Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਨ ਕੀ ਬਾਤ ਦੀ 50ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (25.11.2018)


ਮੇਰੇ ਪਿਆਰੇ ਦੇਸ਼ ਵਾਸੀਓ ਨਮਸਕਾਰ! 3 ਅਕਤੂਬਰ, 2014 ਵਿਜੈ ਦਸ਼ਮੀ ਦਾ ਪਵਿੱਤਰ ਤਿਓਹਾਰ । ‘ਮਨ ਕੀ ਬਾਤ’ ਦੇ ਮਾਧਿਅਮ ਨਾਲ ਅਸੀਂ ਸਾਰਿਆਂ ਨੇ ਇਕੱਠੇ ਇੱਕ ਯਾਤਰਾ ਦੀ ਸ਼ੁਰੂਆਤ ਕੀਤੀ ਸੀ ‘ਮਨ ਕੀ ਬਾਤ’ਇਸ ਯਾਤਰਾ ਦੇ ਅੱਜ 50 ਐਪੀਸੋਡ ਪੂਰੇ ਹੋ ਗਏ ਹਨ। ਇਸ ਤਰ੍ਹਾਂ ਅੱਜ ਇਹ Golden Jubliee Episode ਸੁਨਹਿਰਾ ਐਪੀਸੋਡ ਹੈ। ਇਸ ਵਾਰ ਤੁਹਾਡੇ ਜੋ ਖ਼ਤ ਅਤੇ ਫੋਨ ਆਏ ਹਨ, ਜ਼ਿਆਦਾਤਰ ਉਹ ਇਸ 50ਵੇਂ ਐਪੀਸੋਡ ਦੇ ਸਬੰਧ ਵਿੱਚ ਹੀ ਹਨ। MyGov ’ਤੇ ਦਿੱਲੀ ਦੇ ਅੰਸ਼ੂ ਕੁਮਾਰ, ਅਮਰ ਕੁਮਾਰ ਅਤੇ ਪਟਨਾ ਦੇ ਵਿਕਾਸ ਯਾਦਵ, ਇਸੇ ਤਰ੍ਹਾਂ ਨਾਲ NaredraModiApp ’ਤੇ ਦਿੱਲੀ ਦੀ ਮੋਨਿਕਾ ਜੈਨ ਬਰਧਵਾਨ, West Bengal ਦੇ ਪ੍ਰਸੇਨਜੀਤ ਸਰਕਾਰ ਅਤੇ ਨਾਗਪੁਰ ਦੀ ਸੰਗੀਤਾ ਸ਼ਾਸਤਰੀ ਇਨ੍ਹਾਂ ਸਾਰਿਆਂ ਨੇ ਲੱਗਭਗ ਇੱਕੋ ਹੀ ਸਵਾਲ ਪੁੱਛਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਕਸਰ ਲੋਕ ਤੁਹਾਨੂੰ latest technology, Social Media ਅਤੇ Mobile App ਦੇ ਨਾਲ ਜੋੜਦੇ ਹਨ ਪਰ ਤੁਸੀਂ ਲੋਕਾਂ ਨਾਲ ਜੁੜਨ ਲਈ ਰੇਡੀਓ ਨੂੰ ਕਿਉਂ ਚੁਣਿਆ? ਤੁਹਾਡੀ ਇਹ ਉਤਸੁਕਤਾ ਬਹੁਤ ਸੁਭਾਵਿਕ ਹੈ ਕਿ ਅੱਜ ਦੇ ਯੁਗ ਵਿੱਚ, ਜਦ ਕਿ ਲਗਭਗ ਰੇਡੀਓ ਨੂੰ ਭੁਲਾ ਦਿੱਤਾ ਗਿਆ ਸੀ, ਉਸ ਵੇਲੇ ਮੋਦੀ ਰੇਡੀਓ ਨੂੰ ਲੈ ਕੇ ਕਿਉਂ ਆਇਆ? ਮੈਂ ਤੁਹਾਨੂੰ ਇਕ ਕਿੱਸਾ ਸੁਣਾਉਣਾ ਚਾਹੁੰਦਾ ਹਾਂ। ਇਹ 1998 ਦੀ ਗੱਲ ਹੈ, ਮੈਂ ਭਾਰਤੀ ਜਨਤਾ ਪਾਰਟੀ ਦੇ ਸੰਗਠਨ ਦੇ ਕਾਰਜਕਰਤਾ ਦੇ ਰੂਪ ਵਿੱਚ ਹਿਮਾਚਲ ਵਿੱਚ ਕੰਮ ਕਰਦਾ ਸੀ। ਮਈ ਦਾ ਮਹੀਨਾ ਸੀ ਤੇ ਮੈਂ ਸ਼ਾਮ ਦੇ ਵੇਲੇ Travel ਕਰਦਾ ਹੋਇਆ ਕਿਸੇ ਹੋਰ ਜਗ੍ਹਾ ’ਤੇ ਜਾ ਰਿਹਾ ਸੀ। ਹਿਮਾਚਲ ਦੀਆਂ ਪਹਾੜੀਆਂ ਵਿੱਚ ਸ਼ਾਮ ਨੂੰ ਠੰਡ ਤਾਂ ਹੋ ਹੀ ਜਾਂਦੀ ਹੈ ਅਤੇ ਰਸਤੇ ਵਿੱਚ ਇੱਕ ਢਾਬੇ ’ਤੇ ਮੈਂ ਚਾਹ ਲਈ ਰੁਕਿਆ ਅਤੇ ਜਦੋਂ ਮੈਂ ਚਾਹ ਲਈ order ਕੀਤਾ ਤਾਂ ਉਸ ਤੋਂ ਪਹਿਲਾਂ, ਉਹ ਬੜਾ ਛੋਟਾ ਜਿਹਾ ਢਾਬਾ ਸੀ। ਇੱਕ ਹੀ ਬੰਦਾ ਖ਼ੁਦ ਚਾਹ ਬਣਾਉਂਦਾ ਸੀ, ਵੇਚਦਾ ਸੀ। ਉੱਪਰ ਕੱਪੜਾ ਵੀ ਨਹੀਂ ਸੀ। ਏਦਾਂ ਹੀ Road ਦੇ ਕਿਨਾਰੇ ’ਤੇ ਇੱਕ ਛੋਟਾ ਜਿਹਾ ਠੇਲ੍ਹਾ ਲਾਈ ਖੜ੍ਹਾ ਸੀ ਤਾਂ ਉਸ ਨੇ ਆਪਣੇ ਕੋਲ਼ ਪਏ ਇੱਕ ਸ਼ੀਸ਼ੇ ਦੇ ਮਰਤਬਾਨ ’ਚੋਂ ਲੱਡੂ ਕੱਢਿਆ, ਪਹਿਲਾਂ ਕਹਿਣ ਲੱਗਾ – ਸਾਹਿਬ, ਚਾਹ ਬਾਅਦ ਵਿੱਚ ਪਹਿਲਾਂ ਲੱਡੂ ਖਾਓ, ਮੂੰਹ ਮਿੱਠਾ ਕਰੋ। ਮੈਂ ਵੀ ਹੈਰਾਨ ਹੋ ਗਿਆ ਤੇ ਮੈਂ ਪੁੱਛਿਆ ਕਿ ਕੀ ਗੱਲ ਹੈ, ਕੋਈ ਘਰ ਵਿੱਚ ਸ਼ਾਦੀ-ਵਾਦੀ ਦਾ ਕੋਈ ਸਬੱਬ ਹੈ? ਉਸ ਨੇ ਕਿਹਾ ਨਹੀਂ-ਨਹੀਂ ਭਾਈ ਸਾਹਿਬ ਤੁਹਾਨੂੰ ਪਤਾ ਨਹੀਂ, ਬਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ। ਉਹ ਏਦਾਂ ਉਛਲ ਰਿਹਾ ਸੀ, ਏਦਾਂ ਉਤਸਾਹ ਨਾਲ ਭਰਿਆ ਹੋਇਆ ਸੀ ਤਾਂ ਮੈਂ ਕਿਹਾ – ਕੀ ਹੋਇਆ? ਬਈ! ਅੱਜ ਭਾਰਤ ਨੇ Bomb ਫੋੜ ਦਿੱਤਾ ਹੈ। ਮੈਂ ਕਿਹਾ, ਭਾਰਤ ਨੇ Bomb ਫੋੜ ਦਿੱਤਾ ਹੈ, ਮੈਂ ਕੁਝ ਸਮਝਿਆ ਨਹੀਂ ਤਾਂ ਉਸ ਨੇ ਕਿਹਾ ਦੇਖੋ ਭਾਈ ਸਾਹਿਬ ਰੇਡੀਓ ਸੁਣੋ ਤਾਂ ਰੇਡੀਓ ’ਤੇ ਉਸੇ ਦੀ ਚਰਚਾ ਚਲ ਰਹੀ ਸੀ, ਉਸ ਵੇਲੇ ਸਾਡੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਜੀ ਨੇ – ਉਹ ਪ੍ਰਮਾਣੂ ਪ੍ਰੀਖਣ ਦਾ ਦਿਨ ਸੀ ਅਤੇ ਮੀਡੀਆ ਦੇ ਸਾਹਮਣੇ ਆ ਕੇ ਉਨ੍ਹਾਂ ਨੇ ਐਲਾਨ ਕੀਤਾ ਸੀ ਅਤੇ ਇਸ ਨੇ ਇਹ ਐਲਾਨ ਰੇਡੀਓ ’ਤੇ ਸੁਣਿਆ ਸੀ ਤੇ ਨੱਚ ਰਿਹਾ ਸੀ ਤੇ ਮੈਨੂੰ ਬੜੀ ਹੈਰਾਨੀ ਹੋਈ ਕਿ ਇਸ ਜੰਗਲ ਦੇ ਸੁੰਨਸਾਨ ਇਲਾਕੇ ਵਿੱਚ, ਬਰਫ਼ੀਲੀਆਂ ਪਹਾੜੀਆਂ ਦੇ ਵਿੱਚ ਇੱਕ ਸਧਾਰਣ ਇਨਸਾਨ ਜੋ ਚਾਹ ਦਾ ਠੇਲਾ ਲਗਾ ਕੇ ਆਪਣਾ ਕੰਮ ਕਰ ਰਿਹਾ ਹੈ ਤੇ ਸਾਰਾ ਦਿਨ ਰੇਡੀਓ ਸੁਣਦਾ ਰਹਿੰਦਾ ਹੋਵੇਗਾ ਤੇ ਉਸ ਰੇਡੀਓ ਦੀ ਖਬਰ ਦਾ ਓਹਦੇ ਮਨ ’ਤੇ ਏਨਾ ਅਸਰ ਸੀ, ਏਨਾ ਪ੍ਰਭਾਵ ਸੀ, ਉਦੋਂ ਤੋਂ ਮੇਰੇ ਮਨ ਵਿੱਚ ਇੱਕ ਗੱਲ ਘਰ ਕਰ ਗਈ ਕਿ ਰੇਡੀਓ ਜਨ-ਜਨ ਨਾਲ ਜੁੜਿਆ ਹੋਇਆ ਹੈ ਅਤੇ ਰੇਡੀਓ ਦੀ ਬਹੁਤ ਵੱਡੀ ਤਾਕਤ ਹੈ। communication ਦੀ reach ਅਤੇ ਉਸ ਦੀ ਗਹਿਰਾਈ ਸ਼ਾਇਦ ਰੇਡੀਓ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਇਹ ਮੇਰਾ ਉਸ ਵੇਲੇ ਤੋਂ ਹੀ ਤਜਰਬਾ ਹੈ ਤੇ ਮੇਰਾ ਮਨ ਇਸ ਵਿਚਾਰ ਦੀ ਸਹਿਮਤੀ ਵਿੱਚ ਭਰਿਆ ਹੋਇਆ ਹੈ ਅਤੇ ਮੈਂ ਉਹਦੀ ਤਾਕਤ ਦਾ ਅੰਦਾਜ਼ਾ ਕਰ ਸਕਦਾ ਸੀ ਤਾਂ ਜਦੋਂ ਮੈਂ ਪ੍ਰਧਾਨ ਮੰਤਰੀ ਬਣਿਆ ਤਾਂ ਸਭ ਤੋਂ ਤਾਕਤਵਰ ਮਾਧਿਅਮ ਵੱਲ ਮੇਰਾ ਧਿਆਨ ਜਾਣਾ ਬਹੁਤ ਸੁਭਾਵਿਕ ਸੀ ਅਤੇ ਜਦ ਮੈਂ ਮਈ 2014 ਵਿੱਚ ਇੱਕ ਪ੍ਰਧਾਨ ਸੇਵਕ ਦੇ ਰੂਪ ਵਿੱਚ ਮੈਂ ਕਾਰਜਭਾਰ ਸੰਭਾਲਿਆ ਤਾਂ ਮੇਰੇ ਮਨ ਵਿੱਚ ਇੱਕ ਇੱਛਾ ਸੀ ਕਿ ਦੇਸ਼ ਦੀ ਏਕਤਾ, ਸਾਡੇ ਖ਼ੂਬਸੂਰਤ ਇਤਿਹਾਸ, ਉਹਦੀ ਬਹਾਦਰੀ, ਭਾਰਤ ਦੀਆਂ ਵੰਨ-ਸੁਵੰਨਤਾਵਾਂ, ਸਾਡੀਆਂ ਸੰਸਕ੍ਰਿਤਕ ਵੰਨ-ਸੁਵੰਨਤਾਵਾਂ, ਸਾਡੇ ਸਮਾਜ ਦੇ ਰਗ਼-ਰਗ਼ ਵਿੱਚ ਸਮਾਈਆਂ ਹੋਈਆਂ ਚੰਗਿਆਈਆਂ, ਲੋਕਾਂ ਦਾ ਪੁਰਸ਼ਾਰਥ, ਜਜ਼ਬਾ, ਤਿਆਗ, ਤਪੱਸਿਆ ਇਨ੍ਹਾਂ ਸਾਰੀਆਂ ਗੱਲਾਂ ਨੂੰ ਭਾਰਤ ਦੀ ਇਹ ਕਹਾਣੀ ਜਨ-ਜਨ ਤੱਕ ਪਹੁੰਚਣੀ ਚਾਹੀਦੀ ਹੈ। ਦੇਸ਼ ਦੇ ਦੂਰ-ਦੁਰਾਡੇ ਦੇ ਪਿੰਡਾਂ ਤੋਂ ਲੈ ਕੇ Metro Cities ਤੱਕ, ਕਿਸਾਨਾਂ ਤੋਂ ਲੈ ਕੇ ਯੁਵਾ professional ਤੱਕ ਤੇ ਬਸ ਉਸੇ ’ਚੋਂ ਇਹ ‘ਮਨ ਕੀ ਬਾਤ’ ਦੀ ਯਾਤਰਾ ਦਾ ਆਰੰਭ ਹੋਇਆ। ਹਰ ਮਹੀਨੇ ਲੱਖਾਂ ਦੀ ਗਿਣਤੀ ਵਿੱਚ ਪੱਤਰਾਂ ਨੂੰ ਪੜਦਿਆਂ, Phone calls ਸੁਣਦਿਆਂ, App ਅਤੇ MyGov ’ਤੇ comment ਦੇਖਦਿਆਂ ਤੇ ਇਨ੍ਹਾਂ ਸਾਰਿਆਂ ਨੂੰ ਇੱਕ ਧਾਗੇ ’ਚ ਪਰੋ ਕੇ ਹਲਕੀਆਂ-ਫੁਲਕੀਆਂ ਗੱਲਾਂ ਕਰਦੇ-ਕਰਦੇ 50 episode ਦੀ ਇਹ ਯਾਤਰਾ ਅਸੀਂ ਸਾਰਿਆਂ ਨੇ ਮਿਲ ਕੇ ਕਰ ਲਈ ਹੈ। ਹਾਲ ਹੀ ਵਿੱਚ ਆਕਾਸ਼ਵਾਣੀ ਨੇ ‘ਮਨ ਕੀ ਬਾਤ’ ’ਤੇ survey ਵੀ ਕਰਵਾਇਆ, ਮੈਂ ਉਨ੍ਹਾਂ ’ਚੋਂ ਕੁਝ ਐਸੇ feed back ਨੂੰ ਦੇਖਿਆ, ਜੋ ਕਾਫੀ ਦਿਲਚਸਪ ਹਨ। ਜਿਨ੍ਹਾਂ ਲੋਕਾਂ ਦੇ ਵਿੱਚ Survey ਕੀਤਾ ਗਿਆ ਹੈ, ਉਹਦੇ ’ਚੋਂ ਔਸਤਨ 70 % ਨਿਯਮਿਤ ਰੂਪ ਨਾਲ ‘ਮਨ ਕੀ ਬਾਤ’ ਸੁਣਨ ਵਾਲੇ ਲੋਕ ਹਨ। ਜ਼ਿਆਦਾਤਰ ਲੋਕਾਂ ਨੂੰ ਲਗਦਾ ਹੈ ਕਿ ‘ਮਨ ਕੀ ਬਾਤ’ ਦਾ ਸਭ ਤੋਂ ਵੱਡਾ ਯੋਗਦਾਨ ਇਹ ਹੈ ਕਿ ਇਸ ਨੇ ਸਮਾਜ ਵਿੱਚ positivity ਦੀ ਭਾਵਨਾ ਵਧਾਈ ਹੈ। ‘ਮਨ ਕੀ ਬਾਤ’ ਦੇ ਮਾਧਿਅਮ ਨਾਲ ਵੱਡੇ ਪੈਮਾਨੇ ’ਤੇ ਜਨ ਅੰਦੋਲਨਾਂ ਨੂੰ ਬੜਾਵਾ ਮਿਲਿਆ। #indiapositive ਨੂੰ ਲੈ ਕੇ ਵਿਆਪਕ ਚਰਚਾ ਵੀ ਹੋਈ ਹੈ। ਇਹ ਸਾਡੇ ਦੇਸ਼ ਵਾਸੀਆਂ ਦੇ ਮਨ ਵਿੱਚ ਵਸੀ ਹੋਈ positivity ਦੀ ਭਾਵਨਾ ਦੀ, ਸਕਾਰਾਤਮਿਕਤਾ ਦੀ ਭਾਵਨਾ ਦੀ ਇੱਕ ਝਲਕ ਹੈ। ਲੋਕਾਂ ਨੇ ਆਪਣਾ ਇਹ ਤਜਰਬਾ ਵੀ share ਕੀਤਾ ਹੈ ਕਿ ‘ਮਨ ਕੀ ਬਾਤ’ ਨਾਲ volunteerism ਯਾਨੀ ਸਵੈਇੱਛਾ ਨਾਲ ਕੁਝ ਕਰਨ ਦੀ ਭਾਵਨਾ ਵਧੀ ਹੈ। ਇੱਕ ਅਜਿਹਾ ਬਦਲਾਅ ਆਇਆ, ਜਿਸ ਵਿੱਚ ਸਮਾਜ ਦੀ ਸੇਵਾ ਦੇ ਲਈ ਲੋਕ ਵਧ-ਚੜ੍ਹ ਕੇ ਅੱਗੇ ਆ ਰਹੇ ਹਨ। ਮੈਨੂੰ ਇਹ ਦੇਖ ਕੇ ਖੁਸ਼ੀ ਹੋਈ ਕਿ ‘ਮਨ ਕੀ ਬਾਤ’ ਦੇ ਕਾਰਨ ਰੇਡੀਓ ਹੋਰ ਜ਼ਿਆਦਾ ਹਰਮਨਪਿਆਰਾ ਹੋ ਰਿਹਾ ਹੈ ਪਰ ਇਹ ਸਿਰਫ ਰੇਡੀਓ ਹੀ ਨਹੀਂ, ਜਿਸ ਦੇ ਮਾਧਿਅਮ ਨਾਲ ਲੋਕ ਇਸ ਪ੍ਰੋਗਰਾਮ ਨਾਲ ਜੁੜ ਰਹੇ ਹਨ, ਲੋਕ ਟੀ. ਵੀ., ਐੱਫ. ਐੱਮ. ਰੇਡੀਓ, ਮੋਬਾਇਲ, ਇੰਟਰਨੈੱਟ, ਫੇਸਬੁਕ-ਲਾਈਵ ਤੇ periscope ਦੇ ਨਾਲ-ਨਾਲ NarendraModiApp ਦੇ ਮਾਧਿਅਮ ਨਾਲ ਵੀ ‘ਮਨ ਕੀ ਬਾਤ’ ਵਿੱਚ ਆਪਣੀ ਭਾਗੀਦਾਰੀ ਸੁਨਿਸ਼ਚਿਤ ਕਰ ਰਹੇ ਹਨ। ਮੈਂ ‘ਮਨ ਕੀ ਬਾਤ’ ਪਰਿਵਾਰ ਦੇ ਆਪ ਸਾਰੇ ਮੈਂਬਰਾਂ ਨੂੰ ਇਸ ’ਤੇ ਭਰੋਸਾ ਜਤਾਉਣ ਅਤੇ ਇਸ ਦਾ ਹਿੱਸਾ ਬਣਨ ਦੇ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਦਿੰਦਾ ਹਾਂ।

