Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਨਵਿਆਉਣਯੋਗ ਊਰਜਾ ਸਿਖਰ ਸੰਮੇਲਨ ਅਤੇ ਐਕਸਪੋ 2026 ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਨਵਿਆਉਣਯੋਗ ਊਰਜਾ ਸਿਖਰ ਸੰਮੇਲਨ ਅਤੇ ਐਕਸਪੋ 2026 ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਭਾਰਤ ਨਵਿਆਉਣਯੋਗ ਊਰਜਾ ਸਿਖਰ ਸੰਮੇਲਨ ਅਤੇ ਐਕਸਪੋ 2026 ਦਾ ਉਦਘਾਟਨ ਕੀਤਾ। ਭਾਰਤ ਅਤੇ ਵਿਦੇਸ਼ਾਂ ਦੇ ਉਦਯੋਗਪਤੀਆਂ, ਨਿਵੇਸ਼ਕਾਂ, ਸਟਾਰਟਅੱਪ ਪ੍ਰਤੀਨਿਧੀਆਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਦਾ ਸਿਖਰ ਸੰਮੇਲਨ ਅਜਿਹੇ ਵਿਸ਼ੇਸ਼ ਹਾਲਾਤ ਵਿੱਚ ਕਰਵਾਇਆ ਜਾ ਰਿਹਾ ਹੈ, ਜਦੋਂ ਆਲਮੀ ਊਰਜਾ ਸੰਕਟ ਨੇ ਰੋਜ਼ਾਨਾ ਜੀਵਨ ਅਤੇ ਰਾਸ਼ਟਰੀ ਵਿਕਾਸ ਵਿੱਚ ਨਵਿਆਉਣਯੋਗ ਊਰਜਾ ਦੀ ਬੇਹੱਦ ਅਹਿਮੀਅਤ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਦੇ ਸਮਾਗਮ ਦਾ ਘੇਰਾ ਅਸਾਧਾਰਨ ਤੌਰ ’ਤੇ ਵਿਸ਼ਾਲ ਹੈ, ਕਿਉਂਕਿ ਇਹ ਅੰਤਰਰਾਸ਼ਟਰੀ ਸੂਰਜੀ ਗੱਠਜੋੜ ਦੀ ਨੌਵੀਂ ਅਸੈਂਬਲੀ ਦੇ ਨਾਲ ਕਰਵਾਇਆ ਜਾ ਰਿਹਾ ਹੈ ਅਤੇ ਇਸ ਵਿੱਚ ਚੌਥੇ ਹਰੀ ਹਾਈਡ੍ਰੋਜਨ ਸੰਮੇਲਨ ਦੇ ਪ੍ਰਤੀਨਿਧੀ ਵੀ ਸ਼ਾਮਲ ਹੋਏ ਹਨ।

ਕਰੋਨਾ ਮਹਾਮਾਰੀ ਤੋਂ ਲੈ ਕੇ ਮੌਜੂਦਾ ਪੱਛਮੀ ਏਸ਼ੀਆ ਸੰਕਟ ਤੱਕ ਆਲਮੀ ਅਰਥਚਾਰੇ ਦੇ ਬੇਮਿਸਾਲ ਅੜਿੱਕਿਆਂ ਦਾ ਸਾਹਮਣਾ ਕਰਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 140 ਕਰੋੜ ਭਾਰਤੀਆਂ ਨੂੰ ਇਸ ਗੱਲ ’ਤੇ ਮਾਣ ਹੈ ਕਿ ਦੇਸ਼ ਨੇ ਉੱਚ ਆਰਥਿਕ ਵਿਕਾਸ ਦਰ ਬਣਾਈ ਰੱਖਦੇ ਹੋਏ ਇਨ੍ਹਾਂ ਉਥਲ-ਪੁਥਲ ਭਰੇ ਹਾਲਾਤ ਦਾ ਕਿੰਨੇ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣਾ ਕੀਤਾ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਵੱਛ ਊਰਜਾ ਦੇ ਖੇਤਰ ਵਿੱਚ ਇੱਕ ਦਹਾਕੇ ਤੱਕ ਕੀਤੇ ਗਏ ਲਗਾਤਾਰ ਘਰੇਲੂ ਨਿਵੇਸ਼ ਅਤੇ ਪ੍ਰਣਾਲੀਗਤ ਸੁਧਾਰਾਂ ਨੇ ਦੇਸ਼ ਨੂੰ ਗੰਭੀਰ ਬਾਹਰੀ ਝਟਕਿਆਂ ਤੋਂ ਸੁਰੱਖਿਅਤ ਰੱਖਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਜੇ ਭਾਰਤ ਨੇ ਪਿਛਲੇ ਦਹਾਕੇ ਵਿੱਚ ਸਵੱਛ ਊਰਜਾ ਵਿੱਚ ਨਿਵੇਸ਼ ਨਾ ਕੀਤਾ ਹੁੰਦਾ ਅਤੇ ਇਸ ਲਈ ਨਵੀਆਂ ਵਿਵਸਥਾਵਾਂ ਵਿਕਸਿਤ ਨਾ ਕੀਤੀਆਂ ਹੁੰਦੀਆਂ, ਤਾਂ ਸਾਡਾ ਸੰਕਟ ਦੁਨੀਆ ਦੇ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਕਿਤੇ ਵੱਧ ਗੰਭੀਰ ਹੋ ਸਕਦਾ ਸੀ।”

