ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 3 ਨਵੰਬਰ, 2026 ਨੂੰ ਦੁਪਹਿਰ 12:30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਲਗਭਗ 21,800 ਕਰੋੜ ਰੁਪਏ ਦੇ ਪੁਣੇ ਮੈਟਰੋ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਮੌਕੇ ਸ਼੍ਰੀ ਮੋਦੀ ਸਭਾ ਨੂੰ ਸੰਬੋਧਨ ਵੀ ਕਰਨਗੇ।
ਪ੍ਰਧਾਨ ਮੰਤਰੀ 8,300 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣੇ ਪੁਣੇ ਮੈਟਰੋ ਲਾਈਨ 3 ਦਾ ਉਦਘਾਟਨ ਕਰਨਗੇ, ਜਿਸ ਨੂੰ ‘ਪਿੰਕ ਲਾਈਨ’ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਪ੍ਰੋਜੈਕਟ ਤਕਨੀਕੀ ਨਵੀਨਤਾ ਅਤੇ ਆਧੁਨਿਕ ਆਵਾਜਾਈ ਹੱਲਾਂ ਰਾਹੀਂ ਪੁਣੇ ਦੇ ਸ਼ਹਿਰੀ ਆਵਾਜਾਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਲਗਭਗ 23 ਕਿਲੋਮੀਟਰ ਤੱਕ ਫੈਲੀ ਪਿੰਕ ਲਾਈਨ ਮਾਨ ਨੂੰ ਡਿਸਟ੍ਰਿਕਟ ਕੋਰਟ ਮੈਟਰੋ ਸਟੇਸ਼ਨ ਨਾਲ ਜੋੜਦੀ ਹੈ। ਇਹ ਕੌਰੀਡੋਰ ਹਿੰਜੇਵਾੜੀ ਆਈਟੀ ਹੱਬ ਅਤੇ ਸ਼ਿਵਾਜੀਨਗਰ ਵਿਚਕਾਰ ਮੈਟਰੋ ਕਨੈਕਟੀਵਿਟੀ ਪ੍ਰਦਾਨ ਕਰੇਗਾ, ਪੁਣੇ ਦੇ ਪ੍ਰਮੁੱਖ ਰੁਜ਼ਗਾਰ ਕੇਂਦਰਾਂ ਵਿੱਚੋਂ ਇੱਕ ਤੱਕ ਪਹੁੰਚ ਵਿੱਚ ਸੁਧਾਰ ਕਰੇਗਾ ਅਤੇ ਹਜ਼ਾਰਾਂ ਆਈਟੀ ਪੇਸ਼ੇਵਰਾਂ ਤੇ ਹੋਰ ਯਾਤਰੀਆਂ ਦੇ ਰੋਜ਼ਾਨਾ ਆਉਣ-ਜਾਣ ਨੂੰ ਸੌਖਾ ਬਣਾਵੇਗਾ। ਇਹ ਕੌਰੀਡੋਰ ਮੌਜੂਦਾ ਮੈਟਰੋ ਨੈੱਟਵਰਕ ਨਾਲ ਏਕੀਕ੍ਰਿਤ ਹੋਵੇਗਾ, ਜਿਸ ਨਾਲ ਪੁਣੇ ਦੇ ਵੱਖ-ਵੱਖ ਹਿੱਸਿਆਂ ਵਿੱਚ ਨਿਰਵਿਘਨ ਕਨੈਕਟੀਵਿਟੀ ਮਿਲੇਗੀ। ਇਹ ਨਿੱਜੀ ਵਾਹਨਾਂ ’ਤੇ ਨਿਰਭਰਤਾ ਨੂੰ ਘਟਾਉਣ, ਆਵਾਜਾਈ ਦੀ ਭੀੜ ਅਤੇ ਵਾਹਨਾਂ ਦੇ ਨਿਕਾਸ ਨੂੰ ਘਟਾਉਣ ਅਤੇ ਪ੍ਰਮੁੱਖ ਵਪਾਰਕ Dਤੇ ਰਿਹਾਇਸ਼ੀ ਖੇਤਰਾਂ ਤੱਕ ਪਹੁੰਚ ਵਿੱਚ ਸੁਧਾਰ ਕਰਨ ਵਿੱਚ ਮਦਦ ਕਰੇਗਾ।
