Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਊਰਜਾ ਗੰਗਾ ਪ੍ਰੋਜੈਕਟ, ਪੀ.ਐੱਨ.ਜੀ. ਪਾਈਪਲਾਈਨ ਤੇ ਵਾਰਾਣਸੀ-ਇਲਾਹਾਬਾਦ ਰੇਲ ਪਟੜੀ ਦੁੱਗਣਾ ਕਰਨ ਦੇ ਨੀਂਹ ਪੱਥਰ ਰੱਖਦਿਆਂ, ਵਾਰਾਣਸੀ ‘ਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਊਰਜਾ ਗੰਗਾ ਪ੍ਰੋਜੈਕਟ, ਪੀ.ਐੱਨ.ਜੀ. ਪਾਈਪਲਾਈਨ ਤੇ ਵਾਰਾਣਸੀ-ਇਲਾਹਾਬਾਦ  ਰੇਲ ਪਟੜੀ ਦੁੱਗਣਾ ਕਰਨ ਦੇ ਨੀਂਹ ਪੱਥਰ ਰੱਖਦਿਆਂ, ਵਾਰਾਣਸੀ ‘ਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਮੈਂ ਸਭ ਤੋਂ ਪਹਿਲਾਂ ਕਾਸ਼ੀ ਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਜਦੋਂ ਮੈਂ ਟੀ.ਵੀ. ‘ਤੇ ਵੇਖਿਆ, ਅਖ਼ਬਾਰਾਂ ਵਿੱਚ ਪੜ੍ਹਿਆ, ਕੁਝ ਇੱਥੋਂ ਦੇ ਸਥਾਨਕ ਨਾਗਰਿਕਾਂ ਨੇ ਮੈਨੂੰ ਫ਼ੋਨ ਕਰ ਕੇ ਦੱਸਿਆ ਕਿ ਅਸੀਂ ਕਾਸ਼ੀ ਵਾਲਿਆਂ ਨੇ ਛੋਟੀ ਦੀਵਾਲੀ ਮਨਾ ਲਈ। 29 ਸਤੰਬਰ ਨੂੰ ਜਦੋਂ ਦੇਸ਼ ਦੀ ਫ਼ੌਜ ਨੇ ਬਹਾਦਰੀ ਵਿਖਾਈ, ਤਦ ਸਮੁੱਚਾ ਕਾਸ਼ੀ ਝੂਮ ਉੱਠਿਆ। ਕਾਸ਼ੀ ਵਾਸੀਆਂ ਨੇ ਦੇਸ਼ ਦੇ ਸੁਰੱਖਿਆ ਬਲਾਂ ਦਾ ਜੋ ਗੌਰਵ-ਗਾਇਨ ਕੀਤਾ, ਮਾਂ ਗੰਗਾ ਦੀ ਆਰਤੀ ਨੂੰ ਜਿਸ ਤਰ੍ਹਾਂ ਸਮਰਪਿਤ ਕੀਤਾ, ਇੰਥੋਂ ਦਾ ਸਾਂਸਦ ਹੋਣ ਦੇ ਨਾਤੇ ਤੁਹਾਡੇ ਵੱਲੋਂ ਫ਼ੌਜ ਦਾ ਇੰਨਾ ਸਤਿਕਾਰ ਹੋਵੇ, ਗੌਰਵ ਹੋਵੇ, ਤਾਂ ਮੇਰੀਆਂ ਖ਼ੁਸ਼ੀਆਂ ਦਾ ਕੋਈ ਟਿਕਾਣਾ ਨਹੀਂ ਰਹਿੰਦਾ।

ਇਹ ਤੁਸੀਂ ਜੋ ਛੋਟੀ ਦੀਵਾਲੀ ਮਨਾਈ ਸੀ, ਉਸ ਲਈ ਮੈਂ ਤੁਹਾਡਾ ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ। ਕਈ ਸਾਲਾਂ ਬਾਅਦ ਸਵਾ ਸੌ ਕਰੋੜ ਦੇਸ਼ ਵਾਸੀ ਫ਼ੌਜ ਦੇ ਜਵਾਨਾਂ ਨੂੰ ਅਹਿਸਾਸ ਕਰਵਾਉਣ ਵਿੱਚ ਸਫ਼ਲ ਹੋਏ ਹਨ ਕਿ ਤੁਸੀਂ ਇਕੱਲੇ ਨਹੀਂ ਹੋ, ਸਵਾ ਸੌ ਕਰੋੜ ਦਾ ਦੇਸ਼ ਤੁਹਾਡੇ ਪਿੱਛੇ ਖੜ੍ਹਾ ਹੈ। ਹੁਣ ਅਸੀਂ ਵੱਡੀ ਦੀਵਾਲੀ ਮਨਾਉਣ ਜਾ ਰਹੇ ਹਾਂ। ਅਸੀਂ ਤਾਂ ਆਪਣੇ ਪਰਿਵਾਰ ਨਾਲ ਦੀਵਾਲੀ ਮਨਾਵਾਂਗੇ, ਆਪਣਿਆਂ ‘ਚ ਖ਼ੁਸ਼ੀਆਂ ਵੰਡਾਂਗੇ, ਦੀਵੇ ਬਾਲ਼ਾਂਗੇ, ਹਨੇਰਾ ਦੂਰ ਕਰਾਂਗੇ, ਰੋਸ਼ਨੀ ਲਿਆਵਾਂਗੇ, ਸਭ ਕੁਝ ਕਰਾਂਗੇ, ਪਰ ਇਹ ਤਦ ਸੰਭਵ ਹੁੰਦਾ ਹੈ, ਜਦੋਂ ਕਿਸੇ ਮਾਂ ਦਾ ਲਾਲ ਸਰਹੱਦ ‘ਤੇ ਤਾਇਨਾਤ ਹੋ ਕੇ ਅਸੀਂ ਲੋਕਾਂ ਦੇ ਸੁਖ-ਚੈਨ ਲਈ ਆਪਣੇ-ਆਪ ਨੂੰ ਖਪਾ ਦਿੰਦਾ ਹੈ।

ਇਹ ਛੋਟੀ ਦੀਵਾਲੀ ਮਨਾ ਕੇ ਤੁਸੀਂ ਦੇਸ਼ ਨੂੰ ਦਿਸ਼ਾ ਦਿੱਤੀ। ਮੈਂ ਕਾਸ਼ੀ ਵਾਸੀਆਂ ਦਾ, ਉੱਤਰ ਪ੍ਰਦੇਸ਼ ਦੇ ਨਾਗਰਿਕਾਂ ਦਾ, ਹਿੰਦੁਸਤਾਨ ਭਰ ਦੇ ਨਾਗਰਿਕਾਂ ਦਾ, ਕਾਸ਼ੀ ਦੀ ਧਰਤੀ ਤੋਂ ਇਹ ਸੱਦਾ ਦਿੰਦਾ ਹਾਂ ਕਿ ਇਸ ਦੀਵਾਲੀ ਮੌਕੇ ਅਸੀਂ ਆਪਣਿਆਂ ਨੂੰ ਜਿਵੇਂ ਸ਼ੁਭਕਾਮਨਾਵਾਂ ਦਿੰਦੇ ਹਾਂ, ਉਸੇ ਤਰ੍ਹਾਂ ਅਸੀਂ ਫ਼ੌਜ ਦੇ ਆਪਣੇ ਜਵਾਨਾਂ ਨੂੰ, ਸਾਡੇ ਸੁਰੱਖਿਆ ਬਲਾਂ ਨੂੰ, ਦੀਵਾਲੀ ਦਾ ਸੰਦੇਸ਼ ਭੇਜ ਕੇ ਉਨ੍ਹਾਂ ਪ੍ਰਤੀ ਆਪਣੇ ਲਗਾਅ ਦਾ ਅਹਿਸਾਸ ਕਰਵਾਵਾਂਗੇ। ਚਾਹੇ ਉਹ ਥਲ ਸੈਨਾ ‘ਚ ਹੋਣ, ਸਮੁੰਦਰੀ ਫ਼ੌਜ ‘ਚ ਹੋਣ, ਹਵਾਈ ਫ਼ੌਜ ‘ਚ ਹੋਣ, ਕੋਸਟ ਗਾਰਡ ਵਿੱਚ ਹੋਣ, ਇੰਡੋ-ਤਿੱਬਤਨ ਫ਼ੋਰਸ ਵਿੱਚ ਹੋਣ, ਅਸਾਮ ਰਾਈਫ਼ਲਜ਼ ਵਿੱਚ ਹੋਣ, ਬੀ.ਐੱਸ.ਐੱਫ਼. ‘ਚ ਹੋਣ, ਸੀ.ਆਰ.ਪੀ.ਐੱਫ਼. ਵਿੱਚ ਹੋਣ – ਹਰ ਕੋਈ ਸਵਾ ਸੌ ਕਰੋੜ ਦੇਸ਼ ਵਾਸੀਆਂ ਦੀ ਸੁਰੱਖਿਆ ਲਈ ਤਾਇਨਾਤ ਹੈ। ਇਸ ਦੀਵਾਲੀ ਮੌਕੇ ਸਾਡੇ ਸਭਨਾਂ ਵੱਲੋਂ ਉਨ੍ਹਾਂ ਨੂੰ ਇੱਕ ਸੰਦੇਸ਼ ਜਾਣਾ ਚਾਹੀਦਾ ਹੈ।

ਭੇਜੋਗੇ? ਕਿਵੇਂ ਭੇਜੋਗੇ?

