Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

28.05.2017 ਨੂੰ ਆਕਾਸ਼ਵਾਣੀ (ਆਲ ਇੰਡੀਆ ਰੇਡੀਓ) ‘ਤੇ ਪ੍ਰਧਾਨ ਮੰਤਰੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦਾ ਮੂਲ ਪਾਠ


ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ! ਇਸ ਸਾਲ ਦੀ ਗਰਮੀ ਅਸੀਂ ਸ਼ਾਇਦ ਹੀ ਭੁੱਲ ਸਕਾਂਗੇ। ਬਰਸਾਤ ਦੀ ਉਡੀਕ ਹੋ ਰਹੀ ਹੈ। ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਤਾਂ ਰਮਜਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਚੁੱਕਿਆ ਹੈ। ਰਮਜਾਨ ਦੇ ਪਵਿੱਤਰ ਮਹੀਨੇ ਦੇ ਆਗਮਨ ’ਤੇ ਮੈਂ ਭਾਰਤ ਅਤੇ ਸੰਸਾਰ ਦੇ ਲੋਕਾਂ ਨੂੰ, ਖਾਸ ਕਰਕੇ ਮੁਸਲਿਮ ਸਮਾਜ ਨੂੰ ਇਸ ਪਵਿੱਤਰ ਮਹੀਨੇ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਰਮਜਾਨ ਵਿੱਚ prayer, spirituality, ਅਤੇ Charity ਨੂੰ ਕਾਫੀ ਮਹੱਤਵ ਦਿੱਤਾ ਜਾਂਦਾ ਹੈ। ਅਸੀਂ ਹਿੰਦੁਸਤਾਨੀ ਬਹੁਤ ਹੀ ਭਾਗਸ਼ਾਲੀ ਹਾਂ ਕਿ ਸਾਡੇ ਪੁਰਖਿਆਂ ਨੇ ਅਜਿਹੀ ਰਵਾਇਤ ਬਣਾਈ ਕਿ ਅੱਜ ਭਾਰਤ ਇਸ ਗੱਲ ’ਤੇ ਫਖ਼ਰ ਕਰ ਸਕਦਾ ਹੈ, ਅਸੀਂ ਸਵਾ ਸੌ ਕਰੋੜ ਦੇਸ਼ ਵਾਸੀ ਇਸ ਗੱਲ ’ਤੇ ਫ਼ਖਰ ਕਰ ਸਕਦੇ ਹਾਂ ਕਿ ਦੁਨੀਆਂ ਦੇ ਸਾਰੇ ਸੰਪ੍ਰਦਾਇ ਭਾਰਤ ਵਿੱਚ ਮੌਜੂਦ ਹਨ। ਇਹ ਅਜਿਹਾ ਦੇਸ਼ ਹੈ, ਜਿੱਥੇ ਪ੍ਰਮਾਤਮਾ ਵਿੱਚ ਵਿਸ਼ਵਾਸ ਕਰਨ ਵਾਲੇ ਲੋਕ ਵੀ ਅਤੇ ਪ੍ਰਮਾਤਮਾ ਤੋਂ ਮੁਨਕਰ ਹੋਣ ਵਾਲੇ ਲੋਕ ਵੀ, ਮੂਰਤੀ ਪੂਜਾ ਕਰਨ ਵਾਲੇ ਵੀ ਅਤੇ ਮੂਰਤੀ ਪੂਜਾ ਦਾ ਵਿਰੋਧ ਕਰਨ ਵਾਲੇ ਵੀ। ਹਰ ਤਰਾਂ ਦੀ ਵਿਚਾਰਧਾਰਾ, ਹਰ ਤਰਾਂ ਦੀ ਪੂਜਾ ਵਿਧੀ, ਹਰ ਤਰਾਂ ਦੀ ਪ੍ਰੰਪਰਾ ਅਸੀਂ ਇਕੱਠੇ ਜਿੳੂਣ ਦੀ ਕਲਾ ਆਪਣੇ ਮਨ ਵਿੱਚ ਵਸਾਈ ਹੈ ਅਤੇ ਆਖਿਰਕਾਰ ਧਰਮ ਹੋਵੇ, ਸੰਪ੍ਰਦਾਇ ਹੋਵੇ, ਵਿਚਾਰਧਾਰਾ ਹੋਵੇ, ਰਵਾਇਤ ਹੋਵੇ, ਸਾਨੂੰ ਇਹੀ ਸੰਦੇਸ਼ ਦਿੰਦੇ ਨੇ – ਸ਼ਾਂਤੀ, ਏਕਤਾ ਅਤੇ ਸਦਭਾਵਨਾ ਦਾ। ਇਹ ਰਮਜਾਨ ਦਾ ਪਵਿੱਤਰ ਮਹੀਨਾ ਸ਼ਾਂਤੀ, ਏਕਤਾ ਅਤੇ ਸਦਭਾਵਨਾ ਦੇ ਇਸ ਰਾਹ ’ਤੇ ਅੱਗੇ ਵਧਣ ਵਿੱਚ ਜ਼ਰੂਰ ਸਹਾਇੱਕ ਹੋਵੇਗਾ। ਮੈਂ ਫਿਰ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਪਿਛਲੀ ਵਾਰੀ ਜਦੋਂ ਮੈਂ ‘ਮਨ ਕੀ ਬਾਤ’ ਕਰ ਰਿਹਾ ਸੀ ਤਾਂ ਮੈਂ ਇੱਕ ਸ਼ਬਦ ਦਾ ਪ੍ਰਯੋਗ ਕੀਤਾ ਸੀ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਕਿਹਾ ਸੀ, ਕੁਝ ਨਵਾਂ ਕਰਨ Comfort Zone ਤੋਂ ਬਾਹਰ ਨਿਕਲੋ, ਨਵੇਂ ਤਜ਼ਰਬੇ ਲਓ ਅਤੇ ਇਹੀ ਤਾਂ ਉਮਰ ਹੁੰਦੀ ਹੈ ਕਿ ਜ਼ਿੰਦਗੀ ਨੂੰ ਇਸ ਢੰਗ ਨਾਲ ਜਿਊਣਾ, ਥੋੜਾ Risk ਲੈਣਾ, ਕਠਿਨਾਈਆਂ ਨੂੰ ਸੱਦਾ ਦੇਣਾ। ਮੈਨੂੰ ਖੁਸ਼ੀ ਹੋ ਰਹੀ ਹੈ ਕਿ ਬਹੁਤ ਸਾਰੇ ਲੋਕਾਂ ਨੇ ਮੈਨੂੰ Feed Back ਦਿੱਤਾ। ਵਿਅਕਤੀਗਤ ਰੂਪ ਨਾਲ ਮੈਨੂੰ ਆਪਣੀ ਗੱਲ ਦੱਸਣ ਦਾ ਉਤਸ਼ਾਹ ਸਾਰਿਆਂ ਨੇ ਦਿਖਾਇਆ। ਮੈਂ ਹਰ ਚੀਜ਼ ਨੂੰ ਤਾਂ ਪੜ ਨਹੀਂ ਸਕਿਆ, ਹਰ ਕਿਸੇ ਦੇ ਸੰਦੇਸ਼ ਨੂੰ ਸੁਣ ਵੀ ਨਹੀਂ ਸਕਿਆ। ਏਨੀਆਂ ਢੇਰ ਸਾਰੀਆਂ ਚੀਜ਼ਾਂ ਆਈਆਂ ਪਰ ਮੈਂ ਸਰਸਰੀ ਨਜ਼ਰ ਨਾਲ ਵੀ ਜੋ ਵੇਖਿਆ – ਕਿਸੇ ਨੇ ਸੰਗੀਤ ਸਿੱਖਣ ਦੀ ਕੋਸ਼ਿਸ਼ ਕੀਤੀ ਹੈ, ਕੋਈ ਨਵੇਂ ਸਾਜ਼ ’ਤੇ ਹੱਥ ਅਜ਼ਮਾ ਰਿਹਾ ਹੈ, ਕੁਝ ਲੋਕ Youtube ਦਾ ਇਸਤੇਮਾਲ ਕਰਦੇ ਹੋਏ ਨਵੀਆਂ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਨ, ਨਵੀਂ ਭਾਸ਼ਾ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਕੁਝ ਲੋਕ Cooking ਸਿੱਖ ਰਹੇ ਹਨ, ਕੁਝ ਨਾਚ ਸਿੱਖ ਰਹੇ ਹਨ, ਕੁਝ ਡਰਾਮਾ ਸਿੱਖ ਰਹੇ ਹਨ, ਕੁਝ ਲੋਕਾਂ ਨੇ ਤਾਂ ਲਿਖਿਆ ਹੈ ਕਿ ਅਸੀਂ ਹੁਣ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਹਨ। ਕੁਦਰਤ ਨੂੰ ਜਾਨਣਾ, ਜਿਊਣਾ, ਸਮਝਣਾ ਉਸ ਦਿਸ਼ਾ ਵਿੱਚ ਕੋਸ਼ਿਸ਼ ਕਰ ਰਹੇ ਹਨ। ਮੈਨੂੰ ਬਹੁਤ ਹੀ ਖੁਸ਼ੀ ਹੋਈ ਅਤੇ ਮੈਂ ਇੱਕ ਫੋਨ ਕਾਲ ਤਾਂ ਤੁਹਾਨੂੰ ਸੁਣਾਉਣਾ ਵੀ ਚਾਹਾਂਗਾ।

‘ਦੀਕਸ਼ਾ ਕਾਤਿਆਲ ਬੋਲ ਰਹੀ ਹਾਂ। ਮੇਰੀ ਪੜਨ ਦੀ ਆਦਤ ਲੱਗਭਗ ਛੁੱਟ ਹੀ ਚੁੱਕੀ ਸੀ, ਇਸ ਲਈ ਇਨਾਂ ਛੁੱਟੀਆਂ ਵਿੱਚ ਮੈਂ ਪੜਨ ਦੀ ਠਾਣੀ। ਜਦੋਂ ਮੈਂ ਸੁਤੰਤਰਤਾ ਸੰਗ੍ਰਾਮ ਦੇ ਬਾਰੇ ਪੜਨਾ ਸ਼ੁਰੂ ਕੀਤਾ ਤਾਂ ਮੈਂ ਮਹਿਸੂਸ ਕੀਤਾ ਕਿ ਭਾਰਤ ਨੂੰ ਆਜ਼ਾਦ ਕਰਾਉਣ ਲਈ ਕਿੰਨਾ ਸੰਘਰਸ਼ ਕਰਨਾ ਪਿਆ ਹੈ, ਕਿੰਨਾ ਬਲੀਦਾਨ ਦੇਣਾ ਪਿਆ ਹੈ, ਕਿੰਨੇ ਸੁਤੰਤਰਤਾ ਸੈਨਾਨੀਆਂ ਨੇ ਜੇਲਾਂ ਵਿੱਚ ਕਈ ਸਾਲ ਬਿਤਾਏ। ਮੈਂ ਭਗਤ ਸਿੰਘ ਜਿਨਾਂ ਨੇ ਬਹੁਤ ਘੱਟ ਉਮਰ ਵਿੱਚ ਬਹੁਤ ਕੁਝ ਹਾਸਿਲ ਕੀਤਾ, ਉਸ ਤੋਂ ਕਾਫੀ ਪ੍ਰੇਰਿਤ ਹੋਈ ਹਾਂ, ਇਸ ਲਈ ਮੈਂ ਤੁਹਾਨੂੰ ਅਨੁਰੋਧ ਕਰ ਰਹੀ ਹਾਂ ਕਿ ਇਸ ਬਾਰੇ ਅੱਜ ਦੀ ਪੀੜੀ ਨੂੰ ਕੋਈ ਸੰਦੇਸ਼ ਦਿਓ।’

