Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਇੰਡੋਨੇਸ਼ੀਆ ਵਿੱਚ ਭਾਰਤੀ ਭਾਈਚਾਰੇ ਦੇ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ (30 ਮਈ, 2018)

ਇੰਡੋਨੇਸ਼ੀਆ ਵਿੱਚ ਭਾਰਤੀ ਭਾਈਚਾਰੇ ਦੇ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ (30 ਮਈ, 2018)

ਇੰਡੋਨੇਸ਼ੀਆ ਵਿੱਚ ਭਾਰਤੀ ਭਾਈਚਾਰੇ ਦੇ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ (30 ਮਈ, 2018)


ਸਲਾਮਤ ਸੋਰੇ, ਤਮਾਨ– ਤਮਾਨ। (Good Evening Friends)

ਆਪਾ ਕਾਬਾਰ? (ਆਪ ਕੈਸੇ ਹੈਂ)

ਸਾਯਾ ਸਨਾਂਗ ਸਕਾਲੀ ਬਰ-ਅਦਾ ਦੀ ਸਿਨੀ (ਮੈਨੂੰ ਇੱਥੇ ਆਕੇ ਬਹੁਤ ਖੁਸ਼ੀ ਹੈ)

 

ਮੈਂ ਇੰਡੋਨੇਸ਼ੀਆ ਦੀ ਜਨਤਾ, ਆਪ ਸਾਰਿਆਂ ਦਾ ਅਤੇ ਵਿਸ਼ੇਸ਼ ਤੌਰ ‘ਤੇ ਰਾਸ਼ਟਰਪਤੀ ਵਿਡੋਡੇ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਰਮਜ਼ਾਨ ਦੇ ਇਸ ਪਵਿੱਤਰ ਮਹੀਨੇ ਵਿੱਚ ਮੇਰਾ ਸੁਆਗਤ ਕੀਤਾ। ਅੱਜ ਸਵੇਰੇ ਇੰਡੋਨੇਸ਼ੀਆ ਦੀ ਵਿਭਿੰਨਤਾ ਦੀ ਝਲਕ ਵੀ ਦੇਖਣ ਨੂੰ ਮਿਲੀ। ਵੱਖ-ਵੱਖ ਪੋਸ਼ਾਕਾਂ ਪਹਿਨੇ ਨਾਗਰਿਕਾਂ ਅਤੇ ਬੱਚਿਆਂ ਨੇ ਮੇਰਾ ਸੁਆਗਤ ਕੀਤਾ। ਇਸ ਨੇ ਮੇਰੇ ਦਿਲ ਨੂੰ ਛੂ ਲਿਆ।

 

ਸਾਥੀਓ,

ਕੁਝ ਮਹੀਨੇ ਪਹਿਲਾਂ ਹੀ ਅਸੀਂ ਸਾਰੇ 10 ਆਸੀਆਨ ਨੇਤਾਵਾਂ ਨਾਲ ਭਾਰਤ  ਦਾ ਗਣਤੰਤਰਤਾ ਦਿਵਸ ਮਨਾਇਆ। ਆਸੀਆਨ ਵਿੱਚ ਇੰਡੋਨੇਸ਼ੀਆ ਸਭ ਤੋਂ ਵੱਡੀ ਜਨਸੰਖਿਆ ਵਾਲਾ ਇੱਕ ਅਹਿਮ ਮੈਂਬਰ ਹੈ। ਮੈਂ ਰਾਸ਼ਟਰਪਤੀ ਵਿਦੋਡੋ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਸਾਨੂੰ ਉਦੋਂ ਉਨ੍ਹਾਂ ਦੀ ਮਹਿਮਾਨ ਨਿਵਾਜ਼ੀ ਦਾ ਮੌਕਾ ਦਿੱਤਾ। ਇਹ ਇੱਕ ਸੰਯੋਗ ਮਾਤਰ ਹੀ ਨਹੀਂ ਹੈ ਕਿ ਸੰਨ 1950 ਵਿੱਚ ਭਾਰਤ ਦੇ ਪਹਿਲੇ ਗਣਤੰਤਰ ਦਿਵਸ ਵਿੱਚ ਵੀ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਮੁੱਖ ਮਹਿਮਾਨ ਸਨ।

 

ਸਾਥੀਓ,

 

ਬੀਤੇ ਚਾਰ ਵਰ੍ਹਿਆਂ ਵਿੱਚ ਸਵਾ ਸੌ ਕਰੋੜ ਭਾਰਤੀਆਂ ਦੇ ਪ੍ਰਤੀਨਿਧੀ ਵਜੋਂ ਦੁਨੀਆ ਵਿੱਚ ਜਿੱਥੇ-ਜਿੱਥੇ ਵੀ ਮੈਂ ਗਿਆ, ਮੇਰਾ ਪ੍ਰਯਤਨ ਰਿਹਾ ਹੈ ਕਿ ਤੁਹਾਡੇ ਵਰਗੇ ਉਨ੍ਹਾਂ ਲੱਖਾਂ ਭਰਾਵਾਂ ਤੇ ਭੈਣਾਂ ਨਾਲ ਮਿਲਾਂ, ਜਿਨ੍ਹਾਂ ਦਾ ਮੂਲ ਭਾਰਤ ਭੂਮੀ ਵਿੱਚ ਹੈ। ਇਸ ਦੌਰਾਨ ਮੇਰੀ ਜਿੰਨੀ ਵੀ ਗੱਲਬਾਤ ਹੋਈ, ਉਸ ਵਿੱਚ ਇੱਕ ਗੱਲ ਸਮਾਨ ਰਹੀ ਹੈ। ਉਹ ਗੱਲ ਹੈ ਮਾਂ ਭਾਰਤੀ ਪ੍ਰਤੀ ਅਟੁੱਟ ਸ਼ਰਧਾ ਅਤੇ ਸਨਮਾਨ। ਇੱਥੇ ਇੰਡੋਨੇਸ਼ੀਆ ਵਿੱਚ ਵੀ ਇਹ ਭਾਵਨਾ ਮੈਂ ਆਪਣੇ ਸਾਹਮਣੇ ਦੇਖ ਸਕਦਾ ਹਾਂ। ਇੰਡੋਨੇਸ਼ੀਆ ਦੇ ਪ੍ਰਤੀ ਤੁਹਾਡੀ ਜਿੰਨੀ ਭਗਤੀ ਹੈ, ਉੰਨੀ ਹੀ ਪ੍ਰਬਲ ਭਾਵਨਾ ਆਪਣੀਆਂ ਜੜ੍ਹਾਂ ਨਾਲ ਜੁੜਨ ਦੀ ਹੈ। ਤੁਹਾਡੇ ਵਿੱਚ ਵਧੇਰੇ ਇੰਡੋਨੇਸ਼ੀਆ ਦੇ ਨਾਗਰਿਕ ਹਨ ਲੇਕਿਨ ਦਿਲ ਦੇ ਇੱਕ ਕੋਨੇ ਵਿੱਚ ਕਿਤੇ ਭਾਰਤ ਵੀ ਵਸਿਆ ਹੋਇਆ ਹੈ।

 

