ਪੀਐੱਮਇੰਡੀਆ
ਮਾਣਯੋਗ ਸ਼੍ਰੀ ਮਹਿਮੂਦ ਅੱਬਾਸ, ਫਲਸਤੀਨ ਦੇਸ਼ ਦੇ ਰਾਸ਼ਟਰਪਤੀ,
ਫਲਸਤੀਨੀ ਅਤੇ ਭਾਰਤੀ ਵਫਦਾਂ ਦੇ ਮੈਂਬਰ,
ਮੀਡੀਆ ਦੇ ਮੈਂਬਰ
ਦੇਵੀਓ ਅਤੇ ਸੱਜਣੋ,
ਮੈਨੂੰ ਰਾਸ਼ਟਰਪਤੀ ਮਹਿਮੂਦ ਅੱਬਾਸ, ਜੋ ਕਿ ਭਾਰਤ ਦੇ ਇੱਕ ਪੁਰਾਣੇ ਮਿੱਤਰ ਹਨ, ਨੂੰ ਮੁੜ ਭਾਰਤ ਦੇ ਸਰਕਾਰੀ ਦੌਰੇ ਉੱਤੇ ਆਉਣ ਤੇ ਸਵਾਗਤ ਕਰਨ ਵਿੱਚ ਖੁਸ਼ੀ ਮਹਿਸੂਸ ਹੋ ਰਹੀ ਹੈ। ਭਾਰਤ ਅਤੇ ਫਲਸਤੀਨ ਦੇ ਸਬੰਧ ਸਾਡੀ ਆਜ਼ਾਦੀ ਦੇ ਸੰਘਰਸ਼ ਦੇ ਦਿਨਾਂ ਤੋਂ ਲੰਬੇ ਸਮੇਂ ਦੀ ਇਕਜੁੱਟਤਾ ਅਤੇ ਮਿੱਤਰਤਾ ਦੀ ਨੀਂਹ ਉੱਤੇ ਖੜ੍ਹੇ ਹਨ। ਭਾਰਤ ਹਮੇਸ਼ਾ ਫਲਸਤੀਨੀ ਮੁੱਦੇ ਦਾ ਪੱਕਾ ਹਮਾਇਤੀ ਰਿਹਾ ਹੈ ਅਤੇ ਸਾਨੂੰ ਆਸ ਹੈ ਕਿ ਅਸੀਂ ਇੱਕ ਪ੍ਰਭੂਸੱਤਾਧਾਰੀ, ਆਜ਼ਾਦ, ਇੱਕਮੁੱਠ ਅਤੇ ਵਿਹਾਰਕ ਫਲਸਤੀਨ ਦੇ ਸੁਪਨੇ ਨੂੰ ਪੂਰਾ ਹੁੰਦਾ ਵੇਖਾਂਗੇ, ਜੋ ਕਿ ਇਜ਼ਰਾਈਲ ਨਾਲ ਸ਼ਾਂਤੀਪੂਰਨ ਸਹਿਹੋਂਦ ਰੱਖੇਗਾ। ਮੈਂ ਆਪਣੀ ਸਥਿਤੀ ਅੱਜ ਰਾਸ਼ਟਰਪਤੀ ਅੱਬਾਸ ਨਾਲ ਹੋਣ ਵਾਲੀ ਗੱਲਬਾਤ ਵਿੱਚ ਫਿਰ ਸਪਸ਼ਟ ਕਰ ਦਿੱਤੀ ਹੈ।
ਮਿੱਤਰੋ,
ਮੈਂ ਅਤੇ ਰਾਸ਼ਟਰਪਤੀ ਅੱਬਾਸ ਨੇ ਇੱਕ ਲਾਹੇਵੰਦ ਅਤੇ ਵਿਸਤ੍ਰਿਤ ਗੱਲਬਾਤ ਹੁਣੇ ਹੀ ਖਤਮ ਕੀਤੀ ਹੈ। ਇਹ ਗੱਲਬਾਤ ਸਾਡੀ ਭਾਈਵਾਲੀ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗੀ। ਅਸੀਂ ਪੱਛਮੀ ਏਸ਼ੀਆ ਅਤੇ ਮੱਧ ਪੂਰਬ ਸ਼ਾਂਤੀ ਅਮਲ ਬਾਰੇ ਵਿਸਤ੍ਰਿਤ ਵਿਚਾਰ ਵਟਾਂਦਰਾ ਕੀਤਾ ਹੈ। ਅਸੀਂ ਇਸ ਗੱਲ ਤੇ ਸਹਿਮਤ ਸੀ ਕਿ ਪੱਛਮੀ ਏਸ਼ੀਆ ਵਿੱਚ ਜੋ ਚੁਣੌਤੀਆਂ ਹਨ, ਉਨ੍ਹਾਂ ਨੂੰ ਸਿਆਸੀ ਗੱਲਬਾਤ ਅਤੇ ਸ਼ਾਂਤੀਪੂਰਨ ਢੰਗ ਨਾਲ ਹੀ ਹੱਲ ਕੀਤਾ ਜਾਣਾ ਚਾਹੀਦਾ ਹੈ। ਭਾਰਤ ਨੂੰ ਆਸ ਹੈ ਕਿ ਫਲਸਤੀਨ ਅਤੇ ਇਜ਼ਰਾਈਲ ਦਰਮਿਆਨ ਗੱਲਬਾਤ ਜਲਦੀ ਹੀ ਮੁੜ ਸ਼ੁਰੂ ਹੋਵੇਗੀ ਤਾਂਕਿ ਕੋਈ ਹੱਲ ਨਿਕਲ ਸਕੇ। ਦੋ-ਪੱਖੀ ਪੱਧਰ ਉੱਤੇ ਭਾਰਤ ਫਲਸਤੀਨ ਦਾ ਲਾਹੇਵੰਦ ਵਿਕਾਸ ਭਾਈਵਾਲ ਬਣੇ ਰਹਿਣ ਲਈ ਵਚਨਬੱਧ ਹੈ। ਰਾਸ਼ਟਰਪਤੀ ਅੱਬਾਸ ਅਤੇ ਮੈਂ ਇਸ ਗੱਲ ਲਈ ਸਹਿਮਤ ਸੀ ਕਿ ਦੋਵੇਂ ਧਿਰਾਂ ਆਪਸੀ ਸਹਿਯੋਗ ਨਾਲ ਫਲਸਤੀਨ ਦੀ ਆਰਥਿਕਤਾ ਵਿਕਸਿਤ ਕਰਨ ਅਤੇ ਇਥੋਂ ਦੇ ਲੋਕਾਂ ਦਾ ਜੀਵਨ ਸੁਧਾਰਨ ਲਈ ਕੰਮ ਕਰਨਗੀਆਂ। ਅਸੀਂ ਫਲਸਤੀਨ ਦੇ ਵਿਕਾਸ ਅਤੇ ਸਮਰੱਥਾ ਵਿੱਚ ਵਾਧੇ ਦੇ ਯਤਨਾਂ ਲਈ ਹਮਾਇਤ ਜਾਰੀ ਰੱਖਾਂਗੇ। ਅੱਜ ਜਿਨ੍ਹਾਂ ਸਮਝੌਤਿਆਂ ਉੱਤੇ ਦਸਤਖ਼ਤ ਕੀਤੇ ਗਏ ਉਹ ਇਸ ਦਿਸ਼ਾ ਵਿੱਚ ਆਪਸੀ ਸਹਿਯੋਗ ਮਜ਼ਬੂਤ ਕਰਨ ਦਾ ਇਰਾਦਾ ਦਰਸਾਉਂਦੇ ਹਨ। ਅਸੀਂ ਵਿਸ਼ੇਸ਼ ਤੌਰ ਤੇ ਸੂਚਨਾ ਤਕਨਾਲੋਜੀ, ਨੌਜਵਾਨਾਂ ਅਤੇ ਮੁਹਾਰਤ ਵਿਕਾਸ ਵਿੱਚ ਭਾਰਤ ਵਲੋਂ ਦਿੱਤੀ ਜਾ ਰਹੀ ਸਹਾਇਤਾ ਬਾਰੇ ਵੀ ਗੱਲਬਾਤ ਕੀਤੀ। ਭਾਰਤ ਰਾਮੱਲਾ ਵਿਖੇ ਇੱਕ ਟੈਕਨਾਲੋਜੀ ਪਾਰਕ ਪ੍ਰੋਜੈਕਟ ਵਿੱਚ ਸਹਾਇਤਾ ਦੇ ਰਿਹਾ ਹੈ। ਇਕ ਵਾਰੀ ਪੂਰਾ ਹੋ ਜਾਣ ਉੱਤੇ ਇਹ ਪ੍ਰੋਜੈਕਟ ਫਲਸਤੀਨ ਵਿੱਚ ਇੱਕ ਆਈ ਟੀ ਹੱਬ ਵਜੋਂ ਕੰਮ ਕਰੇਗਾ ਅਤੇ ਇਸ ਤੋਂ ਆਈ ਟੀ ਨਾਲ ਸਬੰਧਤ ਸੇਵਾਵਾਂ ਅਤੇ ਟਰੇਨਿੰਗ ਮੁਹੱਈਆ ਹੋ ਸਕੇਗੀ। ਅਸੀਂ ਆਪਸੀ ਸੱਭਿਆਚਾਰਕ ਆਦਾਨ-ਪ੍ਰਦਾਨ ਵਿੱਚ ਵਾਧਾ ਕਰਨ ਬਾਰੇ ਵੀ ਗੱਲਬਾਤ ਕੀਤੀ। ਇਸ ਵਿੱਚ ਇੱਕ ਨਵਾਂ ਤੱਤ ਯੋਗਾ ਦੇ ਵਟਾਂਦਰੇ ਬਾਰੇ ਵੀ ਸ਼ਾਮਲ ਕੀਤਾ ਗਿਆ ਹੈ। ਅਸੀਂ ਆਸ ਕਰਦੇ ਹਾਂ ਕਿ ਅਗਲੇ ਮਹੀਨੇ ਕੌਮਾਂਤਰੀ ਯੋਗ ਦਿਵਸ ਸਮਾਰੋਹ ਵਿੱਚ ਫਲਸਤੀਨ ਦੇ ਲੋਕ ਵੱਡੀ ਗਿਣਤੀ ਵਿੱਚ ਹਿੱਸਾ ਲੈਣਗੇ। ਮੈਂ ਆਸ ਕਰਦਾ ਹਾਂ ਕਿ ਰਾਸ਼ਟਰਪਤੀ ਮਹਿਮੂਦ ਅੱਬਾਸ ਅਤੇ ਉਨ੍ਹਾਂ ਦੇ ਵਫਦ ਦਾ ਭਾਰਤ ਵਿੱਚ ਠਹਿਰਾਅ ਖੁਸ਼ਨੁਮਾ ਅਤੇ ਲਾਹੇਵੰਦ ਸਿੱਧ ਹੋਵੇਗਾ। ਮੈਂ ਰਾਸ਼ਟਰਪਤੀ ਅੱਬਾਸ ਨਾਲ ਦੋ-ਪੱਖੀ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰਨ ਦਾ ਚਾਹਵਾਨ ਹਾਂ।
ਧੰਨਵਾਦ
ਤੁਹਾਡਾ ਬਹੁਤ ਬਹੁਤ ਧੰਨਵਾਦ
AKT/NT
Held extensive talks with Mr. Mahmoud Abbas, President of State of Palestine. Sharing my remarks at the press meet. https://t.co/VYvGc99WNi
— Narendra Modi (@narendramodi) May 16, 2017