ਪੀਐੱਮਇੰਡੀਆ
ਤਿੰਨ ਸਾਲਾਂ ਵਿੱਚ 5 ਕਰੋੜ ਪਰਿਵਾਰਾਂ ਦਾ ਜੀਵਨ ਸੁਰੱਖਿਅਤ ਬਣਾਉਣ ਲਈ ਪੈਨਸ਼ਨ ਯੋਜਨਾ
ਇਹ ਯੋਜਨਾ ਪੀਐੱਮ-ਕਿਸਾਨ ਮਾਲੀ ਸਹਾਇਤਾ ਦੇ ਇਲਾਵਾ ਹੋਵੇਗੀ, ਆਰਥਿਕ ਬੋਝ ਘਟਾਏਗੀ ਅਤੇ ਵਿਆਪਕ ਦਕਸ਼ਤਾ ਦਾ ਮਾਰਗ ਖੋਲ੍ਹੇਗੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਇੱਕ ਨਵੀਂ ਸੈੱਟਰਲ ਸੈਕਟਰ ਸਕੀਮ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਇਤਿਹਾਸਿਕ ਫ਼ੈਸਲਾ ਦੇਸ਼ ਭਰ ਦੇ ਕਿਸਾਨਾਂ ਨੂੰ ਸਸ਼ਕਤ ਬਣਾਵੇਗਾ। ਇਹ ਪ੍ਰਮੁੱਖ ਯੋਜਨਾ ਰਾਸ਼ਟਰ ਨੂੰ ਅਨਾਜ ਮੁਹੱਈਆ ਕਰਵਾਉਣ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਸਾਡੇ ਉੱਦਮੀ ਕਿਸਾਨਾਂ ਨੂੰ ਪੈਨਸ਼ਨ ਦੀ ਸਹੂਲਤ ਉਪਲੱਬਧ ਕਰਾਵੇਗੀ। ਅਜ਼ਾਦੀ ਦੇ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਕਿਸਾਨਾਂ ਲਈ ਪੈਨਸ਼ਨ ਕਵਰੇਜ ਦੀ ਪਰਿਕਲਪਨਾ ਕੀਤੀ ਗਈ ਹੈ।
ਅਨੁਮਾਨ ਹੈ ਕਿ ਪਹਿਲੇ ਤਿੰਨ ਸਾਲਾਂ ਵਿੱਚ 5 ਕਰੋੜ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਇਸ ਤੋਂ ਲਾਭ ਹੋਵੇਗਾ। ਕੇਂਦਰ ਸਰਕਾਰ ਇਸ ਸਕੀਮ ਤਹਿਤ ਪਰਿਕਲਿਪਤ ਸਮਾਜਕ ਸੁਰੱਖਿਆ ਕਵਰ ਮੁਹੱਈਆ ਕਰਵਾਉਣ ਲਈ ਤਿੰਨ ਸਾਲ ਦੀ ਮਿਆਦ ਲਈ ਆਪਣੇ ਅੰਸ਼ਦਾਨ ਦੇ ਰੂਪ ਵਿੱਚ 10774.50 ਕਰੋੜ ਰੁਪਏ ਖਰਚ ਕਰੇਗੀ।
ਇਸ ਯੋਜਨਾ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਨਿਮਨਲਿਖਤ ਹਨ:
ਇਹ ਦੇਸ਼ ਭਰ ਦੇ ਛੋਟੇ ਅਤੇ ਸੀਮਾਂਤ ਕਿਸਾਨਾਂ (ਐੱਸਐੱਮਐੱਫ) ਲਈ ਸਵੈ-ਇੱਛੁਕ ਅਤੇ ਅੰਸ਼ਕਾਲੀ ਪੈਨਸ਼ਨ ਯੋਜਨਾ ਹੈ।
ਇਸ ਵਿੱਚ ਐਂਟਰੀ ਉਮਰ 18 ਤੋਂ 40 ਸਾਲ ਹੈ ਅਤੇ 60 ਸਾਲ ਦੀ ਉਮਰ ਹੋਣ ‘ਤੇ 3000 ਰੁਪਏ ਦੀ ਘੱਟੋ-ਘੱਟ ਨਿਰਧਾਰਿਤ ਪੈਨਸ਼ਨ ਦੇਣ ਦੀ ਵਿਵਸਥਾ ਹੈ।
ਉਦਾਹਰਣ ਲਈ ਲਾਭਾਰਥੀ ਕਿਸਾਨ ਨੂੰ 29 ਸਾਲ ਦੀ ਐਂਟਰੀ ਉਮਰ ਵਿੱਚ 100 ਰੁਪਏ ਪ੍ਰਤੀ ਮਹੀਨਾ ਦਾ ਅੰਸ਼ਦਾਨ ਕਰਨਾ ਜ਼ਰੂਰੀ ਹੈ। ਕੇਂਦਰ ਸਰਕਾਰ ਵੀ ਪਾਤਰ ਕਿਸਾਨ ਦੁਆਰਾ ਕੀਤੇ ਗਏ ਅੰਸ਼ਦਾਨ ਦੇ ਬਰਾਬਰ ਰਾਸ਼ੀ ਪੈਨਸ਼ਨ ਫੰਡ ਵਿੱਚ ਜਮ੍ਹਾਂ ਕਰਾਵੇਗੀ।
