Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਮੰਚ ‘ਤੇ ਵਿਰਾਜਮਾਨ ਉੱਤਰ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਾਨ ਰਾਮ ਨਾਇਕ ਜੀ, ਉੱਤਰ ਪ੍ਰਦੇਸ਼ ਦੇ ਹਰਮਨ ਪਿਆਰੇ ਮੁੱਖ ਮੰਤਰੀ‍ ਯੋਗੀ ਅਦਿੱਤਆਨਾਥ ਜੀ, ਉਪ–ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਯ ਜੀ, ਉੱਤਰ ਪ੍ਰਦੇਸ਼ ਮੰਤਰੀ ਮੰਡਲ ਦੇ ਮੈਂਬਰ, ਸੰਸਦ ਵਿੱਚ ਮੇਰੇ ਸਾਥੀ ਸ਼੍ਰੀਮਾਨ ਸ਼ਿਆਮਾਚਰਣ ਗੁਪਤਾ ਜੀ, ਵਿਨੋਦ ਕੁਮਾਰ ਸੋਨਕਰ ਜੀ, ਵੀਰੇਂਦਰ ਸਿੰਘ ਜੀ, ਪ੍ਰਯਾਗਰਾਜ ਦੀ ਮੇਅਰ ਅਭਿਲਾਸ਼ਾ ਗੁਪਤਾ ਜੀ ਅਤੇ ਭਾਰੀ ਸੰਖਿਆ ਵਿੱਚ ਪਹੁੰਚੇ ਪ੍ਰਯਾਗਰਾਜ ਦੇ ਮੇਰੇ ਭਾਈਓ ਅਤੇ ਭੈਣੋਂ ।

ਤਪ, ਤਪੱਸਿਆ, ਸੰਸਕ੍ਰਿਤੀ , ਸੰਸਕਾਰ ਦੀ ਧਰਤੀ ਤੀਰਥਰਾਜ ਪ੍ਰਯਾਗ ਦੇ ਜਨ-ਜਨ ਨੂੰ ਮੇਰਾ ਸਾਦਰ ਪ੍ਰਣਾਮ । ਜਦੋਂ ਵੀ ਪ੍ਰਯਾਗਰਾਜ ਆਉਣ ਦਾ ਮੌਕਾ ਮਿਲਦਾ ਹੈ , ਤਾਂ ਮਨ ਅਤੇ ਮਸਤਕ ਵਿੱਚ ਇੱਕ ਅਲੱਗ ਹੀ ਊਰਜਾ ਦਾ ਸੰਚਾਰ ਹੁੰਦਾ ਹੈ । ਇੱਥੋਂ ਦੇ ਮਾਹੌਲ ਵਿੱਚ , ਇੱਥੋਂ ਦੇ ਕਣ – ਕਣ ਵਿੱਚ ਹੀ ਰਿਸ਼ੀਆਂ ਅਤੇ ਮਨੀਸ਼ੀਆਂ ਦੀ ਦਿੱਵਿਅਤਾ ਦਾ ਵਾਸ ਹੈ । ਜਿਸ ਦਾ ਸੰਚਾਰ ਇੱਥੇ ਆਉਣ ਵਾਲੇ ਹਰ ਯਾਤਰੀ ਨੂੰ ਅਨੰਤਕਾਲ ਤੋਂ ਹੁੰਦਾ ਰਿਹਾ ਹੈ ।

ਪ੍ਰਯਾਗ ਬਾਰੇ ਕਿਹਾ ਗਿਆ ਹੈ – ਕੋ ਕਹਿ ਸਕਹਿ ਪ੍ਰਯਾਗ ਪ੍ਰਭਾਊ । ਕਲੁਸ਼ ਪੁੰਜ ਕੁੰਜਰ ਮ੍ਰਿਗਰਾਊ ।।

ਮਤਲਬ ਇਹ ਕਿ ਪਾਪਾਂ ਦੇ ਸਮੂਹ ਰੂਪੀ ਹਾਥੀ ਨੂੰ ਮਾਰਨ ਲਈ ਸਿੰਘ ਰੂਪ ਪ੍ਰਯਾਗਰਾਜ ਦੇ ਪ੍ਰਭਾਵ ਅਤੇ ਮਹਾਤਮ ਦਾ ਵਰਣਨ ਕਰਨਾ ਮੁਸ਼ਕਲ ਹੈ । ਇਹ ਉਹ ਪਵਿਤਰ ਤੀਰਥ-ਸਥਾਨ ਹੈ ਜਿਸ ਦੇ ਦਰਸ਼ਨ ਕਰਕੇ ਸੁਖ ਦੇ ਸਮੁੰਦਰ ਰਘੂਕੁਲ ਸ੍ਰੇਸ਼ਠ ਸ਼੍ਰੀਰਾਮ ਜੀ ਨੇ ਵੀ ਸੁਖ ਪਾਇਆ ।

ਭਾਈਓ ਅਤੇ ਭੈਣੋਂ , ਅੱਜ ਜਦੋਂ ਅਰਧਕੁੰਭ ਤੋਂ ਪਹਿਲਾਂ ਮੈਂ ਇੱਥੇ ਆਇਆ ਹਾਂ, ਤਦ ਮੈਂ ਤੁਹਾਨੂੰ ਸਾਰਿਆਂ ਨੂੰ , ਦੇਸ਼ ਦੇ ਹਰ ਜਨ ਨੂੰ , ਇੱਕ ਖੁਸ਼ਖ਼ਬਰੀ ਵੀ ਦੇਣਾ ਚਾਹੁੰਦਾ ਹਾਂ । ਇਸ ਵਾਰ ਅਰਧਕੁੰਭ ਵਿੱਚ ਸਾਰੇ ਸ਼ਰਧਾਲੂ ਅਕਸ਼ੈ ਵਟ ਦੇ ਦਰਸ਼ਨ ਕਰ ਸਕਣਗੇ । ਕਈ ਪੀੜ੍ਹੀਆਂ ਤੋਂ ਅਕਸ਼ੈ ਵਟ ਕਿਲ੍ਹੇ ਵਿੱਚ ਬੰਦ ਸੀ , ਲੇਕਿਨ ਇਸ ਵਾਰ ਇੱਥੇ ਆਉਣ ਵਾਲਾ ਹਰ ਸ਼ਰਧਾਲੂ ਪ੍ਰਯਾਗਰਾਜ ਦੀ ਤ੍ਰਿਵੇਣੀ ਵਿੱਚ ਇਸ਼ਨਾਨ ਕਰਨ ਦੇ ਬਾਅਦ ਅਕਸ਼ੈ ਵਟ ਦੇ ਦਰਸ਼ਨ ਦਾ ਵੀ ਸੁਭਾਗ ਪ੍ਰਾਪਤ ਕਰ ਸਕੇਗਾ ।
ਇਤਨਾ ਹੀ ਨਹੀਂ, ਅਕਸ਼ੈ ਵਟ ਦੇ ਨਾਲ ਸਰਸਵਤੀ ਕੁੰਭ ਦਰਸ਼ਨ ਵੀ ਹੁਣ ਉਸ ਦੇ ਲਈ ਸੰਭਵ ਹੋ ਸਕਣਗੇ। ਮੈਂ ਤਾਂ ਖ਼ੁਦ ਵੀ ਥੋੜ੍ਹੀ ਦੇਰ ਪਹਿਲਾਂ ਅਕਸ਼ੈ ਵਟ ਦੇ ਦਰਸ਼ਨ ਕਰਕੇ ਤੁਹਾਡੇ ਦਰਮਿਆਨ ਆਇਆ ਹਾਂ । ਇਹ ਬਿਰਖ ਆਪਣੀਆਂ ਡੂੰਘੀਆਂ ਜੜ੍ਹਾਂ ਦੇ ਕਾਰਨ ਵਾਰ-ਵਾਰ ਹਰਿਆ-ਭਰਿਆ ਸਾਨੂੰ ਵੀ ਜੀਵਨ ਪ੍ਰਤੀ ਅਜਿਹਾ ਹੀ ਜੀਵਟ ਰਵੱਈਆ ਅਪਣਾਉਣ ਦੀ ਪ੍ਰੇਰਨਾ ਦਿੰਦਾ ਹੈ।
ਸਾਥੀਓ, ਅਜਿਹੇ ਸੁੰਦਰ ਅਤੇ ਜੀਵੰਤ ਪ੍ਰਯਾਗਰਾਜ ਨੂੰ ਹੋਰ ਆਕਰਸ਼ਕ ਅਤੇ ਆਧੁਨਿਕ ਬਣਾਉਣ ਨਾਲ ਜੁੜੇ ਕਰੀਬ ਸਾਢੇ ਚਾਰ ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਲੋਕਅਰਪਣ ਅਤੇ ਨੀਂਹ ਪੱਥਰ ਥੋੜ੍ਹੀ ਦੇਰ ਪਹਿਲਾਂ ਇੱਥੇ ਰੱਖਿਆ ਗਿਆ ਹੈ । ਇਸ ਵਿੱਚ ਸੜਕ, ਰੇਲਵੇ, ਸ਼ਹਿਰ ਅਤੇ ਮਾਂ ਗੰਗਾ ਦੀ ਸਾਫ਼ – ਸਫਾਈ , ਸਮਾਰਟ ਸਿਟੀ ਜਿਹੇ ਸੈਂਕੜੇ ਪ੍ਰੋਜੈਕਟ ਇਸ ਵਿੱਚ ਸ਼ਾਮਲ ਹਨ ।

