Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਾਲ ਸੰਯੁਕਤ ਪ੍ਰੈੱਸ ਬ੍ਰੀਫ਼ਿੰਗ ਦੌਰਾਨ ਮੀਡੀਆ ਨੂੰ ਪ੍ਰਧਾਨ ਮੰਤਰੀ ਦੇ ਬਿਆਨ ਦਾ ਮੂਲ ਪਾਠ

ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਾਲ ਸੰਯੁਕਤ ਪ੍ਰੈੱਸ ਬ੍ਰੀਫ਼ਿੰਗ ਦੌਰਾਨ ਮੀਡੀਆ ਨੂੰ ਪ੍ਰਧਾਨ ਮੰਤਰੀ ਦੇ ਬਿਆਨ ਦਾ ਮੂਲ ਪਾਠ


ਮਾਣਯੋਗ ਪ੍ਰਧਾਨ ਮੰਤਰੀ ਦਾਤੋ ਸ੍ਰੀ ਮੁਹੰਮਦ ਨਜੀਬ ਬਿਨ ਤੁਨ ਅਬਦੁੱਲ ਰਜ਼ਾਕ, ਮੀਡੀਆ ਦੇ ਮੈਂਬਰ ਸਹਿਬਾਨ,

ਮਲੇਸ਼ੀਆ ਦੇ ਮਾਣਯੋਗ ਪ੍ਰਧਾਨ ਮੰਤਰੀ ਦਾ ਭਾਰਤ ਵਿੱਚ ਸਵਾਗਤ ਕਰਨ ਦੀ ਬਹੁਤ ਖੁਸ਼ੀ ਹੈ। ਮਾਣਯੋਗ ਨਜੀਬ, ਤੁਹਾਡੇ ਭਾਰਤ ਦੌਰੇ ਨੇ ਮੈਨੂੰ ਅਤੇ ਭਾਰਤ ਦੇ ਲੋਕਾਂ ਨੂੰ ਨਵੰਬਰ, 2015 ਦੀ ਮੇਰੀ ਮਲੇਸ਼ੀਆ ਫੇਰੀ ਦੌਰਾਨ ਦਿੱਤੇ ਨਿੱਘ ਅਤੇ ਸਦਭਾਵਨਾ ਨੂੰ ਵਾਪਸ ਕਰਨ ਦਾ ਮੌਕਾ ਦਿੱਤਾ ਹੈ। ਤੁਹਾਡਾ ਦੌਰਾ ਸਾਡੇ ਸਬੰਧਾਂ ਦੇ ਇਤਿਹਾਸਕ ਸਮੇਂ ‘ਤੇ ਵੀ ਆਇਆ ਹੈ। ਅਸੀਂ ਆਪਣੇ ਕੂਟਨੀਤਕ ਸਬੰਧਾਂ ਦੇ ਸਥਾਪਿਤ ਹੋਣ ਦੀ 60ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਅਤੇ ਮਾਣਯੋਗ, ਤੁਹਾਡੇ ਨਿਜੀ ਧਿਆਨ ਅਤੇ ਅਗਵਾਈ ਨੇ ਸਾਡੇ ਸਬੰਧਾਂ ਨੂੰ ਸਥਿਰ ਦਿਸ਼ਾ, ਮਜ਼ਬੂਤੀ ਅਤੇ ਉਤਸ਼ਾਹ ਦਾ ਯੋਗਦਾਨ ਪਾਇਆ ਹੈ। ਭਾਰਤ ਦੇ ਨਾਲ ਇੱਕ ਵਿਆਪਕ ਰਣਨੀਤਕ ਭਾਈਵਾਲੀ ਸਥਾਪਿਤ ਕਰਨ ਵਿੱਚ ਤੁਹਾਡਾ ਯੋਗਦਾਨ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।

