Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਨ ਕੀ ਬਾਤ ਦੇ 139ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ (25.10.2026)


ਮੇਰੇ ਪਿਆਰੇ ਦੇਸ਼ਵਾਸੀਓ,

‘ਮਨ ਕੀ ਬਾਤ’ ਵਿੱਚ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਤੋਂ 12 ਸਾਲ ਪਹਿਲਾਂ, ਵਿਜੈਦਸ਼ਮੀ ਦੇ ਪਵਿੱਤਰ ਮੌਕੇ ’ਤੇ, ਅਸੀਂ ‘ਮਨ ਕੀ ਬਾਤ’ ਦੀ ਸ਼ੁਰੂਆਤ ਕੀਤੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ, ਸਾਡੀ ਇਹ ਯਾਤਰਾ ਲਗਾਤਾਰ ਜਾਰੀ ਹੈ। ਇਸ ਯਾਤਰਾ ਦੇ ਸਾਥੀ ਵੀ ਤੁਸੀਂ ਹੋ ਅਤੇ ਮਾਰਗ-ਦਰਸ਼ਕ ਵੀ ਤੁਸੀਂ ਹੀ ਹੋ। ਸਾਥੀਓ, ਮੇਰੇ ਲਈ ‘ਮਨ ਕੀ ਬਾਤ’ ਦੇਸ਼ ਦੇ ਆਮ ਇਨਸਾਨ ਦੀ ਮਿਹਨਤ, ਉਸ ਦੀ ਬਹਾਦਰੀ, ਉਸ ਦੀ ਵਚਨਬੱਧਤਾ, ਉਸ ਦੇ ਸਮਰਪਣ ਅਤੇ ਸੇਵਾ-ਭਾਵਨਾ ਦਾ ਗੁਣਗਾਨ ਕਰਨ ਦਾ ਇੱਕ ਸ਼ੁਭ ਮੌਕਾ ਰਿਹਾ ਹੈ। ਸਾਡੇ ਦੇਸ਼ ਵਿੱਚ ਸਦੀਆਂ ਤੋਂ ਤੀਰਥ ਯਾਤਰਾ ਦੀ ਪਰੰਪਰਾ ਰਹੀ ਹੈ। ਮੇਰੇ ਲਈ ‘ਮਨ ਕੀ ਬਾਤ’ ਵੀ ਦੇਸ਼ ਦੇ ਲੋਕਾਂ ਦੀਆਂ ਕੋਸ਼ਿਸ਼ਾਂ ਨੂੰ ਨੇੜਿਓਂ ਜਾਣਨ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਸਲਾਮ ਕਰਨ ਦੀ ਇੱਕ ਤੀਰਥ ਯਾਤਰਾ ਤੋਂ ਘੱਟ ਨਹੀਂ ਹੈ। ਸਾਥੀਓ, ਜਿਹੜੇ ਲੋਕ ਸਮਾਜ ਅਤੇ ਰਾਸ਼ਟਰ ਲਈ ਜਿਉਂਦੇ ਹਨ, ਉਹ ਆਪਣੇ ਆਪ ਵਿੱਚ ਇੱਕ ਤੀਰਥ ਦਾ ਹੀ ਰੂਪ ਹਨ। 12 ਸਾਲਾਂ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਅਜਿਹੇ ਕਈ ਲੋਕ ਸਾਹਮਣੇ ਆਏ ਹਨ, ਜਿਨ੍ਹਾਂ ਦੇ ਅਸਾਧਾਰਨ ਕੰਮਾਂ ਵੱਲ ਆਮ ਤੌਰ ’ਤੇ ਸਮਾਜ ਦਾ ਧਿਆਨ ਨਹੀਂ ਜਾਂਦਾ। ‘ਮਨ ਕੀ ਬਾਤ’ ਨੇ ਅਜਿਹੀਆਂ ਅਣਗਿਣਤ ਪ੍ਰੇਰਣਾਦਾਇਕ ਕਹਾਣੀਆਂ ਨੂੰ ਆਪ ਸਭ ਦੇ ਸਾਹਮਣੇ ਲਿਆਉਣ ਦਾ ਕੰਮ ਕੀਤਾ ਹੈ।

 

ਸਾਥੀਓ,

ਮੈਂ ਇਸ ਪ੍ਰੋਗਰਾਮ ਰਾਹੀਂ ਇੱਕ ਤਰ੍ਹਾਂ ਨਾਲ ਦੇਸ਼ ਦੀ ਲੋਕ-ਸ਼ਕਤੀ ਦੀ ਅਰਾਧਨਾ ਕਰਦਾ ਹਾਂ। ਮੈਨੂੰ ਇਸ ਰਾਹੀਂ ਦੇਸ਼ ਦੇ ਹਰ ਪਰਿਵਾਰ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਮੈਨੂੰ ਸੈਂਕੜੇ ਅਜਿਹੇ ਸੁਨੇਹੇ ਮਿਲਦੇ ਹਨ ਜਿਨ੍ਹਾਂ ਵਿੱਚ ਲੋਕ ਦੱਸਦੇ ਹਨ ਕਿ ‘ਮਨ ਕੀ ਬਾਤ’ ਸੁਣ ਕੇ ਉਨ੍ਹਾਂ ਨੂੰ ਇੰਝ ਲੱਗਦਾ ਹੈ, ਜਿਵੇਂ ਮੈਂ ਉਨ੍ਹਾਂ ਦੇ ਵਿਚਕਾਰ ਉਨ੍ਹਾਂ ਦੇ ਪਰਿਵਾਰ ਵਿੱਚ ਬੈਠ ਕੇ ਇੱਕ ਪਰਿਵਾਰਕ ਮੈਂਬਰ ਵਾਂਗ ਉਨ੍ਹਾਂ ਸਾਰਿਆਂ ਨਾਲ ਗੱਲਬਾਤ ਕਰ ਰਿਹਾ ਹੋਵਾਂ। ਮੇਰੇ ਲਈ ਤੁਹਾਡੇ ਸਾਰੇ ਸਰੋਤਿਆਂ ਦੀ ਇਹ ਅਪਣੱਤ ਅਤੇ ਪਿਆਰ ਬਹੁਤ ਹੀ ਅਨਮੋਲ ਪੂੰਜੀ ਹੈ।

 

ਮੇਰੇ ਪਿਆਰੇ ਦੇਸ਼ਵਾਸੀਓ,

ਸਾਡੇ ਦੇਸ਼ ਵਿੱਚ ਅਜਿਹੇ ਕਈ ਰਵਾਇਤੀ ਹੁਨਰ ਹਨ, ਜੋ ਪੀੜ੍ਹੀਆਂ ਤੋਂ ਸਾਡੀ ਪਛਾਣ ਦਾ ਹਿੱਸਾ ਰਹੇ ਹਨ ਅਤੇ ਖ਼ੁਸ਼ੀ ਦੀ ਗੱਲ ਇਹ ਹੈ ਕਿ ਹੁਣ ਇਨ੍ਹਾਂ ਪਰੰਪਰਾਵਾਂ ਨਾਲ ਜੁੜ ਕੇ ਕਈ ਤਰ੍ਹਾਂ ਦੇ ਨਵੇਂ ਤਜਰਬੇ ਵੀ ਹੋ ਰਹੇ ਹਨ, ਇਨ੍ਹਾਂ ਨੂੰ ਅੱਜ ਦੇ ਸਮੇਂ ਮੁਤਾਬਕ ਅੱਗੇ ਵਧਾਇਆ ਜਾ ਰਿਹਾ ਹੈ। ਪੰਜਾਬ ਵਿੱਚ ਅਜਿਹਾ ਹੀ ਇੱਕ ਯਤਨ ਕਾਫੀ ਸਮੇਂ ਤੋਂ ਚੱਲ ਰਿਹਾ ਹੈ, ਇੱਥੇ ‘ਖੇਤੀ ਵਿਰਾਸਤ ਮਿਸ਼ਨ’ ਨਾਂ ਦੀ ਇੱਕ ਸੰਸਥਾ ਨੇ ਜੈਵਿਕ ਖੇਤੀ ਅਤੇ ਰਵਾਇਤੀ ਖੇਤੀ ਦੇ ਤੌਰ-ਤਰੀਕਿਆਂ ਨੂੰ ਨਵੀਂ ਜਾਨ ਦੇਣੀ ਸ਼ੁਰੂ ਕੀਤੀ ਹੈ। ਇਸ ਟੀਮ ਦੇ ਲੋਕ ਪੰਜਾਬ ਦੇ ਮਾਲਵਾ ਖੇਤਰ ਵਿੱਚ ਕਪਾਹ ਦੀ ਕੁਦਰਤੀ ਖੇਤੀ ਨੂੰ ਹੁਲਾਰਾ ਦੇਣਾ ਚਾਹੁੰਦੇ ਸਨ। ਇਸ ਪਹਿਲ ਨੂੰ ‘ਨਵ-ਤ੍ਰਿੰਞਣ’ ਨਾਮ ਦਿੱਤਾ ਗਿਆ। ਇਸ ਪਹਿਲ ਤਹਿਤ ਇੱਥੇ ਬਿਨਾਂ ਰਸਾਇਣਾਂ ਦੀ ਵਰਤੋਂ ਕੀਤੇ ਜੈਵਿਕ ਕਪਾਹ ਉਗਾਈ ਜਾਂਦੀ ਹੈ। ਇੱਥੇ ਕੁਦਰਤੀ ਰੰਗਾਂ ਵਾਲੀ ਕਪਾਹ ਵੀ ਉਗਾਈ ਜਾਂਦੀ ਹੈ, ਇਸ ਨਾਲ ਤਿਆਰ ਧਾਗੇ ਅਤੇ ਕੱਪੜੇ ਨੂੰ ਰੰਗਣ ਲਈ ਵੱਖਰੇ ਤੌਰ ’ਤੇ ਰਸਾਇਣ ਵਰਤਣ ਦੀ ਲੋੜ ਨਹੀਂ ਪੈਂਦੀ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਨਾਲ ਵਾਤਾਵਰਣ ਦੀ ਕਿੰਨੀ ਵੱਡੀ ਮਦਦ ਹੋ ਰਹੀ ਹੈ। ਸਾਥੀਓ, ਕੁਝ ਸਾਲ ਪਹਿਲਾਂ ‘ਨਵ-ਤ੍ਰਿੰਞਣ’ ਨੇ ਬੁਣਾਈ ਸਿਖਾਉਣ ਵਾਲਾ ਇੱਕ ਸਕੂਲ ਵੀ ਸ਼ੁਰੂ ਕੀਤਾ। ਇਸ ਦਾ ਟੀਚਾ ਬੁਣਾਈ ਦੇ ਹੁਨਰ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਹੈ। ਇਸ ਸਕੂਲ ਨੇ ਵੀ ਬਹੁਤ ਸਾਰੀਆਂ ਔਰਤਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਰਮਨਦੀਪ ਕੌਰ ਜੀ ਇਸ ਦੀ ਇੱਕ ਮਿਸਾਲ ਹਨ। ਪਹਿਲਾਂ ਉਹ ਮਜ਼ਦੂਰ ਵਜੋਂ ਕੰਮ ਕਰਦੇ ਸਨ, ਪਰ ਸਕੂਲ ਵਿੱਚ ਸਿਖਲਾਈ ਤੋਂ ਬਾਅਦ ਅੱਜ ਉਨ੍ਹਾਂ ਦੀ ਪਛਾਣ ਇੱਕ ਮਾਹਰ ਬੁਣਕਰ ਵਜੋਂ ਹੈ। ਰੇਖਾ ਰਾਣੀ ਜੀ ਨੇ ਤਾਂ ਸਿਖਲਾਈ ਲੈਣ ਤੋਂ ਪਹਿਲਾਂ ਕਦੇ ਖੱਡੀ ਦੇਖੀ ਤੱਕ ਨਹੀਂ ਸੀ। ਉਨ੍ਹਾਂ ਵੱਲੋਂ ਬਣਾਈ ਗਈ ਸ਼ਾਲ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਜੀ ਨੂੰ ਭੇਟ ਕੀਤੀ ਗਈ ਹੈ। ਇਸੇ ਤਰ੍ਹਾਂ ਸੁਨੇਹਾ ਦੇਵੀ ਜੀ ਪਹਿਲਾਂ ਘਰਾਂ ਵਿੱਚ ਕੰਮ ਕਰਦੇ ਸਨ, ਪਰ ਅੱਜ ਉਹ ਖੱਡੀ ’ਤੇ ਕਮਾਲ ਦਾ ਕੱਪੜਾ ਤਿਆਰ ਕਰ ਰਹੇ ਹਨ। ਰਜਨੀ ਕੌਰ ਜੀ ਪਹਿਲਾਂ ਖੇਤਾਂ ਵਿੱਚ ਮਜ਼ਦੂਰੀ ’ਤੇ ਨਿਰਭਰ ਸਨ, ਹੁਣ ਨਵੇਂ ਹੁਨਰ ਨਾਲ ਉਨ੍ਹਾਂ ਨੂੰ ਘਰ ਚਲਾਉਣ ਵਿੱਚ ਕਾਫੀ ਮਦਦ ਮਿਲੀ ਹੈ। ਸਕੂਲ ਤੋਂ ਸਿਖਲਾਈ ਮਗਰੋਂ ਅਜਿਹੀਆਂ ਕਈ ਔਰਤਾਂ ਹੁਣ ਦੇਸੀ ਜੈਵਿਕ ਕਪਾਹ ਤੋਂ ਬਣੇ ਧਾਗਿਆਂ ਦੀ ਵਰਤੋਂ ਕਰਕੇ ਸ਼ਾਲ, ਤੌਲੀਏ ਅਤੇ ਹੋਰ ਕੱਪੜੇ ਤਿਆਰ ਕਰ ਰਹੀਆਂ ਹਨ। ਇਨ੍ਹਾਂ ਯਤਨਾਂ ਨਾਲ ਉਨ੍ਹਾਂ ਦੇ ਜੀਵਨ ਵਿੱਚ ਖੁਸ਼ਹਾਲੀ ਆ ਰਹੀ ਹੈ।

