ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਵਿੱਚ ਕੇਂਦਰੀ ਕੈਬਨਿਟ ਨੇ ਭਾਰਤ ਦੇ ਲਘੂ ਅਤੇ ਦਰਮਿਆਨੇ ਉੱਦਮਾਂ (SMEs) ਲਈ ਵਿਕਾਸ ਮੁਖੀ ਪੂੰਜੀ ਜੁਟਾਉਣ ਅਤੇ ਮੈਨੂਫੈਕਚਰਿੰਗ, ਸੇਵਾਵਾਂ, ਤਕਨਾਲੋਜੀ, ਨਵੀਨਤਾ-ਸੰਚਾਲਿਤ ਖੇਤਰਾਂ ਅਤੇ ਰਣਨੀਤਕ ਵੈਲਿਊ ਚੇਨਾਂ ਵਿੱਚ ਮੋਹਰੀ ਭਾਰਤੀ ਉੱਦਮਾਂ ਦੇ ਉਭਾਰ ਨੂੰ ਸਮਰੱਥ ਬਣਾਉਣ ਦੇ ਉਦੇਸ਼ ਨਾਲ ਐੱਸਐੱਮਈ ਗ੍ਰੋਥ ਫੰਡ (ਐੱਸਜੀਐੱਫ) ਦੀ ਸਥਾਪਨਾ ਲਈ 10,000 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ। ਇਹ ਪਹਿਲਕਦਮੀ ਕੇਂਦਰੀ ਬਜਟ 2026-27 ਵਿੱਚ ਕੀਤੇ ਗਏ ਵਿਆਪਕ ਐਲਾਨਾਂ ਦੇ ਅਨੁਸਾਰ ਹੈ, ਜਿਨ੍ਹਾਂ ਦਾ ਉਦੇਸ਼ ਸਮੁੱਚੇ ਤੌਰ ‘ਤੇ ਐੱਮਐੱਸਐੱਮਈ ਈਕੋਸਿਸਟਮ ਲਈ ਇਕੁਵਿਟੀ, ਨਗਦ ਉਪਲਬਧਤਾ ਅਤੇ ਪੇਸ਼ੇਵਰ ਸਹਾਇਤਾ ਪ੍ਰਦਾਨ ਕਰਨਾ ਸੀ।
ਫੰਡਾਂ ਦੀ ਵੰਡ ਦੇ ਤਹਿਤ ਕਈ ਉਪਾਅ ਹਨ ਜੋ ਇਕੁਵਿਟੀ ਸਹਾਇਤਾ ਪ੍ਰਦਾਨ ਕਰਦੇ ਹਨ, ਪਰ ਉਨ੍ਹਾਂ ਵਿੱਚੋਂ ਜ਼ਿਆਦਾਤਰ ਸ਼ੁਰੂਆਤੀ ਪੜਾਅ ਦੇ ਉੱਦਮਾਂ ‘ਤੇ ਧਿਆਨ ਕੇਂਦ੍ਰਿਤ ਕਰਦੇ ਹਨ ਅਤੇ ਮੁੱਖ ਤੌਰ ‘ਤੇ ਸੂਖਮ ਉੱਦਮਾਂ ਨੂੰ ਕਵਰ ਕਰਦੇ ਹਨ। ਲਘੂ ਅਤੇ ਦਰਮਿਆਨੇ ਉੱਦਮਾਂ ਲਈ ਇਕੁਵਿਟੀ ਗ੍ਰੋਥ ਫੰਡ ਵਿੱਚ ਢਾਂਚਾਗਤ ਕਮੀ ਮੌਜੂਦ ਹੈ।