ਹਾਲੀਆ ਆਲਮੀ ਰੁਕਾਵਟਾਂ ਨੇ ਊਰਜਾ ਸੁਰੱਖਿਆ ਅਤੇ ਆਰਥਿਕ ਸੁਰੱਖਿਆ ਦਰਮਿਆਨ ਸਿੱਧੇ ਸਬੰਧ ਦਿਖਾ ਦਿੱਤੇ ਹਨ, ਪ੍ਰਧਾਨ ਮੰਤਰੀ ਨੇ ਸੁਚੇਤ ਕੀਤਾ ਕਿ ਪਥਰਾਟ ਬਾਲਣ ’ਤੇ ਲਗਾਤਾਰ ਹੱਦੋਂ ਵੱਧ ਨਿਰਭਰਤਾ ਵਿਸ਼ਵ ਅਰਥਚਾਰੇ ਨੂੰ ਵਾਰ-ਵਾਰ ਪ੍ਰਭਾਵਿਤ ਕਰਦੀ ਰਹੇਗੀ, ਕਿਉਂਕਿ ਪਥਰਾਟ ਬਾਲਣ ਦੇ ਭੰਡਾਰ ਸੀਮਤ ਹਨ ਅਤੇ ਕੁਝ ਹੀ ਖੇਤਰਾਂ ਵਿੱਚ ਕੇਂਦਰਿਤ ਹਨ। ਉਨ੍ਹਾਂ ਨੇ ਇਸ ਦੇ ਉਲਟ ਸਵੱਛ ਊਰਜਾ ਦੀਆਂ ਅਸੀਮਤ ਅਤੇ ਸਾਰਿਆਂ ਦੀ ਪਹੁੰਚ ਵਿੱਚ ਹੋਣ ਵਾਲੀਆਂ ਸੰਭਾਵਨਾਵਾਂ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਊਰਜਾ ਸੁਰੱਖਿਆ ਦਾ ਭਵਿੱਖ ਸਵੱਛ ਊਰਜਾ ਵਿੱਚ ਸਮਾਇਆ ਹੋਇਆ ਹੈ।”

ਭਾਰਤ ਦੀ 12 ਸਾਲਾਂ ਦੀ ਸਵੱਛ ਊਰਜਾ ਯਾਤਰਾ ਨੂੰ ਸੰਕਲਪ, ਜਨੂਨ ਅਤੇ ਪ੍ਰਦਰਸ਼ਨ ਨਾਲ ਪਰਿਭਾਸ਼ਿਤ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੀ ਮਿਸਾਲ ਸੀਓਪੀ-26 ਵਿੱਚ 2030 ਤੱਕ 500 ਗੀਗਾਵਾਟ ਗੈਰ-ਪਥਰਾਟ ਊਰਜਾ ਸਮਰੱਥਾ ਹਾਸਲ ਕਰਨ ਦੀ ਭਾਰਤ ਦੀ ਵਚਨਬੱਧਤਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਦੇਸ਼ ਨੇ ਸਾਲ 2025 ਵਿੱਚ ਹੀ ਆਪਣੀ ਕੁੱਲ ਸਥਾਪਿਤ ਬਿਜਲੀ ਸਮਰੱਥਾ ਦਾ ਅੱਧਾ ਹਿੱਸਾ ਗੈਰ-ਪਥਰਾਟ ਸਰੋਤਾਂ ਤੋਂ ਪ੍ਰਾਪਤ ਕਰਨ ਦਾ ਪੈਰਿਸ ਸਮਝੌਤੇ ਤਹਿਤ ਕੀਤਾ ਗਿਆ ਵਾਅਦਾ ਮਿੱਥੇ ਸਮੇਂ ਤੋਂ ਪੰਜ ਸਾਲ ਪਹਿਲਾਂ ਪੂਰਾ ਕਰ ਲਿਆ। ਇਹ ਧਿਆਨ ਵਿੱਚ ਰੱਖਦੇ ਹੋਏ ਕਿ ਭਾਰਤ ਹੁਣ 50 ਫੀਸਦੀ ਤੋਂ ਵੱਧ ਗੈਰ-ਪਥਰਾਟ ਸਥਾਪਿਤ ਸਮਰੱਥਾ ਅਤੇ 500 ਗੀਗਾਵਾਟ ਦੇ ਟੀਚੇ ਦੀ ਦਿਸ਼ਾ ਵਿੱਚ ਤਕਰੀਬਨ 300 ਗੀਗਾਵਾਟ ਸਮਰੱਥਾ ਹਾਸਲ ਕਰਨ ਦੇ ਨਾਲ ਸੂਰਜੀ ਅਤੇ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਦੁਨੀਆ ਦੇ ਸਿਖਰਲੇ ਤਿੰਨ ਦੇਸ਼ਾਂ ਵਿੱਚ ਸ਼ਾਮਲ ਹੈ, ਉਨ੍ਹਾਂ ਨੇ ਅਗਲੇ 10 ਤੋਂ 11 ਸਾਲਾਂ ਵਿੱਚ 500 ਗੀਗਾਵਾਟ ਦੀ ਵਾਧੂ ਨਵੀਂ ਗੈਰ-ਪਥਰਾਟ ਊਰਜਾ ਸਮਰੱਥਾ ਜੋੜਨ ਦਾ ਵੱਡਾ ਟੀਚਾ ਵੀ ਐਲਾਨਿਆ। ਪ੍ਰਧਾਨ ਮੰਤਰੀ ਮੋਦੀ ਨੇ ਭਰੋਸਾ ਪ੍ਰਗਟਾਇਆ, “ਇਹ ਟੀਚਾ ਕੁਝ ਔਖਾ ਜ਼ਰੂਰ ਹੈ, ਪਰ ਮੈਨੂੰ ਆਪਣੇ ਦੇਸ਼ ਦੀ ਸਮਰੱਥਾ ’ਤੇ ਭਰੋਸਾ ਹੈ। ਇਸ ਲਈ ਮੈਂ ਕਹਿੰਦਾ ਹਾਂ ਕਿ ਅਸੀਂ ਇਸ ਨੂੰ ਹਾਸਲ ਕਰਕੇ ਰਹਾਂਗੇ!”

ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿ ਭਾਰਤ ਆਪਣੀਆਂ ਨਵੀਆਂ ਖੋਜਾਂ ਅਤੇ ਤਜਰਬਿਆਂ ਦੇ ਲਾਭ ਪੂਰੀ ਮਨੁੱਖਤਾ ਨਾਲ ਸਾਂਝੇ ਕਰਨਾ ਚਾਹੁੰਦਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਹਰੀ ਊਰਜਾ ਦੇ ਖੇਤਰ ਵਿੱਚ ਵੀ ਇਸੇ ਸਹਿਯੋਗੀ ਭਾਵਨਾ ਨਾਲ ਅੱਗੇ ਵਧ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਦੀਆਂ ਕੁਝ ਵਿਸ਼ੇਸ਼ ਉਦਾਹਰਣਾਂ ਪੇਸ਼ ਕੀਤੀਆਂ। ਸ਼੍ਰੀ ਮੋਦੀ ਨੇ ਕਿਹਾ, “ਇਸ ਖੇਤਰ ਵਿੱਚ ਭਾਰਤ ਦੀਆਂ ਸਫਲਤਾਵਾਂ ਦੁਨੀਆ ਦੇ ਅਨੇਕਾਂ ਦੇਸ਼ਾਂ ਲਈ ਲਾਹੇਵੰਦ ਸਾਬਤ ਹੋਣਗੀਆਂ।”

ਫਰਵਰੀ 2024 ਵਿੱਚ ਸ਼ੁਰੂ ਕੀਤੀ ਗਈ ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ ਤਹਿਤ ਇੱਕ ਕਰੋੜ ਘਰਾਂ ਵਿੱਚ ਰੂਫਟਾਪ ਸੋਲਰ ਪੈਨਲ ਲਾਉਣ ਦੀ ਦਿਸ਼ਾ ਵਿੱਚ ਹੋਈ ਤੇਜ਼ ਪ੍ਰਗਤੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ 24 ਤੋਂ 25 ਮਹੀਨਿਆਂ ਦੇ ਅੰਦਰ 65 ਲੱਖ ਤੋਂ ਵੱਧ ਪਰਿਵਾਰ ਇਸ ਮੁਹਿੰਮ ਨਾਲ ਜੁੜ ਚੁੱਕੇ ਹਨ। ਇਸ ਯੋਜਨਾ ਤਹਿਤ ਹਰ ਛੇ ਦਿਨਾਂ ਵਿੱਚ ਇੱਕ ਲੱਖ ਨਵੇਂ ਘਰ ਜੁੜ ਰਹੇ ਹਨ। ਇੱਕ ਅਧਿਐਨ ਅਨੁਸਾਰ, ਇਸ ਨਾਲ ਬਿਜਲੀ ਦੇ ਬਿੱਲਾਂ ਵਿੱਚ ਤਕਰੀਬਨ 76 ਫੀਸਦੀ ਦੀ ਕਮੀ ਆਈ ਹੈ। ਉੱਥੇ ਹੀ, ਲੱਖਾਂ ਪਰਿਵਾਰਾਂ ਦੇ ਬਿਜਲੀ ਬਿੱਲ ਜ਼ੀਰੋ ਹੋ ਗਏ ਹਨ ਅਤੇ ਹੁਣ ਉਹ ਵਾਧੂ ਬਿਜਲੀ ਗ੍ਰਿੱਡ ਨੂੰ ਵੇਚ ਕੇ ਆਮਦਨ ਵੀ ਕਮਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਭਾਰਤ ਦੀ ਇਹ ਯੋਜਨਾ ਅਨੇਕਾਂ ਦੇਸ਼ਾਂ ਦੀ ਊਰਜਾ ਸੁਰੱਖਿਆ ਨੂੰ ਕਾਫੀ ਮਜ਼ਬੂਤੀ ਪ੍ਰਦਾਨ ਕਰ ਸਕਦੀ ਹੈ।”

ਪਿਛਲੇ 12 ਸਾਲਾਂ ਦੌਰਾਨ ਸੂਰਜੀ ਊਰਜਾ ਨੂੰ ਰੋਜ਼ਾਨਾ ਜੀਵਨ, ਉਦਯੋਗ ਅਤੇ ਖੇਤੀਬਾੜੀ ਨਾਲ ਜੋੜਨ ਦੇ ਯਤਨਾਂ ’ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ 44,000 ਤੋਂ ਵੱਧ ਸਰਕਾਰੀ ਇਮਾਰਤਾਂ ਨੂੰ ਸੂਰਜੀ ਊਰਜਾ ਨਾਲ ਜੋੜਨ ਕਰਕੇ ਹਰ ਸਾਲ ਲਗਭਗ 700 ਕਰੋੜ ਰੁਪਏ ਦੀ ਬੱਚਤ ਹੋ ਰਹੀ ਹੈ। ਉੱਥੇ ਹੀ, ਕੁਸੁਮ ਯੋਜਨਾ ਤਹਿਤ 30 ਲੱਖ ਤੋਂ ਵੱਧ ਕਿਸਾਨਾਂ ਨੂੰ ਸੂਰਜੀ ਊਰਜਾ ਅਧਾਰਿਤ ਸਿੰਚਾਈ ਦੀ ਸਹੂਲਤ ਮਿਲੀ ਹੈ ਅਤੇ ਹਰੇਕ ਸੋਲਰ ਪੰਪ ਲਾਭਪਾਤਰੀ ਨੂੰ ਹਰ ਸਾਲ ਲਗਭਗ ਇੱਕ ਲੱਖ ਰੁਪਏ ਦੀ ਬੱਚਤ ਹੋ ਰਹੀ ਹੈ। ਉਨ੍ਹਾਂ ਨੇ ਪੀਐੱਮ ਸੂਰਯ ਸਰੋਵਰ ਯੋਜਨਾ ਦਾ ਵੀ ਜ਼ਿਕਰ ਕੀਤਾ, ਜਿਸ ਤਹਿਤ ਜਲ-ਭੰਡਾਰਾਂ, ਛੱਪੜਾਂ ਅਤੇ ਝੀਲਾਂ ਦੇ ਉੱਪਰ ਸੋਲਰ ਪੈਨਲ ਲਗਾਏ ਜਾਂਦੇ ਹਨ। ਇਸ ਨਾਲ ਜਲ-ਸਰੋਤਾਂ ਦੀ ਬਿਹਤਰ ਵਰਤੋਂ ਯਕੀਨੀ ਬਣਦੀ ਹੈ ਅਤੇ ਜ਼ਮੀਨ ਐਕੁਆਇਰ ਕਰਨ ਦੀ ਲਾਗਤ ਬਚਦੀ ਹੈ। ਸ਼੍ਰੀ ਮੋਦੀ ਨੇ ਕਿਹਾ, “ਭਾਰਤ ਸੂਰਜੀ ਊਰਜਾ ਨੂੰ ਆਪਣੇ ਨਾਗਰਿਕਾਂ ਦੇ ਜੀਵਨ ਦਾ ਹਿੱਸਾ ਬਣਾ ਰਿਹਾ ਹੈ।”

ਇਹ ਕਹਿੰਦਿਆਂ ਕਿ ਭਾਰਤ ਦੀ ਸਵੱਛ ਊਰਜਾ ਪ੍ਰਣਾਲੀ ਸਿਰਫ਼ ਪਣ-ਬਿਜਲੀ, ਸੂਰਜੀ, ਪੌਣ ਅਤੇ ਪਰਮਾਣੂ ਊਰਜਾ ਤੱਕ ਸੀਮਤ ਨਹੀਂ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਰਾਸ਼ਟਰੀ ਹਰੀ ਹਾਈਡ੍ਰੋਜਨ ਮਿਸ਼ਨ ਤਹਿਤ ਇਸ ਦਹਾਕੇ ਦੇ ਅੰਤ ਤੱਕ 50 ਲੱਖ ਟਨ ਹਰੀ ਹਾਈਡ੍ਰੋਜਨ ਦੇ ਉਤਪਾਦਨ ਅਤੇ ਆਵਾਜਾਈ ਦੇ ਖੇਤਰ ਵਿੱਚ ਇਸ ਦੀ ਵਰਤੋਂ ਨੂੰ ਹੁਲਾਰਾ ਦੇਣ ਲਈ ਮਿਸ਼ਨ ਮੋਡ ਵਿੱਚ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਕੁਝ ਮਹੀਨੇ ਪਹਿਲਾਂ ਹੀ ਭਾਰਤ ਨੇ ਆਪਣੀ ਪਹਿਲੀ ਹਰੀ ਹਾਈਡ੍ਰੋਜਨ ਟ੍ਰੇਨ ਸ਼ੁਰੂ ਕੀਤੀ ਹੈ।”