(ਫੋਨਕਾਲ-1)

‘‘ਸਨਮਾਨਯੋਗ ਪ੍ਰਧਾਨ ਮੰਤਰੀ ਜੀ, ਨਮਸਤੇ। ਮੇਰਾ ਨਾਮ ਸ਼ਾਲਿਨੀ ਹੈ ਅਤੇ ਮੈਂ ਹੈਦਰਾਬਾਦ ਤੋਂ ਬੋਲ ਰਹੀ ਹਾਂ। ‘ਮਨ ਕੀ ਬਾਤ’ ਪ੍ਰੋਗਰਾਮ ਜਨਤਾ ਦੇ ਵਿੱਚ ਇੱਕ ਬਹੁਤ ਹੀ ਹਰਮਨਪਿਆਰਾ ਪ੍ਰੋਗਰਾਮ ਹੈ। ਸ਼ੁਰੂ ਵਿੱਚ ਲੋਕਾਂ ਨੇ ਸੋਚਿਆ ਕਿ ਇਹ ਪ੍ਰੋਗਰਾਮ ਵੀ ਇੱਕ ਰਾਜਨੀਤਕ ਮੰਚ ਬਣ ਕੇ ਹੀ ਰਹਿ ਜਾਵੇਗਾ ਅਤੇ ਆਲੋਚਨਾ ਦਾ ਵਿਸ਼ਾ ਵੀ ਬਣਿਆ, ਪਰ ਜਿਵੇਂ-ਜਿਵੇਂ ਇਹ ਪ੍ਰੋਗਰਾਮ ਅੱਗੇ ਵਧਿਆ, ਅਸੀਂ ਦੇਖਿਆ ਕਿ ਰਾਜਨੀਤੀ ਦੀ ਜਗ੍ਹਾ, ਇਹ ਸਮਾਜਿਕ ਸਮੱਸਿਆਵਾਂ ਅਤੇ ਚੁਣੌਤੀਆਂ ’ਤੇ ਹੀ ਕੇਂਦਰਿਤ ਰਿਹਾ ਅਤੇ ਇਸ ਤਰ੍ਹਾਂ ਮੇਰੇ ਵਰਗੇ ਕਰੋੜਾਂ ਸਧਾਰਣ ਲੋਕਾਂ ਦੇ ਨਾਲ ਜੁੜਦਾ ਗਿਆ। ਹੌਲੀ-ਹੌਲੀ ਆਲੋਚਨਾ ਵੀ ਖਤਮ ਹੋ ਗਈ ਤੇ ਮੇਰਾ ਸਵਾਲ ਇਹ ਹੈ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਕਿਸ ਤਰ੍ਹਾਂ ਰਾਜਨੀਤੀ ਤੋਂ ਦੂਰ ਰੱਖਣ ਵਿੱਚ ਕਾਮਯਾਬ ਰਹੇ ਹੋ। ਕੀ ਤੁਹਾਡਾ ਕਦੇ ਏਦਾਂ ਮਨ ਨਹੀਂ ਕੀਤਾ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਰਾਜਨੀਤੀ ਦੇ ਲਈ ਇਸਤੇਮਾਲ ਕਰ ਸਕੋ ਜਾਂ ਫਿਰ ਇਸ ਮੰਚ ਤੋਂ ਆਪਣੀ ਸਰਕਾਰ ਦੀਆਂ ਉਪਲੱਬਧੀਆਂ ਗਿਣਵਾ ਸਕੋ? ਧੰਨਵਾਦ’’

(ਫੋਨ ਕਾਲ ਸਮਾਪਤ)

ਤੁਹਾਡੀ ਫੋਨ ਕਾਲ ਲਈ ਬਹੁਤ-ਬਹੁਤ ਧੰਨਵਾਦ। ਤੁਹਾਡੀ ਸ਼ੰਕਾ ਸਹੀ ਹੈ, ਦਰਅਸਲ ਨੇਤਾ ਨੂੰ mike ਮਿਲ ਜਾਵੇ ਅਤੇ ਲੱਖਾਂ-ਕਰੋੜਾਂ ਦੀ ਗਿਣਤੀ ਵਿੱਚ ਸੁਣਨ ਵਾਲੇ ਹੋਣ ਤਾਂ ਫਿਰ ਹੋਰ ਕੀ ਚਾਹੀਦਾ ਹੈ? ਕੁਝ ਯੁਵਾ ਮਿੱਤਰਾਂ ਨੇ ‘ਮਨ ਕੀ ਬਾਤ’ ਵਿੱਚ ਆਏ ਸਾਰੇ ਵਿਸ਼ਿਆਂ ’ਤੇ ਇੱਕ study ਕੀਤੀ। ਉਨ੍ਹਾਂ ਨੇ ਸਾਰੇ episodes ਦਾ lexical analysis ਕੀਤਾ ਅਤੇ ਉਨ੍ਹਾਂ ਨੇ ਅਧਿਐਨ ਕੀਤਾ ਕਿ ਕਿਹੜੇ ਸ਼ਬਦ, ਕਿੰਨੀ ਵਾਰ ਬੋਲੇ ਗਏ। ਕਿਹੜਾ ਸ਼ਬਦ ਹੈ ਜੋ ਵਾਰ-ਵਾਰ ਬੋਲਿਆ ਗਿਆ। ਉਨ੍ਹਾਂ ਦੀ ਇੱਕ finding ਇਹੀ ਹੈ ਕਿ ਇਹ ਪ੍ਰੋਗਰਾਮ apolitical ਰਿਹਾ। ਜਦ ‘ਮਨ ਕੀ ਬਾਤ’ ਸ਼ੁਰੂ ਕੀਤਾ ਗਿਆ ਸੀ ਤਾਂ ਉਦੋਂ ਹੀ ਮੈਂ ਤੈਅ ਕਰ ਲਿਆ ਸੀ ਕਿ ਨਾ ਇਹਦੇ ਵਿੱਚ Politics ਹੋਵੇ, ਨਾ ਇਹਦੇ ਵਿੱਚ ਸਰਕਾਰ ਦੀ ਵਾਹ-ਵਾਹੀ ਹੋਵੇ, ਨਾ ਇਹਦੇ ਵਿੱਚ ਮੋਦੀ ਹੋਵੇ ਅਤੇ ਮੇਰੇ ਇਸ ਸੰਕਲਪ ਨੂੰ ਨਿਭਾਉਣ ਦੇ ਲਈ ਸਭ ਤੋਂ ਵੱਡਾ ਸੰਬਲ, ਸਭ ਤੋਂ ਵੱਡੀ ਪ੍ਰੇਰਣਾ ਮਿਲੀ ਤੁਹਾਡੇ ਸਾਰਿਆਂ ਤੋਂ। ਹਰ ‘ਮਨ ਕੀ ਬਾਤ’ ਤੋਂ ਪਹਿਲਾਂ ਆਉਣ ਵਾਲੇ ਪੱਤਰਾਂ, Online Comments, Phone Calls, ਇਹਦੇ ’ਚ ਸਰੋਤਿਆਂ ਦੀਆਂ ਉਮੀਦਾਂ ਸਾਫ ਹੁੰਦੀਆਂ ਹਨ। ਮੋਦੀ ਆਏਗਾ ਤੇ ਚਲਾ ਜਾਏਗਾ ਪਰ ਇਹ ਦੇਸ਼ ਅਟੱਲ ਰਹੇਗਾ, ਸਾਡੀ ਸੰਸਕ੍ਰਿਤੀ ਅਮਰ ਰਹੇਗੀ। 130 ਕਰੋੜ ਦੇਸ਼ ਵਾਸੀਆਂ ਦੀਆਂ ਛੋਟੀਆਂ-ਛੋਟੀਆਂ ਇਹ ਕਹਾਣੀਆਂ ਹਮੇਸ਼ਾ ਜਿਊਂਦੀਆਂ ਰਹਿਣਗੀਆਂ। ਇਸ ਦੇਸ਼ ਨੂੰ ਨਵੀਂ ਪ੍ਰੇਰਣਾ ਵਿੱਚ, ਉਤਸ਼ਾਹ ਨਾਲ ਨਵੀਆਂ ਉਚਾਈਆਂ ਵੱਲ ਲੈ ਕੇ ਜਾਂਦੀਆਂ ਰਹਿਣਗੀਆਂ। ਮੈਂ ਵੀ ਕਦੇ-ਕਦੇ ਪਿੱਛੇ ਮੁੜ ਕੇ ਵੇਖਦਾ ਹਾਂ ਤਾਂ ਮੈਨੂੰ ਵੀ ਬਹੁਤ ਜ਼ਿਆਦਾ ਹੈਰਾਨੀ ਹੁੰਦੀ ਹੈ, ਕਦੇ ਕੋਈ ਦੇਸ਼ ਦੇ ਕਿਸੇ ਕੋਨੇ ’ਚ ਪੱਤਰ ਲਿਖ ਕੇ ਕਹਿੰਦਾ ਹੈ – ਸਾਨੂੰ ਛੋਟੇ ਦੁਕਾਨਦਾਰਾਂ ਨਾਲ, auto ਚਲਾਉਣ ਵਾਲਿਆਂ ਨਾਲ, ਸਬਜ਼ੀ ਵੇਚਣ ਵਾਲਿਆਂ ਨਾਲ, ਇਸ ਤਰ੍ਹਾਂ ਦੇ ਲੋਕਾਂ ਨਾਲ ਜ਼ਿਆਦਾ ਮੁੱਲ-ਭਾਅ ਨਹੀਂ ਕਰਨਾ ਚਾਹੀਦਾ। ਮੈਂ ਪੱਤਰ ਪੜ੍ਹਦਾ ਹਾਂ, ਅਜਿਹਾ ਹੀ ਭਾਵ ਕਦੇ ਕਿਸੇ ਹੋਰ ਪੱਤਰ ਵਿੱਚ ਆਇਆ ਹੋਵੇ ਤਾਂ ਉਸ ਨੂੰ ਨਾਲ ਹੀ ਗੁੰਨ ਲੈਂਦਾ ਹਾਂ। ਦੋ ਗੱਲਾਂ ਮੈਂ ਆਪਣੇ ਤਜ਼ਰਬੇ ਦੀਆਂ ਵੀ ਉਹਦੇ ਨਾਲ share ਕਰ ਲੈਂਦਾ ਹਾਂ, ਤੁਹਾਡੇ ਸਾਰਿਆਂ ਦੇ ਨਾਲ ਵੰਡ ਲੈਂਦਾ ਹਾਂ ਤਾਂ ਫਿਰ ਪਤਾ ਨਹੀਂ ਇਹ ਕਦੋਂ, ਇਹ ਗੱਲ ਘਰ-ਪਰਿਵਾਰਾਂ ’ਚ ਪਹੁੰਚਦੀ ਹੈ, social media ਅਤੇ WhatsApp ’ਤੇ ਘੁੰਮਦੀ ਹੈ ਤੇ ਇੱਕ ਬਦਲਾਅ ਵੱਲ ਵੱਧਦੀ ਰਹਿੰਦੀ ਹੈ। ਤੁਹਾਡੀਆਂ ਭੇਜੀਆਂ ਸਵੱਛਤਾ ਦੀਆਂ ਕਹਾਣੀਆਂ ਨੇ, ਸਧਾਰਣ ਲੋਕਾਂ ਦੀਆਂ ਢੇਰ ਸਾਰੀਆਂ ਮਿਸਾਲਾਂ ਨੇ, ਪਤਾ ਨਹੀਂ ਕਦੋਂ ਘਰ-ਘਰ ਵਿੱਚ ਇੱਕ ਨੰਨਾ ਸਵੱਛਤਾ ਦਾ brand Ambassdor ਖੜ੍ਹਾ ਕਰ ਦਿੱਤਾ ਹੈ ਜੋ ਘਰ ਵਾਲਿਆਂ ਨੂੰ ਵੀ ਟੋਕਦਾ ਹੈ ਅਤੇ ਕਦੇ-ਕਦੇ phone call ਕਰਕੇ ਪ੍ਰਧਾਨ ਮੰਤਰੀ ਨੂੰ ਵੀ ਆਦੇਸ਼ ਦਿੰਦਾ ਹੈ, ਜਦੋਂ ਕਿਸੇ ਸਰਕਾਰ ਦੀ ਇੰਨੀ ਤਾਕਤ ਹੋਵੇਗੀ ਕਿ selfiewithdaughter ਦੀ ਮੁਹਿੰਮ ਹਰਿਆਣਾ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਸ਼ੁਰੂ ਹੋ ਕੇ ਪੂਰੇ ਦੇਸ਼ ਵਿੱਚ ਹੀ ਨਹੀਂ, ਬਲਕਿ ਵਿਦੇਸ਼ਾਂ ਵਿੱਚ ਵੀ ਫੈਲ ਜਾਵੇ। ਸਮਾਜ ਦਾ ਹਰ ਵਰਗ, celebrities – ਸਭ ਜੁੜ ਜਾਣ ਅਤੇ ਸਮਾਜ ਵਿੱਚ ਸੋਚ ਬਦਲਾਅ ਦੀ ਇੱਕ ਨਵੀਂ modern language ਵਿੱਚ, ਜਿਸ ਨੂੰ ਅੱਜ ਦੀ ਪੀੜ੍ਹੀ ਸਮਝਦੀ ਹੋਵੇ, ਐਸੀ ਅਲਖ਼ ਜਗਾ ਜਾਏ। ਕਦੇ-ਕਦੇ ‘ਮਨ ਕੀ ਬਾਤ’ ਦਾ ਮਜ਼ਾਕ ਵੀ ਉੱਡਦਾ ਹੈ ਪਰ ਮੇਰੇ ਮਨ ਵਿੱਚ ਹਮੇਸ਼ਾ ਹੀ 130 ਕਰੋੜ ਦੇਸ਼ ਵਾਸੀ ਵਸਦੇ ਰਹਿੰਦੇ ਹਨ। ਉਨ੍ਹਾਂ ਦਾ ਮਨ, ਮੇਰਾ ਮਨ ਹੈ। ‘ਮਨ ਕੀ ਬਾਤ’ ਸਰਕਾਰੀ ਗੱਲ ਨਹੀਂ ਹੈ – ਇਹ ਸਮਾਜ ਦੀ ਗੱਲ ਹੈ। ‘ਮਨ ਕੀ ਬਾਤ’ ਇੱਕ aspirational India, ਮਹੱਤਵਅਕਾਂਖੀ ਭਾਰਤ ਦੀ ਗੱਲ ਹੈ। ਭਾਰਤ ਦਾ ਮੂਲ ਪ੍ਰਾਣ ਰਾਜਨੀਤੀ ਨਹੀਂ ਹੈ, ਭਾਰਤ ਦਾ ਮੂਲ ਪ੍ਰਾਣ ਰਾਜ ਸ਼ਕਤੀ ਵੀ ਨਹੀਂ ਹੈ। ਭਾਰਤ ਦਾ ਮੂਲ ਪ੍ਰਾਣ ਸਮਾਜ ਨੀਤੀ ਹੈ ਅਤੇ ਸਮਾਜ ਸ਼ਕਤੀ ਹੈ। ਸਮਾਜਕ ਜੀਵਨ ਦੇ ਹਜ਼ਾਰਾਂ ਪਹਿਲੂ ਹੁੰਦੇ ਹਨ, ਉਨ੍ਹਾਂ ਵਿੱਚ ਇੱਕ ਪਹਿਲੂ ਰਾਜਨੀਤੀ ਵੀ ਹੈ। ਰਾਜਨੀਤੀ ਸਭ ਕੁਝ ਹੋ ਜਾਵੇ, ਇਹ ਸਵੱਸਥ ਸਮਾਜ ਦੇ ਲਈ ਇੱਕ ਚੰਗੀ ਵਿਵਸਥਾ ਨਹੀਂ ਹੈ। ਕਦੇ-ਕਦੇ ਰਾਜਨੀਤਕ ਘਟਨਾਵਾਂ ਅਤੇ ਰਾਜਨੀਤਿਕ ਲੋਕ ਇੰਨੇ ਹਾਵੀ ਹੋ ਜਾਂਦੇ ਹਨ ਕਿ ਸਮਾਜ ਦੀਆਂ ਹੋਰ ਪ੍ਰਤਿਭਾਵਾਂ ਅਤੇ ਹੋਰ ਪੁਰਸ਼ਾਰਥ ਦੱਬੇ ਜਾਂਦੇ ਹਨ। ਭਾਰਤ ਵਰਗੇ ਦੇਸ਼ ਦੇ ਉੱਜਵਲ ਭਵਿੱਖ ਲਈ ਜਨ ਸਧਾਰਣ ਦੀਆਂ ਪ੍ਰਤਿਭਾਵਾਂ ਤੇ ਪੁਰਸ਼ਾਰਥ ਨੂੰ ਸਹੀ ਸਥਾਨ ਮਿਲੇ, ਇਹ ਸਾਡੀ ਸਾਰਿਆਂ ਦੀ ਇੱਕ ਸਮੂਹਿਕ ਜ਼ਿੰਮੇਵਾਰੀ ਹੈ ਤੇ ‘ਮਨ ਕੀ ਬਾਤ’ ਇਸ ਦਿਸ਼ਾ ਵਿੱਚ ਇੱਕ ਵਨਿਮਰ ਤੇ ਛੋਟਾ ਜਿਹਾ ਉਪਰਾਲਾ ਹੈ।

