ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਲਾਅ ਇਨਫੋਰਸਮੈਂਟ ਟ੍ਰੇਨਿੰਗ ਲਈ ਭਾਰਤ ਅਤੇ ਅਮਰੀਕਾ ਦਰਮਿਆਨ ਦੁਵੱਲੇ ਸਹਿਮਤੀ ਪੱਤਰ ਉੱਤੇ ਹਸਤਾਖ਼ਰ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਹਿਯੋਗ ਪੱਤਰ ਉੱਤੇ ਅਮਰੀਕਾ ਦੇ ਸੰਘੀ ਕਾਨੂੰਨ ਲਾਗੂ ਕਰਨ ਵਾਲੇ ਟ੍ਰੇਨਿੰਗ ਕੇਂਦਰ (ਐੱਫਐੱਲਈਟੀਸੀ) ਅਤੇ ਭਾਰਤ ਦੇ ਪੁਲਿਸ ਖੋਜ ਅਤੇ ਵਿਕਾਸ ਬਿਊਰੋ (ਬੀਪੀਆਰਐਂਡਡੀ) ਦਰਮਿਆਨ ਹਸਤਾਖ਼ਰ ਕੀਤੇ ਜਾਣੇ ਹਨ।
ਇਸ ਸਹਿਯੋਗ ਪੱਤਰ ਨਾਲ ਭਾਰਤ-ਅਮਰੀਕਾ ਹੋਮਲੈਂਡ ਸੁਰੱਖਿਆ ਡਾਇਲਾਗ ਦੀ ਸਰਪ੍ਰਸਤੀ ਹੇਠ ਵਾਧੇ ਦਾ ਰਾਹ ਪੱਧਰਾ ਹੋਵੇਗਾ।
ਸਹਿਯੋਗ ਪੱਤਰ ਨਾਲ ਟ੍ਰੇਨਿੰਗ, ਟ੍ਰੇਨਿੰਗ ਸਮੱਗਰੀ, ਟ੍ਰੇਨਰਾਂ ਦੀ ਗੁਣਵੱਤਾ ਵਗੈਰਾ ਦੇ ਮਿਆਰਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲੇਗੀ। ਇਸ ਨਾਲ ਦੇਸ਼ ਵਿੱਚ ਪੁਲਿਸ ਫੋਰਸਾਂ ਦੇ ਕੰਮਕਾਜ ਵਿੱਚ ਸੁਧਾਰ ਹੋਵੇਗਾ ਅਤੇ ਸਮਾਰਟ ਪੁਲਿਸ ਦੀ ਧਾਰਨਾ ਪੂਰੀ ਹੋਵੇਗੀ।
ਭਾਰਤ ਅਤੇ ਅਮਰੀਕਾ ਆਪਣੀ ਜ਼ਮੀਨ ਅਤੇ ਅਹਿਮ ਬੁਨਿਆਦੀ ਢਾਂਚੇ ਦੀ ਰਾਖੀ ਕਰਨ ਅਤੇ ਦਹਿਸ਼ਤਵਾਦੀ ਹਮਲਿਆਂ ਰਾਹੀਂ ਵਿਸ਼ਵ ਸਪਲਾਈ ਚੇਨ ਨੂੰ ਰੋਕਣ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਂਝੇ ਹਿੱਤ ਰੱਖਦੇ ਹਨ। ਇਸ ਤੋਂ ਇਲਾਵਾ ਦੋਵੇਂ ਦੇਸ਼ ਦਹਿਸ਼ਤਵਾਦ ਅਤੇ ਅੰਤਰਦੇਸ਼ੀ ਅਪਰਾਧਾਂ ਨਾਲ ਉਨ੍ਹਾਂ ਦੇ ਸਾਰੇ ਸਰੂਪਾਂ ਅਤੇ ਰੂਪਾਂ ਖ਼ਿਲਾਫ਼ ਲੜਨ ਦੇ ਮਾਮਲੇ ਵਿੱਚ ਸਾਂਝੇ ਹਿੱਤ ਹਨ ।