ਦੋਸਤੋ,

ਮਲੇਸ਼ੀਆ ਨਾਲ ਸਾਡੇ ਸਬੰਧ ਸੱਭਿਅਕ ਅਤੇ ਇਤਿਹਾਸਕ ਹਨ। ਸਾਡੇ ਸਬੰਧ ਅਮੀਰ ਅਤੇ ਵਿਭਿੰਨਤਾ ਵਾਲੇ ਹਨ। ਸਾਡੇ ਸਮਾਜ ਕਈ ਪੱਧਰਾਂ ‘ਤੇ ਜੁੜੇ ਹੋਏ ਹਨ। ਸੱਭਿਆਚਾਰ ਅਤੇ ਧਰਮ ਦੇ ਸਬੰਧ ਸਾਡੇ ਲੋਕਾਂ ਵਿੱਚ ਇੱਕ ਮਜ਼ਬੂਤ ਸੰਪਰਕ ਪ੍ਰਦਾਨ ਕਰਦੇ ਹਨ। ਮਲੇਸ਼ੀਆ ਵਿੱਚ ਵੱਡੇ ਭਾਰਤੀ ਭਾਈਚਾਰੇ ਵੱਲੋਂ ਪਾਏ ਯੋਗਦਾਨ ਦਾ ਵਿਸ਼ੇਸ਼ ਮੁੱਲ ਹੈ। ਉਨ੍ਹਾਂ ਨੇ ਨਾ ਕੇਵਲ ਸਾਡੀ ਸਾਂਝੀ ਵਿਰਾਸਤ ਨੂੰ ਵਿਕਸਤ ਕੀਤਾ ਹੈ, ਬਲਕਿ ਉਹ ਸਾਡੇ ਦੋਨੋਂ ਦੇਸ਼ਾਂ ਦਰਮਿਆਨ ਆਰਥਿਕਤਾ ਅਤੇ ਲੋਕਾਂ ਦੇ ਲੋਕਾਂ ਨਾਲ ਸੰਪਰਕ ਦੇ ਵਾਹਕ ਵੀ ਹਨ। ਆਪਣੇ ਪਿਛਲੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਜੀਬ ਅਤੇ ਮੈਂ ਕੁਆਲਾ ਲੰਪਰ ਵਿੱਚ ਤੋਰਾਨਾ ਗੇਟ ਦਾ ਸੰਯੁਕਤ ਤੌਰ ‘ਤੇ ਉਦਘਾਟਨ ਕੀਤਾ ਸੀ। ਤੋਰਾਨਾ ਗੇਟ ‘ਤੇ ਸਾਂਚੀ ਸਤੂਪ ਦਾ ਮਾਡਲ ਸਾਡੀ ਸਥਾਈ ਮਿੱਤਰਤਾ ਦੇ ਇੱਕ ਪ੍ਰਤੀਕ ਦੇ ਰੂਪ ਵਿੱਚ ਖੜ੍ਹਾ ਹੈ।

ਦੋਸਤੋ,

ਸਾਡੀ ਅੱਜ ਦੀ ਵਿਸਥਾਰਤ ਗੱਲਬਾਤ ਵਿੱਚ ਪ੍ਰਧਾਨ ਮੰਤਰੀ ਨਜੀਬ ਅਤੇ ਮੈਂ ਆਪਣੀ ਸੰਸਕ੍ਰਿਤੀ, ਆਰਥਿਕਤਾ ਅਤੇ ਰਣਨੀਤਕ ਭਾਈਵਾਲੀ ਦਾ ਪੂਰਾ ਜਾਇਜ਼ਾ ਲਿਆ ਹੈ। ਨਵੰਬਰ, 2015 ਦੇ ਮੇਰੇ ਮਲੇਸ਼ੀਆ ਦੌਰੇ ਦੌਰਾਨ ਸਾਡੇ ਵੱਲੋਂ ਲਏ ਗਏ ਮਹੱਤਵਪੂਰਨ ਫੈਸਲਿਆਂ ਨੂੰ ਲਾਗੂ ਕਰਨ ਲਈ ਲਗਾਤਾਰ ਪ੍ਰਗਤੀ ਸਬੰਧੀ ਅਸੀਂ ਧਿਆਨ ਦਿੱਤਾ ਹੈ ਅਤੇ ਅਸੀਂ ਆਪਣੀ ਰਣਨੀਤਕ ਭਾਈਵਾਲੀ ਨੂੰ ਸਾਂਝੇ ਦ੍ਰਿਸ਼ਟੀਕੋਣ ਨਾਲ ਵਧਾਉਣ ‘ਤੇ ਸਹਿਮਤ ਹੋਏ ਹਾਂ। ਅਜਿਹਾ ਦ੍ਰਿਸ਼ਟੀਕੋਣ ਜੋ ਕਾਰਵਾਈ ਮੁਖੀ ਦ੍ਰਿਸ਼ਟੀਕੋਣ ਨੂੰ ਤਰਜੀਹ ਦਿੰਦਾ ਹੈ। ਇਸ ਉਪਰਾਲੇ ਤਹਿਤ ਸਹਿਯੋਗ ਦੇ ਮੌਜੂਦਾ ਖੇਤਰਾਂ ਨੂੰ ਹੋਰ ਮਜ਼ਬੂਤ ਕਰਨਾ ਅਤੇ ਨਵੇਂ ਖੇਤਰ ਦੀ ਭਾਈਵਾਲੀ ਨੂੰ ਸ਼ਾਮਿਲ ਕਰਨਾ ਸਾਡੇ ਮੁੱਖ ਉਦੇਸ਼ ਹਨ।

