਿਖਦਾ ਹੈ। ਤੁਸੀਂ ਯਾਦ ਕਰੋ, ਜੂਨ 2023, ਇਸ ਫੈਸਿਲਿਟੀ ਲਈ ਸਹਿਮਤੀ ਪੱਤਰ ’ਤੇ ਦਸਤਖ਼ਤ ਹੋਏ। ਇਸ ਤੋਂ ਬਾਅਦ ਸਤੰਬਰ, 2023 ਸਾਣੰਦ ਵਿੱਚ ਇਸ ਫੈਸਿਲਿਟੀ ਦੀ ਗ੍ਰਾਊਂਡਬ੍ਰੇਕਿੰਗ ਹੋਈ। ਫਿਰ ਫ਼ਰਵਰੀ, 2024 ਇੱਥੇ ਪਾਇਲਟ ਫੈਸਿਲਿਟੀ ਵਿੱਚ ਮਸ਼ੀਨਾਂ ਲੱਗਣ ਲੱਗੀਆਂ। ਅਤੇ ਅੱਜ ਫ਼ਰਵਰੀ, 2026 ਵਿੱਚ ਇਸ ਫੈਸਿਲਿਟੀ ਵਿੱਚ ਵਣਜ ਉਤਪਾਦਨ ਵੀ ਸ਼ੁਰੂ ਹੋ ਗਿਆ।
ਸਾਥੀਓ,
ਜੋ ਵੀ ਇਸ ਸੈਕਟਰ ਨੂੰ ਦੇਖਦੇ ਹਨ, ਸਮਝਦੇ ਹਨ, ਉਹ ਇਸ ਰਫ਼ਤਾਰ ਦੇ ਮਾਅਨੇ ਜਾਣ ਸਕਦੇ ਹਨ। ਦੁਨੀਆਂ ਦੇ ਵਿਕਸਿਤ ਦੇਸ਼ਾਂ ਵਿੱਚ ਵੀ, ਅਡਵਾਂਸ ਪ੍ਰਾਈਸਿੰਗ ਐਗਰੀਮੈਂਟ ਜਿਹੇ ਟੈਕਸ ਸਮਝੌਤਿਆਂ ਨੂੰ 3 ਤੋਂ 5 ਸਾਲ ਲੱਗ ਜਾਂਦੇ ਹਨ। ਇਹ ਬਹੁਤ ਗੁੰਝਲਦਾਰ ਪ੍ਰਕਿਰਿਆ ਹੁੰਦੀ ਹੈ। ਪਰ ਭਾਰਤ ਨੇ ਕੁਝ ਹੀ ਮਹੀਨਿਆਂ ਵਿੱਚ ਇਸ ਨੂੰ ਕਲੀਅਰ ਕਰ ਦਿੱਤਾ। ਜਦੋਂ ਨੀਅਤ ਸਾਫ਼ ਹੋਵੇ, ਸਮਰਪਣ ਦੇਸ਼ ਦੇ ਤੇਜ਼ ਵਿਕਾਸ ਪ੍ਰਤੀ ਹੋਵੇ, ਓਦੋਂ ਨੀਤੀ ਵੀ ਸਪਸ਼ਟ ਬਣਦੀ ਹੈ ਅਤੇ ਫ਼ੈਸਲਿਆਂ ਵਿੱਚ ਵੀ ਗਤੀ ਆ ਹੀ ਜਾਂਦੀ ਹੈ।
ਸਾਥੀਓ,
ਮੈਂ ਮਾਈਕ੍ਰੋਨ ਦੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਦਾ ਹਾਂ, ਮੇਰੇ ਮਿੱਤਰ ਸੰਜੇ ਨੂੰ ਮੈਂ ਜਿੰਨੀ ਵਧਾਈ ਦੇਵਾਂ, ਉਨੀ ਘੱਟ ਹੈ। ਅੱਜ ਮੈਨੂੰ ਸੰਜੇ ਨੇ ਹੈਰਾਨ ਕਰ ਦਿੱਤਾ, ਕਿਉਂਕਿ ਸੰਜੇ ਜਦੋਂ ਮਿਲਦੇ ਹਨ, ਤਾਂ ਬਹੁਤ ਘੱਟ ਬੋਲਦੇ ਹਨ, ਅੱਜ ਭਾਸ਼ਣ ਸੁਣ ਕੇ ਮੈਂ ਇੱਕ ਹੋਰ ਸੰਜੇ ਨਾਲ ਜਾਣੂ ਹੋ ਗਿਆ। ਉਨ੍ਹਾਂ ਨੇ ਭਾਰਤ ’ਤੇ ਲਗਾਤਾਰ ਭਰੋਸਾ ਕੀਤਾ। ਮੈਂ ਭਾਈ ਸੰਜੇ ਜੀ ਦੀ ਖ਼ਾਸ ਸ਼ਲਾਘਾ ਕਰਾਂਗਾ, ਮੈਨੂੰ ਯਾਦ ਹੈ ਕਿ ਬੀਤੇ ਸਾਲਾਂ ਵਿੱਚ ਜਦੋਂ ਵੀ ਅਸੀਂ ਮਿਲੇ ਹਾਂ, ਤਾਂ ਇਹ ਭਾਰਤ ਦੇ ਸੈਮੀਕੰਡਕਟਰ ਈਕੋਸਿਸਟਮ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਰਹੇ ਹਨ। ਅੱਜ ਇਨ੍ਹਾਂ ਦੀ ਲੀਡਰਸ਼ਿਪ, ਭਾਰਤ ’ਤੇ ਇਨ੍ਹਾਂ ਦਾ ਭਰੋਸਾ, ਇੱਥੇ ਇੱਕ ਨਵੀਂ ਉਚਾਈ ਪ੍ਰਾਪਤ ਕਰਦਾ ਦਿਖ ਰਿਹਾ ਹੈ। ਭਾਰਤ ਵਿੱਚ ਨਿਯੁਕਤੀ ਤੋਂ ਬਾਅਦ, ਅੰਬੈਸਡਰ ਗੋਰ ਵੀ, ਸ਼ਾਇਦ ਪਹਿਲੀ ਵਾਰ ਗੁਜਰਾਤ ਆਏ ਹਨ। ਅਤੇ ਉਹ ਰਸਮੀ ਤੌਰ ’ਤੇ ਅੰਬੈਸਡਰ ਬਣਨ ਤੋਂ ਬਾਅਦ, ਅੱਜ ਮੇਰੀ ਪਹਿਲੀ ਮੁਲਾਕਾਤ ਹੈ ਅਤੇ ਉਹ ਵੀ ਮੇਰੀ ਕਰਮਭੂਮੀ ਵਿੱਚ ਹੋ ਰਹੀ ਹੈ। ਮੈਨੂੰ ਭਰੋਸਾ ਹੈ ਕਿ ਤੁਸੀਂ ਸਾਡੀ ਮਹਿਮਾਨ-ਨਿਵਾਜ਼ੀ ਦਾ ਭਰਪੂਰ ਆਨੰਦ ਲਵੋਂਗੇ।
ਸਾਥੀਓ,
ਮਾਈਕ੍ਰੋਨ ਦੀ ਇਹ ਫੈਸਿਲਿਟੀ, ਅੱਜ ਦਾ ਇਹ ਸਮਾਗਮ, ਇਹ ਭਾਰਤ ਅਤੇ ਅਮਰੀਕਾ ਦੇ ਵਿੱਚ ਮਜ਼ਬੂਤ ਸਹਿਯੋਗ ਅਤੇ ਸਾਂਝੇਦਾਰੀ ਦਾ ਵੀ ਸਬੂਤ ਹੈ। ਖ਼ਾਸ ਤੌਰ ’ਤੇ ਏਆਈ ਅਤੇ ਚਿੱਪ ਜਿਹੀ ਟੈਕਨਾਲੋਜੀ ਦੇ ਖੇਤਰ ਵਿੱਚ ਭਾਰਤ ਅਤੇ ਅਮਰੀਕਾ ਦੀ ਸਾਂਝੇਦਾਰੀ ਬਹੁਤ ਅਹਿਮ ਹੈ। ਅੱਜ ਪੂਰੀ ਦੁਨੀਆ ਮਨੁੱਖਤਾ ਦੇ ਬਿਹਤਰ ਭਵਿੱਖ ਨਾਲ ਜੁੜੀਆਂ, ਇਨ੍ਹਾਂ ਦੋਵੇਂ ਟੈਕਨਾਲੋਜੀਆਂ ਦੀ ਸਪਲਾਈ ਚੇਨ ਨੂੰ ਸੁਰੱਖਿਅਤ ਕਰਨਾ ਚਾਹੁੰਦੀ ਹੈ। ਅਤੇ ਦੁਨੀਆਂ ਦੀਆਂ ਦੋ ਵੱਡੀਆਂ ਡੈਮੋਕਰੇਸੀਜ, ਭਾਰਤ ਅਤੇ ਅਮਰੀਕਾ ਇਸਦੇ ਲਈ ਲਗਾਤਾਰ ਯਤਨ ਕਰ ਰਹੀਆਂ ਹਨ। ਏਆਈ ਸਮਿਟ ਦੇ ਦੌਰਾਨ, ਭਾਰਤ ਅਤੇ ਅਮਰੀਕਾ ਵਿਚਕਾਰ ਹੋਇਆ ਪੈਕਸ ਸਿਲਿਕਾ ਨਾਲ ਜੁੜਿਆ ਸਮਝੌਤਾ, ਇਸੇ ਦਿਸ਼ਾ ਵਿੱਚ ਕੀਤਾ ਗਿਆ ਇੱਕ ਹੋਰ ਯਤਨ ਹੈ। ਸਾਡੇ ਸਾਂਝੇ ਯਤਨ, ਕ੍ਰਿਟਿਕਲ ਮਿਨਰਲਸ ਦੀ ਗਲੋਬਲ ਸਪਲਾਈ ਚੇਨ ਨੂੰ ਵੀ ਵਧੇਰੇ ਸੁਰੱਖਿਅਤ, ਵਧੇਰੇ ਭਰੋਸੇਮੰਦ ਬਣਾਉਣਗੇ।
ਸਾਥੀਓ,
20ਵੀਂ ਸਦੀ ਤੱਕ ਦੁਨੀਆ ਨੇ ਉਦਯੋਗਿਕ ਕ੍ਰਾਂਤੀ ਦਾ ਦੌਰ ਦੇਖਿਆ ਹੈ। ਉਸ ਸਮੇਂ ਜੋ ਦੇਸ਼, ਕਾਰਖਾਨਿਆਂ, ਮਸ਼ੀਨਾਂ ਅਤੇ ਵੱਡੇ ਉਤਪਾਦਨ ਵਿੱਚ ਅੱਗੇ ਸੀ, ਉਨ੍ਹਾਂ ਨੇ ਤੇਜ਼ੀ ਨਾਲ ਤਰੱਕੀ ਕੀਤੀ। ਪਰ ਇਹ ਸਦੀ, ਏਆਈ ਕ੍ਰਾਂਤੀ ਦੀ ਸਦੀ ਹੈ। ਸੈਮੀਕੰਡਕਟਰ ਇਸੇ ਬਦਲਾਅ ਦਾ ਵੱਡਾ ਪੁਲ਼ ਹੈ। ਛੋਟੀ ਜਿਹੀ ਚਿੱਪ, ਉਦਯੋਗਿਕ ਕ੍ਰਾਂਤੀ ਅਤੇ ਏਆਈ ਕ੍ਰਾਂਤੀ, ਦੋਵਾਂ ਨੂੰ ਜੋੜਨ ਵਾਲਾ ਜ਼ਰੀਆ ਹੈ। ਜੇਕਰ ਪਿਛਲੀ ਸਦੀ ਦਾ ਰੈਗੂਲੇਟਰ ਤੇਲ ਸੀ, ਤਾਂ ਇਸ ਸਦੀ ਦਾ ਰੈਗੂਲੇਟਰ, ਮਾਈਕ੍ਰੋ ਚਿੱਪ ਹੋਣ ਵਾਲੀ ਹੈ।