ਪ੍ਰਯਾਗਰਾਜ ਦੇ ਜਨ-ਜਨ, ਤੁਹਾਡੇ ਸਾਰਿਆਂ ਦੇ ਜੀਵਨ ਨੂੰ ਅਸਾਨ ਅਤੇ ਸਰਲ ਬਣਾਉਣ ਲਈ ਬਣੀਆਂ ਇਨ੍ਹਾਂ ਸੁਵਿਧਾਵਾਂ ਲਈ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ । ਇਨ੍ਹਾਂ ਪ੍ਰੋਜੈਕਟਾਂ ਤੋਂ ਕੁੰਭ ਵਿੱਚ ਇੱਥੇ ਪ੍ਰਵਾਸ ਕਰਨ ਵਾਲੇ ਕਲਪਵਾਸੀਆਂ ਨੂੰ ਵੀ ਬਹੁਤ ਸੁਵਿਧਾ ਮਿਲੇਗੀ ।

ਸਾਥੀਓ, ਭਾਜਪਾ ਸਰਕਾਰ ਨੇ ਕੁੰਭ ਦੌਰਾਨ connectivity ਤੋਂ ਲੈਕੇ ਇੱਥੋਂ ਦੇ infrastructure ‘ਤੇ ਵਿਸ਼ੇਸ਼ ਧਿਆਨ ਦਿੱਤਾ ਹੈ । ਸਾਡਾ ਯਤਨ ਪ੍ਰਯਾਗਰਾਜ ਤੱਕ ਆਉਣ ਵਾਲੇ ਹਰ ਰਸਤੇ ਨੂੰ ਮਜ਼ਬੂਤ ਕਰਨ ਦਾ , ਸੁਧਾਰਨ ਦਾ ; ਚਾਹੇ ਉਹ ਰੇਲ ਰਸਤਾ ਹੋਵੇ , air connectivity ਹੋਵੇ ਜਾਂ ਫਿਰ ਸੜਕਾਂ ਨੂੰ ਸੁਧਾਰਨ ਦੀ ਗੱਲ ਹੋਵੇ । ਕੁੰਭ ਨੂੰ ਧਿਆਾਨ ਵਿੱਚ ਰੱਖਕੇ ਰੇਲਵੇ ਮੰਤਰਾਲਾ ਇਸ ਵਾਰ ਵੀ ਅਨੇਕ ਨਵੀਆਂ ਟ੍ਰੇਨਾਂ ਚਲਾ ਰਿਹਾ ਹੈ । ਹੁਣੇ ਸ਼ਹਿਰ ਦੇ ਵੱਡੇ ਫਲਾਈਓਵਰ , ਰੇਲਵੇ ਓਵਰ ਬ੍ਰਿਜ ਅਤੇ ਅੰਡਰਪਾਸ , ਬਿਜਲੀ ਅਤੇ ਪੇਅਜਲ ਦੇ ਜਿਨ੍ਹਾਂ–ਜਿਨ੍ਹਾਂ ਪ੍ਰੋਜੈਕਟਾਂ ਦਾ ਲੋਕਅਰਪਣ ਮੈਂ ਕੀਤਾ ਹੈ, ਉਸ ਨਾਲ ਇੱਥੋਂ ਦਾ infrastructure ਅਤੇ connectivity , ਦੋਵੇਂ ਹੀ ਸੁਧਰਨਗੇ ।

ਇਸ ਪ੍ਰੋਗਰਾਮ ਦੇ ਬਾਅਦ ਮੈਂ ਇੱਥੋਂ ਤੁਹਾਡੇ ਪ੍ਰਯਾਗਰਾਜ ਏਅਰਪੋਰਟ ਦੇ ਨਵੇਂ ਟਰਮੀਨਲ ਦਾ ਉਦਘਾਟਨ ਕਰਨ ਲਈ ਵੀ ਜਾ ਰਿਹਾ ਹਾਂ । ਇਸ ਨਵੇਂ ਟਰਮੀਨਲ ਨੂੰ ਰਿਕਾਰਡ ਇੱਕ ਸਾਲ ਦੇ ਅੰਦਰ ਬਣਾਇਆ ਗਿਆ ਹੈ । ਇਸ ਟਰਮੀਨਲ ਨਾਲ ਮੁਸਾਫਰਾਂ ਦੀ ਸੁਵਿਧਾ ਤਾਂ ਵਧੇਗੀ ਹੀ , ਦੇਸ਼ ਦੇ ਕਈ ਸ਼ਹਿਰਾਂ ਨਾਲ ਪ੍ਰਯਾਗਰਾਜ ਦੀ connectivity ਵੀ ਵਧ ਜਾਵੇਗੀ । ਮੈਂ ਪ੍ਰਯਾਗਰਾਜ ਦੇ ਲੋਕਾਂ ਨੂੰ ਇਸ ਦੀ ਅਗੇਤੀ ਵਧਾਈ ਦਿੰਦਾ ਹਾਂ ।

ਸਾਥੀਓ, ਇਹ ਤਮਾਮ ਸੁਵਿਧਾਵਾਂ ਉਂਜ ਤਾਂ ਅਰਧਕੁੰਭ ਤੋਂ ਠੀਕ ਪਹਿਲਾਂ ਤਿਆਰ ਹੋ ਰਹੀਆਂ ਹਨ , ਲੇਕਿਨ ਇਨ੍ਹਾਂ ਦਾ ਪ੍ਰਭਾਵ ਇੱਥੋਂ ਤੱਕ ਸੀਮਿਤ ਨਹੀਂ ਰਹਿਣ ਵਾਲਾ । ਇਹ ਆਉਣ ਵਾਲੇ ਸਮੇਂ ਵਿੱਚ ਪ੍ਰਯਾਗਰਾਜ ਵਿੱਚ ਜੀਵਨ ਦੇ ਹਰ ਪੱਧਰ ‘ਤੇ ਸਕਾਰਾਤਮਕ ਅਸਰ ਲਿਆਉਣ ਵਾਲੀਆਂ ਹਨ । ਇਸ ਵਿੱਚ ਸਭ ਤੋਂ ਖ਼ਾਸ ਗੱਲ ਇਹ ਵੀ ਹੈ ਕਿ ਪਹਿਲਾਂ ਦੀ ਤਰ੍ਹਾਂ ਕੱਚਾ – ਪੱਕਾ ਕੰਮ ਨਹੀਂ ਕੀਤਾ ਗਿਆ ਹੈ , ਜਿਨ੍ਹਾਂ ਸੁਵਿਧਾਵਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ , ਉਹ ਸਥਾਈ ਹਨ , permanent ਹਨ। 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ ਬਣੇ ਇੰਟੀਗ੍ਰੇਟਿਡ ਕਮਾਂਡ ਕੰਟਰੋਲ ਸੈਂਟਰ ਪ੍ਰਯਾਗਰਾਜ ਦੀ ਪੌਰਾਣਿਕਤਾ ਦੇ ਆਧੁਨਿਕਤਾ ਨਾਲ ਸੰਗਮ ਦਾ ਪ੍ਰਤੀਕ ਹਨ। ਇਹ ਸਮਾਰਟ ਪ੍ਰਯਾਗਰਾਜ ਦਾ ਇੱਕ ਅਹਿਮ ਸੈਂਟਰ ਹੈ । ਸੜਕ , ਬਿਜਲੀ , ਪਾਣੀ ਤੋਂ ਲੈ ਕੇ ਤਮਾਮ ਵਿਵਸਥਾਵਾਂ ਇਸ ਸੈਂਟਰ ਤੋਂ ਸੰਚਾਲਤ ਹੋਣ ਵਾਲੀਆਂ ਹਨ ।

ਭਾਈਓ ਅਤੇ ਭੈਣੋਂ, ਸਰਕਾਰ ਦਾ ਪ੍ਰਯਤਨ ਹੈ ਕਿ ਇਸ ਵਾਰ ਅਰਧਕੁੰਭ ਵਿੱਚ ਤਪ ਤੋਂ ਤਕਨੀਕ ਤੱਕ , ਉਸ ਦੇ ਹਰ ਪਹਿਲੂ ਦਾ ਅਨੁਭਵ , ਦੁਨੀਆ ਭਰ ਦੇ ਲੋਕਾਂ ਨੂੰ ਮਿਲ ਸਕੇ । ਤਪ ਦੀ ਵੀ ਅਨੁਭੂਤੀ ਹੋਵੇ ਅਤੇ ਆਧੁਨਿਕ ਤਕਨੀਕ ਦੀ ਵੀ ਅਨੁਭੂਤੀ ਹੋਵੇ । ਅਧਿਆਤਮ , ਸ਼ਰਧਾ ਅਤੇ ਆਧੁਨਿਕਤਾ ਦੀ ਤ੍ਰਿਵੇਣੀ ਕਿੰਨੀ ਸ਼ਾਨਦਾਰ ਅਤੇ ਬੇਜੋੜ ਹੋ ਸਕਦੀ ਹੈ , ਇਸ ਦਾ ਅਨੁਭਵ ਲੈ ਕੇ ਲੋਕ ਇੱਥੋਂ ਜਾਣ , ਇਸ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ।

ਇੱਥੇ ਬਣਿਆ ਸੈਲਫੀ ਪੁਆਇੰਟ ਵੀ ਆਕਰਸ਼ਣ ਦਾ ਕੇਂਦਰ ਹੈ। ਥੋੜ੍ਹੀ ਦੇਰ ਪਹਿਲਾਂ ਮੈਂ ਵਿਸ਼ੇਸ਼ ਮਹਿਮਾਨਾਂ ਦੇ ਨਾਲ ਦਿੱਵਯ ਕੁੰਭ, ਭਵਯ ਕੁੰਭ ਸੈਲਫੀ ਪੁਆਇੰਟ ‘ਤੇ ਵੀ ਫੋਟੋ ਖਿਚਵਾਈ ਹੈ ।

ਸਾਥੀਓ ਅਰਧਕੁੰਭ ਅਤੇ ਸੈਲਫੀ ਦਾ ਸੰਗਮ ਉੱਦੋਂ ਤੱਕ ਅਧੂਰਾ ਰਹੇਗਾ ਜਦੋਂ ਤੱਕ ਇੱਥੋਂ ਦੀ ਮੂਲ ਸ਼ਕਤੀ , ਮੂਲ ਸੰਗਮ , ਤ੍ਰਿਵੇਣੀ ਭਵਯ ਨਾ ਹੋਵੇ । ਤ੍ਰਿਵੇਣੀ ਦੀ ਸ਼ਕਤੀ ਦਾ ਇੱਕ ਵੱਡਾ ਸਰੋਤ ਹੈ ਮਾਂ ਗੰਗਾ । ਮਾਂ ਗੰਗਾ ਸਵੱਛ ਹੋਵੇ , ਅਵਿਰਲ ਹੋਵੇ, ਸੰਘਣਾ ਹੋਵੇ ; ਇਸ ਦੇ ਲਈ ਸਰਕਾਰ ਤੇਜ਼ ਗਤੀ ਨਾਲ ਕੰਮ ਕਰ ਰਹੀ ਹੈ।

ਅੱਜ ਇੱਥੇ ਜੋ ਹਜ਼ਾਰਾਂ ਕਰੋੜ ਦੇ ਪ੍ਰੋਜੈਕਟਸ ਦਾ ਲੋਕਅਰਪਣ ਹੋਇਆ ਹੈ , ਉਸ ਵਿੱਚ ਗੰਗਾ ਜੀ ਦੀ ਸਫ਼ਾਈ ਅਤੇ ਇੱਥੋਂ ਦੇ ਘਾਟਾਂ ਦੀ ਸੁੰਦਰਤਾ ਨਾਲ ਜੁੜੇ ਅਨੇਕ ਪ੍ਰੋਜੈਕਟਸ ਵੀ ਉਸ ਵਿੱਚ ਸ਼ਾਮਲ ਹਨ। 1700 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸੀਵਰੇਜ ਟਰੀਟਮੈਂਟ ਪਲਾਂਟ ਨਾਲ ਸ਼ਹਿਰ ਦੇ ਕਰੀਬ ਇੱਕ ਦਰਜਨ ਨਾਲਿਆਂ ਨੂੰ ਸਿੱਧੇ ਗੰਗਾ ਜੀ ਵਿੱਚ ਰੁੜ੍ਹਨ ਤੋਂ ਰੋਕਿਆ ਜਾ ਸਕੇਗਾ । ਉੱਥੇ ਹੀ ਨਮਾਮਿ ਗੰਗੇ ਪ੍ਰੋਜੈਕਟ ਵਿੱਚ ਕਰੀਬ 150 ਘਾਟਾਂ ਦਾ ਸੁੰਦਰੀਕਰਨ ਵੀ ਕੀਤਾ ਜਾ ਰਿਹਾ ਹੈ । ਇਸ ਵਿੱਚੋਂ ਕਰੀਬ 50 ਘਾਟਾਂ ਦਾ ਕੰਮ ਪੂਰਾ ਹੋ ਗਿਆ ਹੈ । ਅਜਿਹੇ 6 ਘਾਟਾਂ ਦਾ ਲੋਕਅਰਪਣ ਵੀ ਅੱਜ ਇੱਥੇ ਕੀਤਾ ਗਿਆ ਹੈ ।
ਭਾਈਓ ਅਤੇ ਭੈਣੋਂ , ਪ੍ਰਯਾਗਰਾਜ ਹੋਵੇ , ਕਾਸ਼ੀ ਹੋਵੇ , ਕਾਨਪੁਰ ਹੋਵੇ , ਯੂਪੀ ਦੇ ਤਮਾਮ ਸ਼ਹਿਰਾਂ ਸਮੇਤ ਗੰਗਾ ਦੇ ਕਿਨਾਰੇ ਵਸੇ ਹਰ ਰਾਜ ਵਿੱਚ ਇਸ ਪ੍ਰਕਾਰ ਦੀਆਂ ਸੁਵਿਧਾਵਾਂ ਦਾ ਨਿਰਮਾਣ ਹੋ ਰਿਹਾ ਹੈ । ਨਮਾਮਿ ਗੰਗੇ ਮਿਸ਼ਨ ਤਹਿਤ ਹੁਣ ਤੱਕ ਸਾਢੇ 24 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ । 5 ਹਜ਼ਾਰ ਕਰੋੜ ਰੁਪਏ ਦੇ 75 ਪ੍ਰੋਜੈਕਟ ਪੂਰੇ ਕੀਤੇ ਜਾ ਚੁੱਕੇ ਹਨ । ਹਜ਼ਾਰਾਂ ਕਰੋੜ ਰੁਪਏ ਦੇ 150 ਪ੍ਰੋਜੈਕਟ, ਉਸ ‘ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ ।
ਸਾਥੀਓ, ਗੰਗਾ ਮਾਂ ਨਿਰਮਲ ਅਤੇ ਅਵਿਰਲ ਹੋਵੇਗੀ , ਇਸ ਟੀਚੇ ਦੇ ਪਿੱਛੇ ਦੀ ਸਭ ਤੋਂ ਵੱਡੀ ਸ਼ਕਤੀ , ਸਰਕਾਰੀ ਤੰਤਰ ਤਾਂ ਹੈ ਹੀ ; ਕਰੋੜਾਂ ਸਵੱਛਾਗ੍ਰਹੀਆਂ , ਮਾਂ ਗੰਗਾ ਦੇ ਸੇਵਕਾਂ ਦਾ ਵੀ ਯੋਗਦਾਨ ਹੈ । ਜਨ-ਜਨ ਇਸ ਅਭਿਆਨ ਨਾਲ ਜੁੜ ਰਹੇ ਹਨ । ਆਪਣੇ ਪੱਧਰ ‘ਤੇ ਕੰਮ ਕਰ ਰਹੇ ਹਨ । ਗੰਗਾ ਜੀ ਦੇ ਪ੍ਰਤੀ ਜਨ – ਹਿੱਸੇਦਾਰੀ ਅਤੇ ਜ਼ਿੰਮੇਦਾਰੀ ਨੇ ਸਾਡੇ ਯਤਨਾਂ ਨੂੰ ਜ਼ਿਆਦਾ ਬਲ ਦਿੱਤਾ ਹੈ । ਹੁਣ ਗੰਗਾ ਦੇ ਕਿਨਾਰੇ ਦੇ ਕਰੀਬ – ਕਰੀਬ ਸਾਰੇ ਪਿੰਡ ਹੁਣ ਖੁੱਲ੍ਹੇ ਵਿੱਚ ਸ਼ੌਚ ਜਾਣ ਤੋਂ ਮੁਕਤ ਐਲਾਨ ਕੀਤੇ ਜਾ ਚੁੱਕੇ ਹਨ ।

