Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਿਆਂਮਾਰ ਦੇ ਰਾਸ਼ਟਰਪਤੀ ਦੇ ਭਾਰਤ ਦੇ ਸਰਕਾਰੀ ਦੌਰੇ ਦੌਰਾਨ ਭਾਰਤ-ਮਿਆਂਮਾਰ ਦਾ ਸਾਂਝਾ ਬਿਆਨ

ਮਿਆਂਮਾਰ ਦੇ ਰਾਸ਼ਟਰਪਤੀ ਦੇ ਭਾਰਤ ਦੇ ਸਰਕਾਰੀ ਦੌਰੇ ਦੌਰਾਨ ਭਾਰਤ-ਮਿਆਂਮਾਰ ਦਾ ਸਾਂਝਾ ਬਿਆਨ


ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ਉੱਤੇ ਮਿਆਂਮਾਰ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਯੂ ਮਿਨ ਆਂਗ ਹਲਾਈਂਗ 30 ਮਈ ਤੋਂ 3 ਜੂਨ, 2026 ਤੱਕ ਭਾਰਤ ਦੇ ਆਪਣੇ ਪਹਿਲੇ ਅਧਿਕਾਰਤ ਦੌਰੇ ’ਤੇ ਹਨ।

ਰਾਸ਼ਟਰਪਤੀ ਦੇ ਨਾਲ ਰਾਸ਼ਟਰਪਤੀ ਦਫ਼ਤਰ, ਵਿਦੇਸ਼ ਮੰਤਰਾਲੇ, ਵਿੱਤ ਅਤੇ ਮਾਲੀਆ ਮੰਤਰਾਲੇ, ਖੇਤੀਬਾੜੀ, ਪਸ਼ੂ ਪਾਲਣ ਅਤੇ ਸਿੰਚਾਈ ਮੰਤਰਾਲੇ, ਉਦਯੋਗ ਅਤੇ ਲਘੂ ਤੇ ਦਰਮਿਆਨੇ ਉੱਦਮ ਵਿਕਾਸ ਮੰਤਰਾਲੇ ਦੇ ਮੰਤਰੀ ਅਤੇ ਮਿਆਂਮਾਰ ਦੇ ਕੇਂਦਰੀ ਬੈਂਕ ਦੇ ਗਵਰਨਰ ਵੀ ਮੌਜੂਦ ਸਨ। ਖੇਤੀਬਾੜੀ, ਫਾਰਮਾਸਿਊਟੀਕਲਜ਼, ਊਰਜਾ, ਬੈਂਕਿੰਗ, ਨਿਰਮਾਣ, ਆਈਟੀ, ਸੰਚਾਰ, ਵਪਾਰ ਅਤੇ ਲੌਜਿਸਟਿਕਸ ਸਮੇਤ ਵੱਖ-ਵੱਖ ਖੇਤਰਾਂ ਦੇ ਵਪਾਰਕ ਵਫ਼ਦ ਦੇ ਨਾਲ-ਨਾਲ ਮਿਆਂਮਾਰ-ਭਾਰਤ ਮੈਤਰੀ ਸੰਘ ਦੇ ਮੈਂਬਰ ਵੀ ਮਿਆਂਮਾਰ ਦੇ ਵਫ਼ਦ ਦਾ ਹਿੱਸਾ ਸਨ।

