Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਬੈਲਜੀਅਮ ਦੇ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਉੱਤੇ ਭਾਰਤ-ਬੈਲਜੀਅਮ ਸਾਂਝਾ ਬਿਆਨ

ਬੈਲਜੀਅਮ ਦੇ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਉੱਤੇ ਭਾਰਤ-ਬੈਲਜੀਅਮ ਸਾਂਝਾ ਬਿਆਨ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ਉੱਤੇ ਬੈਲਜੀਅਮ ਦੇ ਪ੍ਰਧਾਨ ਮੰਤਰੀ ਸ਼੍ਰੀ ਬਾਰਟ ਡੀ ਵੇਵਰ 2 ਤੋਂ 4 ਸਤੰਬਰ, 2026 ਤੱਕ ਭਾਰਤ ਦੇ ਅਧਿਕਾਰਤ ਦੌਰੇ ਉੱਤੇ ਹਨ। ਉਨ੍ਹਾਂ ਨਾਲ ਬੈਲਜੀਅਮ ਦੇ ਰੱਖਿਆ ਅਤੇ ਵਿਦੇਸ਼ ਵਪਾਰ ਮੰਤਰੀ ਸ਼੍ਰੀ ਥੀਓ ਫਰੈਂਕੇਨ ਅਤੇ ਅਧਿਕਾਰੀਆਂ ਤੇ ਵਪਾਰਕ ਆਗੂਆਂ ਦਾ ਉੱਚ-ਪੱਧਰੀ ਵਫ਼ਦ ਵੀ ਭਾਰਤ ਆਇਆ ਹੈ। ਫਰਵਰੀ 2025 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਡੀ ਵੇਵਰ ਦੀ ਇਹ ਪਹਿਲੀ ਭਾਰਤ ਫੇਰੀ ਹੈ।

ਪ੍ਰਧਾਨ ਮੰਤਰੀ ਡੀ ਵੇਵਰ ਨੇ ਰਾਜਘਾਟ ਵਿੱਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਕੇ ਆਪਣੀ ਫੇਰੀ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਦੁਵੱਲੀ ਮੀਟਿੰਗ ਕੀਤੀ, ਜੋ ਪਹਿਲਾਂ ਸੀਮਤ ਦਾਇਰੇ ਵਿੱਚ ਅਤੇ ਬਾਅਦ ਵਿੱਚ ਵਫ਼ਦ ਪੱਧਰ ਦੀ ਗੱਲਬਾਤ ਵਜੋਂ ਹੋਈ। ਚਰਚਾ ਵਿੱਚ ਦੋਵਾਂ ਦੇਸ਼ਾਂ ਦੇ ਸਬੰਧਾਂ ਦੇ ਸਾਰੇ ਪਹਿਲੂਆਂ ਉੱਤੇ ਗੱਲਬਾਤ ਹੋਈ। ਸ਼੍ਰੀ ਮੋਦੀ ਨੇ ਪ੍ਰਧਾਨ ਮੰਤਰੀ ਡੀ ਵੇਵਰ ਅਤੇ ਉਨ੍ਹਾਂ ਦੇ ਵਫ਼ਦ ਲਈ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ।

ਦੋਵਾਂ ਆਗੂਆਂ ਨੇ ਪਹਿਲੀ ਸੰਸਾਰ ਜੰਗ ਦੌਰਾਨ ਫਲੈਂਡਰਸ ਫੀਲਡਸ ਵਿੱਚ 9 ਹਜ਼ਾਰ ਤੋਂ ਵੱਧ ਭਾਰਤੀ ਜਵਾਨਾਂ ਦੀ ਮਹਾਨ ਕੁਰਬਾਨੀ ਨੂੰ ਯਾਦ ਕੀਤਾ। ਉਨ੍ਹਾਂ ਨੇ ਇਹ ਵੀ ਯਾਦ ਕੀਤਾ ਕਿ ਬੈਲਜੀਅਮ ਉਨ੍ਹਾਂ ਪਹਿਲੇ ਯੂਰਪੀਅਨ ਦੇਸ਼ਾਂ ਵਿੱਚੋਂ ਸੀ ਜਿਨ੍ਹਾਂ ਨੇ 1947 ਵਿੱਚ ਭਾਰਤ ਨਾਲ ਕੂਟਨੀਤਕ ਸਬੰਧ ਕਾਇਮ ਕੀਤੇ ਸਨ। ਦੋਵਾਂ ਆਗੂਆਂ ਨੇ ਕਿਹਾ ਕਿ ਉਦੋਂ ਤੋਂ ਇਹ ਭਾਈਵਾਲੀ ਲੋਕਤੰਤਰੀ ਕਦਰਾਂ-ਕੀਮਤਾਂ, ਆਪਸੀ ਵਿਸ਼ਵਾਸ, ਆਰਥਿਕ ਸਹਿਯੋਗ ਅਤੇ ਲੋਕਾਂ ਦੇ ਆਪਸੀ ਮਜ਼ਬੂਤ ਸਬੰਧਾਂ ਨਾਲ ਹੋਰ ਡੂੰਘੀ ਹੋਈ ਹੈ। ਦੋਵਾਂ ਆਗੂਆਂ ਨੇ ਇਸ ਬਹੁ-ਪੱਖੀ ਸਬੰਧ ਨੂੰ ਹੋਰ ਵਧਾਉਣ ਅਤੇ ਡੂੰਘਾ ਕਰਨ ਦੀ ਇੱਛਾ ਪ੍ਰਗਟਾਈ। ਸਾਲ 2027 ਬੈਲਜੀਅਮ-ਭਾਰਤ ਕੂਟਨੀਤਕ ਸਬੰਧਾਂ ਦੀ 80ਵੀਂ ਵਰ੍ਹੇਗੰਢ ਹੈ, ਜੋ ਭਾਰਤ ਅਤੇ ਬੈਲਜੀਅਮ ਨੂੰ ਦੁਵੱਲੇ ਸਬੰਧਾਂ ਨੂੰ ਹੋਰ ਡੂੰਘਾ ਅਤੇ ਵਿਆਪਕ ਬਣਾਉਣ ਦਾ ਇਤਿਹਾਸਕ ਮੌਕਾ ਦੇਵੇਗੀ।

ਦੋਵਾਂ ਆਗੂਆਂ ਨੇ 15 ਜੁਲਾਈ 2026 ਨੂੰ ਬ੍ਰਸਲਜ਼ ਵਿੱਚ ‘ਭਾਰਤ-ਬੈਲਜੀਅਮ ਰਣਨੀਤਕ ਵਾਰਤਾ’ ਸ਼ੁਰੂ ਹੋਣ ਦਾ ਸਵਾਗਤ ਕੀਤਾ, ਜਿਸ ਦੀ ਸਹਿ-ਪ੍ਰਧਾਨਗੀ ਭਾਰਤੀ ਵਿਦੇਸ਼ ਮੰਤਰੀ ਅਤੇ ਬੈਲਜੀਅਮ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੇ ਕੀਤੀ। ਪ੍ਰਧਾਨ ਮੰਤਰੀ ਮੋਦੀ ਅਤੇ ਬੈਲਜੀਅਮ ਦੇ ਪ੍ਰਧਾਨ ਮੰਤਰੀ ਨੇ ‘ਭਾਰਤ-ਯੂਰਪੀਅਨ ਯੂਨੀਅਨ ਰਣਨੀਤਕ ਵਿਆਪਕ ਭਾਈਵਾਲੀ’ ਉੱਤੇ ਅਧਾਰਿਤ ਇਸ ਗੱਲਬਾਤ ਵਿੱਚ ਵਪਾਰ ਅਤੇ ਨਿਵੇਸ਼, ਵਾਤਾਵਰਨ ਪੱਖੀ ਤਬਦੀਲੀ, ਤਕਨੀਕ, ਸੰਪਰਕ, ਰੱਖਿਆ, ਸੁਰੱਖਿਆ ਅਤੇ ਲੋਕਾਂ ਦੇ ਆਪਸੀ ਸੰਪਰਕ ਵਿੱਚ ਸਹਿਯੋਗ ਵਧਾਉਣ ਲਈ ਨਿਯਮਤ ਅਤੇ ਵਿਆਪਕ ਢਾਂਚੇ ਕਾਇਮ ਕੀਤੇ ਜਾਣ ਦੀ ਸ਼ਲਾਘਾ ਕੀਤੀ। ਇਸ ਸਬੰਧੀ ਉਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੇ ‘ਵਿਦੇਸ਼ ਦਫ਼ਤਰ ਸਲਾਹ-ਮਸ਼ਵਰੇ’ ਦੇ ਆਯੋਜਨ ਦਾ ਸਵਾਗਤ ਕੀਤਾ, ਜੋ ਰਣਨੀਤਕ ਵਾਰਤਾ ਤਹਿਤ ਤੈਅ ਤਰਜੀਹਾਂ ਨੂੰ ਅੱਗੇ ਵਧਾਉਣ ਦਾ ਅਹਿਮ ਮੰਚ ਹੈ।

ਦੋਵਾਂ ਆਗੂਆਂ ਨੇ ਨਿਰਪੱਖ ਅਤੇ ਸ਼ਾਂਤੀਪੂਰਨ ਅੰਤਰਰਾਸ਼ਟਰੀ ਵਿਵਸਥਾ ਬਣਾਈ ਰੱਖਣ, ਆਲਮੀ ਚੁਣੌਤੀਆਂ ਦੇ ਹੱਲ ਅਤੇ ਤਕਨੀਕੀ ਤੇ ਆਰਥਿਕ ਖੇਤਰਾਂ ਸਮੇਤ ਉੱਭਰ ਰਹੇ ਹਾਲਾਤ ਲਈ ਦੁਨੀਆ ਨੂੰ ਤਿਆਰ ਕਰਨ ਵਾਸਤੇ ਸੰਯੁਕਤ ਰਾਸ਼ਟਰ ਚਾਰਟਰ ਉੱਤੇ ਕੇਂਦਰਿਤ, ਵਿਸਤ੍ਰਿਤ ਅਤੇ ਪ੍ਰਭਾਵਸ਼ਾਲੀ ਬਹੁ-ਪੱਖਵਾਦ ਦਾ ਸੱਦਾ ਦੁਹਰਾਇਆ। ਦੋਵਾਂ ਆਗੂਆਂ ਨੇ ਵਿਸ਼ੇਸ਼ ਤੌਰ ਉੱਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸੁਧਾਰ ਦੀ ਫੌਰੀ ਲੋੜ ਉੱਤੇ ਜ਼ੋਰ ਦਿੱਤਾ ਤਾਂ ਜੋ ਮੌਜੂਦਾ ਵਿਸ਼ਵ ਦੀ ਬਿਹਤਰ ਨੁਮਾਇੰਦਗੀ ਹੋ ਸਕੇ। ਬੈਲਜੀਅਮ ਨੇ ਸੁਧਰੀ ਅਤੇ ਵਿਸਤ੍ਰਿਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਦਾ ਸਮਰਥਨ ਕੀਤਾ। ਦੋਵਾਂ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਅਸਥਾਈ ਮੈਂਬਰਸ਼ਿਪ ਲਈ ਇੱਕ-ਦੂਜੇ ਦੀ ਉਮੀਦਵਾਰੀ ਦੇ ਸਮਰਥਨ ਉੱਤੇ ਵੀ ਸਹਿਮਤੀ ਜਤਾਈ। ਇਸ ਵਿੱਚ ਭਾਰਤ 2028-29 ਦੇ ਕਾਰਜਕਾਲ ਲਈ ਅਤੇ ਬੈਲਜੀਅਮ 2037-38 ਦੇ ਕਾਰਜਕਾਲ ਲਈ ਉਮੀਦਵਾਰੀ ਕਰੇਗਾ।