ਦੋਸਤੋ,

ਭਾਰਤ ਅਤੇ ਮਲੇਸ਼ੀਆ ਨੇ ਮਜ਼ਬੂਤ ਆਰਥਿਕ ਭਾਈਵਾਲੀ ਸਥਾਪਿਤ ਕੀਤੀ ਹੈ। ਦੁਨੀਆ ਵਿੱਚ ਸਭ ਤੋਂ ਤੇਜੀ ਨਾਲ ਵਿਕਸਤ ਹੋ ਰਹੀ ਆਰਥਿਕਤਾ ਦੇ ਪੱਧਰ ‘ਤੇ ਇਸ ਨੂੰ ਲੈ ਕੇ ਜਾਣ ਦੇ ਸਾਡੇ ਉਪਰਾਲਿਆਂ ਤਹਿਤ ਭਾਰਤ ਅਣਮੁੱਲੇ ਮੌਕਿਆਂ ਦੀ ਪੇਸ਼ਕਸ਼ ਕਰਦਾ ਹੈ। ਸਾਡੇ ਸਮਾਜਾਂ ਵਿੱਚ ਖੁਸ਼ਹਾਲੀ ਦੇ ਨਵੇਂ ਮਾਰਗ ਵਿਕਸਤ ਕਰਨ ਲਈ ਅਸੀਂ ਦੋਨੋਂ ਅਰਥਵਿਵਸਥਾਵਾਂ ਵਿੱਚ ਵਪਾਰ ਅਤੇ ਪੂੰਜੀ ਵਹਾਅ ਦਾ ਵਿਸਥਾਰ ਕਰਨ ਲਈ ਤਿਆਰ ਹਾਂ। ਸਾਡੇ ਦਰਮਿਆਨ ਭਾਈਵਾਲੀ ਲਈ ਬੁਨਿਆਦੀ ਢਾਂਚਾ ਖੇਤਰ ਲਾਭਦਾਇਕ ਹੈ, ਪਰ ਅਸੀਂ ਬਹੁਤ ਜ਼ਿਆਦਾ ਕਰ ਸਕਦੇ ਹਾਂ। ਸਾਡਾ ਸਮਾਰਟ ਸ਼ਹਿਰ ਵਿਕਸਤ ਕਰਨ ਦਾ ਮਹੱਤਵਪੂਰਨ ਦ੍ਰਿਸ਼ਟੀਕੋਣ ਅਤੇ ਭਾਰਤ ਦੇ ਬੁਨਿਆਦੀ ਢਾਂਚੇ ਦੀਆਂ ਜ਼ਰੂਰਤਾਂ ਮਲੇਸ਼ੀਆ ਦੀਆਂ ਸਮਰੱਥਾਵਾਂ ਨਾਲ ਚੰਗੀ ਤਰ੍ਹਾਂ ਮਿਲਦੀਆਂ ਹਨ। ਮਲੇਸ਼ੀਆ ਦੀਆਂ ਕੰਪਨੀਆਂ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਸਾਡੇ ਕਈ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਵਿੱਚ ਹਿੱਸਾ ਲੈ ਰਹੀਆਂ ਹਨ। ਭਾਰਤੀ ਕੰਪਨੀਆਂ ਵੀ ਮਲੇਸ਼ੀਆ ਦੀ ਅਰਥਵਿਵਸਥਾ ਵਿੱਚ ਵੱਡੇ ਪੱਧਰ ‘ਤੇ ਜੁੜੀਆਂ ਹੋਈਆਂ ਹਨ ਅਤੇ ਨਿਵੇਸ਼ ਕਰ ਰਹੀਆਂ ਹਨ। ਸਾਨੂੰ ਖੁਸ਼ੀ ਹੈ ਕਿ ਉੱਚ ਪੱਧਰੀ ਕਾਰੋਬਾਰੀ ਵਫ਼ਦ ਪ੍ਰਧਾਨ ਮੰਤਰੀ ਨਜੀਬ ਦੇ ਨਾਲ ਆਇਆ ਹੈ। ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਨੇ ਜਿਹੜੀ ਕਾਰੋਬਾਰੀ ਭਾਈਵਾਲੀ ਵਿਕਸਤ ਕੀਤੀ ਹੈ ਉਹ ਸਾਡੇ ਵਪਾਰਕ ਸਬੰਧਾਂ ਦੇ ਪੱਧਰ ਅਤੇ ਗਤੀ ਨੂੰ ਵਧਾਏਗੀ। ਅਸੀਂ ਭੋਜਨ ਸੁਰੱਖਿਆ ਦੇ ਉਦੇਸ਼ਾਂ ਦੇ ਉਪਰਾਲਿਆਂ ਨੂੰ ਇੱਕਜੁੱਟ ਕਰ ਰਹੇ ਹਾਂ ਜਿਹੜਾ ਸਾਡੇ ਕਿਸਾਨਾਂ ਦੀ ਭਲਾਈ ਨਾਲ ਜੁੜਿਆ ਹੋਇਆ ਹੈ। ਮਲੇਸ਼ੀਆ ਵਿੱਚ ਖਾਦ ਪਲਾਂਟ ਦਾ ਪ੍ਰਸਤਾਵਿਤ ਵਿਕਾਸ ਦਾ ਸਮਝੌਤਾ ਅਤੇ ਮਲੇਸ਼ੀਆ ਤੋਂ ਵਾਧੂ ਯੂਰੀਆ ਭਾਰਤ ਲਿਆਉਣਾ ਸਵਾਗਤਯੋਗ ਕਦਮ ਹੈ।