ਮੈਨੂੰ ਖੁਸ਼ੀ ਹੈ ਕਿ ਨੌਜਵਾਨ ਪੀੜੀ ਸਾਡੇ ਇਤਿਹਾਸ ਨੂੰ, ਸਾਡੇ ਸੁਤੰਤਰਤਾ ਸੈਨਾਨੀਆਂ ਨੂੰ, ਇਸ ਦੇਸ਼ ਦੇ ਲਈ ਬਲਿਦਾਨ ਦੇਣ ਵਾਲੇ ਲੋਕਾਂ ਨੂੰ, ਉਨਾਂ ਦੇ ਬਾਰੇ ਜਾਨਣ ਵਿੱਚ ਰੁਚੀ ਪ੍ਰਗਟ ਕਰ ਰਹੀ ਹੈ। ਅਨੇਕਾਂ ਮਹਾਪੁਰਖ, ਜਿਨਾਂ ਨੇ ਜਵਾਨੀ ਜੇਲਾਂ ਵਿੱਚ ਖਪਾ ਦਿੱਤੀ, ਕਈ ਨੌਜਵਾਨ ਫਾਂਸੀ ਦੇ ਤਖ਼ਤੇ ’ਤੇ ਚੜ ਗਏ। ਕੀ ਕੁਝ ਨਹੀਂ ਝੱਲਿਆ ਅਤੇ ਤਾਂ ਹੀ ਤਾਂ ਅੱਜ ਅਸੀਂ ਆਜ਼ਾਦ ਹਿੰਦੁਸਤਾਨ ਵਿੱਚ ਸਾਹ ਲੈ ਰਹੇ ਹਾਂ। ਇੱਕ ਗੱਲ ਅਸੀਂ ਦੇਖੀ ਹੋਵੇਗੀ ਕਿ ਆਜ਼ਾਦੀ ਦੇ ਅੰਦੋਲਨ ਵਿੱਚ ਜਿਨਾਂ-ਜਿਨਾਂ ਮਹਾਪੁਰਖਾਂ ਨੇ ਜੇਲਾਂ ਵਿੱਚ ਸਮਾਂ ਬਿਤਾਇਆ, ਉਨਾਂ ਨੇ ਅਧਿਐਨ ਦਾ, ਲਿਖਣ ਦਾ ਬਹੁਤ ਵੱਡਾ ਕੰਮ ਕੀਤਾ ਅਤੇ ਉਨਾਂ ਦੀ ਲਿਖਤ ਨੇ ਵੀ ਭਾਰਤ ਦੀ ਆਜ਼ਾਦੀ ਨੂੰ ਬਲ ਦਿੱਤਾ।

ਬਹੁਤ ਸਾਲ ਪਹਿਲਾਂ ਮੈਂ ਅੰਡੇਮਾਨ-ਨਿਕੋਬਾਰ ਗਿਆ ਸੀ। ਸੈਲੂਲਰ ਜੇਲ ਵੇਖਣ ਗਿਆ ਸੀ। ਅੱਜ ਵੀਰ ਸਾਵਰਕਰ ਜੀ ਦੀ ਜਨਮ ਜਯੰਤੀ ਹੈ। ਵੀਰ ਸਾਵਰਕਰ ਜੀ ਨੇ ਜੇਲ ਵਿੱਚ ‘ਮਾਜ਼ੀ ਜਨਮਠੇ’ ਕਿਤਾਬ ਲਿਖੀ ਸੀ। ਕਵਿਤਾਵਾਂ ਲਿਖਦੇ ਸਨ, ਕੰਧਾਂ ’ਤੇ ਲਿਖਦੇ ਸਨ। ਛੋਟੀ ਜਿਹੀ ਕੋਠੜੀ ਵਿੱਚ ਉਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਆਜ਼ਾਦੀ ਦੇ ਦਿਵਾਨਿਆਂ ਨੇ ਕਿਹੋ ਜਿਹੇ ਤਸੀਹੇ ਝੱਲੇ ਹੋਣਗੇ। ਜਦੋਂ ਸਾਵਰਕਰ ਜੀ ਦੀ ‘ਮਾਜ਼ੀ ਜਨਮਠੇ’ ਕਿਤਾਬ ਮੈਂ ਪੜੀ ਤਾਂ ਉਸੇ ਨਾਲ ਮੈਨੂੰ ਸੈਲੂਲਰ ਜੇਲ ਵੇਖਣ ਦੀ ਪ੍ਰੇਰਣਾ ਮਿਲੀ ਸੀ। ਉੱਥੇ ਇੱਕ Light and Sound Show ਦਾ ਪ੍ਰੋਗਰਾਮ ਵੀ ਚੱਲਦਾ ਹੈ, ਉਹ ਬੜਾ ਹੀ ਪ੍ਰੇਰਕ ਹੈ। ਹਿੰਦੁਸਤਾਨ ਦਾ ਕੋਈ ਸੂਬਾ ਅਜਿਹਾ ਨਹੀਂ ਸੀ, ਹਿੰਦੁਸਤਾਨ ਦੀ ਕੋਈ ਵੀ ਭਾਸ਼ਾ ਬੋਲਣ ਵਾਲਾ ਅਜਿਹਾ ਨਹੀਂ ਹੋਵੇਗਾ, ਜਿਸ ਨੇ ਆਜ਼ਾਦੀ ਦੇ ਲਈ ਕਾਲੇ ਪਾਣੀ ਦੀ ਸਜ਼ਾ ਭੁਗਤਦੇ ਹੋਏ ਅੰਡੇਮਾਨ ਦੀ ਜੇਲ ਵਿੱਚ, ਇਸ ਸੈਲੂਲਰ ਜੇਲ ਵਿੱਚ ਆਪਣੀ ਜਵਾਨੀ ਨਾ ਖਪਾਈ ਹੋਵੇ। ਹਰ ਭਾਸ਼ਾ ਬੋਲਣ ਵਾਲੇ, ਹਰ ਸੂਬੇ ਦੇ, ਹਰ ਪੀੜੀ ਦੇ ਲੋਕਾਂ ਨੇ ਤਸੀਹੇ ਝੱਲੇ ਸਨ।

ਅੱਜ ਵੀਰ ਸਾਵਰਕਰ ਜੀ ਦਾ ਜਨਮ ਦਿਵਸ ਹੈ। ਮੈਂ ਦੇਸ਼ ਦੀ ਨੌਜਵਾਨ ਪੀੜੀ ਨੂੰ ਜ਼ਰੂਰ ਕਹਾਂਗਾ ਕਿ ਸਾਨੂੰ ਜੋ ਆਜ਼ਾਦੀ ਮਿਲੀ ਹੈ, ਉਸ ਦੇ ਲਈ ਕਿਹੋ ਜਿਹੇ ਤਸੀਹੇ ਲੋਕਾਂ ਨੇ ਝੱਲੇ ਸਨ, ਕਿੰਨੇ ਕਸ਼ਟ ਝੱਲੇ ਸਨ, ਜੇਕਰ ਅਸੀਂ ਸੈਲੂਲਰ ਜੇਲ ਜਾ ਕੇ ਵੇਖੀਏ, ਕਾਲਾ ਪਾਣੀ ਕਿਉ ਕਿਹਾ ਜਾਂਦਾ ਸੀ, ਜਾਣ ਤੋਂ ਬਾਅਦ ਹੀ ਪਤਾ ਚੱਲਦਾ ਹੈ। ਤੁਸੀਂ ਵੀ ਕਦੇ ਮੌਕਾ ਮਿਲੇ ਤਾਂ ਜ਼ਰੂਰ, ਇੱਕ ਤਰਾਂ ਨਾਲ ਸਾਡੀ ਆਜ਼ਾਦੀ ਦੀ ਜੰਗ ਦੇ ਤੀਰਥ ਖੇਤਰ ਨੇ, ਜ਼ਰੂਰ ਜਾਣਾ ਚਾਹੀਦਾ ਹੈ।

