Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਦਿੱਲੀ ਵਿੱਚ ਫਿੱਕੀ ਦੀ ਸਾਲਾਨਾ ਜਨਰਲ ਮੀਟਿੰਗ ਅਤੇ ਸਾਲਾਨਾ ਸੰਮੇਲਨ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

ਦਿੱਲੀ ਵਿੱਚ ਫਿੱਕੀ ਦੀ ਸਾਲਾਨਾ ਜਨਰਲ ਮੀਟਿੰਗ ਅਤੇ ਸਾਲਾਨਾ ਸੰਮੇਲਨ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ


ਨਮਸਕਾਰ। ਫਿੱਕੀ (FICCI) ਦੇ ਪ੍ਰਧਾਨ ਭਾਈ ਅਨੰਤ ਗੋਇਨਕਾ ਜੀ, ਫਿੱਕੀ ਦੇ ਮੈਂਬਰ ਸਾਹਿਬਾਨ, ਉਦਯੋਗ ਜਗਤ ਦੇ ਆਗੂ, ਇਨੋਵੇਟਰਸ, ਦੇਵੀਓ ਅਤੇ ਸੱਜਣੋ।

ਇਸ ਤੋਂ ਪਹਿਲਾਂ ਮੈਨੂੰ ਕਈ ਵਾਰ ਫਿੱਕੀ ਨਾਲ ਜੁੜੇ ਪ੍ਰੋਗਰਾਮਾਂ ਵਿੱਚ ਆਉਣ ਦਾ ਅਤੇ ਉਸ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਹੈ। ਪਰ ਅੱਜ ਦਾ ਮੌਕਾ ਜ਼ਰਾ ਖ਼ਾਸ ਹੈ। ਫਿੱਕੀ ਆਪਣੀ ਸਥਾਪਨਾ ਦੇ 100 ਸਾਲ ਪੂਰੇ ਕਰ ਰਿਹਾ ਹੈ। ਇੱਕ ਸੰਸਥਾ ਦਾ 100 ਸਾਲਾਂ ਤੱਕ ਲਗਾਤਾਰ ਸੁਚੇਤ ਅਤੇ ਸਰਗਰਮ ਰਹਿਣਾ ਬਦਲਦੇ ਸਮੇਂ ਦੇ ਨਾਲ ਖ਼ੁਦ ਨੂੰ ਅੱਗੇ ਵਧਾਉਣਾ ਅਤੇ ਦੇਸ਼ ਦੀ ਆਰਥਿਕ ਯਾਤਰਾ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਉਂਦੇ ਰਹਿਣਾ, ਇਹ ਬਹੁਤ ਵੱਡੀ ਪ੍ਰਾਪਤੀ ਹੈ। ਮੈਂ ਇਸ ਮੌਕੇ ’ਤੇ ਇਸ ਸੰਸਥਾ ਦਾ ਹਿੱਸਾ ਰਹੇ ਅਤੀਤ ਅਤੇ ਵਰਤਮਾਨ ਦੇ ਸਾਰੇ ਸਾਥੀਆਂ ਦਾ ਦਿਲੋਂ ਸਵਾਗਤ ਕਰਦਾ ਹਾਂ, ਅਤੇ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਬੀਤੇ 100 ਸਾਲਾਂ ਵਿੱਚ ਭਾਰਤ ਦੀ ਅਰਥ-ਵਿਵਸਥਾ ਨੇ ਕਈ ਦੌਰ ਦੇਖੇ ਹਨ। ਅਸੀਂ ਲਾਇਸੈਂਸ ਕੋਟਾ ਰਾਜ ਵੀ ਦੇਖਿਆ, ਰਾਸ਼ਟਰੀਕਰਨ ਦਾ ਅਸਫ਼ਲ ਪ੍ਰਯੋਗ ਵੀ ਦੇਖਿਆ ਅਤੇ ਫਿਰ 21ਵੀਂ ਸਦੀ ਵਿੱਚ ਇੱਕ ਅਜਿਹਾ ਵੀ ਸਮਾਂ ਆਇਆ, ਜਦੋਂ ਭਾਰਤ ਦੀ ਅਰਥ-ਵਿਵਸਥਾ ਨੂੰ ‘ਫ੍ਰੈਜਾਈਲ ਫਾਈਵ’ ਵਿੱਚ ਗਿਣਿਆ ਜਾਣ ਲੱਗਾ।

ਪਰ ਬੀਤੇ 12 ਸਾਲਾਂ ਵਿੱਚ ਦੇਸ਼ ਵਾਸੀਆਂ ਨੇ, ਆਪ ਸਭ ਨੇ, ਬਹੁਤ ਮਿਹਨਤ ਕੀਤੀ। ਸਾਡੇ ਨੌਜਵਾਨਾਂ ਨੇ, ਸਾਡੇ ਕਿਸਾਨਾਂ ਨੇ, ਸਾਡੇ ਕਿਰਤੀ ਭੈਣ-ਭਰਾਵਾਂ ਨੇ, ਉਦਯੋਗ ਜਗਤ ਦੇ ਆਪ ਸਭ ਸਾਥੀਆਂ ਨੇ, ਇਸ ਸਥਿਤੀ ਨੂੰ ਬਦਲਿਆ ਹੈ। ਅੱਜ ਭਾਰਤ ਵਿੱਚ ਤਰੱਕੀ ਦੀ ਰਫ਼ਤਾਰ ਸਭ ਤੋਂ ਤੇਜ਼ ਹੈ, ਅਤੇ ਨਾਲ-ਨਾਲ ਗ਼ਰੀਬੀ ’ਚੋਂ ਬਾਹਰ ਨਿਕਲਣ ਦੀ ਰਫ਼ਤਾਰ ਵੀ ਬੇਮਿਸਾਲ ਹੈ।

ਸਾਥੀਓ,

ਵਰਲਡ ਬੈਂਕ ਦੀ ਜੋ ਤਾਜ਼ਾ ਰਿਪੋਰਟ ਆਈ ਹੈ, ਉਹ ਸਾਨੂੰ ਸਾਰਿਆਂ ਨੂੰ ਮਾਣ ਨਾਲ ਭਰਨ ਵਾਲੀ ਹੈ। ਇਹ ਰਿਪੋਰਟ ਕਹਿੰਦੀ ਹੈ, ਕਿ ਸਿਰਫ਼ 12-13 ਸਾਲਾਂ ਵਿੱਚ ਹੀ 50 ਕਰੋੜ ਭਾਰਤੀਆਂ ਨੇ ਗ਼ਰੀਬੀ ਨੂੰ ਹਰਾਇਆ ਹੈ।

ਸਾਥੀਓ,

70 ਦੇ ਦਹਾਕੇ ਵਿੱਚ ਜਦੋਂ ਦੇਸ਼ ਵਿੱਚ ਗ਼ਰੀਬੀ ਹਟਾਓ ਦਾ ਨਾਅਰਾ ਦਿੱਤਾ ਗਿਆ ਸੀ, ਤਾਂ ਉਸ ਸਮੇਂ ਦੇਸ਼ ਦੀ ਆਬਾਦੀ ਲਗਭਗ 50 ਕਰੋੜ ਹੀ ਸੀ। ਗ਼ਰੀਬੀ ਓਦੋਂ ਵੀ ਹਟ ਸਕਦੀ ਸੀ। ਪਰ ਫਿੱਕੀ ਵੀ ਗਵਾਹ ਹੈ, ਕਿ ਓਦੋਂ ਨੀਤੀਆਂ ਵਿੱਚ ਕਮੀ ਰਹੀ ਅਤੇ ਬਦਕਿਸਮਤੀ ਨਾਲ ਨੀਅਤ ਵਿੱਚ ਵੀ ਕਮੀ ਰਹੀ। ਮੈਂ ਇਸ ਦੇ ਵਿਸਥਾਰ ਵਿੱਚ ਨਹੀਂ ਜਾਵਾਂਗਾ।

ਪਰ ਸਾਥੀਓ, 

ਫਿੱਕੀ ਇਸ ਗੱਲ ਦਾ ਵੀ ਗਵਾਹ ਹੈ, ਕਿ ਜਦੋਂ ਸਹੀ ਨੀਤੀਆਂ ਦੇ ਨਾਲ ਕੰਮ ਹੋਇਆ, ਸਹੀ ਨੀਅਤ ਦੇ ਨਾਲ ਸਰਕਾਰ ਅੱਗੇ ਵਧੀ, ਤਾਂ ਸਿਰਫ਼ 12-13 ਸਾਲਾਂ ਵਿੱਚ ਹੀ 50 ਕਰੋੜ ਗ਼ਰੀਬ, ਗ਼ਰੀਬੀ ਤੋਂ ਬਾਹਰ ਨਿਕਲ ਆਏ। ਅਤੇ ਇਹ ਦਿਖਾਉਂਦਾ ਹੈ ਕਿ ਭਾਰਤ ਅੱਜ ਜਿਸ ਪੱਧਰ ’ਤੇ ਚੱਲ ਰਿਹਾ ਹੈ, ਜਿਸ ਰਾਹ ’ਤੇ ਚੱਲ ਰਿਹਾ ਹੈ, ਉਹ ਸਹੀ ਹੈ, ਸਟੀਕ ਹੈ, ਅਤੇ ਉਸ ਵਿੱਚ ਦੇਸ਼ ਦੀ ਸਫ਼ਲਤਾ ਦੀ ਗਾਰੰਟੀ ਹੈ।