 

ਕੁਝ ਮਹੀਨੇ ਪਹਿਲਾਂ ਰਾਸ਼ਟਰੀ ਹੈਂਡਲੂਮ ਦਿਵਸ ਮੌਕੇ ਮੈਨੂੰ ਵੀ ਇਸ ਟੀਮ ਨਾਲ ਮਿਲਣ ਦਾ ਮੌਕਾ ਮਿਲਿਆ ਸੀ। ਉਸ ਦੌਰਾਨ ਮੈਂ ਕੰਮ ਪ੍ਰਤੀ ਉਨ੍ਹਾਂ ਦੇ ਜਨੂਨ ਅਤੇ ਸਮਰਪਣ ਨੂੰ ਮਹਿਸੂਸ ਕੀਤਾ ਸੀ। ਮੈਂ ਉਸ ਪੂਰੀ ਟੀਮ ਨੂੰ ਸੁਨਹਿਰੀ ਭਵਿੱਖ ਲਈ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਮੇਰੇ ਪਿਆਰੇ ਦੇਸ਼ਵਾਸੀਓ,

ਸਾਡੇ ਇੱਥੇ ਕੁਦਰਤ ਪ੍ਰਤੀ ਸਤਿਕਾਰ ਦੀ ਬਹੁਤ ਪੁਰਾਣੀ ਪਰੰਪਰਾ ਰਹੀ ਹੈ। ਸਾਡੇ ਪੁਰਖਿਆਂ ਨੇ ਸਾਨੂੰ ਸਿਖਾਇਆ ਹੈ ਕਿ ਆਪਣੇ ਆਲੇ-ਦੁਆਲੇ ਸਫਾਈ ਰੱਖਣਾ ਅਤੇ ਜਲ-ਸਰੋਤਾਂ ਦੀ ਦੇਖਭਾਲ ਕਰਨਾ ਸਾਡੀ ਆਪਣੀ ਜ਼ੁੰਮੇਵਾਰੀ ਹੈ। ਮੈਨੂੰ ਖ਼ੁਸ਼ੀ ਹੁੰਦੀ ਹੈ, ਜਦੋਂ ਮੈਂ ਦੇਖਦਾ ਹਾਂ ਕਿ ਦੇਸ਼ ਦੇ ਕਿੰਨੇ ਹੀ ਲੋਕ ਇਸੇ ਭਾਵਨਾ ਨੂੰ ਆਪਣਾ ਜੀਵਨ ਬਣਾਈ ਬੈਠੇ ਹਨ। ਇਹੀ ਭਾਵਨਾ ਉੱਤਰਾਖੰਡ ਦੇ ਟਿਹਰੀ ਗੜ੍ਹਵਾਲ ਵਿੱਚ ਵੀ ਦੇਖਣ ਨੂੰ ਮਿਲਦੀ ਹੈ। ਇੱਥੇ ਲੋਕਾਂ ਨੇ ਰਲ ਕੇ ਇੱਕ ਨਦੀ ਨੂੰ ਨਵਾਂ ਜੀਵਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹ ਨਦੀ ਹੈ ‘ਹੇਵਲ’। ਕੁਝ ਸਮਾਂ ਪਹਿਲਾਂ ਹੇਵਲ ਨਦੀ ਵਿੱਚ ਪਾਣੀ ਘਟਣ ਲੱਗਾ ਸੀ। ਆਸ-ਪਾਸ ਦੇ ਕੁਦਰਤੀ ਜਲ-ਸਰੋਤ ਵੀ ਸੁੱਕ ਰਹੇ ਸਨ। ਅਜਿਹੇ ਵਿੱਚ ਸਥਾਨਕ ਪ੍ਰਸ਼ਾਸਨ ਅਤੇ ਪਿੰਡ ਦੇ ਲੋਕਾਂ ਨੇ ਮਿਲ ਕੇ ਹੇਵਲ ਨਦੀ ਨੂੰ ਬਚਾਉਣ ਦੀ ਮੁਹਿੰਮ ਚਲਾਈ। ਇਸ ਦੌਰਾਨ ਮੀਂਹ ਦਾ ਪਾਣੀ ਰੋਕਣ ਦੇ ਉਪਾਅ ਕੀਤੇ ਗਏ, ਜ਼ਮੀਨ ਵਿੱਚ ਪਾਣੀ ਪਹੁੰਚਾਉਣ ਲਈ ਕੰਮ ਹੋਇਆ ਅਤੇ ਵੱਡੀ ਗਿਣਤੀ ਵਿੱਚ ਪੌਦੇ ਲਗਾਏ ਗਏ। ਅੱਜ ਇਸ ਕੋਸ਼ਿਸ਼ ਨਾਲ ਹੇਵਲ ਨਦੀ ਨੂੰ ਨਵਾਂ ਜੀਵਨਦਾਨ ਮਿਲਿਆ ਹੈ ਅਤੇ ਨਾਲ ਹੀ ਦਰਜਨਾਂ ਕੁਦਰਤੀ ਜਲ-ਸਰੋਤਾਂ ਨੂੰ ਮੁੜ ਸੁਰਜੀਤ ਕਰਨ ਵਿੱਚ ਵੀ ਮਦਦ ਮਿਲੀ ਹੈ।

 

ਸਾਥੀਓ,

ਜਦੋਂ ਸਮਾਜ ਅਜਿਹੀ ਭਾਵਨਾ ਨਾਲ ਇਕਜੁੱਟ ਹੁੰਦਾ ਹੈ ਤਾਂ ਬਦਲਾਅ ਦੀ ਗਾਰੰਟੀ ਪੱਕੀ ਹੋ ਜਾਂਦੀ ਹੈ। ਇਸ ਦੀ ਇੱਕ ਝਲਕ ਅਸੀਂ ਆਪਣੇ ਤਿਉਹਾਰਾਂ ਵਿੱਚ ਵੀ ਦੇਖਦੇ ਹਾਂ। ਕੁਝ ਹੀ ਦਿਨਾਂ ਬਾਅਦ ਦੀਵਾਲੀ ਅਤੇ ਛਠ ਦਾ ਪਵਿੱਤਰ ਤਿਉਹਾਰ ਆਉਣ ਵਾਲਾ ਹੈ। ਇਸ ਲਈ ਥਾਂ-ਥਾਂ ’ਤੇ ਸਾਫ਼-ਸਫ਼ਾਈ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਹ ਜ਼ਰੂਰੀ ਹੈ ਕਿ ਅਸੀਂ ਜਿੱਥੇ ਰਹਿੰਦੇ ਹਾਂ, ਉੱਥੇ ਦੀ ਸਫਾਈ ਦਾ ਧਿਆਨ ਰੱਖੀਏ। ਸਾਡੀਆਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਹੀ ਸਾਡੇ ਆਲੇ-ਦੁਆਲੇ ਵੱਡਾ ਬਦਲਾਅ ਲਿਆ ਸਕਦੀਆਂ ਹਨ।

 

ਮੇਰੇ ਪਿਆਰੇ ਦੇਸ਼ਵਾਸੀਓ,

ਤਿਉਹਾਰਾਂ ਦੇ ਇਸ ਮੌਸਮ ਵਿੱਚ ਆਪ ਸਾਰਿਆਂ ਨੇ ਆਪਣੇ ਆਲੇ-ਦੁਆਲੇ ਇੱਕ ਬਦਲਾਅ ਜ਼ਰੂਰ ਮਹਿਸੂਸ ਕੀਤਾ ਹੋਵੇਗਾ। ਹੁਣ ਲੋਕ ਖਰੀਦਦਾਰੀ ਕਰਦੇ ਸਮੇਂ ਦੇਸੀ ਉਤਪਾਦਾਂ ਨੂੰ ਬਹੁਤ ਅਹਿਮੀਅਤ ਦੇਣ ਲੱਗੇ ਹਨ। ‘ਵੋਕਲ ਫਾਰ ਲੋਕਲ’ ਦੀ ਇਹ ਭਾਵਨਾ ਹੁਣ ਸਾਡੇ ਉਤਪਾਦਾਂ ਨੂੰ ਦੁਨੀਆ ਦੇ ਬਾਜ਼ਾਰਾਂ ਤੱਕ ਪਹੁੰਚਾ ਰਹੀ ਹੈ। ਬਿਹਾਰ ਦੇ ਪੂਰਨੀਆ ਦਾ ਮਖਾਣਾ ਹੁਣ ਗ੍ਰੀਸ ਪਹੁੰਚ ਰਿਹਾ ਹੈ। ਕਰਨਾਟਕ ਦੇ ਕਲਬੁਰਗੀ ਦੀ ਅਰਹਰ ਦੀ ਦਾਲ ਹੁਣ ਮਾਲਦੀਵ ਜਾ ਰਹੀ ਹੈ, ਭਾਵ, ਭਾਰਤ ਦੇ ਕਿਸਾਨਾਂ ਲਈ ਦੁਨੀਆ ਵਿੱਚ ਨਵੇਂ ਬਾਜ਼ਾਰ ਖੁੱਲ੍ਹ ਰਹੇ ਹਨ। ਸਾਥੀਓ, ਸਥਾਨਕ ਉਤਪਾਦਾਂ ਦੀ ਚਰਚਾ ਕਰਦਿਆਂ, ਮੈਂ ਇੱਕ ਹੋਰ ਵਿਸ਼ੇ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ। ਕਿਸੇ ਵੀ ਉਤਪਾਦ ਦੀ ਗੁਣਵੱਤਾ ਦੇ ਨਾਲ-ਨਾਲ ਉਸ ਦੀ ਪੈਕਿੰਗ ਵੀ ਬਹੁਤ ਮਾਅਨੇ ਰੱਖਦੀ ਹੈ। ਕਈ ਵਾਰ ਅਸੀਂ ਬਾਜ਼ਾਰ ਵਿੱਚ ਕੋਈ ਚੀਜ਼ ਦੇਖਦੇ ਹਾਂ, ਤਾਂ ਉਸ ਦੀ ਵਧੀਆ ਪੈਕਿੰਗ ਦੇਖ ਕੇ ਹੀ ਉਸ ਨੂੰ ਹੱਥ ਵਿੱਚ ਫੜਦੇ ਹਾਂ। ਅਸੀਂ ਪੈਕਿੰਗ ਦੇਖ ਕੇ ਹੀ ਉਸ ਉਤਪਾਦ ਬਾਰੇ ਜਾਣਨਾ ਚਾਹੁੰਦੇ ਹਾਂ। ਇਸੇ ਗੱਲ ਨੂੰ ਸਮਝਦਿਆਂ ਹੁਣ ਪੈਕਿੰਗ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਸਾਥੀਓ, ਮਹਾਰਾਸ਼ਟਰ ਵਿੱਚ ਆਦਿਵਾਸੀ ਭਾਈਚਾਰਿਆਂ ਨੇ ਆਪਣੇ ਬਣਾਏ ਉਤਪਾਦਾਂ ਦੀ ਪੈਕਿੰਗ ’ਤੇ ਬਹੁਤ ਧਿਆਨ ਕੇਂਦਰਿਤ ਕੀਤਾ ਹੈ। ਇੱਥੇ ‘ਸ਼ਬਰੀ ਨੈਚੁਰਲਜ਼’ ਰਾਹੀਂ ਸ਼ਹਿਦ, ਮਹੂਆ, ਚਿਰੌਂਜੀ ਅਤੇ ਬਾਂਸ ਤੋਂ ਬਣੇ ਉਤਪਾਦ ਬਾਜ਼ਾਰ ਵਿੱਚ ਲਿਆਂਦੇ ਜਾ ਰਹੇ ਹਨ। ਇਨ੍ਹਾਂ ਦੀ ਪੈਕਿੰਗ ’ਤੇ ਆਦਿਵਾਸੀ ਕਲਾ ਦੀ ਛਾਪ ਹੈ। ਤੁਹਾਨੂੰ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਇਸ ਪੈਕਿੰਗ ਨੂੰ ਜਾਪਾਨ ਦਾ ਵੱਕਾਰੀ ‘ਗੁੱਡ ਡਿਜ਼ਾਈਨ ਐਵਾਰਡ’ ਮਿਲਿਆ ਹੈ। ਸਾਡੇ ਨੌਜਵਾਨ ਵੀ ਇਸ ਖੇਤਰ ਵਿੱਚ ਨਵੇਂ ਤਜਰਬੇ ਕਰ ਰਹੇ ਹਨ। ਕਰਨਾਟਕ ਦਾ ‘ਬੈਂਬੂ’ ਸਟਾਰਟ-ਅੱਪ, ਬਾਂਸ ਅਤੇ ਖੇਤੀ ਦੀ ਰਹਿੰਦ-ਖੂੰਹਦ ਤੋਂ ਪੈਕਿੰਗ ਸਮੱਗਰੀ ਬਣਾ ਰਿਹਾ ਹੈ।

 

ਸਾਥੀਓ,

ਜਦੋਂ ਸਥਾਨਕ ਉਤਪਾਦਾਂ ਦੀ ਗੱਲ ਹੁੰਦੀ ਹੈ ਤਾਂ ਖਾਦੀ ਦੀ ਚਰਚਾ ਸੁਭਾਵਿਕ ਹੈ। ਇਸ ਵਾਰ ਗਾਂਧੀ ਜਯੰਤੀ ਮੌਕੇ ਸਿਰਫ਼ ਇੱਕ ਦਿਨ ਵਿੱਚ ਖਾਦੀ ਗ੍ਰਾਮੋਦਯੋਗ ਦੇ ਉਤਪਾਦਾਂ ਦੀ ਵਿਕਰੀ 28 ਕਰੋੜ ਰੁਪਏ ਤੋਂ ਵੱਧ ਰਹੀ। ਇਹ ਪਿਛਲੇ ਸਾਲ ਨਾਲੋਂ ਵੀ ਡੇਢ ਕਰੋੜ ਰੁਪਏ ਵੱਧ ਹੈ, ਭਾਵ, ਖਾਦੀ ਦੀ ਲੋਕਪ੍ਰਿਯਤਾ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਇਸ ਦਾ ਲਾਭ ਉਨ੍ਹਾਂ ਲੋਕਾਂ ਤੱਕ ਵੀ ਪਹੁੰਚ ਰਿਹਾ ਹੈ, ਜਿਨ੍ਹਾਂ ਦੇ ਹੁਨਰ ਅਤੇ ਮਿਹਨਤ ਨਾਲ ਖਾਦੀ ਦਸਤਕਾਰੀ ਵਰਗੀਆਂ ਕਈ ਚੀਜ਼ਾਂ ਤਿਆਰ ਹੁੰਦੀਆਂ ਹਨ। ਸਾਥੀਓ, ਤਿਉਹਾਰਾਂ ’ਤੇ ਅਸੀਂ ਆਪਣੇ ਪਰਿਵਾਰ ਅਤੇ ਪਿਆਰਿਆਂ ਲਈ ਬਹੁਤ ਕੁਝ ਖਰੀਦਦੇ ਹਾਂ। ਇਸ ਵਾਰ ਵੀ ਖਰੀਦਦਾਰੀ ਕਰਦੇ ਸਮੇਂ ਸਥਾਨਕ ਕਾਰੀਗਰਾਂ ਦੇ ਬਣਾਏ ਉਤਪਾਦਾਂ ਨੂੰ ਪਹਿਲ ਦਿਓ। ਤੁਹਾਡੀ ਖਰੀਦਦਾਰੀ ਨਾਲ ਉਨ੍ਹਾਂ ਦਾ ਉਤਸ਼ਾਹ ਵਧੇਗਾ। ਤੁਹਾਡਾ ਇਹ ਆਪਣਾਪਣ ‘ਵੋਕਲ ਫਾਰ ਲੋਕਲ’ ਮੁਹਿੰਮ ਨੂੰ ਹੋਰ ਅੱਗੇ ਲੈ ਜਾਵੇਗਾ, ਅਤੇ ਜਿੰਨਾ ‘ਵੋਕਲ ਫਾਰ ਲੋਕਲ’ ਮੁਹਿੰਮ ਅੱਗੇ ਵਧੇਗੀ, ਓਨੀ ਹੀ ਤੇਜ਼ੀ ਨਾਲ ਆਤਮ-ਨਿਰਭਰ ਭਾਰਤ ਦਾ ਸੁਪਨਾ ਵੀ ਪੂਰਾ ਹੋਵੇਗਾ। ਅਤੇ ਇਸ ਲਈ ਮੇਰੀ ਨਿੱਜੀ ਤੌਰ ’ਤੇ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਸਥਾਨਕ ਕਾਰੀਗਰਾਂ ਦੇ ਬਣਾਏ ਉਤਪਾਦਾਂ ਨੂੰ ਪਹਿਲ ਦਿਓ, ਤਰਜੀਹ ਦਿਓ।

 

ਮੇਰੇ ਪਿਆਰੇ ਦੇਸ਼ਵਾਸੀਓ,

ਸਾਡੇ ਦੇਸ਼ ਦੇ ਲੋਕਾਂ ਦੀ ਇੱਕ ਵੱਡੀ ਵਿਸ਼ੇਸ਼ਤਾ ਹੈ। ਅਸੀਂ ਨਵੀਂ ਤਕਨਾਲੋਜੀ ਨੂੰ ਬਹੁਤ ਜਲਦੀ ਅਪਣਾ ਲੈਂਦੇ ਹਾਂ। ਅਸੀਂ ਸਹਿਜ ਰੂਪ ਵਿੱਚ ਤਕਨਾਲੋਜੀ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਵੀ ਬਣਾ ਲੈਂਦੇ ਹਾਂ। ‘ਈ-ਸੰਜੀਵਨੀ ਯੋਜਨਾ’ ਇਸ ਦੀ ਇੱਕ ਬਹੁਤ ਵਧੀਆ ਉਦਾਹਰਣ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਵਿੱਚ ਤਕਨਾਲੋਜੀ ਦੀ ਕਿਵੇਂ ਬਿਹਤਰ ਵਰਤੋਂ ਕੀਤੀ ਜਾ ਸਕਦੀ ਹੈ। ਮੈਨੂੰ ਇਹ ਦੇਖ ਕੇ ਬਹੁਤ ਤਸੱਲੀ ਹੁੰਦੀ ਹੈ ਕਿ ਇਸ ਰਾਹੀਂ ਹੁਣ ਤੱਕ ਕਰੀਬ 50 ਕਰੋੜ ਟੈਲੀ-ਕੰਸਲਟੇਸ਼ਨ (ਦੂਰ-ਸੰਚਾਰ ਰਾਹੀਂ ਡਾਕਟਰੀ ਸਲਾਹ) ਕੀਤੇ ਜਾ ਚੁੱਕੇ ਹਨ। ਇਹ ਅੰਕੜਾ ਬਹੁਤ ਵੱਡਾ ਹੈ। ਤਕਨਾਲੋਜੀ ਦੀ ਤਾਕਤ, ਸਾਡੇ ਡਾਕਟਰਾਂ ਦੇ ਸੇਵਾ ਭਾਵ ਅਤੇ ਦੇਸ਼ਵਾਸੀਆਂ ਦੇ ਵਿਸ਼ਵਾਸ ਦੀ ਇਹ ਬਿਹਤਰੀਨ ਉਦਾਹਰਣ ਹੈ।

 

ਸਾਥੀਓ,

ਅੱਜ ਈ-ਸੰਜੀਵਨੀ ਸੇਵਾ ਆਪਣੇ ਵਿਸ਼ਾਲ ਨੈੱਟਵਰਕ ਰਾਹੀਂ ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਵੀ ਪਹੁੰਚ ਚੁੱਕੀ ਹੈ। ਇਸ ਦਾ ਲਾਭ ਉਠਾਉਣ ਵਾਲੇ ਲੋਕਾਂ ਦੀਆਂ ਕਹਾਣੀਆਂ ਤੁਹਾਨੂੰ ਭਾਵੁਕ ਕਰ ਦੇਣਗੀਆਂ। ਅੰਡੇਮਾਨ-ਨਿਕੋਬਾਰ ਦੇ ਬਾਰਾਟਾਂਗ ਟਾਪੂ ਵਿੱਚ ਜਾਰਵਾ ਕਬੀਲੇ ਦੇ ਓਹੋ-ਤਾਹਾਨੇ ਨੂੰ ਤੇਜ਼ ਬੁਖਾਰ ਸੀ। ਸਾਹ ਲੈਣ ਵਿੱਚ ਵੀ ਪਰੇਸ਼ਾਨੀ ਹੋ ਰਹੀ ਸੀ। ਅਜਿਹੇ ਵਿੱਚ ਸਥਾਨਕ ਸਿਹਤ ਕਰਮਚਾਰੀਆਂ ਨੇ ਈ-ਸੰਜੀਵਨੀ ਰਾਹੀਂ ਮਾਹਰ ਡਾਕਟਰ ਨਾਲ ਸੰਪਰਕ ਕੀਤਾ। ਉਸ ਬੱਚੇ ਨੂੰ ਨਿਮੋਨੀਆ ਸੀ ਅਤੇ ਜਿਵੇਂ ਹੀ ਉਹ ਮਾਹਰ ਡਾਕਟਰ ਦੀ ਨਿਗਰਾਨੀ ਹੇਠ ਆਇਆ, ਉਸ ਦੀ ਹਾਲਤ ਵਿੱਚ ਤੇਜ਼ੀ ਨਾਲ ਸੁਧਾਰ ਹੋਣ ਲੱਗਾ।

 

ਸਾਥੀਓ,

ਲਕਸ਼ਦੀਪ ਦੇ ਕਲਪੇਨੀ ਵਿੱਚ ਕਰੀਬ 60 ਸਾਲਾ ਕੁੰਨ੍ਹੀ ਕੋਇਆ ਜੀ ਦੀ ਤਬੀਅਤ ਇੱਕ ਦਿਨ ਅਚਾਨਕ ਵਿਗੜ ਗਈ ਸੀ। ਉਦੋਂ ਸਮੁੰਦਰ ਦੇ ਪਾਰ ਕਵਰੱਤੀ ਵਿੱਚ ਬੈਠੇ ਤਜਰਬੇਕਾਰ ਡਾਕਟਰ ਨਾਲ ਈ-ਸੰਜੀਵਨੀ ਰਾਹੀਂ ਸੰਪਰਕ ਕੀਤਾ ਗਿਆ। ਉਨ੍ਹਾਂ ਤਜਰਬੇਕਾਰ ਡਾਕਟਰ ਨੇ ਸਥਾਨਕ ਮੈਡੀਕਲ ਟੀਮ ਨੂੰ ਸੇਧ ਦਿੱਤੀ ਅਤੇ ਕੁੰਨ੍ਹੀ ਕੋਇਆ ਜੀ ਨੂੰ ਰਾਹਤ ਪਹੁੰਚਾਈ। ਲੱਦਾਖ ਦੇ ਜਾਂਸਕਰ ਵਿੱਚ ਕੁੰਜਾਂਗ ਡੋਲਮਾ ਜੀ ਨੂੰ ਗਰਭ ਅਵਸਥਾ ਦੌਰਾਨ ਕੁਝ ਦਿੱਕਤਾਂ ਆ ਗਈਆਂ ਸਨ। ਇਸ ਸਥਿਤੀ ਵਿੱਚ ਈ-ਸੰਜੀਵਨੀ ਉਨ੍ਹਾਂ ਦੇ ਕੰਮ ਆਈ ਅਤੇ ਸਪੈਸ਼ਲਿਸਟ ਡਾਕਟਰ ਨੇ ਤੁਰੰਤ ਉਨ੍ਹਾਂ ਦੀ ਮਦਦ ਕੀਤੀ। ਨਾਗਾਲੈਂਡ ਦੇ ਪੇਰੇਨ ਵਿੱਚ 12 ਸਾਲਾ ਮੁਸ਼ੇਮ ਨੂੰ ਕੰਨ ਵਿੱਚ ਇਨਫੈਕਸ਼ਨ ਅਤੇ ਬੁਖਾਰ ਸੀ। ਉਨ੍ਹਾਂ ਨੂੰ ਵੀ ਈ-ਸੰਜੀਵਨੀ ਦਾ ਫਾਇਦਾ ਹੋਇਆ। ਮਾਹਰ ਡਾਕਟਰ ਨੇ ਤੁਰੰਤ ਉਨ੍ਹਾਂ ਦੀ ਬਿਮਾਰੀ ਪਛਾਣ ਲਈ ਅਤੇ ਸਹੀ ਦਵਾਈਆਂ ਦੱਸੀਆਂ।

 

ਸਾਥੀਓ,

ਇੱਕ ਸਮਾਂ ਸੀ ਜਦੋਂ ਡਾਕਟਰ ਨੂੰ ਦਿਖਾਉਣ ਅਤੇ ਛੋਟੀ ਜਿਹੀ ਸਿਹਤ ਜਾਂਚ ਕਰਵਾਉਣ ਵਿੱਚ ਵੀ ਲੋਕਾਂ ਨੂੰ ਕਾਫੀ ਸਮਾਂ ਲੱਗ ਜਾਂਦਾ ਸੀ, ਬਹੁਤ ਮੁਸ਼ਕਿਲਾਂ ਆਉਂਦੀਆਂ ਸਨ। ਅੱਜ ਦੇਸ਼ ਭਰ ਵਿੱਚ ਤਕਰੀਬਨ 1 ਲੱਖ 90 ਹਜ਼ਾਰ ਆਯੁਸ਼ਮਾਨ ਆਰੋਗਯ ਮੰਦਰ ਲੋਕਾਂ ਦੇ ਜੀਵਨ ਵਿੱਚ ਨਵੀਆਂ-ਨਵੀਆਂ ਸਹੂਲਤਾਂ ਲੈ ਕੇ ਆਏ ਹਨ। ਇਹ ਆਰੋਗਯ ਮੰਦਰ ਇੱਕ ਤਰ੍ਹਾਂ ਨਾਲ ਪੰਚਾਇਤਾਂ ਦੇ ਵੈਲਨੈੱਸ ਸੈਂਟਰਾਂ ਵਜੋਂ ਵਿਕਸਿਤ ਹੋ ਰਹੇ ਹਨ। ਸਭ ਤੋਂ ਖ਼ੁਸ਼ੀ ਦੀ ਗੱਲ ਇਹ ਹੈ ਕਿ ਹੁਣ ਪਿੰਡਾਂ ਦੇ ਲੋਕ ਵੀ ਨਿਯਮਤ ਜਾਂਚ ਕਰਵਾ ਰਹੇ ਹਨ, ਤਾਂ ਜੋ ਉਹ ਸਿਹਤਮੰਦ ਰਹਿਣ। ਅਤੇ ਇਸ ਵਿੱਚ ਈ-ਸੰਜੀਵਨੀ ਬਹੁਤ ਵੱਡੀ ਭੂਮਿਕਾ ਨਿਭਾ ਰਹੀ ਹੈ।

 

