ਪੀਐੱਮਇੰਡੀਆ
ਆਪ ਸਭ ਦਾ ਬਹੁਤ-ਬਹੁਤ ਧੰਨਵਾਦ।
ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਅਸ਼ਵਿਨੀ ਵੈਸ਼ਣਵ ਜੀ, ਜਿਤਿਨ ਪ੍ਰਸਾਦ ਜੀ, ਹਾਜ਼ਰ ਸਾਰੇ ਉਦਯੋਗਿਕ ਆਗੂ, ਸੀਈਓ, ਪ੍ਰਤੀਨਿਧੀ ਅਤੇ ਵਰਚੁਅਲੀ ਸਾਡੇ ਨਾਲ ਸੈਂਕੜੇ ਯੂਨੀਵਰਸਿਟੀਆਂ ਅਤੇ ਇੰਸਟੀਚਿਊਟਾਂ ਤੋਂ ਭਾਰਤ ਦੇ ਭਵਿੱਖ, ਅਜਿਹੇ ਮੇਰੇ ਨੌਜਵਾਨ ਸਾਥੀਓ। ਇੱਥੇ ਹਾਜ਼ਰ, ਬਹੁਤ ਵੱਡੀ ਗਿਣਤੀ ਵਿੱਚ ਆਏ ਉਤਸ਼ਾਹੀ ਨੌਜਵਾਨੋ, ਭੈਣੋ ਅਤੇ ਭਰਾਵੋ!
ਸੈਮੀਕੌਨ ਇੰਡੀਆ ਦਾ ਇਹ ਪੰਜਵਾਂ ਐਡੀਸ਼ਨ ਹੋ ਰਿਹਾ ਹੈ। ਮੈਂ ਆਪ ਸਭ ਦਾ ਸੁਆਗਤ ਕਰਦਾ ਹਾਂ। ਵਿਦੇਸ਼ ਤੋਂ ਜੋ ਮਹਿਮਾਨ ਆਏ ਹਨ, ਮੈਂ ਉਨ੍ਹਾਂ ਦਾ ਭਾਰਤ ਵਿੱਚ ਖ਼ਾਸ ਸਵਾਗਤ ਕਰਦਾ ਹਾਂ।
ਸਾਥੀਓ,
ਅੱਜ ਵਿਸ਼ਵਕਰਮਾ ਜਯੰਤੀ ਦਾ ਦਿਨ ਵੀ ਹੈ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਵਿਸ਼ਵਕਰਮਾ ਜਯੰਤੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਸਾਡੀ ਪਰੰਪਰਾ ਵਿੱਚ ਭਗਵਾਨ ਵਿਸ਼ਵਕਰਮਾ ਨੂੰ ਨਿਰਮਾਣ ਅਤੇ ਸਿਰਜਣਾ ਦੀ ਸ਼ਕਤੀ ਦਾ ਪ੍ਰਤੀਕ ਮੰਨਿਆ ਗਿਆ ਹੈ, ਅਤੇ ਸੰਯੋਗ ਦੇਖੋ, ਅੱਜ ਤੋਂ ਹੀ ਸੈਮੀਕੌਨ ਇੰਡੀਆ ਦੀ ਸ਼ੁਰੂਆਤ ਹੋ ਰਹੀ ਹੈ। ਇੱਕ ਪਾਸੇ ਸਾਡੀ ਸਦੀਆਂ ਪੁਰਾਣੀ ਨਿਰਮਾਣ ਦੀ ਪਰੰਪਰਾ ਅਤੇ ਦੂਜੇ ਪਾਸੇ 21ਵੀਂ ਸਦੀ ਦੀ ਤਕਨਾਲੋਜੀ ਅਤੇ ਦ੍ਰਿਸ਼ਟੀਕੋਣ, ਇਹੀ ਆਤਮਨਿਰਭਰ ਭਾਰਤ ਦੀ, ਵਿਕਸਤ ਭਾਰਤ ਦੀ ਸਾਡੀ ਪ੍ਰੇਰਨਾ ਵੀ ਹੈ।
ਸਾਥੀਓ,
ਵਿਕਸਤ ਭਾਰਤ ਬਣਾਉਣ ਲਈ ਹਰ ਦੇਸ਼ ਵਾਸੀ ਇੱਕ ਵਚਨਬੱਧਤਾ ਨਾਲ ਜੁਟਿਆ ਹੋਇਆ ਹੈ। ਜੇਕਰ ਅਸੀਂ ਬੀਤੇ 15 ਦਿਨਾਂ ਨੂੰ ਹੀ ਦੇਖੀਏ, ਮੈਂ ਸਿਰਫ਼ 15 ਦਿਨਾਂ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ, ਤਾਂ ਅੰਦਾਜ਼ਾ ਲਗਦਾ ਹੈ ਕਿ ਭਾਰਤ ਕਿਸ ਦਿਸ਼ਾ ਵਿੱਚ, ਕਿਸ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸੇ ਸਤੰਬਰ ਵਿੱਚ, ਠੀਕ 10 ਦਿਨ ਪਹਿਲਾਂ ਮੁੰਬਈ ਵਿੱਚ ਗਲੋਬਲ ਫਿਨਟੈੱਕ ਫੈਸਟ ਹੋਇਆ। ਇਸ ਵਿੱਚ ਏਜੰਟਿਕ ਏਆਈ, ਟੋਕਨਾਈਜ਼ੇਸ਼ਨ ਅਤੇ ਕਵਾਂਟਮ ਤਕਨਾਲੋਜੀਆਂ ਰਾਹੀਂ ਸਮਾਵੇਸ਼ੀ ਵਿੱਤ ’ਤੇ ਚਰਚਾ ਹੋਈ। ਇਸੇ ਦੌਰਾਨ, ਭਾਰਤ ਵਿੱਚ ਕਰੀਬ ਤਿੰਨ ਹਜ਼ਾਰ ਕਿਲੋਮੀਟਰ ਦਾ ਡੈਡੀਕੇਟਿਡ ਫ੍ਰੇਟ ਕੌਰੀਡੋਰ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਗਿਆ ਹੈ, ਇਹ ਮੈਂ ਸਤੰਬਰ ਦੇ 10 ਦਿਨਾਂ ਦੀ ਗੱਲ ਕਰ ਰਿਹਾ ਹਾਂ ਦੋਸਤੋ, ਬਹੁਤ ਪੁਰਾਣੀ ਗੱਲ ਨਹੀਂ ਕਰ ਰਿਹਾ ਹਾਂ। ਇਸ ਨਾਲ ਦੇਸ਼ ਵਿੱਚ ਫ੍ਰੇਟ ਮੂਵਮੈਂਟ ਤੇਜ਼ ਹੋਵੇਗੀ, ਲੌਜਿਸਟਿਕਸ ਬਿਹਤਰ ਹੋਵੇਗੀ ਅਤੇ ਮੈਨੂਫੈਕਚਰਿੰਗ ਨੂੰ ਵੀ ਨਵੀਂ ਤਾਕਤ ਮਿਲੇਗੀ।
ਸਾਥੀਓ,
ਇਸੇ ਕਾਲਖੰਡ ਵਿੱਚ, ਇਸੇ ਸਤੰਬਰ ਵਿੱਚ ਹੀ ਭਾਰਤ ਦੀ ਤਿਮਾਹੀ ਜੀਡੀਪੀ ਰਿਪੋਰਟ ਆਈ ਅਤੇ ਇਸ ਚੁਣੌਤੀਪੂਰਨ ਸਮੇਂ ਵਿੱਚ ਵੀ ਭਾਰਤ ਨੇ 7.8 ਪ੍ਰਤੀਸ਼ਤ ਗ੍ਰੋਥ ਹਾਸਲ ਕਰਕੇ ਦਿਖਾਈ ਹੈ। ਅਤੇ ਇਸੇ ਦੌਰਾਨ, ਜਾਪਾਨ ਦੀ ਕ੍ਰੈਡਿਟ ਰੇਟਿੰਗ ਏਜੰਸੀ ਨੇ ਭਾਰਤ ਦੀ ਸੰਪ੍ਰਭੂ ਰੇਟਿੰਗ ਵਿੱਚ ਸੁਧਾਰ ਕੀਤਾ ਹੈ, ਅੱਪਗ੍ਰੇਡ ਕੀਤਾ ਹੈ। ਅਤੇ ਇਹ ਵੀ ਤਿੰਨ ਦਹਾਕਿਆਂ ਤੋਂ ਬਾਅਦ, ਕਰੀਬ 35 ਸਾਲਾਂ ਬਾਅਦ ਹੋਇਆ ਹੈ। ਭਾਵ ਇੱਕ ਪਾਸੇ ਭਾਰਤ ਦੀ ਇਕੌਨਮੀ ਵਧ ਰਹੀ ਹੈ, ਦੂਜੇ ਪਾਸੇ ਦੁਨੀਆ ਦਾ ਭਾਰਤ ’ਤੇ ਭਰੋਸਾ ਵੀ ਵਧਦਾ ਜਾ ਰਿਹਾ ਹੈ।
ਸਾਥੀਓ,
ਇਸੇ ਭਰੋਸੇ ਦੀ ਇੱਕ ਹੋਰ ਵੱਡੀ ਤਸਵੀਰ ਤਿੰਨ ਦਿਨ ਪਹਿਲਾਂ ਖ਼ਤਮ ਹੋਈ ਬ੍ਰਿਕਸ ਸਮਿਟ ਵਿੱਚ ਦਿਖਾਈ ਦਿੱਤੀ ਹੈ। ਭਾਰਤ ਨੇ ਇਸ ਸਮਿਟ ਦੀ ਸਫ਼ਲਤਾਪੂਰਵਕ ਮੇਜ਼ਬਾਨੀ ਕੀਤੀ। ਸਭ ਦੀ ਸਹਿਮਤੀ ਨਾਲ ਨਿਊ ਦਿੱਲੀ ਡੈਕਲੇਰੇਸ਼ਨ ਦਾ ਅਪਣਾਇਆ ਜਾਣਾ, ਭਾਰਤ ’ਤੇ ਦੁਨੀਆ ਦੇ ਭਰੋਸੇ ਦਾ ਇੱਕ ਹੋਰ ਵੱਡਾ ਪ੍ਰਮਾਣ ਹੈ।
ਸਾਥੀਓ,
ਭਾਰਤ ਦੀਆਂ ਇਨ੍ਹਾਂ ਪ੍ਰਾਪਤੀਆਂ ਵਿਚਕਾਰ ਸੈਮੀਕੌਨ ਇੰਡੀਆ ਦਾ ਇਹ ਆਯੋਜਨ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ। ਇਸ ਦਾ ਪਹਿਲਾ ਐਡੀਸ਼ਨ 2022 ਵਿੱਚ ਹੋਇਆ ਸੀ ਅਤੇ ਉਦੋਂ ਤੋਂ ਅਸੀਂ ਹਰ ਸਾਲ ਮਿਲਦੇ ਹਾਂ, ਪਰ ਹਰ ਸਾਲ ਸਾਡੀ ਚਰਚਾ ਦਾ ਵਿਸ਼ਾ ਬਦਲਦਾ ਗਿਆ ਹੈ। ਜਦੋਂ ਪਹਿਲਾ ਐਡੀਸ਼ਨ ਹੋਇਆ ਸੀ, ਉਦੋਂ ਅਸੀਂ ਪਾਲਿਸੀ ’ਤੇ ਗੱਲ ਕੀਤੀ ਸੀ। ਇਸ ਤੋਂ ਬਾਅਦ ਦੇ ਐਡੀਸ਼ਨਾਂ ਵਿੱਚ ਗੱਲ ਅੱਗੇ ਵਧੀ। ਅਗਲੇ ਐਡੀਸ਼ਨਾਂ ਵਿੱਚ ਅਸੀਂ ਪ੍ਰੋਜੈਕਟਾਂ ’ਤੇ ਚਰਚਾ ਕਰਨ ਲੱਗੇ। ਫਾਈਲ ’ਤੇ ਦਸਤਖ਼ਤ ਕਰਨ ਤੋਂ ਲੈ ਕੇ ਨੀਂਹ ਪੱਥਰ ਰੱਖਣ ਤੱਕ ਦੀਆਂ ਗੱਲਾਂ ਹੋਣ ਲੱਗੀਆਂ। ਪਿਛਲੇ ਸਾਲ ਅਸੀਂ ਪਾਇਲਟ ਲਾਈਨਾਂ ਅਤੇ ਟੈਸਟ ਚਿੱਪਾਂ ’ਤੇ ਚਰਚਾ ਸ਼ੁਰੂ ਕੀਤੀ। ਕਿਵੇਂ ਭਾਰਤ ਦੀਆਂ ਯੂਨਿਟਾਂ ਤੋਂ ਪਹਿਲੇ ਸੈਂਪਲ ਨਿਕਲਣੇ ਸ਼ੁਰੂ ਹੋਏ, ਇਸ ’ਤੇ ਗੱਲ ਕੀਤੀ। ਅਤੇ ਇਸ ਸਾਲ, ਅਸੀਂ ਕਮਰਸ਼ੀਅਲ ਪ੍ਰੋਡਕਸ਼ਨ ਦੀ ਗੱਲ ਕਰ ਰਹੇ ਹਾਂ। ਹੁਣ ਭਾਰਤ ਦੇ ਪਲਾਂਟਾਂ ਤੋਂ ਨਿਕਲ ਕੇ ਸਾਡੀਆਂ ਚਿੱਪਾਂ ਦੇਸ਼ ਅਤੇ ਦੁਨੀਆ ਦੇ ਗ੍ਰਾਹਕਾਂ ਤੱਕ ਪਹੁੰਚਣਾ ਸ਼ੁਰੂ ਹੋਈਆਂ ਹਨ। ਅਤੇ ਹੁਣੇ-ਹੁਣੇ ਮੋਹਾਲੀ ਅਤੇ ਸੂਰਤ ਵਿੱਚ ਦੋ ਹੋਰ ਪਲਾਂਟਾਂ ਵਿੱਚ ਕਮਰਸ਼ੀਅਲ ਪ੍ਰੋਡਕਸ਼ਨ ਸ਼ੁਰੂ ਹੋ ਰਿਹਾ ਹੈ। ਮੈਂ ਉਨ੍ਹਾਂ ਨੂੰ ਵੀ ਵਧਾਈ ਦਿੰਦਾ ਹਾਂ।
ਸਾਥੀਓ,
ਕਿਸੇ ਵੀ ਦੇਸ਼ ਲਈ ਇੰਨੇ ਘੱਟ ਸਮੇਂ ਵਿੱਚ ਇੱਥੋਂ ਤੱਕ ਪਹੁੰਚਣਾ ਆਸਾਨ ਨਹੀਂ ਹੈ। ਇਹ ਸੈਕਟਰ ਅਜਿਹਾ ਨਹੀਂ ਹੈ ਕਿ ਫ਼ੈਕਟਰੀ ਲਗਾਈ ਅਤੇ ਕੰਮ ਪੂਰਾ ਹੋ ਗਿਆ। ਇਸ ਵਿੱਚ, ਤਕਨੀਕੀ ਸਮਰੱਥਾਵਾਂ ਬਣਾਉਣ ਵਿੱਚ ਦਹਾਕੇ ਲਗਦੇ ਹਨ। ਦੁਨੀਆ ਵਿੱਚ ਜਿੱਥੇ ਵੀ ਸੈਮੀਕੰਡਕਟਰ ਈਕੋਸਿਸਟਮ ਬਣੇ ਹਨ, ਉੱਥੇ ਇਹ ਪੂਰਾ ਈਕੋਸਿਸਟਮ, ਦਹਾਕਿਆਂ ਦੀ ਮਿਹਨਤ ਤੋਂ ਬਾਅਦ ਤਿਆਰ ਹੋਇਆ ਹੈ। ਪਰ ਭਾਰਤ ਨੇ ਤੁਹਾਡੇ ਸਹਿਯੋਗ ਨਾਲ ਚਿੱਪ ਡਿਜ਼ਾਈਨ ਹੋਵੇ, ਮੈਨੂਫੈਕਚਰਿੰਗ ਹੋਵੇ, ਉਪਕਰਨ ਮੈਨੂਫੈਕਚਰਿੰਗ, ਮਟੀਰੀਅਲ ਈਕੋਸਿਸਟਮ, ਟੈਸਟਿੰਗ ਸਮਰੱਥਾ ਹੋਵੇ, ਇਨ੍ਹਾਂ ਸਾਰਿਆਂ ’ਤੇ ਇੱਕੋ ਸਮੇਂ ਕੰਮ ਕੀਤਾ ਅਤੇ ਸਫ਼ਲਤਾ ਹਾਸਲ ਕਰਕੇ ਦਿਖਾਈ ਹੈ। ਸਾਡੀ ਇਸ ਯਾਤਰਾ ਵਿੱਚ ਬਹੁਤ ਵੱਡੇ ਭਾਗੀਦਾਰ, ਆਪ ਸਾਰੇ ਉਦਯੋਗਿਕ ਆਗੂ ਰਹੇ ਹੋ। ਤੁਸੀਂ ਭਾਰਤ ਦੀ ਇਸ ਸਫ਼ਲਤਾ ਦੇ ਥੰਮ੍ਹ ਹੋ, ਤੁਸੀਂ ਸਾਡੀ ਇਸ ਯਾਤਰਾ ਦੇ ਭਾਈਵਾਲ ਹੋ।
ਸਾਥੀਓ,
ਸੈਮੀਕੰਡਕਟਰ ਇੰਡਸਟਰੀ ਵਿੱਚ ਇੱਕ ਸ਼ਬਦ ਵਰਤਿਆ ਜਾਂਦਾ ਹੈ- ਟੈਪ ਆਊਟ। ਇਹ ਉਹ ਦਿਨ ਹੁੰਦਾ ਹੈ, ਜਦੋਂ ਚਿੱਪ, ਡਿਜ਼ਾਈਨ ਪੂਰਾ ਹੋਣ ਤੋਂ ਬਾਅਦ ਪ੍ਰੋਡਕਸ਼ਨ ਲਈ ਚਲੀ ਜਾਂਦੀ ਹੈ। ਪਰ ਟੈਪ ਆਊਟ ਤੋਂ ਬਾਅਦ ਕੰਮ ਰੁਕਦਾ ਨਹੀਂ ਹੈ, ਉਸੇ ਦਿਨ ਅਗਲੇ ਪੜਾਅ ’ਤੇ ਕੰਮ ਸ਼ੁਰੂ ਹੋ ਜਾਂਦਾ ਹੈ। ਅਤੇ ਭਾਰਤ ਵੀ ਇਹੀ ਕਰ ਰਿਹਾ ਹੈ। ਭਾਰਤ ਨੇ ਸੈਮੀਕੰਡਕਟਰ ਮਿਸ਼ਨ ਦਾ ਦੂਜਾ ਫ਼ੇਜ਼ ਸ਼ੁਰੂ ਕਰ ਦਿੱਤਾ ਹੈ। ਸਾਡੇ ਪਹਿਲੇ ਫ਼ੇਜ਼ ਦਾ ਸਾਈਜ਼ ਲਗਭਗ 8 ਬਿਲੀਅਨ ਡਾਲਰਜ਼ ਦਾ ਸੀ, ਜਦਕਿ ਸੈਕੰਡ ਫ਼ੇਜ਼ ਦਾ 13.5 ਬਿਲੀਅਨ ਡਾਲਰਜ਼ ਤੱਕ ਦਾ ਟੀਚਾ ਅਸੀਂ ਤੈਅ ਕੀਤਾ ਹੈ। ਰਿਫੌਰਮ ਐਕਸਪ੍ਰੈੱਸ ’ਤੇ ਚਲਦਿਆਂ ਅਸੀਂ ਇਸ ਸੈਕਟਰ ਵਿੱਚ ਹੋਰ ਵੀ ਸੁਧਾਰ ਕੀਤੇ ਹਨ। ਹੁਣ ਅੰਤਰਰਾਸ਼ਟਰੀ ਕੰਪਨੀਆਂ ਵੀ ਸਾਡੇ ਸਟਾਰਟਅੱਪਸ ਨਾਲ, ਇੰਡੀਅਨ ਡਿਜ਼ਾਈਨ ਕੰਪਨੀਆਂ ਅਤੇ ਓਸੀਆਈ ਮਾਲਕੀ ਵਾਲੀਆਂ ਕੰਪਨੀਆਂ ਨਾਲ ਸਹਿਯੋਗ ਕਰ ਸਕਦੀਆਂ ਹਨ। ਭਾਵ ਪਾਲਿਸੀਆਂ ਹੋਣ, ਫੰਡ ਹੋਣ, ਰੈਗੂਲੇਟਰੀ ਫ੍ਰੇਮਵਰਕ ਹੋਣ, ਤੁਹਾਡੇ ਪ੍ਰੋਜੈਕਟਾਂ ਦੀ ਸਫ਼ਲਤਾ ਲਈ ਜੋ ਕੁੱਝ ਵੀ ਚਾਹੀਦਾ ਹੈ, ਉਹ ਹਰ ਕਦਮ ਭਾਰਤ ਸਰਕਾਰ ਚੁੱਕ ਰਹੀ ਹੈ।
ਸਾਥੀਓ,
ਸਾਡਾ ਯਤਨ ਹੈ ਕਿ ਭਾਰਤ ਵਿੱਚ ਫੈਬਲੈੱਸ ਕੰਪਨੀਆਂ ਦਾ ਵਿਕਾਸ ਹੋਵੇ ਅਤੇ ਇੰਟੇਲੈਕਚੁਅਲ ਪ੍ਰੌਪਰਟੀਜ਼ ਦੀ ਸਿਰਜਣਾ ਵੀ ਭਾਰਤ ਵਿੱਚ ਹੀ ਹੋਵੇ। ਵੱਖ-ਵੱਖ ਤਰ੍ਹਾਂ ਦੇ ਕੰਪਾਊਂਡ ਸੈਮੀਕੰਡਕਟਰ ਬਣਾਉਣੇ ਹੋਣ, ਸਿਲੀਕੌਨ ਫੋਟੋਨਿਕਸ ਨੂੰ ਈਕੋਸਿਸਟਮ ਦਾ ਹਿੱਸਾ ਬਣਾਉਣਾ ਹੋਵੇ, ਏਆਈ ਇਨੇਬਲਿੰਗ ਇਨਫ੍ਰਾਸਟ੍ਰਕਚਰ ਲਈ ਇਹ ਸਭ ਜ਼ਰੂਰੀ ਹੈ। ਅਤੇ ਇਸ ਦਿਸ਼ਾ ਵਿੱਚ ਸਾਨੂੰ ਮਿਲ ਕੇ ਅੱਗੇ ਵਧਣਾ ਹੋਵੇਗਾ। ਇਸ ਦੇ ਲਈ ਜੋ ਫਾਊਂਡੇਸ਼ਨ ਚਾਹੀਦੀ ਹੈ, ਉਹ ਤਿਆਰ ਹੋ ਚੁੱਕੀ ਹੈ। ਸਪਲਾਈ ਚੇਨ ਦੀ ਮਜ਼ਬੂਤੀ ’ਤੇ ਵੀ ਭਾਰਤ ਦਾ ਬਹੁਤ ਜ਼ਿਆਦਾ ਧਿਆਨ ਹੈ। ਇਸ ਦੇ ਲਈ ਕਈ ਸੁਧਾਰ ਕੀਤੇ ਗਏ ਹਨ। ਇੱਥੇ ਜੋ ਉਪਕਰਨ ਕੰਪਨੀਆਂ ਦੇ ਆਗੂ ਹਨ, ਮੈਂ ਤੁਹਾਨੂੰ ਕਹਾਂਗਾ ਕਿ ਤੁਸੀਂ ਵੀ ਇਸ ਦਾ ਲਾਭ ਉਠਾਉਣ ਵਿੱਚ ਪਿੱਛੇ ਨਾ ਰਹੋ। ਕੈਮੀਕਲ, ਗੈਸਾਂ ਅਤੇ ਮਟੀਰੀਅਲਜ਼ ਦੇ ਲਈ, ਉਸ ਦੇ ਲੀਡਰਾਂ ਲਈ ਵੀ ਭਾਰਤ ਵਿੱਚ ਸੁਨਹਿਰੀ ਮੌਕਾ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਪੂਰਾ ਈਕੋਸਿਸਟਮ ਇਕੱਠੇ ਵਿਕਾਸ ਕਰੇ। ਇਸ ਦੇ ਲਈ ਡਿਮਾਂਡ ਪਾਈਪਲਾਈਨ ਵੀ ਤਿਆਰ ਹੈ। ਹੁਣ ਤੱਕ 12 ਪ੍ਰੋਜੈਕਟਾਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਨੈਕਸਟ ਫ਼ੇਜ਼ ਵਿੱਚ ਇਹ ਦਾਇਰਾ ਹੋਰ ਵਧੇਗਾ।
