ਪੀਐੱਮਇੰਡੀਆ
1. ਅਸੀਂ, ਬ੍ਰਿਕਸ ਦੇਸ਼ਾਂ ਦੇ ਆਗੂ, 12 ਤੋਂ 13 ਸਤੰਬਰ 2026 ਤੱਕ ਭਾਰਤ ਦੀ ਨਵੀਂ ਦਿੱਲੀ ਵਿੱਚ 18ਵੇਂ ਬ੍ਰਿਕਸ ਸਿਖਰ ਸੰਮੇਲਨ ਲਈ ਮਿਲੇ, ਜੋ ‘ਲਚਕਤਾ, ਨਵੀਨਤਾ, ਸਹਿਯੋਗ ਅਤੇ ਟਿਕਾਊਪਣ ਦਾ ਨਿਰਮਾਣ’ ਵਿਸ਼ੇ ਤਹਿਤ ਕਰਵਾਇਆ ਗਿਆ।
2. ਅਸੀਂ ਆਪਸੀ ਸਤਿਕਾਰ ਅਤੇ ਸਮਝ, ਪ੍ਰਭੂਸੱਤਾ ਦੀ ਬਰਾਬਰੀ, ਏਕਤਾ, ਲੋਕਤੰਤਰ, ਖੁੱਲ੍ਹੇਪਣ, ਸ਼ਮੂਲੀਅਤ, ਸਹਿਯੋਗ ਅਤੇ ਸਹਿਮਤੀ ’ਤੇ ਆਧਾਰਿਤ ਬ੍ਰਿਕਸ ਦੀ ਮੂਲ ਭਾਵਨਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਉਂਦੇ ਹਾਂ। ਬ੍ਰਿਕਸ ਦੇ ਦੋ ਦਹਾਕਿਆਂ ਦੇ ਸਫ਼ਰ ਨੂੰ ਆਧਾਰ ਬਣਾਉਂਦਿਆਂ, ਅਸੀਂ ਰਾਜਨੀਤਕ ਅਤੇ ਸੁਰੱਖਿਆ, ਆਰਥਿਕ ਅਤੇ ਵਿੱਤੀ, ਸੱਭਿਆਚਾਰਕ ਅਤੇ ਲੋਕਾਂ ਦੇ ਆਪਸੀ ਸਹਿਯੋਗ ਵਾਲੇ ਤਿੰਨ ਥੰਮ੍ਹਾਂ ਹੇਠ ਵਿਸਤ੍ਰਿਤ ਬ੍ਰਿਕਸ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਖੁਦ ਨੂੰ ਹੋਰ ਵਚਨਬੱਧ ਕਰਦੇ ਹਾਂ। ਅਸੀਂ ਸ਼ਾਂਤੀ ਨੂੰ ਹੁਲਾਰਾ ਦੇਣ, ਵਧੇਰੇ ਨੁਮਾਇੰਦਗੀ ਵਾਲੀ ਅਤੇ ਨਿਰਪੱਖ ਕੌਮਾਂਤਰੀ ਵਿਵਸਥਾ, ਇੱਕ ਨਵੀਂ ਊਰਜਾ ਭਰਪੂਰ ਅਤੇ ਸੁਧਾਰੀ ਹੋਈ ਬਹੁ-ਪੱਖੀ ਪ੍ਰਣਾਲੀ, ਟਿਕਾਊ ਵਿਕਾਸ ਅਤੇ ਸਭ ਦੀ ਸ਼ਮੂਲੀਅਤ ਵਾਲੇ ਵਿਕਾਸ ਰਾਹੀਂ ਆਪਣੇ ਲੋਕਾਂ ਦੇ ਭਲੇ ਲਈ ਆਪਣੀ ਰਣਨੀਤਕ ਭਾਈਵਾਲੀ ਨੂੰ ਵਧਾਉਣ ਲਈ ਵੀ ਵਚਨਬੱਧ ਹਾਂ।
3. ਅਸੀਂ ਬ੍ਰਿਕਸ ਸਹਿਯੋਗ ਵਿੱਚ ਭਾਈਵਾਲ ਦੇਸ਼ਾਂ ਦੇ ਵਡਮੁੱਲੇ ਯੋਗਦਾਨ ਨੂੰ ਮਾਨਤਾ ਦਿੰਦੇ ਹਾਂ। ਅਸੀਂ ਆਪਣਾ ਪੱਕਾ ਵਿਸ਼ਵਾਸ ਦੁਹਰਾਉਂਦੇ ਹਾਂ ਕਿ ਉੱਭਰਦੀਆਂ ਮਾਰਕੀਟਾਂ ਅਤੇ ਵਿਕਾਸਸ਼ੀਲ ਦੇਸ਼ਾਂ (ਈਐੱਮਡੀਸੀ) ਨਾਲ ਬ੍ਰਿਕਸ ਭਾਈਵਾਲੀ ਨੂੰ ਅੱਗੇ ਵਧਾਉਣ ਨਾਲ ਸਾਰਿਆਂ ਦੇ ਭਲੇ ਲਈ ਏਕਤਾ ਅਤੇ ਕੌਮਾਂਤਰੀ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਹੋਰ ਮਦਦ ਮਿਲੇਗੀ। ਅਸੀਂ ਭਾਈਵਾਲ ਦੇਸ਼ਾਂ ਨਾਲ ਸਭ ਦੀ ਸ਼ਮੂਲੀਅਤ ਵਾਲੀ, ਆਪਸੀ ਲਾਹੇਵੰਦ ਅਤੇ ਵਿਕਾਸ-ਮੁਖੀ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਉਂਦੇ ਹਾਂ। ਅਸੀਂ ਸਾਂਝੇ ਹਿੱਤਾਂ ਵਾਲੇ ਖੇਤਰਾਂ ਵਿੱਚ ਬ੍ਰਿਕਸ ਦੀਆਂ ਸਰਗਰਮੀਆਂ ਅਤੇ ਵਿਹਾਰਕ ਸਹਿਯੋਗ ਵਿੱਚ ਉਨ੍ਹਾਂ ਦੀ ਵੱਧ ਰਹੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਦੇ ਹਾਂ।
4. ਅਸੀਂ 18ਵੇਂ ਬ੍ਰਿਕਸ ਸਿਖਰ ਸੰਮੇਲਨ ਦੇ ਆਊਟਰੀਚ/ਬ੍ਰਿਕਸ ਪਲੱਸ ਡਾਇਲਾਗ ਹਿੱਸੇ ਦੀ ਮੇਜ਼ਬਾਨੀ ਕਰਨ ਲਈ ਭਾਰਤ ਦੀ ਸ਼ਲਾਘਾ ਕਰਦੇ ਹਾਂ, ਜੋ ਕੌਮਾਂਤਰੀ ਸਹਿਯੋਗ ਅਤੇ ਏਕਤਾ ਨੂੰ ਮਜ਼ਬੂਤ ਕਰਨ ਲਈ ਨਵਾਂ ਹੁਲਾਰਾ ਦਿੰਦਾ ਹੈ।
5. ਅਸੀਂ 2026 ਵਿੱਚ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਤਹਿਤ ‘ਲਚਕਤਾ, ਨਵੀਨਤਾ, ਸਹਿਯੋਗ ਅਤੇ ਟਿਕਾਊਪਣ ਲਈ ਨਿਰਮਾਣ’ ਵਿਸ਼ੇ ਅਧੀਨ ਪ੍ਰਾਪਤ ਕੀਤੀ ਅਹਿਮ ਪ੍ਰਗਤੀ ਦੀ ਸ਼ਲਾਘਾ ਕਰਦੇ ਹਾਂ। ਇਹ ਇੱਕ ਸੰਤੁਲਿਤ, ਵਿਹਾਰਕ, ਅਮਲ ਵਿੱਚ ਲਿਆਉਣ ਯੋਗ, ਸ਼ਮੂਲੀਅਤ ਵਾਲੀ, ਵਿਕਾਸ-ਮੁਖੀ ਅਤੇ ਲੋਕ-ਕੇਂਦਰਿਤ ਪਹੁੰਚ ਨਾਲ ਸਾਂਝੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਬ੍ਰਿਕਸ ਸਹਿਯੋਗ ਨੂੰ ਮਜ਼ਬੂਤ ਕਰਨ ਪ੍ਰਤੀ ਸਾਡੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਅਸੀਂ ਖਾਸ ਤੌਰ ’ਤੇ ਸਮਰੱਥਾਵਾਂ ਨੂੰ ਮਜ਼ਬੂਤ ਕਰਕੇ, ਨਵੀਨਤਾ ਨੂੰ ਉਤਸ਼ਾਹਿਤ ਕਰਕੇ, ਅਤੇ ਟਿਕਾਊ ਵਿਕਾਸ ਅਤੇ ਲਚਕਤਾ ਨੂੰ ਅੱਗੇ ਵਧਾ ਕੇ ਤੈਅ ਕੀਤੇ ਮੁੱਖ ਤਰਜੀਹੀ ਵਿਸ਼ਿਆਂ ਉੱਤੇ ਸਹਿਯੋਗ ਵਧਾਉਣ ਪ੍ਰਤੀ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਉਂਦੇ ਹਾਂ।
6. ਅਸੀਂ ਬ੍ਰਿਕਸ ਸਹਿਯੋਗ ਢਾਂਚੇ ਤਹਿਤ ਭਾਰਤ ਭਰ ਦੇ 30 ਸ਼ਹਿਰਾਂ ਵਿੱਚ ਮੰਤਰੀਆਂ, ਸੰਸਦ ਮੈਂਬਰਾਂ, ਏਜੰਸੀਆਂ ਦੇ ਮੁਖੀਆਂ, ਅਧਿਕਾਰੀਆਂ, ਮਾਹਰਾਂ, ਕਾਰੋਬਾਰੀਆਂ ਅਤੇ ਲੋਕਾਂ ਦੇ ਪੱਧਰ ’ਤੇ 400 ਤੋਂ ਵੱਧ ਮੀਟਿੰਗਾਂ ਅਤੇ ਪ੍ਰੋਗਰਾਮ ਕਰਵਾਏ ਜਾਣ ਦਾ ਸਵਾਗਤ ਕਰਦੇ ਹਾਂ, ਜਿਨ੍ਹਾਂ ਨੇ ਬ੍ਰਿਕਸ ਦੀ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਇਆ ਹੈ। ਅਸੀਂ ਸਮੂਹਿਕ ਲਚਕਤਾ ਵਧਾਉਣ, ਨਵੀਨਤਾ-ਆਧਾਰਿਤ ਆਰਥਿਕ ਵਿਕਾਸ ਉਤਸ਼ਾਹਿਤ ਕਰਨ, ਟਿਕਾਊ ਵਿਕਾਸ ਨੂੰ ਅੱਗੇ ਵਧਾਉਣ, ਲੋਕਾਂ ਦੇ ਆਪਸੀ ਆਦਾਨ-ਪ੍ਰਦਾਨ ਨੂੰ ਡੂੰਘਾ ਕਰਨ ਅਤੇ ਆਲਮੀ ਪੱਧਰ ਦੇ ਪ੍ਰਬੰਧਨ ਵਿੱਚ ਵਧੇਰੇ ਨੁਮਾਇੰਦਗੀ ਲਈ ਬ੍ਰਿਕਸ ਦੀ ਆਵਾਜ਼ ਨੂੰ ਬੁਲੰਦ ਕਰਨ ਵਿੱਚ ਹੋਏ ਵਾਧੇ ਦਾ ਸਵਾਗਤ ਕਰਦੇ ਹਾਂ।
ਸਭ ਦੀ ਸ਼ਮੂਲੀਅਤ ਵਾਲਾ ਆਲਮੀ ਪ੍ਰਬੰਧਨ ਅਤੇ ਬਹੁ-ਪੱਖਵਾਦ ਨੂੰ ਮਜ਼ਬੂਤ ਕਰਨਾ
7. ਬ੍ਰਿਕਸ ਦੀ 20ਵੀਂ ਵਰ੍ਹੇਗੰਢ ਦੇ ਇਤਿਹਾਸਕ ਮੌਕੇ ‘ਤੇ, ਅਸੀਂ ਵਿਆਪਕ ਵਿਚਾਰ-ਵਟਾਂਦਰੇ, ਸਾਂਝੇ ਯੋਗਦਾਨ ਅਤੇ ਸਾਂਝੇ ਲਾਭਾਂ ਦੀ ਭਾਵਨਾ ਨਾਲ ਵਧੇਰੇ ਨਿਆਂਪੂਰਨ, ਬਰਾਬਰ, ਚੁਸਤ, ਪ੍ਰਭਾਵਸ਼ਾਲੀ, ਕੁਸ਼ਲ, ਪ੍ਰਤੀਨਿਧਾਤਮਕ, ਜਾਇਜ਼, ਲੋਕਤੰਤਰੀ ਅਤੇ ਜਵਾਬਦੇਹ ਕੌਮਾਂਤਰੀ ਅਤੇ ਬਹੁ-ਪੱਖੀ ਪ੍ਰਣਾਲੀ ਨੂੰ ਉਤਸ਼ਾਹਿਤ ਕਰਕੇ ਆਲਮੀ ਪ੍ਰਬੰਧਨ ਵਿੱਚ ਸੁਧਾਰ ਅਤੇ ਬਿਹਤਰੀ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹਾਂ। ਕੌਮਾਂਤਰੀ ਸਬੰਧਾਂ ਦੇ ਮੌਜੂਦਾ ਢਾਂਚੇ ਨੂੰ ਅਜੋਕੀਆਂ ਹਕੀਕਤਾਂ ਮੁਤਾਬਕ ਢਾਲਣ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਅਸੀਂ ਬਹੁ-ਪੱਖਵਾਦ ਅਤੇ ਬਹੁ-ਧਰੁਵੀਕਰਨ ਨੂੰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਉਂਦੇ ਹਾਂ। ਅਸੀਂ ਸੰਯੁਕਤ ਰਾਸ਼ਟਰ (ਯੂਐੱਨ) ਚਾਰਟਰ ਦੇ ਉਦੇਸ਼ਾਂ ਅਤੇ ਸਿਧਾਂਤਾਂ ਸਮੇਤ ਕੌਮਾਂਤਰੀ ਕਾਨੂੰਨ ਨੂੰ ਇਸ ਦੀ ਪੂਰੀ ਸਮੁੱਚਤਾ ਅਤੇ ਆਪਸੀ ਜੁੜਾਅ ਦੇ ਨਾਲ ਸੰਤੁਲਿਤ ਅਤੇ ਸ਼ਮੂਲੀਅਤ ਵਾਲੇ ਢੰਗ ਨਾਲ ਬਰਕਰਾਰ ਰੱਖਣ ਲਈ ਵਚਨਬੱਧ ਹਾਂ। ਅਸੀਂ ਇਸ ਨੂੰ ਇੱਕ ਅਟੁੱਟ ਨੀਂਹ ਮੰਨਦੇ ਹਾਂ, ਅਤੇ ਕੌਮਾਂਤਰੀ ਪ੍ਰਣਾਲੀ ਵਿੱਚ ਸੰਯੁਕਤ ਰਾਸ਼ਟਰ ਦੀ ਕੇਂਦਰੀ ਭੂਮਿਕਾ ਨੂੰ ਅਹਿਮ ਮੰਨਦੇ ਹਾਂ ਜਿੱਥੇ ਪ੍ਰਭੂਸੱਤਾ ਸੰਪੰਨ ਦੇਸ਼ ਸ਼ਾਂਤੀ ਅਤੇ ਸੁਰੱਖਿਆ ਯਕੀਨੀ ਬਣਾਈ ਰੱਖਣ, ਟਿਕਾਊ ਵਿਕਾਸ ਅੱਗੇ ਵਧਾਉਣ, ਲੋਕਤੰਤਰ, ਮਨੁੱਖੀ ਅਧਿਕਾਰਾਂ ਅਤੇ ਸਾਰਿਆਂ ਲਈ ਬੁਨਿਆਦੀ ਆਜ਼ਾਦੀਆਂ ਨੂੰ ਉਤਸ਼ਾਹਿਤ ਕਰਨ ਅਤੇ ਸੁਰੱਖਿਅਤ ਕਰਨ ਲਈ ਸਹਿਯੋਗ ਕਰਦੇ ਹਨ। ਇਸ ਦੇ ਨਾਲ ਹੀ ਅਸੀਂ ਕੌਮੀ ਹਾਲਾਤ, ਰਾਸ਼ਟਰੀ ਪ੍ਰਣਾਲੀਆਂ ਦੀ ਵਿਭਿੰਨਤਾ ਅਤੇ ਵਿਕਾਸ ਦੇ ਰਾਹਾਂ ਦਾ ਸਤਿਕਾਰ ਕਰਦਿਆਂ ਏਕਤਾ, ਆਪਸੀ ਸਤਿਕਾਰ, ਨਿਆਂ ਅਤੇ ਬਰਾਬਰੀ ਦੀ ਭਾਵਨਾ ‘ਤੇ ਅਧਾਰਿਤ ਸਹਿਯੋਗ ਨੂੰ ਹੁਲਾਰਾ ਦੇਣ ਲਈ ਵਚਨਬੱਧ ਹਾਂ, ਜਿਸ ਦਾ ਉਦੇਸ਼ ਆਪਸੀ ਲਾਹੇਵੰਦ ਸਹਿਯੋਗ ਦੇ ਆਧਾਰ ‘ਤੇ ਕੌਮਾਂਤਰੀ ਭਾਈਚਾਰੇ ਲਈ ਰੌਸ਼ਨ ਸਾਂਝਾ ਭਵਿੱਖ ਸਿਰਜਣਾ ਹੈ।
8. ਅਸੀਂ ਆਲਮੀ ਪੱਧਰ ’ਤੇ ਫੈਸਲੇ ਲੈਣ ਦੀਆਂ ਪ੍ਰਕਿਰਿਆਵਾਂ ਅਤੇ ਢਾਂਚਿਆਂ ਵਿੱਚ ਈਐੱਮਡੀਸੀ ਦੇ ਨਾਲ-ਨਾਲ ਸਭ ਤੋਂ ਘੱਟ ਵਿਕਸਤ ਦੇਸ਼ਾਂ (ਐੱਲਡੀਸੀ), ਖਾਸ ਕਰਕੇ ਅਫਰੀਕਾ, ਏਸ਼ੀਆ ਅਤੇ ਲਾਤੀਨੀ ਅਮਰੀਕਾ ਤੇ ਕੈਰੇਬੀਅਨ ਦੇਸ਼ਾਂ ਦੀ ਵਧੇਰੇ ਵਿਆਪਕ ਅਤੇ ਸਾਰਥਕ ਭਾਗੀਦਾਰੀ ਤੇ ਨੁਮਾਇੰਦਗੀ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ ਅਜੋਕੀਆਂ ਹਕੀਕਤਾਂ ਦੇ ਵਧੇਰੇ ਅਨੁਕੂਲ ਬਣਾਉਣ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦੇ ਹਾਂ। ਅਸੀਂ ਸਮੇਂ ਸਿਰ ਸੰਯੁਕਤ ਰਾਸ਼ਟਰ ਦੇ ਸਕੱਤਰੇਤ ਅਤੇ ਹੋਰ ਕੌਮਾਂਤਰੀ ਸੰਸਥਾਵਾਂ ਵਿੱਚ ਬਰਾਬਰ ਭੂਗੋਲਿਕ ਨੁਮਾਇੰਦਗੀ ਹਾਸਲ ਕਰਨ ਦਾ ਵੀ ਸੱਦਾ ਦਿੰਦੇ ਹਾਂ, ਖਾਸ ਤੌਰ ‘ਤੇ ਸੀਨੀਅਰ ਅਤੇ ਫੈਸਲਾ ਲੈਣ ਵਾਲੇ ਪੱਧਰਾਂ ਸਮੇਤ ਵਿਕਾਸਸ਼ੀਲ ਦੇਸ਼ਾਂ ਦੀ ਲਗਾਤਾਰ ਘੱਟ ਨੁਮਾਇੰਦਗੀ ਨੂੰ ਦੂਰ ਕਰਕੇ। ਇਸ ਤੋਂ ਇਲਾਵਾ ਇਨ੍ਹਾਂ ਸੰਸਥਾਵਾਂ ਵਿੱਚ ਲੀਡਰਸ਼ਿਪ ਅਤੇ ਜ਼ਿੰਮੇਵਾਰੀਆਂ ਦੇ ਸਾਰੇ ਪੱਧਰਾਂ ‘ਤੇ ਔਰਤਾਂ ਦੀ ਭੂਮਿਕਾ ਅਤੇ ਹਿੱਸੇਦਾਰੀ ਵਧਾਉਣ, ਖਾਸ ਤੌਰ ‘ਤੇ ਈਐੱਮਡੀਸੀ ਦੀਆਂ ਔਰਤਾਂ ਦੀ ਹਿੱਸੇਦਾਰੀ ਵਧਾਉਣ ਦੀ ਲੋੜ ‘ਤੇ ਜ਼ੋਰ ਦਿੰਦੇ ਹਾਂ। ਅਸੀਂ ਇਸ ਗੱਲ ‘ਤੇ ਜ਼ੋਰ ਦਿੰਦੇ ਹਾਂ ਕਿ ਸੰਯੁਕਤ ਰਾਸ਼ਟਰ ਦੇ ਕਾਰਜਕਾਰੀ ਮੁਖੀਆਂ ਅਤੇ ਸੀਨੀਅਰ ਅਹੁਦਿਆਂ ਦੀ ਚੋਣ ਅਤੇ ਨਿਯੁਕਤੀ ਪ੍ਰਕਿਰਿਆ ਪਾਰਦਰਸ਼ਤਾ ਅਤੇ ਸ਼ਮੂਲੀਅਤ ਦੇ ਸਿਧਾਂਤਾਂ ‘ਤੇ ਅਧਾਰਿਤ ਹੋਣੀ ਚਾਹੀਦੀ ਹੈ, ਅਤੇ ਸੰਯੁਕਤ ਰਾਸ਼ਟਰ ਚਾਰਟਰ ਦੀ ਧਾਰਾ 101 ਦੀਆਂ ਸਾਰੀਆਂ ਵਿਵਸਥਾਵਾਂ ਦੇ ਅਨੁਸਾਰ ਹੋਣੀ ਚਾਹੀਦੀ ਹੈ, ਜਿਸ ਵਿੱਚ ਜਿੰਨਾ ਸੰਭਵ ਹੋ ਸਕੇ ਵਿਆਪਕ ਭੂਗੋਲਿਕ ਆਧਾਰ ‘ਤੇ ਸਟਾਫ ਦੀ ਭਰਤੀ ਕਰਨ ਅਤੇ ਔਰਤਾਂ ਦੀ ਵਧੇਰੇ ਭਾਗੀਦਾਰੀ ਦਾ ਢੁਕਵਾਂ ਧਿਆਨ ਰੱਖਿਆ ਜਾਵੇ। ਇਸ ਆਮ ਨਿਯਮ ਦੀ ਪਾਲਣਾ ਕੀਤੀ ਜਾਵੇ ਕਿ ਸੰਯੁਕਤ ਰਾਸ਼ਟਰ ਪ੍ਰਣਾਲੀ ਵਿੱਚ ਸੀਨੀਅਰ ਅਹੁਦਿਆਂ ‘ਤੇ ਕਿਸੇ ਵੀ ਦੇਸ਼ ਜਾਂ ਦੇਸ਼ਾਂ ਦੇ ਸਮੂਹ ਦੇ ਨਾਗਰਿਕਾਂ ਦਾ ਏਕਾਧਿਕਾਰ ਨਹੀਂ ਹੋਣਾ ਚਾਹੀਦਾ। ਅਸੀਂ, ਜਾਣਬੁੱਝ ਕੇ ਨਿਰਧਾਰਤ ਯੋਗਦਾਨਾਂ ਨੂੰ ਰੋਕਣ ਸਮੇਤ, ਆਲਮੀ ਬਹੁ-ਪੱਖੀ ਸੰਸਥਾਵਾਂ ਦੇ ਕੰਮ ਨੂੰ ਇਕਪਾਸੜ ਤੌਰ ‘ਤੇ ਕਮਜ਼ੋਰ ਕਰਨ ਅਤੇ ਉਨ੍ਹਾਂ ਦੇ ਸਬੰਧਤ ਕੰਮਾਂ ਦੇ ਅਮਲ ਵਿੱਚ ਵਿਘਨ ਪਾਉਣ ਦੀਆਂ ਕੋਸ਼ਿਸ਼ਾਂ ਦੀ ਵੀ ਨਿੰਦਾ ਕਰਦੇ ਹਾਂ।
9. ਸੰਯੁਕਤ ਰਾਸ਼ਟਰ ਦੇ ਅਗਲੇ ਸਕੱਤਰ ਜਨਰਲ ਦੀ ਚੱਲ ਰਹੀ ਚੋਣ ਪ੍ਰਕਿਰਿਆ ਦੇ ਮੱਦੇਨਜ਼ਰ ਅਤੇ ਸੰਯੁਕਤ ਰਾਸ਼ਟਰ ਚਾਰਟਰ ਦੀਆਂ ਸਬੰਧਤ ਵਿਵਸਥਾਵਾਂ ਨੂੰ ਧਿਆਨ ਵਿੱਚ ਰੱਖਦਿਆਂ, ਅਸੀਂ ਇਹ ਨੋਟ ਕਰਦੇ ਹਾਂ ਕਿ ਸਕੱਤਰ ਜਨਰਲ ਦੇ ਅਹੁਦੇ ਲਈ ਕਦੇ ਵੀ ਕਿਸੇ ਔਰਤ ਨੂੰ ਨਹੀਂ ਚੁਣਿਆ ਗਿਆ ਹੈ, ਅਤੇ ਲਾਤੀਨੀ ਅਮਰੀਕਾ ਅਤੇ ਕੈਰੇਬੀਅਨ ਤੋਂ ਸਿਰਫ਼ ਇੱਕ ਨਾਗਰਿਕ, ਅਤੇ ਅਫ਼ਰੀਕਾ ਤੇ ਏਸ਼ੀਆ ਵਿੱਚੋਂ ਹਰੇਕ ਦੇ ਸਿਰਫ਼ ਦੋ ਨਾਗਰਿਕਾਂ ਨੇ ਹੀ ਕਦੇ ਇਸ ਅਹੁਦੇ ਨੂੰ ਸੰਭਾਲਿਆ ਹੈ।
10. ਅਸੀਂ ਸਹਿਮਤ ਹਾਂ ਕਿ ਬਹੁ-ਧਰੁਵੀ ਸੰਸਾਰ ਦੀਆਂ ਅਜੋਕੀਆਂ ਹਕੀਕਤਾਂ ਦੇ ਸੰਦਰਭ ਵਿੱਚ, ਇਹ ਬਹੁਤ ਜ਼ਰੂਰੀ ਹੈ ਕਿ ਵਿਕਾਸਸ਼ੀਲ ਦੇਸ਼ ਵਧੇਰੇ ਨਿਆਂਪੂਰਨ ਅਤੇ ਬਰਾਬਰ ਆਲਮੀ ਪ੍ਰਬੰਧਨ ਅਤੇ ਦੇਸ਼ਾਂ ਵਿਚਾਲੇ ਆਪਸੀ ਲਾਹੇਵੰਦ ਸਬੰਧਾਂ ਲਈ ਗੱਲਬਾਤ ਅਤੇ ਸਲਾਹ-ਮਸ਼ਵਰੇ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਯਤਨਾਂ ਨੂੰ ਮਜ਼ਬੂਤ ਕਰਨ। ਅਸੀਂ ਮੰਨਦੇ ਹਾਂ ਕਿ ਬਹੁ-ਧਰੁਵੀਕਰਨ ਈਐੱਮਡੀਸੀ ਲਈ ਆਪਣੀ ਉਸਾਰੂ ਸਮਰੱਥਾ ਨੂੰ ਵਿਕਸਤ ਕਰਨ ਅਤੇ ਵਿਆਪਕ ਤੌਰ ‘ਤੇ ਲਾਹੇਵੰਦ, ਸ਼ਮੂਲੀਅਤ ਵਾਲੇ, ਟਿਕਾਊ ਅਤੇ ਬਰਾਬਰੀ ਵਾਲੇ ਆਰਥਿਕ ਵਿਸ਼ਵੀਕਰਨ ਅਤੇ ਸਹਿਯੋਗ ਦਾ ਲਾਭ ਉਠਾਉਣ ਦੇ ਮੌਕਿਆਂ ਨੂੰ ਵਧਾ ਸਕਦਾ ਹੈ। ਅਸੀਂ ਸਕਾਰਾਤਮਕ ਤਬਦੀਲੀ ਦੇ ਪ੍ਰੇਰਕ ਵਜੋਂ ਗਲੋਬਲ ਸਾਊਥ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹਾਂ, ਖਾਸ ਕਰਕੇ ਡੂੰਘੇ ਹੋ ਰਹੇ ਭੂ-ਰਾਜਨੀਤਕ ਤਣਾਅ, ਤੇਜ਼ੀ ਨਾਲ ਆਰਥਿਕ ਗਿਰਾਵਟ ਅਤੇ ਤਕਨੀਕੀ ਤਬਦੀਲੀਆਂ, ਸੁਰੱਖਿਆਵਾਦੀ ਉਪਾਵਾਂ, ਪ੍ਰਵਾਸ ਦੀਆਂ ਚੁਣੌਤੀਆਂ ਅਤੇ ਜਲਵਾਯੂ ਤਬਦੀਲੀ ਸਮੇਤ ਅਹਿਮ ਕੌਮਾਂਤਰੀ ਚੁਣੌਤੀਆਂ ਦੇ ਸਾਹਮਣੇ। ਬ੍ਰਿਕਸ ਦੇਸ਼ ਗਲੋਬਲ ਸਾਊਥ ਦੀਆਂ ਚਿੰਤਾਵਾਂ ਅਤੇ ਤਰਜੀਹਾਂ ਨੂੰ ਉਠਾਉਣ ਦੇ ਨਾਲ-ਨਾਲ ਕੌਮਾਂਤਰੀ ਕਾਨੂੰਨ ‘ਤੇ ਅਧਾਰਿਤ ਵਧੇਰੇ ਨਿਆਂਪੂਰਨ, ਟਿਕਾਊ, ਸ਼ਮੂਲੀਅਤ ਵਾਲੀ, ਪ੍ਰਤੀਨਿਧ ਅਤੇ ਸਥਿਰ ਕੌਮਾਂਤਰੀ ਵਿਵਸਥਾ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਾ ਜਾਰੀ ਰੱਖਣਗੇ।
11. ਅਸੀਂ ਗੁਲਾਮ ਬਣਾਏ ਗਏ ਅਫਰੀਕੀਆਂ ਦੀ ਤਸਕਰੀ ਅਤੇ ਨਸਲੀ ਆਧਾਰ ‘ਤੇ ਅਫਰੀਕੀਆਂ ਨੂੰ ਨਿੱਜੀ ਜਾਇਦਾਦ ਵਜੋਂ ਗੁਲਾਮ ਬਣਾਉਣ ਨੂੰ ਮਨੁੱਖਤਾ ਵਿਰੁੱਧ ਸਭ ਤੋਂ ਗੰਭੀਰ ਅਪਰਾਧ ਐਲਾਨਣ ਬਾਰੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ (ਯੂਐੱਨਜੀਏ) ਦੇ ਮਤਾ 80/250 ਨੂੰ ਅਪਣਾਏ ਜਾਣ ਦਾ ਸਵਾਗਤ ਕਰਦੇ ਹਾਂ। ਅਸੀਂ ਬਸਤੀਵਾਦ ਨੂੰ ਇਸ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਵਿੱਚ ਖਤਮ ਕਰਨ ਲਈ ਦਸੰਬਰ 2024 ਦੇ ਯੂਐੱਨਜੀਏ ਮਤੇ 79/115 ਨੂੰ ਤੁਰੰਤ ਅਤੇ ਪੂਰੀ ਤਰ੍ਹਾਂ ਲਾਗੂ ਕਰਨ ਦੀ ਵਕਾਲਤ ਕਰਦੇ ਹਾਂ।
12. ਅਸੀਂ ਨਸਲਵਾਦ, ਨਸਲੀ ਵਿਤਕਰੇ, ਜ਼ੈਨੋਫੋਬੀਆ (ਵਿਦੇਸ਼ੀਆਂ ਪ੍ਰਤੀ ਡਰ ਜਾਂ ਨਫ਼ਰਤ) ਅਤੇ ਇਸ ਨਾਲ ਜੁੜੀ ਅਸਹਿਣਸ਼ੀਲਤਾ ਦੇ ਨਾਲ-ਨਾਲ ਧਰਮ, ਆਸਥਾ ਜਾਂ ਵਿਸ਼ਵਾਸ ‘ਤੇ ਅਧਾਰਿਤ ਵਿਤਕਰੇ, ਅਤੇ ਦੁਨੀਆ ਭਰ ਵਿੱਚ ਇਨ੍ਹਾਂ ਦੇ ਸਾਰੇ ਆਧੁਨਿਕ ਰੂਪਾਂ, ਜਿਨ੍ਹਾਂ ਵਿੱਚ ਵੱਧ ਰਹੀ ਨਫ਼ਰਤੀ ਬਿਆਨਬਾਜ਼ੀ, ਜਾਣਬੁੱਝ ਕੇ ਫੈਲਾਈ ਗਈ ਝੂਠੀ ਜਾਣਕਾਰੀ ਅਤੇ ਗਲਤ ਜਾਣਕਾਰੀ ਦੇ ਚਿੰਤਾਜਨਕ ਰੁਝਾਨ ਸ਼ਾਮਲ ਹਨ, ਵਿਰੁੱਧ ਲੜਾਈ ਨੂੰ ਤੇਜ਼ ਕਰਨ ਦੀ ਲੋੜ ਨੂੰ ਦੁਹਰਾਉਂਦੇ ਹਾਂ।
13. 2023 ਦੇ ਜੋਹਾਨਸਬਰਗ-2 ਆਗੂਆਂ ਦੇ ਐਲਾਨਨਾਮੇ ਨੂੰ ਮਾਨਤਾ ਦਿੰਦੇ ਹੋਏ, ਅਸੀਂ ਸੰਯੁਕਤ ਰਾਸ਼ਟਰ ਅਤੇ ਇਸ ਦੀ ਸੁਰੱਖਿਆ ਪ੍ਰੀਸ਼ਦ ਵਿੱਚ ਵਿਆਪਕ ਸੁਧਾਰਾਂ ਲਈ ਆਪਣੇ ਸਮਰਥਨ ਨੂੰ ਦੁਹਰਾਉਂਦੇ ਹਾਂ, ਤਾਂ ਜੋ ਇਸ ਨੂੰ ਵਧੇਰੇ ਲੋਕਤੰਤਰੀ, ਪ੍ਰਤੀਨਿਧ, ਪ੍ਰਭਾਵਸ਼ਾਲੀ ਅਤੇ ਕੁਸ਼ਲ ਬਣਾਇਆ ਜਾ ਸਕੇ। ਇਸ ਦੇ ਨਾਲ ਹੀ ਕੌਂਸਲ ਦੀ ਮੈਂਬਰਸ਼ਿਪ ਵਿੱਚ ਵਿਕਾਸਸ਼ੀਲ ਦੇਸ਼ਾਂ ਦੀ ਨੁਮਾਇੰਦਗੀ ਵਧਾਉਣ ਲਈ ਸਮਰਥਨ ਦੁਹਰਾਉਂਦੇ ਹਾਂ ਤਾਂ ਜੋ ਇਹ ਮੌਜੂਦਾ ਆਲਮੀ ਚੁਣੌਤੀਆਂ ਦਾ ਢੁਕਵਾਂ ਜਵਾਬ ਦੇ ਸਕੇ ਅਤੇ ਬ੍ਰਿਕਸ ਦੇਸ਼ਾਂ ਸਮੇਤ ਅਫ਼ਰੀਕਾ, ਏਸ਼ੀਆ ਅਤੇ ਲਾਤੀਨੀ ਅਮਰੀਕਾ ਦੇ ਉੱਭਰ ਰਹੇ ਅਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਜਾਇਜ਼ ਇੱਛਾਵਾਂ ਦਾ ਸਮਰਥਨ ਕਰ ਸਕੇ, ਤਾਂ ਜੋ ਉਹ ਕੌਮਾਂਤਰੀ ਮਾਮਲਿਆਂ, ਖਾਸ ਕਰਕੇ ਸੰਯੁਕਤ ਰਾਸ਼ਟਰ ਅਤੇ ਇਸ ਦੀ ਸੁਰੱਖਿਆ ਪ੍ਰੀਸ਼ਦ ਵਿੱਚ ਵੱਡੀ ਭੂਮਿਕਾ ਨਿਭਾ ਸਕਣ। ਅਸੀਂ ਇਜ਼ੁਲਵਿਨੀ ਸਹਿਮਤੀ ਅਤੇ ਸਿਰਟੇ ਐਲਾਨਨਾਮੇ ਵਿੱਚ ਝਲਕਦੀਆਂ ਅਫਰੀਕੀ ਦੇਸ਼ਾਂ ਦੀਆਂ ਜਾਇਜ਼ ਇੱਛਾਵਾਂ ਨੂੰ ਮਾਨਤਾ ਦਿੰਦੇ ਹਾਂ। ਅਸੀਂ ਇਸ ਗੱਲ ‘ਤੇ ਜ਼ੋਰ ਦਿੰਦੇ ਹਾਂ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸੁਧਾਰਾਂ ਨਾਲ ਗਲੋਬਲ ਸਾਊਥ ਦੀ ਆਵਾਜ਼ ਹੋਰ ਬੁਲੰਦ ਹੋਣੀ ਚਾਹੀਦੀ ਹੈ। 2022 ਬੀਜਿੰਗ ਅਤੇ 2023 ਜੋਹਾਨਸਬਰਗ-2 ਲੀਡਰਾਂ ਦੇ ਐਲਾਨਨਾਮਿਆਂ ਨੂੰ ਯਾਦ ਕਰਦਿਆਂ, ਚੀਨ ਅਤੇ ਰੂਸ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰਾਂ ਵਜੋਂ, ਸੰਯੁਕਤ ਰਾਸ਼ਟਰ ਅਤੇ ਇਸ ਦੀ ਸੁਰੱਖਿਆ ਪ੍ਰੀਸ਼ਦ ਵਿੱਚ ਵੱਡੀ ਭੂਮਿਕਾ ਨਿਭਾਉਣ ਲਈ ਬ੍ਰਾਜ਼ੀਲ ਅਤੇ ਭਾਰਤ ਦੀਆਂ ਇੱਛਾਵਾਂ ਦਾ ਸਮਰਥਨ ਮੁੜ ਦੁਹਰਾਉਂਦੇ ਹਨ।
14. ਅਸੀਂ ਸੰਯੁਕਤ ਰਾਸ਼ਟਰ ਨੂੰ ਆਪਣਾ ਫ਼ਰਜ਼ ਨਿਭਾਉਣ ਅਤੇ ਠੋਸ ਤਰੱਕੀ ਹਾਸਲ ਕਰਨ ਲਈ ਲੋੜੀਂਦਾ ਸਾਰਾ ਸਮਰਥਨ ਦੇਣ ਲਈ ਆਪਣੀ ਵਚਨਬੱਧਤਾ ਦੁਹਰਾਉਂਦੇ ਹਾਂ। ਸਾਨੂੰ ਜਨਰਲ ਅਸੈਂਬਲੀ ਵਿੱਚ ਨਵੀਂ ਜਾਨ ਪਾਉਣ ਅਤੇ ਆਰਥਿਕ ਅਤੇ ਸਮਾਜਿਕ ਪ੍ਰੀਸ਼ਦ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਜਾਰੀ ਰੱਖਣਾ ਚਾਹੀਦਾ ਹੈ। ਅਸੀਂ ਸ਼ਾਂਤੀ ਨਿਰਮਾਣ ਢਾਂਚੇ (ਪੀਸਬਿਲਡਿੰਗ ਆਰਕੀਟੈਕਚਰ) ਦੀ 2025 ਸਮੀਖਿਆ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਆਸ ਕਰਦੇ ਹਾਂ।
15. ਅਸੀਂ ਰਾਸ਼ਟਰੀ ਨੀਤੀਆਂ ਅਤੇ ਨਿਯਮਾਂ ਦੇ ਅਨੁਸਾਰ ਸੰਤੁਲਿਤ ਅਤੇ ਏਕੀਕ੍ਰਿਤ ਢੰਗ ਨਾਲ, ਟਿਕਾਊ ਵਿਕਾਸ ਲਈ 2030 ਏਜੰਡੇ ਅਤੇ ਇਸ ਦੇ ਦੂਰਗਾਮੀ ਅਤੇ ਲੋਕ-ਕੇਂਦਰਿਤ ਟੀਚਿਆਂ ਨੂੰ ਲਾਗੂ ਕਰਨ ਲਈ ਅਣਥੱਕ ਕੰਮ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹਾਂ। ਅਸੀਂ ਇਹ ਮੰਨਦੇ ਹਾਂ ਕਿ ਅਤਿ ਦੀ ਗਰੀਬੀ ਸਮੇਤ, ਗਰੀਬੀ ਨੂੰ ਇਸ ਦੇ ਸਾਰੇ ਰੂਪਾਂ ਅਤੇ ਪਹਿਲੂਆਂ ਵਿੱਚ ਖਤਮ ਕਰਨਾ ਸਭ ਤੋਂ ਵੱਡੀ ਆਲਮੀ ਚੁਣੌਤੀ ਹੈ ਅਤੇ ਟਿਕਾਊ ਵਿਕਾਸ ਲਈ ਇੱਕ ਅਤਿ ਜ਼ਰੂਰੀ ਲੋੜ ਹੈ। ਅਸੀਂ 2030 ਏਜੰਡੇ ਨੂੰ ਨਵੀਨਤਾਕਾਰੀ, ਤਾਲਮੇਲ ਵਾਲੇ, ਵਾਤਾਵਰਣ ਪੱਖੋਂ ਢੁਕਵੇਂ, ਖੁੱਲ੍ਹੇ ਅਤੇ ਸਾਂਝੇ ਢੰਗ ਨਾਲ ਉਤਸ਼ਾਹਿਤ ਕਰਨ ਦੀ ਮਹੱਤਤਾ ਨੂੰ ਵੀ ਮਾਨਤਾ ਦਿੰਦੇ ਹਾਂ। ਅਸੀਂ ਆਲਮੀ ਅਸਮਾਨਤਾ ਬਾਰੇ ਚੱਲ ਰਹੀਆਂ ਉੱਚ-ਪੱਧਰੀ ਚਰਚਾਵਾਂ ਨੂੰ ਨੋਟ ਕਰਦੇ ਹਾਂ ਅਤੇ ਅਸੀਂ ਮੰਨਦੇ ਹਾਂ ਕਿ ਦੇਸ਼ਾਂ ਦੇ ਅੰਦਰ ਅਤੇ ਦੇਸ਼ਾਂ ਦੇ ਵਿਚਕਾਰ ਅਸਮਾਨਤਾ ਹੀ 2030 ਏਜੰਡੇ ਵੱਲੋਂ ਹੱਲ ਕੀਤੀਆਂ ਜਾਣ ਵਾਲੀਆਂ ਜ਼ਿਆਦਾਤਰ ਚੁਣੌਤੀਆਂ ਦੀ ਜੜ੍ਹ ਹੈ। ਇਸ ਵਿੱਚ ਅਸਮਾਨਤਾ ਦੇ ਕਾਰਨਾਂ ਨੂੰ ਖਾਸ ਤੌਰ ‘ਤੇ ਸੰਬੋਧਿਤ ਕਰਨਾ ਅਤੇ ਇਸ ਦੇ ਸਾਰੇ ਰੂਪਾਂ ਅਤੇ ਪਹਿਲੂਆਂ ਵਿੱਚ ਇਸ ਦੀ ਕਮੀ (ਐੱਸਡੀਜੀ 10) ਨੂੰ ਪਹਿਲ ਦੇਣਾ ਸ਼ਾਮਲ ਹੈ। ਸਮੂਹਿਕ ਢੰਗ ਨਾਲ ਕੰਮ ਕਰਨ ਅਤੇ ਅਸਮਾਨਤਾ ਨਾਲ ਨਜਿੱਠਣ ਲਈ ਠੋਸ ਕਦਮ ਚੁੱਕਣ ਦੇ ਆਪਣੇ ਸੰਕਲਪ ਦਾ ਪ੍ਰਗਟਾਵਾ ਕਰਦੇ ਹੋਏ, ਅਸੀਂ ਅਸਮਾਨਤਾ ‘ਤੇ ਇੱਕ ਕੌਮਾਂਤਰੀ ਪੈਨਲ ਸਥਾਪਤ ਕਰਨ ਲਈ ਦੱਖਣੀ ਅਫਰੀਕਾ ਅਤੇ ਬ੍ਰਾਜ਼ੀਲ ਦੀ ਤਜਵੀਜ਼ ਦਾ ਨੋਟਿਸ ਲੈਂਦੇ ਹਾਂ। ਅਸੀਂ 2030 ਤੋਂ ਬਾਅਦ ਟਿਕਾਊ ਵਿਕਾਸ ਲਈ ਆਲਮੀ ਏਜੰਡੇ ਨੂੰ ਆਕਾਰ ਦੇਣ ਵਿੱਚ ਬ੍ਰਿਕਸ ਦੇਸ਼ਾਂ ਦੇ ਨਜ਼ਦੀਕੀ ਸਹਿਯੋਗ ਅਤੇ ਅਹਿਮ ਯੋਗਦਾਨ ਦੀ ਵੀ ਉਮੀਦ ਕਰਦੇ ਹਾਂ।
16. ਅਸੀਂ ਬਾਂਡੁੰਗ, ਇੰਡੋਨੇਸ਼ੀਆ ਵਿੱਚ 1955 ਦੀ ਏਸ਼ੀਆਈ-ਅਫਰੀਕੀ ਕਾਨਫਰੰਸ ਨੂੰ ਯਾਦ ਕਰਦੇ ਹਾਂ ਜਿਸ ਵਿੱਚ ਬਰਾਬਰੀ, ਆਜ਼ਾਦੀ, ਗੈਰ-ਦਖਲਅੰਦਾਜ਼ੀ, ਅਤੇ ਆਪਸੀ ਲਾਭ ਸਮੇਤ ਸਾਂਝੇ ਸਿਧਾਂਤਾਂ ਦਾ ਐਲਾਨ ਕੀਤਾ ਗਿਆ ਸੀ। ਅਸੀਂ ਇਸ ਗੱਲ ‘ਤੇ ਜ਼ੋਰ ਦਿੰਦੇ ਹਾਂ ਕਿ ਇੱਕ ਨਿਰਪੱਖ, ਵਧੇਰੇ ਸ਼ਮੂਲੀਅਤ ਵਾਲੀ, ਅਤੇ ਪ੍ਰਤੀਨਿਧ ਬਹੁ-ਪੱਖੀ ਪ੍ਰਣਾਲੀ ਦੀ ਪ੍ਰਾਪਤੀ ਵਿੱਚ ਬਾਂਡੁੰਗ ਭਾਵਨਾ ਇੱਕ ਮਾਰਗਦਰਸ਼ਕ ਵਜੋਂ ਕੰਮ ਕਰਦੀ ਹੈ।
17. ਆਲਮੀ ਉਤਪਾਦਨ ਅਤੇ ਵਿਕਾਸ ਵਿੱਚ ਈਐੱਮਡੀਈ ਦੀ ਵੱਧ ਰਹੀ ਹਿੱਸੇਦਾਰੀ ਦੇ ਨਾਲ, ਆਲਮੀ ਆਰਥਿਕ ਪ੍ਰਬੰਧਨ ਵਿੱਚ ਸੁਧਾਰ ਬ੍ਰਿਕਸ ਦੀ ਇੱਕ ਨਿਰੰਤਰ ਤਰਜੀਹ ਬਣੀ ਹੋਈ ਹੈ। ਅਸੀਂ ਕੌਮਾਂਤਰੀ ਵਿੱਤੀ ਸੰਸਥਾਵਾਂ ਨੂੰ ਵਧੇਰੇ ਪ੍ਰਤੀਨਿਧਾਤਮਕ, ਪਾਰਦਰਸ਼ੀ ਅਤੇ ਜਵਾਬਦੇਹ ਬਣਾਉਣ ਲਈ ਬ੍ਰਿਕਸ ਮੈਂਬਰਾਂ ਵਿਚਾਲੇ ਤਾਲਮੇਲ ਨੂੰ ਮਜ਼ਬੂਤ ਕਰਨਾ ਜਾਰੀ ਰੱਖਾਂਗੇ। ਅਸੀਂ ਬ੍ਰੈਟਨ ਵੁਡਸ ਸੰਸਥਾਵਾਂ (ਬੀਡਬਲਿਊਆਈ) ਨੂੰ ਵਧੇਰੇ ਚੁਸਤ, ਪ੍ਰਭਾਵਸ਼ਾਲੀ, ਭਰੋਸੇਮੰਦ, ਸ਼ਮੂਲੀਅਤ ਵਾਲੀਆਂ, ਉਦੇਸ਼ ਦੇ ਅਨੁਕੂਲ, ਨਿਰਪੱਖ, ਜਵਾਬਦੇਹ ਅਤੇ ਪ੍ਰਤੀਨਿਧ ਬਣਾਉਣ, ਅਤੇ ਉਨ੍ਹਾਂ ਦੀ ਪ੍ਰਮਾਣਿਕਤਾ ਵਧਾਉਣ ਲਈ ਉਨ੍ਹਾਂ ਵਿੱਚ ਸੁਧਾਰ ਕਰਨ ਦੀ ਤੁਰੰਤ ਲੋੜ ਨੂੰ ਦੁਹਰਾਉਂਦੇ ਹਾਂ। ਬੀਡਬਲਿਊਆਈ ਦੇ ਪ੍ਰਬੰਧਕੀ ਢਾਂਚੇ ਵਿੱਚ ਸੁਧਾਰ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਆਲਮੀ ਆਰਥਿਕਤਾ ਵਿੱਚ ਆਈਆਂ ਤਬਦੀਲੀਆਂ ਇਸ ਵਿੱਚ ਝਲਕ ਸਕਣ। ਬੀਡਬਲਿਊਆਈ ਵਿੱਚ ਈਐੱਮਡੀਈ ਦੀ ਆਵਾਜ਼ ਅਤੇ ਨੁਮਾਇੰਦਗੀ ਆਲਮੀ ਅਰਥਚਾਰੇ ਵਿੱਚ ਉਨ੍ਹਾਂ ਦੀ ਅਸਲ ਸਥਿਤੀ ਨੂੰ ਦਰਸਾਉਣ ਵਾਲੀ ਹੋਣੀ ਚਾਹੀਦੀ ਹੈ। ਅਸੀਂ ਪ੍ਰਬੰਧਨ ਪ੍ਰਕਿਰਿਆਵਾਂ ਵਿੱਚ ਸੁਧਾਰ ਲਿਆਉਣ ਦੇ ਆਪਣੇ ਸੱਦੇ ਨੂੰ ਵੀ ਦੁਹਰਾਉਂਦੇ ਹਾਂ, ਜਿਸ ਵਿੱਚ ਇੱਕ ਯੋਗਤਾ-ਆਧਾਰਿਤ, ਸ਼ਮੂਲੀਅਤ ਵਾਲੀ ਅਤੇ ਪਾਰਦਰਸ਼ੀ ਚੋਣ ਪ੍ਰਕਿਰਿਆ ਸ਼ਾਮਲ ਹੈ ਜੋ ਆਈਐੱਮਐੱਫ ਅਤੇ ਵਿਸ਼ਵ ਬੈਂਕ ਦੀ ਲੀਡਰਸ਼ਿਪ ਵਿੱਚ ਖੇਤਰੀ ਵਿਭਿੰਨਤਾ ਅਤੇ ਈਐੱਮਡੀਈ ਦੀ ਨੁਮਾਇੰਦਗੀ ਨੂੰ ਵਧਾਏਗੀ।
18. ਅਸੀਂ ਆਈਐੱਮਐੱਫ ਕੋਟਾ ਅਤੇ ਪ੍ਰਬੰਧਕੀ ਸੁਧਾਰਾਂ ਲਈ ਬ੍ਰਿਕਸ ਦੇ ਰੀਓ ਡੀ ਜਨੇਰੀਓ ਨਜ਼ਰੀਏ ਦੀ ਪੁਸ਼ਟੀ ਕਰਦੇ ਹਾਂ। ਨਾਲ ਹੀ ਆਪਣੇ ਮੈਂਬਰਾਂ, ਖਾਸ ਕਰਕੇ ਸਭ ਤੋਂ ਕਮਜ਼ੋਰ ਦੇਸ਼ਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਸਮਰਥਨ ਕਰਨ ਲਈ ਆਲਮੀ ਵਿੱਤੀ ਸੁਰੱਖਿਆ ਜਾਲ ਦੇ ਕੇਂਦਰ ਵਿੱਚ ਇੱਕ ਮਜ਼ਬੂਤ, ਕੋਟਾ-ਅਧਾਰਿਤ ਅਤੇ ਢੁਕਵੇਂ ਸਾਧਨਾਂ ਵਾਲੇ ਆਈਐੱਮਐੱਫ ਦੀ ਲੋੜ ਦੀ ਵੀ ਪੁਸ਼ਟੀ ਕਰਦੇ ਹਾਂ। ਅਸੀਂ ਕੋਟੇ ਦੀ 16ਵੀਂ ਜਨਰਲ ਸਮੀਖਿਆ (ਜੀਆਰਕਿਊ) ਤਹਿਤ ਸਹਿਮਤ ਹੋਏ ਕੋਟੇ ਦੇ ਵਾਧੇ ਨੂੰ ਬਿਨਾਂ ਕਿਸੇ ਦੇਰੀ ਦੇ ਲਾਗੂ ਕਰਨ ਦੀ ਅਪੀਲ ਕਰਦੇ ਹਾਂ ਅਤੇ 17ਵੇਂ ਜੀਆਰਕਿਊ ਦੇ ਤਹਿਤ ਛੇਤੀ ਤੋਂ ਛੇਤੀ ਸਾਰਥਕ ਕੋਟਾ ਪੁਨਰਗਠਨ ਲਈ ਪਹੁੰਚ ਵਿਕਸਤ ਕਰਨ ਦਾ ਸੱਦਾ ਦਿੰਦੇ ਹਾਂ। ਅਸੀਂ ਕੋਟਾ ਅਤੇ ਪ੍ਰਬੰਧਕੀ ਸੁਧਾਰਾਂ ਲਈ ਦਿਰਿਯਾਹ ਮਾਰਗਦਰਸ਼ਕ ਸਿਧਾਂਤਾਂ ਦਾ ਸਵਾਗਤ ਕਰਦੇ ਹਾਂ ਅਤੇ ਇਸ ਗੱਲ ਨੂੰ ਦੁਹਰਾਉਂਦੇ ਹਾਂ ਕਿ ਕੋਟੇ ਦੀ ਮੁੜ-ਵੰਡ ਵਿੱਚ ਆਲਮੀ ਅਰਥਚਾਰੇ ਵਿੱਚ ਦੇਸ਼ਾਂ ਦੀ ਅਸਲ ਸਥਿਤੀ ਝਲਕਣੀ ਚਾਹੀਦੀ ਹੈ। ਇਸ ਨਾਲ ਈਐੱਮਡੀਈ ਦੇ ਕੋਟੇ ਅਤੇ ਵੋਟਿੰਗ ਹਿੱਸੇਦਾਰੀ ਵਿੱਚ ਵਾਧਾ ਹੋਣਾ ਚਾਹੀਦਾ ਹੈ ਅਤੇ ਇਹ ਵਿਕਾਸਸ਼ੀਲ ਦੇਸ਼ਾਂ ਦੀ ਕੀਮਤ ‘ਤੇ ਨਹੀਂ ਹੋਣਾ ਚਾਹੀਦਾ, ਜਦਕਿ ਇਹ ਯਕੀਨੀ ਬਣਾਇਆ ਜਾਵੇ ਕਿ ਇੱਕ ਨਵਾਂ, ਸਰਲ ਅਤੇ ਪਾਰਦਰਸ਼ੀ ਕੋਟਾ ਫਾਰਮੂਲਾ ਸਭ ਤੋਂ ਗਰੀਬ ਮੈਂਬਰਾਂ ਦੇ ਕੋਟੇ ਦੇ ਹਿੱਸੇ ਦੀ ਰੱਖਿਆ ਕਰੇ। ਇਹ ਫਾਰਮੂਲਾ ਫੰਡ ਦੇ ਸਰੋਤਾਂ ਤੱਕ ਪਹੁੰਚ ਲਈ ਮਾਰਗਦਰਸ਼ਨ ਕਰੇ ਪਰ ਉਸ ਵਿੱਚ ਰੁਕਾਵਟ ਨਾ ਪਾਵੇ। ਸਾਡਾ ਇਹ ਵੀ ਮੰਨਣਾ ਹੈ ਕਿ ਕੋਈ ਵੀ ਸਵੈ-ਇੱਛੁਕ ਵਿੱਤੀ ਯੋਗਦਾਨ ਕੋਟਾ ਵੰਡ, ਪ੍ਰਬੰਧਕੀ ਨੁਮਾਇੰਦਗੀ ਅਤੇ ਵੋਟਿੰਗ ਸ਼ਕਤੀ ਨੂੰ ਪ੍ਰਭਾਵਿਤ ਨਹੀਂ ਕਰਨਾ ਚਾਹੀਦਾ। ਆਈਐੱਮਐੱਫ ਕੋਟੇ ਅਤੇ ਪ੍ਰਬੰਧਕੀ ਸੁਧਾਰਾਂ ਲਈ ਬ੍ਰਿਕਸ ਦੇ ਰੀਓ ਡੀ ਜਨੇਰੀਓ ਨਜ਼ਰੀਏ ਦੇ ਅਨੁਸਾਰ, ਅਸੀਂ ਹੋਰ ਆਈਐੱਮਐੱਫ ਮੈਂਬਰਾਂ ਨਾਲ ਉਸਾਰੂ ਢੰਗ ਨਾਲ ਜੁੜਨ ਲਈ ਤਿਆਰ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ 17ਵੇਂ ਜੀਆਰਕਿਊ ਵਿੱਚ ਸਾਰਥਕ ਕੋਟਾ ਹਿੱਸੇਦਾਰੀ ਦੀ ਮੁੜ-ਵੰਡ ਅਤੇ ਪ੍ਰਬੰਧਕੀ ਸੁਧਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ।
19. ਅਸੀਂ ਮੁੜ ਪੁਸ਼ਟੀ ਕਰਦੇ ਹਾਂ ਕਿ 2025 ਵਿਸ਼ਵ ਬੈਂਕ ਸ਼ੇਅਰਹੋਲਡਿੰਗ ਸਮੀਖਿਆ ਬਹੁ-ਪੱਖਵਾਦ ਨੂੰ ਮਜ਼ਬੂਤ ਕਰਨ ਅਤੇ ਇੱਕ ਬਿਹਤਰ, ਵੱਡੀ, ਅਤੇ ਵਧੇਰੇ ਪ੍ਰਭਾਵਸ਼ਾਲੀ ਵਿਕਾਸ ਵਿੱਤੀ ਸੰਸਥਾ ਵਜੋਂ ਵਿਸ਼ਵ ਬੈਂਕ ਸਮੂਹ ਦੀ ਪ੍ਰਮਾਣਿਕਤਾ ਨੂੰ ਵਧਾਉਣ ਲਈ ਇੱਕ ਅਹਿਮ ਸਾਧਨ ਹੈ। ਲੀਮਾ ਸਿਧਾਂਤਾਂ ਦੇ ਅਨੁਸਾਰ, ਅਸੀਂ ਮੁੜ ਪੁਸ਼ਟੀ ਕਰਦੇ ਹਾਂ ਕਿ ਬ੍ਰਿਕਸ ਦੇਸ਼ਾਂ ਨੂੰ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਅਤੇ ਨੁਮਾਇੰਦਗੀ ਵਧਾਉਣ ਦੀ ਵਕਾਲਤ ਕਰਨਾ ਜਾਰੀ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸ਼ੇਅਰਹੋਲਡਿੰਗ ਦੀ ਅਜਿਹੀ ਮੁੜ-ਵੰਡ ਹੋਣੀ ਚਾਹੀਦੀ ਹੈ ਜੋ ਉਨ੍ਹਾਂ ਦੀ ਇਤਿਹਾਸਕ ਤੌਰ ’ਤੇ ਘੱਟ ਨੁਮਾਇੰਦਗੀ ਨੂੰ ਠੀਕ ਕਰੇ।
20. ਬਹੁ-ਪੱਖੀ ਵਪਾਰ ਪ੍ਰਣਾਲੀ ਨੂੰ ਸੁਰੱਖਿਅਤ ਰੱਖਣ ਅਤੇ ਮੁੜ ਸੁਰਜੀਤ ਕਰਨ ਬਾਰੇ 2026 ਦੇ ਬਿਆਨ ਅਤੇ ਵਿਸ਼ਵ ਵਪਾਰ ਸੰਗਠਨ ਵਿੱਚ ਸੁਧਾਰ ਅਤੇ ਬਹੁ-ਪੱਖੀ ਵਪਾਰ ਪ੍ਰਣਾਲੀ ਨੂੰ ਮਜ਼ਬੂਤ ਕਰਨ ਬਾਰੇ 2025 ਦੇ ਬ੍ਰਿਕਸ ਐਲਾਨਨਾਮੇ ਨੂੰ ਯਾਦ ਕਰਦਿਆਂ, ਅਸੀਂ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਦੇ ਸੁਧਾਰ ਲਈ ਅਤੇ ਡਬਲਿਊਟੀਓ ਨੂੰ ਇਸ ਦੇ ਕੇਂਦਰ ਵਿੱਚ ਰੱਖਦੇ ਹੋਏ, ਇੱਕ ਵਿਤਕਰੇ ਰਹਿਤ, ਖੁੱਲ੍ਹੀ, ਬਰਾਬਰ, ਪਾਰਦਰਸ਼ੀ, ਨਿਰਪੱਖ, ਸ਼ਮੂਲੀਅਤ ਵਾਲੀ, ਪੂਰਵ-ਅਨੁਮਾਨਯੋਗ ਅਤੇ ਨਿਯਮਾਂ ‘ਤੇ ਆਧਾਰਿਤ ਬਹੁ-ਪੱਖੀ ਵਪਾਰ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਆਪਣੇ ਅਟੁੱਟ ਸਮਰਥਨ ਦੀ ਪੁਸ਼ਟੀ ਕਰਦੇ ਹਾਂ। ਇਸ ਦੇ ਨਾਲ ਹੀ ਅਸੀਂ ਵਿਕਾਸਸ਼ੀਲ ਮੈਂਬਰਾਂ, ਖਾਸ ਕਰਕੇ ਐੱਲਡੀਸੀ ਲਈ ਸਭ ਤੋਂ ਤਰਜੀਹੀ ਰਾਸ਼ਟਰ ਵਾਲਾ ਵਿਹਾਰ ਅਤੇ ਵਿਸ਼ੇਸ਼ ਅਤੇ ਵੱਖਰੇ ਵਿਹਾਰ (ਸਪੈਸ਼ਲ ਐਂਡ ਡਿਫਰੈਂਸ਼ੀਅਲ ਟ੍ਰੀਟਮੈਂਟ) ਵਰਗੇ ਬੁਨਿਆਦੀ ਸਿਧਾਂਤਾਂ ਨੂੰ ਕਾਇਮ ਰੱਖਾਂਗੇ। ਅਸੀਂ ਜਨੇਵਾ ਵਿੱਚ ਬਹੁ-ਪੱਖੀ ਗੱਲਬਾਤ, ਖਾਸ ਕਰਕੇ ਡਬਲਿਊਟੀਓ ਦੇ ਸੁਧਾਰਾਂ ਬਾਰੇ ਬਹਿਸਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਵਚਨਬੱਧ ਹਾਂ। ਅਸੀਂ ਡਬਲਿਊਟੀਓ ਦੀ ਪ੍ਰਭਾਵਸ਼ੀਲਤਾ ਅਤੇ ਭਰੋਸੇਯੋਗਤਾ ਨੂੰ ਕਮਜ਼ੋਰ ਕਰਨ ਵਾਲੀਆਂ ਚੁਣੌਤੀਆਂ ਅਤੇ ਇਨ੍ਹਾਂ ਚੁਣੌਤੀਆਂ ਦੇ ਹੱਲਾਂ ‘ਤੇ ਬ੍ਰਿਕਸ ਗੈਰ-ਰਸਮੀ ਸਲਾਹਕਾਰ ਢਾਂਚੇ ਤਹਿਤ ਕੋਸ਼ਿਸ਼ਾਂ ਨੂੰ ਅੱਗੇ ਵਧਾਵਾਂਗੇ ਅਤੇ ਤਾਲਮੇਲ ਮਜ਼ਬੂਤ ਕਰਾਂਗੇ। ਅਸੀਂ ਐੱਮਸੀ14 ਨਤੀਜਿਆਂ ਨੂੰ ਲਾਗੂ ਕਰਨਾ ਯਕੀਨੀ ਬਣਾਵਾਂਗੇ ਅਤੇ ਬਕਾਇਆ ਮੁੱਦਿਆਂ ਦੇ ਹੱਲ ਲਈ ਉਸਾਰੂ ਢੰਗ ਨਾਲ ਜੁੜਨਾ ਜਾਰੀ ਰੱਖਾਂਗੇ। ਅਸੀਂ ਡਬਲਿਊਟੀਓ ਦੇ ਅਧਿਕਾਰ, ਪ੍ਰਭਾਵਸ਼ੀਲਤਾ, ਸ਼ਮੂਲੀਅਤ ਅਤੇ ਪ੍ਰਸੰਗਿਕਤਾ ਨੂੰ ਵਧਾਉਣ ਅਤੇ ਇੱਕ ਖੁੱਲ੍ਹਾ ਵਿਸ਼ਵ ਅਰਥਚਾਰਾ ਬਣਾਉਣ ਲਈ ਡਬਲਿਊਟੀਓ ਸੁਧਾਰਾਂ ਵਿੱਚ ਉਸਾਰੂ ਢੰਗ ਨਾਲ ਹਿੱਸਾ ਲਵਾਂਗੇ। ਇਸ ਸਬੰਧੀ ਅਸੀਂ ਮਾਨਤਾ ਦਿੰਦੇ ਹਾਂ ਕਿ ਡਬਲਿਊਟੀਓ ਕਾਨੂੰਨੀ ਢਾਂਚੇ ਵਿੱਚ, ਜਿਸ ਵਿੱਚ ਵਿਕਾਸ-ਮੁਖੀ ਮੁੱਦੇ ਵੀ ਸ਼ਾਮਲ ਹਨ, ਬਹੁ-ਪੱਖੀ ਪਹਿਲਕਦਮੀਆਂ ਲਈ ਢੁਕਵੇਂ ਰਸਤਿਆਂ ਦੀ ਪਛਾਣ ਕਰਨਾ ਅਤੇ ਡਬਲਿਊਟੀਓ ਵਿੱਚ ਭਵਿੱਖਮੁਖੀ ਨਿਯਮਾਂ ਨੂੰ ਬਣਾਉਣ ਦੀ ਖੋਜ ਕਰਨਾ ਮਹੱਤਵਪੂਰਨ ਹੈ। ਅਸੀਂ ਸਾਰੇ ਡਬਲਿਊਟੀਓ ਮੈਂਬਰਾਂ ਲਈ ਭਰੋਸੇ ਅਤੇ ਭਵਿੱਖਬਾਣੀ ਦੀ ਨੀਂਹ ਵਜੋਂ ਪਹੁੰਚਯੋਗ, ਪ੍ਰਭਾਵਸ਼ਾਲੀ, ਪੂਰੀ ਤਰ੍ਹਾਂ ਕੰਮ ਕਰਨ ਵਾਲੇ, ਦੋ-ਪੱਧਰੀ ਪਾਬੰਦ ਡਬਲਿਊਟੀਓ ਵਿਵਾਦ ਨਿਪਟਾਰਾ ਤੰਤਰ ਨੂੰ ਤੁਰੰਤ ਬਹਾਲ ਕਰਨ ਅਤੇ ਬਿਨਾਂ ਕਿਸੇ ਦੇਰੀ ਦੇ ਨਵੇਂ ਅਪੀਲੀ ਬਾਡੀ ਮੈਂਬਰਾਂ ਦੀ ਨਿਯੁਕਤੀ ਦੀ ਜ਼ੋਰਦਾਰ ਵਕਾਲਤ ਕਰਦੇ ਹਾਂ। ਅਸੀਂ ਡਬਲਿਊਟੀਓ ਦੇ ਬੁਨਿਆਦੀ ਸਿਧਾਂਤਾਂ ਨੂੰ ਬਰਕਰਾਰ ਰੱਖਦੇ ਹੋਏ ਅਤੇ ਡਬਲਿਊਟੀਓ ਢਾਂਚੇ ਦੇ ਅੰਦਰ ਗੱਲਬਾਤ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਂਦੇ ਹੋਏ, ਅਤੇ ਬਹੁ-ਪੱਖੀ ਵਪਾਰ ਪ੍ਰਣਾਲੀ ਦੀ ਭਰੋਸੇਯੋਗਤਾ ਨੂੰ ਬਹਾਲ ਕਰਨ ਲਈ ਜ਼ਰੂਰੀ ਸੁਧਾਰਾਂ ਰਾਹੀਂ ਸੰਗਠਨ ਨੂੰ ਮਜ਼ਬੂਤ ਕਰਨ ਲਈ ਕੰਮ ਕਰਨ ਦੀ ਉਮੀਦ ਕਰਦੇ ਹਾਂ। ਗਲੋਬਲ ਸਾਊਥ ਦੀਆਂ ਬਹੁ-ਪੱਖੀ ਵਪਾਰ ਪ੍ਰਣਾਲੀ ਵਿੱਚ ਪੂਰੀ ਤਰ੍ਹਾਂ ਨਾਲ ਜੁੜਨ ਦੀਆਂ ਇੱਛਾਵਾਂ ਦੀ ਤਰਜਮਾਨੀ ਕਰਦੇ ਹੋਏ, ਅਸੀਂ ਡਬਲਿਊਟੀਓ ਵਿੱਚ ਸ਼ਾਮਲ ਹੋਣ ਲਈ ਇਥੋਪੀਆ ਅਤੇ ਈਰਾਨ ਦੀ ਦਾਅਵੇਦਾਰੀ ਦਾ ਜ਼ੋਰਦਾਰ ਸਮਰਥਨ ਕਰਦੇ ਹਾਂ। ਅਸੀਂ 53 ਅਫਰੀਕੀ ਦੇਸ਼ਾਂ, ਜਿਨ੍ਹਾਂ ਨਾਲ ਇਸ ਦੇ ਕੂਟਨੀਤਕ ਸਬੰਧ ਹਨ, ਨੂੰ ਕਵਰ ਕਰਨ ਲਈ ਆਪਣੀ ਜ਼ੀਰੋ-ਟੈਰਿਫ ਨੀਤੀ ਦਾ ਵਿਸਥਾਰ ਕਰਨ ਲਈ ਚੀਨ ਦੀ ਸ਼ਲਾਘਾ ਕਰਦੇ ਹਾਂ।
21. ਅਸੀਂ ਨੋਟ ਕਰਦੇ ਹਾਂ ਕਿ ਬਹੁ-ਪੱਖੀ ਵਪਾਰ ਪ੍ਰਣਾਲੀ ਲੰਬੇ ਸਮੇਂ ਤੋਂ ਇੱਕ ਨਾਜ਼ੁਕ ਮੋੜ ‘ਤੇ ਖੜ੍ਹੀ ਹੈ। ਡਬਲਿਊਟੀਓ ਦੇ ਨਿਯਮਾਂ ਦੇ ਉਲਟ ਜਾਣ ਵਾਲੀਆਂ ਵਪਾਰ-ਪ੍ਰਤੀਬੰਧਕ ਕਾਰਵਾਈਆਂ ਦਾ ਪਸਾਰ, ਭਾਵੇਂ ਉਹ ਟੈਰਿਫਾਂ ਅਤੇ ਗੈਰ-ਟੈਰਿਫ ਉਪਾਵਾਂ ਵਿੱਚ ਅੰਨ੍ਹੇਵਾਹ ਵਾਧੇ ਦੇ ਰੂਪ ਵਿੱਚ ਹੋਵੇ, ਜਾਂ ਵਾਤਾਵਰਣ ਸਬੰਧੀ ਉਦੇਸ਼ਾਂ ਦੀ ਆੜ ਵਿੱਚ ਸੁਰੱਖਿਆਵਾਦ ਦੇ ਰੂਪ ਵਿੱਚ ਹੋਵੇ, ਆਲਮੀ ਵਪਾਰ ਨੂੰ ਹੋਰ ਘਟਾਉਣ, ਆਲਮੀ ਸਪਲਾਈ ਚੇਨਾਂ ਵਿੱਚ ਵਿਘਨ ਪਾਉਣ, ਅਤੇ ਕੌਮਾਂਤਰੀ ਆਰਥਿਕ ਅਤੇ ਵਪਾਰਕ ਗਤੀਵਿਧੀਆਂ ਵਿੱਚ ਬੇਯਕੀਨੀ ਲਿਆਉਣ ਦਾ ਖਤਰਾ ਪੈਦਾ ਕਰਦਾ ਹੈ, ਜੋ ਸੰਭਾਵੀ ਤੌਰ ‘ਤੇ ਮੌਜੂਦਾ ਆਰਥਿਕ ਅਸਮਾਨਤਾਵਾਂ ਨੂੰ ਵਧਾ ਸਕਦਾ ਹੈ ਅਤੇ ਆਲਮੀ ਆਰਥਿਕ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਨਕਾਰਾਤਮਕ ਤੌਰ ‘ਤੇ ਪ੍ਰਭਾਵਿਤ ਕਰ ਸਕਦਾ ਹੈ। ਅਸੀਂ ਇਕਪਾਸੜ ਟੈਰਿਫ ਅਤੇ ਗੈਰ-ਟੈਰਿਫ ਉਪਾਵਾਂ ਦੇ ਵਾਧੇ ਬਾਰੇ ਗੰਭੀਰ ਚਿੰਤਾਵਾਂ ਪ੍ਰਗਟ ਕਰਦੇ ਹਾਂ ਜੋ ਵਪਾਰ ਨੂੰ ਵਿਗਾੜਦੇ ਹਨ ਅਤੇ ਡਬਲਿਊਟੀਓ ਨਿਯਮਾਂ ਦੇ ਅਨੁਕੂਲ ਨਹੀਂ ਹਨ। ਅਸੀਂ ਵਪਾਰਕ ਰੁਕਾਵਟਾਂ ਅਤੇ ਉੱਭਰ ਰਹੇ ਬਾਜ਼ਾਰਾਂ ਅਤੇ ਵਿਕਾਸਸ਼ੀਲ ਅਰਥਚਾਰਿਆਂ (ਈਐੱਮਡੀਈ) ਦੀਆਂ ਜ਼ਰੂਰਤਾਂ ਅਤੇ ਤਰਜੀਹਾਂ ਪ੍ਰਤੀ ਡਬਲਿਊਟੀਓ ਦੀ ਜਵਾਬਦੇਹੀ ਨੂੰ ਵਧਾਉਣ ਦੇ ਨਾਲ-ਨਾਲ ਬਕਾਇਆ ਮੁੱਦਿਆਂ ‘ਤੇ ਚਰਚਾ ਨੂੰ ਅੱਗੇ ਵਧਾਉਣ, ਅਤੇ ਸੰਤੁਲਿਤ, ਸ਼ਮੂਲੀਅਤ ਵਾਲੇ ਅਤੇ ਠੋਸ ਨਤੀਜਿਆਂ ਦਾ ਸਮਰਥਨ ਕਰਨ ਲਈ ਮਿਲ ਕੇ ਕੰਮ ਕਰਾਂਗੇ, ਜੋ ਬਹੁ-ਪੱਖੀ ਵਪਾਰ ਪ੍ਰਣਾਲੀ ਨੂੰ ਮਜ਼ਬੂਤ ਕਰਦੇ ਹਨ ਅਤੇ ਇਸ ਨੂੰ ਉੱਭਰ ਰਹੀਆਂ ਆਲਮੀ ਚੁਣੌਤੀਆਂ ਨਾਲ ਬਿਹਤਰ ਢੰਗ ਨਾਲ ਨਜਿੱਠਣ ਦੇ ਯੋਗ ਬਣਾਉਂਦੇ ਹਨ।
22. ਅਸੀਂ ਕੌਮਾਂਤਰੀ ਕਾਨੂੰਨ ਦੇ ਉਲਟ ਇਕਪਾਸੜ ਦਬਾਅ ਵਾਲੇ ਉਪਾਅ ਥੋਪਣ ਦੀ ਨਿੰਦਾ ਕਰਦੇ ਹਾਂ, ਅਤੇ ਦੁਹਰਾਉਂਦੇ ਹਾਂ ਕਿ ਅਜਿਹੇ ਉਪਾਅ, ਜਿਵੇਂ ਕਿ ਇਕਪਾਸੜ ਆਰਥਿਕ ਪਾਬੰਦੀਆਂ ਅਤੇ ਸੈਕੰਡਰੀ ਪਾਬੰਦੀਆਂ ਦੇ ਰੂਪ ਵਿੱਚ, ਨਿਸ਼ਾਨਾ ਬਣਾਏ ਗਏ ਦੇਸ਼ਾਂ ਦੀ ਆਮ ਆਬਾਦੀ ਦੇ ਮਨੁੱਖੀ ਅਧਿਕਾਰਾਂ, ਜਿਸ ਵਿੱਚ ਵਿਕਾਸ, ਸਿਹਤ ਅਤੇ ਭੋਜਨ ਸੁਰੱਖਿਆ ਦੇ ਅਧਿਕਾਰ ਸ਼ਾਮਲ ਹਨ, ‘ਤੇ ਦੂਰਗਾਮੀ ਨਕਾਰਾਤਮਕ ਪ੍ਰਭਾਵ ਪਾਉਂਦੇ ਹਨ। ਇਹ ਗਰੀਬਾਂ ਅਤੇ ਕਮਜ਼ੋਰ ਸਥਿਤੀਆਂ ਵਿੱਚ ਰਹਿ ਰਹੇ ਲੋਕਾਂ ਨੂੰ ਅਸਮਾਨ ਰੂਪ ਵਿੱਚ ਪ੍ਰਭਾਵਿਤ ਕਰਦੇ ਹਨ, ਡਿਜੀਟਲ ਪਾੜੇ ਨੂੰ ਡੂੰਘਾ ਕਰਦੇ ਹਨ ਅਤੇ ਵਾਤਾਵਰਣ ਸਬੰਧੀ ਚੁਣੌਤੀਆਂ ਨੂੰ ਵਧਾਉਂਦੇ ਹਨ। ਅਸੀਂ ਅਜਿਹੇ ਗੈਰ-ਕਾਨੂੰਨੀ ਉਪਾਵਾਂ ਨੂੰ ਖਤਮ ਕਰਨ ਦੀ ਮੰਗ ਕਰਦੇ ਹਾਂ, ਜੋ ਕੌਮਾਂਤਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਚਾਰਟਰ ਦੇ ਸਿਧਾਂਤਾਂ ਅਤੇ ਉਦੇਸ਼ਾਂ ਨੂੰ ਕਮਜ਼ੋਰ ਕਰਦੇ ਹਨ। ਅਸੀਂ ਕੌਮਾਂਤਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਚਾਰਟਰ ਦੇ ਉਲਟ ਇਕਪਾਸੜ ਦਬਾਅ ਵਾਲੇ ਉਪਾਵਾਂ ਦਾ ਵਿਰੋਧ ਮੁੜ ਦੁਹਰਾਉਂਦੇ ਹਾਂ, ਜਿਸ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵੱਲੋਂ ਗੈਰ-ਪ੍ਰਮਾਣਿਤ ਪਾਬੰਦੀਆਂ ਵੀ ਸ਼ਾਮਲ ਹਨ।
ਕੌਮਾਂਤਰੀ ਅਤੇ ਖੇਤਰੀ ਸ਼ਾਂਤੀ ਅਤੇ ਸੁਰੱਖਿਆ
23. ਅਸੀਂ ਧਰੁਵੀਕਰਨ ਅਤੇ ਬੇਭਰੋਸਗੀ ਦੇ ਮੌਜੂਦਾ ਆਲਮੀ ਹਾਲਾਤ ਨੂੰ ਨੋਟ ਕਰਦੇ ਹਾਂ ਅਤੇ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਆਲਮੀ ਪੱਧਰ ‘ਤੇ ਕਾਰਵਾਈ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਅਸੀਂ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਟਕਰਾਅ ਦੀ ਸੰਭਾਵਨਾ ਘਟਾਉਣ ਲਈ ਰਾਜਨੀਤਕ-ਕੂਟਨੀਤਕ ਕਦਮਾਂ ਰਾਹੀਂ ਇਨ੍ਹਾਂ ਚੁਣੌਤੀਆਂ ਅਤੇ ਇਨ੍ਹਾਂ ਨਾਲ ਜੁੜੇ ਸੁਰੱਖਿਆ ਖਤਰਿਆਂ ਦਾ ਟਾਕਰਾ ਕੀਤਾ ਜਾਵੇ। ਅਸੀਂ ਟਕਰਾਅ ਨੂੰ ਰੋਕਣ ਦੀਆਂ ਕੋਸ਼ਿਸ਼ਾਂ, ਜਿਸ ਵਿੱਚ ਇਨ੍ਹਾਂ ਦੇ ਮੂਲ ਕਾਰਨਾਂ ਦਾ ਹੱਲ ਕਰਨਾ ਵੀ ਸ਼ਾਮਲ ਹੈ, ਵਿੱਚ ਸ਼ਾਮਲ ਹੋਣ ਦੀ ਲੋੜ ‘ਤੇ ਜ਼ੋਰ ਦਿੰਦੇ ਹਾਂ। ਅਸੀਂ ਇਸ ਗੱਲ ‘ਤੇ ਜ਼ੋਰ ਦਿੰਦੇ ਹਾਂ ਕਿ ਸਾਰੇ ਦੇਸ਼ਾਂ ਵਿਚਕਾਰ ਸੁਰੱਖਿਆ ਅਟੁੱਟ ਹੈ ਅਤੇ ਗੱਲਬਾਤ, ਸਲਾਹ-ਮਸ਼ਵਰੇ ਅਤੇ ਕੂਟਨੀਤੀ ਰਾਹੀਂ ਕੌਮਾਂਤਰੀ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਲਈ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਉਂਦੇ ਹਾਂ। ਅਸੀਂ ਟਕਰਾਅ ਰੋਕਣ ਅਤੇ ਹੱਲ ਕਰਨ ਵਿੱਚ ਖੇਤਰੀ ਸੰਗਠਨਾਂ ਦੀ ਸਰਗਰਮ ਭੂਮਿਕਾ ਨੂੰ ਉਤਸ਼ਾਹਿਤ ਕਰਦੇ ਹਾਂ ਅਤੇ ਸੰਕਟਾਂ ਦੇ ਸ਼ਾਂਤੀਪੂਰਨ ਨਿਪਟਾਰੇ ਲਈ ਸਾਰੀਆਂ ਢੁਕਵੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦੇ ਹਾਂ। ਕੌਮਾਂਤਰੀ ਵਿਵਾਦਾਂ ਦੇ ਸੰਦਰਭ ਵਿੱਚ, ਅਸੀਂ ਸੰਯੁਕਤ ਰਾਸ਼ਟਰ ਚਾਰਟਰ ਦੇ ਉਦੇਸ਼ਾਂ ਅਤੇ ਸਿਧਾਂਤਾਂ ਅਨੁਸਾਰ ਸੰਕਟਾਂ ਤੋਂ ਬਚਣ ਅਤੇ ਉਨ੍ਹਾਂ ਨੂੰ ਵਧਣ ਤੋਂ ਰੋਕਣ ਲਈ ਜ਼ਰੂਰੀ ਸਾਧਨਾਂ ਵਜੋਂ ਸਬੰਧਤ ਧਿਰਾਂ ਦੀ ਸਹਿਮਤੀ ਨਾਲ ਰੋਕਥਾਮ ਵਾਲੀ ਕੂਟਨੀਤੀ ਅਤੇ ਵਿਚੋਲਗੀ ਦੀ ਅਹਿਮੀਅਤ ‘ਤੇ ਚਾਨਣਾ ਪਾਉਂਦੇ ਹਾਂ। ਇਸ ਸਬੰਧੀ ਅਸੀਂ ਹਥਿਆਰਬੰਦ ਟਕਰਾਵਾਂ ਦੀ ਰੋਕਥਾਮ, ਯੂਐੱਨ ਸ਼ਾਂਤੀ ਰੱਖਿਅਕ ਮਿਸ਼ਨਾਂ, ਅਫਰੀਕੀ ਯੂਨੀਅਨ ਸ਼ਾਂਤੀ ਸਹਾਇਤਾ ਕਾਰਜਾਂ, ਅਤੇ ਵਿਚੋਲਗੀ ਤੇ ਸ਼ਾਂਤੀ ਪ੍ਰਕਿਰਿਆਵਾਂ ‘ਤੇ ਸਹਿਯੋਗ ਦੇ ਰਸਤੇ ਤਲਾਸ਼ਣ ਲਈ ਸਹਿਮਤ ਹਾਂ।
24. ਅਸੀਂ ਦੁਨੀਆ ਦੇ ਕਈ ਹਿੱਸਿਆਂ ਵਿੱਚ ਚੱਲ ਰਹੇ ਟਕਰਾਵਾਂ ਅਤੇ ਕੌਮਾਂਤਰੀ ਵਿਵਸਥਾ ਵਿੱਚ ਧਰੁਵੀਕਰਨ ਅਤੇ ਖੰਡਨ ਦੀ ਮੌਜੂਦਾ ਸਥਿਤੀ ਬਾਰੇ ਚਿੰਤਾ ਪ੍ਰਗਟ ਕਰਦੇ ਹਾਂ। ਅਸੀਂ ਮੌਜੂਦਾ ਰੁਝਾਨ ‘ਤੇ ਚਿੰਤਾ ਪ੍ਰਗਟ ਕਰਦੇ ਹਾਂ ਜਿਸ ਵਿੱਚ ਆਲਮੀ ਫੌਜੀ ਖਰਚਿਆਂ ਵਿੱਚ ਵੱਡਾ ਵਾਧਾ ਵੇਖਿਆ ਗਿਆ ਹੈ, ਜੋ ਵਿਕਾਸਸ਼ੀਲ ਦੇਸ਼ਾਂ ਦੇ ਵਿਕਾਸ ਲਈ ਢੁਕਵੇਂ ਫੰਡਾਂ ਦੀ ਕੀਮਤ ‘ਤੇ ਹੋ ਰਿਹਾ ਹੈ। ਅਸੀਂ ਇੱਕ ਅਜਿਹੀ ਬਹੁ-ਪੱਖੀ ਪਹੁੰਚ ਦੀ ਵਕਾਲਤ ਕਰਦੇ ਹਾਂ ਜੋ ਅਹਿਮ ਆਲਮੀ ਮੁੱਦਿਆਂ, ਜਿਨ੍ਹਾਂ ਵਿੱਚ ਟਿਕਾਊ ਵਿਕਾਸ, ਭੁੱਖਮਰੀ ਅਤੇ ਗਰੀਬੀ ਦਾ ਖਾਤਮਾ ਅਤੇ ਜਲਵਾਯੂ ਤਬਦੀਲੀ ਪ੍ਰਤੀ ਆਲਮੀ ਹੁੰਗਾਰੇ ਵਿੱਚ ਯੋਗਦਾਨ ਪਾਉਣਾ ਸ਼ਾਮਲ ਹੈ, ‘ਤੇ ਵੱਖੋ-ਵੱਖਰੇ ਰਾਸ਼ਟਰੀ ਦ੍ਰਿਸ਼ਟੀਕੋਣਾਂ ਅਤੇ ਪੱਖਾਂ ਦਾ ਸਤਿਕਾਰ ਕਰਦੀ ਹੋਵੇ, ਜਦਕਿ ਸੁਰੱਖਿਆ ਨੂੰ ਜਲਵਾਯੂ ਤਬਦੀਲੀ ਦੇ ਏਜੰਡੇ ਨਾਲ ਜੋੜਨ ਦੀਆਂ ਕੋਸ਼ਿਸ਼ਾਂ ‘ਤੇ ਅਸੀਂ ਡੂੰਘੀ ਚਿੰਤਾ ਪ੍ਰਗਟ ਕਰਦੇ ਹਾਂ।
25. ਅਸੀਂ ਪਰਮਾਣੂ ਖਤਰੇ ਅਤੇ ਟਕਰਾਅ ਦੇ ਵੱਧ ਰਹੇ ਜ਼ੋਖਮਾਂ ਬਾਰੇ ਆਪਣੀਆਂ ਚਿੰਤਾਵਾਂ ਪ੍ਰਗਟ ਕਰਦੇ ਹਾਂ। ਅਸੀਂ ਆਲਮੀ ਸਥਿਰਤਾ ਅਤੇ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਪ੍ਰਾਪਤ ਕਰਨ ਲਈ ਹਥਿਆਰਾਂ ਨੂੰ ਘਟਾਉਣ, ਹਥਿਆਰਾਂ ਦੇ ਕੰਟਰੋਲ ਅਤੇ ਇਨ੍ਹਾਂ ਦੇ ਫੈਲਾਅ ਨੂੰ ਰੋਕਣ ਵਾਲੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਇਸ ਦੀ ਅਖੰਡਤਾ ਤੇ ਪ੍ਰਭਾਵਸ਼ੀਲਤਾ ਨੂੰ ਬਰਕਰਾਰ ਰੱਖਣ ਦੀ ਲੋੜ ਨੂੰ ਦੁਹਰਾਉਂਦੇ ਹਾਂ। ਅਸੀਂ ਪਰਮਾਣੂ ਹਥਿਆਰਾਂ ਦਾ ਪ੍ਰਸਾਰ ਰੋਕਣ ਵਾਲੇ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ‘ਪਰਮਾਣੂ-ਹਥਿਆਰ-ਮੁਕਤ ਖੇਤਰਾਂ’ ਦੇ ਅਹਿਮ ਯੋਗਦਾਨ ’ਤੇ ਜ਼ੋਰ ਦਿੰਦੇ ਹਾਂ, ਮੌਜੂਦਾ ਸਾਰੇ ਪਰਮਾਣੂ-ਹਥਿਆਰ-ਮੁਕਤ ਖੇਤਰਾਂ ਅਤੇ ਪਰਮਾਣੂ ਹਥਿਆਰਾਂ ਦੀ ਵਰਤੋਂ ਜਾਂ ਵਰਤੋਂ ਦੀ ਧਮਕੀ ਵਿਰੁੱਧ ਉਨ੍ਹਾਂ ਨਾਲ ਜੁੜੇ ਭਰੋਸਿਆਂ ਲਈ ਆਪਣੇ ਸਮਰਥਨ ਅਤੇ ਸਤਿਕਾਰ ਦੀ ਮੁੜ ਪੁਸ਼ਟੀ ਕਰਦੇ ਹਾਂ। ਅਸੀਂ ਮੱਧ ਪੂਰਬ ਵਿੱਚ ਪਰਮਾਣੂ ਹਥਿਆਰਾਂ ਅਤੇ ਵੱਡੇ ਪੱਧਰ ’ਤੇ ਤਬਾਹੀ ਮਚਾਉਣ ਵਾਲੇ ਹੋਰ ਹਥਿਆਰਾਂ ਤੋਂ ਮੁਕਤ ਖੇਤਰ ਦੀ ਸਥਾਪਨਾ ਬਾਰੇ ਮਤਿਆਂ ਨੂੰ ਤੇਜ਼ੀ ਨਾਲ ਲਾਗੂ ਕਰਨ ਦੇ ਯਤਨਾਂ ਦੀ ਬਹੁਤ ਜ਼ਿਆਦਾ ਮਹੱਤਤਾ ਨੂੰ ਮੰਨਦੇ ਹਾਂ, ਜਿਸ ਵਿੱਚ ਯੂਐੱਨ ਜਨਰਲ ਅਸੈਂਬਲੀ ਦੇ ਫੈਸਲੇ 73/546 ਤਹਿਤ ਬੁਲਾਈ ਗਈ ਕਾਨਫਰੰਸ ਵੀ ਸ਼ਾਮਲ ਹੈ। ਅਸੀਂ ਸਾਰੀਆਂ ਸੱਦੀਆਂ ਗਈਆਂ ਧਿਰਾਂ ਨੂੰ ਇਸ ਕਾਨਫਰੰਸ ਵਿੱਚ ਨੇਕ ਨੀਤੀ ਨਾਲ ਹਿੱਸਾ ਲੈਣ ਅਤੇ ਇਸ ਕੋਸ਼ਿਸ਼ ਵਿੱਚ ਉਸਾਰੂ ਢੰਗ ਨਾਲ ਜੁੜਨ ਦਾ ਸੱਦਾ ਦਿੰਦੇ ਹਾਂ। ਅਸੀਂ ਯੂਐੱਨਜੀਏ ਮਤਾ 79/241 ‘ਪ੍ਰਮਾਣੂ-ਹਥਿਆਰ-ਮੁਕਤ ਖੇਤਰਾਂ ਦੇ ਸਵਾਲ ਦੇ ਸਾਰੇ ਪਹਿਲੂਆਂ ਦਾ ਵਿਆਪਕ ਅਧਿਐਨ’ ਅਪਣਾਏ ਜਾਣ ਦੇ ਨਾਲ-ਨਾਲ ਅਧਿਐਨ ਦੇ ਸਫਲ ਸਿੱਟੇ ਨੂੰ ਨੋਟ ਕਰਦੇ ਹਾਂ, ਜਿਸ ਨੂੰ ਸਮੂਹ ਵੱਲੋਂ ਸਰਬਸੰਮਤੀ ਨਾਲ ਅਪਣਾਇਆ ਗਿਆ ਸੀ।
26. ਅਸੀਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮਤੇ 1325 (2000) ਅਤੇ ਇਸ ਤੋਂ ਬਾਅਦ ਦੇ ਮਤਿਆਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਅਤੇ ਔਰਤਾਂ, ਸ਼ਾਂਤੀ ਅਤੇ ਸੁਰੱਖਿਆ (ਡਬਲਿਊਪੀਐੱਸ) ਏਜੰਡੇ ਨੂੰ ਅੱਗੇ ਵਧਾਉਣ ਲਈ ਆਪਣੀ ਵਚਨਬੱਧਤਾ ਦੁਹਰਾਉਂਦੇ ਹਾਂ। ਅਸੀਂ ਟਕਰਾਅ ਦੀ ਰੋਕਥਾਮ ਅਤੇ ਹੱਲ, ਮਨੁੱਖੀ ਰਾਹਤ, ਵਿਚੋਲਗੀ, ਸ਼ਾਂਤੀ ਕਾਰਜਾਂ, ਸ਼ਾਂਤੀ ਨਿਰਮਾਣ, ਅਤੇ ਟਕਰਾਅ ਤੋਂ ਬਾਅਦ ਦੇ ਪੁਨਰ-ਨਿਰਮਾਣ ਅਤੇ ਵਿਕਾਸ ਸਮੇਤ ਸ਼ਾਂਤੀ ਅਤੇ ਸੁਰੱਖਿਆ ਪ੍ਰਕਿਰਿਆਵਾਂ ਦੇ ਸਾਰੇ ਪੱਧਰਾਂ ‘ਤੇ ਫੈਸਲੇ ਲੈਣ ਵਿੱਚ ਔਰਤਾਂ ਦੀ ਪੂਰੀ, ਬਰਾਬਰ, ਸੁਰੱਖਿਅਤ ਅਤੇ ਸਾਰਥਕ ਭਾਗੀਦਾਰੀ ਯਕੀਨੀ ਬਣਾਉਣ ਦੀ ਮਹੱਤਤਾ ਨੂੰ ਮੁੜ ਦੁਹਰਾਉਂਦੇ ਹਾਂ।
27. ਲਾਤੀਨੀ ਅਮਰੀਕਾ ਅਤੇ ਕੈਰੇਬੀਅਨ ਦੇਸ਼ਾਂ ਦੇ ਇੱਕ ਸ਼ਾਂਤੀ ਖੇਤਰ ਵਜੋਂ ਸਰੂਪ ਨੂੰ ਉਭਾਰਦੇ ਹੋਏ, ਜੋ ਆਪਸੀ ਸਤਿਕਾਰ, ਵਿਵਾਦਾਂ ਦੇ ਸ਼ਾਂਤੀਪੂਰਨ ਨਿਪਟਾਰੇ ਅਤੇ ਗੈਰ-ਦਖਲਅੰਦਾਜ਼ੀ ‘ਤੇ ਆਧਾਰਿਤ ਹੈ, ਅਸੀਂ ਦੇਸ਼ ਵਿਰੁੱਧ ਇਕਪਾਸੜ ਨਾਕਾਬੰਦੀ ਦੇ ਉਪਾਵਾਂ ਨੂੰ ਸਖ਼ਤ ਕੀਤੇ ਜਾਣ ਕਾਰਨ ਕਿਊਬਾ ਨਾਲ ਸਬੰਧਤ ਸਥਿਤੀ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹਾਂ। ਅਸੀਂ ਕਿਊਬਾ ਦੇ ਅਰਥਚਾਰੇ, ਊਰਜਾ ਸਪਲਾਈ ਅਤੇ ਕਿਊਬਾ ਦੇ ਲੋਕਾਂ ‘ਤੇ ਇਸ ਦੇ ਪੈ ਰਹੇ ਚਿੰਤਾਜਨਕ ਮਨੁੱਖੀ ਪ੍ਰਭਾਵਾਂ ‘ਤੇ ਚਿੰਤਾ ਪ੍ਰਗਟ ਕਰਦੇ ਹਾਂ। ਇਸ ਸਬੰਧੀ ਅਸੀਂ ਯੂਐੱਨਜੀਏ ਮਤਾ ਏ/ਆਰਈਐੱਸ/80/4 ਦੇ ਅਨੁਸਾਰ ਕਿਊਬਾ ਵਿਰੁੱਧ ਆਰਥਿਕ, ਵਪਾਰਕ ਅਤੇ ਵਿੱਤੀ ਉਪਾਵਾਂ ਨੂੰ ਖਤਮ ਕਰਨ ਦੀ ਲੋੜ ਨੂੰ ਮੁੜ ਦੁਹਰਾਉਂਦੇ ਹਾਂ।
28. ਅਸੀਂ ਮੱਧ ਪੂਰਬ/ਪੱਛਮੀ ਏਸ਼ੀਆ ਵਿੱਚ ਲਗਾਤਾਰ ਵੱਧ ਰਹੇ ਤਣਾਅ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹਾਂ ਅਤੇ ਆਪੋ-ਆਪਣੇ ਰਾਸ਼ਟਰੀ ਪੱਖਾਂ ਨੂੰ ਯਾਦ ਕਰਦਿਆਂ, ਵੱਧ ਤੋਂ ਵੱਧ ਸੰਜਮ ਵਰਤਣ ਦੇ ਨਾਲ-ਨਾਲ ਅਜਿਹੀਆਂ ਕਾਰਵਾਈਆਂ ਤੋਂ ਬਚਣ ਦੀ ਅਪੀਲ ਕਰਦੇ ਹਾਂ ਜੋ ਸਥਿਤੀ ਨੂੰ ਹੋਰ ਵਿਗਾੜ ਸਕਦੀਆਂ ਹਨ। ਇਸ ਤੋਂ ਇਲਾਵਾ ਅਸੀਂ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਸਤਿਕਾਰ ਸਮੇਤ ਸੰਯੁਕਤ ਰਾਸ਼ਟਰ ਚਾਰਟਰ ਦੇ ਉਦੇਸ਼ਾਂ ਅਤੇ ਸਿਧਾਂਤਾਂ ਦੇ ਅਨੁਸਾਰ ਨਾਗਰਿਕਾਂ ਅਤੇ ਨਾਗਰਿਕ ਬੁਨਿਆਦੀ ਢਾਂਚੇ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕਰਦੇ ਹਾਂ। ਅਸੀਂ ਗੱਲਬਾਤ ਅਤੇ ਕੂਟਨੀਤੀ ਰਾਹੀਂ, ਲੰਬੇ ਸਮੇਂ ਦੀ ਅਜਿਹੀ ਸਮਝ ਵੱਲ ਕੋਸ਼ਿਸ਼ਾਂ ਵਧਾਉਣ ਨੂੰ ਉਤਸ਼ਾਹਿਤ ਕਰਦੇ ਹਾਂ ਜੋ ਖੇਤਰ ਵਿੱਚ ਸਥਾਈ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਵਿੱਚ ਯੋਗਦਾਨ ਪਾਵੇਗੀ। ਅਸੀਂ ਲਾਗੂ ਹੋਣ ਵਾਲੇ ਕੌਮਾਂਤਰੀ ਕਾਨੂੰਨ ਦੇ ਅਨੁਸਾਰ, ਆਲਮੀ ਵਪਾਰ, ਸਪਲਾਈ ਚੇਨਾਂ ਅਤੇ ਊਰਜਾ ਦੇ ਸੁਚਾਰੂ ਪ੍ਰਵਾਹ ਬਣਾਈ ਰੱਖਣ ਲਈ ਮਿਲ ਕੇ ਕੰਮ ਕਰਨ ਦੀ ਲੋੜ ‘ਤੇ ਜ਼ੋਰ ਦਿੰਦੇ ਹਾਂ।
29. ਅਸੀਂ ਕੌਮਾਂਤਰੀ ਕਾਨੂੰਨ ਅਤੇ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ (ਆਈਏਈਏ) ਦੇ ਸਬੰਧਤ ਮਤਿਆਂ ਦੀ ਉਲੰਘਣਾ ਕਰ ਕੇ ਨਾਗਰਿਕ ਬੁਨਿਆਦੀ ਢਾਂਚੇ ਅਤੇ ਆਈਏਈਏ ਦੀ ਪੂਰੀ ਸੁਰੱਖਿਆ ਅਧੀਨ ਆਉਂਦੀਆਂ ਸ਼ਾਂਤੀਪੂਰਨ ਪ੍ਰਮਾਣੂ ਸਹੂਲਤਾਂ ‘ਤੇ ਜਾਣਬੁੱਝ ਕੇ ਕੀਤੇ ਗਏ ਹਮਲਿਆਂ ‘ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਹਾਂ। ਲੋਕਾਂ ਅਤੇ ਵਾਤਾਵਰਣ ਨੂੰ ਨੁਕਸਾਨ ਤੋਂ ਬਚਾਉਣ ਲਈ, ਹਥਿਆਰਬੰਦ ਟਕਰਾਵਾਂ ਸਮੇਤ, ਪ੍ਰਮਾਣੂ ਸੁਰੱਖਿਆ ਅਤੇ ਬਚਾਅ ਦੇ ਮਾਪਦੰਡਾਂ ਨੂੰ ਹਮੇਸ਼ਾ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ।
30. ਅਸੀਂ ਯੂਐੱਨਐੱਸਸੀ ਮਤਾ 2803 ਅਪਣਾਏ ਜਾਣ ਦਾ ਨੋਟਿਸ ਲੈਂਦੇ ਹਾਂ। ਅਸੀਂ ਸਬੰਧਤ ਯੂਐੱਨਜੀਏ ਅਤੇ ਯੂਐੱਨਐੱਸਸੀ ਮਤਿਆਂ ਨੂੰ ਲਾਗੂ ਕਰਨ ਦਾ ਸੱਦਾ ਦਿੰਦੇ ਹਾਂ ਅਤੇ ਸਾਰੀਆਂ ਧਿਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਗਾਜ਼ਾ ਪੱਟੀ ਵਿੱਚ ਜੰਗਬੰਦੀ ਨੂੰ ਬਣਾਈ ਰੱਖਣ ਅਤੇ ਮਨੁੱਖੀ ਸਹਾਇਤਾ ਲਈ ਪੂਰੀ ਅਤੇ ਨਿਰਵਿਘਨ ਪਹੁੰਚ ਯਕੀਨੀ ਬਣਾਉਣ। ਇਸ ਸੰਦਰਭ ਵਿੱਚ ਅਸੀਂ ਅਕਤੂਬਰ 2025 ਦੇ ਜੰਗਬੰਦੀ ਸਮਝੌਤੇ ਦੇ ਬਾਵਜੂਦ ਗਾਜ਼ਾ ਵਿੱਚ ਜਾਰੀ ਹਿੰਸਾ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹਾਂ। ਅਸੀਂ ਗਾਜ਼ਾ ਪੱਟੀ ਤੋਂ ਫਲਸਤੀਨੀਆਂ ਦੇ ਜਬਰੀ ਉਜਾੜੇ ਦੇ ਉਦੇਸ਼ ਵਾਲੀਆਂ ਕਿਸੇ ਵੀ ਨੀਤੀਆਂ ਨੂੰ ਰੋਕਣ ਦਾ ਸੱਦਾ ਦਿੰਦੇ ਹਾਂ ਅਤੇ ਅਜਿਹੇ ਪ੍ਰਬੰਧਾਂ ਬਾਰੇ ਚਿੰਤਾ ਪ੍ਰਗਟ ਕਰਦੇ ਹਾਂ ਜੋ ਫਲਸਤੀਨੀ ਲੋਕਾਂ ਦੇ ਅਟੁੱਟ ਅਧਿਕਾਰਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਕਬਜ਼ੇ ਨੂੰ ਜਾਇਜ਼ ਠਹਿਰਾ ਸਕਦੇ ਹਨ ਜਾਂ ਲੰਮਾ ਕਰ ਸਕਦੇ ਹਨ।
31. ਅਸੀਂ ਮੁੜ ਪੁਸ਼ਟੀ ਕਰਦੇ ਹਾਂ ਕਿ ਇਜ਼ਰਾਈਲ-ਫਲਸਤੀਨ ਟਕਰਾਅ ਦਾ ਇੱਕ ਨਿਆਂਪੂਰਨ ਅਤੇ ਸਥਾਈ ਹੱਲ ਸਿਰਫ਼ ਸ਼ਾਂਤਮਈ ਤਰੀਕਿਆਂ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਇਹ ਫਲਸਤੀਨੀ ਲੋਕਾਂ ਦੇ ਜਾਇਜ਼ ਅਧਿਕਾਰਾਂ, ਜਿਸ ਵਿੱਚ ਸਵੈ-ਨਿਰਣੇ ਅਤੇ ਵਾਪਸੀ ਦੇ ਅਧਿਕਾਰ ਸ਼ਾਮਲ ਹਨ, ਦੀ ਪੂਰਤੀ ‘ਤੇ ਨਿਰਭਰ ਕਰਦਾ ਹੈ। ਅਸੀਂ ਬਹੁ-ਪੱਖੀ ਵਿੱਤੀ ਸੰਸਥਾਵਾਂ ਸਮੇਤ ਸਾਰੀਆਂ ਸਬੰਧਤ ਕੌਮਾਂਤਰੀ ਸੰਸਥਾਵਾਂ ਵਿੱਚ ਫਲਸਤੀਨ ਦੀ ਢੁਕਵੀਂ ਨੁਮਾਇੰਦਗੀ, ਅਤੇ ਉਨ੍ਹਾਂ ਦੇ ਸਰੋਤਾਂ ਤੱਕ ਪਹੁੰਚ ਦੀ ਲੋੜ ਦੀ ਪੁਸ਼ਟੀ ਕਰਦੇ ਹਾਂ। ਅਸੀਂ ਕੌਮਾਂਤਰੀ ਕਾਨੂੰਨ ਅਨੁਸਾਰ ਦੋ-ਰਾਸ਼ਟਰੀ ਹੱਲ ਲਈ ਅਟੁੱਟ ਵਚਨਬੱਧਤਾ ਦੇ ਸੰਦਰਭ ਵਿੱਚ ਸੰਯੁਕਤ ਰਾਸ਼ਟਰ ਵਿੱਚ ਫਲਸਤੀਨ ਦੇਸ਼ ਦੀ ਪੂਰੀ ਮੈਂਬਰਸ਼ਿਪ ਲਈ ਆਪਣੇ ਸਮਰਥਨ ਦੀ ਪੁਸ਼ਟੀ ਕਰਦੇ ਹਾਂ। ਇਸ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਅਤੇ ਜਨਰਲ ਅਸੈਂਬਲੀ ਦੇ ਸਬੰਧਤ ਮਤੇ, ਅਤੇ ਅਰਬ ਸ਼ਾਂਤੀ ਪਹਿਲਕਦਮੀ ਸ਼ਾਮਲ ਹੈ, ਜਿਸ ਤਹਿਤ ਕੌਮਾਂਤਰੀ ਪੱਧਰ ‘ਤੇ ਮਾਨਤਾ ਪ੍ਰਾਪਤ 1967 ਦੀਆਂ ਸਰਹੱਦਾਂ, ਜਿਸ ਵਿੱਚ ਗਾਜ਼ਾ ਪੱਟੀ ਅਤੇ ਪੱਛਮੀ ਕਿਨਾਰਾ ਸ਼ਾਮਲ ਸੀ, ਦੇ ਅੰਦਰ ਇੱਕ ਪ੍ਰਭੂਸੱਤਾ ਸੰਪੰਨ, ਸੁਤੰਤਰ ਅਤੇ ਵਿਵਹਾਰਕ ਫਲਸਤੀਨ ਦੇਸ਼ ਦੀ ਸਥਾਪਨਾ ਹੋਵੇ, ਜਿਸ ਦੀ ਰਾਜਧਾਨੀ ਪੂਰਬੀ ਯੇਰੂਸ਼ਲਮ ਹੋਵੇ, ਤਾਂ ਜੋ ਦੋ ਦੇਸ਼ਾਂ ਦੇ ਨਾਲ-ਨਾਲ ਸ਼ਾਂਤੀ ਅਤੇ ਸੁਰੱਖਿਆ ਵਿੱਚ ਰਹਿਣ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ।
32. ਅਸੀਂ ਕਿਸੇ ਵੀ ਬਹਾਨੇ ਕਬਜ਼ੇ ਵਾਲੇ ਫਲਸਤੀਨੀ ਖੇਤਰ ਤੋਂ ਫਲਸਤੀਨੀ ਆਬਾਦੀ ਦੇ ਕਿਸੇ ਵੀ ਹਿੱਸੇ ਦੇ ਅਸਥਾਈ ਜਾਂ ਸਥਾਈ ਜਬਰੀ ਉਜਾੜੇ ਦੇ ਨਾਲ-ਨਾਲ ਗਾਜ਼ਾ ਪੱਟੀ ਦੇ ਖੇਤਰ ਵਿੱਚ ਕਿਸੇ ਵੀ ਭੂਗੋਲਿਕ ਜਾਂ ਜਨਸੰਖਿਆ ਸਬੰਧੀ ਤਬਦੀਲੀਆਂ ਦਾ ਸਖ਼ਤ ਵਿਰੋਧ ਕਰਦੇ ਹਾਂ। ਅਸੀਂ ਦੁਹਰਾਉਂਦੇ ਹਾਂ ਕਿ ਕੌਮਾਂਤਰੀ ਕਾਨੂੰਨ ਅਤੇ ਕੌਮਾਂਤਰੀ ਨਿਆਂਇਕ ਸੰਸਥਾਵਾਂ ਗੈਰ-ਕਾਨੂੰਨੀ ਕਬਜ਼ੇ ਦੇ ਖਾਤਮੇ ਅਤੇ ਉਨ੍ਹਾਂ ਸਾਰੇ ਅਮਲਾਂ ਨੂੰ ਤੁਰੰਤ ਬੰਦ ਕਰਨ ਦੀ ਮੰਗ ਕਰਦੀਆਂ ਹਨ ਜੋ ਕਾਨੂੰਨੀ ਨਿਯਮਾਂ ਨੂੰ ਕਮਜ਼ੋਰ ਕਰਦੇ ਹਨ ਅਤੇ ਇੱਕ ਨਿਆਂਪੂਰਨ ਅਤੇ ਸਥਾਈ ਸ਼ਾਂਤੀ ਦੇ ਰਾਹ ਵਿੱਚ ਰੁਕਾਵਟ ਪਾਉਂਦੇ ਹਨ।
33. ਅਸੀਂ ਗਾਜ਼ਾ ਵਿੱਚ ਮਨੁੱਖੀ ਸਥਿਤੀ ਸਮੇਤ ਕਬਜ਼ੇ ਵਾਲੇ ਫਲਸਤੀਨੀ ਖੇਤਰ ਵਿੱਚ ਸਥਿਤੀ ਬਾਰੇ ਆਪਣੀ ਡੂੰਘੀ ਚਿੰਤਾ ਦੁਹਰਾਉਂਦੇ ਹਾਂ। ਅਸੀਂ ਕੌਮਾਂਤਰੀ ਕਾਨੂੰਨ, ਖਾਸ ਕਰਕੇ ਕੌਮਾਂਤਰੀ ਮਨੁੱਖਤਾਵਾਦੀ ਕਾਨੂੰਨ ਅਤੇ ਕੌਮਾਂਤਰੀ ਮਨੁੱਖੀ ਅਧਿਕਾਰ ਕਾਨੂੰਨ ਦੀ ਪਾਲਣਾ ਕਰਨ ਦੀ ਅਪੀਲ ਕਰਦੇ ਹਾਂ, ਅਤੇ ਇਨ੍ਹਾਂ ਦੀਆਂ ਸਾਰੀਆਂ ਉਲੰਘਣਾਵਾਂ ਦੀ ਨਿੰਦਾ ਕਰਦੇ ਹਾਂ। ਇਨ੍ਹਾਂ ਵਿੱਚ ਯੁੱਧ ਦੇ ਢੰਗ ਵਜੋਂ ਭੁੱਖਮਰੀ ਦੀ ਵਰਤੋਂ ਕਰਨਾ, ਨਾਗਰਿਕਾਂ ਅਤੇ ਨਾਗਰਿਕ ਵਸਤੂਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰਨਾ, ਜਿਸ ਵਿੱਚ ਸਿਹਤ ਸੰਭਾਲ ਸਹੂਲਤਾਂ ਅਤੇ ਹੋਰ ਨਾਗਰਿਕ ਬੁਨਿਆਦੀ ਢਾਂਚੇ ਸ਼ਾਮਲ ਹਨ, ਦੇ ਨਾਲ-ਨਾਲ ਮਨੁੱਖੀ ਸਹਾਇਤਾ ਦੀ ਪਹੁੰਚ ਵਿੱਚ ਗੈਰ-ਕਾਨੂੰਨੀ ਰੁਕਾਵਟ ਪਾਉਣਾ ਸ਼ਾਮਲ ਹੈ। ਅਸੀਂ ਮਨੁੱਖੀ ਸਹਾਇਤਾ ਦਾ ਸਿਆਸੀਕਰਨ ਜਾਂ ਫੌਜੀਕਰਨ ਕਰਨ ਦੀਆਂ ਕੋਸ਼ਿਸ਼ਾਂ ਦੀ ਵੀ ਨਿੰਦਾ ਕਰਦੇ ਹਾਂ। ਅਸੀਂ ‘ਯੂਐੱਨ ਰਿਲੀਫ ਐਂਡ ਵਰਕਸ ਏਜੰਸੀ ਫਾਰ ਪੈਲੇਸਟਾਈਨ ਰਫਿਊਜੀਜ਼ ਇਨ ਦ ਨੀਅਰ ਈਸਟ’ (ਯੂਐੱਨਆਰਡਬਲਿਊਏ) ਲਈ ਆਪਣੇ ਦ੍ਰਿੜ ਸਮਰਥਨ ਦੀ ਪੁਸ਼ਟੀ ਕਰਦੇ ਹਾਂ ਅਤੇ ਇਸ ਦੇ ਕਾਰਜ ਖੇਤਰਾਂ ਵਿੱਚ ਫਲਸਤੀਨੀ ਸ਼ਰਨਾਰਥੀਆਂ ਨੂੰ ਬੁਨਿਆਦੀ ਸੇਵਾਵਾਂ ਪ੍ਰਦਾਨ ਕਰਨ ਲਈ, ਯੂਐੱਨਜੀਏ ਵੱਲੋਂ ਇਸ ਨੂੰ ਸੌਂਪੇ ਗਏ ਅਧਿਕਾਰਾਂ ਦਾ ਪੂਰਾ ਸਤਿਕਾਰ ਕਰਨ ਦੀ ਲੋੜ ‘ਤੇ ਜ਼ੋਰ ਦਿੰਦੇ ਹਾਂ। ਅਸੀਂ ਸਾਰੀਆਂ ਸਬੰਧਤ ਧਿਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਕੌਮਾਂਤਰੀ ਕਾਨੂੰਨ ਦੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਦਾ ਸਤਿਕਾਰ ਕਰਨ, ਪੂਰੇ ਸੰਜਮ ਨਾਲ ਕੰਮ ਕਰਨ ਅਤੇ ਤਣਾਅ ਵਧਾਉਣ ਵਾਲੀਆਂ ਕਾਰਵਾਈਆਂ ਅਤੇ ਭੜਕਾਊ ਬਿਆਨਬਾਜ਼ੀ ਤੋਂ ਬਚਣ। ਇਸ ਸਬੰਧੀ ਅਸੀਂ ਦੱਖਣੀ ਅਫ਼ਰੀਕਾ ਵੱਲੋਂ ਇਜ਼ਰਾਈਲ ਵਿਰੁੱਧ ਸ਼ੁਰੂ ਕੀਤੀ ਗਈ ਕਾਨੂੰਨੀ ਕਾਰਵਾਈ ਵਿੱਚ ਕੌਮਾਂਤਰੀ ਇਨਸਾਫ਼ ਅਦਾਲਤ ਦੇ ਅੰਤਰਿਮ ਉਪਾਵਾਂ ਨੂੰ ਨੋਟ ਕਰਦੇ ਹਾਂ, ਜਿਨ੍ਹਾਂ ਵਿੱਚ ਹੋਰ ਗੱਲਾਂ ਦੇ ਨਾਲ-ਨਾਲ ਗਾਜ਼ਾ ਵਿੱਚ ਮਨੁੱਖੀ ਸਹਾਇਤਾ ਦਾ ਪ੍ਰਬੰਧ ਯਕੀਨੀ ਬਣਾਉਣ ਲਈ ਇਜ਼ਰਾਈਲ ਦੀ ਕਾਨੂੰਨੀ ਜ਼ਿੰਮੇਵਾਰੀ ਦੀ ਪੁਸ਼ਟੀ ਕੀਤੀ ਗਈ ਹੈ।
34. ਅਸੀਂ ਕਿਸੇ ਵੀ ਅਜਿਹੇ ਇਕਪਾਸੜ ਕਦਮ ਨੂੰ ਰੱਦ ਕਰਦੇ ਹਾਂ ਜੋ ਕਬਜ਼ੇ ਵਾਲੇ ਯੇਰੂਸ਼ਲਮ ਦੇ ਕਾਨੂੰਨੀ ਅਤੇ ਇਤਿਹਾਸਕ ਰੁਤਬੇ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹੈ। ਅਸੀਂ ਸ਼ਹਿਰ ਦੇ ਸਾਰੇ ਧਾਰਮਿਕ ਸਥਾਨਾਂ ਅਤੇ ਪਵਿੱਤਰ ਥਾਵਾਂ ਦੀ ਪਵਿੱਤਰਤਾ ਦਾ ਪੂਰਾ ਸਤਿਕਾਰ ਕਰਨ ਅਤੇ ਬਿਨਾਂ ਕਿਸੇ ਰੁਕਾਵਟ ਦੇ ਸਾਰਿਆਂ ਦੇ ਪਹੁੰਚ ਕਰਨ ਅਤੇ ਆਪਣੀਆਂ ਧਾਰਮਿਕ ਰਸਮਾਂ ਨਿਭਾਉਣ ਦੇ ਅਧਿਕਾਰਾਂ ਦੀ ਮੰਗ ਕਰਦੇ ਹਾਂ।
35. ਅਸੀਂ ਲੈਬਨਾਨ ਵਿੱਚ ਜੰਗਬੰਦੀ ਦਾ ਸਵਾਗਤ ਕਰਦੇ ਹਾਂ ਅਤੇ ਸਾਰੀਆਂ ਧਿਰਾਂ ਨੂੰ ਇਸ ਦੀਆਂ ਸ਼ਰਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਯੂਐੱਨਐੱਸਸੀ ਮਤਾ 1701 ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦਾ ਸੱਦਾ ਦਿੰਦੇ ਹਾਂ। ਅਸੀਂ ਜੰਗਬੰਦੀ ਅਤੇ ਲੈਬਨਾਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀਆਂ ਲਗਾਤਾਰ ਹੋ ਰਹੀਆਂ ਉਲੰਘਣਾਵਾਂ ਦੀ ਨਿੰਦਾ ਕਰਦੇ ਹਾਂ। ਅਸੀਂ ਇਜ਼ਰਾਈਲ ਨੂੰ ਅਪੀਲ ਕਰਦੇ ਹਾਂ ਕਿ ਉਹ ਲੈਬਨਾਨੀ ਸਰਕਾਰ ਨਾਲ ਸਹਿਮਤ ਹੋਈਆਂ ਸ਼ਰਤਾਂ ਦਾ ਸਤਿਕਾਰ ਕਰੇ ਅਤੇ ਲੈਬਨਾਨ ਦੇ ਉਨ੍ਹਾਂ ਸਾਰੇ ਖੇਤਰਾਂ ਵਿੱਚੋਂ ਆਪਣੀਆਂ ਕਾਬਜ਼ ਫੌਜਾਂ ਨੂੰ ਵਾਪਸ ਬੁਲਾਵੇ, ਜਿੱਥੇ ਉਹ ਮੌਜੂਦ ਹਨ।
36. ਅਸੀਂ ‘ਯੂਨਾਈਟਿਡ ਨੇਸ਼ਨਜ਼ ਇੰਟੈਰਿਮ ਫੋਰਸ ਇਨ ਲੈਬਨਾਨ’ (ਯੂਐੱਨਆਈਐੱਫਆਈਐੱਲ) ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ‘ਤੇ ਚਾਨਣਾ ਪਾਉਂਦੇ ਹਾਂ ਅਤੇ ਸਹਿਮਤ ਹਾਂ ਕਿ ਸੰਯੁਕਤ ਰਾਸ਼ਟਰ ਦੇ ਸਾਰੇ ਕਰਮਚਾਰੀਆਂ ਅਤੇ ਸਾਜ਼ੋ-ਸਾਮਾਨ ਦੀ ਸੁਰੱਖਿਆ, ਬਚਾਅ ਅਤੇ ਆਵਾਜਾਈ ਦੀ ਆਜ਼ਾਦੀ ਯਕੀਨੀ ਬਣਾਉਣਾ, ਅਤੇ ਨਾਲ ਹੀ ਸੰਯੁਕਤ ਰਾਸ਼ਟਰ ਦੇ ਅਹਾਤਿਆਂ ਦੀ ਅਖੰਡਤਾ ਦਾ ਸਤਿਕਾਰ ਕਰਨਾ ਅਤਿ ਜ਼ਰੂਰੀ ਹੈ। ਅਸੀਂ ਯੂਐੱਨਆਈਐੱਫਆਈਐੱਲ ਦੀਆਂ ਸਥਾਪਨਾਵਾਂ ਅਤੇ ਕਰਮਚਾਰੀਆਂ ‘ਤੇ ਹੋਏ ਸਾਰੇ ਹਮਲਿਆਂ ਦੀ ਨਿੰਦਾ ਕਰਦੇ ਹਾਂ ਅਤੇ ਜ਼ੋਰ ਦਿੰਦੇ ਹਾਂ ਕਿ ਅਜਿਹੇ ਹਮਲੇ ਕੌਮਾਂਤਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮਤੇ 1701 (2006) ਦੀ ਉਲੰਘਣਾ ਹਨ। ਅਸੀਂ ਯੂਐੱਨਆਈਐੱਫਆਈਐੱਲ ਤਹਿਤ ਸੇਵਾ ਨਿਭਾ ਰਹੇ ਚਾਰ ਇੰਡੋਨੇਸ਼ੀਆਈ ਅਤੇ ਹੋਰ ਸ਼ਾਂਤੀ ਰੱਖਿਅਕਾਂ ਦੇ ਜਾਨੀ ਨੁਕਸਾਨ ‘ਤੇ ਵੀ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਪ੍ਰਭਾਵਿਤ ਹੋਏ ਫੌਜ ਭੇਜਣ ਵਾਲੇ ਸਾਰੇ ਦੇਸ਼ਾਂ ਨਾਲ ਇਕਜੁੱਟਤਾ ਪ੍ਰਗਟ ਕਰਦੇ ਹਾਂ। ਅਸੀਂ ਉਨ੍ਹਾਂ ਘਟਨਾਵਾਂ ਦੀ ਨਿੰਦਾ ਕਰਦੇ ਹਾਂ ਜਿਨ੍ਹਾਂ ਕਾਰਨ ਇਹ ਮੌਤਾਂ ਹੋਈਆਂ ਅਤੇ ਦੁਹਰਾਉਂਦੇ ਹਾਂ ਕਿ ਯੂਐੱਨ ਸ਼ਾਂਤੀ ਰੱਖਿਅਕਾਂ ਦੀ ਸੁਰੱਖਿਆ ਅਤੇ ਬਚਾਅ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਅਸੀਂ ਲੈਬਨਾਨ ਦੀ ਸਰਕਾਰ ਦਾ ਸਮਰਥਨ ਕਰਨ ਅਤੇ ਸਿਆਸੀ ਹੱਲ ਲਈ ਜਗ੍ਹਾ ਬਣਾਉਣ ਵਿੱਚ ਯੂਐੱਨਆਈਐੱਫਆਈਐੱਲ ਦੀ ਭੂਮਿਕਾ ਅਤੇ ਅਧਿਕਾਰ ਦਾ ਸਤਿਕਾਰ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹਾਂ। ਇਸ ਸਬੰਧੀ ਅਸੀਂ ਇਨ੍ਹਾਂ ਹਮਲਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਉਣ ਦੀ ਅਪੀਲ ਕਰਦੇ ਹਾਂ, ਅਤੇ ਅੱਗੇ ਸਾਰੀਆਂ ਧਿਰਾਂ ਨੂੰ ਯੂਐੱਨਆਈਐੱਫਆਈਐੱਲ ਦੇ ਕਰਮਚਾਰੀਆਂ ਅਤੇ ਜਾਇਦਾਦਾਂ ਦੀ ਸੁਰੱਖਿਆ ਅਤੇ ਆਵਾਜਾਈ ਦੀ ਆਜ਼ਾਦੀ, ਅਤੇ ਸੰਯੁਕਤ ਰਾਸ਼ਟਰ ਦੇ ਅਹਾਤਿਆਂ ਦੀ ਪਵਿੱਤਰਤਾ ਦੀ ਗਾਰੰਟੀ ਦੇਣ ਦੀ ਅਪੀਲ ਕਰਦੇ ਹਾਂ।
37. ਅਸੀਂ ਸੂਡਾਨ ਵਿੱਚ ਵਿਗੜਦੀ ਸਥਿਤੀ, ਜਿਸ ਵਿੱਚ ਮਨੁੱਖੀ ਸੰਕਟ ਦਾ ਵਿਗੜਨਾ ਅਤੇ ਕੱਟੜਵਾਦ ਅਤੇ ਅੱਤਵਾਦ ਦੇ ਫੈਲਣ ਦਾ ਵੱਧ ਰਿਹਾ ਖਤਰਾ ਸ਼ਾਮਲ ਹੈ, ‘ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹਾਂ। ਅਸੀਂ ਇਸ ਸਬੰਧੀ ਆਪਣੇ ਪੱਖਾਂ ਨੂੰ ਦੁਹਰਾਉਂਦੇ ਹਾਂ ਅਤੇ ਤੁਰੰਤ, ਸਥਾਈ ਜੰਗਬੰਦੀ ਅਤੇ ਗੱਲਬਾਤ ਰਾਹੀਂ ਟਕਰਾਅ ਦੇ ਸ਼ਾਂਤੀਪੂਰਨ ਹੱਲ ਦੀ ਮੰਗ ਕਰਦੇ ਹਾਂ। ਅਸੀਂ ਸੂਡਾਨੀ ਆਬਾਦੀ ਲਈ ਮਨੁੱਖੀ ਸਹਾਇਤਾ ਦੀ ਨਿਰੰਤਰ, ਜ਼ਰੂਰੀ ਅਤੇ ਨਿਰਵਿਘਨ ਪਹੁੰਚ ਦੀ ਲੋੜ, ਅਤੇ ਸੂਡਾਨ ਅਤੇ ਗੁਆਂਢੀ ਦੇਸ਼ਾਂ ਲਈ ਮਨੁੱਖੀ ਸਹਾਇਤਾ ਨੂੰ ਵਧਾਉਣ ‘ਤੇ ਵੀ ਜ਼ੋਰ ਦਿੰਦੇ ਹਾਂ। ਅਸੀਂ ਦੁਹਰਾਉਂਦੇ ਹਾਂ ਕਿ ‘ਅਫਰੀਕੀ ਸਮੱਸਿਆਵਾਂ ਦਾ ਅਫਰੀਕੀ ਹੱਲ’ ਦਾ ਸਿਧਾਂਤ ਟਕਰਾਅ ਦੇ ਹੱਲ ਲਈ ਅਧਾਰ ਬਣਿਆ ਰਹਿਣਾ ਚਾਹੀਦਾ ਹੈ ਅਤੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਵਿਚਾਲੇ ਤਾਲਮੇਲ ਵਾਲੀ ਪਹੁੰਚ ਅਪਣਾਉਣ ਦਾ ਸੱਦਾ ਦਿੰਦੇ ਹਾਂ।
38. ਅਸੀਂ ਸੀਰੀਆ ਦੀ ਪ੍ਰਭੂਸੱਤਾ, ਸੁਤੰਤਰਤਾ, ਏਕਤਾ ਅਤੇ ਖੇਤਰੀ ਅਖੰਡਤਾ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ ਅਤੇ ਸਾਰੀਆਂ ਧਿਰਾਂ ਨੂੰ ਅਜਿਹੇ ਢੰਗ ਨਾਲ ਸ਼ਾਂਤੀਪੂਰਨ ਅਤੇ ਸ਼ਮੂਲੀਅਤ ਵਾਲੀ ਸਿਆਸੀ ਤਬਦੀਲੀ ਯਕੀਨੀ ਬਣਾਉਣ ਦੀ ਅਪੀਲ ਕਰਦੇ ਹਾਂ ਜੋ ਨਾਗਰਿਕ ਆਬਾਦੀ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਵੇ ਅਤੇ ਘੱਟ ਗਿਣਤੀਆਂ ਸਮੇਤ ਸੀਰੀਆਈ ਸਮਾਜ ਦੇ ਸਾਰੇ ਵਰਗਾਂ ਦੇ ਅਧਿਕਾਰਾਂ ਨੂੰ ਬਰਕਰਾਰ ਰੱਖੇ। ਅਸੀਂ ਕੌਮਾਂਤਰੀ ਭਾਈਚਾਰੇ ਨੂੰ ਸੀਰੀਆ ਦੇ ਪੁਨਰ-ਨਿਰਮਾਣ ਅਤੇ ਮੁੜ-ਵਸੇਬੇ ਵਿੱਚ ਸਹਾਇਤਾ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਅਸੀਂ ਯੂਐੱਨਐੱਸਸੀ ਮਤੇ 2254 (2015) ਦੇ ਸਿਧਾਂਤਾਂ ‘ਤੇ ਆਧਾਰਿਤ, ਵਿਦੇਸ਼ੀ ਦਖਲਅੰਦਾਜ਼ੀ ਤੋਂ ਮੁਕਤ, ਸੀਰੀਆ ਦੀ ਅਗਵਾਈ ਵਾਲੀ ਅਤੇ ਸੀਰੀਆ ਦੇ ਆਪਣੇ ਅਧਿਕਾਰ ਵਾਲੀ, ਯੂਐੱਨ ਵੱਲੋਂ ਸਹੂਲਤ ਪ੍ਰਾਪਤ ਰਾਜਨੀਤਕ ਪ੍ਰਕਿਰਿਆ, ਜਿਸ ਵਿੱਚ ਸੀਰੀਆਈ ਸਮਾਜ ਦੇ ਸਾਰੇ ਰਾਜਨੀਤਕ ਅਤੇ ਸਮਾਜਿਕ ਵਰਗਾਂ ਦੀ ਨੁਮਾਇੰਦਗੀ ਅਤੇ ਸੁਰੱਖਿਆ ਹੋਵੇ, ਲਈ ਕੋਸ਼ਿਸ਼ਾਂ ਪ੍ਰਤੀ ਆਪਣਾ ਨਿਰੰਤਰ ਸਮਰਥਨ ਜਤਾਉਂਦੇ ਹਾਂ। ਅਸੀਂ ਵਿਦੇਸ਼ੀ ਅੱਤਵਾਦੀ ਲੜਾਕਿਆਂ ਦੇ ਮੁੱਦੇ ਨੂੰ ਹੱਲ ਕਰਨ ਦੀ ਤੁਰੰਤ ਲੋੜ ‘ਤੇ ਚਾਨਣਾ ਪਾਉਂਦੇ ਹਾਂ ਕਿਉਂਕਿ ਉਨ੍ਹਾਂ ਤੋਂ ਸੀਰੀਆ ਅਤੇ ਖੇਤਰੀ ਸਥਿਰਤਾ ਅਤੇ ਸੁਰੱਖਿਆ ਲਈ ਗੰਭੀਰ ਖਤਰਾ ਹੈ। ਅਸੀਂ ਸੀਰੀਆ ਨੂੰ ਹਰ ਤਰ੍ਹਾਂ ਦੇ ਅੱਤਵਾਦ ਅਤੇ ਕੱਟੜਵਾਦ ਦਾ ਸਖ਼ਤ ਵਿਰੋਧ ਕਰਨ ਅਤੇ ਅੱਤਵਾਦ ਬਾਰੇ ਕੌਮਾਂਤਰੀ ਭਾਈਚਾਰੇ ਦੀਆਂ ਚਿੰਤਾਵਾਂ ਦਾ ਜਵਾਬ ਦੇਣ ਲਈ ਠੋਸ ਕਾਰਵਾਈਆਂ ਕਰਨ ਦੀ ਅਪੀਲ ਕਰਦੇ ਹਾਂ। ਅਸੀਂ ਸੀਰੀਆ ਵਿੱਚੋਂ ਕਾਬਜ਼ ਫੌਜਾਂ ਦੀ ਵਾਪਸੀ ਦੀ ਲੋੜ ਦੀ ਵੀ ਮੁੜ ਪੁਸ਼ਟੀ ਕਰਦੇ ਹਾਂ।
