Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ


ਮਹਾਮਹਿਮ, ਮੇਰੇ ਦੋਸਤ, ਰਾਸ਼ਟਰਪਤੀ ਜੀ,

ਦੋਵਾਂ ਦੇਸ਼ਾਂ ਦੇ ਡੈਲੀਗੇਟਸ,

ਮੀਡੀਆ ਦੇ ਸਾਥੀਓ,

ਨਮਸਕਾਰ!

ਤਾਸ਼ਕੰਦ ਵਿੱਚ ਮੇਰਾ ਅਤੇ ਮੇਰੇ ਡੈਲੀਗੇਸ਼ਨ (ਵਫ਼ਦ) ਦਾ ਜਿਸ ਆਦਰ-ਸਤਿਕਾਰ ਅਤੇ ਨਿੱਘ ਨਾਲ ਸਵਾਗਤ ਹੋਇਆ, ਉਸ ਲਈ ਮੈਂ ਰਾਸ਼ਟਰਪਤੀ ਜੀ ਅਤੇ ਉਜ਼ਬੇਕਿਸਤਾਨ ਦੀ ਜਨਤਾ ਦਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

ਉਜ਼ਬੇਕਿਸਤਾਨ ਦੀ ਇਹ ਮੇਰੀ ਚੌਥੀ ਯਾਤਰਾ ਹੈ। ਇਹ ਸਾਡੇ ਸਬੰਧਾਂ ਦੀ ਨੇੜਤਾ, ਕਰੀਬੀ ਤਾਲਮੇਲ ਅਤੇ ਸਾਡੀ ਡੂੰਘੀ ਦੋਸਤੀ ਨੂੰ ਦਰਸਾਉਂਦਾ ਹੈ।

ਪਿਛਲੇ ਤਕਰੀਬਨ ਇੱਕ ਦਹਾਕੇ ਤੋਂ ਮੈਨੂੰ ਰਾਸ਼ਟਰਪਤੀ ਜੀ ਨਾਲ ਕੰਮ ਕਰਨ ਦਾ ਸੁਭਾਗ ਮਿਲਿਆ ਹੈ। ਇਸ ਦੌਰਾਨ ਮੈਂ ਉਨ੍ਹਾਂ ਨੂੰ ਦਸ ਤੋਂ ਵੱਧ ਵਾਰ ਮਿਲ ਚੁੱਕਾ ਹਾਂ, ਮੈਨੂੰ ਮਿਲਣ ਦਾ ਮੌਕਾ ਮਿਲਿਆ ਹੈ।

ਉਨ੍ਹਾਂ ਦੀ ਸਕਾਰਾਤਮਕ ਅਤੇ ਦੂਰਅੰਦੇਸ਼ੀ ਸੋਚ, ਅਤੇ ਲਗਾਤਾਰ ਸਿੱਖਦੇ ਰਹਿਣ ਦੀ ਭਾਵਨਾ ਵਾਕਈ ਬਹੁਤ ਹੀ ਪ੍ਰੇਰਨਾਦਾਇਕ ਹੈ। ਭਾਰਤ ਪ੍ਰਤੀ ਉਨ੍ਹਾਂ ਦੀ ਡੂੰਘੀ ਦੋਸਤੀ ਅਤੇ ਅਟੁੱਟ ਵਚਨਬੱਧਤਾ ਲਈ ਮੈਂ ਉਨ੍ਹਾਂ ਦਾ ਦਿਲੋਂ ਸਵਾਗਤ ਕਰਦਾ ਹਾਂ।

ਦੋਸਤੋ,

ਉਜ਼ਬੇਕਿਸਤਾਨ ਮੱਧ ਏਸ਼ੀਆ ਦੇ ਕੇਂਦਰ ਵਿੱਚ ਹੈ, ਅਤੇ ਇਸ ਖੇਤਰ ਨਾਲ ਭਾਰਤ ਦੇ ਸਬੰਧਾਂ ਦਾ ਅਹਿਮ ਧੁਰਾ ਹੈ।