(ਫੋਨਕਾਲ-2)

‘‘ਨਮਸਤੇ ਪ੍ਰਧਾਨ ਮੰਤਰੀ ਜੀ! ਮੈਂ ਪ੍ਰੋਮਿਤਾ ਮੁਖਰਜੀ ਬੋਲ ਰਹੀ ਹਾਂ ਮੁੰਬਈ ਤੋਂ। ਸਰ ‘ਮਨ ਕੀ ਬਾਤ’ ਦਾ ਹਰ episode ਡੂੰਘੀ insight ਨਾਲ, ਜਾਣਕਾਰੀ information ਨਾਲ, positive Stories ਨਾਲ ਅਤੇ ਆਮ ਆਦਮੀ ਦੇ ਚੰਗੇ ਕੰਮਾਂ ਦੇ ਨਾਲ ਭਰਿਆ ਹੁੰਦਾ ਹੈ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਹਰ programme ਤੋਂ ਪਹਿਲਾਂ ਤੁਸੀਂ ਕਿੰਨਾ prepare ਕਰਦੇ ਹੋ?’’

(ਫੋਨ ਕਾਲ ਸਮਾਪਤ)

ਫੋਨ ਕਾਲ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਹਾਡਾ ਸਵਾਲ ਇੱਕ ਤਰ੍ਹਾਂ ਨਾਲ ਅਪਣੱਤ ਨਾਲ ਪੁੱਛਿਆ ਸਵਾਲ ਹੈ। ਮੈਂ ਮੰਨਦਾ ਹਾਂ ਕਿ ‘ਮਨ ਕੀ ਬਾਤ’ ਦੇ 50 episode ਦੀ ਸਭ ਤੋਂ ਵੱਡੀ ਸਿੱਧੀ ਇਹੀ ਹੈ ਕਿ ਤੁਸੀਂ ਪ੍ਰਧਾਨ ਮੰਤਰੀ ਨਾਲ ਨਹੀਂ, ਜਿੱਦਾਂ ਆਪਣੇ ਇੱਕ ਨਜ਼ਦੀਕੀ ਸਾਥੀ ਤੋਂ ਸਵਾਲ ਪੁੱਛ ਰਹੇ ਹੋ। ਬਸ, ਇਹੀ ਤਾਂ ਲੋਕਤੰਤਰ ਹੈ। ਤੁਸੀਂ ਜੋ ਸਵਾਲ ਪੁੱਛਿਆ ਹੈ, ਜੇ ਮੈਂ ਸਿੱਧੇ ਸ਼ਬਦਾਂ ਵਿੱਚ ਜਵਾਬ ਦੇਵਾਂ ਤਾਂ ਕਹਾਂਗਾ ਕੁਝ ਵੀ ਨਹੀਂ। actually ‘ਮਨ ਕੀ ਬਾਤ’ ਮੇਰੇ ਲਈ ਬਹੁਤ ਹੀ ਅਸਾਨ ਕੰਮ ਹੈ। ਹਰ ਵਾਰ ‘ਮਨ ਕੀ ਬਾਤ’ ਤੋਂ ਪਹਿਲਾਂ ਲੋਕਾਂ ਦੇ ਪੱਤਰ ਆਉਦੇ ਹਨ। Mygov ਅਤੇ NarendraModiMobileApp ’ਤੇ ਲੋਕ ਆਪਣੇ ਵਿਚਾਰ share ਕਰਦੇ ਹਨ। ਇੱਕ Toll Free Number ਵੀ ਹੈ – 1800117800, ਉੱਥੇ ਕਾਲ ਕਰਕੇ ਲੋਕ ਆਪਣੇ ਸੁਨੇਹੇ ਆਪਣੀ ਅਵਾਜ਼ ਵਿੱਚ record ਵੀ ਕਰਦੇ ਹਨ। ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ‘ਮਨ ਕੀ ਬਾਤ’ ਤੋਂ ਪਹਿਲਾਂ ਜ਼ਿਆਦਾ ਤੋਂ ਜ਼ਿਆਦਾ ਪੱਤਰ ਅਤੇ comments ਖ਼ੁਦ ਪੜ੍ਹਾਂ। ਮੈਂ ਕਾਫੀ ਸਾਰੇ ਫੋਨ ਕਾਲ ਵੀ ਸੁਣਦਾ ਹਾਂ। ਜਿੱਦਾਂ-ਜਿੱਦਾਂ ‘ਮਨ ਕੀ ਬਾਤ’ ਦਾ episode ਨੇੜੇ ਆਉਂਦਾ ਹੈ ਤਾਂ traveling ਦੇ ਦੌਰਾਨ, ਤੁਹਾਡੇ ਵੱਲੋਂ ਭੇਜੇ ਗਏ ideas ਅਤੇ inputs ਨੂੰ ਮੈਂ ਬਹੁਤ ਬਰੀਕੀ ਨਾਲ ਪੜ੍ਹਦਾ ਹਾਂ।

