ਪੀਐੱਮਇੰਡੀਆ
ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ, ਸੂਬੇ ਦੇ ਉਪ ਮੁੱਖ ਮੰਤਰੀ ਸ਼੍ਰੀ ਹਰਸ਼ ਭਾਈ ਸੰਘਵੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਅਸ਼ਵਿਨੀ ਵੈਸ਼ਣਵ ਜੀ, ਸੂਬੇ ਦੇ ਮੰਤਰੀ ਭਾਈ ਅਰਜੁਨ ਮੋਢਵਾਡੀਆ ਜੀ, ਕੇਨਜ਼ ਅਤੇ ਅਲਫਾ ਓਮੇਗਾ ਸੈਮੀਕੰਡਕਟਰਸ ਦੇ ਨੁਮਾਇੰਦੇ, ਹੋਰ ਪਤਵੰਤੇ ਸੱਜਣੋ, ਦੇਵੀਓ ਅਤੇ ਸੱਜਣੋ।
ਪਿਛਲੇ ਮਹੀਨੇ ਦੇ ਆਖਰੀ ਦਿਨ ਵੀ ਮੈਂ ਸਾਨੰਦ ਵਿੱਚ ਸੀ ਅਤੇ ਇਸ ਮਹੀਨੇ ਦੇ ਆਖਰੀ ਦਿਨ ਵੀ ਮੈਂ ਸਾਨੰਦ ਵਿੱਚ ਹਾਂ। 28 ਫਰਵਰੀ ਨੂੰ ਮਾਈਕ੍ਰੋਨ ਦੇ ਪਲਾਂਟ ਵਿੱਚ ਉਤਪਾਦਨ ਦੀ ਸ਼ੁਰੂਆਤ ਹੋਈ, ਅਤੇ ਅੱਜ 31 ਮਾਰਚ ਨੂੰ, ਕੇਨਜ਼ ਟੈਕਨਾਲੋਜੀ ਦੇ ਸੈਮੀਕੰਡਕਟਰ ਪਲਾਂਟ ਵਿੱਚ ਉਤਪਾਦਨ ਸ਼ੁਰੂ ਹੋ ਰਿਹਾ ਹੈ। ਇਹ ਸਿਰਫ਼ ਸਬੱਬ ਨਹੀਂ ਹੈ, ਇਹ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਦਾ ਸੈਮੀਕੰਡਕਟਰ ਈਕੋਸਿਸਟਮ, ਕਿੰਨੀ ਰਫ਼ਤਾਰ ਨਾਲ, ਕਿੰਨੀ ਗਤੀ ਨਾਲ, ਕਿੰਨੀ ਸਪੀਡ ਨਾਲ ਵਿਕਸਿਤ ਹੋ ਰਿਹਾ ਹੈ। ਮੈਂ ਕੇਨਜ਼ ਟੈਕਨਾਲੋਜੀ ਦੀ ਪੂਰੀ ਲੀਡਰਸ਼ਿਪ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਰਮੇਸ਼ ਰਘੂ, ਮੁਬਾਰਕਾਂ। ਗੁਜਰਾਤ ਸਰਕਾਰ ਨੂੰ, ਇਸ ਪਲਾਂਟ ਵਿੱਚ ਕੰਮ ਕਰ ਰਹੇ ਅਤੇ ਹੋਰ ਸਾਰੇ ਸਾਥੀਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਅੱਜ ਸਵੇਰੇ ਮੈਂ ਇੱਕ ਡਿਵਾਇਨ (ਅਧਿਆਤਮਿਕ) ਪ੍ਰੋਗਰਾਮ ਵਿੱਚ ਸੀ ਅਤੇ ਹੁਣ ਮੈਂ ਡਿਜੀਟਲ ਵਾਲੇ ਪ੍ਰੋਗਰਾਮ ਵਿੱਚ ਹਾਂ।
ਸਾਥੀਓ,
ਮੈਨੂੰ ਇਸ ਗੱਲ ਦੀ ਵੀ ਬਹੁਤ ਖ਼ੁਸ਼ੀ ਹੈ ਕਿ ਭਾਰਤ ਦੀ ਕੰਪਨੀ ਨੇ ਸੈਮੀਕੰਡਕਟਰ ਚਿੱਪਾਂ ਬਣਾਉਣ ਵਿੱਚ ਦਿਲਚਸਪੀ ਦਿਖਾਈ, ਅਤੇ ਨਤੀਜਾ ਸਾਡੇ ਸਾਰਿਆਂ ਦੇ ਸਾਹਮਣੇ ਹੈ। ਸਾਡੇ ਭਾਰਤ ਦੀ ਆਪਣੀ ਕੰਪਨੀ ਕੇਨਜ਼ ਹੁਣ ਗਲੋਬਲ ਸੈਮੀਕੰਡਕਟਰ ਸਪਲਾਈ ਚੇਨ ਦਾ ਇੱਕ ਮਜ਼ਬੂਤ ਹਿੱਸਾ ਬਣ ਗਈ ਹੈ। ਇਹ ਇੱਕ ਬਹੁਤ ਸ਼ਾਨਦਾਰ ਸ਼ੁਰੂਆਤ ਹੈ, ਇੱਕ ਮਾਣ ਵਾਲਾ ਪਲ ਹੈ, ਹਰ ਭਾਰਤ ਵਾਸੀ ਲਈ ਮਾਣ ਵਾਲਾ ਪਲ ਹੈ। ਆਉਣ ਵਾਲੇ ਦਿਨਾਂ ਵਿੱਚ ਭਾਰਤ ਦੀਆਂ ਬਹੁਤ ਸਾਰੀਆਂ ਕੰਪਨੀਆਂ, ਗਲੋਬਲ ਭਾਈਵਾਲੀ ਰਾਹੀਂ, ਦੁਨੀਆ ਨੂੰ ਮਜ਼ਬੂਤ ਸੈਮੀਕੰਡਕਟਰ ਸਪਲਾਈ ਚੇਨ ਦੇਣ ਜਾ ਰਹੀਆਂ ਹਨ।
ਸਾਥੀਓ,
ਅੱਜ ਦਾ ਇਹ ਦਿਨ, ‘ਮੇਕ ਇਨ ਇੰਡੀਆ, ਮੇਕ ਫ਼ਾਰ ਦ ਵਰਲਡ’ ਦੇ ਮੰਤਰ ਨੂੰ ਸਹੀ ਮਾਅਨਿਆਂ ਵਿੱਚ ਸਾਕਾਰ ਕਰਦਾ ਹੈ। ਇਸ ਪ੍ਰੋਜੈਕਟ ਵਿੱਚ ਉਤਪਾਦਨ ਸ਼ੁਰੂ ਹੋਣ ਨਾਲ, ਭਾਰਤ ਗਲੋਬਲ ਮਾਰਕੀਟ ਵਿੱਚ, ਇੱਕ ਭਰੋਸੇਮੰਦ ਸੈਮੀਕੰਡਕਟਰ ਸਪਲਾਇਰ ਵਜੋਂ ਆਪਣੀ ਭੂਮਿਕਾ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਅੱਜ ਇੱਕ ਤਰ੍ਹਾਂ ਨਾਲ ਸਾਨੰਦ ਅਤੇ ਸਿਲੀਕਾਨ ਵੈਲੀ ਦੇ ਵਿਚਕਾਰ ਨਵਾਂ ਪੁਲ ਜਿਹਾ ਬਣ ਗਿਆ ਹੈ। ਕੈਲੀਫੋਰਨੀਆ ਦੀ ਕੰਪਨੀ ਲਈ, ਸਾਨੰਦ ਦਾ ਇਹ ਪਲਾਂਟ ਇੰਟੈਲੀਜੈਂਟ ਪਾਵਰ ਮੋਡਿਊਲਜ਼ ਦੇ ਰਿਹਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਇੱਥੇ ਬਣਨ ਵਾਲੇ ਉਤਪਾਦਾਂ ਦਾ ਇੱਕ ਵੱਡਾ ਹਿੱਸਾ, ਪਹਿਲਾਂ ਹੀ ਐਕਸਪੋਰਟ ਲਈ ਬੁੱਕ ਹੋ ਚੁੱਕਾ ਹੈ। ਸਾਨੰਦ ਵਿੱਚ ਬਣਨ ਵਾਲੇ ਮੋਡਿਊਲਜ਼ ਅਮਰੀਕਾ ਦੀਆਂ ਕੰਪਨੀਆਂ ਤੱਕ ਪਹੁੰਚਣਗੇ, ਅਤੇ ਉੱਥੋਂ ਪੂਰੀ ਦੁਨੀਆ ਨੂੰ ਊਰਜਾ ਦੇਣਗੇ। ‘ਮੇਕ ਇਨ ਇੰਡੀਆ, ਮੇਕ ਫ਼ਾਰ ਦ ਵਰਲਡ’ ਦੇ ਮੰਤਰ ਦੀ ਸਫ਼ਲਤਾ ਦੀ ਗੂੰਜ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚੇਗੀ।
ਸਾਥੀਓ,
ਇੱਥੇ ਬਣਨ ਵਾਲੇ ਇੰਟੈਲੀਜੈਂਟ ਪਾਵਰ ਮੋਡਿਊਲਜ਼ ਨਾਲ ਭਾਰਤ ਅਤੇ ਵਿਸ਼ਵ ਦੇ ਇਲੈਕਟ੍ਰਿਕ ਵਾਹਨ ਈਕੋਸਿਸਟਮ ਨੂੰ, ਹੈਵੀ ਇੰਡਸਟਰੀ ਨੂੰ ਬਹੁਤ ਬਲ ਮਿਲੇਗਾ। ਇਹੀ ਗਲੋਬਲ ਭਾਈਵਾਲੀ ਹੀ ਦੁਨੀਆ ਦੇ ਬਿਹਤਰ ਭਵਿੱਖ ਦੀ ਮਜ਼ਬੂਤ ਨੀਂਹ ਹੈ।
ਸਾਥੀਓ,