ਭਾਈਓ ਅਤੇ ਭੈਣੋਂ , ਸ਼ਾਸਤਰਾਂ ਵਿੱਚ ਸਵੱਛਤਾ ਨੂੰ ਦੇਵਤਵ ਨਾਲ ਜੋੜਿਆ ਗਿਆ ਹੈ । ਕੁੰਭ ਵਿੱਚ ਦੇਵਤਿਆਂ ਦਾ ਨਿਵਾਸ ਹੁੰਦਾ ਹੈ । ਅਜਿਹੇ ਵਿੱਚ ਕੁੰਭ ਵਿੱਚ ਮਾਂ ਗੰਗਾ ਦੀ ਸਫ਼ਾਈ ਹੋਵੇ ਜਾਂ ਫਿਰ ਸਵੱਛ ਕੁੰਭ ਦੀ ਗੱਲ , ਇਸ ਵਾਰ ਦੇ ਕੁੰਭ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ ।

ਹੁਣੇ ਮੈਂ ਇੱਥੇ ਆਉਣ ਤੋਂ ਪਹਿਲਾਂ ਸਵੱਛ ਕੁੰਭ ਦੀ ਪ੍ਰਦਰਸ਼ਨੀ ਦੇਖੀ । ਅਤੇ ਲੋਕਅਰਪਣ ਵਿੱਚ ਵੀ ਕੁੰਭ ਵਿੱਚ ਸਵੱਛਤਾ ਰਹੇ , ਇਸ ਦੇ ਲਈ ਆਧੁਨਿਕ ਤਕਨੀਕ ਅਤੇ ਪੋਰਟੇਬਲ ਕੰਪੈਕਟਰ ਜਿਹੇ ਉਪਕਰਨ ਲਗਾਉਣ ਦੀ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਹੈ ।
ਸਾਥੀਓ, ਕੇਂਦਰ ਸਰਕਾਰ ਉੱਤਰ ਪ੍ਰਦੇਸ਼ ਸਰਕਾਰ ਦੇ ਨਾਲ ਮਿਲ ਕੇ ਇਹ ਸੁਨਿਸ਼ਚਿਤ ਕਰਨ ਵਿੱਚ ਜੁਟੀ ਹੈ ਕਿ ਆਯੋਜਨ ਦਰਸ਼ਨੀ, ਦਾਰਸ਼ਨਿਕ ਅਤੇ ਦੈਵੀ ਬਣੇ । ਸਰਕਾਰ ਦਾ ਪੂਰਾ ਯਤਨ ਹੈ ਕਿ ਇੱਥੇ ਭਾਰਤ ਦੇ ਗੌਰਵਸ਼ਾਲੀ ਅਤੀਤ ਦੇ ਦਰਸ਼ਨ ਅਤੇ ਵੈਭਵ ਸ਼ਾਲੀ ਭਵਿੱਖ ਦੀ ਝਲਕ ਦੁਨੀਆ ਨੂੰ ਦੇਖਣ ਲਈ ਮਿਲੇ ।

ਮੈਨੂੰ ਪ੍ਰਸੰਨਤਾ ਹੈ ਕਿ ਸਰਕਾਰ ਦੇ ਇਨ੍ਹਾਂ ਯਤਨਾਂ ਵਿੱਚ ਪ੍ਰਯਾਗਰਾਜ ਦਾ ਇੱਕ-ਇੱਕ ਨਾਗਰਿਕ ਜੁੜਿਆ ਹੈ। ਆਪਣੇ ਪੱਧਰ ‘ਤੇ ਅਨੇਕ ਯਤਨ ਤੁਸੀਂ ਸਾਰੇ ਕਰ ਰਹੇ ਹੋ । ਸ਼ਹਿਰ ਦੀ ਸਾਫ਼ – ਸਫਾਈ ਤੋਂ ਲੈਕੇ ਮਹਿਮਾਨਾਂ ਦੇ ਸਤਿਕਾਰ ਲਈ ਸਕਾਰਾਤਮਕ ਵਾਤਾਵਰਣ ਬਣਾਉਣ ਵਿੱਚ ਤੁਸੀਂ ਲਗੇ ਹੋਏ ਹੋ । ਇੱਥੇ ਜੋ ਪ੍ਰਦਰਸ਼ਨੀ ਲਗੀ ਹੈ ਉਸ ਵਿੱਚ ਮੈਂ ਦੇਖਿਆ ਕਿ ਕਿਵੇਂ ਆਕਰਸ਼ਕ ਪੇਂਟਿੰਗਸ ਨਾਲ ਸ਼ਹਿਰ ਨੂੰ ਸਜਾਇਆ ਜਾ ਰਿਹਾ ਹੈ । ਚਿੱਤਰਾਂ ਰਾਹੀਂ ਪ੍ਰਯਾਗਰਾਜ ਅਤੇ ਭਾਰਤ ਦੇ ਦਰਸ਼ਨ ਕਰਵਾਉਣ ਦਾ ਇਹ ਅਨੌਖਾ ਯਤਨ ਸ਼ਲਾਘਾਯੋਗ ਹੈ ਅਤੇ ਇਹ ਅਨੁਭਵ ਇੱਥੇ ਆਉਣ ਵਾਲੇ ਹਰ ਯਾਤਰੀ ਲਈ ਅਨੁਪਮ ਹੋਵੇਗਾ ।

ਸਾਥੀਓ, ਪ੍ਰਯਾਗਰਾਜ ਦੇ ਲੋਕਾਂ ਦੀ ਇਸ ਭਾਵਨਾ ਨੂੰ ਸਮਝਦਿਆਂ, ਤੁਹਾਡੇ ਸਨੇਹ ਨੂੰ ਦੇਖਦਿਆਂ, ਮੈਂ ਦੁਨੀਆ ਭਰ ਵਿੱਚ ਲੋਕਾਂ ਨੂੰ ਅਰਧਕੁੰਭ ਵਿੱਚ ਆਉਣ ਲਈ ਸੱਦਾ ਦੇ ਆਇਆ ਹਾਂ । ਬੀਤੇ ਇੱਕ – ਡੇਢ ਸਾਲ ਤੋਂ ਜਿੱਥੇ ਵੀ ਮੈਂ ਗਿਆ ਹਾਂ , ਉੱਥੇ ਰਹਿਣ ਵਾਲੇ ਹਰ ਭਾਰਤ ਵਾਸੀ ਨੂੰ ਆਪਣੇ ਵਿਦੇਸ਼ੀ ਦੋਸਤਾਂ ਦੇ ਨਾਲ ਪ੍ਰਯਾਗਰਾਜ ਆ ਕੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਨਾਲ ਜੁੜਣ ਦਾ ਸੱਦਾ ਮੈਂ ਖੁਦ ਜਾ-ਜਾ ਕੇ ਦਿੱਤਾ ਹੈ ; ਕਿਉਂਕਿ ਮੈਂ ਵੀ ਹੁਣ ਉੱਤਰ ਪ੍ਰਦੇਸ਼ ਵਾਲਾ ਹਾਂ ਨਾ ।

ਤੁਸੀਂ ਦੇਖਿਆ ਹੋਵੇਗਾ , ਕੱਲ੍ਹ ਹੀ ਇੱਥੇ ਸੰਗਮ ‘ਤੇ 70 ਦੇਸ਼ਾਂ ਦਾ ਝੰਡਾ ਲਹਿਰਾਇਆ ਗਿਆ । 70 ਦੇਸ਼ਾਂ ਦੇ ਭਾਰਤ ਵਿੱਚ ਨਿਯੁਕਤ ਪ੍ਰਤੀਨਿਧੀਆਂ ਨੇ , ਰਾਜਦੂਤਾਂ ਨੇ ਪੂਰੇ ਕੁੰਭ ਖੇਤਰ ਦਾ ਦੌਰਾ ਕੀਤਾ, ਇੱਥੋਂ ਦੇ ਅਦਭੁੱਤ ਵਾਤਾਵਰਣ ਦਾ ਆਨੰਦ ਲਿਆ । ਇਸ ਤਰ੍ਹਾਂ ਦੇ ਯਤਨ ਕੁੰਭ ਦੀ ਗਲੋਬਲ ਮਕਬੂਲੀਅਤ ਵਧਾਉਣ ਵਿੱਚ ਹੋਰ ਸਹਾਇਕ ਸਿੱਧ ਹੋਣਗੇ ।

ਸਾਥੀਓ, ਇਸ ਵਾਰ ਦੋ ਮਹੱਤਵਪੂਰਨ ਆਯੋਜਨ ਦੁਨੀਆ ਦੇ ਸਭ ਤੋਂ ਪੁਰਾਤਨ ਸਾਂਸਕ੍ਰਿਤਿਕ ਸ਼ਹਿਰਾਂ- ਪ੍ਰਯਾਗਰਾਜ ਅਤੇ ਕਾਸ਼ੀ ਵਿੱਚ ਇਕੱਠੇ ਹੋ ਰਹੇ ਹਨ । ਜਦੋਂ ਇੱਥੇ ਅਰਧਕੁੰਭ ਲਈ ਦੁਨੀਆ ਜੁਟੇਗੀ ਉੱਦੋਂ ਕਾਸ਼ੀ ਵਿੱਚ ਪ੍ਰਵਾਸੀ ਭਾਰਤੀ ਦਿਵਸ ਲਈ ਦੁਨੀਆ ਭਰ ਦੇ ਭਾਰਤੀ ਜੁਟਣ ਵਾਲੇ ਹਨ । ਜਾਹਿਰ ਹੈ ਉਨ੍ਹਾਂ ਦਾ ਵੀ ਇੱਥੇ ਆਉਣ ਦਾ ਪ੍ਰੋਗਰਾਮ ਬਣੇਗਾ ।

ਭਾਈਓ ਅਤੇ ਭੈਣੋਂ , ਅਰਧਕੁੰਭ ਸਿਰਫ ਕਰੋੜਾਂ ਲੋਕਾਂ ਦੇ ਇੱਕਜੁਟ ਹੋਣ ਦਾ ਹੀ ਉਤਸਵ ਨਹੀਂ ਹੈ, ਇੱਥੇ ਆਉਣ ਵਾਲੇ ਕਰੋੜਾਂ ਲੋਕਾਂ ਰਾਹੀਂ ਪੂਰਾ ਦੇਸ਼ , ਉਸ ਵਿੱਚ ਆਉਣ ਵਾਲੇ ਕਰੋੜਾਂ ਲੋਕਾਂ ਦਰਮਿਆਨ ਹੋਣ ਵਾਲਾ ਸੰਪਰਕ ਅਤੇ ਸੰਵਾਦ ਸਾਡੇ ਦੇਸ਼ ਨੂੰ ਦਿਸ਼ਾ ਦਿੰਦਾ ਹੈ । ਕੁੰਭ ਵਿੱਚ ਆਉਣ ਵਾਲੇ ਕਰੋੜਾਂ ਲੋਕਾਂ ਦੇ ਨਾਲ ਹੀ ਕਰੋੜਾਂ ਵਿਚਾਰਾਂ ਦਾ ਪ੍ਰਵਾਹ ਵੀ ਭਾਰਤ ਨੂੰ ਸਮ੍ਰਿੱਧ ਅਤੇ ਸਸ਼ਕਤ ਬਣਾਉਂਦਾ ਹੈ ।

ਕੁੰਭ ਦਾ ਤਿਉਹਾਰ ਭਾਰਤ ਅਤੇ ਭਾਰਤੀਅਤਾ ਦਾ ਸਭ ਤੋਂ ਵੱਡਾ ਪ੍ਰਮਾਣ ਹੈ । ਇਹ ਤਿਉਹਾਰ ਵੇਸ਼ਭਾਸ਼ਾ, ਭੂਸ਼ਾ ਅਤੇ ਭਿੰਨਤਾ ਨੂੰ ਖ਼ਤਮ ਕਰਕੇ ਇੱਕ ਹੋਣ ਦੀ ਪ੍ਰੇਰਨਾ ਦਿੰਦਾ ਹੈ। ਇਹ ਤਿਉਹਾਰ ਸਾਨੂੰ ਜੋੜਦਾ ਹੈ, ਇਹ ਤਿਉਹਾਰ ਪਿੰਡ ਅਤੇ ਸ਼ਹਿਰ ਨੂੰ ਇੱਕ ਕਰਦਾ ਹੈ। ਏਕ-ਭਾਰਤ ਸ੍ਰੇਸ਼ਠ ਭਾਰਤ ਦੀ ਸਹੀ ਤਸਵੀਰ ਇੱਥੇ ਦਿਸਦੀ ਹੈ। ਅਜਿਹੇ ਵਿੱਚ ਸਾਡੀ ਜ਼ਿੰਮੇਦਾਰੀ ਹੈ ਕਿ ਇੱਥੇ ਆਉਣ ਵਾਲੇ ਹਰ ਮਹਿਮਾਨ ਦਾ ਅਸੀਂ ਆਪਣੇ ਆਪ ਧਿਆਨ ਰੱਖੀਏ । ਇਹ ਆਯੋਜਨ ਸਿਰਫ਼ ਸ਼ਰਧਾ ਨਹੀਂ, ਦੇਸ਼ ਦੀ ਪ੍ਰਤਿਸ਼ਠਾ ਦਾ ਵੀ ਸਵਾਲ ਹੈ। ਅਸੀਂ ਇਹ ਸੁਨਿਸ਼ਚਿਤ ਕਰਨਾ ਹੈ ਕਿ ਭਾਰਤ ਦੀ ਇੱਕ ਨਵੀਂ ਤਸਵੀਰ, ਉਸ ਨੂੰ ਲੈ ਕੇ ਦੁਨੀਆ ਇੱਥੋਂ ਵਾਪਸ ਜਾਵੇ ।
ਇਸ ਦੌਰਾਨ ਦੁਨੀਆ ਭਰ ਦੇ ਹਜ਼ਾਰਾਂ ਵਿਦਿਆਰਥੀ ਇੱਥੋਂ ਦੀ ਮੈਨੇਜਮੈਂਟ ਦੇ ਬਾਰੇ ਵਿੱਚ ਸਿੱਖਣ-ਪੜ੍ਹਨ ਵੀ ਆਉਣਗੇ। ਦੁਨੀਆ ਦੀ ਸਭ ਤੋਂ ਵੱਡੀ ਮੈਨੇਜਮੇਂਟ ਯੂਨੀਵਰਸਿਟੀ ਇਸ ਆਯੋਜਨ ਦੀ ਵਿਸ਼ਾਲਤਾ, ਵਿਵਿਧਤਾ ਅਤੇ ਸਫ਼ਲਤਾ ’ਤੇ ਬੱਚਿਆਂ ਨੂੰ ਮੈਨੇਜਮੈਂਟ ਦੇ ਗੁਰ ਸਿਖਾਉਂਦੀ ਰਹੀ ਹੈ।

ਸਾਥੀਓ, ਭਾਰਤ ਦੀ ਪਹਿਚਾਣ ਸਾਡੀ ਸੱਭਿਆਚਾਰਕ ਵਿਰਾਸਤ ਨਾਲ ਹੈ, ਗਿਆਨ ਦੇ ਭੰਡਾਰ ਨਾਲ ਹੈ। ਇਸੇ ਸ਼ਕਤੀ ਨਾਲ ਦੁਨੀਆ ਨੂੰ ਜਾਣੂ ਕਰਵਾਉਣ ਲਈ ਸੁਆਮੀ ਵਿਵੇਕਾਨੰਦ ਸਮੇਤ ਤਮਾਮ ਮਹਾਰਿਸ਼ੀਆਂ ਨੇ ਆਪਣਾ ਜੀਵਨ ਸਮਰਪਿਤ ਕਰ ਦਿੱਤਾ । ਬੀਤੇ ਚਾਰ-ਸਾਢੇ ਚਾਰ ਸਾਲਾਂ ਤੋਂ ਕੇਂਦਰ ਸਰਕਾਰ ਵੀ ਇਹ ਲਗਾਤਾਰ ਯਤਨ ਕਰ ਰਹੀ ਹੈ ਕਿ ਸੰਸਾਧਨਾਂ ਦੇ ਨਾਲ-ਨਾਲ ਦੇਸ਼ ਦੀ ਸੱਭਿਆਚਾਰਕ ਅਤੇ ਅਧਿਆਤਮਕ‍ ਵਿਰਾਸਤ ਦਾ ਵੀ ਪ੍ਰਭਾਵ ਵਧੇ ।

ਸਾਥੀਓ, ਮੈਂ ਅੱਜ ਪਵਿੱਤਰ ਪ੍ਰਯਾਗਰਾਜ ਵਿੱਚ ਤੁਹਾਡੇ ਨਾਲ ਅਤੇ ਦੇਸ਼ ਦੇ ਲੋਕਾਂ ਨਾਲ ਇੱਕ ਹੋਰ ਅਹਿਮ ਵਿਸ਼ੇ ’ਤੇ ਗੱਲ ਕਰਨੀ ਚਾਹੁੰਦਾ ਹਾਂ । ਪ੍ਰਯਾਗਰਾਜ ਉਹ ਜਗ੍ਹਾ ਹੈ, ਜਿਸ ਨੂੰ ਉੱਤਰ ਪ੍ਰਦੇਸ਼ ਵਿੱਚ ਨਿਆਂ ਦਾ ਮੰਦਰ ਵੀ ਕਿਹਾ ਜਾ ਸਕਦਾ ਹੈ। ਬੀਤੇ ਕੁਝ ਸਮੇਂ ਤੋਂ ਜਿਸ ਤਰ੍ਹਾਂ ਇੱਕ ਵਾਰ ਫਿਰ ਨਿਆਂਪਾਲਿਕਾ ’ਤੇ ਦਬਾਅ ਦੀ ਖੇਡ ਸ਼ੁਰੂ ਹੋਈ ਹੈ, ਉਸ ਸਥਿ‍ਤੀ ਵਿੱਚ ਦੇਸ਼ ਨੂੰ, ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕੀਤਾ ਜਾਣਾ ਬਹੁਤ ਜ਼ਰੂਰੀ ਹੈ ।

