Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਦੇਸ਼ ਭਰ ਵਿੱਚ ਵਧਦੇ ਤਾਪਮਾਨ ਦੇ ਮੱਦੇਨਜ਼ਰ ਦੇਸ਼ ਵਾਸੀਆਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਧਦੇ ਤਾਪਮਾਨ ਦੇ ਮੱਦੇਨਜ਼ਰ ਦੇਸ਼ ਵਾਸੀਆਂ ਨੂੰ ਹਰ ਸੰਭਵ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।

ਸ਼੍ਰੀ ਮੋਦੀ ਨੇ ਲੋਕਾਂ ਨੂੰ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣ, ਬਾਹਰ ਨਿਕਲਦੇ ਸਮੇਂ ਪਾਣੀ ਨਾਲ ਰੱਖਣ ਅਤੇ ਬਹੁਤ ਜ਼ਿਆਦਾ ਗਰਮੀ ਦੀ ਸਥਿਤੀ ਵਿੱਚ ਦੂਜਿਆਂ ਨੂੰ ਪਾਣੀ ਪਿਲਾ ਕੇ ਉਨ੍ਹਾਂ ਦੀ ਮਦਦ ਕਰਨ ਦੀ ਅਪੀਲ ਕੀਤੀ।

ਪ੍ਰਧਾਨ ਮੰਤਰੀ ਨੇ ਚੱਕਰ ਆਉਣ, ਉਲਟੀ ਆਉਣ ਵਰਗਾ ਮਹਿਸੂਸ ਹੋਣ ਅਤੇ ਬਹੁਤ ਜ਼ਿਆਦਾ ਥਕਾਵਟ ਦੇ ਲੱਛਣਾਂ ਪ੍ਰਤੀ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਬੀਮਾਰ ਦਿਖਾਈ ਦੇਵੇ, ਕਮਜ਼ੋਰੀ ਜਾਂ ਸਿਰ ਦਰਦ ਮਹਿਸੂਸ ਕਰ ਰਿਹਾ ਹੋਵੇ ਤਾਂ ਉਸ ਨੂੰ ਤੁਰੰਤ ਠੰਢੀ ਅਤੇ ਛਾਂ ਵਾਲੀ ਜਗ੍ਹਾ ’ਤੇ ਲੈ ਕੇ ਜਾਓ ਅਤੇ ਪਾਣੀ ਤੇ ਓ.ਆਰ.ਐੱਸ. ਉਪਲਬਧ ਕਰਵਾਓ।

ਸ਼੍ਰੀ ਮੋਦੀ ਨੇ ਕਿਹਾ ਕਿ ਬੱਚੇ, ਬਜ਼ੁਰਗ ਅਤੇ ਬਾਹਰ ਧੁੱਪ ਵਿੱਚ ਕੰਮ ਕਰਨ ਵਾਲੇ ਲੋਕ ਭਿਆਨਕ ਗਰਮੀ ਦੌਰਾਨ ਖਾਸ ਤੌਰ ’ਤੇ ਪ੍ਰਭਾਵਿਤ ਹੁੰਦੇ ਹਨ ਅਤੇ ਚਿਤਾਵਨੀ ਦੇ ਲੱਛਣਾਂ ਨੂੰ ਨਜ਼ਰ-ਅੰਦਾਜ਼ ਕਰਨਾ ਲੂ ਲੱਗਣ ਦਾ ਕਾਰਨ ਬਣ ਸਕਦਾ ਹੈ।

ਸ਼੍ਰੀ ਮੋਦੀ ਨੇ ਲੋਕਾਂ ਨੂੰ ਇਸ ਦੌਰਾਨ ਬਜ਼ੁਰਗ ਮਾਤਾ-ਪਿਤਾ, ਦਾਦਾ-ਦਾਦੀ, ਨਾਨਾ-ਨਾਨੀ ਅਤੇ ਆਪਣੇ ਹੋਰ ਪਿਆਰਿਆਂ ਦਾ ਨਿਯਮਿਤ ਤੌਰ ’ਤੇ ਹਾਲ-ਚਾਲ ਪੁੱਛਣਾ ਅਤੇ ਉਨ੍ਹਾਂ ਨੂੰ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣ, ਦੁਪਹਿਰ ਵੇਲੇ ਘਰੋਂ ਬਾਹਰ ਨਾ ਨਿਕਲਣ ਅਤੇ ਪੂਰਾ ਆਰਾਮ ਕਰਨ ਦੀ ਸਲਾਹ ਦੇਣ ਦੀ ਅਪੀਲ ਵੀ ਕੀਤੀ।