ਸਾਥੀਓ,

ਸਾਡਾ ਸੰਸਕ੍ਰਿਤ ਅਤੇ ਸੰਸਕ੍ਰਿਤੀ ਦਾ ਰਿਸ਼ਤਾ ਹੈ। ਅਤੇ ਤੁਸੀਂ ਸਾਰੇ ਜੋ ਇੱਥੇ ਇੰਡੋਨੇਸ਼ੀਆ ਵਿੱਚ ਅੱਜ ਰਚ ਵੱਸ ਗਏ ਹੋ, ਸਾਡੇ ਇਸ ਰਿਸ਼ਤੇ ਦੀ ਮਜ਼ਬੂਤ ਕੜੀ ਹੋ। ਤੁਹਾਡੇ ਵਿੱਚੋਂ ਇੱਥੇ ਕਈ ਚਾਰ-ਪੰਜ ਪੀੜ੍ਹੀਆਂ ਤੋਂ ਹਨ ਤਾਂ ਅਜਿਹੇ ਵੀ ਤਮਾਮ ਲੋਕ ਹਨ ਜੋ ਬੀਤੇ ਦੋ – ਤਿੰਨ ਦਹਾਕਿਆਂ ਤੋਂ ਇੱਥੇ ਆਏ ਹਨ। ਅੱਜ ਤੁਹਾਡੇ ਵਿੱਚੋਂ ਕੋਈ ਕੱਪੜੇ ਦੇ ਕਾਰੋਬਾਰ ਨਾਲ ਜੁੜਿਆ ਹੈ ਤਾਂ ਕੋਈ ਸਪੋਰਟਸ ਦੇ ਸਮਾਨ ਦਾ ਵਪਾਰ ਕਰ ਰਿਹਾ ਹੈ। ਕੋਈ ਇੰਜੀਨੀਅਰ ਹੈ, ਕੋਈ ਕੰਸਲਟੈਂਟ। ਕੋਈ ਸੀਏ ਹੈ ਤਾਂ ਕੋਈ ਬੈਂਕਰ ਤਾਂ ਕੋਈ ਅਧਿਆਤਮਕ ਗੁਰੂ। ਭਾਰਤ ਨਾਲ ਹੀ ਸਬੰਧ ਰੱਖਣ ਵਾਲੇ ਸ਼੍ਰੀ ਗੁਰਨਾਮ ਸਿੰਘ ਜੀ ਨੇ 1962 ਵਿੱਚ ਜਕਾਰਤਾ ਏਸ਼ੀਅਨ ਗੇਮਸ ਵਿੱਚ ਇੰਡੋਨੇਸ਼ੀਆ ਲਈ ਮੈਡਲ ਵੀ ਜਿੱਤਿਆ ਸੀ। ਮੈਨੂੰ ਬਹੁਤ ਖੁਸ਼ੀ ਵੀ ਹੈ ਅਤੇ ਗੌਰਵ ਵੀ, ਕਿ ਤੁਸੀਂ ਤਪ ਨਾਲ, ਸਖ਼ਤ ਮਿਹਨਤ ਨਾਲ ਨਾ ਸਿਰਫ਼ ਤੁਸੀਂ ਸਾਰਿਆਂ ਨੇ ਇੱਥੋਂ ਦੇ ਪਰਿਵੇਸ਼ ਨੂੰ ਅਨੁਕੂਲ ਬਣਾਇਆ, ਬਲਕਿ ਅੱਜ ਤੁਸੀਂ ਇੰਡੋਨੇਸ਼ੀਆ ਦੇ ਵਿਕਾਸ ਵਿੱਚ ਵੀ ਬਹੁਤ ਵੱਡਾ ਯੋਗਦਾਨ ਦੇ ਰਹੇ ਹੋ।

 

ਸਾਥੀਓ,

ਇੱਕ ਦੌਰ ਉਹ ਵੀ ਸੀ, ਜਦੋਂ ਤੁਹਾਡੇ ਪੁਰਖਿਆਂ ਨੂੰ ਅਲੱਗ-ਅਲੱਗ ਹਾਲਾਤ ਦੀ ਵਜ੍ਹਾ ਨਾਲ ਭਾਰਤ ਛੱਡਣਾ ਪਿਆ। ਅੱਜ ਇੱਕ ਦੌਰ ਉਹ ਵੀ ਹੈ ਜਦੋਂ ਦੁਨੀਆ ਭਰ ਵਿੱਚ ਭਾਰਤ ਦੀ ਮਜ਼ਬੂਤ ਪਹਿਚਾਣ ਬਣੀ ਹੈ। ਪਿਛਲੇ 4 ਵਰ੍ਹਿਆਂ ਵਿੱਚ ਭਾਰਤ ਨੇ ਦੁਨੀਆ ਦੀ ਅਰਥਵਿਵਸਥਾ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਹੈ।

 

  • ਅੱਜ ਭਾਰਤ ਦੁਨੀਆ ਵਿੱਚ ਸਭ ਤੋਂ open economies ਵਿੱਚੋਂ ਇੱਕ ਹੈ। ਭਾਰਤ ਵਿੱਚ ਰਿਕਾਰਡ ਪੱਧਰ ‘ਤੇ ਵਿਦੇਸ਼ੀ ਨਿਵੇਸ਼ ਹੋ ਰਿਹਾ ਹੈ।
  • ਭਾਰਤ ਦਾ Foreign Exchange Reserve ਲਗਭਗ 300 ਬਿਲੀਅਨ ਡਾਲਰ ਤੋਂ ਵਧ ਕੇ 400 ਬਿਲੀਅਨ ਡਾਲਰ ਤੋਂ ਪਾਰ ਪਹੁੰਚ ਗਿਆ ਹੈ।
  • Greenfield FDI ਨੂੰ ਆਕਰਸ਼ਿਤ ਕਰਨ ਵਾਲਾ ਭਾਰਤ ਦੁਨੀਆ ਦਾ ਨੰਬਰ ਇੱਕ ਦੇਸ਼ ਬਣ ਗਿਆ ਹੈ।
  • FDI Confidence Index ਵਿੱਚ ਭਾਰਤ top two emerging market ਵਿੱਚੋਂ ਇੱਕ ਹੈ।
  • ਵਰਲਡ ਇਕਨੌਮਿਕ ਫੋਰਮ ਦੇ Global Competitiveness Index ਵਿੱਚ ਭਾਰਤ ਦੀ ਰੈਂਕਿੰਗ 71 ਤੋਂ ਸੁਧਰਕੇ 40 ਹੋ ਗਈ ਹੈ।
  • Ease of Doing Business ਦੀ ਰੈਂਕਿੰਗ ਵਿੱਚ ਭਾਰਤ 142 ਤੋਂ 100ਵੇਂ ਨੰਬਰ ‘ਤੇ ਆ ਗਿਆ ਹੈ।
  • Logistics Performance Index ਵਿੱਚ 19 ਅੰਕਾਂ ਦਾ ਸੁਧਾਰ ਹੋਇਆ ਹੈ।
  • Global Innovation Index ਵਿੱਚ ਭਾਰਤ ਦੀ ਰੈਂਕਿੰਗ 21 ਅੰਕ ਉੱਪਰ ਹੋਈ ਹੈ।
  • ਅੰਕਟਾਡ ਦੀ ਰਿਪੋਰਟ ਵਿੱਚ ਭਾਰਤ ਨੂੰ ਭਵਿੱਖ ਦੀਆਂ ਮਜ਼ਬੂਤ ਅਰਥਵਿਵਸਥਾਵਾਂ ਵਿੱਚ Top ਤਿੰਨ ਵਿੱਚ ਰੱਖਿਆ ਗਿਆ ਹੈ।
  • ਪਿਛਲੇ 14 ਵਰ੍ਹਿਆਂ ਵਿੱਚ ਪਹਿਲੀ ਵਾਰ Moody’s ਨੇ ਭਾਰਤ ਦੀ ਕ੍ਰੈਡਿਟ ਰੇਟਿੰਗ ਵਿੱਚ ਸੁਧਾਰ ਕੀਤਾ ਹੈ।