ਸਾਥੀਓ, 

ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਿਕਸਤ ਹੁੰਦੀ ਪ੍ਰਮੁੱਖ ਅਰਥ-ਵਿਵਸਥਾ ਹੈ। ਵੱਡੀਆਂ-ਵੱਡੀਆਂ ਸੰਸਥਾਵਾਂ ਦਾ ਅਨੁਮਾਨ ਹੈ ਕਿ ਭਾਰਤ ਲਗਭਗ 7% ਦੀ ਵਿਕਾਸ ਦਰ ਨਾਲ ਅੱਗੇ ਵਧਦਾ ਰਹੇਗਾ। ਹੁਣੇ ਅਕਤੂਬਰ ਵਿੱਚ ਇੱਕ ਹੋਰ ਅੰਕੜੇ ਨੇ ਸਭ ਦਾ ਧਿਆਨ ਖਿੱਚਿਆ ਹੈ। ਅਕਤੂਬਰ ਮਹੀਨੇ ਵਿੱਚ ਭਾਰਤ ਦਾ ਵਸਤੂਆਂ ਦਾ ਨਿਰਯਾਤ ਲਗਭਗ 50 ਬਿਲੀਅਨ ਡਾਲਰ ਤੱਕ ਪਹੁੰਚਿਆ ਹੈ। ਅਤੇ ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਮਹੀਨਾਵਾਰ ਗੁਡਸ ਐਕਸਪੋਰਟ ਹੈ। ਇਹ ਮੈਂ ਤੁਹਾਡੇ ਗੀਤ ਗਾ ਰਿਹਾ ਹਾਂ! ਤੁਸੀਂ ਸੁੱਤੇ ਪਏ ਹੋ! ਭਾਰਤ ਦੀ ਅਜਿਹੀ ਹੀ ਪਰਫਾਰਮੈਂਸ ਹੈ, ਜਿਸ ਕਰਕੇ ਮੂਡੀਜ਼ ਰੇਟਿੰਗਜ਼, ਐੱਸਐਂਡਪੀ ਗਲੋਬਲ ਰੇਟਿੰਗਜ਼, ਫਿਚ ਰੇਟਿੰਗਜ਼, ਵਰਲਡ ਬੈਂਕ, ਏਸ਼ੀਅਨ ਡਿਵੈਲਪਮੈਂਟ ਬੈਂਕ — ਹਰ ਤਰ੍ਹਾਂ ਦੀਆਂ ਏਜੰਸੀਆਂ ਸਾਡੇ ਵਿਕਾਸ ਨੂੰ ਅਪਵਰਡ ਰਿਵਾਈਜ਼ ਕਰ ਰਹੀਆਂ ਹਨ।

ਸਾਥੀਓ, 

ਸਾਡੇ ਸ਼ਾਸਤਰਾਂ ਨੇ ਹਜ਼ਾਰਾਂ ਸਾਲ ਪਹਿਲਾਂ ਸਾਨੂੰ ਇੱਕ ਬਹੁਤ ਮਹੱਤਵਪੂਰਨ ਸੰਦੇਸ਼ ਦਿੱਤਾ ਹੈ — ਉਦਰੇਤ ਆਤਮਨਾ ਆਤਮਾਨਮ ਨ ਆਤਮਾਨਮ ਅਵਸਾਦਯੇਤ। (उद्धरेत् आत्मना आत्मानम् न आत्मानम् अवसादयेत्।)  ਭਾਵ, ਸਾਨੂੰ ਖ਼ੁਦ ਆਪਣਾ ਉਥਾਨ ਕਰਨਾ ਹੈ, ਆਪਣੀਆਂ ਸਮਰੱਥਾਵਾਂ ਨੂੰ ਪਛਾਣਨਾ ਹੈ, ਆਪਣੀਆਂ ਕਮੀਆਂ ਤੋਂ ਸਿੱਖਣਾ ਹੈ ਅਤੇ ਲਗਾਤਾਰ ਬਿਹਤਰ ਬਣਨ ਦਾ ਯਤਨ ਕਰਨਾ ਹੈ। ਅਗਲੀ ਪੁਲਾਂਘ ਇਮਾਨਦਾਰ ਸਵੈ-ਪ੍ਰਤੀਬਿੰਬ ਨਾਲ ਸ਼ੁਰੂ ਹੁੰਦੀ ਹੈ। ਅੱਗੇ ਵਧਣ ਲਈ ਜ਼ਰੂਰੀ ਹੈ ਕਿ ਅਸੀਂ ਸਮੇਂ-ਸਮੇਂ ’ਤੇ ਆਤਮ-ਚਿੰਤਨ ਕਰੀਏ। ਅਤੇ ਇਹ ਗੱਲ ਸਿਰਫ਼ ਕਿਸੇ ਵਿਅਕਤੀ ’ਤੇ ਹੀ ਨਹੀਂ, ਉਦਯੋਗ ਅਤੇ ਦੇਸ਼ ’ਤੇ ਵੀ ਲਾਗੂ ਹੁੰਦੀ ਹੈ। ਫਿੱਕੀ ਨੇ ਆਪਣੇ 100 ਸਾਲਾਂ ਵਿੱਚ, ਦੇਸ਼ ਦੇ ਉਦਯੋਗ ਨੂੰ ਬਹੁਤ ਕੁਝ ਹਾਸਲ ਕਰਦੇ ਹੋਏ ਦੇਖਿਆ ਹੈ। ਹੁਣ ਸਮਾਂ ਇਹ ਤੈਅ ਕਰਨ ਦਾ ਹੈ ਕਿ, ਭਾਰਤੀ ਉਦਯੋਗ ਅਗਲੇ 20 ਸਾਲਾਂ ਵਿੱਚ ਕੀ ਹਾਸਲ ਕਰ ਸਕਦਾ ਹੈ। ਵਿਕਸਤ ਭਾਰਤ ਦੀ ਯਾਤਰਾ ਵਿੱਚ, ਆਤਮ-ਨਿਰਭਰ ਭਾਰਤ ਦੀ ਯਾਤਰਾ ਵਿੱਚ ਤੁਸੀਂ ਆਪਣਾ ਯੋਗਦਾਨ ਹੋਰ ਕਿਵੇਂ ਵਧਾ ਸਕਦੇ ਹੋ? ਹੋ ਸਕਦਾ ਹੈ ਕਿ ਜਿਨ੍ਹਾਂ ਕਾਰੋਬਾਰਾਂ ਵਿੱਚ ਤੁਸੀਂ ਪਹਿਲਾਂ ਤੋਂ ਕੰਮ ਕਰ ਰਹੇ ਹੋ, ਜੋ ਸੈਕਟਰ ਪਹਿਲਾਂ ਤੋਂ ਸਥਾਪਿਤ ਹਨ, ਉਨ੍ਹਾਂ ਵਿੱਚ ਕੰਮ ਕਰਨਾ ਬਹੁਤ ਆਸਾਨ ਹੋਵੇ, ਉੱਥੇ ਥੋੜ੍ਹੇ ਸਮੇਂ ਦੇ ਲਾਭ ਵੀ ਮਿਲਦੇ ਹੋਣ। ਪਰ ਉਦਯੋਗ ਨੂੰ ਉਨ੍ਹਾਂ ਮੰਗਾਂ ਲਈ ਵੀ ਤਿਆਰ ਹੋਣਾ ਹੋਵੇਗਾ, ਜੋ ਰਾਸ਼ਟਰੀ ਅਤੇ ਗਲੋਬਲ ਪੱਧਰ ’ਤੇ ਭਵਿੱਖ ਵਿੱਚ ਸਾਹਮਣੇ ਆਉਣਗੀਆਂ। ਅਤੇ ਸਾਨੂੰ ਉਨ੍ਹਾਂ ਸਮਰੱਥਾਵਾਂ ’ਤੇ ਕੰਮ ਕਰਨਾ ਹੋਵੇਗਾ, ਜੋ ਸੰਸਾਧਨਾਂ ਦੇ ਰਣਨੀਤਕ ਵਰਤੋਂ ਦੇ ਇਸ ਦੌਰ ਵਿੱਚ, ਦੇਸ਼ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਬਣ ਜਾਂਦੀ ਹੈ। ਅਤੇ ਇਸ ਲਈ ਮੇਰੀ ਇੱਕ ਅਪੀਲ ਤਾਂ ਤੁਹਾਡੇ ਤੋਂ ਇਹੀ ਹੈ, ਅਗਲੇ 20 ਸਾਲਾਂ ਦੇ ਆਪਣੇ ਹਰ ਲੰਬੇ ਸਮੇਂ ਦੇ ਨਿਵੇਸ਼ ਦੇ ਫ਼ੈਸਲੇ ਵਿੱਚ, ‘ਇੰਡੀਆ ਫਸਟ’ ਨੂੰ ਆਪਣਾ ਅਧਾਰ ਬਣਾਓ। ਇਸ ਨਾਲ ਦੇਸ਼ ਆਤਮ-ਨਿਰਭਰ ਹੋਵੇਗਾ ਅਤੇ ਤੁਹਾਡੇ ਕਾਰੋਬਾਰ ਦੇ ਵਿਕਾਸ ਲਈ ਵੀ ਨਵੇਂ ਮੌਕੇ ਖੁੱਲ੍ਹਣਗੇ।