21ਵੀਂ ਸਦੀ ਦਾ ਇਹ ਦਹਾਕਾ ਸ਼ੁਰੂ ਤੋਂ ਹੀ ਦੁਨੀਆ ਲਈ ਅਨੇਕਾਂ ਚੁਣੌਤੀਆਂ ਲੈ ਕੇ ਆਇਆ ਹੈ। ਸੰਕਟ ਮਹਾਮਾਰੀ ਦਾ ਰਿਹਾ ਹੈ, ਟਕਰਾਅ ਦਾ ਰਿਹਾ ਹੈ। ਇਸ ਵਿੱਚ ਵੀ ਸਭ ਤੋਂ ਵੱਧ ਨੁਕਸਾਨ ਗਲੋਬਲ ਸਪਲਾਈ ਚੇਨ ਦਾ ਹੋਇਆ ਹੈ। ਭਾਵੇਂ ਚਿੱਪਾਂ ਹੋਣ, ਰੇਅਰ ਅਰਥ ਮਿਨਰਲਜ਼ ਹੋਣ, ਊਰਜਾ ਹੋਵੇ, ਇਹ ਟਕਰਾਅ ਕਾਰਨ ਬਹੁਤ ਪ੍ਰਭਾਵਿਤ ਹੋਏ ਹਨ। ਇਹ ਮਨੁੱਖਤਾ ਦੇ ਤੇਜ਼ ਵਿਕਾਸ ਨਾਲ ਜੁੜੀਆਂ ਚੀਜ਼ਾਂ ਹਨ, ਇਨ੍ਹਾਂ ਦੀ ਸਪਲਾਈ ਚੇਨ ਵਿੱਚ, ਇਨ੍ਹਾਂ ਦੇ ਵਹਾਅ ਵਿੱਚ ਬ੍ਰੇਕ ਲੱਗਣ ਨਾਲ ਪੂਰੀ ਮਨੁੱਖਤਾ ਦਾ ਵਿਕਾਸ ਪ੍ਰਭਾਵਿਤ ਹੁੰਦਾ ਹੈ। ਇਸ ਲਈ ਭਾਰਤ ਵਰਗੇ ਲੋਕਤੰਤਰੀ ਦੇਸ਼ ਦਾ ਇਸ ਦਿਸ਼ਾ ਵਿੱਚ ਅੱਗੇ ਵਧਣਾ, ਪੂਰੇ ਵਿਸ਼ਵ ਦੇ ਵਿਕਾਸ ਲਈ ਬਹੁਤ ਅਹਿਮ ਹੈ।
ਸਾਥੀਓ,
ਅਸੀਂ ਕੋਰੋਨਾ ਦੀ ਆਫ਼ਤ ਦੇ ਸਮੇਂ ਹੀ ਤੈਅ ਕਰ ਲਿਆ ਸੀ ਕਿ ਭਾਰਤ ਸੈਮੀਕੰਡਕਟਰ ਸੈਕਟਰ ਦਾ ਨਵਾਂ ਗਲੋਬਲ ਹੱਬ ਬਣੇਗਾ, ਇਸ ਖੇਤਰ ਵਿੱਚ ਆਤਮ-ਨਿਰਭਰ ਬਣੇਗਾ। ਅਤੇ ਸੈਮੀਕੰਡਕਟਰ ਵਿੱਚ ਆਤਮ-ਨਿਰਭਰਤਾ, ਸਿਰਫ਼ ਇੱਕ ਚਿੱਪ ਤੱਕ ਸੀਮਤ ਨਹੀਂ ਹੈ। ਇਸ ਦਾ ਮਤਲਬ ਹੈ, ਏਆਈ ਵਿੱਚ, ਇਲੈਕਟ੍ਰਿਕ ਵਾਹਨਾਂ ਵਿੱਚ, ਕਲੀਨ ਐਨਰਜੀ ਵਿੱਚ, ਡਿਫੈਂਸ ਵਿੱਚ, ਇਲੈਕਟ੍ਰੋਨਿਕਸ ਵਿੱਚ, ਅਜਿਹੇ ਅਨੇਕਾਂ ਸੈਕਟਰਾਂ ਵਿੱਚ ਵੀ ਆਤਮ-ਨਿਰਭਰਤਾ ਨੂੰ ਬਲ ਮਿਲੇਗਾ। ਇਸ ਲਈ, ਸਾਲ 2021 ਵਿੱਚ ਭਾਰਤ ਨੇ ‘ਇੰਡੀਆ-ਸੈਮੀਕੰਡਕਟਰ ਮਿਸ਼ਨ’ ਸ਼ੁਰੂ ਕੀਤਾ। ਇਹ ਮਿਸ਼ਨ ਸਿਰਫ਼ ਇੱਕ ਉਦਯੋਗਿਕ ਨੀਤੀ ਨਹੀਂ ਹੈ, ਇਹ ਭਾਰਤ ਦੇ ਆਤਮ-ਵਿਸ਼ਵਾਸ ਦਾ ਐਲਾਨ ਹੈ। ਅਤੇ ਇਸ ਦਾ ਅਸਰ ਸਭ ਦੇ ਸਾਹਮਣੇ ਹੈ। ਇਸ ਮਿਸ਼ਨ ਤਹਿਤ, ਦੇਸ਼ ਦੇ 6 ਸੂਬਿਆਂ ਵਿੱਚ ਇੱਕ ਲੱਖ ਸੱਠ ਹਜ਼ਾਰ ਕਰੋੜ ਰੁਪਏ ਦੇ 10 ਪ੍ਰੋਜੈਕਟਾਂ ‘ਤੇ ਕੰਮ ਹੋ ਰਿਹਾ ਹੈ। ਕੇਨਜ਼ ਅਤੇ ਮਾਈਕ੍ਰੋਨ ਦੇ ਪ੍ਰੋਜੈਕਟ ਵੀ ਇਸੇ ਦਾ ਹਿੱਸਾ ਹਨ। ਸੈਮੀਕੰਡਕਟਰ ਚਿੱਪ ਡਿਜ਼ਾਈਨ ਅਤੇ ਮੈਨੂਫੈਕਚਰਿੰਗ ਵਿੱਚ ਆਤਮ-ਨਿਰਭਰਤਾ ਲਈ ਭਾਰਤ ਨੇ ਧਰੁਵ 64 ਵਰਗਾ, ਆਧੁਨਿਕ ਮਾਈਕ੍ਰੋਪ੍ਰੋਸੈਸਰ ਵਿਕਸਿਤ ਕੀਤਾ ਹੈ। ਇਸ ਨਾਲ 5ਜੀ ਇਨਫਰਾਸਟ੍ਰਕਚਰ, ਆਟੋਮੋਟਿਵ ਇਲੈਕਟ੍ਰੋਨਿਕਸ, ਉਦਯੋਗਿਕ ਆਟੋਮੇਸ਼ਨ, ਅਜਿਹੇ ਅਨੇਕਾਂ ਸੈਕਟਰਾਂ ਲਈ ਸਾਨੂੰ ਆਪਣਾ ਇੱਕ ਸੁਰੱਖਿਅਤ ਪਲੇਟਫ਼ਾਰਮ ਮਿਲਿਆ ਹੈ।
ਸਾਥੀਓ,
ਸੈਮੀਕੰਡਕਟਰ ਮਿਸ਼ਨ ਦੀ ਹੁਣ ਤੱਕ ਦੀ ਸਫ਼ਲਤਾ ਤੋਂ ਬਾਅਦ, ਹੁਣ ਭਾਰਤ ਨੇ ਇਸ ਦੇ ਅਗਲੇ ਪੜਾਅ ਵੱਲ ਕਦਮ ਵਧਾਇਆ ਹੈ। ਇਸੇ ਸੋਚ ਨਾਲ, ਇਸ ਸਾਲ ਦੇ ਬਜਟ ਵਿੱਚ ‘ਇੰਡੀਆ-ਸੈਮੀਕੰਡਕਟਰ ਮਿਸ਼ਨ 2.0’ ਦਾ ਐਲਾਨ ਕੀਤਾ ਗਿਆ ਹੈ। ਇਸ ਪੜਾਅ ਦਾ ਫੋਕਸ, ਭਾਰਤ ਵਿੱਚ ਸੈਮੀਕੰਡਕਟਰ ਉਪਕਰਨਾਂ ਅਤੇ ਸਮੱਗਰੀ ਦੇ ਉਤਪਾਦਨ ‘ਤੇ ਹੈ। ਹੁਣ ਸਾਡੀ ਕੋਸ਼ਿਸ਼ ਇੱਕ ‘ਫੁੱਲ ਸਟੈਕ’ ਭਾਰਤੀ ਸੈਮੀਕੰਡਕਟਰ ਈਕੋਸਿਸਟਮ ਤਿਆਰ ਕਰਨ ਦੀ ਹੈ। ਤਾਂ ਜੋ ਅਸੀਂ ਘਰੇਲੂ ਅਤੇ ਗਲੋਬਲ ਸਪਲਾਈ ਚੇਨ ਵਿੱਚ ਵੱਡੀ ਭਾਈਵਾਲੀ ਕਰ ਸਕੀਏ।
ਸਾਥੀਓ,
ਭਾਰਤ ਅੱਜ ਉਦਯੋਗ-ਅਗਵਾਈ ਵਾਲੇ ਰਿਸਰਚ ਅਤੇ ਟ੍ਰੇਨਿੰਗ ਸੈਂਟਰਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ। ਤਾਂ ਜੋ ਟੈਕਨਾਲੋਜੀ ਦਾ ਵਿਕਾਸ ਵੀ ਹੋਵੇ ਅਤੇ ਭਵਿੱਖ ਲਈ ਤਿਆਰ ਇੱਕ ਹੁਨਰਮੰਦ ਕਾਰਜਬਲ ਵੀ ਤਿਆਰ ਹੋਵੇ। ਬਹੁਤ ਜਲਦ ਹੀ, ਦੇਸ਼ ਵਿੱਚ 85 ਹਜ਼ਾਰ ਤੋਂ ਵੱਧ ਡਿਜ਼ਾਈਨ ਪ੍ਰੋਫੈਸ਼ਨਲਜ਼ ਤਿਆਰ ਕਰਨ ਦੇ ਟੀਚੇ ਨੂੰ ਪ੍ਰਾਪਤ ਕਰ ਲਿਆ ਜਾਵੇਗਾ। ਨਾਲ ਹੀ, ਪੂਰੇ ਈਕੋਸਿਸਟਮ ਦੀਆਂ ਲੋੜਾਂ ਨੂੰ ਦੇਖਦੇ ਹੋਏ ਪ੍ਰੋਫੈਸ਼ਨਲਜ਼ ਦੀ ਟ੍ਰੇਨਿੰਗ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਸੈਮੀਕੰਡਕਟਰ ਡਿਜ਼ਾਈਨ ਨੂੰ ਹੁਲਾਰਾ ਦੇਣ ਲਈ ‘ਚਿਪਸ ਟੂ ਸਟਾਰਟਅੱਪ’ ਵੀ ਪ੍ਰੋਗਰਾਮ ਚੱਲ ਰਿਹਾ ਹੈ। ਅੱਜ ਦੇਸ਼ ਦੀਆਂ ਕਰੀਬ 400 ਯੂਨੀਵਰਸਿਟੀਆਂ ਅਤੇ ਸਟਾਰਟਅੱਪਸ ਨੂੰ, ਆਧੁਨਿਕ ਡਿਜ਼ਾਈਨ ਟੂਲਜ਼ ਤੱਕ ਪਹੁੰਚ ਦਿੱਤੀ ਗਈ ਹੈ। ਇਸ ਨਾਲ 55 ਤੋਂ ਵੱਧ ਚਿੱਪਾਂ ਦਾ ਡਿਜ਼ਾਈਨ ਅਤੇ ਨਿਰਮਾਣ ਕੀਤਾ ਜਾ ਚੁੱਕਾ ਹੈ।
