Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਇਜ਼ਰਾਇਲ ਦੇ ਰਾਸ਼ਟਰਪਤੀ ਨਾਲ ਸਾਂਝੀ ਮੀਡੀਆ ਬ੍ਰੀਫ਼ਿੰਗ ‘ਚ ਪ੍ਰਧਾਨ ਮੰਤਰੀ ਵੱਲੋਂ ਮੀਡੀਆ ਨੂੰ ਦਿੱਤੇ ਬਿਆਨ ਦਾ ਮੂਲ-ਪਾਠ(15 ਨਵੰਬਰ, 2016)

ਇਜ਼ਰਾਇਲ ਦੇ ਰਾਸ਼ਟਰਪਤੀ ਨਾਲ ਸਾਂਝੀ ਮੀਡੀਆ ਬ੍ਰੀਫ਼ਿੰਗ ‘ਚ ਪ੍ਰਧਾਨ ਮੰਤਰੀ ਵੱਲੋਂ ਮੀਡੀਆ ਨੂੰ ਦਿੱਤੇ ਬਿਆਨ ਦਾ ਮੂਲ-ਪਾਠ(15 ਨਵੰਬਰ, 2016)

ਇਜ਼ਰਾਇਲ ਦੇ ਰਾਸ਼ਟਰਪਤੀ ਨਾਲ ਸਾਂਝੀ ਮੀਡੀਆ ਬ੍ਰੀਫ਼ਿੰਗ ‘ਚ ਪ੍ਰਧਾਨ ਮੰਤਰੀ ਵੱਲੋਂ ਮੀਡੀਆ ਨੂੰ ਦਿੱਤੇ ਬਿਆਨ ਦਾ ਮੂਲ-ਪਾਠ(15 ਨਵੰਬਰ, 2016)


ਮਾਣਯੋਗ ਰਾਸ਼ਟਰਪਤੀ ਰਿਊਵੇਨ ਰਿਵਲਿਨ ਜੀ

ਅਤੇ ਮੀਡੀਆ ਦੇ ਦੋਸਤੋ,

ਰਾਸ਼ਟਰਪਤੀ ਰਿਊਵੇਨ ਰਿਵਲਿਨ (Reuven Rivlin) ਅਤੇ ਉਨ੍ਹਾਂ ਦੇ ਉੱਘੇ ਮੈਂਬਰਾਂ ਦਾ ਭਾਰਤ ‘ਚ ਸੁਆਗਤ ਕਰ ਕੇ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ। ਰਾਸ਼ਟਰਪਤੀ ਰਿਵਲਿਨ ਪਹਿਲੀ ਵਾਰ ਭਾਰਤ ਆਏ ਹਨ। ਇਸ ਵਿਸ਼ੇਸ਼ ਮੌਕੇ ‘ਤੇ ਉਨ੍ਹਾਂ ਦਾ ਸੁਆਗਤ ਕਰਦੇ ਹੋਏ ਅਸੀਂ ਪ੍ਰਸੰਨ ਹਾਂ। ਮਾਣਯੋਗ ਰਾਸ਼ਟਰਪਤੀ ਜੀ, ਤੁਹਾਡਾ ਇਹ ਦੌਰਾ ਸਾਡੀ ਭਾਈਵਾਲੀ ਵਿੱਚ ਨਵੇਂ ਥੰਮ੍ਹ ਉਸਾਰਨ ਦੇ ਸਾਡੇ ਯਤਨਾਂ ਨੂੰ ਵੱਡਾ ਹੁਲਾਰਾ ਦੇਵੇਗਾ। ਇਸ ਨਾਲ ਪਿਛਲੇ ਵਰ੍ਹੇ ਭਾਰਤ ਦੇ ਰਾਸ਼ਟਰਪਤੀ ਦੇ ਪਹਿਲੇ ਇਜ਼ਰਾਇਲ ਦੌਰੇ ਕਾਰਨ ਪੈਦਾ ਹੋਈ ਰਫ਼ਤਾਰ ਨੂੰ ਹੋਰ ਬਲ ਮਿਲੇਗਾ। ਅਗਲੇ ਸਾਲ, ਦੋਵੇਂ ਦੇਸ਼ ਮੁਕੰਮਲ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੇ 25 ਵਰ੍ਹੇ ਮੁਕੰਮਲ ਹੋਣ ਦੇ ਜਸ਼ਨ ਮਨਾਉਣਗੇ। ਇਸ ਵੱਡੇ ਮੀਲ-ਪੱਥਰ ‘ਤੇ ਪੁੱਜ ਕੇ, ਅਸੀਂ ਕਈ ਮੋਰਚਿਆਂ ਉੱਤੇ ਆਪਣੀਆਂ ਗਤੀਵਿਧੀਆਂ ਨੂੰ ਅਗਾਂਹ ਵਧਾਉਣ ਲਈ ਵਚਨਬੱਧ ਹਾਂ। ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਉੱਤੇ ਸਾਡੇ ਹਿਤ ਅਤੇ ਚਿੰਤਾਵਾਂ ਵਿੱਚ ਕੇਂਦਰਮੁਖਤਾ ਅਤੇ ਸਾਂਝੀਆਂ ਗੱਲਾਂ ਹਨ।

ਦੋਸਤੋ,

ਸਾਡੀਆਂ ਗਤੀਵਿਧੀਆਂ ਬਹੁ-ਪਸਾਰੀ ਤੇ ਵਿਆਪਕ ਹਨ। ਅਸੀਂ ਇਨ੍ਹਾਂ ਖੇਤਰਾਂ ਵਿੱਚ ਭਾਈਵਾਲ ਹਾਂ:

• ਖੇਤੀਬਾੜੀ ਉਤਪਾਦਕਤਾ ਤੇ ਕਾਰਜਕੁਸ਼ਲਤਾ ਵਿੱਚ ਵਾਧਾ;

• ਖੋਜ ਤੇ ਨਵੀਨਤਾ ਦੇ ਸੰਪਰਕਾਂ ਵਿੱਚ ਵਾਧਾ;

• ਸਾਡੇ ਸਮਾਜਾਂ ਦੇ ਲਾਭ ਲਈ ਵਿਗਿਆਨ ਤੇ ਤਕਨਾਲੋਜੀ ਨੂੰ ਵਰਤਣਾ;

• ਮਜ਼ਬੂਤ ਵਪਾਰਕ ਸੰਪਰਕ ਤੇ ਨਿਵੇਸ਼ ਸਬੰਧ ਕਾਇਮ ਕਰਨਾ;

• ਸਾਡੀ ਜਨਤਾ ਦੀ ਰਾਖੀ ਲਈ ਰੱਖਿਆ ਸਬੰਧ ਉਸਾਰਨਾ; ਅਤੇ

• ਵਧੇਰੇ ਸੱਭਿਆਚਾਰਕ ਤੇ ਸੈਰ-ਸਪਾਟਾ ਸਬੰਧਾਂ ਰਾਹੀਂ ਦੋਵੇਂ ਦੇਸ਼ਾਂ ਦੀ ਜਨਤਾ ‘ਚ ਸਬੰਧ ਮਜ਼ਬੂਤ ਕਰਨਾ;

• ਵਿਦਿਅਕ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਾ। ਪੜ੍ਹਾਈ ਲਈ ਵਧੇਰੇ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਇਜ਼ਰਾਇਲ ਜਾਣ ਤੇ ਇਜ਼ਰਾਇਲੀ ਵਿਦਿਆਰਥੀਆਂ ਦਾ ਭਾਰਤ ਆਉਣਾ; ਸਾਡੀ ਦੁਵੱਲੀ ਭਾਈਵਾਲੀ ਵਿੱਚ ਇੱਕ ਅਹਿਮ ਪੁਲ ਬਣ ਸਕਦਾ ਹੈ।