ਇਹ ਸਵੀਕਾਰ ਕਰਦਿਆਂ ਕਿ ਬਿਜਲੀ ਉਤਪਾਦਨ ਦੇ ਨਾਲ-ਨਾਲ ਉਸ ਦੀ ਕੁਸ਼ਲ ਵੰਡ ਵੀ ਜ਼ਰੂਰੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵੱਧ ਸੂਰਜੀ ਅਤੇ ਪੌਣ ਊਰਜਾ ਉਤਪਾਦਨ ਵਾਲੇ ਖੇਤਰਾਂ ਤੋਂ ਘੱਟ ਉਤਪਾਦਨ ਵਾਲੇ ਖੇਤਰਾਂ ਤੱਕ ਬਿਜਲੀ ਪਹੁੰਚਾਈ ਜਾਣੀ ਚਾਹੀਦੀ ਹੈ, ਤਾਂ ਜੋ ਦੇਸ਼ ਭਰ ਦੇ ਘਰਾਂ, ਖੇਤਾਂ ਅਤੇ ਉਦਯੋਗਾਂ ਨੂੰ ਬਰਾਬਰ ਰੂਪ ਵਿੱਚ ਇਸ ਦਾ ਲਾਭ ਮਿਲ ਸਕੇ। ਉਨ੍ਹਾਂ ਦੱਸਿਆ ਕਿ ਇਸ ਦੇ ਲਈ ਸਮਰਪਿਤ ਟ੍ਰਾਂਸਮਿਸ਼ਨ ਲਾਈਨਾਂ ਅਤੇ ਸਬ-ਸਟੇਸ਼ਨਾਂ ਨਾਲ ਲੈਸ ਹਰੀ ਊਰਜਾ ਕੌਰੀਡੋਰ ਵਿਕਸਿਤ ਕੀਤੇ ਜਾ ਰਹੇ ਹਨ। ਇਨ੍ਹਾਂ ਨੂੰ ‘ਇੱਕ ਰਾਸ਼ਟਰ, ਇੱਕ ਪਾਵਰ ਗ੍ਰਿੱਡ’ ਨੈੱਟਵਰਕ ਦਾ ਸਮਰਥਨ ਪ੍ਰਾਪਤ ਹੈ, ਜਿਸ ਰਾਹੀਂ ਪੰਜ ਖੇਤਰੀ ਗ੍ਰਿੱਡਾਂ ਨੂੰ ਇੱਕੋ ਫ੍ਰੀਕੁਐਂਸੀ ’ਤੇ ਏਕੀਕ੍ਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਹੁਣ ਇਸ ਟ੍ਰਾਂਸਮਿਸ਼ਨ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਅਗਲੇ ਪੜਾਅ ਵੱਲ ਵਧ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ, “ਹਾਲ ਹੀ ਵਿੱਚ ਭਾਰਤ ਨੇ ਇਸ ਦੇ ਲਈ ਲਗਭਗ 2 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਟੀਚਾ ਮਿਥਿਆ ਹੈ।”

ਸਾਲਾਂ ਤੱਕ ਸੂਰਜੀ ਊਰਜਾ ਦੇ ਛੋਟੇ-ਛੋਟੇ ਉਪਕਰਣਾਂ ਲਈ ਵੀ ਪੂਰੀ ਤਰ੍ਹਾਂ ਦਰਾਮਦ ’ਤੇ ਨਿਰਭਰ ਰਹਿਣ ਤੋਂ ਬਾਅਦ ਘਰੇਲੂ ਨਿਰਮਾਣ ਵਿੱਚ ਆਏ ਜ਼ਿਕਰਯੋਗ ਵਾਧੇ ਨੂੰ ਭਾਰਤ ਦੇ ਹਰੀ ਊਰਜਾ ਖੇਤਰ ਦੀ ਸਫਲਤਾ ਦਾ ਪ੍ਰਮੁੱਖ ਕਾਰਨ ਦੱਸਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਲਰ ਮਾਡਿਊਲ ਬਣਾਉਣ ਦੀ ਸਮਰੱਥਾ ਇੱਕ ਦਹਾਕਾ ਪਹਿਲਾਂ ਤਕਰੀਬਨ 2 ਗੀਗਾਵਾਟ ਸੀ, ਜੋ ਅੱਜ ਵੱਧ ਕੇ 200 ਗੀਗਾਵਾਟ ਤੋਂ ਵੱਧ ਹੋ ਗਈ ਹੈ। ਇਸ ਦੇ ਨਾਲ ਹੀ, ਦੇਸ਼ ਵਿੱਚ ਤਕਰੀਬਨ 40 ਗੀਗਾਵਾਟ ਦੀ ਸੋਲਰ ਸੈੱਲ ਨਿਰਮਾਣ ਸਮਰੱਥਾ ਵਿਕਸਿਤ ਹੋ ਚੁੱਕੀ ਹੈ ਅਤੇ ਹੋਰਨਾਂ ਉਪਕਰਣਾਂ ਦਾ ਉਤਪਾਦਨ ਵੀ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਇਸ ਦਾ ਅਰਥ ਹੈ ਕਿ ਹਰੀ ਊਰਜਾ ਨਾਲ ਜੁੜੀਆਂ ਭਾਰਤ ਦੀਆਂ ਇੱਛਾਵਾਂ ਸਾਡੀ ਆਤਮ-ਨਿਰਭਰ ਭਾਰਤ ਮੁਹਿੰਮ ਅਤੇ ਮੇਕ ਇਨ ਇੰਡੀਆ ਮੁਹਿੰਮ ਦੀ ਸਫਲਤਾ ਦਾ ਵੀ ਪ੍ਰਮਾਣ ਹਨ।”

ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿ ਦੇਸ਼ ਨੂੰ ਆਪਣੀਆਂ ਪ੍ਰਾਪਤੀਆਂ ’ਤੇ ਸੰਤੁਸ਼ਟ ਹੋ ਕੇ ਰੁਕਣ ਦੀ ਬਜਾਏ ਤੇਜ਼ ਰਫ਼ਤਾਰ ਬਣਾਈ ਰੱਖਣੀ ਚਾਹੀਦੀ ਹੈ, ਪ੍ਰਧਾਨ ਮੰਤਰੀ ਨੇ ਸਾਰੀਆਂ ਸਰਕਾਰੀ ਇਮਾਰਤਾਂ, ਸਕੂਲਾਂ, ਕਾਲਜਾਂ, ਹਸਪਤਾਲਾਂ ਅਤੇ ਸਟ੍ਰੀਟ ਲਾਈਟ ਨੈੱਟਵਰਕ ਨੂੰ ਜਲਦੀ ਸੂਰਜੀ ਊਰਜਾ ਨਾਲ ਜੋੜਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਬਿਹਤਰ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਨ ਅਤੇ ਸਥਾਨਕ ਪੱਧਰ ’ਤੇ ਸਫਲ ਪਹਿਲਕਦਮੀਆਂ ਤੋਂ ਇੱਕ-ਦੂਜੇ ਨੂੰ ਸਿੱਖਣ ਦਾ ਮੌਕਾ ਦੇਣ ਲਈ ਸੂਬਿਆਂ ਅਤੇ ਸਥਾਨਕ ਸੰਸਥਾਵਾਂ ਦਰਮਿਆਨ ਉਸਾਰੂ ਮੁਕਾਬਲੇਬਾਜ਼ੀ ਨੂੰ ਹੁਲਾਰਾ ਦੇਣ ਦਾ ਸੁਝਾਅ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, “ਸਾਨੂੰ ਇਹ ਕੰਮ ਤੇਜ਼ ਰਫ਼ਤਾਰ ਨਾਲ ਕਰਨਾ ਹੋਵੇਗਾ।”

ਖੇਤੀਬਾੜੀ ਦੇ ਖੇਤਰ ਵਿੱਚ ਸੂਰਜੀ ਊਰਜਾ ਦੇ ਵਿਸਤਾਰ ਲਈ ਵਿਸ਼ੇਸ਼ ਸੁਝਾਅ ਦਿੰਦਿਆਂ ਪ੍ਰਧਾਨ ਮੰਤਰੀ ਨੇ ਲੱਖਾਂ ਸੋਲਰ ਪੰਪ ਵੰਡਣ ਤੋਂ ਅੱਗੇ ਵੱਧ ਕੇ ਖੇਤੀ ਵਾਲੀ ਜ਼ਮੀਨ ਦੇ ਅਣਵਰਤੇ ਹਿੱਸਿਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਵੱਧ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਨੂੰ ਆਪਣੀ ਖਾਲੀ ਜ਼ਮੀਨ ਦੇ ਨਾਲ-ਨਾਲ ਖੇਤਾਂ ਦੀਆਂ ਵੱਟਾਂ ’ਤੇ ਵੀ ਸੋਲਰ ਪੈਨਲ ਲਗਾਉਣ ਲਈ ਉਤਸ਼ਾਹਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਸਾਨੂੰ ਸੋਲਰ ਪੰਪਾਂ ਤੋਂ ਅੱਗੇ ਵਧਣਾ ਹੋਵੇਗਾ।”

ਇਹ ਦੱਸਦਿਆਂ ਕਿ ਸੂਰਜੀ ਕ੍ਰਾਂਤੀ ਦੇ ਨਵੇਂ ਦੌਰ ਵਿੱਚ ਇਸ ਨੂੰ ਅਪਣਾਉਣ ਦੇ ਨਾਲ-ਨਾਲ ਨਵੀਨਤਾ ਦੀ ਵੀ ਬਰਾਬਰ ਰੂਪ ਵਿੱਚ ਅਹਿਮ ਭੂਮਿਕਾ ਹੈ, ਪ੍ਰਧਾਨ ਮੰਤਰੀ ਨੇ ਸਟਾਰਟਅੱਪਸ, ਆਈਆਈਟੀ, ਨਵੀਨਕਾਰਾਂ ਅਤੇ ਉੱਦਮੀਆਂ ਨੂੰ ਚੌਵੀ ਘੰਟੇ ਅਤੇ ਹਰ ਮੌਸਮ ਵਿੱਚ ਕੰਮ ਕਰਨ ਵਾਲੇ ਅਜਿਹੇ ਸੂਰਜੀ ਊਰਜਾ ਮਾਡਲ ਵਿਕਸਿਤ ਕਰਨ ਦੀ ਅਪੀਲ ਕੀਤੀ, ਜੋ ਘਰਾਂ ਦੀਆਂ ਵੱਧ ਤੋਂ ਵੱਧ ਊਰਜਾ ਲੋੜਾਂ ਨੂੰ ਪੂਰਾ ਕਰ ਸਕਣ। ਇਨ੍ਹਾਂ ਵਿੱਚ ਦਰਾਮਦ ਕੀਤੀ ਗੈਸ ’ਤੇ ਨਿਰਭਰਤਾ ਘਟਾਉਣ ਲਈ ਰੂਫਟਾਪ ਸੋਲਰ ਕੁਕਿੰਗ ਪ੍ਰਣਾਲੀ ਅਤੇ ਇਲੈਕਟ੍ਰਿਕ ਦੋ-ਪਹੀਆ ਵਾਹਨਾਂ ਤੇ ਕਾਰਾਂ ਲਈ ਘਰੇਲੂ ਸੋਲਰ ਚਾਰਜਿੰਗ ਸਹੂਲਤਾਂ ਸ਼ਾਮਲ ਹਨ। ਸ਼੍ਰੀ ਮੋਦੀ ਨੇ ਕਿਹਾ, “ਇਸ ਰਾਹੀਂ ਦੇਸ਼ ਦੇ ਮੱਧਵਰਗੀ ਪਰਿਵਾਰ ਹਰ ਸਾਲ ਹਜ਼ਾਰਾਂ ਰੁਪਏ ਬਚਾ ਸਕਦੇ ਹਨ।”