ਇਹ ਇਤਿਹਾਸਕ ਪਹਿਲਕਦਮੀ ਦੇਸ਼ ਦੀ ਉੱਦਮਤਾ ਪ੍ਰਣਾਲੀ ਨੂੰ ਮਜ਼ਬੂਤੀ ਪ੍ਰਦਾਨ ਕਰਕੇ, ਵਿਕਾਸ ਦੇ ਪੜਾਅ ਵਿੱਚ ਮੌਜੂਦ ਉੱਦਮਾਂ ਦੇ ਲਈ ਘਰੇਲੂ ਪੂੰਜੀ ਬਜ਼ਾਰ ਨੂੰ ਮਜ਼ਬੂਤ ਕਰਨ ਅਤੇ ਆਲਮੀ ਪੱਧਰ ‘ਤੇ ਮੁਕਾਬਲਾਤਮਕ ਬਣਾਉਣ ਵਿੱਚ ਸਮਰੱਥਾ ਭਾਰਤੀ ਕੰਪਨੀਆਂ ਦੀ ਇੱਕ ਨਵੀਂ ਪੀੜ੍ਹੀ ਦਾ ਨਿਰਮਾਣ ਕਰਕੇ, ਵਿਕਸਿਤ ਭਾਰਤ 2047 ਦੀ ਕਲਪਨਾ ਨੂੰ ਸਾਕਾਰ ਕਰਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਲਘੂ ਅਤੇ ਦਰਮਿਆਨੇ ਉੱਦਮ (ਐੱਸਐੱਮਈਜ਼) ਭਾਰਤੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ, ਜੋ ਕਿ ਰੁਜ਼ਗਾਰ ਸਿਰਜਣਾ, ਨਿਰਯਾਤ, ਮੈਨੂਫੈਕਚਰਿੰਗ ਉਤਪਾਦਨ ਅਤੇ ਨਵੀਨਤਾ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੇ ਹਨ। ਹਾਲਾਂਕਿ, ਵੱਖ-ਵੱਖ ਪਹਿਲਕਦਮੀਆਂ ਰਾਹੀਂ ਐੱਸਐੱਮਈ ਲਈ ਲੋਨ ਤੱਕ ਪਹੁੰਚ ਵਿੱਚ ਸੁਧਾਰ ਹੋਇਆ ਹੈ, ਫਿਰ ਵੀ ਉਨ੍ਹਾਂ ਉੱਦਮਾਂ ਲਈ ਜ਼ਰੂਰੀ ਲੰਬੇ ਸਮੇਂ ਦੀ ਜੋਖਮ ਪੂੰਜੀ ਦੀ ਉਪਲਬਧਤਾ ਵਿੱਚ ਕਮੀ ਬਣੀ ਹੋਈ ਹੈ, ਜੋ ਵਿਸਥਾਰ ਕਰਨਾ, ਨਵੀਨਤਾ ਕਰਨਾ, ਅੰਤਰਰਾਸ਼ਟਰੀ ਪੱਧਰ ‘ਤੇ ਵਿਸਥਾਰ ਕਰਨਾ, ਉੱਨਤ ਤਕਨਾਲੋਜੀਆਂ ਨੂੰ ਅਪਣਾਉਣਾ, ਅਧਿਗ੍ਰਹਿਣ ਕਰਨਾ ਅਤੇ ਉਦਯੋਗ ਜਗਤ ਵਿੱਚ ਮੋਹਰੀ ਬਣਨਾ ਚਾਹੁੰਦੇ ਹਨ। ਐੱਸਐੱਮਈ ਗ੍ਰੋਥ ਫੰਡ ਇਸ ਮਹੱਤਵਪੂਰਨ ਫੰਡਿੰਗ ਦੀ ਕਮੀ ਨੂੰ ਦੂਰ ਕਰਨ ਲਈ ਬਣਾਇਆ ਗਿਆ ਹੈ। ਇਸ ਅਧੀਨ ਉੱਚ ਸਮਰੱਥਾ ਵਾਲੇ ਐੱਸਐੱਮਈ ਨੂੰ ਵਿਕਾਸ ਇਕੁਵਿਟੀ ਪੂੰਜੀ ਪ੍ਰਦਾਨ ਕੀਤੀ ਜਾਵੇਗੀ।