ਭਾਰਤ ਦੇ ਪ੍ਰਧਾਨ ਮੰਤਰੀ ਅਤੇ ਮਿਆਂਮਾਰ ਦੇ ਰਾਸ਼ਟਰਪਤੀ ਨੇ 1 ਜੂਨ 2026 ਨੂੰ ਗੱਲਬਾਤ ਕੀਤੀ, ਜਿਸ ਵਿੱਚ ਉਨ੍ਹਾਂ ਨੇ ਆਪਸੀ ਹਿੱਤਾਂ ਦੇ ਦੁਵੱਲੇ, ਖੇਤਰੀ ਅਤੇ ਆਲਮੀ ਮੁੱਦਿਆਂ ਦੀ ਸਮੀਖਿਆ ਕੀਤੀ ਅਤੇ ਭਵਿੱਖ ਦੇ ਸਬੰਧਾਂ ਲਈ ਰਣਨੀਤੀ ਤਿਆਰ ਕੀਤੀ। ਪ੍ਰਧਾਨ ਮੰਤਰੀ ਨੇ ਆਏ ਮਹਿਮਾਨ ਦੇ ਸਨਮਾਨ ਵਿੱਚ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕੀਤੀ। ਉਸੇ ਦਿਨ ਭਾਰਤ ਦੀ ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਮਿਆਂਮਾਰ ਦੇ ਰਾਸ਼ਟਰਪਤੀ ਦਾ ਸਵਾਗਤ ਕੀਤਾ। ਇਸ ਤੋਂ ਪਹਿਲਾਂ, ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼੍ਰੀ ਅਜੀਤ ਡੋਵਾਲ ਨੇ ਮਿਆਂਮਾਰ ਦੇ ਰਾਸ਼ਟਰਪਤੀ ਨਾਲ ਵੱਖੋ-ਵੱਖਰੀ ਮੁਲਾਕਾਤ ਕੀਤੀ।

ਦੌਰੇ ਦੀ ਸ਼ੁਰੂਆਤ ਵਿੱਚ, ਰਾਸ਼ਟਰਪਤੀ ਨੇ 30 ਮਈ, 2026 ਨੂੰ ਬੋਧਗਯਾ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਮਹਾਬੋਧੀ ਮੰਦਰ, ਮਹਾਬੋਧੀ ਧਿਆਨ ਕੇਂਦਰ ਅਤੇ ਸੁਜਾਤਾ ਮੰਦਰ ਵਿੱਚ ਪੂਜਾ-ਅਰਚਨਾ ਕੀਤੀ। ਇਨ੍ਹਾਂ ਪਵਿੱਤਰ ਸਥਾਨਾਂ ਦੇ ਦੌਰੇ ਨੇ ਦੋਵਾਂ ਦੇਸ਼ਾਂ ਵਿਚਾਲੇ ਅਟੁੱਟ ਅਧਿਆਤਮਿਕ ਅਤੇ ਬੋਧੀ ਸਬੰਧਾਂ ਦੇ ਨਾਲ-ਨਾਲ ਲੋਕਾਂ ਵਿਚਾਲੇ ਆਪਸੀ ਸਬੰਧਾਂ ਨੂੰ ਵੀ ਉਜਾਗਰ ਕੀਤਾ।

ਰਾਸ਼ਟਰਪਤੀ ਨੇ 31 ਮਈ, 2026 ਨੂੰ ਨਵੀਂ ਦਿੱਲੀ ਵਿੱਚ ਯੂਐੱਮਐੱਫਸੀਸੀਆਈ ਅਤੇ ਸੀਸੀਆਈ ਵੱਲੋਂ ਸਾਂਝੇ ਤੌਰ ਉੱਤੇ ਕਰਵਾਏ ਗਏ ਭਾਰਤ-ਮਿਆਂਮਾਰ ਵਪਾਰ ਸੰਮੇਲਨ ਵਿੱਚ ਮੁੱਖ ਭਾਸ਼ਣ ਦਿੱਤਾ, ਜਿੱਥੇ ਦੋਵਾਂ ਧਿਰਾਂ ਦੇ ਵਪਾਰਕ ਆਗੂਆਂ ਨੇ ਦੁਵੱਲੇ ਵਪਾਰ ਅਤੇ ਵਪਾਰਕ ਮੌਕਿਆਂ ਨੂੰ ਹੋਰ ਮਜ਼ਬੂਤ ਕਰਨ ਅਤੇ ਅੱਗੇ ਵਧਾਉਣ ਦੇ ਤਰੀਕਿਆਂ ਉੱਤੇ ਚਰਚਾ ਕੀਤੀ। ਰਾਸ਼ਟਰਪਤੀ ਨੇ ਗ੍ਰੇਟਰ ਨੋਇਡਾ ਸਥਿਤ ਐੱਨਟੀਪੀਸੀ ਊਰਜਾ ਟੈਕਨੋਲੋਜੀ ਖੋਜ ਗੱਠਜੋੜ (ਨੇਤਰਾ) ਕੈਂਪਸ ਦਾ ਵੀ ਦੌਰਾ ਕੀਤਾ ਅਤੇ ਸਵੱਛ ਊਰਜਾ ਨਵੀਨਤਾ, ਊਰਜਾ ਕੁਸ਼ਲਤਾ, ਨਵਿਆਉਣਯੋਗ ਊਰਜਾ ਏਕੀਕਰਨ ਅਤੇ ਗਰਿੱਡ ਮਜ਼ਬੂਤੀ ਸਮੇਤ ਉੱਨਤ ਖੋਜ ਅਤੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ।