 

ਭਾਈਓ ਅਤੇ ਭੈਣੋਂ

ਭਾਰਤ ਜਿੱਥੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਉੱਥੇ ਇੰਡੋਨੇਸ਼ੀਆ ਵਿੱਚ ਵੀ ਲੋਕਤੰਤਰ ਦੀਆਂ ਜੜਾਂ ਬਹੁਤ ਮਜ਼ਬੂਤ ਹਨ। ਇਹੀ ਕਾਰਨ ਹੈ ਕਿ ਜਿਸ ਤਰ੍ਹਾਂ ਸਵਾ ਸੌ ਕਰੋੜ ਭਾਰਤੀਆਂ ਨੇ ਮੇਰੇ ਵਰਗੇ ਸਧਾਰਨ ਨਾਗਰਿਕ ਨੂੰ ਪ੍ਰਧਾਨ ਸੇਵਕ ਬਣਨ ਦਾ ਅਵਸਰ ਦਿੱਤਾ, ਉਸੇ ਤਰ੍ਹਾਂ ਹੀ ਇੰਡੋਨੇਸ਼ੀਆ ਦੀ ਜਨਤਾ ਨੇ ਵੀ ਵਿਦੋਡੋ ਜੀ ਨੂੰ ਆਪਣਾ ਰਾਸ਼ਟਰਪਤੀ ਚੁਣਿਆ। ਸਾਥੀਓ, ਭਾਰਤ ਅਤੇ ਇੰਡੋਨੇਸ਼ੀਆ ਸਮਾਜਿਕ ਅਤੇ ਸੱਭਿਆਚਾਰਕ ਵਿਭਿੰਨਤਾ ਅਤੇ ਸਦਭਾਵ ਦੇ ਪ੍ਰਤੀਕ ਹਨ। ਇੱਥੇ ਅਨੇਕ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਸੈਕੜੇ ਸਮੁਦਾਇ ਰਹਿੰਦੇ ਹਨ, ਤਾਂ ਭਾਰਤ ਵਿੱਚ ਵੀ ਕੋਸ-ਕੋਸ ਪਰ ਬਦਲੇ ਪਾਣੀ, ਚਾਰ ਕੋਸ ਪਰ ਵਾਣੀ ਦੀ ਕਹਾਵਤ ਮਸ਼ਹੂਰ ਹੈ। ਮੈਂ ਕਿਤੇ ਪੜ੍ਹਿਆ ਹੈ ਕਿ ਇੰਡੋਨੇਸ਼ੀਆ ਦੇ ਬੋਰਨੀਓ ਦੀਪ ਵਿੱਚ ਸਤਾਰਾ ਸੌ ਸਾਲ ਪਹਿਲਾਂ ਦੇ ਅਵਸ਼ੇਸ਼ ਹਨ ਜੋ ਭਾਰਤ ਦੇ ਨਾਲ ਸਬੰਧਾਂ ਦੇ ਸਬੂਤ ਹਨ। ਹੁਣੇ ਤਿੰਨ-ਚਾਰ ਦਿਨ ਪਹਿਲਾਂ ਹੀ ਮੈਂ ਓਡੀਸ਼ਾ ਦੇ ਕਟਕ ਵਿੱਚ ਸੀ। ਉੱਥੇ ਜਿਸ ਮੈਦਾਨ ਵਿੱਚ ਵਿਸ਼ਾਲ ਜਨ ਸਭਾ ਦਾ ਆਯੋਜਨ ਕੀਤਾ ਗਿਆ, ਉਸ ਦਾ ਨਾਮ ਸੀ ‘ਬਾਲੀਜਾਤ੍ਰਾ’। ਬਾਲੀਜਾਤ੍ਰਾ ਦਾ ਕੀ ਮਤਲਬ ਹੈ? ਇੰਡੋਨੇਸ਼ੀਆ ਦੇ ਬਾਲੀ ਦੀ ਯਾਤਰਾ। ਸੈਕੜੇ ਵਰ੍ਹੇ ਪਹਿਲਾਂ ਓਡੀਸ਼ਾ ਦੇ ਮਹਾਨ ਮਲਾਹ, ਕਟਕ ਤੋਂ ਨਿਕਲਕੇ ਹੀ ਜਾਵਾ-ਸੁਮਾਤ੍ਰਾ ਅਤੇ ਬੋਰਨੀਓ ਤੱਕ ਆਉਂਦੇ ਸਨ। ਅੱਜ ਵੀ ਹਰ ਸਾਲ ਅਕਤੂਬਰ-ਨਵੰਬਰ ਵਿੱਚ ਓਡੀਸ਼ਾ ਵਿੱਚ ‘ਬਾਲੀਜਾਤ੍ਰਾ’ ਦਾ ਉਤਸਵ ਬਹੁਤ ਹੀ ਸ਼ਾਨ, ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇੰਡੋਨੇਸ਼ੀਆ ਦਾ ਗੁਜਰਾਤ ਨਾਲ ਵੀ ਪੁਰਾਣਾ ਨਾਤਾ ਰਿਹਾ ਹੈ। ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ, ਤਾਂ ਇੱਕ ਵਾਰ ਮੈਨੂੰ ਕਿਸੇ ਨੇ ਕਿਹਾ ਸੀ ਕਿ 12ਵੀਂ ਸਦੀ ਦੇ ਆਸ-ਪਾਸ ਕੱਛ ਵਿੱਚ ਰਹਿਣ ਵਾਲੇ ਜੋ ਮੁਸਲਮਾਨ ਨਿਕਲੇ, ਉਨ੍ਹਾਂ ਵਿੱਚੋਂ ਕਾਫੀ ਇੱਥੇ ਇੰਡੋਨੇਸ਼ੀਆ ਵਿੱਚ ਵੀ ਆਕੇ ਵੱਸੇ ਸਨ। ਉਨ੍ਹਾਂ ਲੋਕਾਂ ਦੇ ਨਾਲ ਗੁਜਰਾਤੀ ਭਾਸ਼ਾ, ਗੁਜਰਾਤੀ ਖਾਣ-ਪੀਣ ਵੀ ਇੰਡੋਨੇਸ਼ੀਆ ਪਹੁੰਚਿਆ ਸੀ। ਮੈਨੂੰ ਦੱਸਿਆ ਗਿਆ ਹੈ ਕਿ ਬੁਬੂਰ ਗੁਜਰਾਤ, ਗੁਜਰਾਤੀ ਖਿਚੜੀ ਇੰਡੋਨੇਸ਼ੀਆ ਵਿੱਚ ਕਈ ਮੁਸਲਮਾਨ ਪਰਿਵਾਰਾਂ ਵਿੱਚ ਵੀ ਬਣਾਈ ਜਾਂਦੀ ਹੈ। ਅੱਜ ਵੀ ਕਈ ਅਜਿਹੇ ਸ਼ਬਦ ਇਸਤੇਮਾਲ ਵਿੱਚ ਹਨ ਜੋ ਭਾਰਤ ਇੰਡੋਨੇਸ਼ੀਆ ਦੇ ਸਬੰਧਾਂ ਦੀ ਪ੍ਰਾਚੀਨਤਾ ਅਤੇ ਦੋਸਤੀ ‘ਤੇ ਪ੍ਰਕਾਸ਼ ਪਾਉਂਦੇ ਹਨ। ਜਿਵੇ ਭਾਈ ਦੇ ਲਈ ‘ਸਹੋਦਰ’, ਨਿਧਨ ਲਈ ‘ਮਾਟੀ’, ਰੰਗਾਂ ਜਾਂ colour ਲਈ ‘ਵਰਣ’, Group ਲਈ ‘ਸਮੂਹ’ ਜਾਂ ‘ਸਮੂਅ’, ‘ਉਪਵਾਸ’ ਅਤੇ ‘ਪੁਵਾਸ’, ‘ਬਹਾਸਾ’ ਅਤੇ ‘ਭਾਸ਼ਾ’, ‘ਰੂਪਿਆਹ’ ਅਤੇ ‘ਰੁਪਇਆ’। ਅਜਿਹੇ ਸ਼ਬਦਾ ਨੂੰ ਇਕੱਠਾ ਕਰੀਏ ਤਾਂ ਪੂਰੀ ਡਿਕਸ਼ਨਰੀ ਬਣ ਜਾਵੇਗੀ। ਇਹ ਸਮਾਨਤਾਵਾਂ ਸੁਭਾਵਿਕ ਹਨ। ਭਾਰਤ ਅਤੇ ਇੰਡੋਨੇਸ਼ੀਆ ਦਰਮਿਆਨ ਸਿਰਫ਼ 90 ਨੌਟੀਕਲ ਮੀਲ ਦਾ ਫਾਸਲਾ ਹੈ। ਯਾਨੀ, ਅਸੀ 90 ਨੌਟੀਕਲ ਮੀਲ ਦੂਰ ਨਹੀਂ, 90 ਨੌਟੀਕਲ ਮੀਲ ਕੋਲ ਹਾਂ। ਗੁਆਂਢੀ ਹਾਂ।