ਦੋਸਤੋ,

ਅੱਜ ਪਹਿਲਾਂ, ਰਾਸ਼ਟਰਪਤੀ ਰਿਵਲਿਨ ਅਤੇ ਮੈਂ ਆਪਣੇ ਵਿਚਾਰ-ਵਟਾਂਦਰਿਆਂ ਦੌਰਾਨ ਸਹਿਮਤ ਹੋਏ ਹਾਂ ਕਿ ਸਾਡੇ ਦੇਸ਼ਾਂ ਵਿਚਾਲੇ ਅਜਿਹੇ ਕਈ ਮਜ਼ਬੂਤ ਖੇਤਰ ਹਨ, ਜਿਨ੍ਹਾਂ ਵਿੱਚ ਸਹਿਯੋਗ ਚਲ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਇਜ਼ਰਾਇਲ ਨੂੰ ਖੇਤੀਬਾੜੀ ਦੀਆਂ ਅਗਾਂਹਵਧੂ ਤਕਨੀਕਾਂ ਤੇ ਸੋਕੇ ਦੇ ਖ਼ਤਰੇ ਵਾਲੇ ਇਲਾਕਿਆਂ ਵਿੱਚ ਸੂਖਮ-ਸਿੰਚਾਈ ਅਤੇ ਪਾਣੀ ਦੀ ਸਹੀ ਵਰਤੋਂ ਜਿਹੇ ਮਾਮਲਿਆਂ ‘ਚ ਮੁਹਾਰਤ ਹਾਸਲ ਹੈ। ਅਸੀਂ ਪਾਣੀ ਦੇ ਪ੍ਰਬੰਧ, ਉਸ ਦੀ ਸੰਭਾਲ ਅਤੇ ਵਿਗਿਆਨਕ ਖੋਜ ਤੇ ਵਿਕਾਸ ਜਿਹੇ ਖੇਤਰਾਂ ਦੀ ਸ਼ਨਾਖ਼ਤ ਕੀਤੀ ਹੈ, ਜਿਨ੍ਹਾਂ ਵਿੱਚ ਤਰਜੀਹੀ ਅਧਾਰ ‘ਤੇ ਗਤੀਵਿਧੀਆਂ ਵਧਾਈਆਂ ਜਾਣਗੀਆਂ। ਅਸੀਂ ਦੋਵੇਂ ਸਹਿਮਤ ਹਾਂ ਕਿ ਭਾਰਤੀ ਅਰਥ-ਵਿਵਸਥਾ ਦੀ ਮੌਜੂਦਾ ਗਤੀ-ਰੇਖਾ ਕਾਰਨ ਇਜ਼ਰਾਇਲੀ ਕੰਪਨੀਆਂ ਲਈ ਬਹੁਤ ਸਾਰੇ ਵਧੀਆ ਮੌਕੇ ਪੈਦਾ ਹੋਏ ਹਨ। ਸਾਡੀਆਂ ਆਰਥਿਕ ਪਹਿਲਕਦਮੀਆਂ ਤੇ ਪ੍ਰੋਗਰਾਮ ਅਤੇ ਨਵੀਨਤਾ, ਖੋਜ ਤੇ ਤਕਨਾਲੋਜੀਕਲ ਵਿਕਾਸ ਉੱਤੇ ਸਾਡਾ ਜ਼ੋਰ ਦੇਣਾ ਇਜ਼ਰਾਇਲ ਦੀਆਂ ਸ਼ਕਤੀਆਂ ਤੇ ਸਮਰੱਥਾਵਾਂ ਨਾਲ ਮੇਲ ਖਾਂਦਾ ਹੈ। ਇਜ਼ਰਾਇਲੀ ਕੰਪਨੀਆਂ ਸਾਡੀਆਂ ਪ੍ਰਮੁੱਖ ਯੋਜਨਾਵਾਂ; ਮੇਕ ਇਨ ਇੰਡੀਆ, ਡਿਜੀਟਲ ਇੰਡੀਆ, ਸਕਿੱਲ ਇੰਡੀਆ ਤੇ ਸਮਾਰਟ ਸਿਟੀਜ਼ ਨਾਲ ਆਪਣੇ ਸਮਝੌਤੇ ਕਰ ਸਕਦੀਆਂ ਹਨ। ਮੈਂ ਇਨ੍ਹਾਂ ਖੇਤਰਾਂ ਵਿੱਚ ਸਾਡੇ ਦੋਵੇਂ ਦੇਸ਼ਾਂ ਦੇ ਨਿਜੀ ਖੇਤਰ ਦੀਆਂ ਸਬੰਧਤ ਧਿਰਾਂ ਨੂੰ ਇਸ ਲਈ ਉਤਸ਼ਾਹਿਤ ਕਰਨਾ ਚਾਹਾਂਗਾ ਕਿ ਉਹ ਦੁਵੱਲੇ ਵਪਾਰ ਤੇ ਨਿਵੇਸ਼ ਦੇ ਵਪਾਰਕ ਸਬੰਧਾਂ ਦੀ ਉਸਾਰੀ ਦੇ ਇਸ ਸੰਪੂਰਨ ਮੌਕੇ ਦਾ ਲਾਹਾ ਲੈਣ ਵਿੱਚ ਮੋਹਰੀ ਬਣਨ। ਭਾਰਤੀ ਅਤੇ ਇਜ਼ਰਾਇਲੀ ਕੰਪਨੀਆਂ ਵੀ ਉੱਚ-ਤਕਨਾਲੋਜੀ ਦੇ ਨਿਰਮਾਣ ਤੇ ਸੇਵਾਵਾਂ ਜਿਹੇ ਖੇਤਰਾਂ ਵਿੱਚ ਮਿਲ ਕੇ ਕੰਮ ਕਰ ਸਕਦੀਆਂ ਹਨ। ‘ਮੇਕ ਇਨ ਇੰਡੀਆ’ ਅਤੇ ਜਿਵੇਂ ਕਿ ਰਾਸ਼ਟਰਪਤੀ ਰਿਵਲਿਨ ਨੇ ਮੈਨੂੰ ਵਿਚਾਰ-ਵਟਾਂਦਰੇ ਦੌਰਾਨ ਦੱਸਿਆ ਕਿ ‘ਮੇਕ ਵਿਦ ਇੰਡੀਆ’ (ਭਾਰਤ ਨਾਲ ਬਣਾਓ) ਨਾਲ ਦੋਵੇਂ ਭੂ-ਖੇਤਰਾਂ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਸਕਦੇ ਹਨ ਅਤੇ ਇਸ ਦਾ ਲਾਭ ਦੋਵਾਂ ਨੂੰ ਹੋ ਸਕਦਾ ਹੈ। ਆਈ.ਟੀ. (ਸੂਚਨਾ ਤਕਨਾਲੋਜੀ) ਇੱਕ ਅਜਿਹਾ ਖੇਤਰ ਹੈ, ਜਿਸ ਵਿੱਚ ਸਾਡੀ ਭਾਈਵਾਲੀ ਸਾਡੀਆਂ ਦੋਵੇਂ ਅਰਥ ਵਿਵਸਥਾਵਾਂ `ਚ ਬਦਲਾਅ ਲਿਆ ਸਕਦੀ ਹੈ।