ਪ੍ਰਧਾਨ ਮੰਤਰੀ ਨੇ ਦਇਆ ’ਤੇ  ਜ਼ੋਰ ਦਿੰਦੇ ਹੋਏ, ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਗਰਮੀ ਵਿੱਚ ਪਸ਼ੂ-ਪੰਛੀਆਂ ਲਈ ਘਰਾਂ, ਬਾਲਕੋਨੀਆਂ, ਛੱਤਾਂ, ਦੁਕਾਨਾਂ ਅਤੇ ਦਫ਼ਤਰਾਂ ਦੇ ਬਾਹਰ ਪਾਣੀ ਨਾਲ ਭਰੇ ਭਾਂਡੇ ਰੱਖਣ।

ਸ਼੍ਰੀ ਮੋਦੀ ਨੇ ਲੜੀਵਾਰ ‘ਐੱਕਸ’  ਪੋਸਟਾਂ ਵਿੱਚ ਕਿਹਾ:

 “ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਭਿਆਨਕ ਗਰਮੀ ਪੈ ਰਹੀ ਹੈ ਅਤੇ ਇਸਦੇ ਨਾਲ ਕਈ ਚੁਣੌਤੀਆਂ ਵੀ ਸਾਹਮਣੇ ਆ ਰਹੀਆਂ ਹਨ। ਇਹ ਗਰਮੀ ਸਾਡੇ ਸਾਰਿਆਂ ਲਈ ਤਕਲੀਫ਼ਦੇਹ ਹੈ ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਜਿੰਨਾ ਹੋ ਸਕੇ ਸਾਵਧਾਨੀ ਵਰਤਣ ਦੀ ਅਪੀਲ ਕਰਦਾ ਹਾਂ। ਕਿਰਪਾ ਕਰਕੇ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਓ, ਬਾਹਰ ਨਿਕਲਦੇ ਸਮੇਂ ਆਪਣੇ ਨਾਲ ਪਾਣੀ ਜ਼ਰੂਰ ਰੱਖੋ। ਦੂਜਿਆਂ ਨੂੰ ਵੀ ਪਾਣੀ ਪਿਲਾਓ। ਅਜਿਹੇ ਮੌਸਮ ਵਿੱਚ ਅਜਿਹੀ ਦਇਆ  ਬਹੁਤ ਮਾਅਨੇ ਰੱਖਦੀ ਹੈ।”