ਦੋਸਤੋ,

ਮਲੇਸ਼ੀਆ ਦੀ ਯੂ.ਟੀ.ਏ.ਆਰ. ਯੂਨੀਵਰਸਿਟੀ ਵੱਲੋਂ ਪਹਿਲੀ ਵਾਰ ਮਲੇਸ਼ੀਆ ਵਿੱਚ ਆਯੁਰਵੇਦ ਡਿਗਰੀ ਕੋਰਸ ਸ਼ੁਰੂ ਕੀਤੇ ਗਏ ਹਨ। ਇਹ ਸਵਾਗਤਯੋਗ ਪ੍ਰਗਤੀ ਹੈ ਅਤੇ ਇਸ ਯੂਨੀਵਰਸਿਟੀ ਵਿੱਚ ਹੀ ਆਯੁਰਵੇਦ ਚੇਅਰ ਬਣਾਉਣ ਦਾ ਕਾਰਜ ਚਲ ਰਿਹਾ ਹੈ। ਇਸ ਨੂੰ ਜਲਦੀ ਅੰਤਿਮ ਰੂਪ ਦੇਣ ਨਾਲ ਇਸ ਖੇਤਰ ਵਿੱਚ ਸਾਡਾ ਸਹਿਯੋਗ ਮਜ਼ਬੂਤ ਹੋਏਗਾ। ਸਾਡੀਆਂ ਸਿੱਖਿਆ ਸੰਸਥਾਵਾਂ ਸਾਡੇ ਦੇਸ਼ਾਂ ਵਿੱਚ ਲੋਕਾਂ ਨੂੰ ਆਪਸੀ ਤੌਰ ‘ਤੇ ਜੋੜਨ ਵਿੱਚ ਮਜ਼ਬੂਤ ਕਾਰਕ ਵਜੋਂ ਕਾਰਜ ਕਰਦੀਆਂ ਹਨ। ਡਿਗਰੀਆਂ ਦੀ ਆਪਸੀ ਮਾਨਤਾ ਲਈ ਅੱਜ ਸਮਝੌਤੇ ‘ਤੇ ਹਸਤਾਖਰ ਕਰਨਾ ਇੱਕ ਇਤਿਹਾਸਕ ਪ੍ਰਗਤੀ ਹੈ ਜਿਹੜਾ ਕਿ ਦੋਨੋਂ ਦੇਸ਼ਾਂ ਦੇ ਵਿਦਿਆਰਥੀਆਂ ਅਤੇ ਸਮਾਜਾਂ ਲਈ ਫਾਇਦੇਮੰਦ ਹੋਏਗਾ।

ਦੋਸਤੋ,