ਮੇਰੇ ਪਿਆਰੇ ਦੇਸ਼ ਵਾਸੀਓ, 5 ਜੂਨ, ਮਹੀਨੇ ਦਾ ਪਹਿਲਾ ਸੋਮਵਾਰ ਹੈ। ਵੈਸੇ ਤਾਂ ਸਭ ਕੁਝ ਸਧਾਰਣ ਹੈ, ਪਰ 5 ਜੂਨ ਇੱਕ ਖਾਸ ਦਿਨ ਹੈ, ਕਿਉਕਿ ‘ਵਿਸ਼ਵ ਵਾਤਾਵਰਣ ਦਿਵਸ’ ਦੇ ਰੂਪ ਵਿੱਚ ਉਹਨੂੰ ਮਨਾਇਆ ਜਾਂਦਾ ਹੈ ਅਤੇ ਇਸ ਸਾਲ UN ਨੇ ਅਜਿਹੀ Theme ਰੱਖੀ ਹੈ – Ò Connecting People to NatureÓ ਦੂਸਰੇ ਸ਼ਬਦਾਂ ਵਿੱਚ ਕਹੀਏ ਤਾਂ Back to basics ਅਤੇ ਕੁਦਰਤ ਨਾਲ Connect ਹੋਣ ਦਾ ਮਤਲਬ ਕੀ ਹੈ? ਮੇਰੇ ਅਨੁਸਾਰ ਇਹ ਮਤਲਬ ਹੈ – ਖੁਦ ਨਾਲ ਜੁੜਨਾ, ਆਪਣੇ ਆਪ ਨਾਲ Connect ਹੋਣਾ। Nature ਨਾਲ Connect ਦਾ ਮਤਲਬ ਹੈ – Better planet ਨੂੰ nurture ਕਰਨਾ ਅਤੇ ਇਸ ਗੱਲ ਨੂੰ ਮਹਾਤਮਾ ਗਾਂਧੀ ਤੋਂ ਜ਼ਿਆਦਾ ਚੰਗੀ ਤਰਾਂ ਕੌਣ ਦੱਸ ਸਕਦਾ ਹੈ। ਮਹਾਤਮਾ ਗਾਂਧੀ ਜੀ ਕਈ ਵਾਰੀ ਕਹਿੰਦੇ ਸਨ ‘’One must care about a world one will note see’’ ਇਸ ਦਾ ਮਤਲਬ ਹੈ ਕਿ ਅਸੀਂ ਜੋ ਦੁਨੀਆਂ ਨਹੀਂ ਵੇਖਾਂਗੇ, ਸਾਡਾ ਫ਼ਰਜ਼ ਹੈ ਕਿ ਅਸੀਂ ਓਹਦੀ ਵੀ ਚਿੰਤਾ ਕਰੀਏ, ਅਸੀਂ ਉਸ ਦੀ ਵੀ Care ਕਰੀਏ ਅਤੇ ਕੁਦਰਤ ਦੀ ਇੱਕ ਤਾਕਤ ਹੁੰਦੀ ਹੈ, ਤੁਸੀਂ ਵੀ ਮਹਿਸੂਸ ਕੀਤਾ ਹੋਵੇਗਾ ਕਿ ਬਹੁਤ ਥੱਕ ਕੇ ਆਏ ਹੋ ਤਾਂ ਇੱਕ ਗਿਲਾਸ ਪਾਣੀ ਜੇਕਰ ਮੂੰਹ ’ਤੇ ਛਿੜਕ ਲਈਏ ਤਾਂ ਕਿੰਨੀ ਤਾਜ਼ਗੀ ਆ ਜਾਂਦੀ ਹੈ। ਬਹੁਤ ਥੱਕ ਕੇ ਆਏ ਹੋ, ਕਮਰੇ ਦੀਆਂ ਖਿੜਕੀਆਂ ਖੋਲ ਦਿਓ, ਦਰਵਾਜ਼ੇ ਖੋਲ ਦਿਓ, ਤਾਜ਼ੀ ਹਵਾ ਵਿੱਚ ਸਾਹ ਲਓ – ਇੱਕ ਨਵੀਂ ਚੇਤਨਾ ਆ ਜਾਂਦੀ ਹੈ। ਜਿਨਾਂ ਪੰਜ ਤੱਤਾਂ ਨਾਲ ਸਰੀਰ ਬਣਿਆ ਹੋਇਆ ਹੈ, ਜਦੋਂ ਉਨਾਂ ਪੰਜ ਤੱਤਾਂ ਦੇ ਸੰਪਰਕ ਵਿੱਚ ਆਉਦਾ ਹੈ ਤਾਂ ਆਪਣੇ ਆਪ ਵਿੱਚ ਸਾਡੇ ਸਰੀਰ ’ਚ ਇੱਕ ਨਵੀਂ ਚੇਤਨਾ ਪ੍ਰਗਟ ਹੁੰਦੀ ਹੈ, ਇੱਕ ਨਵੀਂ ਊਰਜਾ ਪ੍ਰਗਟ ਹੁੰਦੀ ਹੈ। ਇਹ ਸਭ ਅਸੀਂ ਮਹਿਸੂਸ ਕੀਤਾ ਹੈ ਪਰ ਅਸੀਂ ਉਸ ਨੂੰ Register ਨਹੀਂ ਕਰਦੇ ਹਾਂ, ਅਸੀਂ ਉਸ ਨੂੰ ਇੱਕ ਧਾਗੇ ਵਿੱਚ, ਇੱਕ ਸੂਤਰ ਵਿੱਚ ਜੋੜਦੇ ਨਹੀਂ ਹਾਂ। ਇਸ ਦੇ ਬਾਅਦ ਤੁਸੀਂ ਦੇਖਣਾ ਕਿ ਤੁਸੀਂ ਜਦੋਂ ਵੀ ਕੁਦਰਤੀ ਅਵਸਥਾ ਨਾਲ ਸੰਪਰਕ ਵਿੱਚ ਆਓਗੇ, ਤੁਹਾਡੇ ਅੰਦਰ ਇੱਕ ਨਵੀਂ ਚੇਤਨਾ ਉਭਰਦੀ ਹੋਵੇਗੀ ਅਤੇ ਇਸ ਲਈ 5 ਜੂਨ ਦਾ ਕੁਦਰਤ ਨਾਲ ਜੁੜਨ ਦੀ ਵਿਸ਼ਵਵਿਆਪੀ ਮੁਹਿੰਮ, ਸਾਡੀ ਆਪਣੀ ਹੀ ਮੁਹਿੰਮ ਬਣਨੀ ਚਾਹੀਦੀ ਹੈ ਅਤੇ ਚੌਗਿਰਦੇ ਦੀ ਸੁਰੱਖਿਆ ਸਾਡੇ ਪੁਰਖਿਆਂ ਨੇ ਕੀਤੀ, ਉਸ ਦਾ ਕੁਝ ਲਾਭ ਸਾਨੂੰ ਮਿਲ ਰਿਹਾ ਹੈ। ਜੇਕਰ ਅੱਜ ਸੁਰੱਖਿਆ ਕਰਾਂਗੇ ਤਾਂ ਸਾਡੀ ਆਉਣ ਵਾਲੀ ਪੀੜੀ ਨੂੰ ਲਾਭ ਹੋਵੇਗਾ। ਵੇਦਾਂ ਵਿੱਚ ਧਰਤੀ ਅਤੇ ਵਾਤਾਵਰਣ ਨੂੰ ਸ਼ਕਤੀ ਦਾ ਮੂਲ ਮੰਨਿਆ ਗਿਆ ਹੈ। ਸਾਡੇ ਵੇਦਾਂ ਵਿੱਚ ਇਸ ਦਾ ਵਰਨਣ ਮਿਲਦਾ ਹੈ ਅਤੇ ਅਥਰਵ ਵੇਦ ਤਾਂ ਪੂਰੀ ਤਰਾਂ ਇੱਕ ਤਰਾਂ ਨਾਲ ਵਾਤਾਵਰਣ ਦਾ ਸਭ ਤੋਂ ਵੱਡਾ ਰਾਹ-ਦਸੇਰਾ ਗ੍ਰੰਥ ਹੈ ਅਤੇ ਇਹ ਹਜ਼ਾਰਾਂ ਸਾਲ ਪਹਿਲਾਂ ਲਿਖਿਆ ਗਿਆ ਹੈ। ਇੱਥੇ ਕਿਹਾ ਜਾਂਦਾ ਹੈ – ‘ਮਾਤਾ ਭੂਮੀ ਪੁੱਤਰੋ ਅਹਮ ਪਿ੍ਰਥਵੀਆ’। ਵੇਦਾਂ ਵਿੱਚ ਕਿਹਾ ਹੈ ਸਾਡੇ ਵਿੱਚ ਜੋ ਪਵਿੱਤਰਤਾ ਹੈ, ਉਹ ਸਾਡੀ ਧਰਤੀ ਦੇ ਕਾਰਣ ਹੈ। ਧਰਤੀ ਸਾਡੀ ਮਾਤਾ ਹੈ ਅਤੇ ਅਸੀਂ ਉਸ ਦੇ ਪੁੱਤਰ ਹਾਂ। ਜੇਕਰ ਅਸੀਂ ਭਗਵਾਨ ਬੁੱਧ ਨੂੰ ਯਾਦ ਕਰੀਏ ਤਾਂ ਇੱਕ ਗੱਲ ਜ਼ਰੂਰ ਉਜਾਗਰ ਹੁੰਦੀ ਹੈ ਕਿ ਮਹਾਤਮਾ ਬੁੱਧ ਦਾ ਜਨਮ, ਉਨਾਂ ਨੂੰ ਗਿਆਨ ਦੀ ਪ੍ਰਾਪਤੀ ਅਤੇ ਉਨਾਂ ਦਾ ਮਹਾਨਿਰਵਾਣ, ਤਿੰਨੇ ਦਰੱਖ਼ਤ ਦੇ ਹੇਠਾਂ ਹੋਏ ਸਨ। ਸਾਡੇ ਦੇਸ਼ ਵਿੱਚ ਵੀ ਅਨੇਕਾਂ ਅਜਿਹੇ ਤਿਓਹਾਰ, ਅਨੇਕਾਂ ਅਜਿਹੀਆਂ ਪੂਜਾ ਪੱਧਤੀਆਂ, ਪੜੇ-ਲਿਖੇ ਲੋਕ ਹੋਣ, ਅਨਪੜ ਹੋਣ, ਸ਼ਹਿਰੀ ਹੋਣ, ਦਿਹਾਤੀ ਹੋਣ, ਆਦਿਵਾਸੀ ਸਮਾਜ ਹੋਵੇ, ਕੁਦਰਤ ਦੀ ਪੂਜਾ, ਕੁਦਰਤ ਦੇ ਪ੍ਰਤੀ ਪਿਆਰ, ਇੱਕ ਸਹਿਜ ਸਮਾਜ ਜੀਵਨ ਦਾ ਹਿੱਸਾ ਹੈ ਪਰ ਉਸ ਨੂੰ ਆਧੁਨਿਕ ਸ਼ਬਦਾਂ ਵਿੱਚ ਆਧੁਨਿਕ ਤਰਕਾਂ ਦੇ ਨਾਲ ਪੇਸ਼ ਕਰਨ ਦੀ ਲੋੜ ਹੈ।

ਇਨਾਂ ਦਿਨਾਂ ਵਿੱਚ ਮੈਨੂੰ ਸੂਬਿਆਂ ਤੋਂ ਖ਼ਬਰਾਂ ਆਉਦੀਆਂ ਰਹਿੰਦੀਆਂ ਹਨ। ਲੱਗਭਗ ਸਾਰੇ ਸੂਬਿਆਂ ਵਿੱਚ ਬਰਸਾਤ ਸ਼ੁਰੂ ਹੁੰਦਿਆਂ ਹੀ ਪੌਦੇ ਲਗਾਉਣ ਦੀ ਇੱਕ ਵੱਡੀ ਮੁਹਿੰਮ ਚੱਲਦੀ ਹੈ। ਕਰੋੜਾਂ ਦੀ ਗਿਣਤੀ ਵਿੱਚ ਪੌਦੇ ਲਗਾਏ ਜਾਂਦੇ ਹਨ। ਸਕੂਲ ਦੇ ਬੱਚਿਆਂ ਨੂੰ ਵੀ ਨਾਲ ਜੋੜਿਆ ਜਾਂਦਾ ਹੈ, ਸਮਾਜ ਸੇਵੀ ਸੰਗਠਨ ਜੁੜਦੇ ਹਨ, NGOs ਜੁੜਦੇ ਹਨ। ਸਰਕਾਰ ਖੁਦ Initiative ਲੈਂਦੀ ਹੈ। ਅਸੀਂ ਵੀ ਇਸ ਵਾਰੀ ਇਸ ਬਰਸਾਤ ਦੀ ਰੁੱਤ ਵਿੱਚ ਪੌਦੇ ਲਾਉਣ ਦੇ ਇਸ ਕੰਮ ਨੂੰ ਹੱਲਾਸ਼ੇਰੀ ਦਈਏ, ਯੋਗਦਾਨ ਦਈਏ।

ਮੇਰੇ ਪਿਆਰੇ ਦੇਸ਼ ਵਾਸੀਓ, 21 ਜੂਨ, ਹੁਣ ਦੁਨੀਆਂ ਦੇ ਲਈ 21 ਜੂਨ ਜਾਣਿਆ-ਪਛਾਣਿਆ ਦਿਨ ਬਣ ਗਿਆ ਹੈ। ਵਿਸ਼ਵ ਯੋਗ ਦਿਵਸ ਦੇ ਰੂਪ ਵਿੱਚ ਪੂਰਾ ਸੰਸਾਰ ਇਸ ਨੂੰ ਮਨਾਉਦਾ ਹੈ। ਬਹੁਤ ਘੱਟ ਸਮੇਂ ਵਿੱਚ 21 ਜੂਨ ਦਾ ਇਹ ਵਿਸ਼ਵ ਯੋਗ ਦਿਵਸ ਹਰ ਕੋਨੇ ਵਿੱਚ ਫੈਲ ਚੁੱਕਿਆ ਹੈ, ਲੋਕਾਂ ਨੂੰ ਜੋੜ ਰਿਹਾ ਹੈ। ਇੱਕ ਪਾਸੇ ਸੰਸਾਰ ਵਿੱਚ ਵਖਰੇਵੇਂ ਦੀਆਂ ਅਨੇਕਾਂ ਤਾਕਤਾਂ ਆਪਣਾ ਘਿ੍ਰਣਿਤ ਚਿਹਰਾ ਵਿਖਾ ਰਹੀਆਂ ਹਨ, ਅਜਿਹੇ ਸਮੇਂ ਵਿੱਚ ਸੰਸਾਰ ਨੂੰ ਭਾਰਤ ਦੀ ਇੱਕ ਬਹੁਤ ਵੱਡੀ ਦੇਣ ਹੈ। ਯੋਗ ਰਾਹੀਂ ਸੰਸਾਰ ਨੂੰ ਇੱਕ ਸੂਤਰ ਵਿੱਚ ਅਸੀਂ ਜੋੜ ਚੁੱਕੇ ਹਾਂ। ਜਿਵੇਂ ਯੋਗ, ਸਰੀਰ, ਮਨ, ਬੁੱਧੀ ਅਤੇ ਆਤਮਾ ਨੂੰ ਜੋੜਦਾ ਹੈ, ਉਸੇ ਤਰਾਂ ਅੱਜ ਯੋਗ ਸੰਸਾਰ ਨੂੰ ਵੀ ਜੋੜ ਰਿਹਾ ਹੈ। ਅੱਜ ਜੀਵਨ ਸ਼ੈਲੀ ਦੇ ਕਾਰਣ, ਆਪਾ-ਧਾਪੀ ਦੇ ਕਾਰਣ, ਵੱਧਦੀਆਂ ਹੋਈਆਂ ਜ਼ਿੰਮੇਵਾਰੀਆਂ ਦੇ ਕਾਰਣ, ਤਣਾਓ ਤੋਂ ਮੁਕਤ ਜੀਵਨ ਜਿਊਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਇਹ ਗੱਲ ਵੇਖਣ ਵਿੱਚ ਆਈ ਹੈ ਕਿ ਛੋਟੀ-ਛੋਟੀ ਉਮਰ ਵਿੱਚ ਵੀ ਇਹ ਸਥਿਤੀ ਪਹੁੰਚ ਚੁੱਕੀ ਹੈ। ਐਰੀਆਂ-ਗੈਰੀਆਂ ਦਵਾਈਆਂ ਲੈਂਦੇ ਹਨ ਅਤੇ ਦਿਨ ਗੁਜ਼ਾਰਦੇ ਜਾਣਾ, ਅਜਿਹੀ ਸਥਿਤੀ ਵਿੱਚ ਤਣਾਓ-ਮੁਕਤ ਜੀਵਨ ਜਿਊਣ ਲਈ ਯੋਗ ਦੀ ਭੂਮਿਕਾ ਮਹੱਤਵਪੂਰਨ ਹੈ। ਯੋਗ wellness ਅਤੇ fitness ਦੋਹਾਂ ਦੀ ਗਾਰੰਟੀ ਹੈ। ਯੋਗ ਸਿਰਫ ਕਸਰਤ ਨਹੀਂ ਹੈ। ਸਰੀਰ ਨਾਲ, ਮਨ ਨਾਲ, ਵਿਚਾਰਾਂ ਨਾਲ, ਨੈਤਿਕ ਰੂਪ ਨਾਲ ਤੰਦਰੁਸਤੀ ਦੀ ਇੱਕ ਅੰਤਰ ਯਾਤਰਾ ਕਿਵੇਂ ਚੱਲੀਏ – ਉਸ ਅੰਤਰ ਯਾਤਰਾ ਨੂੰ ਮਹਿਸੂਸ ਕਰਨਾ ਹੈ ਤਾਂ ਯੋਗ ਦੇ ਰਾਹੀਂ ਇਹ ਸੰਭਵ ਹੈ। ਅਜੇ ਦੋ ਦਿਨ ਪਹਿਲਾਂ ਹੀ ਮੈਂ ਯੋਗ ਦਿਵਸ ਦੇ ਸਬੰਧ ਵਿੱਚ ਸੰਸਾਰ ਦੀਆਂ ਸਾਰੀਆਂ ਸਰਕਾਰਾਂ ਨੂੰ, ਸਾਰੇ ਨੇਤਾਵਾਂ ਨੂੰ ਚਿੱਠੀ ਲਿਖੀ ਹੈ।

ਪਿਛਲੇ ਸਾਲ ਮੈਂ ਯੋਗ ਨਾਲ ਸਬੰਧਿਤ ਕੁਝ ਪ੍ਰਤੀਯੋਗਤਾਵਾਂ ਦੀ ਐਲਾਨ ਕੀਤਾ ਹੈ, ਕੁਝ ਇਨਾਮਾਂ ਦਾ ਐਲਾਨ ਕੀਤਾ ਹੈ। ਹੌਲੀ-ਹੌਲੀ ਉਸ ਦਿਸ਼ਾ ਵਿੱਚ ਕੰਮ ਅੱਗੇ ਵਧੇਗਾ। ਮੈਨੂੰ ਇੱਕ ਸੁਝਾਓ ਆਇਆ ਹੈ ਅਤੇ ਇਹ ਮੌਲਿਕ ਸੁਝਾਓ ਦੇਣ ਵਾਲਿਆਂ ਦਾ ਮੈਂ ਅਭਿਨੰਦਨ ਕਰਦਾ ਹਾਂ। ਬੜਾ ਹੀ Interesting ਸੁਝਾਓ ਦਿੱਤਾ ਹੈ। ਉਨਾਂ ਨੇ ਕਿਹਾ ਹੈ ਕਿ ਇਹ ਤੀਸਰਾ ਅੰਤਰਰਾਸ਼ਟਰੀ ਯੋਗ ਦਿਵਸ ਹੈ ਅਤੇ ਮੈਨੂੰ ਕਿਹਾ ਤੁਸੀਂ ਇੱਕ ਅਪੀਲ ਕਰੋ ਕਿ ਇਸ ਵਾਰੀ ਤੀਸਰੇ ਅੰਤਰਰਾਸ਼ਟਰੀ ਯੋਗ ਦਿਵਸ ’ਤੇ ਇੱਕ ਹੀ ਪਰਿਵਾਰ ਦੀਆਂ ਤਿੰਨੇ ਪੀੜੀਆਂ ਇਕੱਠੀਆਂ ਯੋਗ ਕਰਨ। ਦਾਦਾ-ਦਾਦੀ ਹੋਣ ਜਾਂ ਨਾਨਾ-ਨਾਨੀ ਹੋਣ, ਮਾਤਾ-ਪਿਤਾ ਹੋਣ, ਬੇਟਾ-ਬੇਟੀ ਹੋਣ, ਤਿੰਨੇ ਪੀੜੀਆਂ ਇਕੱਠੀਆਂ ਯੋਗ ਕਰਨ ਅਤੇ ਉਸ ਦੀ ਤਸਵੀਰ Upload ਕਰਨ। ਕੱਲ੍ਹ, ਅੱਜ ਅਤੇ ਕੱਲ੍ਹ ਇੱਕ ਅਜਿਹਾ ਸੰਯੋਗ ਹੋਵੇਗਾ ਕਿ ਯੋਗ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ। ਮੈਂ ਇਸ ਸੁਝਾਓ ਦੇ ਲਈ ਧੰਨਵਾਦ ਕਰਦਾ ਹਾਂ ਅਤੇ ਮੈਨੂੰ ਵੀ ਲੱਗਦਾ ਹੈ ਕਿ ਜਿਵੇਂ ਅਸੀਂ selfie with daughter ਦੀ ਮੁਹਿੰਮ ਚਲਾਈ ਸੀ ਅਤੇ ਬੜਾ ਹੀ ਰੋਚਕ ਤਜ਼ਰਬਾ ਹੋਇਆ ਸੀ। ਇਹ ਤਿੰਨੇ ਪੀੜੀਆਂ ਦੀ ਤਸਵੀਰ, ਯੋਗਾ ਕਰਦੀ ਹੋਈ ਤਸਵੀਰ ਜ਼ਰੂਰ ਦੇਸ਼ ਅਤੇ ਦੁਨੀਆਂ ਲਈ ਅਚੰਭਾ ਪੈਦਾ ਕਰੇਗੀ। ਤੁਸੀਂ ਜ਼ਰੂਰ NarendraModiApp ਤੇ MyGov ’ਤੇ ਤਿੰਨ ਪੀੜ੍ਹੀਆਂ ਜਿੱਥੇ-ਜਿੱਥੇ ਯੋਗ ਕਰਦੀਆਂ ਹੋਣ, ਤਿੰਨੇ ਪੀੜੀਆਂ ਦੇ ਲੋਕ ਇਕੱਠੇ ਮੈਨੂੰ ਤਸਵੀਰ ਭੇਜਣ। ਕੱਲ੍ਹ, ਅੱਜ ਅਤੇ ਕੱਲ੍ਹ ਦੀ ਇਹ ਤਸਵੀਰ ਹੋਵੇਗੀ, ਜਿਹੜੀ ਸੁਹਾਵਣੇ ਕੱਲ੍ਹ ਦੀ ਗਾਰੰਟੀ ਹੋਵੇਗੀ। ਮੈਂ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੰਦਾ ਹਾਂ, ਅਜੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਲਈ ਲਗਭਗ ਤਿੰਨ ਹਫ਼ਤੇ ਸਾਡੇ ਕੋਲ ਹਨ। ਅੱਜ ਹੀ ਪ੍ਰੈਕਟਿਸ ਵਿੱਚ ਲੱਗ ਜਾਓ। ਮੈਂ 1 ਜੂਨ ਤੋਂ ਟਵਿੱਟਰ ’ਤੇ ਰੋਜ਼ਾਨਾ ਯੋਗ ਦੇ ਸਬੰਧ ਵਿੱਚ ਕੁਝ ਨਾ ਕੁਝ ਪੋਸਟ ਕਰਾਂਗਾ ਅਤੇ ਲਗਾਤਾਰ 21 ਜੂਨ ਤੱਕ ਕਰਦਾ ਰਹਾਂਗਾ, ਤੁਹਾਡੇ ਨਾਲ ਸ਼ੇਅਰ ਕਰਾਂਗਾ। ਤੁਸੀਂ ਵੀ ਤਿੰਨ ਹਫ਼ਤੇ ਲਗਾਤਾਰ ਯੋਗ ਦੇ ਵਿਸ਼ੇ ਦਾ ਪ੍ਰਚਾਰ ਕਰੋ, ਪ੍ਰਸਾਰਿਤ ਕਰੋ, ਲੋਕਾਂ ਨੂੰ ਜੋੜੋ। ਇੱਕ ਤਰਾਂ ਨਾਲ ਇਹ Preventive Health Care ਦਾ ਅੰਦੋਲਨ ਹੀ ਹੈ। ਮੈਂ ਸੱਦਾ ਦਿੰਦਾ ਹਾਂ ਤੁਹਾਨੂੰ ਸਾਰਿਆਂ ਨੂੰ ਇਸ ਨਾਲ ਜੁੜਨ ਦੇ ਲਈ।