ਹਰ ਪਲ ਮੇਰੇ ਦੇਸ਼ ਵਾਸੀ, ਮੇਰੇ ਮਨ ਵਿੱਚ ਰਚੇ-ਵਸੇ ਰਹਿੰਦੇ ਹਨ ਅਤੇ ਇਸ ਲਈ ਜਦ ਵੀ ਕੋਈ ਪੱਤਰ ਮੈਂ ਪੜ੍ਹਦਾ ਹਾਂ ਤਾਂ ਪੱਤਰ ਲਿਖਣ ਵਾਲੇ ਦੀ ਪ੍ਰਸਥਿਤੀ, ਉਸ ਦੇ ਭਾਵ, ਮੇਰੇ ਵਿਚਾਰ ਦਾ ਹਿੱਸਾ ਬਣ ਜਾਂਦੇ ਹਨ। ਉਹ ਪੱਤਰ ਮੇਰੇ ਲਈ ਸਿਰਫ ਇੱਕ ਕਾਗਜ਼ ਦਾ ਟੁਕੜਾ ਨਹੀਂ ਰਹਿੰਦਾ ਤੇ ਵੈਸੇ ਹੀ ਮੈਂ ਕਰੀਬ 40-45 ਸਾਲ ਅਖੰਡ ਰੂਪ ਨਾਲ ਇੱਕ ਯਾਤਰੂ ਦਾ ਜੀਵਨ ਜੀਵਿਆ ਤੇ ਦੇਸ਼ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਗਿਆ ਹਾਂ ਅਤੇ ਦੇਸ਼ ਦੇ ਦੂਰ-ਦੁਰਾਡੇ ਦੇ ਜ਼ਿਲ੍ਹਿਆਂ ਵਿੱਚ ਮੈਂ ਕਾਫੀ ਸਮਾਂ ਵੀ ਗੁਜਾਰਿਆ ਅਤੇ ਇਸ ਦੇ ਕਾਰਣ ਜਦ ਵੀ ਮੈਂ ਪੱਤਰ ਪੜ੍ਹਦਾ ਹਾਂ ਤਾਂ ਮੈਂ ਉਸ ਸਥਾਨ ਤੇ ਸੰਦਰਭ ਵਿੱਚ ਅਸਾਨੀ ਨਾਲ ਆਪਣੇ ਆਪ ਨੂੰ relate ਕਰ ਪਾਉਦਾ ਹਾਂ। ਫਿਰ ਮੈਂ ਕੁਝ factual ਚੀਜ਼ਾਂ ਨੂੰ, ਜਿਵੇਂ ਪਿੰਡ, ਵਿਅਕਤੀ ਦਾ ਨਾਂ, ਉਨ੍ਹਾਂ ਚੀਜ਼ਾਂ ਨੂੰ ਨੋਟ ਕਰ ਲੈਂਦਾ ਹਾਂ। ਸੱਚ ਪੁੱਛੋ ਤਾਂ ‘ਮਨ ਕੀ ਬਾਤ’ ਵਿੱਚ ਆਵਾਜ਼ ਮੇਰੀ ਹੈ ਪਰ examples, emotions ਅਤੇ spirit ਮੇਰੇ ਦੇਸ਼ ਵਾਸੀਆਂ ਦੀ ਹੀ ਹੈ। ਮੈਂ ‘ਮਨ ਕੀ ਬਾਤ’ ਵਿੱਚ ਯੋਗਦਾਨ ਦੇਣ ਵਾਲੇ ਹਰੇਕ ਵਿਅਕਤੀ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ। ਅਜਿਹੇ ਲੱਖਾਂ ਲੋਕ ਹਨ, ਜਿਨ੍ਹਾਂ ਦਾ ਨਾਮ ਮੈਂ ਅੱਜ ਤੱਕ ‘ਮਨ ਕੀ ਬਾਤ’ ਵਿੱਚ ਨਹੀਂ ਲੈ ਪਾਇਆ ਪਰ ਉਹ ਬਿਨਾਂ ਨਿਰਾਸ਼ ਹੋਏ ਆਪਣੇ ਪੱਤਰ, ਆਪਣੇ comments ਭੇਜਦੇ ਹਨ – ਤੁਹਾਡੇ ਵਿਚਾਰ, ਤੁਹਾਡੀਆਂ ਭਾਵਨਾਵਾਂ ਮੇਰੇ ਜੀਵਨ ਵਿੱਚ ਬਹੁਤ ਹੀ ਮਹੱਤਵ ਰੱਖਦੀਆਂ ਹਨ। ਮੈਨੂੰ ਪੂਰਾ ਯਕੀਨ ਹੈ ਕਿ ਤੁਹਾਡੇ ਸਾਰਿਆਂ ਦੀਆਂ ਗੱਲਾਂ ਪਹਿਲਾਂ ਤੋਂ ਕਈ ਗੁਣਾ ਜ਼ਿਆਦਾ ਮੈਨੂੰ ਮਿਲਣਗੀਆਂ ਅਤੇ ‘ਮਨ ਕੀ ਬਾਤ’ ਨੂੰ ਹੋਰ ਵੀ ਰੌਚਕ ਅਤੇ ਪ੍ਰਭਾਵੀ ਤੇ ਉਪਯੋਗੀ ਬਣਾਉਣਗੀਆਂ। ਇਹ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜੋ ਪੱਤਰ ‘ਮਨ ਕੀ ਬਾਤ’ ਵਿੱਚ ਸ਼ਾਮਲ ਨਹੀਂ ਹੋਏ, ਉਨ੍ਹਾਂ ਪੱਤਰਾਂ ਤੇ ਸੁਝਾਵਾਂ ਤੇ ਸਬੰਧਿਤ ਅਦਾਰੇ ਵੀ ਧਿਆਨ ਦੇਣ। ਮੈਂ ਆਕਾਸ਼ਵਾਣੀ , ਐੱਫ. ਐੱਮ. ਰੇਡੀਓ, ਦੂਰਦਰਸ਼ਨ, ਹੋਰ TV channels, social media ਦੇ ਆਪਣੇ ਸਾਥੀਆਂ ਨੂੰ ਵੀ ਮੈਂ ਧੰਨਵਾਦ ਦੇਣਾ ਚਾਹੁੰਦਾ ਹਾਂ। ਉਨ੍ਹਾਂ ਦੀ ਮਿਹਨਤ ਨਾਲ ‘ਮਨ ਕੀ ਬਾਤ’ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਪਾਉਂਦੀ ਹੈ। ਅਕਾਸ਼ਵਾਣੀ ਦੀ ਟੀਮ ਹਰ ਐਪੀਸੋਡ ਨੂੰ ਬਹੁਤ ਸਾਰੀਆਂ ਭਾਸ਼ਾਵਾਂ ’ਚ ਪ੍ਰਸਾਰਣ ਕਰਨ ਲਈ ਤਿਆਰ ਰਹਿੰਦੀ ਹੈ। ਕੁਝ ਲੋਕ ਬਖੂਬੀ regional languages ਵਿੱਚ, ਮੋਦੀ ਨਾਲ ਮਿਲਦੀ-ਜੁਲਦੀ ਅਵਾਜ਼ ਵਿੱਚ ਅਤੇ ਉਸੇ ਲਹਿਜੇ ਵਿੱਚ ‘ਮਨ ਕੀ ਬਾਤ’ ਸੁਣਾਉਂਦੇ ਹਨ। ਇਸ ਤਰ੍ਹਾਂ ਨਾਲ ਉਹ ਉਨ੍ਹਾਂ 30 ਮਿੰਟਾਂ ਦੇ ਲਈ ਨਰਿੰਦਰ ਮੋਦੀ ਹੀ ਬਣ ਜਾਂਦੇ ਹਨ। ਮੈਂ ਉਨ੍ਹਾਂ ਲੋਕਾਂ ਨੂੰ ਵੀ, ਉਨ੍ਹਾਂ ਦੇ talent ਅਤੇ skills ਦੇ ਲਈ ਵਧਾਈ ਦਿੰਦਾ ਹਾਂ, ਧੰਨਵਾਦ ਦਿੰਦਾ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਇਸ ਪ੍ਰੋਗਰਾਮ ਨੂੰ ਆਪਣੀਆਂ ਖੇਤਰੀ ਭਾਸ਼ਾਵਾਂ ਵਿੱਚ ਵੀ ਜ਼ਰੂਰ ਸੁਣੋ। ਮੈਂ media ਦੇ ਆਪਣੇ ਉਨ੍ਹਾਂ ਸਾਥੀਆਂ ਨੂੰ ਦਿਲੋਂ ਧੰਨਵਾਦ ਦੇਣਾ ਚਾਹੁੰਦਾ ਹਾਂ ਜੋ ਆਪਣੇ channels ’ਤੇ ‘ਮਨ ਕੀ ਬਾਤ’ ਦਾ ਹਰ ਵਾਰ ਨਿਯਮਿਤ ਰੂਪ ਨਾਲ ਪ੍ਰਸਾਰਣ ਕਰਦੇ ਹਨ। ਕੋਈ ਵੀ ਰਾਜਨੀਤਕ ਵਿਅਕਤੀ media ਤੋਂ ਕਦੇ ਵੀ ਖੁਸ਼ ਨਹੀਂ ਹੁੰਦਾ, ਉਸ ਨੂੰ ਲੱਗਦਾ ਹੈ ਕਿ ਉਹਨੂੰ ਬਹੁਤ ਘੱਟ coverage ਮਿਲਦੀ ਹੈ ਜਾਂ ਜੋ coverage ਮਿਲਦੀ ਹੈ, ਉਹ negative ਹੁੰਦੀ ਹੈ, ਪਰ ‘ਮਨ ਕੀ ਬਾਤ’ ਵਿੱਚ ਚੁੱਕੇ ਗਏ ਕਈ ਵਿਸ਼ਿਆਂ ਨੂੰ media ਨੇ ਆਪਣਾ ਬਣਾ ਲਿਆ। ਸਵੱਛਤਾ, ਸੜਕ ਸੁਰੱਖਿਆ, drugs free India, selfie with daughter ਵਰਗੇ ਕਈ ਵਿਸ਼ੇ ਹਨ, ਜਿਨ੍ਹਾਂ ਨੂੰ media ਨੇ innovative ਤਰੀਕੇ ਨਾਲ ਇੱਕ ਅਭਿਆਨ ਦਾ ਰੂਪ ਦੇ ਕੇ ਅੱਗੇ ਵਧਾਉਣ ਦਾ ਕੰਮ ਕੀਤਾ ਹੈ। TV channels ਨੇ ਇਸ ਨੂੰ most watched radio programme ਬਣਾ ਦਿੱਤਾ। ਮੈਂ Media ਦਾ ਦਿਲ ਤੋਂ ਧੰਨਵਾਦ ਕਰਦਾ ਹਾਂ। ਤੁਹਾਡੇ ਸਹਿਯੋਗ ਤੋਂ ਬਿਨਾਂ ‘ਮਨ ਕੀ ਬਾਤ’ ਦੀ ਇਹ ਯਾਤਰਾ ਅਧੂਰੀ ਹੀ ਰਹਿੰਦੀ।

(ਫੋਨ ਕਾਲ-3)

‘‘ਨਮਸਤੇ ਮੋਦੀ ਜੀ! ਮੈਂ ਨਿਧੀ ਬਹੁਗੁਣਾ ਬੋਲ ਰਹੀ ਹਾਂ ਮਸੂਰੀ, ਉਤਰਾਖੰਡ ਤੋਂ। ਮੈਂ 2 ਜਵਾਨ ਬੱਚਿਆਂ ਦੀ ਮਾਂ ਹਾਂ। ਮੈਂ ਅਕਸਰ ਇਹ ਵੇਖਿਆ ਹੈ ਕਿ ਅਕਸਰ ਇਸ ਉਮਰ ਵਿੱਚ ਬੱਚੇ ਇਹ ਪਸੰਦ ਨਹੀਂ ਕਰਦੇ ਕਿ ਉਨ੍ਹਾਂ ਨੂੰ ਕੋਈ ਦੱਸੇ ਕਿ ਉਨ੍ਹਾਂ ਨੇ ਕੀ ਕਰਨਾ ਹੈ? ਭਾਵੇਂ ਉਹ Teacher ਹੋਣ ਜਾਂ ਉਨ੍ਹਾਂ ਦੇ ਮਾਤਾ-ਪਿਤਾ ਹੋਣ ਪਰ ਜਦੋਂ ਤੁਹਾਡੀ ‘ਮਨ ਕੀ ਬਾਤ’ ਹੁੰਦੀ ਹੈ ਤੇ ਤੁਸੀਂ ਬੱਚਿਆਂ ਨੂੰ ਕੁਝ ਕਹਿੰਦੇ ਹੋ ਤਾਂ ਉਹ ਦਿਲ ਨਾਲ ਸਮਝਦੇ ਹਨ ਤੇ ਉਸ ਗੱਲ ਨੂੰ ਕਰਦੇ ਵੀ ਹਨ ਤਾਂ ਤੁਸੀਂ ਸਾਡੇ ਨਾਲ ਇਸ Secret ਨੂੰ Share ਕਰੋਗੇ? ਕੀ ਜਿਸ ਤਰ੍ਹਾਂ ਤੁਸੀਂ ਬੋਲਦੇ ਹੋ ਜਾਂ ਜੋ ਤੁਸੀਂ Issue ਚੁੱਕਦੇ ਹੋ, ਕੀ ਉਹ ਬੱਚੇ ਚੰਗੀ ਤਰ੍ਹਾਂ ਸਮਝ ਕੇ implement ਕਰਦੇ ਹਨ। ਧੰਨਵਾਦ।’’

(ਫੋਨਕਾਲ ਸਮਾਪਤ)