ਅਸੀਂ ਅਜਿਹੇ ਸਮੇਂ ਵਿੱਚ ਜੀਅ ਅਤੇ ਅਜਿਹੇ ਖੇਤਰ ਵਿੱਚ ਰਹਿ ਰਹੇ ਹਾਂ ਜਿੱਥੇ ਪਰੰਪਰਾਗਤ ਅਤੇ ਗੈਰ ਪਰੰਪਰਾਗਤ ਸੁਰੱਖਿਆ ਖਤਰੇ ਲਗਾਤਾਰ ਵਧ ਰਹੇ ਹਨ। ਪ੍ਰਧਾਨ ਮੰਤਰੀ ਨਜੀਬ ਅਤੇ ਮੈਂ ਸਹਿਮਤ ਹਾਂ ਕਿ ਇਹ ਖਤਰੇ ਸਾਡੇ ਦੋਨੋਂ ਦੇਸ਼ਾਂ ਅਤੇ ਖੇਤਰ ਦੀ ਸਥਿਰਤਾ ਅਤੇ ਆਰਥਿਕ ਖੁਸ਼ਹਾਲੀ ਲਈ ਖਤਰਾ ਹਨ ਅਤੇ ਇਸ ਲਈ ਸਾਨੂੰ ਅਤੇ ਹੋਰ ਦੇਸ਼ਾਂ ਨੂੰ ਖੇਤਰ ਵਿੱਚ ਮਿਲਕੇ ਕੰਮ ਕਰਨ ਦੀ ਲੋੜ ਹੈ। ਇਸ ਸੰਦਰਭ ਵਿੱਚ ਮੈਂ ਆਪਣੇ ਸੰਯੁਕਤ ਦਹਿਸ਼ਤਗਰਦੀ ਵਿਰੋਧੀ ਉਪਰਾਲਿਆਂ ਲਈ ਮਲੇਸ਼ੀਆ ਸਰਕਾਰ ਨਾਲ ਸਹਿਯੋਗ ਜਾਰੀ ਰੱਖਣ ਦੀ ਸ਼ਲਾਘਾ ਕਰਦਾ ਹਾਂ।

ਮਾਣਯੋਗ, ਕੱਟੜਤਾ ਅਤੇ ਦਹਿਸ਼ਤਗਰਦੀ ਦਾ ਸਾਹਮਣਾ ਕਰਨ ਲਈ ਤੁਹਾਡੀ ਖੁਦ ਦੀ ਅਗਵਾਈ ਪੂਰੇ ਖੇਤਰ ਲਈ ਇੱਕ ਪ੍ਰੇਰਣਾ ਹੈ। ਸਾਡੀ ਵੱਡੀ ਰੱਖਿਆ ਭਾਈਵਾਲੀ ਨੇ ਪਹਿਲਾਂ ਹੀ ਸਾਡੇ ਸੁਰੱਖਿਆ ਬਲਾਂ ਨੂੰ ਨਜ਼ਦੀਕ ਲਿਆਂਦਾ ਹੈ।