ਮੇਰੇ ਪਿਆਰੇ ਦੇਸ਼ਵਾਸੀਓ,

ਇਸ ਮਹੀਨੇ ਦੇ ਸ਼ੁਰੂ ਵਿੱਚ ਮੈਂ ਚੇਨਈ ਗਿਆ ਸੀ। ਉੱਥੇ ਮੇਰੀ ਮੁਲਾਕਾਤ ਦੇਸ਼ ਦੇ ਕਈ ਵਿਗਿਆਨੀਆਂ, ਖੋਜਕਰਤਾਵਾਂ ਅਤੇ ਨੌਜਵਾਨ ਪ੍ਰਤਿਭਾਵਾਂ ਨਾਲ ਹੋਈ। ਸਾਡੇ ਨੌਜਵਾਨ ਅੱਜ ਅਜਿਹੇ ਵਿਸ਼ਿਆਂ ’ਤੇ ਵੀ ਕੰਮ ਕਰ ਰਹੇ ਹਨ ਜੋ ਪੂਰੀ ਮਨੁੱਖਤਾ ਦਾ ਭਵਿੱਖ ਬਦਲ ਸਕਦੇ ਹਨ ਅਤੇ ਅਜਿਹਾ ਹੀ ਇੱਕ ਖੇਤਰ ਹੈ ਬ੍ਰੇਨ ਰਿਸਰਚ। ਇਸੇ ਨਾਲ ਜੁੜੇ, ‘ਸੁਧਾ ਗੋਪਾਲਕ੍ਰਿਸ਼ਨਨ ਬ੍ਰੇਨ ਸੈਂਟਰ’ ਦਾ ਮੈਂ ਆਈਆਈਟੀ ਮਦਰਾਸ ਵਿੱਚ ਉਦਘਾਟਨ ਕੀਤਾ ਸੀ। ਇਸ ਸੈਂਟਰ ਨੇ ਇੱਕ ਬ੍ਰੇਨ ਇਮੇਜਿੰਗ ਟੈਕਨਾਲੋਜੀ ਪਲੇਟਫਾਰਮ ਬਣਾਇਆ ਹੈ ਜੋ ਪੂਰੀ ਦੁਨੀਆ ਲਈ ਇੱਕ ਮਿਸਾਲ ਹੈ। ਇਸ ਰਾਹੀਂ ਮਨੁੱਖੀ ਦਿਮਾਗ ਦੀਆਂ ਹਾਈ-ਰੈਜ਼ੋਲੂਸ਼ਨ ਡਿਜੀਟਲ ਥ੍ਰੀਡੀ ਤਸਵੀਰਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦਾ ਟੀਚਾ ਆਉਣ ਵਾਲੇ ਦਿਨਾਂ ਵਿੱਚ 100 ਮਨੁੱਖੀ ਦਿਮਾਗਾਂ ਦੀ ਥ੍ਰੀਡੀ ਮੈਪਿੰਗ ਕਰਕੇ ਉਨ੍ਹਾਂ ਦਾ ਬਾਰੀਕੀ ਨਾਲ ਅਧਿਐਨ ਕਰਨਾ ਹੈ। ਪੂਰੀ ਦੁਨੀਆ ਵਿੱਚ ਇਹ ਇਸ ਤਰ੍ਹਾਂ ਦਾ ਪਹਿਲਾ ਮਿਸ਼ਨ ਹੈ। ਇਸ ਕੰਮ ਵਿੱਚ ਪਰਮ ਸ਼ਕਤੀ ਸੁਪਰ ਕੰਪਿਊਟਰ ਦੀ ਵਰਤੋਂ ਕੀਤੀ ਜਾ ਰਹੀ ਹੈ।

 

ਸਾਥੀਓ,

ਇਸ ਬ੍ਰੇਨ ਸੈਂਟਰ ਦੇ ਨਿਰਮਾਣ ਵਿੱਚ ਦੇਸ਼ ਦੀ ਇੰਡਸਟਰੀ ਨੇ ਸਰਕਾਰ ਨਾਲ ਮਿਲ ਕੇ ਵੱਡੀ ਭੂਮਿਕਾ ਨਿਭਾਈ ਹੈ। ਆਈਆਈਟੀ ਦੇ ਕਈ ਸਾਬਕਾ ਵਿਦਿਆਰਥੀ ਅਤੇ ਸਿੱਖਿਆ ਸ਼ਾਸਤਰੀ ਵੀ ਇਸ ਰਿਸਰਚ ਸੈਂਟਰ ਲਈ ਅੱਗੇ ਆਏ ਹਨ। ਇਹ ਪ੍ਰੋਜੈਕਟ ਇੰਨਾ ਅਹਿਮ ਇਸ ਲਈ ਹੈ, ਕਿਉਂਕਿ ਵਿਗਿਆਨ ਦੀ ਇੰਨੀ ਤਰੱਕੀ ਦੇ ਬਾਵਜੂਦ ਵੀ ਮਨੁੱਖੀ ਦਿਮਾਗ ਅੱਜ ਵੀ ਇੱਕ ਵੱਡੀ ਵਿਗਿਆਨਕ ਬੁਝਾਰਤ ਹੈ। ਅੱਜ ਵੀ ਅਲਜ਼ਾਈਮਰ ਅਤੇ ਡਿਮੈਂਸ਼ੀਆ ਵਰਗੀਆਂ ਬਿਮਾਰੀਆਂ ਹਨ, ਜਿਨ੍ਹਾਂ ਦਾ ਕੋਈ ਠੋਸ ਇਲਾਜ ਨਹੀਂ ਹੈ। ਇਸ ਲਈ ਵਿਗਿਆਨ ਮਨੁੱਖੀ ਦਿਮਾਗ ਦੀ ਕਾਰਜਪ੍ਰਣਾਲੀ ਨੂੰ ਜਿੰਨੀ ਡੂੰਘਾਈ ਨਾਲ ਸਮਝੇਗਾ, ਆਉਣ ਵਾਲੇ ਸਮੇਂ ਵਿੱਚ ਓਨੇ ਹੀ ਨਵੇਂ ਰਾਹ ਖੁੱਲ੍ਹਣਗੇ। ਇਹ ਵੀ ਤੈਅ ਹੋਇਆ ਹੈ ਕਿ 100 ਮਨੁੱਖੀ ਦਿਮਾਗਾਂ ਦਾ ਇਹ ਡੇਟਾ ਅੱਗੇ ਵੱਖ-ਵੱਖ ਖੇਤਰਾਂ ਵਿੱਚ ਰਿਸਰਚ ਲਈ ਓਪਨ ਸੋਰਸ ਵਜੋਂ ਮੁਹੱਈਆ ਕਰਵਾਇਆ ਜਾਵੇਗਾ।

 

ਸਾਥੀਓ,

ਇਸ ਤਰ੍ਹਾਂ ਦੀ ਆਧੁਨਿਕ ਖੋਜ ਵਿੱਚ ਅੰਗਦਾਨ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਜਿਹੜੇ ਲੋਕ ਆਪਣਾ ਜੀਵਨ ਪੂਰਾ ਕਰਨ ਤੋਂ ਬਾਅਦ ਅੰਗਦਾਨ ਕਰਕੇ ਜਾਂਦੇ ਹਨ, ਉਹ ਕਿੰਨੇ ਹੀ ਲੋਕਾਂ ਦਾ ਜੀਵਨ ਵੀ ਬਚਾਉਂਦੇ ਹਨ ਅਤੇ ਰਿਸਰਚ ਨੂੰ ਵੀ ਸੰਭਵ ਬਣਾਉਂਦੇ ਹਨ। ਅਜਿਹੀ ਹੀ ਇੱਕ ਉਦਾਹਰਣ ਹੈ – ਮੱਧ ਪ੍ਰਦੇਸ਼ ਵਿੱਚ ਨਰਮਦਾਪੁਰਮ ਦੀ ਸ਼ਿਵਾਨੀ ਜੀ ਦੀ। ਸ਼ਿਵਾਨੀ ਜੀ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਪਰਿਵਾਰ ’ਤੇ ਮੁਸੀਬਤ ਟੁੱਟ ਪਈ, ਪਰ ਇਸ ਔਖੇ ਸਮੇਂ ਵਿੱਚ ਵੀ ਉਨ੍ਹਾਂ ਦੇ ਪਰਿਵਾਰ ਨੇ ਇੱਕ ਅਜਿਹਾ ਫੈਸਲਾ ਲਿਆ, ਜੋ ਸਾਡੇ ਸਾਰਿਆਂ ਲਈ ਪ੍ਰੇਰਨਾ ਹੈ। ਇਹ ਫੈਸਲਾ ਸੀ- ਸ਼ਿਵਾਨੀ ਜੀ ਦੇ ਅੰਗਦਾਨ ਦਾ। ਸ਼ਿਵਾਨੀ ਜੀ ਦੇ ਪਰਿਵਾਰ ਦੇ ਇਸ ਫੈਸਲੇ ਨੇ ਸਮਾਜ ਅਤੇ ਦੇਸ਼ ਲਈ ਇੱਕ ਵੱਡਾ ਸੰਦੇਸ਼ ਦਿੱਤਾ ਹੈ। ਮਨੁੱਖਤਾ ਦੇ ਅਜਿਹੇ ਇੱਕ ਕਦਮ ਨਾਲ ਕਿਸੇ ਪਰਿਵਾਰ ਵਿੱਚ ਖ਼ੁਸ਼ੀਆਂ ਫਿਰ ਤੋਂ ਪਰਤ ਸਕਦੀਆਂ ਹਨ ਅਤੇ ਨਾਲ ਹੀ ਰਿਸਰਚ ਦੇ ਕੰਮਾਂ ਵਿੱਚ ਵੀ ਵੱਡੀ ਮਦਦ ਮਿਲਦੀ ਹੈ।

 