ਸਾਥੀਓ,
ਇਸੇ ਸੋਚ ਦੇ ਨਾਲ, ਭਾਰਤ ਨੇ ਸੈਮੀਕੰਡਕਟਰ ਸੈਕਟਰ ਵਿੱਚ ਤੇਜ਼ੀ ਨਾਲ ਅੱਗੇ ਵਧਣ ਦਾ ਫ਼ੈਸਲਾ ਕੀਤਾ ਸੀ। ਤੁਸੀਂ ਯਾਦ ਕਰੋ, ਜਦੋਂ ਦੁਨੀਆਂ ਕੋਵਿਡ ਦੇ ਕਹਿਰ ਨਾਲ ਜੂਝ ਰਹੀ ਸੀ, ਓਦੋਂ ਭਾਰਤ ਨੇ ਸੈਮੀਕੰਡਕਟਰ ਮਿਸ਼ਨ ਦਾ ਐਲਾਨ ਕੀਤਾ ਸੀ। ਇਸ ਦੌਰਾਨ ਇੱਥੇ ਬੈਠੇ ਅਨੇਕਾਂ ਸਾਥੀ, ਵੱਖ-ਵੱਖ ਟੀਮਾਂ, ਇੱਕ ਤੋਂ ਬਾਅਦ ਇੱਕ ਬੈਠਕਾਂ ਕਰ ਰਹੀਆਂ ਸੀ। ਮਹਾਮਾਰੀ ਦੌਰਾਨ ਜਦੋਂ ਸਭ ਕੁਝ ਖਿੱਲਰਦਾ ਹੋਇਆ ਜਾਪ ਰਿਹਾ ਸੀ, ਓਦੋਂ ਅਸੀਂ ਦ੍ਰਿੜ੍ਹ ਵਿਸ਼ਵਾਸ ਨਾਲ ਜੋ ਬੀਜ ਬੀਜੇ ਸੀ, ਉਹ ਹੁਣ ਵਧ-ਫੁੱਲ ਰਹੇ ਹਨ।
ਸਾਥੀਓ,
ਹੁਣ ਤੱਕ ਸੈਮੀਕੌਨ ਇੰਡੀਆ ਪ੍ਰੋਗਰਾਮ ਦੇ ਤਹਿਤ, ਕੁੱਲ 10 ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚੋਂ ਮਾਈਕ੍ਰੋਨ ਤੋਂ ਇਲਾਵਾ, ਤਿੰਨ ਹੋਰ ਪ੍ਰਾਜੈਕਟ ਵੀ ਬਹੁਤ ਜਲਦ ਉਤਪਾਦਨ ਸ਼ੁਰੂ ਕਰਨ ਵਾਲੇ ਹਨ। ਅਤੇ ਅਸੀਂ ਜੋ ਸੈਮੀਕੰਡਕਟਰ ਈਕੋਸਿਸਟਮ ਬਣਾ ਰਹੇ ਹਾਂ, ਉਹ ਕਿਸੇ ਇੱਕ ਖੇਤਰ ਤੱਕ ਸੀਮਤ ਨਹੀਂ ਹੈ, ਇਹ ਪੈਨ ਇੰਡੀਆ ਹੈ। ਯਾਨੀ ਵਿਕਸਿਤ ਭਾਰਤ ਦੇ ਨਵੇਂ ਟੈੱਕ ਹੱਬਸ ਦੇਸ਼ ਦੇ ਹਰ ਹਿੱਸੇ ਵਿੱਚ ਵਿਕਸਿਤ ਕੀਤੇ ਜਾ ਰਹੇ ਹਨ। ਇੱਥੇ ਸਾਣੰਦ ਤੋਂ ਇਲਾਵਾ ਧੋਲੇਰਾ ਵਿੱਚ ਵੀ ਬਹੁਤ ਵੱਡੇ ਪੱਧਰ ’ਤੇ ਕੰਮ ਚੱਲ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਵੀ ਨਵੀਂ ਫੈਸਿਲਿਟੀ ’ਤੇ ਕੰਮ ਸ਼ੁਰੂ ਹੋਇਆ ਹੈ। ਅਸਾਮ, ਓਡੀਸ਼ਾ ਅਤੇ ਪੰਜਾਬ ਵਿੱਚ ਵੀ ਸੈਮੀਕੰਡਕਟਰ ਯੂਨਿਟਸ ’ਤੇ ਕੰਮ ਚੱਲ ਰਿਹਾ ਹੈ।
ਸਾਥੀਓ,
ਅੱਜ ਪੂਰੀ ਦੁਨੀਆ ਦੇ ਨਿਵੇਸ਼ਕਾਂ ਲਈ ਭਾਰਤ ਦਾ ਇੱਕ ਹੀ ਸੁਨੇਹਾ ਹੈ, ਭਾਰਤ ਤਿਆਰ ਹੈ। ਭਾਰਤ ਭਰੋਸੇਮੰਦ ਹੈ ਅਤੇ ਭਾਰਤ ਨਤੀਜੇ ਦਿੰਦਾ ਹੈ।
ਸਾਥੀਓ,
