ਤੁਹਾਨੂੰ ਸਾਰਿਆਂ ਨੂੰ ਨਮਸਕਾਰ! ਇਹ ਤਿਉਹਾਰਾਂ ਦਾ ਸਮਾਂ ਹੈ, ਦੇਸ਼ ਉਤਸਵ, ਉਤਸ਼ਾਹ ਅਤੇ ਉਮੰਗ ਨਾਲ ਭਰਿਆ ਹੋਇਆ ਹੈ। ਉਤਸਵ ਅਤੇ ਉਮੰਗ ਦੇ ਇਸ ਮਾਹੌਲ ਵਿੱਚ, ਦੁਨੀਆ ਭਰ ਤੋਂ ਇੱਥੇ ਆਏ ਆਪ ਸਾਰੇ ਸਾਥੀਆਂ ਦਾ ਸਵਾਗਤ ਕਰਦਾ ਹਾਂ, ਜੀ ਆਇਆਂ ਨੂੰ ਆਖਦਾ ਹਾਂ।
ਸਾਥੀਓ,
ਐੱਨਡੀਟੀਵੀ ਦੀ ਇਹ ਸਿਖਰ ਸੰਮੇਲਨ ਗੰਭੀਰ ਵਿਸ਼ਿਆਂ ’ਤੇ ਵਿਚਾਰ-ਮੰਥਨ ਨਾਲ ਜੁੜਿਆ ਹੋਇਆ ਹੈ। ਅੱਜ-ਕੱਲ੍ਹ ਨਵੀਂ ਆਲਮੀ ਵਿਵਸਥਾ ਦੀ ਚਰਚਾ ਵੀ ਹਰ ਕੋਈ ਕਰ ਰਿਹਾ ਹੈ। ਕਿਉਂਕਿ ਇਸ ਦਾ ਪ੍ਰਭਾਵ ਆਮ ਜੀਵਨ ’ਤੇ ਪੈ ਰਿਹਾ ਹੈ, ਅਜਿਹੇ ਵਿੱਚ ਇਸ ਤਰ੍ਹਾਂ ਦੇ ਆਲਮੀ ਸੰਮੇਲਨਾਂ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ।
ਸਾਥੀਓ,
‘ਵਿਵਸਥਾਵਾਂ ਵਿਚਾਲੇ ਫਸੀ ਦੁਨੀਆ’ (The World Between Orders) ਦੀ ਗੱਲ ਕਰਦਿਆਂ ਸਾਨੂੰ ਦੋ ਗੱਲਾਂ ਨੂੰ ਸਮਝਣਾ ਹੋਵੇਗਾ। ਪਹਿਲੀ ਗੱਲ, ਦੁਨੀਆ ਦੀ ਵਿਵਸਥਾ ਬਦਲ ਕਿਉਂ ਰਹੀ ਹੈ? ਪੁਰਾਣੀ ਆਲਮੀ ਵਿਵਸਥਾ ਅੱਜ ਦੀਆਂ ਚੁਣੌਤੀਆਂ ਦਾ ਹੱਲ ਕਿਉਂ ਨਹੀਂ ਦੇ ਰਹੀ? ਅਤੇ ਦੂਜੀ ਗੱਲ, ਇਸ ਬਦਲਦੀ ਦੁਨੀਆ ਵਿੱਚ ਭਾਰਤ ਦੀ ਭੂਮਿਕਾ ਕੀ ਹੈ?