ਭਾਰਤ-ਯੂਰਪੀਅਨ ਯੂਨੀਅਨ ਰਣਨੀਤਕ ਭਾਈਵਾਲੀ ਅਤੇ ਮੁਕਤ ਵਪਾਰ ਸਮਝੌਤਾ

ਦੋਵਾਂ ਪ੍ਰਧਾਨ ਮੰਤਰੀਆਂ ਨੇ ਭਾਰਤ-ਬੈਲਜੀਅਮ ਸਬੰਧਾਂ ਵਿੱਚ ‘ਭਾਰਤ-ਯੂਰਪੀਅਨ ਯੂਨੀਅਨ ਰਣਨੀਤਕ ਭਾਈਵਾਲੀ’ ਦੇ ਕੇਂਦਰ ਵਿੱਚ ਰਹਿਣ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ 27 ਜਨਵਰੀ 2026 ਨੂੰ ਭਾਰਤ-ਯੂਰਪੀਅਨ ਯੂਨੀਅਨ ਸਿਖਰ ਸੰਮੇਲਨ ਦੌਰਾਨ ‘ਭਾਰਤ-ਯੂਰਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ’ ਦੀ ਸਫ਼ਲ ਗੱਲਬਾਤ ਮੁਕੰਮਲ ਹੋਣ ਦਾ ਸਵਾਗਤ ਕੀਤਾ ਅਤੇ ਭਾਰਤ ਤੇ ਯੂਰਪੀਅਨ ਯੂਨੀਅਨ ਵਿਚਾਲੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ‘ਯੂਰਪੀਅਨ ਯੂਨੀਅਨ-ਭਾਰਤ ਨਿਵੇਸ਼ ਸੁਰੱਖਿਆ ਸਮਝੌਤੇ’ ਅਤੇ ‘ਭੂਗੋਲਿਕ ਸੰਕੇਤ ਸਮਝੌਤੇ’ ਉੱਤੇ ਗੱਲਬਾਤ ਵੀ ਜਲਦੀ ਪੂਰੀ ਕਰਨ ਦਾ ਸੱਦਾ ਦਿੱਤਾ।

ਭਾਰਤ-ਯੂਰਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ ਨੂੰ ਰਣਨੀਤਕ ਭਾਈਵਾਲੀ ਵਿੱਚ ਇਤਿਹਾਸਕ ਪ੍ਰਾਪਤੀ ਦੱਸਦਿਆਂ, ਉਨ੍ਹਾਂ ਨੇ ਸਪਲਾਈ ਲੜੀ ਦੀ ਵਿਭਿੰਨਤਾ ਅਤੇ ਨਵੇਂ ਬਾਜ਼ਾਰ ਖੋਲ੍ਹ ਕੇ ਵਪਾਰ ਤੇ ਨਿਵੇਸ਼ ਸਹਿਯੋਗ ਦੀ ਅਸਲ ਸਮਰੱਥਾ ਨੂੰ ਸਾਕਾਰ ਕਰਨ ਲਈ ਸਮਝੌਤੇ ਨੂੰ ਸਮੇਂ ਸਿਰ ਲਾਗੂ ਕਰਨ ਦਾ ਸੱਦਾ ਦਿੱਤਾ।

ਦੋਵਾਂ ਪ੍ਰਧਾਨ ਮੰਤਰੀਆਂ ਨੇ ਜੁਲਾਈ 2026 ਵਿੱਚ ਬ੍ਰਸਲਜ਼ ਵਿੱਚ ਹੋਈ ਮੰਤਰੀ ਪੱਧਰੀ ਬੈਠਕ ਸਮੇਤ ‘ਭਾਰਤ-ਯੂਰਪੀਅਨ ਯੂਨੀਅਨ ਵਪਾਰ ਅਤੇ ਤਕਨੀਕੀ ਕੌਂਸਲ’ ਤਹਿਤ ਅਹਿਮ ਪ੍ਰਗਤੀ ਦਾ ਸਵਾਗਤ ਕੀਤਾ। ਇਸ ਪ੍ਰਗਤੀ ਦਾ ਉਦੇਸ਼ ਵਪਾਰ ਅਤੇ ਤਕਨੀਕ ਦੇ ਵਧਦੇ ਆਪਸੀ ਸਬੰਧਾਂ ਵਿਚਾਲੇ ਏਕੀਕ੍ਰਿਤ, ਮਜ਼ਬੂਤ ਅਤੇ ਟਿਕਾਊ ਆਰਥਿਕ ਤੇ ਤਕਨੀਕੀ ਭਾਈਵਾਲੀ ਨੂੰ ਉਤਸ਼ਾਹਿਤ ਕਰਨਾ ਹੈ। ਇਸ ਸਿਲਸਿਲੇ ਵਿੱਚ ਉਨ੍ਹਾਂ ਨੇ ਵਪਾਰ, ਤਕਨੀਕ, ਆਰਥਿਕ ਸੁਰੱਖਿਆ ਅਤੇ ਮਜ਼ਬੂਤ ਸਪਲਾਈ ਚੇਨ ਦੇ ਖੇਤਰ ਵਿੱਚ ਭਾਰਤ, ਬੈਲਜੀਅਮ ਅਤੇ ਯੂਰਪੀਅਨ ਯੂਨੀਅਨ ਵਿਚਾਲੇ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਦੀ ਵਚਨਬੱਧਤਾ ਦੁਹਰਾਈ।

ਦੋਵਾਂ ਧਿਰਾਂ ਨੇ 2030 ਲਈ ਸੰਯੁਕਤ ‘ਭਾਰਤ-ਯੂਰਪੀਅਨ ਯੂਨੀਅਨ ਵਿਆਪਕ ਰਣਨੀਤਕ ਏਜੰਡੇ’ ਦਾ ਵੀ ਸਮਰਥਨ ਕੀਤਾ, ਜਿਸ ਦਾ ਉਦੇਸ਼ ਦੋਵਾਂ ਵਿਚਾਲੇ ਸਹਿਯੋਗ ਨੂੰ ਵਿਆਪਕ ਤੇ ਡੂੰਘਾ ਬਣਾ ਕੇ ਰਣਨੀਤਕ ਭਾਈਵਾਲੀ ਮਜ਼ਬੂਤ ਕਰਨਾ ਹੈ, ਤਾਂ ਜੋ ਦੋਵਾਂ ਭਾਈਵਾਲਾਂ ਅਤੇ ਪੂਰੀ ਦੁਨੀਆ ਨੂੰ ਲਾਹੇਵੰਦ, ਠੋਸ ਅਤੇ ਪਰਿਵਰਤਨਸ਼ੀਲ ਨਤੀਜੇ ਮਿਲ ਸਕਣ। ਉਨ੍ਹਾਂ ਨੇ ਇਹ ਵੀ ਮੰਨਿਆ ਕਿ ‘ਭਾਰਤ-ਯੂਰਪੀਅਨ ਯੂਨੀਅਨ ਸੁਰੱਖਿਆ ਅਤੇ ਰੱਖਿਆ ਭਾਈਵਾਲੀ’ ਉੱਤੇ ਦਸਤਖ਼ਤ ਹੋਣ ਨਾਲ ਸਮੁੰਦਰੀ ਸੁਰੱਖਿਆ, ਰੱਖਿਆ ਸਨਅਤ ਅਤੇ ਤਕਨੀਕ, ਸਾਈਬਰ ਅਤੇ ਹਾਈਬ੍ਰਿਡ ਖਤਰੇ, ਪੁਲਾੜ ਅਤੇ ਅੱਤਵਾਦ ਵਿਰੋਧੀ ਉਪਾਵਾਂ ਸਮੇਤ ਸਾਂਝੇ ਹਿੱਤਾਂ ਵਾਲੇ ਖੇਤਰਾਂ ਵਿੱਚ ਰਣਨੀਤਕ ਸਹਿਯੋਗ ਹੋਰ ਡੂੰਘਾ ਹੋਵੇਗਾ।

ਵਪਾਰ, ਆਰਥਿਕ ਸਹਿਯੋਗ ਅਤੇ ਨਿਵੇਸ਼

ਬੈਲਜੀਅਮ ਦੁਨੀਆ ਦਾ 24ਵਾਂ ਸਭ ਤੋਂ ਵੱਡਾ ਅਰਥਚਾਰਾ ਹੈ, ਜਦਕਿ ਭਾਰਤ ਦਾ ਟੀਚਾ ਆਉਣ ਵਾਲੇ ਸਾਲਾਂ ਵਿੱਚ 10 ਟ੍ਰਿਲੀਅਨ ਡਾਲਰ ਦਾ ਅਰਥਚਾਰਾ ਬਣਨਾ ਹੈ। ਦੋਵਾਂ ਆਗੂਆਂ ਨੇ ਆਪਸੀ ਲਾਹੇਵੰਦ ਭਾਈਵਾਲੀ ਦੇ ਭਰਪੂਰ ਮੌਕਿਆਂ ਦੀ ਵੀ ਚਰਚਾ ਕੀਤੀ। ਆਪਣੇ ਅਰਥਚਾਰਿਆਂ ਵਿਚਾਲੇ ਮਜ਼ਬੂਤ ਪੂਰਕ ਸਮਰੱਥਾ ਨੂੰ ਸਮਝਦਿਆਂ ਦੋਵਾਂ ਪ੍ਰਧਾਨ ਮੰਤਰੀਆਂ ਨੇ ਵਪਾਰ, ਨਿਵੇਸ਼ ਅਤੇ ਆਰਥਿਕ ਸਹਿਯੋਗ ਹੋਰ ਵਧਾਉਣ ਦੀ ਵਚਨਬੱਧਤਾ ਪ੍ਰਗਟਾਈ। ਇਸ ਸਿਲਸਿਲੇ ਵਿੱਚ ਉਨ੍ਹਾਂ ਨੇ ਦੁਵੱਲੇ ਆਰਥਿਕ ਸਬੰਧਾਂ ਦੇ ਲਗਾਤਾਰ ਵਿਸਥਾਰ ਅਤੇ ਦੁਵੱਲੇ ਵਪਾਰ ਦੇ ਵੱਖ-ਵੱਖ ਖੇਤਰਾਂ ਵਿੱਚ ਫੈਲਣ ਦਾ ਸਵਾਗਤ ਕੀਤਾ। ਉਨ੍ਹਾਂ ਨੇ ਅਗਲੇ 5 ਸਾਲਾਂ ਵਿੱਚ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦੇ ਉਦੇਸ਼ ਨਾਲ ਸਾਂਝੇ ਹਿੱਤ ਦੇ ਪ੍ਰਮੁੱਖ ਖੇਤਰਾਂ ਵਿੱਚ ਸਹਿਯੋਗ ਮਜ਼ਬੂਤ ਕਰਨ ਦਾ ਦ੍ਰਿੜ੍ਹ ਸੰਕਲਪ ਵੀ ਪ੍ਰਗਟਾਇਆ।