ਤੁਸੀਂ ਆਪਣੇ ਮੋਬਾਈਲ ਤੋਂ 1922 ਨੰਬਰ ਉੱਤੇ ਮਿਸਡ ਕਾਲ ਕਰਨਾ। ਉੱਥੋਂ ਤੁਹਾਨੂੰ ਇੱਕ ਮੈਸੇਜ ਆਵੇਗਾ। ਉਸ ਮੈਸੇਜ ਨਾਲ ਤੁਸੀਂ ਨਰੇਂਦਰ ਮੋਦੀ ਐਪ ਆਪਣੇ ਫ਼ੋਨ ‘ਤੇ ਡਾਊਨਲੋਡ ਕਰ ਸਕਦੇ ਹੋ। ਉਸ ਵਿੱਚ ਫ਼ੌਜ ਦੇ ਜਵਾਨਾਂ ਨੂੰ ਸੰਦੇਸ਼ ਭੇਜਣ ਲਈ ਇੱਕ ਜਗ੍ਹਾ ਹੈ, ਉਸ ਤੋਂ ਤੁਸੀਂ ਸੰਦੇਸ਼ ਭੇਜੋਗੇ। ਦੇਸ਼ ਦੇ ਸੁਰੱਖਿਆ ਬਲਾਂ ਨੂੰ ਤੁਹਾਡੇ ਸੰਦੇਸ਼ ਮਿਲਣਗੇ।
ਦੇਸ਼ ਦੇ ਸੁਰੱਖਿਆ ਬਲਾਂ ਨੂੰ ਹਰ ਛਿਣ ਲਗਣਾ ਚਾਹੀਦਾ ਹੈ ਕਿ ਆਪਣੀ ਜਵਾਨੀ ਅਸੀਂ ਦੇਸ਼ ਲਈ ਲਾ ਰਹੇ ਹਾਂ, ਤਾਂ ਦੇਸ਼ ਵਾਸੀਆਂ ਨੂੰ ਸਾਡੇ ਉੱਤੇ ਕਿੰਨਾ ਕੁ ਗੌਰਵ ਹੈ, ਕਿੰਨਾ ਮਾਣ ਹੈ। ਉਨ੍ਹਾਂ ਨੂੰ ਹਰ ਛਿਣ ਇਹ ਮਹਿਸੂਸ ਹੋਣਾ ਚਾਹੀਦਾ ਹੈ। ਸਿਰਫ਼ ਬੰਬ, ਬੰਦੂਕ ਅਤੇ ਗੋਲੀਆਂ ਦੀ ਅਵਾਜ਼ ਵਿਚਾਲੇ ਇਹ ਕਾਫ਼ੀ ਨਹੀਂ ਹੈ। ਦੁਨੀਆ ਦੇ ਕਈ ਦੇਸ਼ਾ ਵਿੱਚ, ਜੇ ਫ਼ੌਜ ਦੇ ਜਵਾਨ ਹਵਾਈ ਜਹਾਜ਼ ਵਿੱਚ ਜਾ ਰਹੇ ਹੁੰਦੇ ਹਨ, ਰੇਲ ਰਾਹੀਂ ਜਾ ਰਹੇ ਹਨ ਅਤੇ ਉੱਥੇ ਹੋਰ ਯਾਤਰੀ ਉਨ੍ਹਾਂ ਨੂੰ ਵੇਖਦੇ ਹਨ, ਤਾਂ ਸਾਰੇ ਤਾੜੀਆਂ ਨਾਲ ਉਨ੍ਹਾਂ ਦਾ ਗੌਰਵ-ਗਾਇਨ ਕਰਦੇ ਹਨ ਅਤੇ ਉਹ ਉੱਥੋਂ ਲੰਘਦੇ ਹਨ। ਇਹ ਆਮ ਸੁਭਾਅ ਬਣਿਆ ਹੋਇਆ ਹੈ। ਸਾਡੇ ਦੇਸ਼ ਵਿੱਚ ਜਦੋਂ ਕੋਈ ਖ਼ਾਸ ਹਾਲਤ ਪੈਦਾ ਹੁੰਦੀ ਹੈ, ਬਹਾਦਰੀ ਵਿਖਾਉਣ ਦੀ ਗੱਲ ਆਉਂਦੀ ਹੈ, ਤਦ ਤਾਂ ਇੱਕਦਮ ਦੇਸ਼ ਭਗਤੀ ਉਮੜ ਪੈਂਦੀ ਹੈ, ਪਰ ਫਿਰ ਹੌਲੀ-ਹੌਲੀ ਸਭ ਠੰਢਾ ਹੋ ਜਾਂਦਾ ਹੈ। ਫ਼ੌਜ ਨਾਲ, ਸੁਰੱਖਿਆ ਬਲਾਂ ਨਾਲ ਇੱਕ ਆਤਮਿਕ ਗੌਰਵਪੂਰਨ, ਸਨਮਾਨਜਨਕ ਨਾਤਾ ਜੋੜਨ ਦਾ ਕਲਚਰ ਸਦਾ ਬਣਿਆ ਰਹਿਣਾ ਚਾਹੀਦਾ ਹੈ। ਕੇਵਲ ਖ਼ਾਸ ਮੌਕਿਆਂ ‘ਤੇ ਹੀ ਬਣਿਆ ਰਹੇ, ਇਹ ਕਾਫ਼ੀ ਨਹੀਂ ਹੈ।

ਇਸ ਲਈ ਮੈਂ ਇਸ ਵਾਰ ਫ਼ੌਜ ਦੇ ਜਵਾਨਾਂ ਨੂੰ ਸੰਦੇਸ਼ ਭੇਜਿਆ ਹੈ ਅਤੇ ਦੇਸ਼ ਵਾਸੀਆਂ ਨੂੰ ਵੀ ਕਿਹਾ ਕਿ ਤੁਸੀਂ ਵੀ ਮੇਰੇ ਨਾਲ ਇਸ ਸੰਦੇਸ਼ ਵਿੱਚ ਜੁੜੋ।

ਭਰਾਵੋ-ਭੈਣੋ, ਅੱਜ ਮੈਂ ਸਭ ਤੋਂ ਪਹਿਲਾਂ ਇਨ੍ਹਾਂ ਸਾਰੇ ਮੰਤਰੀਆਂ ਦਾ, ਉਨ੍ਹਾਂ ਦੇ ਮੰਤਰਾਲਿਆਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ ਕਿਉਂਕਿ ਮੇਰੇ ਸੰਸਦੀ ਖੇਤਰ ਵਿੱਚ ਤੁਸੀਂ ਇੰਨੀਆਂ ਸਾਰੀਆਂ ਯੋਜਨਾਵਾਂ ਲਾਗੂ ਕੀਤੀਆਂ ਅਤੇ ਮੇਰੇ ਇੱਥੋਂ ਦੇ ਵੋਟਰਾਂ ਦੀ ਸਹੂਲਤ ਲਈ ਤੁਸੀਂ ਇੰਨੇ ਵਧੀਆ-ਵਧੀਆ ਕੰਮ ਕੀਤੇ। ਮੈਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਹਾਂ। ਮੈਂ ਰੇਲਵੇ ਵਿਭਾਗ ਦੇ ਅਧਿਕਾਰੀਆਂ ਦਾ ਅਭਿਨੰਦਨ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਸੁਭਾਅ ਨੂੰ ਭਲੀਭਾਂਤ ਸਮਝ ਕੇ ਕਲਪਨਾ ਨੂੰ ਸਮੇਂ ਤੋਂ ਪਹਿਲਾਂ ਸਾਕਾਰ ਕਰ ਦਿੱਤਾ। ਨਹੀਂ ਤਾਂ ਸਰਕਾਰਾਂ ਅਜਿਹੀਆਂ ਹੁੰਦੀਆਂ ਹਨ ਕਿ ਨੀਂਹ ਪੱਥਰ ਇੱਕ ਸਰਕਾਰ ਧਰਦੀ ਹੈ, ਉਦਘਾਟਨ ਦੂਜੀ ਜਾਂ ਤੀਜੀ ਸਰਕਾਰ ਦੇ ਨਸੀਬ ਵਿੱਚ ਆਉਂਦਾ ਹੈ। ਸਰਕਾਰਾਂ ਆਉਂਦੀਆਂ ਹਨ, ਜਾਂਦੀਆਂ ਹਨ, ਬਦਲ ਜਾਂਦੀਆਂ ਹਨ ਪਰ ਉਹ ਪੱਥਰ ਉੱਥੇ ਹੀ ਪਿਆ ਰਹਿੰਦਾ ਹੈ।