39. ਅਸੀਂ ਦੁਨੀਆ ਭਰ ਵਿੱਚ ਮਨੁੱਖੀ ਸੰਕਟਾਂ ਨਾਲ ਨਜਿੱਠਣ ਲਈ ਬਹੁ-ਪੱਖੀ ਸਹਿਯੋਗ ਨੂੰ ਮਜ਼ਬੂਤ ਕਰਨ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ ਅਤੇ ਕੌਮਾਂਤਰੀ ਪ੍ਰਤੀਕਿਰਿਆਵਾਂ ਵਿੱਚ ਆ ਰਹੀ ਕਮੀ, ਜਿਸ ਵਿੱਚ ਮਨੁੱਖੀ ਕਾਰਜਾਂ ਲਈ ਨਿਰਧਾਰਤ ਫੰਡਾਂ ਵਿੱਚ ਭਾਰੀ ਕਮੀ ਸ਼ਾਮਲ ਹੈ, ‘ਤੇ ਚਿੰਤਾ ਪ੍ਰਗਟ ਕਰਦੇ ਹਾਂ। ਅਸੀਂ ਇਸ ਉਦੇਸ਼ ਲਈ ਲੋੜੀਂਦੇ ਸਰੋਤਾਂ ਨੂੰ ਤੁਰੰਤ ਜੁਟਾਉਣ ਅਤੇ ਵੱਖ-ਵੱਖ ਖੇਤਰੀ ਅਤੇ ਕੌਮਾਂਤਰੀ ਪੱਧਰਾਂ ‘ਤੇ ਸਾਂਝੇ ਯਤਨਾਂ ਨੂੰ ਬਿਹਤਰ ਬਣਾਉਣ ਦੀ ਮੰਗ ਕਰਦੇ ਹਾਂ, ਅਤੇ ਨਾਲ ਹੀ ਸੰਯੁਕਤ ਰਾਸ਼ਟਰ ਵੱਲੋਂ ਨਿਭਾਈ ਜਾ ਰਹੀ ਕੇਂਦਰੀ ਭੂਮਿਕਾ ਦੀ ਪੁਸ਼ਟੀ ਕਰਦੇ ਹਾਂ। ਅਸੀਂ ਕੌਮਾਂਤਰੀ ਮਾਨਵਤਾਵਾਦੀ ਕਾਨੂੰਨ ਦੀਆਂ ਸਾਰੀਆਂ ਉਲੰਘਣਾਵਾਂ ਦੀ ਸਖ਼ਤ ਨਿੰਦਾ ਕਰਦੇ ਹਾਂ, ਜਿਸ ਵਿੱਚ ਨਾਗਰਿਕਾਂ ਅਤੇ ਨਾਗਰਿਕ ਬੁਨਿਆਦੀ ਢਾਂਚੇ ‘ਤੇ ਜਾਣਬੁੱਝ ਕੇ ਕੀਤੇ ਗਏ ਹਮਲਿਆਂ ਦੇ ਨਾਲ-ਨਾਲ ਮਨੁੱਖੀ ਸਹਾਇਤਾ ਤੱਕ ਪਹੁੰਚ ਤੋਂ ਇਨਕਾਰ ਕਰਨਾ ਜਾਂ ਰੁਕਾਵਟ ਪਾਉਣਾ ਅਤੇ ਮਨੁੱਖੀ ਸਹਾਇਤਾ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਉਣਾ ਸ਼ਾਮਲ ਹੈ। ਅਸੀਂ ਕੌਮਾਂਤਰੀ ਮਾਨਵਤਾਵਾਦੀ ਕਾਨੂੰਨ ਦੀਆਂ ਸਾਰੀਆਂ ਉਲੰਘਣਾਵਾਂ ਲਈ ਜਵਾਬਦੇਹੀ ਤੈਅ ਕਰਨ ਦੀ ਲੋੜ ‘ਤੇ ਜ਼ੋਰ ਦਿੰਦੇ ਹਾਂ। ਅਸੀਂ ਕੌਮਾਂਤਰੀ ਮਨੁੱਖਤਾਵਾਦੀ ਕਾਨੂੰਨ ਦੇ ਸਤਿਕਾਰ, ਪਾਲਣਾ ਅਤੇ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਉਤਸ਼ਾਹਿਤ ਕਰਨ ਲਈ ਬ੍ਰਿਕਸ ਮੈਂਬਰਾਂ ਵੱਲੋਂ ਕੀਤੇ ਗਏ ਕੌਮਾਂਤਰੀ ਯਤਨਾਂ ਨੂੰ ਮਾਨਤਾ ਦਿੰਦੇ ਹਾਂ।
40. ਅਸੀਂ ਅੱਤਵਾਦ ਦੀ ਕਿਸੇ ਵੀ ਕਾਰਵਾਈ ਦੀ ਅਪਰਾਧਿਕ ਅਤੇ ਨਾਜਾਇਜ਼ ਕਰਾਰ ਦਿੰਦਿਆਂ ਸਖ਼ਤ ਨਿੰਦਾ ਕਰਦੇ ਹਾਂ, ਭਾਵੇਂ ਇਸ ਦੀ ਪ੍ਰੇਰਣਾ ਕੁਝ ਵੀ ਹੋਵੇ, ਅਤੇ ਇਹ ਕਦੇ ਵੀ, ਕਿਤੇ ਵੀ ਅਤੇ ਕਿਸੇ ਵੱਲੋਂ ਵੀ ਕੀਤੇ ਗਏ ਹੋਣ। ਅਸੀਂ 22 ਅਪ੍ਰੈਲ 2025 ਨੂੰ ਜੰਮੂ ਅਤੇ ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ, ਜਿਸ ਵਿੱਚ 26 ਲੋਕ ਮਾਰੇ ਗਏ ਸਨ ਅਤੇ ਕਈ ਹੋਰ ਜ਼ਖਮੀ ਹੋਏ ਸਨ, ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ। ਅਸੀਂ ਅੱਤਵਾਦ ਨੂੰ ਇਸ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਵਿੱਚ ਮੁਕਾਬਲਾ ਕਰਨ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ, ਜਿਸ ਵਿੱਚ ਅੱਤਵਾਦੀਆਂ ਦੀ ਸਰਹੱਦ ਪਾਰ ਆਵਾਜਾਈ, ਅੱਤਵਾਦ ਲਈ ਫੰਡਿੰਗ ਅਤੇ ਸੁਰੱਖਿਅਤ ਟਿਕਾਣੇ ਸ਼ਾਮਲ ਹਨ। ਅਸੀਂ ਦੁਹਰਾਉਂਦੇ ਹਾਂ ਕਿ ਅੱਤਵਾਦ ਨੂੰ ਕਿਸੇ ਵੀ ਧਰਮ, ਰਾਸ਼ਟਰੀਅਤ, ਸਭਿਅਤਾ ਜਾਂ ਨਸਲੀ ਸਮੂਹ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਅਤੇ ਅੱਤਵਾਦੀ ਗਤੀਵਿਧੀਆਂ ਅਤੇ ਉਨ੍ਹਾਂ ਦੇ ਸਮਰਥਨ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਸਬੰਧਤ ਰਾਸ਼ਟਰੀ ਅਤੇ ਕੌਮਾਂਤਰੀ ਕਾਨੂੰਨ ਅਨੁਸਾਰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ ਅਤੇ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ। ਅਸੀਂ ਅੱਤਵਾਦ ਪ੍ਰਤੀ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਨੀਤੀ ਯਕੀਨੀ ਬਣਾਉਣ ਦੀ ਅਪੀਲ ਕਰਦੇ ਹਾਂ ਅਤੇ ਅੱਤਵਾਦ ਦਾ ਮੁਕਾਬਲਾ ਕਰਨ ਵਿੱਚ ਦੋਹਰੇ ਮਾਪਦੰਡਾਂ ਨੂੰ ਰੱਦ ਕਰਦੇ ਹਾਂ। ਅਸੀਂ ਅੱਤਵਾਦ ਦਾ ਮੁਕਾਬਲਾ ਕਰਨ ਵਿੱਚ ਦੇਸ਼ਾਂ ਦੀ ਮੁਢਲੀ ਜ਼ਿੰਮੇਵਾਰੀ ‘ਤੇ ਜ਼ੋਰ ਦਿੰਦੇ ਹਾਂ ਅਤੇ ਇਹ ਕਿ ਅੱਤਵਾਦੀ ਖਤਰਿਆਂ ਨੂੰ ਰੋਕਣ ਅਤੇ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਆਲਮੀ ਯਤਨਾਂ ਨੂੰ ਕੌਮਾਂਤਰੀ ਕਾਨੂੰਨ, ਜਿਸ ਵਿੱਚ ਯੂਐੱਨ ਚਾਰਟਰ, ਖਾਸ ਕਰਕੇ ਇਸ ਦੇ ਉਦੇਸ਼ ਅਤੇ ਸਿਧਾਂਤ, ਅਤੇ ਸਬੰਧਤ ਕੌਮਾਂਤਰੀ ਕਨਵੈਨਸ਼ਨਾਂ ਅਤੇ ਪ੍ਰੋਟੋਕੋਲ, ਖਾਸ ਕਰਕੇ ਲਾਗੂ ਹੋਣ ਵਾਲੇ ਕੌਮਾਂਤਰੀ ਮਨੁੱਖੀ ਅਧਿਕਾਰ ਕਾਨੂੰਨ, ਕੌਮਾਂਤਰੀ ਸ਼ਰਨਾਰਥੀ ਕਾਨੂੰਨ ਅਤੇ ਕੌਮਾਂਤਰੀ ਮਾਨਵਤਾਵਾਦੀ ਕਾਨੂੰਨ ਸ਼ਾਮਲ ਹਨ, ਦੇ ਤਹਿਤ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ। ਅਸੀਂ ਬ੍ਰਿਕਸ ਕਾਊਂਟਰ-ਟੈਰਰਿਜ਼ਮ ਰਣਨੀਤੀ, ਬ੍ਰਿਕਸ ਕਾਊਂਟਰ-ਟੈਰਰਿਜ਼ਮ ਐਕਸ਼ਨ ਪਲਾਨ ਅਤੇ ਸੀਟੀਡਬਲਿਊਜੀ ਪੋਜ਼ੀਸ਼ਨ ਪੇਪਰ ‘ਤੇ ਆਧਾਰਿਤ ਬ੍ਰਿਕਸ ਕਾਊਂਟਰ-ਟੈਰਰਿਜ਼ਮ ਵਰਕਿੰਗ ਗਰੁੱਪ (ਸੀਟੀਡਬਲਿਊਜੀ) ਅਤੇ ਇਸ ਦੇ ਪੰਜ ਉਪ-ਸਮੂਹਾਂ ਦੀਆਂ ਗਤੀਵਿਧੀਆਂ ਦਾ ਸਵਾਗਤ ਕਰਦੇ ਹਾਂ। ਅਸੀਂ ਅੱਤਵਾਦ ਵਿਰੋਧੀ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੀ ਆਸ ਕਰਦੇ ਹਾਂ। ਅਸੀਂ ਸੰਯੁਕਤ ਰਾਸ਼ਟਰ ਦੇ ਢਾਂਚੇ ਵਿੱਚ ਕੌਮਾਂਤਰੀ ਅੱਤਵਾਦ ਬਾਰੇ ਵਿਆਪਕ ਕਨਵੈਨਸ਼ਨ ਨੂੰ ਛੇਤੀ ਮੁਕੰਮਲ ਕਰਨ ਅਤੇ ਅਪਣਾਉਣ ਦੀ ਮੰਗ ਕਰਦੇ ਹਾਂ। ਅਸੀਂ ਯੂਐੱਨ ਵੱਲੋਂ ਨਾਮਜ਼ਦ ਅੱਤਵਾਦੀਆਂ ਅਤੇ ਅੱਤਵਾਦੀ ਸੰਸਥਾਵਾਂ ਵਿਰੁੱਧ ਸਾਂਝੀ ਕਾਰਵਾਈ ਦੀ ਮੰਗ ਕਰਦੇ ਹਾਂ।
41. ਅਸੀਂ ਖਾਸ ਕਰਕੇ ਨੌਜਵਾਨ ਪੀੜ੍ਹੀਆਂ ਵਿੱਚ ਕੱਟੜਵਾਦ ਅਤੇ ਅੱਤਵਾਦੀ ਵਿਚਾਰਧਾਰਾ ਦਾ ਮੁਕਾਬਲਾ ਕਰਨ ਦੀ ਮਹੱਤਤਾ ‘ਤੇ ਵੀ ਜ਼ੋਰ ਦਿੰਦੇ ਹਾਂ ਅਤੇ ਬ੍ਰਿਕਸ ਦੇਸ਼ਾਂ ਅਤੇ ਉਨ੍ਹਾਂ ਦੇ ਸਮਰੱਥ ਅਧਿਕਾਰੀਆਂ ਵਿਚਕਾਰ, ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਸਮੇਤ, ਸਹਿਯੋਗ ਵਧਾਉਣ ਦੀ ਲੋੜ ‘ਤੇ ਹੋਰ ਜ਼ੋਰ ਦਿੰਦੇ ਹਾਂ।
42. ਅਸੀਂ ਗੈਰ-ਕਾਨੂੰਨੀ ਵਿੱਤੀ ਪ੍ਰਵਾਹਾਂ ਬਾਰੇ ਆਪਣੀਆਂ ਚਿੰਤਾਵਾਂ ਪ੍ਰਗਟ ਕਰਦੇ ਹਾਂ ਜਿਨ੍ਹਾਂ ਵਿੱਚ ਅੱਤਵਾਦ ਲਈ ਫੰਡਿੰਗ, ਹਥਿਆਰਾਂ ਦੀ ਤਸਕਰੀ, ਮਨੁੱਖੀ ਤਸਕਰੀ, ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਦੀ ਕਮਾਈ ਨੂੰ ਸਫੈਦ ਕਰਨਾ (ਮਨੀ ਲਾਂਡਰਿੰਗ), ਅਪਰਾਧਿਕ ਉਦੇਸ਼ਾਂ ਲਈ ਆਈਸੀਟੀ ਦੀ ਵਰਤੋਂ, ਗੈਰ-ਕਾਨੂੰਨੀ ਵਰਚੁਅਲ ਸੰਪਤੀ ਦਾ ਪ੍ਰਵਾਹ, ਭ੍ਰਿਸ਼ਟਾਚਾਰ ਅਤੇ ਸਬੰਧਤ ਗੈਰ-ਕਾਨੂੰਨੀ ਗਤੀਵਿਧੀਆਂ, ਸੰਗਠਿਤ ਅਪਰਾਧਾਂ ਰਾਹੀਂ ਵਿੱਤੀ ਧੋਖਾਧੜੀ ਅਤੇ ਘਰੇਲੂ ਰੈਗੂਲੇਟਰੀ ਢਾਂਚਿਆਂ ਦੀ ਉਲੰਘਣਾ ਸ਼ਾਮਲ ਹੈ, ਜਿਨ੍ਹਾਂ ਦਾ ਆਰਥਿਕ ਸਥਿਰਤਾ, ਟਿਕਾਊ ਵਿਕਾਸ ਅਤੇ ਕੌਮਾਂਤਰੀ ਵਿੱਤੀ ਪ੍ਰਣਾਲੀ ਅਤੇ ਸੰਗਠਿਤ ਅਪਰਾਧ ਦੀ ਅਖੰਡਤਾ ‘ਤੇ ਮਾੜਾ ਪ੍ਰਭਾਵ ਪੈਂਦਾ ਹੈ। ਅਸੀਂ ਅੱਤਵਾਦ ਲਈ ਫੰਡਿੰਗ ਬਾਰੇ ਵੀ ਚਿੰਤਾ ਪ੍ਰਗਟ ਕਰਦੇ ਹਾਂ। ਅਸੀਂ ਮੰਨਦੇ ਹਾਂ ਕਿ ਇਹ ਗਤੀਵਿਧੀਆਂ, ਜਿਨ੍ਹਾਂ ਵਿੱਚ ਵਰਚੁਅਲ ਸੰਪਤੀਆਂ ਦੀ ਗੈਰ-ਕਾਨੂੰਨੀ ਵਰਤੋਂ ਅਤੇ ਘਰੇਲੂ ਰੈਗੂਲੇਟਰੀ ਢਾਂਚਿਆਂ ਦੀਆਂ ਉਲੰਘਣਾਵਾਂ ਸ਼ਾਮਲ ਹਨ, ਆਰਥਿਕ ਸਥਿਰਤਾ, ਟਿਕਾਊ ਵਿਕਾਸ ਅਤੇ ਕੌਮਾਂਤਰੀ ਵਿੱਤੀ ਪ੍ਰਣਾਲੀ ਦੀ ਅਖੰਡਤਾ ‘ਤੇ ਮਾੜਾ ਪ੍ਰਭਾਵ ਪਾ ਸਕਦੀਆਂ ਹਨ। ਅਸੀਂ ਸੰਗਠਿਤ ਘੁਟਾਲੇਬਾਜ਼ ਨੈੱਟਵਰਕਾਂ ਦੇ ਪਸਾਰ ‘ਤੇ ਗੰਭੀਰ ਚਿੰਤਾਵਾਂ ਪ੍ਰਗਟ ਕਰਦੇ ਹਾਂ, ਜਿਨ੍ਹਾਂ ਵਿੱਚ ਸਰਹੱਦ ਪਾਰ ਧੋਖਾਧੜੀ ਦੇ ਕੰਮ ਅਤੇ ਅਖੌਤੀ ਸਕੈਮ ਕੰਪਾਊਂਡ ਸ਼ਾਮਲ ਹਨ, ਜੋ ਡਿਜੀਟਲ ਤਕਨੀਕਾਂ, ਭੁਗਤਾਨ ਪ੍ਰਣਾਲੀਆਂ ਅਤੇ ਕਮਜ਼ੋਰ ਸਥਿਤੀਆਂ ਵਿੱਚ ਫਸੇ ਵਿਅਕਤੀਆਂ ਦਾ ਸ਼ੋਸ਼ਣ ਕਰਦੇ ਹਨ। ਅਸੀਂ ਇਨ੍ਹਾਂ ਗੈਰ-ਕਾਨੂੰਨੀ ਨੈੱਟਵਰਕਾਂ ਨੂੰ ਖਤਮ ਕਰਨ, ਅਪਰਾਧਿਕ ਕਮਾਈ ਦਾ ਪਤਾ ਲਗਾਉਣ ਅਤੇ ਬਰਾਮਦ ਕਰਨ, ਪੀੜਤਾਂ ਦੀ ਰੱਖਿਆ ਕਰਨ, ਅਤੇ ਵੱਡੇ ਪੱਧਰ ‘ਤੇ ਧੋਖਾਧੜੀ ਲਈ ਵਿੱਤੀ ਸੰਸਥਾਵਾਂ ਅਤੇ ਉੱਭਰ ਰਹੇ ਭੁਗਤਾਨ ਤਰੀਕਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਤਾਲਮੇਲ ਵਾਲੀ ਕੌਮਾਂਤਰੀ ਕਾਰਵਾਈ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹਾਂ। ਅਸੀਂ ਕਸਟਮ ਅਧਿਕਾਰੀਆਂ, ਵਿੱਤੀ ਖੁਫੀਆ ਇਕਾਈਆਂ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਟੈਕਸ ਅਧਿਕਾਰੀਆਂ ਅਤੇ ਸੁਪਰਵਾਈਜ਼ਰੀ ਸੰਸਥਾਵਾਂ ਵਿਚਾਲੇ ਸਰਹੱਦ ਪਾਰ ਸਹਿਯੋਗ ਵਧਾਉਣ ਦੀ ਲੋੜ ‘ਤੇ ਹੋਰ ਜ਼ੋਰ ਦਿੰਦੇ ਹਾਂ। ਇਸ ਵਿੱਚ ਬ੍ਰਿਕਸ ਵਿੱਚ ਅਪਣਾਏ ਗਏ ਦਸਤਾਵੇਜ਼ਾਂ ਦੇ ਅਧਾਰ ‘ਤੇ ਸਬੰਧਤ ਮੌਜੂਦਾ ਬ੍ਰਿਕਸ ਵਰਕਿੰਗ ਗਰੁੱਪਾਂ ਦੇ ਨਾਲ-ਨਾਲ ਉਨ੍ਹਾਂ ਸਬੰਧਤ ਕੌਮਾਂਤਰੀ ਕਾਨੂੰਨੀ ਸਾਧਨਾਂ, ਜਿਨ੍ਹਾਂ ਦੇ ਬ੍ਰਿਕਸ ਦੇਸ਼ ਭਾਈਵਾਲ ਹਨ, ਦੂਰਸੰਚਾਰ ਕੰਪਨੀਆਂ ਅਤੇ ਤਕਨਾਲੋਜੀ ਪਲੇਟਫਾਰਮਾਂ ਰਾਹੀਂ ਸਹਿਯੋਗ ਸ਼ਾਮਲ ਹੈ। ਇਹ ਸਹਿਯੋਗ ਜਾਣਕਾਰੀ ਸਾਂਝੀ ਕਰਨ ਵਿੱਚ ਸੁਧਾਰ, ਜੋਖਮ-ਅਧਾਰਿਤ ਪਹੁੰਚ, ਡੇਟਾ ਵਿਸ਼ਲੇਸ਼ਣ ਦੀ ਵਰਤੋਂ ਅਤੇ ਸਮਰੱਥਾ-ਨਿਰਮਾਣ ਰਾਹੀਂ ਵਸਤੂਆਂ ਅਤੇ ਸੇਵਾਵਾਂ ਦੋਵਾਂ ਨੂੰ ਸ਼ਾਮਲ ਕਰਨ ਵਾਲੀਆਂ ਮਨੀ ਲਾਂਡਰਿੰਗ ਯੋਜਨਾਵਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਪਛਾਣ ਕਰਨ, ਪਤਾ ਲਾਉਣ ਅਤੇ ਨਸ਼ਟ ਕਰਨ ਲਈ ਹੋਵੇਗਾ, ਜਿਸ ਵਿੱਚ ਇਨਵੌਇਸਿੰਗ (ਬਿੱਲ ਬਣਾਉਣ ਦੇ) ਅਭਿਆਸਾਂ, ਪੇਸ਼ੇਵਰ ਸੇਵਾਵਾਂ ਅਤੇ ਸਰਹੱਦ ਪਾਰ ਇਕਰਾਰਨਾਮੇ ਵਾਲੇ ਪ੍ਰਬੰਧਾਂ ਦੀ ਦੁਰਵਰਤੋਂ ਦਾ ਸ਼ੋਸ਼ਣ ਕਰਨ ਵਾਲੇ ਵੀ ਸ਼ਾਮਲ ਹਨ। ਅਸੀਂ ਸਰਹੱਦ ਪਾਰ ਭੁਗਤਾਨ ਪ੍ਰਣਾਲੀਆਂ ਵਿੱਚ ਧੋਖਾਧੜੀ ਦੀ ਰੋਕਥਾਮ ਸਮੇਤ ਡਿਜੀਟਲ ਵਿੱਤੀ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਵਧੇ ਹੋਏ ਸਹਿਯੋਗ ਨੂੰ ਉਤਸ਼ਾਹਿਤ ਕਰਦੇ ਹਾਂ।
43. ਅਸੀਂ ਭ੍ਰਿਸ਼ਟਾਚਾਰ ਨੂੰ ਰੋਕਣ ਅਤੇ ਇਸ ਦਾ ਮੁਕਾਬਲਾ ਕਰਨ ਵਿੱਚ ਬ੍ਰਿਕਸ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਇਸ ਸਬੰਧੀ ਸਬੰਧਤ ਕੌਮਾਂਤਰੀ ਸਮਝੌਤਿਆਂ, ਖਾਸ ਕਰਕੇ ਭ੍ਰਿਸ਼ਟਾਚਾਰ ਵਿਰੁੱਧ ਸੰਯੁਕਤ ਰਾਸ਼ਟਰ ਕਨਵੈਨਸ਼ਨ ਨੂੰ ਨਿਰੰਤਰ ਲਾਗੂ ਕਰਨ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ। ਇਸ ਸੰਦਰਭ ਵਿੱਚ ਅਸੀਂ ਸੰਪਤੀ ਦੀ ਬਰਾਮਦਗੀ ਅਤੇ ਸਰਹੱਦ ਪਾਰ ਭ੍ਰਿਸ਼ਟਾਚਾਰ ਦਾ ਮੁਕਾਬਲਾ ਕਰਨ ‘ਤੇ ਕੌਮਾਂਤਰੀ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ ਬ੍ਰਿਕਸ ਐਂਟੀ-ਕਰੱਪਸ਼ਨ ਵਰਕਿੰਗ ਗਰੁੱਪ ਅਧੀਨ ਪ੍ਰਾਪਤ ਕੀਤੀ ਪ੍ਰਗਤੀ ਨੂੰ ਮਾਨਤਾ ਦਿੰਦੇ ਹਾਂ। ਅਸੀਂ ਫੋਕਲ ਪੁਆਇੰਟਾਂ ਅਤੇ ਮਾਹਰਾਂ ਵਿਚਕਾਰ ਸਹਿਯੋਗ ਵਧਾਉਣ ਲਈ ‘ਬ੍ਰਿਕਸ ਐਕਸਪਰਟ ਨੈੱਟਵਰਕ ਆਨ ਐਸੇਟ ਰਿਕਵਰੀ’ ਦੀ ਸਥਾਪਨਾ ਦਾ ਸਵਾਗਤ ਕਰਦੇ ਹਾਂ ਅਤੇ ਸਮਰੱਥ ਅਧਿਕਾਰੀਆਂ ਨੂੰ ਨੈੱਟਵਰਕ ਵੱਲੋਂ ਵਿਕਸਤ ਕੀਤੇ ਗਏ ਵਿਹਾਰਕ ਸਾਧਨਾਂ ਦੀ ਸਰਗਰਮ ਅਤੇ ਪ੍ਰਭਾਵਸ਼ਾਲੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਅਸੀਂ ‘ਬ੍ਰਿਕਸ ਰਿਪਾਜ਼ਿਟਰੀ ਆਨ ਇਨਫਾਰਮਲ ਕੋਆਪ੍ਰੇਸ਼ਨ ਫਾਰ ਟ੍ਰੇਸਿੰਗ ਫਿਊਜਿਟਿਵ ਓਫੈਂਡਰਜ਼ ਸੌਟ ਫਾਰ ਕਰੱਪਸ਼ਨ ਐਂਡ ਸਪੋਰਟਿੰਗ ਐਕਸਟ੍ਰਾਡੀਸ਼ਨ’ ਦਾ ਵੀ ਸਵਾਗਤ ਕਰਦੇ ਹਾਂ। ਅਸੀਂ ਆਪਣੇ ਸਬੰਧਤ ਘਰੇਲੂ ਕਾਨੂੰਨੀ ਢਾਂਚੇ ਦੇ ਅਨੁਸਾਰ, ਭਗੌੜੇ ਅਪਰਾਧੀਆਂ ‘ਤੇ ਕੌਮਾਂਤਰੀ ਸਹਿਯੋਗ ਵਧਾਉਣ ਲਈ ‘ਲਾਅ ਇਨਫੋਰਸਮੈਂਟ ਪ੍ਰੈਕਟੀਸ਼ਨਰਜ਼’ ਦਾ ਨੈੱਟਵਰਕ ਵਿਕਸਤ ਕਰਨ ਦੀ ਤਜਵੀਜ਼ ‘ਤੇ ਚੱਲ ਰਹੀ ਚਰਚਾ ਨੂੰ ਮਾਨਤਾ ਦਿੰਦੇ ਹਾਂ। ਅਸੀਂ ਸ਼ਾਸਨ ਵਿੱਚ ਪਾਰਦਰਸ਼ਤਾ, ਅਖੰਡਤਾ ਅਤੇ ਜਵਾਬਦੇਹੀ ਨੂੰ ਉਤਸ਼ਾਹਿਤ ਕਰਨ ਅਤੇ ਨੈਤਿਕ ਸ਼ਾਸਨ ਅਤੇ ਤਕਨਾਲੋਜੀ-ਆਧਾਰਿਤ ਪ੍ਰਣਾਲੀਆਂ ਨਾਲ ਸਬੰਧਤ ਚੰਗੇ ਅਭਿਆਸਾਂ ਦੇ ਆਦਾਨ-ਪ੍ਰਦਾਨ ਦੇ ਉਦੇਸ਼ ਨਾਲ ਬ੍ਰਿਕਸ ਦੇਸ਼ਾਂ ਦੀਆਂ ਪਹਿਲਕਦਮੀਆਂ ਨੂੰ ਵੀ ਮਾਨਤਾ ਦਿੰਦੇ ਹਾਂ। ਅਸੀਂ ਭ੍ਰਿਸ਼ਟਾਚਾਰ ਵਿਰੋਧੀ ਢਾਂਚੇ ਅਤੇ ਸੰਸਥਾਗਤ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਬ੍ਰਿਕਸ ਦੇਸ਼ਾਂ ਵਿਚਕਾਰ ਨਿਰੰਤਰ ਸਹਿਯੋਗ ਨੂੰ ਉਤਸ਼ਾਹਿਤ ਕਰਦੇ ਹਾਂ। ਅਸੀਂ ਭ੍ਰਿਸ਼ਟਾਚਾਰ ਦਾ ਮੁਕਾਬਲਾ ਕਰਨ ਵਿੱਚ ਅਪਰਾਧਿਕ ਸੰਪਤੀ ਦੀ ਪ੍ਰਭਾਵਸ਼ਾਲੀ ਬਰਾਮਦਗੀ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹਾਂ ਅਤੇ ਯੂਐੱਨਸੀਏਸੀ ਅਤੇ ਘਰੇਲੂ ਕਾਨੂੰਨਾਂ ਦੇ ਅਨੁਸਾਰ ਸੰਪਤੀਆਂ ਦੀ ਬਰਾਮਦਗੀ ਅਤੇ ਵਾਪਸੀ ਦੀ ਸਹੂਲਤ ਦੇ ਉਦੇਸ਼ ਨਾਲ ਬ੍ਰਿਕਸ ਦੇਸ਼ਾਂ ਨੂੰ ਸੰਪਤੀ ਦਾ ਪਤਾ ਲਗਾਉਣ ਵਾਲੇ ਨੈੱਟਵਰਕਾਂ ਅਤੇ ਹੋਰ ਵਿਹਾਰਕ ਵਿਧੀਆਂ ਰਾਹੀਂ ਸਹਿਯੋਗ ਮਜ਼ਬੂਤ ਕਰਨ ਲਈ ਉਤਸ਼ਾਹਿਤ ਕਰਦੇ ਹਾਂ।
44. ਅਸੀਂ ਦੁਨੀਆ ਭਰ ਵਿੱਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਉਤਪਾਦਨ, ਤਸਕਰੀ ਅਤੇ ਦੁਰਵਰਤੋਂ ਦੀ ਸਥਿਤੀ ਬਾਰੇ ਚਿੰਤਾ ਪ੍ਰਗਟ ਕਰਦੇ ਹਾਂ, ਅਤੇ ਇਹ ਮੰਨਦੇ ਹਾਂ ਕਿ ਇਹ ਜਨਤਕ ਸੁਰੱਖਿਆ, ਮਨੁੱਖਾਂ ਦੀ ਸਿਹਤ ਸੁਰੱਖਿਆ ਅਤੇ ਭਲਾਈ ਲਈ ਗੰਭੀਰ ਖਤਰਾ ਪੈਦਾ ਕਰਦਾ ਹੈ ਅਤੇ ਦੇਸ਼ਾਂ ਦੇ ਟਿਕਾਊ ਵਿਕਾਸ ਨੂੰ ਕਮਜ਼ੋਰ ਕਰਦਾ ਹੈ। ਇਸ ਸਬੰਧੀ ਅਸੀਂ ਬ੍ਰਿਕਸ ਦੇ ਨਸ਼ਾ ਰੋਕੂ ਏਜੰਸੀਆਂ ਦੇ ਮੁਖੀਆਂ ਵੱਲੋਂ ਜਾਰੀ ਕੀਤੇ ਗਏ ਗੁਹਾਟੀ ਐਲਾਨਨਾਮੇ ਦਾ ਸਵਾਗਤ ਕਰਦੇ ਹਾਂ ਜੋ ਬ੍ਰਿਕਸ ਨਸ਼ਾ ਰੋਕੂ ਏਜੰਸੀਆਂ ਵਿਚਾਲੇ ਕਾਰਜਸ਼ੀਲ ਅਤੇ ਤਕਨੀਕੀ ਸਹਿਯੋਗ ਦੀ ਸਹੂਲਤ ਦੇਵੇਗਾ।
45. ਅਸੀਂ ਆਲਮੀ ਚੁਣੌਤੀਆਂ ਨਾਲ ਨਜਿੱਠਣ ਅਤੇ ਸਮਾਜਿਕ-ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪੁਲਾੜ ਤਕਨਾਲੋਜੀ ਦੀ ਵਰਤੋਂ ਕਰਨ ਵਿੱਚ ‘ਬ੍ਰਿਕਸ ਰਿਮੋਟ ਸੈਂਸਿੰਗ ਸੈਟੇਲਾਈਟ ਕੰਸਟੈਲੇਸ਼ਨ’ (ਆਰਐੱਸਐੱਸਸੀ) ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦੇ ਹਾਂ। ਅਸੀਂ ਬਾਹਰੀ ਪੁਲਾੜ ਦੀ ਸ਼ਾਂਤੀਪੂਰਨ ਖੋਜ ਅਤੇ ਵਰਤੋਂ ਵਿੱਚ ਕੌਮਾਂਤਰੀ ਸਹਿਯੋਗ ਦੀ ਮਹੱਤਤਾ ਨੂੰ ਮਾਨਤਾ ਦਿੰਦੇ ਹਾਂ, ਜਿਸ ਵਿੱਚ ਪੁਲਾੜ ਪ੍ਰਣਾਲੀਆਂ ਦੀ ਸ਼ਾਂਤੀਪੂਰਨ ਵਰਤੋਂ ਸ਼ਾਮਲ ਹੈ, ਅਤੇ ਬ੍ਰਿਕਸ ਦੇਸ਼ਾਂ ਵਿਚਕਾਰ ਪੁਲਾੜ ਸਮਰੱਥਾਵਾਂ ਵਿੱਚ ਮੌਜੂਦ ਅਸਮਾਨਤਾਵਾਂ ਘਟਾਉਣ ਲਈ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਉਂਦੇ ਹਾਂ। ਅਸੀਂ ਬੈਂਗਲੁਰੂ ਵਿੱਚ ਹੋਈ ਬ੍ਰਿਕਸ ਪੁਲਾੜ ਏਜੰਸੀਆਂ ਦੇ ਮੁਖੀਆਂ ਦੀ ਮੀਟਿੰਗ ਵਿੱਚ ਹੋਈ ਚਰਚਾ ਦਾ ਸਵਾਗਤ ਕਰਦੇ ਹਾਂ ਜਿਸ ਵਿੱਚ ਬਾਹਰੀ ਪੁਲਾੜ ਦੀਆਂ ਗਤੀਵਿਧੀਆਂ ਦੇ ਲੰਬੇ ਸਮੇਂ ਦੇ ਟਿਕਾਊਪਣ ਨੂੰ ਯਕੀਨੀ ਬਣਾਉਣ ਲਈ ਪੁਲਾੜ ਦੇ ਮਲਬੇ ਨੂੰ ਘਟਾਉਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਗਿਆ। ਅਸੀਂ ਨਵੀਆਂ ਬ੍ਰਿਕਸ ਪੁਲਾੜ ਏਜੰਸੀਆਂ ਨੂੰ ਸ਼ਾਮਲ ਕਰਨ ਦੀ ਵਿਵਸਥਾ ਕਰਨ ਲਈ ਬ੍ਰਿਕਸ ਆਰਐੱਸਐੱਸਸੀ ਸਮਝੌਤੇ ਵਿੱਚ ਸੋਧ ਨੂੰ ਅੰਤਿਮ ਰੂਪ ਦੇਣ ਅਤੇ ਬ੍ਰਿਕਸ ਸਪੇਸ ਕੌਂਸਲ ਲਈ ਸ਼ਰਤਾਂ ਦਾ ਖਰੜਾ ਤਿਆਰ ਕਰਨ ਵਿੱਚ ਹੋਈ ਅਹਿਮ ਪ੍ਰਗਤੀ ਦੀ ਵੀ ਸ਼ਲਾਘਾ ਕਰਦੇ ਹਾਂ। ਅਸੀਂ 12 ਅਪ੍ਰੈਲ 1961 ਨੂੰ ਸ਼੍ਰੀ ਯੂਰੀ ਗਾਗਰਿਨ ਦੀ ਪਹਿਲੀ ਮਨੁੱਖੀ ਪੁਲਾੜ ਉਡਾਣ ਦੀ 65ਵੀਂ ਵਰ੍ਹੇਗੰਢ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ, ਜਿਸ ਨੇ ਬਾਹਰੀ ਪੁਲਾੜ ਦੀ ਖੋਜ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਸਾਬਤ ਕੀਤਾ ਅਤੇ ਸਾਰੀ ਮਨੁੱਖਜਾਤੀ ਲਈ ਨਵੀਆਂ ਹੱਦਾਂ ਖੋਲ੍ਹੀਆਂ।
46. ਅਸੀਂ ਸ਼ਾਂਤੀਪੂਰਨ ਉਦੇਸ਼ਾਂ ਲਈ ਪੁਲਾੜ ਪ੍ਰਣਾਲੀਆਂ ਦੇ ਨਾਲ-ਨਾਲ ਪੁਲਾੜ ਵਿਗਿਆਨ ਅਤੇ ਤਕਨਾਲੋਜੀਆਂ ਦੀਆਂ ਪ੍ਰਾਪਤੀਆਂ ਦੀ ਵਰਤੋਂ ਯਕੀਨੀ ਬਣਾਉਣ ਦੀ ਲੋੜ ਨੂੰ ਮਾਨਤਾ ਦਿੰਦੇ ਹਾਂ। ਅਸੀਂ ਬਾਹਰੀ ਪੁਲਾੜ ਦੀਆਂ ਗਤੀਵਿਧੀਆਂ ਦੇ ਲੰਬੇ ਸਮੇਂ ਦੇ ਟਿਕਾਊਪਣ ਨੂੰ ਯਕੀਨੀ ਬਣਾਉਣ ਅਤੇ ਬਾਹਰੀ ਪੁਲਾੜ ਵਿੱਚ ਹਥਿਆਰਾਂ ਦੀ ਦੌੜ (ਪੀਏਆਰਓਐੱਸ) ਅਤੇ ਇਸ ਦੇ ਹਥਿਆਰੀਕਰਨ ਦੇ ਨਾਲ-ਨਾਲ ਬਾਹਰੀ ਪੁਲਾੜ ਦੀਆਂ ਵਸਤੂਆਂ ਵਿਰੁੱਧ ਖਤਰਿਆਂ ਜਾਂ ਤਾਕਤ ਦੀ ਵਰਤੋਂ ਨੂੰ ਰੋਕਣ ਲਈ ਆਪਣੇ ਸਮਰਥਨ ਦੀ ਪੁਸ਼ਟੀ ਕਰਦੇ ਹਾਂ। ਇਸ ਵਿੱਚ ਆਲਮੀ ਸੁਰੱਖਿਆ ਯਕੀਨੀ ਬਣਾਉਣ ਲਈ ਢੁਕਵੇਂ ਕਾਨੂੰਨੀ ਬਹੁ-ਪੱਖੀ ਸਾਧਨ ਨੂੰ ਅਪਣਾਉਣ ਲਈ ਗੱਲਬਾਤ ਕਰਨਾ ਵੀ ਸ਼ਾਮਲ ਹੈ। ਅਸੀਂ 2014 ਵਿੱਚ ਹਥਿਆਰਬੰਦੀ ਕਾਨਫਰੰਸ ਵਿੱਚ ਬਾਹਰੀ ਪੁਲਾੜ ਵਿੱਚ ਹਥਿਆਰ ਰੱਖਣ, ਬਾਹਰੀ ਪੁਲਾੜ ਦੀਆਂ ਵਸਤੂਆਂ (ਪੀਪੀਡਬਲਿਊਟੀ) ਵਿਰੁੱਧ ਧਮਕੀ ਜਾਂ ਤਾਕਤ ਦੀ ਵਰਤੋਂ ਦੀ ਰੋਕਥਾਮ ਬਾਰੇ ਅੱਪਡੇਟ ਕੀਤੇ ਖਰੜੇ ਵਾਲੀ ਸੰਧੀ ਨੂੰ ਪੇਸ਼ ਕੀਤੇ ਜਾਣ ਨੂੰ ਇਸ ਟੀਚੇ ਵੱਲ ਇੱਕ ਅਹਿਮ ਕਦਮ ਵਜੋਂ ਮਾਨਤਾ ਦਿੰਦੇ ਹਾਂ। ਅਸੀਂ ਇਸ ਗੱਲ ‘ਤੇ ਜ਼ੋਰ ਦਿੰਦੇ ਹਾਂ ਕਿ ਵਿਹਾਰਕ ਅਤੇ ਗੈਰ-ਪਾਬੰਦਕ ਵਚਨਬੱਧਤਾਵਾਂ ਜਿਵੇਂ ਕਿ ਪਾਰਦਰਸ਼ਤਾ ਅਤੇ ਵਿਸ਼ਵਾਸ-ਨਿਰਮਾਣ ਦੇ ਉਪਾਅ (ਟੀਸੀਬੀਐੱਮ), ਅਤੇ ਵਿਸ਼ਵਵਿਆਪੀ ਤੌਰ ‘ਤੇ ਸਹਿਮਤ ਹੋਏ ਨਿਯਮ, ਕਾਇਦੇ ਅਤੇ ਸਿਧਾਂਤ ਵੀ ਪੀਏਆਰਓਐੱਸ ਵਿੱਚ ਯੋਗਦਾਨ ਪਾ ਸਕਦੇ ਹਨ। ਅਸੀਂ ਜਨਰਲ ਅਸੈਂਬਲੀ ਵਿੱਚ ਕੁਝ ਬ੍ਰਿਕਸ ਮੈਂਬਰਾਂ ਵੱਲੋਂ ਇੱਕ ਸਿੰਗਲ ਓਪਨ-ਐਂਡਿਡ ਵਰਕਿੰਗ ਗਰੁੱਪ ਬਣਾਉਣ ਦੀ ਪਹਿਲਕਦਮੀ ਨੂੰ ਨੋਟ ਕਰਦੇ ਹਾਂ ਤਾਂ ਜੋ ਅਜਿਹੇ ਉਦੇਸ਼ ਦੀ ਪੂਰਤੀ ਕਰਨ ਵਾਲੀਆਂ ਸੁਚੱਜੀਆਂ, ਸ਼ਮੂਲੀਅਤ ਵਾਲੀਆਂ ਅਤੇ ਪ੍ਰਭਾਵਸ਼ਾਲੀ ਚਰਚਾਵਾਂ ਨੂੰ ਸਮਰੱਥ ਬਣਾਇਆ ਜਾ ਸਕੇ ਅਤੇ ਪੀਏਆਰਓਐੱਸ ‘ਤੇ ਕਾਨੂੰਨੀ ਤੌਰ ‘ਤੇ ਪਾਬੰਦਕ ਸਾਧਨ ਦੇ ਠੋਸ ਤੱਤਾਂ ਸਮੇਤ ਮੌਜੂਦਾ ਪ੍ਰਾਪਤੀਆਂ ਦੇ ਆਧਾਰ ‘ਤੇ, ਪ੍ਰਕਿਰਿਆ ਵਿੱਚ ਉਸਾਰੂ ਢੰਗ ਨਾਲ ਸ਼ਾਮਲ ਹੋਣ ਦਾ ਬੀੜਾ ਚੁੱਕਿਆ ਜਾ ਸਕੇ।
47. ਅਸੀਂ ਬ੍ਰਿਕਸ ਦੇਸ਼ਾਂ ਵਿੱਚ ਸਮਾਜਿਕ-ਆਰਥਿਕ ਵਿਕਾਸ ਅਤੇ ਡਿਜੀਟਲ ਤਬਦੀਲੀ ਦੇ ਮੁੱਖ ਪ੍ਰੇਰਕ ਵਜੋਂ ਸੂਚਨਾ ਅਤੇ ਸੰਚਾਰ ਤਕਨੀਕਾਂ (ਆਈਸੀਟੀ) ਦੇ ਪਰਿਵਰਤਨਕਾਰੀ ਪ੍ਰਭਾਵ ਨੂੰ ਮਾਨਤਾ ਦਿੰਦੇ ਹਾਂ ਅਤੇ ਹਰੇਕ ਦੇਸ਼ ਦੀਆਂ ਰਾਸ਼ਟਰੀ ਤਰਜੀਹਾਂ ਅਤੇ ਕੌਮਾਂਤਰੀ ਵਚਨਬੱਧਤਾਵਾਂ ਦੇ ਅਧਾਰ ‘ਤੇ, ਇਸ ਸਬੰਧੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ। ਅਸੀਂ ਹਰ ਦੇਸ਼ ਦੀ ਪ੍ਰਭੂਸੱਤਾ ਅਤੇ ਰਾਸ਼ਟਰੀ ਸੁਰੱਖਿਆ ਦਾ ਸਤਿਕਾਰ ਕਰਦਿਆਂ ਖੁੱਲ੍ਹੇ, ਸੁਰੱਖਿਅਤ, ਬਚਾਅ ਵਾਲੇ, ਸਥਿਰ, ਪਹੁੰਚਯੋਗ, ਸ਼ਾਂਤੀਪੂਰਨ, ਅਤੇ ਆਪਸੀ ਤਾਲਮੇਲ ਵਾਲੇ ਆਈਸੀਟੀ ਮਾਹੌਲ ਲਈ ਆਪਣੇ ਸਮਰਥਨ ਦੀ ਪੁਸ਼ਟੀ ਕਰਦੇ ਹਾਂ। ਅਸੀਂ ਕੌਮਾਂਤਰੀ ਸੁਰੱਖਿਆ ਦੇ ਸੰਦਰਭ ਵਿੱਚ ਆਈਸੀਟੀ ਦੇ ਖੇਤਰ ਵਿੱਚ ਵਿਕਾਸ ਅਤੇ ਆਈਸੀਟੀ ਦੀ ਵਰਤੋਂ ਵਿੱਚ ਦੇਸ਼ਾਂ ਦੇ ਜ਼ਿੰਮੇਵਾਰਾਨਾ ਵਿਹਾਰ ਨੂੰ ਅੱਗੇ ਵਧਾਉਣ ‘ਤੇ ਗਲੋਬਲ ਮਕੈਨਿਜ਼ਮ ਨੂੰ ਅਮਲ ਵਿੱਚ ਲਿਆਉਣ ਦਾ ਸਵਾਗਤ ਕਰਦੇ ਹਾਂ। ਅਸੀਂ ਆਈਸੀਟੀ ਦੀ ਵਰਤੋਂ ਵਿੱਚ ਸੁਰੱਖਿਆ ਬਾਰੇ ਸਾਂਝੀ ਸਮਝ ਬਣਾਉਣ ਲਈ ਉਸਾਰੂ ਗੱਲਬਾਤ ਨੂੰ ਉਤਸ਼ਾਹਿਤ ਕਰਨ ਵਿੱਚ ਸੰਯੁਕਤ ਰਾਸ਼ਟਰ ਦੀ ਕੇਂਦਰੀ ਭੂਮਿਕਾ ‘ਤੇ ਜ਼ੋਰ ਦਿੰਦੇ ਹਾਂ ਜਿਸ ਵਿੱਚ ਇਸ ਖੇਤਰ ਵਿੱਚ ਇੱਕ ਵਿਸ਼ਵਵਿਆਪੀ ਕਾਨੂੰਨੀ ਢਾਂਚਾ ਵਿਕਸਤ ਕਰਨ ‘ਤੇ ਚਰਚਾ, ਆਈਸੀਟੀ ਦੀ ਵਰਤੋਂ ਵਿੱਚ ਦੇਸ਼ਾਂ ਦੇ ਜ਼ਿੰਮੇਵਾਰਾਨਾ ਵਿਵਹਾਰ ਲਈ ਵਿਸ਼ਵਵਿਆਪੀ ਤੌਰ ‘ਤੇ ਸਹਿਮਤ ਹੋਏ ਨਿਯਮਾਂ, ਕਾਇਦਿਆਂ ਅਤੇ ਸਿਧਾਂਤਾਂ ਦੀ ਹੋਰ ਪਾਲਣਾ ਸ਼ਾਮਲ ਹੈ। ਅਸੀਂ ਸਾਰੇ ਦੇਸ਼ਾਂ ਨੂੰ ਘਰੇਲੂ ਕਾਨੂੰਨਾਂ, ਪ੍ਰਕਿਰਿਆਵਾਂ ਅਤੇ ਵਿਧੀਆਂ ਦੇ ਅਨੁਸਾਰ ਸਾਈਬਰ ਅਪਰਾਧ ਵਿਰੁੱਧ ਯੂਐੱਨ ਕਨਵੈਨਸ਼ਨ ‘ਤੇ ਦਸਤਖਤ ਕਰਨ ਅਤੇ ਇਸ ਦੀ ਪੁਸ਼ਟੀ ਕਰਨ ਬਾਰੇ ਵਿਚਾਰ ਕਰਨ ਲਈ ਉਤਸ਼ਾਹਿਤ ਕਰਦੇ ਹਾਂ, ਤਾਂ ਜੋ ਸਾਈਬਰ ਅਪਰਾਧ ਨਾਲ ਨਜਿੱਠਣ ਵਿੱਚ ਕੌਮਾਂਤਰੀ ਸਹਿਯੋਗ ਵਧਾਉਣ ਲਈ ਇਸਨੂੰ ਤੇਜ਼ੀ ਨਾਲ ਲਾਗੂ ਕਰਨਾ ਯਕੀਨੀ ਬਣਾਇਆ ਜਾ ਸਕੇ। ਅਸੀਂ ਜਨਰਲ ਅਸੈਂਬਲੀ ਦੇ ਮਤਿਆਂ 74/247, 75/282 ਅਤੇ 79/243 ਅਨੁਸਾਰ ਸਾਰੇ ਦੇਸ਼ਾਂ ਨੂੰ ਐਡਹਾਕ ਕਮੇਟੀ ਵਿੱਚ ਆਪਣੀ ਸ਼ਮੂਲੀਅਤ ਜਾਰੀ ਰੱਖਣ ਦੀ ਅਪੀਲ ਕਰਦੇ ਹਾਂ, ਤਾਂ ਜੋ ਕਨਵੈਨਸ਼ਨ ਦੇ ਪੂਰਕ ਵਜੋਂ ਇੱਕ ਪ੍ਰੋਟੋਕੋਲ ‘ਤੇ ਗੱਲਬਾਤ ਕੀਤੀ ਜਾ ਸਕੇ, ਜੋ ਹੋਰ ਗੱਲਾਂ ਦੇ ਨਾਲ-ਨਾਲ, ਲੋੜ ਅਨੁਸਾਰ ਵਾਧੂ ਅਪਰਾਧਿਕ ਅਪਰਾਧਾਂ ਨੂੰ ਹੱਲ ਕਰੇ, ਅਤੇ ਮੈਂਬਰ ਦੇਸ਼ਾਂ ਦੀ ਕਾਨਫਰੰਸ ਲਈ ਪ੍ਰਕਿਰਿਆ ਦੇ ਨਿਯਮਾਂ ਦਾ ਖਰੜਾ ਤਿਆਰ ਕਰੇ।
48. ਅਸੀਂ ਆਈਸੀਟੀ ਦੀ ਵਰਤੋਂ ਵਿੱਚ ਸੁਰੱਖਿਆ ਯਕੀਨੀ ਬਣਾਉਣ ‘ਤੇ ਵਿਹਾਰਕ ਸਹਿਯੋਗ ਦੇ ਰੋਡਮੈਪ ਅਤੇ ਇਸ ਦੀ ਪ੍ਰਗਤੀ ਰਿਪੋਰਟ ਅਨੁਸਾਰ ਬ੍ਰਿਕਸ ਸਹਿਯੋਗ ਨੂੰ ਉਤਸ਼ਾਹਿਤ ਕਰਨ ਵਿੱਚ ਹੋਈ ਪ੍ਰਗਤੀ ਨੂੰ ਮਾਨਤਾ ਦਿੰਦੇ ਹਾਂ। ਅਸੀਂ ਨੀਤੀਗਤ ਆਦਾਨ-ਪ੍ਰਦਾਨ, ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮਾਂ (ਸੀਈਆਰਟੀ) ਵਿਚਕਾਰ ਵਧੀਆ ਅਭਿਆਸ ਸਾਂਝੇ ਕਰਨ, ਕਾਨੂੰਨ ਲਾਗੂ ਕਰਨ ਵਾਲੇ ਸਹਿਯੋਗ ਅਤੇ ਸਾਂਝੀ ਖੋਜ ਅਤੇ ਵਿਕਾਸ ਵਰਗੇ ਖੇਤਰਾਂ ਵਿੱਚ ਬ੍ਰਿਕਸ ਮੈਂਬਰਾਂ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਵਿੱਚ ਆਈਸੀਟੀ ਦੀ ਵਰਤੋਂ ਵਿੱਚ ਸੁਰੱਖਿਆ ‘ਤੇ ਬ੍ਰਿਕਸ ਵਰਕਿੰਗ ਗਰੁੱਪ ਦੀ ਅਹਿਮ ਭੂਮਿਕਾ ਨੂੰ ਮਾਨਤਾ ਦਿੰਦੇ ਹਾਂ। ਅਸੀਂ ਬ੍ਰਿਕਸ ਅਕਾਦਮਿਕ ਅਤੇ ਖੋਜ ਆਦਾਨ-ਪ੍ਰਦਾਨ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹਾਂ। ਅਸੀਂ ਸ਼ਾਂਤੀਪੂਰਨ ਅਤੇ ਵਿਕਾਸ ਦੇ ਉਦੇਸ਼ਾਂ ਲਈ ਆਈਸੀਟੀ ਦੀ ਵਰਤੋਂ ਨੂੰ ਵਧੇਰੇ ਸ਼ਮੂਲੀਅਤ ਵਾਲੇ, ਪਹੁੰਚਯੋਗ, ਟਿਕਾਊ ਅਤੇ ਆਪਸੀ ਤਾਲਮੇਲ ਵਾਲੇ ਢੰਗ ਨਾਲ ਉਤਸ਼ਾਹਿਤ ਕਰਨ ਅਤੇ ਇਹ ਯਕੀਨੀ ਬਣਾਉਣ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹਾਂ ਕਿ ਇਸ ਦੇ ਉਪਯੋਗ ਲੋਕ-ਕੇਂਦਰਿਤ ਰਹਿਣ। ਅਸੀਂ ਡਿਜੀਟਲ ਖੇਤਰ ਤੋਂ ਅਤੇ ਇਸਦੇ ਅੰਦਰ ਪੈਦਾ ਹੋਣ ਵਾਲੀਆਂ ਚੁਣੌਤੀਆਂ ਜਿਵੇਂ ਕਿ ਆਈਸੀਟੀ ਦੀ ਵਰਤੋਂ ਵਿੱਚ ਸੁਰੱਖਿਆ ਨੂੰ ਖਤਰਾ, ਨੁਕਸਾਨਦੇਹ ਸਾਫਟਵੇਅਰ, ਡੇਟਾ ਸੁਰੱਖਿਆ, ਅਤੇ ਤਕਨਾਲੋਜੀਆਂ ਦੀ ਦੁਰਵਰਤੋਂ ਜਿਸ ਵਿੱਚ ਸਾਈਬਰ ਅਪਰਾਧ, ਗਲਤ ਜਾਣਕਾਰੀ, ਨਫ਼ਰਤੀ ਬਿਆਨਬਾਜ਼ੀ, ਝੂਠੀ ਜਾਣਕਾਰੀ ਅਤੇ ਡੀਪਫੇਕ ਸ਼ਾਮਲ ਹਨ, ਨੂੰ ਹੱਲ ਕਰਨ ਲਈ ਸਾਂਝੇ ਅਤੇ ਸ਼ਮੂਲੀਅਤ ਵਾਲੇ ਯਤਨਾਂ ਦੀ ਮੰਗ ਕਰਦੇ ਹਾਂ। ਅਸੀਂ ਆਈਸੀਟੀ ਉਤਪਾਦਾਂ ਅਤੇ ਪ੍ਰਣਾਲੀਆਂ ਦੇ ਵਿਕਾਸ ਅਤੇ ਸੁਰੱਖਿਆ ਲਈ ਇੱਕ ਵਿਆਪਕ, ਸੰਤੁਲਿਤ ਅਤੇ ਬਾਹਰਮੁਖੀ ਪਹੁੰਚ ਅਪਣਾਉਣ ਦੇ ਨਾਲ-ਨਾਲ ਸਪਲਾਈ ਚੇਨ ਸੁਰੱਖਿਆ ਲਈ ਵਿਸ਼ਵ ਪੱਧਰ ‘ਤੇ ਆਪਸੀ ਤਾਲਮੇਲ ਵਾਲੇ ਸਾਂਝੇ ਨਿਯਮਾਂ ਅਤੇ ਮਾਪਦੰਡਾਂ ਨੂੰ ਵਿਕਸਤ ਕਰਨ ਅਤੇ ਲਾਗੂ ਕਰਨ ਦੀ ਮੰਗ ਕਰਦੇ ਹਾਂ। ਅਸੀਂ ਸ਼ਾਂਤੀ ਦੀ ਰੱਖਿਆ ਅਤੇ ਆਰਥਿਕ ਤੇ ਸਮਾਜਿਕ ਵਿਕਾਸ ਲਈ ਦੂਰਸੰਚਾਰ ਦੀ ਵੱਧ ਰਹੀ ਮਹੱਤਤਾ ‘ਤੇ ਜ਼ੋਰ ਦਿੰਦੇ ਹਾਂ।
ਟਿਕਾਊ ਅਤੇ ਸ਼ਮੂਲੀਅਤ ਵਾਲਾ ਆਲਮੀ ਆਰਥਿਕ ਵਿਕਾਸ
49. ਅਸੀਂ ਨੋਟ ਕਰਦੇ ਹਾਂ ਕਿ ਮੌਜੂਦਾ ਆਲਮੀ ਚੁਣੌਤੀਆਂ ਗੁੰਝਲਦਾਰ ਅਤੇ ਆਪਸ ਵਿੱਚ ਜੁੜੀਆਂ ਹੋਈਆਂ ਹਨ ਅਤੇ ਦੇਸ਼ਾਂ ਦੇ ਆਰਥਿਕ ਵਿਕਾਸ ਅਤੇ ਟਿਕਾਊ ਵਿਕਾਸ ਵਿੱਚ ਰੁਕਾਵਟ ਪਾਉਂਦੀਆਂ ਹਨ ਜਦੋਂ ਕਿ ਦੇਸ਼ਾਂ ਅਤੇ ਖੇਤਰਾਂ ਵਿੱਚ ਲਗਾਤਾਰ ਪੈ ਰਹੇ ਵਿਕਾਸ ਦੇ ਪਾੜੇ ਨੂੰ ਵਧਾਉਂਦੀਆਂ ਹਨ। ਅਸੀਂ ਮੰਨਦੇ ਹਾਂ ਕਿ ਰਾਸ਼ਟਰੀ ਤਰਜੀਹਾਂ, ਰਾਸ਼ਟਰੀ ਮਾਲਕੀ ਅਤੇ ਵਿਕਾਸ ਦੇ ਵੱਖ-ਵੱਖ ਪੜਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਹਾਰਕ ਅਤੇ ਅਮਲ ਵਿੱਚ ਲਿਆਉਣ ਯੋਗ ਹੁੰਗਾਰੇ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਦੀ ਕੁੰਜੀ ਹਨ ਅਤੇ ਯੂਐੱਨ ਦੇ ਏਜੰਡੇ ਵਿੱਚ ਟਿਕਾਊ ਵਿਕਾਸ ਅਤੇ ਸ਼ਮੂਲੀਅਤ ਵਾਲੇ ਵਿਕਾਸ ਦੀ ਖਾਸ ਮਹੱਤਤਾ ਨੂੰ ਦੁਹਰਾਉਂਦੇ ਹਾਂ। ਇਸ ਸੰਦਰਭ ਵਿੱਚ, ਅਸੀਂ ਮੁੜ ਪੁਸ਼ਟੀ ਕਰਦੇ ਹਾਂ ਕਿ ਸਾਂਝੀਆਂ ਚੁਣੌਤੀਆਂ ਦੇ ਵਿਹਾਰਕ ਹੱਲਾਂ ਨੂੰ ਅੱਗੇ ਵਧਾਉਣ ਲਈ ਬ੍ਰਿਕਸ ਗੱਲਬਾਤ, ਕੂਟਨੀਤੀ ਅਤੇ ਸਹਿਯੋਗ ਲਈ ਇੱਕ ਅਹਿਮ ਮੰਚ ਬਣਿਆ ਹੋਇਆ ਹੈ।
50. ਅਸੀਂ ਆਲਮੀ ਸਿਹਤ ਪਹਿਲਕਦਮੀਆਂ ਵਿੱਚ ਸਹਿਯੋਗ ਨੂੰ ਡੂੰਘਾ ਕਰਨ ਦਾ ਸਵਾਗਤ ਕਰਦੇ ਹਾਂ ਅਤੇ ਲਚਕੀਲੇ, ਸ਼ਮੂਲੀਅਤ ਵਾਲੇ ਅਤੇ ਲੋਕ-ਕੇਂਦਰਿਤ ਤਰੀਕਿਆਂ ਰਾਹੀਂ ਵਿਸ਼ਵਵਿਆਪੀ ਸਿਹਤ ਕਵਰੇਜ ਨੂੰ ਅੱਗੇ ਵਧਾਉਣ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ। ਅਸੀਂ ਬ੍ਰਿਕਸ ਮੈਂਬਰਾਂ ਵਿਚਾਲੇ ਨਿਰੰਤਰ ਸਹਿਯੋਗ ਦੀ ਮਹੱਤਤਾ ਅਤੇ ਬ੍ਰਿਕਸ ਦੇਸ਼ਾਂ ਵਿੱਚ ਸਿਹਤ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਵਡਮੁੱਲੇ ਤਜਰਬਿਆਂ, ਨਵੀਨਤਾਵਾਂ ਅਤੇ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਦੀ ਲੋੜ ਨੂੰ ਮਾਨਤਾ ਦਿੰਦੇ ਹਾਂ। ਅਸੀਂ ਆਪਣੇ ਸਾਂਝੇ ਵਿਸ਼ਵਾਸ ਨੂੰ ਦੁਹਰਾਉਂਦੇ ਹਾਂ ਕਿ ਸਿਹਤ ਦੇ ਖੇਤਰ ਵਿੱਚ ਬਹੁ-ਪੱਖੀ ਸਹਿਯੋਗ ਨੂੰ ਸੁਰੱਖਿਅਤ ਅਤੇ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ, ਜਿਸ ਵਿੱਚ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੀ ਅਹਿਮ ਤਾਲਮੇਲ ਵਾਲੀ ਭੂਮਿਕਾ ‘ਤੇ ਜ਼ੋਰ ਦਿੱਤਾ ਗਿਆ ਹੈ। ਇਸ ਸੰਦਰਭ ਵਿੱਚ ਆਪਣੇ ਜੈਵਿਕ ਸਰੋਤਾਂ ‘ਤੇ ਦੇਸ਼ਾਂ ਦੇ ਪ੍ਰਭੂਸੱਤਾ ਅਧਿਕਾਰਾਂ ਦੇ ਨਾਲ-ਨਾਲ ਕਾਨੂੰਨ ਬਣਾਉਣ ਅਤੇ ਲਾਗੂ ਕਰਨ ਦੇ ਪ੍ਰਭੂਸੱਤਾ ਅਧਿਕਾਰ ਦੀ ਪੁਸ਼ਟੀ ਕਰਦਿਆਂ, ਜਿਸ ਵਿੱਚ ਪਹੁੰਚ ਅਤੇ ਲਾਭ-ਸਾਂਝਾ ਕਰਨ ਵਾਲਾ ਰਾਸ਼ਟਰੀ ਕਾਨੂੰਨ ਸ਼ਾਮਲ ਹੈ, ਅਸੀਂ ਸੁਰੱਖਿਅਤ, ਬਰਾਬਰ, ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਬਹੁ-ਪੱਖੀ ਢਾਂਚੇ ਦੇ ਸਮਰਥਨ ਵਿੱਚ ਡਬਲਿਊਐੱਚਓ ਮਹਾਮਾਰੀ ਸਮਝੌਤੇ ਦੇ ‘ਪੈਥੋਜਨ ਐਕਸੈਸ ਐਂਡ ਬੈਨੀਫਿਟ-ਸ਼ੇਅਰਿੰਗ’ (ਪੀਏਬੀਐੱਸ) ਨੱਥੀ ਦਸਤਾਵੇਜ਼ ਦੀ ਗੱਲਬਾਤ ‘ਤੇ ਨਿਰੰਤਰ ਉਸਾਰੂ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਦੇ ਹਾਂ।