ਸਾਥੀਓ, 

ਹੁਣੇ ਜੋ ਤੁਸੀਂ ਇੱਕ ਦਸਤਾਵੇਜ਼ੀ ਦਿਖਾਈ, ਹੁਣ ਉਸ ਵਿੱਚੋਂ ਸਾਨੂੰ ਸਿਰ ਉੱਚਾ ਕਰਨਾ ਹੈ ਕਿ ਮੱਥਾ ਨੀਵਾਂ ਕਰਨਾ ਹੈ, ਉਹ ਤੁਸੀਂ ਲੋਕ ਤੈਅ ਕਰੋ। ਹੁਣ ਤੁਸੀਂ ਤਾੜੀਆਂ ਨਹੀਂ ਵਜਾਓਗੇ ਮੈਨੂੰ ਪਤਾ ਹੈ। ਤੁਸੀਂ ਸੋਚੋ, 100 ਸਾਲ ਹੋ ਗਏ, ਪਰ 1930 ਵਿੱਚ ਗਾਂਧੀ ਤੁਹਾਡੇ ਇੱਥੇ ਆ ਕੇ ਇਹੀ ਕਹਿ ਕੇ ਗਏ ਸਨ, ਅਤੇ ਅੱਜ ਇੰਨੇ ਸਾਲਾਂ ਬਾਅਦ ਵੀ ਮੈਨੂੰ ਉਹੀ ਕਹਿਣਾ ਪੈ ਰਿਹਾ ਹੈ — ਇਹ ਤੁਹਾਡੀ ਸਫ਼ਲਤਾ ਹੈ ਕਿ ਅਸਫ਼ਲਤਾ ਹੈ? ਮੇਰੀ ਨਾ ਮੰਨੋ, ਗਾਂਧੀ ਦੀ ਤਾਂ ਮੰਨਦੇ ਭਾਈ! ਉਹ ਵੀ ਸਵਦੇਸ਼ੀ ਕਹਿ ਕੇ ਗਏ, ਉਹ ਵੀ ਆਤਮ-ਨਿਰਭਰ ਭਾਰਤ ਦੀ ਕਹਿ ਕੇ ਗਏ, ਅਤੇ ਤੁਸੀਂ 100 ਸਾਲ ਦੇ ਹੋ ਗਏ, ਗੱਲ ਉੱਥੇ ਦੀ ਉੱਥੇ ਰਹਿ ਗਈ ਦੋਸਤੋ! ਅਤੇ ਇਸ ਲਈ ਮੈਂ ਕਹਿੰਦਾ ਹਾਂ, ਇਹ ਤੁਸੀਂ ਜੋ ਦਸਤਾਵੇਜ਼ੀ ਬਣਾਈ ਹੈ, ਹੁਣ ਮੇਰੇ ਇਨ੍ਹਾਂ ਦੋ ਵਾਕਾਂ ਨੂੰ ਜੋੜ ਕੇ ਇਸ ਨੂੰ ਹਰ ਇੱਕ ਦੇ ਘਰ ਪਹੁੰਚਾਓ ਤੁਸੀਂ।

ਸਾਥੀਓ, 

ਮੈਂ ਤੁਹਾਨੂੰ ਫਾਰਮਾ ਉਦਯੋਗ ਦੀ ਉਦਾਹਰਣ ਦਿੰਦਾ ਹਾਂ। ਇੱਥੇ ਬੈਠੇ ਹਨ ਸਾਰੇ ਲੋਕ। ਭਾਰਤ ਨੂੰ ਦੁਨੀਆ ਵਿੱਚ ਫਾਰਮੇਸੀ ਆਫ਼ ਦ ਵਰਲਡ ਕਹਿੰਦੇ ਹਨ। ਪਰ ਇਸ ਦੇ ਬਾਵਜੂਦ, ਭਾਰਤ ਹਰ ਸਾਲ ਏਪੀਆਈਜ਼, ਬਲਕ ਡ੍ਰਗਜ਼ ਅਤੇ ਡਰੱਗ ਇੰਟਰਮੀਡੀਏਟਸ, ਇਸ ਦਾ ਬਿਲੀਅਨਜ਼ ਆਫ਼ ਡਾਲਰਜ਼ ਦਾ ਇੰਪੋਰਟ ਕਰਦਾ ਹੈ। ਅਜਿਹੀਆਂ ਸੈਂਕੜੇ ਸ਼੍ਰੇਣੀਆਂ ਹਨ, ਜਿਨ੍ਹਾਂ ਵਿੱਚ ਅਸੀਂ ਅੱਜ ਵੀ ਇੰਪੋਰਟਸ ’ਤੇ ਨਿਰਭਰ ਹਾਂ। ਸਾਡੇ ਫਾਰਮਾ ਉਦਯੋਗ ਨੂੰ ਸਮਝਣਾ ਹੋਵੇਗਾ ਕਿ ਅਜਿਹੇ ਕਿਹੜੇ ਤੱਤ ਹਨ, ਜਿਨ੍ਹਾਂ ਨੂੰ ਅਸੀਂ ਭਾਰਤ ਵਿੱਚ ਬਣਾ ਸਕਦੇ ਹਾਂ। ਕਿਹੜੇ ਖੇਤਰਾਂ ਵਿੱਚ ਨਵੀਂ ਤਕਨਾਲੋਜੀ ਅਤੇ ਵੱਡੇ ਉਤਪਾਦਨ ਪਲਾਂਟ ਹਨ, ਉਸ ਵਿੱਚ ਅਸੀਂ ਨਿਵੇਸ਼ ਕਰਕੇ, ਅਸੀਂ ਦੂਜੇ ਦੇਸ਼ਾਂ ਦੇ ਸਾਹਮਣੇ ਮੁਕਾਬਲੇਬਾਜ਼ ਬਣ ਸਕਦੇ ਹਾਂ? ਮੁਕੰਮਲ ਦਵਾਈਆਂ ਵਿੱਚ ਸਾਡੀ ਇੱਕ ਤਾਕਤ ਹੈ। ਹੁਣ ਸਾਨੂੰ ਤੱਤਾਂ ਵਿੱਚ ਵੀ ਆਪਣੀ ਸਮਰੱਥਾ ਬਣਾਉਣੀ ਹੋਵੇਗੀ।