ਸਾਥੀਓ,
ਭਾਰਤ ਵਿੱਚ ਤੁਹਾਡੇ ਸਾਰਿਆਂ ਲਈ ਇੱਕ ਹੋਰ ਲਾਭ ਨੌਜਵਾਨਾਂ ਦਾ ਹੈ, ਪ੍ਰਤਿਭਾਸ਼ਾਲੀ ਅਤੇ ਹੁਨਰਮੰਦ ਕਾਮਿਆਂ ਦਾ ਹੈ। ਅੱਜ ਸਾਡੇ ਕੋਲ ਇੰਜੀਨੀਅਰਿੰਗ ਹੁਨਰ ਦਾ ਬਹੁਤ ਵੱਡਾ ਭੰਡਾਰ ਹੈ। ਭਾਰਤ ਵਿੱਚ ਹਜ਼ਾਰਾਂ ਇੰਜੀਨੀਅਰਿੰਗ ਕਾਲਜ ਹਨ ਅਤੇ ਭਾਰਤ ਹਰ ਸਾਲ ਲੱਖਾਂ ਇੰਜੀਨੀਅਰ ਤਿਆਰ ਕਰਦਾ ਹੈ। ਇੱਕ ਵਾਰ ਮੈਨੂੰ ਅਮਰੀਕਾ ਦੀ ਇੱਕ ਕੰਪਨੀ ਦੇ ਸੱਜਣ ਮਿਲਣ ਆਏ ਸਨ, ਤਾਂ ਉਹ ਬੋਲੇ ਕਿ ਜੇਕਰ ਅਸੀਂ ਸਾਡੇ ਇੱਥੇ ਇੰਜੀਨੀਅਰਾਂ ਦੀ ਭਰਤੀ ਕਰਨਾ ਚਾਹੀਏ, ਉਨ੍ਹਾਂ ਨੂੰ ਬੁਲਾਈਏ, ਤਾਂ ਉਹ ਇੱਕ ਕਮਰੇ ਵਿੱਚ ਆ ਜਾਣ, ਇੰਨੇ ਲੋਕ ਆਉਂਦੇ ਹਨ ਅਤੇ ਬੋਲੇ ਕਿ ਹਿੰਦੁਸਤਾਨ ਵਿੱਚ ਬੁਲਾਈਏ, ਤਾਂ ਫੁੱਟਬਾਲ ਦਾ ਮੈਦਾਨ ਵੀ ਛੋਟਾ ਪੈ ਜਾਂਦਾ ਹੈ। ਇਹ ਤਾਕਤ ਹੈ ਭਾਰਤ ਦੀ।
ਅਤੇ ਸਾਥੀਓ,
ਚਿੱਪ ਡਿਜ਼ਾਈਨਿੰਗ ਲਈ ਤਾਂ ਬਹੁਤ ਵੱਡੇ ਪੱਧਰ ’ਤੇ ਸਕਿਲਿੰਗ ਦਾ ਕੰਮ ਚੱਲ ਰਿਹਾ ਹੈ। ਹੁਣੇ ਮੈਨੂੰ ਇੱਥੇ ਆਉਣ ਤੋਂ ਪਹਿਲਾਂ, ਇੱਥੇ ਹੀ ਕੈਂਪਸ ਵਿੱਚ ਇੰਡਸਟਰੀ ਨਾਲ ਜੁੜੇ ਕੁੱਝ ਨੌਜਵਾਨ ਸਾਥੀਆਂ ਨਾਲ ਮੈਂ ਮੁਲਾਕਾਤ ਵੀ ਕੀਤੀ ਹੈ, ਸਾਰੇ ਵਿਦਿਆਰਥੀ ਸਨ। ਇਨ੍ਹਾਂ ਵਿਦਿਆਰਥੀਆਂ ਨੇ ਮੈਨੂੰ ਆਪਣੀਆਂ ਡਿਜ਼ਾਈਨ ਕੀਤੀਆਂ ਚਿੱਪਾਂ ਉਪਹਾਰ ਵਿੱਚ ਦਿੱਤੀਆਂ ਹਨ। ਸਾਡੀ ਸਰਕਾਰ ਇੱਕ ਲੱਖ ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਸੈਮੀਕੰਡਕਟਰ ਇੰਡਸਟਰੀ ਲਈ ਸਿਖਲਾਈ ਦੇਣ ਦਾ ਟੀਚਾ ਲੈ ਕੇ ਚੱਲ ਰਹੀ ਹੈ। ਅਤੇ ਤੁਹਾਨੂੰ ਦੱਸਿਆ ਗਿਆ ਕਿ ਇਸ ਵਿੱਚੋਂ 70 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਅਸੀਂ ਟ੍ਰੇਨਿੰਗ ਦੇ ਚੁੱਕੇ ਹਾਂ। ਇੰਨਾ ਵੱਡਾ ਹੁਨਰ ਦਾ ਭੰਡਾਰ, ਆਪ ਸਭ ਲਈ ਵੀ ਇੱਕ ਤਰ੍ਹਾਂ ਨਾਲ ਗੋਲਡ ਮਾਈਨ ਤੋਂ ਘੱਟ ਨਹੀਂ ਹੈ।
ਸਾਥੀਓ,
ਸਰਕਾਰ ਦੇ ਇਨ੍ਹਾਂ ਯਤਨਾਂ ਵਿਚਕਾਰ ਮੈਂ ਅੱਜ ਨੌਜਵਾਨਾਂ ਨੂੰ ਵੀ ਤਾਕੀਦ ਕਰਾਂਗਾ, ਜੋ ਨੌਜਵਾਨ ਹੁਨਰ ਦੀ ਭਾਰਤ ਵਿੱਚ ਖੋਜ ਕਰ ਰਹੇ ਹਨ, ਉਹ ਅੱਗੇ ਆਉਣ। ਜੋ ਨੌਜਵਾਨ ਵਿਦੇਸ਼ਾਂ ਵਿੱਚ ਖੋਜ ਕਰ ਰਹੇ ਹਨ, ਉਹ ਵੀ ਭਾਰਤ ਵਿੱਚ ਉੱਨਤ ਤਕਨਾਲੋਜੀਆਂ ਦੇ ਵਿਕਾਸ ਨਾਲ ਜੁੜਨ। ਮੈਂ ਉਦਯੋਗਿਕ ਆਗੂਆਂ ਨੂੰ ਤਾਕੀਦ ਕਰਦਾ ਹਾਂ, ਤੁਸੀਂ ਦੇਸ਼ ਵਿੱਚ ਆਰਐਂਡਡੀ ਦੀ ਅਗਵਾਈ ਕਰੋ। ਇਸ ਵਿੱਚ ਇੰਡਸਟਰੀ ਦਾ ਵੀ ਫ਼ਾਇਦਾ ਹੈ ਅਤੇ ਭਾਰਤ ਦੀ ਨੌਜਵਾਨ ਸ਼ਕਤੀ ਨੂੰ ਵੀ ਇਸ ਤੋਂ ਤਾਕਤ ਮਿਲੇਗੀ।