ਪੇਂਡੂ ਖੇਤਰਾਂ ਦੇ ਸਹਾਇਕ ਧੰਦਿਆਂ ਵਿੱਚ ਸਵੱਛ ਊਰਜਾ ਦੀ ਵਿਸ਼ੇਸ਼ ਵਰਤੋਂ ਦੀ ਲੋੜ ’ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਡੇਅਰੀ ਖੇਤਰ ਵਿੱਚ ਸੂਰਜੀ ਊਰਜਾ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਸੋਲਰ ਉਤਪਾਦ ਵਿਕਸਿਤ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਪਸ਼ੂਆਂ ਦੇ ਚਾਰੇ, ਫਸਲ ਦੀ ਵਾਢੀ ਅਤੇ ਵਾਢੀ ਤੋਂ ਬਾਅਦ ਦੀਆਂ ਪ੍ਰਕਿਰਿਆਵਾਂ ਸਮੇਤ ਅਜਿਹੇ ਹਰੇਕ ਕੰਮ ਲਈ ਸੂਰਜੀ ਊਰਜਾ ਨਾਲ ਚੱਲਣ ਵਾਲੇ ਉਪਕਰਣ ਵਿਕਸਿਤ ਕੀਤੇ ਜਾਣੇ ਚਾਹੀਦੇ ਹਨ।”

ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਅਗਲੀ ਪੀੜ੍ਹੀ ਦੀ ਨਵੀਨਤਾ, ਸਵਦੇਸ਼ੀ ਸਟੋਰੇਜ ਉਪਕਰਣਾਂ ਅਤੇ ਨਵੀਂ ਬੈਟਰੀ ਸਟੋਰੇਜ ਸਮਰੱਥਾ ਦੀ ਲੋੜ ਹੈ, ਪ੍ਰਧਾਨ ਮੰਤਰੀ ਨੇ ਇਸ ਨੂੰ ਭਾਰਤ ਦੇ ਨੌਜਵਾਨਾਂ ਲਈ ਇੱਕ ਬਹੁਤ ਵੱਡਾ ਮੌਕਾ ਦੱਸਿਆ। ਉਨ੍ਹਾਂ ਨੇ ਖੋਜਕਰਤਾਵਾਂ ਅਤੇ ਨਿਵੇਸ਼ਕਾਂ ਨੂੰ ਇਸ ਮੌਕੇ ਦਾ ਲਾਭ ਉਠਾਉਣ ਦੀ ਅਪੀਲ ਕੀਤੀ। ਸ਼੍ਰੀ ਮੋਦੀ ਨੇ ਭਰੋਸਾ ਪ੍ਰਗਟਾਇਆ, “ਭਾਰਤ ਵਿੱਚ ਤੁਹਾਡੇ ਵੱਲੋਂ ਕੱਢੇ ਗਏ ਹੱਲ ਦੁਨੀਆ ਦੇ ਅਨੇਕਾਂ ਦੇਸ਼ਾਂ ਲਈ ਲਾਹੇਵੰਦ ਸਾਬਤ ਹੋਣਗੇ।”

ਦੁਨੀਆ ਦੇ ਸਭ ਤੋਂ ਨੌਜਵਾਨ ਦੇਸ਼ਾਂ ਵਿੱਚੋਂ ਇੱਕ ਭਾਰਤ ਵਿੱਚ ਸਵੱਛ ਊਰਜਾ ਨਾਲ ਜੁੜੀ ਹਰੇਕ ਪਹਿਲ ਪੈਨਲ ਅਤੇ ਉਪਕਰਣਾਂ ਦੇ ਨਿਰਮਾਣ, ਸਥਾਪਨਾ, ਰੱਖ-ਰਖਾਅ ਅਤੇ ਆਵਾਜਾਈ ਵਰਗੇ ਖੇਤਰਾਂ ਵਿੱਚ ਰੁਜ਼ਗਾਰ ਦੇ ਹਜ਼ਾਰਾਂ ਮੌਕੇ ਪੈਦਾ ਕਰ ਰਹੀ ਹੈ। ਇਸ ਗੱਲ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਰਜੀ ਊਰਜਾ ਸਮਰੱਥਾ ਦੇ ਹੋਰ ਵਿਸਤਾਰ ਨਾਲ ਅਰਥਚਾਰੇ ਦੇ ਵੱਖ-ਵੱਖ ਖੇਤਰਾਂ ਵਿੱਚ ਰੁਜ਼ਗਾਰ ਦੇ ਮੌਕੇ ਕਈ ਗੁਣਾ ਵਧਣਗੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਰਸੋਈ ਦੇ ਚੁੱਲ੍ਹੇ ਤੋਂ ਲੈ ਕੇ ਆਵਾਜਾਈ ਦੇ ਸਾਧਨਾਂ ਤੱਕ, ਜਦੋਂ ਸਭ ਕੁਝ ਸੂਰਜੀ ਊਰਜਾ ਅਤੇ ਹਰੀ ਊਰਜਾ ਨਾਲ ਚੱਲੇਗਾ, ਤਾਂ ਇੱਕ ਨਵੇਂ ਉਦਯੋਗ ਦਾ ਨਿਰਮਾਣ ਹੋਵੇਗਾ।”