ਸਾਥੀਓ,

ਲੋਹੇ ਅਤੇ ਸਟੀਲ ਵਿੱਚ ਵੀ ਅਜਿਹੀਆਂ ਹੀ ਚੁਣੌਤੀਆਂ ਹਨ। ਭਾਰਤ ਕਈ ਹਜ਼ਾਰ ਕਰੋੜ ਰੁਪਏ ਦਾ ਲੋਹਾ ਧਾਤ ਨਿਰਯਾਤ ਕਰਦਾ ਹੈ। ਪਰ ਅਸੀਂ ਤਿਆਰ ਸਟੀਲ, ਇਸ ਦਾ ਆਯਾਤ ਵੀ ਕਰਦੇ ਹਾਂ। ਸਾਡੇ ਉਦਯੋਗ ਨੂੰ ਇਹ ਸੋਚਣਾ ਹੋਵੇਗਾ ਕਿ ਅਸੀਂ ਕਿਹੜੇ ਗ੍ਰੇਡਜ਼ ਇੰਪੋਰਟ ਕਰ ਰਹੇ ਹਾਂ, ਤਾਂ ਜੋ ਅਸੀਂ ਉਨ੍ਹਾਂ ਨੂੰ ਨਿਰਮਾਣ ਕਰਨ ਦੀ ਤਕਨਾਲੋਜੀ ਵਿਕਸਤ ਕਰ ਸਕੀਏ। ਅਜਿਹੀ ਹੀ ਸੰਭਾਵਨਾ ਐਲੂਮੀਨੀਅਮ ਵਿੱਚ ਵੀ ਹੈ। ਭਾਰਤ ਕੋਲ ਹਜ਼ਾਰਾਂ ਟਨ ਬੌਕਸਾਈਟ ਦੇ ਵੱਡੇ ਭੰਡਾਰ ਹਨ। ਇਸ ਦੇ ਬਾਵਜੂਦ ਅਸੀਂ ਸਪੈਸ਼ਲਾਈਜ਼ਡ ਐਲੂਮੀਨੀਅਮ ਅਲੌਏਜ਼ ਅਤੇ ਦੂਜੇ ਉਤਪਾਦ ਆਯਾਤ ਕਰਦੇ ਹਾਂ। ਸਾਨੂੰ ਇਨ੍ਹਾਂ ਉਤਪਾਦਾਂ ਦੀ ਨਿਰਮਾਣ ਸਮਰੱਥਾ ਵੀ ਦੇਸ਼ ਵਿੱਚ ਵਿਕਸਤ ਕਰਨੀ ਹੋਵੇਗੀ। ਖਣਿਜਾਂ ਦੀ ਮੁੱਲ ਲੜੀ ਵਿੱਚ ਵੀ ਸਾਨੂੰ ਮੁਹਾਰਤ ਬਣਾਉਣੀ ਪਵੇਗੀ, ਤਾਂ ਜੋ ਭਾਰਤ ਵਿੱਚ ਜ਼ਿਆਦਾ ਮੁੱਲ ਵਾਧਾ ਹੋ ਸਕੇ। ਤੁਸੀਂ ਮੈਨੂੰ ਦੱਸੋ ਭਾਈ, ਅਜਿਹਾ ਕਿਹੋ ਜਿਹਾ ਦੇਸ਼ ਅਤੇ ਕਿਹੋ ਜਿਹੇ ਮੇਰੇ ਉਦਯੋਗ ਜਗਤ ਦੇ ਸਾਥੀ, ਕਣਕ ਤਾਂ ਐਕਸਪੋਰਟ ਕਰੇ ਅਤੇ ਬ੍ਰੈੱਡ ਇੰਪੋਰਟ ਕਰੇ! ਪੁੱਛੋ ਆਪਣੇ ਆਪ ਨੂੰ।

ਸਾਥੀਓ,

ਮੈਂ ਤੁਹਾਨੂੰ ਇੱਕ ਹੋਰ ਅੰਕੜਾ ਦਿੰਦਾ ਹਾਂ। ਭਾਰਤ ਇੰਨਾ ਵੱਡਾ ਦੇਸ਼ ਹੈ, ਪਰ ਗਲੋਬਲ ਐਗਰੀਕਲਚਰ ਐਕਸਪੋਰਟਸ ਵਿੱਚ ਸਾਡਾ ਹਿੱਸਾ ਸਿਰਫ਼ ਦੋ-ਢਾਈ ਪ੍ਰਤੀਸ਼ਤ ਦਾ ਹੈ। ਸਾਡਾ ਜੋ ਕਾਰਪੋਰੇਟ ਵਰਲਡ ਹੈ, ਉਹ ਖੇਤੀਬਾੜੀ ਵਿੱਚ ਨਿਵੇਸ਼ ਕਰਨ ਤੋਂ ਡਰਦਾ ਹੈ, ਭੱਜਦਾ ਹੈ।

ਸਾਥੀਓ,

ਸਾਨੂੰ ਮਿਲ ਕੇ ਇਸ ਸਥਿਤੀ ਨੂੰ ਬਦਲਣਾ ਹੋਵੇਗਾ। ਇਸ ਮੁੱਲ ਵਾਧੇ ਅਤੇ ਫੂਡ ਪ੍ਰੋਸੈਸਿੰਗ ਇੰਡਸਟਰੀ ਦੇ ਨਾਲ ਇੱਕ ਵੱਡੇ ਮੌਕੇ ਦੇ ਰੂਪ ਵਿੱਚ ਦੇਖਣਾ ਚਾਹੀਦਾ ਹੈ। 12 ਸਾਲਾਂ ਵਿੱਚ ਐਗਰੀ-ਫੂਡ ਐਕਸਪੋਰਟਸ ਵਿੱਚ ਪ੍ਰੋਸੈਸਡ ਫੂਡ ਦਾ ਹਿੱਸਾ 13 ਪ੍ਰਤੀਸ਼ਤ ਤੋਂ ਵਧ ਕੇ 20 ਪ੍ਰਤੀਸ਼ਤ ਤੋਂ ਜ਼ਿਆਦਾ ਹੋ ਗਿਆ ਹੈ। ਜ਼ਰੂਰੀ ਹੈ ਕਿ, ਅੱਜ ਉਦਯੋਗ ਇਕੱਠੇ ਮਿਲ ਕੇ, ਅੱਗੇ ਦੀ ਇੱਕ ਰਣਨੀਤੀ ਬਣਾਏ, ਇੱਕ ਪੂਰੀ ਯੋਜਨਾ ਬਣਾਏ, ਕਿ ਅਸੀਂ ਕੀ ਉਤਪਾਦਨ ਕਰ ਰਹੇ ਹਾਂ ਅਤੇ ਦੁਨੀਆ ਦੀਆਂ ਜ਼ਰੂਰਤਾਂ ਕੀ ਹਨ। ਮੈਂ ਤੁਹਾਡੇ ਤੋਂ ਅਪੀਲ ਕਰਾਂਗਾ, ਸਾਡੀਆਂ ਇੰਡਸਟਰੀਜ਼, ਭਾਰਤ ਦੇ ਐਗਰੀਕਲਚਰ ਸੈਕਟਰ ਵਿੱਚ ਆਪਣਾ ਨਿਵੇਸ਼ ਵਧਾਉਣ। ਖਾਸ ਵਿਦੇਸ਼ੀ ਬਾਜ਼ਾਰਾਂ ਨੂੰ ਧਿਆਨ ਵਿੱਚ ਰੱਖ ਕੇ, ਭਰੋਸੇਯੋਗ ਖਰੀਦ ਦੀ ਵਿਵਸਥਾ ਬਣਾਓ, ਅਤੇ ਅਜਿਹੇ ਉਤਪਾਦ ਵਿਕਸਤ ਕਰੋ, ਜਿਨ੍ਹਾਂ ਦੀ ਉੱਥੇ ਮੰਗ ਹੈ। ਤਾਂ ਜੋ ਭਾਰਤ ਦੇ ਉਤਪਾਦ ਦੁਨੀਆ ਵਿੱਚ ਸਾਡੀ ਪਛਾਣ ਬਣ ਸਕਣ।

ਸਾਥੀਓ,

ਇਨ੍ਹਾਂ ਸਾਰੀਆਂ ਸੰਭਾਵਨਾਵਾਂ ਵਾਂਗ ਰੋਜ਼ਾਨਾ ਇੰਜੀਨੀਅਰਿੰਗ ਉਤਪਾਦਾਂ ਵਿੱਚ ਵੀ ਭਾਰਤ ਲਈ ਬਹੁਤ ਵੱਡੇ ਮੌਕੇ ਹਨ। ਵਿਸ਼ਵ ਦੇ ਹੈਂਡ ਟੂਲਜ਼ ਅਤੇ ਪਾਵਰ ਟੂਲਜ਼ ਦੇ ਐਕਸਪੋਰਟਸ ਵਿੱਚ ਭਾਰਤ ਦੀ ਹਿੱਸੇਦਾਰੀ ਅਜੇ ਕਾਫ਼ੀ ਘੱਟ ਹੈ। ਅਸੀਂ ਗਲੋਬਲ ਬਾਜ਼ਾਰ ਵਿੱਚ ਆਪਣੀ ਮੌਜੂਦਗੀ ਵਧਾਉਣ ਲਈ ਇਸ ਸੈਕਟਰ ’ਤੇ ਕੰਮ ਕਰ ਸਕਦੇ ਹਾਂ। ਸਾਡੀਆਂ ਵੱਡੀਆਂ ਕੰਪਨੀਆਂ, ਛੋਟੀਆਂ ਕੰਪਨੀਆਂ ਨੂੰ ਵੀ ਗੁਣਵੱਤਾ ਅਤੇ ਪੈਮਾਨੇ ’ਤੇ, ਅਜਿਹੀ ਮੈਨੂਫੈਕਚਰਿੰਗ ਸਮਰੱਥਾ ਵਿਕਸਤ ਕਰਨ ਵਿੱਚ ਮਦਦ ਕਰ ਸਕਦੀਆਂ ਹਨ। ਅਜਿਹੀ ਹੀ ਮਸ਼ੀਨਰੀ ਮੈਨੂਫੈਕਚਰਿੰਗ, ਉਹ ਵੀ ਇੱਕ ਖੇਤਰ ਹੈ, ਜੋ ਸਾਡਾ ਇੰਤਜ਼ਾਰ ਕਰ ਰਿਹਾ ਹੈ, ਬਹੁਤ ਕੁਝ ਕੀਤਾ ਜਾ ਸਕਦਾ ਹੈ। ਅਸੀਂ ਮਿਲ ਕੇ ਅਜਿਹੀਆਂ ਮਸ਼ੀਨਾਂ ਬਣਾ ਸਕਦੇ ਹਾਂ, ਜਿਨ੍ਹਾਂ ਦੀ ਵਿਕਾਸਸ਼ੀਲ ਦੇਸ਼ਾਂ ਅਤੇ ਖ਼ਾਸ ਕਰਕੇ ਗਲੋਬਲ ਸਾਊਥ ਨੂੰ ਜ਼ਰੂਰਤ ਹੈ। ਸਾਡਾ ਉਦਯੋਗ ਪੈਕੇਜਿੰਗ ਇਕੁਇਪਮੈਂਟ, ਸਿੰਚਾਈ ਪ੍ਰਣਾਲੀਆਂ ਅਤੇ ਫੈਕਟਰੀ ਨਾਲ ਜੁੜੀਆਂ ਮਸ਼ੀਨਾਂ ਦੇ ਬਾਜ਼ਾਰਾਂ ਵਿੱਚ ਖੋਜ ਕਰ ਸਕਦਾ ਹੈ। ਅਤੇ ਇਹ ਦੇਖ ਸਕਦਾ ਹੈ ਕਿ ਇਨ੍ਹਾਂ ਖੇਤਰਾਂ ਵਿੱਚ ਅਸੀਂ ਕੀ-ਕੀ ਕਰ ਸਕਦੇ ਹਾਂ।

