ਪੀਐੱਮਇੰਡੀਆ
ਨੇਚਰ ਕਿਓਰ ਸੈਂਟਰ ਦੇ ਉਦਘਾਟਨ ਲਈ ਨਿਊਯਾਰਕ ਸਟੇਟ ਵਿੱਚ ਇਕੱਠੇ ਹੋਏ ਪਤਵੰਤਿਓ ਅਤੇ ਸੱਦੇ ਮਹਿਮਾਨੋ, ਇਸ ਸਮਾਰੋਹ ਨੂੰ ਆਨਲਾਈਨ ਅਤੇ ਟੈਲੀਵਿਜ਼ਨ ‘ਤੇ ਦੇਖ ਰਹੇ ਦਰਸ਼ਕੋ, ਨਮਸ਼ਕਾਰ। ਦੇਵੀਓ ਅਤੇ ਸੱਜਣੋ, ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਸ਼ੁਭਕਾਮਨਾਵਾਂ!
ਅੱਜ ਸਵੇਰੇ, ਮੈਨੂੰ ਹਿਮਾਲਿਆ ਦੀ ਗੋਦ ਵਿੱਚ ਸਥਿਤ ਸੁੰਦਰ ਸ਼ਹਿਰ ਦੇਹਰਾਦੂਨ ਵਿਖੇ ਇਸ ਮੌਕੇ ਨੂੰ ਮਨਾਉਣ ਲਈ ਜੀਵਨ ਦੇ ਵੱਖ-ਵੱਖ ਖੇਤਰਾਂ ਤੋਂ ਇਕੱਠੇ ਹੋਏ ਹਜ਼ਾਰਾਂ ਲੋਕਾਂ ਨਾਲ ਸ਼ਾਮਲ ਹੋ ਕੇ ਖੁਸ਼ੀ ਮਹਿਸੂਸ ਹੋਈ। ਪਿਛਲੇ ਕੁਝ ਦਿਨਾਂ ਤੋਂ ਮੈਂ ਵਿਸ਼ਵ ਭਰ ਵਿੱਚ ਆਯੋਜਿਤ ਸਮਾਰੋਹਾਂ ਵਿੱਚ ਸ਼ਾਮਲ ਹੋਏ ਲੋਕਾਂ ਦੀਆਂ ਤਸਵੀਰਾਂ ਦੇਖ ਰਿਹਾ ਸੀ। ਬਿਨਾ ਸ਼ੱਕ ਸਿਰਫ ਤਿੰਨ ਸਾਲ ਵਿੱਚ ਹੀ, ਇਹ ਪ੍ਰੋਗਰਾਮ ਵਿਸ਼ਵ ਭਰ ਵਿੱਚ ਜਨ ਅੰਦੋਲਨ ਦਾ ਰੂਪ ਧਾਰ ਗਿਆ ਹੈ। ਕਈ ਦੇਸ਼ਾਂ ਵਿੱਚ ਤਾਂ ਇਹ ਜਨਜੀਵਨ ਦਾ ਇਕ ਹਿੱਸਾ ਹੀ ਬਣ ਗਿਆ ਹੈ। ਇਸ ਦਾ ਪ੍ਰਭਾਵ ਇਸ ਦੇ ਮਨਾਉਣ ਵਾਲੇ ਦਿਨ ਤੋਂ ਵੀ ਵੱਧ ਫੈਲ ਗਿਆ ਹੈ। ਭਾਰਤ ਵਿੱਚ, ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦੇ ਮੈਂ ਤਿੰਨ ਥੀਮ ਮਹਿਸੂਸ ਕਰਦਾ ਹਾਂ। ਮੈਨੂੰ ਪੂਰਾ ਯਕੀਨ ਹੈ ਕਿ ਹੋਰ ਕਈ ਦੇਸ਼ਾਂ ਵਿੱਚ ਵੀ ਅਜਿਹਾ ਹੀ ਹੋਵੇਗਾ।
ਪਹਿਲਾ, ਇਹ ਲੱਖਾਂ ਲੋਕਾਂ ਲਈ ਦਿਨ ਦੀ ਅਰੰਭਤਾ ਦਾ ਮੌਕਾ ਬਣ ਗਿਆ ਹੈ। ਯੋਗ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਹੀ ਉਹ ਆਪਣੇ ਆਪ ਨੂੰ ਆਪਣੇ ਕੰਮਾਂ-ਕਾਰਾਂ ਵਿੱਚ ਲਗਾਉਂਦੇ ਹਨ।
ਦੂਜਾ, ਇਹ ਅਜਿਹਾ ਮੌਕਾ ਹੈ ਜਦੋਂ ਉਹ ਲੋਕ, ਜੋ ਕਿ ਯੋਗ ਬਾਰੇ ਪਹਿਲਾਂ ਤੋਂ ਹੀ ਜਾਣੂ ਹਨ, ਆਪਣੇ ਆਪ ਨੂੰ ਇਸ ਪ੍ਰਤੀ ਮੁੜ-ਸਮਰਪਿਤ ਕਰਦੇ ਹਨ।
ਤੀਜਾ ਥੀਮ ਯੋਗ ਬਾਰੇ ਚੰਗੀ ਗੱਲ ਫੈਲਾਉਣੀ ਹੈ। ਹਜ਼ਾਰਾਂ ਲੋਕ ਅਤੇ ਸੰਸਥਾਵਾਂ, ਜਿਨ੍ਹਾਂ ਨੇ ਪਹਿਲਾਂ ਹੀ ਯੋਗ ਤੋਂ ਲਾਭ ਪ੍ਰਾਪਤ ਕੀਤਾ ਹੈ, ਉਨ੍ਹਾਂ ਲੋਕਾਂ ਤੱਕ ਪਹੁੰਚੇ ਹਨ ਜਿਨ੍ਹਾਂ ਨੇ ਅਜੇ ਤੱਕ ਅਜਿਹਾ ਨਹੀਂ ਕੀਤਾ। ਇਸ ਅਮਲ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਵਿਸ਼ਵ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਇੱਕ ਤਿਉਹਾਰ ਵਾਂਗ ਮਨਾਇਆ ਜਾਣ ਲੱਗਾ ਹੈ। ਯੋਗ ਸ਼ਬਦ ਦਾ ਅਰਥ ‘ਇਕੱਠੇ ਹੋਣਾ’ ਹੈ। ਇਸ ਲਈ ਯੋਗ ਵਿੱਚ ਇਹ ਦਿਲਚਸਪੀ ਮੈਨੂੰ ਆਸ ਨਾਲ ਭਰ ਦਿੰਦੀ ਹੈ। ਮੈਨੂੰ ਆਸ ਹੈ ਕਿ ਯੋਗ ਵਿਸ਼ਵ ਲਈ ਇੱਕ ਇੱਕਜੁੱਟ ਹੋਣ ਵਾਲੀ ਤਾਕਤ ਬਣ ਸਕਦਾ ਹੈ।
ਮੈਨੂੰ ਖੁਸ਼ੀ ਹੈ ਕਿ ਤੁਸੀਂ ਇਸ ਨੇਚਰ ਕਿਓਰ ਸੈਂਟਰ ਦੇ ਉਦਘਾਟਨ ਲਈ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਚੁਣਿਆ ਹੈ। ਮੈਨੂੰ ਆਸ ਹੈ ਕਿ ਇਹ ਸੈਂਟਰ ਆਪਣੇ ਸਾਰੇ ਪ੍ਰੋਗਰਾਮਾਂ ਅਤੇ ਪਹਿਲਕਦਮੀਆਂ ਵਿੱਚ ਯੋਗ ਦੇ ਤੱਤਾਂ ਨੂੰ ਮਜ਼ਬੂਤੀ ਨਾਲ ਸੰਗਠਤ ਕਰਨ ਲਈ ਯਤਨਸ਼ੀਲ ਹੋਵੇਗਾ।
ਦੋਸਤੋ,