 “ਗਰਮੀ ਕਾਰਨ ਹੋਣ ਵਾਲੀਆਂ ਪਰੇਸ਼ਾਨੀਆਂ ਜਿਵੇਂ ਚੱਕਰ ਆਉਣੇ, ਉਲਟੀ ਆਉਣ ਵਰਗਾ ਮਹਿਸੂਸ ਹੋਣਾ ਜਾਂ ਬਹੁਤ ਜ਼ਿਆਦਾ ਥਕਾਵਟ ’ਤੇ ਧਿਆਨ ਦਿਓ। ਜੇਕਰ ਤੁਹਾਡੇ ਆਲ਼ੇ-ਦੁਆਲ਼ੇ ਕਿਸੇ ਨੂੰ ਅਸਾਧਾਰਨ ਤੌਰ ’ਤੇ ਬੀਮਾਰ , ਕਮਜ਼ੋਰੀ ਮਹਿਸੂਸ ਹੋਵੇ ਜਾਂ ਸਿਰਦਰਦ ਹੋਵੇ ਤਾਂ ਉਨ੍ਹਾਂ ਨੂੰ ਤੁਰੰਤ ਠੰਢੀ ਅਤੇ ਛਾਂ ਵਾਲੀ ਜਗ੍ਹਾ ’ਤੇ ਲੈ ਕੇ ਜਾਣਾ ਸਭ ਤੋਂ ਵਧੀਆ ਹੈ। ਉਨ੍ਹਾਂ ਨੂੰ ਪਾਣੀ, ਓ.ਆਰ.ਐੱਸ. ਆਦਿ ਮੁਹੱਈਆ ਕਰਵਾਓ ਤਾਂ ਜੋ ਉਨ੍ਹਾਂ ਨੂੰ ਆਰਾਮ ਮਿਲੇ। ਬੱਚੇ, ਬਜ਼ੁਰਗ ਅਤੇ ਬਾਹਰ ਕੰਮ ਕਰਨ ਵਾਲੇ ਲੋਕ ਭਿਆਨਕ ਗਰਮੀ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਇਹਨਾਂ ਚਿਤਾਵਨੀ ਦੇ ਲੱਛਣਾਂ ਨੂੰ ਨਜ਼ਰ-ਅੰਦਾਜ਼ ਕਰਨਾ ਖ਼ਤਰਨਾਕ ਹੋ ਸਕਦਾ ਹੈ ਅਤੇ ਇੱਥੋਂ ਤੱਕ ਕਿ ਲੂ ਲੱਗਣ ਦਾ ਕਾਰਨ ਵੀ ਬਣ ਸਕਦਾ ਹੈ। ਅਜਿਹੇ ਮੌਸਮ ਵਿੱਚ, ਸਮੇਂ ਸਿਰ ਦੇਖਭਾਲ ਅਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ।”

 “ਜਦੋਂ ਵੀ ਸੰਭਵ ਹੋਵੇ, ਇਸ ਭਿਆਨਕ ਗਰਮੀ ਦੌਰਾਨ ਆਪਣੇ ਬਜ਼ੁਰਗ ਮਾਤਾ-ਪਿਤਾ, ਦਾਦਾ-ਦਾਦੀ, ਨਾਨਾ-ਨਾਨੀ ਅਤੇ ਪਿਆਰਿਆਂ ਨੂੰ ਫ਼ੋਨ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛੋ। ਉਨ੍ਹਾਂ ਨੂੰ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣ, ਦੁਪਹਿਰ ਵੇਲੇ ਘਰੋਂ ਬਾਹਰ ਨਾ ਨਿਕਲਣ ਅਤੇ ਜਦੋਂ ਵੀ ਸੰਭਵ ਹੋਵੇ, ਆਰਾਮ ਕਰਨ ਦੀ ਸਲਾਹ ਦਿਓ।”

 “ਇਸ ਅੱਤ ਦੀ ਗਰਮੀ ਵਿੱਚ ਸਾਨੂੰ ਆਪਣੇ ਆਲ਼ੇ-ਦੁਆਲ਼ੇ ਦੇ ਪਸ਼ੂ-ਪੰਛੀਆਂ ਨੂੰ ਵੀ ਨਹੀਂ ਭੁੱਲਣਾ ਚਾਹੀਦਾ। ਆਪਣੇ ਘਰ, ਬਾਲਕੋਨੀ, ਛੱਤ, ਦੁਕਾਨ ਜਾਂ ਦਫ਼ਤਰ ਦੇ ਬਾਹਰ ਪਾਣੀ ਨਾਲ ਭਰਿਆ ਇੱਕ ਛੋਟਾ ਜਿਹਾ ਭਾਂਡਾ ਰੱਖਣਾ ਵੀ ਕਿਸੇ ਪਿਆਸੇ ਪੰਛੀ ਲਈ ਜੀਵਨ-ਦਾਨ ਬਣ ਸਕਦਾ ਹੈ। ਆਓ, ਇਹਨਾਂ ਔਖੇ ਦਿਨਾਂ ਵਿੱਚ ਪੂਰੀ ਸੰਵੇਦਨਸ਼ੀਲਤਾ ਅਤੇ ਦਇਆ  ਦੇ ਨਾਲ ਇੱਕ-ਦੂਜੇ ਦਾ ਧਿਆਨ ਰੱਖੀਏ।”

“ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਤਾਪਮਾਨ ਲਗਾਤਾਰ ਵਧ ਰਿਹਾ ਹੈ ਅਤੇ ਇਸਦੇ ਨਾਲ ਹੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਗਰਮੀ ਕਾਰਨ ਹੋਣ ਵਾਲੀਆਂ ਕਈ ਮੁਸ਼ਕਿਲਾਂ ਵੀ ਵਧ ਰਹੀਆਂ ਹਨ। ਮੈਂ ਸਾਰੇ ਦੇਸ਼-ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਜਿੰਨੀ ਜ਼ਿਆਦਾ ਸਾਵਧਾਨੀ ਵਰਤ ਸਕਦੇ ਹੋ, ਜ਼ਰੂਰ ਵਰਤੋ। ਕਿਰਪਾ ਕਰਕੇ ਆਪਣੇ ਆਪ ਨੂੰ ਹਾਈਡ੍ਰੇਟਡ ਰੱਖੋ (ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿਓ), ਘਰੋਂ ਬਾਹਰ ਨਿਕਲਦੇ ਸਮੇਂ ਪਾਣੀ ਆਪਣੇ ਨਾਲ ਰੱਖੋ। ਅਜਿਹੇ ਮੌਸਮ ਵਿੱਚ ਤੁਹਾਡੀ ਹਮਦਰਦੀ ਵੀ ਬਹੁਤ ਵੱਡਾ ਸਹਾਰਾ ਬਣ ਜਾਂਦੀ ਹੈ। ਜੇਕਰ ਸੰਭਵ ਹੋਵੇ, ਤਾਂ ਕਿਸੇ ਪਿਆਸੇ ਵਿਅਕਤੀ ਨੂੰ ਇੱਕ ਗਲਾਸ ਪਾਣੀ ਜ਼ਰੂਰ ਦਿਓ। ਮੈਂ ਅਜਿਹੇ ਲੋਕਾਂ ਦੀ ਸ਼ਲਾਘਾ ਵੀ ਕਰਾਂਗਾ ਜੋ ਆਪਣੇ ਘਰਾਂ ਅਤੇ ਦੁਕਾਨਾਂ ਦੇ ਬਾਹਰ ਘੜੇ ਵਿੱਚ ਪਾਣੀ ਰੱਖਦੇ ਹਨ ਤਾਂ ਜੋ ਕੋਈ ਵੀ ਉੱਥੋਂ ਪਾਣੀ ਪੀ ਸਕੇ।”

 “ਅੱਤ ਦੀ ਗਰਮੀ ਕਾਰਨ ਹੋਣ ਵਾਲੀਆਂ ਪਰੇਸ਼ਾਨੀਆਂ ਜਿਵੇਂ ਚੱਕਰ ਆਉਣੇ, ਉਲਟੀ ਆਉਣ ਵਰਗਾ ਮਹਿਸੂਸ ਹੋਣਾ ਜਾਂ ਬਹੁਤ ਜ਼ਿਆਦਾ ਥਕਾਵਟ ਲੱਗੇ ਤਾਂ ਉਸ ਨੂੰ ਬਿਲਕੁਲ ਵੀ ਨਜ਼ਰ-ਅੰਦਾਜ਼ ਨਾ ਕਰੋ। ਜੇਕਰ ਤੁਹਾਡੇ ਆਲ਼ੇ-ਦੁਆਲ਼ੇ ਕਿਸੇ ਵਿਅਕਤੀ ਨੂੰ ਅਚਾਨਕ ਬੇਹੋਸ਼ੀ ਵਰਗਾ ਮਹਿਸੂਸ ਹੋਵੇ, ਕਮਜ਼ੋਰੀ ਲੱਗੇ ਜਾਂ ਫਿਰ ਉਹ ਬੀਮਾਰ ਦਿਖਾਈ ਦੇਵੇ, ਤਾਂ ਉਸ ਨੂੰ ਤੁਰੰਤ ਕਿਸੇ ਠੰਢੀ ਅਤੇ ਛਾਂ ਵਾਲੀ ਜਗ੍ਹਾ ’ਤੇ ਲੈ ਕੇ ਜਾਓ। ਉਸ ਨੂੰ ਪਾਣੀ, ਓ.ਆਰ.ਐੱਸ. ਜਾਂ ਕੋਈ ਹੋਰ ਤਰਲ ਪਦਾਰਥ ਦਿਓ, ਜਿਸ ਨਾਲ ਸਰੀਰ ਨੂੰ ਰਾਹਤ ਮਿਲ ਸਕੇ। ਬੱਚੇ, ਬਜ਼ੁਰਗ ਅਤੇ ਧੁੱਪ ਵਿੱਚ ਕੰਮ ਕਰਨ ਵਾਲੇ ਲੋਕ ਇਸ ਭਿਆਨਕ ਗਰਮੀ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਸਮੇਂ ਸਿਰ ਧਿਆਨ ਨਾ ਦੇਣ ’ਤੇ ਇਹ ਸਥਿਤੀ ਲੂ ਲੱਗਣ (ਹੀਟਸਟ੍ਰੋਕ) ਵਰਗੀ ਗੰਭੀਰ ਸਮੱਸਿਆ ਦਾ ਰੂਪ ਲੈ ਸਕਦੀ ਹੈ। ਅਜਿਹੇ ਸਮੇਂ ਵਿੱਚ ਤੁਹਾਡੀ ਚੌਕਸੀ ਅਤੇ ਦੇਖਭਾਲ ਕਿਸੇ ਦੀ ਜਾਨ ਬਚਾ ਸਕਦੀ ਹੈ।”