ਸਾਥੀਓ,

ਕੋਈ ਵੀ ਦੇਸ਼, ਆਪਣੇ ਕਿਸਾਨਾਂ, ਆਪਣੇ ਛੋਟੇ ਉੱਦਮੀਆਂ, ਆਪਣੀ ਇੰਡਸਟਰੀਜ਼, ਆਪਣੇ ਵੈਲਥ ਕ੍ਰੀਏਟਰਜ਼, ਆਪਣੇ ਟੈਕਸ ਪੇਅਰਜ਼ ਦਾ ਸਤਿਕਾਰ ਕਰਦੇ ਹੋਏ ਹੀ ਅੱਗੇ ਵਧਦਾ ਹੈ। ਸਵੇਰੇ-ਸ਼ਾਮ ਉਨ੍ਹਾਂ ਨੂੰ ਗਾਲ੍ਹਾਂ ਦੇ ਕੇ ਦੇਸ਼ ਅੱਗੇ ਨਹੀਂ ਵਧਦਾ ਹੈ। ਤੁਹਾਡੇ ਵਿੱਚੋਂ ਸ਼ਾਇਦ ਕੁਝ ਲੋਕਾਂ ਨੂੰ ਪਤਾ ਹੋਵੇਗਾ, ਸ਼ਾਇਦ ਇਹ ਪੰਕਜ ਭਾਈ ਵਗੈਰਾ ਨੂੰ ਪਤਾ ਹੋਵੇ ਤਾਂ ਮੈਨੂੰ ਪਤਾ ਨਹੀਂ ਹੈ। ਗੁਜਰਾਤ ਵਿੱਚ ਇੱਕ ਵਾਰ ਇਨਕਮ ਟੈਕਸ ਡਿਪਾਰਟਮੈਂਟ ਦਾ ਇੱਕ ਵੱਡਾ ਗੈੱਟ-ਟੂਗੈਦਰ ਹੋਇਆ ਸੀ। ਓਦੋਂ ਤਾਂ ਮੈਂ ਨਵਾਂ-ਨਵਾਂ ਮੁੱਖ ਮੰਤਰੀ ਬਣਿਆ ਸੀ, ਕੁਝ ਜ਼ਿਆਦਾ ਸਾਨੂੰ ਸਮਝ ਵੀ ਨਹੀਂ ਸੀ, ਕੋਈ ਗਿਆਨ ਵੀ ਨਹੀਂ ਸੀ, ਤਜਰਬਾ ਵੀ ਨਹੀਂ ਸੀ। ਪਰ ਉਸ ਵਿੱਚ ਮੇਰਾ ਇੱਕ ਭਾਸ਼ਣ ਹੋਇਆ ਸੀ, ਇਹ 2001-02 ਦੀ ਹੀ ਗੱਲ ਹੋਵੇਗੀ ਸ਼ਾਇਦ, 25 ਸਾਲ ਪਹਿਲਾਂ ਦੀ ਗੱਲ ਹੈ। ਅਤੇ ਇਨਕਮ ਟੈਕਸ ਦੇ ਸਾਰੇ ਵੱਡੇ ਧੁਰੰਦਰ ਬੈਠੇ ਸਨ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਹਰ ਕਿਸੇ ਨੂੰ ਚੋਰ ਮੰਨਣਾ ਕਦੋਂ ਬੰਦ ਕਰੋਗੇ? ਇਹ ਕੀ ਤਰੀਕਾ ਹੈ? ਤੁਸੀਂ ਵੀ ਤਾਂ ਦੇਸ਼ ਲਈ ਕੰਮ ਕਰਦੇ ਹੋ। ਕੀ ਸਿਰਫ਼ ਅਸੀਂ ਹੀ ਲੋਕ ਹਾਂ ਕੀ ਜੋ ਦੇਸ਼ ਦਾ ਠੇਕਾ ਲੈ ਕੇ ਬੈਠੇ ਹਾਂ? ਤੁਸੀਂ ਵੀ ਕਰਦੇ ਹੋ, ਹਰ ਦੇਸ਼ ਵਾਸੀ ਕਰਦਾ ਹੈ। ਹਰ ਇੱਕ ਦਾ ਸਤਿਕਾਰ ਹੋਣਾ ਚਾਹੀਦਾ ਹੈ। ਜੇ ਮੈਂ ਇੰਡਸਟਰੀ ਦੀ ਗੱਲ ਕਰਾਂ, ਤਾਂ ਬੀਤੇ ਸਾਲਾਂ ਵਿੱਚ ਸਰਕਾਰ ਦਾ ਬਹੁਤ ਜ਼ੋਰ ਈਜ਼ ਆਫ਼ ਡੂਇੰਗ ਬਿਜ਼ਨਸ ’ਤੇ ਰਿਹਾ ਹੈ। ਤੁਸੀਂ ਦੇਖੋ, 2014 ਵਿੱਚ ਬੇਸਿਕ ਕਾਰਪੋਰੇਟ ਟੈਕਸ ਰੇਟ 30 ਪ੍ਰਤੀਸ਼ਤ ਹੁੰਦਾ ਸੀ। ਅਸੀਂ ਇਸ ਨੂੰ ਘਟਾ ਕੇ 22 ਪ੍ਰਤੀਸ਼ਤ ਤੱਕ ਪਹੁੰਚਾ ਦਿੱਤਾ ਹੈ। ਅੱਜ ਭਾਰਤ ਵਿੱਚ 12 ਲੱਖ ਰੁਪਏ ਤੱਕ ਦੀ ਕਮਾਈ ’ਤੇ ਕੋਈ ਟੈਕਸ ਨਹੀਂ ਹੈ। ਮੈਨੂੰ ਪਤਾ ਹੈ ਤਾੜੀਆਂ ਨਹੀਂ ਵਜਾਓਗੇ, ਚੰਗੀ ਤਰ੍ਹਾਂ ਜਾਣਦਾ ਹਾਂ, ਕਿਉਂਕਿ ਤੁਹਾਡੀ ਭੁੱਖ ਇੰਨੀ ਹੈ, ਕਿੰਨਾ ਹੀ ਖਿਲਾਓ ਪੇਟ ਭਰਦਾ ਨਹੀਂ ਹੈ। ਮੈਂ ਤਾਂ 12 ਲੱਖ ਇਨਕਮ ਟੈਕਸ ਮਾਫ਼ ਕਰ ਦਿੱਤਾ। ਕੀ ਤੁਸੀਂ ਆਪਣੇ ਇੱਥੇ ਮੁਲਾਜ਼ਮਾਂ ਦੀ ਤਨਖ਼ਾਹ ਵਧਾਈ ਕੀ? ਕੀ ਤੁਸੀਂ ਆਪਣੇ ਮੁਲਾਜ਼ਮਾਂ ਦੀ ਗਿਣਤੀ ਵਧਾਈ ਕੀ? ਨਹੀਂ! ਮੋਦੀ ਜੀ ਤੁਸੀਂ ਕਰੋ ਅਸੀਂ ਦੇਖ ਲਵਾਂਗੇ। ਇਹ ਇੰਜ ਹੀ ਚੱਲੇਗਾ।