ਨਿਧੀ ਜੀ ਤੁਹਾਡੇ ਫੋਨ ਕਾਲ ਲਈ ਬਹੁਤ-ਬਹੁਤ ਧੰਨਵਾਦ। ਦਰਅਸਲ ਮੈਂ ਕਹਾਂ ਤਾਂ ਮੇਰੇ ਕੋਲ ਕੋਈ secret ਨਹੀਂ ਹੈ। ਜੋ ਮੈਂ ਕਰ ਰਿਹਾ ਹਾਂ, ਉਹ ਸਭ ਪਰਿਵਾਰਾਂ ਵਿੱਚ ਵੀ ਹੁੰਦਾ ਹੋਵੇਗਾ, ਸਰਲ ਭਾਸ਼ਾ ਵਿੱਚ ਕਹਾਂ ਤਾਂ ਮੈਂ ਆਪਣੇ ਆਪ ਨੂੰ ਉਸ ਨੌਜਵਾਨ ਦੇ ਅੰਦਰ ਢਾਲ ਲੈਣ ਦਾ ਯਤਨ ਕਰਦਾ ਹਾਂ। ਖੁਦ ਨੂੰ ਉਨ੍ਹਾਂ ਦੀਆਂ ਪ੍ਰਸਥਿਤੀਆਂ ਵਿੱਚ ਰੱਖ ਕੇ ਉਨ੍ਹਾਂ ਦੇ ਵਿਚਾਰਾਂ ਦੇ ਨਾਲ ਇੱਕ ਤਾਲਮੇਲ ਬਿਠਾਉਣ, ਇੱਕ wave length match ਕਰਨ ਦੀ ਕੋਸ਼ਿਸ਼ ਕਰਦਾ ਹਾਂ। ਸਾਡੇ ਖ਼ੁਦ ਦੀ ਜ਼ਿੰਦਗੀ ਦੇ ਉਹ ਪੁਰਾਣੇ baggages ਹਨ, ਜਦ ਉਹ ਵਿੱਚ ਨਹੀਂ ਆਉਂਦੇ ਤਾਂ ਕਿਸੇ ਨੂੰ ਸਮਝਣਾ ਅਸਾਨ ਹੋ ਜਾਂਦਾ ਹੈ। ਕਦੇ-ਕਦੇ ਸਾਡੀਆਂ ਪੁਰਾਣੀਆਂ ਵਿਚਾਰਧਾਰਾਵਾਂ ਹੀ ਸੰਵਾਦ ਦੇ ਲਈ ਸਭ ਤੋਂ ਵੱਡਾ ਸੰਕਟ ਬਣ ਜਾਂਦੀਆਂ ਹਨ। ਸਵੀਕਾਰ, ਅਸਵੀਕਾਰ ਅਤੇ ਪ੍ਰਤੀਕਿਰਿਆਵਾਂ ਦੀ ਬਜਾਏ ਕਿਸੇ ਦੀ ਗੱਲ ਨੂੰ ਸਮਝਣਾ ਮੇਰੀ ਪਹਿਲ ਰਹੀ ਹੈ। ਮੇਰਾ ਤਜਰਬਾ ਰਿਹਾ ਹੈ ਕਿ ਇੱਦਾਂ ਦੇ ਹਾਲਾਤ ਵਿੱਚ ਸਾਹਮਣੇ ਵਾਲਾ ਵੀ ਸਾਨੂੰ convince ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਤਰਕ ਜਾਂ ਦਬਾਅ ਬਣਾਉਣ ਦੀ ਬਜਾਏ ਸਾਡੀ wave length ’ਤੇ ਆਉਣ ਦਾ ਯਤਨ ਕਰਦਾ ਹੈ। ਇਸ ਲਈ communication gap ਖਤਮ ਹੋ ਜਾਂਦਾ ਹੈ ਤੇ ਫਿਰ ਇੱਕ ਤਰ੍ਹਾਂ ਨਾਲ ਉਸ ਵਿਚਾਰ ਦੇ ਨਾਲ ਅਸੀਂ ਦੋਵੇਂ ਇੱਕ-ਮਿਕ ਹੋ ਜਾਂਦੇ ਹਾਂ। ਦੋਨਾਂ ਵਿੱਚ ਇਹ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਤੇ ਕਿੱਦਾਂ ਇੱਕ ਨੇ ਆਪਣਾ ਵਿਚਾਰ ਛੱਡ ਕੇ ਦੂਜੇ ਨੂੰ ਸਵੀਕਾਰ ਕਰ ਲਿਆ – own ਕਰ ਲਿਆ। ਅੱਜ ਦੇ ਨੌਜਵਾਨਾਂ ਦੀ ਇਹੀ ਖ਼ੂਬੀ ਹੈ ਕਿ ਉਹ ਇੱਦਾਂ ਦਾ ਕੁਝ ਵੀ ਨਹੀਂ ਕਰਨਗੇ, ਜਿਸ ’ਤੇ ਖ਼ੁਦ ਉਨ੍ਹਾਂ ਨੂੰ ਵਿਸ਼ਵਾਸ ਨਾ ਹੋਵੇ ਅਤੇ ਜਦੋਂ ਉਹ ਕਿਸੇ ਚੀਜ਼ ’ਤੇ ਵਿਸ਼ਵਾਸ ਕਰਦੇ ਹਨ ਤਾਂ ਫਿਰ ਉਸ ਲਈ ਸਭ ਕੁਝ ਛੱਡ-ਛਡਾ ਕੇ ਉਸ ਦੇ ਪਿੱਛੇ ਲੱਗ ਜਾਂਦੇ ਹਨ। ਅਕਸਰ ਲੋਕ ਪਰਿਵਾਰਾਂ ਵਿੱਚ ਵੱਡਿਆਂ ਤੇ teenagers ਦੇ ਵਿੱਚ communication gap ਦੀ ਚਰਚਾ ਕਰਦੇ ਹਨ। ਦਰਅਸਲ ਜ਼ਿਆਦਾਤਰ ਪਰਿਵਾਰਾਂ ਵਿੱਚ teenagers ਨਾਲ ਗੱਲਬਾਤ ਦਾ ਦਾਇਰਾ ਬੜਾ ਸੀਮਤ ਹੁੰਦਾ ਹੈ। ਜ਼ਿਆਦਾਤਰ ਸਮਾਂ ਪੜ੍ਹਾਈ ਦੀਆਂ ਗੱਲਾਂ ਜਾਂ ਫਿਰ ਆਦਤਾਂ ਅਤੇ ਫਿਰ life style ਨੂੰ ਲੈ ਕੇ ‘ਇੱਦਾਂ ਕਰ – ਇੱਦਾਂ ਨਾ ਕਰ’, ਬਿਨਾਂ ਕਿਸੇ ਉਮੀਦ ਦੇ ਖੁੱਲ੍ਹੇ ਮਨ ਨਾਲ ਗੱਲਾਂ, ਹੌਲੀ-ਹੌਲੀ ਪਰਿਵਾਰ ਵਿੱਚ ਵੀ ਬਹੁਤ ਘੱਟ ਹੁੰਦੀਆਂ ਜਾ ਰਹੀਆਂ ਹਨ ਅਤੇ ਇਹ ਚਿੰਤਾ ਦਾ ਵਿਸ਼ਾ ਹੈ।

Expect ਦੀ ਜਗ੍ਹਾ accept ਅਤੇ dismiss ਕਰਨ ਦੀ ਬਜਾਏ discuss ਕਰਨ ਨਾਲ ਸੰਵਾਦ ਪ੍ਰਭਾਵੀ ਬਣੇਗਾ। ਅਲੱਗ-ਅਲੱਗ ਪ੍ਰੋਗਰਾਮਾਂ ਜਾਂ ਫਿਰ social media ਦੇ ਮਾਧਿਅਮ ਨਾਲ, ਨੌਜਵਾਨਾਂ ਦੇ ਨਾਲ ਲਗਾਤਾਰ ਗੱਲਬਾਤ ਕਰਨ ਦਾ ਮੇਰਾ ਯਤਨ ਰਹਿੰਦਾ ਹੈ। ਉਹ ਜੋ ਕਰ ਰਹੇ ਹਨ ਜਾਂ ਕੀ ਸੋਚ ਰਹੇ ਹਨ, ਉਸ ਤੋਂ ਸਿੱਖਣ ਦਾ ਮੈਂ ਹਮੇਸ਼ਾ ਯਤਨ ਕਰਦਾ ਰਹਿੰਦਾ ਹਾਂ। ਉਨ੍ਹਾਂ ਦੇ ਕੋਲ ਹਮੇਸ਼ਾ Ideas ਦਾ ਭੰਡਾਰ ਹੁੰਦਾ ਹੈ। ਉਹ ਬਹੁਤ ਹੀ ਜ਼ਿਆਦਾ energetic, innovative ਅਤੇ focussed ਹੁੰਦੇ ਹਨ। ‘ਮਨ ਕੀ ਬਾਤ’ ਦੇ ਮਾਧਿਅਮ ਨਾਲ ਮੈਂ ਨੌਜਵਾਨਾਂ ਦੇ ਉਪਰਾਲਿਆਂ ਨੂੰ, ਉਨ੍ਹਾਂ ਦੀਆਂ ਗੱਲਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਾਂਝਾ ਕਰਨ ਦਾ ਯਤਨ ਕਰਦਾ ਹਾਂ। ਅਕਸਰ ਸ਼ਿਕਾਇਤ ਹੁੰਦੀ ਹੈ ਕਿ ਨੌਜਵਾਨ ਬਹੁਤ ਜ਼ਿਆਦਾ ਸਵਾਲ ਕਰਦੇ ਹਨ। ਮੈਂ ਕਹਿੰਦਾ ਹਾਂ ਕਿ ਚੰਗਾ ਹੈ ਕਿ ਨੌਜਵਾਨ ਸਵਾਲ ਕਰਦੇ ਹਨ। ਇਹ ਚੰਗੀ ਗੱਲ ਇਸ ਲਈ ਹੈ, ਕਿਉਂਕਿ ਇਸ ਦਾ ਮਤਲਬ ਇਹ ਹੋਇਆ ਕਿ ਉਹ ਸਾਰੀਆਂ ਚੀਜ਼ਾਂ ਦੀ ਜੜ੍ਹ ਤੋਂ ਛਾਣਬੀਣ ਕਰਨਾ ਚਾਹੁੰਦੇ ਹਨ। ਕੁਝ ਲੋਕ ਕਹਿੰਦੇ ਹਨ ਕਿ ਨੌਜਵਾਨਾਂ ਵਿੱਚ ਸਬਰ ਨਹੀਂ ਹੁੰਦਾ, ਪਰ ਮੇਰਾ ਇਹ ਮੰਨਣਾ ਹੈ ਕਿ ਨੌਜਵਾਨਾਂ ਦੇ ਕੋਲ ਬਰਬਾਦ ਕਰਨ ਲਈ ਸਮਾਂ ਨਹੀਂ ਹੈ। ਇਹੀ ਉਹ ਚੀਜ਼ ਹੈ ਜੋ ਅੱਜ ਦੇ ਨੌਜਵਾਨਾਂ ਨੂੰ ਜ਼ਿਆਦਾ innovative ਬਣਨ ਵਿੱਚ ਮਦਦ ਕਰਦੀ ਹੈ, ਕਿਉਂਕਿ ਉਹ ਚੀਜ਼ਾਂ ਨੂੰ ਤੇਜ਼ੀ ਨਾਲ ਕਰਨਾ ਚਾਹੁੰਦੇ ਹਨ। ਸਾਨੂੰ ਲੱਗਦਾ ਹੈ ਕਿ ਅੱਜ ਦੇ ਨੌਜਵਾਨ ਬਹੁਤ ਮਹੱਤਵਾਅਕਾਂਖੀ ਹਨ ਅਤੇ ਬਹੁਤ ਵੱਡੀਆਂ-ਵੱਡੀਆਂ ਚੀਜ਼ਾਂ ਸੋਚਦੇ ਹਨ, ਚੰਗਾ ਹੈ। ਵੱਡੇ ਸੁਪਨੇ ਦੇਖਣ ਤੇ ਵੱਡੀਆਂ ਸਫਲਤਾਵਾਂ ਨੂੰ ਹਾਸਲ ਕਰਨ। ਆਖਿਰ ਇਹੀ ਤਾਂ New India ਹੈ। ਕੁਝ ਲੋਕ ਕਹਿੰਦੇ ਹਨ ਕਿ ਯੁਵਾ ਪੀੜ੍ਹੀ ਇੱਕ ਹੀ ਵੇਲੇ ਵਿੱਚ ਕਈ ਚੀਜ਼ਾਂ ਕਰਨਾ ਚਾਹੁੰਦੀ ਹੈ। ਮੈਂ ਕਹਿੰਦਾ ਹਾਂ ਕਿ ਇਸ ਵਿੱਚ ਬੁਰਾਈ ਕੀ ਹੈ? ਉਹ Multi Tasking ਵਿੱਚ ਨਿਪੁੰਨ ਹਨ, ਇਸ ਲਈ ਇੱਦਾਂ ਕਰਦੇ ਹਨ। ਜੇ ਅਸੀਂ ਆਸ-ਪਾਸ ਨਜ਼ਰ ਦੌੜਾਈਏ, ਉਹ ਚਾਹੇ Social Enterpreneurship ਹੋਵੇ, Start-ups ਹੋਣ, Sports ਹੋਣ ਤੇ ਜਾਂ ਫਿਰ ਕੋਈ ਹੋਰ ਖੇਤਰ। ਸਮਾਜ ਵਿੱਚ ਵੱਡਾ ਬਦਲਾਅ ਲਿਆਉਣ ਵਾਲੇ ਯੁਵਕ ਹੀ ਹਨ। ਉਹ ਯੁਵਕ, ਜਿਨ੍ਹਾਂ ਨੇ ਸਵਾਲ ਪੁੱਛਣੇ ਅਤੇ ਵੱਡੇ ਸੁਪਨੇ ਦੇਖਣ ਦਾ ਸਾਹਸ ਦਿਖਾਇਆ। ਜੇ ਅਸੀਂ ਯੁਵਕਾਂ ਦੇ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾ ਦਈਏ ਅਤੇ ਉਨ੍ਹਾਂ ਦਾ ਪ੍ਰਗਟਾਵਾ ਕਰਨ ਲਈ ਖੁੱਲ੍ਹਾ ਵਾਤਾਵਰਣ ਦੇਈਏ ਤਾਂ ਦੇਸ਼ ਵਿੱਚ ਹਾਂ-ਪੱਖੀ ਬਦਲਾਅ ਲਿਆਂਦੇ ਜਾ ਸਕਦੇ ਹਨ, ਉਹ ਅਜਿਹਾ ਕਰ ਵੀ ਰਹੇ ਹਨ।