ਸਾਥੀਓ, ਦੇਸ਼ ਉੱਤੇ ਸਭ ਤੋਂ ਜ਼ਿਆਦਾ ਸਮਾਂ ਸ਼ਾਸਨ ਕਰਨ ਵਾਲੀ ਪਾਰਟੀ ਨੇ ਹਮੇਸ਼ਾ ਹੀ ਆਪਣੇ ਆਪ ਨੂੰ ਹਰ ਕਾਨੂੰਨ, ਨਿਆਂਪਾਲਿਕਾ, ਸੰਸਥਾ, ਅਤੇ ਇੱਥੋਂ ਤੱਕ ਕਿ ਦੇਸ਼ ਤੋਂ ਵੀ ਆਪਣੇ-ਆਪ ਨੂੰ ਉੱਤੇ ਮੰਨਿਆਂ ਹੈ। ਦੇਸ਼ ਦੀ ਹਰ ਉਸ ਸੰਸਥਾ‍ ਨੂੰ, ਇੱਥੋਂ ਤੱਕ ਕਿ‍ ਸੰਵਿਧਾਨਿਕ ਸੰਸਥਾਵਾਂ ਨੂੰ ਵੀ ਇਸ ਪਾਰਟੀ ਨੇ ਬਰਬਾਦ ਕਰ ਦਿੱਤਾ, ਜੋ ਉਸ ਦੀ ਮਰਜ਼ੀ ਨਾਲ ਨਹੀਂ ਚਲੀਆਂ, ਉਸਦੇ ਇਸ਼ਾਰਿਆਂ ’ਤੇ ਕੰਮ ਕਰਨ ਲਈ ਝੁਕਣ ਨੂੰ ਤਿਆਰ ਨਹੀਂ ਹੋਈਆਂ ।

ਭਾਈਓ ਅਤੇ ਭੈਣੋਂ, ਇਸ ਮਨਮਾਨੀ ਦੀ ਵਜ੍ਹਾ ਨਾਲ ਸਾਡੇ ਦੇਸ਼ ਦੀ ਨਿਆਂ ਪ੍ਰਣਾਲੀ ਨੂੰ ਵੀ ਕਮਜ਼ੋਰ ਕਰਨ ਦਾ ਯਤਨ ਕੀਤਾ ਗਿਆ। ਇਸ ਦਾ ਸਿਰਫ਼ ਇੱਕ ਕਾਰਨ ਸੀ ਕਿ ਨਿਆਂਪਾਲਿਕਾ ਉਨ੍ਹਾਂ ਸੰਸਥਾਵਾਂ ਵਿੱਚੋਂ ਇੱਕ ਰਹੀ ਹੈ, ਜੋ ਇਸ ਪਾਰਟੀ ਦੇ ਭ੍ਰਿਸ਼ਟ ਅਤੇ ਨਿਰੰਕੁਸ਼ ਤਰੀਕਿਆਂ ਦੇ‍ ਖ਼ਿਲਾਫ਼ ਖੜ੍ਹੀ ਰਹਿੰਦੀ ਹੈ । ਇਸ ਗੱਲ ਨੂੰ ਪ੍ਰਯਾਗਰਾਜ ਅਤੇ ਯੂਪੀ ਦੇ ਲੋਕਾਂ ਤੋਂ ਬਿਹਤਰ ਕੌਣ ਜਾਣ ਸਕਦਾ ਹੈ ਕਿ ਕਾਂਗਰਸ ਨੂੰ ਨਿਆਂਪਾਲਿਕਾ ਕਿਉਂ ਪਸੰਦ ਨਹੀਂ ਹੈ ? ਯੂਪੀ ਦੇ ਲੋਕ ਉਹ ਦਿਨ ਯਾਦ ਕਰਨ – ਜਦੋਂ ਇਸ ਪਾਰਟੀ ਦੇ ਸਰਵ-ਉੱਚ ਨੇਤਾ ਵੱਲੋਂ ਇੱਥੇ ਜਨਮਤ ਨੂੰ ਅਪਮਾਨਿਤ ਕਰਨ ਦਾ ਕੰਮ ਕੀਤਾ ਗਿਆ ਸੀ । ਕੀ ਇਹ ਲੋਕਤੰਤਰ ਦਾ ਅਪਮਾਨ ਨਹੀਂ ਸੀ ?

ਸਾਥੀਓ, ਦੇਸ਼ ਉਹ ਦਿਨ ਵੀ ਨਹੀਂ ਭੁੱਲ ਸਕਦਾ ਜਦੋਂ ਪ੍ਰਯਾਗਰਾਜ ਦੇ ਹਾਈਕੋਰਟ ਨੇ ਸੱਚ ਅਤੇ ਸੰਵਿਧਾਨ ਦਾ ਸਾਥ ਦੇ ਕੇ ਉਨ੍ਹਾਂ ਨੂੰ ਸੰਸਦ ਤੋਂ, ਪਾਰਲੀਆਮੈਂਟ ਮੈਂਬਰ ਤੋਂ ਬੇਦਖ਼ਲ ਕਰ ਦਿੱਤਾ ਤਾਂ ਉਨ੍ਹਾਂ ਨੇ ਲੋਕਤੰਤਰ ਨੂੰ ਹੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ । ਦੇਸ਼ ’ਤੇ ਐਮਰਜੈਂਸੀ ਮੜ੍ਹ ਦਿੱਤੀ । ਇੱਥੋਂ ਤੱਕ ਕਿ ਦੇਸ਼ ਦਾ ਸੰਵਿਧਾਨ ਵੀ ਬਦਲ ਦਿੱਤਾ ਗਿਆ । ਕੋਸ਼ਿਸ਼ ਤਾਂ ਇੱਥੋਂ ਤੱਕ ਹੋਈ ਕਿ ਨਿਆਂਪਾਲਿਕਾ ਤੋਂ ਚੋਣ ਪਟੀਸ਼ਨ ਸੁਣਨ ਤੱਕ ਦਾ ਅਧਿਕਾਰ ਖੋਹ ਲਿਆ ਜਾਵੇ ।

ਸਾਥੀਓ, ਕਾਂਗਰਸ ਦੇ ਨੇਤਾਵਾਂ ਦੀ ਇਹੀ ਪ੍ਰਵਿਰਤੀ ਰਹੀ ਹੈ। ਇਸ ਪ੍ਰਵਿਰਤੀ ਵਿੱਚ ਦੇਸ਼ ਦੀਆਂ ਸੰਵਿਧਾਨਕ ਸੰਸ‍‍ਥਾਵਾਂ ਨੂੰ ਇੱਕ ਪਾਰਟੀ ਦੇ ਅੱਗੇ ਹੱਥ ਬੰਨ੍ਹ ਕੇ ਖੜ੍ਹੇ ਰਹਿਣ ’ਤੇ ਮਜ਼ਬੂਰ ਕੀਤਾ ਜਾਂਦਾ ਹੈ । ਜੋ ਝੁਕਦਾ ਨਹੀਂ ਉਸਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਉਨ੍ਹਾਂ ਦੀ ਸਾਮੰਤੀ ਅਤੇ ਰਾਜਾਸ਼ਾਹੀ ਸੋਚ ਹੈ ਜੋ ਉਨ੍ਹਾਂ ਨੂੰ ਨਿਰਪੱਖ ਸੰਸਥਾਵਾਂ ਨੂੰ ਬਲ ਪੂਰਵਕ ਬਰਬਾਦ ਕਰਨ ਨੂੰ ਉਕਸਾਉਂਦੀ ਰਹਿੰਦੀ ਹੈ। ਨਿਆਂਪਾਲਿਕਾ ਦੀ ਪ੍ਰਤਿਸ਼ਠਾ ਨੂੰ ਬਰਬਾਦ ਕਰਨ, ਉਸਨੂੰ ਨਸ਼ਟ ਕਰਨ ਲਈ ਇਹ ਪਾਰਟੀ ਸਿਰਫ਼ ਬਲ ਦਾ ਹੀ ਇਸਤੇਮਾਲ ਨਹੀਂ ਕਰਦੀ ਹੈ, ਉਹ ਛਲ ਦਾ ਵੀ ਇਸਤੇਾਮਾਲ ਕਰਦੀ ਹੈ। ਆਪਣੀ ਸਾਜ਼ਿਸ਼ ਨੂੰ ਸਫ਼ਲ ਕਰਨ ਲਈ ਬੇਈਮਾਨੀ, ਪ੍ਰਪੰਚ, ਚਾਲਬਾਜ਼ੀ ਦੀ ਹਰ ਹੱਦ ਪਾਰ ਕਰ ਜਾਂਦੀ ਹੈ । ਨਿਆਂਪਾਲਿਕਾ ਨੂੰ ਲੈ ਕੇ ਇਸ ਪਾਰਟੀ ਦੀ ਕਾਰਜ ਨੀਤੀ ਰਹੀ ਹੈ – ਜਦੋਂ ਸ਼ਾਸਨ ਵਿੱਚ ਹੁੰਦੇ ਹਨ ਤਾਂ ਲਟਕਾਉਣਾ ਅਤੇ ਵਿਰੋਧੀ ਧਿਰ ਵਿੱਚ ਹੁੰਦੇ ਹਾ ਤਾਂ ਧਮਕਾਉਣਾ ।

