Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਭਾਰਤ ਦੇ ਏਸ਼ਿਆਈ ਪੈਰਾ ਖੇਡਾਂ ਦੇ ਚੈਂਪੀਅਨਜ਼ ਨਾਲ ਗੱਲਬਾਤ ਦੌਰਾਨ ਦਿੱਤੇ ਸੰਬੋਧਨ ਦਾ ਪੰਜਾਬੀ ਅਨੁਵਾਦ

ਪ੍ਰਧਾਨ ਮੰਤਰੀ ਵੱਲੋਂ ਭਾਰਤ ਦੇ ਏਸ਼ਿਆਈ ਪੈਰਾ ਖੇਡਾਂ ਦੇ ਚੈਂਪੀਅਨਜ਼ ਨਾਲ ਗੱਲਬਾਤ ਦੌਰਾਨ ਦਿੱਤੇ ਸੰਬੋਧਨ ਦਾ ਪੰਜਾਬੀ ਅਨੁਵਾਦ


ਕੈਬਨਿਟ ਵਿੱਚ ਮੇਰੇ ਸਹਿਯੋਗੀ ਮਨਸੁਖ ਮਾਂਡਵੀਆ ਜੀ, ਰਕਸ਼ਾ ਖਡਸੇ ਜੀ, ਪੈਰਾਲੰਪਿਕ ਕਮੇਟੀ ਆਫ ਇੰਡੀਆ ਅਤੇ ਨੈਸ਼ਨਲ ਸਪੋਰਟਸ ਫੈਡਰੇਸ਼ਨ ਦੇ ਸਾਰੇ ਨੁਮਾਇੰਦਿਓ, ਹੋਰ ਪਤਵੰਤਿਓ, ਤਗ਼ਮਾ ਜੇਤੂ ਸਾਰੇ ਐਥਲੀਟੋ, ਦੇਵੀਓ ਅਤੇ ਸੱਜਣੋ।

ਤੁਹਾਡੇ ਸਾਰਿਆਂ ਨਾਲ ਮਿਲਣ ਦੀ ਮੈਨੂੰ ਬੇਸਬਰੀ ਨਾਲ ਉਡੀਕ ਸੀ। ਕੁਝ ਹੀ ਹਫ਼ਤੇ ਪਹਿਲਾਂ ਮੈਂ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਮਿਲਿਆ ਸੀ, ਹੁਣ ਮੈਨੂੰ ਪੈਰਾ ਏਸ਼ਿਆਈ ਖੇਡਾਂ ਵਿੱਚ ਸ਼ਾਮਲ ਤੁਹਾਡੇ ਸਾਰਿਆਂ ਵਰਗੇ ਊਰਜਾਵਾਨ ਸਾਥੀਆਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ। ਤੁਹਾਡਾ ਸ਼ਾਨਦਾਰ ਪ੍ਰਦਰਸ਼ਨ ਇਹ ਦੱਸਦਾ ਹੈ ਕਿ ਅੱਜ ਭਾਰਤ ਖੇਡਾਂ ਦੀ ਦੁਨੀਆ ਵਿੱਚ ਤੇਜ਼ੀ ਨਾਲ ਇੱਕ ਵੱਡੀ ਤਾਕਤ ਵਜੋਂ ਉੱਭਰ ਰਿਹਾ ਹੈ। ਇੰਨੇ ਵੱਡੇ ਮੰਚ ’ਤੇ ਤੁਸੀਂ ਸਾਰਿਆਂ ਨੇ ਤਗ਼ਮੇ ਤਾਂ ਜਿੱਤੇ ਹੀ ਹਨ, ਤੁਸੀਂ ਕਰੋੜਾਂ ਦੇਸ਼ ਵਾਸੀਆਂ ਦਾ ਦਿਲ ਵੀ ਜਿੱਤਿਆ ਹੈ। ਤੁਸੀਂ ਸਾਰੇ ਪੈਰਾ ਐਥਲੀਟਾਂ ਨੇ ਇੱਕ ਵਾਰ ਫਿਰ ਇਹ ਦਿਖਾ ਦਿੱਤਾ ਹੈ ਕਿ ਸਭ ਤੋਂ ਉੱਚੀ ਉਡਾਣ ਹੌਸਲਿਆਂ ਨਾਲ ਹੁੰਦੀ ਹੈ। ਮੈਂ ਤੁਹਾਨੂੰ ਸਾਰੇ ਖਿਡਾਰੀਆਂ ਨੂੰ 140 ਕਰੋੜ ਦੇਸ਼ ਵਾਸੀਆਂ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਤੁਹਾਡੀ ਇਸ ਪ੍ਰਾਪਤੀ ਵਿੱਚ ਤੁਹਾਡੇ ਪਰਿਵਾਰ, ਟ੍ਰੇਨਰ ਅਤੇ ਕੋਚ ਦੀ ਵੀ ਅਹਿਮ ਭੂਮਿਕਾ ਹੈ, ਮੈਂ ਉਨ੍ਹਾਂ ਦਾ ਵੀ ਸਵਾਗਤ ਕਰਦਾ ਹਾਂ। ਅਤੇ ਮੈਂ ਪਹਿਲਾਂ ਵੀ ਕਿਹਾ ਸੀ, ਇੱਕ ਸਧਾਰਨ ਖਿਡਾਰੀ ਨੂੰ ਅਤੇ ਉਸ ਦੇ ਪਿੱਛੇ ਇੱਕ ਕੋਚ ਨੂੰ ਜਿੰਨੀ ਮਿਹਨਤ ਕਰਨੀ ਪੈਂਦੀ ਹੈ, ਪੈਰਾਲੰਪਿਕ ਲਈ ਉਸ ਤੋਂ ਕਈ ਗੁਣਾ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਉਦੋਂ ਜਾ ਕੇ ਰੰਗ ਖਿੜਦੇ ਹਨ। ਇਸ ਲਈ, ਉਨ੍ਹਾਂ ਨੂੰ ਤਾਂ ਮੈਂ ਵਿਸ਼ੇਸ਼ ਵਧਾਈ ਦਿੰਦਾ ਹਾਂ, ਉਨ੍ਹਾਂ ਦਾ ਸਵਾਗਤ ਕਰਦਾ ਹਾਂ।

ਸਾਥੀਓ,

ਇੱਕ ਸਮਾਂ ਸੀ, ਜਦੋਂ ਜ਼ਿਆਦਾਤਰ ਖੇਡਾਂ ਵਿੱਚ ਭਾਰਤ ਦੀ ਸ਼ਮੂਲੀਅਤ ਸਿਰਫ਼ ਰਸਮੀ ਸਮਝੀ ਜਾਂਦੀ ਸੀ। ਪੈਰਾ-ਖੇਡਾਂ ਵਿੱਚ ਤਾਂ ਦੇਸ਼ ਬਹੁਤ ਪਿੱਛੇ ਸੀ। 2010 ਦੀਆਂ ਪੈਰਾ ਏਸ਼ਿਆਈ ਖੇਡਾਂ ਵਿੱਚ ਭਾਰਤ ਨੇ ਬੱਸ ਇੱਕ ਸੋਨੇ ਦਾ ਤਗ਼ਮਾ ਜਿੱਤਿਆ ਸੀ। ਕੁੱਲ ਮਿਲਾ ਕੇ ਉਸ ਟੂਰਨਾਮੈਂਟ ਵਿੱਚ ਅਸੀਂ ਸਿਰਫ਼ 14 ਤਗ਼ਮੇ ਜਿੱਤ ਸਕੇ ਸੀ, ਚੌਦਾਂ। ਉੱਥੇ ਹੀ, ਇਸ ਵਾਰ ਸਾਡੇ ਖਿਡਾਰੀ ਇੱਕ ਸੌ ਚੌਦਾਂ ਤਗ਼ਮਿਆਂ ਦੇ ਨਾਲ ਆਏ ਹਨ। ਕੋਈ ਸੋਚੇ ਚੌਦਾਂ ਤੋਂ ਇੱਕ ਸੌ ਚੌਦਾਂ ਦੀ ਇਹ ਯਾਤਰਾ, ਇਹ ਤੁਹਾਡੀ ਸਖ਼ਤ ਮਿਹਨਤ ਦੀ ਸਿਖਰ ਹੈ, ਉਸੇ ਦਾ ਨਤੀਜਾ ਹੈ। ਖੇਡ ਪ੍ਰਤੀ ਤੁਹਾਡਾ ਜੋ ਸਮਰਪਣ ਹੈ, ਅਤੇ ਇੱਕ ਜੋ ਪੂਰੀ ਪ੍ਰਣਾਲੀ ਵਿਕਸਿਤ ਹੋਈ ਹੈ, ਉਸ ਨਾਲ ਇਹ ਨਤੀਜਾ ਪ੍ਰਾਪਤ ਹੋ ਰਿਹਾ ਹੈ। ਇਸ ਵਾਰ, ਤੀਹ ਸੋਨੇ ਦੇ, ਪੈਂਤੀ ਚਾਂਦੀ ਦੇ, ਉਨੰਜਾ ਕਾਂਸੇ ਦੇ ਤਗ਼ਮੇ, 5 ਨਵੇਂ ਵਿਸ਼ਵ ਰਿਕਾਰਡ, 9 ਏਸ਼ਿਆਈ ਰਿਕਾਰਡ, ਤੁਸੀਂ ਪੂਰੇ ਦੇਸ਼ ਨੂੰ ਮਾਣ ਨਾਲ ਭਰ ਦਿੱਤਾ ਹੈ। ਇਸ ਵਾਰ 56 ਮਹਿਲਾ ਖਿਡਾਰਨਾਂ ਵਿੱਚੋਂ 34 ਧੀਆਂ ਤਗ਼ਮਾ ਜੇਤੂ ਬਣੀਆਂ ਹਨ। ਅਤੇ ਚਾਰ ਮੁਕਾਬਲਿਆਂ ਵਿੱਚ ਤਾਂ ਪੋਡੀਅਮ ’ਤੇ ਤਿੰਨੋਂ ਥਾਵਾਂ ’ਤੇ ਸਾਡਾ ਹੀ ਝੰਡਾ ਸੀ, ਸਾਡੇ ਹੀ ਖਿਡਾਰੀ ਸਨ। ਸੋਨੇ ਦਾ ਤਗ਼ਮਾ ਵੀ ਭਾਰਤ ਨੇ ਜਿੱਤਿਆ, ਉਸੇ ਖੇਡ ਵਿੱਚ ਚਾਂਦੀ ਅਤੇ ਕਾਂਸੇ ਦਾ ਤਗ਼ਮਾ ਵੀ ਭਾਰਤ ਨੇ ਜਿੱਤਿਆ, ਅਤੇ ਮੁਕਾਬਲੇ ਦੇ ਆਖ਼ਰੀ ਦਿਨ ਵੀ, ਤੁਸੀਂ ਉਸ ਦਿਨ ਤਾਂ ਕਮਾਲ ਕਰ ਦਿੱਤਾ ਸੀ, ਨੌਂ ਸੋਨੇ ਦੇ ਤਗ਼ਮੇ ਜਿੱਤ ਲਏ। ਅਜਿਹਾ ਲੱਗ ਰਿਹਾ ਸੀ, ਜਿਵੇਂ ਤੁਸੀਂ ਤੈਅ ਕਰ ਲਿਆ ਹੋਵੇ ਕਿ ਜਦੋਂ ਤੱਕ ਖੇਡ ਚੱਲ ਰਹੀ ਹੈ, ਤਗ਼ਮੇ ਜਿੱਤਣ ਦਾ ਸਿਲਸਿਲਾ ਰੁਕਣਾ ਨਹੀਂ ਚਾਹੀਦਾ।