51. ਅਸੀਂ ਚੰਡੀਗੜ੍ਹ ਵਿੱਚ ਕਰਵਾਈ ਗਈ 16ਵੀਂ ਬ੍ਰਿਕਸ ਸਿਹਤ ਮੰਤਰੀਆਂ ਦੀ ਮੀਟਿੰਗ ਦੇ ਨਤੀਜਿਆਂ ਦਾ ਸਵਾਗਤ ਕਰਦੇ ਹਾਂ। ਅਸੀਂ ਤਪਦਿਕ ਨੂੰ ਗੰਭੀਰ ਆਲਮੀ ਜਨਤਕ ਸਿਹਤ ਚੁਣੌਤੀ ਵਜੋਂ ਮੰਨਦੇ ਹਾਂ, ਜਿਸ ਲਈ ਤਾਲਮੇਲ ਵਾਲੀ ਕਾਰਵਾਈ, ਖੋਜ ’ਤੇ ਲਗਾਤਾਰ ਨਿਵੇਸ਼ ਅਤੇ ਆਪਸੀ ਸਿੱਖਣ ਤੇ ਨਵੀਨਤਾਵਾਂ ਲਈ ਪ੍ਰਭਾਵਸ਼ਾਲੀ ਵਿਧੀਆਂ ਦੀ ਲੋੜ ਹੈ। ਅਸੀਂ ਦੁਹਰਾਉਂਦੇ ਹਾਂ ਕਿ ਟੀਬੀ ਨੂੰ ਖਤਮ ਕਰਨ ਦੇ ਰਾਹ ਵਿੱਚ ਵੱਖ-ਵੱਖ ਦੇਸ਼ਾਂ ਅਤੇ ਸੰਸਥਾਵਾਂ ਦੀ ਅਹਿਮ ਭੂਮਿਕਾ ਹੈ, ਜੋ ਆਪਸੀ ਸਹਿਯੋਗ, ਤਕਨਾਲੋਜੀ ਸਾਂਝੀ ਕਰਨ ਅਤੇ ਟੀਬੀ ਦੀ ਖੋਜ ਨੂੰ ਹੁਲਾਰਾ ਦੇਣ ਲਈ ਇਕਜੁੱਟ ਹੋ ਕੇ ਕੰਮ ਕਰਨ ਨਾਲ ਹੀ ਸੰਭਵ ਹੈ। ਇਹ ਮੰਨਦਿਆਂ ਕਿ ਛੂਤ ਦੀਆਂ ਬਿਮਾਰੀਆਂ ਦਾ ਫੈਲਣਾ, ਜਾਨਵਰਾਂ ਤੋਂ ਇਨਸਾਨਾਂ ਵਿੱਚ ਫੈਲਣ ਵਾਲੀਆਂ ਬਿਮਾਰੀਆਂ ਦੇ ਖਤਰੇ, ਐਂਟੀਮਾਈਕ੍ਰੋਬਾਇਲ ਰਜਿਸਟੈਂਸ (ਦਵਾਈਆਂ ਦਾ ਅਸਰ ਘਟਣਾ) ਅਤੇ ਜਨਤਕ ਸਿਹਤ ਨਾਲ ਜੁੜੀਆਂ ਹੋਰ ਐਮਰਜੈਂਸੀਆਂ ਰਾਸ਼ਟਰੀ ਸਰਹੱਦਾਂ ਤੋਂ ਪਾਰ ਫੈਲਦੀਆਂ ਹਨ ਅਤੇ ਇਨ੍ਹਾਂ ਲਈ ਮਜ਼ਬੂਤ ਕੌਮਾਂਤਰੀ ਸਹਿਯੋਗ, ਸਮੇਂ ਸਿਰ ਜਾਣਕਾਰੀ ਸਾਂਝੀ ਕਰਨ ਅਤੇ ਤਾਲਮੇਲ ਵਾਲੀ ਸਮੂਹਿਕ ਕਾਰਵਾਈ ਦੀ ਲੋੜ ਹੁੰਦੀ ਹੈ। ਅਸੀਂ ਲਚਕੀਲੇ ਨਿਗਰਾਨੀ ਪ੍ਰਬੰਧਾਂ, ਪ੍ਰਭਾਵਸ਼ਾਲੀ ਅਗਾਊਂ ਚੇਤਾਵਨੀ ਵਿਧੀਆਂ, ਅਤੇ ਮਜ਼ਬੂਤ ਤਿਆਰੀ ਤੇ ਜਵਾਬੀ ਸਮਰੱਥਾਵਾਂ ਰਾਹੀਂ ਆਲਮੀ ਸਿਹਤ ਸੁਰੱਖਿਆ ਨੂੰ ਵਧਾਉਣ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹਾਂ। ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੀ ਕੇਂਦਰੀ ਭੂਮਿਕਾ ਅਤੇ ਸੋਧੇ ਹੋਏ ਕੌਮਾਂਤਰੀ ਸਿਹਤ ਨਿਯਮਾਂ (2005) ਨੂੰ ਮਾਨਤਾ ਦਿੰਦਿਆਂ ਅਸੀਂ ਲਚਕੀਲੀ ਨਿਗਰਾਨੀ, ਅਗਾਊਂ ਚੇਤਾਵਨੀ ਅਤੇ ਤੁਰੰਤ ਜਵਾਬੀ ਪ੍ਰਣਾਲੀਆਂ ਅਤੇ ਤਾਲਮੇਲ ਰਾਹੀਂ ਆਲਮੀ ਸਿਹਤ ਨੂੰ ਬਿਹਤਰ ਬਣਾਉਣ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹਾਂ। ਇਸ ਸਬੰਧੀ ਅਸੀਂ ਵੱਡੇ ਪੱਧਰ ’ਤੇ ਫੈਲਣ ਵਾਲੀਆਂ ਛੂਤ ਦੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਜਵਾਬੀ ਕਾਰਵਾਈ ਲਈ ‘ਬ੍ਰਿਕਸ ਇੰਟੀਗ੍ਰੇਟਿਡ ਅਰਲੀ ਵਾਰਨਿੰਗ ਸਿਸਟਮ’ ਅਤੇ ਇਸ ਦੀਆਂ ਸ਼ਰਤਾਂ (ਟਰਮਜ਼ ਆਫ਼ ਰੈਫਰੈਂਸ) ਨੂੰ ਅੱਗੇ ਵਧਾਉਣ ਲਈ ਇੱਕ ਸਮਰਪਿਤ ਸਬ-ਵਰਕਿੰਗ ਗਰੁੱਪ ਬਣਾਉਣ ਦਾ ਸਵਾਗਤ ਕਰਦੇ ਹਾਂ।
52. ਅਸੀਂ ਮੈਡੀਕਲ ਉਤਪਾਦਾਂ ਦੇ ਨਿਯਮਾਂ ਦੇ ਖੇਤਰ ਵਿੱਚ ਸਹਿਯੋਗ ਬਾਰੇ ਮੌਜੂਦਾ ਸਮਝੌਤੇ (ਐੱਮਓਯੂ) ਦਾ ਘੇਰਾ ਸਾਰੇ ਬ੍ਰਿਕਸ ਮੈਂਬਰ ਦੇਸ਼ਾਂ ਦੀਆਂ ਰੈਗੂਲੇਟਰੀ ਅਥਾਰਟੀਆਂ ਤੱਕ ਵਧਾ ਕੇ, ਬ੍ਰਿਕਸ ਮੈਡੀਕਲ ਉਤਪਾਦ ਰੈਗੂਲੇਟਰੀ ਅਥਾਰਟੀਆਂ ਵਿਚਕਾਰ ਸਹਿਯੋਗ ਮਜ਼ਬੂਤ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਅਸੀਂ ਗੁਣਵੱਤਾ ਵਾਲੇ, ਸੁਰੱਖਿਅਤ ਅਤੇ ਅਸਰਦਾਰ ਮੈਡੀਕਲ ਉਤਪਾਦਾਂ ਦੀ ਲਗਾਤਾਰ ਉਪਲਬਧਤਾ ਅਤੇ ਪਹੁੰਚ ਯਕੀਨੀ ਬਣਾਉਣ ਲਈ ਰਲ-ਮਿਲ ਕੇ ਨਿਯਮ ਬਣਾਉਣ ਦੀਆਂ ਪਹੁੰਚਾਂ ਨੂੰ ਮਜ਼ਬੂਤ ਕਰਨ ਦੀ ਮਹੱਤਤਾ ਨੂੰ ਦੁਹਰਾਉਂਦੇ ਹਾਂ। ਇਸ ਸਬੰਧ ਵਿੱਚ, ਅਸੀਂ ਰੈਗੂਲੇਟਰੀ ਤਜ਼ਰਬੇ ਅਤੇ ਤਕਨੀਕੀ ਪਹੁੰਚਾਂ ਦੇ ਵਧੀਆ ਅਭਿਆਸਾਂ ਨੂੰ ਇਕੱਠਾ ਕਰਦੇ ਹੋਏ, ਬ੍ਰਿਕਸ ਜੀਐਕਸਪੀ ਵ੍ਹਾਈਟ ਪੇਪਰ ਤਿਆਰ ਕਰਨ ਵਿੱਚ ਬ੍ਰਿਕਸ ਰੈਗੂਲੇਟਰੀ ਅਥਾਰਟੀਆਂ ਵੱਲੋਂ ਕੀਤੇ ਗਏ ਸਮੂਹਿਕ ਉਪਰਾਲਿਆਂ ਦਾ ਸਵਾਗਤ ਕਰਦੇ ਹਾਂ।
53. ਅਸੀਂ ਲੋਕ-ਕੇਂਦਰਿਤ ਡਿਜੀਟਲ ਸਿਹਤ ਸੰਭਾਲ ਪ੍ਰਣਾਲੀਆਂ ’ਤੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੀ ਮੁੜ ਪੁਸ਼ਟੀ ਕਰਦੇ ਹਾਂ ਅਤੇ ਗਿਆਨ ਦੇ ਇੱਕ ਅਹਿਮ ਸਰੋਤ ਵਜੋਂ ‘ਬ੍ਰਿਕਸ ਕੰਪੈਂਡੀਅਮ ਆਨ ਡਿਜੀਟਲ ਹੈਲਥ ਆਰਕੀਟੈਕਚਰ ਫਾਰ ਕੰਟੀਨਿਊਮ ਆਫ ਕੇਅਰ’ (ਜਿਸ ਵਿੱਚ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਸਿਹਤ ਸੰਭਾਲ ਤੱਕ ਪਹੁੰਚ ਸ਼ਾਮਲ ਹੈ) ਦਾ ਸਵਾਗਤ ਕਰਦੇ ਹਾਂ।
54. ਅਸੀਂ ਮੰਨਦੇ ਹਾਂ ਕਿ ਮੋਟਾਪਾ ਅਤੇ ਗੈਰ-ਸੰਚਾਰੀ ਬਿਮਾਰੀਆਂ (ਐੱਨਸੀਡੀ) ਵੱਡੀਆਂ ਆਲਮੀ ਜਨਤਕ ਸਿਹਤ ਚੁਣੌਤੀਆਂ ਵਜੋਂ ਉੱਭਰੀਆਂ ਹਨ ਅਤੇ ਅਸੀਂ ਸਰਕਾਰ ਅਤੇ ਸਮਾਜ ਦੀ ਸਮੁੱਚੀ ਪਹੁੰਚ ਰਾਹੀਂ ਰੋਕਥਾਮ ਅਤੇ ਸਿਹਤ ਸੰਭਾਲ ਨੂੰ ਉਤਸ਼ਾਹਿਤ ਕਰਨ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ। ਇਸ ਸਬੰਧੀ ਅਸੀਂ ਸਿਹਤਮੰਦ ਜੀਵਨ ਸ਼ੈਲੀ ਲਈ ਬ੍ਰਿਕਸ ਮਿਸ਼ਨ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਸਾਂਝੀ ਪਹਿਲਕਦਮੀ (2026–2029) ਦੇ ਬ੍ਰਿਕਸ ਰੋਡਮੈਪ ਦੀ ਸ਼ੁਰੂਆਤ ਦਾ ਸਮਰਥਨ ਕਰਦੇ ਹਾਂ। ਅਸੀਂ ਸਿਹਤਮੰਦ ਜੀਵਨ ਸ਼ੈਲੀ ’ਤੇ ਅਪਣਾਏ ਜਾ ਸਕਣ ਵਾਲੇ ਵਧੀਆ ਅਭਿਆਸਾਂ ਦੇ ਸੰਗ੍ਰਹਿ (ਕੰਪੈਂਡੀਅਮ) ਦਾ ਵੀ ਸਵਾਗਤ ਕਰਦੇ ਹਾਂ। ਅਸੀਂ ਮਾਨਸਿਕ ਤੰਦਰੁਸਤੀ ਨੂੰ ਸਿਹਤ ਅਤੇ ਟਿਕਾਊ ਵਿਕਾਸ ਦੇ ਇੱਕ ਅਹਿਮ ਥੰਮ੍ਹ ਵਜੋਂ ਮਾਨਤਾ ਦਿੰਦੇ ਹਾਂ ਅਤੇ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼ (ਨਿਮਹਾਂਸ) ਨੂੰ ਤਾਲਮੇਲ ਵਾਲੇ ਸੀਓਈ ਵਜੋਂ ਰੱਖਦਿਆਂ ਬ੍ਰਿਕਸ ਟ੍ਰੇਨਿੰਗ ਹੱਬ ਨੈੱਟਵਰਕ ਅਤੇ ਸੈਂਟਰਜ਼ ਆਫ ਐਕਸੀਲੈਂਸ (ਸੀਓਈ) ਦੇ ਬ੍ਰਿਕਸ ਨੈੱਟਵਰਕ ਦੀ ਸਥਾਪਨਾ ਦਾ ਸਮਰਥਨ ਕਰਦੇ ਹਾਂ। ਸੀਓਈ ਦਾ ਨੈੱਟਵਰਕ ਸਾਂਝੀ ਖੋਜ, ਨੀਤੀਗਤ ਗੱਲਬਾਤ, ਵਧੀਆ ਅਭਿਆਸਾਂ ਦੇ ਆਦਾਨ-ਪ੍ਰਦਾਨ, ਅਤੇ ਬ੍ਰਿਕਸ ਦੇਸ਼ਾਂ ਵਿੱਚ ਸਬੂਤਾਂ ’ਤੇ ਆਧਾਰਿਤ ਮਾਨਸਿਕ ਸਿਹਤ ਪ੍ਰੋਤਸਾਹਨ ਰਣਨੀਤੀਆਂ ਦੇ ਸਾਂਝੇ ਵਿਕਾਸ ਦੀ ਸਹੂਲਤ ਲਈ ਇੱਕ ਮੰਚ ਵਜੋਂ ਵੀ ਕੰਮ ਕਰ ਸਕਦਾ ਹੈ। ਡੂੰਘਾ ਵਿਗਿਆਨਕ ਅਤੇ ਤਕਨੀਕੀ ਸਹਿਯੋਗ ਪ੍ਰਾਪਤ ਕਰਨ ਅਤੇ ਪ੍ਰਾਇਮਰੀ ਸਿਹਤ ਸੰਭਾਲ ਵਿੱਚ ਮਾਨਸਿਕ ਤੰਦਰੁਸਤੀ ਦੇ ਟਿਕਾਊ ਅਤੇ ਵੱਡੇ ਪੱਧਰ ’ਤੇ ਏਕੀਕਰਨ ਨੂੰ ਯਕੀਨੀ ਬਣਾਉਣ ਲਈ ਹਰ ਬ੍ਰਿਕਸ ਮੈਂਬਰ ਦੇਸ਼ ਦੇ ਨੁਮਾਇੰਦਿਆਂ ਦਾ ਮਿੱਥਿਆ ਗਿਆ ਸਮੂਹ ਸੈਂਟਰ ਆਫ ਐਕਸੀਲੈਂਸ/ਸੀਓਈ ਦੇ ਨੈੱਟਵਰਕ ਦੇ ਤਾਲਮੇਲ ਨੂੰ ਸਾਂਝੇ ਤੌਰ ’ਤੇ ਚਲਾਏਗਾ, ਜਿਸ ਨਾਲ ਸੰਤੁਲਿਤ ਫੈਸਲੇ ਲੈਣ ਅਤੇ ਸਾਂਝੀ ਜਵਾਬਦੇਹੀ ਯਕੀਨੀ ਬਣੇਗੀ। ਅਸੀਂ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਾਲੇ ਵਧੀਆ ਅਭਿਆਸਾਂ ਦੇ ਸੰਗ੍ਰਹਿ ਦਾ ਵੀ ਸਵਾਗਤ ਕਰਦੇ ਹਾਂ।
55. ਅਸੀਂ ਸੰਕਟਾਂ ਕਾਰਨ ਮਾਨਸਿਕ ਸਿਹਤ ’ਤੇ ਪੈਣ ਵਾਲੇ ਪ੍ਰਭਾਵਾਂ ਨਾਲ ਨਜਿੱਠਣ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹਾਂ ਅਤੇ ਪ੍ਰਭਾਵਿਤ ਆਬਾਦੀ, ਖਾਸ ਕਰਕੇ ਕਮਜ਼ੋਰ ਸਥਿਤੀਆਂ ਵਾਲੇ ਲੋਕਾਂ, ਜਿਨ੍ਹਾਂ ਵਿੱਚ ਬੱਚੇ ਅਤੇ ਅੱਲ੍ਹੜ ਉਮਰ ਦੇ ਬੱਚੇ ਸ਼ਾਮਲ ਹਨ, ਨੂੰ ਸਮੇਂ ਸਿਰ, ਪਹੁੰਚਯੋਗ, ਅਤੇ ਨਿਰੰਤਰ ਮਾਨਸਿਕ ਸਿਹਤ ਅਤੇ ਮਨੋ-ਸਮਾਜਿਕ (ਐੱਮਐੱਚਪੀਐੱਸਐੱਸ) ਸਹਾਇਤਾ ਦੇਣ ਲਈ ਵਚਨਬੱਧ ਹਾਂ।
56. ਅਸੀਂ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਅਤੇ ਯੂਨੀਵਰਸਲ ਹੈਲਥ ਕਵਰੇਜ (ਯੂਐੱਚਸੀ) ਵੱਲ ਯੋਗਦਾਨ ਪਾਉਣ ਵਿੱਚ ਰਵਾਇਤੀ, ਪੂਰਕ ਅਤੇ ਏਕੀਕ੍ਰਿਤ ਦਵਾਈ (ਟੀਸੀਆਈਐੱਮ) ਦੀ ਵੱਧ ਰਹੀ ਮਹੱਤਤਾ ਨੂੰ ਮੰਨਦੇ ਹਾਂ। ਅਸੀਂ ਮੈਂਬਰ ਦੇਸ਼ਾਂ ਵਿਚਕਾਰ ਗੱਲਬਾਤ, ਸਹਿਯੋਗ ਅਤੇ ਆਦਾਨ-ਪ੍ਰਦਾਨ ਦੇ ਮੰਚ ਵਜੋਂ ਬ੍ਰਿਕਸ ਹੈਲਥ ਟਰੈਕ ਦੇ ਅਧੀਨ ਟੀਸੀਆਈਐੱਮ ’ਤੇ ਬ੍ਰਿਕਸ ਮਾਹਰ ਵਰਕਿੰਗ ਗਰੁੱਪ ਦੀ ਤਜਵੀਜ਼ਤ ਸਥਾਪਨਾ ਦਾ ਸਵਾਗਤ ਕਰਦੇ ਹਾਂ। ਅਸੀਂ ਚਿਕਿਤਸਕ ਪੌਦਿਆਂ ਅਤੇ ਇਲਾਜ ਤੇ ਰੋਕਥਾਮ ਲਈ ਵਰਤੀਆਂ ਜਾਣ ਵਾਲੀਆਂ ਜੜ੍ਹੀ-ਬੂਟੀਆਂ ’ਤੇ ਤਾਲਮੇਲ ਵਾਲੀ ਖੋਜ ਦੇ ਮੁੱਲ ’ਤੇ ਜ਼ੋਰ ਦਿੰਦੇ ਹਾਂ, ਤਾਂ ਜੋ ਮੈਂਬਰ ਦੇਸ਼ਾਂ ਦੀਆਂ ਸਾਂਝੀਆਂ ਰਵਾਇਤੀ ਦਵਾਈਆਂ (ਫਾਰਮਾਕੋਪੀਆ) ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਸਸਤੇ ਇਲਾਜ ਉਤਪਾਦਾਂ ਨੂੰ ਵਿਕਸਤ ਕਰਨ ਲਈ ਇੱਕ ਆਧਾਰ ਵਜੋਂ ਕੰਮ ਕਰ ਸਕਣ। ਅਸੀਂ ਰਾਸ਼ਟਰੀ ਹਾਲਾਤਾਂ ਅਨੁਸਾਰ ਸਬੂਤਾਂ ’ਤੇ ਆਧਾਰਿਤ ਪਹੁੰਚਾਂ ਅਤੇ ਢੁਕਵੇਂ ਰੈਗੂਲੇਟਰੀ ਢਾਂਚੇ ਰਾਹੀਂ ਟੀਸੀਆਈਐੱਮ ਅਭਿਆਸਾਂ ਅਤੇ ਉਤਪਾਦਾਂ ਦੀ ਗੁਣਵੱਤਾ, ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਯਕੀਨੀ ਬਣਾਉਣ ਦੀ ਮਹੱਤਤਾ ਦੀ ਪੁਸ਼ਟੀ ਕਰਦੇ ਹਾਂ।
57. ਅਸੀਂ ਵਿਕਾਸਸ਼ੀਲ ਦੇਸ਼ਾਂ ਅਤੇ ਐੱਲਡੀਸੀ ਵਿੱਚ ਇੱਕ ਲਚਕੀਲੀ ਅਤੇ ਉੱਨਤ ਸਿਹਤ ਪ੍ਰਣਾਲੀ ਯਕੀਨੀ ਬਣਾਉਣ ਲਈ ਸਿਹਤ ਕਾਮਿਆਂ ਨੂੰ ਮਜ਼ਬੂਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹਾਂ। ਇਸ ਸਬੰਧੀ ਅਸੀਂ ਹੋਰਨਾਂ ਗੱਲਾਂ ਤੋਂ ਇਲਾਵਾ, ਸਮਰੱਥਾ ਨਿਰਮਾਣ, ਸਿਖਲਾਈ ਅਤੇ ਖੋਜ ਵਿੱਚ ਬ੍ਰਿਕਸ ਸਹਿਯੋਗ ਦਾ ਘੇਰਾ ਵਧਾਉਣ ਦੀ ਮੰਗ ਕਰਦੇ ਹਾਂ।
58. ਅਸੀਂ ਨੀਤੀਗਤ ਮਾਰਗਦਰਸ਼ਨ, ਕਾਮਿਆਂ ਦੇ ਵਿਕਾਸ, ਬਿਮਾਰੀਆਂ ਦੀ ਨਿਗਰਾਨੀ, ਤਿਆਰੀ ਅਤੇ ਜਵਾਬੀ ਕਾਰਵਾਈ, ਜਨਤਕ ਸਿਹਤ ਸੰਭਾਲ ਪ੍ਰਯੋਗਸ਼ਾਲਾ ਪ੍ਰਣਾਲੀਆਂ ਅਤੇ ਵਿਹਾਰਕ ਖੋਜ ਰਾਹੀਂ ਜਨਤਕ ਸਿਹਤ ਸੰਭਾਲ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਵਿੱਚ ਰਾਸ਼ਟਰੀ ਜਨਤਕ ਸਿਹਤ ਸੰਸਥਾਵਾਂ (ਐੱਨਪੀਐੱਚਆਈ) ਦੀ ਅਹਿਮ ਭੂਮਿਕਾ ਨੂੰ ਮੰਨਦੇ ਹਾਂ। ਅਸੀਂ ਸਿਹਤ ਦੇ ਸਮਾਜਿਕ ਨਿਰਧਾਰਕਾਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਦੀ ਮਹੱਤਤਾ ਨੂੰ ਮੰਨਦੇ ਹਾਂ। ਇਹ ਬਹੁ-ਖੇਤਰੀ ਸਹਿਯੋਗ, ਵਧੀਆ ਅਭਿਆਸਾਂ ਦੇ ਆਦਾਨ-ਪ੍ਰਦਾਨ, ਅਤੇ ਡਿਜੀਟਲ ਸਿਹਤ ਸਮੇਤ ਨਵੀਆਂ ਸਿਹਤ ਤਕਨਾਲੋਜੀਆਂ ਰਾਹੀਂ ਸੰਭਵ ਹੈ, ਤਾਂ ਜੋ ਸਮੂਹਿਕ ਸਮਰੱਥਾਵਾਂ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਸਿਹਤ ਨਤੀਜਿਆਂ ਵਿੱਚ ਅਸਮਾਨਤਾਵਾਂ ਨੂੰ ਘਟਾਉਣ ਵੱਲ ਤੇਜ਼ੀ ਨਾਲ ਵਾਧਾ ਕੀਤਾ ਜਾ ਸਕੇ। ਇਸ ਲਈ, ਅਸੀਂ ਬ੍ਰਿਕਸ ਮੈਂਬਰ ਦੇਸ਼ਾਂ ਦੀਆਂ ਸਮੂਹਿਕ ਕਾਰਵਾਈਆਂ ਨੂੰ ਮਜ਼ਬੂਤ ਕਰਨ ਲਈ ਰਾਸ਼ਟਰੀ ਹਾਲਾਤ ਅਨੁਸਾਰ ਐੱਨਪੀਐੱਚਆਈ ਅਤੇ ਡੀਡੀ-ਐੱਸਡੀਐੱਚ ’ਤੇ ਸਾਂਝੇ ਮੰਚਾਂ ਵਜੋਂ ਕਾਰਜਸ਼ੀਲ ਢਾਂਚੇ (ਅਪਰੇਸ਼ਨਲ ਫਰੇਮਵਰਕ) ਦਾ ਸਮਰਥਨ ਕਰਦੇ ਹਾਂ। ਅਸੀਂ ਬ੍ਰਿਕਸ ਵੈਕਸੀਨ ਆਰ ਐਂਡ ਡੀ ਸੈਂਟਰ ਦੀਆਂ ਗਤੀਵਿਧੀਆਂ ਦਾ ਸਮਰਥਨ ਕਰਦੇ ਹਾਂ ਅਤੇ ਪ੍ਰਮਾਣੂ (ਨਿਊਕਲੀਅਰ) ਦਵਾਈ ਵਿੱਚ ਸਹਿਯੋਗ ਦੀ ਮਹੱਤਤਾ ਨੂੰ ਮੰਨਦੇ ਹਾਂ। ਅਸੀਂ ਬ੍ਰਿਕਸ ਮੈਂਬਰ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਇਸ ਖੇਤਰ ਵਿੱਚ ਲਗਾਤਾਰ ਸਹਿਯੋਗ ਨੂੰ ਅੱਗੇ ਵਧਾਉਣ ਲਈ ਬ੍ਰਿਕਸ ਨਿਊਕਲੀਅਰ ਮੈਡੀਸਨ ਵਰਕਿੰਗ ਗਰੁੱਪ ਦੀਆਂ ਗਤੀਵਿਧੀਆਂ ਦਾ ਸਵਾਗਤ ਕਰਦੇ ਹਾਂ। ਅਸੀਂ ਬ੍ਰਿਕਸ ਢਾਂਚੇ ਦੇ ਅੰਦਰ ਖੋਜ ਨਤੀਜਿਆਂ ਦਾ ਪਸਾਰ ਕਰਨ ਅਤੇ ਵਿਗਿਆਨਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਬ੍ਰਿਕਸ ਹੈਲਥ ਜਰਨਲ ਦੀ ਮਹੱਤਤਾ ਨੂੰ ਨੋਟ ਕਰਦੇ ਹਾਂ, ਅਤੇ ਇਸ ਦੇ ਵਿਕਾਸ ਵਿੱਚ ਬ੍ਰਿਕਸ ਦੇਸ਼ਾਂ ਦੀ ਨਿਰੰਤਰ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਦੇ ਹਾਂ।
59. ਅਸੀਂ ਸਿਹਤ ਸੰਭਾਲ ਸੇਵਾਵਾਂ, ਵੈਕਸੀਨਾਂ, ਇਲਾਜ ਅਤੇ ਜਾਂਚ ਤੱਕ ਸਮੇਂ ਸਿਰ, ਸਸਤੀ ਅਤੇ ਬਰਾਬਰ ਪਹੁੰਚ ਯਕੀਨੀ ਬਣਾਉਣ ਲਈ ਕਈ ਕਦਮ ਚੁੱਕਣ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹਾਂ। ਇਨ੍ਹਾਂ ਵਿੱਚ ਸਿਹਤ ਬੁਨਿਆਦੀ ਢਾਂਚੇ ਅਤੇ ਮੈਡੀਕਲ ਉਤਪਾਦਾਂ ਦੇ ਸਥਾਨਕ ਉਤਪਾਦਨ ਨੂੰ ਮਜ਼ਬੂਤ ਕਰਨਾ, ਮਜ਼ਬੂਤ ਨਿਗਰਾਨੀ ਪ੍ਰਣਾਲੀਆਂ ਰਾਹੀਂ ਭਵਿੱਖ ਦੀਆਂ ਸਿਹਤ ਐਮਰਜੈਂਸੀਆਂ ਲਈ ਤਿਆਰੀ ਨੂੰ ਵਧਾਉਣਾ, ਪ੍ਰਯੋਗਸ਼ਾਲਾਵਾਂ ਦੇ ਨੈੱਟਵਰਕ, ਡਿਜੀਟਲ ਸਿਹਤ ਤਕਨਾਲੋਜੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਲਾਭ ਉਠਾਉਣਾ, ਸਿਹਤ ਪ੍ਰਣਾਲੀਆਂ ਵਿੱਚ ਰਵਾਇਤੀ ਦਵਾਈਆਂ ਨੂੰ ਸ਼ਾਮਲ ਕਰਨਾ, ਜਨਤਕ ਸਿਹਤ ਸੰਸਥਾਵਾਂ ਵਿਚਕਾਰ ਤਕਨੀਕੀ ਸਹਿਯੋਗ, ਮਜ਼ਬੂਤ ਰੈਗੂਲੇਟਰੀ ਢਾਂਚੇ ਦਾ ਵਿਕਾਸ, ਹੁਨਰਮੰਦ ਸਿਹਤ ਕਾਮੇ, ਅਤੇ ਸਾਂਝੀ ਖੋਜ ਅਤੇ ਵਿਕਾਸ, ਸਮਰੱਥਾ ਨਿਰਮਾਣ ਅਤੇ ਸਿਖਲਾਈ ਸ਼ਾਮਲ ਹਨ।
60. ਅਸੀਂ ਮੰਨਦੇ ਹਾਂ ਕਿ ਬ੍ਰਿਕਸ ਦੇਸ਼ ਵਿਸ਼ਵ ਭੋਜਨ ਉਤਪਾਦਨ ਵਿੱਚ ਅਹਿਮ ਖਿਡਾਰੀ ਹਨ ਅਤੇ ਇਸ ਨਾਤੇ, ਖੇਤੀਬਾੜੀ ਦੀ ਪੈਦਾਵਾਰ ਅਤੇ ਟਿਕਾਊਪਣ ਵਧਾਉਣ, ਅਤੇ ਆਲਮੀ ਭੋਜਨ ਸੁਰੱਖਿਆ ਅਤੇ ਪੋਸ਼ਣ ਯਕੀਨੀ ਬਣਾਉਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਹਨ। ਅਸੀਂ ਭੋਜਨ ਸੁਰੱਖਿਆ ਅਤੇ ਪੋਸ਼ਣ ਯਕੀਨੀ ਬਣਾਉਣ ਅਤੇ ਭੋਜਨ ਦੀਆਂ ਕੀਮਤਾਂ ਵਿੱਚ ਭਾਰੀ ਉਤਾਰ-ਚੜ੍ਹਾਅ ਦੇ ਪ੍ਰਭਾਵਾਂ ਦੇ ਨਾਲ-ਨਾਲ ਅਚਾਨਕ ਆਉਣ ਵਾਲੇ ਸਪਲਾਈ ਸੰਕਟਾਂ, ਜਿਨ੍ਹਾਂ ਵਿੱਚ ਖਾਦਾਂ ਦੀ ਘਾਟ ਸ਼ਾਮਲ ਹੈ, ਨੂੰ ਘਟਾਉਣ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹਾਂ। ਇਸ ਸਬੰਧੀ ਅਸੀਂ ਬ੍ਰਿਕਸ ਦੇ ਅੰਦਰ ਅਨਾਜ ਵਪਾਰ ਮੰਚ (ਬ੍ਰਿਕਸ ਗ੍ਰੇਨ ਐਕਸਚੇਂਜ) ਸਥਾਪਤ ਕਰਨ ਦੀ ਪਹਿਲਕਦਮੀ ਦੇ ਨਿਰੰਤਰ ਵਿਸਥਾਰ ਦੀ ਮਹੱਤਤਾ ਨੂੰ ਮੰਨਦੇ ਹਾਂ ਅਤੇ ਇਸ ਦੇ ਕੰਮਕਾਜ ਦੇ ਤਰੀਕਿਆਂ ਅਤੇ ਇਸ ਦੇ ਅਗਲੇ ਵਿਕਾਸ, ਅਤੇ ਹੋਰ ਖੇਤੀਬਾੜੀ ਉਤਪਾਦਾਂ ਅਤੇ ਵਸਤਾਂ ਵਿੱਚ ਵਿਸਥਾਰ ਬਾਰੇ ਹੋਰ ਚਰਚਾਵਾਂ ਦਾ ਸਵਾਗਤ ਕਰਦੇ ਹਾਂ। ਅਸੀਂ ਰਾਸ਼ਟਰੀ ਨੀਤੀਆਂ ਅਤੇ ਕੌਮਾਂਤਰੀ ਤਾਲਮੇਲ ’ਤੇ ਹੋਰ ਚਰਚਾਵਾਂ ਦਾ ਸਮਰਥਨ ਕਰਦੇ ਹਾਂ ਜੋ ਬ੍ਰਿਕਸ ਅਤੇ ਹੋਰ ਵਿਕਾਸਸ਼ੀਲ ਦੇਸ਼ਾਂ ਵਿੱਚ ਭੋਜਨ ਦੀ ਉਪਲਬਧਤਾ, ਪਹੁੰਚ, ਵਰਤੋਂ, ਸਥਿਰਤਾ ਅਤੇ ਸਸਤੇਪਣ ਦੇ ਨਾਲ-ਨਾਲ ਸਬੰਧਤ ਖੇਤੀਬਾੜੀ ਅਤੇ ਭੋਜਨ ਉਤਪਾਦਨ ਲਾਗਤਾਂ ਨੂੰ ਵਧਾਉਂਦੇ ਹਨ। ਇਨ੍ਹਾਂ ਵਿੱਚ ਉਹ ਪਹਿਲੂ ਵੀ ਸ਼ਾਮਲ ਹਨ ਜੋ ਸਪਲਾਈ ਵਿੱਚ ਆਉਣ ਵਾਲੀਆਂ ਰੁਕਾਵਟਾਂ ਦਾ ਜਵਾਬ ਦੇਣ ਲਈ ਰਾਸ਼ਟਰੀ ਸਮਰੱਥਾਵਾਂ ਨੂੰ ਮਜ਼ਬੂਤ ਕਰਦੇ ਹਨ, ਜਿਵੇਂ ਕਿ ਰਾਸ਼ਟਰੀ ਭੋਜਨ ਭੰਡਾਰ ਪ੍ਰਣਾਲੀਆਂ, ਅਤੇ ਸੋਕੇ ਨੂੰ ਝੱਲਣ ਵਾਲੇ ਅਤੇ ਜਲਵਾਯੂ ਅਨੁਕੂਲ ਬੀਜ ਪ੍ਰਣਾਲੀਆਂ। ਭੋਜਨ ਸੁਰੱਖਿਆ ਅਤੇ ਪੋਸ਼ਣ ’ਤੇ ਡੇਕਨ ਹਾਈ-ਲੈਵਲ ਸਿਧਾਂਤਾਂ ਨੂੰ ਆਧਾਰ ਬਣਾਉਂਦਿਆਂ, ਅਸੀਂ ਭੁੱਖਮਰੀ ਅਤੇ ਗਰੀਬੀ ਵਿਰੁੱਧ ਆਲਮੀ ਗੱਠਜੋੜ ਨੂੰ ਕੌਮਾਂਤਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇੱਕ ਅਹਿਮ ਪਹਿਲ ਵਜੋਂ ਵੀ ਮਾਨਤਾ ਦਿੰਦੇ ਹਾਂ। ਅਸੀਂ ਬ੍ਰਿਕਸ ਦੇਸ਼ਾਂ ਦੇ ਅੰਦਰ ਖੇਤੀਬਾੜੀ ਉਤਪਾਦਾਂ, ਅਤੇ ਖੇਤੀਬਾੜੀ ਅਤੇ ਭੋਜਨ ਉਤਪਾਦਨ ਦੇ ਸਾਧਨਾਂ ਦੇ ਵਪਾਰ ਨੂੰ ਸੁਖਾਲਾ ਬਣਾਉਣ ਬਾਰੇ ਚਰਚਾਵਾਂ ਦੀ ਵੀ ਆਸ ਕਰਦੇ ਹਾਂ, ਜਿਸ ਵਿੱਚ ਲਚਕੀਲੀਆਂ ਅਤੇ ਗੈਰ-ਵਿਤਕਰੇ ਵਾਲੀਆਂ ਸਪਲਾਈ ਚੇਨਾਂ ਨੂੰ ਉਤਸ਼ਾਹਿਤ ਕਰਨਾ, ਅਤੇ ਵੈਲਿਊ ਚੇਨਾਂ ਅਤੇ ਟਿਕਾਊ ਖੇਤੀ ਅਭਿਆਸਾਂ ਵਿੱਚ ਸੁਧਾਰ ਕਰਨਾ ਸ਼ਾਮਲ ਹੈ। ਅਸੀਂ ਇਹ ਵੀ ਮੰਨਦੇ ਹਾਂ ਕਿ ਰਾਸ਼ਟਰੀ ਕਾਨੂੰਨਾਂ ਦੇ ਅਨੁਸਾਰ ਪਰਿਵਾਰਕ ਕਿਸਾਨ, ਜਿਨ੍ਹਾਂ ਵਿੱਚ ਛੋਟੇ ਕਿਸਾਨ, ਪਸ਼ੂ ਪਾਲਕ, ਕਾਰੀਗਰ ਅਤੇ ਛੋਟੇ ਪੱਧਰ ਦੇ ਮਛੇਰੇ ਅਤੇ ਜਲ-ਖੇਤੀ ਉਤਪਾਦਕ, ਮੂਲ ਨਿਵਾਸੀ ਅਤੇ ਸਥਾਨਕ ਭਾਈਚਾਰੇ, ਔਰਤਾਂ ਅਤੇ ਨੌਜਵਾਨ ਸ਼ਾਮਲ ਹਨ, ਖੇਤੀਬਾੜੀ ਅਤੇ ਭੋਜਨ ਪ੍ਰਣਾਲੀਆਂ ਦੇ ਜ਼ਰੂਰੀ ਹਿੱਸੇਦਾਰ ਹਨ।
61. ਅਸੀਂ ਇੰਦੌਰ ਵਿੱਚ ਕਰਵਾਈ ਗਈ 16ਵੀਂ ਬ੍ਰਿਕਸ ਖੇਤੀਬਾੜੀ ਮੰਤਰੀਆਂ ਦੀ ਮੀਟਿੰਗ ਦੇ ਨਤੀਜਿਆਂ ਦਾ ਸਵਾਗਤ ਕਰਦੇ ਹਾਂ। ਅਸੀਂ ਸਬੰਧਤ ਰਾਸ਼ਟਰੀ, ਖੇਤਰੀ ਅਤੇ ਕੌਮਾਂਤਰੀ ਅਭਿਆਸਾਂ ਨੂੰ ਆਧਾਰ ਬਣਾਉਂਦੇ ਹੋਏ, ਇੱਕ ਸਾਂਝੇ, ਗੈਰ-ਪਾਬੰਦਕ, ਅਤੇ ਕਿਸਾਨ-ਕੇਂਦਰਿਤ ਬ੍ਰਿਕਸ ਐਗਰਿਨ (AGRIN – ਐਗਰੋ-ਇਨਪੁਟਸ, ਜੈਨੇਟਿਕ ਰਿਸੋਰਸਿਜ਼, ਐਂਡ ਇਨਫਰਮੇਸ਼ਨ ਨੈੱਟਵਰਕ) ਦੀ ਸਥਾਪਨਾ ਲਈ ਸਹਿਮਤ ਹਾਂ। ਅਸੀਂ ਸਾਂਝੀਆਂ ਚੁਣੌਤੀਆਂ ਨਾਲ ਨਜਿੱਠਣ, ਪ੍ਰਭਾਵਸ਼ਾਲੀ ਨੀਤੀਆਂ ਨੂੰ ਉਤਸ਼ਾਹਿਤ ਕਰਨ, ਅਤੇ ਖੇਤੀਬਾੜੀ ਅਤੇ ਬੀਜ ਪ੍ਰਣਾਲੀਆਂ ਨਾਲ ਸਬੰਧਤ ਰਵਾਇਤੀ ਗਿਆਨ ਦੇ ਦਸਤਾਵੇਜ਼ੀਕਰਨ ਅਤੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਬੀਜ ਪ੍ਰਣਾਲੀਆਂ ਵਿੱਚ ਕਿਸਾਨਾਂ ਦੇ ਅਧਿਕਾਰਾਂ ’ਤੇ ਇੱਕ ਗਲੋਬਲ ਫੋਰਮ ਦੀ ਸ਼ੁਰੂਆਤ ਦਾ ਵੀ ਸਵਾਗਤ ਕਰਦੇ ਹਾਂ।
62. ਅਸੀਂ ਜਲਵਾਯੂ ਪਰਿਵਰਤਨ ਦਾ ਸਾਹਮਣਾ ਕਰਨ ਦੀ ਸਮਰੱਥਾ ਅਤੇ ਉਤਪਾਦਕਤਾ ਲਈ ਵਾਤਾਵਰਣ-ਪੱਖੀ ਅਤੇ ਮੁੜ-ਸੁਰਜੀਤ ਕਰਨ ਵਾਲੀ ਖੇਤੀ ’ਤੇ ਬ੍ਰਿਕਸ ਨੈੱਟਵਰਕ ਆਫ ਸੈਂਟਰਜ਼ ਆਫ ਐਕਸੀਲੈਂਸ, ਅਤੇ ਐਗਰੋਫੋਰੈਸਟਰੀ, ਮੱਛੀ ਪਾਲਣ ਅਤੇ ਜਲ-ਖੇਤੀ ਸਮੇਤ ਡਿਜੀਟਲ ਖੇਤੀਬਾੜੀ ’ਤੇ ਬ੍ਰਿਕਸ ਨੈੱਟਵਰਕ ਦੀ ਸਥਾਪਨਾ ਰਾਹੀਂ ਖੇਤੀਬਾੜੀ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਹੋਰ ਸਵਾਗਤ ਕਰਦੇ ਹਾਂ। ਅਸੀਂ ਮੱਛੀ ਪਾਲਣ ਅਤੇ ਜਲ-ਖੇਤੀ ਦੇ ਵਿਕਾਸ ਬਾਰੇ ਬ੍ਰਿਕਸ ਸੰਵਾਦ ਤਹਿਤ ਹੋਰ ਸਹਿਯੋਗ ਨੂੰ ਵੀ ਉਤਸ਼ਾਹਿਤ ਕਰਦੇ ਹਾਂ।
63. ਅਸੀਂ ਲੰਬੇ ਸਮੇਂ ਤੋਂ ਲਟਕ ਰਹੇ ਜ਼ਰੂਰੀ ਮੁੱਦਿਆਂ ’ਤੇ ਕਾਮਯਾਬੀ ਹਾਸਲ ਕਰਨ ਅਤੇ ਨਿਰਪੱਖ, ਸੰਤੁਲਿਤ ਅਤੇ ਵਿਕਾਸ-ਮੁਖੀ ਖੇਤੀਬਾੜੀ ਵਪਾਰ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਮੌਜੂਦਾ ਮੰਤਰੀ ਪੱਧਰ ਦੇ ਫਤਵਿਆਂ ਅਤੇ ਡਬਲਿਊਟੀਓ ਐਗਰੀਮੈਂਟ ਆਨ ਐਗਰੀਕਲਚਰ (ਏਓਏ) ਅਨੁਸਾਰ, ਡਬਲਿਊਟੀਓ ਵਿੱਚ ਖੇਤੀਬਾੜੀ ਗੱਲਬਾਤ ਨੂੰ ਅੱਗੇ ਵਧਾਉਣ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ। ਇਸ ਦੇ ਨਾਲ ਹੀ ਅਸੀਂ ਇਹ ਮੰਨਦੇ ਹਾਂ ਕਿ ਬਦਲ ਰਹੀਆਂ ਨੀਤੀਆਂ ਅਤੇ ਰੈਗੂਲੇਟਰੀ ਵਿਕਾਸ ਖੇਤੀਬਾੜੀ ਉਤਪਾਦਨ ਅਤੇ ਵਪਾਰ, ਭੋਜਨ ਸੁਰੱਖਿਆ ਅਤੇ ਛੋਟੇ ਕਿਸਾਨਾਂ ਅਤੇ ਪਰਿਵਾਰਕ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਲਗਾਤਾਰ ਪ੍ਰਭਾਵਿਤ ਕਰ ਰਹੇ ਹਨ। ਅਸੀਂ ਆਲਮੀ ਟਿਕਾਊ ਬਨਸਪਤੀ ਤੇਲ ਖੇਤਰ ਵਿੱਚ ਟਿਕਾਊਪਣ, ਸ਼ਮੂਲੀਅਤ ਅਤੇ ਬਰਾਬਰ ਮਾਰਕੀਟ ਪਹੁੰਚ ਨੂੰ ਉਤਸ਼ਾਹਿਤ ਕਰਨ ਲਈ ਚੱਲ ਰਹੇ ਉਪਰਾਲਿਆਂ ਦਾ ਵੀ ਸਵਾਗਤ ਕਰਦੇ ਹਾਂ।
64. ਅਸੀਂ ਮਾਨਤਾ ਦਿੰਦੇ ਹਾਂ ਕਿ ਊਰਜਾ ਸੁਰੱਖਿਆ ਸਮਾਜਿਕ ਅਤੇ ਆਰਥਿਕ ਵਿਕਾਸ, ਰਾਸ਼ਟਰੀ ਸੁਰੱਖਿਆ ਅਤੇ ਸਾਰੇ ਦੇਸ਼ਾਂ ਦੀ ਭਲਾਈ ਲਈ ਇੱਕ ਅਹਿਮ ਆਧਾਰ ਹੈ। ਅਸੀਂ ਊਰਜਾ ਬਾਜ਼ਾਰ ਦੀ ਸਥਿਰਤਾ ਯਕੀਨੀ ਬਣਾ ਕੇ ਅਤੇ ਵੱਖ-ਵੱਖ ਸਰੋਤਾਂ ਤੋਂ ਊਰਜਾ ਦੇ ਨਿਰਵਿਘਨ ਪ੍ਰਵਾਹ ਨੂੰ ਬਣਾਈ ਰੱਖਣ, ਵੈਲਿਊ ਚੇਨਾਂ ਨੂੰ ਮਜ਼ਬੂਤ ਕਰਨ, ਲਚਕਤਾ ਯਕੀਨੀ ਬਣਾਉਣ ਅਤੇ ਸਰਹੱਦ ਪਾਰ ਬੁਨਿਆਦੀ ਢਾਂਚੇ ਸਮੇਤ ਅਹਿਮ ਊਰਜਾ ਬੁਨਿਆਦੀ ਢਾਂਚੇ ਦੀ ਸੁਰੱਖਿਆ ਕਰਕੇ ਊਰਜਾ ਸੁਰੱਖਿਆ ਨੂੰ ਵਧਾਉਣ ਦੀ ਲੋੜ ’ਤੇ ਜ਼ੋਰ ਦਿੰਦੇ ਹਾਂ। ਅਸੀਂ ਮੰਨਦੇ ਹਾਂ ਕਿ ਜੈਵਿਕ ਈਂਧਣ ਆਲਮੀ ਊਰਜਾ ਮਿਸ਼ਰਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਣਾ ਜਾਰੀ ਰੱਖਣਗੇ, ਖਾਸ ਕਰਕੇ ਉੱਭਰ ਰਹੇ ਬਾਜ਼ਾਰਾਂ ਅਤੇ ਵਿਕਾਸਸ਼ੀਲ ਅਰਥਚਾਰਿਆਂ ਲਈ। ਅਸੀਂ ਆਪਣੇ ਜਲਵਾਯੂ ਟੀਚਿਆਂ ਦੇ ਅਨੁਸਾਰ ਅਤੇ ਐੱਸਡੀਜੀ 7 ਨੂੰ ਧਿਆਨ ਵਿੱਚ ਰੱਖਦਿਆਂ ਨਿਆਂਪੂਰਨ, ਸੁਚੱਜੇ, ਬਰਾਬਰ ਅਤੇ ਸ਼ਮੂਲੀਅਤ ਵਾਲੇ ਊਰਜਾ ਪਰਿਵਰਤਨਾਂ ਨੂੰ ਉਤਸ਼ਾਹਿਤ ਕਰਨ ਅਤੇ ਜੀਐੱਚਜੀ ਨਿਕਾਸ ਨੂੰ ਘਟਾਉਣ ਦੀ ਲੋੜ ਨੂੰ ਮੰਨਦੇ ਹਾਂ। ਇਸ ਵਿੱਚ ਰਾਸ਼ਟਰੀ ਹਾਲਾਤ, ਲੋੜਾਂ ਅਤੇ ਤਰਜੀਹਾਂ ਨੂੰ ਧਿਆਨ ਵਿੱਚ ਰੱਖਦਿਆਂ ਤਕਨੀਕੀ ਨਿਰਪੱਖਤਾ ਅਤੇ ਸਾਂਝੀਆਂ ਪਰ ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਅਤੇ ਸਬੰਧਿਤ ਸਮਰੱਥਾਵਾਂ ਦੇ ਸਿਧਾਂਤਾਂ ਦਾ ਪਾਲਣ ਕਰਨਾ ਸ਼ਾਮਲ ਹੈ। ਅਸੀਂ ਬ੍ਰਿਕਸ ਐਨਰਜੀ ਰਿਸਰਚ ਕੋਆਪ੍ਰੇਸ਼ਨ ਪਲੇਟਫਾਰਮ (ਈਆਰਸੀਪੀ) ਦੇ ਕੰਮ ਅਤੇ ਬ੍ਰਿਕਸ ਊਰਜਾ ਵਿਚਾਰ-ਵਟਾਂਦਰਿਆਂ ਵਿੱਚ ਔਰਤਾਂ ਅਤੇ ਨੌਜਵਾਨਾਂ ਦੀ ਵੱਧ ਭਾਗੀਦਾਰੀ ਦੀ ਸਹੂਲਤ ਲਈ ਬ੍ਰਿਕਸ ਯੂਥ ਐਨਰਜੀ ਸਮਿਟ ਕਰਵਾਏ ਜਾਣ ਦਾ ਸਵਾਗਤ ਕਰਦੇ ਹਾਂ।
65. ਅਸੀਂ ਊਰਜਾ ਪ੍ਰਣਾਲੀਆਂ ਵਿੱਚ ਡਿਜੀਟਲਾਈਜ਼ੇਸ਼ਨ ਦੀ ਵੱਧ ਰਹੀ ਭੂਮਿਕਾ ’ਤੇ ਚਾਨਣਾ ਪਾਉਂਦੇ ਹਾਂ, ਜਿਸ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਐਡਵਾਂਸਡ ਡੇਟਾ ਐਨਾਲਿਟਿਕਸ ਵਰਗੀਆਂ ਤਕਨਾਲੋਜੀਆਂ ਸ਼ਾਮਲ ਹਨ, ਜੋ ਸਿਸਟਮ ਯੋਜਨਾਬੰਦੀ, ਗਰਿੱਡ ਪ੍ਰਬੰਧਨ, ਨਵਿਆਉਣਯੋਗ ਏਕੀਕਰਨ, ਸੰਚਾਲਨ ਕੁਸ਼ਲਤਾ ਅਤੇ ਇੱਕ ਮਜ਼ਬੂਤ ਸਾਈਬਰ-ਲਚਕੀਲੇ ਊਰਜਾ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦੀਆਂ ਵੱਡੀਆਂ ਸੰਭਾਵਨਾਵਾਂ ਪੇਸ਼ ਕਰਦੀਆਂ ਹਨ। ਇਸ ਸਬੰਧੀ ਅਸੀਂ ਸਮਾਰਟ ਗਰਿੱਡ ਅਤੇ ਐਨਰਜੀ ਸਟੋਰੇਜ ’ਤੇ ਬ੍ਰਿਕਸ ਦੇ ਮਾਰਗਦਰਸ਼ਕ ਸਿਧਾਂਤਾਂ ਦਾ ਸਵਾਗਤ ਕਰਦੇ ਹਾਂ। ਅਸੀਂ ਸਹਿਯੋਗ ਅੱਗੇ ਵਧਾਉਣ ਲਈ ਸਮਰੱਥ ਸਵੈ-ਇੱਛੁਕ ਸੰਵਾਦ ਤੰਤਰ ਵਜੋਂ ਬ੍ਰਿਕਸ ਈਆਰਸੀਪੀ ਦੇ ਸਮਾਰਟ ਗਰਿੱਡ ਵਰਕਸਟ੍ਰੀਮ ਤਹਿਤ ਸਮਾਰਟ ਗਰਿੱਡ ਅਤੇ ਐਨਰਜੀ ਸਟੋਰੇਜ ਲਈ ਬ੍ਰਿਕਸ ਡਿਜੀਟਲ ਸੈਂਟਰ ਆਫ ਐਕਸੀਲੈਂਸ ਸਥਾਪਤ ਕਰਨ ਦੀ ਚੇਅਰਸ਼ਿਪ ਦੀ ਪਹਿਲਕਦਮੀ ਨੂੰ ਨੋਟ ਕਰਦੇ ਹਾਂ।
66. ਅਸੀਂ ਕੌਮੀ ਹਾਲਾਤ ਦਰਸਾਉਣ ਵਾਲੇ ਸੰਤੁਲਿਤ ਅਤੇ ਵਿਭਿੰਨ ਊਰਜਾ ਮਿਸ਼ਰਣ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹਾਂ। ਅਸੀਂ ਮੰਨਦੇ ਹਾਂ ਕਿ ਊਰਜਾ ਸਰੋਤਾਂ ਅਤੇ ਤਕਨਾਲੋਜੀਆਂ ਦੀ ਸਭ ਤੋਂ ਵਿਆਪਕ ਵਿਭਿੰਨਤਾ, ਜਿਸ ਵਿੱਚ ਨਵਿਆਉਣਯੋਗ ਊਰਜਾ, ਬਾਇਓਐਨਰਜੀ, ਜੈਵਿਕ ਈਂਧਣ, ਪ੍ਰਮਾਣੂ ਊਰਜਾ, ਪਣ-ਬਿਜਲੀ, ਹਾਈਡ੍ਰੋਜਨ, ਘੱਟ ਕਾਰਬਨ ਤਕਨਾਲੋਜੀਆਂ, ਅਤੇ ਊਰਜਾ ਸਟੋਰੇਜ ਤਕਨਾਲੋਜੀਆਂ ਸ਼ਾਮਲ ਹਨ, ਐੱਸਡੀਜੀ ਅਤੇ ਊਰਜਾ ਸੁਰੱਖਿਆ ਨੂੰ ਪ੍ਰਾਪਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਅਸੀਂ ਊਰਜਾ ਟਰੈਕ ਵਿੱਚ ਵਿਚਾਰ-ਵਟਾਂਦਰੇ ਰਾਹੀਂ ਉਪਲਬਧ ਸਾਰੇ ਊਰਜਾ ਸਰੋਤਾਂ, ਲਚਕੀਲੀਆਂ ਊਰਜਾ ਸਪਲਾਈ ਚੇਨਾਂ ਅਤੇ ਬ੍ਰਿਕਸ ਦੇਸ਼ਾਂ ਵਿਚਕਾਰ ਵਧੇ ਹੋਏ ਸਹਿਯੋਗ ਦੀ ਭੂਮਿਕਾ ’ਤੇ ਜ਼ੋਰ ਦਿੰਦੇ ਹਾਂ। ਇਸ ਸਬੰਧੀ ਅਸੀਂ ਜ਼ੀਰੋ/ਘੱਟ ਨਿਕਾਸ ਵਾਲੀ ਹਾਈਡ੍ਰੋਜਨ ਲਈ ਆਪਸੀ ਤਾਲਮੇਲ ਵਾਲੇ ਮਾਪਦੰਡਾਂ ਅਤੇ ਪ੍ਰਮਾਣੀਕਰਣ ਢਾਂਚੇ ’ਤੇ ਬ੍ਰਿਕਸ ਸਹਿਯੋਗ ਨੂੰ ਉਤਸ਼ਾਹਿਤ ਕਰਦੇ ਹਾਂ ਅਤੇ ਇਸ ਸਬੰਧ ਵਿੱਚ ਹਾਈਡ੍ਰੋਜਨ ਵੈਲਿਊ ਚੇਨਾਂ ’ਤੇ ਬ੍ਰਿਕਸ ਦੀ ਸਾਂਝੀ ਰਿਪੋਰਟ ’ਤੇ ਚੱਲ ਰਹੇ ਕੰਮ ਦੀ ਸ਼ਲਾਘਾ ਕਰਦੇ ਹਾਂ।
67. ਅਸੀਂ ਸਰੋਤਾਂ ਨਾਲ ਭਰਪੂਰ ਦੇਸ਼ਾਂ ਵਿੱਚ ਲਾਭ ਸਾਂਝਾ ਕਰਨ, ਮੁੱਲ ਵਿੱਚ ਵਾਧਾ ਕਰਨ ਅਤੇ ਆਰਥਿਕ ਵਿਭਿੰਨਤਾ ਦੀ ਗਾਰੰਟੀ ਦੇਣ ਲਈ ਅਹਿਮ ਖਣਿਜਾਂ ਦੀਆਂ ਭਰੋਸੇਮੰਦ, ਜ਼ਿੰਮੇਵਾਰ, ਵਿਭਿੰਨ, ਲਚਕੀਲੀਆਂ, ਨਿਰਪੱਖ, ਟਿਕਾਊ ਅਤੇ ਨਿਆਂਪੂਰਨ ਸਪਲਾਈ ਚੇਨਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਦੀ ਪੁਸ਼ਟੀ ਕਰਦੇ ਹਾਂ। ਇਸਦੇ ਨਾਲ ਹੀ ਉਨ੍ਹਾਂ ਦੇ ਖਣਿਜ ਸਰੋਤਾਂ ’ਤੇ ਪ੍ਰਭੂਸੱਤਾ ਅਧਿਕਾਰਾਂ, ਅਤੇ ਨਾਲ ਹੀ ਜਾਇਜ਼ ਜਨਤਕ ਨੀਤੀ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਜ਼ਰੂਰੀ ਕਦਮ ਚੁੱਕਣ, ਬਣਾਈ ਰੱਖਣ ਅਤੇ ਲਾਗੂ ਕਰਨ ਦੇ ਉਨ੍ਹਾਂ ਦੇ ਅਧਿਕਾਰ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ। ਅਸੀਂ ਜ਼ੀਰੋ- ਅਤੇ ਘੱਟ-ਨਿਕਾਸ ਵਾਲੀਆਂ ਊਰਜਾ ਤਕਨਾਲੋਜੀਆਂ ਦੇ ਵਿਕਾਸ, ਊਰਜਾ ਸੁਰੱਖਿਆ, ਅਤੇ ਊਰਜਾ ਸਪਲਾਈ ਚੇਨਾਂ ਦੀ ਲਚਕਤਾ ਲਈ ਅਹਿਮ ਖਣਿਜਾਂ ਦੀ ਕੇਂਦਰੀ ਭੂਮਿਕਾ ਨੂੰ ਮੰਨਦੇ ਹਾਂ।
68. ਅਸੀਂ ਨਵੀਂ ਸਨਅਤੀ ਕ੍ਰਾਂਤੀ (ਪਾਰਟਨਿਰ ) ਦੀ ਭਾਈਵਾਲੀ ਤਹਿਤ ਸਹਿਯੋਗ ਮਜ਼ਬੂਤ ਕਰਨ ਦੀ ਮਹੱਤਤਾ ’ਤੇ ਮੁੜ ਜ਼ੋਰ ਦਿੰਦੇ ਹਾਂ ਜੋ ਤੇਜ਼ੀ ਨਾਲ ਬਦਲ ਰਹੇ ਸਨਅਤੀ ਮਾਹੌਲ ਵਿੱਚ ਹਿੱਤਾਂ, ਚੁਣੌਤੀਆਂ ਅਤੇ ਮੌਕਿਆਂ ਦੀ ਪਛਾਣ ਕਰਨ ਲਈ ਇੱਕ ਮਾਰਗਦਰਸ਼ਕ ਮੰਚ ਵਜੋਂ ਕੰਮ ਕਰਦੀ ਹੈ। ਅਸੀਂ ਨਵੀਨਤਾ ਨੂੰ ਉਤਸ਼ਾਹਿਤ ਕਰਨ, ਤਕਨੀਕੀ ਸਹਿਯੋਗ ਨੂੰ ਅੱਗੇ ਵਧਾਉਣ, ਜਿਸ ਵਿੱਚ ਸਨਅਤ 4.0 ਨਾਲ ਸਬੰਧਤ ਖੇਤਰ ਸ਼ਾਮਲ ਹਨ, ਅਤੇ ਬ੍ਰਿਕਸ ਦੇਸ਼ਾਂ ਵਿਚਕਾਰ ਪਹਿਲਕਦਮੀਆਂ ਅਤੇ ਆਦਾਨ-ਪ੍ਰਦਾਨ ਰਾਹੀਂ ਸਟਾਰਟ-ਅੱਪਸ ਅਤੇ ਐੱਸਐੱਮਈਜ਼ ਵਿਚਾਲੇ ਡੂੰਘੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਵਿੱਚ ਬ੍ਰਿਕਸ ਅਰਥਚਾਰਿਆਂ ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੰਦੇ ਹਾਂ। ਅਸੀਂ ਪਾਰਟਨਿਰ ਦੇ ਢਾਂਚੇ ਤਹਿਤ ਖੇਤਰੀ ਵਰਕਿੰਗ ਗਰੁੱਪਾਂ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਲਈ ਆਪਣੇ ਸਮਰਥਨ ਦੀ ਮੁੜ ਪੁਸ਼ਟੀ ਕਰਦੇ ਹਾਂ। ਅਸੀਂ ਆਪਸੀ ਹਿੱਤਾਂ ਦੇ ਖੇਤਰਾਂ ਵਿੱਚ ਸਹਿਯੋਗ ਅੱਗੇ ਵਧਾਉਣ ਲਈ ਸਥਾਪਤ ਵਿਧੀਆਂ ਦਾ ਲਾਭ ਚੁੱਕਣ ਲਈ ਬ੍ਰਿਕਸ ਮੈਂਬਰਾਂ ਨੂੰ ਉਤਸ਼ਾਹਿਤ ਕਰਦੇ ਹਾਂ। ਅਸੀਂ 2026 ਵਿੱਚ ਪ੍ਰੋਗਰਾਮ ਕਰਵਾਉਣ ਵਿੱਚ ਬ੍ਰਿਕਸ ਪਾਰਟਨਿਰ ਇਨੋਵੇਸ਼ਨ ਸੈਂਟਰ (ਬੀਪੀਆਈਸੀ) ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹਾਂ, ਜਿਨ੍ਹਾਂ ਵਿੱਚ ਪਾਰਟਨਿਰ ’ਤੇ ਬ੍ਰਿਕਸ ਫੋਰਮ ਸ਼ਾਮਲ ਹੈ, ਪਰ ਇਹ ਇੱਥੇ ਤੱਕ ਹੀ ਸੀਮਤ ਨਹੀਂ ਹੈ। ਅਸੀਂ ਬ੍ਰਿਕਸ ਇਨਕਿਊਬੇਟਰ ਨੈੱਟਵਰਕ ਦੀ ਸਥਾਪਨਾ ਦਾ ਸਵਾਗਤ ਕਰਦੇ ਹਾਂ ਅਤੇ ਨਵੀਨਤਾ-ਆਧਾਰਿਤ ਵਿਕਾਸ ਲਈ ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨ ਲਈ ਸੰਭਾਵੀ ਤੰਤਰ ਵਜੋਂ, ਬ੍ਰਿਕਸ ਸਟਾਰਟਅੱਪ ਇਨੋਵੇਸ਼ਨ ਫੰਡ ’ਤੇ ਹੋਰ ਵਿਚਾਰ ਕਰਨ ਦਾ ਵੀ ਸਵਾਗਤ ਕਰਦੇ ਹਾਂ। ਅਸੀਂ ਬ੍ਰਿਕਸ ਸਟਾਰਟਅੱਪ ਨਾਲੇਜ ਹੱਬ ਅਤੇ ਬ੍ਰਿਕਸ ਸਟਾਰਟਅੱਪ ਫੋਰਮ ਨੂੰ ਮਜ਼ਬੂਤ ਕਰਨ ਦੀ ਵੀ ਸ਼ਲਾਘਾ ਕਰਦੇ ਹਾਂ।
69. ਆਰਥਿਕ ਵਿਕਾਸ ਅਤੇ ਢਾਂਚਾਗਤ ਤਬਦੀਲੀ ਨੂੰ ਸਾਕਾਰ ਕਰਨ ਲਈ ਸਨਅਤੀ ਖੇਤਰ ਦੀ ਅਹਿਮ ਭੂਮਿਕਾ ਨੂੰ ਮੰਨਦਿਆਂ ਅਸੀਂ ਉੱਦਮਤਾ ਅਤੇ ਸਟਾਰਟਅੱਪ-ਆਧਾਰਿਤ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਸਹਿਮਤ ਹਾਂ। ਇਸ ਵਿੱਚ ਸਨਅਤੀ ਪਾਰਕਾਂ ਦਾ ਵਿਕਾਸ ਅਤੇ ਸਨਅਤੀਕਰਨ ਲਈ ਹੋਰ ਕੌਮੀ ਪਹਿਲਕਦਮੀਆਂ ਸ਼ਾਮਲ ਹਨ, ਤਾਂ ਜੋ ਇਨਪੁਟ ਲਿੰਕੇਜ, ਨਿਰਮਾਣ ਉਦਯੋਗ ਦੀ ਬਰਾਮਦ ਵਿੱਚ ਵਾਧਾ, ਐੱਮਐੱਸਐੱਮਈਜ਼ ਲਈ ਮਾਰਕੀਟ ਤੱਕ ਪਹੁੰਚ, ਤਕਨਾਲੋਜੀ ਤਬਾਦਲਾ ਅਤੇ ਸਹਿਯੋਗ, ਉਤਪਾਦਕਤਾ, ਅਤੇ ਵਾਤਾਵਰਣ ਦੀ ਸਥਿਰਤਾ ਯਕੀਨੀ ਬਣਾਈ ਜਾ ਸਕੇ।