ਸਾਥੀਓ, ਮੈਂ ਦੇਸ਼ ਨੂੰ ਕੇਸ਼ਵਾਨੰਦ ਭਾਰਤੀ ਦੇ ਮਹੱਤਵਪੂਰਨ ਕੇਸ ਦੀ ਵੀ ਯਾਦ ਦਿਵਾਉਣਾ ਚਾਹੁੰਦਾ ਹਾਂ । ਇਸ ਕੇਸ ਵਿੱਚ ਫੈਸਲਾ ਸੁਣਾਉਣ ਵਾਲੇ ਜੱਜਾਂ ਨੇ ਜਦੋਂ ਦਬਾਅ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਤਾਂ ਸਾਲਾਂ ਤੋਂ ਚਲੀ ਆ ਰਹੀ ਨਿਆਂਇਕ ਪਰੰਪਰਾ ਨੂੰ ਹੀ ਬਦਲਿਆ ਗਿਆ । ਸਭ ਤੋਂ ਸੀਨੀਅਰ ਜੱਜ ਨੂੰ ਚੀਫ਼ ਜਸਟਿਸ ਬਣਾਉਣ ਦੀ ਬਜਾਏ ਇੱਕ ਅਜਿਹੇ ਨਿਆਂਮੂਰਤੀ ਨੂੰ ਇਹ ਪਦ ਦੇ ਦਿੱਤਾ ਜੋ ਸੀਨੀਅਰਤਾ ਦੇ ਕ੍ਰਮ ਵਿੱਚ ਤਿੰਨ ਜੱਜਾਂ ਦੇ ਬਾਅਦ ਆਉਂਦੇ ਸਨ । ਇਹ ਸੀ ਇਨ੍ਹਾਂ ਲੋਕਾਂ ਦੇ ਕੰਮ ਕਰਨ ਦਾ ਤਰੀਕਾ, ਨਿਆਂਪਾਲਿਕਾ ’ਤੇ ਦਬਾਅ ਬਣਾਉਣ ਦਾ ਤਰੀਕਾ। ਇਸੇ ਤਰ੍ਹਾਂ ਐਮਰਜੈਂਸੀ ਦੇ ਫ਼ੈਸਲੇ ’ਤੇ ਜਦੋਂ ਜਸਟਿਸ ਖੰਨਾ ਨੇ ਅਸਹਿਮਤੀ ਪ੍ਰਗਟਾਈ, ਤਾਂ ਉਨ੍ਹਾਂ ਦੇ ਨਾਲ ਵੀ ਇਹੀ ਕੀਤਾ ਗਿਆ । ਉਨ੍ਹਾਂ ਦੇ ਵੀ ਸੀਨੀਅਰਤਾ ਕ੍ਰਮ ਨੂੰ ਨਜ਼ਰਅੰਦਾਜ ਕੀਤਾ ਗਿਆ ।
ਭਾਈਓ ਅਤੇ ਭੈਣੋਂ, ਆਪਣੇ ਸੁਆਰਥ ਦੇ ਅੱਗੇ ਨਾ ਇਹ ਦੇਸ਼ ਦਾ ਹਿਤ ਦੇਖਦੇ ਹਨ, ਨਾ ਲੋਕਤੰਤਰ ਦਾ। ਇਨ੍ਹਾਂ ਦੇ ਮਨ ਵਿੱਚ ਨਾ ਕਾਨੂੰਨ ਲਈ ਸਨਮਾਨ ਹੈ, ਨਾ ਪਰੰਪਰਾ ਲਈ । ਇਨ੍ਹਾਂ ਦੇ ਇੱਕ ਨੇਤਾ ਦਾ ਜਨਤਕ ਤੌਰ ’ਤੇ ਦਿੱਤਾ ਗਿਆ ਬਿਆਨ ਤਾਂ ਖ਼ੂਬ ਚਰਚਾ ਵਿੱਚ ਰਿਹਾ ਸੀ । ਉਨ੍ਹਾਂ ਨੇ ਕਿਹਾ ਸੀ – ਅਸੀਂ ਚੀਫ਼ ਜਸਟਿਸ ਉਸੇ ਨੂੰ ਬਣਨ ਦੇਵਾਂਗੇ ਜੋ ਸਾਡੀ ਵਿਚਾਰਧਾਰਾ, ਸਾਡੇ ਵਿਚਾਰਾਂ ਨਾਲ ਸਹਿਮਤ ਹੋਵੇ ਅਤੇ ਸਾਡੇ ਹਿਸਾਬ ਨਾਲ ਚਲੇ।

ਸਾਥੀਓ, ਸਾਡੇ ਦੇਸ਼ ਵਿੱਚ ਨਿਆਂਪਾਲਿਕਾ ਦੇਸ਼ ਦੇ ਸੰਵਿਧਾਨ ਨੂੰ ਸਭ ਤੋਂ ਉੱਪਰ ਰੱਖ ਕੇ ਕੰਮ ਕਰਦੀ ਰਹੀ ਹੈ। ਲੇਕਿਨ ਦੇਸ਼ ਇਸ ਗੱਲ ਦਾ ਵੀ ਗਵਾਹ ਰਿਹਾ ਹੈ ਕਿ ਨਿਆਂਪਾਲਿਕਾ ਨੂੰ ਆਪਣੇ ਹਿਸਾਬ ਨਾਲ ਮੋੜਨ ਲਈ ਕਿਵੇਂ ਇੱਕ ਰਾਜਨੀਤਕ ਦਲ ਵੱਲੋਂ ਲੋਭ, ਲਾਲਚ, ਦੁਸ਼ਮਣੀ, ਸੱਤਾ, ਸਭ ਦਾ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ। ਇਸ ਦਲ ਦੇ ਕੋਲ ਨਿਆਂਪਾਲਿਕਾ ਨੂੰ ਅਟਕਾਉਣ, ਲਮਕਾਉਣ, ਭਟਕਾਉਣ ਅਤੇ ਧਮਕਾਉਣ ਦੇ ਬਹੁਤ ਸਾਰੇ ਤਰੀਕੇ, ਉਨ੍ਹਾਂ ਦੀ ਆਦਤ ਹੈ ।

ਹਾਲ ਵਿੱਚ ਹੀ ਅਸੀਂ ਦੇਖਿਆ ਕਿ ਕਿਵੇਂ ਉਨ੍ਹਾਂ ਨੇ ਨਿਆਂਪਾਲਿਕਾ ਦੇ ਸਰਬਉੱਚ ਜਸਟਿਸ ਦੇ ਖਿਲਾਫ਼ ਮਹਾਅਭਿਯੋਗ ਪ੍ਰਸਤਾਵ ਲਿਆਉਣ ਦੀ ਕੋਸ਼ਿਸ਼ ਕੀਤੀ । ਜੱਜਾਂ ਨੂੰ ਡਰਾਉਣ, ਧਮਕਾਉਣ ਦੀ ਇਹ ਕੋਸ਼ਿਸ਼ ਉਨ੍ਹਾਂ ਦੀ ਪੁਰਾਣੀ ਸੋਚ ਦਾ ਹਿੱਸਾ ਹੈ।
ਮੈਨੂੰ ਸੁਰਖੀਆਂ ਵਿੱਚ ਰਿਹਾ ਉਹ ਵਾਕ ਵੀ ਯਾਦ ਹੈ ਜਦੋਂ ਇਨ੍ਹਾਂ ਦੇ ਇੱਕ ਨੇਤਾ ਦੇ ਇੱਕ ਕੇਸ ਦੀ ਸੁਣਵਾਈ ਕਰ ਰਹੇ ਜੱਜ ਤੋਂ ਪੁੱਛਿਆ ਗਿਆ ਸੀ ਕਿ ਕੀ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਪਤਨੀ ਕਰਵਾਚੌਥ ਮਨਾਵੇ ? ਇਹ ਧਮਕੀ ਨਹੀਂ ਤਾਂ ਕੀ ਹੈ ?
ਭਾਈਓ ਅਤੇ ਭੈਣੋਂ, ਇਹ ਲੋਕ ਹਰ ਸੰਸਥਾ ਨੂੰ ਬਰਬਾਦ ਕਰਨ ਦਾ ਯਤਨ ਕਰਨ ਦੇ ਬਾਅਦ ਹੁਣ ਲੋਕਤੰਤਰ ਦੀ ਦੁਹਾਈ ਦੇ ਰਹੇ ਹਨ । ਲੇਕਿਨ ਇਨ੍ਹਾਂ ਦਾ ਵਿਵਹਾਰ, ਇਨ੍ਹਾਂ ਦੀਆਂ ਸਾਜ਼ਿਸ਼ਾਂ, ਵਾਰ-ਵਾਰ ਇਹ ਸਾਬਤ ਕਰ ਰਹੀਆਂ ਹਨ ਕਿ ਇਹ ਆਪਣੇ ਆਪ ਨੂੰ ਦੇਸ਼, ਲੋਕਤੰਤਰ, ਨਿਆਂਪਾਲਿਕਾ ਅਤੇ ਇੱਥੋਂ ਤੱਕ ਕਿ ਲੋਕਾਂ ਤੋਂ ਵੀ ਉੱਤੇ ਸਮਝਦੇ ਹਨ । ਹੁਣੇ ਦੋ ਦਿਨ ਪਹਿਲਾਂ ਵੀ ਅਸੀਂ ਇਸ ਦਾ ਇੱਕ ਹੋਰ ਉਦਾਹਰਣ ਦੇਖ ਚੁੱਕੇ ਹਾਂ । ਅਤੇ ਇਸ ਲਈ ਮੈਂ ਤੁਹਾਨੂੰ ਫਿਰ ਕਹਿਣਾ ਚਾਹੁੰਦਾ ਹਾਂ, ਸਾਵਧਾਨ ਰਹੋ, ਜਾਗਰੂਕ ਰਹੋ ਅਜਿਹੇ ਲੋਕਾਂ ਤੋਂ, ਅਜਿਹੇ ਦਲ ਤੋਂ।