ਸਾਥੀਓ,
ਜੇ ਮੈਂ ਪਹਿਲੀ ਗੱਲ ਦਾ ਵਿਸਥਾਰ ਕਰਾਂ, ਤਾਂ ਇਹ ਬਦਲਾਅ ਸਹਿਜ ਅਤੇ ਸੁਭਾਵਿਕ ਹੈ। ਦੂਜੀ ਆਲਮੀ ਜੰਗ ਨੇ ਦੁਨੀਆ ਨੂੰ ਵੱਡਾ ਸਬਕ ਦਿੱਤਾ ਸੀ। ਦੁਨੀਆ ਨੇ ਸਮਝਿਆ ਕਿ ਸਿਰਫ਼ ਤਾਕਤ ਅਤੇ ਹਿੱਤਾਂ ਦੇ ਆਧਾਰ ’ਤੇ ਆਲਮੀ ਵਿਵਸਥਾ ਨਹੀਂ ਚੱਲ ਸਕਦੀ। ਸੰਵਾਦ ਜ਼ਰੂਰੀ ਹੈ, ਸਹਿਯੋਗ ਜ਼ਰੂਰੀ ਹੈ ਅਤੇ ਵਿਵਾਦਾਂ ਦਾ ਹੱਲ ਵੀ ਜ਼ਰੂਰੀ ਹੈ। ਇਸੇ ਭਾਵਨਾ ਨੇ ਸੰਯੁਕਤ ਰਾਸ਼ਟਰ ਦੀ ਨੀਂਹ ਰੱਖੀ। ਸੰਯੁਕਤ ਰਾਸ਼ਟਰ ਨੇ ਦਹਾਕਿਆਂ ਤੱਕ ਆਲਮੀ ਸਹਿਯੋਗ ਅਤੇ ਸ਼ਾਂਤੀ ਨੂੰ ਹੁਲਾਰਾ ਦੇਣ ਲਈ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਪਰ ਸਮੇਂ ਦੇ ਨਾਲ ਦੁਨੀਆ ਬਦਲਦੀ ਗਈ। ਨਵੀਂਆਂ ਉਮੀਦਾਂ ਉੱਭਰੀਆਂ। ਨਵੀਂਆਂ ਅਰਥਵਿਵਸਥਾਵਾਂ ਅਤੇ ਨਵੀਂਆਂ ਤਾਕਤਾਂ ਹੋਂਦ ਵਿੱਚ ਆਈਆਂ। ਦੁਨੀਆ ਦੇ ਸਾਹਮਣੇ ਮੌਜੂਦ ਚੁਣੌਤੀਆਂ ਵੀ ਪਹਿਲਾਂ ਨਾਲੋਂ ਕਿਤੇ ਵੱਧ ਗੁੰਝਲਦਾਰ ਹੋ ਗਈਆਂ। ਤਕਨੀਕ ਨੇ ਸਮਾਜ, ਅਰਥਵਿਵਸਥਾ ਅਤੇ ਸ਼ਕਤੀ ਦੇ ਸਰੂਪ ਨੂੰ ਬਦਲ ਦਿੱਤਾ। ਅਤੇ ਜੋ ਦੇਸ਼ ਉਸ ਸਮੇਂ ਆਲਮੀ ਵਿਵਸਥਾ ਬਣਾਉਣ ਵਾਲੀ ਟੇਬਲ ’ਤੇ ਨਹੀਂ ਸਨ, ਉਹ ਆਪਣੀ ਭੂਮਿਕਾ ਦੇ ਨਾਲ ਅੱਗੇ ਆ ਗਏ। ਭਾਵ ਸਵਾਲ ਇਹ ਹੈ ਕਿ ਕੀ ਆਲਮੀ ਵਿਵਸਥਾ ਉਸੇ ਗਤੀ ਨਾਲ ਬਦਲੀ? ਜਵਾਬ ਹੈ- ਨਹੀਂ। ਨਾ ਵਿਵਸਥਾ ਬਦਲੀ, ਅਤੇ ਨਾ ਹੀ ਆਲਮੀ ਸੰਸਥਾਵਾਂ ਖ਼ੁਦ ਨੂੰ ਉਸੇ ਗਤੀ ਨਾਲ ਬਦਲ ਸਕੀਆਂ। ਸੰਯੁਕਤ ਰਾਸ਼ਟਰ ਅਤੇ ਦੂਜੀਆਂ ਆਲਮੀ ਸੰਸਥਾਵਾਂ ਦੀ ਆਪਣੀ ਇਤਿਹਾਸਕ ਭੂਮਿਕਾ ਰਹੀ ਹੈ। ਪਰ ਅੱਜ ਦੀਆਂ ਚੁਣੌਤੀਆਂ ਦੇ ਸਾਹਮਣੇ ਉਨ੍ਹਾਂ ਦੀਆਂ ਸੀਮਾਵਾਂ ਸਪੱਸ਼ਟ ਦਿਖਾਈ ਦਿੰਦੀਆਂ ਹਨ। ਹੁਣ ਨਵੀਂਆਂ ਤਾਕਤਾਂ ਉੱਭਰ ਰਹੀਆਂ ਹਨ। ਨਵੀਂਆਂ ਆਵਾਜ਼ਾਂ ਆਪਣੀ ਜਗ੍ਹਾ ਮੰਗ ਰਹੀਆਂ ਹਨ। ਨਵੀਂਆਂ ਚੁਣੌਤੀਆਂ ਨਵੇਂ ਹੱਲ ਦੀ ਮੰਗ ਕਰ ਰਹੀਆਂ ਹਨ। ਜਦੋਂ ਦੁਨੀਆ ਦੀ ਅਸਲੀਅਤ ਬਦਲ ਜਾਵੇ, ਪਰ ਫ਼ੈਸਲੇ ਲੈਣ ਦੇ ਤਰੀਕੇ ਨਾ ਬਦਲਣ, ਤਾਂ ਵਿਵਸਥਾ ਅਤੇ ਅਸਲੀਅਤ ਦੇ ਵਿਚਕਾਰ ਦੂਰੀ ਵਧਣ ਲੱਗਦੀ ਹੈ। ਇਹੀ ਅੱਜ ਅਸੀਂ ਹੁੰਦੇ ਦੇਖ ਰਹੇ ਹਾਂ। ਦਹਾਕਿਆਂ ਤੱਕ ਵਪਾਰ ਨੇ ਦੇਸ਼ਾਂ ਨੂੰ ਜੋੜਿਆ, ਤਕਨੀਕ ਨੇ ਦੂਰੀਆਂ ਮਿਟਾਈਆਂ, ਸਮੁੰਦਰੀ ਰਸਤਿਆਂ ਨੇ ਅਰਥਵਿਵਸਥਾਵਾਂ ਨੂੰ ਜੋੜਿਆ, ਸੱਭਿਆਚਾਰ ਅਤੇ ਆਵਾਜਾਈ ਨੇ ਵੱਖ-ਵੱਖ ਸਮਾਜਾਂ ਨੂੰ ਨੇੜੇ ਲਿਆਂਦਾ, ਪਰ ਅੱਜ ਇਹੀ ਕੜੀਆਂ ਨਵੇਂ ਤਣਾਅ ਦਾ ਸਾਹਮਣਾ ਕਰ ਰਹੀਆਂ ਹਨ। ਵਪਾਰ, ਹਥਿਆਰ ਬਣਾਉਣ ਦਾ ਮਾਧਿਅਮ ਬਣ ਰਿਹਾ ਹੈ। ਤਕਨੀਕ, ਮੁਕਾਬਲੇਬਾਜ਼ੀ ਅਤੇ ਟਕਰਾਅ ਦਾ ਨਵਾਂ ਖੇਤਰ ਬਣ ਰਹੀ ਹੈ। ਸਮੁੰਦਰੀ ਰਸਤੇ, ਭੂ-ਰਾਜਨੀਤਕ ਤਣਾਅ ਦਾ ਕੇਂਦਰ ਬਣ ਰਹੇ ਹਨ। ਇਸ ਲਈ, ਅੱਜ ਦੀ ਚੁਣੌਤੀ ਸਿਰਫ਼ ਨਵੀਂ ਆਲਮੀ ਵਿਵਸਥਾ ਦੇ ਉੱਭਰਨ ਦੀ ਨਹੀਂ ਹੈ। ਚੁਣੌਤੀ ਇਹ ਹੈ ਕਿ ਬਦਲਦੀ ਦੁਨੀਆ ਵਿੱਚ ਅਜਿਹੀ ਵਿਵਸਥਾ ਕਿਵੇਂ ਬਣੇ, ਜਿਸ ਵਿੱਚ ਨਵੀਂਆਂ ਅਸਲੀਅਤਾਂ ਨੂੰ ਜਗ੍ਹਾ ਮਿਲੇ, ਆਲਮੀ ਸੰਸਥਾਵਾਂ ਵਧੇਰੇ ਪ੍ਰਭਾਵਸ਼ਾਲੀ ਹੋਣ ਅਤੇ ਦੇਸ਼ਾਂ ਵਿਚਕਾਰ ਸਹਿਯੋਗ ਦੀ ਭਾਵਨਾ ਮਜ਼ਬੂਤ ਹੋਵੇ। ਅਤੇ ਇੱਥੋਂ ਹੀ ਭਾਰਤ ਦੀ ਭੂਮਿਕਾ ਦਾ ਸਵਾਲ ਸਾਹਮਣੇ ਆਉਂਦਾ ਹੈ।
ਸਾਥੀਓ,
ਭਾਰਤ ਦੀ ਭੂਮਿਕਾ ਦਾ ਵਿਸਥਾਰ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ 7-8 ਸਾਲ ਪਹਿਲਾਂ ਦੇ ਦੌਰ ਵਿੱਚ ਲੈ ਕੇ ਚੱਲਾਂਗਾ। ਕੋਰੋਨਾ ਦੌਰਾਨ ਕੀ ਹੋਇਆ, ਇਹ ਅਸੀਂ ਸਾਰਿਆਂ ਨੇ ਦੇਖਿਆ ਹੈ। ਜਦੋਂ ਦੁਨੀਆ ਨੂੰ ਸਭ ਤੋਂ ਵੱਧ ਸਹਿਯੋਗ ਦੀ ਜ਼ਰੂਰਤ ਸੀ, ਉਦੋਂ ਦੁਨੀਆ ਬਿਲਕੁਲ ਵੰਡੀ ਹੋਈ ਨਜ਼ਰ ਆਈ। ਜੋ ਲੋਕ ਵਿਸ਼ਵੀਕਰਨ ਨੂੰ ਲੈ ਕੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸਨ, ਉਨ੍ਹਾਂ ਨੇ ਸੰਕਟ ਦੇ ਸਮੇਂ ਆਪਣੇ ਸੁਆਰਥ ਨੂੰ ਪਹਿਲ ਦਿੱਤੀ। ਬਿਖਰਾਅ ਦੇ ਉਸ ਦੌਰ ਵਿੱਚ, ਹਰ ਕੋਈ ਇੱਕ-ਦੂਜੇ ਨੂੰ ਸ਼ੱਕ ਨਾਲ ਦੇਖ ਰਿਹਾ ਸੀ, ਆਲਮੀ ਭਰੋਸਾ ਹੇਠਲੇ ਪੱਧਰ ’ਤੇ ਸੀ, ਉਦੋਂ 2020 ਵਿੱਚ, ਜਦੋਂ ਜੀ-20 ਦੇ ਮੰਚ ਤੋਂ ਮੈਂ ਦੁਨੀਆ ਦੇ ਸਾਹਮਣੇ ਇੱਕ ਗੱਲ ਰੱਖੀ ਸੀ, ਅਤੇ ਮੈਂ ਕਿਹਾ ਸੀ ਕਿ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਨਵੀਂ ਆਲਮੀ ਵਿਵਸਥਾ ਬਣਾਈ ਜਾਵੇ। ਇਸ ਦਾ ਮੈਂ ਸੱਦਾ ਦਿੱਤਾ ਸੀ। ਭਾਵ ਅਜਿਹੀ ਵਿਵਸਥਾ ਜਿਸ ਦੇ ਕੇਂਦਰ ਵਿੱਚ ਮਨੁੱਖਤਾ ਹੋਵੇ। ਉਸੇ ਸਾਲ ਸੰਯੁਕਤ ਰਾਸ਼ਟਰ ਮਹਾਸਭਾ ਦੇ ਮੰਚ ਤੋਂ ਮੈਂ ਕਿਹਾ ਸੀ, ‘ਜੇਕਰ ਸਦੀ ਬਦਲ ਜਾਵੇ ਅਤੇ ਅਸੀਂ ਨਾ ਬਦਲੀਏ, ਤਾਂ ਬਦਲਾਅ ਲਿਆਉਣ ਦੀ ਸਾਡੀ ਸਮਰੱਥਾ ਵੀ ਕਮਜ਼ੋਰ ਪੈ ਜਾਂਦੀ ਹੈ।’
ਸਾਥੀਓ,
ਅੱਜ ਇਹ ਸਵਾਲ ਤਾਂ ਹੈ ਹੀ ਕਿ ਆਲਮੀ ਵਿਵਸਥਾ ਬਦਲ ਰਹੀ ਹੈ, ਪਰ ਸਵਾਲ ਇਹ ਵੀ ਹੈ ਕਿ ਜਦੋਂ ਦੁਨੀਆ ਦਾ ਪੁਰਾਣਾ ਕ੍ਰਮ ਬਦਲ ਰਿਹਾ ਹੈ, ਤਾਂ ਅਸੀਂ ਮਿਲ ਕੇ ਕਿਹੋ ਜਿਹੀ ਨਵੀਂ ਵਿਵਸਥਾ ਬਣਾਉਣਾ ਚਾਹੁੰਦੇ ਹਾਂ? ਬਹੁ-ਪੱਖੀ ਸੰਸਥਾਵਾਂ ਵਿੱਚ ਸੁਧਾਰ ਜ਼ਰੂਰੀ ਹੈ। ਗਲੋਬਲ ਸਾਊਥ ਦੀ ਆਵਾਜ਼ ਨੂੰ ਢੁਕਵਾਂ ਸਥਾਨ ਦੇਣਾ ਜ਼ਰੂਰੀ ਹੈ। ਕੌਮਾਂਤਰੀ ਸਹਿਯੋਗ ਸਿਰਫ਼ ਚੰਗੇ ਸਮੇਂ ਲਈ ਨਾ ਹੋਵੇ, ਸੰਕਟ ਦੇ ਸਮੇਂ ਵੀ ਉਹ ਪ੍ਰਭਾਵਸ਼ਾਲੀ ਹੋਵੇ, ਇਸ ਦੇ ਲਈ ਸਾਰੇ ਭਾਈਵਾਲਾਂ ਵਿੱਚ ਪ੍ਰਭਾਵਸ਼ਾਲੀ ਸਹਿਮਤੀ ਹੋਣਾ ਜ਼ਰੂਰੀ ਹੈ।
ਸਾਥੀਓ,
ਸਾਡੇ ਇੱਥੇ ਚਾਣਕਿਆ ਨੇ ਅਰਥਸ਼ਾਸਤਰ ਵਿੱਚ ਕਿਹਾ ਹੈ – अप्रणीतः तु मात्स्य न्यायं उद्-भावयति! ਭਾਵ ਜਦੋਂ ਵਿਵਸਥਾ ਕਮਜ਼ੋਰ ਪੈਂਦੀ ਹੈ, ਤਾਂ ‘ਮੱਛ-ਨਿਆਂ’ ਪੈਦਾ ਹੁੰਦਾ ਹੈ। ਮੱਛ-ਨਿਆਂ ਵਿੱਚ ਵੱਡੀ ਮੱਛੀ ਛੋਟੀ ਮੱਛੀ ਨੂੰ ਨਿਗਲ ਜਾਂਦੀ ਹੈ। ਦੁਨੀਆ ਨੂੰ ਅਜਿਹੀ ਵਿਵਸਥਾ ਦੀ ਜ਼ਰੂਰਤ ਹੈ, ਜੋ ਅਜਿਹੀ ਸਥਿਤੀ ਪੈਦਾ ਹੋਣ ਤੋਂ ਰੋਕੇ। ਅਤੇ ਇਹੀ ਭਾਰਤ ਦੀ ਦੂਰਅੰਦੇਸ਼ੀ ਹੈ, ਅਤੇ ਇਹੀ ਭਾਰਤ ਕਰ ਰਿਹਾ ਹੈ। ਦੁਨੀਆ ਨੇ ਕੋਰੋਨਾ ਦੇ ਉਸ ਭਿਆਨਕ ਸੰਕਟ ਦੌਰਾਨ, ਭਾਰਤ ਦੀ ਇਸ ਭੂਮਿਕਾ ਦਾ ਤਜਰਬਾ ਵੀ ਕੀਤਾ। ਜਦੋਂ ਦੁਨੀਆ ਦੇ ਸਮਰੱਥ ਦੇਸ਼ ਆਪਣੇ ਬਾਰੇ ਹੀ ਸੋਚ ਰਹੇ ਸਨ, ਉਦੋਂ ਭਾਰਤ ਨੇ ਅੱਗੇ ਵਧ ਕੇ, ਹਰ ਜ਼ਰੂਰਤਮੰਦ ਦੇਸ਼ ਤੱਕ ਵੈਕਸੀਨਾਂ ਪਹੁੰਚਾਈਆਂ, 100 ਤੋਂ ਵੱਧ ਦੇਸ਼ਾਂ ਨੂੰ ਦਵਾਈਆਂ ਭੇਜੀਆਂ।
ਸਾਥੀਓ,
ਭਾਰਤ ‘ਸਬਕਾ ਸਾਥ-ਸਬਕਾ ਵਿਕਾਸ’ ਦੇ ਮੰਤਰ ’ਤੇ ਚੱਲਦਿਆਂ, ਦੁਨੀਆ ਦੇ ਮਿੱਤਰ ਵਜੋਂ ਆਪਣੀ ਭੂਮਿਕਾ ਨਿਭਾ ਰਿਹਾ ਹੈ। ਤੁਸੀਂ ਵੀ ਦੇਖਿਆ ਹੈ, ਭਾਰਤ ਦੀ ਅਗਵਾਈ ਵਿੱਚ ਜੀ-20 ਸੰਮੇਲਨ ਹੋਇਆ, ਭਾਰਤ ਦੀ ਅਗਵਾਈ ਹੇਠ ਬ੍ਰਿਕਸ ਸੰਮੇਲਨ ਹੋਇਆ। ਇਨ੍ਹਾਂ ਦੋਵਾਂ ਸੰਮੇਲਨਾਂ ਨੂੰ ਲੈ ਕੇ ਕਿੰਨੇ ਹੀ ਖ਼ਦਸ਼ੇ ਪ੍ਰਗਟਾਏ ਜਾ ਰਹੇ ਸਨ। ਕਿਹਾ ਜਾ ਰਿਹਾ ਸੀ ਕਿ ਐਲਾਨਨਾਮਿਆਂ ਨੂੰ ਲੈ ਕੇ ਸਹਿਮਤੀ ਬਣਾਉਣਾ ਅਸੰਭਵ ਹੋਵੇਗਾ। ਪਰ ਭਾਰਤ ਨੇ ਪੁਲ ਬਣਾਏ, ਸੰਵਾਦ ’ਤੇ ਜ਼ੋਰ ਦਿੱਤਾ ਅਤੇ ਦੋਵੇਂ ਵਾਰ ਆਮ ਸਹਿਮਤੀ ਨਾਲ ਦਿੱਲੀ ਐਲਾਨਨਾਮਾ ਜਾਰੀ ਹੋਇਆ। ਆਪਸ ਵਿੱਚ ਵਿਰੋਧੀ ਕਹੇ ਜਾਣ ਵਾਲੇ ਦੇਸ਼ ਵੀ ਭਾਰਤ ਦੇ ਮੰਚ ’ਤੇ ਇਕੱਠੇ ਆਏ। ਇਹ ਸਿਰਫ਼ ਇਤਫ਼ਾਕ ਨਹੀਂ ਹੈ। ਇਹ ਦੁਨੀਆ ਦੇ ਇੱਕ ਸੱਚੇ ਮਿੱਤਰ ਵਜੋਂ ਭਾਰਤ ਦੀ ਭੂਮਿਕਾ ਦਾ ਭਰੋਸਾ ਹੈ।
ਸਾਥੀਓ,
