ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਾਲ ਹੀ ਵਿੱਚ ਸਮਾਪਤ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨਾਲ ਬਾਤਚੀਤ ਕੀਤੀ। ਮੈਡਲ ਜੇਤੂਆਂ ਨੇ ਪ੍ਰਧਾਨ ਮੰਤਰੀ ਨਾਲ ਲੋਕ ਕਲਿਆਣ ਮਾਰਗ ਵਿਖੇ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਸਾਰੇ ਮੈਡਲ ਜੇਤੂਆਂ ਨੂੰ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਖਿਡਾਰੀਆਂ ਦੀ ਵੀ ਪ੍ਰਸ਼ੰਸਾ ਕੀਤੀ ਜੋ ਭਾਵੇਂ ਮੈਡਲ ਨਹੀਂ ਜਿੱਤ ਸਕੇ ਪਰ ਉਨ੍ਹਾਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ।
ਉਨ੍ਹਾਂ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਪ੍ਰਾਪਤੀਆਂ ਤੋਂ ਹਰ ਇੱਕ ਵਿਅਕਤੀ ਨੂੰ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਮੈਡਲ ਜੇਤੂਆਂ ਨੂੰ ਕਿਹਾ ਕਿ ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਨੇ ਭਾਰਤ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਖਿਡਾਰੀ ਵਿਸ਼ਵ ਪੱਧਰ ‘ਤੇ ਜਿੱਤ ਹਾਸਲ ਕਰਦਾ ਹੈ ਤਾਂ ਭਾਰਤ ਦਾ ਤਿਰੰਗਾ ਉੱਚਾ ਲਹਰਾਇਆ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਖਿਡਾਰੀ ਦੀ ਜ਼ਿੰਦਗੀ ਕਈ ਦਹਾਕਿਆਂ ਤੱਕ ਚਲਦੀ ਹੈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਮੈਰੀ ਕਾਮ ਦੀ ਉਦਾਹਰਣ ਦਿੱਤੀ ਜਿਸ ਨੇ ਕਿ ਉਸ ਵੇਲੇ ਵੀ ਸੋਨੇ ਦਾ ਤਮਗਾ ਜਿੱਤਿਆ ਜਦੋਂ ਉਹ ਸੰਸਦ ਮੈਂਬਰ ਸੀ। ਉਨ੍ਹਾਂ ਨੇ ਪੁਲੇਲਾ ਗੋਪੀਚੰਦ ਦਾ ਵੀ ਜ਼ਿਕਰ ਕੀਤਾ ਜੋ ਕਿ ਆਪਣੇ ਭਾਰੀ ਸਫਲ ਖੇਡ ਜੀਵਨ ਤੋਂ ਬਾਅਦ ਹੁਣ ਵੱਖ-ਵੱਖ ਖਿਡਾਰੀਆਂ ਨੂੰ ਕੋਚਿੰਗ ਦੇ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗਤਾ, ਟ੍ਰੇਨਿੰਗ, ਧਿਆਨ ਅਤੇ ਸਖਤ ਮਿਹਨਤ ਤੋਂ ਇਲਾਵਾ ਖਿਡਾਰੀਆਂ ਲਈ ਦਿਮਾਗ਼ੀ ਮਜ਼ਬੂਤੀ ਵੀ ਓਨੀ ਹੀ ਅਹਿਮ ਹੈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਯੋਗ ਦੇ ਫਾਇਦਿਆਂ ਦਾ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨੂੰ ਤਾਕੀਦ ਕੀਤੀ ਕਿ ਉਹ ਹਮੇਸ਼ਾ ਆਪਣੇ ਵੱਖ-ਵੱਖ ਗੁਰੂਆਂ ਅਤੇ ਅਧਿਆਪਕਾਂ ਨੂੰ ਯਾਦ ਰੱਖਣ ਅਤੇ ਉਨ੍ਹਾਂ ਨਾਲ ਸੰਪਰਕ ਵਿੱਚ ਰਹਿਣ, ਜਿਨ੍ਹਾਂ ਨੇ ਕਿ ਉਨ੍ਹਾਂ ਨੂੰ ਬਚਪਨ ਤੋਂ ਲੈ ਕੇ ਰਾਹ ਦਿਖਾਇਆ ਹੁੰਦਾ ਹੈ।
ਇਸ ਮੌਕੇ ‘ਤੇ ਯੁਵਾ ਮਾਮਲਿਆਂ ਅਤੇ ਖੇਡਾਂ ਬਾਰੇ ਰਾਜ ਮੰਤਰੀ (ਸੁਤੰਤਰ ਚਾਰਜ) ਕਰਨਲ ਰਾਜਵਰਧਨ ਸਿੰਘ ਰਾਠੌਰ ਵੀ ਮੌਜੂਦ ਸਨ।
*****
ਏਕੇਟੀ/ਐੱਸਐੱਚ