ਅੰਸ਼ਦਾਨਕਰਤਾ ਦੀ ਪੈਨਸ਼ਨ ਲੈਣ ਦੇ ਦੌਰਾਨ ਮੌਤ ਹੋਣ ਦੇ ਬਾਅਦ ਐੱਸਐੱਮਐੱਫ ਲਾਭਾਰਥੀ ਦੀ ਪਤਨੀ/ਪਤੀ ਪਰਿਵਾਰ ਪੈਨਸ਼ਨ ਦੇ ਰੂਪ ਵਿੱਚ ਲਾਭਾਰਥੀ ਦੁਆਰਾ ਪ੍ਰਾਪਤ ਕੀਤੀ ਜਾ ਰਹੀ ਪੈਨਸ਼ਨ ਦੀ 50% ਪੈਨਸ਼ਨ ਰਾਸ਼ੀ ਪ੍ਰਾਪਤ ਕਰਨ ਦੇ ਹੱਕਦਾਰ ਹੋਣਗੇ। ਬਸ਼ਰਤੇ ਕਿ ਉਹ ਇਸ ਯੋਜਨਾ ਦੇ ਪਹਿਲੇ ਤੋਂ ਹੀ ਐੱਸਐੱਮਐੱਫ ਲਾਭਾਰਥੀ ਨਾ ਹੋਣ। ਜੇਕਰ ਅੰਸ਼ਦਾਨਕਰਤਾ ਦੀ ਮੌਤ ਅੰਸ਼ਦਾਨ ਮਿਆਦ ਦੌਰਾਨ ਹੋ ਜਾਂਦੀ ਹੈ ਤਾਂ ਉਸ ਦੀ ਪਤਨੀ/ਪਤੀ ਦੇ ਸਾਹਮਣੇ ਨਿਯਮਿਤ ਅੰਸ਼ਦਾਨ ਭੁਗਤਾਨ ਦੁਆਰਾ ਯੋਜਨਾ ਨੂੰ ਜਾਰੀ ਰੱਖਣ ਦਾ ਵਿਕਲਪ ਖੁੱਲ੍ਹਾ ਹੋਵੇਗਾ।
ਯੋਜਨਾਵਾਂ ਦੇ ਵਿਚਕਾਰ ਤਾਲਮੇਲ, ਕਿਸਾਨਾਂ ਲਈ ਖੁਸ਼ਹਾਲੀ:
ਇਸ ਯੋਜਨਾ ਦੀ ਦਿਲਚਸਪ ਗੱਲ ਇਹ ਹੈ ਕਿ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਯੋਜਨਾ ਤੋਂ ਪ੍ਰਾਪਤ ਮੁਨਾਫ਼ਾ ਨਾਲੋਂ ਸਿੱਧੇ ਹੀ ਇਸ ਯੋਜਨਾ ਵਿੱਚ ਆਪਣਾ ਮਾਸਿਕ ਅੰਸ਼ਦਾਨ ਕਰਨ ਦਾ ਵਿਕਲਪ ਚੁਣ ਸਕਦਾ ਹੈ। ਇੱਕ ਹੋਰ ਵਿਕਲਪ ਇਹ ਵੀ ਹੈ ਕਿ ਕੋਈ ਵੀ ਕਿਸਾਨ ‘ਮੈਤੀ’ (Meity) ਦੇ ਤਹਿਤ ਕਾਮਨ ਸਰਵਿਸ ਸੈਂਟਰ (ਸੀਐੱਸਸੀ) ਰਾਹੀਂ ਪੰਜੀਕਰਨ ਕਰਵਾ ਕੇ ਵੀ ਆਪਣੇ ਮਾਸਿਕ ਅੰਸ਼ਦਾਨ ਦਾ ਭੁਗਤਾਨ ਕਰ ਸਕਦਾ ਹੈ।
ਮੁੱਖ ਵਾਅਦੇ ਪੂਰੇ ਕੀਤੇ, ਖੇਤੀਬਾੜੀ ਖੇਤਰ ਨੂੰ ਸਸ਼ਕਤ ਬਣਾਇਆ:
ਅਜ਼ਾਦੀ ਦੇ 70 ਸਾਲ ਬਾਅਦ ਤੱਕ ਕਿਸਾਨਾਂ ਨੂੰ ਇਸ ਤਰ੍ਹਾਂ ਦੀ ਕਵਰੇਜ ਪ੍ਰਦਾਨ ਕਰਨ ਬਾਰੇ ਕਦੇ ਵਿਚਾਰ ਤੱਕ ਨਹੀਂ ਕੀਤਾ ਗਿਆ। 2019 ਦੀਆਂ ਸੰਸਦੀ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਹਿਲੀ ਵਾਰ ਇਸ ਤਰ੍ਹਾਂ ਦਾ ਵਿਚਾਰ ਸਾਹਮਣੇ ਰੱਖਿਆ, ਜਿਸ ਦੀ ਗੂੰਜ ਦੇਸ਼ ਭਰ ਵਿੱਚ ਸੁਣਾਈ ਦਿੱਤੀ। ਇਸ ਯੋਜਨਾ ਦੀ ਚਰਚਾ ਭਾਰਤੀ ਜਨਤਾ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਕੀਤੀ ਗਈ ਸੀ ਅਤੇ ਨਵੀਂ ਸਰਕਾਰ ਦੇ ਗਠਨ ਦੇ ਬਾਅਦ ਕੈਬਨਿਟ ਦੀ ਪਹਿਲੀ ਬੈਠਕ ਵਿੱਚ ਹੀ ਇਸ ਨੂੰ ਸਾਕਾਰ ਕਰ ਦਿੱਤਾ ਗਿਆ।
****
ਏਕੇਟੀ/ਐੱਸਐੱਚ