ਸਾਥੀਓ,

ਇਸ ਵਾਰ ਸਾਡੇ ਖਿਡਾਰੀਆਂ ਨੇ ਅਜਿਹੇ ਮੁਕਾਬਲਿਆਂ ਵਿੱਚ ਵੀ ਸੋਨੇ ਦਾ ਤਗ਼ਮਾ ਹਾਸਲ ਕੀਤਾ ਹੈ, ਜਿਨ੍ਹਾਂ ਵਿੱਚ ਭਾਰਤ ਨੂੰ ਪਹਿਲਾਂ ਕਦੇ ਇਹ ਕਾਮਯਾਬੀ ਮਿਲੀ ਹੀ ਨਹੀਂ ਸੀ। ਮੋਨਾ ਅਗਰਵਾਲ ਨੇ ਪੈਰਾ ਸ਼ੂਟਿੰਗ ਵਿੱਚ ਵਿਸ਼ਵ ਰਿਕਾਰਡ ਬਣਾਇਆ। ਹਨੀ ਵੀ ਆਪਣਾ ਹੀ ਪੁਰਾਣਾ ਵਿਸ਼ਵ ਰਿਕਾਰਡ ਤੋੜ ਕੇ ਆਏ। ਹਿਮਾਂਸ਼ੂ, ਰਵੀ ਅਤੇ ਜੇਹਾਨ ਨੇ ਆਪਣੇ ਪ੍ਰਦਰਸ਼ਨ ਨਾਲ ਦੁਨੀਆ ਨੂੰ ਦਿਖਾਇਆ ਕਿ ਸਰੀਰਕ ਚੁਣੌਤੀਆਂ ਨੂੰ ਕਿਵੇਂ ਮਾਤ ਦੇਣੀ ਹੈ।

ਸਾਥੀਓ,

ਇੱਕ ਖਿਡਾਰੀ ਦੀ ਨਿੱਜੀ ਪ੍ਰਾਪਤੀ ਹੋਵੇ ਜਾਂ ਦੇਸ਼ ਦੀ ਸਮੂਹਿਕ ਸਫ਼ਲਤਾ ਹੋਵੇ, ਜਿੱਤ ਦੀ ਚਮਕ ਪੂਰੀ ਦੁਨੀਆ ਦੇਖਦੀ ਹੈ। ਪਰ, ਉਸ ਪਲ ਲਈ ਜੋ ਵਰ੍ਹਿਆਂ ਦੀ ਮਿਹਨਤ ਲੱਗਦੀ ਹੈ, ਦਿਨ-ਰਾਤ ਜੋ ਪਸੀਨਾ ਵਹਾਉਣਾ ਪੈਂਦਾ ਹੈ, ਜਿਸ ਅਟੁੱਟ ਲਗਨ ਅਤੇ ਨਿਸ਼ਠਾ ਦੇ ਨਾਲ ਤਪੱਸਿਆ ਕਰਨੀ ਪੈਂਦੀ ਹੈ, ਜਿੱਤ ਦੀ ਬੁਲੰਦ ਇਮਾਰਤ ਉਸੇ ਨੀਂਹ ’ਤੇ ਖੜ੍ਹੀ ਹੁੰਦੀ ਹੈ। ਜਿਵੇਂ, ਰਿੰਕੂ ਜੀ ਨੇ ਏਸ਼ਿਆਈ ਪੈਰਾ ਖੇਡਾਂ ਤੋਂ ਦੋ ਮਹੀਨੇ ਪਹਿਲਾਂ ਆਪਣੀ ਮਾਤਾ ਜੀ ਨੂੰ ਗੁਆ ਦਿੱਤਾ ਸੀ। ਇੰਨੇ ਵੱਡੇ ਦੁੱਖ ਦੇ ਵਿਚਕਾਰ ਵੀ ਉਨ੍ਹਾਂ ਨੇ ਹਿੰਮਤ ਬਣਾਈ ਰੱਖੀ, ਅਤੇ ਜਦੋਂ ਤੁਸੀਂ ਸੋਨੇ ਦਾ ਤਗ਼ਮਾ ਜਿੱਤਿਆ, ਤਾਂ ਆਪਣੀ ਮਾਂ ਦੀ ਤਸਵੀਰ ਚੁੱਕ ਕੇ ਉਹ ਤਗ਼ਮਾ ਸਮਰਪਿਤ ਕੀਤਾ। ਉਹ ਪਲ ਸਾਰੇ ਦੇਸ਼ ਵਾਸੀਆਂ ਨੂੰ ਭਾਵੁਕ ਕਰ ਗਿਆ।