ਪਰ ਸਾਥੀਓ,

ਇਨਕਮ ਟੈਕਸ ਵਿੱਚ ਇੰਨੀ ਵੱਡੀ ਛੋਟ ਦੇਣ ਦੀ ਹਿੰਮਤ ਕੀਤੀ। ਇਸ ਨਾਲ ਸਾਡੇ ਲੋਕਾਂ ਦੀ ਖਰੀਦ ਸ਼ਕਤੀ ਬਹੁਤ ਵਧੀ ਹੈ। ਅਸੀਂ ਰਿਟਰਨਜ਼ ਅਤੇ ਰਿਫੰਡਜ਼ ਦੀ ਵਿਵਸਥਾ ਨੂੰ ਆਸਾਨ ਬਣਾਇਆ ਹੈ, ਤਾਂ ਜੋ ਟੈਕਸਪੇਅਰਸ ਦਾ ਪੈਸਾ ਬੇਵਜ੍ਹਾ ਸਿਸਟਮ ਵਿੱਚ ਫਸਿਆ ਨਾ ਰਹੇ। ਪਹਿਲਾਂ ਪਤਾ ਹੋਵੇਗਾ ਤੁਹਾਨੂੰ, 8-8 ਮਹੀਨੇ ਤੋਂ “ਚਿੱਠੀ ਆਈ ਰੇ”! ਅੱਜ ਹਫ਼ਤੇ ਭਰ ਵਿੱਚ ਰਿਫੰਡ ਆ ਜਾਂਦਾ ਹੈ। ਆਉਂਦਾ ਹੈ ਕਿ ਨਹੀਂ ਆਉਂਦਾ? ਤਾਂ ਤਾੜੀਆਂ ਤਾਂ ਵਜਾਓ ਯਾਰ! ਕਿਉਂਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹ ਜੋ ਅਸੀਂ ਕਰ ਰਹੇ ਹਾਂ ਉਹ ਤੁਹਾਡੇ ਕੰਮ ਦਾ ਹੈ ਕਿ ਅਸੀਂ ਇੰਜ ਹੀ ਕਰ ਰਹੇ ਹਾਂ ਜੀ! ਜੀਐੱਸਟੀ ਰਿਫੌਰਮਜ਼ ਦੇ ਕਾਰਨ ਦੇਸ਼ ਦੇ ਬਹੁਤ ਸਾਰੇ ਉਤਪਾਦਾਂ ’ਤੇ ਟੈਕਸ ਘਟੇ ਹਨ। ਇਸ ਨਾਲ ਵੀ ਡਿਮਾਂਡ ਵਧੀ ਹੈ, ਅਤੇ ਇਸ ਦਾ ਸਿੱਧਾ ਲਾਭ ਸਾਡੀ ਇੰਡਸਟਰੀ ਅਤੇ ਬਿਜ਼ਨਸ ਹਾਊਸਿਜ਼ ਨੂੰ ਹੋ ਰਿਹਾ ਹੈ।

ਸਾਥੀਓ,

ਬੀਤੇ ਕੁਝ ਸਾਲਾਂ ਵਿੱਚ ਦੁਨੀਆ ਦੇ ਕਈ ਦੇਸ਼ਾਂ ਨਾਲ ਭਾਰਤ ਨੇ ਵਪਾਰ ਸਮਝੌਤੇ ਕੀਤੇ ਹਨ। ਤੁਸੀਂ ਕਦੇ ਫਿੱਕੀ ਦੇ ਲੋਕ ਬੈਠ ਕੇ ਸੋਚਿਆ ਹੈ ਕੀ? ਜਦੋਂ ਦੁਨੀਆ ਦੀਆਂ ਵੱਡੀਆਂ-ਵੱਡੀਆਂ ਇਕੌਨਮੀਜ਼ ਨਾਲ ਮੁਕਤ ਵਪਾਰ ਸਮਝੌਤਾ ਹੁੰਦਾ ਹੈ, ਮਤਲਬ ਕਿ ਤੁਹਾਡੇ ਲਈ ਦਰਵਾਜ਼ੇ ਖੁੱਲ੍ਹ ਚੁੱਕੇ ਹਨ। ਕੀ ਤੁਸੀਂ ਮੌਕਾ ਫੜਨ ਲਈ ਕੁਝ ਪਲਾਨ ਕੀਤਾ ਹੈ, ਕਿ ਅਜੇ ਮੈਨੂੰ ਇਸ ਲਈ ਵੀ ਆਉਣਾ ਪਵੇਗਾ ਤੁਹਾਡੇ ਇੱਥੇ?