70. ਅਸੀਂ ਬ੍ਰਿਕਸ ਸਨਅਤੀ ਸਹਿਯੋਗ ਦੇ ਸੱਤ ਵਿਸ਼ੇਸ਼ ਵਰਕਿੰਗ ਗਰੁੱਪਾਂ ਦੇ ਕੰਮ ਨੂੰ ਮਾਨਤਾ ਦਿੰਦੇ ਹਾਂ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦੇ ਹਾਂ। ਅਸੀਂ ਫੋਟੋਵੋਲਟੇਇਕ ਇੰਡਸਟਰੀ ਵਰਕਿੰਗ ਗਰੁੱਪ ਦੇ ਨਿਯਮਾਂ ਅਤੇ ਕਾਰਜ ਯੋਜਨਾ ਨੂੰ ਅਪਣਾਏ ਜਾਣ ਦਾ ਸਵਾਗਤ ਕਰਦੇ ਹਾਂ ਅਤੇ ਹਰੇਕ ਬ੍ਰਿਕਸ ਮੈਂਬਰ ਨੂੰ ਨੀਤੀਗਤ ਅਪਡੇਟਾਂ ਅਤੇ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਲਈ ਆਪਣਾ ਗਿਆਨ ਪੋਰਟਲ (ਨਾਲੇਜ ਪੋਰਟਲ) ਵਿਕਸਤ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਅਸੀਂ ਤਕਨਾਲੋਜੀ ਸਹਿਯੋਗ, ਫੰਡਿੰਗ ਅਤੇ ਸਮਰੱਥਾ ਨਿਰਮਾਣ ਲਈ ਤਰਜੀਹੀ ਖੇਤਰਾਂ ਦੀ ਪਛਾਣ ਕਰਨ ਵਾਸਤੇ ਬ੍ਰਿਕਸ ਸੋਲਰ ਫੋਟੋਵੋਲਟੇਇਕ ਕੋਆਪ੍ਰੇਸ਼ਨ ਰੋਡਮੈਪ ਦੇ ਵਿਕਾਸ ਦਾ ਸਮਰਥਨ ਕਰਦੇ ਹਾਂ। ਅਸੀਂ ਸਮਾਰਟ ਫੈਕਟਰੀ ਦੇ ਵਿਕਾਸ, ਹੱਲ ਸਾਂਝੇ ਕਰਨ, ਮਿਆਰੀ ਸਹਿਯੋਗ ਅਤੇ ਪ੍ਰਤਿਭਾ ਵਿਕਾਸ ’ਤੇ ਪਹਿਲਕਦਮੀਆਂ ਦੀ ਪਛਾਣ ਕਰਨ ਲਈ ਆਪਣੀ ਕਾਰਜ ਯੋਜਨਾ ਬਣਾਉਣ ਵਾਸਤੇ ਇੰਟੈਲੀਜੈਂਟ ਮੈਨੂਫੈਕਚਰਿੰਗ ਅਤੇ ਰੋਬੋਟਿਕਸ ਵਰਕਿੰਗ ਗਰੁੱਪ ਵੱਲੋਂ ਕੀਤੇ ਗਏ ਉਪਰਾਲਿਆਂ ਨੂੰ ਮਾਨਤਾ ਦਿੰਦੇ ਹਾਂ। ਅਸੀਂ ਬ੍ਰਿਕਸ ਦੇਸ਼ਾਂ ਦੇ ਫਾਇਦੇ ਲਈ ਕੈਮੀਕਲ ਇੰਡਸਟਰੀ ਵਰਕਿੰਗ ਗਰੁੱਪ ਦੇ ਅੰਦਰ ਰਸਾਇਣਕ ਉਤਪਾਦਨ ਖੇਤਰ ਵਿੱਚ ਡਿਜੀਟਲਾਈਜ਼ੇਸ਼ਨ, ਸਥਿਰਤਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ਨੂੰ ਮੰਨਦੇ ਹਾਂ।
71. ਅਸੀਂ ਐੱਸਐੱਮਈ ਵਰਕਿੰਗ ਗਰੁੱਪ ਵੱਲੋਂ ਕੀਤੀਆਂ ਗਈਆਂ ਪਹਿਲਕਦਮੀਆਂ ਦੀ ਸ਼ਲਾਘਾ ਕਰਦੇ ਹਾਂ ਅਤੇ ਆਗਰਾ ਵਿੱਚ ਪਹਿਲੇ ਬ੍ਰਿਕਸ ਐੱਸਐੱਮਈ ਫੋਰਮ ਨੂੰ ਕਰਵਾਉਣ ਲਈ ਭਾਰਤੀ ਚੇਅਰਸ਼ਿਪ ਅਤੇ ਇਸ ਦੀ ਰਿਪੋਰਟ “ਬ੍ਰਿਕਸ ਵਿੱਚ ਐੱਮਐੱਸਐੱਮਈ ਮੁਕਾਬਲੇਬਾਜ਼ੀ ਨੂੰ ਅੱਗੇ ਵਧਾਉਣਾ: ਵਿੱਤ ਅਤੇ ਤਕਨਾਲੋਜੀ ਤੱਕ ਪਹੁੰਚ ਨੂੰ ਮਜ਼ਬੂਤ ਕਰਨਾ ਅਤੇ ਟਿਕਾਊ ਵਿਕਾਸ” ਦੀ ਸ਼ਲਾਘਾ ਕਰਦੇ ਹਾਂ। ਅਸੀਂ ਬ੍ਰਿਕਸ ਦੇਸ਼ਾਂ ਵਿੱਚ ਐੱਮਐੱਸਐੱਮਈਜ਼ ਵਿਚਾਲੇ ਸਹਿਯੋਗ, ਵਧੀਆ ਅਭਿਆਸਾਂ ਦੇ ਆਦਾਨ-ਪ੍ਰਦਾਨ ਅਤੇ ਸ਼ਮੂਲੀਅਤ ਵਾਲੇ ਵਿਕਾਸ ਨੂੰ ਉਤਸ਼ਾਹਿਤ ਕਰਨ ਸਬੰਧੀ ਇਸ ਦੇ ਦਾਇਰੇ ਨੂੰ ਮਾਨਤਾ ਦਿੰਦੇ ਹਾਂ ਅਤੇ ਦੂਜੇ ਐੱਸਐੱਮਈ ਫੋਰਮ ਨੂੰ ਕਰਵਾਉਣ ਦਾ ਸਮਰਥਨ ਕਰਦੇ ਹਾਂ। ਇਸ ਸਬੰਧੀ ਅਸੀਂ ਐੱਸਐੱਮਈ ਵਰਕਿੰਗ ਗਰੁੱਪ ਵਿੱਚ ਸਹਿਯੋਗ ਦੇ ਢਾਂਚੇ ਦਾ ਸਵਾਗਤ ਕਰਦੇ ਹਾਂ।
72. ਅਸੀਂ ਯੂਨੀਡੋ ਦੇ ਸਹਿਯੋਗ ਨਾਲ ਸਥਾਪਤ ‘ਬ੍ਰਿਕਸ ਸੈਂਟਰ ਫਾਰ ਇੰਡਸਟਰੀਅਲ ਕੰਪੀਟੈਂਸੀਜ਼’ ਦੇ ਕੰਮਕਾਜ ਦੀ ਸ਼ਲਾਘਾ ਕਰਦੇ ਹਾਂ। ਇਸ ਦੇ ਨਾਲ ਹੀ ਉਦਯੋਗ 4.0 ਅਤੇ ਉੱਨਤ ਡਿਜੀਟਲ ਉਤਪਾਦਨ ਤਕਨਾਲੋਜੀਆਂ ਨੂੰ ਅਪਣਾਉਣ ਵਿੱਚ ਬ੍ਰਿਕਸ ਦੇਸ਼ਾਂ ਵਿੱਚ ਐੱਸਐੱਮਈਜ਼ ਸਮੇਤ ਨਿਰਮਾਣ ਕੰਪਨੀਆਂ ਦਾ ਸਮਰਥਨ ਕਰਨ ਲਈ ਕੀਤੇ ਗਏ ਕੰਮ ਦੀ ਸ਼ਲਾਘਾ ਕਰਦੇ ਹਾਂ। ਅਸੀਂ ਨੋਟ ਕਰਦੇ ਹਾਂ ਕਿ ਇਹ ਮੰਚ ਹਰ ਮੈਂਬਰ ਦੇਸ਼ ਦੀਆਂ ਰਾਸ਼ਟਰੀ ਤਰਜੀਹਾਂ ਅਨੁਸਾਰ, ਜਿੱਥੇ ਢੁਕਵਾਂ ਹੋਵੇ, ਆਰਟੀਫਿਸ਼ੀਅਲ ਇੰਟੈਲੀਜੈਂਸ ਸਮੇਤ ਉੱਭਰਦੀਆਂ ਆਧੁਨਿਕ ਤਕਨਾਲੋਜੀਆਂ ਰਾਹੀਂ ਨਵੇਂ ਸਨਅਤੀਕਰਨ ’ਤੇ ਟੀਚਾ-ਆਧਾਰਿਤ ਵਿਚਾਰ-ਵਟਾਂਦਰੇ ਦੀ ਸਹੂਲਤ ਦਿੰਦਾ ਹੈ। ਅਸੀਂ ਬ੍ਰਿਕਸ ਉਦਯੋਗਿਕ ਸਹਿਯੋਗ ’ਤੇ ਇੱਕ ਸੰਗ੍ਰਹਿ ਜਾਰੀ ਕਰਨ ਲਈ ਚਾਈਨਾ ਸੈਂਟਰ ਫਾਰ ਬ੍ਰਿਕਸ ਇੰਡਸਟਰੀਅਲ ਕੰਪੀਟੈਂਸੀਜ਼ (ਸੀਸੀਬੀਆਈਸੀ) ਦੀ ਪਹਿਲਕਦਮੀ ਨੂੰ ਨੋਟ ਕਰਦੇ ਹਾਂ ਅਤੇ ਇੰਡੀਆ ਸੈਂਟਰ ਫਾਰ ਬ੍ਰਿਕਸ ਇੰਡਸਟਰੀਅਲ ਕੰਪੀਟੈਂਸੀਜ਼ (ਆਈਸੀਬੀਆਈਸੀ) ਦੀ ਸਥਾਪਨਾ ਦਾ ਸਵਾਗਤ ਕਰਦੇ ਹਾਂ। ਅਸੀਂ ਬੀਸੀਆਈਸੀ ਨੂੰ ਸਾਰੇ ਬ੍ਰਿਕਸ ਦੇਸ਼ਾਂ ਨਾਲ ਆਪਣੀ ਸ਼ਮੂਲੀਅਤ ਨੂੰ ਮਜ਼ਬੂਤ ਕਰਨ ਲਈ ਉਤਸ਼ਾਹਿਤ ਕਰਦੇ ਹਾਂ।
73. ਅਸੀਂ ਟਿਕਾਊ ਆਰਥਿਕ ਅਤੇ ਸਮਾਜਿਕ ਵਿਕਾਸ ਦੇ ਇੱਕ ਅਹਿਮ ਪ੍ਰੇਰਕ ਵਜੋਂ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ (ਐੱਸਟੀਆਈ) ਵਿੱਚ ਸਹਿਯੋਗ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹਾਂ ਅਤੇ ਇਸ ਸਬੰਧੀ 14 ਮਿੱਥੇ ਗਏ ਬ੍ਰਿਕਸ ਐੱਸਟੀਆਈ ਵਰਕਿੰਗ ਗਰੁੱਪਾਂ ਅਤੇ ਬ੍ਰਿਕਸ ਐੱਸਟੀਆਈ ਸਟੀਅਰਿੰਗ ਕਮੇਟੀ ਦੇ ਕੰਮ ਦੀ ਸ਼ਲਾਘਾ ਕਰਦੇ ਹਾਂ। ਅਸੀਂ ਟਿਕਾਊ ਵਿਕਾਸ, ਨਵੀਆਂ ਗੁਣਵੱਤਾ ਵਾਲੀਆਂ ਉਤਪਾਦਕ ਸ਼ਕਤੀਆਂ ਦੇ ਵਿਕਾਸ, ਵਧੇਰੇ ਲਚਕੀਲੇ ਅਤੇ ਉੱਚ-ਗੁਣਵੱਤਾ ਵਾਲੇ ਵਿਕਾਸ, ਸਮਾਜਿਕ ਸ਼ਮੂਲੀਅਤ ਅਤੇ ਬ੍ਰਿਕਸ ਦੇਸ਼ਾਂ ਵਿੱਚ ਲੋਕਾਂ ਦੀ ਭਲਾਈ ਅਤੇ ਜੀਵਨ ਪੱਧਰ ਨੂੰ ਸੁਧਾਰਨ ਲਈ ਨਵੀਨਤਾ ਅਤੇ ਤਕਨਾਲੋਜੀ ਨੂੰ ਪ੍ਰੇਰਕ ਵਜੋਂ ਉਤਸ਼ਾਹਿਤ ਕਰਨ ਪ੍ਰਤੀ ਆਪਣੀ ਵਚਨਬੱਧਤਾ ਦੀ ਮੁੜ ਪੁਸ਼ਟੀ ਕਰਦੇ ਹਾਂ। ਅਸੀਂ ਆਪਣੇ ਐੱਸਟੀਆਈ ਮੰਤਰੀਆਂ ਦੇ ਚੇਨੱਈ ਸਹਿਮਤੀ ਸਾਂਝੇ ਐਲਾਨਨਾਮੇ ਦਾ ਸਵਾਗਤ ਕਰਦੇ ਹਾਂ ਅਤੇ ਬ੍ਰਿਕਸ ਦੇਸ਼ਾਂ ਵਿਚਕਾਰ ਗਿਆਨ ਭੰਡਾਰਨ ਅਤੇ ਸਾਂਝਾ ਕਰਨ ਲਈ ਇੱਕ ਢਾਂਚਾਗਤ ਮੰਚ ਵਜੋਂ ਬ੍ਰਿਕਸ ਸਾਇੰਸ ਐਂਡ ਰਿਸਰਚ ਰਿਪਾਜ਼ਿਟਰੀ ਨੂੰ ਮਾਨਤਾ ਦਿੰਦੇ ਹਾਂ। ਇਹ ਡੇਟਾ ਸੁਰੱਖਿਆ, ਬੌਧਿਕ ਸੰਪਤੀ ਅਧਿਕਾਰਾਂ ਅਤੇ ਸਬੰਧਤ ਰਾਸ਼ਟਰੀ ਨੀਤੀਆਂ ਦਾ ਸਤਿਕਾਰ ਕਰਦੇ ਹੋਏ ਰਾਸ਼ਟਰੀ ਕਾਨੂੰਨਾਂ ਅਤੇ ਨਿਯਮਾਂ ਦੇ ਅਨੁਸਾਰ ਸਵੈ-ਇੱਛਤ ਆਧਾਰ ’ਤੇ ਹੋਵੇਗਾ, ਅਤੇ ਅਸੀਂ ਇਸ ਦੇ ਡਰਾਫਟ ਫਰੇਮਵਰਕ ਦਸਤਾਵੇਜ਼ ਨੂੰ ਨੋਟ ਕਰਦੇ ਹਾਂ। ਅਸੀਂ ਕੁਆਂਟਮ ਤਕਨਾਲੋਜੀਆਂ ਵਰਗੇ ਉੱਭਰ ਰਹੇ ਖੇਤਰਾਂ ਵਿੱਚ ਸਹਿਯੋਗ ਦੀ ਵੀ ਸ਼ਲਾਘਾ ਕਰਦੇ ਹਾਂ। ਅਸੀਂ ਬ੍ਰਿਕਸ ਵਰਕਿੰਗ ਗਰੁੱਪ ਆਨ ਰਿਸਰਚ ਇਨਫਰਾਸਟਰੱਕਚਰ ਅਤੇ ਮੈਗਾਸਾਇੰਸ ਪ੍ਰੋਜੈਕਟ ਐਕਸ਼ਨ ਪਲਾਨ ਨੂੰ ਅਪਣਾਏ ਜਾਣ ਅਤੇ ਬ੍ਰਿਕਸ ਗਲੋਬਲ ਰਿਸਰਚ ਐਡਵਾਂਸਡ ਇਨਫਰਾਸਟਰੱਕਚਰ ਨੈੱਟਵਰਕ ਸੈਂਟਰ ਅਤੇ ਸਾਂਝੀ ਤਾਲਮੇਲ ਕਮੇਟੀ ਬਣਾਉਣ ਦੀ ਤਜਵੀਜ਼ ਦਾ ਸਵਾਗਤ ਕਰਦੇ ਹਾਂ।
74. ਅਸੀਂ ਮੰਨਦੇ ਹਾਂ ਕਿ ਬ੍ਰਿਕਸ ਦੇਸ਼ਾਂ ਲਈ ਪਣਡੁੱਬੀ ਕੇਬਲ ਬੁਨਿਆਦੀ ਢਾਂਚਾ ਕੌਮਾਂਤਰੀ ਡਿਜੀਟਲ ਸੰਪਰਕ (ਕਨੈਕਟੀਵਿਟੀ) ਅਤੇ ਨੈੱਟਵਰਕ ਲਚਕਤਾ ਲਈ ਇੱਕ ਅਹਿਮ ਆਧਾਰ ਹੈ। ਅਸੀਂ ਇੱਕ ਸਮਰਪਿਤ ਟਾਸਕ ਫੋਰਸ ਦੇ ਤਾਲਮੇਲ ਦੀ ਸ਼ਲਾਘਾ ਕਰਦੇ ਹਾਂ ਜਿਸ ਨੇ 2025 ਦੇ ਰੀਓ ਡੀ ਜਨੇਰੀਓ ਐਲਾਨਨਾਮੇ ਤੋਂ ਬਾਅਦ, ‘ਬ੍ਰਿਕਸ ਕੇਬਲ ਜ਼ਰੂਰਤਾਂ: ਨਿਰਦੇਸ਼ਕ ਸੰਖੇਪ’ ਦਸਤਾਵੇਜ਼ ਨੂੰ ਮੁਕੰਮਲ ਕੀਤਾ। ਉਸ ਐਲਾਨਨਾਮੇ ਵਿੱਚ ਬ੍ਰਿਕਸ ਦੇਸ਼ਾਂ ਵਿਚਕਾਰ ਪਣਡੁੱਬੀ ਕੇਬਲਾਂ ਰਾਹੀਂ ਇੱਕ ਹਾਈ-ਸਪੀਡ ਸੰਚਾਰ ਨੈੱਟਵਰਕ ਸਥਾਪਤ ਕਰਨ ਲਈ ‘ਤਕਨੀਕੀ ਅਤੇ ਆਰਥਿਕ ਵਿਹਾਰਕਤਾ ਅਧਿਐਨ’ ਕਰਵਾਉਣ ਦੀ ਚਰਚਾ ਦਾ ਸਵਾਗਤ ਕੀਤਾ ਗਿਆ ਸੀ। ਇਸ ਸਬੰਧੀ ਅਸੀਂ ਕੌਮੀ ਹਾਲਾਤ ਅਤੇ ਤਰਜੀਹਾਂ ਅਨੁਸਾਰ ਬ੍ਰਿਕਸ ਦੇਸ਼ਾਂ ਵਿਚਕਾਰ ਸਵੈ-ਇੱਛਤ ਆਧਾਰ ’ਤੇ ਨਿਰੰਤਰ ਗੱਲਬਾਤ ਅਤੇ ਸਹਿਯੋਗ ਦਾ ਸਮਰਥਨ ਕਰਦੇ ਹਾਂ। ਅਸੀਂ ਅੱਗੇ ਬ੍ਰਿਕਸ ਐੱਸਟੀਆਈ ਸਟੀਅਰਿੰਗ ਕਮੇਟੀ ਨੂੰ ਇਸ ਟਾਸਕ ਫੋਰਸ ਦੇ ਅੰਦਰ ਇਸ ਗੱਲਬਾਤ ਨੂੰ ਜਾਰੀ ਰੱਖਣ ਲਈ ਉਤਸ਼ਾਹਿਤ ਕਰਦੇ ਹਾਂ ਅਤੇ ਰਾਸ਼ਟਰੀ ਤਰਜੀਹਾਂ ਅਤੇ ਨਿਯਮਾਂ ਦਾ ਸਤਿਕਾਰ ਕਰਦੇ ਹੋਏ ਵਿਹਾਰਕਤਾ ਅਧਿਐਨ ਲਈ ਅਗਲੇ ਕਦਮਾਂ ਦੀ ਤਜਵੀਜ਼ ਰੱਖਦੇ ਹਾਂ। ਅਸੀਂ ਹੋਰ ਸੁਧਾਰ ਲਈ ਬ੍ਰਿਕਸ ਆਈਸੀਟੀ ਟਰੈਕ ਅਤੇ ਐੱਸਟੀਆਈ ਟਰੈਕ ਵਿਚਕਾਰ ਤਾਲਮੇਲ ਵਧਾਉਣ ਅਤੇ ਕੰਮ ਦੇ ਦੁਹਰਾਅ ਨੂੰ ਰੋਕਣ ਦੀ ਆਸ ਕਰਦੇ ਹਾਂ।
75. ਅਸੀਂ ਬ੍ਰਿਕਸ ਐੱਸਟੀਆਈ ਫਰੇਮਵਰਕ ਪ੍ਰੋਗਰਾਮ ਦੇ ਦਸ ਸਾਲਾਂ ਦੇ ਮੀਲ ਪੱਥਰ ਦਾ ਜਸ਼ਨ ਮਨਾਉਂਦੇ ਹਾਂ, ਜੋ ਸਾਂਝੀ ਵਿਗਿਆਨਕ ਖੋਜ ਨੂੰ ਫੰਡ ਦੇਣ ਦੇ ਮੁੱਖ ਤੰਤਰ ਵਜੋਂ ਕੰਮ ਕਰਦਾ ਹੈ। ਅਸੀਂ ਇਸ ਮੌਕੇ ਨੂੰ ਮਨਾਉਣ ਲਈ ਅਕਤੂਬਰ 2026 ਵਿੱਚ ਰੂਸ ਵਿੱਚ ਕਰਵਾਏ ਗਏ ਸਮਰਪਿਤ ਸਮਾਗਮ ਨੂੰ ਨੋਟ ਕਰਦੇ ਹਾਂ। ਅਸੀਂ ਪਹਿਲੀ ਇਨੋਵੇਸ਼ਨ ਕਾਲ, ਪਾਇਲਟ ਫਲੈਗਸ਼ਿਪ ਕਾਲ, ਦੇ ਨਾਲ-ਨਾਲ ਖੋਜ ਪ੍ਰੋਜੈਕਟਾਂ ਲਈ 7ਵੀਂ ਰੈਗੂਲਰ ਕਾਲ ਦੀ ਸ਼ੁਰੂਆਤ ਦਾ ਵੀ ਸਵਾਗਤ ਕਰਦੇ ਹਾਂ ਅਤੇ ਉਨ੍ਹਾਂ ਦੇ ਨਤੀਜਿਆਂ ਦੀ ਉਡੀਕ ਕਰਦੇ ਹਾਂ।
76. ਨਵੀਨਤਾ ਲਿਆਉਣ ਅਤੇ ਸਾਡੀ ਸਮੂਹਿਕ ਖੁਸ਼ਹਾਲੀ, ਆਰਥਿਕ ਵਿਕਾਸ ਅਤੇ ਭਵਿੱਖ ਦੀ ਮੁਕਾਬਲੇਬਾਜ਼ੀ ਵਿੱਚ ਯੋਗਦਾਨ ਪਾਉਣ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ ਨੂੰ ਮੰਨਦੇ ਹੋਏ, ਅਸੀਂ ਬ੍ਰਿਕਸ ਮੈਂਬਰਾਂ ਨੂੰ ਯੰਗ ਸਾਇੰਟਿਸਟਸ ਫੋਰਮ ਅਤੇ ਯੰਗ ਇਨੋਵੇਟਰਜ਼ ਪ੍ਰਾਈਜ਼ ਸਮੇਤ ਸਥਾਪਤ ਵਿਧੀਆਂ ਰਾਹੀਂ ਨੌਜਵਾਨ ਖੋਜਕਰਤਾਵਾਂ ਅਤੇ ਸਟਾਰਟਅੱਪਸ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕਰਦੇ ਹਾਂ। ਅਸੀਂ ਨਵੀਨਤਾ ਈਕੋਸਿਸਟਮ ਨੂੰ ਮਜ਼ਬੂਤ ਕਰਨ ਅਤੇ ਟਿਕਾਊ ਅਤੇ ਸ਼ਮੂਲੀਅਤ ਵਾਲੇ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਵਾਲੀਆਂ ਪਹਿਲਕਦਮੀਆਂ ਨੂੰ ਵੀ ਮਾਨਤਾ ਦਿੰਦੇ ਹਾਂ, ਜਿਨ੍ਹਾਂ ਵਿੱਚ ਬ੍ਰਿਕਸ ਯੂਥ ਸਟਾਰਟਅੱਪਸ ਲਈ ਤਜਵੀਜ਼ਤ ਵਰਚੁਅਲ ਪਲੇਟਫਾਰਮ ਸ਼ਾਮਲ ਹੈ, ਤਾਂ ਜੋ ਬ੍ਰਿਕਸ ਯੰਗ ਸਾਇੰਟਿਸਟਸ ਅਤੇ ਯੰਗ ਇਨੋਵੇਟਰਜ਼ ਦੇ ਸਾਬਕਾ ਵਿਦਿਆਰਥੀਆਂ ਵਿਚਾਲੇ ਸ਼ਮੂਲੀਅਤ ਅਤੇ ਨੈੱਟਵਰਕਿੰਗ ਨੂੰ ਸਮਰੱਥ ਬਣਾਇਆ ਜਾ ਸਕੇ ਅਤੇ ਉਨ੍ਹਾਂ ਵਿਚਾਲੇ ਗੱਲਬਾਤ, ਨੈੱਟਵਰਕਿੰਗ ਅਤੇ ਸਵੈ-ਇੱਛਤ ਆਦਾਨ-ਪ੍ਰਦਾਨ ਨੂੰ ਸੁਖਾਲਾ ਬਣਾਇਆ ਜਾ ਸਕੇ।
77. ਅਸੀਂ ਮੰਨਦੇ ਹਾਂ ਕਿ ਡਿਜੀਟਲ ਅਤੇ ਆਈਸੀਟੀ ਈਕੋਸਿਸਟਮ ਆਰਥਿਕ ਵਿਕਾਸ, ਸਮਾਜਿਕ ਸ਼ਮੂਲੀਅਤ, ਬਿਹਤਰ ਸੇਵਾ-ਵੰਡ, ਟਿਕਾਊ ਵਿਕਾਸ, ਲਚਕਤਾ ਅਤੇ ਨਵੀਨਤਾ ਲਈ ਅਹਿਮ ਆਧਾਰ ਹਨ ਅਤੇ ਅਸੀਂ ਇੱਕ ਪ੍ਰਭੂਸੱਤਾ ਸੰਪੰਨ ਅਤੇ ਆਤਮ-ਨਿਰਭਰ ਡਿਜੀਟਲ ਈਕੋਸਿਸਟਮ ਵੱਲ ਬ੍ਰਿਕਸ ਸਹਿਯੋਗ ਨੂੰ ਡੂੰਘਾ ਕਰਨ ’ਤੇ ਜ਼ੋਰ ਦਿੰਦੇ ਹਾਂ। ਇਸ ਸਬੰਧੀ ਅਸੀਂ ਡਿਜੀਟਲ ਈਕੋਸਿਸਟਮ ਨੂੰ ਮਜ਼ਬੂਤ ਕਰਨ ਅਤੇ ਵੱਡੇ ਪੱਧਰ ’ਤੇ ਸੇਵਾਵਾਂ ਦੇਣ ਅਤੇ ਸਾਰਿਆਂ ਲਈ ਸਮਾਜਿਕ ਅਤੇ ਆਰਥਿਕ ਮੌਕਿਆਂ ਨੂੰ ਵਧਾਉਣ ਲਈ, ਰਾਸ਼ਟਰੀ ਤਰਜੀਹਾਂ ਅਤੇ ਹਾਲਾਤ ’ਤੇ ਆਧਾਰਿਤ, ਲਚਕੀਲੇ, ਸੁਰੱਖਿਅਤ, ਸ਼ਮੂਲੀਅਤ ਵਾਲੇ ਅਤੇ ਆਪਸੀ ਤਾਲਮੇਲ ਵਾਲੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਅਤੇ ਡਿਜੀਟਲ ਜਨਤਕ ਵਸਤਾਂ ਦੀ ਵੱਡੀ ਸਮਰੱਥਾ ’ਤੇ ਚਾਨਣਾ ਪਾਉਂਦੇ ਹਾਂ। ਅਸੀਂ ਬ੍ਰਿਕਸ ਦੇਸ਼ਾਂ ਲਈ ਡਿਜੀਟਲ ਪਬਲਿਕ ਇਨਫਰਾਸਟਰੱਕਚਰ ਰਿਪਾਜ਼ਿਟਰੀ ਅਤੇ ਬ੍ਰਿਕਸ ਦੇਸ਼ਾਂ ਲਈ ਡਿਜੀਟਲ ਤਬਦੀਲੀ ਵਾਸਤੇ ਡਿਜੀਟਲ ਪਬਲਿਕ ਇਨਫਰਾਸਟਰੱਕਚਰ ਹੱਲਾਂ ਦੇ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦੀ ਤਜਵੀਜ਼ ਨੂੰ ਨੋਟ ਕਰਦੇ ਹਾਂ।
78. ਅਸੀਂ ਮੰਨਦੇ ਹਾਂ ਕਿ ਭਵਿੱਖੀ ਨੈੱਟਵਰਕਾਂ ਦੀ ਖੋਜ ਅਤੇ ਵਿਕਾਸ ਬ੍ਰਿਕਸ ਦੇਸ਼ਾਂ ਵਿਚਾਲੇ ਡਿਜੀਟਲ ਤਬਦੀਲੀ ਅਤੇ ਕਨੈਕਟੀਵਿਟੀ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਅਹਿਮੀਅਤ ਰੱਖਦਾ ਹੈ, ਅਤੇ ਅਸੀਂ ਸਾਰੇ ਬ੍ਰਿਕਸ ਮੈਂਬਰਾਂ ਨੂੰ ਬੀਆਈਐੱਫਐੱਨ ਲਈ ਕੌਮੀ ਸ਼ਾਖਾ ਨਾਮਜ਼ਦ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਇਸ ਸਬੰਧੀ ਅਸੀਂ ਸਬੰਧਤ ਸੂਚਨਾ ਪੋਰਟਲ ਦੀ ਤਜਵੀਜ਼ ਸਮੇਤ, ਬ੍ਰਿਕਸ ਦੇਸ਼ਾਂ ਲਈ ਡਿਜੀਟਲ ਈਕੋਸਿਸਟਮ ਸਹਿਯੋਗ ਨੈੱਟਵਰਕ ਸਥਾਪਤ ਕਰਨ ਦੀ ਤਜਵੀਜ਼ ਨੂੰ ਨੋਟ ਕਰਦੇ ਹਾਂ।
79. ਅਸੀਂ ਵੱਡਾ, ਹਾਲਾਤ ਪ੍ਰਤੀ ਜਵਾਬਦੇਹ ਅਤੇ ਸਹਿਯੋਗੀ ਪਹੁੰਚਾਂ ਰਾਹੀਂ ਡਿਜੀਟਲ ਹੁਨਰ, ਖੋਜ ਸਹਿਯੋਗ ਅਤੇ ਸਮਰੱਥਾ ਨਿਰਮਾਣ ਵਿੱਚ ਸਹਿਯੋਗ ਵਧਾਉਣ ਨੂੰ ਉਤਸ਼ਾਹਿਤ ਕਰਦੇ ਹਾਂ। ਇਸ ਸਬੰਧੀ ਅਸੀਂ ਭਵਿੱਖ ਲਈ ਤਿਆਰ ਕਾਮੇ ਪੈਦਾ ਕਰਨ ਦੀ ਦਿਸ਼ਾ ਵਿੱਚ ਸ਼ਲਾਘਾਯੋਗ ਕੋਸ਼ਿਸ਼ ਵਜੋਂ ਬ੍ਰਿਕਸ ਮੈਂਬਰ ਦੇਸ਼ਾਂ ਲਈ ਸਮਰੱਥਾ ਨਿਰਮਾਣ ਕੇਂਦਰਾਂ ਦੀ ਤਜਵੀਜ਼ ਨੂੰ ਨੋਟ ਕਰਦੇ ਹਾਂ। ਅਸੀਂ ਬ੍ਰਿਕਸ ਦੇਸ਼ਾਂ ਨਾਲ ਨੀਤੀਗਤ ਤਜਰਬਿਆਂ ਨੂੰ ਸਾਂਝਾ ਕਰਨ ਲਈ ਯੂਨੀਵਰਸਲ ਐਂਡ ਰਿਜ਼ਿਲੀਐਂਟ ਡਿਜੀਟਲ ਕਨੈਕਟੀਵਿਟੀ ’ਤੇ ਇੱਕ ਸੰਗ੍ਰਹਿ (ਕੰਪੈਂਡੀਅਮ) ਵਿਕਸਤ ਕਰਨ ਦੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕਰਦੇ ਹਾਂ। ਅੱਗੇ, ਅਸੀਂ ਡਿਜੀਟਲ ਬ੍ਰਿਕਸ ਫੋਰਮ 2026 ਕਰਵਾਏ ਜਾਣ ਦਾ ਸਵਾਗਤ ਕਰਦੇ ਹਾਂ। ਅਸੀਂ ਡਿਜੀਟਲ ਪਬਲਿਕ ਇਨਫਰਾਸਟਰੱਕਚਰ ’ਤੇ ਫੋਕਸ ਗਰੁੱਪ ਦੀ ਮੀਟਿੰਗ ਹੋਣ ਨੂੰ ਵੀ ਨੋਟ ਕਰਦੇ ਹਾਂ।
80. ਅਸੀਂ ਬੱਚਿਆਂ ਲਈ ਸੁਰੱਖਿਅਤ ਡਿਜੀਟਲ ਮਾਹੌਲ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ’ਤੇ ਜ਼ੋਰ ਦਿੰਦੇ ਹਾਂ, ਜਿਸ ਵਿੱਚ ਸਰਗਰਮ ਉਪਾਅ, ਜਾਗਰੂਕਤਾ ਪੈਦਾ ਕਰਨਾ, ਰੋਕਥਾਮ, ਵਧੀਆ ਅਭਿਆਸਾਂ ਦਾ ਆਦਾਨ-ਪ੍ਰਦਾਨ, ਸਮਰੱਥਾ-ਨਿਰਮਾਣ ਅਤੇ ਉਪਭੋਗਤਾ-ਕੇਂਦਰਿਤ ਸੁਰੱਖਿਆ ਸ਼ਾਮਲ ਹੈ। ਅਸੀਂ ਬਜ਼ੁਰਗ ਨਾਗਰਿਕਾਂ ਦੇ ਨਾਲ-ਨਾਲ ਕਮਜ਼ੋਰ ਸਥਿਤੀਆਂ ਵਾਲੇ ਲੋਕਾਂ ਲਈ ਵੀ ਇੱਕ ਸੁਰੱਖਿਅਤ ਡਿਜੀਟਲ ਮਾਹੌਲ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ’ਤੇ ਹੋਰ ਜ਼ੋਰ ਦਿੰਦੇ ਹਾਂ, ਜਿਨ੍ਹਾਂ ਲਈ ਟੀਚਾ-ਆਧਾਰਿਤ ਰੋਕਥਾਮ ਅਤੇ ਜਾਗਰੂਕਤਾ ਪੈਦਾ ਕਰਨ ਵਾਲੇ ਕਦਮਾਂ ਦੀ ਲੋੜ ਹੈ।
81. ਅਸੀਂ ਮੰਨਦੇ ਹਾਂ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਸਾਰਿਆਂ ਲਈ ਆਰਥਿਕ ਵਿਕਾਸ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਦਾ ਵੱਡਾ ਮੌਕਾ ਪੇਸ਼ ਕਰਦੀ ਹੈ। ਅਸੀਂ ਅੱਗੇ ਨੋਟ ਕਰਦੇ ਹਾਂ ਕਿ ਏਆਈ ਦੀ ਸੁਰੱਖਿਆ, ਬਚਾਅ, ਸ਼ਮੂਲੀਅਤ ਅਤੇ ਭਰੋਸੇਯੋਗਤਾ ਯਕੀਨੀ ਬਣਾਉਂਦੇ ਹੋਏ ਏਆਈ ਸਰੋਤਾਂ ਦੀ ਪਹੁੰਚ ਵਧਾਉਣ, ਏਆਈ ਪ੍ਰਣਾਲੀਆਂ ਦੀ ਊਰਜਾ ਕੁਸ਼ਲਤਾ ਨੂੰ ਉਤਸ਼ਾਹਿਤ ਕਰਨ, ਏਆਈ ਵਿਗਿਆਨ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ, ਭਰੋਸੇਯੋਗ ਏਆਈ ਤਕਨਾਲੋਜੀਆਂ ਵਿਕਸਤ ਕਰਨ, ਆਰਥਿਕ ਵਿਕਾਸ ਅਤੇ ਸਮਾਜਿਕ ਭਲਾਈ ਲਈ ਏਆਈ ਦਾ ਲਾਭ ਉਠਾਉਣ ਅਤੇ ਸੰਭਾਵਿਤ ਖਤਰਿਆਂ ਨੂੰ ਘਟਾਉਣ ਵਿੱਚ ਕੌਮਾਂਤਰੀ ਸਹਿਯੋਗ ਸਾਰੇ ਦੇਸ਼ਾਂ, ਖਾਸ ਕਰਕੇ ਗਲੋਬਲ ਸਾਊਥ ਦੇ ਦੇਸ਼ਾਂ ਦੇ ਨਿਆਂਪੂਰਨ, ਨਿਰਪੱਖ, ਬਰਾਬਰ ਅਤੇ ਖੁਸ਼ਹਾਲ ਭਵਿੱਖ ਨੂੰ ਉਤਸ਼ਾਹਿਤ ਕਰਨ ਲਈ ਜ਼ਰੂਰੀ ਹੋਵੇਗਾ। ਅਸੀਂ ਫਰਵਰੀ 2026 ਵਿੱਚ ਏਆਈ ਇਮਪੈਕਟ ਸਮਿਟ ਦੇ ਸਫਲਤਾਪੂਰਵਕ ਕਰਵਾਏ ਜਾਣ ’ਤੇ ਭਾਰਤ ਨੂੰ ਵਧਾਈ ਦਿੰਦੇ ਹਾਂ ਅਤੇ ਮਾਨਤਾ ਦਿੰਦੇ ਹਾਂ ਕਿ ਇਹ ਸਿਖਰ ਸੰਮੇਲਨ ਸਾਂਝੀਆਂ ਤਰਜੀਹਾਂ ਨੂੰ ਅੱਗੇ ਵਧਾਉਣ ਲਈ ਕੌਮਾਂਤਰੀ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਵੇਗਾ। ਅਸੀਂ ਸ਼ੰਘਾਈ ਵਿੱਚ ਵਰਲਡ ਏਆਈ ਕਾਨਫਰੰਸ ਅਤੇ ਗਲੋਬਲ ਏਆਈ ਗਵਰਨੈਂਸ ਬਾਰੇ ਉੱਚ-ਪੱਧਰੀ ਮੀਟਿੰਗ ਅਤੇ ਸਾਰਿਆਂ ਦੀ ਭਲਾਈ ਲਈ ਏਆਈ ਕੌਮਾਂਤਰੀ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ ਇਸ ਦੇ ਯੋਗਦਾਨ ਨੂੰ ਵੀ ਮਾਨਤਾ ਦਿੰਦੇ ਹਾਂ। ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਆਲਮੀ ਪ੍ਰਬੰਧਨ ਬਾਰੇ ਬ੍ਰਿਕਸ ਨੇਤਾਵਾਂ ਦੇ ਬਿਆਨ ਨੂੰ ਲਾਗੂ ਕਰਨ ਲਈ ਵਚਨਬੱਧ ਹਾਂ।
82. ਜਲਵਾਯੂ ਤਬਦੀਲੀ ਨਾਲ ਜੁੜੇ ਖਤਰਿਆਂ ਸਮੇਤ, ਖਾਸ ਕਰਕੇ ਗਲੋਬਲ ਸਾਊਥ ਲਈ ਆਫ਼ਤ ਦੇ ਖਤਰਿਆਂ ਦੀ ਵੱਧ ਰਹੀ ਗੁੰਝਲਤਾ ਨੂੰ ਮੰਨਦਿਆਂ, ਅਸੀਂ ਆਫ਼ਤ-ਸਬੰਧੀ ਨੁਕਸਾਨ ਨੂੰ ਘਟਾਉਣ ਅਤੇ ਬੁਨਿਆਦੀ ਢਾਂਚੇ, ਮਨੁੱਖੀ ਜਾਨਾਂ ਅਤੇ ਰੋਜ਼ੀ-ਰੋਟੀ ਦੀ ਰੱਖਿਆ ਲਈ ਰਾਸ਼ਟਰੀ ਆਫ਼ਤ ਜੋਖਮ ਘਟਾਉਣ ਦੀਆਂ ਪ੍ਰਣਾਲੀਆਂ ਅਤੇ ਸਮਰੱਥਾਵਾਂ ਨੂੰ ਬਿਹਤਰ ਬਣਾਉਣ ਲਈ ਬ੍ਰਿਕਸ ਸਹਿਯੋਗ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ। ਇਸ ਦੇ ਨਾਲ ਹੀ ਤਿਆਰੀ ਅਤੇ ਆਤਮ-ਨਿਰਭਰਤਾ ਯਕੀਨੀ ਬਣਾਉਣ ਲਈ ਰਵਾਇਤੀ, ਮੂਲ, ਸਥਾਨਕ ਗਿਆਨ ਅਤੇ ਭਾਈਚਾਰਾ-ਆਧਾਰਿਤ ਪਹੁੰਚਾਂ ਨੂੰ ਸਾਂਝਾ ਕਰਨ; ਅਤੇ ਵਿਆਪਕ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਜਨਤਕ ਅਤੇ ਨਿੱਜੀ ਨਿਵੇਸ਼ ਸਮੇਤ ਢੁਕਵੇਂ, ਭਵਿੱਖਬਾਣੀ ਯੋਗ ਅਤੇ ਪਹੁੰਚਯੋਗ ਫੰਡ ਜੁਟਾਉਣ ਪ੍ਰਤੀ ਵੀ ਵਚਨਬੱਧ ਹਾਂ। ਇਸ ਸੰਦਰਭ ਵਿੱਚ, ਅਸੀਂ ‘ਡਿਜ਼ਾਸਟਰ ਮੈਨੇਜਮੈਂਟ ਅਰਲੀ ਵਾਰਨਿੰਗ ਡੇਟਾ ਇੰਟੀਗ੍ਰੇਸ਼ਨ’ ਲਈ ਬ੍ਰਿਕਸ ਦਿਸ਼ਾ-ਨਿਰਦੇਸ਼ਾਂ ਅਤੇ ‘ਜਲਵਾਯੂ-ਲਚਕੀਲੇ ਸ਼ਹਿਰੀ ਬੁਨਿਆਦੀ ਢਾਂਚੇ’ ਲਈ ਬ੍ਰਿਕਸ ਸਵੈ-ਇੱਛਤ ਸਿਧਾਂਤਾਂ ਦਾ ਸਵਾਗਤ ਕਰਦੇ ਹਾਂ।
83. ਅਸੀਂ ਇਸ ਗੱਲ ’ਤੇ ਜ਼ੋਰ ਦਿੰਦੇ ਹਾਂ ਕਿ ਟਿਕਾਊ ਵਿਕਾਸ ਪ੍ਰਾਪਤ ਕਰਨ ਲਈ ਜਲਵਾਯੂ ਅਤੇ ਆਫ਼ਤ ਦੇ ਜੋਖਮਾਂ ਪ੍ਰਤੀ ਬੁਨਿਆਦੀ ਢਾਂਚਾ ਪ੍ਰਣਾਲੀਆਂ ਦੀ ਲਚਕਤਾ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ। ਇਸ ਸਬੰਧੀ ਅਸੀਂ ਤਕਨੀਕੀ ਸਹਾਇਤਾ, ਗਿਆਨ ਦੇ ਆਦਾਨ-ਪ੍ਰਦਾਨ, ਸਮਰੱਥ ਨੀਤੀਆਂ ਅਤੇ ਫੰਡਿੰਗ ਪਹੁੰਚਾਂ ਰਾਹੀਂ ਬੁਨਿਆਦੀ ਢਾਂਚਾ ਪ੍ਰਣਾਲੀਆਂ ਵਿੱਚ ਲਚਕਤਾ ਨੂੰ ਜੋੜਨ ਵਿੱਚ ਮੈਂਬਰ ਅਤੇ ਭਾਈਵਾਲ ਦੇਸ਼ਾਂ ਦਾ ਸਮਰਥਨ ਕਰਨ ਲਈ ਕੌਮਾਂਤਰੀ ਭਾਈਵਾਲੀ ਵਜੋਂ ਕੋਲੀਸ਼ਨ ਫਾਰ ਡਿਜ਼ਾਸਟਰ ਰਿਜ਼ਿਲੀਐਂਟ ਇਨਫਰਾਸਟਰੱਕਚਰ (ਸੀਡੀਆਰਆਈ) ਦੀ ਭੂਮਿਕਾ ਨੂੰ ਮੰਨਦੇ ਹਾਂ। ਅਸੀਂ ਸਬੂਤ-ਆਧਾਰਿਤ ਨੀਤੀ ਨਿਰਮਾਣ ਨੂੰ ਆਧਾਰ ਬਣਾ ਕੇ ਟਿਕਾਊ ਲਚਕਤਾ ਬਣਾਉਣ ਵਿੱਚ ਨਿਵੇਸ਼ ਕਰਨ, ਰੋਕਥਾਮ ਨੂੰ ਪਹਿਲ ਦੇਣ ਅਤੇ ਅਗਾਊਂ ਕਾਰਵਾਈ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹਾਂ। ਅਸੀਂ ਤਿਆਰੀ ਅਤੇ ਜਵਾਬੀ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਅਗਾਊਂ ਚੇਤਾਵਨੀ ਪ੍ਰਣਾਲੀਆਂ ਅਤੇ ਜੋਖਮ-ਆਧਾਰਿਤ ਯੋਜਨਾਬੰਦੀ ਨੂੰ ਵਧਾਉਣ ਦੀ ਮਹੱਤਤਾ ’ਤੇ ਵੀ ਜ਼ੋਰ ਦਿੰਦੇ ਹਾਂ।
84. ਅਸੀਂ ਮੰਨਦੇ ਹਾਂ ਕਿ ਬ੍ਰਿਕਸ ਮੈਂਬਰ ਸਮਾਜਾਂ ਅਤੇ ਸਭਿਅਤਾਵਾਂ ਦੀ ਵਿਭਿੰਨਤਾ ਦੀ ਨੁਮਾਇੰਦਗੀ ਕਰਦੇ ਹਨ ਜੋ ਡਬਲਿਊਟੀਓ ਨਿਯਮਾਂ ਦੇ ਉਲਟ ਜਾਣ ਵਾਲੇ ਗੈਰ-ਵਾਜਬ ਇਕਪਾਸੜ ਸੁਰੱਖਿਆਵਾਦੀ ਕਦਮਾਂ ਤੋਂ ਵੱਖੋ-ਵੱਖਰੇ ਢੰਗ ਨਾਲ ਪ੍ਰਭਾਵਿਤ ਹੁੰਦੇ ਹਨ, ਅਤੇ ਇਹ ਕਿ ਬ੍ਰਿਕਸ ਨੂੰ ਆਪਸੀ ਲਾਹੇਵੰਦ ਟਿਕਾਊ ਵਿਕਾਸ ਲਈ ਇੱਕ ਨਿਆਂਪੂਰਨ ਅਤੇ ਨਿਰਪੱਖ, ਸਥਿਰ ਅਤੇ ਭਵਿੱਖਬਾਣੀ ਯੋਗ ਮਾਹੌਲ ਨੂੰ ਉਤਸ਼ਾਹਿਤ ਕਰਨ ’ਤੇ ਧਿਆਨ ਦੇਣਾ ਚਾਹੀਦਾ ਹੈ। ਅਸੀਂ ਵਧੇਰੇ ਲਚਕੀਲੀਆਂ, ਭਰੋਸੇਮੰਦ ਅਤੇ ਸਥਿਰ ਸਪਲਾਈ ਚੇਨਾਂ ਬਣਾਉਣ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹਾਂ, ਜਿਸ ਵਿੱਚ ਵਿਕਾਸਸ਼ੀਲ ਦੇਸ਼ਾਂ ਦੀਆਂ ਉਨ੍ਹਾਂ ਦੇ ਆਧੁਨਿਕੀਕਰਨ ਦੀਆਂ ਕੋਸ਼ਿਸ਼ਾਂ ਲਈ ਲੋੜਾਂ ਵੱਲ ਖਾਸ ਧਿਆਨ ਦਿੱਤਾ ਜਾਵੇ। ਇਸ ਸਬੰਧੀ ਅਸੀਂ ਸਹਿਮਤ ਹਾਂ ਕਿ ਬ੍ਰਿਕਸ ਨੂੰ ਆਲਮੀ ਨਿਰਮਾਣ ਅਤੇ ਉਤਪਾਦਨ ਦੇ ਵਧੇਰੇ ਮੁੱਲ ਵਾਧੇ ਵਾਲੇ ਹਿੱਸਿਆਂ ਵਿੱਚ ਵਿਕਾਸਸ਼ੀਲ ਦੇਸ਼ਾਂ ਅਤੇ ਉੱਭਰ ਰਹੇ ਬਾਜ਼ਾਰਾਂ ਦੀ ਵਿਆਪਕ ਅਤੇ ਵਧੇਰੇ ਬਰਾਬਰ ਭਾਗੀਦਾਰੀ ਲਈ ਕੰਮ ਕਰਨਾ ਚਾਹੀਦਾ ਹੈ, ਜਿਸ ਵਿੱਚ ਹਰੇਕ ਮੈਂਬਰ ਦੇ ਸਬੰਧਤ ਕਾਨੂੰਨਾਂ, ਨਿਯਮਾਂ ਅਤੇ ਨੀਤੀਆਂ ਦੇ ਅਨੁਸਾਰ ਵਪਾਰ ਅਤੇ ਨਿਵੇਸ਼ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨਾ, ਤਕਨੀਕੀ ਸਹਿਯੋਗ, ਉਤਪਾਦਕ ਸਮਰੱਥਾਵਾਂ ਨੂੰ ਉਤਸ਼ਾਹਿਤ ਕਰਨਾ ਅਤੇ ਤਕਨਾਲੋਜੀ ਦਾ ਤਬਾਦਲਾ ਕਰਨਾ ਸ਼ਾਮਲ ਹੈ।
85. ਅਸੀਂ ਆਰਥਿਕ ਵਿਕਾਸ ਅਤੇ ਖੁਸ਼ਹਾਲੀ ਦੇ ਪ੍ਰੇਰਕ ਵਜੋਂ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈਜ਼) ਦੇ ਕੌਮਾਂਤਰੀਕਰਨ ਨੂੰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ। ਅਸੀਂ ਮੰਨਦੇ ਹਾਂ ਕਿ ਸਸਤੇ ਫੰਡਾਂ ਤੱਕ ਪਹੁੰਚ ਇੱਕ ਮੁੱਖ ਰੁਕਾਵਟ ਅਤੇ ਢਾਂਚਾਗਤ ਮਜਬੂਰੀ ਬਣੀ ਹੋਈ ਹੈ, ਜੋ ਵਪਾਰ ਵਿੱਚ ਐੱਮਐੱਸਐੱਮਈਜ਼ ਦੀ ਭਾਗੀਦਾਰੀ ਅਤੇ ਗਲੋਬਲ ਵੈਲਿਊ ਚੇਨਜ਼ (ਜੀਵੀਸੀ) ਵਿੱਚ ਏਕੀਕਰਨ ਨੂੰ ਸੀਮਤ ਕਰਦੀ ਹੈ। ਅਸੀਂ ਬਰਾਮਦ-ਮੁਖੀ ਐੱਮਐੱਸਐੱਮਈਜ਼ ਲਈ ਕ੍ਰੈਡਿਟ ਅਸੈਸਮੈਂਟ ਫਰੇਮਵਰਕ ਵਾਸਤੇ ਬ੍ਰਿਕਸ ਦੇ ਮਾਰਗਦਰਸ਼ਕ ਸਿਧਾਂਤਾਂ ਦਾ ਸਵਾਗਤ ਕਰਦੇ ਹਾਂ ਜੋ ਜਾਣਕਾਰੀ ਦੀਆਂ ਅਸਮਾਨਤਾਵਾਂ ਨੂੰ ਘਟਾਉਣ, ਜੋਖਮ ਮੁਲਾਂਕਣ ਵਿੱਚ ਸੁਧਾਰ ਕਰਨ ਅਤੇ ਘੱਟ ਸੇਵਾਵਾਂ ਪ੍ਰਾਪਤ ਐੱਮਐੱਸਐੱਮਈਜ਼ ਲਈ ਰਸਮੀ ਫੰਡਾਂ ਤੱਕ ਪਹੁੰਚ ਨੂੰ ਵਧਾਉਣ ਲਈ ਵਿਭਿੰਨ ਅਤੇ ਢੁਕਵੇਂ ਡੇਟਾ ਸਰੋਤਾਂ ਦਾ ਲਾਭ ਉਠਾਉਂਦੇ ਹਨ। ਅਸੀਂ ਐੱਮਐੱਸਐੱਮਈਜ਼ ਲਈ ਵਪਾਰਕ ਫੰਡਾਂ ਤੱਕ ਆਸਾਨ ਪਹੁੰਚ ਦੀ ਸਹੂਲਤ ਲਈ ਨਵੀਨਤਾਕਾਰੀ ਵਿੱਤੀ ਵਿਧੀਆਂ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ਨੂੰ ਸਮਝਦੇ ਹਾਂ, ਜਿਸ ਵਿੱਚ ਡਿਜੀਟਲ ਅਤੇ ਪਲੇਟਫਾਰਮ-ਆਧਾਰਿਤ ਬਹੁ-ਹਿੱਸੇਦਾਰ ਹੱਲ ਸ਼ਾਮਲ ਹਨ। ਅਸੀਂ ਬ੍ਰਿਕਸ ਮੈਂਬਰਾਂ ਲਈ ਇਨਵੌਇਸ ਡਿਸਕਾਊਂਟਿੰਗ ਮਕੈਨਿਜ਼ਮ ਦੀ ਸਥਾਪਨਾ ਦਾ ਅਧਿਐਨ ਕਰਨ ਲਈ ਜੈਪੁਰ ਸਹਿਮਤੀ ਦਾ ਸਵਾਗਤ ਕਰਦੇ ਹਾਂ ਜਿਸ ਦਾ ਉਦੇਸ਼ ਇਨਵੌਇਸ ਡਿਸਕਾਊਂਟਿੰਗ ਦੀ ਸਹੂਲਤ ਦੇਣਾ ਹੈ, ਜਿਸ ਨਾਲ ਐੱਮਐੱਸਐੱਮਈਜ਼ ਕਾਰਜਸ਼ੀਲ ਪੂੰਜੀ (ਵਰਕਿੰਗ ਕੈਪੀਟਲ) ਖੋਲ੍ਹ ਸਕਣ ਅਤੇ ਕੌਮਾਂਤਰੀ ਵਪਾਰ ਵਿੱਚ ਆਪਣੀ ਭਾਗੀਦਾਰੀ ਨੂੰ ਮਜ਼ਬੂਤ ਕਰ ਸਕਣ।
86. ਅਸੀਂ ਇਹ ਯਕੀਨੀ ਬਣਾਉਣ ਲਈ ਸਹਿਯੋਗ ਦੀ ਮਹੱਤਤਾ ਨੂੰ ਦੁਹਰਾਉਂਦੇ ਹਾਂ ਕਿ ਗਲੋਬਲ ਵੈਲਿਊ ਚੇਨਜ਼ (ਜੀਵੀਸੀ) ਲਚਕੀਲੀਆਂ, ਕੁਸ਼ਲ, ਭਵਿੱਖਬਾਣੀ ਯੋਗ, ਉਤਪਾਦਕ, ਪਾਰਦਰਸ਼ੀ, ਸੁਰੱਖਿਅਤ, ਨਿਰਪੱਖ, ਸਥਿਰ ਅਤੇ ਸ਼ਮੂਲੀਅਤ ਵਾਲੀਆਂ ਹੋਣ। ਅਸੀਂ ਜੀਵੀਸੀਜ਼ ਵਿੱਚ ਡਿਜੀਟਾਈਜ਼ੇਸ਼ਨ ਵੱਲ ਚੁੱਕੇ ਗਏ ਕਦਮਾਂ ਦਾ ਸਵਾਗਤ ਕਰਦੇ ਹਾਂ। ਇਸ ਸਬੰਧੀ ਅਸੀਂ ਵਪਾਰ ਦੀ ਸਹੂਲਤ, ਸਮਰੱਥਾ ਨਿਰਮਾਣ, ਅਹਿਮ ਬੁਨਿਆਦੀ ਢਾਂਚੇ, ਉਦਯੋਗਿਕ ਸਮਰੱਥਾਵਾਂ, ਵਧੀ ਹੋਈ ਕਨੈਕਟੀਵਿਟੀ, ਬੌਧਿਕ ਸੰਪਤੀ ਸੁਰੱਖਿਆ, ਅਤੇ ਤਕਨਾਲੋਜੀ ਤੱਕ ਸੁਰੱਖਿਅਤ, ਬਚਾਅ ਵਾਲੀ ਅਤੇ ਸਸਤੀ ਪਹੁੰਚ ਨੂੰ ਉਤਸ਼ਾਹਿਤ ਕਰਨ ਅਤੇ ਤੇਜ਼ ਕਰਨ ਲਈ ਤਕਨੀਕੀ ਸਹਿਯੋਗ ਨੂੰ ਉਤਸ਼ਾਹਿਤ ਕਰਦੇ ਹਾਂ, ਜੋ ਘਰੇਲੂ ਤਰਜੀਹਾਂ, ਰਾਸ਼ਟਰੀ ਕਾਨੂੰਨਾਂ ਅਤੇ ਹਰੇਕ ਮੈਂਬਰ ਦੀਆਂ ਲਾਗੂ ਹੋਣ ਵਾਲੀਆਂ ਕੌਮਾਂਤਰੀ ਜ਼ਿੰਮੇਵਾਰੀਆਂ ਦੇ ਅਨੁਸਾਰ ਟਿਕਾਊ ਵਿਕਾਸ ਵਿੱਚ ਯੋਗਦਾਨ ਪਾਉਂਦਾ ਹੋਵੇ। ਅਸੀਂ ਬ੍ਰਿਕਸ ਦੇ ਅੰਦਰ ਵਪਾਰ ਨੂੰ ਵਧਾਉਣ ਲਈ ਆਪਸੀ ਸਹਿਯੋਗ ਵਾਲੀਆਂ ਨੀਤੀਆਂ ਦੀ ਸੰਭਾਵਨਾ ਤਲਾਸ਼ਣ ਦਾ ਇਰਾਦਾ ਰੱਖਦੇ ਹਾਂ। ਅਸੀਂ ਜੀਵੀਸੀਜ਼ ’ਤੇ ਬ੍ਰਿਕਸ ਦੀ ਸਾਂਝੀ ਸਮਝ ਬਾਰੇ ਕਾਰਜ ਯੋਜਨਾ ਨੂੰ ਲਾਗੂ ਕਰਨ ਦਾ ਸਮਰਥਨ ਕਰਦੇ ਹਾਂ ਅਤੇ ਬ੍ਰਿਕਸ ਜੀਵੀਸੀ ਐਕਸ਼ਨ ਪਲਾਨ 2026-2030 ਅਤੇ ਇਸ ਵਿੱਚ ਦਰਜ ਸਾਰੀਆਂ ਪਹਿਲਕਦਮੀਆਂ ਦੇ ਅਗਲੇ ਵਿਕਾਸ ਦਾ ਸਵਾਗਤ ਕਰਦੇ ਹਾਂ। ਅਸੀਂ ਵੈਲਿਊ ਚੇਨ ਵਿੱਚ ਉੱਪਰ ਜਾਣ ਵਿੱਚ ਈਐੱਮਡੀਸੀਜ਼ ਨੂੰ ਦਰਪੇਸ਼ ਚੁਣੌਤੀਆਂ ਨੂੰ ਵਿਸ਼ੇਸ਼ ਤੌਰ ’ਤੇ ਹੱਲ ਕਰਨ ਲਈ ਇਸ ਐਕਸ਼ਨ ਪਲਾਨ ਦੀ ਲੋੜ ’ਤੇ ਵੀ ਜ਼ੋਰ ਦਿੰਦੇ ਹਾਂ।
87. ਅਸੀਂ ਉੱਦਮਾਂ ਨੂੰ ਇੱਕ ਅਨੁਕੂਲ ਕਾਰੋਬਾਰੀ ਮਾਹੌਲ, ਕੁਸ਼ਲ ਬੁਨਿਆਦੀ ਢਾਂਚਾ, ਸੁਚਾਰੂ ਰੈਗੂਲੇਟਰੀ ਪ੍ਰਕਿਰਿਆਵਾਂ, ਅਤੇ ਕਾਰੋਬਾਰ ਕਰਨ ਵਿੱਚ ਆਸਾਨੀ ਵਧਾਉਣ ਵਾਲੇ ਹੋਰ ਸੁਵਿਧਾਜਨਕ ਉਪਾਅ ਦੇ ਕੇ, ਵਪਾਰ, ਨਿਵੇਸ਼, ਸਨਅਤੀ ਸਹਿਯੋਗ, ਨਵੀਨਤਾ, ਅਤੇ ਲਚਕੀਲੀਆਂ ਤੇ ਟਿਕਾਊ ਜੀਵੀਸੀਜ਼ ਵਿੱਚ ਏਕੀਕਰਨ ਨੂੰ ਉਤਸ਼ਾਹਿਤ ਕਰਨ ਲਈ ਚੰਗੀ ਤਰ੍ਹਾਂ ਸਥਾਪਤ ਵਿਧੀਆਂ ਵਜੋਂ ਬ੍ਰਿਕਸ ਮੈਂਬਰਾਂ ਦੇ ਵਿਸ਼ੇਸ਼ ਆਰਥਿਕ ਜ਼ੋਨਾਂ (ਐੱਸਈਜ਼ੈੱਡ) ਦੀ ਸੰਭਾਵਨਾ ਦਾ ਲਾਭ ਉਠਾਉਣ ਦੀ ਇੱਛਾ ਸਾਂਝੀ ਕਰਦੇ ਹਾਂ। ਅਸੀਂ ਕਨੈਕਟੀਵਿਟੀ ਅਤੇ ਵਪਾਰ ਦੀ ਸਹੂਲਤ ਵਿੱਚ ਸਹਿਯੋਗ ਬਣਾਉਣ ਦਾ ਟੀਚਾ ਰੱਖਦੇ ਹਾਂ, ਜਿਸ ਵਿੱਚ ਹਰ ਬ੍ਰਿਕਸ ਮੈਂਬਰ ਦੀਆਂ ਵੱਖੋ-ਵੱਖਰੀਆਂ ਸਮਰੱਥਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਹਿੱਸੇਦਾਰਾਂ ਲਈ ਵਧੇਰੇ ਕੁਸ਼ਲ, ਪਾਰਦਰਸ਼ੀ, ਅਤੇ ਸੁਚਾਰੂ ਮਾਹੌਲ ਵਿੱਚ ਕੰਮ ਕਰਨ ਲਈ ਵਪਾਰਕ ਦਸਤਾਵੇਜ਼ਾਂ ਦਾ ਡਿਜੀਟਾਈਜ਼ੇਸ਼ਨ ਸ਼ਾਮਲ ਹੈ।
88. ਅਸੀਂ ਕੱਚੇ ਹੀਰਿਆਂ ਦੇ ਵਪਾਰ ਨੂੰ ਕੰਟਰੋਲ ਕਰਨ ਵਾਲੀ ਇੱਕਲੌਤੀ ਆਲਮੀ ਅੰਤਰ-ਸਰਕਾਰੀ ਪ੍ਰਮਾਣੀਕਰਣ ਯੋਜਨਾ ਵਜੋਂ ਕਿੰਬਰਲੇ ਪ੍ਰਕਿਰਿਆ ਲਈ ਆਪਣੇ ਸਮਰਥਨ ਦੀ ਪੁਸ਼ਟੀ ਕਰਦੇ ਹਾਂ ਅਤੇ ਟਕਰਾਅ ਵਾਲੇ ਹੀਰਿਆਂ (ਕਨਫਲਿਕਟ ਡਾਇਮੰਡਸ) ਨੂੰ ਬਾਜ਼ਾਰਾਂ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਆਪਣੀ ਵਚਨਬੱਧਤਾ ’ਤੇ ਜ਼ੋਰ ਦਿੰਦੇ ਹਾਂ। ਅਸੀਂ 2026 ਵਿੱਚ ਕਿੰਬਰਲੇ ਪ੍ਰਕਿਰਿਆ ਦੀ ਭਾਰਤ ਦੀ ਚੇਅਰਸ਼ਿਪ ਦਾ ਸਵਾਗਤ ਕਰਦੇ ਹਾਂ। ਅਸੀਂ ਕੱਚੇ ਹੀਰਿਆਂ ਵਿੱਚ ਮੁਕਤ ਵਪਾਰ ਅਤੇ ਆਲਮੀ ਹੀਰਾ ਸਨਅਤ ਦਾ ਟਿਕਾਊ ਵਿਕਾਸ ਯਕੀਨੀ ਬਣਾਉਣ ਲਈ ਅਫਰੀਕੀ ਹੀਰਾ-ਖਣਨ ਵਾਲੇ ਦੇਸ਼ਾਂ ਦੀ ਭਾਗੀਦਾਰੀ ਨਾਲ ਗੈਰ-ਰਸਮੀ ਬ੍ਰਿਕਸ ਸਹਿਯੋਗ ਮੰਚ ਨੂੰ ਨੋਟ ਕਰਦੇ ਹਾਂ। ਅਸੀਂ ਬ੍ਰਿਕਸ ਅਤੇ ਆਲਮੀ ਬਾਜ਼ਾਰ ਵਿੱਚ ਹੀਰੇ ਅਤੇ ਕੀਮਤੀ ਧਾਤਾਂ ਦੇ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਵਿਹਾਰਕ ਵਿਧੀਆਂ ਦੀ ਜਾਂਚ ਕਰਨਾ ਜਾਰੀ ਰੱਖਾਂਗੇ।
89. ਅਸੀਂ ਵਿਹਾਰਕ ਆਰਥਿਕ ਸਹਿਯੋਗ ਡੂੰਘਾ ਕਰਨ ਅਤੇ ਬ੍ਰਿਕਸ ਮੈਂਬਰਾਂ ਵਿਚਾਲੇ ਵਧੇਰੇ ਨਜ਼ਦੀਕੀ ਆਰਥਿਕ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ। ਅਸੀਂ ਮੰਨਦੇ ਹਾਂ ਕਿ ਬ੍ਰਿਕਸ ਆਰਥਿਕ ਭਾਈਵਾਲੀ ਦੀ ਰਣਨੀਤੀ ਸਾਡੇ ਸਹਿਯੋਗ ਦਾ ਮਾਰਗਦਰਸ਼ਨ ਕਰਨ ਵਾਲੇ ਵਿਆਪਕ ਢਾਂਚੇ ਵਜੋਂ ਕੰਮ ਕਰਨਾ ਜਾਰੀ ਰੱਖਦੀ ਹੈ, ਜੋ ਮੈਂਬਰ ਦੇਸ਼ਾਂ ਦੀ ਮਾਲਕੀ ਹੇਠ ਖੇਤਰੀ ਰਣਨੀਤੀਆਂ, ਪ੍ਰੋਗਰਾਮਾਂ ਅਤੇ ਰੋਡਮੈਪਾਂ ਦੇ ਅਗਲੇ ਵਿਕਾਸ ਲਈ ਆਧਾਰ ਦਿੰਦੀ ਹੈ। 2025 ਵਿੱਚ ਬ੍ਰਾਜ਼ੀਲ ਦੀ ਚੇਅਰਸ਼ਿਪ ਦੌਰਾਨ ਬ੍ਰਿਕਸ ਆਰਥਿਕ ਭਾਈਵਾਲੀ ਦੀ ਰਣਨੀਤੀ ਨੂੰ ਮੁਕੰਮਲ ਕਰਨ ਵੱਲ ਹੋਈ ਤਰੱਕੀ ਨੂੰ ਮਾਨਤਾ ਦਿੰਦਿਆਂ ਅਸੀਂ ਬ੍ਰਿਕਸ ਆਰਥਿਕ ਭਾਈਵਾਲੀ 2030 ਦੀ ਰਣਨੀਤੀ ਨੂੰ ਸਫਲਤਾਪੂਰਵਕ ਚਲਾ ਕੇ 2025 ਵਿੱਚ ਆਗੂਆਂ ਵੱਲੋਂ ਦਿੱਤੇ ਗਏ ਫਤਵੇ ਨੂੰ ਪੂਰਾ ਕਰਨ ਵਿੱਚ 2026 ਵਿੱਚ ਭਾਰਤ ਦੀ ਅਗਵਾਈ ਦੀ ਸ਼ਲਾਘਾ ਕਰਦੇ ਹਾਂ।
90. ਅਸੀਂ ਬ੍ਰਿਕਸ ਕ੍ਰਾਸ-ਬਾਰਡਰ ਪੇਮੈਂਟਸ ਇਨੀਸ਼ੀਏਟਿਵ ’ਤੇ ਕਜ਼ਾਨ ਅਤੇ ਰੀਓ ਐਲਾਨਨਾਮਿਆਂ ਵਿੱਚ ਸਾਡੇ ਵੱਲੋਂ ਦਿੱਤੇ ਗਏ ਮਾਰਗਦਰਸ਼ਨ ਨੂੰ ਆਧਾਰ ਬਣਾਉਂਦਿਆਂ ਕੁਸ਼ਲ ਸਰਹੱਦ ਪਾਰ ਭੁਗਤਾਨ ਵਿਧੀਆਂ ਲਈ ਵਿਹਾਰਕ ਹੱਲ ਤਲਾਸ਼ਣ ਵੱਲ ਬ੍ਰਿਕਸ ਪੇਮੈਂਟ ਟਾਸਕ ਫੋਰਸ (ਬੀਪੀਟੀਐੱਫ) ਦੀਆਂ ਕੋਸ਼ਿਸ਼ਾਂ ਨੂੰ ਮਾਨਤਾ ਦਿੰਦੇ ਹਾਂ। ਇਸ ਸਬੰਧੀ ਅਸੀਂ ਭੁਗਤਾਨ ਅਤੇ ਸੰਦੇਸ਼ ਚੈਨਲਾਂ ਦੇ ਸਰਹੱਦ ਪਾਰ ਆਪਸੀ ਤਾਲਮੇਲ ਦਾ ਅਧਿਐਨ ਕਰਨ ਲਈ ਕੀਤੇ ਗਏ ਕੰਮ ਦੀ ਸ਼ਲਾਘਾ ਕਰਦੇ ਹਾਂ। ਅਸੀਂ ਕੌਮੀ ਤਰਜੀਹਾਂ ਦਾ ਸਤਿਕਾਰ ਕਰਦੇ ਹੋਏ ਅਤੇ ਇਹ ਮੰਨਦੇ ਹੋਏ ਕਿ ਸਾਰਿਆਂ ਲਈ ਕੋਈ ਇੱਕ ਪਹੁੰਚ ਲਾਗੂ ਨਹੀਂ ਹੁੰਦੀ, ਬ੍ਰਿਕਸ ਸਥਾਨਕ ਮੁਦਰਾਵਾਂ ਦੀ ਵਰਤੋਂ ਕਰਦਿਆਂ ਵਪਾਰਕ ਨਿਪਟਾਰਿਆਂ ਅਤੇ ਨਿਵੇਸ਼ਾਂ ਨੂੰ ਉਤਸ਼ਾਹਿਤ ਕਰਨ ਬਾਰੇ ਚਰਚਾਵਾਂ ਦੀ ਵੀ ਸ਼ਲਾਘਾ ਕਰਦੇ ਹਾਂ। ਅਸੀਂ ਬੀਪੀਟੀਐੱਫ ਨੂੰ ਉਤਸ਼ਾਹਿਤ ਕਰਦੇ ਹਾਂ ਕਿ ਉਹ ਚੱਲ ਰਹੇ ਕੰਮ ਨੂੰ ਆਧਾਰ ਬਣਾਉਂਦੇ ਹੋਏ ਚਰਚਾਵਾਂ ਜਾਰੀ ਰੱਖੇ, ਤਾਂ ਜੋ ਬ੍ਰਿਕਸ ਦੇਸ਼ਾਂ ਵਿਚਕਾਰ ਸਰਹੱਦ ਪਾਰ ਭੁਗਤਾਨਾਂ ਲਈ ਵਿਹਾਰਕ ਹੱਲਾਂ ਦੀ ਸਹੂਲਤ ਦਿੱਤੀ ਜਾ ਸਕੇ, ਜੋ ਤੇਜ਼, ਘੱਟ ਲਾਗਤ ਵਾਲੇ, ਵਧੇਰੇ ਪਹੁੰਚਯੋਗ, ਕੁਸ਼ਲ, ਪਾਰਦਰਸ਼ੀ ਅਤੇ ਸੁਰੱਖਿਅਤ ਹੋਣ।