ਜਦੋਂ ਤੋਂ ਤੁਸੀਂ ਮੈਨੂੰ ਪ੍ਰਧਾਨ ਸੇਵਕ ਦੇ ਰੂਪ ਵਿੱਚ ਕੰਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਲਾਲ ਕਿਲੇ ਤੋਂ ਮੈਨੂੰ ਜਦੋਂ 15 ਅਗਸਤ ਨੂੰ ਬੋਲਣ ਦਾ ਮੌਕਾ ਮਿਲਿਆ ਸੀ, ਸਵੱਛਤਾ ਦੇ ਸਬੰਧ ਵਿੱਚ ਮੈਂ ਗੱਲ ਕਹੀ ਸੀ, ਉਦੋਂ ਤੋਂ ਲੈ ਕੇ ਅੱਜ ਤੱਕ ਹਿੰਦੁਸਤਾਨ ਦੇ ਵੱਖ-ਵੱਖ ਭਾਗਾਂ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਦਾ ਹੈ ਤਾਂ ਮੈਂ ਵੇਖਿਆ ਹੈ ਕਿ ਕੁਝ ਲੋਕ ਬਰੀਕੀ ਨਾਲ ਮੋਦੀ ਕੀ ਕਰਦੇ ਹਨ? ਮੋਦੀ ਕਿੱਥੇ ਜਾਂਦੇ ਹਨ? ਮੋਦੀ ਨੇ ਕੀ-ਕੀ ਕੰਮ ਕੀਤਾ? ਲਗਾਤਾਰ Follow ਕਰਦੇ ਹਨ, ਕਿਉਕਿ ਮੈਨੂੰ ਇੱਕ ਬੜੀ Interesting Phone Call ਆਈ ਅਤੇ ਮੈਂ ਵੀ ਸ਼ਾਇਦ ਇਸ ਢੰਗ ਨਾਲ ਚੀਜ਼ਾਂ ਬਾਰੇ ਨਹੀਂ ਸੋਚਿਆ ਸੀ ਪਰ ਉਨਾਂ ਨੇ ਜੋ ਗੱਲ ਕਹੀ, ਉਸ ਦੇ ਲਈ ਮੈਂ ਆਭਾਰੀ ਹਾਂ। ਇਸ ਫੋਨ ਕਾਲ ਨਾਲ ਤੁਹਾਡੇ ਵੀ ਧਿਆਨ ਵਿੱਚ ਆਏਗਾ।

‘ਪ੍ਰਣਾਮ ਮੋਦੀ ਜੀ, ਮੈਂ ਨੈਣਾ ਮੁੰਬਈ ਤੋਂ। ਮੋਦੀ ਜੀ ਟੀ. ਵੀ. ’ਤੇ ਅਤੇ ਸੋਸ਼ਲ ਮੀਡੀਆ ਵਿੱਚ ਅੱਜ-ਕੱਲ੍ਹ ਮੈਂ ਹਮੇਸ਼ਾ ਦੇਖਦੀ ਹਾਂ ਕਿ ਤੁਸੀਂ ਜਿੱਥੇ ਵੀ ਜਾਂਦੇ ਹੋ, ਉੱਥੋਂ ਦੇ ਲੋਕ ਸਾਫ-ਸਫਾਈ ਵੱਲ ਖਾਸ ਧਿਆਨ ਦਿੰਦੇ ਹਨ। ਮੁੰਬਈ ਹੋਵੇ ਜਾਂ ਸੂਰਤ, ਤੁਹਾਡੇ ਸੱਦੇ ’ਤੇ ਲੋਕਾਂ ਨੇ ਸਮੂਹਿਕ ਰੂਪ ਨਾਲ ਸਵੱਛਤਾ ਨੂੰ ਇੱਕ ਮਿਸ਼ਨ ਦੇ ਰੂਪ ਵਿੱਚ ਅਪਣਾਇਆ ਹੈ। ਵੱਡੇ ਤਾਂ ਛੱਡੋ, ਬੱਚਿਆਂ ਵਿੱਚ ਵੀ ਸਵੱਛਤਾ ਸਬੰਧੀ ਜਾਗਰੂਕਤਾ ਆਈ ਹੈ। ਕਈ ਵਾਰ ਉਨਾਂ ਨੂੰ ਸੜਕਾਂ ’ਤੇ ਵੱਡਿਆਂ ਵੱਲੋਂ ਗੰਦਗੀ ਫੈਲਾਉਦਿਆਂ ਹੋਏ ਟੋਕਦੇ ਹੋਏ ਵੇਖਿਆ ਹੈ। ਕਾਸ਼ੀ ਦੇ ਘਾਟਾਂ ਤੋਂ ਜੋ ਤੁਸੀਂ ਸਵੱਛਤਾ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਸੀ, ਉਹ ਤੁਹਾਡੀ ਪ੍ਰੇਰਣਾ ਨਾਲ ਅੰਦੋਲਨ ਦਾ ਰੂਪ ਧਾਰਨ ਕਰ ਚੁੱਕੀ ਹੈ।’