 

ਸਾਥੀਓ,

ਮੈਨੂੰ ਦੱਸਿਆ ਗਿਆ ਹੈ ਕਿ ਭਾਰਤ ਅਤੇ ਇੰਡੋਨੇਸ਼ੀਆ ਦੇ ਗਹਿਰੇ ਸੱਭਿਆਚਾਰਕ ਸਬੰਧਾਂ ਨੂੰ ਇੱਥੇ ਕਈ ਪ੍ਰਕਾਰ ਨਾਲ ਮਨਾਇਆ ਜਾਂਦਾ ਹੈ। ਇੱਥੇ ‘ਇੰਡੋਨੇਸ਼ੀਆ ਤਮਿਲ ਸੰਗਮ’ ਦੇ ਸੱਭਿਆਚਾਰਕ ਆਯੋਜਨਾਂ ਨੂੰ ਵੀ ਇੱਕ ਅਲੱਗ ਪਹਿਚਾਣ ਮਿਲੀ ਹੈ। ਪਿਛਲੇ ਵਰ੍ਹੇ ਜਕਾਰਤਾ ਤੇ ਹੋਰ ਸਥਾਨਾਂ ‘ਤੇ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਆਯੋਜਿਤ ਸਫ਼ਲ ਪ੍ਰੋਗਰਾਮਾਂ ਬਾਰੇ ਵੀ ਮੈਨੂੰ ਦੱਸਿਆ ਗਿਆ ਹੈ। ਮੈਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਬਾਲੀ ਵਿੱਚ ਮਸ਼ਹੂਰ ਭਾਰਤੀ Traditional medicines ਦੇ ਸੈਂਟਰ, ਪੰਚਕ੍ਰਮ-ਆਯੁਰਵੇਦ ਸੈਂਟਰਾਂ ਦੀ ਮਕਬੂਲੀਅਤ ਨਿਰੰਤਰ ਵਧ ਰਹੀ ਹੈ। ਹਾਲ ਹੀ ਦੇ ਵਰ੍ਹਿਆਂ ਵਿੱਚ Holistic Healthcare ਪ੍ਰਤੀ ਦੁਨੀਆ ਭਰ ਵਿੱਚ ਆਕਰਸ਼ਣ ਵਧਿਆ ਹੈ। ਤੁਹਾਡੇ ਲਈ ਵੀ ਪਰੰਪਰਾਗਤ ਭਾਰਤੀ ਚਿਕਿਤਸਾ ਪੱਧਤੀਆਂ ਦਾ Ambassador ਬਣਨ ਦਾ ਇਹ ਬਿਹਤਰ ਮੌਕਾ ਹੈ।

 

ਸਾਥੀਓ,

ਵੈਸੇ, ਇਹ ਵੀ ਇੱਕ ਸੰਜੋਗ ਹੀ ਹੈ ਕੁਝ ਦਿਨ ਪਹਿਲਾਂ ਹੀ ਮੈਨੂੰ ਨੇਪਾਲ ਦੇ ਜਨਕਪੁਰ ਵਿੱਚ ਮਾਂ ਜਾਨਕੀ ਦਾ ਅਸ਼ੀਰਵਾਦ ਲੈਣ ਦਾ ਅਵਸਰ ਮਿਲਿਆ ਸੀ। ਅਤੇ ਜਦੋਂ ਮੈਂ ਇੱਥੇ ਇੰਡੋਨੇਸ਼ੀਆ ਵਿੱਚ ਹਾਂ, ਜਿੱਥੇ ਰਾਮ ਕਥਾ ਨੂੰ ਇੱਕ ਨਵੀਂ ਭੂਮੀ ਅਤੇ ਨਵੇਂ ਪਰਿਵੇਸ਼ ਮਿਲੇ। ਇਹ ਆਪਣੇ ਆਪ ਵਿੱਚ ਇੰਡੋਨੇਸ਼ੀਆ ਦੀ ਵਿਸ਼ੇਸ਼ਤਾ ਹੈ ਕਿ ਇੱਥੇ ਰਾਮਾਇਣ ਦਾ ਮੰਚਨ ਕਰਨ ਵਾਲੇ ਕਲਾਕਾਰ ਮੁਸਲਿਮ ਹਨ। ਅੱਜ ਕੁਝ ਸਮੇਂ ਪਹਿਲਾਂ ਰਾਸ਼ਟਰਪਤੀ ਵਿਦੋਡੋ ਅਤੇ ਮੈਂ ਪਤੰਗਾਂ ਦੀ ਇੱਕ ਪ੍ਰਦਰਸ਼ਨੀ ਦੇਖੀ। ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਰਮਾਇਣ ਅਤੇ ਮਹਾਭਾਰਤ ਵਰਗੀਆਂ ਕਥਾਵਾਂ ਅਤੇ ਪਰੰਪਰਾਵਾਂ ਨੂੰ ਇੰਡੋਨੇਸ਼ੀਆ ਦੇ ਆਮ ਜਨਜੀਵਨ ਵਿੱਚ ਅੱਜ ਵੀ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਆਸਥਾ ਅਤੇ ਸੱਭਿਆਚਾਰ ਕਿਸ ਤਰ੍ਹਾਂ ਨਾਲ-ਨਾਲ ਪ੍ਰਫੁੱਲਤ ਅਤੇ ਪੋਸ਼ਿਤ ਹੁੰਦੇ ਹਨ, ਉਸ ਦੀ ਇਹ ਬਹੁਤ ਵੱਡੀ ਮਿਸਾਲ ਹੈ।

 

ਸਾਥੀਓ,

ਪਿਛਲੀ ਸਦੀ ਵਿੱਚ ਜਦੋਂ ਅਸੀਂ ਦੋਵੇਂ ਦੇਸ਼ ਅਜ਼ਾਦ ਹੋਏ ਉਦੋਂ ਤੋਂ ਹੀ ਅਸੀਂ ਗਲੋਬਲ ਅਤੇ ਖੇਤਰੀ ਪੱਧਰ ‘ਤੇ ਇੱਕ ਦੂਜੇ ਨਾਲ ਸਹਿਯੋਗ ਕਰ ਰਹੇ ਹਾਂ। ਬੀਤੇ ਚਾਰ ਵਰ੍ਹਿਆਂ ਤੋਂ ਸਾਡੇ ਸਬੰਧਾਂ ਵਿੱਚ ਹੋਰ ਤੀਬਰਤਾ ਆਈ ਹੈ। ਅੱਜ ਭਾਰਤ ਅਤੇ ਇੰਡੋਨੇਸ਼ੀਆ ਦਰਮਿਆਨ ਸਬੰਧ ਨਵੀਂ ਉਚਾਈ ‘ਤੇ ਹਨ। ਰਾਜਦੂਤ ਹੋਣ, ਸਟ੍ਰੈਟੇਜਿਕ ਜਾਂ ਫਿਰ ਆਰਥਿਕ ਸਹਿਯੋਗ, ਭਾਰਤ ਅਤੇ ਇੰਡੋਨੇਸ਼ੀਆ ਨਾਲ ਮਿਲਕੇ ਚੁਣੌਤੀਆਂ ਦਾ ਮੁਕਾਬਲਾ ਕਰ ਰਹੇ ਹਨ, ਅਵਸਰਾਂ ਦੀ ਵਰਤੋਂ ਕਰ ਰਹੇ ਹਨ। ਅੱਜ ਭਾਰਤ ਅਤੇ ਇੰਡੋਨੇਸ਼ੀਆ ਨੇ ਆਪਣੀ ਸਟ੍ਰੈਟੇਜਿਕ ਸਾਂਝ ਨੂੰ ਇੱਕ ਅਲੱਗ ਪੱਧਰ ‘ਤੇ ਲੈ ਜਾਣ ਦਾ ਫੈਸਲਾ ਲਿਆ ਹੈ। ਰਾਸ਼ਟਰਪਤੀ ਵਿਦੋਡੋ ਅਤੇ ਮੈਂ ਅੱਜ ਇਸ ਨੂੰ ਇੱਕ ਕਦਮ ਹੋਰ ਅੱਗੇ ਵਧਾਕੇ ‘ਕੰਮਪ੍ਰਹੈਨਸਿਵ ਸਟ੍ਰੈਟਿਜਿਕ ਪਾਰਟਨਰਸ਼ਿਪ ਦਾ ਦਰਜਾ ਦਿੱਤਾ ਹੈ। ਸਾਡੀਆਂ ਸੈਨਾਵਾਂ ਦਰਮਿਆਨ ਸਾਂਝੇ ਅਭਿਆਸ ਹੋ ਰਹੇ ਹਨ। ਸੁਰੱਖਿਆ ਨਾਲ ਜੁੜੇ ਮੁੱਦਿਆ ‘ਤੇ ਵੀ ਸਾਡੇ ਦਰਮਿਆਨ ਤਾਲਮੇਲ ਵਧ ਰਿਹਾ ਹੈ। ਅੱਜ ਇੰਡੋਨੇਸ਼ੀਆ ASEAN ਦੇਸ਼ਾਂ ਵਿੱਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਅੱਜ ਸਾਡਾ ਵਪਾਰ 18 ਅਰਬ ਡਾਲਰ ਤੋਂ ਅਧਿਕ ਤੱਕ ਪਹੁੰਚ ਚੁੱਕਿਆ ਹੈ।

ਸਾਥੀਓ,
ਭਾਰਤ ਅਤੇ ਇੰਡੋਨੇਸ਼ੀਆ ਦਰਮਿਆਨ ਮਜ਼ਬੂਤ ਸਬੰਧਾਂ ਦਾ ਇੱਕ ਹੋਰ ਅਧਾਰ ਹਨ ਸਾਡੇ ਲੋਕ। ਮਤਲਬ ਤੁਸੀ ਸਭ। ਸਾਡੇ ਇੱਥੇ ਇੱਕ ਬਹੁਤ ਵੱਡੀ ਆਬਾਦੀ ਅਜਿਹੀ ਹੈ ਜੋ 35 ਸਾਲ ਤੋਂ ਘੱਟ ਉਮਰ ਦੀ ਹੈ। ਇਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਅਤੇ ਪ੍ਰੋਤਸਾਹਨ ਦੇਣ ਦਾ ਯਤਨ ਬੀਤੇ ਚਾਰ ਸਾਲਾਂ ਤੋਂ ਭਾਰਤ ਵਿੱਚ ਸਾਡੀ ਸਰਕਾਰ ਨੇ ਕੀਤਾ ਹੈ। ਇਸ ਲਈ, ਮੇਰੀ ਸਰਕਾਰ ਦੇ ਕੰਮ ਕਰਨ ਦੀ ਰਫ਼ਤਾਰ ਤੇਜ਼ ਹੈ ਅਤੇ scale ਬਹੁਤ ਵਿਆਪਕ ਹੈ। ਦੇਸ਼ ਦੇ ਲੋਕਾਂ ਦੀਆਂ ਆਸ਼ਾਵਾਂ-ਅਕਾਂਖਿਆਵਾਂ ਦੇ ਅਨੁਰੂਪ ਅਸੀਂ Good Governance ਉੱਤੇ ਜ਼ੋਰ ਦਿੱਤਾ ਹੈ, Minimum Government, Maximum Governance ਉੱਤੇ ਜ਼ੋਰ ਦਿੱਤਾ ਹੈ।