ਸਾਥੀਓ,
ਇੰਡਸਟਰੀ ਦੇ ਅਨੁਮਾਨਾਂ ਅਨੁਸਾਰ, ਅੱਜ ਭਾਰਤ ਦਾ ਸੈਮੀਕੰਡਕਟਰ ਮਾਰਕੀਟ ਕਰੀਬ 50 ਬਿਲੀਅਨ ਡਾਲਰ, ਭਾਵ ਕਰੀਬ-ਕਰੀਬ ਸਾਢੇ ਚਾਰ ਲੱਖ ਕਰੋੜ ਰੁਪਏ ਦਾ ਹੈ। ਇਹ ਇਸ ਦਹਾਕੇ ਦੇ ਅੰਤ ਤੱਕ ਸੌ ਬਿਲੀਅਨ ਡਾਲਰ ਭਾਵ 9 ਲੱਖ ਕਰੋੜ ਰੁਪਏ ਨੂੰ ਪਾਰ ਕਰ ਸਕਦਾ ਹੈ। ਇਹ ਦਿਖਾਉਂਦਾ ਹੈ ਕਿ ਭਾਰਤ ਵਿੱਚ ਇਸ ਸੈਕਟਰ ਵਿੱਚ ਕਿੰਨੀਆਂ ਜ਼ਿਆਦਾ ਸੰਭਾਵਨਾਵਾਂ ਹਨ। ਸਾਡਾ ਟੀਚਾ ਆਪਣੀਆਂ ਲੋੜਾਂ ਦੀਆਂ ਵੱਧ ਤੋਂ ਵੱਧ ਚਿੱਪਾਂ, ਭਾਰਤ ਵਿੱਚ ਹੀ ਬਣਾਉਣ ਦਾ ਹੈ। ਭਾਰਤ ਦੇ ਇਸ ਸੰਕਲਪ ਨੂੰ ਲੈ ਕੇ ਦੁਨੀਆ ਭਰ ਦੇ ਨਿਵੇਸ਼ਕਾਂ ਵਿੱਚ ਜੋ ਉਤਸ਼ਾਹ ਹੈ, ਉਹ ਸਾਡੇ ਲਈ ਬਹੁਤ ਵੱਡੀ ਪੂੰਜੀ ਹੈ।
ਸਾਥੀਓ,
ਭਾਰਤ ਇੱਕ ਮਜ਼ਬੂਤ ਸੈਮੀਕੰਡਕਟਰ ਈਕੋਸਿਸਟਮ ਤਾਂ ਬਣਾ ਹੀ ਰਿਹਾ ਹੈ, ਨਾਲ ਹੀ, ਕੱਚੇ ਮਾਲ ਦੀ ਨਿਰਵਿਘਨ ਸਪਲਾਈ ਚੇਨ ਲਈ ਵੀ ਵੱਡੇ ਯਤਨ ਕਰ ਰਿਹਾ ਹੈ। ਪੈਕਸ ਸਿਲਿਕਾ ਵਿੱਚ ਭਾਰਤ ਦਾ ਸ਼ਾਮਲ ਹੋਣਾ ਇਸੇ ਯਤਨ ਦਾ ਹੀ ਇੱਕ ਹਿੱਸਾ ਹੈ। ਦੁਨੀਆ ਭਰ ਵਿੱਚ ਜੋ ਸਾਡੇ ਭਾਈਵਾਲ ਹਨ, ਉਨ੍ਹਾਂ ਨਾਲ ਮਿਲ ਕੇ ਅਸੀਂ ਭਾਰਤ ਵਿੱਚ ਇੱਕ ਸੁਰੱਖਿਅਤ ਸਪਲਾਈ ਚੇਨ ਯਕੀਨੀ ਬਣਾਉਣਾ ਚਾਹੁੰਦੇ ਹਾਂ।
ਸਾਥੀਓ,
ਕ੍ਰਿਟੀਕਲ ਮਿਨਰਲਜ਼ ਵਿੱਚ ਆਤਮ-ਨਿਰਭਰਤਾ ਲਈ, ਭਾਰਤ ਨੇ ‘ਨੈਸ਼ਨਲ ਕ੍ਰਿਟੀਕਲ ਮਿਨਰਲਜ਼ ਮਿਸ਼ਨ’ ਵੀ ਸ਼ੁਰੂ ਕੀਤਾ ਹੈ। ਇਸ ਤਹਿਤ, ਕ੍ਰਿਟੀਕਲ ਮਿਨਰਲਜ਼ ਦੀ ਮਾਈਨਿੰਗ ਅਤੇ ਉਤਪਾਦਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਮਿਨਰਲਜ਼ ਦੀ ਰੀ-ਸਾਈਕਲਿੰਗ ਲਈ ਵੀ 1500 ਕਰੋੜ ਰੁਪਏ ਦੀ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਸਾਲ ਦੇ ਬਜਟ ਵਿੱਚ ਉਡੀਸਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕੇਰਲਮ ਵਰਗੇ ਤੱਟਵਰਤੀ ਸੂਬਿਆਂ ਨੂੰ ਮਿਲਾ ਕੇ ‘ਰੇਅਰ ਅਰਥ ਕੌਰੀਡੋਰ’ ਦੇ ਨਿਰਮਾਣ ਦਾ ਐਲਾਨ ਕੀਤਾ ਗਿਆ ਹੈ। ਇਹ ਕੌਰੀਡੋਰ, ਇੱਕ ਅਜਿਹਾ ਇੰਟੀਗ੍ਰੇਟਿਡ ਨੈੱਟਵਰਕ ਹੋਵੇਗਾ, ਜੋ ਮਾਈਨਿੰਗ, ਰਿਫਾਇਨਿੰਗ ਅਤੇ ਮੈਨੂਫੈਕਚਰਿੰਗ ਦੀ ਇੱਕ ਮਜ਼ਬੂਤ ਚੇਨ ਬਣਾਏਗਾ। ਸਾਡੀ ਕੋਸ਼ਿਸ਼ ਹੈ ਕਿ ਦੇਸ਼ ਵਿੱਚ ਕ੍ਰਿਟੀਕਲ ਮਿਨਰਲਜ਼ ਦਾ ਇੱਕ ਰਾਸ਼ਟਰੀ ਭੰਡਾਰ ਹੋਵੇ। ਚੰਗਾ ਹੁੰਦਾ ਕਿ, ਇਹ ਕੰਮ 30-40 ਸਾਲ ਪਹਿਲਾਂ ਸ਼ੁਰੂ ਹੁੰਦਾ। ਪਰ ਹੁਣ ਭਾਰਤ ਇਸ ਲਈ ਮਿਸ਼ਨ ਮੋਡ ‘ਤੇ ਕੰਮ ਕਰ ਰਿਹਾ ਹੈ।
ਸਾਥੀਓ,
ਭਾਰਤ ਦਾ ਮੰਨਣਾ ਹੈ ਕਿ 21ਵੀਂ ਸਦੀ ਦਾ ਇਹ ਦੌਰ, ਸਿਰਫ਼ ਆਰਥਿਕ ਮੁਕਾਬਲੇਬਾਜ਼ੀ ਦਾ ਸਮਾਂ ਨਹੀਂ ਹੈ। ਇਹ ਭਵਿੱਖ ਦੇ ਟੈਕ ਲੈਂਡਸਕੇਪ ਨੂੰ ਆਕਾਰ ਦੇਣ ਦਾ ਸਮਾਂ ਹੈ। ਇਸ ਲਈ, ਮੈਂ ਇਸ ਡੈਕੇਡ ਨੂੰ, ਇਸ ਡੈਕੇਡ ਨੂੰ ਭਾਰਤ ਦਾ ਟੈਕੇਡ ਕਹਿੰਦਾ ਹਾਂ। ਇਸ ਦਹਾਕੇ ਵਿੱਚ ਭਾਰਤ ਟੈਕਨਾਲੋਜੀ ਨਾਲ ਜੁੜੀਆਂ ਜੋ ਪਹਿਲਕਦਮੀਆਂ ਲੈ ਰਿਹਾ ਹੈ, ਉਹ ਆਉਣ ਵਾਲੇ ਦਹਾਕਿਆਂ ਵਿੱਚ ਭਾਰਤ ਦੀ ਲੀਡਰਸ਼ਿਪ ਨੂੰ ਮਜ਼ਬੂਤ ਕਰਨਗੀਆਂ। ਤੁਸੀਂ ਸਾਰੇ, ਹਾਲ ਹੀ ਵਿੱਚ ਹੋਈ ‘ਏਆਈ ਇੰਪੈਕਟ ਸਮਿਟ’ ਦੀ ਸਫ਼ਲਤਾ ਤੋਂ ਜਾਣੂ ਹੋ। ਜੇ ਏਆਈ ਅਡੌਪਸ਼ਨ ਦੇ ਮਾਮਲੇ ਵਿੱਚ ਦੇਖੀਏ, ਤਾਂ ਭਾਰਤ ਦੁਨੀਆ ਵਿੱਚ ਸਭ ਤੋਂ ਅੱਗੇ ਹੈ। ਅਸੀਂ ਭਾਰਤੀ, ਟੈਕ ਨੂੰ ਐਕਸਪਲੋਰ ਕਰਦੇ ਹਾਂ। ਡਿਜੀਟਲ ਇੰਡੀਆ ਦੀ ਸਫ਼ਲਤਾ, ਫਿਨਟੈਕ ਵਿੱਚ ਹੋ ਰਿਹਾ ਸ਼ਾਨਦਾਰ ਕੰਮ, ਇਹ ਟੈਕਨਾਲੋਜੀ ‘ਤੇ ਭਾਰਤੀਆਂ ਦੇ ਭਰੋਸੇ ਨੂੰ ਹੀ ਅਸੀਂ ਦੇਖ ਪਾਉਂਦੇ ਹਾਂ, ਉਸ ਨੂੰ ਦਿਖਾਉਂਦਾ ਹੈ। ਅਤੇ ਭਾਰਤ ਦਾ ਜੋ ਏਆਈ ਈਕੋਸਿਸਟਮ ਹੈ, ਉਸ ਨੂੰ ਸਾਡੇ ਸੈਮੀਕੰਡਕਟਰ ਸੈਕਟਰ ਦੇ ਉਭਾਰ ਤੋਂ ਬਹੁਤ ਮਦਦ ਮਿਲੇਗੀ।
ਸਾਥੀਓ,