ਮੇਰੇ ਪਿਆਰੇ ਦੇਸ਼ਵਾਸੀਓ,

ਚੇਨਈ ਦੇ ਮੇਰੇ ਦੌਰੇ ਦੇ ਹੋਰ ਵੀ ਤਜਰਬਿਆਂ ਦੀ ਚਰਚਾ ਮੈਂ ਆਪ ਸਭ ਨਾਲ ਕਰਨਾ ਚਾਹਾਂਗਾ। ਮੇਰਾ ਪਹਿਲਾ ਤਜਰਬਾ ਸੀ – ਮੈਟਰੋ ਵਿੱਚ ਨੌਜਵਾਨਾਂ ਨਾਲ ਗੱਲਬਾਤ। ਜਦਕਿ ਦੂਜਾ ਪ੍ਰੋਗਰਾਮ ਸੀ – ਆਈਆਈਟੀ ਮਦਰਾਸ ਦਾ ਮੇਰਾ ਦੌਰਾ। ਇਸ ਦੌਰਾਨ ਇਹ ਦੇਖਣਾ ਬਹੁਤ ਸੁਖਦ ਰਿਹਾ ਕਿ ਸਾਡੀ ਨੌਜਵਾਨ ਸ਼ਕਤੀ ਕਿਵੇਂ ਸਮੱਸਿਆਵਾਂ ਦੇ ਨਵੇਂ ਅਤੇ ਨਵੀਨਕਾਰੀ ਹੱਲਾਂ ’ਤੇ ਕੰਮ ਕਰ ਰਹੀ ਹੈ। ਮੈਂ ਜਿਨ੍ਹਾਂ ਸਟਾਰਟ-ਅੱਪਸ ਨਾਲ ਮਿਲਿਆ, ਉਨ੍ਹਾਂ ਵਿੱਚੋਂ ਇੱਕ ਸੋਨੇ ਦੀ ਗੁਣਵੱਤਾ ਨੂੰ ਪਰਖਣ ’ਤੇ ਕੰਮ ਕਰਦਾ ਹੈ। ਇਸ ਨਾਲ ਸੋਨੇ ਦੀ ਖਰੀਦਦਾਰੀ ਵਿੱਚ ਹੋਣ ਵਾਲੀ ਧੋਖਾਧੜੀ ਤੋਂ ਬਚਿਆ ਜਾ ਸਕਦਾ ਹੈ। ਨੌਜਵਾਨਾਂ ਦੀ ਇੱਕ ਟੀਮ, ਇੱਕ ਅਜਿਹੇ ਪਲੇਟਫਾਰਮ ’ਤੇ ਵੀ ਕੰਮ ਕਰ ਰਹੀ ਹੈ ਜਿਸ ਰਾਹੀਂ ਬੈਂਕ ਧੋਖਾਧੜੀ ਨਾਲ ਕੱਢੀ ਗਈ ਰਕਮ ਨੂੰ ਤੇਜ਼ੀ ਨਾਲ ਵਾਪਸ ਲਿਆਂਦਾ ਜਾ ਸਕੇਗਾ। ਉੱਥੇ ਹੀ ਇੱਕ ਟੀਮ ਇਸ ’ਤੇ ਵੀ ਕੰਮ ਕਰ ਰਹੀ ਹੈ ਕਿ ਸਰਵਾਈਕਲ ਕੈਂਸਰ ਦੀ ਸਕ੍ਰੀਨਿੰਗ ਵਿੱਚ ਏਆਈ ਕਿਵੇਂ ਮਦਦਗਾਰ ਬਣ ਸਕਦੀ ਹੈ। ਸਾਥੀਓ, ਆਈਆਈਟੀ ਦੀ ਗੱਲਬਾਤ ਪੂਰੀ ਤਰ੍ਹਾਂ ਨਾਲ ਡੀਪ-ਟੈੱਕ ’ਤੇ ਕੇਂਦਰਿਤ ਸੀ। ਇਨ੍ਹਾਂ ਸਟਾਰਟ-ਅੱਪਸ ਨੂੰ ਆਈਆਈਟੀ ਮਦਰਾਸ ਦੇ ਇਨਕਿਊਬੇਸ਼ਨ ਮਾਹੌਲ ਤੋਂ ਮਦਦ ਮਿਲ ਰਹੀ ਹੈ। ਇਨ੍ਹਾਂ ਵਿੱਚੋਂ ਹੀ ਇੱਕ ਸਟਾਰਟ-ਅੱਪ ਸਮੁੰਦਰ ਦੇ ਉੱਪਰ ਉੱਡਣ ਵਾਲਾ ਇਲੈਕਟ੍ਰਿਕ ਵਹੀਕਲ ਵਿਕਸਿਤ ਕਰ ਰਿਹਾ ਹੈ। ਇੱਕ ਹੋਰ ਸਟਾਰਟ-ਅੱਪ ਡਰੋਨ ਅਤੇ ਇਲੈਕਟ੍ਰਿਕ ਗੱਡੀਆਂ ਲਈ ਤੇਜ਼ੀ ਨਾਲ ਚਾਰਜ ਹੋਣ ਵਾਲੀਆਂ ਬੈਟਰੀਆਂ ਬਣਾ ਰਿਹਾ ਹੈ। ਇੱਕ ਟੀਮ ਡਿਫੈਂਸ ਟੈਕਨਾਲੋਜੀ ਵਿੱਚ ਏਆਈ ਦੀ ਵਰਤੋਂ ’ਤੇ ਕੰਮ ਕਰ ਰਹੀ ਹੈ।

 

ਸਾਥੀਓ,

ਅੱਜ ਸਾਡੇ ਨੌਜਵਾਨ ਇੰਨੇ ਅਸਾਧਾਰਣ ਕੰਮ ਇਸ ਲਈ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਸਹੀ ਮਾਹੌਲ ਅਤੇ ਸਹਿਯੋਗ ਮਿਲ ਰਿਹਾ ਹੈ। ਨਹੀਂ ਤਾਂ, ਸਾਡੇ ਦੇਸ਼ ਵਿੱਚ ਪ੍ਰਤਿਭਾਵਾਂ ਦੀ ਕਦੇ ਕਮੀ ਨਹੀਂ ਰਹੀ। ਅੱਜ ਤੋਂ ਕੁਝ ਹੀ ਦਿਨਾਂ ਬਾਅਦ 31 ਅਕਤੂਬਰ ਨੂੰ, ਭਾਰਤ ਦੇ ਇੱਕ ਅਜਿਹੇ ਹੀ ਮਹਾਨ ਵਿਗਿਆਨੀ ਨਰਿੰਦਰ ਸਿੰਘ ਕਪਾਨੀ ਜੀ ਦੀ 100ਵੀਂ ਜਨਮ-ਸ਼ਤਾਬਦੀ ਹੈ। ਉਨ੍ਹਾਂ ਨੂੰ ਦੁਨੀਆ ‘ਫਾਦਰ ਆਫ ਫਾਈਬਰ ਆਪਟਿਕਸ’ ਵਜੋਂ ਜਾਣਦੀ ਹੈ। ਉਨ੍ਹਾਂ ਦਾ ਜਨਮ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਹੋਇਆ ਸੀ। ਰੌਸ਼ਨੀ ਨੂੰ ਬਾਰੀਕ ਫਾਈਬਰ ਰਾਹੀਂ ਅੱਗੇ ਪਹੁੰਚਾਉਣ ਦੀ ਤਕਨੀਕ ਵਿੱਚ ਉਨ੍ਹਾਂ ਦੀ ਆਧੁਨਿਕ ਖੋਜ ਨੇ ਸੰਚਾਰ ਦੀ ਦੁਨੀਆ ਨੂੰ ਨਵੀਂ ਦਿਸ਼ਾ ਦਿੱਤੀ। ਅੱਜ ਇੰਟਰਨੈੱਟ ਅਤੇ ਡਿਜੀਟਲ ਸੰਚਾਰ ਦੇ ਜਿਸ ਯੁੱਗ ਵਿੱਚ ਅਸੀਂ ਜੀਅ ਰਹੇ ਹਾਂ, ਉਸ ਦੀ ਕਲਪਨਾ ਵੀ ਫਾਈਬਰ ਆਪਟਿਕਸ ਤੋਂ ਬਿਨਾਂ ਬਹੁਤ ਮੁਸ਼ਕਿਲ ਹੈ। ਅੱਜ ਇਸ ਮੌਕੇ ’ਤੇ ਅਸੀਂ ਨਰਿੰਦਰ ਸਿੰਘ ਕਪਾਨੀ ਜੀ ਨੂੰ ਸਲਾਮ ਕਰਦੇ ਹਾਂ। ਮੈਂ ਚਾਹਾਂਗਾ, ਸਾਡੇ ਨੌਜਵਾਨ ਕਪਾਨੀ ਜੀ ਵਰਗੇ ਵਿਗਿਆਨੀਆਂ ਬਾਰੇ ਪੜ੍ਹਨ, ਜਾਣਨ ਅਤੇ ਉਨ੍ਹਾਂ ਤੋਂ ਪ੍ਰੇਰਨਾ ਲੈਣ।

 

ਸਾਥੀਓ,

ਕੁਝ ਹੀ ਦਿਨਾਂ ਬਾਅਦ 31 ਅਕਤੂਬਰ ਨੂੰ ਸਰਦਾਰ ਵੱਲਭਭਾਈ ਪਟੇਲ ਜੀ ਦੀ ਜਯੰਤੀ ਹੈ। ਇਸ ਦਿਨ ਨੂੰ ਦੇਸ਼ ‘ਏਕਤਾ ਦਿਵਸ’ ਵਜੋਂ ਮਨਾਉਂਦਾ ਹੈ। ਇਸ ਮੌਕੇ ਦੇਸ਼ ਭਰ ਵਿੱਚ ‘ਏਕਤਾ ਦੌੜ’ ਭਾਵ ‘ਰਨ ਫਾਰ ਯੂਨਿਟੀ’ ਕਰਵਾਈ ਜਾਂਦੀ ਹੈ। ‘ਰਨ ਫਾਰ ਯੂਨਿਟੀ’ ਸਾਡੀ ਏਕਤਾ ਨੂੰ ਮਜ਼ਬੂਤ ਕਰਨ ਅਤੇ ਦੇਸ਼ ਪ੍ਰਤੀ ਆਪਣੇ ਸੰਕਲਪ ਨੂੰ ਦੁਹਰਾਉਣ ਦਾ ਇੱਕ ਬਹੁਤ ਵੱਡਾ ਮੌਕਾ ਹੈ। ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਵਾਰ ਵੀ ‘ਰਨ ਫਾਰ ਯੂਨਿਟੀ’ ਵਿੱਚ ਵੱਧ-ਚੜ੍ਹ ਕੇ ਹਿੱਸਾ ਲਓ। ਆਪਣੇ ਪਰਿਵਾਰ, ਆਪਣੇ ਮਿੱਤਰਾਂ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਆਪਣੇ ਨਾਲ ਜੋੜੋ।

 

ਸਾਥੀਓ,

ਆਪ ਸਾਰਿਆਂ ਨੂੰ ਯਾਦ ਹੋਵੇਗਾ ਕਿ ਭਾਰਤ ਦੇ ਸੱਦੇ ’ਤੇ ਸਾਲ 2023 ਨੂੰ ‘ਇੰਟਰਨੈਸ਼ਨਲ ਈਅਰ ਆਫ ਮਿਲਟਸ’ (ਕੌਮਾਂਤਰੀ ਮੋਟਾ ਅਨਾਜ ਵਰ੍ਹਾ) ਵਜੋਂ ਮਨਾਇਆ ਗਿਆ ਸੀ। ਇਸ ਨੂੰ ਪੂਰੀ ਦੁਨੀਆ ਵਿੱਚ ਬਹੁਤ ਹਾਂ-ਪੱਖੀ ਹੁੰਗਾਰਾ ਮਿਲਿਆ ਸੀ। ਇਸ ਪਹਿਲ ਰਾਹੀਂ ਲੋਕਾਂ ਨੇ ਜਾਣਿਆ ਕਿ ਸੁਪਰ ਫੂਡ ਸ੍ਰੀਅੰਨ, ਭਾਵ ਮਿਲਟਸ, ਸਾਡੇ ਆਪਣੇ ਸੱਭਿਆਚਾਰ ਨਾਲ ਕਿੰਨੀ ਡੂੰਘਾਈ ਨਾਲ ਜੁੜੇ ਹੋਏ ਹਨ। ਨਾਰਥ-ਈਸਟ (ਉੱਤਰ-ਪੂਰਬ) ਵਿੱਚ ਵੀ ਮਿਲਟਸ ਦੀ ਖੇਤੀ ਦੀ ਇੱਕ ਅਮੀਰ ਪਰੰਪਰਾ ਰਹੀ ਹੈ। ਪਰ ਸਮੇਂ ਦੇ ਨਾਲ ਲੋਕ ਇਸ ਤੋਂ ਦੂਰ ਹੋ ਰਹੇ ਸਨ। ਹੁਣ ਇਹ ਸਥਿਤੀ ਬਦਲ ਰਹੀ ਹੈ।