ਅਸੀਂ Citizen-First ਦੇ ਮੰਤਰ ਨੂੰ ਲੈ ਕੇ ਅੱਗੇ ਵਧ ਰਹੇ ਹਾਂ। ਸਰਕਾਰ ਬਹੁਤ ਗ੍ਰਾਉਂਡ ਲੈਵਲ ਉੱਤੇ ਜਾ ਕੇ ਵੱਡੇ ਪ੍ਰਸ਼ਾਸਨਿਕ, ਵਿੱਤੀ ਅਤੇ ਕਾਨੂੰਨੀ ਕਦਮ ਚੁੱਕ ਰਹੀ ਹੈ। ਸਾਡੀ ਸਰਕਾਰ ਲਈ Corruption Free, Citizen-Centric ਅਤੇ Development Friendly Ecosystem ਸਭ ਤੋਂ ਵੱਡੀ ਪ੍ਰਾਥਮਿਕਤਾ ਹੈ। ਪਾਸਪੋਰਟ ਲਈ ਹੁਣ ਭਾਰਤ ਵਿੱਚ ਮਹੀਨਿਆਂ ਜਾਂ ਹਫ਼ਤਿਆਂ ਦਾ ਇੰਤਜਾਰ ਨਹੀਂ ਕਰਨਾ ਪੈਂਦਾ, ਦੋ ਤੋਂ ਤਿੰਨ ਦਿਨ ਵਿੱਚ ਪਾਸਪੋਰਟ ਲੋਕਾਂ ਦੇ ਘਰ ਪਹੁੰਚ ਜਾਂਦਾ ਹੈ। ਇੰਡੋਨੇਸ਼ੀਆ ਸਮੇਤ 163 ਦੇਸ਼ਾਂ ਦੇ ਲੋਕਾਂ ਨੂੰ e-Visa ਦੀ ਸੁਵਿਧਾ ਦਿੱਤੀ ਗਈ ਹੈ। e-Visa ਉੱਤੇ ਭਾਰਤ ਆਉਣ ਵਾਲੇ ਟੂਰਿਸਟਾਂ ਦੀ ਸੰਖਿਆ ਵਿੱਚ ਕਰੀਬ-ਕਰੀਬ 150% ਦਾ ਵਾਧਾ ਹੋਇਆ ਹੈ। ਬੀਤੇ ਸਾਲਾਂ ਵਿੱਚ ਭਾਰਤ ਵਿੱਚ 1400 ਤੋਂ ਜ਼ਿਆਦਾ ਪੁਰਾਣੇ ਕਾਨੂੰਨ ਖ਼ਤਮ ਕੀਤੇ ਜਾ ਚੁੱਕੇ ਹਨ। Goods and Service Tax – GST ਨੇ ਭਾਰਤ ਨੂੰ ਇੱਕ ਬਿਹਤਰ Tax Compliance ਸਿਸਟਮ, ਬਿਹਤਰ Revenue ਸਿਸਟਮ ਦਿੱਤਾ ਹੈ।

ਸਾਥੀਓ,
ਅਸੀਂ ਦੇਸ਼ ਦੇ ਨਾਗਰਿਕਾਂ ਲਈ Ease of Living ਅਤੇ ਦੇਸ਼ ਲਈ Infrasturucture ਦੇ Unique Combination ਉੱਤੇ ਕੰਮ ਕਰ ਰਹੇ ਹਾਂ। ਅਸੀਂ ਭਾਰਤ ਵਿੱਚ ਇੱਕ ਅਜਿਹੇ ਸਿਸਟਮ ਦਾ ਨਿਰਮਾਣ ਕਰ ਰਹੇ ਹਾਂ ਜੋ ਨਾ ਸਿਰਫ Transparent ਹੋਵੇ ਬਲਕਿ Sensitive ਵੀ ਹੋਵੇ।

 

  • ਰੇਲਵੇ ਲਾਈਨਾਂ ਨੂੰ ਬ੍ਰਾਡ ਗੇਜ ਵਿੱਚ ਬਦਲਣ ਦੀ ਰਫ਼ਤਾਰ ਦੁੱਗਣੀ ਹੋ ਗਈ ਹੈ।
  • ਰੇਲ ਲਾਈਨਾਂ ਦਾ ਬਿਜਲੀਕਰਨ ਤਿੰਨ ਗੁਣਾ ਰਫ਼ਤਾਰ ਨਾਲ ਹੋ ਰਿਹਾ ਹੈ।
  • ਪਿੰਡਾਂ ਵਿੱਚ ਸੜਕਾਂ ਅਤੇ ਨੈਸ਼ਨਲ ਹਾਈਵੇਅ, ਮੇਰੀ ਸਰਕਾਰ ਦੁੱਗਣੀ ਰਫ਼ਤਾਰ ਨਾਲ ਬਣਾ ਰਹੀ ਹੈ।
  • ਪਹਿਲਾਂ ਜਿਸ ਸਪੀਡ ਨਾਲ ਪਾਵਰ ਟ੍ਰਾਂਸਮਿਸ਼ਨ ਲਾਈਨ ਵਿਛਾਈ ਜਾ ਰਹੀ ਸੀ, ਅੱਜ ਇਹੀ ਕੰਮ ਉਸ ਤੋਂ ਦੁੱਗਣੀ ਰਫ਼ਤਾਰ ਨਾਲ ਹੋ ਰਿਹਾ ਹੈ।
  • ਪਹਿਲਾਂ ਸਿਰਫ 59 ਗ੍ਰਾਮ ਪੰਚਾਇਤਾਂ ਦੇ ਮੁਕਾਬਲੇ ਅਸੀਂ 1 ਲੱਖ 10 ਹਜ਼ਾਰ ਤੋਂ ਜ਼ਿਆਦਾ ਗ੍ਰਾਮ ਪੰਚਾਇਤਾਂ ਨੂੰ ਆਪਟੀਕਲ ਫਾਈਬਰ ਨਾਲ ਜੋੜ ਦਿੱਤਾ ਹੈ।
  • ਪਹਿਲਾਂ ਸਿਰਫ 28 ਸਰਕਾਰੀ ਯੋਜਨਾਵਾਂ ਦੇ ਮੁਕਾਬਲੇ ਹੁਣ 400 ਤੋਂ ਜ਼ਿਆਦਾ ਯੋਜਨਾਵਾਂ ਦਾ ਪੈਸਾ ਲੋਕਾਂ ਨੂੰ ਸਿੱਧੇ ਬੈਂਕ ਖਾਤਿਆਂ ਵਿੱਚ ਮਿਲ ਰਿਹਾ ਹੈ।
  • ਇੱਥੋਂ ਤੱਕ ਕਿ ਜੋ LED ਬਲਬ ਪਹਿਲਾਂ ਸਾਢੇ ਤਿੰਨ ਸੌ ਰੁਪਏ ਦਾ ਮਿਲਿਆ ਕਰਦਾ ਸੀ, ਉਹ ਹੁਣ 40-50 ਰੁਪਏ ਵਿੱਚ ਮਿਲਣ ਲੱਗਾ ਹੈ।
  • ਪਹਿਲਾਂ ਜਿੱਥੇ ਭਾਰਤ ਵਿੱਚ ਸਿਰਫ 2 ਮੋਬਾਈਲ ਮੈਨੂਫੈਕਚਰਿੰਗ ਕੰਪਨੀਆਂ ਸਨ, ਉੱਥੇ ਹੁਣ ਇਨ੍ਹਾਂ ਦੀ ਸੰਖਿਆ ਵਧ ਕੇ 120 ਹੋ ਗਈ ਹੈ। ਭਾਰਤ ਵਿੱਚ ਬਣ ਰਹੇ ਮੋਬਾਈਲ ਨੇ Import ਕਰਨ ਦਾ ਖਰਚ ਵੀ ਘਟਾ ਕੇ ਅੱਧਾ ਕਰ ਦਿੱਤਾ ਹੈ।