ਇਹ ਅਜਿਹੀ ਸਰਕਾਰ ਕਿ ਨੀਂਹ ਪੱਥਰ ਵੀ ਅਸੀਂ ਹੀ ਰੱਖਦੇ ਹਾਂ ਅਤੇ ਉਦਘਾਟਨ ਵੀ ਅਸੀਂ ਹੀ ਕਰਨਾ ਚਾਹੁੰਦੇ ਹਾਂ। ਯੋਜਨਾਵਾਂ ਸਮਾਂ-ਸੀਮਾ ਵਿੱਚ ਹੋਣੀਆਂ ਚਾਹੀਦੀਆਂ ਹਨ। ਨਿਰਧਾਰਤ ਬਜਟ ਵਿੱਚ ਹੋਣੀਆਂ ਚਾਹੀਦੀਆਂ ਹਨ। ਹੋ ਸਕੇ, ਤਾਂ ਸਮਾਂ ਵੀ ਬਚਣਾ ਚਾਹੀਦਾ ਹੈ, ਧਨ ਵੀ ਬਚਣਾ ਚਾਹੀਦਾ ਹੈ ਅਤੇ ਕੰਮ ਵਧੀਆ ਹੋਣਾ ਚਾਹੀਦਾ ਹੈ। ਇਹ ਕਲਚਰ ਵਿਸਕਤ ਕਰਨ ਦਾ ਯਤਨ ਦਿੱਲੀ ਵਿੱਚ ਜੋ ਤੁਸੀਂ ਸਰਕਾਰ ਬਿਠਾਈ ਹੈ, ਉਹ ਕੋਸ਼ਿਸ਼ ਕਰ ਰਹੀ ਹੈ ਅਤੇ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਇਹ ਹਰੇਕ ਖੇਤਰ ਵਿੱਚ ਹੋਣ ਵਾਲਾ ਹੈ।

ਤੁਸੀਂ ਵੇਖਿਆ ਹੋਵੇਗਾ ਕਿ ਜਿੰਨੇ ਮੰਤਰੀ ਇੱਥੇ ਬੋਲੇ, ਜਿੰਨੀਆਂ ਤੁਹਾਨੂੰ ਪ੍ਰੋਗਰਾਮ ਦੀਆਂ ਯੋਜਨਾਵਾਂ ਦੱਸੀਆਂ, ਉਸ ਦੇ ਨਾਲ-ਨਾਲ ਸਮਾਂ ਵੀ ਦੱਸਿਆ। ਕਿਉਂਕਿ ਮੇਰੀ ਇਹ ਇੱਛਾ ਰਹਿੰਦੀ ਹੈ, ਮੈਂ ਪ੍ਰੋਗਰਾਮ ਉੱਤੇ ਜਾਂ ਕਿਸੇ ਫ਼ਾਈਲ ਉੱਤੇ ਸਾਈਨ ਕਰਦਾ ਹਾਂ, ਤਾਂ ਪੁੱਛਦਾ ਹਾਂ, ਜ਼ਰਾ ਇਹ ਦੱਸੋ ਕਿ ਪੂਰਾ ਕਦੋਂ ਕਰੋਗੇ? ਯੋਜਨਾਵਾਂ ਸਿਰਫ਼ ਅਖ਼ਬਾਰਾਂ ‘ਚ ਛਪਣ ਲਈ ਨਹੀਂ ਹੁੰਦੀਆਂ, ਸਿਰਫ਼ ਅਖ਼ਬਾਰਾਂ ਵਿੱਚ ਵਾਹ-ਵਾਹੀ ਲਈ ਨਹੀਂ ਹੁੰਦੀਆਂ ਹਨ, ਯੋਜਨਾਵਾਂ ਆਮ ਲੋਕਾਂ ਦੇ ਜੀਵਨ ਵਿੱਚ ਤਬਦੀਲੀ ਲਿਆਉਣ, ਇਸ ਨੂੰ ਲਾਗੂ ਕਰਨ ਲਈ ਹੁੰਦੀਆਂ ਹਨ ਅਤੇ ਇਸ ਸਰਕਾਰ ਦੀ ਇੱਛਾ ਹੈ ਕਿ ਅਸੀਂ ਜੋ ਯੋਜਨਾਵਾਂ ਲਿਆਵਾਂਗੇ, ਲਾਗੂ ਕਰ ਕੇ ਰਹਾਂਗੇ।

ਹੁਣੇ ਤੁਸੀਂ ਇੱਥੇ ਵੇਖਿਆ, ਸੁਕੰਨਿਆ ਸਮਰਿੱਧੀ ਯੋਜਨਾ। ਜਿਸ ਦਿਨ ਅਸੀਂ ਇਹ ਯੋਜਨਾ ਐਲਾਨੀ ਹੋਵੇਗੀ, ਅਖ਼ਬਾਰ ਵਿੱਚ ਵੀ ਆਈ ਹੋਵੇਗੀ, ਕੁਝ ਲੋਕਾਂ ਨੇ ਜਾਣਿਆ, ਕੁਝ ਲੋਕਾਂ ਨੇ ਨਹੀਂ ਜਾਣਿਆ ਅਤੇ ਗੱਲ ਆਈ-ਗਈ ਹੋ ਗਈ ਪਰ ਅਸੀਂ ਅਜਿਹਾ ਨਹੀਂ ਕਰਦੇ, ਅਸੀਂ ਪਿੱਛੇ ਲੱਗੇ ਰਹਿੰਦੇ ਹਾਂ ਕਿ ਦੱਸੋ ਬਈ ਕਰ ਰਹੇ ਹੋ ਕਿ ਨਹੀਂ? ਸਾਰੀਆਂ ਬੱਚੀਆਂ ਨੂੰ ਲਾਭ ਪੁੱਜ ਰਿਹਾ ਹੈ ਕਿ ਨਹੀਂ ਪੁੱਜ ਰਿਹਾ ਹੈ? ਪਿੱਛੇ ਲੱਗ ਰਹੇ ਹੋ ਕਿ ਨਹੀਂ ਲੱਗ ਰਹੇ ਹੋ, ਤਾਂ ਵੇਖੋ, ਕਰ ਰਹੇ ਹਨ।

ਇੱਥੇ ਤੁਸੀਂ ਵੇਖਿਆ, ਮੈਨੂੰ ਕੁਝ ਪਰਿਵਾਰਾਂ ਨੂੰ ਗੈਸ ਸਿਲੰਡਰ ਦੇਣ ਦਾ ਮੌਕਾ ਮਿਲਿਆ। ਸਾਨੂੰ ਪਤਾ ਹੈ ਗੈਸ ਸਿਲੰਡਰ ਹਾਸਲ ਕਰਨਾ ਪਹਿਲਾਂ ਕਿੰਨੀ ਔਖਿਆਈ ਵਾਲਾ ਕੰਮ ਹੋਇਆ ਕਰਦਾ ਸੀ। ਸਿਫ਼ਾਰਸ਼ ਲਾਉਣੀ ਪੈਂਦੀ ਸੀ। ਸਾਂਸਦ ਦੇ ਆਲੇ-ਦੁਆਲੇ ਘੁੰਮਣਾ ਪੈਂਦਾ ਸੀ। ਵੱਡੇ-ਵੱਡੇ ਅਫ਼ਸਰ ਵੀ ਐੱਮ.ਪੀ. ਨੂੰ ਫੜਦੇ ਸਨ ਕਿ ਸਾਹਿਬ ਮੇਰੀ ਟ੍ਰਾਂਸਫ਼ਰ ਇੱਥੇ ਹੋਈ ਹੈ, ਮੈਂ ਇੱਥੇ ਆਇਆ ਹਾਂ, ਰਤਾ ਗੈਸ ਦਾ ਕੁਨੈਕਸ਼ਨ ਮਿਲ ਜਾਵੇ ਮੈਨੂੰ, ਵੇਖੋ ਨਾ ਬਹੁਤ ਮੁਸੀਬਤ ਹੈ। ਐੱਮ.ਪੀ. ਨੂੰ 25 ਕੂਪਨ ਮਿਲਦੇ ਹੁੰਦੇ ਸਨ, ਗੈਸ ਦਾ ਕੁਨੈਕਸ਼ਨ ਦਿਵਾਉਣ ਲਈ। ਅਤੇ ਉਹ ਐੱਮ.ਪੀ. 25 ਕੂਪਨ ਲੈ ਕੇ ਘੁੰਮਦਾ ਰਹਿੰਦਾ ਸੀ, ਉਸ ਦੇ ਪਿੱਛੇ 200-200 ਲੋਕ ਘੁੰਮਦੇ ਰਹਿੰਦੇ ਸਨ ਕਿ ਸਾਹਿਬ ਇੱਕ ਕੂਪਨ ਮੈਨੂੰ ਵੀ ਦੇ ਦੇਵੋ। ਇਹ ਸਭ ਚਲਾ ਗਿਆ। ਸਰਕਾਰ ਸਾਹਮਣੇ ਤੋਂ ਗ਼ਰੀਬਾਂ ਨੂੰ ਲੱਭ ਰਹੀ ਹੈ, ਗ਼ਰੀਬਾਂ ਦੇ ਘਰ ਨੂੰ ਲੱਭ ਰਹੀ ਹੈ।