ਤੁਹਾਡੀ ਗੱਲ ਸਹੀ ਹੈ ਕਿ ਮੈਂ ਜਿੱਥੇ-ਜਿੱਥੇ ਜਾਂਦਾ ਹਾਂ, ਉੱਥੇ ਸਰਕਾਰੀ ਮਸ਼ੀਨਰੀ ਤਾਂ ਸਫਾਈ ਦਾ ਕੰਮ ਕਰਦੀ ਹੈ ਪਰ ਇਨੀਂ ਦਿਨੀਂ ਸਮਾਜ ਵਿੱਚ ਵੀ ਸਫਾਈ ਦਾ ਉਤਸਵ ਬਣ ਜਾਂਦਾ ਹੈ। ਮੇਰੇ ਜਾਣ ਤੋਂ 5 ਦਿਨ ਪਹਿਲਾਂ, 7 ਦਿਨ ਪਹਿਲਾਂ, 10 ਦਿਨ ਪਹਿਲਾਂ ਸਫਾਈ ਦੇ ਕਾਫੀ ਪ੍ਰੋਗਰਾਮ ਹੁੰਦੇ ਹਨ। ਮੀਡੀਆ ਵੀ ਇਸ ਨੂੰ ਬੜੀ ਪ੍ਰਮੁੱਖਤਾ ਦਿੰਦਾ ਹੈ। ਮੈਂ ਕੁਝ ਦਿਨ ਪਹਿਲਾਂ ਕੱਛ ਗਿਆ ਸੀ ਗੁਜਰਾਤ ਵਿੱਚ। ਬਹੁਤ ਵੱਡੀ ਸਫਾਈ ਦੀ ਮੁਹਿੰਮ ਚੱਲੀ ਉੱਥੇ। ਮੈਂ ਵੀ ਇਸ ਨੂੰ ਜੋੜ ਕੇ ਨਹੀਂ ਵੇਖਿਆ ਸੀ ਪਰ ਜਦੋਂ ਇਹ ਫੋਨ ਕਾਲ ਆਈ ਤਾਂ ਮੈਂ ਵੀ ਸੋਚਣ ਲੱਗਾ ਕਿ ਹਾਂ ਇਹ ਗੱਲ ਸਹੀ ਹੈ। ਤੁਸੀਂ ਕਲਪਨਾ ਕਰ ਸਕਦੇ ਹੋ, ਮੈਨੂੰ ਕਿੰਨਾ ਆਨੰਦ ਹੁੰਦਾ ਹੈ, ਇਸ ਗੱਲ ਨੂੰ ਜਾਣ ਕੇ ਅਤੇ ਦੇਸ਼ ਵੀ ਇਨਾਂ ਚੀਜ਼ਾਂ ਨੂੰ ਕਿੰਨੇ ਵਧੀਆ ਢੰਗ ਨਾਲ ਨੋਟਿਸ ਕਰ ਰਿਹਾ ਹੈ। ਮੇਰੇ ਲਈ ਇਸ ਤੋਂ ਵਧ ਕੇ ਖੁਸ਼ੀ ਕੀ ਹੋਵੇਗੀ ਕਿ ਮੇਰੀ ਯਾਤਰਾ ਨਾਲ ਵੀ ਸਵੱਛਤਾ ਨੂੰ ਜੋੜ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਦੇ ਸਵਾਗਤ ਲਈ ਜਿਹੜੀਆਂ ਤਿਆਰੀਆਂ ਦੀ ਆਦਤ ਹੋਵੇਗੀ ਪਰ ਸਵੱਛਤਾ ਪ੍ਰਮੁੱਖ ਗੱਲ ਹੋਵੇਗੀ। ਇਹ ਆਪਣੇ ਆਪ ਵਿੱਚ ਕਿਸੇ ਵੀ ਸਵੱਛਤਾ ਪ੍ਰੇਮੀ ਲਈ ਆਨੰਦ ਦੇਣ ਵਾਲਾ ਹੈ, ਪ੍ਰੇਰਕ ਹੈ। ਮੈਂ ਸਵੱਛਤਾ ਦੇ ਇਸ ਕੰਮ ਨੂੰ ਉਤਸ਼ਾਹ ਦੇਣ ਵਾਲੇ ਸਾਰੇ ਲੋਕਾਂ ਨੂੰ ਵਧਾਈ ਦਿੰਦਾ ਹਾਂ। ਕਿਸੇ ਨੇ ਮੈਨੂੰ ਇੱਕ ਸੁਝਾਓ ਦਿੱਤਾ, ਉਝ ਤਾਂ ਬੜਾ ਮਖੌਲੀਆ ਸੁਝਾਓ ਹੈ, ਮੈਂ ਨਹੀਂ ਜਾਣਦਾ ਕਿ ਇਸ ਨੂੰ ਕਰ ਸਕਾਂਗਾ ਕਿ ਨਹੀਂ ਕਰ ਸਕਾਂਗਾ। ਮੋਦੀ ਜੀ ਜੇਕਰ ਹੁਣ ਤੁਸੀਂ ਕਿਤੇ ਜਾਣ ਲਈ ਸਮਾਂ ਤੈਅ ਕਰੋ ਤਾਂ ਉਨਾਂ ਨੂੰ ਕਹੋ ਕਿ ਭਾਈ ਜੇਕਰ ਮੈਨੂੰ ਬੁਲਾਉਣਾ ਹੈ ਤਾਂ ਸਵੱਛਤਾ ਦਾ ਪੱਧਰ ਕਿਹੋ ਜਿਹਾ ਹੋਵੇਗਾ, ਕਿੰਨੇ ਟਨ ਕੂੜਾ-ਕਚਰਾ ਤੁਸੀਂ ਮੈਨੂੰ ਭੇਂਟ ਕਰੋਗੇ? ਉਸ ਦੇ ਆਧਾਰ ’ਤੇ ਮੈਂ ਆਪਣਾ ਪ੍ਰਵਾਸ ਤੈਅ ਕਰਾਂ। ਆਈਡੀਆ ਬਹੁਤ ਚੰਗਾ ਹੈ, ਪਰ ਮੈਨੂੰ ਸੋਚਣਾ ਪਵੇਗਾ। ਇਹ ਗੱਲ ਸਹੀ ਹੈ ਕਿ ਇਹ ਮੂਵਮੈਂਟ ਤਾਂ ਬਣਨਾ ਚਾਹੀਦਾ ਹੈ ਅਤੇ ਚੀਜ਼ਾਂ ਸੌਗਾਤ ਵਿੱਚ ਦੇਣ ਦੀ ਬਜਾਏ ਚੰਗਾ ਹੀ ਹੋਵੇਗਾ ਕਿ ਅਸੀਂ ਭੇਂਟ ਸੌਗਾਤ ਵਿੱਚ ਏਨਾ ਟਨ ਕੂੜਾ-ਕਚਰਾ ਸਫਾਈ ਕਰਕੇ ਦੇਈਏ। ਕਿੰਨੇ ਲੋਕਾਂ ਨੂੰ ਅਸੀਂ ਬਿਮਾਰ ਹੋਣ ਤੋਂ ਬਚਾਵਾਂਗੇ, ਕਿੰਨਾ ਵੱਡਾ ਮਨੁੱਖਤਾ ਦਾ ਕੰਮ ਹੋਵੇਗਾ। ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਇਹ ਜਿਹੜਾ ਕੂੜਾ-ਕਚਰਾ ਹੈ, ਇਸ ਨੂੰ ਅਸੀਂ Waste ਨਾ ਮੰਨੀਏ, ਉਹ Wealth ਹੈ, ਇੱਕ Resource ਹੈ। ਇਸ ਨੂੰ ਸਿਰਫ Garbage ਦੇ ਰੂਪ ਵਿੱਚ ਹੀ ਨਾ ਦੇਖੀਏ। ਇੱਕ ਵਾਰੀ ਇਸ ਕੂੜੇ-ਕਚਰੇ ਨੂੰ ਵੀ ਅਸੀਂ ਵੈਲਥ ਮੰਨਣਾ ਸ਼ੁਰੂ ਕਰਾਂਗਾ ਤਾਂ ਵੇਸਟ ਮੈਨੇਜਮੈਂਟ ਦੇ ਕਈ ਨਵੇਂ-ਨਵੇਂ ਤਰੀਕੇ ਸਾਡੇ ਸਾਹਮਣੇ ਆਉਣਗੇ। Startup ਨਾਲ ਜੁੜੇ ਹੋਏ ਨੌਜਵਾਨ ਵੀ ਨਵੀਆਂ-ਨਵੀਆਂ ਯੋਜਨਾਵਾਂ ਲੈ ਕੇ ਆਉਣਗੇ। ਨਵੇਂ-ਨਵੇਂ ਉਪਕਰਣ ਲੈ ਕੇ ਆਉਣ। ਭਾਰਤ ਸਰਕਾਰ ਨੇ ਰਾਜ ਸਰਕਾਰਾਂ ਦੀ ਮਦਦ ਨਾਲ ਸ਼ਹਿਰਾਂ ਵਿੱਚ ਜਨ ਪ੍ਰਤੀਨਿਧੀਆਂ ਦੀ ਸਹਾਇਤਾ ਨਾਲ ਵੇਸਟ ਮੈਨੇਜਮੈਂਟ ਦੀ ਇੱਕ ਵੱਡੀ ਮਹੱਤਵਪੂਰਨ ਮੁਹਿੰਮ ਸ਼ੁਰੂ ਕਰਨਾ ਤੈਅ ਕੀਤਾ ਹੈ। 5 ਜੂਨ, ਵਿਸ਼ਵ ਵਾਤਾਵਰਣ ਦਿਵਸ ’ਤੇ ਦੇਸ਼ ਦੇ ਲੱਗਭਗ 4 ਹਜ਼ਾਰ ਸ਼ਹਿਰਾਂ ਵਿੱਚ ਸਾਲਿਡ ਵੇਸਟ, ਲੀਕਵਡ ਵੇਸਟ, ਇਸ ਨੂੰ ਇਕੱਠਾ ਕਰਨ ਦੇ ਲਈ ਉਸ ਤਰਾਂ ਦੇ ਸਾਧਨ ਮੁਹੱਈਆ ਹੋਣ ਵਾਲੇ ਹਨ। ਦੋ ਤਰਾਂ ਦੇ ਕੂੜੇਦਾਨ ਉਪਲੱਬਧ ਹੋਣਗੇ। ਇੱਕ ਹਰੇ ਰੰਗ ਦਾ, ਦੂਸਰਾ ਨੀਲੇ ਰੰਗ ਦਾ। ਦੋ ਤਰਾਂ ਦੇ ਵੇਸਟ ਨਿਕਲਦੇ ਹਨ – ਇੱਕ ਲੀਕਵਡ ਵੇਸਟ ਹੁੰਦਾ ਹੈ ਅਤੇ ਇੱਕ ਡਰਾਈ ਵੇਸਟ ਹੁੰਦਾ ਹੈ। ਜੇਕਰ ਅਸੀਂ ਅਨੁਸ਼ਾਸਨ ਦਾ ਪਾਲਣ ਕਰੀਏ, ਇਨਾਂ 4 ਹਜ਼ਾਰ ਸ਼ਹਿਰਾਂ ਵਿੱਚ ਜਿਹੜੇ ਵੀ ਕੂੜੇਦਾਨ ਰੱਖੇ ਜਾਣ ਵਾਲੇ ਹਨ, ਸੁੱਕਾ ਕਚਰਾ ਨੀਲੇ ਕੂੜੇਦਾਨ ਵਿੱਚ ਪਾਓ ਅਤੇ ਗਿੱਲਾ ਕਚਰਾ ਹਰੇ ਕੂੜੇਦਾਨ ਵਿੱਚ ਪਾਓ। ਜਿਵੇਂ ਕਿਚਨ ਦਾ ਜੋ ਵੇਸਟ ਹੁੰਦਾ ਹੈ, ਸਾਗ-ਸਬਜ਼ੀਆਂ ਦੇ ਛਿਲਕੇ ਹੋਣ, ਬਚਿਆ ਹੋਇਆ ਭੋਜਨ ਹੋਵੇ, ਆਂਡੇ ਦੇ ਛਿਲਕੇ ਹੋਣ, ਪੌਦਿਆਂ ਦੇ ਪੱਤੇ ਆਦਿ ਹੋਣ, ਇਹ ਸਾਰੇ ਗਿੱਲੇ ਵੇਸਟ ਹਨ ਅਤੇ ਉਸ ਨੂੰ ਹਰੇ ਕੂੜੇਦਾਨ ਵਿੱਚ ਪਾਓ। ਇਹ ਸਾਰੀਆਂ ਚੀਜ਼ਾਂ ਅਜਿਹੀਆਂ ਹਨ ਜੋ ਖੇਤਾਂ ਵਿੱਚ ਕੰਮ ਆਉਦੀਆਂ ਹਨ। ਜੇਕਰ ਖੇਤ ਦਾ ਰੰਗ ਹਰਾ ਹੈ, ਏਨਾ ਯਾਦ ਰੱਖੋਗੇ ਤਾਂ ਹਰੇ ਕੂੜੇਦਾਨ ਵਿੱਚ ਕੀ ਪਾਉਣਾ ਹੈ, ਉਹ ਯਾਦ ਰਹਿ ਜਾਏਗਾ ਅਤੇ ਦੂਸਰਾ ਕੂੜਾ-ਕਚਰਾ ਇਹ ਹੈ, ਜਿਵੇਂ ਰੱਦੀ ਕਾਗਜ਼ ਹਨ, ਗੱਤਾ ਹੈ, ਲੋਹਾ ਹੈ, ਕੱਚ ਹੈ, ਕੱਪੜਾ ਹੈ, ਪਲਾਸਟਿਕ ਹੈ, ਪਾਲੀਥੀਨ ਹੈ, ਟੁੱਟੇ ਹੋਏ ਡੱਬੇ ਹਨ, ਰਬੜ ਹੈ, ਧਾਤਾਂ ਹਨ, ਕਈ ਚੀਜ਼ਾਂ ਹੋਣਗੀਆਂ – ਇਹ ਸਾਰੀਆਂ ਚੀਜ਼ਾਂ ਇੱਕ ਤਰਾਂ ਨਾਲ ਸੁੱਕਾ ਕਚਰਾ ਹੈ, ਜਿਸ ਨੂੰ ਮਸ਼ੀਨ ਵਿੱਚ ਪਾ ਕੇ ਰੀ-ਸਾਈਕਲ ਕਰਨਾ ਹੁੰਦਾ ਹੈ। ਵੈਸੇ ਤਾਂ ਕਿਸੇ ਕੰਮ ਨਹੀਂ ਆ ਸਕਦਾ। ਉਸ ਨੂੰ ਨੀਲੇ ਕੂੜੇਦਾਨ ਵਿੱਚ ਪਾਉਣਾ ਹੈ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇੱਕ ਕਲਚਰ ਡਿਵੈਲਪ ਕਰਾਂਗੇ। ਸਵੱਛਤਾ ਵੱਲ ਹਰ ਵਾਰੀ ਨਵੇਂ ਕਦਮ ਸਾਨੂੰ ਉਠਾਉਦੇ ਹੀ ਜਾਣਾ ਹੈ ਤਾਂ ਜਾ ਕੇ ਅਸੀਂ ਗਾਂਧੀ ਜੀ ਜਿਹੜੇ ਸੁਪਨਿਆਂ ਨੂੰ ਵੇਖਦੇ ਸਨ, ਉਹ ਸਵੱਛਤਾ ਵਾਲਾ ਸੁਪਨਾ ਅਸੀਂ ਪੂਰਾ ਕਰ ਪਾਵਾਂਗੇ। ਅੱਜ ਮੈਂ ਬੜੇ ਫ਼ਖਰ ਨਾਲ ਇੱਕ ਗੱਲ ਦਾ ਜ਼ਿਕਰ ਕਰਨਾ ਹੈ – ਇੱਕ ਇਨਸਾਨ ਵੀ ਜੇਕਰ ਮਨ ਵਿੱਚ ਠਾਨ ਲਵੇ ਤਾਂ ਕਿੰਨਾ ਵੱਡਾ ਜਨ ਅੰਦੋਲਨ ਖੜ੍ਹਾ ਕਰ ਸਕਦਾ ਹੈ। ਸਵੱਛਤਾ ਦਾ ਕੰਮ ਅਜਿਹਾ ਹੀ ਹੈ। ਪਿਛਲੇ ਦਿਨੀਂ ਤੁਸੀਂ ਇੱਕ ਖ਼ਬਰ ਸੁਣੀ ਹੋਵੇਗੀ, ਮੁੰਬਈ ਵਿੱਚ ਗੰਦਾ ਮੰਨਿਆ ਜਾਣ ਵਾਲਾ ਵਰਸੋਵਾ ਬੀਚ ਅੱਜ ਇੱਕ ਸਾਫ-ਸੁਥਰਾ, ਸੁੰਦਰ ਵਰਸੋਵਾ ਬੀਚ ਬਣ ਗਿਆ ਹੈ। ਇਹ ਅਚਾਨਕ ਨਹੀਂ ਹੋਇਆ ਹੈ, ਲੱਗਭਗ 80-90 ਹਫਤਿਆਂ ਤੱਕ ਨਾਗਰਿਕਾਂ ਨੇ ਲਗਾਤਾਰ ਮਿਹਨਤ ਕਰਕੇ ਵਰਸੋਵਾ ਬੀਚ ਦਾ ਕਾਇਆ ਪਲਟ ਕਰ ਦਿੱਤਾ ਹੈ। ਹਜ਼ਾਰਾਂ ਟਨ ਕੂੜਾ-ਕਚਰਾ ਕੱਢਿਆ ਗਿਆ ਤਾਂ ਜਾ ਕੇ ਅੱਜ ਵਰਸੋਵਾ ਬੀਚ ਸਾਫ ਅਤੇ ਸੁੰਦਰ ਬਣਿਆ ਹੈ ਅਤੇ ਇਸ ਦੀ ਸਾਰੀ ਜ਼ਿੰਮੇਵਾਰੀ Versova Residence Volunteer (VRV) ਨੇ ਸੰਭਾਲੀ ਸੀ। ਇੱਕ ਸੱਜਣ ਸ਼੍ਰੀਮਾਨ ਅਫਰੋਜ਼ ਸ਼ਾਹ ਅਕਤੂਬਰ 2015 ਤੋਂ ਪੂਰੇ ਜੀਅ-ਜਾਨ ਨਾਲ ਇਸ ਵਿੱਚ ਜੁੱਟ ਗਏ। ਹੌਲੀ-ਹੌਲੀ ਇਹ ਕਾਰਵਾਂ ਵੱਧਦਾ ਗਿਆ। ਜਨ ਅੰਦੋਲਨ ਵਿੱਚ ਬਦਲ ਗਿਆ ਅਤੇ ਇਸ ਕੰਮ ਦੇ ਲਈ ਅਫਰੋਜ਼ ਸ਼ਾਹ ਨੂੰ United Nations Environment Programme (UNEP) ਨੇ ਬਹੁਤ ਵੱਡਾ ਐਵਾਰਡ ਦਿੱਤਾ। Champions of The Earth Award ਪ੍ਰਾਪਤ ਕਰਨ ਵਾਲੇ ਉਹ ਪਹਿਲੇ ਭਾਰਤੀ ਬਣੇ। ਮੈਂ ਸ਼੍ਰੀਮਾਨ ਅਫਰੋਜ਼ ਸ਼ਾਹ ਨੂੰ ਵਧਾਈ ਦਿੰਦਾ ਹਾਂ, ਇਸ ਅੰਦੋਲਨ ਨੂੰ ਵਧਾਈ ਦਿੰਦਾ ਹਾਂ, ਜਿਸ ਤਰਾਂ ਨਾਲ ਉਨਾਂ ਇਲਾਕੇ ਦੇ ਸਾਰੇ ਲੋਕਾਂ ਨੂੰ ਇਸ ਨਾਲ ਜੋੜਿਆ ਅਤੇ ਜਨ ਅੰਦੋਲਨ ਵਿੱਚ ਬਦਲਿਆ, ਇਹ ਆਪਣੇ ਆਪ ਵਿੱਚ ਇੱਕ ਪ੍ਰੇਰਕ ਗੱਲ ਹੈ।