ਅਸੀਂ ਇਨ੍ਹਾਂ ਖੇਤਰਾਂ ਵਿੱਚ ਸਹਿਯੋਗ ਕਰ ਰਹੇ ਹਾਂ:

• ਸਿਖਲਾਈ ਅਤੇ ਸਮਰੱਥਾ ਨਿਰਮਾਣ,

• ਸਾਜ਼ੋ ਸਮਾਨ ਅਤੇ ਮਿਲਟਰੀ ਹਾਰਡਵੇਅਰ ਦੀ ਦੇਖਭਾਲ,

• ਸਮੁੰਦਰੀ ਸੁਰੱਖਿਆ ਅਤੇ

• ਆਪਦਾ ਪ੍ਰਤੀਕਿਰਿਆ ਵਿੱਚ।

ਪ੍ਰਧਾਨ ਮੰਤਰੀ ਨਜੀਬ ਅਤੇ ਮੈਂ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਆਰਥਿਕ ਖੁਸ਼ਹਾਲੀ, ਨੇਵੀਗੇਸ਼ਨ ਦੀ ਆਜ਼ਾਦੀ ਅਤੇ ਸਥਿਰਤਾ ਨੂੰ ਪ੍ਰੋਤਸਾਹਨ ਦੇਣ ਵਿਸ਼ੇਸ਼ ਰੂਪ ਵਿੱਚ ਆਪਣੇ ਮਹਾਸਾਗਰਾਂ ਦੀ ਭੂਮਿਕਾ ਅਤੇ ਜ਼ਿੰਮੇਵਾਰੀ ਪ੍ਰਤੀ ਜਾਗਰੂਕ ਹਾਂ। ਆਪਣੇ ਸਮਾਜਾਂ ਅਤੇ ਬਿਹਤਰ ਖੇਤਰ ਲਈ ਅਸੀਂ ਆਪਣੀਆਂ ਸਾਂਝੀਆਂ ਚਿੰਤਾਵਾਂ ਅਤੇ ਚੁਣੌਤੀਆਂ ਲਈ ਇੱਕ ਪ੍ਰਭਾਵੀ ਪ੍ਰਤੀਕਿਰਿਆ ਨੂੰ ਆਕਾਰ ਦੇਣ ਲਈ ਆਪਣੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਮਤ ਹੋਏ ਹਾਂ।

ਮਾਣਯੋਗ ਪ੍ਰਧਾਨ ਮੰਤਰੀ ਨਜੀਬ,

ਮੈਂ ਭਾਰਤ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ। ਬਹੁਤ ਲਾਭਕਾਰੀ ਵਿਚਾਰ ਚਰਚਾ ਲਈ ਤੁਹਾਡਾ ਸ਼ੁਕਰੀਆ। ਮੈਨੂੰ ਵਿਸ਼ਵਾਸ ਹੈ ਕਿ ਸਾਡੇ ਅੱਜ ਦੇ ਫੈਸਲੇ ਸਾਡੀ ਰਣਨੀਤਕ ਭਾਈਵਾਲੀ ਨੂੰ ਅਗਲੇ ਪੱਧਰ ‘ਤੇ ਲੈ ਕੇ ਜਾਣਗੇ।

ਮੈਂ ਤੁਹਾਡੇ ਭਾਰਤ ਦੌਰੇ ਦੇ ਆਨੰਦਮਈ ਅਤੇ ਲਾਭਕਾਰੀ ਹੋਣ ਦੀ ਕਾਮਨਾ ਕਰਦਾ ਹਾਂ।

ਤੁਹਾਡਾ ਧੰਨਵਾਦ।

ਤੁਹਾਡਾ ਬਹੁਤ ਬਹੁਤ ਧੰਨਵਾਦ।

***

AKT/AK