ਸਾਥੀਓ,
ਅੱਗੇ ਵਧਦੀ ਹੋਈ ਸੈਮੀਕੰਡਕਟਰ ਇੰਡਸਟਰੀ ਦੇ ਸਾਹਮਣੇ ਕੁੱਝ ਚੁਣੌਤੀਆਂ ਵੀ ਹਨ, ਤੁਸੀਂ ਸਾਰੇ ਉਨ੍ਹਾਂ ਤੋਂ ਜਾਣੂ ਹੋ। ਸਾਲਾਂ ਤੱਕ ਤੁਹਾਡੀ ਇੰਡਸਟਰੀ ਵਿੱਚ ਲੋਕ ਟ੍ਰਾਂਜ਼ਿਸਟਰ ਦੇ ਸਾਈਜ਼ ਦੀ ਗੱਲ ਕਰਦੇ ਸਨ। ਜਿਵੇਂ-ਜਿਵੇਂ ਟ੍ਰਾਂਜ਼ਿਸਟਰ ਛੋਟੇ ਹੋਏ, ਕੰਪਿਊਟਿੰਗ ਓਨੀ ਹੀ ਤੇਜ਼ੀ ਅਤੇ ਕੁਸ਼ਲ ਹੁੰਦੀ ਗਈ। ਅੱਜ ਵੀ ਇਹ ਸਵਾਲ ਮਹੱਤਵਪੂਰਨ ਹੈ। ਪਰ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਆਉਣ ਨਾਲ ਇਸ ਇੰਡਸਟਰੀ ਦੇ ਸਾਹਮਣੇ ਕੁੱਝ ਨਵੇਂ ਸਵਾਲ ਵੀ ਖੜ੍ਹੇ ਹੋਏ ਹਨ। ਬੀਤੇ ਦੋ ਸਾਲਾਂ ਵਿੱਚ ਗਲੋਬਲ ਸੈਮੀਕੰਡਕਟਰ ਬਜ਼ਾਰ ਦੇ ਵਿਕਾਸ, 20% ਤੋਂ ਜ਼ਿਆਦਾ ਰਹੀ ਹੈ। ਅਤੇ ਇਸ ਵਿਕਾਸ ਵਿੱਚ ਬਹੁਤ ਵੱਡਾ ਹੱਥ ਏਆਈ ਤੋਂ ਪੈਦਾ ਹੋਈ ਮੰਗ ਦਾ ਹੈ। ਭਾਵ, ਅੱਜ ਜੇਕਰ ਤੁਸੀਂ ਏਆਈ ’ਤੇ ਕੰਮ ਕਰ ਰਹੇ ਹੋ, ਤਾਂ ਚੁਣੌਤੀਆਂ ਸਿਰਫ਼ ਇਹ ਨਹੀਂ ਹਨ ਕਿ ਚਿੱਪ ਦੇ ਅੰਦਰ ਕੀ ਹੈ, ਸਗੋਂ ਚੁਣੌਤੀ ਇਹ ਵੀ ਹੈ ਕਿ ਇਸ ਦੇ ਆਲੇ-ਦੁਆਲੇ ਕੀ ਹੋ ਰਿਹਾ ਹੈ? ਮੈਮੋਰੀ ਨੂੰ ਪ੍ਰੋਸੈੱਸਰ ਦੇ ਹੋਰ ਕਰੀਬ ਲਗਾਉਣਾ ਹੋਵੇ, ਕਈ ਸਾਰੀਆਂ ਚਿੱਪਾਂ ਨੂੰ ਇਸ ਤਰ੍ਹਾਂ ਜੋੜਨਾ ਹੋਵੇ ਕਿ ਉਹ ਮਿਲ ਕੇ ਇੱਕ ਹੀ ਸਿਸਟਮ ਵਾਂਗ ਕੰਮ ਕਰਨ। ਬਿਨਾ ਕਿਸੇ ਦੇਰੀ ਦੇ ਬਹੁਤ ਵੱਡੀ ਮਾਤਰਾ ਵਿੱਚ ਡੇਟਾ ਇੱਥੋਂ ਉੱਥੇ ਪਹੁੰਚਾਉਣਾ ਹੋਵੇ, ਗਰਮੀ ਅਤੇ ਸ਼ਕਤੀ ਨੂੰ ਮੈਨੇਜ ਕਰਨਾ ਹੋਵੇ, ਅਜਿਹੀਆਂ ਕਈ ਚੁਣੌਤੀਆਂ ਸੈਮੀਕੰਡਕਟਰ ਇੰਡਸਟਰੀ ਦੇ ਸਾਹਮਣੇ ਹਨ। ਇਨ੍ਹਾਂ ਚੁਣੌਤੀਆਂ ਵਿਚਕਾਰ ਦੁਨੀਆ ਨੂੰ ਮੈਨੂਫੈਕਚਰਿੰਗ ਲਈ ਨਵੀਂ ਅਤੇ ਭਰੋਸੇਮੰਦ ਅਤੇ ਇਹ ਮੈਂ ਬਹੁਤ ਜ਼ਿੰਮੇਵਾਰੀ ਨਾਲ ਕਹਿੰਦਾ ਹਾਂ, ਨਵੀਂ ਅਤੇ ਭਰੋਸੇਮੰਦ ਥਾਵਾਂ ਦੀ ਵੀ ਜ਼ਰੂਰਤ ਸਭ ਤੋਂ ਜ਼ਿਆਦਾ ਹੋ ਰਹੀ ਹੈ। ਅਤੇ ਭਾਰਤ, ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ, ਭਾਰਤ ਇਸ ਦੇ ਲਈ ਖ਼ੁਦ ਨੂੰ ਲਗਾਤਾਰ ਤਿਆਰ ਕਰ ਰਿਹਾ ਹੈ।