ਪਿੰਕ ਲਾਈਨ ਦੀ ਇੱਕ ਖ਼ਾਸ ਵਿਸ਼ੇਸ਼ਤਾ ਮਹਿਲਾ ਸਸ਼ਕਤੀਕਰਨ ਅਤੇ ਮਹਿਲਾਵਾਂ ਦੀ ਸ਼ਮੂਲੀਅਤ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੇ ਅਨੁਕੂਲ ਜਨਤਕ ਆਵਾਜਾਈ ’ਤੇ ਜ਼ੋਰ ਦੇਣਾ ਹੈ। ਇਹ ਲਾਈਨ ਪੂਰੀ ਤਰ੍ਹਾਂ ਮਹਿਲਾ ਟ੍ਰੇਨ ਆਪਰੇਟਰਾਂ ਵੱਲੋਂ ਚਲਾਈ ਜਾਵੇਗੀ, ਜਿਸ ਨਾਲ ਇਹ ਆਪਣੀ ਤਰ੍ਹਾਂ ਦੀ ਪਹਿਲੀ ਪਹਿਲਕਦਮੀ ਬਣ ਜਾਵੇਗੀ। ਇਹ ਪ੍ਰੋਜੈਕਟ ਵਾਤਾਵਰਣਕ ਸਥਿਰਤਾ ’ਤੇ ਵੀ ਜ਼ੋਰ ਦਿੰਦਾ ਹੈ, ਜਿਸ ਵਿੱਚ ਇਸ ਦੀ ਕੁੱਲ ਬਿਜਲੀ ਦੀ ਜ਼ਰੂਰਤ ਦਾ ਲਗਭਗ 30 ਫ਼ੀਸਦੀ ਸੂਰਜੀ ਊਰਜਾ ਰਾਹੀਂ ਪੂਰਾ ਕਰਨ ਦੀ ਕਲਪਨਾ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਪੁਣੇ ਮੈਟਰੋ ਦੇ ਦੂਜੇ ਪੜਾਅ ਦਾ ਨੀਂਹ ਪੱਥਰ ਵੀ ਰੱਖਣਗੇ, ਜਿਸ ਨੂੰ ਲਗਭਗ 13,500 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਵਿਕਸਤ ਕੀਤਾ ਜਾਵੇਗਾ। ਦੂਜੇ ਪੜਾਅ ਵਿੱਚ ਪੁਣੇ ਮੈਟਰੋ ਲਾਈਨ 2ਏ, 2ਬੀ, 4 ਅਤੇ 4ਏ ਸ਼ਾਮਲ ਹਨ, ਜੋ ਸ਼ਹਿਰ ਦੇ ਮੈਟਰੋ ਨੈੱਟਵਰਕ ਦਾ ਕਾਫ਼ੀ ਵਿਸਤਾਰ ਕਰਨਗੀਆਂ ਅਤੇ ਮਹੱਤਵਪੂਰਨ ਰਿਹਾਇਸ਼ੀ, ਵਪਾਰਕ ਅਤੇ ਆਈਟੀ ਕੇਂਦਰਾਂ ਵਿੱਚ ਕਨੈਕਟੀਵਿਟੀ ਨੂੰ ਮਜ਼ਬੂਤ ਕਰਨਗੀਆਂ।