ਦੋਵਾਂ ਪ੍ਰਧਾਨ ਮੰਤਰੀਆਂ ਨੇ ਮਾਰਚ 2025 ਵਿੱਚ ਰਾਜਕੁਮਾਰੀ ਐਸਟ੍ਰਿਡ ਦੀ ਅਗਵਾਈ ਹੇਠ ਭਾਰਤ ਵਿੱਚ ਕਰਵਾਏ ਗਏ ਬੈਲਜੀਅਮ ਦੇ ਸਫ਼ਲ ਆਰਥਿਕ ਮਿਸ਼ਨ ਉੱਤੇ ਤਸੱਲੀ ਪ੍ਰਗਟਾਈ। ਉਨ੍ਹਾਂ ਨੇ ਇਸ ਮਿਸ਼ਨ ਨੂੰ ਦੁਵੱਲੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਬਣਾਉਣ, ਔਰਤਾਂ ਦੇ ਆਰਥਿਕ ਸ਼ਕਤੀਕਰਨ ਉੱਤੇ ਚਰਚਾ ਸਮੇਤ ਕਾਰੋਬਾਰਾਂ ਅਤੇ ਸੰਸਥਾਵਾਂ ਵਿਚਾਲੇ ਨਵੀਂ ਭਾਈਵਾਲੀ ਵਿਕਸਿਤ ਕਰਨ ਅਤੇ ਜੀਵਨ ਵਿਗਿਆਨ, ਦਵਾਈਆਂ ਤੇ ਸਿਹਤ ਸੰਭਾਲ, ਊਰਜਾ ਤੇ ਨਵਿਆਉਣਯੋਗ ਊਰਜਾ, ਰੱਖਿਆ, ਹਵਾਬਾਜ਼ੀ ਤੇ ਪੁਲਾੜ, ਲੌਜਿਸਟਿਕਸ, ਆਵਾਜਾਈ ਤੇ ਬੰਦਰਗਾਹਾਂ, ਸਵੱਛ ਤਕਨੀਕ ਤੇ ਹਰੀ ਇੰਜੀਨੀਅਰਿੰਗ, ਰਸਾਇਣ ਵਿਗਿਆਨ, ਉੱਨਤ ਸਮੱਗਰੀ ਤੇ ਮੈਨੂਫੈਕਚਰਿੰਗ, ਡਿਜੀਟਲ ਤਕਨੀਕ ਅਤੇ ਇਨੋਵੇਸ਼ਨ ਵਰਗੇ ਤਰਜੀਹੀ ਖੇਤਰਾਂ ਵਿੱਚ ਸਹਿਯੋਗ ਵਧਾਉਣ ਵਿੱਚ ਇਸ ਨੂੰ ਅਹਿਮ ਦੱਸਿਆ। ਇਸੇ ਸਿਲਸਿਲੇ ਵਿੱਚ ਉਨ੍ਹਾਂ ਨੇ ਦਵਾਈ, ਬਾਇਓਟੈਕਨੋਲੋਜੀ, ਕਲੀਨੀਕਲ ਰਿਸਰਚ, ਨਵੀਨਤਾ ਅਤੇ ਉੱਨਤ ਸਿਹਤ ਸੰਭਾਲ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਦੀਆਂ ਪੂਰਕ ਤਾਕਤਾਂ ਦੇ ਆਧਾਰ ਉੱਤੇ ਜੀਵਨ ਵਿਗਿਆਨ ਖੇਤਰ ਵਿੱਚ ਭਾਰਤ ਅਤੇ ਬੈਲਜੀਅਮ ਵਿਚਾਲੇ ਭਾਈਵਾਲੀ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ ਅਤੇ ਸਨਅਤ, ਅਕਾਦਮਿਕ ਜਗਤ ਅਤੇ ਖੋਜ ਸੰਸਥਾਵਾਂ ਵਿਚਾਲੇ ਨੇੜਲੇ ਸਹਿਯੋਗ ਨੂੰ ਉਤਸ਼ਾਹਿਤ ਕੀਤਾ। ਦੋਵਾਂ ਆਗੂਆਂ ਨੇ ਬੈਲਜੀਅਮ ਦੀਆਂ ਖੇਤਰੀ ਵਪਾਰ ਅਤੇ ਨਿਵੇਸ਼ ਏਜੰਸੀਆਂ ਸਮੇਤ ਨਿਯਮਤ ਉੱਚ-ਪੱਧਰੀ ਫੇਰੀਆਂ ਰਾਹੀਂ ਸਹਿਯੋਗ ਦੀ ਨਿਰੰਤਰਤਾ ਬਣਾਈ ਰੱਖਣ ਉੱਤੇ ਸਹਿਮਤੀ ਪ੍ਰਗਟਾਈ।

ਦੋਵਾਂ ਆਗੂਆਂ ਨੇ ਦੁਵੱਲੇ ਆਰਥਿਕ ਸਬੰਧਾਂ ਦੇ ਵਿਕਾਸ ਅਤੇ ਵਿਭਿੰਨਤਾ ਉੱਤੇ ਤਸੱਲੀ ਪ੍ਰਗਟਾਈ ਅਤੇ ਸੈਮੀਕੰਡਕਟਰ, ਰਸਾਇਣ, ਦਵਾਈਆਂ, ਰੱਖਿਆ ਉਦਯੋਗਿਕ ਸਹਿਯੋਗ, ਅਹਿਮ ਖਣਿਜਾਂ ਦੀ ਪ੍ਰੋਸੈਸਿੰਗ ਅਤੇ ਰੀਸਾਈਕਲਿੰਗ, ਟਿਕਾਊ ਸਨਅਤਾਂ ਅਤੇ ਪ੍ਰਮਾਣੂ ਊਰਜਾ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦਾ ਸਵਾਗਤ ਕੀਤਾ, ਜਿਸ ਵਿੱਚ ਨਿੱਜੀ ਖੇਤਰ ਨੂੰ ਸ਼ਾਮਲ ਕਰਦਿਆਂ ਸਹਿਯੋਗ ਦੇ ਉੱਭਰ ਰਹੇ ਮੌਕਿਆਂ ਦੀ ਤਲਾਸ਼ ਕਰਨਾ ਵੀ ਸ਼ਾਮਲ ਹੈ। ਦੋਵਾਂ ਆਗੂਆਂ ਨੇ ਐਂਟਵਰਪ ਨੂੰ ਮੁੰਬਈ ਅਤੇ ਸੂਰਤ ਨਾਲ ਜੋੜਨ ਵਾਲੇ ਹੀਰਾ ਵਪਾਰ ਦੇ ਸਥਾਈ ਮਹੱਤਵ ਨੂੰ ਵੀ ਸਵੀਕਾਰ ਕੀਤਾ ਅਤੇ ਆਰਥਿਕ ਜੁੜਾਵ ਤੇ ਸਾਂਝੇ ਵਿਕਾਸ ਦੇ ਨਵੇਂ ਮੌਕਿਆਂ ਦੀ ਤਲਾਸ਼ ਕਰਕੇ ਭਾਈਵਾਲੀ ਨੂੰ ਹੋਰ ਮਜ਼ਬੂਤ ਬਣਾਉਣ ਉੱਤੇ ਸਹਿਮਤੀ ਜਤਾਈ।

ਦੋਵਾਂ ਦੇਸ਼ਾਂ ਵਿਚਾਲੇ ਸਮੁੰਦਰੀ ਅਤੇ ਬੰਦਰਗਾਹ ਸਹਿਯੋਗ ਦੇ ਰਣਨੀਤਕ ਮਹੱਤਵ ਉੱਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਬੰਦਰਗਾਹਾਂ ਦੇ ਵਿਕਾਸ, ਲੌਜਿਸਟਿਕਸ, ਸੰਪਰਕ, ਡ੍ਰੈਜਿੰਗ (ਬੰਦਰਗਾਹ ਜਾਂ ਸਮੁੰਦਰ ਦੇ ਤਲ ਤੋਂ ਮਸ਼ੀਨਾਂ ਰਾਹੀਂ ਗਾਰ, ਰੇਤ, ਕੂੜਾ ਅਤੇ ਹੋਰ ਮਲਬਾ ਬਾਹਰ ਕੱਢਣਾ) ਅਤੇ ਆਫਸ਼ੋਰ ਪੌਣ ਊਰਜਾ ਬੁਨਿਆਦੀ ਢਾਂਚੇ ਵਿੱਚ ਸਹਿਯੋਗ ਡੂੰਘਾ ਕਰਨ ਦੇ ਮੌਕਿਆਂ ਦਾ ਸਵਾਗਤ ਕੀਤਾ। ਇਸ ਸਿਲਸਿਲੇ ਤਹਿਤ ਉਨ੍ਹਾਂ ਨੇ ਅਕਤੂਬਰ 2026 ਵਿੱਚ ਨਵੀਂ ਦਿੱਲੀ ਵਿੱਚ ਹੋਣ ਵਾਲੇ ‘ਸਾਗਰਮੰਥਨ: ਦ ਗ੍ਰੇਟ ਓਸ਼ਨਜ਼ ਡਾਇਲੌਗ’ ਵਿੱਚ ਬੈਲਜੀਅਮ ਦੀ ਫਲੇਮਿਸ਼ ਸਰਕਾਰ (ਦੇਸ਼ ਦੇ ਡੱਚ-ਭਾਸ਼ੀ ਫਲੇਮਿਸ਼ ਭਾਈਚਾਰੇ ਅਤੇ ਫਲੇਮਿਸ਼ ਖੇਤਰ ਦੀ ਪ੍ਰਬੰਧਕੀ ਸਰਕਾਰ) ਦੀ ਆਵਾਜਾਈ ਅਤੇ ਬੰਦਰਗਾਹ ਮੰਤਰੀ, ਐਨਿਕ ਡੀ ਰਿਡਰ ਦੀ ਤੈਅ ਸ਼ਮੂਲੀਅਤ ਦਾ ਸਵਾਗਤ ਕੀਤਾ। ਉਨ੍ਹਾਂ ਨੇ ਐਂਟਵਰਪ/ਫਲੈਂਡਰਸ ਪੋਰਟ ਟ੍ਰੇਨਿੰਗ ਸੈਂਟਰ ਅਤੇ ਭਾਰਤ ਦੀ ਜਵਾਹਰਲਾਲ ਨਹਿਰੂ ਪੋਰਟ ਅਥਾਰਟੀ (ਜੇਐੱਨਪੀਏ) ਵਿਚਾਲੇ, ਭਾਰਤੀ ਬੰਦਰਗਾਹ ਖੇਤਰ ਅਤੇ ਵਿਆਪਕ ਤੌਰ ਉੱਤੇ ਸਮੁੰਦਰੀ ਖੇਤਰ ਵਿੱਚ, ਸਾਰੇ ਪੱਧਰਾਂ ਦੇ ਪ੍ਰਬੰਧਨ ਉੱਤੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਸਿਖਲਾਈ ਲੋੜਾਂ ਦੀ ਪਛਾਣ ਅਤੇ ਸਮਰੱਥਾ ਵਿਕਾਸ ਵਿੱਚ ਸਹਿਯੋਗ ਵਧਾਉਣ ਦੀ ਸੰਭਾਵਨਾ ਦਾ ਵੀ ਸਵਾਗਤ ਕੀਤਾ। ਉਨ੍ਹਾਂ ਨੇ ਭਾਰਤ ਦੇ ਬੰਦਰਗਾਹ ਬੁਨਿਆਦੀ ਢਾਂਚਾ ਵਿਕਾਸ ਵਿੱਚ ਬੈਲਜੀਅਮ ਦੀ ਡ੍ਰੈਜਿੰਗ ਮੁਹਾਰਤ ਅਤੇ ਆਫਸ਼ੋਰ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਵਿੱਚ ਸਹਿਯੋਗ ਸਬੰਧੀ ਭੂਮਿਕਾ ਨੂੰ ਵੀ ਸਵੀਕਾਰ ਕੀਤਾ।