ਦੋਸਤੋ,

ਰਾਸ਼ਟਰਪਤੀ ਰਿਵਲਿਨ ਅਤੇ ਮੈਂ ਆਪਣੇ ਸਮਾਜਾਂ ਵਿੱਚ ਸਾਡੀ ਮਜ਼ਬੂਤ ਤੇ ਪ੍ਰਫ਼ੁੱਲਤ ਹੋ ਰਹੀ ਭਾਈਵਾਲੀ ਦੀ ਬਹੁਤ ਕਦਰ ਕਰਦੇ ਹਾਂ। ਸਾਡੀ ਜਨਤਾ ਨਿਰੰਤਰ ਤੌਰ ‘ਤੇ ਦਹਿਸ਼ਤਗਰਦੀ ਅਤੇ ਅੱਤਵਾਦੀ ਤਾਕਤਾਂ ਦੇ ਖ਼ਤਰੇ ਹੇਠ ਹੈ। ਅਸੀਂ ਇਹ ਮੰਨਦੇ ਹਾਂ ਕਿ ਦਹਿਸ਼ਤਗਰਦੀ ਇੱਕ ਅੰਤਰਰਾਸ਼ਟਰੀ ਚੁਣੌਤੀ ਹੈ, ਇਸ ਦੀਆਂ ਕੋਈ ਸੀਮਾਵਾਂ ਨਹੀਂ ਹਨ ਅਤੇ ਇਸ ਦੇ ਜਥੇਬੰਦਕ ਅਪਰਾਧ ਦੀਆਂ ਹੋਰ ਕਿਸਮਾਂ ਨਾਲ ਵਿਆਪਕ ਸੰਪਰਕ ਹਨ। ਅਫ਼ਸੋਸ ਦੀ ਗੱਲ ਹੈ ਕਿ ਭਾਰਤ ਦੇ ਗੁਆਂਢ ‘ਚ ਸਥਿਤ ਇੱਕ ਦੇਸ਼ ਤੋਂ ਇਸ ਚੁਣੌਤੀ ਦਾ ਜਨਮ ਤੇ ਪਸਾਰ ਹੋ ਰਿਹਾ ਹੈ। ਅਸੀਂ ਇਸ ਮਾਮਲੇ ‘ਤੇ ਸਹਿਮਤ ਹਾਂ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਜ਼ਰੂਰ ਹੀ ਦਹਿਸ਼ਤਗਰਦੀ ਦੇ ਤਾਣੇ-ਬਾਣਿਆਂ ਤੇ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਦੇਸ਼ਾਂ ਵਿਰੁੱਧ ਦ੍ਰਿੜ੍ਹਤਾਪੂਰਬਕ ਕਾਰਵਾਈ ਕਰਨ ਦਾ ਸੰਕਲਪ ਲੈਣਾ ਹੋਵੇਗਾ। ਕੋਈ ਕਾਰਵਾਈ ਕਰਨ ਅਤੇ ਬੋਲਣ ਤੋਂ ਨਾਕਾਮ ਰਹਿਣ ਨਾਲ ਕੇਵਲ ਦਹਿਸ਼ਤਗਰਦਾਂ ਨੂੰ ਉਤਸ਼ਾਹ ਹੀ ਮਿਲਦਾ ਹੈ। ਅਸੀਂ, ਉਨ੍ਹਾਂ ਅੱਤਵਾਦੀ ਤੇ ਮੂਲਵਾਦੀ ਤਾਕਤਾਂ ਦਾ ਟਾਕਰਾ ਕਰਨ ਲਈ ਆਪਣਾ ਸਹਿਯੋਗ ਹੋਰ ਤੀਖਣ ਕਰਨ ਲਈ ਸਹਿਮਤ ਹੋਏ ਹਾਂ, ਜਿਨ੍ਹਾਂ ਤੋਂ ਅਮਨ-ਪਸੰਦ ਦੇਸ਼ਾਂ ਨੂੰ ਖ਼ਤਰਾ ਹੈ। ਅਸੀਂ ਆਪਣੀ ਵਧ ਰਹੀ ਰੱਖਿਆ ਭਾਈਵਾਲੀ ਦੀ ਤਾਕਤ ਨੂੰ ਨੋਟ ਕੀਤਾ। ਅਤੇ, ਅਸੀਂ ਇਸ ਭਾਈਵਾਲੀ ਨੂੰ ਉਤਪਾਦਨ ਤੇ ਨਿਰਮਾਣ-ਭਾਈਵਾਲੀਆਂ ਰਾਹੀਂ ਹੋਰ ਵੀ ਵਿਆਪਕ ਬਣਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਸੁਧਾਰ-ਯੁਕਤ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ਭਾਰਤ ਦੀ ਸਥਾਈ ਉਮੀਦਵਾਰੀ ਦੇ ਮਾਮਲੇ ‘ਚ ਇਜ਼ਰਾਇਲ ਦੇ ਸਪਸ਼ਟ ਸਮਰਥਨ ਲਈ ਵੀ ਭਾਰਤ ਧੰਨਵਾਦੀ ਹੈ।