91. ਅਸੀਂ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਅਤੇ ਬੁਨਿਆਦੀ ਢਾਂਚੇ ਬਾਰੇ ਟਾਸਕ ਫੋਰਸ ਦੇ ਕੰਮ ਦਾ ਸਵਾਗਤ ਕਰਦੇ ਹਾਂ। ਅਸੀਂ ਪੀਪੀਪੀ ਮਾਡਲਾਂ ਅਤੇ ਤਰੀਕਿਆਂ, ਅਤੇ ਜੋਖਮ ਘਟਾਉਣ ਵਾਲੀਆਂ ਵਿਧੀਆਂ ਬਾਰੇ ਟਾਸਕ ਫੋਰਸ ਦੀ ਤਕਨੀਕੀ ਰਿਪੋਰਟ ਦਾ ਸਵਾਗਤ ਕਰਦੇ ਹਾਂ, ਜੋ ਮੈਂਬਰ ਦੇਸ਼ਾਂ ਲਈ ਆਪਣੇ ਪੀਪੀਪੀ ਈਕੋਸਿਸਟਮ ਨੂੰ ਮਜ਼ਬੂਤ ਕਰਨ ਅਤੇ ਜੋਖਮ ਵੰਡ ਢਾਂਚੇ ਨੂੰ ਬਿਹਤਰ ਬਣਾਉਣ ਵਿੱਚ ਗਿਆਨ ਦੇ ਇੱਕ ਅਹਿਮ ਸਰੋਤ ਵਜੋਂ ਕੰਮ ਕਰੇਗੀ।
92. ਅਸੀਂ ਮੈਂਬਰਾਂ ਵਿਚਾਲੇ ਵਪਾਰ ਦਾ ਸਮਰਥਨ ਕਰਨ ਲਈ ਵਧੇਰੇ ਆਤਮ-ਨਿਰਭਰ ਬ੍ਰਿਕਸ ਬੀਮਾ ਈਕੋਸਿਸਟਮ ਬਣਾਉਣ ਅਤੇ ਰੀਇੰਸ਼ੋਰੈਂਸ (ਮੁੜ-ਬੀਮਾ) ਸਮਰੱਥਾਵਾਂ ਨੂੰ ਵਧਾਉਣ ’ਤੇ ਹੋਰ ਚਰਚਾ ਕਰਨ ਵਾਸਤੇ ਬ੍ਰਿਕਸ ਦੀ ਸਮੂਹਿਕ ਸਮਰੱਥਾ ਦਾ ਲਾਭ ਉਠਾਉਣ ਦੀ ਲੋੜ ਨੂੰ ਮੰਨਦੇ ਹਾਂ। ਪਿਛਲੀਆਂ ਪ੍ਰਧਾਨਗੀਆਂ ਦੇ ਕੰਮ ਨੂੰ ਆਧਾਰ ਬਣਾਉਂਦਿਆਂ, ਅਸੀਂ ‘ਬ੍ਰਿਕਸ ਇੰਸ਼ੋਰੈਂਸ ਰੈਜ਼ੀਲਿਐਂਸ ਸੈਂਟਰ’ (ਬੀਆਈਆਰਸੀ) ਦੇ ਸੰਕਲਪ ਬਾਰੇ ਦਿਲਚਸਪੀ ਰੱਖਣ ਵਾਲੇ ਮੈਂਬਰਾਂ ਵਿਚਕਾਰ ਲਗਾਤਾਰ ਚੱਲ ਰਹੀ ਚਰਚਾ ਦਾ ਸਵਾਗਤ ਕਰਦੇ ਹਾਂ। ਇਸ ਸੈਂਟਰ ਨੂੰ ਇੱਕ ਅਜਿਹੇ ਸਵੈ-ਇੱਛਤ ਅਤੇ ਸਾਂਝੇ ਮੰਚ ਵਜੋਂ ਵਿਕਸਤ ਕਰਨ ਦਾ ਵਿਚਾਰ ਹੈ, ਜਿਸ ਦੀ ਮਦਦ ਨਾਲ ਜੋਖਮਾਂ ਨਾਲ ਨਜਿੱਠਣ ਲਈ ਸਾਂਝੇ ਢਾਂਚੇ ਤਿਆਰ ਕੀਤੇ ਜਾ ਸਕਣ, ਵਧੀਆ ਅਭਿਆਸਾਂ ਦਾ ਆਦਾਨ-ਪ੍ਰਦਾਨ ਕੀਤਾ ਜਾ ਸਕੇ ਅਤੇ ਵਿਸ਼ੇਸ਼ ਸਮਰੱਥਾਵਾਂ ਵਿਕਸਤ ਕੀਤੀਆਂ ਜਾ ਸਕਣ। ਇਸ ਸਬੰਧ ਵਿੱਚੀ ਮੈਂਬਰਾਂ ਨੇ ਗੁਜਰਾਤ ਵਿੱਚ ਗਿਫਟ ਸਿਟੀ ਇੰਟਰਨੈਸ਼ਨਲ ਫਾਈਨੈਂਸ਼ੀਅਲ ਸਰਵਿਸਿਜ਼ ਸੈਂਟਰ (ਆਈਐੱਫਐੱਸਸੀ) ਵਿੱਚ ਬ੍ਰਿਕਸ ਰਿਸਕ ਲੈਬ ਬਣਾਉਣ ਦੀ ਭਾਰਤ ਦੀ ਤਜਵੀਜ਼ ’ਤੇ ਚਰਚਾ ਅੱਗੇ ਵਧਾਉਣ ਵਿੱਚ ਦਿਲਚਸਪੀ ਦਿਖਾਈ, ਜਿਸ ਵਿੱਚ ਦਿਲਚਸਪੀ ਰੱਖਣ ਵਾਲੇ ਮੈਂਬਰ ਹਿੱਸਾ ਲੈ ਸਕਦੇ ਹਨ। ਅਸੀਂ ਬ੍ਰਿਕਸ ਦੇਸ਼ਾਂ ਦੇ ਰੈਗੂਲੇਟਰਾਂ, ਅਤੇ ਰੀਇੰਸ਼ੋਰੈਂਸ ਕੰਪਨੀਆਂ ਸਮੇਤ ਸਬੰਧਤ ਹਿੱਸੇਦਾਰਾਂ ਦੀ ਸਵੈ-ਇੱਛਤ ਸ਼ਮੂਲੀਅਤ ਨਾਲ, ਬ੍ਰਿਕਸ ਮੈਂਬਰਾਂ ਦੀ (ਰੀ)ਇੰਸ਼ੋਰੈਂਸ ਸਮਰੱਥਾ ਨੂੰ ਵਧਾਉਣ ਬਾਰੇ ਹੋਰ ਚਰਚਾਵਾਂ ਦੀ ਆਸ ਕਰਦੇ ਹਾਂ।
93. ਅਸੀਂ ਨਿਊ ਇਨਵੈਸਟਮੈਂਟ ਪਲੇਟਫਾਰਮ (ਐੱਨਆਈਪੀ) ’ਤੇ ਤਕਨੀਕੀ-ਪੱਧਰ ਦੀਆਂ ਕੋਸ਼ਿਸ਼ਾਂ ਜਾਰੀ ਰੱਖਣ ਅਤੇ ਬ੍ਰਾਜ਼ੀਲ ਦੀ ਪ੍ਰਧਾਨਗੀ ਹੇਠ ਅੰਤਿਮ ਰੂਪ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਆਧਾਰ ਬਣਾਉਣ ਲਈ ਆਪਣੇ ਉਤਸ਼ਾਹ ਨੂੰ ਦੁਹਰਾਉਂਦੇ ਹਾਂ। ਅਸੀਂ ਐੱਨਆਈਪੀ ’ਤੇ ਚਰਚਾਵਾਂ ਨੂੰ ਅੱਗੇ ਵਧਾਉਣ ਵਿੱਚ ਭਾਰਤੀ ਪ੍ਰਧਾਨਗੀ ਹੇਠ ਹਾਸਲ ਕੀਤੀ ਕਾਮਯਾਬੀ ਦਾ ਵੀ ਸਵਾਗਤ ਕਰਦੇ ਹਾਂ। ਅਸੀਂ ਤਕਨੀਕੀ ਗੱਲਬਾਤ ਅਤੇ ਗਿਆਨ ਸਾਂਝਾ ਕਰਨ ਲਈ ਇੱਕ ਮੰਚ ਵਜੋਂ ਬ੍ਰਿਕਸ ਫਾਈਨਾਂਸ ਟਰੈਕ ਅਧੀਨ ਸਮਰਪਿਤ ਸਟੱਡੀ ਗਰੁੱਪ ਦੀ ਸਥਾਪਨਾ ਬਾਰੇ ਮੈਂਬਰਾਂ ਵਿਚਕਾਰ ਹੋਈ ਉਸਾਰੂ ਤਕਨੀਕੀ ਚਰਚਾ ਨੂੰ ਨੋਟ ਕਰਦੇ ਹਾਂ। ਅਸੀਂ ਰਾਸ਼ਟਰੀ ਪ੍ਰਭੂਸੱਤਾ, ਵੱਖੋ-ਵੱਖਰੇ ਰੈਗੂਲੇਟਰੀ ਢਾਂਚਿਆਂ ਅਤੇ ਮੌਜੂਦਾ ਸੰਸਥਾਗਤ ਅਧਿਕਾਰਾਂ ਦਾ ਸਤਿਕਾਰ ਕਰਦੇ ਹੋਏ, ਸਹਿਮਤੀ-ਆਧਾਰਿਤ, ਪੜਾਅਵਾਰ ਅਤੇ ਮੈਂਬਰਾਂ ਵੱਲੋਂ ਚਲਾਈ ਜਾਣ ਵਾਲੀ ਪਹੁੰਚ ’ਤੇ ਕੰਮ ਜਾਰੀ ਰੱਖਣ ਲਈ ਮੈਂਬਰਾਂ ਵੱਲੋਂ ਦਿੱਤੇ ਗਏ ਵਿਆਪਕ ਸਮਰਥਨ ਨੂੰ ਮੰਨਦੇ ਹਾਂ। ਅਸੀਂ ਕੰਮਕਾਜ ਦੇ ਤਰੀਕਿਆਂ ਅਤੇ ਸਬੰਧਤ ਬ੍ਰਿਕਸ ਸੰਸਥਾਵਾਂ ਦੀ ਭੂਮਿਕਾ ’ਤੇ ਸਾਂਝੀ ਸਮਝ ਨੂੰ ਅੱਗੇ ਵਧਾਉਣ ਲਈ, ਸਟੱਡੀ ਗਰੁੱਪ ਦੀਆਂ ਸ਼ਰਤਾਂ (ਟਰਮਜ਼ ਆਫ ਰੈਫਰੈਂਸ) ਵਿੱਚ ਹੋਰ ਸੁਧਾਰ ਸਮੇਤ, ਤਕਨੀਕੀ ਗੱਲਬਾਤ ਜਾਰੀ ਰੱਖਣ ਲਈ ਉਤਸ਼ਾਹਿਤ ਕਰਦੇ ਹਾਂ।
94. ਨਿਬੇੜੇ (ਸੈਟਲਮੈਂਟ) ਅਤੇ ਡਿਪਾਜ਼ਿਟਰੀ ਬੁਨਿਆਦੀ ਢਾਂਚੇ ’ਤੇ ਗੱਲਬਾਤ ਲਈ ਢੁਕਵੇਂ ਸੰਭਾਵੀ ਰੂਪਾਂ ਦੀ ਖੋਜ ਕਰਨ ਲਈ ਆਪਣੇ ਉਤਸ਼ਾਹ ਨੂੰ ਦੁਹਰਾਉਂਦੇ ਹੋਏ, ਅਸੀਂ ਉਸ ਤਕਨੀਕੀ ਵਰਕਸ਼ਾਪ ਦਾ ਨੋਟਿਸ ਲੈਂਦੇ ਹਾਂ ਜਿਸ ਵਿੱਚ ਮੈਂਬਰਾਂ ਵਿਚਕਾਰ ਨਿਬੇੜੇ ਅਤੇ ਡਿਪਾਜ਼ਿਟਰੀ ਪ੍ਰਣਾਲੀਆਂ ਦੇ ਵੱਖ-ਵੱਖ ਕਾਨੂੰਨੀ, ਸੰਸਥਾਗਤ, ਰੈਗੂਲੇਟਰੀ, ਅਤੇ ਤਕਨੀਕੀ ਪਹਿਲੂਆਂ ਦੀ ਪੜਚੋਲ ਕੀਤੀ ਗਈ। ਇਹ ਬ੍ਰਿਕਸ ਅਧਿਕਾਰ ਖੇਤਰਾਂ ਵਿੱਚ ਸਮਝ ਨੂੰ ਡੂੰਘਾ ਕਰੇਗੀ ਅਤੇ ਦਿਲਚਸਪੀ ਰੱਖਣ ਵਾਲੇ ਹਿੱਸੇਦਾਰਾਂ ਵਿਚਕਾਰ ਗਿਆਨ, ਤਜਰਬਿਆਂ, ਤਕਨੀਕੀ ਗੱਲਬਾਤ ਅਤੇ ਸਹਿਯੋਗ ਦੇ ਨਿਰੰਤਰ ਸਵੈ-ਇੱਛਤ ਆਦਾਨ-ਪ੍ਰਦਾਨ ਲਈ ਇੱਕ ਆਧਾਰ ਦੇਵੇਗੀ।
95. ਅਸੀਂ ਸਾਈਬਰ ਸੁਰੱਖਿਆ ਵਿਕਾਸ ਅਤੇ ਰੁਝਾਨਾਂ, ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਤੇ ਵਿੱਤੀ ਖੇਤਰ ਲਈ ਕੁਆਂਟਮ ਕੰਪਿਊਟਿੰਗ ਵਰਗੀਆਂ ਉੱਭਰਦੀਆਂ ਤਕਨਾਲੋਜੀਆਂ ਦੇ ਖੇਤਰਾਂ ’ਤੇ ਤਜਰਬੇ ਸਾਂਝੇ ਕਰਨ ਦਾ ਸਵਾਗਤ ਕਰਦੇ ਹਾਂ। ਅਸੀਂ ਨਵੀਆਂ ਤਕਨਾਲੋਜੀਆਂ ਕਾਰਨ ਪੈਦਾ ਹੋਣ ਵਾਲੇ ਮੌਕਿਆਂ ਅਤੇ ਜੋਖਮਾਂ ਦਾ ਮੁਲਾਂਕਣ ਕਰਨ ਲਈ ਇੱਕ ਈਐੱਮਡੀਈ-ਕੇਂਦਰਿਤ ਪਹੁੰਚ ਅਪਣਾਉਣ ਵਿੱਚ ਬ੍ਰਿਕਸ ਰੈਪਿਡ ਇਨਫਾਰਮੇਸ਼ਨ ਸਿਕਿਓਰਿਟੀ ਚੈਨਲ (ਬ੍ਰਿਸਕ) ਅਤੇ ਬ੍ਰਿਕਸ ਫਿਨਟੇਕ ਵਰਕਿੰਗ ਗਰੁੱਪ ਦੇ ਅਧੀਨ ਕੀਤੇ ਗਏ ਕੰਮ ਨੂੰ ਮਾਨਤਾ ਦਿੰਦੇ ਹਾਂ। ਅਸੀਂ ਸਾਲਾਨਾ ਆਧਾਰ ’ਤੇ ਬ੍ਰਿਕਸ ਸਾਈਬਰ ਅਭਿਆਸ ਅਤੇ ਮੌਕ-ਡਰਿੱਲ ਕਰਵਾਉਣ ਦੀ ਮਹੱਤਤਾ ਨੂੰ ਮੰਨਦੇ ਹਾਂ, ਜੋ ਵਿੱਤੀ ਖੇਤਰ ਵਿੱਚ ਸਾਈਬਰ ਲਚਕਤਾ ਨੂੰ ਮਜ਼ਬੂਤ ਕਰਨ ਲਈ ਸਮੂਹਿਕ ਅਤੇ ਤਾਲਮੇਲ ਵਾਲੀਆਂ ਪਹੁੰਚਾਂ, ਆਪਸੀ ਸਿੱਖਣ ਅਤੇ ਵਿਹਾਰਕ ਸਹਿਯੋਗ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹਨ। ਅਸੀਂ ਕੇਂਦਰੀ ਬੈਂਕਿੰਗ ਦੇ ਉੱਭਰ ਰਹੇ ਖੇਤਰਾਂ ਵਿੱਚ ਮੁਹਾਰਤ ਹਾਸਲ ਕਰਨ ਦੇ ਉਦੇਸ਼ ਨਾਲ ਸਮਰੱਥਾ ਨਿਰਮਾਣ ਲਈ ਬ੍ਰਿਕਸ ਸੈਂਟਰਲ ਬੈਂਕ ਹੱਬ ਦਾ ਸਵਾਗਤ ਕਰਦੇ ਹਾਂ।
96. ਅਸੀਂ ਦੇਸ਼ਾਂ ਵਿੱਚ ਜਲਵਾਯੂ ਤਬਦੀਲੀ ਕਾਰਨ ਪੈ ਰਹੇ ਅਸਮਾਨ ਬੋਝ ਨੂੰ ਮੰਨਦੇ ਹਾਂ, ਜਿਸ ਵਿੱਚ ਈਐੱਮਡੀਈਜ਼ ਨੂੰ ਜਲਵਾਯੂ ਨਾਲ ਸਬੰਧਤ ਜੋਖਮਾਂ ਅਤੇ ਕਮਜ਼ੋਰੀਆਂ ਨਾਲ ਨਜਿੱਠਣ ਵਿੱਚ ਖਾਸ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਤੇ ਫੰਡਿੰਗ ਦੀਆਂ ਲੋੜਾਂ ਵਿੱਚ ਵੱਡਾ ਪਾੜਾ ਹੈ, ਖਾਸ ਕਰਕੇ ਅਨੁਕੂਲਤਾ ਵਾਲੇ ਕਦਮਾਂ ਲਈ। ਇਸ ਸੰਦਰਭ ਵਿੱਚ, ਅਸੀਂ ‘ਅਨੁਕੂਲਤਾ ਸਮੇਤ, ਟਿਕਾਊ ਅਤੇ ਗ੍ਰੀਨ ਫਾਈਨਾਂਸ ਨੂੰ ਬਿਹਤਰ ਬਣਾਉਣ ਵੱਲ ਕੇਂਦਰੀ ਬੈਂਕਾਂ ਦੀ ਭੂਮਿਕਾ’ ਬਾਰੇ ਰਿਪੋਰਟ ਦਾ ਸਵਾਗਤ ਕਰਦੇ ਹਾਂ। ਇਹ ਰਿਪੋਰਟ ਕੇਂਦਰੀ ਬੈਂਕਾਂ ਦੇ ਕਦਮਾਂ ਅਤੇ ਟਿਕਾਊ ਵਿੱਤ ਦੇ ਰੁਝਾਨਾਂ ਦੀ ਪੜਚੋਲ ਕਰਦੀ ਹੈ, ਜਿਸ ਵਿੱਚ ਆਲਮੀ ਪੱਧਰ ’ਤੇ ਅਤੇ ਬ੍ਰਿਕਸ ਦੇਸ਼ਾਂ ਦੇ ਅੰਦਰ ਜਲਵਾਯੂ ਵਿੱਤ ਪ੍ਰੋਜੈਕਟਾਂ ਨੂੰ ਵਧੇਰੇ ਬੈਂਕ ਯੋਗ (ਫੰਡਿੰਗ ਦੇ ਯੋਗ) ਬਣਾਉਣ ਦੀ ਸੰਭਾਵਨਾ ਤਲਾਸ਼ਣ ਦੀਆਂ ਕੋਸ਼ਿਸ਼ਾਂ ਸ਼ਾਮਲ ਹਨ।
97. ਅਸੀਂ ਸੀਆਰਏ ਦੀ ਕਾਰਜਸ਼ੀਲ ਲਚਕਤਾ ਵਧਾਉਣ ਅਤੇ ਸੰਕਟ ਦੇ ਸਮੇਂ ਇਸ ਨੂੰ ਵਧੇਰੇ ਜਵਾਬਦੇਹ ਬਣਾਉਣ ਲਈ ਬ੍ਰਿਕਸ ਕੰਟਿੰਜੈਂਟ ਰਿਜ਼ਰਵ ਅਰੇਂਜਮੈਂਟ (ਸੀਆਰਏ) ਤਕਨੀਕੀ ਟੀਮ ਦੀਆਂ ਕੋਸ਼ਿਸ਼ਾਂ ਨੂੰ ਮਾਨਤਾ ਦਿੰਦੇ ਹਾਂ। ਸੀਆਰਏ ਸੰਧੀ ਵਿੱਚ ਸੋਧਾਂ ਬ੍ਰਿਕਸ ਵਿੱਤੀ ਸੁਰੱਖਿਆ ਜਾਲ ਵਜੋਂ ਵਧੇਰੇ ਲਚਕਤਾ ਅਤੇ ਜਵਾਬਦੇਹੀ ਨਾਲ ਕੰਮ ਕਰਨ ਵਿੱਚ ਸੀਆਰਏ ਦੀ ਮਦਦ ਕਰਨਗੀਆਂ। ਅਸੀਂ ਨੌਵੇਂ ਸੀਆਰਏ ਟੈਸਟ ਰਨ ਦੇ ਸਮੇਂ ਸਿਰ ਮੁਕੰਮਲ ਹੋਣ, ਅਤੇ ‘ਆਲਮੀ ਆਰਥਿਕ ਬੇਯਕੀਨੀ ਤੇ ਬ੍ਰਿਕਸ ਲਈ ਪ੍ਰਭਾਵ’ ਵਿਸ਼ੇ ’ਤੇ ਬ੍ਰਿਕਸ ਆਰਥਿਕ ਬੁਲੇਟਿਨ ਦੇ ਸੱਤਵੇਂ ਐਡੀਸ਼ਨ ਦੇ ਜਾਰੀ ਹੋਣ ਦੀ ਆਸ ਕਰਦੇ ਹਾਂ। ਅਸੀਂ ਸੀਆਰਏ ਵਿੱਚ ਸ਼ਾਮਲ ਹੋਣ ਵਿੱਚ ਦਿਲਚਸਪੀ ਦਿਖਾਉਣ ਵਾਲੇ ਨਵੇਂ ਬ੍ਰਿਕਸ ਮੈਂਬਰਾਂ ਦੀ ਸ਼ਮੂਲੀਅਤ ਦੀ ਕਦਰ ਕਰਦੇ ਹਾਂ ਅਤੇ ਉਨ੍ਹਾਂ ਨੂੰ ਸਵੈ-ਇੱਛਤ ਆਧਾਰ ’ਤੇ ਅਤੇ ਦੇਸ਼ ਦੇ ਖਾਸ ਹਾਲਾਤ ਅਨੁਸਾਰ ਸ਼ਾਮਲ ਕਰਨ ਬਾਰੇ ਚਰਚਾਵਾਂ ਦੇ ਸਮੇਂ ਸਿਰ ਮੁਕੰਮਲ ਹੋਣ ਦੀ ਉਡੀਕ ਕਰਦੇ ਹਾਂ।
98. ਅਸੀਂ ਨਿਰਪੱਖ, ਸ਼ਮੂਲੀਅਤ ਵਾਲੀ, ਸਥਿਰ ਅਤੇ ਕੁਸ਼ਲ ਕੌਮਾਂਤਰੀ ਟੈਕਸ ਪ੍ਰਣਾਲੀ ਅਤੇ ਉੱਭਰ ਰਹੀਆਂ ਕੌਮਾਂਤਰੀ ਟੈਕਸ ਚੁਣੌਤੀਆਂ ਨਾਲ ਨਜਿੱਠਣ ਲਈ ਬ੍ਰਿਕਸ ਮੈਂਬਰਾਂ ਵਿਚਾਲੇ ਸਹਿਯੋਗ ਵਧਾਉਣ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ। ਅਸੀਂ ਲਚਕਤਾ, ਨਵੀਨਤਾ, ਸਹਿਯੋਗ ਅਤੇ ਟਿਕਾਊਪਣ ਰਾਹੀਂ ਬ੍ਰਿਕਸ ਟੈਕਸ ਸਹਿਯੋਗ ਵਧਾਉਣ ਲਈ ਆਪਣੀ ਵਚਨਬੱਧਤਾ ਦੀ ਮੁੜ ਪੁਸ਼ਟੀ ਕਰਦੇ ਹਾਂ। ਇਸ ਦੇ ਨਾਲ ਹੀ ਗਿਆਨ ਸਾਂਝਾ ਕਰਨ ਅਤੇ ਸਮਰੱਥਾ ਨਿਰਮਾਣ, ਸੰਯੁਕਤ ਰਾਸ਼ਟਰ ਫਰੇਮਵਰਕ ਕਨਵੈਨਸ਼ਨ ਆਨ ਇੰਟਰਨੈਸ਼ਨਲ ਟੈਕਸ ਕੋਆਪ੍ਰੇਸ਼ਨ ਅਤੇ ਇਸ ਦੇ ਪ੍ਰੋਟੋਕੋਲਾਂ ਵਰਗੇ ਕੌਮਾਂਤਰੀ ਮੰਚਾਂ ਵਿੱਚ ਉਸਾਰੂ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਦੇ ਹਾਂ। ਅਸੀਂ ਕੌਮਾਂਤਰੀ ਟੈਕਸੇਸ਼ਨ ਅਤੇ ਟਰਾਂਸਫਰ ਪ੍ਰਾਈਸਿੰਗ ਅਤੇ ਮਾਲੀਆ ਅੰਕੜਿਆਂ (ਰੈਵੇਨਿਊ ਸਟੈਟਿਸਟਿਕਸ) ’ਤੇ ਵਰਕਿੰਗ ਗਰੁੱਪਾਂ ਦੀ ਸਥਾਪਨਾ ਸਮੇਤ, ਬ੍ਰਿਕਸ ਟੈਕਸ ਅਧਿਕਾਰੀਆਂ ਵਿਚਾਲੇ ਸੰਸਥਾਗਤ ਸਹਿਯੋਗ ਨੂੰ ਡੂੰਘਾ ਕਰਨ ਲਈ ਭਾਰਤ ਦੀ ਪ੍ਰਧਾਨਗੀ ਦੌਰਾਨ ਕੀਤੀਆਂ ਗਈਆਂ ਪਹਿਲਕਦਮੀਆਂ ਦਾ ਸਵਾਗਤ ਕਰਦੇ ਹਾਂ। ਅਸੀਂ ਯੰਗ ਟੈਕਸ ਪ੍ਰੋਫੈਸ਼ਨਲਾਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ (ਜਿਸ ਵਿੱਚ ਨਿੱਜੀ ਤੌਰ ’ਤੇ ਹਿੱਸਾ ਲਿਆ ਗਿਆ) ਅਤੇ ਬ੍ਰਿਕਸ ਵੂਮੈਨ ਇਨ ਟੈਕਸ ਨੈੱਟਵਰਕ ਦੀ ਤਰੱਕੀ ਦਾ ਸਵਾਗਤ ਕਰਦੇ ਹਾਂ। ਅਸੀਂ ਮੌਜੂਦਾ ਅਤੇ ਨਵੀਆਂ ਵਿਧੀਆਂ ਰਾਹੀਂ ਨਵੀਨਤਾ ਅਤੇ ਗਿਆਨ ਸਾਂਝਾ ਕਰਨ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਹੋ ਰਹੀਆਂ ਕੋਸ਼ਿਸ਼ਾਂ ਦੀ ਹੋਰ ਸ਼ਲਾਘਾ ਕਰਦੇ ਹਾਂ। ਅਸੀਂ ਬ੍ਰਿਕਸ ਟੈਕਸ ਸਪੋਰਟ ਨੈੱਟਵਰਕ ਦੀ ਸਥਾਪਨਾ ਅਤੇ ਬ੍ਰਿਕਸ ਟੈਕਸ ਕਰਾਸ-ਲਰਨਿੰਗ ਲੈਬ ਦੀ ਸ਼ੁਰੂਆਤ ਦੇ ਨਾਲ-ਨਾਲ ਬ੍ਰਿਕਸ ਟੈਕਸ ਕੋਲੈਬੋਰੇਸ਼ਨ ਟੂਲ ਦੇ ਹੋਰ ਵਿਕਾਸ ਬਾਰੇ ਪਹਿਲਕਦਮੀਆਂ ਦਾ ਸਵਾਗਤ ਕਰਦੇ ਹਾਂ।
99. ਅਸੀਂ 2012 ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬ੍ਰਿਕਸ ਦੇਸ਼ਾਂ ਵਿਚਾਲੇ ਕਸਟਮ ਸਹਿਯੋਗ ਦੇ ਡੂੰਘੇ ਹੋਣ ਨੂੰ ਮਾਨਤਾ ਦਿੰਦੇ ਹਾਂ। ਅਸੀਂ ਮੈਂਬਰਾਂ ਦੀਆਂ ਲੋੜਾਂ ਮੁਤਾਬਕ ਟੀਚਾ-ਆਧਾਰਿਤ ਸਿਖਲਾਈ ਅਤੇ ਤਕਨੀਕੀ ਸਹਿਯੋਗ ਪ੍ਰੋਗਰਾਮ ਚਲਾਉਣ ਲਈ ਬ੍ਰਿਕਸ ਕਸਟਮ ਸੈਂਟਰਜ਼ ਆਫ ਐਕਸੀਲੈਂਸ ਨੂੰ ਉਤਸ਼ਾਹਿਤ ਕਰਦੇ ਹਾਂ। ਅਸੀਂ ਕਸਟਮ ਮਾਮਲਿਆਂ ਵਿੱਚ ਸਹਿਯੋਗ ਅਤੇ ਆਪਸੀ ਪ੍ਰਬੰਧਕੀ ਸਹਾਇਤਾ ਬਾਰੇ ਬ੍ਰਿਕਸ ਸਮਝੌਤੇ ’ਤੇ ਬਣੀ ਸਹਿਮਤੀ ਦਾ ਸਵਾਗਤ ਕਰਦੇ ਹਾਂ, ਜਿਸ ਵਿੱਚ ਜ਼ਰੂਰੀ ਰਾਸ਼ਟਰੀ ਪ੍ਰਕਿਰਿਆਵਾਂ ਅਤੇ ਸਾਰੇ ਬ੍ਰਿਕਸ ਦੇਸ਼ਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਕੋਸ਼ਿਸ਼ਾਂ ਮੁਕੰਮਲ ਹੋਣ ’ਤੇ ਇਸ ਉੱਤੇ ਦਸਤਖਤ ਕਰਨ ਲਈ ਮੈਂਬਰਾਂ ਦੀ ਇੱਛਾ ਸ਼ਾਮਲ ਹੈ। ਅਸੀਂ ਰਾਸ਼ਟਰੀ ਢਾਂਚਿਆਂ ਅਤੇ ਤਰਜੀਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਬ੍ਰਿਕਸ ਏਈਓ ਕਾਰਜ ਯੋਜਨਾ 2026 ਦੇ ਸਵੈ-ਇੱਛਤ ਅਮਲ, ਜਾਣਕਾਰੀ ਦੇ ਆਦਾਨ-ਪ੍ਰਦਾਨ, ਸਮਰੱਥਾ ਨਿਰਮਾਣ, ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਅਤੇ ਆਪਸੀ ਮਾਨਤਾ ਰਾਹੀਂ ਔਥਰਾਈਜ਼ਡ ਇਕਨੌਮਿਕ ਅਪਰੇਟਰਜ਼ (ਏਈਓ) ਪ੍ਰੋਗਰਾਮਾਂ ’ਤੇ ਸਹਿਯੋਗ ਨੂੰ ਲਗਾਤਾਰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਮੰਨਦੇ ਹਾਂ। ਅਸੀਂ ਆਪਸੀ ਤੌਰ ’ਤੇ ਪਛਾਣੇ ਗਏ ਸਰਹੱਦ ਪਾਰ ਤਸਕਰੀ ਦੇ ਰੁਝਾਨਾਂ, ਸਾਂਝੀਆਂ ਤਰਜੀਹਾਂ ਅਤੇ ਸੰਚਾਲਨ ਦੀ ਸੰਭਾਵਨਾ ਦੇ ਆਧਾਰ ’ਤੇ ਸਬੰਧਤ ਬ੍ਰਿਕਸ ਪ੍ਰਧਾਨਗੀ ਦੀ ਦੇਖ-ਰੇਖ ਹੇਠ, ਬ੍ਰਿਕਸ ਮੈਂਬਰਾਂ ਦੀ ਸਲਾਹ ਨਾਲ, ਜਿੱਥੇ ਢੁਕਵਾਂ ਹੋਵੇ, ਸਾਲਾਨਾ ਪਹਿਲ ਵਜੋਂ ਬ੍ਰਿਕਸ ਜੁਆਇੰਟ ਕਸਟਮਜ਼ ਇਨਫੋਰਸਮੈਂਟ ਆਪਰੇਸ਼ਨ ਚਲਾਉਣ ਲਈ ਕੰਮ ਕਰਨ ਨੂੰ ਮਾਨਤਾ ਦਿੰਦੇ ਹਾਂ। ਇਸ ਦੇ ਨਾਲ ਹੀ ਅਸੀਂ ਕਾਰਜਸ਼ੀਲ ਤਾਲਮੇਲ ਨੂੰ ਬਿਹਤਰ ਬਣਾਉਣ ਅਤੇ ਆਪਸੀ ਤੌਰ ’ਤੇ ਪਛਾਣੇ ਗਏ ਅਤੇ ਉੱਭਰ ਰਹੇ ਕਸਟਮ ਖਤਰਿਆਂ ਨਾਲ ਨਜਿੱਠਣ ਲਈ ਪਹਿਲੇ ਜੁਆਇੰਟ ਕਸਟਮਜ਼ ਇਨਫੋਰਸਮੈਂਟ ਆਪਰੇਸ਼ਨ ਦੇ ਤਜ਼ਰਬੇ ਨੂੰ ਆਧਾਰ ਬਣਾਉਣ ਦੀ ਮਹੱਤਤਾ ਨੂੰ ਵੀ ਮੰਨਦੇ ਹਾਂ।
100. ਅਸੀਂ ਬ੍ਰਿਕਸ ਅਤੇ ਹੋਰ ਈਐੱਮਡੀਈਜ਼ ਲਈ ਢੁਕਵੀਆਂ ਵਿਕਾਸ ਅਤੇ ਤਰੱਕੀ ਦੀਆਂ ਸਾਂਝੀਆਂ ਚੁਣੌਤੀਆਂ ਨਾਲ ਨਜਿੱਠਣ ਵਾਸਤੇ ਇੱਕ ਸਮਰਪਿਤ ਮੰਚ ਵਜੋਂ ਬ੍ਰਿਕਸ ਟਾਸਕ ਫੋਰਸ ਆਨ ਗ੍ਰੋਥ ਐਂਡ ਡਿਵੈਲਪਮੈਂਟ ਸਥਾਪਤ ਕਰਨ ਦੀ ਭਾਰਤੀ ਪ੍ਰਧਾਨਗੀ ਦੀ ਪਹਿਲਕਦਮੀ ਦਾ ਸਵਾਗਤ ਕਰਦੇ ਹਾਂ। ਅਸੀਂ ਟਾਸਕ ਫੋਰਸ ਨੂੰ ਅਜਿਹੇ ਮੰਚ ਵਜੋਂ ਮਾਨਤਾ ਦਿੰਦੇ ਹਾਂ ਜੋ ਬ੍ਰਿਕਸ ਦੇਸ਼ਾਂ ਨੂੰ ਉਨ੍ਹਾਂ ਦੇ ਆਪਣੇ ਰਾਸ਼ਟਰੀ ਹਾਲਾਤ ਅਤੇ ਵਿਕਾਸ ਤਰਜੀਹਾਂ ਦੇ ਅਨੁਕੂਲ ਵਿਕਾਸ ਮਾਡਲਾਂ ’ਤੇ ਚਰਚਾ ਕਰਨ ਲਈ ਜਗ੍ਹਾ ਦਿੰਦਾ ਹੈ। ਅਸੀਂ ਲਚਕਤਾ, ਨਵੀਨਤਾ, ਸਹਿਯੋਗ ਅਤੇ ਟਿਕਾਊਪਣ ਦੇ ਥੰਮ੍ਹਾਂ ਨੂੰ ਕਵਰ ਕਰਨ ਵਾਲੇ ਟਾਸਕ ਫੋਰਸ ਦੇ ਦੋ ਕਾਰਜ-ਖੇਤਰਾਂ (ਵਰਕਸਟ੍ਰੀਮਜ਼) ਅਧੀਨ ਕੀਤੇ ਗਏ ਕੰਮ ਦੀ ਸ਼ਲਾਘਾ ਕਰਦੇ ਹਾਂ। ਅਸੀਂ ਟਾਸਕ ਫੋਰਸ ਬਾਰੇ ਚੇਅਰ ਦੀ ਸੰਖੇਪ ਰਿਪੋਰਟ ਅਤੇ ਤਕਨੀਕੀ ਨੋਟਸ ਦਾ ਸਵਾਗਤ ਕਰਦੇ ਹਾਂ ਜੋ ਵਿਕਾਸ ਵਿੱਤੀ ਢਾਂਚੇ (ਡਿਵੈਲਪਮੈਂਟ ਫਾਈਨਾਂਸ ਆਰਕੀਟੈਕਚਰ) ਦੇ ਸੁਧਾਰ ਏਜੰਡੇ ’ਤੇ ਸਹਿਮਤੀ ਵਾਲੇ ਖੇਤਰਾਂ ਦੀ ਪਛਾਣ ਕਰਦੇ ਹਨ। ਇਹ ਡਿਜੀਟਲ ਤਬਦੀਲੀ, ਏਆਈ, ਅਤੇ ਢਾਂਚਾਗਤ ਸੁਧਾਰਾਂ ਦੇ ਮੈਕਰੋ-ਆਰਥਿਕ ਅਤੇ ਵਿੱਤੀ ਪ੍ਰਭਾਵਾਂ ਦੀ ਸਾਂਝੀ ਸਮਝ ਨੂੰ ਸੁਖਾਲਾ ਬਣਾਉਂਦੇ ਹਨ, ਅਤੇ ਸਬੰਧਤ ਬਹੁ-ਪੱਖੀ ਮੰਚਾਂ ਵਿੱਚ ਬ੍ਰਿਕਸ ਮੈਂਬਰਾਂ ਦੀ ਸ਼ਮੂਲੀਅਤ ਬਾਰੇ ਜਾਣਕਾਰੀ ਦਿੰਦੇ ਹਨ। ਅਸੀਂ ਯੂਐੱਨਐੱਫਸੀਸੀਸੀ ਅਤੇ ਇਸ ਦੇ ਪੈਰਿਸ ਸਮਝੌਤੇ ਦੇ ਸਿਧਾਂਤਾਂ ’ਤੇ ਆਧਾਰਿਤ, ਜਲਵਾਯੂ ਵਿੱਤ ’ਤੇ ਸਾਂਝੇ ਦ੍ਰਿਸ਼ਟੀਕੋਣਾਂ ਨੂੰ ਦਰਸਾਉਣ ਵਾਲੇ ਡਿਸਕਸ਼ਨ ਨੋਟ ਨੂੰ ਮਾਨਤਾ ਦਿੰਦੇ ਹਾਂ। ਅਸੀਂ ਵਿੱਤ ਮੰਤਰਾਲਿਆਂ ਅਤੇ ਕੇਂਦਰੀ ਬੈਂਕਾਂ ਦੇ ਕੰਮਕਾਜਾਂ ਦੇ ਨਾਲ ਤਾਲਮੇਲ ਵਿੱਚ ਟਾਸਕ ਫੋਰਸ ਦਾ ਕੰਮ ਜਾਰੀ ਰੱਖਣ ਨੂੰ ਉਤਸ਼ਾਹਿਤ ਕਰਦੇ ਹਾਂ। ਅਸੀਂ ਟਿਕਾਊ ਵਿਕਾਸ ਵਾਲੀ ਜੀਵਨ ਸ਼ੈਲੀ ਲਈ ਫੰਡਿੰਗ ਵਿਧੀਆਂ ’ਤੇ ਸੰਗ੍ਰਹਿ ਅਤੇ ਜਲਵਾਯੂ-ਸਬੰਧਤ ਕਮਜ਼ੋਰੀਆਂ ਦੀ ਸਮੀਖਿਆ ਦਾ ਵੀ ਨੋਟਿਸ ਲੈਂਦੇ ਹਾਂ ਜੋ ਟਿਕਾਊ ਵਿਕਾਸ ਲਈ ਫੰਡ ਜੁਟਾਉਣ ਪ੍ਰਤੀ ਬ੍ਰਿਕਸ ਦੇਸ਼ਾਂ ਦੀਆਂ ਪਹੁੰਚਾਂ ’ਤੇ ਚਾਨਣਾ ਪਾਉਂਦੇ ਹਨ। ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਗ੍ਰੀਨ ਇਕੌਨਮੀ ’ਤੇ ਡਿਸਕਸ਼ਨ ਪੇਪਰ ਦਾ ਵੀ ਸਵਾਗਤ ਕਰਦੇ ਹਾਂ, ਜੋ ਟਿਕਾਊ ਵਿਕਾਸ ਲਈ ਏਆਈ ਦਾ ਲਾਭ ਉਠਾਉਣ ਦੇ ਮੌਕਿਆਂ ’ਤੇ ਚਾਨਣਾ ਪਾਉਂਦਾ ਹੈ।
101. ਬਜ਼ੁਰਗ ਹੋ ਰਹੀ ਆਬਾਦੀ ਅਤੇ ਵੱਡੀ ਗਿਣਤੀ ਵਿੱਚ ਗੈਰ-ਰਸਮੀ ਕਾਮਿਆਂ ਦੀਆਂ ਚੁਣੌਤੀਆਂ ਨੂੰ ਮੰਨਦੇ ਹੋਏ, ਅਸੀਂ ਪੈਨਸ਼ਨ ਨਿਯਮਾਂ ਅਤੇ ਸੇਵਾਮੁਕਤੀ ਤੋਂ ਬਾਅਦ ਆਮਦਨ ਸੁਰੱਖਿਆ ਬਾਰੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਪੈਨਸ਼ਨ ਰੈਗੂਲੇਟਰਾਂ ਅਤੇ ਸੁਪਰਵਾਈਜ਼ਰਾਂ ਦੇ ਬ੍ਰਿਕਸ ਮੰਚ ਵਿੱਚ ਭਾਰਤ ਦੀ ਪ੍ਰਧਾਨਗੀ ਦੌਰਾਨ ਕਰਵਾਈਆਂ ਗਈਆਂ ਵਰਕਸ਼ਾਪਾਂ ਦਾ ਸਵਾਗਤ ਕਰਦੇ ਹਾਂ।
102. ਅਸੀਂ 2025 ਦੇ ਰੀਓ ਐਲਾਨਨਾਮੇ ਵਿੱਚ ਕੀਤੇ ਗਏ ਮਾਰਗਦਰਸ਼ਨ ਦੇ ਅਨੁਸਾਰ ਬ੍ਰਿਕਸ ਮਲਟੀਲੇਟਰਲ ਗਾਰੰਟੀਜ਼ (ਬੀਐੱਮਜੀ) ਪਹਿਲਕਦਮੀ ਨੂੰ ਅੱਗੇ ਵਧਾਉਣ ਵਿੱਚ ਮਿਲੀ ਕਾਮਯਾਬੀ ਦਾ ਸਵਾਗਤ ਕਰਦੇ ਹਾਂ। ਅਸੀਂ ਬ੍ਰਿਕਸ ਅਤੇ ਗਲੋਬਲ ਸਾਊਥ ਵਿੱਚ ਵਿਕਾਸ ਪ੍ਰੋਜੈਕਟਾਂ ਲਈ ਨਿੱਜੀ ਪੂੰਜੀ ਜੁਟਾਉਣ, ਕਰਜ਼ੇ ਦੀ ਯੋਗਤਾ ਵਿੱਚ ਸੁਧਾਰ ਕਰਨ ਅਤੇ ਫੰਡਿੰਗ ਦੀਆਂ ਲਾਗਤਾਂ ਨੂੰ ਘਟਾਉਣ ਲਈ ਇਸ ਪਹਿਲਕਦਮੀ ਦੀ ਸਮਰੱਥਾ ਨੂੰ ਮਾਨਤਾ ਦਿੰਦੇ ਹਾਂ। ਅਸੀਂ ਨਿਰੰਤਰ ਤਕਨੀਕੀ ਕੰਮ ਅਤੇ ਪਾਇਲਟ ਲੈਣ-ਦੇਣ ਦੇ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਾਂ।
103. ਨੀਤੀਗਤ ਖੋਜ ਅਤੇ ਬੌਧਿਕ ਸਰੋਤਾਂ ਨੂੰ ਸਾਂਝਾ ਕਰਨ ਵਿੱਚ ਇਸ ਦੀ ਭੂਮਿਕਾ ਨੂੰ ਮੰਨਦੇ ਹੋਏ, ਅਸੀਂ ਸ਼ਮੂਲੀਅਤ ਵਾਲੇ ਵਿਕਾਸ ਅਤੇ ਲਚਕੀਲੇ ਬੁਨਿਆਦੀ ਢਾਂਚੇ ਦੀ ਫੰਡਿੰਗ ਲਈ ਫਿਨਟੈਕ ਦਾ ਲਾਭ ਚੁੱਕਣ ਵਿੱਚ ਭਾਰਤ ਦੀ ਪ੍ਰਧਾਨਗੀ ਹੇਠ ‘ਬ੍ਰਿਕਸ ਥਿੰਕ ਟੈਂਕ ਨੈੱਟਵਰਕ ਫਾਰ ਫਾਈਨਾਂਸ’ ਦੇ ਨਿਰੰਤਰ ਯੋਗਦਾਨ ਦਾ ਸਵਾਗਤ ਕਰਦੇ ਹਾਂ। ਅਸੀਂ ਇਸ ਦੇ ਖੋਜ ਨਤੀਜਿਆਂ ਅਤੇ ਪਸਾਰ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦੇ ਹਾਂ।
104. ਅਸੀਂ ਨਾਗਪੁਰ ਵਿੱਚ ਕਰਵਾਈ ਗਈ ਬ੍ਰਿਕਸ ਟਰਾਂਸਪੋਰਟ ਮੰਤਰੀਆਂ ਦੀ ਮੀਟਿੰਗ ਦੇ ਨਤੀਜਿਆਂ ਦਾ ਸਵਾਗਤ ਕਰਦੇ ਹਾਂ। ਅਸੀਂ ਸਾਰੇ ਹਿੱਸੇਦਾਰਾਂ ਦੀ ਮੰਗ ਨੂੰ ਪੂਰਾ ਕਰਨ ਅਤੇ ਟਰਾਂਸਪੋਰਟ ਸਹਿਯੋਗ ਕਰਦੇ ਸਮੇਂ ਸਾਰੇ ਮੈਂਬਰ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਤਿਕਾਰ ਕਰਦਿਆਂ ਬ੍ਰਿਕਸ ਦੇਸ਼ਾਂ ਦੀ ਟਰਾਂਸਪੋਰਟ ਸਮਰੱਥਾ ਨੂੰ ਵਧਾਉਣ ਲਈ ਸ਼ਹਿਰੀ ਹਵਾਬਾਜ਼ੀ ਸਮੇਤ ਟਰਾਂਸਪੋਰਟ ਗੱਲਬਾਤ ਨੂੰ ਹੋਰ ਉਤਸ਼ਾਹਿਤ ਕਰਨ ਦੀ ਆਸ ਕਰਦੇ ਹਾਂ। ਆਰਥਿਕ ਵਿਕਾਸ, ਕਨੈਕਟੀਵਿਟੀ, ਅਤੇ ਵਾਤਾਵਰਣ ਦੀ ਸਥਿਰਤਾ ਵਿੱਚ ਇਸ ਦੀ ਅਹਿਮ ਭੂਮਿਕਾ ਨੂੰ ਮੰਨਦਿਆਂ ਅਸੀਂ ਟਿਕਾਊ ਅਤੇ ਲਚਕੀਲੇ ਟਰਾਂਸਪੋਰਟ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਦੇ ਉਦੇਸ਼ ਨਾਲ ਟਰਾਂਸਪੋਰਟ ਨੀਤੀ, ਨਿਵੇਸ਼, ਤਕਨੀਕੀ ਅਤੇ ਸਮਰੱਥਾ ਨਿਰਮਾਣ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਡੂੰਘਾ ਕਰਨ ਲਈ ਬ੍ਰਿਕਸ ਦੇਸ਼ਾਂ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ। ਇਸ ਸਬੰਧੀ ਅਸੀਂ ਬ੍ਰਿਕਸ ਦੇਸ਼ਾਂ ਵਿੱਚ ਟਰਾਂਸਪੋਰਟ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਰੱਖ-ਰਖਾਅ ਵਿੱਚ ਸਰਕੂਲਰ ਅਰਥਚਾਰੇ ਦੇ ਸਿਧਾਂਤਾਂ ਨੂੰ ਸ਼ਾਮਲ ਕਰਨ, ਅਤੇ ਕੌਮਾਂਤਰੀ ਹਵਾਬਾਜ਼ੀ ਵਿੱਚ ਕਾਰਬਨ ਨਿਕਾਸ ਨੂੰ ਘਟਾਉਣ ਦੇ ਸਾਧਨ ਵਜੋਂ ਟਿਕਾਊ ਹਵਾਬਾਜ਼ੀ ਈਂਧਣ ਅਤੇ ਘੱਟ-ਕਾਰਬਨ ਹਵਾਬਾਜ਼ੀ ਈਂਧਣ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ਨੂੰ ਮੰਨਦੇ ਹਾਂ। ਅਸੀਂ ਸਸਟੇਨੇਬਲ ਏਵੀਏਸ਼ਨ ਫਿਊਲਜ਼ ’ਤੇ ਬ੍ਰਿਕਸ ਫੋਰਮ, ਸਾਡੀ ਨਵਿਆਉਣਯੋਗ ਊਰਜਾ ਸਮਰੱਥਾ ਦਾ ਲਾਭ ਉਠਾਉਂਦੇ ਹੋਏ ਟਰਾਂਸਪੋਰਟ ਡੀਕਾਰਬੋਨਾਈਜ਼ੇਸ਼ਨ ’ਤੇ ਗਿਆਨ ਦੇ ਆਦਾਨ-ਪ੍ਰਦਾਨ ਲਈ ਸਹਿਯੋਗ ਦੇ ਬ੍ਰਿਕਸ ਢਾਂਚੇ, ਅਤੇ ਪਹੁੰਚਯੋਗ, ਸਸਤੇ, ਸ਼ਮੂਲੀਅਤ ਵਾਲੇ ਅਤੇ ਸਮਾਰਟ ਸ਼ਹਿਰੀ ਟਰਾਂਸਪੋਰਟ ਹੱਲਾਂ ਵਿੱਚ ਗਿਆਨ ਦੇ ਆਦਾਨ-ਪ੍ਰਦਾਨ ਅਤੇ ਸਹਿਯੋਗ ਲਈ ਬ੍ਰਿਕਸ ਅਰਬਨ ਮੋਬਿਲਿਟੀ ਹੱਬ ਦੀ ਸਥਾਪਨਾ ਦਾ ਸਵਾਗਤ ਕਰਦੇ ਹਾਂ। ਅਸੀਂ ਬ੍ਰਿਕਸ ਲੌਜਿਸਟਿਕਸ ਸਪਲਾਈ-ਚੇਨ ਕੋਆਪ੍ਰੇਸ਼ਨ ਫਰੇਮਵਰਕ ਦੀ ਸਥਾਪਨਾ ਦਾ ਸਵਾਗਤ ਕਰਦੇ ਹਾਂ ਅਤੇ ਬ੍ਰਿਕਸ ਰੇਲਵੇ ਰਿਸਰਚ ਨੈੱਟਵਰਕ ਦੀ ਤਜਵੀਜ਼ ’ਤੇ ਚਰਚਾ ਨੂੰ ਉਤਸ਼ਾਹਿਤ ਕਰਦੇ ਹਾਂ।
105. ਅਸੀਂ ਕੌਮਾਂਤਰੀ ਸ਼ਹਿਰੀ ਹਵਾਬਾਜ਼ੀ ਕਨਵੈਨਸ਼ਨ ਦੀ ਧਾਰਾ 50(a) ਵਿੱਚ 2016 ਦੀ ਸੋਧ ਦੇ ਲਾਗੂ ਹੋਣ ਦਾ ਸਵਾਗਤ ਕਰਦੇ ਹਾਂ। ਇਹ ਅਫਰੀਕਾ ਅਤੇ ਏਸ਼ੀਆ ਪ੍ਰਸ਼ਾਂਤ ਸਮੇਤ ਘੱਟ ਨੁਮਾਇੰਦਗੀ ਵਾਲੇ ਖੇਤਰਾਂ ਲਈ ਚਾਰ ਸੀਟਾਂ ਜੋੜ ਕੇ ਆਈਸੀਏਓ ਕੌਂਸਲ ਦੀ ਮੈਂਬਰਸ਼ਿਪ ਦਾ ਵਿਸਥਾਰ ਕਰਦੀ ਹੈ। ਅਸੀਂ 43ਵੀਂ (ਅਸਧਾਰਨ) ਆਈਸੀਏਓ ਅਸੈਂਬਲੀ ਦੌਰਾਨ ਹੋਣ ਵਾਲੀਆਂ ਆਗਾਮੀ ਚੋਣਾਂ ਵਿੱਚ ਕੌਂਸਲ ਵਿੱਚ ਵਾਧੂ ਸੀਟਾਂ ਸੰਭਾਲਣ ਲਈ ਇੰਡੋਨੇਸ਼ੀਆ ਅਤੇ ਇਥੋਪੀਆ (ਜਿਸ ਦਾ ਅਫਰੀਕੀ ਯੂਨੀਅਨ ਵੱਲੋਂ ਇੱਕਲੌਤੇ ਅਫਰੀਕੀ ਉਮੀਦਵਾਰ ਵਜੋਂ ਸਮਰਥਨ ਕੀਤਾ ਗਿਆ ਹੈ) ਦੀ ਉਮੀਦਵਾਰੀ ਦਾ ਸਵਾਗਤ ਕਰਦੇ ਹਾਂ।
106. ਅਸੀਂ ਨਵੀਂ ਦਿੱਲੀ ਵਿੱਚ ਬ੍ਰਿਕਸ ਸ਼ਹਿਰੀਕਰਨ ਫੋਰਮ ਕਰਵਾਏ ਜਾਣ ਅਤੇ ਮੰਤਰੀ ਪੱਧਰ ਦੇ ਐਲਾਨਨਾਮੇ ਨੂੰ ਅਪਣਾਉਣ ਦਾ ਸਵਾਗਤ ਕਰਦੇ ਹਾਂ। ਅਸੀਂ ਢੁਕਵੇਂ, ਸੁਰੱਖਿਅਤ ਅਤੇ ਸਸਤੇ ਮਕਾਨਾਂ, ਪਾਣੀ ਅਤੇ ਸਾਫ-ਸਫਾਈ, ਟਿਕਾਊ ਆਵਾਜਾਈ, ਇਕਸਾਰ ਅਤੇ ਕੁਸ਼ਲ ਗਤੀਸ਼ੀਲਤਾ, ਕੂੜਾ ਪ੍ਰਬੰਧਨ ਅਤੇ ਹੋਰ ਜ਼ਰੂਰੀ ਸ਼ਹਿਰੀ ਸੇਵਾਵਾਂ ’ਤੇ ਮਜ਼ਬੂਤ ਸਹਿਯੋਗ ਰਾਹੀਂ ਲੋਕ-ਕੇਂਦਰਿਤ ਸ਼ਹਿਰੀ ਵਿਕਾਸ ਨੂੰ ਅੱਗੇ ਵਧਾਉਣ ਅਤੇ ਸ਼ਮੂਲੀਅਤ ਵਾਲੇ, ਟਿਕਾਊ, ਲਚਕੀਲੇ ਅਤੇ ਰਹਿਣ-ਯੋਗ ਸ਼ਹਿਰ ਬਣਾਉਣ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ। ਅਸੀਂ ਲਚਕੀਲੇ ਅਤੇ ਟਿਕਾਊ ਸ਼ਹਿਰੀ ਵਿਕਾਸ ਦਾ ਸਮਰਥਨ ਕਰਨ ਲਈ ਵਿਹਾਰਕ ਖੋਜ, ਗਿਆਨ-ਸਾਂਝਾ ਕਰਨ ਅਤੇ ਸਮਰੱਥਾ-ਨਿਰਮਾਣ ਲਈ ਇੱਕ ਮੰਚ ਵਜੋਂ ਬ੍ਰਿਕਸ ਅਰਬਨ ਰਿਸਰਚ ਐਂਡ ਨਾਲੇਜ ਨੈੱਟਵਰਕ ਦੀ ਸਥਾਪਨਾ ਦੀ ਵੀ ਸ਼ਲਾਘਾ ਕਰਦੇ ਹਾਂ।
107. ਅਸੀਂ ਜਲਵਾਯੂ ਤਬਦੀਲੀ ਵਰਗੀਆਂ ਚੁਣੌਤੀਆਂ, ਜੋ ਸਾਡੇ ਸਾਂਝੇ ਗ੍ਰਹਿ ਅਤੇ ਭਵਿੱਖ ਲਈ ਖਤਰਾ ਹਨ, ਨਾਲ ਨਜਿੱਠਣ ਲਈ ਬਹੁ-ਪੱਖਵਾਦ ਨੂੰ ਬਰਕਰਾਰ ਰੱਖਣ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦੇ ਹਾਂ। ਅਸੀਂ ਯੂਐੱਨਐੱਫਸੀਸੀਸੀ ਅਤੇ ਇਸ ਦੇ ਪੈਰਿਸ ਸਮਝੌਤੇ ਦੇ ਉਦੇਸ਼ਾਂ, ਸਿਧਾਂਤਾਂ ਅਤੇ ਟੀਚਿਆਂ ਦੀ ਪ੍ਰਾਪਤੀ ਲਈ ਇੱਕਜੁੱਟ ਰਹਿਣ ਦਾ ਸੰਕਲਪ ਲੈਂਦੇ ਹਾਂ ਅਤੇ ਸਾਰੇ ਦੇਸ਼ਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਨ੍ਹਾਂ ਸਮਝੌਤਿਆਂ ਦੀਆਂ ਧਿਰਾਂ ਵਜੋਂ ਆਪਣੀ ਮੌਜੂਦਾ ਵਚਨਬੱਧਤਾ ਨੂੰ ਕਾਇਮ ਰੱਖਣ ਅਤੇ ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਬਰਕਰਾਰ ਰੱਖਣ ਅਤੇ ਵਧਾਉਣ। ਅਸੀਂ ਵੱਖੋ-ਵੱਖਰੇ ਰਾਸ਼ਟਰੀ ਹਾਲਾਤਾਂ ਦੇ ਮੱਦੇਨਜ਼ਰ, ਬਰਾਬਰੀ ਅਤੇ ਸਾਂਝੀਆਂ ਪਰ ਵੱਖਰੀਆਂ ਜ਼ਿੰਮੇਵਾਰੀਆਂ ਅਤੇ ਸੰਬੰਧਿਤ ਸਮਰੱਥਾਵਾਂ ਦੇ ਸਿਧਾਂਤ ਨੂੰ ਦਰਸਾਉਂਦੇ ਹੋਏ, ਵਿਕਾਸਸ਼ੀਲ ਦੇਸ਼ਾਂ ਨੂੰ ਲਾਗੂ ਕਰਨ ਦੇ ਸਾਧਨ ਮੁਹੱਈਆ ਕਰਨ ਅਤੇ ਨਾਲ ਹੀ ਨਿਕਾਸ ਘਟਾਉਣ, ਅਨੁਕੂਲਤਾ, ਨੁਕਸਾਨ ਤੇ ਭਰਪਾਈ ਨਾਲ ਸਬੰਧਤ ਪੈਰਿਸ ਸਮਝੌਤੇ ਦੀਆਂ ਵਿਵਸਥਾਵਾਂ ਸਮੇਤ ਇਸ ਦੇ ਪੂਰੇ ਅਤੇ ਪ੍ਰਭਾਵਸ਼ਾਲੀ ਅਮਲ ਨੂੰ ਮਜ਼ਬੂਤ ਕਰਕੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਯੂਐੱਨਐੱਫਸੀਸੀਸੀ ਦੇ ਉਦੇਸ਼ ਦੀ ਪ੍ਰਾਪਤੀ ਵਿੱਚ ਆਪਣੀ ਅਟੁੱਟ ਵਚਨਬੱਧਤਾ ਦੀ ਮੁੜ ਪੁਸ਼ਟੀ ਕਰਦੇ ਹਾਂ। ਅਸੀਂ ਇਹ ਵੀ ਮੰਨਦੇ ਹਾਂ ਕਿ ਉੱਚੇ ਕਰਜ਼ੇ ਦਾ ਬੋਝ ਕਈ ਵਿਕਾਸਸ਼ੀਲ ਦੇਸ਼ਾਂ ਵਿੱਚ ਜਲਵਾਯੂ ਅਤੇ ਵਿਕਾਸ ਨਿਵੇਸ਼ ਨੂੰ ਹੋਰ ਸੀਮਤ ਕਰਦਾ ਹੈ ਅਤੇ ਕਰਜ਼ੇ ਦੀ ਸਥਿਰਤਾ ਵਧਾਉਣ, ਵਿੱਤੀ ਗੁੰਜਾਇਸ਼ ਵਧਾਉਣ, ਅਤੇ ਟਿਕਾਊ ਵਿਕਾਸ ਅਤੇ ਜਲਵਾਯੂ ਫੰਡਿੰਗ ਦਾ ਸਮਰਥਨ ਕਰਨ ਲਈ ਤਾਲਮੇਲ ਵਾਲੀ ਕੌਮਾਂਤਰੀ ਕਾਰਵਾਈ ਦੀ ਮੰਗ ਕਰਦੇ ਹਾਂ। ਅਸੀਂ ਜਲਵਾਯੂ ਤਬਦੀਲੀ ਅਤੇ ਟਿਕਾਊ ਵਿਕਾਸ ’ਤੇ ਸੰਪਰਕ ਸਮੂਹ ਵਿੱਚ ਇਸ ਸਬੰਧ ਵਿੱਚ ਬ੍ਰਿਕਸ ਸਹਿਯੋਗ ਨੂੰ ਉਤਸ਼ਾਹਿਤ ਕਰਦੇ ਹਾਂ। ਅਸੀਂ ਬ੍ਰਾਜ਼ੀਲ ਦੀ ਸੀਓਪੀ30 ਪ੍ਰਧਾਨਗੀ ਦੇ ਸਫਲਤਾਪੂਰਵਕ ਮੁਕੰਮਲ ਹੋਣ ਦੀ ਸ਼ਲਾਘਾ ਕਰਦੇ ਹਾਂ ਅਤੇ ਇਥੋਪੀਆ ਦੀ ਯੂਐੱਨਐੱਫਸੀਸੀਸੀ ਸੀਓਪੀ32 ਪ੍ਰਧਾਨਗੀ ਲਈ ਸਮਰਥਨ ਕਰਦੇ ਹਾਂ।
108. ਅਸੀਂ ਕਾਰਬਨ ਬਾਰਡਰ ਐਡਜਸਟਮੈਂਟ ਮਕੈਨਿਜ਼ਮ ਵਰਗੇ ਇਕਪਾਸੜ, ਦੰਡਕਾਰੀ, ਵਿਤਕਰੇ ਵਾਲੇ ਅਤੇ ਸੁਰੱਖਿਆਵਾਦੀ ਕਦਮਾਂ ਦਾ ਵਿਰੋਧ ਕਰਦੇ ਹਾਂ ਜੋ ਕੌਮਾਂਤਰੀ ਕਾਨੂੰਨ ਦੇ ਅਨੁਸਾਰ ਨਹੀਂ ਹਨ। ਅਸੀਂ ਚਿੰਤਾ ਪ੍ਰਗਟ ਕਰਦੇ ਹਾਂ ਕਿ ਅਜਿਹੇ ਕਦਮ ਜਲਵਾਯੂ ਤਬਦੀਲੀ ਦੇ ਮਾੜੇ ਪ੍ਰਭਾਵਾਂ ਨਾਲ ਨਜਿੱਠਣ, ਅਨੁਕੂਲਤਾ ਸਮਰੱਥਾ ਅਤੇ ਲਚਕਤਾ ਵਧਾਉਣ ਦੇ ਉਦੇਸ਼ ਨਾਲ ਦੇਸ਼ਾਂ, ਖਾਸ ਕਰਕੇ ਵਿਕਾਸਸ਼ੀਲ ਦੇਸ਼ਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਕਮਜ਼ੋਰ ਕਰਦੇ ਹਨ।
109. ਅਸੀਂ ਬ੍ਰਿਕਸ ਮੈਂਬਰ ਦੇਸ਼ਾਂ ਵਿੱਚ ਜਲਵਾਯੂ ਕਾਰਵਾਈ ਨੂੰ ਉਤਸ਼ਾਹਿਤ ਕਰਨ ਅਤੇ ਲਚਕਤਾ ਬਣਾਉਣ ਲਈ ਬ੍ਰਿਕਸ ਕਲਾਈਮੇਟ ਰਿਸਰਚ ਪਲੇਟਫਾਰਮ ਅਤੇ ਬ੍ਰਿਕਸ ਲੈਬਾਰਟਰੀ ਫਾਰ ਟਰੇਡ, ਕਲਾਈਮੇਟ ਚੇਂਜ ਐਂਡ ਸਸਟੇਨੇਬਲ ਡਿਵੈਲਪਮੈਂਟ ਦੀ ਸਮਰੱਥਾ ’ਤੇ ਚਾਨਣਾ ਪਾਉਂਦੇ ਹਾਂ ਅਤੇ ਅਸੀਂ ਉਨ੍ਹਾਂ ਦੇ ਹੋਰ ਵਿਕਾਸ ਦੀ ਉਡੀਕ ਕਰਦੇ ਹਾਂ। ਜਲਵਾਯੂ ਵਿੱਤ ਬਾਰੇ 2025 ਦੇ ਆਗੂਆਂ ਦੇ ਫਰੇਮਵਰਕ ਐਲਾਨਨਾਮੇ ਨੂੰ ਯਾਦ ਕਰਦਿਆਂ, ਅਸੀਂ ਸਮਰੱਥਾ ਨਿਰਮਾਣ ਅਤੇ ਤਜਰਬਿਆਂ ਦੇ ਆਦਾਨ-ਪ੍ਰਦਾਨ ’ਤੇ ਖਾਸ ਧਿਆਨ ਦੇ ਕੇ, ਕਾਰਬਨ ਬਾਜ਼ਾਰਾਂ ਦੇ ਖੇਤਰ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ ਦਾ ਸਮਰਥਨ ਕਰਦੇ ਹਾਂ। ਅਸੀਂ ਮੈਂਬਰਾਂ ਦੀਆਂ ਜਲਵਾਯੂ ਰਣਨੀਤੀਆਂ, ਜਿਸ ਵਿੱਚ ਨਿਕਾਸ ਘਟਾਉਣ ਦੀਆਂ ਕੋਸ਼ਿਸ਼ਾਂ ਵਿੱਚ ਸਾਥ ਦੇਣਾ ਅਤੇ ਲੋੜੀਂਦੇ ਸਰੋਤ ਜੁਟਾਉਣਾ ਸ਼ਾਮਲ ਹੈ, ਦਾ ਸਮਰਥਨ ਕਰਨ ਲਈ ਇੱਕ ਸਹਿਯੋਗੀ ਪਹੁੰਚ ਵਜੋਂ ਬ੍ਰਿਕਸ ਕਾਰਬਨ ਮਾਰਕੀਟ ਪਾਰਟਨਰਸ਼ਿਪ ’ਤੇ ਸਹਿਮਤੀ ਪੱਤਰ (ਐੱਮਓਯੂ) ਨੂੰ ਲਾਗੂ ਕਰਨ ਦੀ ਆਸ ਕਰਦੇ ਹਾਂ। ਅਸੀਂ ਲੋਕ-ਕੇਂਦਰਿਤ ਕਮਿਊਨਿਟੀ-ਆਧਾਰਿਤ ਅਨੁਕੂਲਤਾ ਪਹੁੰਚਾਂ ਬਾਰੇ ਬ੍ਰਿਕਸ ਉੱਚ-ਪੱਧਰੀ ਸੰਵਾਦ ਅਤੇ ਕਾਰਬਨ ਬਾਜ਼ਾਰਾਂ ਨੂੰ ਅਨੁਕੂਲਤਾ ਟੀਚਿਆਂ ਨਾਲ ਜੋੜਨ ਬਾਰੇ ਸੰਵਾਦ ਰਾਹੀਂ ਗਿਆਨ ਸਾਂਝਾ ਕਰਨ ਦੀ ਸ਼ਲਾਘਾ ਕਰਦੇ ਹਾਂ।