ਦੋਵਾਂ ਪ੍ਰਧਾਨ ਮੰਤਰੀਆਂ ਨੇ ਖਗੋਲ ਵਿਗਿਆਨ, ਖਗੋਲ ਭੌਤਿਕ ਵਿਗਿਆਨ ਅਤੇ ਪੁਲਾੜ ਤਕਨੀਕ ਸਮੇਤ ਖੋਜ ਤੇ ਉੱਚ ਸਿੱਖਿਆ ਦੇ ਖੇਤਰ ਵਿੱਚ ਭਾਰਤ ਅਤੇ ਬੈਲਜੀਅਮ ਵਿਚਾਲੇ ਵਧਦੇ ਸਹਿਯੋਗ ਦਾ ਸਵਾਗਤ ਕੀਤਾ। ਇਹ ਸਹਿਯੋਗ ਬੈਲਜੀਅਮ-ਭਾਰਤੀ ਖਗੋਲ ਵਿਗਿਆਨ ਅਤੇ ਖਗੋਲ ਭੌਤਿਕ ਵਿਗਿਆਨ ਨੈੱਟਵਰਕ (ਬੀਆਈਐੱਨਏ) ਰਾਹੀਂ ਵਿਕਸਿਤ ਹੋ ਰਿਹਾ ਹੈ। ਉਨ੍ਹਾਂ ਨੇ ਭਾਰਤ ਵਿੱਚ ਕਈ ਅਹਿਮ ਖਗੋਲ ਸਹੂਲਤਾਂ – ਦੇਵਸਥਲ ਆਪਟੀਕਲ ਟੈਲੀਸਕੋਪ, ਦੇਵਸਥਲ ਇੰਟਰਨੈਸ਼ਨਲ ਲਿਕਵਿਡ ਮਿਰਰ ਟੈਲੀਸਕੋਪ, ਮਾਊਂਟ ਆਬੂ ਟੈਲੀਸਕੋਪ ਅਤੇ ਉਦੈਪੁਰ ਸਥਿਤ ਮਲਟੀ-ਐਪਲੀਕੇਸ਼ਨ ਸੋਲਰ ਟੈਲੀਸਕੋਪ ਵਿੱਚ ਬੈਲਜੀਅਮ ਦੇ ਯੋਗਦਾਨ ਦੀ ਸ਼ਲਾਘਾ ਕੀਤੀ।

ਦੋਵਾਂ ਆਗੂਆਂ ਨੇ ‘ਭਾਰਤ-ਬੈਲਜੀਅਮ ਇਨਵੈਸਟਮੈਂਟ ਫਾਸਟ-ਟ੍ਰੈਕ ਮਕੈਨਿਜ਼ਮ’ ਸ਼ੁਰੂ ਕੀਤੇ ਜਾਣ ਦਾ ਸਵਾਗਤ ਕੀਤਾ ਅਤੇ ਇਸ ਨੂੰ ਦੁਵੱਲੇ ਨਿਵੇਸ਼ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਅਹਿਮ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਇਹ ਤੰਤਰ ਭਾਰਤ ਵਿੱਚ ਬੈਲਜੀਅਮ ਦੇ ਨਿਵੇਸ਼ ਅਤੇ ਬੈਲਜੀਅਮ ਵਿੱਚ ਭਾਰਤੀ ਨਿਵੇਸ਼ ਨੂੰ ਸੁਖਾਲਾ ਬਣਾਉਣ ਅਤੇ ਉਨ੍ਹਾਂ ਦੇ ਵਿਸਥਾਰ, ਕਾਰੋਬਾਰਾਂ ਨੂੰ ਸਹਿਯੋਗ ਦੇਣ, ਨਿਵੇਸ਼ ਦੀਆਂ ਰੁਕਾਵਟਾਂ ਦੂਰ ਕਰਨ ਅਤੇ ਦੋਵਾਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਦੇ ਆਰਥਿਕ ਸਹਿਯੋਗ ਲਈ ਅਨੁਕੂਲ ਮਾਹੌਲ ਬਣਾਉਣ ਲਈ ਇੱਕ ਸਮਰਪਿਤ ਮੰਚ ਹੋਵੇਗਾ।

ਦੋਵਾਂ ਆਗੂਆਂ ਨੇ ਬੈਲਜੀਅਮ ਦੀ ਨਿਵੇਸ਼ ਕੰਪਨੀ (ਐੱਸਐੱਫਪੀਆਈਐੱਮ) ਅਤੇ ਭਾਰਤ ਦੇ ਨੈਸ਼ਨਲ ਇਨਵੈਸਟਮੈਂਟ ਐਂਡ ਇਨਫਰਾਸਟ੍ਰਕਚਰ ਫੰਡ (ਐੱਨਆਈਆਈਐੱਫ) ਵਿਚਾਲੇ ਜਾਰੀ ਭਾਈਵਾਲੀ ਦਾ ਵੀ ਸਵਾਗਤ ਕੀਤਾ। ਉਨ੍ਹਾਂ ਨੇ ਭਾਰਤ-ਬੈਲਜੀਅਮ ਆਰਥਿਕ ਅਤੇ ਨਿਵੇਸ਼ ਲਾਂਘੇ ਦੀ ਸਥਾਪਨਾ ਵਿੱਚ ਸਹਿਯੋਗ ਲਈ ਐੱਸਐੱਫਪੀਆਈਐੱਮ-ਐੱਨਆਈਆਈਐੱਫ ਵਿਚਾਲੇ ਸਹਿਯੋਗ ਨੂੰ ਰਸਮੀ ਰੂਪ ਦਿੱਤੇ ਜਾਣ ਦੀ ਆਸ ਪ੍ਰਗਟਾਈ। ਉਨ੍ਹਾਂ ਨੇ ਵਿਕਾਸਸ਼ੀਲ ਦੇਸ਼ਾਂ ਲਈ ਬੈਲਜੀਅਮ ਇਨਵੈਸਟਮੈਂਟ ਕੰਪਨੀ (ਬੀਆਈਓ ਇਨਵੈਸਟ) ਦੇ ਯੋਗਦਾਨ ਦਾ ਵੀ ਸਵਾਗਤ ਕੀਤਾ ਅਤੇ ਆਪਸੀ ਹਿੱਤ ਦੇ ਖੇਤਰਾਂ ਵਿੱਚ ਬੀਆਈਓ ਇਨਵੈਸਟ ਅਤੇ ਐੱਨਆਈਆਈਐੱਫ ਵਿਚਾਲੇ ਸੰਭਾਵੀ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ਣ ਉੱਤੇ ਸਹਿਮਤੀ ਜਤਾਈ।

ਦੋਵਾਂ ਪ੍ਰਧਾਨ ਮੰਤਰੀਆਂ ਨੇ ਦੁਵੱਲੇ ਆਰਥਿਕ ਸਹਿਯੋਗ ਵਧਾਉਣ ਦੇ ਪ੍ਰਮੁੱਖ ਤੰਤਰ ਵਜੋਂ ਭਾਰਤ-ਬੈਲਜੀਅਮ-ਲਕਜ਼ਮਬਰਗ ਆਰਥਿਕ ਸੰਘ (ਬੀਐੱਲਈਯੂ) ਸਾਂਝੇ ਆਰਥਿਕ ਕਮਿਸ਼ਨ ਦੀ ਮਹੱਤਤਾ ਦੀ ਵੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਉਹ ਇਸ ਸਾਲ ਦੇ ਅਖੀਰ ਵਿੱਚ ਹੋਣ ਵਾਲੇ ਇਸ ਦੇ 19ਵੇਂ ਸੈਸ਼ਨ ਦੀ ਉਡੀਕ ਕਰ ਰਹੇ ਹਨ।

ਰੱਖਿਆ ਅਤੇ ਸੁਰੱਖਿਆ ਸਹਿਯੋਗ

ਪ੍ਰਧਾਨ ਮੰਤਰੀ ਬਾਰਟ ਡੀ ਵੇਵਰ ਨੇ ਸਰਹੱਦ ਪਾਰ ਅੱਤਵਾਦ ਸਮੇਤ ਅੱਤਵਾਦ ਵਿਰੁੱਧ ਲੜਾਈ ਵਿੱਚ ਭਾਰਤ ਨਾਲ ਬੈਲਜੀਅਮ ਦੀ ਇਕਜੁੱਟਤਾ ਪ੍ਰਗਟਾਈ। ਉਨ੍ਹਾਂ ਨੇ ਅਪ੍ਰੈਲ 2025 ਵਿੱਚ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਬੇਕਸੂਰ ਨਾਗਰਿਕਾਂ ਉੱਤੇ ਹੋਏ ਅੱਤਵਾਦੀ ਹਮਲੇ ਦੀ ਮੁੜ ਨਿੰਦਾ ਕੀਤੀ। ਉਨ੍ਹਾਂ ਨੇ ਅੱਤਵਾਦ ਵਿਰੋਧੀ ਵਿਆਪਕ/ਆਲਮੀ ਪਹੁੰਚ ਦੀ ਵਚਨਬੱਧਤਾ ਉੱਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅੱਤਵਾਦ ਦੇ ਕਿਸੇ ਵੀ ਰੂਪ ਨੂੰ ਕਦੇ ਵੀ ਸਹੀ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਨੇ ਅੱਤਵਾਦ ਦੇ ਦੋਸ਼ੀਆਂ ਨੂੰ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਜਵਾਬਦੇਹ ਬਣਾਉਣ ਦਾ ਸੱਦਾ ਦਿੱਤਾ। ਦੋਵਾਂ ਆਗੂਆਂ ਨੇ ਕਿਹਾ ਕਿ ਅੱਤਵਾਦੀਆਂ ਅਤੇ ਅੱਤਵਾਦੀ ਸੰਗਠਨਾਂ ਵਿਰੁੱਧ ਅੰਤਰਰਾਸ਼ਟਰੀ ਭਾਈਚਾਰੇ ਨੂੰ ਮਿਲ ਕੇ ਕਾਰਵਾਈ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ 1267 ਪਾਬੰਦੀ ਵਿਵਸਥਾ ਰਾਹੀਂ ਨਾਮਜ਼ਦ ਸੰਗਠਨਾਂ, ਅੱਤਵਾਦੀ ਨੈੱਟਵਰਕਾਂ, ਉਨ੍ਹਾਂ ਦੇ ਸੁਰੱਖਿਅਤ ਟਿਕਾਣਿਆਂ ਅਤੇ ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਵਿਰੁੱਧ ਇਹ ਕਾਰਵਾਈ ਸੰਯੁਕਤ ਰਾਸ਼ਟਰ ਅਤੇ ਵਿੱਤੀ ਕਾਰਵਾਈ ਟਾਸਕ ਫੋਰਸ (ਐੱਫਏਟੀਐੱਫ) ਰਾਹੀਂ ਵੀ ਕੀਤੀ ਜਾਣੀ ਚਾਹੀਦੀ ਹੈ। ਦੋਵਾਂ ਪ੍ਰਧਾਨ ਮੰਤਰੀਆਂ ਨੇ ਰਾਸ਼ਟਰੀ, ਖੇਤਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਪਾਬੰਦੀ ਤੰਤਰ ਸਮੇਤ ਅੱਤਵਾਦ ਨੂੰ ਰੋਕਣ ਅਤੇ ਇਸ ਦਾ ਮੁਕਾਬਲਾ ਕਰਨ ਵਿੱਚ ਮਜ਼ਬੂਤ ਅੰਤਰਰਾਸ਼ਟਰੀ ਸਹਿਯੋਗ ਦਾ ਸੱਦਾ ਦਿੱਤਾ। ਉਨ੍ਹਾਂ ਨੇ ਉੱਭਰ ਰਹੇ ਅੱਤਵਾਦੀ ਖਤਰਿਆਂ ਨਾਲ ਨਜਿੱਠਣ ਲਈ ਦੁਵੱਲੇ ਸਹਿਯੋਗ ਨੂੰ ਵਧਾਉਣ ਵਾਸਤੇ ‘ਬੈਲਜੀਅਮ-ਭਾਰਤ ਅੱਤਵਾਦ ਵਿਰੋਧੀ ਸਾਂਝਾ ਕਾਰਜ ਸਮੂਹ’ ਕਾਇਮ ਕਰਨ ਦੀ ਸੰਭਾਵਨਾ ਤਲਾਸ਼ਣ ਦੀ ਇੱਛਾ ਜਤਾਈ।