ਰਾਸ਼ਟਰਪਤੀ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਿਆਂਮਾਰ ਭਾਰਤ ਦੀਆਂ ‘ਨੇਬਰਹੁੱਡ ਫਸਟ’, ‘ਐਕਟ ਈਸਟ’ ਅਤੇ ‘ਮਹਾਸਾਗਰ’ (ਖੇਤਰੀ ਸੁਰੱਖਿਆ ਅਤੇ ਵਿਕਾਸ ਲਈ ਆਪਸੀ ਅਤੇ ਸਰਬਪੱਖੀ ਉੱਨਤੀ) ਨੀਤੀਆਂ ਦਾ ਮਿਲਣ ਬਿੰਦੂ ਹੈ। ਚਰਚਾ ਵਿੱਚ ਵਪਾਰ ਅਤੇ ਆਰਥਿਕ ਸਬੰਧਾਂ, ਰੱਖਿਆ ਅਤੇ ਸੁਰੱਖਿਆ, ਸਰਹੱਦ ਪ੍ਰਬੰਧਨ, ਵਿਕਾਸ ਸਹਾਇਤਾ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਸਮੇਤ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਗਿਆ। ਦੋਵਾਂ ਧਿਰਾਂ ਨੇ ਵੱਖ-ਵੱਖ ਦੁਵੱਲੇ ਸਮਝੌਤਿਆਂ ਅਤੇ ਸਹਿਮਤੀ ਪੱਤਰਾਂ (ਐੱਮਓਯੂਜ਼) ਉੱਤੇ ਚੱਲ ਰਹੀ ਚਰਚਾ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਦੇ ਜਲਦੀ ਮੁਕੰਮਲ ਹੋਣ ਦੀ ਉਮੀਦ ਜਤਾਈ।

ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਬਿਹਤਰ ਕਨੈਕਟੀਵਿਟੀ (ਸੰਪਰਕ ਵਿਵਸਥਾ) ਨਾਲ ਖੇਤਰ ਵਿੱਚ ਆਪਸੀ ਲਾਭਕਾਰੀ ਆਰਥਿਕ ਸਬੰਧਾਂ ਅਤੇ ਸਾਂਝੀ ਖੁਸ਼ਹਾਲੀ ਨੂੰ ਹੁਲਾਰਾ ਮਿਲੇਗਾ। ਇਸ ਸਬੰਧ ਵਿੱਚ, ਦੋਵਾਂ ਧਿਰਾਂ ਨੇ ਕਲਾਦਾਨ ਮਲਟੀ-ਮੋਡਲ ਟ੍ਰਾਂਜ਼ਿਟ ਟ੍ਰਾਂਸਪੋਰਟ ਪ੍ਰੋਜੈਕਟ ਅਤੇ ਭਾਰਤ-ਮਿਆਂਮਾਰ-ਥਾਈਲੈਂਡ ਤਿਕੋਣੇ ਹਾਈਵੇਅ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਮਿਲ ਕੇ ਕੰਮ ਕਰਨ ਦੀ ਮਹੱਤਤਾ ਨੂੰ ਸਾਂਝਾ ਕੀਤਾ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮਿਆਂਮਾਰ ਦੇ ਵਿਦਿਆਰਥੀਆਂ ਲਈ ਮੇਕਾਂਗ ਗੰਗਾ ਆਈਸੀਸੀਆਰ ਸਕਾਲਰਸ਼ਿਪ ਦੀ ਗਿਣਤੀ 2026 ਤੋਂ 36 ਤੋਂ ਵਧਾ ਕੇ 100 ਕਰ ਦਿੱਤੀ ਜਾਵੇਗੀ।