ਆਲਮੀ ਨਿਵੇਸ਼ਕਾਂ ਨੂੰ ਭਾਰਤ ਦੀ ਬੇਮਿਸਾਲ ਮੰਗ, ਵਿਆਪਕ ਸਮਰੱਥਾ, ਵਿਸ਼ਾਲ ਕਾਰਜ ਖੇਤਰ ਅਤੇ ਸਿਆਸੀ ਤੇ ਨੀਤੀਗਤ ਸਥਿਰਤਾ ਦਾ ਲਾਭ ਉਠਾਉਣ ਦਾ ਸੱਦਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ ਇੱਕ ਦਹਾਕੇ ਵਿੱਚ ਨਵਿਆਉਣਯੋਗ ਊਰਜਾ ਖੇਤਰ ਵਿੱਚ 15 ਲੱਖ ਕਰੋੜ ਰੁਪਏ ਤੋਂ ਵੱਧ ਭਾਵ 164 ਅਰਬ ਡਾਲਰ ਦਾ ਨਿਵੇਸ਼ ਹੋਇਆ ਹੈ। ਇਸ ਵਿੱਚ 2024 ਦੇ ਰੀ-ਇਨਵੈਸਟ ਸਿਖਰ ਸੰਮੇਲਨ ਤੋਂ ਬਾਅਦ ਦੇ ਸਿਰਫ਼ ਦੋ ਸਾਲਾਂ ਵਿੱਚ 6 ਲੱਖ ਕਰੋੜ ਰੁਪਏ ਤੋਂ ਵੱਧ ਭਾਵ 63 ਅਰਬ ਡਾਲਰ ਦਾ ਨਿਵੇਸ਼ ਸ਼ਾਮਲ ਹੈ। ਇਸ ਦਹਾਕੇ ਦੇ ਅੰਤ ਤੱਕ ਨਿਵੇਸ਼ ਦੇ ਮੌਕੇ 20 ਲੱਖ ਕਰੋੜ ਰੁਪਏ ਭਾਵ 220 ਅਰਬ ਡਾਲਰ ਤੋਂ ਵੱਧ ਹੋਣ ਦਾ ਅੰਦਾਜ਼ਾ ਹੈ। ਸ਼੍ਰੀ ਮੋਦੀ ਨੇ ਭਰੋਸਾ ਪ੍ਰਗਟਾਉਂਦਿਆਂ ਕਿਹਾ, “ਇਸ ਲਈ, ਆਪ ਸਾਰਿਆਂ ਲਈ ਭਾਰਤ ਦੇ ਸਵੱਛ ਊਰਜਾ ਖੇਤਰ ਵਿੱਚ ਮੌਕਿਆਂ ਦੀਆਂ ਨਵੀਆਂ ਸੰਭਾਵਨਾਵਾਂ ਖੁੱਲ੍ਹਣ ਜਾ ਰਹੀਆਂ ਹਨ।”

ਭਾਰਤ ਦੇ ਆਲਮੀ ਸੰਦੇਸ਼ ‘ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ’ ਦਾ ਜ਼ਿਕਰ ਕਰਦਿਆਂ, ਜੋ ਦੇਸ਼ ਦੀ ਸਵੱਛ ਊਰਜਾ ਯਾਤਰਾ ਅਤੇ ਅੰਤਰਰਾਸ਼ਟਰੀ ਸੂਰਜੀ ਗੱਠਜੋੜ ਦੋਵਾਂ ਦਾ ਆਧਾਰ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਲੋੜੀਂਦੀ ਵਿੱਤੀ ਮਦਦ, ਤਕਨਾਲੋਜੀ ਅਤੇ ਮੁਹਾਰਤ ਹਰੇਕ ਲੋੜਵੰਦ ਦੇਸ਼ ਤੱਕ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਸੇ ਲਈ, ਅਫ਼ਰੀਕਾ ਵਾਸਤੇ 200 ਮਿਲੀਅਨ ਡਾਲਰ ਦੀ ਅਫ਼ਰੀਕਾ ਸੋਲਰ ਫੈਸਿਲਿਟੀ ਦਾ ਪ੍ਰਸਤਾਵ ਰੱਖਿਆ ਗਿਆ ਹੈ।”

ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿ ਆਉਣ ਵਾਲਾ ਦਹਾਕਾ ਆਲਮੀ ਜਲਵਾਯੂ ਟੀਚਿਆਂ ਦੀ ਪ੍ਰਾਪਤੀ ਲਈ ਬੇਹੱਦ ਅਹਿਮ ਹੈ, ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਨਿਧੀ ਹਰੇਕ ਦੇਸ਼ ਅਤੇ ਖੇਤਰ ਨੂੰ ਇਸ ਬਦਲਾਅ ਨਾਲ ਜੋੜ ਕੇ ਭਵਿੱਖ ਨੂੰ ਸੁਰੱਖਿਅਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਨੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਸਿਰਫ਼ ਉਦੋਂ ਹੀ ਅਸੀਂ ਸਵੱਛ ਭਵਿੱਖ, ਹਰੇ-ਭਰੇ ਭਵਿੱਖ ਅਤੇ ਸੁਰੱਖਿਅਤ ਭਵਿੱਖ ਦਾ ਨਿਰਮਾਣ ਕਰ ਸਕਾਂਗੇ।”

 

************

 

ਐੱਮਜੇਪੀਐੱਸ/ਐੱਸਐੱਸ/ਪੀਆਰਕੇ