ਮੇਰੇ ਪਿਆਰੇ ਦੇਸ਼ ਵਾਸੀਓ। ਗੁਰੂਗ੍ਰਾਮ ਤੋਂ ਵਿਨੀਤਾ ਜੀ ਨੇ MyGov ’ਤੇ ਲਿਖਿਆ ਹੈ ਕਿ ‘ਮਨ ਕੀ ਬਾਤ’ ਵਿੱਚ ਮੈਨੂੰ ਕੱਲ੍ਹ ਯਾਨੀ 26 ਨਵੰਬਰ ਨੂੰ ਆਉਣ ਵਾਲੇ ਸੰਵਿਧਾਨ ਦਿਵਸ ਦੇ ਬਾਰੇ ਵਿੱਚ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਦਿਨ ਵਿਸ਼ੇਸ਼ ਹੈ, ਕਿਉਂਕਿ ਅਸੀਂ ਸੰਵਿਧਾਨ ਨੂੰ ਅਪਣਾਉਣ ਦੇ 70ਵੇਂ ਵਰੇ ਵਿੱਚ ਦਾਖਲ ਹੋਣ ਵਾਲੇ ਹਾਂ। ਵਿਨੀਤਾ ਜੀ! ਤੁਹਾਡਾ ਇਸ ਸੁਝਾਅ ਲਈ ਬਹੁਤ-ਬਹੁਤ ਧੰਨਵਾਦ।

ਹਾਂ, ਕੱਲ੍ਹ ਸੰਵਿਧਾਨ ਦਿਵਸ ਹੈ। ਉਨ੍ਹਾਂ ਮਹਾਨ ਸ਼ਖ਼ਸੀਅਤਾਂ ਨੂੰ ਯਾਦ ਕਰਨ ਦਾ ਦਿਨ, ਜਿਨ੍ਹਾਂ ਨੇ ਸਾਡਾ ਸੰਵਿਧਾਨ ਬਣਾਇਆ। 26 ਨਵੰਬਰ, 1949 ਨੂੰ ਸਾਡੇ ਸੰਵਿਧਾਨ ਨੂੰ ਅਪਣਾਇਆ ਗਿਆ ਸੀ। ਸੰਵਿਧਾਨ draft ਕਰਨ ਦੇ ਇਸ ਇਤਿਹਾਸਕ ਕਾਰਜ ਨੂੰ ਪੂਰਾ ਕਰਨ ਵਿੱਚ ਸੰਵਿਧਾਨ ਸਭਾ ਨੂੰ 2 ਸਾਲ 11 ਮਹੀਨੇ ਤੇ 17 ਦਿਨ ਲੱਗੇ। ਕਲਪਨਾ ਕਰੋ, ਤਿੰਨ ਸਾਲ ਦੇ ਅੰਦਰ ਹੀ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਨੇ ਸਾਨੂੰ ਇੰਨਾ ਵਿਆਪਕ ਅਤੇ ਵਿਸਤ੍ਰਿਤ ਸੰਵਿਧਾਨ ਦਿੱਤਾ। ਇਨ੍ਹਾਂ ਨੇ ਜਿਸ ਅਸਧਾਰਣ ਗਤੀ ਨਾਲ ਸੰਵਿਧਾਨ ਦਾ ਨਿਰਮਾਣ ਕੀਤਾ, ਉਹ ਅੱਜ ਵੀ Time Management ਅਤੇ Productivity ਦਾ ਇੱਕ ਉਦਾਹਰਣ ਹੈ। ਇਹ ਸਾਨੂੰ ਵੀ, ਆਪਣੇ ਫ਼ਰਜ਼ਾਂ ਨੂੰ Record ਸਮੇਂ ਵਿੱਚ ਪੂਰਾ ਕਰਨ ਲਈ ਪ੍ਰੇਰਿਤ ਕਰਦਾ ਹੈ। ਸੰਵਿਧਾਨ ਸਭਾ ਦੇਸ਼ ਦੀਆਂ ਮਹਾਨ ਪ੍ਰਤਿਭਾਵਾਂ ਦਾ ਸੰਗਮ ਸੀ। ਉਨ੍ਹਾਂ ਵਿੱਚੋਂ ਹਰ ਕੋਈ ਆਪਣੇ ਦੇਸ਼ ਨੂੰ ਇੱਕ ਅਜਿਹਾ ਸੰਵਿਧਾਨ ਦੇਣ ਦੇ ਲਈ ਪ੍ਰਤੀਬੱਧ ਸੀ, ਜਿਸ ਨਾਲ ਭਾਰਤ ਦੇ ਲੋਕ ਸਸ਼ਕਤ ਹੋਣ। ਗ਼ਰੀਬ ਤੋਂ ਗ਼ਰੀਬ ਵਿਅਕਤੀ ਵੀ ਸਮਰੱਥ ਬਣੇ।

ਸਾਡੇ ਸੰਵਿਧਾਨ ਵਿੱਚ ਖ਼ਾਸ ਗੱਲ ਇਹੀ ਹੈ ਕਿ ਅਧਿਕਾਰਾਂ ਅਤੇ ਫਰਜ਼ਾਂ ਯਾਨੀ Rights and Duties ਇਸ ਦੇ ਬਾਰੇ ਵਿੱਚ ਵਿਸਥਾਰ ਨਾਲ ਵਰਨਣ ਕੀਤਾ ਗਿਆ ਹੈ। ਨਾਗਰਿਕ ਦੇ ਜੀਵਨ ਵਿੱਚ ਇਨ੍ਹਾਂ ਦੋਵਾਂ ਦਾ ਤਾਲਮੇਲ ਦੇਸ਼ ਨੂੰ ਅੱਗੇ ਲੈ ਜਾਏਗਾ। ਜੇ ਅਸੀਂ ਦੂਜਿਆਂ ਦੇ ਅਧਿਕਾਰਾਂ ਦਾ ਸਨਮਾਨ ਕਰਾਂਗੇ ਤਾਂ ਸਾਡੇ ਅਧਿਕਾਰਾਂ ਦੀ ਰੱਖਿਆ ਆਪਣੇ ਆਪ ਹੋ ਜਾਵੇਗੀ ਅਤੇ ਇਸੇ ਤਰ੍ਹਾਂ ਜੇ ਅਸੀਂ ਸੰਵਿਧਾਨ ਵਿੱਚ ਦਿੱਤੇ ਆਪਣੇ ਫ਼ਰਜ਼ਾਂ ਦਾ ਪਾਲਣ ਕਰਾਂਗੇ ਤਾਂ ਵੀ ਸਾਡੇ ਅਧਿਕਾਰਾਂ ਦੀ ਰੱਖਿਆ ਆਪਣੇ ਆਪ ਹੋ ਜਾਵੇਗੀ। ਮੈਨੂੰ ਹੁਣ ਵੀ ਯਾਦ ਹੈ 2010 ਵਿੱਚ ਜਦ ਭਾਰਤ ਦੇ ਗਣਤੰਤਰ ਨੂੰ 60 ਸਾਲ ਹੋਏ ਸਨ, ਉਦੋਂ ਗੁਜਰਾਤ ਵਿੱਚ ਅਸੀਂ ਹਾਥੀ ’ਤੇ ਰੱਖ ਕੇ ਸੰਵਿਧਾਨ ਦੀ ਸ਼ੋਭਾ ਯਾਤਰਾ ਕੱਢੀ ਸੀ। ਯੁਵਕਾਂ ਵਿੱਚ ਸੰਵਿਧਾਨ ਦੇ ਬਾਰੇ ਵਿੱਚ ਜਾਗਰੂਕਤਾ ਵਧਾਉਣ ਲਈ ਅਤੇ ਉਨ੍ਹਾਂ ਨੂੰ ਸੰਵਿਧਾਨ ਦੇ ਪਹਿਲੂਆਂ ਨਾਲ ਜੋੜਨ ਵਾਸਤੇ ਇਹ ਇਕ ਯਾਦਗਾਰੀ ਮੌਕਾ ਸੀ। ਸਾਲ 2020 ਵਿੱਚ ਇਕ ਗਣਤੰਤਰ ਦੇ ਰੂਪ ਵਿੱਚ ਅਸੀਂ 70 ਸਾਲ ਪੂਰੇ ਕਰ ਲਵਾਂਗੇ ਅਤੇ 2022 ਵਿੱਚ ਸਾਡੀ ਆਜ਼ਾਦੀ ਦੇ 75 ਸਾਲ ਪੂਰੇ ਹੋ ਜਾਣਗੇ।

ਆਓ! ਅਸੀਂ ਸਾਰੇ ਆਪਣੇ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਨੂੰ ਅੱਗੇ ਵਧਾਈਏ ਅਤੇ ਆਪਣੇ ਦੇਸ਼ ਵਿੱਚ , Peace, Progression ਅਤੇ Prosperity ਯਾਨੀ ਸ਼ਾਂਤੀ, ਉੱਨਤੀ ਅਤੇ ਖੁਸ਼ਹਾਲੀ ਨੂੰ ਸੁਨਿਸ਼ਚਿਤ ਕਰੀਏ।

ਮੇਰੇ ਪਿਆਰੇ ਦੇਸ਼ ਵਾਸੀਓ! ਸੰਵਿਧਾਨ ਸਭਾ ਦੇ ਬਾਰੇ ਵਿੱਚ ਗੱਲ ਕਰਦਿਆਂ ਉਸ ਮਹਾਂਪੁਰਖ ਦਾ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਜੋ ਸੰਵਿਧਾਨ ਸਭਾ ਦੇ ਕੇਂਦਰ ਵਿੱਚ ਰਹੇ। ਇਹ ਮਹਾਂਪੁਰਸ਼ ਸਨ, ਪੂਜਨੀਕ ਡਾ. ਬਾਬਾ ਸਾਹਿਬ ਅੰਬੇਡਕਰ। 6 ਦਸੰਬਰ ਨੂੰ ਉਨ੍ਹਾਂ ਦਾ ਮਹਾ-ਪਰਿਨਿਰਵਾਣ ਦਿਵਸ ਹੈ। ਮੈਂ ਸਾਰੇ ਦੇਸ਼ ਵਾਸੀਆਂ ਵੱਲੋਂ ਬਾਬਾ ਸਾਹਿਬ ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਨੇ ਕਰੋੜਾਂ ਭਾਰਤੀਆਂ ਨੂੰ ਮਾਣ ਨਾਲ ਜੀਣ ਦਾ ਅਧਿਕਾਰ ਦਿੱਤਾ। ਲੋਕਤੰਤਰ ਬਾਬਾ ਸਾਹਿਬ ਦੇ ਸੁਭਾਅ ਵਿੱਚ ਰਚਿਆ ਵੱਸਿਆ ਸੀ ਅਤੇ ਉਹ ਕਹਿੰਦੇ ਸਨ ਕਿ ਭਾਰਤ ਦੀਆਂ ਲੋਕਤਾਂਤਰਿਕ ਕਦਰਾਂ ਕੀਮਤਾਂ ਕਿਤੇ ਬਾਹਰੋਂ ਨਹੀਂ ਆਈਆਂ ਹਨ। ਗਣਤੰਤਰ ਕੀ ਹੁੰਦਾ ਹੈ ਅਤੇ ਸੰਸਦੀ ਵਿਵਸਥਾ ਕੀ ਹੁੰਦੀ ਹੈ ਇਹ ਭਾਰਤ ਦੇ ਲਈ ਕੋਈ ਨਵੀਂ ਗੱਲ ਨਹੀਂ ਹੈ। ਸੰਵਿਧਾਨ ਸਭਾ ਵਿੱਚ ਉਨ੍ਹਾਂ ਨੇ ਇੱਕ ਬਹੁਤ ਭਾਵੁਕ ਅਪੀਲ ਕੀਤੀ ਸੀ ਕਿ ਇੰਨੇ ਸੰਘਰਸ਼ ਤੋਂ ਬਾਅਦ ਮਿਲੀ ਅਜ਼ਾਦੀ ਦੀ ਰੱਖਿਆ ਅਸੀਂ ਆਪਣੇ ਖੂਨ ਦੀ ਆਖ਼ਰੀ ਬੂੰਦ ਤੱਕ ਕਰਨੀ ਹੈ। ਉਹ ਇਹ ਵੀ ਕਹਿੰਦੇ ਸਨ ਕਿ ਅਸੀਂ ਭਾਰਤੀ ਭਾਵੇਂ ਅਲੱਗ-ਅਲੱਗ background ਦੇ ਹੋਈਏ, ਪਰ ਸਾਨੂੰ ਸਾਰੀਆਂ ਚੀਜ਼ਾਂ ਤੋਂ ਉੱਪਰ ਦੇਸ਼ਹਿਤ ਨੂੰ ਰੱਖਣਾ ਹੋਵੇਗਾ। India First – ਡਾ. ਬਾਬਾ ਸਾਹਿਬ ਅੰਬੇਡਕਰ ਦਾ ਇਹੀ ਮੂਲਮੰਤਰ ਸੀ। ਇੱਕ ਵਾਰ ਫਿਰ ਪੂਜਨੀਕ ਬਾਬਾ ਸਾਹਿਬ ਨੂੰ ਭਾਵਭਿੰਨੀ ਸ਼ਰਧਾਂਜਲੀ।