ਰੱਖਿਆ ਸਹਿਯੋਗ ਉੱਤੇ ਦੋਵਾਂ ਪ੍ਰਧਾਨ ਮੰਤਰੀਆਂ ਨੇ ਦੋਵਾਂ ਦੇਸ਼ਾਂ ਦੇ ਰੱਖਿਆ ਮੰਤਰਾਲਿਆਂ ਵਿਚਾਲੇ ਆਸ਼ੇ ਪੱਤਰ ਉੱਤੇ ਦਸਤਖ਼ਤ ਕੀਤੇ ਜਾਣ ਦਾ ਸਵਾਗਤ ਕੀਤਾ। ਇਸ ਨਾਲ ਨਿਯਮਤ ਅਧਿਕਾਰਤ ਫੇਰੀਆਂ, ਰੱਖਿਆ ਅਧਿਕਾਰੀ ਵਾਰਤਾ, ਸਿੱਖਿਆ ਅਤੇ ਸਿਖਲਾਈ, ਖੋਜ ਸਹਿਯੋਗ ਅਤੇ ਰੱਖਿਆ-ਸਨਅਤੀ ਭਾਈਵਾਲੀ ਦਾ ਢਾਂਚਾ ਤਿਆਰ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਮਾਰਚ 2025 ਵਿੱਚ ਭਾਰਤ ਅਤੇ ਬੈਲਜੀਅਮ ਦੇ ਰੱਖਿਆ ਮੰਤਰੀਆਂ ਵਿਚਾਲੇ ਦੁਵੱਲੇ ਰੱਖਿਆ ਸਹਿਯੋਗ ਨੂੰ ਸੰਸਥਾਗਤ ਰੂਪ ਦੇਣ ਅਤੇ ਉਸ ਨੂੰ ਮਜ਼ਬੂਤ ਬਣਾਉਣ ਦੇ ਸਮਝੌਤੇ ਉੱਤੇ ਆਧਾਰਿਤ ਹੈ। ਦੋਵਾਂ ਆਗੂਆਂ ਨੇ ਸਮੁੰਦਰੀ ਸੁਰੱਖਿਆ, ਉੱਭਰਦੀਆਂ ਤਕਨੀਕਾਂ, ਸਿੱਖਿਆ ਅਤੇ ਫੌਜੀ ਵਟਾਂਦਰੇ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸਹਿਯੋਗ ਲਈ ਦੋਵਾਂ ਰੱਖਿਆ ਅਦਾਰਿਆਂ ਵਿਚਾਲੇ ਲਗਾਤਾਰ ਵਧ ਰਹੇ ਜੁੜਾਵ ਦਾ ਸਵਾਗਤ ਕੀਤਾ। ਇਸ ਸਿਲਸਿਲੇ ਵਿੱਚ ਉਨ੍ਹਾਂ ਨੇ 5 ਤੋਂ 8 ਨਵੰਬਰ 2026 ਤੱਕ ਬੈਲਜੀਅਮ ਦੇ ਫ੍ਰੀਗੇਟ ਲਿਓਪੋਲਡ-1 ਸਮੁੰਦਰੀ ਜਹਾਜ਼ ਦੇ ਭਾਰਤ ਫੇਰੀ ਉੱਤੇ ਆਉਣ, ਬੈਲਜੀਅਨ ਡਿਫੈਂਸ ਕਾਲਜ ਵੱਲੋਂ ਭਾਰਤ ਵਿੱਚ ‘ਵਿਸ਼ਵ ਅਧਿਐਨ ਯਾਤਰਾ 2027’ ਕਰਵਾਉਣ ਦੀ ਤਜਵੀਜ਼ਤ ਯੋਜਨਾ ਅਤੇ ਅਕਤੂਬਰ 2026 ਵਿੱਚ ਸਿਕੰਦਰਾਬਾਦ ਸਥਿਤ ‘ਕਾਲਜ ਆਫ ਡਿਫੈਂਸ ਮੈਨੇਜਮੈਂਟ’ ਦੀ ਬੈਲਜੀਅਮ ਫੇਰੀ ਦਾ ਸਵਾਗਤ ਕੀਤਾ। ਦੋਵਾਂ ਆਗੂਆਂ ਨੇ ਇਸ ਨੂੰ ਦੋਵਾਂ ਦੇਸ਼ਾਂ ਦੇ ਰੱਖਿਆ ਅਦਾਰਿਆਂ ਵਿਚਾਲੇ ਉੱਚ-ਪੱਧਰੀ ਸੰਪਰਕ ਸਹਿਯੋਗ ਮਜ਼ਬੂਤ ਕਰਨ ਦਾ ਠੋਸ ਮੌਕਾ ਦੱਸਿਆ।

ਦੋਵਾਂ ਪ੍ਰਧਾਨ ਮੰਤਰੀਆਂ ਨੇ ਨਵੀਂ ਦਿੱਲੀ ਵਿੱਚ ਬੈਲਜੀਅਮ ਵੱਲੋਂ ਡਿਫੈਂਸ ਅਟੈਚੇ ਦੀ ਨਿਯੁਕਤੀ ਦਾ ਸਵਾਗਤ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਬ੍ਰਸਲਜ਼ ਸਥਿਤ ਭਾਰਤੀ ਦੂਤਾਵਾਸ ਵਿੱਚ ਇੱਕ ਸਥਾਈ ਡਿਫੈਂਸ ਅਟੈਚੇ ਦੀ ਨਿਯੁਕਤੀ ਦੇ ਭਾਰਤ ਦੇ ਫੈਸਲੇ ਦਾ ਵੀ ਸਵਾਗਤ ਕੀਤਾ। ਦੋਵਾਂ ਆਗੂਆਂ ਨੇ ਸਮੁੰਦਰੀ ਸੁਰੱਖਿਆ, ਉੱਭਰਦੀਆਂ ਤਕਨੀਕਾਂ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸਹਿਯੋਗ ਲਈ ਦੋਵਾਂ ਦੇਸ਼ਾਂ ਦੇ ਰੱਖਿਆ ਅਦਾਰਿਆਂ ਵਿਚਾਲੇ ਨਿਰੰਤਰ ਵਧ ਰਹੇ ਜੁੜਾਵ ਦਾ ਸਵਾਗਤ ਕੀਤਾ।

ਦੋਵਾਂ ਪ੍ਰਧਾਨ ਮੰਤਰੀਆਂ ਨੇ ਭਾਰਤ ਅਤੇ ਬੈਲਜੀਅਮ ਵਿਚਾਲੇ ਵਧਦੇ ਰੱਖਿਆ-ਸਨਅਤੀ ਸਹਿਯੋਗ ਦਾ ਸਵਾਗਤ ਕਰਦਿਆਂ ਕਿਹਾ ਕਿ ਮਾਰਚ 2025 ਵਿੱਚ ਭਾਰਤ ਵਿੱਚ ਬੈਲਜੀਅਮ ਦੇ ਆਰਥਿਕ ਮਿਸ਼ਨ ਦੌਰਾਨ ਅਜਿਹੀਆਂ ਭਾਈਵਾਲੀਆਂ ਨੂੰ ਹੋਰ ਮਜ਼ਬੂਤੀ ਮਿਲੀ। ਰੱਖਿਆ ਮੈਨੂਫੈਕਚਰਿੰਗ, ਤਕਨੀਕ, ਇਨੋਵੇਸ਼ਨ, ਸਾਂਝੇ-ਵਿਕਾਸ ਅਤੇ ਸਾਂਝੇ-ਉਤਪਾਦਨ ਵਿੱਚ ਅੱਗੇ ਸਹਿਯੋਗ ਵਧਣ ਦੀਆਂ ਸੰਭਾਵਨਾਵਾਂ ਉੱਤੇ ਦੋਵਾਂ ਆਗੂਆਂ ਨੇ ਬੈਲਜੀਅਮ ਅਤੇ ਭਾਰਤੀ ਰੱਖਿਆ ਸਨਅਤਾਂ ਵਿਚਾਲੇ ਹੋਏ ਕਈ ਸਮਝੌਤਿਆਂ ਅਤੇ ਭਾਈਵਾਲੀਆਂ ਉੱਤੇ ਦਸਤਖ਼ਤ ਕੀਤੇ ਜਾਣ ਦਾ ਸਵਾਗਤ ਕੀਤਾ। ਉਨ੍ਹਾਂ ਨੇ ਦੋਵਾਂ ਧਿਰਾਂ ਦੀਆਂ ਸਨਅਤਾਂ ਵਿਚਾਲੇ ਸਹਿਯੋਗ ਜਾਰੀ ਰੱਖਣ ਨੂੰ ਵੀ ਉਤਸ਼ਾਹਿਤ ਕੀਤਾ।

ਦੋਵਾਂ ਆਗੂਆਂ ਨੇ ਯਪ੍ਰੇਸ ਸਥਿਤ ਫਲੈਂਡਰਸ ਫੀਲਡਸ ਮਿਊਜ਼ੀਅਮ ਅਤੇ ਨਵੀਂ ਦਿੱਲੀ ਸਥਿਤ ਸੈਂਟਰ ਫਾਰ ਆਰਮਡ ਫੋਰਸਿਜ਼ ਹਿਸਟੋਰੀਕਲ ਰਿਸਰਚ (ਸੀਏਐੱਫਐੱਚਆਰ) ਵਿਚਾਲੇ ਸਹਿਯੋਗ ਉੱਤੇ ਵੀ ਗੌਰ ਕੀਤਾ, ਜੋ ਭਾਰਤ ਅਤੇ ਬੈਲਜੀਅਮ ਦੀ ਸਾਂਝੀ ਇਤਿਹਾਸਕ ਵਿਰਾਸਤ ਨੂੰ ਸੰਭਾਲ ਅਤੇ ਵਿਕਸਿਤ ਕਰ ਰਹੇ ਹਨ।

