Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਗਲੋਬਲ ਸਿਸਟਮ ਫ਼ਾਰ ਮੋਬਾਈਲ ਕਮਿਊਨੀਕੇਸ਼ਨਜ਼ ਐਸੋਸੀਏਸ਼ਨ (ਜੀਐੱਸਐੱਮਏ) ਦੇ ਬੋਰਡ ਮੈਂਬਰਾਂ ਨਾਲ ਗੱਲਬਾਤ ਕੀਤੀ

ਪ੍ਰਧਾਨ ਮੰਤਰੀ ਨੇ ਗਲੋਬਲ ਸਿਸਟਮ ਫ਼ਾਰ ਮੋਬਾਈਲ ਕਮਿਊਨੀਕੇਸ਼ਨਜ਼ ਐਸੋਸੀਏਸ਼ਨ (ਜੀਐੱਸਐੱਮਏ) ਦੇ ਬੋਰਡ ਮੈਂਬਰਾਂ ਨਾਲ ਗੱਲਬਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੰਡੀਆ ਮੋਬਾਈਲ ਕਾਂਗਰਸ ਤੋਂ ਪਹਿਲਾਂ ਸੇਵਾ ਤੀਰਥ ਵਿਖੇ ਗਲੋਬਲ ਸਿਸਟਮ ਫ਼ਾਰ ਮੋਬਾਈਲ ਕਮਿਊਨੀਕੇਸ਼ਨਜ਼ ਐਸੋਸੀਏਸ਼ਨ (ਜੀਐੱਸਐੱਮਏ) ਦੇ ਬੋਰਡ ਮੈਂਬਰਾਂ ਨਾਲ ਮੁਲਾਕਾਤ ਕੀਤੀ। ਜੀਐੱਸਐੱਮਏ ਇੱਕ ਵਿਸ਼ਵ ਵਿਆਪੀ ਸੰਗਠਨ ਹੈ ਜੋ ਮੋਬਾਈਲ ਈਕੋਸਿਸਟਮ ਨੂੰ ਇਕਜੁੱਟ ਕਰਦਾ ਹੈ ਅਤੇ ਮੋਬਾਈਲ ਆਪਰੇਟਰਾਂ ਦੇ ਨਾਲ-ਨਾਲ ਸੰਪੂਰਨ ਮੋਬਾਈਲ ਈਕੋਸਿਸਟਮ ਅਤੇ ਸਹਾਇਕ ਉਦਯੋਗਾਂ ਦੀ ਨੁਮਾਇੰਦਗੀ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਤਕਨਾਲੋਜੀ ਨੂੰ ਸਮਾਵੇਸ਼ੀ ਅਤੇ ਟਿਕਾਊ ਵਿਕਾਸ ਦਾ ਮਾਧਿਅਮ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਤਕਨਾਲੋਜੀ ਦੀ ਆਮ ਲੋਕਾਂ ਤੱਕ ਪਹੁੰਚ ਜ਼ਰੂਰੀ ਹੈ ਤਾਂ ਜੋ ਸਮਾਜ ਦਾ ਕੋਈ ਵੀ ਵਰਗ ਪਿੱਛੇ ਨਾ ਰਹੇ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਗਲੋਬਲ ਸਾਊਥ ਲਈ ਤਕਨਾਲੋਜੀ ਅਤੇ ਡਿਜੀਟਲ ਸੇਵਾਵਾਂ ਨੂੰ ਸਸਤੀਆਂ ਅਤੇ ਪਹੁੰਚਯੋਗ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਡਿਜੀਟਲ ਪਾੜੇ ਨੂੰ ਵਧਣ ਤੋਂ ਰੋਕਣ ਲਈ ਤਕਨਾਲੋਜੀ ਨੂੰ ਅੰਤਿਮ ਵਿਅਕਤੀ ਤੱਕ ਪਹੁੰਚਾਉਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।

ਪ੍ਰਧਾਨ ਮੰਤਰੀ ਨੇ ਡਿਜੀਟਲ ਜਨਤਕ ਬੁਨਿਆਦੀ ਢਾਂਚਾ (ਡੀਪੀਆਈ) ਦੀ ਸਮਰੱਥਾ ਨੂੰ ਵਿਸ਼ੇਸ਼ ਤੌਰ ‘ਤੇ ਵਿਕਾਸਸ਼ੀਲ ਦੇਸ਼ਾਂ ਲਈ ਇੱਕ ਇਨਕਲਾਬੀ ਸ਼ਕਤੀ ਵਜੋਂ ਰੇਖਾਂਕਿਤ ਕੀਤਾ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਕਈ ਵਿਸ਼ਵ ਨੇਤਾਵਾਂ ਨਾਲ ਡੀਪੀਆਈ ‘ਤੇ ਹੋਈਆਂ ਚਰਚਾਵਾਂ ਨੇ ਇਸ ਦੀ ਵਧਦੀ ਗਲੋਬਲ ਸਾਰਥਕਤਾ ਨੂੰ ਸਾਬਤ ਕੀਤਾ ਹੈ ਅਤੇ ਕਿਹਾ ਕਿ ਅਜਿਹੇ ਪਲੇਟਫ਼ਾਰਮ ਗਲੋਬਲ ਸਾਊਥ ਲਈ ਪ੍ਰਗਤੀ ਦਾ ਇੱਕ ਮਜ਼ਬੂਤ ਮਾਧਿਅਮ ਬਣ ਸਕਦੇ ਹਨ।

 