ਇਸ ਫੰਡ ਦੀ ਕਲਪਨਾ ਉੱਦਮਾਂ ਨੂੰ ਉਨ੍ਹਾਂ ਦੇ ਵਿਕਾਸ ਦੇ ਮਹੱਤਵਪੂਰਨ ਮੋੜ ‘ਤੇ ਸਹਾਇਤਾ ਦੇਣ ਲਈ ਪਰਿਵਰਤਨਕਾਰੀ ਸਾਧਨ ਦੇ ਰੂਪ ਵਿੱਚ ਕੀਤੀ ਗਈ ਹੈ। ਐੱਸਜੀਐੱਫ ਤੋਂ ਪ੍ਰਾਪਤ ਜ਼ਿਆਦਾਤਰ ਰਾਸ਼ੀ ਲਘੂ ਅਤੇ ਦਰਮਿਆਨੇ ਨਿਰਮਾਣ ਕੇਂਦ੍ਰਿਤ ਉੱਦਮਾਂ ਨੂੰ ਵੰਡੀ ਜਾਵੇਗੀ। ਇਸ ਫੰਡ ਨੂੰ ਟੀਅਰ-।। ਅਤੇ ਟੀਅਰ-।।। ਸ਼ਹਿਰਾਂ ਦੇ ਉਦਯੋਗਿਕ ਸਮੂਹਾਂ ਵਿੱਚ ਕਾਰਜਸ਼ੀਲ ਐੱਸਐੱਮਈ ‘ਤੇ ਵੀ ਵਿਚਾਰ ਕੀਤਾ ਜਾਵੇਗਾ।
ਲੰਬੇ ਸਮੇਂ ਦੀ ਪੂੰਜੀ ਉਪਲਬਧ ਕਰਵਾ ਕੇ, ਇਹ ਪਹਿਲਕਦਮੀ ਦੇਸ਼ ਦੇ ਲਘੂ ਅਤੇ ਦਰਮਿਆਨੇ ਉੱਦਮਾਂ ਨੂੰ ਸੰਚਾਲਨ ਵਧਾਉਣ, ਤਕਨਾਲੋਜੀ ਅਤੇ ਨਿਰਮਾਣ ਸਮਰੱਥਾ ਵਿੱਚ ਨਿਵੇਸ਼ ਕਰਨ, ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਵਿਸਥਾਰ ਕਰਨ, ਗਲੋਬਲ ਵੈਲਿਊ ਚੇਨਾਂ ਵਿੱਚ ਏਕੀਕ੍ਰਿਤ ਹੋਣ ਅਤੇ ਰਣਨੀਤਕ ਨਿਵੇਸ਼ ਕਰਨ ਵਿੱਚ ਸਮਰੱਥ ਬਣਾਏਗੀ। ਸਰਕਾਰ ਨੂੰ ਉਮੀਦ ਹੈ ਕਿ ਇਹ ਫੰਡ ਉਨ੍ਹਾਂ ਭਾਰਤੀ ਕੰਪਨੀਆਂ ਦੀ ਇੱਕ ਮਜ਼ਬੂਤ ਚੇਨ ਦੇ ਉਭਾਰ ਨੂੰ ਰਫ਼ਤਾਰ ਦੇਵੇਗਾ ਜਿਨ੍ਹਾਂ ਵਿੱਚ ਆਪਣੇ-ਆਪਣੇ ਖੇਤਰਾਂ ਵਿੱਚ ਮੋਹਰੀ ਬਣਨ ਦੇ ਲਈ ਜ਼ਰੂਰੀ ਸਮਰੱਥਾ, ਨਵੀਨਤਾ ਸਮਰੱਥਾ ਅਤੇ ਮੁਕਾਬਲਾਤਮਕ ਹੋਵੇਗੀ।
ਐੱਸਐੱਮਈ ਗ੍ਰੋਥ ਫੰਡ ਪ੍ਰਤੀ ਸਰਕਾਰ ਦੀ ਵਚਨਬੱਧਤਾ, ਸੁਧਾਰ, ਡਿਜੀਟਾਈਜੇਸ਼ਨ ਪਹਿਲਕਦਮੀਆਂ, ਲੋਨ ਸਹਾਇਤਾ ਪ੍ਰਣਾਲੀਆਂ, ਈਜ਼ ਆਫ ਡੂਇੰਗ ਬਿਜ਼ਨੇਸ, ਜਨਤਕ ਖਰੀਦ ਸੁਧਾਰ, ਸਟਾਰਟਅੱਪ ਪ੍ਰੋਤਸਾਹਨ ਪਹਿਲਕਦਮੀ ਅਤੇ ਉਤਪਾਦਨ ਅਧਾਰਿਤ ਪ੍ਰੋਤਸਾਹਨ ਪ੍ਰੋਗਰਾਮਾਂ ਦੇ ਜ਼ਰੀਏ ਐੱਸਐੱਮਈ ਖੇਤਰ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਨਿਰੰਤਰ ਯਤਨਾਂ ਦੇ ਅਨੁਸਾਰ ਹੈ।