ਭਾਰਤ ਅਤੇ ਉਜ਼ਬੇਕਿਸਤਾਨ ਦੀ ਸੋਚ ਅਤੇ ਉਮੀਦਾਂ ਵਿੱਚ ਬਹੁਤ ਸਮਾਨਤਾ ਹੈ। “ਯਾਂਗੀ ਉਜ਼ਬੇਕਿਸਤਾਨ” ਅਤੇ “ਵਿਕਸਿਤ ਭਾਰਤ 2047”, ਦੋਵਾਂ ਦੇ ਕੇਂਦਰ ਵਿੱਚ ਨੌਜਵਾਨ, ਨਵੀਨਤਾ, ਸਰਬਪੱਖੀ ਵਿਕਾਸ ਅਤੇ ਆਧੁਨਿਕ ਤਕਨੀਕ ਹਨ। ਇਸ ਸਾਂਝੇ ਵਿਜ਼ਨ ’ਤੇ ਚੱਲਦਿਆਂ ਅਸੀਂ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੇ ਹਾਂ।

ਇਸ ਸਾਲ ਸਾਡੀ ਰਣਨੀਤਕ ਭਾਈਵਾਲੀ ਦੇ 15 ਸਾਲ ਪੂਰੇ ਹੋ ਰਹੇ ਹਨ। ਇਸ ਵਿਸ਼ੇਸ਼ ਮੌਕੇ ’ਤੇ ਅਸੀਂ ਸਬੰਧਾਂ ਨੂੰ ‘ਵਿਆਪਕ ਰਣਨੀਤਕ ਭਾਈਵਾਲੀ’ ਦਾ ਦਰਜਾ ਦੇਣ ਦਾ ਫੈਸਲਾ ਕੀਤਾ ਹੈ। ਅੱਜ ਅਸੀਂ ਆਪਣੀ ਭਾਈਵਾਲੀ ਦੇ ਇਸ ਨਵੇਂ ਰੂਪ ਵਿੱਚ ਤੇਜ਼ ਗਤੀ ਅਤੇ ਠੋਸ ਨਤੀਜਿਆਂ ਦੇ ਨਾਲ ਅੱਗੇ ਵਧਣ ਦਾ ਟੀਚਾ ਤਿਆਰ ਕੀਤਾ ਹੈ।

ਸਾਡਾ ਦੁਵੱਲਾ ਵਪਾਰ ਇੱਕ ਬਿਲੀਅਨ ਡਾਲਰ ਪਾਰ ਕਰ ਚੁੱਕਾ ਹੈ। ਹੁਣ ਅਸੀਂ 2030 ਤੱਕ ਪੰਜ ਬਿਲੀਅਨ ਡਾਲਰ ਵਪਾਰ ਦਾ ਟੀਚਾ ਰੱਖਿਆ ਹੈ। ਇਸ ਦੇ ਲਈ ਅਸੀਂ ਬਾਜ਼ਾਰ ਤੱਕ ਪਹੁੰਚ, ਸੰਪਰਕ, ਬੈਂਕਿੰਗ ਅਤੇ ਭੁਗਤਾਨ ਨਾਲ ਜੁੜੇ ਵਿਸ਼ਿਆਂ ’ਤੇ ਯੋਜਨਾਬੱਧ ਤਰੀਕੇ ਨਾਲ ਅੱਗੇ ਵਧਾਂਗੇ।

ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਦੋਵਾਂ ਧਿਰਾਂ ਲਈ ਲਾਹੇਵੰਦ ਸਹਿਯੋਗ ਵਧਾਉਣ ਲਈ ਅਸੀਂ ਮਿਲ ਕੇ ਕੰਮ ਕਰਾਂਗੇ। ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (ਡੀਪੀਆਈ), ਏਆਈ, ਅਹਿਮ ਖਣਿਜਾਂ, ਕਲੀਨ ਐਨਰਜੀ, ਪੁਲਾੜ ਅਤੇ ਪ੍ਰਮਾਣੂ ਊਰਜਾ ਵਿੱਚ ਸਹਿਯੋਗ ਸਾਡੇ ਸਬੰਧਾਂ ਨੂੰ ਭਵਿੱਖ ਲਈ ਤਿਆਰ ਕਰ ਰਿਹਾ ਹੈ।