ਸਾਥੀਓ,

ਤੁਹਾਡਾ ਸਾਰਿਆਂ ਦਾ ਸੰਘਰਸ਼ ਅਤੇ ਤੁਹਾਡੀਆਂ ਪ੍ਰਾਪਤੀਆਂ ਹਰ ਹਿੰਦੁਸਤਾਨੀ ਨੂੰ ਪ੍ਰੇਰਿਤ ਕਰਨ ਵਾਲੀਆਂ ਹਨ, ਅਤੇ ਇਸ ਸਫ਼ਰ ਵਿੱਚ ਤੁਹਾਡੀ ਅਤੇ ਦੇਸ਼ ਦੀ ਯਾਤਰਾ ਇੱਕੋ ਜਿਹੀ ਹੀ ਰਹੀ ਹੈ। ਇਸੇ ਲਈ, ਅੱਜ ਤੁਹਾਡੇ ਅਤੇ ਦੇਸ਼ ਦੇ ਯਤਨ ਮਿਲ ਕੇ ਇੱਕ ਅਤੇ ਇੱਕ ਗਿਆਰਾਂ ਹੋ ਰਹੇ ਹਨ।

ਸਾਥੀਓ,

ਸਾਲ 2014 ਤੋਂ ਬਾਅਦ, ਜਦੋਂ ਦੇਸ਼ ਨੇ ਵੱਡੇ ਟੀਚਿਆਂ ਲਈ ਆਪਣਾ ਇਹ ਸਫ਼ਰ ਸ਼ੁਰੂ ਕੀਤਾ ਸੀ, ਉਦੋਂ ਹਾਲਾਤ ਬਿਲਕੁਲ ਵੱਖਰੇ ਸਨ। ਜ਼ਿਆਦਾਤਰ ਮਾਪੇ ਬੱਚਿਆਂ ਨੂੰ ਖੇਡਾਂ ਵਿੱਚ ਭੇਜਣ ਤੋਂ ਡਰਾਉਂਦੇ ਸਨ, ਖ਼ੁਦ ਵੀ ਡਰਦੇ ਸਨ। ਵਿਵਸਥਾ ਦੀ ਬਦਹਾਲੀ, ਸਾਧਨਾਂ ਦੀ ਘਾਟ, ਸਹਿਯੋਗ ਦੀ ਕਮੀ, ਪਾਰਦਰਸ਼ਤਾ ਦੀ ਘਾਟ, ਲੋਕ ਕਹਿੰਦੇ ਸਨ ਕਿ ਇਸ ਸਿਸਟਮ ਦਾ ਕੁਝ ਨਹੀਂ ਹੋ ਸਕਦਾ, ਇੰਝ ਹੀ ਚੱਲੇਗਾ, ਇੰਝ ਹੀ ਮੰਨ ਲਿਆ ਸੀ। ਪਰ, ਜਿਵੇਂ ਤੁਸੀਂ ਕਿਸੇ ਵੀ ਮੁਸ਼ਕਿਲ ਦੇ ਸਾਹਮਣੇ ਹਾਰ ਨਹੀਂ ਮੰਨੀ, ਉਸੇ ਤਰ੍ਹਾਂ ਦੇਸ਼ ਨੇ ਵੀ ਸਿਰਫ਼ ਆਪਣੇ ਟੀਚੇ ਵੱਲ ਦੇਖਿਆ। ਅਸੀਂ ਤੈਅ ਕੀਤਾ, ਅਸੀਂ ਆਪਣੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਬਰਬਾਦ ਨਹੀਂ ਹੋਣ ਦਿਆਂਗੇ। ਅਤੇ ਇਸ ਲਈ, ਜੋ ਸਿਸਟਮ ਤੁਹਾਡੇ ਵਰਗੇ ਨੌਜਵਾਨਾਂ ਨੂੰ ਅੱਗੇ ਵਧਣ ਤੋਂ ਰੋਕਦਾ ਸੀ, ਅਸੀਂ ਉਸ ਸਿਸਟਮ ਨੂੰ ਹੀ ਬਦਲਣ ਦਾ ਸੰਕਲਪ ਲੈ ਲਿਆ। ਇਸੇ ਦਾ ਨਤੀਜਾ ਹੈ, ਖੇਡਾਂ ਨੂੰ ਲੈ ਕੇ ਇੱਕ ਨਵੀਂ ਪਹੁੰਚ ਪੈਦਾ ਹੋਈ ਹੈ। ਅੱਜ ਜੇ ਇੱਕ ਨੌਜਵਾਨ ਨੂੰ ਆਪਣੀ ਪ੍ਰਤਿਭਾ ’ਤੇ ਭਰੋਸਾ ਹੈ, ਤਾਂ ਉਸ ਨੂੰ ਇਹ ਵਿਸ਼ਵਾਸ ਵੀ ਰਹਿੰਦਾ ਹੈ ਕਿ ਦੇਸ਼ ਉਸ ਦੇ ਨਾਲ ਖੜ੍ਹਾ ਰਹੇਗਾ। ਸਾਡੀਆਂ ਪੈਰਾ-ਖੇਡਾਂ ਖ਼ੁਦ ਇਸ ਦੀਆਂ ਸਭ ਤੋਂ ਵੱਡੀਆਂ ਉਦਾਹਰਨਾਂ ਹਨ। ਜਿਨ੍ਹਾਂ ਖੇਡਾਂ ਵਿੱਚ ਪਹਿਲਾਂ ਭਾਰਤ ਦੀ ਨੁਮਾਇੰਦਗੀ ਬੇਹੱਦ ਸੀਮਤ ਹੁੰਦੀ ਸੀ, ਹੁਣ ਉਨ੍ਹਾਂ ਵਿੱਚ ਸਾਡਾ ਦਬਦਬਾ ਵਧ ਰਿਹਾ ਹੈ। ਤੀਰਅੰਦਾਜ਼ੀ, ਐਥਲੈਟਿਕਸ, ਸ਼ੂਟਿੰਗ, ਤੈਰਾਕੀ, ਟੇਬਲ ਟੈਨਿਸ, ਬੈਡਮਿੰਟਨ, ਜੂਡੋ, ਪਾਵਰਲਿਫਟਿੰਗ, ਅਜਿਹੀਆਂ ਕਿੰਨੀਆਂ ਹੀ ਖੇਡਾਂ ਵਿੱਚ ਨਵੇਂ-ਨਵੇਂ ਨੌਜਵਾਨ ਖਿਡਾਰੀ ਸਾਹਮਣੇ ਆ ਰਹੇ ਹਨ। ਸਾਨੂੰ ਨਵੇਂ-ਨਵੇਂ ਚੈਂਪੀਅਨ ਮਿਲ ਰਹੇ ਹਨ। ਇਸ ਵਾਰ ਵੀ ਸਾਡੇ 61 ਖਿਡਾਰੀ ਏਸ਼ਿਆਈ ਪੈਰਾ ਖੇਡਾਂ ਵਿੱਚ ਪਹਿਲੀ ਵਾਰ ਖੇਡੇ ਹਨ, 61 ਬਿਲਕੁਲ ਨਵੇਂ। ਅਤੇ ਉਨ੍ਹਾਂ ਵਿੱਚੋਂ ਜੋ ਪਹਿਲੀ ਵਾਰ ਗਏ, 36 ਨੌਜਵਾਨ ਤਗ਼ਮੇ ਜਿੱਤ ਕੇ ਪਰਤੇ ਹਨ, ਅਤੇ ਸੰਦੀਪ ਨੇ ਤਾਂ ਡੈਬਿਊ ਵਿੱਚ ਹੀ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ। ਨੌਜਵਾਨਾਂ ਦੀ ਇਹ ਸ਼ਮੂਲੀਅਤ, ਅੱਜ ਦੇ ਭਾਰਤ ਦੀ ਤਸਵੀਰ ਵੀ ਹੈ, ਅਤੇ ਭਵਿੱਖ ਦੇ ਭਾਰਤ ਦਾ ਐਲਾਨ ਵੀ ਹੈ।