ਸਾਥੀਓ,
ਅੱਜ ਦੀ ਸੈਮੀਕੰਡਕਟਰ ਇੰਡਸਟਰੀ ਦੇ ਸਾਹਮਣੇ ਇੱਕ ਹੋਰ ਵੱਡਾ ਵਿਸ਼ਾ ਊਰਜਾ ਸੁਰੱਖਿਆ ਦਾ ਵੀ ਹੈ। ਏਆਈ ਲਈ ਜੋ ਚਿੱਪਾਂ ਬਣ ਰਹੀਆਂ ਹਨ, ਉਨ੍ਹਾਂ ਦੀ ਵਰਤੋਂ ਏਆਈ ਡੇਟਾ ਸੈਂਟਰਾਂ ਵਿੱਚ ਹੋ ਰਹੀ ਹੈ। ਇਨ੍ਹਾਂ ਡੇਟਾ ਸੈਂਟਰਾਂ ਵਿੱਚ ਹਜ਼ਾਰਾਂ ਉੱਚ-ਪ੍ਰਦਰਸ਼ਨ ਵਾਲੇ ਪ੍ਰੋਸੈਸਰ ਇਕੱਠੇ ਕੰਮ ਕਰ ਰਹੇ ਹਨ। ਇਹ ਬਹੁਤ ਵੱਡੀ ਮਾਤਰਾ ਵਿੱਚ ਡੇਟਾ ਪ੍ਰੋਸੈੱਸ ਕਰ ਰਹੇ ਹਨ। ਜਿਵੇਂ-ਜਿਵੇਂ ਏਆਈ ਦਾ ਵਿਸਤਾਰ ਹੋਵੇਗਾ, ਕੰਪਿਊਟਿੰਗ ਪਾਵਰ ਦੀ ਜ਼ਰੂਰਤ ਵੀ ਉਸੇ ਗਤੀ ਨਾਲ ਵਧੇਗੀ ਅਤੇ ਕੰਪਿਊਟਿੰਗ ਪਾਵਰ ਜਿੰਨੀ ਵਧੇਗੀ, ਬਿਜਲੀ ਦੀ ਜ਼ਰੂਰਤ ਵੀ ਓਨੀ ਹੀ ਜ਼ਿਆਦਾ ਹੁੰਦੀ ਜਾਵੇਗੀ। ਇਸ ਲਈ, ਪਾਵਰ ਸੈਕਟਰ ਵਿੱਚ ਨਿਵੇਸ਼ ਵੀ ਬਹੁਤ ਜ਼ਰੂਰੀ ਹੈ। ਸਾਡੇ ਪਲਾਂਟ ਜਿੱਥੇ ਹਨ, ਉੱਥੇ ਸਮੇਂ ’ਤੇ ਬਿਜਲੀ ਮਿਲੇ, ਜ਼ਰੂਰਤ ਦੇ ਸਮੇਂ, ਲੋੜੀਂਦੀ ਮਾਤਰਾ ਵਿੱਚ ਮਿਲੇ, ਇਹ ਬਹੁਤ ਮਹੱਤਵਪੂਰਨ ਹੈ। ਇਸ ਲਈ, ਭਾਰਤ ਅੱਜ ਪਾਵਰ ਸੈਕਟਰ ਵਿੱਚ ਵੀ ਬਹੁਤ ਵੱਡਾ ਨਿਵੇਸ਼ ਕਰ ਰਿਹਾ ਹੈ। ਬੀਤੇ ਦਹਾਕੇ ਵਿੱਚ ਸਾਡੀ ਸਥਾਪਿਤ ਸੂਰਜੀ ਊਰਜਾ ਸਮਰੱਥਾ ਕਰੀਬ ਦੋ ਗੀਗਾਵਾਟ ਤੋਂ ਵਧ ਕੇ 160 ਗੀਗਾਵਾਟ ਤੋਂ ਜ਼ਿਆਦਾ ਹੋ ਗਈ ਹੈ, 2 ਤੋਂ 160 ਹੋ ਗਈ। ਪਰਮਾਣੂ ਊਰਜਾ ਦੇ ਖੇਤਰ ਵਿੱਚ ਅਸੀਂ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। ਇਸ ਸੈਕਟਰ ਨੂੰ ਨਿੱਜੀ ਖਿਡਾਰੀਆਂ ਲਈ ਖੋਲ੍ਹਿਆ ਗਿਆ ਹੈ। ਅਸੀਂ ਛੋਟੇ ਮਾਡਿਊਲਰ ਰਿਐਕਟਰਜ਼ ’ਤੇ ਵੀ ਕੰਮ ਕਰ ਰਹੇ ਹਾਂ। ਬੀਤੇ ਇੱਕ ਦਹਾਕੇ ਵਿੱਚ ਭਾਰਤ ਨੇ ਆਪਣੇ ਟ੍ਰਾਂਸਮਿਸ਼ਨ ਨੈੱਟਵਰਕ ਨੂੰ ਵੀ ਵਿਸਥਾਰ ਕੀਤਾ ਹੈ।
ਸਾਥੀਓ,
ਭਾਰਤ ਵਿੱਚ ਬਿਜਲੀ ਦੇ ਇਨਫ੍ਰਾਸਟ੍ਰਕਚਰ ਦਾ ਇਹ ਵਿਸਤਾਰ ਸਾਡੇ ਸੈਮੀਕੰਡਕਟਰ ਈਕੋਸਿਸਟਮ ਲਈ ਵੀ ਇੱਕ ਵੱਡੀ ਤਾਕਤ ਹੈ। ਭਾਰਤ ਹਰ ਉਹ ਕਦਮ ਚੁੱਕ ਰਿਹਾ ਹੈ, ਜੋ ਸਾਨੂੰ ਸੈਮੀਕੰਡਕਟਰ ਇੰਡਸਟਰੀ ਦਾ ਇੱਕ ਤਰਜੀਹੀ ਟਿਕਾਣਾ ਬਣਾਵੇ।
ਸਾਥੀਓ,