ਤੁਸੀਂ ਜਾਣਦੇ ਹੋ ਕਿ ਸੈਮੀਕੰਡਕਟਰ ਈਕੋਸਿਸਟਮ ਦਾ ਮਤਲਬ ਸਿਰਫ਼ ਇੱਕ ਫੈਕਟਰੀ ਨਹੀਂ ਹੁੰਦਾ ਹੈ। ਇਹ ਈਕੋਸਿਸਟਮ, ਮਸ਼ੀਨ ਬਣਾਉਣ ਵਾਲੇ, ਡਿਜ਼ਾਇਨ ਇੰਜੀਨੀਅਰ, ਖੋਜ ਅਦਾਰੇ, ਲੌਜਿਸਟਿਕਸ ਨੈੱਟਵਰਕ ਅਤੇ ਹੁਨਰਮੰਦ ਟੈਕਨੀਸ਼ੀਅਨ, ਅਜਿਹੀਆਂ ਅਨੇਕਾਂ ਪਰਤਾਂ ਨਾਲ ਮਿਲ ਕੇ ਬਣਦਾ ਹੈ। ਸਭ ਦੇ ਤਾਲਮੇਲ ਨਾਲ ਇੱਕ ਚਿੱਪ ਤਿਆਰ ਹੁੰਦੀ ਹੈ। ਭਾਰਤ ਵੀ, ਸੈਮੀਕੰਡਕਟਰ ਈਕੋਸਿਸਟਮ ਦੀ ਪੂਰੀ ਵੈਲੀਉ ਚੇਨ ’ਤੇ ਫੋਕਸ ਕਰ ਰਿਹਾ ਹੈ। ਇਸ ਸਾਲ ਦੇ ਬਜਟ ਵਿੱਚ ਅਸੀਂ ਇੰਡੀਆ ਸੈਮੀਕੰਡਕਟਰ ਮਿਸ਼ਨ 2.0 ਦਾ ਐਲਾਨ ਕੀਤਾ ਹੈ। ਇਸਦਾ ਮਕਸਦ ਵੀ ਇਹੀ ਹੈ। ਜਿਵੇਂ-ਜਿਵੇਂ ਉਤਪਾਦਨ ਵਧੇਗਾ, ਉਵੇਂ-ਉਵੇਂ ਭਾਰਤ ਵਿੱਚ ਹੀ ਸਮੱਗਰੀਆਂ, ਘਟਕਾਂ ਅਤੇ ਸੇਵਾਵਾਂ ਦੀ ਮੰਗ ਵਧੇਗੀ। ਇਹੀ ਸਭ ਤੋਂ ਵੱਡਾ ਮੌਕਾ ਹੈ।
ਸਾਥੀਓ,
ਭਾਰਤ ਦੀ ਇੱਕ ਹੋਰ ਵੱਡੀ ਖ਼ਾਸੀਅਤ, ਸਾਡੇ ਮੈਨੁਫੈਕਚਰਿੰਗ ਅੰਬੀਸ਼ੰਨਸ ਹਨ। ਭਾਰਤ ਦੀ ਇੱਕ ਬਹੁਤ ਵੱਡੀ ਆਬਾਦੀ ਹੈ, ਜੋ ਗੈਜੇਟ੍ਸ ਦੀ ਪਹਿਲੀ ਵਾਰ ਯੂਜ਼ਰ ਬਣਦੀ ਜਾ ਰਹੀ ਹੈ। ਇਲੈਕਟ੍ਰੌਨਿਕਸ ਹੋਵੇ, ਆਟੋਮੋਬਾਇਲ ਹੋਵੇ ਜਾਂ ਫਿਰ ਹੋਰ ਟੈਕਨਾਲੋਜੀ, ਭਾਰਤ ਵਿੱਚ ਮੰਗ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਯਾਨੀ ਮੇਕ ਇਨ ਇੰਡੀਆ, ਹੁਣ ਫੁੱਲ ਸਵਿੰਗ ਵਿੱਚ ਅੱਗੇ ਵਧ ਰਿਹਾ ਹੈ। ਤੁਸੀਂ ਸਾਡਾ ਇਲੈਕਟ੍ਰੌਨਿਕਸ ਸੈਕਟਰ ਹੀ ਦੇਖ ਲਓ, ਬੀਤੇ 11 ਸਾਲਾਂ ਵਿੱਚ ਇਲੈਕਟ੍ਰੌਨਿਕਸ ਉਤਪਾਦਨ ਅਤੇ ਨਿਰਯਾਤ ਕਈ ਗੁਣਾ ਵਧਿਆ ਹੈ। ਹੁਣ ਭਾਰਤ, ਕੰਪੋਨੈਂਟਸ ਤੋਂ ਲੈ ਕੇ ਫਿਨਿਸ਼ਡ ਪ੍ਰੋਡਕਟ ਤੱਕ, ਦੇਸ਼ ਵਿੱਚ ਹੀ ਬਣਾਉਣ ਵਿੱਚ ਲੱਗਿਆ ਹੈ। ਜਿਵੇਂ-ਜਿਵੇਂ ਇਲੈਕਟ੍ਰੌਨਿਕਸ ਕੰਪੋਨੈਂਟ ਮੈਨੁਫੈਕਚਰਿੰਗ ਦਾ ਦਾਇਰਾ ਵਧਦਾ ਜਾਵੇਗਾ, ਤਾਂ ਸੈਮੀਕੰਡਕਟਰਸ ਦੀ ਘਰੇਲੂ ਮੰਗ ਵੀ ਉਨੀ ਹੀ ਵਧਦੀ ਜਾਵੇਗੀ। ਯਾਨੀ ਭਾਰਤ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਘਰੇਲੂ ਮਾਰਕਿਟ ਅਤੇ ਗਲੋਬਲ ਮੌਕੇ ਦੋਵੇਂ ਸਾਹਮਣੇ ਖੜ੍ਹੇ ਹਨ।
ਸਾਥੀਓ,