ਸਾਥੀਓ,

ਅਸੀਂ ਖੇਡਾਂ ਨੂੰ ਸਿਰਫ਼ ਕੁਝ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਦੇ ਰੂਪ ਵਿੱਚ ਨਹੀਂ ਦੇਖਦੇ ਹਾਂ, ਸਾਡੇ ਲਈ ਖੇਡਾਂ ਸ਼ਖ਼ਸੀਅਤ ਉਸਾਰੀ ਅਤੇ ਰਾਸ਼ਟਰ ਨਿਰਮਾਣ ਦਾ ਇੱਕ ਮਜ਼ਬੂਤ ਮਾਧਿਅਮ ਵੀ ਹਨ। ਇਹ ਖੇਡਾਂ ਹੀ ਹਨ, ਜੋ ਨੌਜਵਾਨਾਂ ਨੂੰ ਹਾਰ ਕੇ ਜਿੱਤਣਾ ਸਿਖਾਉਂਦੀਆਂ ਹਨ, ਅਨੁਸ਼ਾਸਨ ਅਤੇ ਟੀਮ ਭਾਵਨਾ ਦਾ ਮਤਲਬ ਸਮਝਾਉਂਦੀਆਂ ਹਨ।

ਸਾਥੀਓ,

ਇਸੇ ਦੂਰਅੰਦੇਸ਼ੀ ਨਾਲ ਅਸੀਂ ਦੇਸ਼ ਲਈ ਇੱਕ ਆਧੁਨਿਕ ਖੇਡ ਪ੍ਰਣਾਲੀ ਬਣਾ ਰਹੇ ਹਾਂ। ਦੇਸ਼ ਵਿੱਚ ਸਕੂਲ ਅਤੇ ਜ਼ਮੀਨੀ ਪੱਧਰ ’ਤੇ ਮੁਹਿੰਮਾਂ ਚੱਲ ਰਹੀਆਂ ਹਨ। ਵੱਡੀ ਗਿਣਤੀ ਵਿੱਚ ‘ਖੇਲ੍ਹੋ ਇੰਡੀਆ ਸੈਂਟਰਾਂ’ ਦੀ ਸਥਾਪਨਾ ਕੀਤੀ ਗਈ ਹੈ। ਅਸੀਂ ‘ਟੌਪਸ’ ਸਕੀਮ ਵੀ ਸ਼ੁਰੂ ਕੀਤੀ, ਤਾਂ ਜੋ ਖਿਡਾਰੀਆਂ ਨੂੰ ਓਲੰਪਿਕ ਪੱਧਰ ਦੀ ਸਿਖਲਾਈ ਮਿਲੇ। ਓਲੰਪਿਕ ਨੂੰ ਹੀ ਧਿਆਨ ਵਿੱਚ ਰੱਖਦੇ ਹੋਏ, ਇਸ ਵਾਰ ਲਾਲ ਕਿਲ੍ਹੇ ਤੋਂ ਮੈਂ ‘ਟੈਲੇਂਟ ਹੰਟ’ ਮੁਹਿੰਮ ਵਿੱਚ ਨੌਜਵਾਨਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਹੈ।