21ਵੀਂ ਸਦੀ ਦਾ ਭਾਰਤ ਕੇਵਲ ਬਦਲਾਅ ਦਾ ਗਵਾਹ ਨਹੀਂ, ਸਗੋਂ ਬਦਲਾਅ ਦੀ ਅਗਵਾਈ ਕਰਨ ਦੇ ਸੰਕਲਪ ਨਾਲ ਅੱਗੇ ਵੱਧ ਰਿਹਾ ਹੈ। ਸਾਡੀਆਂ ਨੀਤੀਆਂ ਅਤੇ ਸਾਡੇ ਫ਼ੈਸਲੇ, ਆਉਣ ਵਾਲੇ ਦਹਾਕਿਆਂ ਦੀ ਟੈਕਨਾਲੋਜੀ ਅਤੇ ਊਰਜਾ ਸੁਰੱਖਿਆ ਦੀ ਮਜ਼ਬੂਤ ਨੀਂਹ ਰੱਖ ਰਹੇ ਹਨ। ਇਸ ਲਈ ਅੱਜ ਭਾਰਤ ਹਰ ਕ੍ਰਿਟੀਕਲ ਟੈਕਨਾਲੋਜੀ ‘ਤੇ ਬੇਮਿਸਾਲ ਨਿਵੇਸ਼ ਕਰ ਰਿਹਾ ਹੈ, ਸੁਧਾਰ ਕਰ ਰਿਹਾ ਹੈ। ਅਸੀਂ ਪੁਲਾੜ ਖੇਤਰ ਨੂੰ ਪ੍ਰਾਈਵੇਟ ਪਲੇਅਰਾਂ ਲਈ ਖੋਲ੍ਹਿਆ ਹੈ, ਇਨ-ਸਪੇਸ ਵਰਗੀਆਂ ਸੰਸਥਾਵਾਂ ਬਣਾਈਆਂ ਗਈਆਂ ਹਨ। ਇਸ ਦਾ ਨਤੀਜਾ ਅੱਜ ਦਿਖਾਈ ਦੇ ਰਿਹਾ ਹੈ। ਪੁਲਾੜ ਨਾਲ ਜੁੜੇ ਸਾਡੇ ਸਟਾਰਟਅੱਪਸ ਬਹੁਤ ਹੀ ਸ਼ਾਨਦਾਰ ਕੰਮ ਕਰ ਰਹੇ ਹਨ। ਇਸੇ ਤਰ੍ਹਾਂ ਹਾਲ ਹੀ ਵਿੱਚ ਅਸੀਂ ਪ੍ਰਮਾਣੂ ਸੈਕਟਰ ਵਿੱਚ ਸ਼ਾਂਤੀ ਬਿੱਲ ਵਰਗੇ ਇਤਿਹਾਸਕ ਫ਼ੈਸਲੇ ਲਏ ਹਨ। ਇਹ ਨਵਿਆਉਣਯੋਗ ਊਰਜਾ ਮਿਕਸ ਵਿੱਚ ਨਿਊਕਲੀਅਰ ਊਰਜਾ ਦੇ ਹਿੱਸੇ ਨੂੰ ਬਹੁਤ ਜ਼ਿਆਦਾ ਵਧਾਉਣ ਜਾ ਰਿਹਾ ਹੈ। ਇਹ ਸਾਡੇ ਏਆਈ ਭਵਿੱਖ ਲਈ ਵੀ ਬਹੁਤ ਜ਼ਰੂਰੀ ਹੈ।
ਸਾਥੀਓ,
ਭਾਰਤ ਕੁਆਂਟਮ ਕੰਪਿਊਟਿੰਗ ਨੂੰ ਵੀ ਰਣਨੀਤਕ ਸੰਪਤੀ ਮੰਨ ਕੇ, ਮਿਸ਼ਨ ਮੋਡ ‘ਤੇ ਕੰਮ ਕਰ ਰਿਹਾ ਹੈ। ਇਹ ਭਾਰਤ ਦੇ ਡਿਜੀਟਲ ਭਵਿੱਖ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਏਗਾ। ਭਾਵ ਭਾਰਤ, ਅੱਜ ਟੈਕਨਾਲੋਜੀ ਦੇ ਵਿਕਾਸ ਅਤੇ ਟੈਕਨਾਲੋਜੀ ਦੀ ਵਰਤੋਂ, ਦੋਵਾਂ ਹੀ ਮਾਮਲਿਆਂ ਵਿੱਚ ਬਹੁਤ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਇਹ ਪੂਰੀ ਦੁਨੀਆ ਦੇ ਨਿਵੇਸ਼ਕਾਂ ਲਈ ਬਹੁਤ ਵੱਡਾ ਮੌਕਾ ਹੈ। ਅਸੀਂ ਈਜ਼ ਆਫ਼ ਡੂਇੰਗ ਬਿਜ਼ਨਸ, ਈਜ਼ ਆਫ਼ ਮੈਨੂਫੈਕਚਰਿੰਗ, ਈਜ਼ ਇਨ ਲੌਜਿਸਟਿਕਸ, ਇਸ ‘ਤੇ ਵੀ ਲਗਾਤਾਰ ਕੰਮ ਕਰ ਰਹੇ ਹਾਂ।
ਸਾਥੀਓ,
ਮੈਨੂੰ ਵਿਸ਼ਵਾਸ ਹੈ, ਕੇਨਜ਼ ਦੇ ਇਸ ਪਲਾਂਟ ਤੋਂ ਨਿਕਲਣ ਵਾਲੇ ਉਤਪਾਦ ‘ਫ਼ੈਕਟਰੀ ਆਫ ਦ ਵਰਲਡ’ ਵਜੋਂ ਭਾਰਤ ਦੇ ਸਫ਼ਰ ਨੂੰ ਹੋਰ ਮਜ਼ਬੂਤੀ ਦੇਣਗੇ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ।