ਡਿਜੀਟਲ ਅਤੇ ਸਾਈਬਰ ਧੋਖਾਧੜੀ ਦੀ ਵਧਦੀ ਚੁਣੌਤੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਤਕਨਾਲੋਜੀ ‘ਤੇ ਆਧਾਰਿਤ ਹੱਲਾਂ ਦੀ ਲੋੜ ਹੈ। ਉਨ੍ਹਾਂ ਨੇ ਵਰਤੋਂਕਾਰਾਂ ਨੂੰ ਸੰਭਾਵੀ ਫ਼ਰਜ਼ੀ ਕਾਲਾਂ ਪ੍ਰਤੀ ਸੁਚੇਤ ਕਰਨ ਲਈ ਲਗਾਤਾਰ ਜਾਗਰੂਕਤਾ ਸੰਦੇਸ਼ ਚਲਾਉਣ ਦਾ ਸੁਝਾਅ ਦਿੱਤਾ।

ਪ੍ਰਧਾਨ ਮੰਤਰੀ ਨੇ ਇਮਰਜਿੰਗ ਟੈਕਨੋਲੋਜੀ ਲਈ ਗਲੋਬਲ ਸਟੈਂਡਰਡ ਅਤੇ ਸਾਂਝੇ ਨਿਯਮਾਂ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਡੀਪਫੇਕ ਅਤੇ ਏਆਈ-ਜਨਰੇਟਿਡ ਸਮਗਰੀ ਦੇ ਵਧਦੇ ਖ਼ਤਰੇ ‘ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਨੇ ਅਜਿਹੇ ਤਰੀਕੇ ਵਿਕਸਿਤ ਕਰਨ ਦਾ ਸੁਝਾਅ ਦਿੱਤਾ, ਜਿਸ ਨਾਲ ਵਰਤੋਂਕਾਰ ਤੁਰੰਤ ਇਸ ਦੇ ਸਰੋਤ ਦੀ ਪਛਾਣ ਕਰ ਸਕਣ।

 

ਜੀਐੱਸਐੱਮਏ ਬੋਰਡ ਦੇ ਮੈਂਬਰਾਂ ਨੇ ਡਿਜੀਟਲ ਅਤੇ ਮੋਬਾਈਲ ਕਨੈਕਟੀਵਿਟੀ ਦੇ ਖੇਤਰ ਵਿੱਚ ਭਾਰਤ ਦੇ ਇੱਕ ਗਲੋਬਲ ਮੋਹਰੀ ਦੇਸ਼ ਵਜੋਂ ਉੱਭਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ 4G ਅਤੇ 5G ਦੇ ਤੇਜ਼ੀ ਨਾਲ ਵਿਸਤਾਰ, ਡਿਜੀਟਲ ਜਨਤਕ ਬੁਨਿਆਦੀ ਢਾਂਚੇ (ਡੀਪੀਆਈ) ਦੇ ਵਿਆਪਕ ਪੱਧਰ ਅਤੇ ਟੈਲੀਕਾਮ ਤੇ ਮੋਬਾਈਲ ਮੈਨੂਫੈਕਚਰਿੰਗ ਈਕੋਸਿਸਟਮ ਦੇ ਵਾਧੇ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਭਾਰਤ ਦੇ ਨਿਵੇਸ਼-ਅਨੁਕੂਲ ਨੀਤੀਗਤ ਢਾਂਚੇ ਦੀ ਸ਼ਲਾਘਾ ਕੀਤੀ ਅਤੇ ਲਗਾਤਾਰ ਡਿਜੀਟਲ ਵਿਕਾਸ ਨੂੰ ਗਤੀ ਦੇਣ ਵਿੱਚ ਸੁਰੱਖਿਅਤ, ਮਜ਼ਬੂਤ ਅਤੇ ਭਰੋਸੇਮੰਦ ਡਿਜੀਟਲ ਬੁਨਿਆਦੀ ਢਾਂਚੇ ਦੀ ਭੂਮਿਕਾ ‘ਤੇ ਜ਼ੋਰ ਦਿੱਤਾ।

ਬੋਰਡ ਮੈਂਬਰਾਂ ਨੇ 5ਜੀ, 6ਜੀ, ਏਆਈ, ਸਾਈਬਰ ਸੁਰੱਖਿਆ, ਡਿਜੀਟਲ ਸਮਾਵੇਸ਼ਨ ਅਤੇ ਸੈਟੇਲਾਈਟ ਕਨੈਕਟੀਵਿਟੀ ਜਿਹੇ ਖੇਤਰਾਂ ਵਿੱਚ ਭਾਰਤ ਨਾਲ ਅੰਤਰਰਾਸ਼ਟਰੀ ਸਹਿਯੋਗ ਦੇ ਵਧਦੇ ਮੌਕਿਆਂ ‘ਤੇ ਵੀ ਚਾਨਣਾ ਪਾਇਆ।

ਮੀਟਿੰਗ ਵਿੱਚ ਕੇਂਦਰੀ ਸੰਚਾਰ ਮੰਤਰੀ ਸ਼੍ਰੀ ਜਯੋਤਿਰਾਦਿੱਤਿਆ ਸਿੰਧੀਆ, ਸੰਚਾਰ ਰਾਜ ਮੰਤਰੀ ਡਾ. ਪੇਮਾਸਾਨੀ ਚੰਦਰ ਸ਼ੇਖਰ, ਜੀਐੱਸਐੱਮਏ ਬੋਰਡ ਦੇ ਮੈਂਬਰ ਅਤੇ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

************

 

ਐੱਮਜੇਪੀਐੱਸ/ਐੱਸਐੱਸ/ਐੱਸਟੀ