ਦੋਸਤੋ,

ਖੇਤੀਬਾੜੀ ਅਤੇ ਸਿਹਤ ਦੇ ਖੇਤਰ ਵਿੱਚ ਸਾਡੀਆਂ ਖੂਬੀਆਂ ਇੱਕ-ਦੂਜੇ ਦੀਆਂ ਪੂਰਕ ਹਨ। ਉਜ਼ਬੇਕਿਸਤਾਨ ਦੇ ਬਾਗਬਾਨੀ ਤਜਰਬੇ ਅਤੇ ਭਾਰਤ ਦੇ ਆਧੁਨਿਕ ਖੇਤੀ ਤਰੀਕਿਆਂ ਨੂੰ ਜੋੜ ਕੇ ਅਸੀਂ ਦੋਵਾਂ ਦੇਸ਼ਾਂ ਦੀ ਖੁਰਾਕ ਸੁਰੱਖਿਆ ਵਿੱਚ ਯੋਗਦਾਨ ਪਾਵਾਂਗੇ।

ਉਜ਼ਬੇਕਿਸਤਾਨ ਦੀਆਂ ਜੜੀ-ਬੂਟੀਆਂ ਅਤੇ ਭਾਰਤ ਦੀ ਆਯੁਰਵੇਦ ਮੁਹਾਰਤ ਵੀ ਇੱਕ ਕੁਦਰਤੀ ਸੁਮੇਲ ਹੈ। ਅੱਜ ਰਵਾਇਤੀ ਦਵਾਈ ’ਤੇ ਹੋਏ ਸਮਝੌਤੇ ਨਾਲ ਸਾਡੀਆਂ ਸਾਂਝੀਆਂ ਕੋਸ਼ਿਸ਼ਾਂ ਨੂੰ ਬਲ ਮਿਲੇਗਾ।

ਸਾਡੀ ਕੋਸ਼ਿਸ਼ ਹੈ ਕਿ ਸਾਡੀ ਭਾਈਵਾਲੀ ਸਿਰਫ਼ ਦੋ ਰਾਜਧਾਨੀਆਂ ਤੱਕ ਸੀਮਤ ਨਾ ਰਹੇ। ਇਸ ਲਈ ਅਸੀਂ ਆਪਣੇ ਸ਼ਹਿਰਾਂ ਅਤੇ ਰਾਜਾਂ ਵਿਚਾਲੇ ਭਾਈਵਾਲੀ ਕਾਇਮ ਕਰਨ ਜਾ ਰਹੇ ਹਾਂ। ਇਨ੍ਹਾਂ ਭਾਈਵਾਲੀਆਂ ਨਾਲ ਸ਼ਹਿਰੀ ਪ੍ਰਬੰਧਨ, ਉਦਯੋਗ, ਸਿੱਖਿਆ, ਸੈਰ-ਸਪਾਟਾ ਅਤੇ ਸੱਭਿਆਚਾਰ ਵਿੱਚ ਸਿੱਧੇ ਸੰਪਰਕ ਲਗਾਤਾਰ ਵਧਦੇ ਰਹਿਣਗੇ।

ਦੋਵਾਂ ਦੇਸ਼ਾਂ ਵਿਚਾਲੇ ਕਰੀਬੀ ਰੱਖਿਆ ਅਤੇ ਸੁਰੱਖਿਆ ਸਹਿਯੋਗ ਸਾਡੇ ਡੂੰਘੇ ਆਪਸੀ ਵਿਸ਼ਵਾਸ ਨੂੰ ਦਰਸਾਉਂਦਾ ਹੈ। ਆਉਣ ਵਾਲੇ ਸਮੇਂ ਵਿੱਚ ਅਸੀਂ ਦੋਵਾਂ ਦੇਸ਼ਾਂ ਦੀਆਂ ਰੱਖਿਆ ਸਨਅਤਾਂ ਵਿਚਾਲੇ ਸਿੱਧੇ ਸੰਪਰਕ, ਸਹਿ-ਉਤਪਾਦਨ ਅਤੇ ਸਹਿ-ਵਿਕਾਸ ਨੂੰ ਹੁਲਾਰਾ ਦੇਵਾਂਗੇ।