110. ਅਸੀਂ ਜਲਵਾਯੂ ਲਚਕਤਾ ਅਤੇ ਟਿਕਾਊ ਵਿਕਾਸ ਨੂੰ ਮਜ਼ਬੂਤ ਕਰਨ ਦੇ ਅਹਿਮ ਰਸਤੇ ਵਜੋਂ ਲੋਕ-ਕੇਂਦਰਿਤ ਅਤੇ ਕਮਿਊਨਿਟੀ-ਆਧਾਰਿਤ ਅਨੁਕੂਲਤਾ (ਅਡੈਪਟੇਸ਼ਨ) ’ਤੇ ਬ੍ਰਿਕਸ ਦੇਸ਼ਾਂ ਵਿਚਾਲੇ ਸਹਿਯੋਗ ਵਧਾਉਣ ਨੂੰ ਉਤਸ਼ਾਹਿਤ ਕਰਦੇ ਹਾਂ। ਵਿਕਸਤ ਦੇਸ਼ ਅਨੁਕੂਲਤਾ ਲਈ ਵਿਕਾਸਸ਼ੀਲ ਦੇਸ਼ਾਂ ਨੂੰ ਵਾਧੂ, ਢੁਕਵੇਂ, ਭਵਿੱਖਬਾਣੀ ਯੋਗ, ਪਹੁੰਚਯੋਗ ਵਿੱਤੀ ਸਰੋਤ, ਸਮਰੱਥਾ ਨਿਰਮਾਣ ਸਹਾਇਤਾ ਅਤੇ ਤਕਨਾਲੋਜੀ ਵਿਕਾਸ ਮੁਹੱਈਆ ਕਰਨਗੇ। ਅਸੀਂ ਅਨੁਕੂਲਤਾ ਸਮਰੱਥਾ ਨੂੰ ਵਧਾਉਣ ਅਤੇ ਜਲਵਾਯੂ ਚੁਣੌਤੀਆਂ ਨਾਲ ਨਜਿੱਠਣ ਵਿੱਚ ਰਵਾਇਤੀ ਗਿਆਨ ਪ੍ਰਣਾਲੀਆਂ, ਮੂਲ ਨਿਵਾਸੀਆਂ ਅਤੇ ਸਥਾਨਕ ਭਾਈਚਾਰਿਆਂ ਦੇ ਅਭਿਆਸਾਂ, ਸਥਾਨਕ ਨਵੀਨਤਾਵਾਂ, ਅਤੇ ਭਾਈਚਾਰਕ ਤਜ਼ਰਬਿਆਂ ਦੀ ਕੀਮਤ ਨੂੰ ਮੰਨਦੇ ਹਾਂ। ਵਿਗਿਆਨਕ ਗਿਆਨ ਅਤੇ ਤਕਨੀਕੀ ਨਵੀਨਤਾ ਨਾਲ ਰਵਾਇਤੀ ਗਿਆਨ ਦੇ ਏਕੀਕਰਨ ਸਮੇਤ ਤਜਰਬਿਆਂ, ਗਿਆਨ, ਅਤੇ ਵਧੀਆ ਅਭਿਆਸਾਂ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਦੇ ਹਾਂ। ਇਸ ਸਬੰਧੀ ਅਸੀਂ ਰਵਾਇਤੀ ਗਿਆਨ ’ਤੇ ਆਧਾਰਿਤ ਲੋਕ-ਕੇਂਦਰਿਤ ਅਤੇ ਕਮਿਊਨਿਟੀ-ਆਧਾਰਿਤ ਅਨੁਕੂਲਤਾ ਰਾਹੀਂ ਜਲਵਾਯੂ ਲਚਕਤਾ ਨੂੰ ਅੱਗੇ ਵਧਾਉਣ ਲਈ ਬ੍ਰਿਕਸ ਸਿਧਾਂਤਾਂ ਦਾ ਸਵਾਗਤ ਕਰਦੇ ਹਾਂ। ਅਸੀਂ ਰਾਸ਼ਟਰੀ ਪੱਧਰ ’ਤੇ ਨਿਰਧਾਰਤ ਨਿਆਂਪੂਰਨ ਤਬਦੀਲੀਆਂ ਅਤੇ ਨਿਕਾਸ ਨੂੰ ਘਟਾਉਣ ਤੇ ਅਨੁਕੂਲਤਾ ਦੀਆਂ ਸੰਤੁਲਿਤ ਕਾਰਵਾਈਆਂ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹਾਂ। ਅਸੀਂ ਉਨ੍ਹਾਂ ਸਾਰੇ ਉਪਲਬਧ ਅਤੇ ਪਹੁੰਚਯੋਗ ਹੱਲਾਂ ਅਤੇ ਤਕਨਾਲੋਜੀਆਂ ਦੀ ਮਹੱਤਤਾ ’ਤੇ ਵੀ ਚਾਨਣਾ ਪਾਉਂਦੇ ਹਾਂ ਜੋ ਨਿਕਾਸ ਨੂੰ ਘਟਾਉਣ ਵਿੱਚ ਯੋਗਦਾਨ ਪਾਉਂਦੇ ਹਨ ਅਤੇ ਅਨੁਕੂਲਤਾ ਸਮਰੱਥਾ ਨੂੰ ਵਧਾਉਂਦੇ ਹਨ, ਜਿਸ ਵਿੱਚ ਕਾਰਬਨ ਭੰਡਾਰਾਂ ਅਤੇ ਸਿੰਕ ਵਜੋਂ ਈਕੋਸਿਸਟਮ ਦੀ ਅਹਿਮ ਭੂਮਿਕਾ, ਈਕੋਸਿਸਟਮ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ, ਅਤੇ ਜਲਵਾਯੂ ਲਚਕਤਾ ਵਿੱਚ ਯੋਗਦਾਨ ਪਾਉਣ ਵਾਲਿਆਂ ਦੀ ਭੂਮਿਕਾ ਸ਼ਾਮਲ ਹੈ।
111. ਅਸੀਂ ਜੈਵ ਵਿਭਿੰਨਤਾ ਦੀ ਸੰਭਾਲ ਅਤੇ ਟਿਕਾਊ ਵਰਤੋਂ, ਜੈਨੇਟਿਕ ਸਰੋਤਾਂ ਦੀ ਵਰਤੋਂ ਤੋਂ ਹੋਣ ਵਾਲੇ ਲਾਭਾਂ ਦੀ ਨਿਰਪੱਖ ਅਤੇ ਬਰਾਬਰ ਵੰਡ, ਅਤੇ ਜੈਵ ਵਿਭਿੰਨਤਾ ਬਾਰੇ ਕਨਵੈਨਸ਼ਨ, ਅਤੇ ਇਸ ਦੇ ਪ੍ਰੋਟੋਕੋਲਾਂ, ਅਤੇ ਇਸ ਦੇ ਕੁਨਮਿੰਗ-ਮਾਂਟਰੀਅਲ ਗਲੋਬਲ ਬਾਇਓਡਾਇਵਰਸਿਟੀ ਫਰੇਮਵਰਕ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹਾਂ। ਅਸੀਂ ਕੁਨਮਿੰਗ ਬਾਇਓਡਾਇਵਰਸਿਟੀ ਫੰਡ ਦੀ ਸਥਾਪਨਾ ਅਤੇ ਚੀਨ ਵੱਲੋਂ ਪਾਏ ਗਏ ਯੋਗਦਾਨ ਦੀ ਸ਼ਲਾਘਾ ਕਰਦੇ ਹਾਂ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਉਨ੍ਹਾਂ ਦੀ ਜੈਵ ਵਿਭਿੰਨਤਾ ਦੀ ਸੰਭਾਲ ਲਈ ਸਮਰਥਨ ਦੇਣ ਵਿੱਚ ਇਸ ਦੀ ਅਹਿਮ ਭੂਮਿਕਾ ਨੂੰ ਮੰਨਦੇ ਹਾਂ। ਅਸੀਂ ਕੇਐੱਮਜੀਬੀਐੱਫ ਲਈ ਐਕਸ਼ਨ ਇਨੀਸ਼ੀਏਟਿਵ ਸਮੇਤ ਬ੍ਰਿਕਸ ਦੇਸ਼ਾਂ ਦੀਆਂ ਪਹਿਲਕਦਮੀਆਂ ਨੂੰ ਵੀ ਨੋਟ ਕਰਦੇ ਹਾਂ। ਅਸੀਂ ਵਿਕਸਤ ਦੇਸ਼ਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਵਿਕਾਸਸ਼ੀਲ ਦੇਸ਼ਾਂ ਨੂੰ ਢੁਕਵੇਂ, ਪ੍ਰਭਾਵਸ਼ਾਲੀ, ਅਤੇ ਭਵਿੱਖਬਾਣੀ ਯੋਗ, ਸਮੇਂ ਸਿਰ ਅਤੇ ਪਹੁੰਚਯੋਗ ਵਿੱਤੀ ਸਰੋਤਾਂ ਦੀ ਵਿਵਸਥਾ ਯਕੀਨੀ ਬਣਾਉਣ ਅਤੇ ਜੈਵ ਵਿਭਿੰਨਤਾ ਦੀ ਵਰਤੋਂ ਤੋਂ ਹੋਣ ਵਾਲੇ ਲਾਭਾਂ ਦੀ ਸੰਭਾਲ, ਟਿਕਾਊ ਵਰਤੋਂ ਅਤੇ ਨਿਰਪੱਖ ਅਤੇ ਬਰਾਬਰ ਵੰਡ ਲਈ ਵਿਕਾਸਸ਼ੀਲ ਦੇਸ਼ਾਂ ਵਿੱਚ ਸਮਰੱਥਾ ਨਿਰਮਾਣ, ਵਿਕਾਸ ਅਤੇ ਤਕਨਾਲੋਜੀ ਦੇ ਤਬਾਦਲੇ ਵਿੱਚ ਸੁਧਾਰ ਕਰਨ। ਦੁਰਲੱਭ ਨਸਲਾਂ ਨੂੰ ਬਚਾਉਣ ਲਈ ਸਾਡੇ ਦੇਸ਼ਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹੋਏ ਅਤੇ ਬਿਗ ਕੈਟਸ (ਵੱਡੀਆਂ ਬਿੱਲੀਆਂ ਜਿਵੇਂ ਸ਼ੇਰ, ਚੀਤੇ) ਦੀ ਕਮਜ਼ੋਰੀ ਨੂੰ ਧਿਆਨ ਵਿੱਚ ਰੱਖਦਿਆਂ ਅਸੀਂ ਇੰਟਰਨੈਸ਼ਨਲ ਬਿਗ ਕੈਟਸ ਅਲਾਇੰਸ ਬਣਾਉਣ ਲਈ ਭਾਰਤ ਗਣਰਾਜ ਦੀ ਪਹਿਲਕਦਮੀ ਦਾ ਨੋਟਿਸ ਲੈਂਦੇ ਹਾਂ ਅਤੇ ਬ੍ਰਿਕਸ ਦੇਸ਼ਾਂ ਨੂੰ ਬਿਗ ਕੈਟਸ ਦੀ ਸੰਭਾਲ ਲਈ ਮਿਲ ਕੇ ਕੰਮ ਕਰਨ ਲਈ ਉਤਸ਼ਾਹਿਤ ਕਰਦੇ ਹਾਂ।
112. ਅਸੀਂ ਜੈਵ ਵਿਭਿੰਨਤਾ, ਪਾਣੀ ਦੇ ਬੇਸਿਨਾਂ ਅਤੇ ਮਿੱਟੀ ਦੀ ਸੰਭਾਲ ਲਈ ਅਤੇ ਆਰਥਿਕ ਖੇਤਰਾਂ ਲਈ ਉੱਚ ਕੀਮਤ ਵਾਲੇ ਲੱਕੜ ਅਤੇ ਗੈਰ-ਲੱਕੜ ਵਾਲੇ ਜੰਗਲੀ ਉਤਪਾਦ ਮੁਹੱਈਆ ਕਰਨ, ਹਾਈਡ੍ਰੋਲੋਜੀਕਲ ਚੱਕਰਾਂ ਨੂੰ ਨਿਯਮਤ ਕਰਨ ਦੇ ਨਾਲ-ਨਾਲ ਮਾਰੂਥਲੀਕਰਨ, ਜ਼ਮੀਨ ਦੇ ਖਰਾਬ ਹੋਣ ਅਤੇ ਸੋਕੇ ਦਾ ਮੁਕਾਬਲਾ ਕਰਨ ਅਤੇ ਅਹਿਮ ਕਾਰਬਨ ਸਿੰਕ ਵਜੋਂ ਕੰਮ ਕਰਨ ਵਿੱਚ ਬੋਰੀਅਲ ਅਤੇ ਤਪਤ-ਖੰਡੀ ਜੰਗਲਾਂ ਸਮੇਤ ਸਾਰੀਆਂ ਕਿਸਮਾਂ ਦੇ ਜੰਗਲਾਂ ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੰਦੇ ਹਾਂ। ਅਸੀਂ ਟਿਕਾਊ ਜੰਗਲਾਤ ਪ੍ਰਬੰਧਨ ਅਤੇ ਮੁੜ-ਬਹਾਲੀ ਦਾ ਸਮਰਥਨ ਕਰਨ ਵਾਲੇ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਅਸੀਂ ਟਿਕਾਊ ਵਰਤੋਂ ਰਾਹੀਂ ਮੂਲ ਨਿਵਾਸੀਆਂ ਅਤੇ ਸਥਾਨਕ ਭਾਈਚਾਰਿਆਂ ਸਮੇਤ ਹੋਰਾਂ ਦੀ ਰੋਜ਼ੀ-ਰੋਟੀ ਦਾ ਸਮਰਥਨ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ’ਤੇ ਹੋਰ ਜ਼ੋਰ ਦਿੰਦੇ ਹਾਂ। ਅਸੀਂ ਇੰਟੀਗ੍ਰੇਟਿਡ ਲੈਂਡਸਕੇਪ-ਬੇਸਡ ਗ੍ਰੀਨਿੰਗ ਐਂਡ ਲੈਂਡ ਰੀਸਟੋਰੇਸ਼ਨ ਲਈ ਬ੍ਰਿਕਸ ਸਿਧਾਂਤਾਂ ਨੂੰ ਅਪਣਾਉਣ ਅਤੇ ਬ੍ਰਿਕਸ ਦੇਸ਼ਾਂ ਵਿੱਚ ਜੰਗਲੀ ਅੱਗ ਦੀ ਤਿਆਰੀ ਅਤੇ ਜਵਾਬੀ ਕਾਰਵਾਈ ਲਈ ਸਾਂਝੀ ਸਮਝ ਨੂੰ ਅਪਣਾਉਣ ਦਾ ਵੀ ਸਵਾਗਤ ਕਰਦੇ ਹਾਂ। ਅਸੀਂ ਬੇਲੇਮ ਕਲਾਈਮੇਟ ਸਮਿਟ ਵਿੱਚ ਟ੍ਰੋਪੀਕਲ ਫਾਰੈਸਟ ਫਾਰਐਵਰ ਫੈਸਿਲਿਟੀ ਦੀ ਸ਼ੁਰੂਆਤ ਦਾ ਸਵਾਗਤ ਕਰਦੇ ਹਾਂ ਅਤੇ ਇਸ ਨੂੰ ਤਪਤ-ਖੰਡੀ ਜੰਗਲਾਂ ਦੀ ਸੰਭਾਲ ਲਈ ਲੰਬੇ ਸਮੇਂ ਦੇ, ਨਤੀਜਾ-ਆਧਾਰਿਤ ਫੰਡ ਜੁਟਾਉਣ ਲਈ ਤਿਆਰ ਕੀਤੇ ਗਏ ਇੱਕ ਨਵੀਨਤਾਕਾਰੀ ਤੰਤਰ ਵਜੋਂ ਮਾਨਤਾ ਦਿੰਦੇ ਹਾਂ। ਅਸੀਂ ਸੰਭਾਵੀ ਨਿਵੇਸ਼ਕ ਦੇਸ਼ਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਸਹੂਲਤ ਨੂੰ ਪੂੰਜੀ ਮੁਹੱਈਆ ਕਰਵਾਉਣ ਅਤੇ ਸਮੇਂ ਸਿਰ ਚਾਲੂ ਕਰਨ ਨੂੰ ਯਕੀਨੀ ਬਣਾਉਣ ਲਈ ਵੱਡੇ ਯੋਗਦਾਨ ਦਾ ਐਲਾਨ ਕਰਨ। ਅਸੀਂ ‘ਯੂਨਾਈਟਿਡ ਫਾਰ ਅਵਰ ਫਾਰੈਸਟਸ’ ਪਹਿਲਕਦਮੀ ਦਾ ਵੀ ਨੋਟਿਸ ਲੈਂਦੇ ਹਾਂ, ਅਤੇ ਵੱਡੇ ਪੱਧਰ ’ਤੇ ਹਰਿਆਵਲ ਵਧਾਉਣ ਵਾਲੀਆਂ ਰਾਸ਼ਟਰੀ ਪਹਿਲਕਦਮੀਆਂ ਨੂੰ ਮੰਨਦੇ ਹਾਂ ਜੋ ਇਨ੍ਹਾਂ ਜ਼ਰੂਰੀ ਤਪਤ-ਖੰਡੀ ਈਕੋਸਿਸਟਮ ਦੀ ਸੰਭਾਲ, ਟਿਕਾਊ ਪ੍ਰਬੰਧਨ, ਅਤੇ ਮੁੜ-ਬਹਾਲੀ ਨੂੰ ਉਤਸ਼ਾਹਿਤ ਕਰਦੀਆਂ ਹਨ। ਅਸੀਂ ਕੌਮਾਂਤਰੀ ਸਹਿਯੋਗ ਲਈ ਮੰਚਾਂ ਵਜੋਂ ਯੂਏਈ ਅਤੇ ਇੰਡੋਨੇਸ਼ੀਆ ਦੀ ਸਾਂਝੀ ਅਗਵਾਈ ਹੇਠਲੇ ਮੈਂਗਰੋਵ ਅਲਾਇੰਸ ਫਾਰ ਕਲਾਈਮੇਟ ਦਾ ਵੀ ਨੋਟਿਸ ਲੈਂਦੇ ਹਾਂ।
113. ਅਸੀਂ ਪਾਣੀ ਦੀ ਉਪਲਬਧਤਾ, ਮਾਰੂਥਲੀਕਰਨ, ਸੋਕਾ, ਜ਼ਮੀਨ ਦੇ ਖਰਾਬ ਹੋਣ, ਦੇ ਨਾਲ-ਨਾਲ ਰੇਤ ਅਤੇ ਧੂੜ ਦੇ ਤੂਫਾਨਾਂ, ਅਤੇ ਜੰਗਲੀ ਅੱਗ ਵਰਗੀਆਂ ਗੰਭੀਰ ਵਾਤਾਵਰਣ ਚੁਣੌਤੀਆਂ ਨੂੰ ਮਾਨਤਾ ਦਿੰਦੇ ਹਾਂ, ਜਿਨ੍ਹਾਂ ਦੇ ਈਕੋਸਿਸਟਮ, ਖੇਤੀਬਾੜੀ, ਕਮਜ਼ੋਰ ਸਥਿਤੀਆਂ ਵਿੱਚ ਰਹਿ ਰਹੇ ਲੋਕਾਂ ਦੀ ਰੋਜ਼ੀ-ਰੋਟੀ ਅਤੇ ਸਮਾਜਿਕ-ਆਰਥਿਕ ਵਿਕਾਸ ’ਤੇ ਵੱਡੇ ਪ੍ਰਭਾਵ ਪੈਂਦੇ ਹਨ। ਅਸੀਂ ਸਮੁੱਚੇ ਈਕੋਸਿਸਟਮ ਦੀ ਬਹਾਲੀ ਲਈ ਪਹਾੜਾਂ, ਜਲ ਸਰੋਤਾਂ, ਜੰਗਲਾਂ, ਪੀਟਲੈਂਡ (ਦਲਦਲੀ ਜ਼ਮੀਨ) ਅਤੇ ਮੈਂਗਰੋਵਜ਼, ਖੇਤਾਂ, ਘਾਹ ਦੇ ਮੈਦਾਨਾਂ ਅਤੇ ਮਾਰੂਥਲਾਂ ਦੀ ਏਕੀਕ੍ਰਿਤ ਸੁਰੱਖਿਆ ਅਤੇ ਯੋਜਨਾਬੱਧ ਪ੍ਰਬੰਧਨ ਲਈ ਵਚਨਬੱਧ ਹਾਂ। ਅਸੀਂ 8 ਤੋਂ 10 ਦਸੰਬਰ 2026 ਤੱਕ ਅਬੂ ਧਾਬੀ ਵਿੱਚ ਹੋਣ ਵਾਲੀ ਅਤੇ ਸੰਯੁਕਤ ਅਰਬ ਅਮੀਰਾਤ ਤੇ ਸੈਨੇਗਲ ਗਣਰਾਜ ਦੀ ਸਾਂਝੀ ਮੇਜ਼ਬਾਨੀ ਹੇਠ ਹੋਣ ਵਾਲੀ 2026 ਦੀ ਸੰਯੁਕਤ ਰਾਸ਼ਟਰ ਜਲ ਕਾਨਫਰੰਸ ਦੀ ਭੂਮਿਕਾ ਨੂੰ ਮੰਨਦੇ ਹਾਂ। ਅਸੀਂ ਸਾਫ਼ ਪਾਣੀ ਅਤੇ ਸਾਫ-ਸਫਾਈ ’ਤੇ ਸਸਟੇਨੇਬਲ ਡਿਵੈਲਪਮੈਂਟ ਟੀਚੇ 6 (ਸਾਰਿਆਂ ਲਈ ਪਾਣੀ ਅਤੇ ਸਾਫ-ਸਫਾਈ ਦੀ ਉਪਲਬਧਤਾ ਅਤੇ ਟਿਕਾਊ ਪ੍ਰਬੰਧਨ ਯਕੀਨੀ ਬਣਾਉਣਾ) ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਲਈ ਤਰੱਕੀ ਅਤੇ ਚਰਚਾਵਾਂ ਨੂੰ ਅੱਗੇ ਵਧਾਉਣ ਦੀ ਆਸ ਕਰਦੇ ਹਾਂ।
114. ਅਸੀਂ ਸ਼ਹਿਰੀਕਰਨ, ਸਨਅਤੀਕਰਨ, ਅਤੇ ਬਦਲ ਰਹੇ ਖਪਤ ਪੈਟਰਨਾਂ ਕਾਰਨ ਕੂੜਾ ਪੈਦਾ ਹੋਣ ਦੇ ਵੱਧ ਰਹੇ ਪੱਧਰ ਅਤੇ ਗੁੰਝਲਤਾ ਨੂੰ ਨੋਟ ਕਰਦੇ ਹਾਂ। ਅਸੀਂ ਸਮੱਗਰੀ ਦੀ ਮੁੜ ਵਰਤੋਂ ਅਤੇ ਸਰੋਤ ਕੁਸ਼ਲਤਾ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਰਾਸ਼ਟਰੀ ਤਰਜੀਹਾਂ ਅਤੇ ਸਮਰੱਥਾਵਾਂ ਅਨੁਸਾਰ ਏਕੀਕ੍ਰਿਤ ਕੂੜਾ ਪ੍ਰਬੰਧਨ ਢਾਂਚੇ ਨੂੰ ਮਜ਼ਬੂਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹਾਂ। ਇਸ ਨੂੰ ਐਕਸਟੈਂਡਿਡ ਪ੍ਰੋਡਿਊਸਰ ਰਿਸਪਾਂਸੀਬਿਲਿਟੀ (ਈਪੀਆਰ), ਈਕੋ-ਡਿਜ਼ਾਈਨ ਅਤੇ ਟਿਕਾਊ ਜਨਤਕ ਖਰੀਦ (ਪਬਲਿਕ ਪ੍ਰੋਕਿਓਰਮੈਂਟ) ਵਰਗੇ ਰਾਸ਼ਟਰੀ ਨੀਤੀਗਤ ਯੰਤਰਾਂ, ਬਿਹਤਰ ਨਿਗਰਾਨੀ ਵਿਧੀਆਂ, ਅਤੇ ਰੀਸਾਈਕਲਿੰਗ ਤੇ ਰਿਕਵਰੀ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਰਾਹੀਂ ਸਮਰਥਨ ਪ੍ਰਾਪਤ ਹੋਣਾ ਚਾਹੀਦਾ ਹੈ। ਅਸੀਂ ਟਿਕਾਊ ਜੀਵਨ ਸ਼ੈਲੀ ਵਿੱਚ ਗਿਆਨ ਸਾਂਝਾ ਕਰਨ, ਖੋਜ ਅਤੇ ਨਵੀਨਤਾ ਨੂੰ ਅੱਗੇ ਵਧਾਉਣ ਲਈ ਬ੍ਰਿਕਸ ਸੰਸਥਾਵਾਂ ਦਾ ਨੈੱਟਵਰਕ ਸਥਾਪਤ ਕਰਨ ਦੀ ਪਹਿਲਕਦਮੀ ਦਾ ਸਵਾਗਤ ਕਰਦੇ ਹਾਂ। ਅਸੀਂ 2026 ਵਿੱਚ ਬ੍ਰਿਕਸ ਸਸਟੇਨੇਬਲ ਲਾਈਫਸਟਾਈਲ ਵੀਕ ਕਰਵਾਉਣ ਦੀ ਸੰਭਾਵਨਾ ਦਾ ਸਵਾਗਤ ਕਰਦੇ ਹਾਂ।
115. ਜਿਵੇਂ ਕਿ ਨਿਊ ਡਿਵੈਲਪਮੈਂਟ ਬੈਂਕ ਉੱਚ-ਗੁਣਵੱਤਾ ਵਾਲੇ ਵਿਕਾਸ ਦੇ ਆਪਣੇ ਦੂਜੇ ਸੁਨਹਿਰੀ ਦਹਾਕੇ ਦੀ ਸ਼ੁਰੂਆਤ ਕਰ ਰਿਹਾ ਹੈ, ਅਸੀਂ ਸਾਰੇ ਸ਼ੇਅਰ ਧਾਰਕ ਦੇਸ਼ਾਂ ਅਤੇ ਗਲੋਬਲ ਸਾਊਥ ਵਿੱਚ ਵਿਕਾਸ ਅਤੇ ਆਧੁਨਿਕੀਕਰਨ ਦੇ ਇੱਕ ਮਜ਼ਬੂਤ ਅਤੇ ਰਣਨੀਤਕ ਏਜੰਟ ਵਜੋਂ ਇਸ ਦੀ ਵੱਧ ਰਹੀ ਭੂਮਿਕਾ ਨੂੰ ਮੰਨਦੇ ਹਾਂ ਅਤੇ ਉਸ ਦਾ ਸਮਰਥਨ ਕਰਦੇ ਹਾਂ। ਅਸੀਂ ਈਐੱਮਡੀਸੀਜ਼ ਦੀਆਂ ਵਿਕਾਸ ਤਰਜੀਹਾਂ ਅਤੇ ਬੁਨਿਆਦੀ ਢਾਂਚੇ ਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਨਿਊ ਡਿਵੈਲਪਮੈਂਟ ਬੈਂਕ ਦੀ ਵੱਧ ਰਹੀ ਭੂਮਿਕਾ ’ਤੇ ਜ਼ੋਰ ਦਿੰਦੇ ਹਾਂ। ਅਸੀਂ ਬੈਂਕ ਨੂੰ ਸਰੋਤ ਜੁਟਾਉਣ, ਨਵੀਨਤਾ ਨੂੰ ਉਤਸ਼ਾਹਿਤ ਕਰਨ, ਸਥਾਨਕ ਮੁਦਰਾ ਫੰਡਿੰਗ ਦਾ ਵਿਸਥਾਰ ਕਰਨ, ਫੰਡਿੰਗ ਸਰੋਤਾਂ ਵਿੱਚ ਵਿਭਿੰਨਤਾ ਲਿਆਉਣ, ਅਤੇ ਅਜਿਹੇ ਪ੍ਰਭਾਵਸ਼ਾਲੀ ਪ੍ਰੋਜੈਕਟਾਂ ਦਾ ਸਮਰਥਨ ਕਰਨ ਦੀ ਆਪਣੀ ਸਮਰੱਥਾ ਨੂੰ ਲਗਾਤਾਰ ਵਧਾਉਣ ਲਈ ਹੋਰ ਕੋਸ਼ਿਸ਼ਾਂ ਕਰਨ ਲਈ ਉਤਸ਼ਾਹਿਤ ਕਰਦੇ ਹਾਂ ਜੋ ਟਿਕਾਊ ਵਿਕਾਸ ਨੂੰ ਅੱਗੇ ਵਧਾਉਂਦੇ ਹਨ, ਅਸਮਾਨਤਾ ਨੂੰ ਘਟਾਉਂਦੇ ਹਨ, ਅਤੇ ਬੁਨਿਆਦੀ ਢਾਂਚਾ ਨਿਵੇਸ਼ਾਂ ਅਤੇ ਆਰਥਿਕ ਏਕੀਕਰਨ ਨੂੰ ਉਤਸ਼ਾਹਿਤ ਕਰਦੇ ਹਨ। ਅਸੀਂ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ, ਅਸਮਾਨਤਾਵਾਂ ਨੂੰ ਘਟਾਉਣ, ਅਤੇ ਉੱਭਰ ਰਹੇ ਅਰਥਚਾਰਿਆਂ ਵਿੱਚ ਲਚਕਤਾ ਦਾ ਸਮਰਥਨ ਕਰਨ ਲਈ ਐੱਨਡੀਬੀ ਨੂੰ ਇੱਕ ਅਹਿਮ ਬ੍ਰਿਕਸ ਸੰਸਥਾ ਵਜੋਂ ਮੰਨਦੇ ਹਾਂ। ਅਸੀਂ ਇੱਕ ਨਿਰਪੱਖ ਅਤੇ ਗੈਰ-ਵਿਤਕਰੇ ਵਾਲੇ ਢੰਗ ਨਾਲ ਆਪਣੇ ਉਦੇਸ਼ ਅਤੇ ਕੰਮਕਾਜ ਨੂੰ ਜਾਰੀ ਰੱਖਣ ਲਈ ਐੱਨਡੀਬੀ ਨੂੰ ਮੈਂਬਰਾਂ ਦੀ ਅਗਵਾਈ ਵਾਲੇ ਅਤੇ ਮੰਗ-ਆਧਾਰਿਤ ਸਿਧਾਂਤ ਦੀ ਪਾਲਣਾ ਕਰਨ, ਅਤੇ ਇਸ ਦੇ ਪ੍ਰਬੰਧਕੀ ਢਾਂਚੇ ਨੂੰ ਲਗਾਤਾਰ ਮਜ਼ਬੂਤ ਕਰਨ ਲਈ ਹੋਰ ਉਤਸ਼ਾਹਿਤ ਕਰਦੇ ਹਾਂ, ਜੋ ਬੈਂਕ ਦੀ ਸੰਸਥਾਗਤ ਲਚਕਤਾ ਅਤੇ ਕਾਰਜਸ਼ੀਲ ਪ੍ਰਭਾਵਸ਼ੀਲਤਾ ਨੂੰ ਵਧਾਉਂਦਾ ਹੈ। ਅਸੀਂ ਐੱਨਡੀਬੀ ਜਨਰਲ ਰਣਨੀਤੀ ਅਤੇ ਇਸ ਨਾਲ ਸਬੰਧਤ ਨੀਤੀਆਂ ਦੇ ਅਨੁਸਾਰ ਐੱਨਡੀਬੀ ਮੈਂਬਰਸ਼ਿਪ ਦੇ ਹੋਰ ਵਿਸਥਾਰ ਅਤੇ ਦਿਲਚਸਪੀ ਰੱਖਣ ਵਾਲੇ ਬ੍ਰਿਕਸ ਦੇਸ਼ਾਂ ਦੀਆਂ ਅਰਜ਼ੀਆਂ ’ਤੇ ਤੇਜ਼ੀ ਨਾਲ ਵਿਚਾਰ ਕਰਨ ਲਈ ਆਪਣਾ ਸਮਰਥਨ ਦੁਹਰਾਉਂਦੇ ਹਾਂ। ਅਸੀਂ ਨਿਊ ਡਿਵੈਲਪਮੈਂਟ ਬੈਂਕ ਦੇ ਬੋਰਡ ਆਫ ਗਵਰਨਰਜ਼ ਦੀ ਚੇਅਰ ਵਜੋਂ 14-15 ਮਈ 2026 ਨੂੰ ਮਾਸਕੋ ਵਿੱਚ 11ਵੀਂ ਐੱਨਡੀਬੀ ਸਾਲਾਨਾ ਮੀਟਿੰਗ ਕਰਵਾਉਣ ਲਈ ਰੂਸ ਦੀ ਸ਼ਲਾਘਾ ਕਰਦੇ ਹਾਂ। ਅਸੀਂ ਐੱਨਡੀਬੀ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਅਤੇ ਭਾਰਤੀ ਪ੍ਰਧਾਨਗੀ ਹੇਠ ਬ੍ਰਿਕਸ-ਐੱਨਡੀਬੀ ਨਾਲੇਜ ਪੋਰਟਲ ਦੀ ਸ਼ੁਰੂਆਤ ਦਾ ਸਵਾਗਤ ਕਰਦੇ ਹਾਂ। ਇਹ ਪੋਰਟਲ ਬ੍ਰਿਕਸ ਮੈਂਬਰਾਂ ਦੇ ਦੇਸ਼-ਵਿਆਪੀ ਪ੍ਰੋਗਰਾਮਾਂ ਅਤੇ ਐੱਨਡੀਬੀ ਵੱਲੋਂ ਫੰਡ ਕੀਤੇ ਪ੍ਰੋਜੈਕਟਾਂ ਤੋਂ ਵਿਕਾਸ ਦੇ ਤਜ਼ਰਬਿਆਂ, ਵਧੀਆ ਅਭਿਆਸਾਂ, ਨੀਤੀਗਤ ਨਵੀਨਤਾਵਾਂ ਅਤੇ ਸਬਕਾਂ ਨੂੰ ਇਕੱਠਾ ਕਰਦਾ ਹੈ। ਪੋਰਟਲ ਨੂੰ ਬ੍ਰਿਕਸ ਫਾਈਨਾਂਸ ਟਰੈਕ ਦੇ ਕਾਰਜਾਂ ਦੇ ਨਤੀਜਿਆਂ ਦੇ ਭੰਡਾਰ ਵਜੋਂ ਕੰਮ ਕਰਨ ਲਈ ਤਿਆਰ ਕੀਤਾ ਗਿਆ ਹੈ, ਜੋ ਪ੍ਰਧਾਨਗੀਆਂ ਦੇ ਬਦਲਣ ਦੇ ਬਾਵਜੂਦ ਨਿਰੰਤਰਤਾ ਅਤੇ ਗਿਆਨ ਦੇ ਆਦਾਨ-ਪ੍ਰਦਾਨ ਦਾ ਸਮਰਥਨ ਕਰਦਾ ਹੈ। ਅਸੀਂ ਪੋਰਟਲ ਨੂੰ ਬ੍ਰਿਕਸ ਦੇਸ਼ਾਂ ਲਈ ਇੱਕ ਵਿਹਾਰਕ ਅਤੇ ਪਹੁੰਚਯੋਗ ਸਾਧਨ ਬਣਾਉਣ ਦੇ ਉਦੇਸ਼ ਨਾਲ ਇਸਦੇ ਹੋਰ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਾਂ।
116. ਵਿਕਾਸਸ਼ੀਲ ਅਤੇ ਉੱਭਰ ਰਹੇ ਅਰਥਚਾਰਿਆਂ ਦੀ ਵਧੇਰੇ ਪ੍ਰਭਾਵਸ਼ਾਲੀ, ਬਰਾਬਰ ਅਤੇ ਪ੍ਰਤੀਨਿਧ ਭਾਗੀਦਾਰੀ ਯਕੀਨੀ ਬਣਾਉਣ ਲਈ ਆਲਮੀ ਆਰਥਿਕ ਪ੍ਰਬੰਧਨ (ਗਲੋਬਲ ਇਕਨੌਮਿਕ ਗਵਰਨੈਂਸ) ਵਿੱਚ ਨਿਰੰਤਰ ਸੁਧਾਰ ਦੀ ਲੋੜ ’ਤੇ ਜ਼ੋਰ ਦਿੰਦਿਆਂ ਅਸੀਂ ਕੌਮਾਂਤਰੀ ਆਰਥਿਕ ਸਹਿਯੋਗ ਲਈ ਪ੍ਰਮੁੱਖ ਆਲਮੀ ਮੰਚ ਵਜੋਂ ਜੀ20 ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੰਦੇ ਹਾਂ। ਇਹ ਉੱਭਰ ਰਹੇ ਅਤੇ ਵਿਕਸਤ ਦੋਵਾਂ ਅਰਥਚਾਰਿਆਂ ਲਈ ਆਲਮੀ ਚੁਣੌਤੀਆਂ ਦੇ ਸਾਂਝੇ ਹੱਲ ਲੱਭਣ, ਬਹੁ-ਧਰੁਵੀ ਸੰਸਾਰ ਨੂੰ ਉਤਸ਼ਾਹਿਤ ਕਰਨ ਅਤੇ ਇੱਕ ਖੁੱਲ੍ਹੀ, ਗੈਰ-ਵਿਤਕਰੇ ਵਾਲੀ, ਨਿਰਪੱਖ, ਅਤੇ ਸ਼ਮੂਲੀਅਤ ਵਾਲੀ ਕੌਮਾਂਤਰੀ ਆਰਥਿਕ ਪ੍ਰਣਾਲੀ ਅਤੇ ਵੈਲਯੂ ਚੇਨਾਂ ਨੂੰ ਯਕੀਨੀ ਬਣਾਉਣ ਲਈ ਬਰਾਬਰੀ ਅਤੇ ਆਪਸੀ ਲਾਭਕਾਰੀ ਆਧਾਰ ’ਤੇ ਗੱਲਬਾਤ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ। ਅਸੀਂ 2022-2025 ਵਿੱਚ ਜੀ20 ਬ੍ਰਿਕਸ ਦੇਸ਼ਾਂ ਦੀਆਂ ਲਗਾਤਾਰ ਪ੍ਰਧਾਨਗੀਆਂ – ਇੰਡੋਨੇਸ਼ੀਆ, ਭਾਰਤ, ਬ੍ਰਾਜ਼ੀਲ ਅਤੇ ਦੱਖਣੀ ਅਫ਼ਰੀਕਾ – ਦੀ ਵਿਰਾਸਤ ਨੂੰ ਬਰਕਰਾਰ ਰੱਖਣ ਅਤੇ ਆਲਮੀ ਆਰਥਿਕ ਪ੍ਰਬੰਧਨ ਪ੍ਰਣਾਲੀ ਵਿੱਚ ਗਲੋਬਲ ਸਾਊਥ ਦੀ ਆਵਾਜ਼ ਨੂੰ ਹੋਰ ਬੁਲੰਦ ਕਰਨ ਲਈ ਸਮੂਹਿਕ ਤੌਰ ’ਤੇ ਕੰਮ ਕਰਨ ਦੀ ਆਪਣੀ ਇੱਛਾ ਦੀ ਪੁਸ਼ਟੀ ਕਰਦੇ ਹਾਂ, ਤਾਂ ਜੋ ਜੀ20 ਆਲਮੀ ਅਰਥਚਾਰੇ ਵਿੱਚ ਈਐੱਮਡੀਈਜ਼ ਦੇ ਵੱਧ ਰਹੇ ਪ੍ਰਭਾਵ ਨੂੰ ਢੁਕਵੇਂ ਰੂਪ ਵਿੱਚ ਦਰਸਾ ਸਕੇ ਅਤੇ ਉਨ੍ਹਾਂ ਦੀਆਂ ਤਰਜੀਹਾਂ ਨੂੰ ਆਪਣੇ ਏਜੰਡੇ ਵਿੱਚ ਸ਼ਾਮਲ ਕਰ ਸਕੇ। ਅਸੀਂ 2023 ਵਿੱਚ ਜੀ20 ਦੀ ਭਾਰਤ ਦੀ ਪ੍ਰਧਾਨਗੀ ਦੌਰਾਨ ਅਫ਼ਰੀਕੀ ਯੂਨੀਅਨ ਦੇ ਸ਼ਾਮਲ ਹੋਣ ਅਤੇ ਬ੍ਰਾਜ਼ੀਲ ਅਤੇ ਦੱਖਣੀ ਅਫ਼ਰੀਕਾ ਦੀਆਂ ਪ੍ਰਧਾਨਗੀਆਂ ਦੌਰਾਨ ਐੱਨਡੀਬੀ ਨੂੰ ਦਿੱਤੇ ਗਏ ਸੱਦੇ, ਜਿਸ ਵਿੱਚ ਉਨ੍ਹਾਂ ਦੀ ਨਜ਼ਦੀਕੀ ਗੱਲਬਾਤ ਅਤੇ ਤਾਲਮੇਲ ਸ਼ਾਮਲ ਹੈ, ਰਾਹੀਂ ਜੀ20 ਵਿੱਚ ਈਐੱਮਡੀਈਜ਼ ਦੀ ਆਵਾਜ਼ ਨੂੰ ਮਜ਼ਬੂਤ ਕਰਨ ਨੂੰ ਸਲਾਮ ਕਰਦੇ ਹਾਂ। ਅਸੀਂ ਜੀ20 ਦੇ ਇਸ ਦੇ ਆਰਥਿਕ ਅਧਿਕਾਰ, ਸਹਿਮਤੀ ਨਾਲ ਫੈਸਲੇ ਲੈਣ, ਗੈਰ-ਸਿਆਸੀ ਪ੍ਰਕਿਰਿਆਵਾਂ, ਅਖੰਡਤਾ ਅਤੇ ਇਸ ਦੀ ਮੈਂਬਰਸ਼ਿਪ ਦੀ ਮਨਮਾਨੀ ਸੋਧ ਦੀ ਅਪ੍ਰਵਾਨਗੀ ਦੇ ਆਧਾਰ ’ਤੇ ਨਿਰੰਤਰ ਅਤੇ ਲਾਭਕਾਰੀ ਕੰਮਕਾਜ ਦੀ ਮਹੱਤਤਾ ਨੂੰ ਮੰਨਦੇ ਹਾਂ। ਇਸ ਸਬੰਧੀ ਅਸੀਂ ਜੀ20 ਸੰਸਥਾਪਕ ਦੇਸ਼ ਅਤੇ ਪੂਰੇ ਮੈਂਬਰ ਵਜੋਂ ਦੱਖਣੀ ਅਫ਼ਰੀਕਾ ਦੇ ਰੁਤਬੇ ’ਤੇ ਜ਼ੋਰ ਦਿੰਦੇ ਹਾਂ, ਜਦੋਂ ਕਿ ਇਹ ਵੀ ਜ਼ੋਰ ਦਿੰਦੇ ਹਾਂ ਕਿ ਮੈਂਬਰਸ਼ਿਪ ਵਿੱਚ ਕੋਈ ਵੀ ਬਦਲਾਅ ਸਾਰੇ ਮੈਂਬਰਾਂ ਦੀ ਸਹਿਮਤੀ ’ਤੇ ਆਧਾਰਿਤ ਹੋਣਾ ਚਾਹੀਦਾ ਹੈ ਅਤੇ ਭੂਗੋਲਿਕ ਸੰਤੁਲਨ ਅਤੇ ਵਿਸ਼ਵ ਉਤਪਾਦਨ ਵਿੱਚ ਗਲੋਬਲ ਸਾਊਥ ਦੇਸ਼ਾਂ ਦੇ ਵੱਧ ਰਹੇ ਹਿੱਸੇ ਨੂੰ ਦਰਸਾਉਣਾ ਚਾਹੀਦਾ ਹੈ।
117. ਅਸੀਂ ਹਰ ਦੇਸ਼ ਦੀਆਂ ਰਾਸ਼ਟਰੀ ਤਰਜੀਹਾਂ, ਕਾਨੂੰਨਾਂ ਅਤੇ ਨਿਯਮਾਂ ਦਾ ਸਤਿਕਾਰ ਕਰਦਿਆਂ ਅਹਿਮ ਅਤੇ ਉੱਭਰ ਰਹੇ ਖੇਤਰਾਂ ਸਮੇਤ ਸਾਰੇ ਖੇਤਰਾਂ ਵਿੱਚ ਨਿਰਪੱਖ, ਮੁਕਾਬਲੇਬਾਜ਼, ਅਤੇ ਲਚਕੀਲੇ ਬਾਜ਼ਾਰ ਮਾਹੌਲ ਨੂੰ ਉਤਸ਼ਾਹਿਤ ਕਰਨ ਲਈ ਬ੍ਰਿਕਸ ਦੇਸ਼ਾਂ ਵਿਚਾਲੇ ਮੁਕਾਬਲੇਬਾਜ਼ੀ ਕਾਨੂੰਨ ਅਤੇ ਨੀਤੀ ਦੇ ਖੇਤਰ ਵਿੱਚ ਸਹਿਯੋਗ ਨੂੰ ਡੂੰਘਾ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ। ਅਸੀਂ ਟਿਕਾਊ ਊਰਜਾ ਤਬਦੀਲੀਆਂ ਦਾ ਸਮਰਥਨ ਕਰਨ ਦੇ ਉਦੇਸ਼ ਨਾਲ, ‘ਨਵਿਆਉਣਯੋਗ ਊਰਜਾ ਬਾਜ਼ਾਰਾਂ ਸਮੇਤ, ਨਿਰਪੱਖ ਮੁਕਾਬਲੇ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਨੂੰ ਮਜ਼ਬੂਤ ਕਰਨਾ’ ਵਿਸ਼ੇ ਤਹਿਤ ਹੋਈ ਚਰਚਾ ਨੂੰ ਨੋਟ ਕਰਦੇ ਹਾਂ। ਅਸੀਂ ਨਵੀਨਤਾ ਦਾ ਸਮਰਥਨ ਕਰਨ ਵਾਲੇ ਅਤੇ ਖਪਤਕਾਰਾਂ ਦੀ ਭਲਾਈ ਨੂੰ ਉਤਸ਼ਾਹਿਤ ਕਰਨ ਵਾਲੇ ਮੁਕਾਬਲੇ ਵਾਲੇ ਅਤੇ ਵਧੀਆ ਢੰਗ ਨਾਲ ਕੰਮ ਕਰਨ ਵਾਲੇ ਬਾਜ਼ਾਰਾਂ ਦੀ ਰੱਖਿਆ ਕਰਨ ਦੇ ਉਦੇਸ਼ ਨਾਲ, ਉੱਭਰ ਰਹੀਆਂ ਮੁਕਾਬਲੇ ਦੀਆਂ ਚੁਣੌਤੀਆਂ ਦੀ ਪਛਾਣ ਕਰਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਲਈ ਬ੍ਰਿਕਸ ਮੁਕਾਬਲੇਬਾਜ਼ੀ ਅਧਿਕਾਰੀਆਂ ਵਿਚਕਾਰ ਨਿਰੰਤਰ ਸਹਿਯੋਗ ਨੂੰ ਹੋਰ ਉਤਸ਼ਾਹਿਤ ਕਰਦੇ ਹਾਂ।
118. ਅਸੀਂ ਬ੍ਰਿਕਸ ਨੈਸ਼ਨਲ ਸਟੈਂਡਰਡਜ਼ ਬਾਡੀਜ਼ ਵਿਚਾਲੇ ਸਹਿਯੋਗ ਨੂੰ ਮਾਨਤਾ ਦਿੰਦੇ ਹਾਂ ਅਤੇ ਮਿਆਰੀਕਰਨ ਦੇ ਖੇਤਰ ਵਿੱਚ ਸਹਿਯੋਗ ਬਾਰੇ ਬ੍ਰਿਕਸ ਸਹਿਮਤੀ ਪੱਤਰ (ਐੱਮਓਯੂ) ’ਤੇ ਦਸਤਖਤ ਕਰਨ ਲਈ ਹੋਈ ਤਰੱਕੀ ਦਾ ਸਵਾਗਤ ਕਰਦੇ ਹਾਂ। ਇਹ ਸਹਿਯੋਗ ਨੂੰ ਮਜ਼ਬੂਤ ਕਰਨ, ਜਾਣਕਾਰੀ ਦੇ ਆਦਾਨ-ਪ੍ਰਦਾਨ ਨੂੰ ਵਧਾਉਣ, ਨਿਯਮਤ ਗੱਲਬਾਤ ਅਤੇ ਸਾਂਝੀਆਂ ਗਤੀਵਿਧੀਆਂ ਲਈ ਵਿਧੀਆਂ ਸਥਾਪਤ ਕਰਨ, ਅਤੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਕੌਮਾਂਤਰੀ ਮਿਆਰੀਕਰਨ ਪ੍ਰਕਿਰਿਆਵਾਂ ਵਿੱਚ ਤਾਲਮੇਲ ਵਾਲੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਵਿੱਚ ਇੱਕ ਮੀਲ ਦਾ ਪੱਥਰ ਹੈ। ਅਸੀਂ ਮਿਆਰੀਕਰਨ ਅਤੇ ਸਮਰੱਥਾ ਨਿਰਮਾਣ ਦੇ ਉੱਭਰ ਰਹੇ ਖੇਤਰਾਂ ’ਤੇ ਸਹਿਯੋਗ ਨੂੰ ਅੱਗੇ ਵਧਾਉਣ ਲਈ ਪਹਿਲਕਦਮੀਆਂ ਦਾ ਵੀ ਸਵਾਗਤ ਕਰਦੇ ਹਾਂ, ਜਿਸ ਵਿੱਚ ਏਆਈ ਮਿਆਰੀਕਰਨ ਵਿੱਚ ਉੱਭਰ ਰਹੇ ਰੁਝਾਨਾਂ ’ਤੇ ਬ੍ਰਿਕਸ ਤਕਨੀਕੀ ਸੈਸ਼ਨ ਅਤੇ ਸਮਰੱਥਾ ਨਿਰਮਾਣ ਲਈ ਬ੍ਰਿਕਸ ਨਾਲੇਜ ਐਕਸਚੇਂਜ ਸੈਸ਼ਨ ਅਤੇ ਵਪਾਰ ਵਿਕਾਸ ਤੇ ਮਿਆਰੀਕਰਨ ਸਹਿਯੋਗ ਵਿਸ਼ੇ ’ਤੇ ਬ੍ਰਿਕਸ ਆਰਥਿਕ ਅਤੇ ਵਪਾਰਕ ਮੰਚ ਸ਼ਾਮਲ ਹਨ। ਅਸੀਂ ਮਾਪਦੰਡਾਂ ਦੇ ਵਿਕਾਸ, ਅਪਣਾਉਣ ਅਤੇ ਲਾਗੂ ਕਰਨ ਵਿੱਚ ਰਾਸ਼ਟਰੀ ਤਜ਼ਰਬਿਆਂ, ਵਧੀਆ ਅਭਿਆਸਾਂ ਅਤੇ ਨਵੀਨਤਾਕਾਰੀ ਪਹੁੰਚਾਂ ’ਤੇ ਬ੍ਰਿਕਸ ਐੱਨਐੱਸਬੀਜ਼ ਵਿਚਾਲੇ ਨਿਰੰਤਰ ਆਦਾਨ-ਪ੍ਰਦਾਨ, ਅਤੇ ਬ੍ਰਿਕਸ ਦੇਸ਼ਾਂ ਵਿੱਚ ਸਹਿਯੋਗ ਅਤੇ ਸੰਸਥਾਗਤ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਤਕਨੀਕੀ ਮੁਹਾਰਤ ਅਤੇ ਸਰੋਤਾਂ ਨੂੰ ਸਾਂਝਾ ਕਰਨ ਨੂੰ ਉਤਸ਼ਾਹਿਤ ਕਰਦੇ ਹਾਂ।
119. ਅਸੀਂ ਲਗਾਤਾਰ ਬਦਲ ਰਹੇ ਡੇਟਾ ਈਕੋਸਿਸਟਮ ਵਿੱਚ ਨੀਤੀ ਬਣਾਉਣ ਲਈ ਅੰਕੜਾ ਸਹਿਯੋਗ ਮਜ਼ਬੂਤ ਕਰਨ ਦੀ ਮਹੱਤਤਾ ਦੀ ਪੁਸ਼ਟੀ ਕਰਦੇ ਹਾਂ। ਅਸੀਂ ਸਾਂਝੇ ਹਿੱਤਾਂ ਦੇ ਖੇਤਰਾਂ ਵਿੱਚ ਨਿਰੰਤਰ ਸਹਿਯੋਗ ਨੂੰ ਉਤਸ਼ਾਹਿਤ ਕਰਦੇ ਹਾਂ, ਜਿਸ ਵਿੱਚ ਅੰਕੜਾ ਪ੍ਰਣਾਲੀਆਂ ਦਾ ਆਧੁਨਿਕੀਕਰਨ, ਨਵੀਨਤਾਕਾਰੀ ਤਰੀਕਿਆਂ ਅਤੇ ਡੇਟਾ ਸਰੋਤਾਂ ਨੂੰ ਅਪਣਾਉਣਾ ਸ਼ਾਮਲ ਹੈ। ਅਸੀਂ ਮੈਂਬਰ ਦੇਸ਼ਾਂ ਵਿਚਾਲੇ ਗਿਆਨ ਦੇ ਆਦਾਨ-ਪ੍ਰਦਾਨ ਅਤੇ ਸਹਿਯੋਗ ਦਾ ਸਮਰਥਨ ਕਰਨ ਲਈ ਰਾਸ਼ਟਰੀ ਅੰਕੜਾ ਸੁਧਾਰਾਂ ਬਾਰੇ ਜਾਣਕਾਰੀ ਇਕੱਠੀ ਕਰਨ ਅਤੇ ਸਮੇਂ-ਸਮੇਂ ’ਤੇ ਅੱਪਡੇਟ ਕਰਨ ਦੀ ਲੋੜ ਨੂੰ ਵੀ ਨੋਟ ਕਰਦੇ ਹਾਂ, ਜਿਸ ਵਿੱਚ ਪ੍ਰਬੰਧਕੀ ਅਤੇ ਬਦਲਵੇਂ ਡੇਟਾ ਸਰੋਤਾਂ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਸਮਰੱਥਾ ਨਿਰਮਾਣ ਪਹਿਲਕਦਮੀਆਂ ਦੀ ਵਰਤੋਂ ਸ਼ਾਮਲ ਹੈ। ਅਸੀਂ ਬ੍ਰਿਕਸ ਦੇ ਅੰਦਰ ਬਿਹਤਰ ਗਿਆਨ ਸਾਂਝਾ ਕਰਨ ਅਤੇ ਸਮਰੱਥਾ-ਨਿਰਮਾਣ ਨੂੰ ਉਤਸ਼ਾਹਿਤ ਕਰਦੇ ਹਾਂ। ਅਸੀਂ ਬ੍ਰਿਕਸ ਮੈਂਬਰਾਂ ਵਿਚਕਾਰ ਪਾਰਦਰਸ਼ਤਾ, ਆਪਸੀ ਸਿੱਖਣ ਅਤੇ ਸਹਿਯੋਗ ਲਈ ਇੱਕ ਵਡਮੁੱਲੇ ਸਾਧਨ ਵਜੋਂ ਸਾਲਾਨਾ ਬ੍ਰਿਕਸ ਜੁਆਇੰਟ ਸਟੈਟਿਸਟੀਕਲ ਪਬਲੀਕੇਸ਼ਨ ਅਤੇ ਬ੍ਰਿਕਸ ਜੁਆਇੰਟ ਸਟੈਟਿਸਟੀਕਲ ਪਬਲੀਕੇਸ਼ਨ ਸਨੈਪਸ਼ਾਟ ਨੂੰ ਜਾਰੀ ਰੱਖਣ ਦਾ ਸਮਰਥਨ ਕਰਦੇ ਹਾਂ।
120. ਅਸੀਂ ਉੱਚ-ਗੁਣਵੱਤਾ ਵਾਲੇ ਆਰਥਿਕ ਵਿਕਾਸ ਨੂੰ ਮਜ਼ਬੂਤ ਕਰਨ ਵਿੱਚ ਬੌਧਿਕ ਸੰਪਤੀ ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੰਦੇ ਹਾਂ। ਅਸੀਂ ਬ੍ਰਿਕਸ ਇੰਟਲੈਕਚੁਅਲ ਪ੍ਰਾਪਰਟੀ (ਆਈਪੀ) ਦਫ਼ਤਰਾਂ ਵਿਚਾਲੇ ਠੋਸ ਸਹਿਯੋਗ ਨੂੰ ਉਤਸ਼ਾਹਿਤ ਕਰਦੇ ਹਾਂ, ਅਤੇ ਸਹਿਯੋਗ ਨੂੰ ਲਾਗੂ ਕਰਨ ਲਈ ਬਿਹਤਰ ਮਾਰਗਦਰਸ਼ਨ ਦੇਣ ਵਾਸਤੇ 2026 ਵਿੱਚ ਆਪਰੇਸ਼ਨਲ ਗਾਈਡਲਾਈਨ ਫਰੇਮਵਰਕ (ਕਾਰਜਸ਼ੀਲ ਦਿਸ਼ਾ-ਨਿਰਦੇਸ਼ ਢਾਂਚੇ) ਨੂੰ ਅਪਡੇਟ ਕਰਨ ਦਾ ਸਵਾਗਤ ਕਰਦੇ ਹਾਂ। ਅਸੀਂ ਆਪਸੀ ਸਹਿਮਤੀ ਵਾਲੀਆਂ ਸ਼ਰਤਾਂ ’ਤੇ ਬ੍ਰਿਕਸ ਆਈਪੀ ਦਫ਼ਤਰਾਂ ਵਿਚਕਾਰ ਆਈਪੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ, ਸਮਰੱਥਾ ਨਿਰਮਾਣ, ਆਈਪੀ ਵਪਾਰੀਕਰਨ, ਪੇਟੈਂਟ ਜਾਂਚ ਪ੍ਰਕਿਰਿਆ, ਰਵਾਇਤੀ ਗਿਆਨ, ਅਪੈਲੇਸ਼ਨਜ਼ ਆਫ ਓਰਿਜਿਨ ਅਤੇ ਜਿਓਗ੍ਰਾਫੀਕਲ ਇੰਡੀਕੇਸ਼ਨਜ਼ (ਜੀਆਈ) ਅਤੇ ਏਆਈ ਦੀ ਵਰਤੋਂ ਦੇ ਖੇਤਰਾਂ ਵਿੱਚ ਆਦਾਨ-ਪ੍ਰਦਾਨ ਅਤੇ ਸਹਿਯੋਗ ਦੇ ਹੋਰ ਵਿਸਥਾਰ ਦਾ ਵੀ ਸਵਾਗਤ ਕਰਦੇ ਹਾਂ। ਅਸੀਂ ਵਿਕਾਸਸ਼ੀਲ ਦੇਸ਼ਾਂ ਦੀਆਂ ਲੋੜਾਂ ਅਤੇ ਤਰਜੀਹਾਂ ਦਾ ਸਤਿਕਾਰ ਕਰਦੇ ਹੋਏ, ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਸਿਖਲਾਈ ਦੇ ਉਦੇਸ਼ਾਂ ਸਮੇਤ, ਡਿਜੀਟਲ ਮਾਹੌਲ ਵਿੱਚ ਵਰਤੇ ਜਾਣ ਵਾਲੇ ਬੌਧਿਕ ਸੰਪਤੀ ਅਧਿਕਾਰਾਂ ਦੇ ਸਤਿਕਾਰ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਅਧਿਕਾਰੀਆਂ ਨੂੰ ਉਚਿਤ ਮਿਹਨਤਾਨਾ (ਮੁਆਵਜ਼ਾ) ਦੇਣ ’ਤੇ ਸਹਿਯੋਗ ਦੀ ਮਹੱਤਤਾ ਨੂੰ ਮੰਨਦੇ ਹਾਂ। ਏਆਈ ਦੀ ਵੱਧ ਰਹੀ ਵਰਤੋਂ ਦੇ ਨਾਲ, ਅਸੀਂ ਗਿਆਨ, ਵਿਰਾਸਤ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਦੁਰਵਰਤੋਂ ਅਤੇ ਗਲਤ ਪੇਸ਼ਕਾਰੀ ਨਾਲ ਸਬੰਧਤ ਖਤਰਿਆਂ ਨੂੰ ਪਛਾਣਦੇ ਹਾਂ ਜਿਨ੍ਹਾਂ ਦੀ ਡੇਟਾ ਸੈੱਟਾਂ ਅਤੇ ਏਆਈ ਮਾਡਲਾਂ ਵਿੱਚ ਢੁਕਵੀਂ ਨੁਮਾਇੰਦਗੀ ਨਹੀਂ ਹੈ।
121. ਅਸੀਂ ਜਨਤਕ ਪ੍ਰਸ਼ਾਸਨ ਵਿੱਚ ਜਵਾਬਦੇਹੀ, ਪਾਰਦਰਸ਼ਤਾ, ਪ੍ਰਭਾਵਸ਼ੀਲਤਾ ਅਤੇ ਚੰਗੇ ਸ਼ਾਸਨ (ਪ੍ਰਬੰਧ) ਨੂੰ ਹੁਲਾਰਾ ਦੇਣ ਲਈ ਸਰਵਉੱਚ ਆਡਿਟ ਸੰਸਥਾਵਾਂ (ਐੱਸਏਆਈ) ਦੀ ਅਹਿਮ ਭੂਮਿਕਾ ‘ਤੇ ਚਾਨਣਾ ਪਾਉਂਦੇ ਹਾਂ। ਅਸੀਂ ਵਿੱਤੀ ਅਤੇ ਨਿਯਮਾਂ ਦੀ ਪਾਲਣਾ ਵਾਲੇ ਆਡਿਟ ਦੇ ਨਾਲ-ਨਾਲ ਨਤੀਜਾ-ਮੁਖੀ, ਡੇਟਾ-ਆਧਾਰਿਤ, ਅਤੇ ਪ੍ਰਭਾਵ-ਕੇਂਦਰਿਤ ਪਹੁੰਚਾਂ ਨੂੰ ਅਪਣਾ ਕੇ ਐੱਸਏਆਈ ਦੇ ਕੰਮਕਾਜ ਵਿੱਚ ਆਏ ਬਦਲਾਅ ਨੂੰ ਮਾਨਤਾ ਦਿੰਦੇ ਹਾਂ। ਅਸੀਂ ਸ਼ਹਿਰੀ ਆਵਾਜਾਈ ਪ੍ਰਣਾਲੀਆਂ ਦੇ ਆਡਿਟ ਵਿੱਚ ਸਹਿਯੋਗ ਸਮੇਤ, ਬ੍ਰਿਕਸ ਦੇਸ਼ਾਂ ਦੀਆਂ ਐੱਸਏਆਈ ਵਿਚਕਾਰ ਗਿਆਨ, ਤਜਰਬੇ ਅਤੇ ਵਧੀਆ ਅਭਿਆਸਾਂ ਦੇ ਲਗਾਤਾਰ ਆਦਾਨ-ਪ੍ਰਦਾਨ ਦਾ ਸਵਾਗਤ ਕਰਦੇ ਹਾਂ। ਪੰਜਵੀਂ ਬ੍ਰਿਕਸ ਐੱਸਏਆਈ ਮੁਖੀਆਂ ਦੀ ਮੀਟਿੰਗ ਵਿੱਚ ਅਪਣਾਏ ਗਏ ਬੈਂਗਲੁਰੂ ਐਲਾਨਨਾਮੇ ਨੂੰ ਯਾਦ ਕਰਦਿਆਂ, ਅਸੀਂ ਬਿਹਤਰ ਸ਼ਾਸਨ ਵਿੱਚ ਯੋਗਦਾਨ ਪਾਉਣ ਅਤੇ ਬ੍ਰਿਕਸ ਦੇਸ਼ਾਂ ਵਿੱਚ ਨਾਗਰਿਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਐੱਸਏਆਈ ਦੀ ਪ੍ਰਸੰਗਿਕਤਾ, ਪ੍ਰਭਾਵ ਅਤੇ ਭਰੋਸੇਯੋਗਤਾ ਨੂੰ ਵਧਾਉਣ ਲਈ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕਰਦੇ ਹਾਂ, ਜਿਸ ਵਿੱਚ ਬ੍ਰਿਕਸ ਐੱਸਏਆਈ ਦੀ 2027-2028 ਦੀ ਕਾਰਜ ਯੋਜਨਾ ਨੂੰ ਲਾਗੂ ਕਰਨਾ ਵੀ ਸ਼ਾਮਲ ਹੈ।
ਸੱਭਿਆਚਾਰਕ ਅਤੇ ਲੋਕਾਂ ਦੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨਾ
122. ਅਸੀਂ ਆਪਣੇ ਦੇਸ਼ਾਂ ਅਤੇ ਲੋਕਾਂ ਵਿਚਾਲੇ ਆਪਸੀ ਸਮਝ, ਦੋਸਤੀ ਅਤੇ ਸਹਿਯੋਗ ਵਧਾਉਣ ਵਿੱਚ ਬ੍ਰਿਕਸ ਦੇ ਲੋਕਾਂ ਦੇ ਪੱਧਰ ’ਤੇ ਆਦਾਨ-ਪ੍ਰਦਾਨ ਅਤੇ ਪਹਿਲਕਦਮੀਆਂ ਦੀ ਮਹੱਤਤਾ ਦੀ ਮੁੜ ਪੁਸ਼ਟੀ ਕਰਦੇ ਹਾਂ। ਇਸ ਸਬੰਧੀ ਅਸੀਂ ਸੰਸਦੀ ਮੰਚ, ਬ੍ਰਿਕਸ ਸੈਰ-ਸਪਾਟਾ ਮੰਤਰੀਆਂ ਦੀ ਮੀਟਿੰਗ, ਬਿਜ਼ਨਸ ਕੌਂਸਲ, ਬਿਜ਼ਨਸ ਫੋਰਮ, ਵੂਮੈਨਜ਼ ਬਿਜ਼ਨਸ ਅਲਾਇੰਸ (ਮਹਿਲਾ ਵਪਾਰ ਗੱਠਜੋੜ), ਯੂਥ ਕੌਂਸਲ, ਯੂਥ ਸਮਿਟ (ਨੌਜਵਾਨ ਸਿਖਰ ਸੰਮੇਲਨ), ਡਿਪਲੋਮੈਟਿਕ ਅਕੈਡਮੀਆਂ ਦੇ ਡੀਨਜ਼ ਦੀ ਮੀਟਿੰਗ, ਥਿੰਕ ਟੈਂਕ ਕੌਂਸਲ, ਅਕਾਦਮਿਕ ਫੋਰਮ, ਸਿਵਲ ਕੌਂਸਲ ਅਤੇ ਸਿਵਲ ਫੋਰਮ ਵਰਗੇ ਅਹਿਮ ਪ੍ਰੋਗਰਾਮ ਕਰਵਾਏ ਜਾਣ ਦਾ ਸਵਾਗਤ ਕਰਦੇ ਹਾਂ। ਅਸੀਂ ਸੱਭਿਆਚਾਰਾਂ ਦੀ ਵਿਭਿੰਨਤਾ ਦਾ ਸਤਿਕਾਰ ਕਰਨ, ਵਿਰਾਸਤ, ਨਵੀਨਤਾ ਅਤੇ ਰਚਨਾਤਮਕਤਾ ਦੀ ਦਿਲੋਂ ਕਦਰ ਕਰਨ, ਮਜ਼ਬੂਤ ਕੌਮਾਂਤਰੀ ਲੋਕ-ਦਰ-ਲੋਕ ਆਦਾਨ-ਪ੍ਰਦਾਨ ਅਤੇ ਸਹਿਯੋਗ ਦੀ ਸਾਂਝੀ ਵਕਾਲਤ ਕਰਨ ਲਈ ਹੋਰ ਕੋਸ਼ਿਸ਼ਾਂ ਕਰਨ ਦੀ ਮੰਗ ਕਰਦੇ ਹਾਂ, ਅਤੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ‘ਸਭਿਅਤਾਵਾਂ ਵਿਚਾਲੇ ਗੱਲਬਾਤ ਲਈ ਕੌਮਾਂਤਰੀ ਦਿਹਾੜਾ’ ਨਾਮੀ ਮਤਾ 78/286 ਅਪਣਾਏ ਜਾਣ ਨੂੰ ਯਾਦ ਕਰਦੇ ਹਾਂ।