ਭਰਾਵੋ ਅਤੇ ਭੈਣੋ ਅੱਜ ਮੈਂ ਇੱਕ ਹੋਰ ਖੁਸ਼ੀ ਵੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ। ‘ਸਵੱਛ ਭਾਰਤ ਮੁਹਿੰਮ’ ਦੇ ਸਬੰਧ ਵਿੱਚ ਜੰਮੂ-ਕਸ਼ਮੀਰ ਦਾ ‘ਰਿਆਸੀ ਬਲਾਕ’। ਮੈਨੂੰ ਦੱਸਿਆ ਗਿਆ ਕਿ ਰਿਆਸੀ ਬਲਾਕ ਖੁੱਲੀ ਜਗਾ ’ਤੇ ਪਖਾਨਾ ਕਰਨ ਤੋਂ ਮੁਕਤ ਹੋਇਆ ਹੈ। ਮੈਂ ਰਿਆਸੀ ਬਲਾਕ ਦੇ ਸਾਰੇ ਨਾਗਰਿਕਾਂ ਨੂੰ, ਉੱਥੋਂ ਦੇ ਪ੍ਰਸ਼ਾਸਨਾਂ ਨੂੰ, ਜੰਮੂ-ਕਸ਼ਮੀਰ ਨੇ ਜਿਹੜਾ ਇੱਕ ਉੱਤਮ ਉਦਾਹਰਣ ਪੇਸ਼ ਕੀਤਾ ਹੈ, ਇਸ ਦੇ ਲਈ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਮੈਨੂੰ ਦੱਸਿਆ ਗਿਆ ਕਿ ਇਸ ਪੂਰੇ ਅੰਦੋਲਨ ਦੀ ਅਗਵਾਈ ਸਭ ਤੋਂ ਜ਼ਿਆਦਾ ਜੰਮੂ-ਕਸ਼ਮੀਰ ਦੇ ਉਸ ਇਲਾਕੇ ਦੀਆਂ ਔਰਤਾਂ ਨੇ ਕੀਤੀ, ਜਿਨਾਂ ਨੇ ਜਾਗਰੂਕਤਾ ਫੈਲਾਉਣ ਦੇ ਲਈ ਖੁਦ ਮਸ਼ਾਲ ਯਾਤਰਾਵਾਂ ਕੱਢੀਆਂ। ਘਰ-ਘਰ, ਗਲੀ-ਗਲੀ ਜਾ ਕੇ ਉਨਾਂ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ। ਉਨਾਂ ਮਾਵਾਂ-ਭੈਣਾਂ ਦਾ ਵੀ ਮੈਂ ਦਿਲ ਨਾਲ ਅਭਿਨੰਦਨ ਕਰਦਾ ਹਾਂ, ਉੱਥੇ ਬੈਠੇ ਹੋਏ ਪ੍ਰਸ਼ਾਸਨਾਂ ਦਾ ਵੀ ਅਭਿਨੰਦਨ ਕਰਦਾ ਹਾਂ, ਜਿਨਾਂ ਨੇ ਜੰਮੂ-ਕਸ਼ਮੀਰ ਦੀ ਧਰਤੀ ’ਤੇ ਇੱਕ ਬਲਾਕ ਨੂੰ open defecation free ਬਣਾ ਕੇ ਇੱਕ ਚੰਗੀ ਸ਼ੁਰੂਆਤ ਕੀਤੀ ਹੈ।

ਮੇਰੇ ਪਿਆਰੇ ਦੇਸ਼ ਵਾਸੀਓ, ਪਿਛਲੇ 15 ਦਿਨਾਂ ਤੋਂ, ਮਹੀਨੇ ਤੋਂ ਲਗਾਤਾਰ ਅਖ਼ਬਾਰਾਂ ਹੋਣ, ਟੀ. ਵੀ. ਚੈਨਲ ਹੋਣ, ਸੋਸ਼ਲ ਮੀਡੀਆ ਹੋਵੇ, ਮੌਜੂਦਾ ਸਰਕਾਰ ਦੇ 3 ਸਾਲਾਂ ਦਾ ਲੇਖਾ-ਜੋਖਾ ਚੱਲ ਰਿਹਾ ਹੈ। 3 ਸਾਲ ਪਹਿਲਾਂ ਤੁਸੀਂ ਮੈਨੂੰ ਪ੍ਰਧਾਨ ਸੇਵਕ ਦੀ ਜ਼ਿੰਮੇਵਾਰੀ ਸੌਂਪੀ ਸੀ। ਬਹੁਤ ਸਾਰੇ ਸਰਵੇ ਹੋਏ, ਬਹੁਤ ਸਾਰੇ opinion poll ਆਏ ਹਨ। ਮੈਂ ਇਸ ਸਾਰੀ ਪ੍ਰਕਿਰਿਆ ਨੂੰ ਬਹੁਤ ਹੀ healthy signs ਦੇ ਰੂਪ ਵਿੱਚ ਦੇਖਦਾ ਹਾਂ, ਹਰ ਕਸੌਟੀ ’ਤੇ ਇਸ 3 ਸਾਲ ਦੇ ਕਾਰਜਕਾਲ ਨੂੰ ਪਰਖਿਆ ਗਿਆ ਹੈ। ਸਮਾਜ ਦੇ ਹਰ ਤਬਕੇ ਦੇ ਲੋਕਾਂ ਨੇ ਇਸ ਦਾ ਵਿਸ਼ਲੇਸ਼ਣ ਕੀਤਾ ਹੈ। ਲੋਕਤੰਤਰ ਵਿੱਚ ਇੱਕ ਉੱਤਮ ਪ੍ਰਕਿਰਿਆ ਹੈ ਅਤੇ ਮੇਰਾ ਸਪੱਸ਼ਟ ਮੰਨਣਾ ਹੈ ਕਿ ਲੋਕਤੰਤਰ ਵਿੱਚ ਸਰਕਾਰਾਂ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ। ਜਨਤਾ ਨੂੰ ਆਪਣੇ ਕੰਮ ਦਾ ਹਿਸਾਬ ਦੇਣਾ ਚਾਹੀਦਾ ਹੈ। ਮੈਂ ਉਨਾਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ, ਜਿਨਾਂ ਨੇ ਸਮਾਂ ਕੱਢ ਕੇ ਸਾਡੇ ਕੰਮ ਦੀ ਗਹਿਰਾਈ ਨਾਲ ਪੜਚੋਲ ਕੀਤੀ ਹੈ, ਕਿਤੇ ਪ੍ਰਸ਼ੰਸਾ ਹੋਈ, ਕਿਤੋਂ ਸਮਰਥਨ ਮਿਲਿਆ, ਕਿਤੇ ਕਮੀਆਂ ਕੱਢੀਆਂ ਗਈਆਂ, ਮੈਂ ਇਨਾਂ ਸਾਰੀਆਂ ਗੱਲਾਂ ਦਾ ਬਹੁਤ ਮਹੱਤਵ ਸਮਝਦਾ ਹਾਂ। ਮੈਂ ਉਨਾਂ ਨੂੰ ਵੀ ਧੰਨਵਾਦ ਦਿੰਦਾ ਹਾਂ, ਜਿਨਾਂ ਨੇ ਆਲੋਚਨਾਤਮਕ ਮਹੱਤਵਪੂਰਨ ਫੀਡ ਬੈਕ ਦਿੱਤੇ ਹਨ। ਜਿਹੜੀਆਂ ਕਮੀਆਂ ਹੁੰਦੀਆਂ ਹਨ, ਉਹ ਵੀ ਜਦੋਂ ਉਜਾਗਰ ਹੁੰਦੀਆਂ ਹਨ, ਉਸ ਨਾਲ ਵੀ ਸੁਧਾਰ ਕਰਨ ਦਾ ਮੌਕਾ ਮਿਲਦਾ ਹੈ। ਗੱਲ ਚੰਗੀ ਹੋਵੇ, ਘੱਟ ਚੰਗੀ ਹੋਵੇ, ਬੁਰੀ ਹੋਵੇ, ਜੋ ਵੀ ਹੋਵੇ ਉਨਾਂ ਤੋਂ ਹੀ ਸਿੱਖਣਾ ਹੈ ਅਤੇ ਉਸੇ ਦੇ ਸਹਾਰੇ ਅੱਗੇ ਵਧਣਾ ਹੈ। ਰਚਨਾਤਮਕ ਆਲੋਚਨਾ ਨਾਲ ਲੋਕਤੰਤਰ ਨੂੰ ਬਲ ਮਿਲਦਾ ਹੈ। ਇੱਕ ਜਾਗਰੂਕ ਰਾਸ਼ਟਰ ਦੇ ਲਈ ਇਸ ਤਰਾਂ ਦਾ ਵਿਸ਼ਲੇਸ਼ਣ ਬਹੁਤ ਜ਼ਰੂਰੀ ਹੁੰਦਾ ਹੈ।

