ਪੀਐੱਮਇੰਡੀਆ
ਮੇਰੇ ਮਿੱਤਰ ਰਾਸ਼ਟਰਪਤੀ ਸ਼੍ਰੀ ਮੈਕਰੋਨ, ਪਤਵੰਤੇ ਸੱਜਣੋ ਅਤੇ ਇੱਥੇ ਮੌਜੂਦ ਖ਼ਾਸ ਮਹਿਮਾਨੋ, ਨਮਸਕਾਰ!
ਪਹਿਲੇ ‘ਇੰਟਰਨੈਸ਼ਨਲ ਸਪੇਸ ਸਮਿਟ’ ਦਾ ਹਿੱਸਾ ਬਣ ਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਰਾਸ਼ਟਰਪਤੀ ਸ਼੍ਰੀ ਮੈਕਰੋਨ ਦਾ ਉਨ੍ਹਾਂ ਦੇ ਨਿੱਘੇ ਸੱਦੇ ਅਤੇ ਸਮੇਂ ਸਿਰ ਕੀਤੀ ਗਈ ਇਸ ਪਹਿਲਕਦਮੀ ਲਈ ਧੰਨਵਾਦ। ਸਦੀਆਂ ਤੋਂ ਪੁਲਾੜ ਨੇ ਸਾਡੀ ਕਲਪਨਾ ਨੂੰ ਉਡਾਣ ਦਿੱਤੀ ਹੈ। ਅੱਜ ਇਹ ਧਰਤੀ ’ਤੇ ਜਲਵਾਯੂ ਅਤੇ ਫ਼ਸਲਾਂ ਤੋਂ ਲੈ ਕੇ ਸਮੁੰਦਰਾਂ ਅਤੇ ਭਾਈਚਾਰਿਆਂ ਤੱਕ ਜੀਵਨ ਨੂੰ ਨਵਾਂ ਰੂਪ ਦੇ ਰਿਹਾ ਹੈ। ਪੁਲਾੜ ਵਿੱਚ ਬੇਅੰਤ ਸੰਭਾਵਨਾਵਾਂ ਹਨ। ਸਾਡੀ ਜ਼ਿੰਮੇਵਾਰੀ ਸਾਂਝੀ ਹੈ। ਜਿਵੇਂ-ਜਿਵੇਂ ਆਰਬਿਟ ਵਿੱਚ ਭੀੜ ਵਧਦੀ ਜਾ ਰਹੀ ਹੈ, ਤਕਨੀਕਾਂ ਹੋਰ ਆਧੁਨਿਕ ਹੋ ਰਹੀਆਂ ਹਨ ਅਤੇ ਇਸ ਨਾਲ ਜੁੜਨ ਵਾਲੇ ਦੇਸ਼ਾਂ ਦੀ ਗਿਣਤੀ ਵਧ ਰਹੀ ਹੈ, ਸਾਡੀਆਂ ਚੋਣਾਂ ਬਿਲਕੁਲ ਸਪੱਸ਼ਟ ਹੋਣੀਆਂ ਚਾਹੀਦੀਆਂ ਹਨ: ਟਕਰਾਅ ਦੀ ਥਾਂ ਸਹਿਯੋਗ; ਥੋੜ੍ਹੇ ਸਮੇਂ ਦੇ ਮੁਨਾਫ਼ੇ ਦੀ ਥਾਂ ਟਿਕਾਊਪਨ; ਅਤੇ ਬਾਹਰ ਕੱਢਣ ਦੀ ਥਾਂ ਸਭ ਨੂੰ ਨਾਲ ਲੈ ਕੇ ਚੱਲਣਾ।
ਦੋਸਤੋ,
ਭਾਰਤ ਦੀ ਸੋਚ ‘ਵਸੁਧੈਵ ਕੁਟੁੰਬਕਮ’ ਦੇ ਸਿਧਾਂਤ ’ਤੇ ਟਿਕੀ ਹੋਈ ਹੈ, ਜਿਸ ਦਾ ਮਤਲਬ ਹੈ – ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ। ਇਸ ਭਾਵਨਾ ਨੂੰ ਹੁਣ ਧਰਤੀ ਤੋਂ ਪਾਰ ਵੀ ਲਿਜਾਣਾ ਪਵੇਗਾ। ਅਸੀਂ ਅੰਤਰਰਾਸ਼ਟਰੀ ਕਾਨੂੰਨ, ਗੱਲਬਾਤ ਅਤੇ ਬਹੁ-ਪੱਖੀ ਸਹਿਯੋਗ ’ਤੇ ਆਧਾਰਿਤ ਇੱਕ ਸੁਰੱਖਿਅਤ, ਸ਼ਾਂਤਮਈ ਅਤੇ ਟਿਕਾਊ ਪੁਲਾੜ ਕਾਰਜ-ਖੇਤਰ ਦੀ ਹਮਾਇਤ ਕਰਦੇ ਹਾਂ। ਵਿਗਿਆਨਕ ਡੇਟਾ ਦੀ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਲੋਕਾਂ ਦੇ ਭਲੇ ਲਈ ਵਰਤੋਂ ਕੀਤੀ ਜਾਣੀ ਚਾਹੀਦੀ ਹੈ।