ਦੋਸਤੋ,

ਸਾਥੀ ਲੋਕਤੰਤਰਾਂ ਦੇ ਤੌਰ ‘ਤੇ, ਸਾਡੇ ਲੋਕ ਸਾਡੀ ਸਭ ਤੋਂ ਵੱਡੀ ਤਾਕਤ ਹਨ ਅਤੇ ਇੱਕ ਮਜ਼ਬੂਤ ਭਾਰਤ-ਇਜ਼ਰਾਇਲ ਭਾਈਵਾਲੀ ਦਾ ਸਭ ਤੋਂ ਵੱਧ ਲਾਭ ਵੀ ਉਨ੍ਹਾਂ ਨੂੰ ਹੀ ਹੁੰਦਾ ਹੈ। ਭਾਰਤ ਵਿੱਚ ਯਹੂਦੀ ਭਾਈਚਾਰਾ 2000 ਸਾਲਾਂ ਤੋਂ ਰਹਿ ਰਿਹਾ ਹੈ, ਜੋ ਕਿ ਪ੍ਰਫ਼ੁੱਲਤ ਹੋ ਰਹੇ ਸੰਪਰਕ ਦੀ ਪ੍ਰਤੀਨਿਧਤਾ ਕਰਦਾ ਹੈ। ਅੱਜ, ਇਹ ਸਾਡੀ ਸਾਂਝੀ ਸੱਭਿਆਚਾਰਕ ਪੱਚਕਾਰੀ (ਮੋਜ਼ੇਕ -mosaic )ਦਾ ਅਹਿਮ ਹਿੱਸਾ ਹੈ, ਜੋ ਆਪਣੀਆਂ ਰਵਾਇਤਾਂ ਵਿੱਚ ਨਿਰੰਤਰ ਪ੍ਰਫ਼ੁੱਲਤ ਹੋ ਰਿਹਾ ਹੈ। ਭਾਰਤ ‘ਚ ਵੱਸਦੇ ਯਹੂਦੀ ਭਾਈਚਾਰੇ ‘ਤੇ ਸਾਨੂੰ ਮਾਣ ਹੈ। ਰਾਸ਼ਟਰਪਤੀ ਅਤੇ ਮੈਂ ਦੋਵੇਂ ਦੇਸ਼ਾਂ ਦੇ ਸੰਪਰਕਾਂ ਨੂੰ ਉਤਸ਼ਾਹਿਤ ਕਰਨ ਲਈ ਸਹਿਮਤ ਹਾਂ, ਜਿਨ੍ਹਾਂ ਦਾ ਲੰਮਾ ਸਾਂਝਾ ਇਤਿਹਾਸ ਹੈ ਤੇ ਸਾਡੀ ਸਾਂਝੀ ਤਰਜੀਹ ਹੈ।

ਮਾਣਯੋਗ ਰਾਸ਼ਟਰਪਤੀ ਜੀ,

ਸਾਡੀ ਢਾਈ ਦਹਾਕਿਆਂ ਦੀ ਦੋਸਤੀ ਦਾ ਸਾਡੇ ਦੋਵੇਂ ਦੇਸ਼ਾਂ ਨੂੰ ਭਰਪੂਰ ਲਾਭ ਪੁੱਜਾ ਹੈ। ਇਸ ਨੇ ਸਮੁੱਚੇ ਵਿਸ਼ਵ ਵਿੱਚ ਸ਼ਾਂਤੀ, ਸਥਿਰਤਾ ਤੇ ਲੋਕਤੰਤਰ ਦੀਆਂ ਅਵਾਜ਼ਾਂ ਨੂੰ ਵੀ ਮਜ਼ਬੂਤ ਕੀਤਾ ਹੈ। ਤੁਹਾਡੇ ਇਸ ਦੌਰੇ ਨਾਲ ਕੁਝ ਨਵਾਂ ਅਤੇ ਲਾਹੇਵੰਦ ਕਰਨ ਅਤੇ ਸਾਡੀ ਭਾਈਵਾਲੀ ਨੂੰ ਨਵਾਂ ਅਕਾਰ ਦੇਣ ਦਾ ਮੌਕਾ ਮਿਲਿਆ ਹੈ। ਇਨ੍ਹਾਂ ਸ਼ਬਦਾਂ ਨਾਲ, ਮੈਂ ਇੱਕ ਵਾਰ ਫਿਰ ਰਾਸ਼ਟਰਪਤੀ ਰਿਵਲਿਨ ਦੇ ਪਹਿਲੇ ਭਾਰਤ ਦੌਰੇ ਮੌਕੇ ਉਨ੍ਹਾਂ ਦਾ ਸੁਆਗਤ ਕਰਦਾ ਹਾਂ ਅਤੇ ਮੇਰੀ ਸ਼ੁਭ-ਕਾਮਨਾ ਹੈ ਕਿ ਉਨ੍ਹਾਂ ਦੀ ਭਾਰਤ ਦੀ ਯਾਤਰਾ ਤੇ ਠਹਿਰਾਅ ਲਾਭਕਾਰੀ ਤੇ ਆਨੰਦਮਈ ਰਹਿਣ ।

ਤੁਹਾਡਾ ਧੰਨਵਾਦ।

****

AKT/AK
(Release ID :153613)