ਸਾਡਾ ਮੰਨਣਾ ਹੈ ਕਿ ਅੱਤਵਾਦ, ਕੱਟੜਵਾਦ ਅਤੇ ਵੱਖਵਾਦ ਪੂਰੇ ਖੇਤਰ ਲਈ ਗੰਭੀਰ ਚੁਣੌਤੀਆਂ ਹਨ। ਇਨ੍ਹਾਂ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਸਾਡਾ ਸਾਂਝਾ ਸੰਕਲਪ ਰਿਹਾ ਹੈ, ਅਤੇ ਅੱਗੇ ਵੀ ਰਹੇਗਾ।

ਦੋਸਤੋ,

ਸਾਡੇ ਰਿਸ਼ਤਿਆਂ ਦੀਆਂ ਸਭ ਤੋਂ ਡੂੰਘੀਆਂ ਜੜ੍ਹਾਂ ਸਾਡੀ ਸਾਂਝੀ ਵਿਰਾਸਤ ਵਿੱਚ ਹਨ। ਅੱਜ ਅਸੀਂ ਇਨ੍ਹਾਂ ਨੂੰ ਹੋਰ ਮਜ਼ਬੂਤ ਬਣਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ।

ਉਜ਼ਬੇਕਿਸਤਾਨ ਦੀਆਂ ਬੋਧੀ ਵਿਰਾਸਤੀ ਥਾਵਾਂ ਦੀ ਸੰਭਾਲ ਲਈ ਅਸੀਂ ਮਿਲ ਕੇ ਕੰਮ ਕਰਾਂਗੇ। ਦੋਵਾਂ ਦੇਸ਼ਾਂ ਦੇ ਨੌਜਵਾਨਾਂ, ਖਾਸ ਕਰਕੇ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਵਿਚਾਲੇ ਆਦਾਨ-ਪ੍ਰਦਾਨ ਨੂੰ ਹੁਲਾਰਾ ਦੇਣਾ ਸਾਡੀ ਉੱਚ ਤਰਜੀਹ ਹੈ। ਦੋਵਾਂ ਦੇਸ਼ਾਂ ਵਿਚਾਲੇ ਸੈਰ-ਸਪਾਟਾ ਵਧਾਉਣ ਲਈ ਅੱਜ ‘ਪ੍ਰੋਗਰਾਮ ਆਫ ਕੋਆਪ੍ਰੇਸ਼ਨ’’ਤੇ ਸਹਿਮਤੀ ਬਣੀ ਹੈ। ਮੈਨੂੰ ਖੁਸ਼ੀ ਹੈ ਕਿ ਉਜ਼ਬੇਕਿਸਤਾਨ ਵਿੱਚ ਹਿੰਦੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਅੱਜ ਅਸੀਂ ਵਜ਼ੀਫਿਆਂ ਦਾ ਐਲਾਨ ਕਰਨ ਜਾ ਰਹੇ ਹਾਂ।