ਡਿਸਕਲੇਮਾਰ: ਇਹ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਅਨੁਮਾਨਿਤ ਅਨੁਵਾਦ ਹੈ। ਮੂਲ ਸੰਬੋਧਨ ਹਿੰਦੀ ਵਿੱਚ ਕੀਤਾ ਗਿਆ ਸੀ।
****
ਐੱਮਜੇਪੀਐੱਸ/ਵੀਜੇ/ਐੱਸਐੱਸ
The inauguration of the Kaynes Semicon facility strengthens India’s push towards self-reliance. It marks an landmark step in building a robust semiconductor ecosystem. https://t.co/hJOo5srmOS
— Narendra Modi (@narendramodi) March 31, 2026
India is strengthening its role as a reliable semiconductor supplier in the global market. pic.twitter.com/V1IADEH44j
— PMO India (@PMOIndia) March 31, 2026
In 2021, India launched the India Semiconductor Mission.
— PMO India (@PMOIndia) March 31, 2026
This mission is not just an industrial policy but a declaration of India's confidence. pic.twitter.com/EaaBCdtbkS
Time to shape the future tech landscape. pic.twitter.com/v8TUNf5Lnh
— PMO India (@PMOIndia) March 31, 2026
The technology initiatives India is taking in this decade will strengthen its leadership in the decades to come. pic.twitter.com/KO0jlSgrtb
— PMO India (@PMOIndia) March 31, 2026
21st century India is not merely a witness to change, but is moving forward with the resolve to lead that change. pic.twitter.com/XRXteknrZV
— PMO India (@PMOIndia) March 31, 2026