 

ਸਾਥੀਓ,

ਮੇਘਾਲਿਆ ਦੇ ਪੱਛਮੀ ਜਯੰਤੀਆ ਹਿਲਸ ਜ਼ਿਲ੍ਹੇ ਵਿੱਚ ਖਾਂਡੂਲੀ ਨਾਂ ਦਾ ਇੱਕ ਪਿੰਡ ਹੈ। ਇੱਥੇ ਕਈ ਪੀੜ੍ਹੀਆਂ ਤੋਂ ਮਿਲਟਸ, ਸਥਾਨਕ ਭੋਜਨ ਸੱਭਿਆਚਾਰ ਦਾ ਅਹਿਮ ਹਿੱਸਾ ਰਹੇ ਹਨ। ਪਰ ਕੁਝ ਸਮੇਂ ਤੋਂ, ਇੱਥੇ ਇਨ੍ਹਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਘੱਟ ਰਹੀ ਸੀ, ਅਜਿਹੇ ਵਿੱਚ, ਇੱਥੋਂ ਦੀਆਂ ਦੋ ਸਹੇਲੀਆਂ ਨੇ ਇੱਕ ਨਵੀਂ ਪਹਿਲ ਕੀਤੀ। ਉਨ੍ਹਾਂ ਨੇ ਮਿਲਟਸ ਤੋਂ ਨਵੇਂ ਉਤਪਾਦ ਬਣਾਉਣ ’ਤੇ ਧਿਆਨ ਦਿੱਤਾ। ਮਿਲਟਸ ਦੀ ਵੈਲਿਊ ਐਡੀਸ਼ਨ ਕਰਦਿਆਂ ਉਨ੍ਹਾਂ ਨੇ ਕੁਕੀਜ਼, ਕੇਕ ਅਤੇ ਮਫਿਨਸ ਦੇ ਨਾਲ-ਨਾਲ ਮਿਲਟਸ ਤੋਂ ਬਣੇ ਬੇਬੀ ਫੂਡ ਵੀ ਤਿਆਰ ਕੀਤੇ। ਇਸ ਨਾਲ ਮਿਲਟਸ ਤੋਂ ਬਣੇ ਉਤਪਾਦਾਂ ਦੀ ਵਿਕਰੀ ਵਧੀ ਅਤੇ ਮਿਲਟਸ ਦੀ ਮੰਗ ਵੀ ਵਧਣ ਲੱਗੀ। ਅਜਿਹੇ ਵਿੱਚ ਇੱਥੋਂ ਦੇ ਕਿਸਾਨਾਂ ਨੇ ਵੀ ਫਿਰ ਤੋਂ ਮਿਲਟਸ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੈ।

 

ਸਾਥੀਓ,

ਮੇਘਾਲਿਆ ਦੇ ਹੀ ਪੱਛਮੀ ਗਾਰੋ ਹਿਲਸ ਜ਼ਿਲ੍ਹੇ ਦੇ ਸਾਦੋਲਪਾੜਾ ਪਿੰਡ ਵਿੱਚ ਵੀ ਕੁਝ ਨਵੇਂ ਉਪਰਾਲੇ ਹੋ ਰਹੇ ਹਨ। ਇੱਥੋਂ ਦੇ ਕਿਸਾਨ ਚੇਕਜਿੰਗ ਸੰਗਮਾ ਜੀ ਨੇ ਮਿਲਟਸ ਦੀ ਅਹਿਮੀਅਤ ਸਮਝਦਿਆਂ ਆਧੁਨਿਕ ਤਰੀਕਿਆਂ ਨਾਲ ਇਸ ਦੀ ਖੇਤੀ ਸ਼ੁਰੂ ਕੀਤੀ ਹੈ। ਇਸ ਨਾਲ ਉਨ੍ਹਾਂ ਦੀ ਆਮਦਨ ਵੀ ਵਧੀ ਹੈ ਅਤੇ ਪਿੰਡ ਵਿੱਚ ਵੀ ਇੱਕ ਜਾਗਰੂਕਤਾ ਆਈ ਹੈ। ਇਸੇ ਤਰ੍ਹਾਂ ਨਾਗਾਲੈਂਡ ਦੇ ਕੋਹਿਮਾ ਦਾ ਇੱਕ ਪਿੰਡ ਹੈ ਕੇਜ਼ੋਮਾ। ਇਸ ਪਿੰਡ ਵਿੱਚ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਮਿਲਟਸ ਦੀ ਖੇਤੀ ਬੰਦ ਸੀ। ਇਸ ਕਾਰਨ ਇੱਥੇ ਇੱਕ ਪੂਰੀ ਪੀੜ੍ਹੀ ਇਸ ਰਵਾਇਤੀ ਫਸਲ ਤੋਂ ਅਣਜਾਣ ਰਹਿ ਗਈ। ਸੋਚੋ, ਜਿਸ ਫਸਲ ਨੂੰ ਉਨ੍ਹਾਂ ਦੇ ਦਾਦਾ-ਦਾਦੀ ਉਗਾਉਂਦੇ ਸਨ, ਉਸ ਨੂੰ ਪਿੰਡ ਵਾਲੇ ਹੀ ਭੁੱਲਣ ਲੱਗੇ। ਸਾਲ 2024 ਵਿੱਚ ਇੱਥੋਂ ਦੇ ਲੋਕਾਂ ਨੇ ਮਿਲਟਸ ਦੀ ਖੇਤੀ ਫਿਰ ਤੋਂ ਸ਼ੁਰੂ ਕੀਤੀ। 2025 ਵਿੱਚ ਕੇਜ਼ੋਮਾ ਨੇ ਆਪਣਾ ਪਹਿਲਾ ਮਿਲਟਸ ਫੈਸਟੀਵਲ ਮਨਾਇਆ। ਹੁਣ ਇੱਥੇ ਵੀ ਮਿਲਟਸ ਤੋਂ ਬਣੀਆਂ ਚੀਜ਼ਾਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਸਾਥੀਓ, ਮਿਲਟਸ ਦੀ ਖੇਤੀ ਨਾਲ ਜੁੜੀਆਂ ਉਦਾਹਰਣਾਂ ਆਪਣੇ ਆਪ ਵਿੱਚ ਇੱਕ ਵੱਡਾ ਸੰਦੇਸ਼ ਦੇ ਰਹੀਆਂ ਹਨ। ਇਹ ਉਦਾਹਰਣਾਂ ਦੱਸਦੀਆਂ ਹਨ ਕਿ ਕਿਵੇਂ ਸਾਡੇ ਨੌਜਵਾਨ, ਰਵਾਇਤੀ ਫਸਲਾਂ ਨੂੰ ਨਵੇਂ ਮੌਕਿਆਂ ਨਾਲ ਜੋੜ ਰਹੇ ਹਨ ਅਤੇ ਕਿਵੇਂ ਸਾਡੇ ਪਿੰਡ ਵਿਰਾਸਤਾਂ ਨੂੰ ਸਾਂਭਦੇ ਹੋਏ ਖੁਸ਼ਹਾਲੀ ਦੇ ਰਾਹ ’ਤੇ ਅੱਗੇ ਵਧ ਰਹੇ ਹਨ।

 

ਮੇਰੇ ਪਿਆਰੇ ਦੇਸ਼ਵਾਸੀਓ,

ਕੱਲ੍ਹ 26 ਅਕਤੂਬਰ ਨੂੰ ਮਹਾਰਿਸ਼ੀ ਵਾਲਮੀਕਿ ਜਯੰਤੀ ਹੈ। ਹਜ਼ਾਰਾਂ ਸਾਲ ਬੀਤ ਗਏ, ਪਰ ਮਹਾਰਿਸ਼ੀ ਵਾਲਮੀਕਿ ਜੀ ਦੀ ਰਾਮਾਇਣ ਅੱਜ ਵੀ ਸਾਨੂੰ ਕੁਝ ਨਵਾਂ ਸਿਖਾਉਂਦੀ ਹੈ। ਮਹਾਰਿਸ਼ੀ ਵਾਲਮੀਕਿ ਨੇ ਰਾਮਾਇਣ ਰਾਹੀਂ ਸਾਨੂੰ ਜੀਵਨ ਦੀ ਡੂੰਘੀ ਸਿੱਖਿਆ ਦਿੱਤੀ ਹੈ। ਇੱਕ ਪਾਸੇ ਉਹ ਲਗਾਤਾਰ ਯਤਨ ਕਰਦੇ ਰਹਿਣ ਦਾ ਸੰਦੇਸ਼ ਦਿੰਦੇ ਹਨ, ਤਾਂ ਦੂਜੇ ਪਾਸੇ ਸੇਵਾ, ਦਇਆ ਅਤੇ ਸਮਾਜਿਕ ਸਦਭਾਵਨਾ ਦੀ ਅਹਿਮੀਅਤ ਸਮਝਾਉਂਦੇ ਹਨ। ਵਾਲਮੀਕਿ ਰਾਮਾਇਣ ਵਿੱਚ ਭਗਵਾਨ ਰਾਮ ਦਾ ਕਿਰਦਾਰ ਇਨ੍ਹਾਂ ਕਦਰਾਂ-ਕੀਮਤਾਂ ਦੀ ਬਹੁਤ ਸੁੰਦਰ ਉਦਾਹਰਣ ਹੈ। ਭਗਵਾਨ ਰਾਮ ਨੇ ਮਾਤਾ ਸ਼ਬਰੀ ਦੇ ਪਿਆਰ ਅਤੇ ਭਗਤੀ ਨੂੰ ਅਪਣਾਇਆ। ਨਿਸ਼ਾਦਰਾਜ ਦੀ ਮਿੱਤਰਤਾ ਦਾ ਸਨਮਾਨ ਕੀਤਾ। ਸਭ ਨੂੰ ਨਾਲ ਲੈ ਕੇ ਚੱਲਣ ਦਾ ਭਾਵ, ਇਹ ਆਦਰਸ਼ ਅੱਜ ਵੀ ਸਾਨੂੰ ਸੇਧ ਦਿਖਾਉਂਦੇ ਹਨ। ਇਸ ਭਾਵਨਾ ਦਾ ਪ੍ਰਤੀਬਿੰਬ ਅਯੁੱਧਿਆ ਦੇ ਸ਼ਾਨਦਾਰ ਰਾਮ ਮੰਦਰ ਵਿੱਚ ਵੀ ਦਿਖਾਈ ਦਿੰਦਾ ਹੈ। ਉੱਥੇ ਮਹਾਰਿਸ਼ੀ ਵਾਲਮੀਕਿ, ਨਿਸ਼ਾਦਰਾਜ ਅਤੇ ਮਾਤਾ ਸ਼ਬਰੀ ਦੇ ਮੰਦਰ ਵੀ ਬਣਾਏ ਗਏ ਹਨ। ਮੈਨੂੰ ਤਸੱਲੀ ਹੈ ਕਿ ਅਯੁੱਧਿਆ ਵਿੱਚ ਏਅਰਪੋਰਟ ਦਾ ਨਾਮ ਵੀ ਮਹਾਰਿਸ਼ੀ ਵਾਲਮੀਕਿ ਜੀ ਦੇ ਨਾਮ ’ਤੇ ਹੀ ਰੱਖਿਆ ਗਿਆ ਹੈ। ਇਹ ਯਤਨ ਸਾਡੀ ਉਸੇ ਮਹਾਨ ਪਰੰਪਰਾ ਨੂੰ ਹੋਰ ਅਮੀਰ ਕਰਦੇ ਹਨ, ਜਿਸ ਵਿੱਚ ਸੇਵਾ, ਸਦਭਾਵਨਾ ਅਤੇ ਦਇਆ ਨੂੰ ਸਭ ਤੋਂ ਉੱਚਾ ਸਥਾਨ ਦਿੱਤਾ ਗਿਆ ਹੈ।