ਰਵਾਇਤੀ ਭਾਰਤੀ ਗਿਆਨ ਸਿਸਟਮ, ਜਿਵੇਂ ਕਿ ਯੋਗ ਅਤੇ ਆਯੁਰਵੇਦ, ਸਾਨੂੰ ਤੰਦਰੁਸਤ ਰਹਿਣ ਵਿੱਚ ਮਦਦਗਾਰ ਹੁੰਦੇ ਹਨ, ਉਹ ਸਾਨੂੰ ਸਰੀਰ ਅਤੇ ਦਿਮਾਗ ਦੀਆਂ ਅੰਦਰੂਨੀ ਕਮਜ਼ੋਰੀਆਂ ਉੱਤੇ ਕਾਬੂ ਪਾਉਣ ਵਿੱਚ ਅਗਵਾਈ ਕਰਦੇ ਹਨ। ਇਹ ਉਹ ਸਿਸਟਮ ਹਨ ਜੋ ਕਿ ਲੋਕਾਂ ਨਾਲ ਪੂਰੀ ਸੰਭਾਲ ਅਤੇ ਸਨਮਾਨ ਨਾਲ ਵਤੀਰਾ ਕਰਦੇ ਹਨ। ਉਨ੍ਹਾਂ ਦੀ ਪਹੁੰਚ ਨਾ ਤਾਂ ਅਯੋਗ ਦਖਲ ਵਾਲੀ ਅਤੇ ਨਾ ਹੀ ਅਚਾਨਕ ਹੋਣ ਵਾਲੀ ਹੁੰਦੀ ਹੈ। ਇਹ ਆਮ ਤੌਰ ‘ਤੇ ਉਨ੍ਹਾਂ ਲੋਕਾਂ, ਜੋ ਕਿ ਇਲਾਜ ਦੀਆਂ ਰਵਾਇਤੀ ਥੈਰੇਪੀਆਂ ਅਪਣਾਉਂਦੇ ਹਨ, ਲਈ ਤਰੋਤਾਜ਼ਾ ਤਬਦੀਲੀ ਲਿਆਉਣ ਵਾਲੀ ਹੁੰਦੀ ਹੈ। ਆਧੁਨਿਕ ਜੀਵਨ ਢੰਗ ਸਰੀਰ ਅਤੇ ਦਿਮਾਗ ਉੱਤੇ ਇੱਕ ਵਰਜੇ ਜਾਣ ਵਾਲਾ ਪ੍ਰਭਾਵ ਪਾਉਂਦਾ ਹੈ। ਸਿਹਤ ਸੰਭਾਲ ਦੇ ਰਵਾਇਤੀ ਸਿਸਟਮ ਵਿੱਚ ਮੁੱਖ ਧਿਆਨ ਬਦਕਿਸਮਤੀ ਨਾਲ ਵਧੇਰੇ ਇਲਾਜ ਉੱਤੇ ਕੇਂਦ੍ਰਿਤ ਹੁੰਦਾ ਹੈ ਨਾ ਕਿ ਰੋਗਾਂ ਤੋਂ ਬਚਾਅ ਉੱਤੇ। ਇਸ ਵਿੱਚ ਕੋਈ ਗਲਤ ਵੀ ਨਹੀਂ ਹੈ ਕਿ ਸਾਨੂੰ ਅੱਜ ਦੀਆਂ ਵੱਡੀਆਂ ਸਿਹਤ ਚੁਣੌਤੀਆਂ ਨਾਲ ਨਜਿੱਠਣ ਲਈ ਰਵਾਇਤੀ ਦਵਾਈਆਂ ਦੀ ਲੋੜ ਹੁੰਦੀ ਹੈ। ਪਰ ਇਹ ਸਚਾਈ ਹੈ ਕਿ ਕੁਝ ਅਜਿਹੇ ਪਾੜੇ ਵਾਲੇ ਖੇਤਰ ਹਨ ਜਿਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਵਿਸ਼ਵ ਭਰ ਵਿੱਚ ਸਿਹਤ ਸੰਭਾਲ ਦੇ ਮਾਹਿਰ ਹੁਣ ਇਸ ਸਚਾਈ ਨੂੰ ਮੰਨਣ ਲੱਗੇ ਹਨ ਕਿ ਯੋਗ ਅਤੇ ਆਯੁਰਵੇਦ ਬਹੁਤ ਵਧੀਆ ਢੰਗ ਨਾਲ ਰਵਾਇਤੀ ਦਵਾਈਆਂ ਦੀ ਥਾਂ ਲੈ ਸਕਦੇ ਹਨ। ਇਹ ਸਮੁੱਚੇ ਸਿਸਟਮ ਬਿਮਾਰੀਆਂ ਦੇ ਬਚਾਅ ਅਤੇ ਵੈੱਲਨੈੱਸ ਉੱਤੇ ਪੂਰਾ ਧਿਆਨ ਕੇਂਦ੍ਰਿਤ ਕਰਦੇ ਹਨ। ਇਨ੍ਹਾਂ ਸਮੁੱਚੇ ਢੰਗਾਂ ਨੂੰ ਅਪਣਾਉਣ ਨਾਲ ਸਿਹਤ ਅਤੇ ਵੈੱਲਨੈੱਸ ਵਿੱਚ ਲੋਕਾਂ ਅਤੇ ਭਾਈਚਾਰਿਆਂ ਵਿੱਚ ਚੰਗਾ ਸੁਧਾਰ ਆਉਂਦਾ ਹੈ। ਕੁਝ ਲੋਕਾਂ ਦੀ ਧਾਰਨਾ ਦੇ ਉਲਟ, ਯੋਗ ਸਿਰਫ ਕਸਰਤ ਅਤੇ ਆਸਣ ਤੱਕ ਹੀ ਸੀਮਤ ਨਹੀਂ ਹੈ। ਇਸ ਵਿੱਚ ਦਿਮਾਗ, ਸਰੀਰ ਅਤੇ ਰੂਹ ਦੀ ਡੂੰਘੀ ਖੋਜ ਸ਼ਾਮਲ ਹੁੰਦੀ ਹੈ। ਇਹ ਆਪਣੇ ਆਪ ਨੂੰ ਸਮਝਣ ਵੱਲ ਲਿਜਾਂਦਾ ਹੈ। ਇਹ ਸਾਨੂੰ ਸਮਾਜਕ ਅਨੁਸ਼ਾਸਨ ਵੱਲ ਹੋਰ ਅੱਗੇ ਲਿਜਾਂਦਾ ਹੈ ਅਤੇ ਇਸ ਦੇ ਬਦਲੇ ਵਿੱਚ ਇਹ ਨੈਤਿਕ ਅਤੇ ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ਵੱਲ ਵਧਾਉਂਦਾ ਹੈ। ਯੋਗ ਇੱਕ ਡੂੰਘਾ ਫਲਸਫਾ ਹੈ ਜੋ ਕਿ ਸਾਨੂੰ ਮੁਕਤੀ ਜਾਂ ਜ਼ਿੰਦਗੀ ਦੀਆਂ ਚਿੰਤਾਵਾਂ ਤੋਂ ਅਜ਼ਾਦ ਦਿਵਾਉਂਦਾ ਹੈ।
ਦੋਸਤੋ,
ਮੈਂ ਹਮੇਸ਼ਾ ਇਹ ਯਕੀਨ ਕਰਦਾ ਹਾਂ ਕਿ ਯੋਗ ਕੋਈ ਧਰਮ ਨਹੀਂ। ਇਸ ਵਿੱਚ ਕੁਝ ਪ੍ਰੈਕਟੀਕਲ ਕਦਮ ਸ਼ਾਮਲ ਹੁੰਦੇ ਹਨ ਜੋ ਕਿ ਹਰ ਇੱਕ ਨੂੰ ਲਾਭ ਪਹੁੰਚਾਉਂਦੇ ਹਨ, ਉਨ੍ਹਾਂ ਨੂੰ ਵੀ ਜੋ ਕਿ ਆਪਣੇ ਆਪ ਨੂੰ ਧਾਰਮਿਕ ਨਹੀਂ ਮੰਨਦੇ। ਆਧੁਨਿਕ ਯੋਗ ਢੰਗਾਂ ਵਿੱਚ ਆਮ ਤੌਰ ਤੇ ਪੁਰਾਤਨ ਸਿਆਣਪ ਦੇ ਤੱਤ ਸ਼ਾਮਲ ਹੁੰਦੇ ਹਨ। ਇਨ੍ਹਾਂ ਵਿੱਚ ਨੈਤਿਕ ਅਤੇ ਸਦਾਚਾਰਕ ਸਿਧਾਂਤ, ਅਜਿਹੇ ਆਸਣ ਜੋ ਕਿ ਸਰੀਰ ਨੂੰ ਫਿੱਟ ਰੱਖਦੇ ਹਨ, ਰੂਹਾਨੀ ਫਲਸਫਾ, ਗੁਰੂ ਦੀਆਂ ਹਦਾਇਤਾਂ, ਮੰਤਰਾਂ ਦਾ ਉਚਾਰਣ, ਧਿਆਨ ਲਗਾ ਕੇ ਸਾਹ ਨੂੰ ਰੋਕਣਾ ਅਤੇ ਦਿਮਾਗ ਨੂੰ ਸਥਿਰ ਕਰਨਾ ਵਗੈਰਾ ਸ਼ਾਮਲ ਹਨ। ਯੋਗ ਕਿਸੇ ਵਿਅਕਤੀ ਦੇ ਜੀਵਨ ਢੰਗ ਨੂੰ ਬਦਲਣ ਉੱਤੇ ਧਿਆਨ ਕੇਂਦ੍ਰਿਤ ਕਰਦਾ ਹੈ ਤਾਂ ਕਿ ਜੀਵਨ ਸਬੰਧੀ ਕਮੀਆਂ ਤੋਂ ਅਸਾਨੀ ਨਾਲ ਬਚਿਆ ਜਾ ਸਕੇ ਅਤੇ ਉਨ੍ਹਾਂ ਨੂੰ ਰੋਕਿਆ ਜਾ ਸਕੇ। ਯੋਗ ਦੇ ਮਾਹਿਰ ਇਸ ਨੂੰ ਰੋਜ਼ਾਨਾ ਦੇ ਕੰਮਕਾਜ ਵਿੱਚ ਲਾਹੇਵੰਦ ਮਹਿਸੂਸ ਕਰਦੇ ਹਨ ਜਿਸ ਨਾਲ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ, ਭਾਵਾਤਮਕ ਸਥਿਤੀ ਸੁਧਰਦੀ ਹੈ, ਦਿਮਾਗੀ ਸਪਸ਼ਟਤਾ ਆਉਂਦੀ ਹੈ ਅਤੇ ਜੀਵਨ ਵਿੱਚ ਖੁਸ਼ੀਆਂ ਆਉਂਦੀਆਂ ਹਨ। ਇਹ ਵਿਸ਼ਵਾਸ ਕਿ ਕੁਝ ਯੋਗ ਦੇ ਆਸਣ ਅਤੇ ਪ੍ਰਾਣਾਯਾਮ ਕਈ ਬਿਮਾਰੀਆਂ ਉੱਤੇ ਕਾਬੂ ਪਾਉਣ ਵਿੱਚ ਮਦਦ ਕਰਦੇ ਹਨ, ਭਾਰਤ ਵਿੱਚ ਸਦੀਆਂ ਤੋਂ ਫੈਲਿਆ ਹੋਇਆ ਹੈ। ਹੁਣ ਆਧੁਨਿਕ ਵਿਗਿਆਨ ਅੱਗੇ ਆਇਆ ਹੈ ਅਤੇ ਇਸ ਦੇ ਹੱਕ ਵਿੱਚ ਸਬੂਤ ਜੁਟਾ ਰਿਹਾ ਹੈ। ਵਿਗਿਆਨ ਨੇ ਵੀ ਦਰਸਾਇਆ ਹੈ ਕਿ ਯੋਗ ਰਾਹੀਂ ਸਰੀਰ ਦੇ ਕਈ ਅੰਗਾਂ ਦੇ ਕੰਮਕਾਜ ਉੱਤੇ ਕੰਟਰੋਲ ਕੀਤਾ ਜਾ ਸਕਦਾ ਹੈ ਜਿਨ੍ਹਾਂ ਵਿੱਚ ਦਿਲ, ਦਿਮਾਗ ਅਤੇ ਐਂਡੋਕ੍ਰਾਈਨ ਗ੍ਰੰਥੀਆਂ ਸ਼ਾਮਲ ਹਨ।
ਅੱਜ, ਪੱਛਮੀ ਦੇਸ਼ਾਂ ਵਿੱਚ ਯੋਗ ਪ੍ਰਤੀ ਦਿਲਚਸਪੀ ਵੱਧ ਰਹੀ ਹੈ। ਇਹ ਕਹਿਣਾ ਕੋਈ ਗਲਤ ਨਹੀਂ ਹੋਵੇਗਾ ਕਿ ਯੋਗ ਨੂੰ ਪੱਛਮੀ ਵਿਸ਼ਵ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਸਰਾਹਿਆ ਗਿਆ ਹੈ। ਮੈਨੂੰ ਦੱਸਿਆ ਗਿਆ ਹੈ ਕਿ ਸਿਰਫ ਅਮਰੀਕਾ ਵਿੱਚ ਹੀ 20 ਮਿਲੀਅਨ ਲੋਕ ਯੋਗ ਕਰਦੇ ਹਨ ਅਤੇ ਇਸ ਗਿਣਤੀ ਵਿੱਚ ਹਰ ਸਾਲ 5% ਦੇ ਹਿਸਾਬ ਨਾਲ ਵਾਧਾ ਹੋ ਰਿਹਾ ਹੈ। ਅਮਰੀਕਾ ਅਤੇ ਯੂਰਪ ਦੇ ਕਈ ਮੈਡੀਕਲ ਸੰਸਥਾਨਾਂ ਨੇ ਯੋਗ ਨੂੰ ਕਈ ਬਿਮਾਰੀਆਂ ਲਈ ਇਕ ਬਦਲਵੀਂ ਇਲਾਜ ਪ੍ਰਣਾਲੀ ਵਜੋਂ ਅਪਣਾ ਲਿਆ ਹੈ। ਯੋਗ ਵਿੱਚ ਬੀਤੇ ਸਮੇਂ ਵਿੱਚ ਕਈ ਤਰ੍ਹਾਂ ਦੀ ਖੋਜ ਕੀਤੀ ਗਈ ਹੈ। ਭਾਰਤ ਸਰਕਾਰ ਜਨ ਸਿਹਤ ਵਿੱਚ ਸਿਹਤ ਸੰਭਾਲ ਦੇ ਰਵਾਇਤੀ ਸਿਸਟਮ ਨੂੰ ਸਬੂਤ ਆਧਾਰਿਤ ਸਿਸਟਮ ਵਜੋਂ ਲਾਗੂ ਕਰਨ ਲਈ ਵਚਨਬੱਧ ਹੈ। ਪਿਛਲੇ ਸਾਲ ਸਾਡੀ ਜੋ ਰਾਸ਼ਟਰੀ ਸਿਹਤ ਨੀਤੀ ਐਲਾਨੀ ਗਈ ਸੀ, ਉਸ ਵਿੱਚ ਮਜ਼ਬੂਤੀ ਨਾਲ ਬਿਮਾਰੀਆਂ ਦੇ ਬਚਾਅ ਉੱਤੇ ਧਿਆਨ ਕੇਂਦ੍ਰਿਤ ਕਰਨ ਉੱਤੇ ਜ਼ੋਰ ਦਿੱਤਾ ਗਿਆ। ਅਸੀਂ ਗੈਰਸੰਚਾਰੀ ਬਿਮਾਰੀਆਂ ਤੋਂ ਬਚਾਅ ਅਤੇ ਇਨ੍ਹਾਂ ਉੱਤੇ ਕਾਬੂ ਪਾਉਣ ਲਈ ਰਾਸ਼ਟਰ ਪੱਧਰੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਭਾਰਤ ਇੱਕ ਵੱਡਾ ਦੇਸ਼ ਹੈ ਅਤੇ ਅਸੀਂ ਅਬਾਦੀ ਦੇ ਹਿਸਾਬ ਨਾਲ ਵਿਸ਼ਵ ਵਿੱਚ ਦੂਜੇ ਨੰਬਰ ‘ਤੇ ਹਾਂ। ਅੱਜ ਜੋ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ, ਉਨ੍ਹਾਂ ਦੇ ਨਤੀਜੇ ਸਾਹਮਣੇ ਆਉਣ ਵਿੱਚ ਕੁਝ ਸਾਲ ਲੱਗਣਗੇ, ਪਰ ਮੈਨੂੰ ਪੂਰਾ ਭਰੋਸਾ ਹੈ ਕਿ ਸਪਸ਼ਟ ਨਤੀਜੇ ਛੇਤੀ ਹੀ ਸਾਹਮਣੇ ਆਉਣਗੇ।