ਦੋਵਾਂ ਪ੍ਰਧਾਨ ਮੰਤਰੀਆਂ ਨੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ, ਸਾਈਬਰ ਅਪਰਾਧ ਅਤੇ ਅਜਿਹੇ ਮਾਮਲਿਆਂ ਨਾਲ ਨਜਿੱਠਣ ਵਿੱਚ ਸਹਿਯੋਗ ਲਈ ਭਾਰਤ ਦੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਬੈਲਜੀਅਮ ਦੀ ਸੰਘੀ ਪੁਲਿਸ ਵਿਚਾਲੇ ਐੱਮਓਯੂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਸੰਸਥਾਗਤ ਸਬੰਧਾਂ ਨੂੰ ਮਜ਼ਬੂਤ ਬਣਾ ਕੇ ਜਾਣਕਾਰੀ ਸਾਂਝੀ ਕਰਨ ਨੂੰ ਸੁਖਾਲਾ ਬਣਾਏਗਾ, ਸਮਰੱਥਾ ਵਿਕਾਸ ਅਤੇ ਸਰਵੋਤਮ ਅਭਿਆਸਾਂ ਦੇ ਆਦਾਨ-ਪ੍ਰਦਾਨ ਨੂੰ ਹੁਲਾਰਾ ਦੇਵੇਗਾ, ਭਗੌੜੇ ਅਪਰਾਧੀਆਂ ਦਾ ਪਤਾ ਲਗਾਉਣ ਵਿੱਚ ਸਹਿਯੋਗ ਵਧਾਏਗਾ ਅਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ, ਸਾਈਬਰ ਅਪਰਾਧ ਅਤੇ ਸਬੰਧਿਤ ਮਾਮਲਿਆਂ ਨਾਲ ਨਜਿੱਠਣ ਵਿੱਚ ਦੁਵੱਲੇ ਕਾਨੂੰਨ ਲਾਗੂ ਕਰਨ ਵਾਲੇ ਸਹਿਯੋਗ ਨੂੰ ਡੂੰਘਾ ਕਰੇਗਾ।

ਹਰੀ ਕ੍ਰਾਂਤੀ, ਉੱਭਰਦੀਆਂ ਤਕਨੀਕਾਂ, ਸਿਹਤ ਸੰਭਾਲ ਸਹਿਯੋਗ ਅਤੇ ਸਟਾਰਟਅੱਪ

ਦੋਵਾਂ ਪ੍ਰਧਾਨ ਮੰਤਰੀਆਂ ਨੇ ਭਾਰਤ ਅਤੇ ਬੈਲਜੀਅਮ ਵਿਚਾਲੇ ਨਵਿਆਉਣਯੋਗ ਊਰਜਾ ਸਹਿਯੋਗ ਉੱਤੇ ਨਵਿਆਏ ਗਏ ਐੱਮਓਯੂ ਉੱਤੇ ਦਸਤਖ਼ਤ ਕੀਤੇ ਜਾਣ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਨਵਾਂ ਐੱਮਓਯੂ 2015 ਦੇ ਢਾਂਚੇ ਤਹਿਤ ਕਾਇਮ ਕੀਤੇ ਸਹਿਯੋਗ ਅਤੇ ਨਵਿਆਉਣਯੋਗ ਊਰਜਾ ਉੱਤੇ ਸਾਂਝੇ ਕਾਰਜ ਸਮੂਹ ਦੇ ਕੰਮਾਂ ਉੱਤੇ ਆਧਾਰਿਤ ਹੈ, ਜਿਸ ਨਾਲ ਗ੍ਰੀਨ ਹਾਈਡ੍ਰੋਜਨ, ਸੂਰਜੀ ਊਰਜਾ, ਊਰਜਾ ਭੰਡਾਰਨ, ਆਫਸ਼ੋਰ ਪੌਣ ਊਰਜਾ, ਬਾਇਓ-ਊਰਜਾ, ਛੋਟੇ ਹਾਈਡ੍ਰੋਪਾਵਰ ਅਤੇ ਪੰਪਡ ਸਟੋਰੇਜ ਪਲਾਂਟਾਂ ਸਮੇਤ ਪ੍ਰਮੁੱਖ ਖੇਤਰਾਂ ਵਿੱਚ ਸਹਿਯੋਗ ਵਧੇਗਾ।

ਦੋਵਾਂ ਦੇਸ਼ਾਂ ਨੇ ਉਦਯੋਗਿਕ ਭਾਈਵਾਲੀ ਅਤੇ ਗਿਆਨ ਸਾਂਝਾ ਕਰਨ ਸਮੇਤ ਗ੍ਰੀਨ ਹਾਈਡ੍ਰੋਜਨ ਖੇਤਰ ਵਿੱਚ ਭਾਰਤ ਅਤੇ ਬੈਲਜੀਅਮ ਵਿਚਾਲੇ ਵਧਦੇ ਸਹਿਯੋਗ ਦਾ ਸਵਾਗਤ ਕੀਤਾ। ਉਨ੍ਹਾਂ ਨੇ ਜੀਐੱਚ-2 ਇੰਡੀਆ, ਬੈਲਜੀਅਮ ਹਾਈਡ੍ਰੋਜਨ ਕੌਂਸਲ ਅਤੇ ਫਲੈਂਡਰਸ ਇਨਵੈਸਟਮੈਂਟ ਐਂਡ ਟ੍ਰੇਡ ਵਿਚਾਲੇ ਹੋਏ ਐੱਮਓਯੂ ਸਹਿਯੋਗ, ਬ੍ਰਸਲਜ਼ ਵਿੱਚ ਐਗਮੌਂਟ ਇੰਸਟੀਚਿਊਟ ਦੇ ਗ੍ਰੀਨ ਹਾਈਡ੍ਰੋਜਨ ਐਕਸਚੇਂਜ ਪ੍ਰੋਗਰਾਮ ਵਿੱਚ ਭਾਰਤੀ ਅਧਿਕਾਰੀਆਂ ਦੀ ਸਰਗਰਮ ਸ਼ਮੂਲੀਅਤ ਅਤੇ ਦੋਵਾਂ ਦੇਸ਼ਾਂ ਦੇ ਸਰਕਾਰੀ, ਸਨਅਤੀ ਤੇ ਖੋਜ ਨੁਮਾਇੰਦਿਆਂ ਦੀਆਂ ਆਪਸੀ ਫੇਰੀਆਂ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਉਤਪਾਦਨ, ਆਵਾਜਾਈ, ਭੰਡਾਰਨ ਅਤੇ ਅੰਤਿਮ ਵਰਤੋਂ ਲਈ ਗ੍ਰੀਨ ਹਾਈਡ੍ਰੋਜਨ ਸਪਲਾਈ ਲੜੀ ਮਜ਼ਬੂਤ ਬਣਾਉਣ ਵਿੱਚ ਭਾਰਤ ਅਤੇ ਬੈਲਜੀਅਮ ਦੀ ਅਹਿਮ ਭੂਮਿਕਾ ਉੱਤੇ ਜ਼ੋਰ ਦਿੱਤਾ, ਜਿਸ ਨਾਲ ਕਾਰਬਨ ਨਿਕਾਸੀ ਵਿੱਚ ਕਮੀ ਲਿਆਂਦੀ ਜਾਵੇ, ਇਨੋਵੇਸ਼ਨ ਨੂੰ ਹੁਲਾਰਾ ਮਿਲੇ ਅਤੇ ਊਰਜਾ ਸੁਰੱਖਿਆ ਵਧਾ ਕੇ ਟਿਕਾਊ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

ਬੈਲਜੀਅਮ ਅਤੇ ਭਾਰਤ ਨੇ ਪੈਰਿਸ ਸਮਝੌਤੇ, ਤਾਪਮਾਨ ਘਟਾਉਣ ਸਮੇਤ ਇਸ ਦੇ ਲੰਬੇ ਸਮੇਂ ਦੇ ਟੀਚਿਆਂ ਅਤੇ ਇਸ ਦੇ ਸਿਧਾਂਤਾਂ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਇਨ੍ਹਾਂ ਵਿੱਚ ਬਰਾਬਰੀ ਅਤੇ ਸਮਾਨ ਪਰ ਵੱਖਰੀਆਂ ਜ਼ਿੰਮੇਵਾਰੀਆਂ ਅਤੇ ਸਬੰਧਿਤ ਰਾਸ਼ਟਰੀ ਹਾਲਾਤ ਸ਼ਾਮਲ ਹਨ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਸੀਓਪੀ-31 ਦੀ ਸਫ਼ਲਤਾ ਦਾ ਸਮਰਥਨ ਕੀਤਾ, ਜੋ ਲਾਗੂਕਰਨ ਦੀ ਗਤੀ ਅਤੇ ਜ਼ਮੀਨੀ ਪੱਧਰ ਉੱਤੇ ਬਿਹਤਰ ਕਾਰਵਾਈ ਯਕੀਨੀ ਬਣਾਉਣ ਲਈ ਜ਼ਰੂਰੀ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ਉੱਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਸਾਰੇ ਸਰੋਤਾਂ ਤੋਂ ਢੁਕਵਾਂ, ਪਹਿਲਾਂ ਤੋਂ ਤੈਅ ਅਤੇ ਪਹੁੰਚਯੋਗ ਜਲਵਾਯੂ ਵਿੱਤ ਜੁਟਾਉਣ, ਜਲਵਾਯੂ ਤਕਨੀਕ ਦੇ ਵਿਕਾਸ ਤੇ ਪ੍ਰਸਾਰ ਅਤੇ ਸਮਰੱਥਾ ਵਿਕਾਸ ਅਤੇ ਇਨ੍ਹਾਂ ਖੇਤਰਾਂ ਵਿੱਚ ਅੰਤਰਰਾਸ਼ਟਰੀ ਸਹਿਯੋਗ ਮਜ਼ਬੂਤ ਕਰਨ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਦੋਵਾਂ ਧਿਰਾਂ ਨੇ ਜਲਵਾਯੂ ਅਨੁਕੂਲਨ, ਸਥਿਤੀ ਦੀ ਮਜ਼ਬੂਤੀ ਅਤੇ ਆਫ਼ਤਾਂ ਲਈ ਤਿਆਰੀ ਮਜ਼ਬੂਤ ਬਣਾਉਣ ਦੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਨੇ ਜਲਵਾਯੂ ਸਥਿਰਤਾ, ਟਿਕਾਊ ਵਿਕਾਸ ਅਤੇ ਤੱਟਵਰਤੀ ਭਾਈਚਾਰਿਆਂ ਦੀ ਭਲਾਈ ਵਿੱਚ ਸਮੁੰਦਰਾਂ ਅਤੇ ਤੱਟਵਰਤੀ ਈਕੋਸਿਸਟਮ ਦੀ ਅਹਿਮ ਭੂਮਿਕਾ ਵੀ ਸਵੀਕਾਰ ਕੀਤੀ। ਟਿਕਾਊ ਵਿਕਾਸ ਅਤੇ ਜਲਵਾਯੂ ਸਥਿਰਤਾ ਦੇ ਹਿੱਸੇ ਵਜੋਂ ਸਮੁੰਦਰੀ ਪ੍ਰਸ਼ਾਸਨ ਪ੍ਰਣਾਲੀ ਮਜ਼ਬੂਤ ਕਰਨ ਦੇ ਮਹੱਤਵ ਨੂੰ ਸਮਝਦਿਆਂ, ਉਨ੍ਹਾਂ ਨੇ ਰਾਸ਼ਟਰੀ ਅਧਿਕਾਰ ਖੇਤਰ ਤੋਂ ਬਾਹਰ ਜੀਵ-ਵਿਭਿੰਨਤਾ ਸਮਝੌਤੇ ਅਤੇ ਸਮੁੰਦਰੀ ਮਾਮਲਿਆਂ ਵਿੱਚ ਵਿਆਪਕ ਅੰਤਰਰਾਸ਼ਟਰੀ ਸਹਿਯੋਗ ਦੇ ਮਹੱਤਵ ਉੱਤੇ ਜ਼ੋਰ ਦਿੱਤਾ।