ਮੇਰਾ ਸੁਪਨਾ ਹੈ ਕਿ 3 ਸਾਲਾਂ ਵਿੱਚ ਹਿੰਦੁਸਤਾਨ ਦੇ ਗ਼ਰੀਬ ਪਰਿਵਾਰਾਂ ਦੇ ਘਰ ਵਿੱਚ ਜਿੱਥੇ ਲੱਕੜ ਦਾ ਚੁੱਲ੍ਹਾ ਬਲ਼ਦਾ ਹੈ, ਜਿੱਥੇ ਖਾਣਾ ਪਕਾਉਣ ਵਿੱਚ ਹਰੇਕ ਮਾਂ ਦੇ ਅੰਦਰ ਬਹੁਤ ਧੂੰਆਂ ਜਾਂਦਾ ਹੈ, ਉਨ੍ਹਾਂ ਮਾਵਾਂ ਨੂੰ ਧੂੰਏਂ ਤੋਂ ਬਚਾਉਣਾ ਹੈ। ਗ਼ਰੀਬ ਦੇ ਘਰ ਵਿੱਚ ਗੈਸ ਦਾ ਚੁੱਲ੍ਹਾ ਬਾਲਣਾ ਹੈ, ਇਹ ਕੋਸ਼ਿਸ਼ ਕਰ ਰਿਹਾ ਹਾਂ।

ਪਰ ਇਸ ਦੇ ਨਾਲ-ਨਾਲ ਅੱਜ ਵਾਰਾਣਸੀ ਵਿੱਚ ਗੈਸ ਪਾਈਪਲਾਈਨ ਦੇ ਪ੍ਰੋਗਰਾਮ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਰਸੋਈਘਰ ਵਿੱਚ ਟੂਟੀ ਦਾ ਪਾਣੀ ਵੀ ਹਰ ਘਰ ਵਿੱਚ ਆਉਂਦਾ ਹੋਵੇਗਾ ਜਾਂ ਨਹੀਂ, ਉਸ ਦਾ ਮੈਨੂੰ ਪਤਾ ਨਹੀਂ। ਹਾਲੇ ਵੀ ਘਰ ਤੋਂ ਬਾਹਰ ਪਾਣੀ ਲੈਣ ਲਈ ਲੋਕਾਂ ਨੂੰ ਸ਼ਾਇਦ ਜਾਣਾ ਪੈਂਦਾ ਹੋਵੇਗਾ। ਮੇਰਾ ਯਤਨ ਹੈ ਅਤੇ ਖ਼ਾਸ ਕਰ ਕੇ ਕਾਸ਼ੀ ਦੀਆਂ ਮਾਵਾਂ-ਭੈਣੋ ਮੈਨੂੰ ਅਸ਼ੀਰਵਾਦ ਦੇਵੋ ਕਿ ਰਸੋਈ ਘਰ ਵਿੱਚ ਟੂਟੀ ਆੱਨ ਕਰਨ ਨਾਲ ਗੈਸ ਆ ਜਾਵੇਗਾ, ਖਾਣਾ ਪੱਕਣਾ ਸ਼ੁਰੂ ਹੋ ਜਾਵੇਗਾ। ਨਿਰਧਾਰਤ ਸਮੇਂ ਵਿੱਚ ਸੈਂਕੜੇ ਕਰੋੜਾਂ ਰੁਪਏ ਖ਼ਰਚ ਕਰ ਕੇ ਗੈਸ ਦੀ ਪਾਈਪਲਾਈਨ ਵਿਛਾਉਣ ਦੀ ਦਿਸ਼ਾ ਵਿੱਚ ਅੱਜ ਕੰਮ ਸ਼ੁਰੂ ਹੋ ਰਿਹਾ ਹੈ।

ਅਰਥਵਿਵਸਥਾ ਵਿੱਚ ਊਰਜਾ ਦਾ ਬਹੁਤ ਮਹੱਤਵ ਹੁੰਦਾ ਹੈ। ਗੈਸ ਅਧਾਰਤ ਇਕੌਨੋਮੀ, ਫ਼ਰਟੀਲਾਈਜ਼ਰ ਦੇ ਉਤਪਾਦਨ ਵਿੱਚ ਗੈਸ ਦੀ ਜ਼ਰੂਰਤ ਹੁੰਦੀ ਹੈ। ਉਸ ਲਈ ਜਗਦੀਸ਼ਪੁਰ-ਹਲਦੀਆ ਪਾਈਪਲਾਈਨ ਦਾ ਜੋ ਕੰਮ ਸੀ, ਉਹ ਤਾਂ ਹੋਣਾ ਹੀ ਹੈ ਪਰ ਉਸ ਦੇ ਨਾਲ ਅਸੀਂ ਦੇਸ਼ ਦੇ ਸੱਤ ਸ਼ਹਿਰਾਂ, ਖ਼ਾਸ ਕਰ ਕੇ ਪੂਰਬੀ ਹਿੰਦੁਸਤਾਨ ਵਿੱਚ, ਪਾਈਪਲਾਈਨ ਰਾਹੀਂ ਗੈਸ ਦੇਣਾ ਤੈਅ ਕੀਤਾ ਹੈ। ਇਹ ਸ਼ਹਿਰ ਹਨ ਵਾਰਾਣਸੀ, ਰਾਂਚੀ, ਕਟਕ, ਪਟਨਾ, ਜਮਸ਼ੇਦਪੁਰ, ਭੁਬਨੇਸ਼ਵਰ, ਕੋਲਕਾਤਾ। ਉਸ ਅਧੀਨ ਅੱਜ ਮੇਰੇ ਸੰਸਦੀ ਹਲਕੇ ਦੇ ਘਰਾਂ ਵਿੱਚ ਪਾਈਪਲਾਈਨ ਰਾਹੀਂ ਗੈਸ ਪਹੁੰਚਾਉਣ ਦੀ ਦਿਸ਼ਾ ਵਿੱਚ ਕੰਮ ਹੋ ਰਿਹਾ ਹੈ।