ਸਾਥੀਓ,

ਇਨ੍ਹਾਂ ਯਤਨਾਂ ਵਿੱਚ ਪੈਰਾ-ਖੇਡਾਂ ਨੂੰ ਵੀ ਓਨਾ ਹੀ ਮਹੱਤਵ ਦਿੱਤਾ ਜਾ ਰਿਹਾ ਹੈ। ਇਸ ਨਾਲ ਤੁਹਾਡੇ ਵਰਗੇ ਜੋ ਖਿਡਾਰੀ ਨਿਖਰ ਕੇ ਸਾਹਮਣੇ ਆ ਰਹੇ ਹਨ, ਅੱਜ ਉਹ ਵੱਡੇ ਮੁਕਾਬਲਿਆਂ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਨ। ਇਸ ਵਾਰ ਦੀਆਂ ਪੈਰਾ-ਖੇਡਾਂ ਵਿੱਚ ਵੀ ਅਸੀਂ ਇਹ ਉਦਾਹਰਨ ਦੇਖ ਸਕੇ ਹਾਂ। ਇਸ ਮੁਕਾਬਲੇ ਵਿੱਚ ‘ਟੌਪਸ’ ਤੋਂ ਮਦਦ ਪਾਉਣ ਵਾਲੇ ਖਿਡਾਰੀਆਂ ਨੇ 41 ਤਗ਼ਮੇ ਜਿੱਤੇ, ‘ਖੇਲ੍ਹੋ ਇੰਡੀਆ’ ਦੇ ਖਿਡਾਰੀਆਂ ਨੇ 19 ਤਗ਼ਮੇ ਜਿੱਤੇ, ਇਹ ਦਿਖਾਉਂਦਾ ਹੈ ਕਿ ਸਾਡੇ ਯਤਨ ਸਹੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਨ।

ਸਾਥੀਓ,

ਅੱਜ ਭਾਰਤ ਵਿੱਚ ਖੇਡਾਂ ਨੂੰ ਲੈ ਕੇ ਆਧੁਨਿਕ ਨੀਤੀਆਂ, ਮੈਦਾਨ ਦੇ ਬਾਹਰ ਵੀ ਖੇਡਾਂ ਦੀ ਦੁਨੀਆ ਵਿੱਚ ਨੌਜਵਾਨਾਂ ਲਈ ਅਨੇਕਾਂ ਨਵੇਂ ਮੌਕੇ ਬਣਾ ਰਹੀਆਂ ਹਨ। ਖੇਡ ਬੁਨਿਆਦੀ ਢਾਂਚੇ ਦਾ ਨਿਰਮਾਣ, ਖੇਡ ਉਪਕਰਨਾਂ ਦਾ ਉਤਪਾਦਨ, ਬ੍ਰੌਡਕਾਸਟਿੰਗ ਅਰਥਚਾਰਾ, ਹਰ ਪਾਸੇ ਇਨ੍ਹਾਂ ਦਾ ਵਿਸਤਾਰ ਹੋ ਰਿਹਾ ਹੈ।

ਸਾਥੀਓ,

ਕੁਝ ਦਿਨ ਪਹਿਲਾਂ ਹੀ ਸਰਕਾਰ ਨੇ ਕਰੀਬ 1800 ਕਰੋੜ ਰੁਪਏ ਤੋਂ ਵੱਧ ਦੀ ‘ਖੇਲ੍ਹੋ ਇੰਡੀਆ ਸਪੋਰਟਸ ਗੁੱਡਜ਼ ਮੈਨੂਫੈਕਚਰਿੰਗ ਸਕੀਮ’ ਨੂੰ ਮਨਜ਼ੂਰੀ ਦਿੱਤੀ ਹੈ। ਹੁਣ ਸਮਾਂ ਹੈ, ਸਾਡਾ ਖੇਡਾਂ ਦਾ ਸਾਮਾਨ ਬਣਾਉਣ ਵਾਲਾ ਉਦਯੋਗ ਵੀ ਜ਼ਰਾ ਨਵੇਂ ਕਮਾਲ ਕਰਕੇ ਦਿਖਾਵੇ। ਜਦੋਂ ਕੋਈ ਭਾਰਤੀ ਜਾਂ ਵਿਦੇਸ਼ੀ ਖਿਡਾਰੀ ਕਿਸੇ ਮੈਦਾਨ ਵਿੱਚ ਉੱਤਰੇ, ਤਾਂ ਉਸ ਦੇ ਸਪੋਰਟਸ ਗੀਅਰ ਵੀ ‘ਮੇਡ ਇਨ ਇੰਡੀਆ’ ਹੋਣ। ਅਤੇ ਉਸ ਦੇ ਕੱਪੜੇ ਅਤੇ ਜੁੱਤੇ ਵੀ ‘ਮੇਡ ਇਨ ਇੰਡੀਆ’ ਹੋਣ। ਅਸੀਂ ਚਾਹੁੰਦੇ ਹਾਂ ਕਿ ਭਾਰਤ ਵਿਸ਼ਵ ਪੱਧਰੀ ਖਿਡਾਰੀ ਵੀ ਦੇਵੇ ਅਤੇ ਵਿਸ਼ਵ ਪੱਧਰੀ ਖੇਡ ਉਪਕਰਨ ਵੀ ਬਣਾਵੇ। ਭਾਰਤ ਦੇ ਖੇਡ ਉਤਪਾਦ ਦੁਨੀਆ ਭਰ ਦੇ ਬਾਜ਼ਾਰਾਂ ਤੱਕ ਪਹੁੰਚਣ। ਇਸ ਨਾਲ ਭਾਰਤ ਦੇ ਐੱਮਐੱਸਐੱਮਈ ਖੇਤਰ ਨੂੰ ਨਵੀਂ ਤਾਕਤ ਮਿਲੇਗੀ। ਛੋਟੇ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਵਿੱਚ ਵੀ ਨਵੇਂ ਮੌਕੇ ਪੈਦਾ ਹੋਣਗੇ।