ਮੈਂ ਸੱਚ ਕਹਿੰਦਾ ਹਾਂ ਸਾਥੀਓ,

ਇਸ ਤੋਂ ਵੱਡਾ ਇਤਿਹਾਸਕ ਮੌਕਾ ਨਹੀਂ ਹੋ ਸਕਦਾ ਹੈ। ਅਤੇ ਤੁਸੀਂ ਮੇਰੀ ਇਸ ਸਾਰੀ ਮਿਹਨਤ ਦਾ ਫਾਇਦਾ ਨਹੀਂ ਉਠਾਓਗੇ ਤਾਂ ਕੌਣ ਉਠਾਵੇਗਾ, ਇਹ ਤਾਂ ਮੈਨੂੰ ਦੱਸੋ ਭਾਈ! ਇਹ ਤੁਹਾਡੇ ਲਈ ਹੀ ਕਰ ਰਿਹਾ ਹਾਂ ਮੈਂ, ਅਤੇ ਤੁਹਾਡੇ ਰਾਹੀਂ ਦੇਸ਼ ਲਈ ਹੋ ਰਿਹਾ ਹੈ। ਤੁਸੀਂ ਇੱਕ ਬਹੁਤ ਵੱਡਾ ਮਾਧਿਅਮ ਹੋ। ਤੁਸੀਂ ਆਪਣੀ ਤਾਕਤ ਨੂੰ ਪਛਾਣੋ। ਸਾਡੇ ਕੋਲ 140 ਕਰੋੜ ਦੇਸ਼ ਵਾਸੀਆਂ ਦਾ ਆਪਣਾ ਬਾਜ਼ਾਰ ਹੈ, ਅਤੇ ਇਹੀ ਕਦੇ-ਕਦੇ ਲੱਗਦਾ ਹੈ ਤੁਹਾਡੀ ਮੁਸੀਬਤ ਹੈ। ਕਿਉਂਕਿ ਤੁਹਾਨੂੰ ਪਤਾ ਹੈ ਕੁਝ ਵੀ ਬਣਾਓ ਯਾਰ ਵਿਕਣ ਹੀ ਵਿਕਣ ਵਾਲਾ ਹੈ। ਅਰੇ ਯਾਰ ਕੋਈ ਤਾਂ ਲੈ ਜਾਵੇਗਾ। ਵੱਡੇ ਸ਼ਹਿਰ ਵਾਲਾ ਨਹੀਂ ਲਵੇਗਾ ਤਾਂ ਛੋਟੇ ਸ਼ਹਿਰ ਵਾਲਾ ਲੈ ਜਾਵੇਗਾ, ਛੋਟੇ ਸ਼ਹਿਰ ਵਾਲਾ ਨਹੀਂ ਲਵੇਗਾ ਤਾਂ ਵੱਡੇ ਪਿੰਡ ਵਾਲਾ ਲੈ ਜਾਵੇਗਾ, ਨਹੀਂ ਤਾਂ ਕੋਈ ਪਿੰਡ ਵਾਲਾ ਲੈ ਜਾਵੇਗਾ। ਮੇਰਾ ਮਾਲ ਤਾਂ ਵਿਕਣ ਵਾਲਾ ਹੈ। ਹੁਣ ਚਲੋ ਯਾਰ ਮੇਰੀ ਪੀੜ੍ਹੀ ਨੇ ਕਰ ਲਈ, ਅਗਲੀ ਪੀੜ੍ਹੀ ਜੋ ਕਰਨਾ ਹੋਵੇਗਾ, ਇਹ ਨਹੀਂ ਚੱਲ ਸਕਦਾ। ਵਕਤ ਬਦਲ ਚੁੱਕਿਆ ਹੈ। ਤੁਹਾਨੂੰ ਆਪਣੀ ਗੁਣਵੱਤਾ ਬਦਲਣੀ ਪਵੇਗੀ। 140 ਕਰੋੜ ਦੇਸ਼ ਵਾਸੀਆਂ ਨੂੰ ‘ਅਸ਼ਯੋਰਡ ਮਾਰਕਿਟ’ ਮੰਨ ਕੇ ਨਾ ਚੱਲੋ। ਅਤੇ ਕਦੇ-ਕਦੇ ਤਾਂ ਮੈਨੂੰ ਸ਼ਰਮ ਆਉਂਦੀ ਹੈ, ਮਾਫ਼ ਕਰਨਾ ਦੋਸਤੋ ਮੈਂ ਖੁੱਲ੍ਹ ਕੇ ਗੱਲਾਂ ਕਰ ਰਿਹਾ ਹਾਂ ਅੱਜ ਤੁਹਾਡੇ ਨਾਲ। ਦੇਖੋ ਦੋ ਤਰ੍ਹਾਂ ਦੇ ਲੋਕ ਹਨ। ਮੈਨੂੰ ਪਤਾ ਨਹੀਂ ਇੱਕ ਜਮਾਤ ਇੱਥੇ ਹੈ ਕਿ ਨਹੀਂ। ਇੱਕ ਹੁੰਦੇ ਹਨ ਬਿਲਡਰਜ਼, ਪ੍ਰਾਪਰਟੀ ਡਿਵੈਲਪਰਜ਼। ਉਹ ਕੀ ਕਰਦੇ ਹਨ, ਕੋਈ ਸਕੀਮ ਬਣਾਉਂਦੇ ਹਨ, ਮੰਨ ਲਓ ਇੱਕ ਵੱਡਾ ਟਾਵਰ ਬਣਾ ਦਿੱਤਾ। ਫਿਰ ਬਣ ਜਾਂਦਾ ਹੈ, ਕਲਾਇੰਟ ਆ ਜਾਂਦੇ ਹਨ, ਪਰ ਇੱਕ-ਅੱਧ ਦੋ ਰੱਖਦੇ ਹਨ ਆਪਣੇ ਕੋਲ। ਫਿਰ ਕਿਸੇ ਨੂੰ ਕਹਿੰਦੇ ਹਨ, ਇਹ ਮੈਂ ਮੇਰੇ ਲਈ ਬਣਾਇਆ ਹੈ, ਇਹ ਮੇਰੇ ਬੇਟੇ ਲਈ ਹੈ, ਫਿਰ ਵੀ ਜੇਕਰ ਤੁਹਾਨੂੰ ਚਾਹੀਦਾ ਤਾਂ। ਤਾਂ ਉਸ ਨੂੰ ਵੀ ਲੱਗਦਾ ਹੈ ਯਾਰ ਇਹ ਤਾਂ ਕੁਆਲਿਟੀ ਚੰਗੀ ਹੋਵੇਗੀ। ਹਾਂ ਇੱਕ ਤਰੀਕਾ ਇਹ ਹੈ, ਇਹ ਮੇਰੇ ਲਈ ਹੈ, ਤੁਸੀਂ ਖਰੀਦੋ। ਅਤੇ ਦੂਜੀ ਜਮਾਤ ਜੋ ਜ਼ਿਆਦਾ ਇੱਥੇ ਹੋਵੇਗੀ, ਉਹ ਕਹਿੰਦੀ ਹੈ, ਕੋਈ ਕਸਟਮਰ, ਅਰੇ ਲਓ ਐਕਸਪੋਰਟ ਕੁਆਲਿਟੀ ਹੈ! ਤੁਸੀਂ ਦੇਸ਼ ਦੇ ਲੋਕਾਂ ਨੂੰ ਕੀ ਸਮਝਦੇ ਹੋ ਭਾਈ? ਕੀ ਉਹ ਚੰਗੀ ਕੁਆਲਿਟੀ ਦੇ ਹੱਕਦਾਰ ਨਹੀਂ ਹਨ ਕੀ? ਅੱਜ ਵੀ ਉਸ ਨੂੰ ਕਹਿਣਾ ਪੈਂਦਾ ਹੈ ਤੁਹਾਨੂੰ ਕਿ ਐਕਸਪੋਰਟ ਕੁਆਲਿਟੀ ਹੈ। ਉਸ ਨੂੰ ਵੀ ਲੱਗਦਾ ਹੈ ਹਾਂ ਯਾਰ ਉਨ੍ਹਾਂ ਲੋਕਾਂ ਲਈ ਹੋਵੇਗੀ ਤਾਂ ਚੰਗੀ ਹੋਵੇਗੀ। ਇਸ ਸੋਚ ਨੂੰ ਬਦਲਣਾ ਹੋਵੇਗਾ। ਮੇਰੇ ਦੇਸ਼ ਵਾਸੀ ਕੁਆਲਿਟੀ ਦੇ ਹੱਕਦਾਰ ਹਨ। ਗੋਪਾਲ ਤੁਸੀਂ ਜ਼ਰਾ ਠੀਕ ਤਰ੍ਹਾਂ ਫਿਰ ਸਮਝਾ ਦੇਣਾ ਸਭ ਨੂੰ। ਪਰ ਹੁਣ ਜ਼ਰੂਰਤ ਹੈ, ਕਿ ਦੂਜੇ ਦੇਸ਼ਾਂ ਵਿੱਚ ਜੋ ਮੌਕੇ ਬਣ ਰਹੇ ਹਨ, ਅਸੀਂ ਉਨ੍ਹਾਂ ਮੌਕਿਆਂ ਦਾ ਵੀ, ਭਰਪੂਰ ਲਾਭ ਲਈਏ। ਅੱਜ ਜਦੋਂ ਦੇਸ਼ ਰਿਫੌਰਮ ਐਕਸਪ੍ਰੈੱਸ ’ਤੇ ਅੱਗੇ ਵਧ ਰਿਹਾ ਹੈ, ਤਾਂ ਸਰਕਾਰ ਵੀ ਇਸ ਦਿਸ਼ਾ ਵਿੱਚ ਤੁਹਾਡੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣ ਨੂੰ ਤਿਆਰ ਹੈ।