ਆਵਾਜਾਈ ਵਿੱਚ ਵੀ ਜਿੱਥੇ ਤੁਸੀਂ ਪੈਟਰੋਲ-ਡੀਜ਼ਲ ਨਾਲ ਗੱਡੀਆਂ ਚਲਾਉਂਦੇ ਹੋ, ਹੁਣ ਸੀ.ਐੱਨ.ਜੀ. ਨਾਲ ਗੱਡੀ ਚਲਾ ਸਕੋਗੇ। ਪੈਟਰੋਲ-ਡੀਜ਼ਲ ਨਾਲੋਂ ਸੀ.ਐੱਨ.ਜੀ. ਸਸਤੀ ਵੀ ਪੈਂਦੀ ਹੈ, ਵਾਤਾਵਰਨ ਨੂੰ ਵੀ ਫ਼ਾਇਦਾ ਹੁੰਦਾ ਹੈ। ਇੱਥੇ ਲਗਭਗ 20 ਲੱਖ ਵਾਹਨ ਹਨ, ਜਿਨ੍ਹਾਂ ਨੂੰ ਫ਼ਾਇਦਾ ਮਿਲੇਗਾ, ਜਦੋਂ ਸੀ.ਐੱਨ.ਜੀ. ਦੇ ਸਟੇਸ਼ਨ ਲੱਗ ਜਾਣਗੇ। ਅਤੇ ਇਨ੍ਹਾਂ ਸੱਤੇ ਸ਼ਹਿਰਾਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਵਾਹਨ ਹਨ, ਤਾਂ ਵਾਤਾਵਰਨ ਨੂੰ ਬਹੁਤ ਵੱਡਾ ਲਾਭ ਹੋਵੇਗਾ। ਦੇਸ਼ ਨੂੰ ਵਿਦੇਸ਼ਾਂ ਤੋਂ ਪੈਟਰੋਲੀਅਮ ਲਿਆਉਣਾ ਪੈਂਦਾ ਹੈ, ਉਸ ਵਿੱਚ ਵੀ ਆਰਥਿਕ ਤੌਰ ‘ਤੇ ਦੇਸ਼ ਦੀ ਬੱਚਤ ਹੋਵੇਗੀ। ਤਦ ਇੱਕ ਅਜਿਹੀ ਯੋਜਨਾ ਜੋ ਜਨ-ਸੁਵਿਧਾ ਵਾਲੀ ਵੀ ਹੈ ਅਤੇ ਭਵਿੱਖ ਦੀ ਪੀੜ੍ਹੀ ਲਈ ਵੀ ਵਾਤਾਵਰਨ ਦੀ ਰੱਖਿਆ ਕਰਨ ਵਾਲੀ ਹੈ।
ਇਹ ਮੇਰਾ ਸਾਫ਼ ਮੱਤ ਰਿਹਾ ਹੈ ਕਿ ਜੇ ਅਸੀਂ ਸੋਚੀਏ, ਭਾਰਤ ਦਾ ਕੋਈ ਹਲਕਾ ਅੱਗੇ ਵਧ ਜਾਵੇ, ਤਾਂ ਦੇਸ਼ ਅੱਗੇ ਵਧ ਜਾਵੇਗਾ, ਇਹ ਸੰਭਵ ਨਹੀਂ ਹੈ। ਦੇਸ਼ ਤਦ ਹੀ ਅੱਗੇ ਵਧੇਗਾ, ਜਦੋਂ ਹਿੰਦੁਸਤਾਨ ਦੇ ਹਰੇਕ ਕੋਣੇ ਵਿੱਚ ਵਿਕਾਸ ਹੋਵੇ, ਖ਼ਾਸ ਕਰ ਕੇ ਹਿੰਦੁਸਤਾਨ ਦੇ ਪੂਰਬੀ ਇਲਾਕੇ ਵਿੱਚ ਵਿਕਾਸ ਹੋਵੇ। ਚਾਹੇ ਉਹ ਪੂਰਬੀ ਉੱਤਰ ਪ੍ਰਦੇਸ਼ ਹੋਵੇ, ਚਾਹੇ ਬਿਹਾਰ ਹੋਵੇ, ਬੰਗਾਲ ਹੋਵੇ, ਝਾਰਖੰਡ ਹੋਵੇ, ਉੜੀਸਾ ਹੋਵੇ, ਉੱਤਰ-ਪੂਰਬ ਦੇ ਸੂਬੇ ਹੋਣ, ਅਸਾਮ ਹੋਵੇ – ਇਹ ਸਾਰਾ ਖੇਤਰ ਆਰਥਿਕ ਗਤੀਵਿਧੀ ਦਾ ਕੇਂਦਰ ਬਣਾਉਣਾ ਹੈ, ਤਾਂ ਸਾਨੂੰ ਇਸ ਪ੍ਰਕਾਰ ਦੀਆਂ ਸਹੂਲਤਾਂ ਨਾਲ ਉਸ ਨੂੰ ਜੋੜਨਾ ਹੋਵੇਗਾ।

ਪਿਛਲੇ ਦਿਨੀਂ ਤੁਸੀਂ ਵੇਖਿਆ ਹੋਵੇਗਾ ਕਿ ਕਾਸ਼ੀ ਦੀ ਸੰਗੀਤ ਦੀ ਦੁਨੀਆ ਨੂੰ ਹੈਰਿਟੇਜ ਵਿੱਚ ਸਥਾਨ ਮਿਲਿਆ। ਉਹ ਕਾਸ਼ੀ ਲਈ ਮਾਣ ਦਾ ਵਿਸ਼ਾ ਸੀ। ਇਹ ਸਰਬ-ਵਿੱਦਿਆ ਦਾ ਕੇਂਦਰ ਹੈ। ਸੰਗੀਤ ਦੇ ਖੇਤਰ ਵਿੱਚ ਕਾਸ਼ੀ ਨੇ ਦੇਸ਼ ਅਤੇ ਦੁਨੀਆ ਨੂੰ ਬਹੁਤ ਕੁਝ ਦਿੱਤਾ ਹੈ। ਉਸ ਵਿਰਾਸਤ ਨੂੰ ਹੈਰਿਟੇਜ ਦੇ ਰੂਪ ਵਿੱਚ ਦੁਨੀਆ ਅੰਦਰ ਸਥਾਨ ਮਿਲਿਆ, ਉਸੇ ਤੋਂ ਪ੍ਰੇਰਨਾ ਲੈ ਕੇ ਅੱਜ ਕਾਸ਼ੀ ਦਾ ਪੋਸਟਲ ਸਟੈਂਪ… ਅਤੇ ਮੈਂ ਚਾਹਾਂਗਾ ਕਾਸ਼ੀ ਦੇ ਲੋਕ ਤਾਂ ਆਪਣੀ ਡਾਕ ਵਿੱਚ ਕਾਸ਼ੀ ਦਾ ਹੀ ਇਹ ਪੋਸਟਲ ਸਟੈਂਪ ਲਾਉਣ ਦੀ ਆਦਤ ਪਾਉਣ। ਉਹ ਆਪਣੇ-ਆਪ ਵਿੱਚ ਤੁਹਾਡੀ ਪਛਾਣ ਵਧਾਉਂਦਾ ਹੈ। ਇੱਕ ਵਾਰ ਪੋਸਟਲ ਸਟੈਂਪ ਜਾਂਦਾ ਹੈ, ਤਾਂ ਦੁਨੀਆ ਵਿੱਚ ਟੂਰਿਜ਼ਮ ਲਈ ਉਹ ਕਾਰਨ ਹੁੰਦਾ ਹੈ। ਉਸ ਤੋਂ ਇੱਕ ਪਛਾਣ ਮਿਲਦੀ ਹੈ। ਕਾਸ਼ੀ ਦਾ ਗੌਰਵ-ਗਾਇਨ ਹੁੰਦਾ ਹੈ। ਬਹੁਤ ਪਹਿਲਾਂ ਸ਼ਹਿਰਾਂ ਦੀ ਡਾਕ ਟਿਕਟ ਦੀ ਕਲਪਨਾ ਹੋਈ ਸੀ, ਸਾਡੇ ਦੇਸ਼ ਵਿੱਚ ਪਰ ਉਹ ਮਾਮਲਾ ਅੱਗੇ ਵਧਿਆ ਨਹੀਂ। ਅਸੀਂ ਕਾਸ਼ੀ ਨੂੰ ਇਸ ਕੰਮ ਲਈ ਚੁਣਿਆ। ਫਿਰ ਤੋਂ ਇੱਕ ਵਾਰ ਸ਼ੁਰੂਆਤ ਹੋਈ ਹੈ ਅਤੇ ਇਸ ਕਾਰਨ ਸਾਡੇ ਇਸ ਪ੍ਰਾਚੀਨ ਸ਼ਹਿਰ ਦੀ ਇੱਕ ਪਛਾਣ ਨਵੇਂ ਤਰੀਕੇ ਤੋਂ ਦੁਨੀਆ ਸਾਹਮਣੇ ਪਹੁੰਚਾਉਣ ਵਿੱਚ ਇਹ ਇੱਕ ਕੰਮ ਹੋਵੇਗਾ।