 

ਭਾਰਤ ਵਿੱਚ ਅੱਜ ਵੱਡੀ ਸੰਖਿਆ ਵਿੱਚ ਨਵੇਂ ਇੰਜੀਨੀਅਰਿੰਗ ਕਾਲਜ ਖੁੱਲ੍ਹ ਰਹੇ ਹਨ, ਮੈਨੇਜਮੈਂਟ ਕਾਲਜ, ਮੈਡੀਕਲ ਕਾਲਜ ਖੁੱਲ੍ਹ ਰਹੇ ਹਨ। ਸਿਰਫ ਪਿਛਲੇ ਢਾਈ ਸਾਲ ਵਿੱਚ ਭਾਰਤ ਵਿੱਚ 9 ਹਜ਼ਾਰ ਤੋਂ ਜ਼ਿਆਦਾ ਸਟਾਰਟ ਅਪ ਰਜਿਸਟਰ ਕੀਤੇ ਗਏ ਹਨ। ਦੁਨੀਆ ਦਾ ਦੂਜਾ ਸਭ ਤੋਂ ਵੱਡਾ Start-up ecosystem ਭਾਰਤ ਵਿੱਚ ਬਣਿਆ ਹੈ। ਅੱਜ ਦੁਨੀਆ ਭਰ ਵਿੱਚ ਭਾਰਤ ਦੇ ਪਾਸਪੋਰਟ ਦੀ ਤਾਕਤ ਵਧੀ ਹੈ। ਦੁਨੀਆ ਦੀਆਂ ਸ਼ਕਤੀਸ਼ਾਲੀ ਵਿਵਸਥਾਵਾਂ ਦਾ ਭਾਰਤ ਹਿੱਸਾ ਬਣਿਆ ਹੈ। ਭਾਰਤ Solar Energy ਨੂੰ ਮਾਨਵ ਭਲਾਈ ਦੇ ਹਿਤ ਵਿੱਚ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨ ਲਈ International Solar Alliance ਦੀ ਅਗਵਾਈ ਕਰਨ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਸਾਡੀ ਸਰਕਾਰ ਭਾਰਤ ਨੂੰ 21ਵੀਂ ਸਦੀ ਦੀਆਂ ਜ਼ਰੂਰਤਾਂ-ਆਸ਼ਾਵਾਂ-ਅਕਾਂਖਿਆਵਾਂ ਦੇ ਅਨੁਰੂਪ ਤਿਆਰ ਕਰਨ ਦਾ ਕੰਮ ਕਰ ਰਹੀ ਹੈ। ਅੱਜ ਭਾਰਤ ਨਿਊ ਇੰਡੀਆ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ। ਅਸੀਂ 2022 ਤੱਕ ਨਿਊ ਇੰਡੀਆ ਬਣਾਉਣਾ ਹੈ, ਜਦੋਂ ਸੁਤੰਤਰ ਭਾਰਤ 75 ਸਾਲ ਦਾ ਹੋਵੇਗਾ।

ਸਾਥੀਓ,
ਇੱਥੇ ਇੰਡੋਨੇਸ਼ੀਆ ਵਿੱਚ, ਸੁਖ-ਦੁਖ ਵਿੱਚ ਇੱਕ ਦੂਜੇ ਦਾ ਸਾਥ ਦੇਣ ਦੀ ਪਰੰਪਰਾ ਅਤੇ ਵਸੁਧੈਵ ਕੁੰਟੁਬਕਮ ਦੇ ਮੰਤਰ ਉੱਤ ਤੁਸੀਂ ਅਡਿਗ ਹੋ। ਮੈਨੂੰ ਦੱਸਿਆ ਗਿਆ ਹੈ ਕਿ ਹਾਲ ਵਿੱਚ ਬਾਲੀ ਵਿੱਚ ਜੋ ਜਵਾਲਾਮੁਖੀ ਦਾ ਹਾਦਸਾ ਹੋਇਆ, ਉਸ ਵਿੱਚ ਫਸੇ ਹਜ਼ਾਰਾਂ ਭਾਰਤੀ ਸੈਲਾਨੀਆਂ  ਨੂੰ ਬਾਲੀ ਅਤੇ ਸੂਰਾਬਾਯਾ ਦੇ ਲੋਕਾਂ ਨੇ ਨਾ ਸਿਰਫ ਬਚਾਇਆ ਬਲਕਿ ਉਨ੍ਹਾਂ ਨੂੰ ਸਵਦੇਸ਼ ਭੇਜਣ ਦਾ ਪ੍ਰਬੰਧ ਵੀ ਕੀਤਾ। ਇਸ ਮਨੁੱਖੀ ਵਿਹਾਰ ਲਈ ਮੈਂ ਤੁਹਾਡੀ ਦਿਲੋਂ ਪ੍ਰਸ਼ੰਸਾ ਕਰਦਾ ਹਾਂ। ਅਤੇ ਤੁਹਾਡਾ ਧੰਨਵਾਦ ਵੀ ਕਰਦਾ ਹਾਂ। ਮਨੁੱਖੀ ਕਦਰਾਂ-ਕੀਮਤਾਂ ਦੀ ਇਹੀ ਸੰਭਾਲ ਭਾਰਤ ਦੀ ਵਿਰਾਸਤ ਦਾ ਵੱਖਰਾ ਅੰਗ ਰਹੀ ਹੈ। ਅਸੀਂ ਇਸ ਭਾਰਤ ਵਿੱਚ ਵੀ ਓਨੇ ਹੀ ਮਾਣ ਨਾਲ ਜੀ ਰਹੇ ਹਾਂ। ਚਾਹੇ ਨੇਪਾਲ ਵਿੱਚ ਭੁਚਾਲ ਹੋਵੇ ਜਾਂ ਸ਼੍ਰੀਲੰਕਾ ਵਿੱਚ ਹੜ੍ਹ ਦੀ ਆਪਦਾ, ਭਾਰਤ ਦੀ ਪਹਿਚਾਣ ਸੰਕਟ ਦੇ ਸਮੇਂ ਸਭ ਤੋਂ ਪਹਿਲੇ ਹਾਜ਼ਰ ਹੋਣ ਵਾਲੇ ਦੇਸ਼ ਦੇ ਤੌਰ ‘ਤੇ ਬਣ ਰਹੀ ਹੈ। ਸੰਕਟ ਵਿੱਚ ਫਸੇ 90,000 ਭਾਰਤੀਆਂ ਨੂੰ ਐੱਨਡੀਏ ਸਰਕਾਰ ਦੇ ਦੌਰਾਨ ਸੁਰੱਖਿਅਤ ਵਾਪਸ ਲਿਆਂਦਾ ਗਿਆ ਹੈ।

 

ਸਾਥੀਓ,

India ਅਤੇ Indonesia ਸਿਰਫ਼ ਨਾਮ ਤੋਂ ਹੀ ਮਿਲਦੇ ਜੁਲਦੇ ਨਹੀਂ ਹਨ। ਇਹ ਤਾਲਮੇਲ ਸਿਰਫ ਤੁਕ ਯਾਨੀ Rhyme ਦਾ ਹੀ ਨਹੀਂ, ਤਾਲ ਯਾਨੀ Rhyme ਦਾ ਵੀ ਹੈ। ਇਹ ਤਾਲਮੇਲ ਸਾਡੇ ਸੱਭਿਆਚਾਰ ਦਾ ਹੈ, ਸਾਡੀਆਂ ਪਰੰਪਰਾਵਾਂ ਦਾ ਹੈ। ਸਾਡੀ ਆਸਥਾ ਦਾ ਹੈ, ਵਿਵਸਥਾ ਦਾ ਹੈ। ਲੋਕ ਸੰਪਰਕ ਦਾ ਹੈ, ਲੋਕਤੰਤਰ ਦਾ ਹੈ।