ਭਾਈਓ ਅਤੇ ਭੈਣੋਂ, ਕਾਂਗਰਸ ਦਾ ਇਤਿਹਾਸ ਜਿੰਨਾ ਸਿਆਹ ਹੈ, ਵਰਤਮਾਨ ਓਨਾ ਹੀ ਕਲੰਕਿਤ । ਸੱਤਾ ਅਤੇ ਸੁਆਰਥ ਵਿੱਚ ਡੁੱਬੇ ਇਨ੍ਹਾਂ ਲੋਕਾਂ ਅਤੇ ਇਨ੍ਹਾਂ ਦੇ ਸਹਿਯੋਗੀਆਂ ਨੂੰ ਨਾ ਤਾਂ ਦੇਸ਼ਵਾਸੀਆਂ ਨਾਲ ਮਤਲਬ ਹੈ, ਨਾ ਦੇਸ਼ ਨਾਲ ਅਤੇ ਨਾ ਹੀ ਦੇਸ਼ ਦੀ ਆਰਥਕ-ਸੱਭਿਆਚਾਰਕ ਖੁਸ਼ਹਾਲੀ ਨਾਲ । ਉਨ੍ਹਾਂ ਨੂੰ ਖਾਸ ਮੌਕਿਆਂ ’ਤੇ ਹੀ ਸੱਭਿਆਚਾਰ ਯਾਦ ਆਉਂਦਾ ਹੈ, ਜਦੋਂ ਕਿ ਸਾਡੇ ਲਈ ਤਾਂ ਰਾਸ਼ਟਰ, ਰਾਸ਼ਟਰ ਦੀ ਸੰਪੰਨਤਾ, ਰਾਸ਼ਟਰ ਦੀ ਸ਼ਾਨ ਅਤੇ ਅਧਿਆਤਮਕ ਖੁਸ਼ਹਾਲੀ ਸਾਡੀ ਸੋਚ ਦਾ ਹਿੱਸਾ ਹੈ।
ਇਸੇ ਸੰਸਕਾਰ ਤਹਿਤ ਯੂਪੀ ਸਮੇਤ ਪੂਰੇ ਦੇਸ਼ ਵਿੱਚ ਪ੍ਰਸਾਦ ਯੋਜਨਾ ਤਹਿਤ ਆਸਥਾ ਅਤੇ ਅਧਿਆਤਮ ਨਾਲ ਜੁੜੇ ਅਹਿਮ ਸਥਾਨਾਂ ਨੂੰ ਜੋੜਿਆ ਜਾ ਰਿਹਾ ਹੈ। ਉੱਥੇ ਸਹੂਲਤਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਪ੍ਰਯਾਗਰਾਜ ਹੋਵੇ, ਕਾਸ਼ੀ ਹੋਵੇ, ਅਯੁੱਧਿਆ-ਵ੍ਰਿੰਦਾਵਨ ਹੋਵੇ, ਕੇਦਾਰਨਾਥ ਤੋਂ ਲੈ ਕੇ ਕਾਮਾਖਿਆ ਅਤੇ ਸਬਰੀਮਾਲਾ ਤੱਕ, ਸ਼ਰਧਾ ਦੇ ਅਜਿਹੇ ਅਨੇਕ ਕੇਂਦਰਾਂ ਨੂੰ ਸ਼ਾਨਦਾਰ ਅਤੇ ਦਿਵਯ ਬਣਾਇਆ ਜਾ ਰਿਹਾ ਹੈ।

ਭਾਈਓ ਅਤੇ ਭੈਣੋਂ, ਭਾਰਤ ਕਿਸ ਤਰ੍ਹਾਂ ਬਦਲ ਰਿਹਾ ਹੈ। ਨਵਾਂ ਭਾਰਤ ਕਿਵੇਂ ਪੌਰਾਣਿਕਤਾ ਅਤੇ ਆਧੁਨਿਕਤਾ ਨੂੰ ਸਮੇਟ ਰਿਹਾ ਹੈ, ਉਸ ਦੀ ਝਲਕ ਅਰਧ ਕੁੰਭ ਵਿੱਚ ਮਿਲਣ ਵਾਲੀ ਹੈ।

ਮੇਰੀ ਤੁਹਾਨੂੰ ਸਾਰੇ ਪ੍ਰਯਾਗਵਾਸੀਆਂ ਨੂੰ ਤਾਕੀਦ ਹੈ ਕਿ ਅਸੀਂ ਆਧੁਨਿਕਤਾ ਨਾਲ ਅਧਿਆਤਮ ਨੂੰ, ਵਿਕਾਸ ਨਾਲ ਵਿਸ਼ਵਾਸ ਨੂੰ ਅਤੇ ਸਹੂਲਤ ਨਾਲ ਸ਼ਰਧਾ ਨੂੰ ਜੋੜ ਕੇ ਕੁੰਭ ਨੂੰ ਸਫ਼ਲਤਮ ਆਯੋਜਨ ਬਣਾਈਏ।

ਸਰਕਾਰ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰ ਰਹੀ ਹੈ । ਲੇਕਿਨ ਇੰਨਾ ਵੱਡਾ ਆਯੋਜਨ ਸਿਰਫ਼ ਸਰਕਾਰੀ ਵਿਵਸਥਾਵਾਂ ਦੇ ਭਰੋਸੇ ’ਤੇ ਸਫ਼ਲ ਹੋਣਾ ਸੰਭਵ ਨਹੀਂ ਹੈ। ਮੈਂ ਖ਼ੁਦ, ਯੋਗੀ ਜੀ, ਸਾਡੇ ਤਮਾਮ ਸਾਥੀ, ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਇਸ ਵਾਰ ਅਰਧਕੁੰਭ ਨੂੰ ਬੇਮਿਸਾਲ ਆਯੋਜਨ ਬਣਾਵਾਂਗੇ ।

ਇਸੇ ਆਸ਼ਾ ਦੇ ਨਾਲ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ, ਪ੍ਰਯਾਗਰਾਜ ਨੂੰ ਤਮਾਮ ਵਿਕਾਸ ਪ੍ਰੋਜੈਕਟਾਂ ਲਈ ਬਹੁਤ-ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ ।

ਜੈ ਗੰਗਾ ਮਈਆ – ਜੈ

ਜੈ ਯਮੁਨਾ ਮਈਆ – ਜੈ

ਜੈ ਸਰਸਵਤੀ ਮਈਆ – ਜੈ

ਜੈ ਤੀਰਥਰਾਜ – ਜੈ ਤੀਰਥਰਾਜ

ਜੈ ਤੀਰਥਰਾਜ – ਜੈ ਤੀਰਥਰਾਜ

ਭਾਰਤ ਮਾਤਾ ਕੀ – ਜੈ

ਭਾਰਤ ਮਾਤਾ ਕੀ – ਜੈ

ਭਾਰਤ ਮਾਤਾ ਕੀ – ਜੈ

ਬਹੁਤ-ਬਹੁਤ ਧੰਨਵਾਦ

***

ਅਤੁਲ ਤਿਵਾਰੀ/ਕੰਚਨ ਪਤਿਆਲ/ਨਿਰਮਲ ਸ਼ਰਮਾ