ਅੱਜ ਇੱਥੇ ਕਿਸਾਨਾਂ ਲਈ ਵੀ ਇੱਕ ਬਹੁਤ ਅਹਿਮ ਰਾਜਾ ਤਾਲਾਬ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਹੈ। ਸਾਡੇ ਕਿਸਾਨ ਵੱਡੇ ਸ਼ਹਿਰਾਂ ਦੇ ਆਲੇ-ਦੁਆਲੇ ਸਬਜ਼ੀ ਪੈਦਾ ਕਰਦੇ ਹਨ। ਇਹ ਰਾਜਾ ਤਾਲਾਬ ਇੱਕ ਅਜਿਹੀ ਜਗ੍ਹਾ ਹੈ, ਜੋ ਪੂਰਬ-ਪੱਛਮ ਅਤੇ ਉੱਤਰ ਵਿੱਚ ਰੋਡ ਅਤੇ ਰੇਲ ਦੀ ਕੁਨੈਕਟੀਵਿਟੀ ਵਿੱਚ ਕੇਂਦਰ-ਬਿੰਦੂ ਹੈ। ਇਹੋ ਉਹ ਇਲਾਕਾ ਹੈ, ਜਿੱਥੇ ਸਾਡੇ ਕਿਸਾਨ ਸਭ ਤੋਂ ਵੱਧ ਸਬਜ਼ੀ, ਫਲਾਂ ਅਤੇ ਫੁੱਲਾਂ ਦੀ ਖੇਤੀ ਕਰਦੇ ਹਨ। ਜੇ ਉਨ੍ਹਾਂ ਨੂੰ ਇਸ ਕਿਸਮ ਦੀ ਸਹੂਲਤ ਮਿਲੇ, ਉਨ੍ਹਾਂ ਲਈ ਬਰਬਾਦੀ ਬਚ ਜਾਵੇ ਅਤੇ ਟਰਾਂਸਪੋਰਟ ਦੀ ਸਹੂਲਤ ਹੋ ਜਾਵੇ, ਤਾਂ ਸਾਡੇ ਕਿਸਾਨ ਨੂੰ ਸਭ ਤੋਂ ਵੱਧ ਫ਼ਾਇਦਾ ਪੁੱਜੇਗਾ। ਅਤੇ ਇਹ ਵਿਵਸਥਾ ਅਜਿਹੀ ਹੈ ਕਿ ਇਸ ਇਲਾਕੇ ਦੇ ਕਿਸਾਨਾਂ ਲਈ ਬਹਤ ਫ਼ਾਇਦੇਮੰਦ ਹੋਣ ਵਾਲੀ ਹੈ। ਉਹ ਆਪਣੀ ਮਰਜ਼ੀ ਨਾਲ ਜਦੋਂ ਕੀਮਤ ਮਿਲੇਗੀ, ਤਦ ਮਾਲ ਵੇਚ ਸਕਦਾ ਹੈ, ਨਹੀਂ ਤਾਂ ਤਦ ਤੱਕ ਆਪਣਾ ਮਾਲ ਸੁਰੱਖਿਅਤ ਰੱਖ ਸਕਦਾ ਹੈ। ਸਹੂਲਤ ਮਿਲ ਜਾਵੇ, ਵਿਵਸਥਾ ਮਿਲ ਜਾਵੇ, ਟਰਾਂਸਪੋਰਟ ਦੀ ਵਿਵਸਥਾ ਨਾਲ ਉਹ ਜੁੜ ਜਾਵੇ, ਤਾਂ ਕਿਸਾਨ ਨਾ ਕੇਵਲ ਇਸ ਇਲਾਕੇ ਵਿੱਚ, ਸਗੋਂ ਉਹ ਕੋਲਕਾਤਾ ਤੋਂ ਲੈ ਕੇ ਦਿੱਲੀ ਤੱਕ ਕਿਤੇ ਵੀ ਆਪਣੀ ਸਬਜ਼ੀਆਂ ਵੇਚਣ ਲਈ ਪਹੁੰਚਾ ਸਕਦਾ ਹੈ। ਇੱਥੋਂ ਦੀ ਫੁੱਲ-ਗੋਭੀ ਆਦਿ ਤਾਂ ਬਹੁਤ ਪ੍ਰਸਿੱਧ ਹੈ। ਇੱਥੋਂ ਦੀਆਂ ਚੀਜ਼ਾਂ ਬਹੁਤ ਸੁਆਦੀ ਹਨ। ਮਾਂ ਗੰਗਾ ਦਾ ਅਸ਼ੀਰਵਾਦ ਹੈ, ਇੱਥੋਂ ਦੇ ਖੇਤੀ ਉਤਪਾਦਨ ਉੱਤੇ। ਉਸ ਦਾ ਇੱਕ ਅਨੋਖਾ ਟੈਸਟ ਵੀ ਹੈ। ਤਾਂ ਇਸ ਕਾਰਨ ਬਜ਼ਾਰ ਵਿੱਚ ਉਸ ਦੀ ਇੱਕ ਪਛਾਣ ਬਣੇਗੀ।

ਅੱਜ ਸਾਡੇ ਮਨੋਜ ਸਿਨਹਾ ਜੀ ਨੇ ਕਾਸ਼ੀ ਨੂੰ ਇੱਕ ਹੋਰ ਮਾਣ ਦਿੱਤਾ। ਡਾਕ ਵਿਭਾਗ ਸਾਡੇ ਇੱਥੋਂ ਦੀ ਬਹੁਤ ਪ੍ਰਾਚੀਨ ਵਿਵਸਥਾ ਹੈ। ਜਦੋਂ ਤੱਕ ਤਕਨੀਕੀ ਨਹੀਂ ਆਈ ਸੀ, ਡਾਕੀਆ ਹਰੇਕ ਘਰ ਵਿੱਚ ਉਡੀਕ ਦਾ ਕਾਰਨ ਹੋਇਆ ਕਰਦਾ ਸੀ। ਡਾਕ ਆਵੇ ਜਾਂ ਨਾ ਆਵੇ, ਪਰ ਹਰ ਪਰਿਵਾਰ ਰਾਹ ਵੇਖਦਾ ਸੀ ਕਿ ਡਾਕੀਆ ਆ ਕੇ ਤਾਂ ਨਹੀਂ ਚਲਾ ਗਿਆ? ਜੇ ਪੁੱਤਰ ਬਾਹਰ ਰਹਿੰਦਾ ਹੈ, ਤਾਂ ਉਹ ਹਰ ਦਿਨ ਡਾਕੀਏ ਨੂੰ ਚੇਤੇ ਕਰਦੇ ਸਨ। ਡਾਕ ਦਾ ਆਪਣਾ ਇੱਕ ਮਹੱਤਵ ਹੈ।

ਨਵੇਂ ਸਮੇਂ ਵਿੱਚ ਡਾਕ ਦਾ ਸਰੂਪ ਹੁਣ ਬਦਲ ਚੁੱਕਾ ਹੈ। ਅਸੀਂ ਡਾਕ ਨੂੰ ਬੈਂਕਿੰਗ ਖੇਤਰ ਵਿੱਚ ਤਬਦੀਲ ਕਰ ਰਹੇ ਹਾਂ। ਪੋਸਟ ਆੱਫ਼ਿਸ ਬੈਂਕਿੰਗ ਸੁਵਿਧਾ ਉਪਲਬਧ ਕਰਵਾਵਾਂਗੇ। ਦੇਸ਼ ਵਿੱਚ ਅੱਜ ਜਿੰਨੀਆਂ ਬੈਂਕਾਂ ਦੀਆਂ ਸ਼ਾਖਾਵਾਂ ਹਨ, ਓਨੀਆਂ ਹੀ ਇਕੱਲੇ ਡਾਕਘਰ ਦੀਆਂ ਸ਼ਾਖਾਵਾਂ ਹਨ। ਡੇਢ ਲੱਖ ਤੋਂ ਵੱਧ। ਇਹ ਸਭ ਬੈਂਕਿੰਗ ਦਾ ਕੰਮ ਕਰਨਗੀਆਂ। ਉਹ ਜਦੋਂ ਇੱਕ ਨਵਾਂ ਜ਼ੋਨ ਬਣਦਾ ਹੈ, ਤਾਂ ਇੱਥੋ ਦੀਆਂ ਸਹੂਲਤਾਂ ਉੱਤੇ ਇੱਕ ਖ਼ਾਸ ਨਿਗਰਾਨੀ ਬਣਦੀ ਹੈ, ਕੁਸ਼ਲਤਾ ਆਉਂਦੀ ਹੈ ਅਤੇ ਨਤੀਜਾ ਮਿਲਦਾ ਹੈ। ਉਹ ਕੰਮ ਕਰਨ ਲਈ ਇੱਕ ਖੇਤਰੀ ਵਿਵਸਥਾ ਕਾਸ਼ੀ ਦੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਨੂੰ ਜੋਡ ਕੇ ਬਣੀ ਹੈ। ਨਵੇਂ ਜ਼ੋਨ ਦਾ ਨਿਰਮਾਣ ਕੀਤਾ ਗਿਆ ਹੈ।
ਅੱਜ ਕੱਲ੍ਹ ਈ-ਕਾਮਰਸ ਦਾ ਮਾਮਲਾ ਬਹੁਤ ਵਧ ਰਿਹਾ ਹੈ। ਲੋਕ ਆਨਲਾਈਨ ਆਪਣੀਆਂ ਚੀਜ਼ਾਂ ਖ਼ਰੀਦਦੇ ਹਨ। ਪਰ ਉਹ ਵਕਤ ਦੂਰ ਨਹੀਂ ਹੋਵੇਗਾ, ਜਦੋਂ ਪੋਸਟ ਆਫ਼ਿਸ ਡਿਲੀਵਰੀ ਦੇ ਬਹੁਤ ਵੱਡੇ ਕੇਂਦਰ ਬਣਨਗੇ। ਅੱਜ ਮਨਰੇਗਾ ਦੇ ਪੈਸੇ ਦੇਣੇ ਹੋਣ, ਸਕਾੱਲਰਸ਼ਿਪ ਦੇ ਪੈਸੇ ਦੇਣੇ ਹੋਣ, ਪੈਨਸ਼ਨ ਦੇ ਪੈਸੇ ਦੇਣੇ ਹੋਣ – ਬੈਂਕਾਂ ਦੀਆਂ ਸ਼ਾਖਾਵਾਂ ਘੱਟ ਹਨ। ਇਹ ਸਹੂਲਤ ਵਧਣ ਕਾਰਨ ਜੋ ਬਜ਼ੁਰਗ ਲੋਕ ਹਨ, ਵਿਦਿਆਰਥੀ ਹਨ, ਵਿਧਵਾਵਾਂ ਹਨ, ਉਨ੍ਹਾਂ ਨੂੰ ਡਾਕ ਅਤੇ ਬੈਂਕ ਜੁੜਨ ਦੇ ਕਾਰਨ ਇਹ ਸਹੂਲਤਾਂ ਸਰਲਤਾ ਨਾਲ ਉਪਲਬਧ ਹੋਣਗੀਆਂ। ਇਹ ਹੋਣ ਕਾਰਨ ਵਪਾਰੀ ਵਰਗ ਨੂੰ ਵੀ ਖ਼ਾਸ ਕਰ ਕੇ ਛੋਟੇ-ਛੋਟੇ ਵਪਾਰੀਆਂ ਨੂੰ ਆਪਣਾ ਕਾਰੋਬਾਰ ਚਲਾਉਣ ਲਈ ਇੱਕ ਨਵੀਂ ਸਹੂਲਤ ਉਪਲੱਬਧ ਹੋਵੇਗੀ। ਇਸ ਕੰਮ ਨੂੰ ਵੀ ਅੱਜ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ।