 

ਭਾਈਓ ਅਤੇ ਭੈਣੋਂ,

 

ਭਾਰਤ ਅਤੇ ਇੰਡੋਨੇਸ਼ੀਆ ਸੱਭਿਆਚਾਰਕ ਬੰਧਨਾਂ ਨਾਲ ਬੰਨ੍ਹੇ ਹੋਏ ਹਨ। ਸਾਡੇ ਬਹੁਤ ਪੁਰਾਣੇ ਸਬੰਧ ਹਨ। ਲੇਕਿਨ ਅੱਜ ਅਸੀਂ ਸਾਰੀਆਂ ਦੇ ਸਾਹਮਣੇ ਇਹ ਵੀ ਸਵਾਲ ਹੈ ਕਿ ਕੀ ਇਹ ਪੁਰਾਤੱਤਵ ਦਾ ਹੀ ਵਿਸ਼ਾ ਰਹੇਗਾ? ਸਾਡੀਆਂ ਆਉਣ ਵਾਲੀ ਪੀੜ੍ਹੀਆਂ, ਭਵਿੱਖ ਵਿੱਚ ਸਾਡਾ People to People Contacts ਹੋਰ ਕਿਵੇਂ ਵਧੇਗਾ, ਕਿਵੇਂ ਮਜਬੂਤ ਹੋਵੇ, ਜੀਵੰਤ ਰਹੇ, ਇਸ ਉੱਤੇ ਵੀ ਅਸੀਂ ਮਿਲ ਕੇ ਕੰਮ ਕਰਨਾ ਹੋਵੇਗਾ। ਤੁਹਾਡੇ ਵਿੱਚੋਂ ਕਈ ਅਜਿਹੇ ਹੋਣਗੇ ਜੋ ਕਦੇ ਭਾਰਤ ਨਹੀਂ ਗਏ। ਅਜਿਹੇ ਵੀ ਕਈ ਲੋਕ ਹੋਣਗੇ ਜਿਨ੍ਹਾਂ ਦਾ ਕਾਫੀ ਸਾਲਾਂ ਤੋਂ ਸਵਦੇਸ਼ ਜਾਣਾ ਨਹੀਂ ਹੋਇਆ ਹੋਵੇਗਾ।

ਮੇਰੀ ਤੁਹਾਨੂੰ ਤਾਕੀਦ ਹੈ ਕਿ, ਇੱਕ ਵਾਰ ਆਪਣੇ ਦੋਸਤਾਂ ਨਾਲ ਭਾਰਤ ਜ਼ਰੂਰ ਆਓ। ਭਾਰਤ ਵਿੱਚ ਕਿਸ ਪ੍ਰਕਾਲ ਬਦਲਾਅ ਆ ਰਿਹਾ ਹੈ ਇਹ ਤੁਸੀਂ ਅਨੁਭਵ ਕਰ ਸਕੋਗੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇੰਡੋਨੇਸ਼ੀਆ ਦੇ ਨਾਗਰਿਕਾਂ ਨੂੰ 30 ਦਿਨ ਦੇ ਲਈ ਭਾਰਤ ਯਾਤਰਾ ਦੇ ਮੁਫ਼ਤ ਵੀਸਾ ਦੀ ਵਿਵਸਥਾ ਕੀਤੀ ਜਾ ਰਹੀ ਹੈ। ਅਗਲੇ ਕੁਝ ਮਹੀਨਿਆਂ ਵਿੱਚ ਇੱਕ ਵੱਡਾ ਮੌਕਾ ਤੁਹਾਡਾ ਇੰਤਜਾਰ ਕਰ ਰਿਹਾ ਹੈ। ਅਗਲੇ ਸਾਲ ਜਨਵਰੀ ਵਿੱਚ ਉੱਤਰ ਪ੍ਰਦੇਸ਼ ਦੇ ਪ੍ਰਯਾਗ ਵਿੱਚ ਕੁੰਭ ਦਾ ਆਯੋਜਨ ਹੋਣ ਵਾਲਾ ਹੈ। ਆਸਥਾ ਦਾ ਇਹ ਮੇਲਾ ਤੁਹਾਡੇ ਲਈ ਇੱਕ ਨਵਾਂ ਅਨੁਭਵ ਹੋਵੇਗਾ। ਇੱਥੇ ਤੁਹਾਨੂੰ ਤੁਹਾਡੇ ਭਾਰਤ ਦੀ ਖੁਸ਼ਹਾਲ ਅਧਿਆਤਮਿਕਤਾ ਦਾ ਦਰਸ਼ਨ ਤਾਂ ਹੋਵੇਗਾ ਹੀ, New India ਦੀ ਝਾਕੀ ਵੀ ਮਿਲੇਗੀ। ਤੁਹਾਨੂੰ ਮੈਂ New India ਵਿੱਚ ਬਣ ਰਹੇ ਨਵੇਂ ਮੌਕਿਆਂ ਨਾਲ ਜੁੜਣ ਦਾ ਸੱਦਾ ਦਿੰਦਾ ਹਾਂ। ਤੁਸੀ ਆਓ ਅਤੇ ਬਦਲੇ ਮਾਹੌਲ ਦਾ ਲਾਭ ਵੀ ਉਠਾਓ। ਤੇ ਉਸ ਨੂੰ ਹੋਰ ਬਦਲਣ ਵਿੱਚ ਆਪਣਾ ਯੋਗਦਾਨ ਵੀ ਪਾਓ।

 

ਤੁਸੀਂ ਮੈਨੂੰ ਇੱਥੇ ਇੰਨਾ ਮਾਣ ਦਿੱਤਾ, ਸਨਮਾਨ ਦਿੱਤਾ, ਇਸ ਦੇ ਲਈ ਇੱਕ ਵਾਰ ਤੁਹਾਡਾ ਅਤੇ ਇੰਡੋਨੇਸ਼ੀਆ ਦੀ ਸਰਕਾਰ ਦਾ ਇੱਥੋਂ ਦੇ ਪ੍ਰਸ਼ਾਸਨ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

 

ਤੇਰੀਮਾ ਕਾਸਿਹ ਕਾਲਿਯਾਨ ਤਲਹ ਬਰਅਦਾ ਦੀ ਸਿਨੀ (ਇੱਥੇ ਆਉਣ ਲਈ ਤੁਹਾਡਾ ਸਭ ਦਾ ਬਹੁਤਬਹੁਤ ਧੰਨਵਾਦ)

ਸਲਾਮਤ ਰਮਾਦਾਨ !

 

*****

 

ਅਤੁਲ ਤਿਵਾਰੀ/ਸ਼ਾਹਬਾਜ਼ ਹਸੀਬੀ/ਬਾਲਮੀਕੀ ਮਹਤੋ