ਸਾਥੀਓ,

ਅੱਜ ਦੇ ਇਸ ਸਮਾਗਮ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਸਕੂਲਾਂ, ਕਾਲਜਾਂ ਵਿੱਚ, ਵੱਖ-ਵੱਖ ਸੰਸਥਾਵਾਂ ਵਿੱਚ ਵੀ ਬੁਲਾਇਆ ਜਾਵੇਗਾ। ਜਿੱਥੇ ਨੌਜਵਾਨ ਤੁਹਾਨੂੰ ਸੁਣਨਾ ਅਤੇ ਤੁਹਾਡੇ ਤੋਂ ਸਿੱਖਣਾ ਚਾਹੁਣਗੇ। ਤੁਸੀਂ ਜਦੋਂ ਨੌਜਵਾਨਾਂ ਨਾਲ ਗੱਲ ਕਰੋ, ਤਾਂ ਮੈਦਾਨ ਵਿੱਚ ਜਿੱਤਣ ਦੇ ਗੁਰ ਸਿਖਾਓ, ਨਾਲ ਹੀ ਮੈਦਾਨ ਦੇ ਬਾਹਰ ਖੇਡਾਂ ਨਾਲ ਜੁੜੇ ਮੌਕਿਆਂ ਬਾਰੇ ਵੀ ਉਨ੍ਹਾਂ ਨੂੰ ਜ਼ਰੂਰ ਦੱਸੋ। ਅਤੇ ਤੁਸੀਂ ਉਨ੍ਹਾਂ ਨੂੰ ਇਹ ਵੀ ਦੱਸੋ ਕਿ ਦੇਸ਼ ਆਪਣੇ ਦਿਵਿਆਂਗ ਭੈਣਾਂ-ਭਰਾਵਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਕਿੰਨੇ ਵੱਡੇ ਯਤਨ ਕਰ ਰਿਹਾ ਹੈ। ਹਾਲੇ ਕੁਝ ਦਿਨ ਪਹਿਲਾਂ ਹੀ ਕੈਬਨਿਟ ਨੇ ਦਿਵਿਆਂਗਜਨਾਂ ਦੀ ਪੈਨਸ਼ਨ ਨੂੰ ਲੈ ਕੇ ਅਹਿਮ ਫ਼ੈਸਲਾ ਲਿਆ ਹੈ। ਅਸੀਂ ਪੈਨਸ਼ਨ ਦੀ ਰਕਮ ਵਧਾਈ ਹੈ। ਦਿਵਿਆਂਗਤਾ ਦਾ ਜੋ ਮਿਆਰ ਪਹਿਲਾਂ 80 ਫ਼ੀਸਦੀ ਸੀ, ਉਸ ਨੂੰ ਘਟਾ ਕੇ 40 ਫ਼ੀਸਦੀ ਕਰ ਦਿੱਤਾ ਹੈ। ਪਹਿਲਾਂ ਪੈਨਸ਼ਨ ਲਈ 18 ਸਾਲ ਦੀ ਉਮਰ ਹੋਣਾ ਜ਼ਰੂਰੀ ਸੀ। ਹੁਣ ਜਨਮ ਤੋਂ ਹੀ ਯੋਗ ਦਿਵਿਆਂਗ ਬੱਚਿਆਂ ਲਈ ਪੈਨਸ਼ਨ ਦਾ ਰਾਹ ਖੋਲ੍ਹ ਦਿੱਤਾ ਹੈ। ਇਸੇ ਤਰ੍ਹਾਂ, ਇੰਡੀਅਨ ਸਾਈਨ ਲੈਂਗੁਏਜ ਨੂੰ ਹੁਲਾਰਾ ਦੇਣ ਲਈ ਵੀ ਵੱਡੇ ਯਤਨ ਹੋਏ ਹਨ। 10 ਹਜ਼ਾਰ ਤੋਂ ਵੱਧ ਸ਼ਬਦਾਂ ਦੀ ਸਾਈਨ ਲੈਂਗੁਏਜ ਡਿਕਸ਼ਨਰੀ ਤਿਆਰ ਕੀਤੀ ਗਈ ਹੈ। ਸਕੂਲ ਦੀਆਂ ਕਿਤਾਬਾਂ ਨੂੰ ਵੀ ਸਾਈਨ ਲੈਂਗੁਏਜ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ। ‘ਸੁਗਮਯ ਭਾਰਤ ਅਭਿਆਨ’ ਰਾਹੀਂ ਜਨਤਕ ਥਾਵਾਂ ਨੂੰ ਦਿਵਿਆਂਗਜਨਾਂ ਦੇ ਅਨੁਕੂਲ ਬਣਾਇਆ ਗਿਆ ਹੈ। ਸਾਡਾ ਯਤਨ ਹੈ ਕਿ ਦੇਸ਼ ਦੇ ਹਰ ਦਿਵਿਆਂਗ, ਹਰ ਦਿਵਿਆਂਗ ਭੈਣ-ਭਰਾ ਨੂੰ ਸਨਮਾਨ ਮਿਲੇ, ਨਾਲ-ਨਾਲ ਬਰਾਬਰ ਮੌਕੇ ਵੀ ਮਿਲਣ, ਅਤੇ ਉਹ ਆਪਣੀ ਸਮਰੱਥਾ ਦੇ ਬਲ ’ਤੇ ਜੀਵਨ ਵਿੱਚ ਅੱਗੇ ਵਧ ਸਕਣ।

