ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਡਾਕ ਵਿਭਾਗ ਦੇ ਉਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਅਧੀਨ 16ਵੇਂ ਵਿੱਤ ਕਮਿਸ਼ਨ ਦੀ ਮਿਆਦ (ਵਿੱਤੀ ਵਰ੍ਹੇ 2026-27 ਤੋਂ 2030-31) ਦੌਰਾਨ ਅਸਟੇਟਸ ਮੈਨੇਜਮੈਂਟ ਸਕੀਮ ਨੂੰ ਜਾਰੀ ਰੱਖਿਆ ਜਾਵੇਗਾ। ਇਹ ਇੱਕ ਕੇਂਦਰੀ ਖੇਤਰ ਦੀ ਯੋਜਨਾ ਹੈ। ਇਸ ਯੋਜਨਾ ਦੇ ਲਈ ਪੰਜ ਵਰ੍ਹਿਆਂ ਦੀ ਮਿਆਦ ਵਿੱਚ ਕੁੱਲ 1491 ਕਰੋੜ ਰੁਪਏ ਦਾ ਵਿੱਤੀ ਪ੍ਰਾਵਧਾਨ ਕੀਤਾ ਗਿਆ ਹੈ।
ਪ੍ਰਮੁੱਖ ਰਣਨੀਤਕ ਟੀਚਾ
ਇਸ ਯੋਜਨਾ ਦਾ ਉਦੇਸ਼ ਡਾਕ ਵਿਭਾਗ ਦੇ ਭਵਨਾਂ ਅਤੇ ਅਸਟੇਟਸ ਸਬੰਧੀ ਬੁਨਿਆਦੀ ਢਾਂਚੇ ਦਾ ਵਿਆਪਕ ਤੌਰ ‘ਤੇ ਬਦਲਾਅ ਅਤੇ ਆਧੁਨਿਕੀਕਰਣ ਕਰਨਾ ਹੈ। ਇਸ ਦੇ ਤਹਿਤ ਡਾਕਘਰਾਂ ਅਤੇ ਰਿਹਾਇਸ਼ੀ ਕਲੋਨੀਆਂ ਦਾ ਨਿਰਮਾਣ, ਪੁਨਰ-ਨਿਰਮਾਣ ਅਤੇ ਨਵੀਨੀਕਰਣ ਅਤੇ ਇੱਕ ਸਮਾਨ ਬ੍ਰਾਂਡ ਪਛਾਣ ਵਿਕਸਿਤ ਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਨਾਲ ਹੀ, ਭਾਰਤ ਦੀ ਵਿਰਾਸਤ ਨਾਲ ਜੁੜੇ ਇਤਿਹਾਸਕ ਡਾਕ ਭਵਨਾਂ ਦੀ ਸੰਭਾਲ ਵੀ ਕੀਤੀ ਜਾਵੇਗੀ। ਆਧੁਨਿਕੀਕਰਣ ਦੀ ਇਹ ਰਣਨੀਤੀ ਡਾਕ ਸੇਵਾਵਾਂ ਦੀ ਫਸਟ-ਮਾਈਲ ਡਿਲੀਵਰੀ ਨੂੰ ਮਜ਼ਬੂਤ ਕਰਨ, ਵਿੱਤੀ ਸਮਾਵੇਸ਼ ਨੂੰ ਹੁਲਾਰਾ ਦੇਣ ਅਤੇ ਦੇਸ਼ ਭਰ ਵਿੱਚ ਨਾਗਰਿਕ-ਕੇਂਦ੍ਰਿਤ ਸੇਵਾਵਾਂ ਦੀ ਉਪਲਬਧਤਾ ਨੂੰ ਬਿਹਤਰ ਬਣਾਉਣ ਵਿੱਚ ਸਹਾਇਕ ਹੋਵੇਗੀ। ਇਹ ਪਹਿਲਕਦਮੀ ਡਿਜੀਟਲ ਇੰਡੀਆ, ਆਤਮਨਿਰਭਰ ਭਾਰਤ ਅਤੇ ਵਿਕਸਿਤ ਭਾਰਤ ਦੇ ਵਿਆਪਕ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ।
1.65 ਲੱਖ ਡਾਕਘਰਾਂ (ਜਿਨ੍ਹਾਂ ਵਿੱਚੋਂ 1,49,385 ਗ੍ਰਾਮੀਣ ਖੇਤਰਾਂ ਵਿੱਚ ਹਨ) ਦੇ ਨਾਲ ਦੁਨੀਆ ਦੇ ਸਭ ਤੋਂ ਵੱਡੇ ਡਾਕ ਨੈੱਟਵਰਕਾਂ ਵਿੱਚੋਂ ਇੱਕ, ਭਾਰਤੀ ਡਾਕ ਦੇਸ਼ ਵਿੱਚ ਡਾਕ ਸੇਵਾਵਾਂ, ਬੈਂਕਿੰਗ (ਪੀਓਐੱਸਬੀ/ਆਈਪੀਪੀਬੀ), ਬੀਮਾ (ਪੀਐੱਲਆਈ), ਆਧਾਰ ਸੇਵਾਵਾਂ, ਡਾਕਘਰ ਪਾਸਪੋਰਟ ਸੇਵਾ ਕੇਂਦਰਾਂ ਅਤੇ ਡਾਕਘਰ ਨਿਰਯਾਤ ਕੇਂਦਰਾਂ (ਡੀਐੱਨਕੇ) ਰਾਹੀਂ ਪੇਂਡੂ ਕਾਰੀਗਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਲਾਗੂਕਰਨ ਦੀ ਸਮਾਂ-ਸੀਮਾ
ਇਸ ਯੋਜਨਾ ਨੂੰ ਪੰਜ ਵਰ੍ਹਿਆਂ ਦੀ ਮਿਆਦ ਵਿੱਚ ਕ੍ਰਮਵਾਰ ਢੰਗ ਨਾਲ ਲਾਗੂ ਕੀਤਾ ਜਾਵੇਗਾ। ਇਸ ਦਾ ਲਾਗੂਕਰਨ ਵਿੱਤੀ ਵਰ੍ਹੇ 2026-27 ਤੋਂ ਸ਼ੁਰੂ ਹੋ ਕੇ ਵਿੱਤੀ ਵਰ੍ਹੇ 2030-31 ਤੱਕ ਜਾਰੀ ਰਹੇਗਾ।
ਮਨਜ਼ੂਰ ਯੋਜਨਾ ਦੇ ਮੁੱਖ ਪ੍ਰਾਵਧਾਨ
ਨਵਾਂ ਨਿਰਮਾਣ (280 ਕਰੋੜ ਰੁਪਏ): ਵਿਭਾਗ ਦੀ ਖਾਲੀ ਪਈ ਜ਼ਮੀਨ ‘ਤੇ 190 ਵਿਭਾਗੀ ਡਾਕ ਇਮਾਰਤਾਂ ਦਾ ਨਿਰਮਾਣ ਕੀਤਾ ਜਾਵੇਗਾ। ਇਸ ਨਾਲ ਮੌਜੂਦਾ ਸਮੇਂ ਕਿਰਾਏ ਦੀਆਂ ਇਮਾਰਤਾਂ ਵਿੱਚ ਸੰਚਾਲਿਤ ਡਾਕਘਰਾਂ ਨੂੰ ਆਪਣੇ ਭਵਨਾਂ ਵਿੱਚ ਤਬਦੀਲ ਕੀਤਾ ਜਾ ਸਕੇਗਾ ਅਤੇ ਕਿਰਾਏ ‘ਤੇ ਹੋਣ ਵਾਲੇ ਖਰਚ ਨੂੰ ਖਤਮ ਕੀਤਾ ਜਾ ਸਕੇਗਾ।
ਪੁਨਰ-ਨਿਰਮਾਣ (108 ਕਰੋੜ ਰੁਪਏ): ਜਰਜਰ ਹੋ ਚੁੱਕੀਆਂ 50 ਵਿਭਾਗੀ ਡਾਕ ਇਮਾਰਤਾਂ ਨੂੰ ਢਾਹ ਕੇ ਉਨ੍ਹਾਂ ਦਾ ਨਵੇਂ ਸਿਰ੍ਹੇ ਤੋਂ ਨਿਰਮਾਣ ਕੀਤਾ ਜਾਵੇਗਾ, ਤਾਂ ਜੋ ਇਮਾਰਤਾਂ ਦੀ ਲੰਬੇ ਸਮੇਂ ਦੀ ਢਾਂਚਾਗਤ ਸੁਰੱਖਿਆ ਯਕੀਨੀ ਕੀਤੀ ਜਾ ਸਕੇ।
ਨਵੀਨੀਕਰਣ ਅਤੇ ਬ੍ਰਾਂਡ ਪਛਾਣ (318 ਕਰੋੜ ਰੁਪਏ): ਐੱਸਪੀਏ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ 2550 ਵਿਭਾਗੀ ਉਪ-ਡਾਕਘਰਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ ਅਤੇ ਉਨ੍ਹਾਂ ਵਿੱਚ ਇੱਕ ਸਮਾਨ ਬ੍ਰਾਂਡ ਪਛਾਣ ਸਥਾਪਿਤ ਕੀਤੀ ਜਾਵੇਗੀ।
ਕਿਰਾਏ ਦੇ ਡਾਕਘਰਾਂ ਦਾ ਅਪਗ੍ਰੇਡੇਸ਼ਨ (37.50 ਕਰੋੜ ਰੁਪਏ): ਕਿਰਾਏ ਦੀਆਂ ਇਮਾਰਤਾਂ ਵਿੱਚ ਚੱਲ ਰਹੇ 2500 ਡਾਕਘਰਾਂ ਦਾ ਆਧੁਨਿਕੀਕਰਣ ਕੀਤਾ ਜਾਵੇਗਾ ਅਤੇ ਉਨ੍ਹਾਂ ਵਿੱਚ ਇੱਕ ਸਮਾਨ ਬ੍ਰਾਂਡ ਪਛਾਣ ਸਥਾਪਿਤ ਕੀਤੀ ਜਾਵੇਗੀ।