ਰੇਲ ਸਾਡੇ ਦੇਸ਼ ਦੀ ਬਹੁਤ ਪੁਰਾਣੀ ਵਿਵਸਥਾ ਹੈ। ਜਦੋਂ ਸੰਸਦ ਵਿੱਚ ਬਜਟ ਆਉਂਦਾ ਤੇ ਰੇਲ ਮੰਤਰੀ ਹਜ਼ਾਰਾਂ-ਲੱਖਾਂ ਕਰੋੜਾਂ ਦੇ ਐਲਾਨ ਕਰ ਦੇਣ, ਕੋਈ ਸਾਂਸਦਉਨ੍ਹਾਂ ਦੀ ਸੁਣਦਾ ਨਹੀਂ ਸੀ, ਪਰ ਜਿਵੇਂ ਹੀ ਉਹ ਬੋਲਣਾ ਸ਼ੁਰੂ ਹੁੰਦੇ ਸਨ, ਕਿ ਫਲਾਣੇ ਸ਼ਹਿਰ ਤੋਂ ਫਲਾਣੇ ਸ਼ਹਿਰ ਤੱਕ ਇੱਕ ਡੱਬਾ ਜੋੜ ਦਿੱਤਾ ਜਾਵੇਗਾ, ਤਾਂ ਤੁਰੰਤ ਸਾਂਸਦ ਤਾੜੀਆਂ ਵਜਾਉਣੀਆਂ ਸ਼ੁਰੂ ਕਰ ਦਿੰਦੇ ਸਨ। ਫਲਾਣੀ ਥਾਂ ਉੱਤੇ ਸਟਾੱਪੇਜ ਦਿੱਤਾ ਜਾਵੇਗਾ, ਤਾੜੀਆਂ ਵੱਜਦੀਆਂ ਸਨ। ਫਲਾਣੀ ਥਾਂ ਉੱਤੇ ਨਵੀਂ ਟਰੇਨ ਲਾਈ ਜਾਵੇਗੀ, ਤਾਂ ਤਾੜੀਆਂ ਵੱਜਦੀਆਂ ਸਨ। ਰੇਲਵੇ ਬਜਟ ਇਸੇ ਉੱਤੇ ਸੀਮਤ ਹੋ ਗਿਆ ਕਿ ਕਿਸ ਸਾਂਸਦ ਦੇ ਕਿਹੜੇ ਇਲਾਕੇ ਵਿੱਚ ਟਰੇਨ ਰੁਕੇਗੀ ਜਾਂ ਨਹੀਂ ਰੁਕੇਗੀ, ਜਾਵੇਗੀ ਜਾਂ ਨਹੀਂ ਜਾਵੇਗੀ। ਇੱਥੇ ਰੇਲ ਸੀਮਤ ਹੋ ਗਈ।

ਰੇਲ ਭਾਰਤ ਦਾ ਇੰਨਾ ਵੱਡਾ ਨੈੱਟਵਰਕ ਹੈ ਪਰ ਉਸ ਹਾਲ-ਚਾਲ, ਰੂਪ, ਰੰਗ-ਢੰਗ ਪਿਛਲੀ ਸਦੀ ਦੇ ਹਨ। ਅਸੀਂ ਸੁਪਨਾ ਵੇਖਿਆ ਹੈ ਕਿ ਰੇਲ ਨੂੰ ਆਧੁਨਿਕ ਬਣਾਉਣ ਦੀ ਜ਼ਰੂਰਤ ਹੈ। ਗੇਜ ਕਨਵਰਜ਼ਨ ਦੀ ਜ਼ਰੂਰਤ ਹੈ। ਦੂਰ-ਦੁਰਾਡੇ ਦੇ ਇਲਾਕਿਆਂ ਨੂੰ ਜੋੜਨ ਦੀ ਜ਼ਰੂਰਤ ਹੈ ਅਤੇ ਇਸ ਲਈ ਇੱਕ ਬਹੁਤ ਵੱਡਾ ਪਲਾਨ ਜਿਵੇਂ ਸਾਡੇ ਰੇਲ ਮੰਤਰੀ ਜੀ ਆਾਖ ਰਹੇ ਸਨ, ਆਜ਼ਾਦੀ ਤੋਂ ਬਾਅਦ ਜਿੰਨੇ ਰੁਪਏ ਖ਼ਰਚ ਕੀਤੇ ਗਏ, ਜਿੰਨਾ ਕੰਮ ਨਹੀਂ ਹੋਇਆ, ਪਿਛਲੇ ਢਾਈ ਸਾਲ ਵਿੱਚ ਅਤੇ ਪਿਛਲੇ ਮਹੀਨਿਆਂ ਵਿੱਚ ਅਸੀਂ ਇੰਨਾ ਕੰਮ ਕੀਤਾ ਹੈ। ਅਤੇ ਇਸੇ ਅਧੀਨ ਇਹ ਜਦੋਂ ਇਲਾਹਾਬਾਦ ਡਬਲ ਲਾਈਨ ਹੋ ਜਾਵੇਗੀ, ਨਵਾਂ ਪੁਲ ਬਣ ਜਾਵੇਗਾ, ਰਫ਼ਤਾਰ ਵੀ ਵਧੇਗੀ, ਵਪਾਰ ਨੂੰ ਵੀ ਫ਼ਾਇਦਾ ਹੋਵੇਗਾ। ਇੱਕ ਵਾਰ ਇਸ ਤਰ੍ਹਾਂ ਦਾ ਗਤੀਸ਼ੀਲ ਬੁਨਿਆਦੀ ਢਾਂਚਾ ਉਪਲਬਧ ਹੋ ਜਾਂਦਾ ਹੈ, ਤਾਂ ਆਰਥਿਕ ਗਤੀਵਿਧੀ ਵੀ ਤੇਜ਼ ਹੋ ਜਾਂਦੀ ਹੈ। ਇਹ ਸਿਰਫ਼ ਪਟੜੀਆਂ ਦੀ ਖੇਡ ਨਹੀਂ ਹੈ, ਇਹ ਕੇਵਲ ਇੱਕ ਟਰੇਨ ਦੌੜਨ ਵਾਲੀ ਖੇਡ ਨਹੀਂ ਹੈ, ਇਹ ਪੂਰੀ ਅਰਥਵਿਵਸਥਾ ਨੂੰ ਬਦਲ ਦਿੰਦਾ ਹੈ। ਇਸ ਕੰਮ ਲਈ ਇਹ ਬਹੁਤ ਅਹਿਮ ਕਦਮ ਅੱਜ ਅਸੀਂ ਇੱਥੇ ਚੁੱਕਿਆ ਹੈ। ਉਸ ਦਾ ਵੀ ਲਾਭ ਤੁਹਾਨੂੰ ਮਿਲਣ ਵਾਲਾ ਹੈ।

ਅੱਜ ਬਿਜਲੀ ਲਈ ਵੀ ਇੱਕ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ। ਬਿਜਲੀ ਹੁੰਦੀ ਤਾਂ ਹੈ ਪਰ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਬਿਜਲੀ ਦੇ ਕਾਰਖਾਨੇ ਵਿੱਚ ਬਿਜਲੀ ਬਣਨ ਨਾਲ ਬਿਜਲੀ ਮਿਲਦੀ ਨਹੀਂ ਹੈ। ਬਿਜਲੀ ਦਾ ਕਾਰਖਾਨਾ ਵੀ ਲੱਗ ਗਿਆ, ਤਾਰ ਵੀ ਲੱਗ ਗਏ, ਤਾਂ ਉਸ ਨਾਲ ਬਿਜਲੀ ਨਹੀਂ ਆ ਜਾਂਦੀ। ਜਿਵੇਂ ਪਾਣੀ ਦੇ ਵਹਾਅ ਨੂੰ ਪਹੁੰਚਾਉਣ ਲਈ ਬੰਨ੍ਹ ਦੀ ਜ਼ਰੂਰਤ ਪੈਂਦੀ ਹੈ ਜਾਂ ਟਿਊਬਵੈਲ ਰਾਹੀਂ ਪਾਦੀ ਨੂੰ ਉੱਪਰ ਲਿਜਾ ਕੇ ਟੈਂਕੀ ਵਿੱਚ ਭਰਨ ਤੋਂ ਬਾਅਦ ਪਾਣੀ ਹੇਠਾਂ ਪਹੁੰਚਦਾ ਹੈ, ਉਂਝ ਬਿਜਲੀ ਨੂੰ ਵੀ ਇਸ ਕਿਸਮ ਦੇ ਸਬ-ਸਟੇਸ਼ਨ ਦੀ ਜ਼ਰੂਰਤ ਪੈਂਦੀ ਹੈ, ਜਿਸ ਨਾਲ ਬਿਜਲੀ ਨੂੰ ਅੱਗੇ ਪਹੁੰਚਾਉਣ ਲਈ ਧੱਕਾ ਲਗਦਾ ਹੈ।