ਦੋਵੇਂ ਧਿਰਾਂ ਰੁਪਿਆ-ਕਿਆਤ ਭੁਗਤਾਨ ਪ੍ਰਣਾਲੀ ਸਮੇਤ ਦੁਵੱਲੇ ਵਪਾਰ ਨੂੰ ਸੁਖਾਲਾ ਬਣਾਉਣ ਅਤੇ ਵਧਾਉਣ ਉੱਤੇ ਸਹਿਮਤ ਹੋਈਆਂ, ਅਤੇ ਮਈ 2024 ਵਿੱਚ ਇਸ ਦੇ ਸ਼ੁਰੂ ਹੋਣ ਤੋਂ ਬਾਅਦ ਲੈਣ-ਦੇਣ ਦੀ ਮਾਤਰਾ ਵਿੱਚ ਹੋਏ ਲਗਾਤਾਰ ਵਾਧੇ ਦੀ ਸ਼ਲਾਘਾ ਕੀਤੀ। ਦੋਵਾਂ ਧਿਰਾਂ ਨੇ ਆਪੋ-ਆਪਣੇ ਰਾਸ਼ਟਰੀ ਕਾਨੂੰਨਾਂ ਅਤੇ ਨਿਯਮਾਂ ਮੁਤਾਬਕ ਐਗਰੀ-ਪ੍ਰੋਸੈਸਿੰਗ, ਪੈਟਰੋਲੀਅਮ, ਊਰਜਾ, ਮਾਈਨਿੰਗ ਵਰਗੇ ਆਪਸੀ ਹਿੱਤ ਵਾਲੇ ਖੇਤਰਾਂ ਵਿੱਚ ਨੇੜਲੇ ਵਪਾਰ ਅਤੇ ਨਿਵੇਸ਼ ਸਹਿਯੋਗ ਲਈ ਵੀ ਸਮਰਥਨ ਪ੍ਰਗਟਾਇਆ।

ਪ੍ਰਧਾਨ ਮੰਤਰੀ ਨੇ ਮਿਆਂਮਾਰ ਗਣਰਾਜ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ ਭਾਰਤ ਦੇ ਸਮਰਥਨ ਦੀ ਮੁੜ ਪੁਸ਼ਟੀ ਕੀਤੀ। ਦੋਵਾਂ ਧਿਰਾਂ ਨੇ ਆਪਣੇ ਸੁਰੱਖਿਆ ਹਿੱਤਾਂ ਲਈ ਨੁਕਸਾਨਦੇਹ ਗਤੀਵਿਧੀਆਂ ਵਾਸਤੇ ਪ੍ਰਭੂਸੱਤਾ ਸੰਪੰਨ ਖੇਤਰ ਦੀ ਦੁਰਵਰਤੋਂ ਨੂੰ ਰੋਕਣ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਰਾਸ਼ਟਰਪਤੀ ਨੇ ਮਿਆਂਮਾਰ ਦੇ ਇਸ ਭਰੋਸੇ ਨੂੰ ਦੁਹਰਾਇਆ ਕਿ ਉਸ ਦੇ ਖੇਤਰ ਦੀ ਵਰਤੋਂ ਭਾਰਤ ਦੇ ਸੁਰੱਖਿਆ ਹਿੱਤਾਂ ਖ਼ਿਲਾਫ਼ ਨਹੀਂ ਹੋਣ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਨੇ ਪੁਸ਼ਟੀ ਕੀਤੀ ਕਿ ਭਾਰਤ, ਮਿਆਂਮਾਰ ਦੇ ਇੱਕ ਦ੍ਰਿੜ੍ਹ ਅਤੇ ਭਰੋਸੇਮੰਦ ਭਾਈਵਾਲ ਵਜੋਂ, ਦੋਵਾਂ ਦੇਸ਼ਾਂ ਵਿਚਾਲੇ ਸੁਰੱਖਿਆ ਸਹਿਯੋਗ ਨੂੰ ਹੋਰ ਡੂੰਘਾ ਕਰਨ ਲਈ ਵਚਨਬੱਧ ਹੈ।