ਮੇਰੇ ਪਿਆਰੇ ਦੇਸ਼ ਵਾਸੀਓ! ਦੋ ਦਿਨ ਪਹਿਲਾਂ 23 ਨਵੰਬਰ ਨੂੰ ਅਸੀਂ ਸਾਰਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਯੰਤੀ ਮਨਾਈ ਹੈ ਅਤੇ ਅਗਲੇ ਵਰ੍ਹੇ ਯਾਨੀ 2019 ਵਿੱਚ ਅਸੀਂ ਉਨ੍ਹਾਂ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹਾਂ। ਗੁਰੂ ਨਾਨਕ ਦੇਵ ਜੀ ਨੇ ਸਦਾ ਹੀ ਪੂਰੀ ਮਾਨਵਤਾ ਦੇ ਭਲੇ ਲਈ ਸੋਚਿਆ। ਉਨ੍ਹਾਂ ਨੇ ਸਮਾਜ ਨੂੰ ਹਮੇਸ਼ਾ ਸੱਚ, ਕਰਮ, ਸੇਵਾ, ਦਇਆ ਅਤੇ ਆਪਸੀ ਭਾਈਚਾਰੇ ਦਾ ਮਾਰਗ ਦਿਖਾਇਆ। ਦੇਸ਼ ਅਗਲੇ ਵਰ੍ਹੇ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਯੰਤੀ ਸਮਾਰੋਹ ਨੂੰ ਵਿਸ਼ਾਲ ਰੂਪ ਵਿੱਚ ਮਨਾਏਗਾ। ਇਸ ਦਾ ਰੰਗ ਦੇਸ਼ ਹੀ ਨਹੀਂ, ਦੁਨੀਆਂ ਭਰ ਵਿੱਚ ਬਿਖਰੇਗਾ। ਸਾਰੀਆਂ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ ਇਸ ਮੌਕੇ ਨੂੰ ਧੂਮਧਾਮ ਨਾਲ ਮਨਾਉਣ ਦਾ ਅਨੁਰੋਧ ਕੀਤਾ ਗਿਆ ਹੈ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਵਿਸ਼ਵ ਦੇ ਸਾਰੇ ਦੇਸ਼ਾਂ ਵਿੱਚ ਵੀ ਮਨਾਇਆ ਜਾਵੇਗਾ। ਇਸ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਪਵਿੱਤਰ ਸਥਾਨਾਂ ਨੂੰ ਜੋੜਨ ਵਾਲੀ ਇਕ ਟਰੇਨ ਵੀ ਚਲਾਈ ਜਾਵੇਗੀ। ਅਜੇ ਹੁਣੇ ਹੀ ਮੈਂ ਜਦੋਂ ਇਸ ਨਾਲ ਸਬੰਧਿਤ ਮੀਟਿੰਗ ਕਰ ਰਿਹਾ ਸੀ ਤਾਂ ਉਸੇ ਸਮੇਂ ਮੈਨੂੰ ਲੱਖਪਤ ਸਾਹਿਬ ਗੁਰਦੁਆਰੇ ਦੀ ਯਾਦ ਆਈ। ਗੁਜਰਾਤ ਵਿੱਚ 2001 ਦੇ ਭੂਚਾਲ ਦੇ ਦੌਰਾਨ ਉਸ ਗੁਰਦੁਆਰੇ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਸੀ ਲੇਕਿਨ ਜਿਸ ਤਰ੍ਹਾਂ ਸਥਾਨਕ ਲੋਕਾਂ ਨਾਲ ਮਿਲਜੁਲ ਕੇ ਰਾਜ ਸਰਕਾਰ ਨੇ ਉਸ ਦੀ ਮੁੜ ਉਸਾਰੀ ਕਰਵਾਈ, ਉਹ ਅੱਜ ਵੀ ਇੱਕ ਮਿਸਾਲ ਹੈ। ਭਾਰਤ ਸਰਕਾਰ ਨੇ ਇੱਕ ਮਹੱਤਵਪੂਰਨ ਫ਼ੈਸਲਾ ਲਿਆ ਹੈ ਕਰਤਾਰਪੁਰ Corridor ਬਣਾਉਣ ਦਾ, ਤਾਂ ਕਿ ਸਾਡੇ ਦੇਸ਼ ਦੇ ਯਾਤਰੀ ਅਸਾਨੀ ਨਾਲ ਪਾਕਿਸਤਾਨ ਦੇ ਕਰਤਾਰਪੁਰ ਵਿੱਚ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣ।

ਮੇਰੇ ਪਿਆਰੇ ਦੇਸ਼ ਵਾਸੀਓ! 50 Episode ਦੇ ਬਾਅਦ ਅਸੀਂ ਫਿਰ ਇੱਕ ਵਾਰ ਮਿਲਾਂਗੇ। ਅਗਲੇ ਮਹੀਨੇ ‘ਮਨ ਕੀ ਬਾਤ’ ਵਿੱਚ ਅਤੇ ਮੈਨੂੰ ਵਿਸ਼ਵਾਸ ਹੈ ਕਿ ਅੱਜ ‘ਮਨ ਕੀ ਬਾਤ’ ਦੇ ਇਸ ਪ੍ਰੋਗਰਾਮ ਦੇ ਪਿੱਛੇ ਦੀਆਂ ਭਾਵਨਾਵਾਂ ਨੂੰ ਮੈਨੂੰ ਪਹਿਲੀ ਵਾਰ ਤੁਹਾਡੇ ਸਾਹਮਣੇ ਕਹਿਣ ਦਾ ਮੌਕਾ ਮਿਲਿਆ, ਕਿਉਂਕਿ ਤੁਸੀਂ ਲੋਕਾਂ ਨੇ ਅਜਿਹੇ ਹੀ ਸਵਾਲ ਪੁੱਛੇ ਪਰ ਸਾਡਾ ਸਫ਼ਰ ਜਾਰੀ ਰਹੇਗਾ। ਤੁਹਾਡਾ ਸਾਥ ਜਿੰਨਾ ਜ਼ਿਆਦਾ ਮਿਲੇਗਾ, ਓਨੀ ਸਾਡੀ ਯਾਤਰਾ ਹੋਰ ਗਹਿਰੀ ਹੋਵੇਗੀ ਅਤੇ ਹਰ ਕਿਸੇ ਨੂੰ ਸੰਤੋਖ ਦੇਣ ਵਾਲੀ ਮਿਲੇਗੀ। ਕਦੇ-ਕਦੇ ਲੋਕਾਂ ਦੇ ਮਨ ਵਿੱਚ ਸਵਾਲ ਉੱਠਦਾ ਹੈ ਕਿ ‘ਮਨ ਕੀ ਬਾਤ’ ਤੋਂ ਮੈਨੂੰ ਕੀ ਮਿਲਿਆ। ਮੈਂ ਅੱਜ ਕਹਿਣਾ ਚਾਹੁੰਦਾ ਹਾਂ ਕਿ ‘ਮਨ ਕੀ ਬਾਤ’ ਦੇ ਜੋ feedback ਆਉਂਦੇ ਹਨ, ਉਸ ਵਿੱਚ ਇੱਕ ਗੱਲ ਜੋ ਮੇਰੇ ਮਨ ਨੂੰ ਬਹੁਤ ਛੂਹ ਜਾਂਦੀ ਹੈ। ਜ਼ਿਆਦਾਤਰ ਲੋਕਾਂ ਨੇ ਇਹ ਕਿਹਾ ਹੈ ਕਿ ਜਦੋਂ ਅਸੀਂ ਪਰਿਵਾਰ ਦੇ ਸਾਰੇ ਲੋਕਾਂ ਦੇ ਨਾਲ ਬੈਠ ਕੇ ‘ਮਨ ਕੀ ਬਾਤ’ ਸੁਣਦੇ ਹਾਂ ਤਾਂ ਅਜਿਹਾ ਲੱਗਦਾ ਹੈ ਕਿ ਸਾਡੇ ਪਰਿਵਾਰ ਦਾ ਮੁਖੀਆ ਸਾਡੇ ਵਿੱਚ ਬੈਠ ਕੇ ਸਾਡੀਆਂ ਆਪਣੀਆਂ ਹੀ ਗੱਲਾਂ ਨੂੰ ਸਾਡੇ ਨਾਲ share ਕਰ ਰਿਹਾ ਹੈ। ਜਦੋਂ ਇਹ ਗੱਲ ਮੈਂ ਵਿਆਪਕ ਰੂਪ ਵਿੱਚ ਸੁਣੀ, ਮੈਨੂੰ ਬਹੁਤ ਤਸੱਲੀ ਹੋਈ ਕਿ ਮੈਂ ਤੁਹਾਡਾ ਹਾਂ, ਤੁਹਾਡੇ ਵਿੱਚੋਂ ਹੀ ਹਾਂ, ਤੁਹਾਡੇ ਵਿਚਕਾਰ ਹਾਂ, ਤੁਸੀਂ ਹੀ ਮੈਨੂੰ ਵੱਡਾ ਬਣਾਇਆ ਹੈ ਅਤੇ ਇੱਕ ਤਰ੍ਹਾਂ ਨਾਲ ਮੈਂ ਵੀ ਤੁਹਾਡੇ ਪਰਿਵਾਰ ਦੇ ਮੈਂਬਰ ਦੇ ਰੂਪ ਵਿੱਚ ਹੀ ‘ਮਨ ਕੀ ਬਾਤ’ ਰਾਹੀਂ ਵਾਰ-ਵਾਰ ਆਉਂਦਾ ਰਹਾਂਗਾ। ਆਪ ਨਾਲ ਜੁੜਦਾ ਰਹਾਂਗਾ, ਤੁਹਾਡੇ ਸੁੱਖ-ਦੁਖ, ਮੇਰੇ ਸੁੱਖ-ਦੁਖ, ਤੁਹਾਡੀਆਂ ਉਮੀਦਾਂ, ਮੇਰੀਆਂ ਉਮੀਦਾਂ, ਤੁਹਾਡੀਆਂ ਇੱਛਾਵਾਂ-ਮੇਰੀਆਂ ਇੱਛਾਵਾਂ।

ਆਓ! ਅਸੀਂ ਇਸ ਯਾਤਰਾ ਨੂੰ ਹੋਰ ਅੱਗੇ ਵਧਾਈਏ।

ਬਹੁਤ-ਬਹੁਤ ਧੰਨਵਾਦ

********

ਏਕੇਟੀ/ਕੇਪੀ/ਵੀਕੇ