ਸਾਥੀਓ,

ਆਈਚੀ-ਨਾਗੋਆ ਦਾ ਪੋਡੀਅਮ ਤੁਹਾਡੀ ਯਾਤਰਾ ਦਾ ਆਖ਼ਰੀ ਪੜਾਅ ਨਹੀਂ ਹੈ, ਇਹ ਗੱਲ ਧਿਆਨ ਵਿੱਚ ਰੱਖੋ। ਤੁਹਾਨੂੰ ਇਸ ਸਫ਼ਲਤਾ ਨੂੰ ਹੋਰ ਵੱਡੇ ਟੀਚਿਆਂ ਦੇ ਲਾਂਚਿੰਗ ਪੈਡ ਵਾਂਗ ਹੀ ਵਰਤਣਾ ਚਾਹੀਦਾ ਹੈ। ਭਾਰਤ ਦਾ ਅਤੇ ਤੁਹਾਡੇ ਵਿੱਚੋਂ ਜ਼ਿਆਦਾਤਰ ਖਿਡਾਰੀਆਂ ਦਾ ਅਗਲਾ ਟੀਚਾ ਹੈ- ਐੱਲਏ, ਐੱਲਏ ਦੋ ਹਜ਼ਾਰ ਅਠਾਈ! ਅਵਨੀ ਅਤੇ ਮਨੀਸ਼ ਨੇ ਤਾਂ ਐੱਲਏ ਵਿੱਚ ਆਪਣਾ ਕੋਟਾ ਸੁਰੱਖਿਅਤ ਵੀ ਕਰ ਲਿਆ ਹੈ। ਸਾਡਾ ਟੀਚਾ ਹੋਣਾ ਚਾਹੀਦਾ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਭਾਰਤੀ ਖਿਡਾਰੀ ਐੱਲਏ ਦੋ ਹਜ਼ਾਰ ਅਠਾਈ ਵਿੱਚ ਹਿੱਸਾ ਲੈਣ ਅਤੇ ਵੱਧ ਤੋਂ ਵੱਧ ਤਗ਼ਮੇ ਵੀ ਜਿੱਤ ਕੇ ਆਉਣ। ਇਸ ਲਈ, ਤੁਸੀਂ ਸਾਰੇ ਇਸ ਪਲ ਦਾ ਖੁੱਲ੍ਹ ਕੇ ਜਸ਼ਨ ਮਨਾਓ ਅਤੇ ਹੁਣੇ ਤੋਂ ਅੱਗੇ ਦੀ ਤਿਆਰੀ ਵਿੱਚ ਵੀ ਜੁੱਟ ਜਾਓ। ਦੇਸ਼ ਤੁਹਾਡੇ ਨਾਲ ਹੈ, ਅਤੇ ਮੈਂ ਤਾਂ ਹਾਂ ਹੀ। ਪੂਰਾ ਦੇਸ਼ ਤੁਹਾਡੀ ਅਗਲੀ ਜਿੱਤ ਦੀ ਉਡੀਕ ਕਰ ਰਿਹਾ ਹੈ। ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਬਹੁਤ-ਬਹੁਤ ਵਧਾਈ, ਅਨੇਕਾਂ ਸ਼ੁਭਕਾਮਨਾਵਾਂ।

ਦੀਵਾਲੀ ਦਾ ਮਹਾ-ਉਤਸਵ ਸ਼ੁਰੂ ਹੋ ਚੁੱਕਾ ਹੈ। ਇਸ ਵਾਰ ਤਾਂ ਬੜੀ ਆਨ-ਬਾਨ-ਸ਼ਾਨ ਨਾਲ ਤੁਸੀਂ ਦੀਵਾਲੀ ਮਨਾਓ, ਪਰ ਦੀਵਾਲੀ ਵਿੱਚ ਹੀ ਅਗਲੇ ਪੜਾਅ ਦਾ ਟੀਚਾ ਵੀ ਮਨ ਵਿੱਚ ਤੈਅ ਕਰ ਲਓ, ਨਵੇਂ ਸੰਕਲਪ ਦੇ ਨਾਲ ਨਿਕਲ ਪਓ। ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਬਹੁਤ-ਬਹੁਤ ਧੰਨਵਾਦ।

ਡਿਸਕਲੇਮਰ: ਇਹ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਲਗਭਗ ਅਨੁਵਾਦ ਹੈ। ਮੂਲ ਸੰਬੋਧਨ ਹਿੰਦੀ ਵਿੱਚ ਦਿੱਤਾ ਗਿਆ ਸੀ।

 

*****

 

ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