ਪ੍ਰਧਾਨ ਮੰਤਰੀ ਨੇ ਸ਼ਾਂਤੀ, ਸਥਿਰਤਾ, ਰਾਸ਼ਟਰੀ ਸੁਲਹ ਅਤੇ ਸਮਾਜਿਕ-ਆਰਥਿਕ ਵਿਕਾਸ ਦੀ ਦਿਸ਼ਾ ਵਿੱਚ ਮਿਆਂਮਾਰ ਦੀ ਅਗਵਾਈ ਹੇਠ ਕੀਤੇ ਜਾ ਰਹੇ ਯਤਨਾਂ ਪ੍ਰਤੀ ਸਮਰਥਨ ਪ੍ਰਗਟਾਇਆ। ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਸਤਿਕਾਰ ਅਤੇ ਦੋਸਤਾਨਾ ਸਬੰਧਾਂ ਦੇ ਆਧਾਰ ਉੱਤੇ ਨਿਰੰਤਰ ਮਦਦ ਅਤੇ ਸਹਿਯੋਗ ਦੀ ਪੇਸ਼ਕਸ਼ ਵੀ ਕੀਤੀ। ਰਾਸ਼ਟਰਪਤੀ ਨੇ ਭਾਰਤ ਦੇ ਉਸਾਰੂ ਸਮਰਥਨ ਅਤੇ ਸਹਿਯੋਗ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਮਹਾਰਾਸ਼ਟਰ ਦੇ ਰਾਜਪਾਲ ਅਤੇ ਮੁੱਖ ਮੰਤਰੀ ਨਾਲ ਰਾਸ਼ਟਰਪਤੀ ਦੀਆਂ ਮੀਟਿੰਗਾਂ ਦੇ ਨਾਲ-ਨਾਲ 2-3 ਜੂਨ, 2026 ਨੂੰ ਮੁੰਬਈ ਦੇ ਉਨ੍ਹਾਂ ਦੇ ਆਗਾਮੀ ਦੌਰੇ ਦੌਰਾਨ ਉਨ੍ਹਾਂ ਦੇ ਵਪਾਰਕ ਪ੍ਰੋਗਰਾਮ, ਮੌਜੂਦਾ ਦੁਵੱਲੇ ਸਹਿਯੋਗ ਅਤੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ।

ਰਾਸ਼ਟਰਪਤੀ ਯੂ ਮਿਨ ਆਂਗ ਹਲਾਈਂਗ ਦੇ ਅਧਿਕਾਰਤ ਦੌਰੇ ਨੇ ਮਿਆਂਮਾਰ ਅਤੇ ਭਾਰਤ ਵਿਚਕਾਰ ਲੰਬੇ ਸਮੇਂ ਦੀ ਦੋਸਤੀ ਅਤੇ ਗੂੜ੍ਹੀ ਭਾਈਵਾਲੀ ਦੀ ਪੁਸ਼ਟੀ ਕੀਤੀ, ਅਤੇ ਦੋਵਾਂ ਦੇਸ਼ਾਂ ਦੇ ਆਪਸੀ ਲਾਭ ਲਈ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਇਆ। ਦੋਵੇਂ ਧਿਰਾਂ ਸਾਰੇ ਪੱਧਰਾਂ ਉੱਤੇ ਨੇੜਲਾ ਸਹਿਯੋਗ ਜਾਰੀ ਰੱਖਣ ਉੱਤੇ ਸਹਿਮਤ ਹੋਈਆਂ।

ਰਾਸ਼ਟਰਪਤੀ ਯੂ ਮਿਨ ਆਂਗ ਹਲਾਈਂਗ ਨੇ ਭਾਰਤ ਵਿੱਚ ਆਪਣੇ ਅਤੇ ਆਪਣੇ ਵਫ਼ਦ ਦੇ ਮੈਂਬਰਾਂ ਪ੍ਰਤੀ ਦਿਖਾਈ ਗਈ ਸ਼ਾਨਦਾਰ ਮਹਿਮਾਨ-ਨਿਵਾਜ਼ੀ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਰਾਸ਼ਟਰਪਤੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਆਪਸੀ ਸਹਿਮਤੀ ਨਾਲ ਤੈਅ ਕੀਤੀਆਂ ਗਈਆਂ ਤਰੀਕਾਂ ਉੱਤੇ ਮਿਆਂਮਾਰ ਆਉਣ ਦਾ ਸੱਦਾ ਵੀ ਦਿੱਤਾ।

*********

ਐੱਮਜੇਪੀਐੱਸ/ਐੱਸਐੱਸ/ਪੀਆਰਕੇ