ਭਾਰਤ ਦਾ ਪੁਲਾੜ ਸਫ਼ਰ ਇਸੇ ਸਿਧਾਂਤ ਨੂੰ ਦਰਸਾਉਂਦਾ ਹੈ। ਇਸ ਸਫ਼ਰ ਦੇ ਕੇਂਦਰ ਵਿੱਚ ਮੌਜੂਦ ਇਸਰੋ ਨੇ ਆਪਣੇ ਬਿਹਤਰੀਨ ਅਤੇ ਕਿਫ਼ਾਇਤੀ ਮਿਸ਼ਨਾਂ ਲਈ ਪੂਰੀ ਦੁਨੀਆ ਵਿੱਚ ਵਾਹ-ਵਾਹ ਖੱਟੀ ਹੈ। ਇਸ ਦੀਆਂ ਤਕਨੀਕਾਂ ਕਿਸਾਨਾਂ ਅਤੇ ਮਛੇਰਿਆਂ, ਮੌਸਮ ਦੀ ਪੇਸ਼ੀਨਗੋਈ, ਆਫ਼ਤ ਪ੍ਰਬੰਧਨ ਅਤੇ ਨੈਵੀਗੇਸ਼ਨ ਵਿੱਚ ਮਦਦਗਾਰ ਹਨ। 34 ਦੇਸ਼ਾਂ ਦੇ 430 ਤੋਂ ਵੱਧ ਸੈਟੇਲਾਈਟ ਭਾਰਤੀ ਰਾਕੇਟਾਂ ਰਾਹੀਂ ਪੁਲਾੜ ਵਿੱਚ ਭੇਜੇ ਜਾ ਚੁੱਕੇ ਹਨ। ਇਸਰੋ ਦੀਆਂ ਤਕਨੀਕਾਂ ਅਤੇ ਭਾਈਵਾਲੀਆਂ ਸਿਰਫ਼ ਭਾਰਤ ਲਈ ਹੀ ਨਹੀਂ, ਸਗੋਂ ਪੂਰੀ ਦੁਨੀਆ ਲਈ ਲਾਹੇਵੰਦ ਹਨ।
ਦੁਨੀਆ ਦੇ ਇਸ ਭਰੋਸੇ ਪਿੱਛੇ ਪੀੜ੍ਹੀਆਂ ਤੋਂ ਕੰਮ ਕਰ ਰਹੇ ਭਾਰਤੀ ਵਿਗਿਆਨੀਆਂ, ਇੰਜੀਨੀਅਰਾਂ ਅਤੇ ਟੈਕਨੀਸ਼ੀਅਨਾਂ ਦੀ ਲਗਨ ਅਤੇ ਅਣਥੱਕ ਮਿਹਨਤ ਹੈ। ਦਿਨ-ਰਾਤ ਕੰਮ ਕਰਦਿਆਂ, ਉਨ੍ਹਾਂ ਨੇ ਹਰ ਮਿਸ਼ਨ ਅਤੇ ਹਰ ਸਫਲਤਾ ਨਾਲ ਇਸਰੋ ਦਾ ਵਿਸ਼ਵ ਪੱਧਰ ’ਤੇ ਮਾਣ ਵਧਾਇਆ ਹੈ ਅਤੇ ਪੁਲਾੜ ਵਿੱਚ ਜਾਣ ਵਾਲੇ ਦੇਸ਼ਾਂ ਵਿੱਚ ਭਾਰਤ ਨੂੰ ਇੱਕ ਮਾਣਮੱਤੀ ਥਾਂ ਦਵਾਈ ਹੈ।
ਚੰਦਰਯਾਨ-3 ਨੇ ਭਾਰਤ ਨੂੰ ਚੰਦਰਮਾ ਦੇ ਦੱਖਣੀ ਧਰੁਵ ਨੇੜੇ ਉਤਰਨ ਵਾਲਾ ਪਹਿਲਾ ਦੇਸ਼ ਬਣਾਇਆ ਹੈ। ਆਦਿੱਤਿਆ-ਐੱਲ1 ਸੂਰਜ ਦੇ ਰਾਜ਼ ਖੋਲ੍ਹ ਰਿਹਾ ਹੈ। ਪਿਛਲੇ ਸਾਲ, ਇੱਕ ਭਾਰਤੀ ਨੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਦਾ ਦੌਰਾ ਕੀਤਾ ਸੀ। ਆਉਣ ਵਾਲੇ ਸਮੇਂ ਵਿੱਚ, ਸਾਡਾ ਟੀਚਾ 2035 ਤੱਕ ਇੱਕ ਭਾਰਤੀ ਸਪੇਸ ਸਟੇਸ਼ਨ ਬਣਾਉਣਾ ਅਤੇ 2040 ਤੱਕ ਇੱਕ ਭਾਰਤੀ ਨੂੰ ਚੰਦਰਮਾ ’ਤੇ ਭੇਜਣਾ ਹੈ। ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਵਿੱਚ ਸਾਡਾ ਮੁੱਖ ਸਿਧਾਂਤ ਬਿਲਕੁਲ ਸਪੱਸ਼ਟ ਰਿਹਾ ਹੈ: ਇਨ੍ਹਾਂ ਦਾ ਫ਼ਾਇਦਾ ਪੂਰੀ ਮਨੁੱਖਤਾ ਤੱਕ ਪਹੁੰਚਣਾ ਚਾਹੀਦਾ ਹੈ।