ਦੋਵਾਂ ਆਗੂਆਂ ਨੇ ਭਾਰਤੀ ਮਾਈਕ੍ਰੋ-ਇਲੈਕਟ੍ਰੋਨਿਕਸ ਈਕੋਸਿਸਟਮ ਵਿਚਾਲੇ ਸਹਿਯੋਗ ਨੂੰ ਉਤਸ਼ਾਹਿਤ ਕੀਤਾ, ਜਿਸ ਵਿੱਚ ਸੈਮੀਕੰਡਕਟਰ ਕੰਪਨੀਆਂ, ਚਿੱਪਇਨ ਸੈਂਟਰ, ਸੀ-ਡੈਕ, ਯੂਨੀਵਰਸਿਟੀਆਂ ਅਤੇ ਬੈਲਜੀਅਮ ਦੀ ਆਈਐੱਮਈਸੀ ਸ਼ਾਮਲ ਹਨ। ਸੈਮੀਕੰਡਕਟਰ ਤਕਨੀਕਾਂ ਵਿੱਚ ਡੂੰਘੀ ਭਾਈਵਾਲੀ ਵਿਕਸਿਤ ਕਰਨ ਲਈ ਉਨ੍ਹਾਂ ਨੇ ਆਪਸੀ ਗੱਲਬਾਤ ਪ੍ਰਤੀ ਆਪਣਾ ਸਮਰਥਨ ਪ੍ਰਗਟਾਇਆ। ਇਸ ਨਾਲ ਦੋਵਾਂ ਦੇਸ਼ਾਂ ਵਿੱਚ ਮਜ਼ਬੂਤ ਅਤੇ ਉੱਨਤ ਤਕਨਾਲੋਜੀ ਈਕੋਸਿਸਟਮ ਕਾਇਮ ਕੀਤਾ ਜਾ ਸਕੇਗਾ।

ਦੋਵਾਂ ਆਗੂਆਂ ਨੇ ਭਾਰਤ ਵੱਲੋਂ ਕਰਵਾਏ ਗਏ ‘ਏਆਈ ਇਮਪੈਕਟ ਸਮਿਟ’ ਵਿੱਚ ਫਲੈਂਡਰਸ ਸਰਕਾਰ ਦੇ ਮੰਤਰੀ-ਪ੍ਰਧਾਨ ਦੀ ਸ਼ਮੂਲੀਅਤ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਫੇਰੀ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ), ਉੱਭਰਦੀਆਂ ਤਕਨੀਕਾਂ ਅਤੇ ਇਨੋਵੇਸ਼ਨ ਵਿੱਚ ਵਧਦਾ ਸਹਿਯੋਗ ਉਜਾਗਰ ਹੋਇਆ ਹੈ।

ਦੋਵਾਂ ਧਿਰਾਂ ਨੇ ਸਟਾਰਟਅੱਪ ਇਨਕਿਊਬੇਸ਼ਨ ਦੇ ਖੇਤਰ ਵਿੱਚ ਸਹਿਯੋਗ ਦਾ ਸਵਾਗਤ ਕੀਤਾ। ਇਸ ਸਿਲਸਿਲੇ ਵਿੱਚ ਉਨ੍ਹਾਂ ਨੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਟਾਰਟਅੱਪ ਹੱਬ ਅਤੇ ਹੱਬ ਬ੍ਰਸਲਜ਼ ਦੇ ਨਾਲ ਹੀ ਹੋਰ ਸਟਾਰਟਅੱਪ ਹੱਬਾਂ ਅਤੇ ਹੁਨਰ ਵਿਕਾਸ ਕੇਂਦਰਾਂ ਵਿਚਾਲੇ ਸਹਿਯੋਗ ਜਾਰੀ ਰੱਖਣ ਉੱਤੇ ਸਹਿਮਤੀ ਜਤਾਈ। ਇਸ ਦਾ ਉਦੇਸ਼ ਨਵੀਨਤਾ-ਅਧਾਰਿਤ ਉੱਦਮਤਾ ਨੂੰ ਸਹਿਯੋਗ ਦੇ ਕੇ ਡਿਜੀਟਲ ਹੁਨਰ ਵਿਕਾਸ ਨੂੰ ਹੁਲਾਰਾ ਦੇਣਾ ਅਤੇ ਸਟਾਰਟਅੱਪ ਈਕੋਸਿਸਟਮ ਵਿਕਸਿਤ ਕਰਨਾ ਹੈ।

ਸੰਪਰਕ, ਆਵਾਜਾਈ, ਸਿੱਖਿਆ, ਸੱਭਿਆਚਾਰ ਅਤੇ ਲੋਕਾਂ ਦਾ ਲੋਕਾਂ ਨਾਲ ਸੰਪਰਕ

ਦੋਵਾਂ ਆਗੂਆਂ ਨੇ ਵੀਜ਼ਾ ਸੇਵਾਵਾਂ ਬਿਹਤਰ ਬਣਾ ਕੇ ਦੋਵਾਂ ਦੇਸ਼ਾਂ ਵਿਚਾਲੇ ਲੋਕਾਂ ਦੇ ਸੰਪਰਕ ਨੂੰ ਵਧਾਉਣ ਦੀ ਮਹੱਤਤਾ ਨੂੰ ਸਵੀਕਾਰ ਕੀਤਾ। ਇਸ ਸਿਲਸਿਲੇ ਵਿੱਚ ਉਨ੍ਹਾਂ ਨੇ ਸੁਖਾਲੀ ਅਤੇ ਤੇਜ਼ ਪ੍ਰਕਿਰਿਆ ਦੀ ਲੋੜ ਸਵੀਕਾਰ ਕੀਤੀ। ਭਾਰਤ ਅਤੇ ਬੈਲਜੀਅਮ ਵਿਚਾਲੇ ਆਵਾਜਾਈ ਵਧਣ ਨਾਲ, ਬੈਲਜੀਅਮ ਅਤੇ ਭਾਰਤ ਵਿੱਚ ਸਥਿਤ ਡਿਪਲੋਮੈਟਿਕ ਮਿਸ਼ਨਾਂ ਦੀ ਵੀਜ਼ਾ ਪ੍ਰਕਿਰਿਆ ਸਮਰੱਥਾ ਵਿੱਚ ਜ਼ਿਕਰਯੋਗ ਵਾਧਾ ਹੋਵੇਗਾ। ਇਸ ਨੂੰ ਦੇਖਦਿਆਂ ਦੋਵਾਂ ਆਗੂਆਂ ਨੇ ਭਾਰਤ ਵਿੱਚ ਬੈਲਜੀਅਮ ਦੀਆਂ ਵੀਜ਼ਾ ਸੇਵਾਵਾਂ ਬਿਹਤਰ ਬਣਾਉਣ ਦੇ ਯਤਨਾਂ ਦਾ ਸਵਾਗਤ ਕੀਤਾ।

ਆਵਾਜਾਈ ਸਬੰਧੀ ਵਿਆਪਕ ਸਹਿਯੋਗ ਢਾਂਚੇ ਉੱਤੇ ਯੂਰਪੀਅਨ ਯੂਨੀਅਨ ਦੇ ਐੱਮਓਯੂ ਉੱਤੇ ਦਸਤਖ਼ਤ ਅਤੇ ਭਾਰਤ ਵਿੱਚ ਇੱਕ ਪਾਇਲਟ ‘ਯੂਰਪੀਅਨ ਯੂਨੀਅਨ ਲੀਗਲ ਗੇਟਵੇਅ ਦਫ਼ਤਰ’ ਸ਼ੁਰੂ ਕੀਤੇ ਜਾਣ ਦਾ ਸਵਾਗਤ ਕਰਦਿਆਂ, ਦੋਵਾਂ ਆਗੂਆਂ ਨੇ ਪੇਸ਼ੇਵਰ ਕਰਮਚਾਰੀਆਂ, ਕੁਸ਼ਲ ਕਾਰਜਬਲ ਅਤੇ ਵਿਦਿਆਰਥੀਆਂ ਦੀ ਆਵਾਜਾਈ ਲਈ ਕਾਨੂੰਨੀ ਉਪਾਵਾਂ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਤੇ ਯੂਰਪੀਅਨ ਯੂਨੀਅਨ ਵਿਚਾਲੇ ਲੋਕਾਂ ਦੇ ਆਪਸੀ ਸਬੰਧ ਮਜ਼ਬੂਤ ਬਣਾਉਣ ਦੀ ਇਸ ਦੀ ਭੂਮਿਕਾ ਨੂੰ ਉਭਾਰਿਆ। ਉਨ੍ਹਾਂ ਨੇ ਵਪਾਰ, ਨਿਵੇਸ਼ ਅਤੇ ਲੋਕਾਂ ਦੇ ਆਪਸੀ ਸਬੰਧਾਂ ਵਿੱਚ ਨਿਰੰਤਰ ਨੇੜਤਾ ਦੇ ਨਾਲ ਹੀ ਕੁਸ਼ਲ ਪੇਸ਼ੇਵਰਾਂ, ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਵਪਾਰਕ ਯਾਤਰੀਆਂ ਦੀ ਆਵਾਜਾਈ ਦੀ ਲੋੜ ਉੱਤੇ ਸਹਿਮਤੀ ਜਤਾਈ। ਦੋਵਾਂ ਆਗੂਆਂ ਨੇ ਸੰਪਰਕ ਵਧਾਉਣ ਦੇ ਮਹੱਤਵ ਉੱਤੇ ਜ਼ੋਰ ਦਿੱਤਾ ਅਤੇ ਏਅਰਲਾਈਨ ਸੰਚਾਲਕਾਂ ਨੂੰ ਬੈਲਜੀਅਮ ਅਤੇ ਭਾਰਤ ਵਿਚਾਲੇ ਸਿੱਧੀ ਹਵਾਈ ਉਡਾਣ ਸੇਵਾ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਉਤਸ਼ਾਹਿਤ ਕੀਤਾ। ਸਿਹਤ ਸੰਭਾਲ ਖੇਤਰ ਵਿੱਚ ਉਨ੍ਹਾਂ ਨੇ ਬੈਲਜੀਅਮ ਦੀਆਂ ਸਿਹਤ ਸੰਸਥਾਵਾਂ ਅਤੇ ਭਾਰਤ ਵਿਚਾਲੇ ਜਾਰੀ ਸਹਿਯੋਗ ਦਾ ਸਵਾਗਤ ਕੀਤਾ, ਜਿਸ ਵਿੱਚ ਭਾਰਤ ਤੋਂ ਬੈਲਜੀਅਮ ਵਿੱਚ ਕੁਸ਼ਲ ਨਰਸਾਂ ਦੀ ਆਵਾਜਾਈ ਸੁਖਾਲੀ ਬਣਾਉਣ ਦੀ ਪਹਿਲ ਦੇ ਨਾਲ ਹੀ ਸਿਹਤ ਸੰਭਾਲ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਬੈਲਜੀਅਮ ਅਤੇ ਭਾਰਤ ਵਿਚਾਲੇ ਵਿਆਪਕ ਸਿਵਲ ਸੁਸਾਇਟੀ ਸਹਿਯੋਗ ਸ਼ਾਮਲ ਹੈ। ਉਨ੍ਹਾਂ ਨੇ ਆਵਾਜਾਈ ਅਤੇ ਮਾਈਗ੍ਰੇਸ਼ਨ ਐੱਮਓਯੂ ਉੱਤੇ ਦਸਤਖ਼ਤ ਕਰਨ ਲਈ ਨਿਰੰਤਰ ਗੱਲਬਾਤ ਨੂੰ ਵੀ ਉਤਸ਼ਾਹਿਤ ਕੀਤਾ।