 

ਮੇਰੇ ਪਿਆਰੇ ਦੇਸ਼ਵਾਸੀਓ,

ਭਾਰਤ ਦੀ ਮਿੱਟੀ ਵਿੱਚ ਅਜਿਹੀਆਂ ਕਿੰਨੀਆਂ ਹੀ ਮਹਾਨ ਸ਼ਖ਼ਸੀਅਤਾਂ ਪੈਦਾ ਹੋਈਆਂ ਹਨ, ਜਿਨ੍ਹਾਂ ਨੇ ਆਪਣੀ ਅਮਿੱਟ ਛਾਪ ਛੱਡੀ ਹੈ। ਅਜਿਹੀ ਹੀ ਇੱਕ ਮਹਾਨ ਸ਼ਖ਼ਸੀਅਤ ਹਨ – ਭਾਈ ਪਰਮਾਨੰਦ ਜੀ। ਕੁਝ ਹੀ ਦਿਨਾਂ ਬਾਅਦ 4 ਨਵੰਬਰ ਨੂੰ ਅਸੀਂ ਉਨ੍ਹਾਂ ਦੀ 150ਵੀਂ ਜਨਮ-ਸ਼ਤਾਬਦੀ ਮਨਾਵਾਂਗੇ। ਭਾਈ ਪਰਮਾਨੰਦ ਜੀ ਦੀ ਪ੍ਰੇਰਨਾ ਅਤੇ ਆਦਰਸ਼ਾਂ ਦਾ ਵੱਡਾ ਸਰੋਤ ਸੀ – ਆਰੀਆ ਸਮਾਜ ਨਾਲ ਉਨ੍ਹਾਂ ਦਾ ਡੂੰਘਾ ਲਗਾਅ। 20ਵੀਂ ਸਦੀ ਦੇ ਬਿਲਕੁਲ ਸ਼ੁਰੂਆਤੀ ਦੌਰ ਵਿੱਚ ਹੀ ਭਾਈ ਪਰਮਾਨੰਦ ਜੀ ਆਰੀਆ ਸਮਾਜ ਦੇ ਕੰਮਾਂ ਲਈ ਦੱਖਣੀ ਅਫਰੀਕਾ ਗਏ ਸਨ। ਉੱਥੇ ਉਨ੍ਹਾਂ ਦੀ ਮੁਲਾਕਾਤ ਪੂਜਨੀਕ ਬਾਪੂ ਜੀ ਨਾਲ ਵੀ ਹੋਈ ਸੀ। ਉਨ੍ਹਾਂ ਨੇ ਗੁਆਨਾ ਵਿੱਚ ਗਿਰਮਿਟੀਆ ਭਾਈਚਾਰੇ ਦਰਮਿਆਨ ਵੀ ਕੰਮ ਕੀਤਾ, ਜੋ ਉਸ ਸਮੇਂ ਆਰੀਆ ਸਮਾਜ ਦਾ ਇੱਕ ਵੱਡਾ ਕੇਂਦਰ ਸੀ। ਮੈਨੂੰ ਵੀ ਗੁਆਨਾ ਦੀ ਆਪਣੀ ਯਾਤਰਾ ਦੌਰਾਨ ਆਰੀਆ ਸਮਾਜ ਦੇ ਸਮਾਰਕ ’ਤੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਸਾਥੀਓ, ਭਾਈ ਪਰਮਾਨੰਦ ਜੀ ਨੇ ਆਜ਼ਾਦੀ ਅੰਦੋਲਨ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਕਿਹਾ ਜਾਂਦਾ ਹੈ ਕਿ ਭਾਈ ਪਰਮਾਨੰਦ ਜੀ ਨੇ ਹੀ ਲਾਲਾ ਹਰਦਿਆਲ ਜੀ ਨੂੰ ਅਮਰੀਕਾ ਜਾਣ ਲਈ ਮਨਾਇਆ ਸੀ। ਉਹ ਗਦਰ ਪਾਰਟੀ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਵੀ ਇੱਕ ਸਨ। ਆਜ਼ਾਦੀ ਦੀ ਲੜਾਈ ਵਿੱਚ ਉਨ੍ਹਾਂ ਦਾ ਪ੍ਰਭਾਵ ਇੰਨਾ ਜ਼ਿਆਦਾ ਸੀ ਕਿ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਕਾਲੇ ਪਾਣੀ ਦੀ ਸਜ਼ਾ ਦੇ ਦਿੱਤੀ ਸੀ। ਉਨ੍ਹਾਂ ਦੀ ਇੱਕ ਕਿਤਾਬ ਹੈ ‘ਆਪਬੀਤੀ: ਕਾਲੇ ਪਾਣੀ ਦੀ ਕਾਰਾਵਾਸ ਕਹਾਣੀ’, ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਸਮਝਣ ਲਈ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ। ਭਾਈ ਪਰਮਾਨੰਦ ਜੀ ਨੇ ਸਜ਼ਾ ਖਤਮ ਹੋਣ ਤੋਂ ਬਾਅਦ ਸਿੱਖਿਆ ਦੇ ਖੇਤਰ ਵਿੱਚ ਕਦਮ ਵਧਾਇਆ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਨ੍ਹਾਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਵੀ ਪੜ੍ਹਾਇਆ ਸੀ। ਬਾਅਦ ਦੇ ਸਮੇਂ ਵਿੱਚ ਉਹ ਕਈ ਸਾਲਾਂ ਤੱਕ ਹਿੰਦੂ ਮਹਾਸਭਾ ਨਾਲ ਵੀ ਜੁੜੇ ਰਹੇ। ਭਾਵ, ਗਾਂਧੀ ਜੀ ਤੋਂ ਲੈ ਕੇ ਗੁਆਨਾ ਤੱਕ, ਗਦਰ ਤੋਂ ਲੈ ਕੇ ਅੰਡੇਮਾਨ ਤੱਕ ਉਨ੍ਹਾਂ ਦੀ ਸ਼ਖ਼ਸੀਅਤ ਬਹੁਤ ਪ੍ਰੇਰਨਾਦਾਇਕ ਹੈ। ਮੈਂ ਭਾਈ ਪਰਮਾਨੰਦ ਜੀ ਨੂੰ ਸਤਿਕਾਰ ਸਹਿਤ ਸ਼ਰਧਾਂਜਲੀ ਭੇਟ ਕਰਦਾ ਹਾਂ। ਨੌਜਵਾਨ ਸਾਥੀਆਂ ਨੂੰ ਮੇਰੀ ਬੇਨਤੀ ਹੈ ਕਿ ਉਹ ਉਨ੍ਹਾਂ ਬਾਰੇ ਜਾਣਨ ਅਤੇ ਹੋਰਾਂ ਨੂੰ ਵੀ ਪ੍ਰੇਰਿਤ ਕਰਨ।

 

ਮੇਰੇ ਪਿਆਰੇ ਦੇਸ਼ਵਾਸੀਓ,

ਆਉਣ ਵਾਲੇ ਦਿਨਾਂ ਵਿੱਚ ਦੀਵਾਲੀ, ਛਠ ਮਹਾਪਰਵ ਅਤੇ ਕਈ ਹੋਰ ਤਿਉਹਾਰਾਂ ਦੀ ਰੌਣਕ ਰਹੇਗੀ। ਤੁਸੀਂ ਸਿਹਤਮੰਦ ਅਤੇ ਸੁਰੱਖਿਅਤ ਰਹਿ ਕੇ ਪੂਰੇ ਪਰਿਵਾਰ ਨਾਲ ਤਿਉਹਾਰ ਮਨਾਓ, ਅਤੇ ਦੂਜਿਆਂ ਨੂੰ ਵੀ ਆਪਣੀ ਖ਼ੁਸ਼ੀ ਵਿੱਚ ਸ਼ਾਮਲ ਕਰੋ। ਮੈਂ ਆਪ ਸਾਰਿਆਂ ਨੂੰ ਆਉਣ ਵਾਲੇ ਤਿਉਹਾਰਾਂ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਨੂੰ ਹਮੇਸ਼ਾ ਵਾਂਗ ਤੁਹਾਡੇ ਸੁਨੇਹਿਆਂ ਅਤੇ ਸੁਝਾਵਾਂ ਦੀ ਉਡੀਕ ਰਹੇਗੀ। ਤੁਹਾਡੇ ਸੁਝਾਵਾਂ ਨਾਲ ‘ਮਨ ਕੀ ਬਾਤ’ ਨੂੰ ਨਵੇਂ ਵਿਸ਼ੇ ਮਿਲਦੇ ਹਨ, ਨਵੀਂ ਦਿਸ਼ਾ ਮਿਲਦੀ ਹੈ। ਅਗਲੇ ਮਹੀਨੇ ਅਸੀਂ ਫਿਰ ਮਿਲਾਂਗੇ, ਦੇਸ਼ਵਾਸੀਆਂ ਦੀਆਂ ਨਵੀਆਂ ਕੋਸ਼ਿਸ਼ਾਂ ਅਤੇ ਨਵੀਆਂ ਪ੍ਰੇਰਣਾਦਾਇਕ ਗਾਥਾਵਾਂ ਦੇ ਨਾਲ।

ਬਹੁਤ-ਬਹੁਤ ਧੰਨਵਾਦ।

ਨਮਸਕਾਰ।

***

ਐੱਮਜੇਪੀਐੱਸ/ਐੱਸਐੱਸ/ਵੀਜੇ/ਵੀਕੇ