ਮੇਰੇ ਪਿਆਰੇ ਦੇਸ਼ ਵਾਸੀਓ, ਮੈਂ ਵੀ ਤੁਹਾਡੇ ਵਾਂਗ ਇੱਕ ਸਧਾਰਣ ਨਾਗਰਿਕ ਹਾਂ ਅਤੇ ਸਧਾਰਣ ਨਾਗਰਿਕ ਹੋਣ ਦੇ ਨਾਤੇ ਚੰਗੀ-ਬੁਰੀ ਹਰ ਚੀਜ਼ ਦਾ ਪ੍ਰਭਾਵ ਮੇਰੇ ’ਤੇ ਵੀ ਉਸੇ ਤਰਾਂ ਪੈਂਦਾ ਹੈ, ਜਿਵੇਂ ਕਿਸੇ ਵੀ ਆਮ ਨਾਗਰਿਕ ਦੇ ਮਨ ’ਤੇ ਪੈਂਦਾ ਹੈ। ‘ਮਨ ਕੀ ਬਾਤ’ ਨੂੰ ਕੋਈ ਇੱਕਤਰਫਾ ਸੰਵਾਦ ਦੇ ਰੂਪ ਵਿੱਚ ਵੇਖਦਾ ਹੈ, ਕੁਝ ਲੋਕ ਉਸ ’ਤੇ ਰਾਜਨੀਤਿਕ ਦਿ੍ਰਸ਼ਟੀ ਨਾਲ ਟੀਕਾ-ਟਿੱਪਣੀ ਵੀ ਕਰਦੇ ਹਨ ਪਰ ਏਨੇ ਲੰਬੇ ਤਜ਼ਰਬੇ ਤੋਂ ਬਾਅਦ ਮੈਂ ਮਹਿਸੂਸ ਕਰਦਾ ਹਾਂ, ਮੈਂ ਜਦੋਂ ‘ਮਨ ਕੀ ਬਾਤ’ ਸ਼ੁਰੂ ਕੀਤੀ ਤਾਂ ਮੈਂ ਵੀ ਨਹੀਂ ਸੋਚਿਆ ਸੀ ਕਿ ਇਸ ਪ੍ਰੋਗਰਾਮ ਨੇ ਮੈਨੂੰ ਹਿੰਦੁਸਤਾਨ ਦੇ ਹਰ ਪਰਿਵਾਰ ਦਾ ਇੱਕ ਮੈਂਬਰ ਬਣਾ ਦਿੱਤਾ ਹੈ। ਇੰਝ ਲੱਗਦਾ ਹੈ ਜਿਵੇਂ ਮੈਂ ਪਰਿਵਾਰ ਦੇ ਵਿੱਚ ਹੀ ਘਰ ’ਚ ਬੈਠ ਕੇ ਘਰ ਦੀਆਂ ਗੱਲਾਂ ਕਰਦਾ ਹਾਂ ਅਤੇ ਅਜਿਹੇ ਸੈਂਕੜੇ ਪਰਿਵਾਰ ਹਨ, ਜਿਨਾਂ ਨੇ ਮੈਨੂੰ ਇਹ ਗੱਲਾਂ ਲਿਖ ਕੇ ਵੀ ਭੇਜੀਆਂ ਹਨ। ਜਿਵੇਂ ਕਿ ਮੈਂ ਕਿਹਾ ਸੀ ਕਿ ਇੱਕ ਸਧਾਰਣ ਮਨੁੱਖ ਦੇ ਰੂਪ ਵਿੱਚ ਮੇਰੇ ਮਨ ’ਤੇ ਜੋ ਪ੍ਰਭਾਵ ਹੁੰਦਾ ਹੈ, ਫਿਰ ਦੋ ਦਿਨ ਪਹਿਲਾਂ ਰਾਸ਼ਟਰਪਤੀ ਭਵਨ ਵਿੱਚ ਮਾਣਯੋਗ ਰਾਸ਼ਟਰਪਤੀ ਜੀ, ਮਾਣਯੋਗ ਉੱਪ ਰਾਸ਼ਟਰਪਤੀ ਜੀ, ਮਾਣਯੋਗ ਸਪੀਕਰ ਮੌਹਤਰਮਾ ਜੀ ਸਾਰਿਆਂ ਨੇ ‘ਮਨ ਕੀ ਬਾਤ’ ਕੀਤੀ। ਇੱਕ Analytical Book ਦਾ ਸਮਾਰੋਹ ਕੀਤਾ। ਇੱਕ ਵਿਅਕਤੀ ਦੇ ਨਾਤੇ, ਸਧਾਰਣ ਨਾਗਰਿਕ ਦੇ ਨਾਤੇ ਇਹ ਘਟਨਾ ਬਹੁਤ ਹੀ ਉਤਸ਼ਾਹ ਵਧਾਉਣ ਵਾਲੀ ਹੈ। ਮੈਂ ਰਾਸ਼ਟਰਪਤੀ ਜੀ ਦਾ, ਉੱਪ ਰਾਸ਼ਟਰਪਤੀ ਜੀ ਦਾ, ਸਪੀਕਰ ਮੌਹਤਰਮਾ ਦਾ ਆਭਾਰੀ ਹਾਂ ਕਿ ਇੰਨੇ ਉੱਚੇ ਪਦ ’ਤੇ ਬੈਠੀਆਂ ਸ਼ਖਸੀਅਤਾਂ ਨੇ ਸਮਾਂ ਕੱਢ ਕੇ ‘ਮਨ ਕੀ ਬਾਤ’ ਨੂੰ ਇਹ ਅਹਿਮੀਅਤ ਦਿੱਤੀ। ਇੱਕ ਤਰਾਂ ਨਾਲ ਆਪਣੇ ਆਪ ਵਿੱਚ ‘ਮਨ ਕੀ ਬਾਤ’ ਨੂੰ ਇੱਕ ਨਵਾਂ ਰੂਪ ਦੇ ਦਿੱਤਾ। ਸਾਡੇ ਕੁਝ ਮਿੱਤਰ ਇਸ ‘ਮਨ ਕੀ ਬਾਤ’ ਦੀ ਕਿਤਾਬ ’ਤੇ ਜਦੋਂ ਉਹ ਕੰਮ ਕਰ ਰਹੇ ਸਨ ਤਾਂ ਮੇਰੇ ਨਾਲ ਵੀ ਕਦੇ ਚਰਚਾ ਕੀਤੀ ਸੀ ਅਤੇ ਕੁਝ ਸਮਾਂ ਪਹਿਲਾਂ ਜਦੋਂ ਇਹ ਗੱਲ ਚਰਚਾ ਵਿੱਚ ਆਈ ਤਾਂ ਮੈਂ ਹੈਰਾਨ ਸੀ। ਅਬੂਧਾਬੀ ਵਿੱਚ ਰਹਿਣ ਵਾਲੇ ਇੱਕ ਆਰਟਿਸਟ ਜਿਹੜੇ ਅਕਬਰ ਸਾਹਿਬ ਦੇ ਨਾਮ ਨਾਲ ਜਾਣੇ ਜਾਂਦੇ ਹਨ, ਅਕਬਰ ਸਾਹਿਬ ਨੇ ਮੇਰੇ ਸਾਹਮਣੇ ਪ੍ਰਸਤਾਵ ਰੱਖਿਆ ਕਿ ‘ਮਨ ਕੀ ਬਾਤ’ ਵਿੱਚ ਜਿਨਾਂ ਵਿਸ਼ਿਆਂ ’ਤੇ ਚਰਚਾ ਹੋਈ ਹੈ, ਉਹ ਆਪਣੀ ਕਲਾ ਮਾਧਿਅਮ ਨਾਲ ਉਸ ਦਾ ਸਕੈੱਚ ਤਿਆਰ ਕਰਕੇ ਦੇਣਾ ਚਾਹੁੰਦੇ ਹਨ ਅਤੇ ਇੱਕ ਵੀ ਰੁਪਿਆ ਲਏ ਬਿਨਾਂ, ਆਪਣਾ ਪਿਆਰ ਜਤਾਉਣ ਦੇ ਲਈ ਅਕਬਰ ਸਾਹਿਬ ਨੇ ‘ਮਨ ਕੀ ਬਾਤ’ ਨੂੰ ਕਲਾ ਦਾ ਰੂਪ ਦੇ ਦਿੱਤਾ। ਮੈਂ ਅਕਬਰ ਸਾਹਿਬ ਦਾ ਧੰਨਵਾਦੀ ਹਾਂ।

ਮੇਰੇ ਪਿਆਰੇ ਦੇਸ਼ ਵਾਸੀਓ, ਅਗਲੀ ਵਾਰੀ ਜਦੋਂ ਮਿਲਾਂਗੇ ਤਾਂ ਦੇਸ਼ ਦੇ ਹਰ ਕੋਨੇ ਵਿੱਚ ਬਰਸਾਤ ਆ ਚੁੱਕੀ ਹੋਵੇਗੀ, ਮੌਸਮ ਬਦਲ ਗਿਆ ਹੋਵੇ, ਪ੍ਰੀਖਿਆਵਾਂ ਦੇ ਨਤੀਜੇ ਆ ਚੁੱਕੇ ਹੋਣਗੇ, ਨਵੇਂ ਸਿਰੇ ਤੋਂ ਵਿੱਦਿਆ ਜੀਵਨ ਦੀ ਸ਼ੁਰੂਆਤ ਹੋਣ ਵਾਲੀ ਹੋਵੇਗੀ ਅਤੇ ਬਰਸਾਤ ਆਉਦਿਆਂ ਹੀ ਇੱਕ ਨਵੀਂ ਖੁਸ਼ਨੁਮਾ, ਇੱਕ ਨਵੀਂ ਮਿਹਕ, ਇੱਕ ਨਵੀਂ ਸੁਗੰਧ! ਆਓ! ਅਸੀਂ ਸਾਰੇ ਇਸ ਮਾਹੌਲ ਵਿੱਚ ਕੁਦਰਤ ਨਾਲ ਪਿਆਰ ਕਰਦੇ ਹੋਏ ਅੱਗੇ ਵਧੀਏ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਸ਼ੁਭਕਾਮਨਾਵਾਂ। ਧੰਨਵਾਦ।

AKT/AK