123. ਅਸੀਂ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਅਤੇ ਔਰਤਾਂ ਦੇ ਸਰਬਪੱਖੀ ਵਿਕਾਸ ਦੀ ਸੋਚ ‘ਤੇ ਆਧਾਰਿਤ, ਕੋਚੀ ਵਿੱਚ ਕਰਵਾਈ ਗਈ ਬ੍ਰਿਕਸ ਮਹਿਲਾ ਮੰਤਰੀ ਪੱਧਰ ਦੀ ਮੀਟਿੰਗ ਦੇ ਨਤੀਜਿਆਂ ਦਾ ਸਵਾਗਤ ਕਰਦੇ ਹਾਂ। ਅਸੀਂ ਔਰਤਾਂ ਨੂੰ ਨੇਤਾਵਾਂ, ਫੈਸਲੇ ਲੈਣ ਵਾਲੀਆਂ ਅਤੇ ਆਰਥਿਕ ਵਿਕਾਸ ਤੇ ਸਮਾਜਿਕ ਤਬਦੀਲੀ ਦੇ ਪ੍ਰੇਰਕ ਵਜੋਂ ਮਾਨਤਾ ਦਿੰਦੇ ਹਾਂ। ਅਸੀਂ ਪੁਸ਼ਟੀ ਕਰਦੇ ਹਾਂ ਕਿ ਸ਼ਾਸਨ ਵਿੱਚ ਔਰਤਾਂ ਦੀ ਭਾਗੀਦਾਰੀ; ਉਨ੍ਹਾਂ ਦੀ ਵਿੱਤੀ ਅਤੇ ਡਿਜੀਟਲ ਸ਼ਮੂਲੀਅਤ; ਉਨ੍ਹਾਂ ਦੀ ਸਮਰੱਥਾ ਉਸਾਰੀ, ਹੁਨਰ ਵਿਕਾਸ ਅਤੇ ਕਾਰੋਬਾਰੀ ਮੌਕਿਆਂ ਤੱਕ ਪਹੁੰਚ, ਉੱਦਮਤਾ ਨੂੰ ਸਮਰਥਨ, ਲਾਹੇਵੰਦ ਅਤੇ ਸਮਾਜਿਕ ਸੇਵਾਵਾਂ ਤੱਕ ਪਹੁੰਚ ਅਤੇ ਜਲਵਾਯੂ ਕਾਰਵਾਈ, ਭੋਜਨ ਸੁਰੱਖਿਆ ਅਤੇ ਪੋਸ਼ਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ, ਜੋ ਆਪਸ ਵਿੱਚ ਜੁੜੇ ਹੋਏ ਹਨ, ਟਿਕਾਊ ਵਿਕਾਸ ਲਈ ਕੁੰਜੀ ਹਨ। ਅਸੀਂ ਆਲਮੀ ‘ਔਰਤਾਂ, ਸ਼ਾਂਤੀ ਅਤੇ ਸੁਰੱਖਿਆ’ ਏਜੰਡੇ ਦੇ ਅਨੁਸਾਰ ਸ਼ਾਂਤੀ ਨਿਰਮਾਣ ਪ੍ਰਕਿਰਿਆ ਵਿੱਚ ਔਰਤਾਂ ਦੀ ਅਹਿਮ ਭੂਮਿਕਾ ਨੂੰ ਮੰਨਦੇ ਹਾਂ। ਅਸੀਂ ‘ਬ੍ਰਿਕਸ ਔਰਤਾਂ ਦੇ ਡਿਜੀਟਲ ਸਮਰੱਥਾ ਨਿਰਮਾਣ ਦਿਸ਼ਾ-ਨਿਰਦੇਸ਼ਾਂ’ ਦੇ ਵਿਕਾਸ ਦਾ ਸਵਾਗਤ ਕਰਦੇ ਹਾਂ ਅਤੇ ਵਧੀਆ ਅਭਿਆਸਾਂ ਦਾ ਇੱਕ ਸਵੈ-ਇੱਛਤ ਅਤੇ ਗੈਰ-ਪਾਬੰਦਕ ਡਿਜੀਟਲ ਭੰਡਾਰ ਬਣਾਉਣ ਲਈ ਭਾਰਤ ਦੀ ਪ੍ਰਧਾਨਗੀ ਦੀ ਪਹਿਲਕਦਮੀ ਦਾ ਨੋਟਿਸ ਲੈਂਦੇ ਹਾਂ। ਅਸੀਂ ਰਾਸ਼ਟਰੀ ਹਾਲਾਤਾਂ ਅਨੁਸਾਰ ਢੁਕਵੀਆਂ ਦੇਖਭਾਲ ਨੀਤੀਆਂ ਸਮੇਤ ਆਰਥਿਕ ਜੀਵਨ ਵਿੱਚ ਔਰਤਾਂ ਦੀ ਪੂਰੀ ਸ਼ਮੂਲੀਅਤ ਦਾ ਸਮਰਥਨ ਕਰਨ ਵਾਲੀਆਂ ਨੀਤੀਆਂ ਦੀ ਮਹੱਤਤਾ ਨੂੰ ਵੀ ਮਾਨਤਾ ਦਿੰਦੇ ਹਾਂ।
124. ਅਸੀਂ ਭੁਵਨੇਸ਼ਵਰ ਵਿੱਚ ਕਰਵਾਈ ਗਈ 13ਵੀਂ ਬ੍ਰਿਕਸ ਸਿੱਖਿਆ ਮੰਤਰੀਆਂ ਦੀ ਮੀਟਿੰਗ ਦੇ ਨਤੀਜਿਆਂ ਦਾ ਸਵਾਗਤ ਕਰਦੇ ਹਾਂ ਅਤੇ ਟਿਕਾਊ ਵਿਕਾਸ, ਸ਼ਮੂਲੀਅਤ ਵਾਲੇ ਵਿਕਾਸ, ਅਤੇ ਲੋਕਾਂ ਦੇ ਆਪਸੀ ਆਦਾਨ-ਪ੍ਰਦਾਨ ਦੇ ਮੁੱਖ ਪ੍ਰੇਰਕ ਵਜੋਂ ਸਿੱਖਿਆ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ। ਅਸੀਂ ਪ੍ਰੋਜੈਕਟ ਸਹਿਯੋਗ ਲਈ ਇੱਕ ਬਹੁ-ਪੱਖੀ ਮੰਚ ਬਣਾਉਣ, ਜਾਣਕਾਰੀ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ, ਸਰੋਤ ਸਾਂਝੇ ਕਰਨ, ਅਤੇ ਮੈਂਬਰ ਦੇਸ਼ਾਂ ਵਿੱਚ ਤਕਨੀਕੀ ਅਤੇ ਕਿੱਤਾਮੁਖੀ ਸਿੱਖਿਆ ਤੇ ਸਿਖਲਾਈ ਦੇ ਸਾਂਝੇ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਬ੍ਰਿਕਸ ਟੀਵੀਈਟੀ ਕੋਆਪ੍ਰੇਸ਼ਨ ਅਲਾਇੰਸ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਦੀ ਉੱਚ ਪੱਧਰ ‘ਤੇ ਸ਼ਲਾਘਾ ਕਰਦੇ ਹਾਂ। ਅਸੀਂ ਬ੍ਰਿਕਸ ਟੀਸੀਏ ਦੀ ਦੋ-ਸਾਲਾ ਤਰੱਕੀ ਰਿਪੋਰਟ ਅਤੇ ਟਿਕਾਊ ਹੁਨਰ ਪਹਿਲਕਦਮੀਆਂ ਬਾਰੇ ਬ੍ਰਿਕਸ ਟੀਸੀਏ ਸੰਗ੍ਰਹਿ (ਕੰਪੈਂਡੀਅਮ) ਦੀ ਉਡੀਕ ਕਰਦੇ ਹਾਂ। ਅਸੀਂ ਟੀਵੀਈਟੀ ਸੰਸਥਾਵਾਂ ਨੂੰ ਉਦਯੋਗਾਂ ਨਾਲ ਜੋੜ ਕੇ ਸਿਖਲਾਈ ਪ੍ਰੋਗਰਾਮਾਂ ਨੂੰ ਬਜ਼ਾਰ ਦੀਆਂ ਬਦਲਦੀਆਂ ਮੰਗਾਂ ਅਤੇ ਟਿਕਾਊ ਵਿਕਾਸ ਦੀਆਂ ਤਰਜੀਹਾਂ ਦੇ ਅਨੁਕੂਲ ਬਣਾਉਣ ਨੂੰ ਉਤਸ਼ਾਹਿਤ ਕਰਦੇ ਹੋਏ, ਬ੍ਰਿਕਸ ਦੇਸ਼ਾਂ ਵਿੱਚ ਹੁਨਰ ਵਿਕਾਸ ਪ੍ਰਣਾਲੀਆਂ, ਡਿਜੀਟਲ ਸਾਖਰਤਾ ਅਤੇ ਕਾਮਿਆਂ ਦੀ ਤਿਆਰੀ ਨੂੰ ਮਜ਼ਬੂਤ ਕਰਨ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦੇ ਹਾਂ।
125. ਅਸੀਂ ਬ੍ਰਿਕਸ ਨੈੱਟਵਰਕ ਯੂਨੀਵਰਸਿਟੀ ਸਮੇਤ ਮੌਜੂਦਾ ਬ੍ਰਿਕਸ ਸਿੱਖਿਆ ਵਿਧੀਆਂ ਰਾਹੀਂ ਨਿਰੰਤਰ ਸਹਿਯੋਗ ਦਾ ਸਮਰਥਨ ਕਰਦੇ ਹਾਂ, ਅਤੇ ਰਵਾਇਤੀ ਅਤੇ ਮੂਲ ਗਿਆਨ ਪ੍ਰਣਾਲੀਆਂ ‘ਤੇ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਬਾਰੇ ਬ੍ਰਿਕਸ ਦੇ ਮਾਰਗਦਰਸ਼ਕ ਸਿਧਾਂਤਾਂ ਨੂੰ ਜਾਰੀ ਕਰਨ ਵਿੱਚ ਭਾਰਤ ਦੀ ਪਹਿਲਕਦਮੀ ਦੀ ਸ਼ਲਾਘਾ ਕਰਦੇ ਹਾਂ। ਅਸੀਂ ਬ੍ਰਿਕਸ ਨੈੱਟਵਰਕ ਯੂਨੀਵਰਸਿਟੀ ਨੂੰ ਉਤਸ਼ਾਹਿਤ ਕਰਦੇ ਹਾਂ ਕਿ ਉਹ ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਕਾਨੂੰਨਾਂ ਅਤੇ ਨੀਤੀਆਂ ਦੇ ਅਨੁਕੂਲ ਸਥਾਪਤ ਪ੍ਰਬੰਧਕੀ ਪ੍ਰਕਿਰਿਆਵਾਂ ਅਨੁਸਾਰ, ਰਵਾਇਤੀ, ਮੂਲ ਅਤੇ ਸਥਾਨਕ ਗਿਆਨ ਪ੍ਰਣਾਲੀਆਂ ਨੂੰ ਇੱਕ ਵਾਧੂ ਇੰਟਰਨੈਸ਼ਨਲ ਥੀਮੈਟਿਕ ਗਰੁੱਪ ਵਜੋਂ ਸ਼ਾਮਲ ਕਰਨ ‘ਤੇ ਵਿਚਾਰ ਕਰੇ। ਅਸੀਂ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ, ਛੋਟੇ ਬੱਚਿਆਂ ਦੀ ਦੇਖਭਾਲ ਅਤੇ ਸਿੱਖਿਆ ਅਤੇ ਮੁੱਢਲੀ ਪੜ੍ਹਾਈ-ਲਿਖਾਈ ਅਤੇ ਹਿਸਾਬ ਵਿੱਚ ਸਹਿਯੋਗ, ਯੋਗਤਾਵਾਂ ਦੀ ਆਪਸੀ ਮਾਨਤਾ, ਅਕਾਦਮਿਕ ਅਤੇ ਪੇਸ਼ੇਵਰ ਆਵਾਜਾਈ, ਡਿਜੀਟਲ ਸਾਖਰਤਾ, ਸਿੱਖਿਆ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਸਮੇਤ ਉੱਭਰਦੀਆਂ ਤਕਨਾਲੋਜੀਆਂ ਦੀ ਸੁਰੱਖਿਅਤ, ਨੈਤਿਕ ਅਤੇ ਮਨੁੱਖੀ-ਕੇਂਦਰਿਤ ਵਰਤੋਂ, ਅਤੇ ਮਜ਼ਬੂਤ ਸੰਸਥਾਗਤ ਭਾਈਵਾਲੀ ਨੂੰ ਉਤਸ਼ਾਹਿਤ ਕਰਦੇ ਹਾਂ। ਅਸੀਂ ਸੰਸਥਾਗਤ ਪ੍ਰਬੰਧਨ ਨੂੰ ਬਿਹਤਰ ਬਣਾਉਣ, ਸਿੱਖਿਆ ਵਿੱਚ ਗੁਣਵੱਤਾ ਅਤੇ ਪਹੁੰਚ ਨੂੰ ਵਧਾਉਣ, ਅਤੇ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਸਟੈੱਮ) ਸਮੇਤ ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਪੱਧਰਾਂ ‘ਤੇ ਆਦਾਨ-ਪ੍ਰਦਾਨ ਅਤੇ ਵਜ਼ੀਫ਼ਾ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਨ ਲਈ ਸਾਂਝੀਆਂ ਕੋਸ਼ਿਸ਼ਾਂ ਨੂੰ ਵੀ ਉਤਸ਼ਾਹਿਤ ਕਰਦੇ ਹਾਂ। ਨਾਲ ਹੀ ਨਵੀਨਤਾ ਨੂੰ ਹੁਲਾਰਾ ਦੇਣ ਅਤੇ ਨੌਕਰੀਆਂ ਦੇ ਮੌਕੇ ਵਧਾਉਣ ਲਈ ਟੀਵੀਈਟੀ-ਉਦਯੋਗ ਲਿੰਕੇਜ, ਅਤੇ ਭਵਿੱਖ ਦੇ ਮੌਕਿਆਂ ਅਤੇ ਚੁਣੌਤੀਆਂ ਨਾਲ ਨਜਿੱਠਣ ਲਈ ਸਿੱਖਿਆਰਥੀਆਂ ਅਤੇ ਸੰਸਥਾਵਾਂ ਨੂੰ ਤਿਆਰ ਕਰਨ ਵਾਸਤੇ ਨਵੀਨਤਾ ਤੇ ਗਿਆਨ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਦੇ ਹਾਂ। ਅਸੀਂ ਬ੍ਰਿਕਸ ਰੈਕਟਰਜ਼ ਫੋਰਮ ਕਰਵਾਉਣਾ ਜਾਰੀ ਰੱਖਣ ਅਤੇ ਬ੍ਰਿਕਸ ਐਜੂਕੇਸ਼ਨ ਓਲੰਪੀਆਡ ਬਾਰੇ ਚਰਚਾ ਕਰਨ ਅਤੇ ਬ੍ਰਿਕਸ ਯੂਨੀਵਰਸਿਟੀ ਗਲੋਬਲ ਰੈਂਕਿੰਗ ਐਂਡ ਇਵੈਲੂਏਸ਼ਨ ਸਿਸਟਮ ਦੇ ਵਿਕਾਸ ਲਈ ਹੋਰ ਖੋਜ ਕਰਨ ਨੂੰ ਉਤਸ਼ਾਹਿਤ ਕਰਦੇ ਹਾਂ।
126. ਅਸੀਂ ਲੋਕਾਂ ਦੀ ਰੋਜ਼ੀ-ਰੋਟੀ ਦੀ ਰੱਖਿਆ ਕਰਨ ਅਤੇ ਇਸ ਨੂੰ ਬਿਹਤਰ ਬਣਾਉਣ, ਉੱਚ-ਗੁਣਵੱਤਾ ਵਾਲੇ, ਪੂਰਨ ਅਤੇ ਲਾਹੇਵੰਦ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ, ਮਨੁੱਖੀ ਸਰੋਤਾਂ ਵਿੱਚ ਨਿਵੇਸ਼ ਕਰਨ ਅਤੇ ਟਿਕਾਊ ਵਿਕਾਸ ਤੇ ਸ਼ਮੂਲੀਅਤ ਵਾਲੇ, ਮਨੁੱਖ-ਕੇਂਦਰਿਤ ਕਿਰਤ ਬਾਜ਼ਾਰਾਂ ਰਾਹੀਂ ਉੱਚ-ਗੁਣਵੱਤਾ ਵਾਲੇ ਆਬਾਦੀ ਵਿਕਾਸ ਨੂੰ ਅੱਗੇ ਵਧਾਉਣ ਲਈ ਕੋਸ਼ਿਸ਼ਾਂ ਤੇਜ਼ ਕਰਨ ਵਿੱਚ ਬ੍ਰਿਕਸ ਕਿਰਤ (ਮਜ਼ਦੂਰ) ਸਹਿਯੋਗ ਨੂੰ ਮਜ਼ਬੂਤ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਇਸ ਸਬੰਧੀ ਅਸੀਂ ਸਮਾਜਿਕ ਸੁਰੱਖਿਆ ਦੀ ਪਹੁੰਚ ਵਧਾਉਣ ਅਤੇ ਮਜ਼ਦੂਰਾਂ ਦੀ ਭਲਾਈ ਲਈ ਸ਼ਮੂਲੀਅਤ ਤੇ ਪਹੁੰਚਯੋਗਤਾ ਨੂੰ ਵਧਾਉਣ ਵਿੱਚ ਡਿਜੀਟਲ ਤਕਨਾਲੋਜੀਆਂ ਦੀ ਪਰਿਵਰਤਨਕਾਰੀ ਭੂਮਿਕਾ ਨੂੰ ਮਾਨਤਾ ਦਿੰਦੇ ਹਾਂ, ਅਤੇ ਗਿਗ ਅਤੇ ਪਲੇਟਫਾਰਮ ਅਰਥਚਾਰੇ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਤੱਕ ਸਮਾਜਿਕ ਸੁਰੱਖਿਆ ਦਾ ਘੇਰਾ ਵਧਾਉਣ ਲਈ ਨਵੀਨਤਾਕਾਰੀ, ਰਾਸ਼ਟਰੀ ਪੱਧਰ ‘ਤੇ ਤਿਆਰ ਕੀਤੀਆਂ ਨੀਤੀਗਤ ਪਹੁੰਚਾਂ ਦੀ ਖੋਜ ਕਰਨ ਦੀ ਮਹੱਤਤਾ ਨੂੰ ਮੰਨਦੇ ਹਾਂ। ਅਸੀਂ ਡਿਜੀਟਲ, ਹਰਿਤ, ਦੇਖਭਾਲ ਅਤੇ ਹੋਰ ਤਰਜੀਹੀ ਖੇਤਰਾਂ ਵਿੱਚ ਕਿਰਤ ਬਾਜ਼ਾਰ ਦੇ ਰੁਝਾਨਾਂ ਦਾ ਵਿਸ਼ਲੇਸ਼ਣ ਕਰਕੇ ਹੁਨਰ ਦੀਆਂ ਲੋੜਾਂ ਦਾ ਅਨੁਮਾਨ ਲਗਾਉਣ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਾਂ। ਅਸੀਂ ਸਮਾਜਿਕ ਸੁਰੱਖਿਆ ਸਹਿਯੋਗ ਲਈ ਮੌਜੂਦਾ ਬ੍ਰਿਕਸ ਵੀਐੱਲਓ (ਵਰਚੁਅਲ ਲਾਈਜ਼ਨ ਆਫਿਸ) ਵਿੱਚ ਵਾਧਾ ਕਰਦੇ ਹੋਏ, ਬ੍ਰਿਕਸ ਕਨੈਕਟ (ਸਮਰੱਥਾ ਨਿਰਮਾਣ, ਰੁਜ਼ਗਾਰ ਯੋਗਤਾ, ਅਤੇ ਨਵੇਂ ਹੁਨਰ ਤੇ ਤਕਨਾਲੋਜੀਆਂ ਲਈ ਬ੍ਰਿਕਸ ਸਹਿਯੋਗ ਨੈੱਟਵਰਕ) ਨੂੰ ਅਪਣਾਉਣ ਦਾ ਸਵਾਗਤ ਕਰਦੇ ਹਾਂ। ਅਸੀਂ ਸਰਹੱਦਾਂ ਪਾਰ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ, ਲਾਭਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਦੀ ਸਹੂਲਤ ਯਕੀਨੀ ਬਣਾਉਣ, ਅਤੇ ਸਮਾਜਿਕ ਸੁਰੱਖਿਆ ਯੋਗਦਾਨਾਂ ਦੀ ਦੋਹਰੀ ਕਟੌਤੀ ਤੋਂ ਬਚਣ ਦੀ ਮਹੱਤਤਾ ਨੂੰ ਮੰਨਦੇ ਹਾਂ। ਅਸੀਂ ਅਜਿਹੇ ਲਚਕਦਾਰ ਕਿਰਤ ਬਾਜ਼ਾਰ ਬਣਾਉਣ ਪ੍ਰਤੀ ਆਪਣੀ ਸਮੂਹਿਕ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ ਜੋ ਰਸਮੀ, ਸ਼ਮੂਲੀਅਤ ਵਾਲੇ, ਜਵਾਬਦੇਹ, ਡਿਜੀਟਲ ਤੌਰ ‘ਤੇ ਸਸ਼ਕਤ, ਅਤੇ ਭਵਿੱਖ ਲਈ ਤਿਆਰ ਹੋਣ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਮਜ਼ਦੂਰ ਪਿੱਛੇ ਨਾ ਰਹੇ। ਅਸੀਂ ਬ੍ਰਿਕਸ ਦੇਸ਼ਾਂ ਲਈ “ਰਿਮੋਟ ਰੁਜ਼ਗਾਰ (ਦੂਰੋਂ ਕੰਮ ਕਰਨ) ਲਈ ਕੌਮਾਂਤਰੀ ਡਿਜੀਟਲ ਪਲੇਟਫਾਰਮ” ਸਥਾਪਤ ਕਰਨ ਦੀ ਪਹਿਲਕਦਮੀ ਦਾ ਨੋਟਿਸ ਲੈਂਦੇ ਹਾਂ।
127. ਅਸੀਂ 11ਵੀਂ ਬ੍ਰਿਕਸ ਸੱਭਿਆਚਾਰ ਮੰਤਰੀਆਂ ਦੀ ਮੀਟਿੰਗ ਵਿੱਚ ਭੋਪਾਲ ਐਲਾਨਨਾਮੇ ਨੂੰ ਅਪਣਾਏ ਜਾਣ ਦਾ ਸਵਾਗਤ ਕਰਦੇ ਹਾਂ, ਜੋ ਲੋਕਾਂ ਦੇ ਆਪਸੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਬ੍ਰਿਕਸ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਸੱਭਿਆਚਾਰ ਦੀ ਅਹਿਮ ਭੂਮਿਕਾ ਦੀ ਪੁਸ਼ਟੀ ਕਰਦਾ ਹੈ। ਅਸੀਂ ਸੱਭਿਆਚਾਰਕ ਜਾਇਦਾਦ ਦੀ ਤਬਾਹੀ ਅਤੇ ਗੈਰ-ਕਾਨੂੰਨੀ ਤਸਕਰੀ ਨੂੰ ਰੋਕਣ ਲਈ, ਟਕਰਾਅ ਵਾਲੇ ਖੇਤਰਾਂ ਸਮੇਤ, ਸੱਭਿਆਚਾਰਕ ਵਿਰਾਸਤ ਦੀ ਸੁਰੱਖਿਆ ਦੀ ਮੰਗ ਕਰਦੇ ਹਾਂ, ਜੋ ਕਿ ਪ੍ਰਭਾਵਿਤ ਭਾਈਚਾਰਿਆਂ ਦੇ ਇਤਿਹਾਸ ਅਤੇ ਪਛਾਣ ਨੂੰ ਬਚਾਉਣ ਲਈ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਸੱਭਿਆਚਾਰਕ ਵਿਰਾਸਤ, ਪੁਰਾਤਨ ਵਸਤਾਂ, ਅਤੇ ਅਧਿਆਤਮਕ, ਜੱਦੀ, ਇਤਿਹਾਸਕ ਅਤੇ ਸੱਭਿਆਚਾਰਕ ਮਹੱਤਵ ਵਾਲੀਆਂ ਵਸਤਾਂ ਨੂੰ ਉਨ੍ਹਾਂ ਦੇ ਮੂਲ ਦੇਸ਼ ਵਿੱਚ ਵਾਪਸ ਭੇਜਣ ਅਤੇ ਸੌਂਪਣ ਦੀ ਲੋੜ ‘ਤੇ ਜ਼ੋਰ ਦਿੰਦੇ ਹਾਂ। ਅਸੀਂ ਜਾਣਕਾਰੀ ਦੇ ਆਦਾਨ-ਪ੍ਰਦਾਨ, ਦਸਤਾਵੇਜ਼ੀਕਰਨ ਅਤੇ ਅਜਾਇਬ ਘਰਾਂ (ਮਿਊਜ਼ੀਅਮ), ਪੁਰਾਲੇਖਾਂ, ਲਾਇਬ੍ਰੇਰੀਆਂ ਅਤੇ ਹੋਰ ਸਬੰਧਤ ਸੱਭਿਆਚਾਰਕ ਸੰਸਥਾਵਾਂ ਵਿਚਕਾਰ ਸੰਸਥਾਗਤ ਸਹਿਯੋਗ ਰਾਹੀਂ ਬ੍ਰਿਕਸ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਹੋਰ ਉਤਸ਼ਾਹਿਤ ਕਰਦੇ ਹਾਂ। ਅਸੀਂ ਕਲਾਕਾਰਾਂ ਅਤੇ ਸੱਭਿਆਚਾਰਕ ਖੇਤਰ ਨਾਲ ਜੁੜੇ ਲੋਕਾਂ ਲਈ ਸਿਖਲਾਈ ਅਤੇ ਸਮਰੱਥਾ-ਨਿਰਮਾਣ ਦੇ ਖੇਤਰਾਂ ਸਮੇਤ, ਸੱਭਿਆਚਾਰਕ ਅਤੇ ਰਚਨਾਤਮਕ ਉਦਯੋਗਾਂ ਵਿੱਚ ਜਾਣਕਾਰੀ ਦੇ ਆਦਾਨ-ਪ੍ਰਦਾਨ ਅਤੇ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਨੂੰ ਉਤਸ਼ਾਹਿਤ ਕਰਦੇ ਹਾਂ। ਅਸੀਂ ਸਵੈ-ਇੱਛਾ ਨਾਲ ਹਿੱਸਾ ਲੈਣ ਵਾਲੇ ਮੈਂਬਰਾਂ ਲਈ ਇੱਕ ਪਾਇਲਟ ਆਧਾਰ ‘ਤੇ ‘ਕਲਾਕਾਰ ਰਜਿਸਟਰੀ’ ਬਣਾਉਣ ਅਤੇ ਵਿਕਸਤ ਕਰਨ ਦੀ ਪਹਿਲਕਦਮੀ ਦਾ ਨੋਟਿਸ ਲੈਂਦੇ ਹਾਂ। ਇਸ ਸਬੰਧੀ ਅਸੀਂ ਸੱਭਿਆਚਾਰਕ ਅਤੇ ਰਚਨਾਤਮਕ ਉਦਯੋਗਾਂ ਅਤੇ ਰਚਨਾਤਮਕ ਅਰਥਚਾਰੇ ਲਈ ਮੰਚ, ਰਵਾਇਤੀ ਗਿਆਨ ਪ੍ਰਣਾਲੀਆਂ ਅਤੇ ਰਵਾਇਤੀ ਸੱਭਿਆਚਾਰਕ ਪ੍ਰਗਟਾਵੇ ਦੀ ਪਛਾਣ ਅਤੇ ਦਸਤਾਵੇਜ਼ੀਕਰਨ ਵਰਗੀਆਂ ਪਹਿਲਕਦਮੀਆਂ ਨੂੰ ਮਾਨਤਾ ਦਿੰਦੇ ਹਾਂ। ਅਸੀਂ ਸਵੈ-ਇੱਛਤ ਆਧਾਰ ‘ਤੇ ਸਬੰਧਤ ਯੂਨੈਸਕੋ ਕਨਵੈਨਸ਼ਨਾਂ ਅਤੇ ਪ੍ਰੋਗਰਾਮਾਂ ਦੇ ਤਹਿਤ ਸਾਂਝੀਆਂ ਬਹੁ-ਰਾਸ਼ਟਰੀ ਨਾਮਜ਼ਦਗੀਆਂ ਲਈ ਮੌਕੇ ਤਲਾਸ਼ਣ ਨੂੰ ਉਤਸ਼ਾਹਿਤ ਕਰਦੇ ਹਾਂ। ਅਸੀਂ ਸੱਭਿਆਚਾਰਕ ਉਦਯੋਗਾਂ ਅਤੇ ਸਰੋਤਾਂ ਦੇ ਵਿਕਾਸ ਲਈ ਸਬੰਧਤ ਬਹੁ-ਪੱਖੀ ਮੰਚਾਂ ਸਮੇਤ ਬ੍ਰਿਕਸ ਦੇਸ਼ਾਂ ਵਿਚਕਾਰ ਹੋਰ ਸਹਿਯੋਗ ਨੂੰ ਉਤਸ਼ਾਹਿਤ ਕਰਦੇ ਹਾਂ।
128. ਅਸੀਂ ਬ੍ਰਿਕਸ ਕਲਚਰ ਫੈਸਟੀਵਲ ਅਤੇ ਵੇਵਜ਼ ਬਾਜ਼ਾਰ ਦਾ ਸਵਾਗਤ ਕਰਦੇ ਹਾਂ। ਅਸੀਂ ਸਾਡੇ ਦੇਸ਼ਾਂ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਦਿਖਾਉਣ, ਸੱਭਿਆਚਾਰਕ ਅਤੇ ਰਚਨਾਤਮਕ ਕੰਮਾਂ ਦੇ ਪਸਾਰ ਨੂੰ ਉਤਸ਼ਾਹਿਤ ਕਰਨ, ਅਤੇ ਲੋਕਾਂ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਅਹਿਮ ਮੰਚਾਂ ਵਜੋਂ ਬ੍ਰਿਕਸ ਥੀਏਟਰ ਫੈਸਟੀਵਲ ਅਤੇ ਬ੍ਰਿਕਸ ਫਿਲਮ ਫੈਸਟੀਵਲ ਕਰਵਾਏ ਜਾਣ ਦੀ ਸ਼ਲਾਘਾ ਕਰਦੇ ਹਾਂ। ਅਸੀਂ ਅਜਿਹੇ ਮੰਚਾਂ ਦੇ ਵਿਸਥਾਰ ਨੂੰ ਉਤਸ਼ਾਹਿਤ ਕਰਦੇ ਹਾਂ ਜਿਸ ਨਾਲ ਬ੍ਰਿਕਸ ਦੇਸ਼ਾਂ ਵਿਚਕਾਰ ਸੱਭਿਆਚਾਰਕ ਆਦਾਨ-ਪ੍ਰਦਾਨ ਅਤੇ ਸਹਿਯੋਗ ਲਈ ਵਧੇਰੇ ਮੌਕੇ ਪੈਦਾ ਹੋਣਗੇ। ਅਸੀਂ ਬ੍ਰਿਕਸ ਦੇਸ਼ਾਂ ਦੇ ਲੋਕਾਂ ਵਿਚਕਾਰ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਅਮੀਰ ਅਤੇ ਵਿਆਪਕ ਬਣਾਉਣ ਦੇ ਉਦੇਸ਼ ਨਾਲ ਬ੍ਰਿਕਸ ਗੱਠਜੋੜਾਂ ਦੇ ਨਿਰੰਤਰ ਵਿਕਾਸ ਅਤੇ ਮਜ਼ਬੂਤੀ ਦਾ ਸਵਾਗਤ ਕਰਦੇ ਹਾਂ।
129. ਸੈਰ-ਸਪਾਟੇ ਨੂੰ ਆਰਥਿਕ ਵਿਕਾਸ, ਰੁਜ਼ਗਾਰ ਪੈਦਾ ਕਰਨ, ਵਿਦੇਸ਼ੀ ਮੁਦਰਾ ਦੀ ਕਮਾਈ, ਸ਼ਮੂਲੀਅਤ ਵਾਲੇ ਅਤੇ ਟਿਕਾਊ ਵਿਕਾਸ, ਸਥਾਨਕ ਰੋਜ਼ੀ-ਰੋਟੀ, ਆਰਥਿਕ ਵਿਭਿੰਨਤਾ, ਵਿਰਾਸਤ ਦੀ ਸੰਭਾਲ, ਰਾਸ਼ਟਰੀ ਅਕਸ ਬਣਾਉਣ, ਸੱਭਿਆਚਾਰਕ ਸਮਝ ਅਤੇ ਲੋਕਾਂ ਦੇ ਆਪਸੀ ਆਦਾਨ-ਪ੍ਰਦਾਨ ਦੇ ਇੱਕ ਅਹਿਮ ਪ੍ਰੇਰਕ ਵਜੋਂ ਮਾਨਤਾ ਦਿੰਦੇ ਹੋਏ, ਅਸੀਂ ਇਹ ਮੰਨਦੇ ਹਾਂ ਕਿ ਬ੍ਰਿਕਸ ਦੇਸ਼ਾਂ ਵਿੱਚ ਸੈਰ-ਸਪਾਟਾ ਖੇਤਰ ਵਿੱਚ ਅਥਾਹ ਸਮਰੱਥਾ ਹੈ। ਇਹ ਈਕੋ-ਟੂਰਿਜ਼ਮ (ਵਾਤਾਵਰਣ-ਪੱਖੀ ਸੈਰ-ਸਪਾਟੇ) ਨੂੰ ਉਤਸ਼ਾਹਿਤ ਕਰਨ ਸਮੇਤ, ਟਿਕਾਊ ਵਿਕਾਸ ਟੀਚਿਆਂ ਦੇ ਅਨੁਸਾਰ, ਟਿਕਾਊ ਅਤੇ ਲਚਕੀਲੇ ਸੈਰ-ਸਪਾਟੇ ਦੇ ਵਾਧੇ ਅਤੇ ਵਿਕਾਸ ਲਈ ਅਹਿਮ ਮੌਕੇ ਪ੍ਰਦਾਨ ਕਰਦਾ ਹੈ। ਅਸੀਂ ਜ਼ਿੰਮੇਵਾਰ, ਟਿਕਾਊ ਅਤੇ ਟਿਕਾਊ ਸੈਰ-ਸਪਾਟਾ ਮਾਡਲਾਂ ‘ਤੇ ਗਿਆਨ ਸਾਂਝਾ ਕਰਨ ਨੂੰ ਉਤਸ਼ਾਹਿਤ ਕਰਦੇ ਹਾਂ। ਅਸੀਂ ਵਧੇਰੇ ਚੁਸਤ ਅਤੇ ਕੁਸ਼ਲ ਸੈਰ-ਸਪਾਟਾ ਪ੍ਰਣਾਲੀਆਂ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਡਿਜੀਟਲ ਸਾਧਨਾਂ ਦਾ ਲਾਭ ਉਠਾਉਣ ਵਾਲੀਆਂ ਪਹਿਲਕਦਮੀਆਂ ਦਾ ਸਵਾਗਤ ਕਰਦੇ ਹਾਂ; ਜਿਵੇਂ ਕਿ ਵਾਤਾਵਰਣ-ਪੱਖੀ, ਭਾਈਚਾਰੇ ਦੀ ਅਗਵਾਈ ਵਾਲੇ, ਟਿਕਾਊ ਅਤੇ ਜਲਵਾਯੂ-ਲਚਕੀਲੇ ਸੈਰ-ਸਪਾਟਾ ਮਾਡਲਾਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਡਿਜੀਟਲ ਭੁਗਤਾਨ ਪ੍ਰਣਾਲੀਆਂ; ਪੂਰੇ ਖੇਤਰ ਵਿੱਚ ਮਨੁੱਖੀ ਸਰੋਤਾਂ, ਸਿਖਲਾਈ, ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਅਤੇ ਸੰਸਥਾਗਤ ਸਮਰੱਥਾ ਨੂੰ ਮਜ਼ਬੂਤ ਕਰਨਾ; ਅਤੇ ਸੈਰ-ਸਪਾਟੇ ਦੇ ਸੁਚਾਰੂ ਪ੍ਰਵਾਹ ਦੀ ਸਹੂਲਤ ਦੇਣਾ। ਅਸੀਂ ਬ੍ਰਿਕਸ ਦੇਸ਼ਾਂ ਵਿੱਚ ਟਿਕਾਊ, ਸ਼ਮੂਲੀਅਤ ਵਾਲੇ, ਸਮਾਰਟ ਅਤੇ ਲਚਕੀਲੇ ਸੈਰ-ਸਪਾਟਾ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਕੌਮਾਂਤਰੀ ਸੈਰ-ਸਪਾਟਾ ਮੁਕਾਬਲੇਬਾਜ਼ੀ ਨੂੰ ਵਧਾਉਣ ਲਈ ਬ੍ਰਿਕਸ ਦੇ ਅੰਦਰ ਸਹਿਯੋਗ ਨੂੰ ਮਜ਼ਬੂਤ ਕਰਨ ਬਾਰੇ ਜੈਪੁਰ ਵਿੱਚ ਹੋਈ ਸੈਰ-ਸਪਾਟਾ ਮੰਤਰੀਆਂ ਦੀ ਮੀਟਿੰਗ ਦੇ ਐਲਾਨਨਾਮੇ ਦਾ ਸਵਾਗਤ ਕਰਦੇ ਹਾਂ। ਅਸੀਂ ਮੈਂਬਰ ਦੇਸ਼ਾਂ ਵਿੱਚ ਇਤਿਹਾਸਕ, ਸੱਭਿਆਚਾਰਕ, ਕੁਦਰਤ-ਆਧਾਰਿਤ, ਭੋਜਨ ਅਤੇ ਸਿਹਤ ਸੈਰ-ਸਪਾਟੇ ਸਮੇਤ ਵਿਭਿੰਨ ਸੈਰ-ਸਪਾਟਾ ਉਤਪਾਦਾਂ ਦੇ ਵਿਕਾਸ ਅਤੇ ਪ੍ਰਚਾਰ ਦਾ ਵੀ ਸਮਰਥਨ ਕਰਦੇ ਹਾਂ।
130. ਅਸੀਂ ਸਮਾਜਿਕ ਵਿਕਾਸ, ਲੋਕਾਂ ਦੇ ਆਪਸੀ ਆਦਾਨ-ਪ੍ਰਦਾਨ ਅਤੇ ਸਿਹਤਮੰਦ ਤੇ ਸਰਗਰਮ ਸਮਾਜਾਂ ਨੂੰ ਉਤਸ਼ਾਹਿਤ ਕਰਨ ਦੇ ਸਾਧਨ ਵਜੋਂ ਖੇਡਾਂ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹਾਂ। ਅਸੀਂ ਸਰੀਰਕ ਸੱਭਿਆਚਾਰ ਅਤੇ ਖੇਡਾਂ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਹਿਮਤੀ ਪੱਤਰ ਨੂੰ ਲਾਗੂ ਕਰਨ ਸਮੇਤ, ਬ੍ਰਿਕਸ ਖੇਡ ਵਰਕਿੰਗ ਗਰੁੱਪ ਦੀ ਕਾਮਯਾਬੀ ਦੀ ਸ਼ਲਾਘਾ ਕਰਦੇ ਹਾਂ। ਇਸ ਸਬੰਧੀ ਅਸੀਂ ਸਾਡੀ ਸਾਂਝੀ ਵਿਭਿੰਨਤਾ ਦਾ ਜਸ਼ਨ ਮਨਾਉਣ ਲਈ ਬ੍ਰਿਕਸ ਦੇਸ਼ਾਂ ਦੀਆਂ ਰਾਸ਼ਟਰੀ, ਰਵਾਇਤੀ, ਮੂਲ ਅਤੇ ਗੈਰ-ਓਲੰਪਿਕ ਖੇਡਾਂ ਦੇ ਵਿਕਾਸ ਦੇ ਨਾਲ-ਨਾਲ ਉੱਚ-ਪ੍ਰਦਰਸ਼ਨ ਵਾਲੀਆਂ ਖੇਡਾਂ, ਸਾਰਿਆਂ ਲਈ ਖੇਡਾਂ ਅਤੇ ਮਨੋਰੰਜਨ ਵਾਲੀਆਂ ਖੇਡਾਂ ਦੇ ਖੇਤਰ ਵਿੱਚ ਸਹਿਯੋਗ ਲਈ ਇੱਕ ਮੰਚ ਵਜੋਂ ਬ੍ਰਿਕਸ ਖੇਡਾਂ ਕਰਵਾਉਣ ਦੀ ਸ਼ਲਾਘਾ ਕਰਦੇ ਹਾਂ। ਅਸੀਂ ਮਸ਼ਹੂਰ ਖੇਡਾਂ ਦੇ ਨਾਲ-ਨਾਲ ਰਾਸ਼ਟਰੀ, ਰਵਾਇਤੀ ਅਤੇ ਮੂਲ ਖੇਡਾਂ ਵਿੱਚ ਨੌਜਵਾਨਾਂ ਅਤੇ ਵਿਦਿਆਰਥੀਆਂ ਵਿੱਚ ਖੇਡਾਂ ਨੂੰ ਅੱਗੇ ਵਧਾਉਣ ਲਈ ਵਧੇ ਹੋਏ ਸਹਿਯੋਗ ਨੂੰ ਉਤਸ਼ਾਹਿਤ ਕਰਦੇ ਹਾਂ। ਅਸੀਂ ਬ੍ਰਿਕਸ ਮੈਂਬਰ ਦੇਸ਼ਾਂ ਨੂੰ ਵਧੀਆ ਅਭਿਆਸਾਂ, ਸੰਸਥਾਗਤ ਤਜਰਬਿਆਂ, ਤਕਨੀਕੀ ਜਾਣਕਾਰੀ ਅਤੇ ਖੋਜ ਨਤੀਜਿਆਂ ਦੇ ਆਦਾਨ-ਪ੍ਰਦਾਨ ਦੇ ਰੂਪ ਵਿੱਚ ਖੇਡ ਤਕਨਾਲੋਜੀ ਵਿੱਚ ਸਹਿਯੋਗ ਦੀ ਸਹੂਲਤ ਦੇਣ ਲਈ ਉਤਸ਼ਾਹਿਤ ਕਰਦੇ ਹਾਂ। ਅਸੀਂ ਖੇਡਾਂ ਦੇ ਸਮਾਨ ਦੇ ਨਿਰਮਾਣ, ਖੋਜ ਅਤੇ ਨਵੀਨਤਾ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਬ੍ਰਿਕਸ ਸਪੋਰਟਸ ਗੁਡਸ ਮੈਨੂਫੈਕਚਰਿੰਗ ਕਨਕਲੇਵ ਦੀ ਤਜਵੀਜ਼ ਦਾ ਸਵਾਗਤ ਕਰਦੇ ਹਾਂ। ਅਸੀਂ ਖੇਡਾਂ ਵਿੱਚ ਪ੍ਰਦਰਸ਼ਨ ਦੀ ਗੁਣਵੱਤਾ, ਭਲਾਈ, ਪ੍ਰਬੰਧਨ ਅਤੇ ਸ਼ਮੂਲੀਅਤ ਨੂੰ ਵਧਾਉਣ ਵਿੱਚ ਤਕਨਾਲੋਜੀ ਦੀ ਵੱਧ ਰਹੀ ਭੂਮਿਕਾ ਨੂੰ ਵੀ ਮੰਨਦੇ ਹਾਂ ਅਤੇ ਸਪੋਰਟਸ ਟੈਕਨਾਲੋਜੀ (ਖੇਡ ਤਕਨਾਲੋਜੀ) ‘ਤੇ ਵਰਕਿੰਗ ਗਰੁੱਪ ਬਣਾਉਣ ਬਾਰੇ ਚਰਚਾਵਾਂ ਨੂੰ ਉਤਸ਼ਾਹਿਤ ਕਰਦੇ ਹਾਂ। ਅਸੀਂ ਬ੍ਰਿਕਸ ਸਪੋਰਟਸ ਕੋਆਪ੍ਰੇਸ਼ਨ ਫਰੇਮਵਰਕ ‘ਤੇ ਗੱਲਬਾਤ ਦਾ ਸਵਾਗਤ ਕਰਦੇ ਹਾਂ ਅਤੇ ਮੈਂਬਰ ਦੇਸ਼ਾਂ ਵਿਚਕਾਰ ਉਨ੍ਹਾਂ ਦੀਆਂ ਸਥਾਪਤ ਅੰਦਰੂਨੀ ਪ੍ਰਕਿਰਿਆਵਾਂ ਅਨੁਸਾਰ, ਸਥਾਪਤ ਸਲਾਹ-ਮਸ਼ਵਰਾ ਪ੍ਰਕਿਰਿਆ ਰਾਹੀਂ ਇਸ ‘ਤੇ ਹੋਰ ਵਿਚਾਰ ਕਰਨ ਦੀ ਉਡੀਕ ਕਰਦੇ ਹਾਂ।
131. ਅਸੀਂ ਲਚਕਤਾ, ਨਵੀਨਤਾ, ਸ਼ਮੂਲੀਅਤ ਅਤੇ ਟਿਕਾਊ ਵਿਕਾਸ ਦੇ ਪ੍ਰੇਰਕ ਵਜੋਂ ਨੌਜਵਾਨਾਂ ਦੀ ਅਹਿਮ ਭੂਮਿਕਾ ਦੀ ਪੁਸ਼ਟੀ ਕਰਦੇ ਹਾਂ। ਅਸੀਂ ਨੌਜਵਾਨ ਮਾਮਲਿਆਂ ਬਾਰੇ ਬ੍ਰਿਕਸ ਮੰਤਰੀ ਪੱਧਰ ਦੀ ਮੀਟਿੰਗ ਵਿੱਚ ਹੋਈਆਂ ਚਰਚਾਵਾਂ ਦਾ ਸਵਾਗਤ ਕਰਦੇ ਹਾਂ ਅਤੇ ਬ੍ਰਿਕਸ ਸਹਿਯੋਗ ਅਤੇ ਸਾਰਥਕ ਨੌਜਵਾਨ ਸ਼ਮੂਲੀਅਤ ਨੂੰ ਮਜ਼ਬੂਤ ਕਰਨ ਵਿੱਚ ਬ੍ਰਿਕਸ ਯੂਥ ਕੌਂਸਲ ਅਤੇ ਬ੍ਰਿਕਸ ਯੂਥ ਸਮਿਟ ਦੀ ਭੂਮਿਕਾ ਦੀ ਸ਼ਲਾਘਾ ਕਰਦੇ ਹਾਂ। ਅਸੀਂ ਬ੍ਰਿਕਸ ਦੇਸ਼ਾਂ ਦੇ ਨੌਜਵਾਨਾਂ ਵਿਚਕਾਰ ਸਿੱਖਿਆ, ਸਿਖਲਾਈ ਅਤੇ ਹੁਨਰ; ਯੂਥ ਐਂਟਰਪ੍ਰਨਿਓਰਸ਼ਿਪ (ਨੌਜਵਾਨਾਂ ਦੇ ਕਾਰੋਬਾਰ); ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ; ਸਮਾਜਿਕ ਅਤੇ ਸੱਭਿਆਚਾਰਕ ਭਾਗੀਦਾਰੀ; ਸਮਾਜਿਕ ਕਾਰਜ ਅਤੇ ਵਲੰਟੀਅਰਿੰਗ (ਸਵੈ-ਇੱਛਤ ਸੇਵਾ); ਵਿਕਾਸ; ਗਰੀਬੀ, ਭੁੱਖਮਰੀ ਅਤੇ ਅਸਮਾਨਤਾਵਾਂ ਦਾ ਮੁਕਾਬਲਾ ਕਰਨਾ; ਸਿਹਤ, ਨੌਜਵਾਨ ਅਤੇ ਖੇਡਾਂ; ਨੌਜਵਾਨ, ਵਾਤਾਵਰਣ ਅਤੇ ਟਿਕਾਊਪਣ; ਅੰਤਰ-ਧਰਮ ਨੌਜਵਾਨ ਗੱਲਬਾਤ; ਯੂਥ ਐਕਸਚੇਂਜ; ਅਤੇ ਨੌਜਵਾਨਾਂ ਦੀ ਸ਼ਮੂਲੀਅਤ ਵਿੱਚ ਹੋਰ ਸਹਿਯੋਗ ਨੂੰ ਉਤਸ਼ਾਹਿਤ ਕਰਦੇ ਹਾਂ। ਇਸ ਸਬੰਧ ਵਿੱਚ, ਅਸੀਂ ਬ੍ਰਿਕਸ ਯੂਥ ਕੋਆਪ੍ਰੇਸ਼ਨ ਫਰੇਮਵਰਕ ‘ਤੇ ਹੋਈ ਕਾਮਯਾਬੀ ਦਾ ਸਵਾਗਤ ਕਰਦੇ ਹਾਂ ਜੋ ਨੌਜਵਾਨਾਂ ਦੇ ਸਹਿਯੋਗ ਦੀਆਂ ਸਾਂਝੀਆਂ ਤਰਜੀਹਾਂ ‘ਤੇ ਬ੍ਰਿਕਸ ਸਹਿਯੋਗ ਨੂੰ ਵਧਾਏਗਾ।
132. ਅਸੀਂ ਨਿਆਂ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਲੋੜ ਨੂੰ ਮੰਨਦੇ ਹਾਂ ਅਤੇ ਬ੍ਰਿਕਸ ਦੇਸ਼ਾਂ ਦੇ ਨਿਆਂ ਮੰਤਰੀਆਂ ਦੀ ਮੀਟਿੰਗ, ਬ੍ਰਿਕਸ ਦੇ ਚੀਫ਼ ਜਸਟਿਸਾਂ (ਮੁੱਖ ਜੱਜਾਂ) ਦੀ ਮੀਟਿੰਗ ਅਤੇ ਬ੍ਰਿਕਸ ਦੇ ਪ੍ਰੋਸੀਕਿਊਸ਼ਨ ਸੇਵਾਵਾਂ ਦੇ ਮੁਖੀਆਂ ਦੀ ਮੀਟਿੰਗ ਨੂੰ ਮਾਨਤਾ ਦਿੰਦੇ ਹਾਂ। ਅਸੀਂ ਸਰਹੱਦ ਪਾਰ ਵਪਾਰਕ ਵਿਵਾਦਾਂ ਨਾਲ ਨਜਿੱਠਣ ਵਿੱਚ ਵਧੇਰੇ ਸਹਿਯੋਗ ਦਾ ਹੋਰ ਸਮਰਥਨ ਕਰਦੇ ਹਾਂ। ਅਸੀਂ ਕਾਨੂੰਨੀ ਨਿਸ਼ਚਤਤਾ ਯਕੀਨੀ ਬਣਾਉਣ, ਨਿਵੇਸ਼ਕਾਂ ਦਾ ਵਿਸ਼ਵਾਸ ਮਜ਼ਬੂਤ ਕਰਨ, ਅਤੇ ਕੌਮਾਂਤਰੀ ਵਪਾਰ ਤੇ ਨਿਵੇਸ਼ ਦੀ ਸਹੂਲਤ ਲਈ ਕੁਸ਼ਲ ਅਤੇ ਭਰੋਸੇਮੰਦ ਵਿਵਾਦ ਨਿਪਟਾਰਾ ਵਿਧੀਆਂ ਦੀ ਮਹੱਤਤਾ ਨੂੰ ਮੰਨਦੇ ਹਾਂ, ਅਤੇ ਰਸਮੀ ਨਿਆਂਇਕ ਪ੍ਰਕਿਰਿਆਵਾਂ ਦੇ ਪ੍ਰਭਾਵਸ਼ਾਲੀ ਪੂਰਕ ਵਜੋਂ ਵਿਚੋਲਗੀ ਅਤੇ ਸਾਲਸੀ ਸਮੇਤ ਬਦਲਵੇਂ ਵਿਵਾਦ ਨਿਪਟਾਰੇ (ਏਡੀਆਰ) ਵਿਧੀਆਂ ਦੀ ਵੱਧ ਰਹੀ ਭੂਮਿਕਾ ਨੂੰ ਮਾਨਤਾ ਦਿੰਦੇ ਹਾਂ। ਅਸੀਂ ਬ੍ਰਿਕਸ ਦੇਸ਼ਾਂ ਨੂੰ ਏਡੀਆਰ ਨੂੰ ਪਹੁੰਚਯੋਗ ਅਤੇ ਲੋਕ-ਕੇਂਦਰਿਤ ਵਿਧੀ ਵਜੋਂ ਅੱਗੇ ਵਧਾਉਣ ਲਈ ਉਤਸ਼ਾਹਿਤ ਕਰਦੇ ਹਾਂ, ਅਤੇ ਮੈਂਬਰ ਦੇਸ਼ਾਂ ਵਿੱਚ ਸਬੰਧਤ ਹਿੱਸੇਦਾਰਾਂ ਲਈ ਸਮਰੱਥਾ-ਨਿਰਮਾਣ ਪਹਿਲਕਦਮੀਆਂ ਦਾ ਸਮਰਥਨ ਕਰਦੇ ਹਾਂ।
133. ਅਸੀਂ ਆਪਣੀਆਂ ਸੰਸਦਾਂ ਵਿਚਾਲੇ ਆਦਾਨ-ਪ੍ਰਦਾਨ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਵੱਲ ਅਕਤੂਬਰ 2026 ਵਿੱਚ 12ਵੇਂ ਬ੍ਰਿਕਸ ਸੰਸਦੀ ਮੰਚ (ਪਾਰਲੀਮੈਂਟਰੀ ਫੋਰਮ) ਦੇ ਨਾਲ-ਨਾਲ ਮਹਿਲਾ ਸੰਸਦ ਮੈਂਬਰਾਂ ਦੀ ਮੀਟਿੰਗ ਅਤੇ ਕੌਮਾਂਤਰੀ ਮਾਮਲਿਆਂ ਦੀ ਕਮੇਟੀ ਦੇ ਚੇਅਰਪਰਸਨਾਂ ਦੀ ਮੀਟਿੰਗ ਕਰਵਾਏ ਜਾਣ ਦੀ ਉਡੀਕ ਕਰਦੇ ਹਾਂ। ਅਸੀਂ ਦੇਸ਼ਾਂ ਵਿਚਕਾਰ ਆਪਸੀ ਸਮਝ ਅਤੇ ਵਿਸ਼ਵਾਸ ਵਧਾਉਣ, ਨਵੀਨਤਾ ਲਿਆਉਣ ਅਤੇ ਸਾਰਿਆਂ ਲਈ ਇੱਕ ਸ਼ਮੂਲੀਅਤ ਵਾਲਾ, ਟਿਕਾਊ ਅਤੇ ਬਰਾਬਰੀ ਵਾਲਾ ਭਵਿੱਖ ਬਣਾਉਣ ਵੱਲ ਸੰਸਥਾਗਤ ਲਚਕਤਾ ਨੂੰ ਮਜ਼ਬੂਤ ਕਰਨ ਲਈ ਲਾਹੇਵੰਦ ਮੰਚਾਂ ਵਜੋਂ ਇਨ੍ਹਾਂ ਪ੍ਰੋਗਰਾਮਾਂ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹਾਂ।
134. ਅਸੀਂ ਬ੍ਰਿਕਸ ਬਿਜ਼ਨਸ ਫੋਰਮ 2026 ਕਰਵਾਏ ਜਾਣ ਦਾ ਸਵਾਗਤ ਕਰਦੇ ਹਾਂ ਜਿਸਨੇ ਬ੍ਰਿਕਸ ਮੈਂਬਰਾਂ ਵਿਚਕਾਰ ਕਾਰੋਬਾਰੀ ਤੋਂ ਕਾਰੋਬਾਰੀ (ਬਿਜ਼ਨਸ ਟੂ ਬਿਜ਼ਨਸ) ਸੰਪਰਕ ਦੀ ਸਹੂਲਤ ਦਿੱਤੀ। ਅਸੀਂ ਬ੍ਰਿਕਸ ਸਲਿਊਸ਼ਨਜ਼ ਅਵਾਰਡ 2026 ਅਤੇ ਬ੍ਰਿਕਸ ਵੂਮੈਨਜ਼ ਸਟਾਰਟ-ਅੱਪ ਅਵਾਰਡ 2026 ਵਰਗੀਆਂ ਪਹਿਲਕਦਮੀਆਂ ਦਾ ਵੀ ਸਵਾਗਤ ਕਰਦੇ ਹਾਂ ਜਿਨ੍ਹਾਂ ਨੇ ਬ੍ਰਿਕਸ ਵਿੱਚ ਟਿਕਾਊ ਵਿਕਾਸ, ਤਕਨੀਕੀ ਤਰੱਕੀ ਅਤੇ ਸ਼ਮੂਲੀਅਤ ਵਾਲੇ ਵਿਕਾਸ ਨੂੰ ਪ੍ਰਾਪਤ ਕਰਨ ਲਈ ਨਵੀਨਤਾਕਾਰੀ, ਵੱਡੇ ਪੱਧਰ ‘ਤੇ ਲਾਗੂ ਕੀਤੇ ਜਾ ਸਕਣ ਵਾਲੇ ਅਤੇ ਪ੍ਰਭਾਵਸ਼ਾਲੀ ਹੱਲਾਂ ਨੂੰ ਉਤਸ਼ਾਹਿਤ ਕੀਤਾ।
135. ਅਸੀਂ ਬ੍ਰਿਕਸ ਦੇਸ਼ਾਂ ਵਿਚਕਾਰ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਵੱਲ ਬ੍ਰਿਕਸ ਬਿਜ਼ਨਸ ਕੌਂਸਲ ਦੀਆਂ ਲਗਾਤਾਰ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹਾਂ ਅਤੇ ਬ੍ਰਿਕਸ ਬਿਜ਼ਨਸ ਕੌਂਸਲ ਦੀ ਸਾਲਾਨਾ ਰਿਪੋਰਟ ਅਤੇ ਬ੍ਰਿਕਸ ਮੈਂਬਰਾਂ ਵਿਚਕਾਰ ਵਧੇਰੇ ਕਾਰੋਬਾਰੀ ਰੁਝੇਵਿਆਂ ਰਾਹੀਂ ਵਪਾਰ ਅਤੇ ਨਿਵੇਸ਼ ਅਤੇ ਲਚਕੀਲੀਆਂ ਸਪਲਾਈ ਚੇਨਾਂ ਨੂੰ ਵਧਾਉਣ ਦੇ ਉਦੇਸ਼ ਵਾਲੀਆਂ ਇਸ ਦੀਆਂ ਨੀਤੀਗਤ ਸਿਫਾਰਸ਼ਾਂ ਦਾ ਸਵਾਗਤ ਕਰਦੇ ਹਾਂ। ਅਸੀਂ ਸਸਟੇਨੇਬਲ ਡਿਵੈਲਪਮੈਂਟ ਨੈੱਟਵਰਕ ਦੀ ਸ਼ੁਰੂਆਤ ਦਾ ਹੋਰ ਸਵਾਗਤ ਕਰਦੇ ਹਾਂ।
136. ਅਸੀਂ ਬ੍ਰਿਕਸ ਦੇਸ਼ਾਂ ਵਿੱਚ ਔਰਤਾਂ ਦੀ ਕਾਰੋਬਾਰੀ ਭਾਗੀਦਾਰੀ, ਲੀਡਰਸ਼ਿਪ ਅਤੇ ਆਰਥਿਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਵਿੱਚ ਬ੍ਰਿਕਸ ਵੂਮੈਨਜ਼ ਬਿਜ਼ਨਸ ਅਲਾਇੰਸ (ਡਬਲਿਊਬੀਏ) ਦੀ ਅਹਿਮ ਭੂਮਿਕਾ ਦੀ ਸ਼ਲਾਘਾ ਕਰਦੇ ਹਾਂ। ਅਸੀਂ ਵੂਮੈਨਜ਼ ਬਿਜ਼ਨਸ ਅਲਾਇੰਸ ਦੀ ਸਾਲਾਨਾ ਰਿਪੋਰਟ ਵਿਚਲੀਆਂ ਸਿਫਾਰਸ਼ਾਂ ਦਾ ਸਵਾਗਤ ਕਰਦੇ ਹਾਂ ਜਿਨ੍ਹਾਂ ਦਾ ਉਦੇਸ਼ ਔਰਤਾਂ ਦੀ ਅਗਵਾਈ ਵਾਲੇ ਕਾਰੋਬਾਰਾਂ ਲਈ ਵਿੱਤ, ਬਾਜ਼ਾਰਾਂ, ਤਕਨਾਲੋਜੀ, ਹੁਨਰ ਵਿਕਾਸ ਅਤੇ ਡਿਜੀਟਲ ਮੌਕਿਆਂ ਤੱਕ ਪਹੁੰਚ ਨੂੰ ਬਿਹਤਰ ਬਣਾਉਣਾ ਹੈ। ਅਸੀਂ ਡਬਲਿਊਬੀਏ ਦੇ 2026 ਦੇ ਪ੍ਰੋਗਰਾਮਾਂ ਵਿੱਚ ਹੁਣ ਤੱਕ ਬ੍ਰਿਕਸ ਦੇਸ਼ਾਂ ਵਿੱਚ ਹਾਸਲ ਕੀਤੀ ਗਈ ਮਜ਼ਬੂਤ ਸ਼ਮੂਲੀਅਤ ਨੂੰ ਨੋਟ ਕਰਦੇ ਹਾਂ। ਅਸੀਂ ਬ੍ਰਿਕਸ ਨੈਸ਼ਨਲ ਚੈਪਟਰਾਂ ਨੂੰ ਗਿਆਨ-ਸਾਂਝਾ ਕਰਨ ਅਤੇ ਸਾਂਝੀਆਂ ਪਹਿਲਕਦਮੀਆਂ ਰਾਹੀਂ, ਔਰਤਾਂ ਦੀ ਆਰਥਿਕ ਭਾਗੀਦਾਰੀ ‘ਤੇ ਬ੍ਰਿਕਸ ਦੇ ਅੰਦਰ ਸਹਿਯੋਗ ਨੂੰ ਮਜ਼ਬੂਤ ਕਰਨਾ ਜਾਰੀ ਰੱਖਣ ਲਈ ਉਤਸ਼ਾਹਿਤ ਕਰਦੇ ਹਾਂ।
137. ਅਸੀਂ ਬ੍ਰਿਕਸ ਥਿੰਕ ਟੈਂਕ ਕੌਂਸਲ, ਬ੍ਰਿਕਸ ਸਿਵਲ ਕੌਂਸਲ, ਬ੍ਰਿਕਸ ਅਕਾਦਮਿਕ ਫੋਰਮ ਅਤੇ ਬ੍ਰਿਕਸ ਸਿਵਲ ਫੋਰਮ ਦੀਆਂ ਮੀਟਿੰਗਾਂ ਦੇ ਨਤੀਜਿਆਂ ਅਤੇ ਅਕਾਦਮਿਕ ਭਾਈਚਾਰਿਆਂ ਤੇ ਸਿਵਲ ਸੁਸਾਇਟੀ ਸੰਗਠਨਾਂ ਵਿਚਾਲੇ ਗੱਲਬਾਤ ਅਤੇ ਆਦਾਨ-ਪ੍ਰਦਾਨ ਨੂੰ ਮਜ਼ਬੂਤ ਕਰਨ ਵੱਲ ਹਾਸਲ ਕੀਤੀ ਤਰੱਕੀ ਨੂੰ ਮਾਨਤਾ ਦਿੰਦੇ ਹਾਂ।
138. ਅਸੀਂ ਨੋਟ ਕਰਦੇ ਹਾਂ ਕਿ ਬ੍ਰਿਕਸ ਦਾ ਵਿਸਥਾਰ ਸਭ ਦੀ ਸ਼ਮੂਲੀਅਤ ਵਾਲੇ ਆਲਮੀ ਪ੍ਰਬੰਧਨ ਲਈ ਇੱਕ ਅਹਿਮ ਮੰਚ ਵਜੋਂ ਇਸਦੇ ਪ੍ਰਭਾਵ, ਭਰੋਸੇਯੋਗਤਾ ਅਤੇ ਖਿੱਚ ਨੂੰ ਦਰਸਾਉਂਦਾ ਹੈ। ਅਸੀਂ ਲੰਬੇ ਸਮੇਂ ਦੇ ਸੰਸਥਾਗਤ ਵਿਕਾਸ ਲਈ ਨਤੀਜਾ-ਮੁਖੀ ਵਧੇ ਹੋਏ ਤਾਲਮੇਲ, ਨਿਰੰਤਰਤਾ ਅਤੇ ਸਮਰਥਨ ਦੀ ਲੋੜ ‘ਤੇ ਜ਼ੋਰ ਦਿੰਦੇ ਹਾਂ। ਅਸੀਂ ਪੁਸ਼ਟੀ ਕਰਦੇ ਹਾਂ ਕਿ ਸੰਸਥਾਗਤ ਵਿਕਾਸ ਨਿਰੰਤਰ ਅਤੇ ਗਤੀਸ਼ੀਲ ਪ੍ਰਕਿਰਿਆ ਹੈ ਜੋ ਬ੍ਰਿਕਸ ਦੇਸ਼ਾਂ ਦੀਆਂ ਲੋੜਾਂ ਅਤੇ ਤਰਜੀਹਾਂ ਨੂੰ ਦਰਸਾਉਂਦੀ ਹੋਣੀ ਚਾਹੀਦੀ ਹੈ। ਇਸ ਸਬੰਧੀ ਅਸੀਂ ਬ੍ਰਿਕਸ ਆਨਲਾਈਨ ਪੁਰਾਲੇਖੀ ਡੇਟਾਬੇਸ ਦੀ ਸਥਾਪਨਾ ‘ਤੇ ਹੋਈ ਕਾਮਯਾਬੀ ਦਾ ਸਵਾਗਤ ਕਰਦੇ ਹਾਂ ਅਤੇ ਇਸਨੂੰ ਛੇਤੀ ਸ਼ੁਰੂ ਕਰਨ ਲਈ ਹੋਰ ਚਰਚਾਵਾਂ ਦੀ ਉਡੀਕ ਕਰਦੇ ਹਾਂ, ਅਤੇ ਨਾਲ ਹੀ ਸੰਸਥਾਗਤ ਵਿਕਾਸ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਣ ਵਾਲੀ ਚੇਅਰ ਦੀ ਐੱਮਓਯੂ ਸਮੀਖਿਆ ਦੀ ਪਹਿਲਕਦਮੀ ‘ਤੇ ਵਿਚਾਰ ਕਰਨ ਦੀ ਆਸ ਕਰਦੇ ਹਾਂ।
139. ਅਸੀਂ 2026 ਵਿੱਚ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਦੀ ਸ਼ਲਾਘਾ ਕਰਦੇ ਹਾਂ ਅਤੇ ਨਵੀਂ ਦਿੱਲੀ ਸ਼ਹਿਰ ਵਿੱਚ 18ਵਾਂ ਬ੍ਰਿਕਸ ਸਿਖਰ ਸੰਮੇਲਨ ਕਰਵਾਉਣ ਲਈ ਭਾਰਤ ਸਰਕਾਰ ਅਤੇ ਲੋਕਾਂ ਦਾ ਧੰਨਵਾਦ ਕਰਦੇ ਹਾਂ।
140. ਅਸੀਂ 2027 ਵਿੱਚ ਚੀਨ ਦੀ ਬ੍ਰਿਕਸ ਪ੍ਰਧਾਨਗੀ ਅਤੇ ਚੀਨ ਵਿੱਚ 19ਵਾਂ ਬ੍ਰਿਕਸ ਸਿਖਰ ਸੰਮੇਲਨ ਕਰਵਾਏ ਜਾਣ ਲਈ ਚੀਨ ਨੂੰ ਪੂਰਾ ਸਮਰਥਨ ਦਿੰਦੇ ਹਾਂ।
***************
ਐੱਮਜੇਪੀਐੱਸ/ਐੱਸਐੱਸ/ਐੱਸਟੀ