ਸਾਣੰਦ ਦੇ ਇਸ ਪੂਰੇ ਖੇਤਰ ਨਾਲ ਮੇਰਾ ਖ਼ਾਸ ਪਿਆਰ ਰਿਹਾ ਹੈ। ਸਾਣੰਦ ਤਾਂ ਉਹ ਧਰਤੀ ਹੈ, ਜੋ ਮਿੱਟੀ ਨੂੰ ਵੀ ਸੋਨਾ ਬਣਾ ਦਿੰਦੀ ਹੈ। ਇਹ ਮੈਂ ਤੁਹਾਨੂੰ ਆਪਣੇ ਤਜਰਬੇ ਨਾਲ ਦੱਸ ਰਿਹਾ ਹਾਂ। ਇੱਥੇ ਜੋ ਥੋੜ੍ਹੇ ਲੋਕ ਜੇਕਰ ਸਾਣੰਦ ਦੇ ਬੈਠੇ ਹੋਣਗੇ, ਇੱਕ ਸਮਾਂ ਸੀ, ਜਦੋਂ ਮੈਂ ਕਦੇ ਬੱਸ ਰਾਹੀਂ ਇੱਥੇ ਆਉਂਦਾ ਸੀ ਅਤੇ ਸਾਈਕਲ ’ਤੇ ਇੱਥੇ ਦੀਆਂ ਗਲੀਆਂ ਵਿੱਚ ਘੁੰਮਦਾ ਰਹਿੰਦਾ ਸੀ, ਇਹ ਛੋਟਾ ਜਿਹਾ ਕਸਬਾ ਸੀ, ਇੱਥੋਂ ਸਾਈਕਲ ਲੈ ਕੇ ਉੱਪਰ ਤੱਕ ਜਾਂਦਾ ਸੀ, ਯਾਨੀ ਇੱਕ ਤਰ੍ਹਾਂ ਨਾਲ ਇਹ ਮੇਰਾ ਕਾਰਜ ਖੇਤਰ ਰਿਹਾ ਹੈ, ਲੰਬੇ ਸਮੇਂ ਤੱਕ। ਅਤੇ ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਸਾਣੰਦ ਨੂੰ ਬਦਲਦੇ ਹੋਏ ਦੇਖਿਆ ਹੈ। ਕਿਸੇ ਜ਼ਮਾਨੇ ਦਾ ਇੱਕ ਛੋਟਾ ਕਸਬਾ, ਅੱਜ ਇੱਕ ਬਹੁਤ ਵੱਡੇ ਸ਼ਹਿਰ ਵਿੱਚ ਤਬਦੀਲ ਹੋ ਰਿਹਾ ਹੈ। ਅਤੇ ਸ਼ੁਰੂ ਕਿੱਥੋਂ ਹੋਇਆ ਇੱਕ ਰੁਪਏ ਦਾ ਐੱਸਐੱਮਐੱਸ, ਇੱਕ ਰੁਪਏ ਦਾ। ਮੈਂ ਰਤਨ ਟਾਟਾ ਜੀ ਨੂੰ ਇੱਕ ਐੱਸਐੱਮਐੱਸ ਕੀਤਾ ਸੀ, ਵੈਲਕਮ, ਸਵਾਗਤਮ, ਮੈਂ ਲਿਖਿਆ ਸੀ ਸਵਾਗਤਮ। ਇੱਕ ਰੁਪਏ ਦਾ ਨਿਵੇਸ਼, ਇਹ ਗੁੱਜੂ ਕੀ ਕਰ ਸਕਦਾ ਹੈ ਦੇਖ ਲਓ।
ਸਾਥੀਓ,
ਸਾਣੰਦ ਨੂੰ ਮੈਂ ਇੱਕ ਕਾਰ ਫੈਕਟਰੀ ਨਾਲ, ਦੇਸ਼ ਦਾ ਵੱਡਾ ਆਟੋਮੋਬਾਇਲ ਹੱਬ ਬਣਦੇ ਹੋਏ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਅਤੇ ਮੈਨੂੰ ਯਾਦ ਹੈ, ਜਦੋਂ ਇੱਥੇ ਵੱਡੀ ਆਟੋਮੋਬਾਇਲ ਕੰਪਨੀ ਆਈ ਸੀ, ਤਾਂ ਉਸਦੇ ਨਾਲ ਪੂਰਾ ਈਕੋਸਿਸਟਮ ਵਿਕਸਿਤ ਹੋਇਆ ਸੀ। ਇੱਕ ਕੰਪਨੀ ਦੇ ਆਉਣ ਨਾਲ, ਇੱਥੇ ਇੰਨੀਆਂ ਸਾਰੀਆਂ ਸਹਾਇਕ ਇਕਾਈਆਂ ਆਈਆਂ। ਸਪਲਾਇਅਰ ਨੈੱਟਵਰਕ ਖੜ੍ਹਾ ਹੋਇਆ, ਸਥਾਨਕ ਉਦਯੋਗ ਮਜ਼ਬੂਤ ਹੋਏ ਅਤੇ ਰੁਜ਼ਗਾਰ ਅਤੇ ਨਿਵੇਸ਼ ਦੋਵੇਂ ਵਧੇ। ਅਤੇ ਮੈਂ ਇੱਥੇ, ਜੋ ਸਾਥੀ ਦੇਸ਼ ਅਤੇ ਦੁਨੀਆ ਤੋਂ ਕੰਮ ਕਰਨ ਲਈ ਆ ਰਹੇ ਹਨ। ਇਹ ਗੱਲ ਸਹੀ ਹੈ ਕਿ ਛੋਟਾ ਜਿਹਾ ਕਸਬਾ, ਅਚਾਨਕ ਦੁਨੀਆਂ ਦੇ ਨਕਸ਼ੇ ’ਤੇ ਉਸਨੇ ਆਪਣੀ ਜਗ੍ਹਾ ਬਣਾ ਲਈ ਹੈ। ਵਿਕਾਸ ਅਤੇ ਸਹੂਲਤਾਂ ਜੋ ਚਾਹੀਦੀਆਂ ਹਨ, ਸ਼ਾਇਦ ਅੱਜ ਵੀ ਤੁਹਾਡੇ ਮਨ ਵਿੱਚ ਰਹਿੰਦਾ ਹੋਵੇਗਾ, ਕਿ ਇਹ ਹੁੰਦਾ ਤਾਂ ਚੰਗਾ ਹੁੰਦਾ, ਉਹ ਹੁੰਦਾ ਤਾਂ ਚੰਗਾ ਹੁੰਦਾ।