 “ਜਦੋਂ ਵੀ ਸੰਭਵ ਹੋਵੇ, ਆਪਣੇ ਮਾਤਾ-ਪਿਤਾ, ਦਾਦਾ-ਦਾਦੀ, ਨਾਨਾ-ਨਾਨੀ ਅਤੇ ਹੋਰ ਪਿਆਰਿਆਂ ਨੂੰ ਫ਼ੋਨ ਕਰਕੇ ਉਨ੍ਹਾਂ ਦਾ ਹਾਲ-ਚਾਲ ਜ਼ਰੂਰ ਪੁੱਛੋ। ਉਨ੍ਹਾਂ ਨੂੰ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣ, ਦੁਪਹਿਰ ਦੀ ਤੇਜ਼ ਧੁੱਪ ਵਿੱਚ ਬਾਹਰ ਨਾ ਨਿਕਲਣ ਅਤੇ ਜਿੰਨਾ ਹੋ ਸਕੇ, ਆਰਾਮ ਕਰਨ ਦੀ ਸਲਾਹ ਦਿਓ।”

“ਇਸ ਭਿਆਨਕ ਗਰਮੀ ਵਿੱਚ, ਸਾਨੂੰ ਆਪਣੇ ਆਲ਼ੇ-ਦੁਆਲ਼ੇ ਦੇ ਪੰਛੀਆਂ ਅਤੇ ਜਾਨਵਰਾਂ ਨੂੰ ਨਹੀਂ ਭੁੱਲਣਾ ਚਾਹੀਦਾ। ਤੁਹਾਡੇ ਘਰ, ਬਾਲਕੋਨੀ, ਛੱਤ, ਦੁਕਾਨ ਜਾਂ ਦਫਤਰ ਦੇ ਬਾਹਰ ਪਾਣੀ ਦਾ ਇੱਕ ਛੋਟਾ ਜਿਹਾ ਡੱਬਾ ਵੀ ਪਿਆਸੇ ਪੰਛੀ ਲਈ ਜੀਵਨ ਬਚਾਉਣ ਵਾਲਾ ਹੋ ਸਕਦਾ ਹੈ। ਆਓ ਇਨ੍ਹਾਂ ਮੁਸ਼ਕਲ ਸਮਿਆਂ ਦੌਰਾਨ ਸੰਵੇਦਨਸ਼ੀਲਤਾ ਅਤੇ ਹਮਦਰਦੀ ਨਾਲ ਇੱਕ ਦੂਜੇ ਦਾ ਧਿਆਨ ਰੱਖੀਏ।”

****

ਐੱਮਜੇਪੀਐੱਸ/ਐੱਸਐੱਸ/ਐੱਸਟੀ