ਭਾਰਤ ‘ਮਦਰ ਆਫ਼ ਡੈਮੋਕ੍ਰੇਸੀ’ ਹੈ। ਕੁੱਝ ਸਾਲ ਪਹਿਲਾਂ ਹੀ ਸਾਡੇ ਸੰਵਿਧਾਨ ਨੂੰ 75 ਸਾਲ ਹੋਏ ਹਨ। ਅਜਿਹਾ ਦੇਸ਼ ਜਦੋਂ ਇੱਕ ਕ੍ਰਿਟੀਕਲ ਇੰਡਸਟਰੀ ਵਿੱਚ ਸਫ਼ਲ ਹੁੰਦਾ ਹੈ, ਤਾਂ ਇਸ ਨਾਲ ਪੂਰੀ ਦੁਨੀਆ ਦੀ ਸਪਲਾਈ ਚੇਨ ਨੂੰ ਤਾਕਤ ਮਿਲਦੀ ਹੈ। ਅਤੇ ਅੱਜ ਜਦੋਂ ਸਪਲਾਈ ਚੇਨ ਵੈਪਨਾਈਜ਼ ਹੋ ਰਹੀ ਹੈ, ਉਦੋਂ ਤਾਂ ਇਸ ਦੀ ਮਹੱਤਤਾ ਬਹੁਤ ਵਧ ਜਾਂਦੀ ਹੈ। ਭਾਰਤ ਵਿੱਚ ਹੋ ਰਹੇ ਇਸ ਵਿਕਾਸ ਨੂੰ ਸਾਨੂੰ, ਇਸ ਵੱਡੇ ਨਜ਼ਰੀਏ ਨਾਲ ਵੀ ਦੇਖਣਾ ਹੈ। ਭਾਰਤ ਦੀਆਂ ਇੱਛਾਵਾਂ ਤੁਹਾਡੇ ਸਾਹਮਣੇ ਹਨ ਅਤੇ ਭਾਰਤ ਵਿੱਚ ਬਣ ਰਹੇ ਨਵੇਂ ਮੌਕੇ ਤੁਹਾਡਾ ਸਵਾਗਤ ਕਰਨ ਲਈ ਤਿਆਰ ਹਨ। ਇੱਕ ਵਾਰ ਫਿਰ ਆਪ ਸਭ ਨੂੰ ਇਸ ਆਯੋਜਨ ਲਈ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ।
ਆਪ ਸਭ ਦਾ ਬਹੁਤ-ਬਹੁਤ ਧੰਨਵਾਦ।
******
ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ
India's semiconductor ecosystem is expanding rapidly. It is opening new opportunities for innovation, investment and growth. Addressing SEMICON India 2026 in Delhi. https://t.co/a7A2Rs89DI
— Narendra Modi (@narendramodi) September 17, 2026
India's economy is growing...
— PMO India (@PMOIndia) September 17, 2026
The world's trust in India is also growing. pic.twitter.com/oP0Q3JGdmD
PM @narendramodi has a request for India's young talents and industry leaders... pic.twitter.com/Y8EFX5mJ3l
— PMO India (@PMOIndia) September 17, 2026
The world is looking for new and trusted manufacturing destinations. India is steadily preparing itself to meet this need. pic.twitter.com/RuwZAT6NZM
— PMO India (@PMOIndia) September 17, 2026
India is taking every step needed to become a preferred destination for the semiconductor industry. pic.twitter.com/djf4r1d2zS
— PMO India (@PMOIndia) September 17, 2026