ਅਤੇ ਸਾਥੀਓ,

ਮੈਂ ਖੁੱਲ੍ਹੇ ਮਨ ਨਾਲ ਅੱਜ ਇੱਕ ਗੱਲ ਕਰਨਾ ਚਾਹੁੰਦਾ ਹਾਂ। ਹੁਣ ਮੈਂ ਫਾਰਮੈਲਟੀ ਲਈ ਨਹੀਂ ਆਇਆ ਹਾਂ, ਮੈਂ ਦਿਲ ਤੋਂ ਮਿਲਣ ਆਇਆ ਹਾਂ ਤੁਹਾਡੇ ਨਾਲ। ਅਤੇ ਮੈਂ ਤੁਹਾਡੇ ਲੋਕਾਂ ਦਾ ਸਤਿਕਾਰ ਕਰਦਾ ਹਾਂ ਇਸ ਲਈ ਆਇਆ ਹਾਂ। ਪਰ ਤੁਹਾਡਾ ਪੁਰਾਣੀਆਂ ਸਰਕਾਰਾਂ ਦਾ ਤਜਰਬਾ ਇੰਨਾ ਖ਼ਰਾਬ ਹੈ ਕਿ ਉਸ ਦਾ ਨੁਕਸਾਨ ਮੈਨੂੰ ਭੁਗਤਣਾ ਪੈ ਰਿਹਾ ਹੈ। ਇਹ ਪੁਰਾਣੇ ਵਾਲੀ ਸਰਕਾਰ ਨਹੀਂ ਹੈ। ਇਹ ਦੋਸਤ ਸਰਕਾਰ ਹੈ। ਇਹ ਦੋਸਤੀ ਨਿਭਾਉਣਾ ਜਾਣਦੀ ਹੈ। ਅਤੇ ਹੁਣ ਤੁਸੀਂ ਮੇਰੇ ਸੱਚੇ ਦੋਸਤ ਹੋ, ਤਾਂ ਇੱਕ ਕੰਮ ਕਰਨਾ ਹੈ। ਕਰੋਗੇ? ਨਹੀਂ ਕਰੋਗੇ? ਕਰੋਗੇ? ਬਿਨਾਂ ਸੰਕੋਚ, ਬਿਨਾਂ ਝਿਜਕ, ਮੈਨੂੰ ਖੁੱਲ੍ਹ ਕੇ ਲਿਖ ਕੇ ਭੇਜੋ ਕਿ ਅਜੇ ਵੀ ਕਿਹੜੇ ਸੁਧਾਰ ਜ਼ਰੂਰੀ ਹਨ। ਅਤੇ ਮੈਂ ਵਾਰ-ਵਾਰ ਤੁਹਾਡੇ ਤੋਂ ਕਹਾਂਗਾ ਕਿ ਖੁੱਲ੍ਹ ਕੇ ਸੁਝਾਅ ਲਿਖ ਕੇ ਭੇਜੋ। ਹੋ ਸਕਦਾ ਹੈ 100 ਵਿੱਚੋਂ ਦੋ ਨੂੰ ਹੱਥ ਲੱਗੇ, ਉਹ ਮੇਰੀ ਕਮੀ ਹੋਵੇਗੀ। ਤੁਸੀਂ ਕਮੀ ਨਾ ਰੱਖੋ। ਸਰਕਾਰ ਦੇ ਦਰਵਾਜ਼ੇ ਵੀ ਅਤੇ ਸਰਕਾਰ ਦਾ ਦਿਮਾਗ ਵੀ ਪੂਰੀ ਤਰ੍ਹਾਂ ਖੁੱਲ੍ਹਾ ਹੈ। ਮੈਂ ਫਿਰ ਦੁਹਰਾਉਂਦਾ ਹਾਂ, ਸਾਡਾ ਘਰੇਲੂ ਬਾਜ਼ਾਰ ਸਾਡਾ ਕੰਫਰਟ ਜ਼ੋਨ ਨਹੀਂ ਹੋਣਾ ਚਾਹੀਦਾ। ਇੰਨੇ ਲੋਕ ਯਾਰ ਮਾਲ ਵਿਕ ਜਾਵੇਗਾ ਇਸ ਸਾਈਕੋਲੋਜੀ ਤੋਂ ਬਾਹਰ ਨਿਕਲੋ ਦੋਸਤੋ। ਸਾਨੂੰ ਇਸ ਤੋਂ ਉਹ ਆਤਮਵਿਸ਼ਵਾਸ ਮਿਲਣਾ ਚਾਹੀਦਾ ਹੈ, ਜਿਸ ਨਾਲ ਅਸੀਂ ਗਲੋਬਲ ਮਾਰਕਿਟ ਵਿੱਚ ਮੁਕਾਬਲਾ ਕਰ ਸਕੀਏ। ਸਾਨੂੰ ਦਿਮਾਗ ਵਿੱਚ ਉਹ ਭਰਨਾ ਹੈ ਜੀ। ਅਤੇ ਇਸ ਲਈ ਦੁਨੀਆ ਦੇ ਵੱਖ-ਵੱਖ ਖੇਤਰਾਂ ਦੇ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਸਮਝਣ ਵਿੱਚ ਤੁਸੀਂ ਨਿਵੇਸ਼ ਕਰੋ, ਟੀਮਾਂ ਭੇਜੋ, ਮੈਪਿੰਗ ਕਰੋ ਕਿਸ ਨੂੰ ਕੀ ਜ਼ਰੂਰਤ ਹੈ, ਕਿਵੇਂ ਭੇਜਾਂਗੇ। ਉਸ ਲਈ ਯੂਜ਼ਰ ਫ੍ਰੈਂਡਲੀ ਚੀਜ਼ਾਂ ਅਸੀਂ ਕਿਵੇਂ ਬਣਾਵਾਂਗੇ, ਉਸ ਦੇ ਸੁਭਾਅ ਨੂੰ, ਉਸ ਨੂੰ ਜੋ ਰੰਗ ਪਸੰਦ ਹੈ, ਉਹ ਰੰਗ ਕਿਵੇਂ ਬਣਾਵਾਂਗੇ। ਨਹੀਂ ਤਾਂ ਅਸੀਂ ਤਾਂ ਜਾਣਦੇ ਹਾਂ ਦੁਨੀਆ ਵਿੱਚ ਕਿਸ ਤਰ੍ਹਾਂ ਨਾਲ ਮਾਰਕਿਟ ਕਬਜ਼ਾ ਕੀਤਾ ਜਾਂਦਾ ਹੈ। ਹੁਣ ਗਾਰੰਟੀ ਨਹੀਂ ਹੈ ਕਿ ਗਣੇਸ਼ ਜੀ ਅਸੀਂ ਬਣਾਏ ਹਨ ਕਿ ਕਿਸੇ ਹੋਰ ਨੇ ਬਣਾਏ ਹਨ, ਪਰ ਅਸੀਂ ਘਰ ਵਿੱਚ ਪੂਜਾ ਕਰ ਰਹੇ ਹਾਂ।

ਸਾਥੀਓ,

ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਵਿਸ਼ਵ ਵਿੱਚ ਜੋ ਜ਼ਰੂਰਤਾਂ ਹਨ, ਉਨ੍ਹਾਂ ਦੇ ਮਿਆਰਾਂ ਨੂੰ ਮੈਚ ਕਰਨ ਵਿੱਚ ਅਤੇ ਉਨ੍ਹਾਂ ਲਈ ਵੰਡ ਨੈੱਟਵਰਕ ਖੜ੍ਹੇ ਕਰਨ ਵਿੱਚ ਸਾਨੂੰ ਨਿਵੇਸ਼ ਕਰਨਾ ਚਾਹੀਦਾ ਹੈ। ਸਾਡੇ ਉਤਪਾਦ ਅਜਿਹੇ ਹੋਣ ਜੋ ਗਲੋਬਲ ਮਾਰਕਿਟ ਵਿੱਚ ਗਾਹਕਾਂ ਦਾ ਵਿਸ਼ਵਾਸ ਜਿੱਤਣ ਅਤੇ ਉਨ੍ਹਾਂ ਨੂੰ ਭਾਰਤ ਨਾਲ ਜੋੜਨ। ਇਸੇ ਅਪੀਲ ਦੇ ਨਾਲ, ਸਾਥੀਓ ਮੈਂ ਬਹੁਤ ਖੁੱਲ੍ਹ ਕੇ ਗੱਲਾਂ ਕੀਤੀਆਂ ਹਨ। ਜੀ ਭਰ ਕੇ ਮੈਂ ਤੁਹਾਡੇ ਨਾਲ ਅੱਜ ਆਪਣੇ ਮਨ ਨੂੰ ਖੁੱਲ੍ਹਾ ਕਰ ਕੇ ਰੱਖ ਦਿੱਤਾ ਸੀ। ਪਰ ਮੈਂ ਉਮੀਦ ਕਰਾਂਗਾ ਕਿ 100 ਸਾਲ ਦੀ ਯਾਤਰਾ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਹੈ। ਹੁਣ ਆਉਣ ਵਾਲੇ 100 ਸਾਲ ਤੱਕ ਇੰਤਜ਼ਾਰ ਨਾ ਕਰੋ। 10 ਸਾਲ ਵਿੱਚ ਦੇਸ਼ ਨੂੰ ਕੀ ਦੇ ਸਕਦੇ ਹੋ, ਇਸ ਦਾ ਵਿਚਾਰ ਕਰੋ। ਜੇਕਰ 1927 ਵਿੱਚ ਤੁਹਾਡਾ ਜਨਮ ਹੋਇਆ ਅਤੇ 20 ਸਾਲ ਵਿੱਚ ਦੇਸ਼ ਆਜ਼ਾਦ ਹੋ ਸਕਦਾ ਹੈ, ਤਾਂ 2027 ਵਿੱਚ ਜੇਕਰ 100 ਦੱਸਦੇ ਹੋ, ਤਾਂ ਭਾਰਤ ਜਦੋਂ 100 ਕਰੇਗਾ ਤਾਂ 20 ਸਾਲ ਵਿੱਚ ਵਿਕਸਤ ਭਾਰਤ ਵੀ ਬਣਾ ਕੇ ਹੀ ਰਹਾਂਗੇ, ਇਸ ਸੰਕਲਪ ਦੇ ਨਾਲ ਸਾਨੂੰ ਚੱਲਣਾ ਚਾਹੀਦਾ ਹੈ।

ਅਤੇ ਸਾਥੀਓ,

ਆਜ਼ਾਦੀ, ਉਹ ਇੱਕ ਨਾਅਰਾ ਨਹੀਂ ਸੀ, ਆਜ਼ਾਦੀ ਇੱਕ ਕਮਿਟਮੈਂਟ ਸੀ। ਵਿਕਸਤ ਭਾਰਤ ਇਹ ਨਾਅਰਾ ਨਹੀਂ, ਇੱਕ ਕਮਿਟਮੈਂਟ ਹੈ। ਇਸ ਕਮਿਟਮੈਂਟ ਨੂੰ ਸਾਨੂੰ 140 ਕਰੋੜ ਦੇਸ਼ ਵਾਸੀਆਂ ਨੂੰ ਜਿਊਣਾ ਹੋਵੇਗਾ। ਅਤੇ ਜੇਕਰ ਅਸੀਂ ਜੀਵਾਂਗੇ, ਤਾਂ ਅਸੀਂ ਜਿੱਤਾਂਗੇ। ਇਸੇ ਭਾਵ ਦੇ ਨਾਲ ਮੈਂ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।

*********

ਐੱਮਜੇਪੀਐੱਸ/ਐੱਸਐੱਸ/ਕੇਪੀ/ਡੀਕੇ