ਮੈਂ ਤੁਹਾਨੂੰ ਭਰੋਸਾ ਦਵਾਉਂਦਾ ਹਾਂ ਸਾਥੀਓ,
ਤੁਸੀਂ ਜਿਸ ਲਾਈਫ ਸਟਾਈਲ ਨੂੰ ਚਾਹੁੰਦੇ ਹੋ, ਤੁਸੀਂ ਜੋ ਸੋਸ਼ਲ ਲਾਈਫ ਚਾਹੁੰਦੇ ਹੋ, ਤੁਸੀਂ ਜਿਸ ਤਰ੍ਹਾਂ ਨਾਲ ਜ਼ਿੰਦਗੀ ਜਿਉਣਾ ਚਾਹੁੰਦੇ ਹੋ, ਇਹ ਗੁਜਰਾਤ ਹੈ, ਉਹ ਵੀ ਬਣਾ ਕੇ ਦੇਵੇਗਾ। ਤੁਹਾਨੂੰ ਕੋਈ ਕਮੀ ਅਸੀਂ ਮਹਿਸੂਸ ਨਹੀਂ ਹੋਣ ਦੇਵਾਂਗੇ। ਹੁਣ ਉਸੇ ਤਰ੍ਹਾਂ, ਮਾਈਕ੍ਰੋਨ ਦੀ ਇਹ ਸ਼ੁਰੂਆਤੀ ਫੈਸਿਲਿਟੀ ਵੀ, ਇੱਕ ਨਵੇਂ ਈਕੋਸਿਸਟਮ ਦਾ ਵਿਸਤਾਰ ਕਰਨ ਵਾਲੀ ਹੈ। ਮੈਨੂੰ ਪੂਰਾ ਭਰੋਸਾ ਹੈ, ਆਉਣ ਵਾਲੇ ਸਮੇਂ ਵਿੱਚ ਸੈਮੀਕੰਡਕਟਰ ਸੈਕਟਰ ਵਿੱਚ ਵੀ ਸਾਣੰਦ ਆਪਣੀ ਸਫ਼ਲਤਾ ਦਾ ਇੱਕ ਨਵਾਂ ਅਧਿਆਇ ਲਿਖੇਗਾ।
ਸਾਥੀਓ,
ਮਾਈਕ੍ਰੋਨ ਦੀ ਡੀ-ਰੈਮ ਅਤੇ ਨੈਂਡ ਸਲਿਊਸ਼ਨਸ, ਦੁਨੀਆ ਭਰ ਦੇ ਡੇਟਾ ਕੇਂਦਰਾਂ, ਏਆਈ ਐਪਲੀਕੇਸ਼ਨਾਂ, ਮੋਬਾਇਲ ਡਿਵਾਈਸਾਂ ਅਤੇ ਐਡਵਾਂਸ ਕੰਪਿਊਟਿੰਗ ਸਿਸਟਮਸ ਨੂੰ ਤਾਕਤ ਦਿੰਦੇ ਹਨ। ਹੁਣ ਇਹ ਇੱਥੇ ਹੀ, ਇਸੇ ਸਾਣੰਦ ਦੀ ਧਰਤੀ ’ਤੇ ਬਣਨਗੇ। ਇੱਥੇ ਐਡਵਾਂਸ ਵੇਫਰਾਂ ਨੂੰ ਉੱਚ-ਗੁਣਵੱਤਾ ਵਾਲੇ ਮੈਮੋਰੀ ਅਤੇ ਸਟੋਰੇਜ ਉਤਪਾਦਾਂ ਵਿੱਚ ਬਦਲਿਆ ਜਾਵੇਗਾ। ਇਸ ਪਲਾਂਟ ਵਿੱਚ ਹੁਣ ਸੈਂਕੜੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਆਉਣ ਵਾਲੇ ਸਮੇਂ ਵਿੱਚ ਇਸ ਵਿੱਚ ਹੋਰ ਜ਼ਿਆਦਾ ਵਿਸਤਾਰ ਹੋਵੇਗਾ।
ਸਾਥੀਓ,
ਇੱਥੇ ਤੁਸੀਂ ਜੋ ਕਲੀਨਰੂਮ ਸਪੇਸ ਬਣਾ ਰਹੇ ਹੋ, ਉਹ ਦੁਨੀਆਂ ਦੇ ਸਭ ਤੋਂ ਵੱਡੇ ਏਟੀਐੱਮਪੀ ਕਲੀਨਰੂਮਸ ਵਿੱਚੋਂ ਇੱਕ ਹੋਣ ਜਾ ਰਿਹਾ ਹੈ। ਇਹ ਪਲਾਂਟ, ਤਰੱਕੀ ਅਤੇ ਕੁਦਰਤ ਦੇ ਤਾਲਮੇਲ ਦਾ ਵੀ ਬਿਹਤਰੀਨ ਉਦਾਹਰਣ ਹੈ। ਪਾਣੀ ਘੱਟ ਤੋਂ ਘੱਟ ਖ਼ਰਚ ਹੋਵੇ, ਇਸਦੇ ਲਈ ਜੋ ਪ੍ਰਬੰਧ ਤੁਸੀਂ ਕੀਤੇ ਹਨ, ਉਹ ਵੀ ਸ਼ਲਾਘਾਯੋਗ ਹਨ।
ਸਾਥੀਓ,