ਪੜਾਅ-II ਦੇ ਤਹਿਤ, ਲਾਈਨ 2ਏ ਅਤੇ 2ਬੀ ਦੀ ਕੁੱਲ ਲੰਬਾਈ ਲਗਭਗ 12.75 ਕਿਲੋਮੀਟਰ ਹੋਵੇਗੀ। ਲਾਈਨ 2ਏ ਵਨਾਜ਼ ਨੂੰ ਚਾਂਦਨੀ ਚੌਕ ਨਾਲ ਜੋੜੇਗੀ, ਜਦੋਂ ਕਿ ਲਾਈਨ 2ਬੀ ਰਾਮਵਾੜੀ ਨੂੰ ਵਿੱਠਲਵਾੜੀ ਨਾਲ ਜੋੜੇਗੀ, ਜੋ ਮੌਜੂਦਾ ਪੂਰਬ-ਪੱਛਮੀ ਮੈਟਰੋ ਨੈੱਟਵਰਕ ਦਾ ਵਿਸਤਾਰ ਕਰੇਗੀ। ਲਗਭਗ 25.52 ਕਿਲੋਮੀਟਰ ਤੱਕ ਫੈਲੀ ਲਾਈਨ 4 ਖਰਾਡੀ ਨੂੰ ਖੜਕਵਾਸਲਾ ਨਾਲ ਜੋੜੇਗੀ। 6.12 ਕਿਲੋਮੀਟਰ ਤੱਕ ਫੈਲੀ ਲਾਈਨ 4ਏ ਨਲ ਸਟਾਪ ਨੂੰ ਮਾਣਿਕ ਬਾਗ ਨਾਲ ਜੋੜੇਗੀ।
ਨਵੇਂ ਮੈਟਰੋ ਕੌਰੀਡੋਰ ਖਰਾਡੀ, ਮਗਰਪੱਟਾ, ਹਡਪਸਰ, ਸਵਾਰਗੇਟ, ਮਾਣਿਕ ਬਾਗ, ਨਾਂਦੇੜ ਸਿਟੀ, ਪੁਣੇ ਛਾਉਣੀ ਅਤੇ ਵਾਰਜੇ ਸਮੇਤ ਕਈ ਮਹੱਤਵਪੂਰਨ ਸਥਾਨਾਂ ਨੂੰ ਜੋੜਨਗੇ। ਰਾਮਵਾੜੀ ਤੋਂ ਵਿੱਠਲਵਾੜੀ ਤੱਕ ਦਾ ਪੂਰਬੀ ਵਿਸਤਾਰ ਖਰਾਡੀ ਅਤੇ ਵਾਘੋਲੀ ਵਿੱਚ ਤੇਜ਼ੀ ਨਾਲ ਵਿਕਸਤ ਹੋ ਰਹੇ ਰਿਹਾਇਸ਼ੀ, ਵਪਾਰਕ ਅਤੇ ਆਈਟੀ ਕੇਂਦਰਾਂ ਲਈ ਕਨੈਕਟੀਵਿਟੀ ਵਿੱਚ ਸੁਧਾਰ ਕਰੇਗਾ। ਕੌਰੀਡੋਰ ਸਵਾਰਗੇਟ, ਨਲ ਸਟਾਪ ਅਤੇ ਖਰਾਡੀ ਬਾਈਪਾਸ ’ਤੇ ਇੰਟਰਚੇਂਜ ਸਹੂਲਤਾਂ ਰਾਹੀਂ ਇੰਟਰਸਿਟੀ ਬੱਸ ਸੇਵਾਵਾਂ ਅਤੇ ਮੌਜੂਦਾ ਪੁਣੇ ਮੈਟਰੋ ਨੈੱਟਵਰਕ ਨਾਲ ਜੁੜਨਗੇ, ਜਿਸ ਨਾਲ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਨਿਰਵਿਘਨ ਕਨੈਕਟੀਵਿਟੀ ਦੀ ਸਹੂਲਤ ਮਿਲੇਗੀ।
ਇਹ ਪ੍ਰੋਜੈਕਟ ਪੁਣੇ ਦੇ ਜਨਤਕ ਆਵਾਜਾਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਗੇ, ਪੂਰੇ ਸ਼ਹਿਰ ਵਿੱਚ ਕਨੈਕਟੀਵਿਟੀ ਵਿੱਚ ਸੁਧਾਰ ਕਰਨਗੇ ਅਤੇ ਯਾਤਰੀਆਂ ਨੂੰ ਇੱਕ ਕੁਸ਼ਲ ਅਤੇ ਏਕੀਕ੍ਰਿਤ ਸ਼ਹਿਰੀ ਆਵਾਜਾਈ ਦਾ ਨੈੱਟਵਰਕ ਪ੍ਰਦਾਨ ਕਰਨਗੇ।
****
ਐੱਮਜੇਪੀਐੱਸ/ਐੱਸਐੱਸ/ਵੀਜੇ