ਇਸਰੋ ਦੇ ਨਾਲ-ਨਾਲ ਭਾਰਤ ਦਾ ਪ੍ਰਾਈਵੇਟ ਸਪੇਸ ਸੈਕਟਰ ਵੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਨਵੇਂ ਉੱਦਮੀਆਂ ਦਾ ਉਤਸ਼ਾਹ ਇਸਰੋ ਦੀ ਬਿਹਤਰੀਨ ਕਾਬਲੀਅਤ ਨਾਲ ਜੁੜ ਰਿਹਾ ਹੈ। 1960 ਦੇ ਦਹਾਕੇ ਵਿੱਚ ਥੁੰਬਾ ਤੋਂ ਭਾਰਤੀ ਪੁਲਾੜ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਫਰਾਂਸ ਇੱਕ ਭਰੋਸੇਮੰਦ ਭਾਈਵਾਲ ਰਿਹਾ ਹੈ। ਅੱਜ ਸਾਡਾ ਸਾਥ ਧਰਤੀ ਦੀ ਨਿਗਰਾਨੀ ਅਤੇ ਆਧੁਨਿਕ ਤਕਨੀਕਾਂ ਤੱਕ ਫੈਲ ਚੁੱਕਾ ਹੈ, ਜੋ ਵਿਗਿਆਨਕ ਕਾਬਲੀਅਤ ਨੂੰ ਮਨੁੱਖੀ ਭਲੇ ਦੇ ਮਕਸਦ ਨਾਲ ਜੋੜਦਾ ਹੈ। ਅਸੀਂ ਫਰਾਂਸ ਅਤੇ ਪੂਰੀ ਦੁਨੀਆ ਨੂੰ ਭਾਰਤ ਦੇ ਪੁਲਾੜ ਸਫ਼ਰ ਵਿੱਚ ਸਾਥੀ ਬਣਨ ਦਾ ਸੱਦਾ ਦਿੰਦੇ ਹਾਂ।
ਦੋਸਤੋ,
ਪੈਰਿਸ ਵਿੱਚ ਕਰਵਾਏ ਗਏ ਇਸ ਸਪੇਸ ਸਮਿਟ ਤੋਂ ਇਹ ਸਪੱਸ਼ਟ ਸੁਨੇਹਾ ਜਾਵੇ: ਕਿ ਅਸੀਂ ਸਾਰੇ ਰਲ ਕੇ ਪੂਰੀ ਮਨੁੱਖਤਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪੁਲਾੜ ਦੀ ਖੋਜ ਕਰਾਂਗੇ, ਰਲ ਕੇ ਨਵੀਆਂ ਖੋਜਾਂ ਕਰਾਂਗੇ ਅਤੇ ਰਲ ਕੇ ਪੁਲਾੜ ਦੀ ਰਾਖੀ ਕਰਾਂਗੇ। ਮੈਂ ਸਾਰੇ ਹਿੱਸੇਦਾਰਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।
ਧੰਨਵਾਦ।
************
ਐੱਮਜੇਪੀਐੱਸ/ਐੱਸਐੱਸ/ਐੱਸਟੀ
Sharing my remarks during the International Space Summit in France. https://t.co/Nw1LNXWnKp
— Narendra Modi (@narendramodi) September 10, 2026