ਵਿਰਾਸਤੀ ਇਮਾਰਤਾਂ ਦੀ ਸੰਭਾਲ (180 ਕਰੋੜ ਰੁਪਏ): ਵਿਭਾਗ ਦੀ ਇਤਿਹਾਸਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੇ ਉਦੇਸ਼ ਨਾਲ 20 ਪ੍ਰਮੁੱਖ ਇਤਿਹਾਸਕ ਡਾਕ ਭਵਨਾਂ ਦੀ ਮੁੜ-ਸੁਰਜੀਤੀ ਅਤੇ ਸੰਭਾਲ ਕੀਤੀ ਜਾਵੇਗੀ।
ਰਿਹਾਇਸ਼ੀ ਕਲੋਨੀਆਂ ਦਾ ਨਵੀਨੀਕਰਣ (357.50 ਕਰੋੜ ਰੁਪਏ) ਕਰਮਚਾਰੀਆਂ ਦੀ ਭਲਾਈ ਅਤੇ ਸੰਤੁਸ਼ਟੀ ਦੇ ਪੱਧਰ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਵਧੇਰੇ ਮੰਗ ਵਾਲੀਆਂ 150 ਡਾਕ ਵਿਭਾਗੀ ਰਿਹਾਇਸ਼ੀ ਕਲੋਨੀਆਂ ਦਾ ਵਿਆਪਕ ਨਵੀਨੀਕਰਣ ਕੀਤਾ ਜਾਵੇਗਾ।
ਸਹਾਇਕ ਅਤੇ ਸਮਾਵੇਸ਼ੀ ਗਤੀਵਿਧੀਆਂ (100 ਕਰੋੜ ਰੁਪਏ) ਸੁਗਮਯ ਭਾਰਤ ਅਭਿਆਨ ਦੇ ਤਹਿਤ ਇਮਾਰਤਾਂ ਵਿੱਚ ਟਿਕਾਊ ਵਿਕਾਸ ਨਾਲ ਜੁੜੀਆਂ ਸਹੂਲਤਾਂ ਜਿਵੇਂ ਸੌਰ ਊਰਜਾ ਅਤੇ ਰੇਨ ਵਾਟਰ ਹਾਰਵੈਸਟਿੰਗ ਦੀ ਵਿਵਸਥਾ ਕੀਤੀ ਜਾਵੇਗੀ। ਨਾਲ ਹੀ, ਸਾਰਿਆਂ ਲਈ ਅਸਾਨ ਪਹੁੰਚ ਨੂੰ ਯਕੀਨੀ ਬਣਾਉਣ ਲਈ ਰੈਂਪ ਅਤੇ ਬ੍ਰੇਲ ਸੰਕੇਤਕ ਵਰਗੀਆਂ ਸਹੂਲਤਾਂ ਵਿਕਸਿਤ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ, ਮਹਿਲਾਵਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਹਿਲਾ ਪਖਾਨੇ ਅਤੇ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਫੀਡਿੰਗ ਰੂਮ ਵਰਗੀਆਂ ਸਹੂਲਤਾਂ ਵੀ ਉਪਲਬਧ ਕਰਵਾਈਆਂ ਜਾਣਗੀਆਂ।
ਇੰਟੀਗ੍ਰੇਟਿਡ ਟੈਕਨੋਲੋਜੀ ਸੈਂਟਰ (100 ਕਰੋੜ ਰੁਪਏ) : ਐਡਵਾਂਸਡ ਪੋਸਟਲ ਟੈਕਨੋਲੋਜੀ (ਏਪੀਟੀ) ਸੇਵਾਵਾਂ ਨੂੰ ਹੁਲਾਰਾ ਦੇਣ ਅਤੇ ਸਵਦੇਸ਼ੀ ਓਪਨ-ਸੋਰਸ ਟੈੱਕ ਸਟੈਕ ਨੂੰ ਸਹਿਯੋਗ ਪ੍ਰਦਾਨ ਕਰਨ ਲਈ ਬੰਗਲੁਰੂ ਵਿੱਚ ਸੈਂਟਰ ਫਾਰ ਐਕਸੀਲੈਂਸ ਇਨ ਪੋਸਟਲ ਟੈਕਨੋਲੋਜੀ (ਸੀਈਪੀਟੀ) ਲਈ ਸਥਾਈ ਭਵਨ ਅਤੇ ਕੰਪਲੈਕਸ ਦੀ ਸਥਾਪਨਾ ਕੀਤੀ ਜਾਵੇਗੀ।
*****
ਐੱਮਜੇਪੀਐੱਸ/ਏਕੇ