ਮੈਂ ਗੁਜਰਾਤ ਸਰਕਾਰ ਦੀਆਂ ਨੀਤੀਆਂ ਦੀ ਵੀ ਸ਼ਲਾਘਾ ਕਰਾਂਗਾ। ਗੁਜਰਾਤ ਨੇ ਸੈਮੀਕੰਡਕਟਰ ਸੈਕਟਰ ਲਈ ਜੋ ਨੀਤੀਆਂ ਬਣਾਈਆਂ ਸੀ, ਉਨ੍ਹਾਂ ਦਾ ਫ਼ਾਇਦਾ ਹੁਣ ਜ਼ਮੀਨ ’ਤੇ ਦਿਖ ਰਿਹਾ ਹੈ। ਭੁਪੇਂਦਰ ਭਾਈ ਦੀ ਸਰਕਾਰ ਦੀ ਪ੍ਰੋਡਕਟਿਵ ਅਪਰੋਚ ਕਾਰਨ, ਗੁਜਰਾਤ ਟੈਕਨਾਲੋਜੀ ਦੇ ਖੇਤਰ ਵਿੱਚ ਵੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਮਨਜੂਰੀਆਂ ਹੋਣ, ਜ਼ਮੀਨ ਅਲੋਟਮੈਂਟ ਦੀ ਗੱਲ ਹੋਵੇ, ਯੂਟਿਲਿਟੀਸ ਜਿਹੀਆਂ ਪ੍ਰਕਿਰਿਆਵਾਂ ਨੂੰ ਸਰਲ ਬਣਾਉਣਾ ਹੋਵੇ, ਇਸ ਨਾਲ ਗੁਜਰਾਤ ’ਤੇ ਨਿਵੇਸ਼ਕਾਂ ਦਾ ਭਰੋਸਾ ਮਜ਼ਬੂਤ ਹੋ ਗਿਆ ਹੈ। ਧੋਲੇਰਾ ਅਤੇ ਸਾਣੰਦ ਅੱਜ ਪੱਛਮੀ ਭਾਰਤ ਦੇ ਸੈਮੀਕੰਡਕਟਰ ਕਲੱਸਟਰਾਂ ਵਜੋਂ ਵਿਕਸਿਤ ਹੋ ਰਹੇ ਹਨ। ਇੰਨਾ ਹੀ ਨਹੀਂ, ਸੈਮੀਕੰਡਕਟਰ ਸੈਕਟਰ ਲਈ ਜੋ ਇਨਪੁਟਸ ਚਾਹੀਦੀਆਂ ਹਨ, ਉਸ ਨਾਲ ਜੁੜੀ ਇੰਡਸਟ੍ਰੀ ਵੀ ਗੁਜਰਾਤ ਵਿੱਚ ਵਿਕਸਿਤ ਕੀਤੀ ਗਈ ਹੈ। ਜਿਵੇਂ ਰਸਾਇਣ ਅਤੇ ਪੈਟ੍ਰੋਕੈਮੀਕਲਸ ਉਦਯੋਗ, ਹੁਨਰ ਕੇਂਦਰ ਅਤੇ ਸਿਖਲਾਈ ਪਹਿਲਕਦਮੀਆਂ, ਇਨ੍ਹਾਂ ਸਾਰੀਆਂ ’ਤੇ ਗੁਜਰਾਤ ਵਿੱਚ ਨਾਲ-ਨਾਲ ਕੰਮ ਹੋ ਰਿਹਾ ਹੈ।
ਸਾਥੀਓ,
ਇਹ ਭਾਰਤ ਦੇ ਨੌਜਵਾਨਾਂ ਲਈ ਮੌਕਿਆਂ ਦਾ ਨਵਾਂ ਗੇਟ ਖੁੱਲ੍ਹ ਰਿਹਾ ਹੈ। ਅੱਜ ਅਸੀਂ ਪਹਿਲਾ ਕਦਮ ਰੱਖਿਆ ਹੈ। ਜਿਵੇਂ-ਜਿਵੇਂ ਭਾਰਤ ਦੀ ਸੈਮੀਕੰਡਕਟਰ ਇੰਡਸਟ੍ਰੀ ਦੇ ਦਸ ਪ੍ਰਾਜੈਕਟ, ਉਤਪਾਦਨ ਵਿੱਚ ਆਉਣਗੇ, ਤਾਂ ਇਹ ਗੁਣਾਤਮਕ ਪ੍ਰਭਾਵ ਐੱਮਐੱਸਐੱਮਈ ਤੱਕ, ਸਟਾਰਟਅੱਪਸ ਤੱਕ, ਇਲੈਕਟ੍ਰੌਨਿਕਸ ਇੰਡਸਟ੍ਰੀ ਦੀ ਪੂਰੀ ਵੈਲੀਉ ਚੇਨ ਤੱਕ ਪਹੁੰਚੇਗਾ। ਦੁਨੀਆਂ ਤੱਕ ਸੁਨੇਹਾ ਪਹੁੰਚ ਚੁੱਕਿਆ ਹੈ ਕਿ ਭਾਰਤ ਸਮਰੱਥ ਹੈ, ਭਾਰਤ ਪ੍ਰਤੀਯੋਗੀ ਹੈ, ਭਾਰਤ ਵਚਨਬੱਧ ਹੈ। ਮੈਂ ਭਾਰਤ ਦੇ ਸਾਂਝੇਦਾਰਾਂ ਨੂੰ, ਵਿਸ਼ਵ ਨਿਵੇਸ਼ਕਾਂ ਨੂੰ ਭਰੋਸਾ ਦਿੰਦਾ ਹਾਂ, ਕਿ ਭਾਰਤ ਸਰਕਾਰ ਹੋਵੇ, ਸੂਬਾ ਸਰਕਾਰਾਂ ਹੋਣ, ਅਸੀਂ ਸਭ ਤੁਹਾਡੇ ਨਾਲ ਹਾਂ।
ਸਾਥੀਓ,
ਜਦੋਂ ਆਉਣ ਵਾਲੀਆਂ ਪੀੜ੍ਹੀਆਂ ਇਸ ਦਹਾਕੇ ਨੂੰ ਪਿੱਛੇ ਮੁੜ ਕੇ ਦੇਖਣਗੀਆਂ, ਤਾਂ ਉਹ ਮਾਣ ਨਾਲ ਕਹਿਣਗੀਆਂ ਕਿ ਇਸ ਦਹਾਕੇ ਵਿੱਚ ਭਾਰਤ ਨੇ ਕਿੰਨੀ ਉੱਚੀ ਛਾਲ ਲਗਾਈ ਹੈ। ਇਹੀ ਉਹ ਦਹਾਕਾ ਹੋਵੇਗਾ, ਜੋ ਭਾਰਤ ਦੇ ਟੈੱਕ ਫਿਊਚਰ ਦਾ ਟਰਨਿੰਗ ਪੁਆਇੰਟ ਸਿੱਧ ਹੋਵੇਗਾ। ਇੱਕ ਵਾਰ ਫਿਰ ਮਾਈਕ੍ਰੋਨ ਦੀ ਪੂਰੀ ਟੀਮ ਨੂੰ, ਗੁਜਰਾਤ ਸਰਕਾਰ ਨੂੰ, ਤੁਹਾਨੂੰ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਧੰਨਵਾਦ!
***************
ਐੱਮਜੇਪੀਐੱਸ/ ਵੀਜੇ
The inauguration of Micron’s semiconductor facility marks a milestone in India’s journey towards technology leadership.
— Narendra Modi (@narendramodi) February 28, 2026
https://t.co/6b9FBoBK8k
India, long known for its software strength, is now firmly establishing its identity in the hardware sector as well. pic.twitter.com/hvZxNFA3Da
— PMO India (@PMOIndia) February 28, 2026
Today, India is rapidly becoming an integral part of the global semiconductor value chain. pic.twitter.com/DAZafT4c3A
— PMO India (@PMOIndia) February 28, 2026
This century belongs to the AI revolution. pic.twitter.com/zt7Yksw7x4
— PMO India (@PMOIndia) February 28, 2026
If oil was the regulator of the last century, microchips will be the regulator of this century. pic.twitter.com/wU0PZTPk1v
— PMO India (@PMOIndia) February 28, 2026
India has just one message for investors around the world... pic.twitter.com/fkiHA5HjCd
— PMO India (@PMOIndia) February 28, 2026
The message has reached the world loud and clear:
— PMO India (@PMOIndia) February 28, 2026
India is Capable.
India is Competitive.
India is Committed. pic.twitter.com/e3f9o3mvzc