ਇਹ ਬਹੁਤ ਖ਼ਰਚੀਲਾ ਕੰਮ ਹੁੰਦਾ ਹੈ ਪਰ ਸਬ-ਸਟੇਸ਼ਨ ਨਾ ਹੋਵੇ, ਤਾਂ ਬਿਜਲੀ ਆਉਂਦੀ ਹੈ, ਜਾਂਦੀ ਹੈ, ਕਦੇ ਟੀ.ਵੀ. ਸੜ ਜਾਂਦੇ ਹਨ, ਕਦੇ ਮੋਟਰ ਸੜ ਜਾਂਦੀ ਹੈ, ਕਦੇ ਏ.ਸੀ. ਸੜ ਜਾਂਦਾ ਹੈ, ਸਥਿਰਤਾ ਨਹੀਂ ਆਉਂਦੀ। ਕੁਆਲਿਟੀ ਪਾੱਵਰ ਨਹੀਂ ਮਿਲਦੀ। ਇਸ ਲਈ ਬੁਨਿਆਦੀ ਢਾਂਚੇ ਦੀ ਜ਼ਰੂਰਤ ਪੈਂਦੀ ਹੈ। ਪਰ ਜ਼ਿਆਦਾਤਰ ਸਰਕਾਰਾਂ ਨੂੰ ਇਸ ਤਰ੍ਹਾਂ ਦੇ ਖ਼ਰਚੇ ਕਰਨ ਤੋਂ ਡਰ ਲਗਦਾ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਠੀਕ ਹੈ ਲੋਕ ਚਲਾ ਲੈਣਗੇ, ਬਿਜਲੀ ਆਈ ਨਾ ਆਈ, ਉਹ ਥੋੜ੍ਹੇ ਦਿਨ ਚਲਾਉਂਦੇ ਰਹਿਣਗੇ। ਨਹੀਂ, ਕੁਆਲਿਟੀ ਬਿਜਲੀ ਹੁੰਦੀ ਹੈ, ਤਾਂ ਆਰਥਿਕ ਵਿਕਾਸ ਦਾ ਇੱਕ ਬਹੁਤ ਵੱਡਾ ਸਰਲ ਰਸਤਾ ਹੋ ਜਾਂਦਾ ਹੈ। ਉਦਯੋਗਪਤੀ ਵੀ ਪੈਸੇ ਤਦ ਲਾਉਂਦੇ ਹਨ, ਜਦੋਂ ਕੁਆਲਿਟੀ ਬਿਜਲੀ ਮਿਲਦੀ ਹੈ। ਆਉਂਦੀ ਹੈ, ਜਾਂਦੀ ਹੈ, ਪੁੱਛਦੇ ਹਨ, ਕਰਦੇ ਹਨ, ਹੋਇਆ ਨਹੀਂ ਹੋਇਆ, ਇਨ੍ਹਾਂ ਗੱਲਾਂ ਨਾਲ ਕਦੇ ਵਿਕਾਸ ਨਹੀਂ ਹੁੰਦਾ। ਇਹ ਜੋ ਪਾੱਵਰ ਦੇ ਸਬ-ਸਟੇਸ਼ਨ ਪਾਏ ਗਏ ਹਨ, ਜਿਸ ਦਾ ਉਦਘਾਟਨ ਹੋਇਆ ਹੈ, ਉਹ ਕੁਆਲਿਟੀ ਪਾਵਰ ਦੀ ਗਰੰਟੀ ਦਿੰਦੇ ਹਨ।

ਇੱਕ ਤਰ੍ਹਾਂ ਨਾਲ ਅੱਜ ਕਿਸੇ ਇੱਕ ਸਮਾਰੋਹ ਵਿੱਚ ਲਗਭਗ 5,000 ਕਰੋੜ ਰੁਪਏ ਦਾ ਕੰਮ ਕਾਸ਼ੀ ਦੀ ਧਰਤੀ ਨੂੰ ਅਰਪਿਤ ਹੋ ਰਿਹਾ ਹੈ।

ਇਹ ਛੋਟਾ ਕੰਮ ਨਹੀਂ ਹੈ। ਅਤੇ ਵੱਡੀਆਂ-ਵੱਡੀਆਂ ਯੋਜਨਾਵਾਂ, ਮੈ ਕਹਾਂ ਤਾਂ ਅੱਜ ਸੱਤ ਯੋਜਨਾਵਾਂ ਮੇਰੇ ਕਾਸ਼ੀ ਵਾਸੀਆਂ ਸਾਹਮਣੇ ਲੋਕ-ਅਰਪਣ ਦੇ ਰੂਪ ਵਿੱਚ ਜਾਂ ਨੀਂਹ ਪੱਥਰ ਰੱਖਣ ਦੇ ਰੂਪ ਵਿੱਚ ਮੈਂ ਰੱਖੀਆਂ ਹਨ। ਇੱਕ ਤਰ੍ਹਾਂ ਨਾਲ ਇਹ ਸਪਤ-ਰਿਸ਼ੀ ਹੈ। ਜਿਵੇਂ ਅਕਾਸ਼ ਵਿੱਚ ਸਪਤ-ਰਿਸ਼ੀ ਦਿਸ਼ਾ ਦਾ ਕੰਮ ਕਰਦੇ ਹਨ, ਸਪਤ-ਰਿਸ਼ੀ ਨੂੰ ਵੇਖ ਕੇ ਸਮੁੰਦਰ ਦੇ ਮੱਲਾਹ ਆਪਣੀ ਦਿਸ਼ਾ ਤੈਅ ਕਰਦਾ ਹੈ, ਪਹਿਲਾਂ ਦੇ ਜ਼ਮਾਨੇ ਵਿੱਚ ਜੰਗਲਾਂ ਵਿੱਚੋਂ ਲੰਘਣ ਵਾਲੇ ਲੋਕ ਸਪਤ-ਰਿਸ਼ੀ ਵੇਖ ਕੇ ਆਪਣਾ ਰਾਹ ਤੈਅ ਕਰਦੇ ਸਨ। ਕਾਸ਼ੀ ਦੀ ਵਿਕਾਸ ਦੀ ਰਾਹ ਤਿਆਰ ਕਰਨ ਵਾਲਾ ਇਹ ਸਪਤ-ਰਿਸ਼ੀ ਅੱਜ ਮੈਨੂੰ ਇੱਥੋਂ ਦੀ ਧਰਤੀ ਨੂੰ ਦੇਣ ਦਾ ਮੌਕਾ ਮਿਲਿਆ ਹੈ।

ਕਾਸ਼ੀ ਦਾ ਪਿਆਰ ਨਿਰੰਤਰ ਮੈਨੂੰ ਮਿਲਦਾ ਰਿਹਾ ਹੈ। ਭਰਪੂਰ ਪਿਆਰ ਮਿਲਦਾ ਰਿਹਾ ਹੈ। ਮੈਂ ਤੁਹਾਡਾ ਦਿਲੋਂ ਬਹੁਤ-ਬਹੁਤ ਧੰਨਵਾਦੀ ਹਾਂ ਅਤੇ ਮੈਨੂੰ ਵਿਸ਼ਵਾਸ ਹੈ ਕਿ ਵਿਕਾਸ ਦੀ ਯਾਤਰਾ ਤੇਜ਼ ਰਫ਼ਤਾਰ ਨਾਲ ਸਮੁੱਚੇ ਉੱਤਰੀ ਭਾਰਤ ਨੂੰ ਬਦਲਾਉਣ ਦਾ ਕੰਮ ਕਰੇਗੀ ਅਤੇ ਕਾਸ਼ੀ ਆਪਣੀ ਤਾਕਤ ਵਿਖਾ ਕੇ ਰਹੇਗੀ, ਇਸ ਵਿਸ਼ਵਾਸ ਨਾਲ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ।

अतुल तिवारी/ हिमांशु सिंह/ गजेन्द्र सिंह