ਸਿੱਟੇ ਵਜੋਂ ਮੈਂ ਮੁੜ ਇਹ ਕਹਿਣਾ ਚਾਹਾਂਗਾ ਕਿ ਤੁਹਾਡੀ ਨੇਚਰ ਕੇਅਰ ਸਹੂਲਤ ਯੋਗ ਦੇ ਲਾਭ ਉਨ੍ਹਾਂ ਲੋਕਾਂ ਤੱਕ ਪਹੁੰਚਾਵੇਗੀ ਜੋ ਕਿ ਉੱਥੇ ਸੁਖ ਅਤੇ ਸ਼ਾਂਤੀ ਲੈਣ ਆਉਣਗੇ। ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਤੁਹਾਡੇ ਸੈਂਟਰ ਵੱਲੋਂ ਵੈੱਲਨੈੱਸ ਦਾ ਜੋ ਰਾਹ ਪੇਸ਼ ਕੀਤਾ ਗਿਆ ਹੈ, ਉਹ ਲੋਕਾਂ ਦੀਆਂ ਨਿਜੀ ਚਿੰਤਾਵਾਂ ਦਾ ਵੀ ਹੱਲ ਕੱਢੇਗਾ। ਇਹ ਵੀ ਅਹਿਮ ਹੈ ਕਿ ਉਨ੍ਹਾਂ ਦਾ ਉਦੇਸ਼ ਪੂਰੇ ਜੀਵਨ ਦੀ ਵੈੱਲਨੈੱਸ ਹੈ। ਮੈਂ ਇਹ ਮੰਨ ਕੇ ਚਲਦਾ ਹਾਂ ਕਿ ਪ੍ਰਮਾਣਿਕਤਾ ਪ੍ਰਤੀ ਸਨਮਾਨ ਅਤੇ ਵਿਗਿਆਨਕ ਸੋਚ ਵਿੱਚ ਭਰੋਸਾ ਇਨ੍ਹਾਂ ਟੀਚਿਆਂ ਵਿੱਚ ਸ਼ਾਮਲ ਹਨ। ਅਜਿਹੀ ਪਹੁੰਚ ਰੱਖ ਕੇ ਇਹ ਕੇਂਦਰ ਵੈੱਲਨੈੱਸ ਅੰਦੋਲਨ ਵਿੱਚ ਵੱਡਾ ਹਿੱਸਾ ਪਾ ਸਕਦਾ ਹੈ ਅਤੇ ਯੋਗ ਦੇ ਲਾਭ ਅਮਰੀਕਾ ਵਿੱਚ ਬਹੁਤ ਸਾਰੇ ਲੋਕਾਂ ਤੱਕ ਪਹੁੰਚਾ ਸਕਦਾ ਹੈ। ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਤੁਹਾਡਾ ਸੈਂਟਰ 500 ਪ੍ਰਤੱਖ ਅਤੇ 1500 ਅਪ੍ਰਤੱਖ ਨੌਕਰੀਆਂ ਇਸ ਖੇਤਰ ਵਿੱਚ ਪ੍ਰਦਾਨ ਕਰੇਗਾ। ਇਸ ਤਰ੍ਹਾਂ ਇਹ ਭਾਈਚਾਰੇ ਦਾ ਇੱਕ ਜ਼ਿੰਮੇਵਾਰ ਮੈਂਬਰ ਬਣੇਗਾ। ਮੈਂ ਇਸ ਕਾਰਜ ਲਈ ਤੁਹਾਨੂੰ ਸ਼ੁਭ ਇਛਾਵਾਂ ਦਿੰਦਾ ਹਾਂ।
ਧੰਨਵਾਦ। ਤੁਹਾਡਾ ਬਹੁਤ-ਬਹੁਤ ਧੰਨਵਾਦ।
***
ਏਕੇਟੀ/ਕੇਪੀ
Inaugurated a Nature Cure Centre in New York, via video conferencing. Here is my speech. https://t.co/U3BkA7wyK7
— Narendra Modi (@narendramodi) June 21, 2018