ਇਸ ਪਹਿਲਕਦਮੀ ਦੇ ਤਹਿਤ ਸਰਕਾਰ ਉਦਯੋਗਿਕ ਗ੍ਰੋਥ ਫੰਡ ਢਾਂਚੇ ਦੇ ਤਹਿਤ ਸਥਾਪਿਤ ਵਿਕਲਪਿਕ ਨਿਵੇਸ਼ ਫੰਡ ਵਿੱਚ ਕੁੱਲ 10,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਨਿਰਮਾਣ ਉੱਦਮਾਂ ਨੂੰ ਸਮਰੱਥਾ ਵਿਸਥਾਰ ਕਰਨ, ਉੱਨਤ ਤਕਨਾਲੋਜੀਆਂ ਨੂੰ ਅਪਣਾਉਣ ਅਤੇ ਵੱਡੇ ਪੈਮਾਨੇ ‘ਤੇ ਉਤਪਾਦਨ ਕਰਨ ਵਿੱਚ ਸਮਰੱਥ ਬਣਾ ਕੇ, ਐੱਸਜੀਐੱਫ ਨਾਲ ਉਤਪਾਦਕਤਾ ਵਿੱਚ ਸੁਧਾਰ ਅਤੇ ਨਿਰਯਾਤ ਮੁਕਾਬਲੇਬਾਜ਼ੀ ਨੂੰ ਮਜ਼ਬੂਤੀ ਮਿਲੇਗੀ ਅਤੇ ਉੱਚ ਗੁਣਵੱਤਾ ਵਾਲੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਇਸ ਪਹਿਲਕਦਮੀ ਦੇ ਜ਼ਰੀਏ ਉੱਦਮੀਆਂ ਨੂੰ ਮਜ਼ਬੂਤ ਬਣਾਉਣ ਅਤੇ ਮੁਕਾਬਲਾਤਮਕ ਉੱਦਮਾਂ ਦੀ ਇੱਕ ਨਵੀਂ ਪੀੜ੍ਹੀ ਨੂੰ ਹੁਲਾਰਾ ਦੇਣ ਦੀ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਹੁੰਦੀ ਹੈ। ਉੱਚ ਵਿਕਾਸ ਦਰ ਵਾਲੇ ਲਘੂ ਅਤੇ ਦਰਮਿਆਨੇ ਉੱਦਮਾਂ ਵਿੱਚ ਨਿਵੇਸ਼ ਨੂੰ ਹੁਲਾਰਾ ਦੇ ਕੇ, ਇਹ ਫੰਡ ਮੋਹਰੀ ਉੱਦਮੀਆਂ ਦਾ ਨਿਰਮਾਣ ਕਰਨ, ਨਵੀਨਤਾ-ਅਧਾਰਿਤ ਉਦਯੋਗੀਕਰਣ ਨੂੰ ਗਤੀ ਦੇਣ ਅਤੇ ਦੇਸ਼ ਭਰ ਵਿੱਚ ਗੁਣਵੱਤਾਪੂਰਨ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਸਹਾਇਕ ਹੋਵੇਗਾ। ਇਹ ਪਹਿਲ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਅੱਗੇ ਵਧਾਉਣ ਵਿੱਚ ਇੱਕ ਮਹੱਤਵਪੂਰਨ ਥੰਮ੍ਹ ਦੇ ਰੂਪ ਵਿੱਚ ਕੰਮ ਕਰੇਗੀ।
****
ਐੱਮਜੇਪੀਐੱਸ/ਏਕੇ