ਬੈਲਜੀਅਮ ਆਰਥਿਕ ਮਿਸ਼ਨ ਦੌਰਾਨ ਕਾਇਮ ਕੀਤੀਆਂ ਗਈਆਂ ਕਈ ਅਕਾਦਮਿਕ ਭਾਈਵਾਲੀਆਂ ਨੂੰ ਯਾਦ ਕਰਦਿਆਂ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਬੈਲਜੀਅਮ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਅਤੇ ਮੋਹਰੀ ਅਕਾਦਮਿਕ ਸੰਸਥਾਵਾਂ ਨੂੰ ਭਾਰਤ ਦੀ ਨਵੀਂ ਸਿੱਖਿਆ ਨੀਤੀ ਤਹਿਤ ਭਾਰਤ ਵਿੱਚ ਕੈਂਪਸ ਖੋਲ੍ਹਣ ਦਾ ਸੱਦਾ ਦਿੱਤਾ। ਦੋਵਾਂ ਆਗੂਆਂ ਨੇ ਦੋਵਾਂ ਦੇਸ਼ਾਂ ਦੇ ਸਬੰਧਿਤ ਅਧਿਕਾਰੀਆਂ, ਸੰਸਥਾਵਾਂ ਅਤੇ ਸਨਅਤੀ ਭਾਈਵਾਲਾਂ ਨੂੰ ਭਾਰਤ ਅਤੇ ਬੈਲਜੀਅਮ ਦੇ ਹੁਨਰ ਵਿਕਾਸ ਅਤੇ ਤਕਨੀਕੀ ਤੇ ਕਿੱਤਾਮੁਖੀ ਸਿੱਖਿਆ ਅਤੇ ਸਿਖਲਾਈ ਪ੍ਰਣਾਲੀਆਂ ਵਿਚਾਲੇ ਸਹਿਯੋਗ ਦੇ ਵੱਖ-ਵੱਖ ਖੇਤਰ ਵਿਕਸਿਤ ਕਰਨ ਲਈ ਉਤਸ਼ਾਹਿਤ ਕੀਤਾ। ਇਸ ਵਿੱਚ ਸਰਵੋਤਮ ਅਭਿਆਸਾਂ ਦਾ ਆਦਾਨ-ਪ੍ਰਦਾਨ, ਸਨਅਤ-ਪੱਖੀ ਸਿਖਲਾਈ, ਟ੍ਰੇਨਰਾਂ ਅਤੇ ਮੁਲਾਂਕਣਕਰਤਾਵਾਂ ਦਾ ਸਮਰੱਥਾ ਨਿਰਮਾਣ, ਅਪ੍ਰੈਂਟਿਸਸ਼ਿਪ ਅਤੇ ਕੰਮ-ਅਧਾਰਿਤ ਸਿੱਖਿਆ, ਉੱਭਰਦੇ ਅਤੇ ਭਵਿੱਖਮੁਖੀ ਹੁਨਰ ਸਹਿਯੋਗ ਅਤੇ ਵਿਦਿਅਕ ਯੋਗਤਾਵਾਂ ਵਿੱਚ ਤਾਲਮੇਲ ਬਿਠਾਉਣ ਤੇ ਮਾਨਤਾ ਦੇਣ ਉੱਤੇ ਗੱਲਬਾਤ ਸ਼ਾਮਲ ਹੈ, ਤਾਂ ਜੋ ਰੁਜ਼ਗਾਰ ਸਮਰੱਥਾ ਵਧਾ ਕੇ ਕੁਸ਼ਲ ਪੇਸ਼ੇਵਰਾਂ ਦੀ ਇੱਕ-ਦੂਜੇ ਦੇ ਇੱਥੇ ਰੁਜ਼ਗਾਰ ਦੀ ਸੰਭਾਵਨਾ ਵਧਾਈ ਜਾ ਸਕੇ। ਦੋਵਾਂ ਆਗੂਆਂ ਨੇ ਭਾਰਤੀ ਭਾਈਵਾਲਾਂ ਨਾਲ ਖੋਜ ਸਹਿਯੋਗ, ਇਨੋਵੇਸ਼ਨ ਅਤੇ ਗਿਆਨ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਵਿੱਚ ਫਲੇਮਿਸ਼ ਇੰਸਟੀਚਿਊਟ ਫਾਰ ਟੈਕਨੋਲੋਜੀਕਲ ਰਿਸਰਚ (ਵੀਆਈਟੀਓ) ਦੇ ਯੋਗਦਾਨ ਨੂੰ ਵੀ ਸਵੀਕਾਰ ਕੀਤਾ। ਉਨ੍ਹਾਂ ਨੇ ਸੁਸ਼ਮਾ ਸਵਰਾਜ ਵਿਦੇਸ਼ ਸੇਵਾ ਸੰਸਥਾਨ ਅਤੇ ਬੈਲਜੀਅਮ ਦੇ ਸੰਘੀ ਲੋਕ ਸੇਵਾ ਵਿਦੇਸ਼ ਮੰਤਰਾਲੇ ਵਿਚਾਲੇ ਕੂਟਨੀਤਕ ਸਿਖਲਾਈ ਸਹਿਯੋਗ ਦਾ ਸਵਾਗਤ ਕੀਤਾ।

ਅੰਤਰਰਾਸ਼ਟਰੀ ਮੁੱਦੇ

ਦੋਵਾਂ ਪ੍ਰਧਾਨ ਮੰਤਰੀਆਂ ਨੇ ਯੂਕਰੇਨ ਅਤੇ ਪੱਛਮੀ ਏਸ਼ੀਆ ਵਿੱਚ ਹਾਲੀਆ ਘਟਨਾਕ੍ਰਮਾਂ ਸਮੇਤ ਪ੍ਰਮੁੱਖ ਅੰਤਰਰਾਸ਼ਟਰੀ ਘਟਨਾਵਾਂ ਉੱਤੇ ਚਰਚਾ ਕੀਤੀ। ਦੋਵਾਂ ਧਿਰਾਂ ਨੇ ਯੂਕਰੇਨ ਯੁੱਧ ਦੇ ਸਬੰਧ ਵਿੱਚ, ਸੰਯੁਕਤ ਰਾਸ਼ਟਰ ਚਾਰਟਰ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਸਿਧਾਂਤਾਂ ਅਨੁਸਾਰ ਗੱਲਬਾਤ ਅਤੇ ਕੂਟਨੀਤੀ ਰਾਹੀਂ ਵਿਆਪਕ, ਨਿਆਂਪੂਰਨ ਅਤੇ ਸਥਾਈ ਸ਼ਾਂਤੀ ਦੇ ਯਤਨਾਂ ਪ੍ਰਤੀ ਆਪਣਾ ਸਮਰਥਨ ਦੁਹਰਾਇਆ। ਪੱਛਮੀ ਏਸ਼ੀਆ ਦੀ ਸਥਿਤੀ ਉੱਤੇ ਉਨ੍ਹਾਂ ਨੇ ਖੇਤਰ ਦੇ ਹਾਲੀਆ ਘਟਨਾਕ੍ਰਮਾਂ ਉੱਤੇ ਚਰਚਾ ਕੀਤੀ ਅਤੇ ਇਨ੍ਹਾਂ ਦੇ ਸ਼ਾਂਤੀਪੂਰਨ ਹੱਲ ਲਈ ਗੱਲਬਾਤ ਅਤੇ ਕੂਟਨੀਤਕ ਯਤਨਾਂ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਮੁੰਦਰੀ ਰਸਤਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਨਿਰਵਿਘਨ ਸਮੁੰਦਰੀ ਨੇਵੀਗੇਸ਼ਨ ਬਣਾਈ ਰੱਖਣ ਦੇ ਮਹੱਤਵ ਉੱਤੇ ਵੀ ਜ਼ੋਰ ਦਿੱਤਾ।

ਦੋਵਾਂ ਪ੍ਰਧਾਨ ਮੰਤਰੀਆਂ ਨੇ ਆਪਸੀ ਵਿਸ਼ਵਾਸ, ਸ਼ਾਂਤੀ, ਖੁਸ਼ਹਾਲੀ ਅਤੇ ਵਿਕਾਸ ਦੇ ਸਾਂਝੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ‘ਭਾਰਤ-ਬੈਲਜੀਅਮ ਭਾਈਵਾਲੀ’ ਨੂੰ ਹੋਰ ਡੂੰਘਾ ਕਰਨ ਅਤੇ ਇਸ ਦਾ ਵੱਖ-ਵੱਖ ਖੇਤਰਾਂ ਵਿੱਚ ਵਿਸਥਾਰ ਕਰਨ ਦੀ ਸਾਂਝੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਵਿਸਤ੍ਰਿਤ ਦੁਵੱਲੀ ਭਾਈਵਾਲੀ- ਲੋਕਤੰਤਰ, ਕਾਨੂੰਨ ਦੇ ਰਾਜ, ਮਨੁੱਖੀ ਅਧਿਕਾਰਾਂ ਦੇ ਸਨਮਾਨ, ਲਿੰਗ ਸਮਾਨਤਾ ਅਤੇ ਨਿਯਮ-ਆਧਾਰਿਤ ਅੰਤਰਰਾਸ਼ਟਰੀ ਵਿਵਸਥਾ ਪ੍ਰਤੀ ਸਾਂਝੀ ਵਚਨਬੱਧਤਾ ਦੁਆਰਾ ਸੇਧਿਤ ਹੁੰਦੀ ਰਹੇਗੀ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਨ੍ਹਾਂ ਹੀ ਸਿਧਾਂਤਾਂ ਉੱਤੇ ਚੱਲਦਿਆਂ ਭਾਰਤ-ਬੈਲਜੀਅਮ ਭਾਈਵਾਲੀ ਦੋਵਾਂ ਦੇਸ਼ਾਂ ਦੇ ਲੋਕਾਂ ਅਤੇ ਪੂਰੀ ਦੁਨੀਆ ਲਈ ਲਾਹੇਵੰਦ ਬਣੀ ਰਹੇਗੀ ਅਤੇ ਸਾਂਝੀਆਂ ਆਲਮੀ ਚੁਣੌਤੀਆਂ ਨਾਲ ਨਜਿੱਠਣ ਵਿੱਚ ਭਾਰਤ ਅਤੇ ਯੂਰਪ ਵਿਚਾਲੇ ਸਹਿਯੋਗ ਮਜ਼ਬੂਤ ਕਰਨ ਵਿੱਚ ਮਦਦਗਾਰ ਹੋਵੇਗੀ।

ਭਾਰਤ-ਬੈਲਜੀਅਮ ਭਾਈਵਾਲੀ ਮਜ਼ਬੂਤ ਬਣਾਉਣ ਅਤੇ ਵੱਖ-ਵੱਖ ਖੇਤਰਾਂ ਵਿੱਚ ਵਿਸਥਾਰ ਕਰਨ ਅਤੇ ਭਾਰਤ-ਯੂਰਪ ਦੇ ਵਧਦੇ ਜੁੜਾਵ ਤੇ ਭਾਰਤ-ਯੂਰਪੀਅਨ ਯੂਨੀਅਨ ਦੇ ਸਬੰਧਾਂ ਨੂੰ ਹੋਰ ਡੂੰਘਾ ਕਰਨ ਦੇ ਸਿਲਸਿਲੇ ਵਿੱਚ ਪ੍ਰਧਾਨ ਮੰਤਰੀ ਬਾਰਟ ਡੀ ਵੇਵਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਆਪਸੀ ਸਹਿਮਤੀ ਨਾਲ ਢੁਕਵੀਂ ਤਰੀਕ ਉੱਤੇ ਬੈਲਜੀਅਮ ਦਾ ਦੁਵੱਲਾ ਦੌਰਾ ਕਰਨ ਦਾ ਸੱਦਾ ਦਿੱਤਾ।

****

ਐੱਮਜੇਪੀਐੱਸ/ਐੱਸਐੱਸ/ਪੀਆਰਕੇ