ਖੇਡਾਂ ਵੀ ਸਾਡੇ ਸਹਿਯੋਗ ਦੇ ਅਹਿਮ ਪਹਿਲੂ ਵਜੋਂ ਉੱਭਰ ਰਹੀਆਂ ਹਨ। ਪਿਛਲੇ ਸਾਲ ਗੋਆ ਵਿੱਚ 20 ਸਾਲਾ ਉਜ਼ਬੇਕ ਗ੍ਰੈਂਡਮਾਸਟਰ ਸਿੰਦਾਰੋਵ ਨੇ ਫਿਡੇ ਵਿਸ਼ਵ ਕੱਪ ਜਿੱਤਿਆ। ਹੁਣ ਨਵੰਬਰ ਵਿੱਚ ਉਨ੍ਹਾਂ ਦਾ ਮੁਕਾਬਲਾ ਭਾਰਤ ਦੇ 20 ਸਾਲਾ ਸ਼ਤਰੰਜ ਚੈਂਪੀਅਨ ਗੁਕੇਸ਼ ਨਾਲ ਹੋਣ ਵਾਲਾ ਹੈ। ਇੱਕ ਬਿਸਾਤ (ਸ਼ਤਰੰਜ ਦੇ ਬੋਰਡ) ’ਤੇ ਜਦੋਂ ਇਹ ਦੋ ਨੌਜਵਾਨ ਸਿਤਾਰੇ ਆਹਮੋ-ਸਾਹਮਣੇ ਹੋਣਗੇ, ਤਾਂ ਜ਼ਾਹਿਰ ਹੈ- ਇਸ ਮੁਕਾਬਲੇ ’ਤੇ ਪੂਰੀ ਦੁਨੀਆ ਦੀ ਨਜ਼ਰ ਹੋਵੇਗੀ। ਅਗਲੇ ਮਹੀਨੇ ਸਮਰਕੰਦ ਵਿੱਚ ਹੋਣ ਜਾ ਰਹੇ ਸ਼ਤਰੰਜ ਓਲੰਪਿਆਡ ਲਈ ਵੀ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਆਉਣ ਵਾਲੇ ਸਮੇਂ ਵਿੱਚ ਕੁਰਾਸ਼ ਅਤੇ ਕਬੱਡੀ ਵਰਗੀਆਂ ਰਵਾਇਤੀ ਖੇਡਾਂ ਵੀ ਸਾਡੀ ਖੇਡ ਭਾਈਵਾਲੀ ਨੂੰ ਨਵੀਂ ਊਰਜਾ ਦੇਣਗੀਆਂ।

ਅੱਜ ਦੀ ਚਰਚਾ ਨੇ ਸਾਡੇ ਸਬੰਧਾਂ ਦੇ ਭਵਿੱਖ ਦੀ ਇੱਕ ਸਪੱਸ਼ਟ ਦਿਸ਼ਾ ਤੈਅ ਕੀਤੀ ਹੈ।

ਇੱਕ ਮਜ਼ਬੂਤ ਭਾਰਤ-ਉਜ਼ਬੇਕਿਸਤਾਨ ਭਾਈਵਾਲੀ ਮੱਧ ਏਸ਼ੀਆ ਵਿੱਚ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਇੱਕ ਤਾਕਤਵਰ ਜ਼ਰੀਆ ਬਣੇਗੀ।

ਮਹਾਮਹਿਮ,

ਤੁਹਾਡੀ ਦੋਸਤੀ ਅਤੇ ਅੱਜ ਦੀ ਸਾਰਥਕ ਚਰਚਾ ਲਈ ਇੱਕ ਵਾਰ ਫਿਰ ਤੁਹਾਡਾ ਬਹੁਤ-ਬਹੁਤ ਧੰਨਵਾਦ।

ਦੋ ਦਿਨ ਬਾਅਦ ਉਜ਼ਬੇਕਿਸਤਾਨ ਆਪਣੀ ਆਜ਼ਾਦੀ ਦੀ 35ਵੀਂ ਵਰ੍ਹੇਗੰਢ ਮਨਾਏਗਾ। ਮੈਂ 140 ਕਰੋੜ ਭਾਰਤੀਆਂ ਵੱਲੋਂ ਤੁਹਾਨੂੰ ਅਤੇ ਸਾਰੇ ਨਾਗਰਿਕਾਂ ਨੂੰ ਦਿਲੋਂ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ।

************

ਐੱਮਜੇਪੀਐੱਸ/ਐੱਸਐੱਸ/ਵੀਜੇ