ਭਾਰਤ ਜਿੰਨਾ ਮਜ਼ਬੂਤ ਹੋਵੇਗਾ, ਭਾਰਤ ਜਿੰਨਾ ਸਸ਼ਕਤ ਹੋਵੇਗਾ, ਮਨੁੱਖਤਾ ਨੂੰ ਓਨਾ ਹੀ ਵੱਧ ਫ਼ਾਇਦਾ ਹੋਵੇਗਾ। ਕਿਉਂਕਿ ਭਾਰਤ ਦੀਆਂ ਨੀਤੀਆਂ ਅਤੇ ਫ਼ੈਸਲਿਆਂ ਨੂੰ ਯੁੱਗਾਂ ਦਾ ਤਜਰਬਾ ਅਤੇ ਸਭਿਅਤਾ ਦੀਆਂ ਕਦਰਾਂ-ਕੀਮਤਾਂ ਪ੍ਰੇਰਿਤ ਕਰਦੀਆਂ ਹਨ। ਭਾਰਤ ਪਲਾਂ ਦੇ ਹਿਸਾਬ ਨਾਲ ਫ਼ੈਸਲੇ ਨਹੀਂ ਲੈਂਦਾ। ਇਸ ਲਈ ਭਾਰਤ ਸਥਿਰਤਾ ਦੀ ਗਾਰੰਟੀ ਹੈ, ਨਿਰੰਤਰਤਾ ਦਾ ਭਰੋਸਾ ਹੈ। ਅਤੇ ਵਿਕਸਿਤ ਭਾਰਤ ਦਾ ਸਾਡਾ ਸੰਕਲਪ ਵੀ ਇਸੇ ਭਾਵਨਾ ਨੂੰ ਹੁਲਾਰਾ ਦਿੰਦਾ ਹੈ। ਹੁਣੇ ਕੁਝ ਦਿਨ ਪਹਿਲਾਂ ਹੀ ਇੱਕ ਸੰਮੇਲਨ ਵਿੱਚ ਮੈਂ ‘ਸਮਰੱਥ ਬਣਾਉਣ ਦੀ ਤਾਕਤ’ ਵਾਲੀ ਦੂਰਅੰਦੇਸ਼ੀ ਸਾਹਮਣੇ ਰੱਖੀ ਹੈ। ਵਿਕਸਿਤ ਭਾਰਤ ਸਿਰਫ਼ ਸਾਡੇ ਲਈ ਨਹੀਂ ਹੈ। ਇਹ ਇੱਕ ਬਿਹਤਰ ਵਿਸ਼ਵ ਦੀ ਵੀ ਗਾਰੰਟੀ ਹੈ। ਜਦੋਂ ਭਾਰਤ ਆਤਮਨਿਰਭਰਤਾ ਵੱਲ ਵਧਦਾ ਹੈ, ਤਾਂ ਇਹ ਆਲਮੀ ਸਪਲਾਈ ਲੜੀਆਂ ਨੂੰ ਮਜ਼ਬੂਤ ਕਰਦਾ ਹੈ। ਜਦੋਂ ਭਾਰਤ ਦੀ ਅਰਥਵਿਵਸਥਾ ਮਜ਼ਬੂਤ ਹੁੰਦੀ ਹੈ ਤਾਂ ਇਹ ਵਿਸ਼ਵ ਨੂੰ ਖ਼ੁਸ਼ਹਾਲੀ ਦੀ ਉਮੀਦ ਦਿੰਦੀ ਹੈ। ਜਦੋਂ ਭਾਰਤ ਦੀ ਨੌਜਵਾਨ ਸ਼ਕਤੀ ਸਮਰੱਥ ਅਤੇ ਕੁਸ਼ਲ ਹੁੰਦੀ ਹੈ, ਤਾਂ ਇਹ ਵਿਸ਼ਵ ਨੂੰ ਨਵੀਂਆਂ ਖੋਜਾਂ ਅਤੇ ਉਤਪਾਦਕਤਾ ਦਾ ਭਰੋਸਾ ਦਿੰਦੀ ਹੈ। ਭਾਵ ਭਾਰਤ ਅੱਜ ਆਪਣੀ ਸਮਰੱਥਾ ਵਧਾ ਰਿਹਾ ਹੈ, ਤਾਂ ਜੋ ਵਿਸ਼ਵ ਦੀ ਸਮਰੱਥਾ ਵੀ ਵਧ ਸਕੇ।
ਸਾਥੀਓ,
ਭਾਰਤ ਅੱਜ ਸਿਖਰਲੀਆਂ ਤਿੰਨ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋਣ ਲਈ ਪੂਰੀ ਤਾਕਤ ਨਾਲ ਕੰਮ ਕਰ ਰਿਹਾ ਹੈ। ਅਤੇ ਸਾਡਾ ਹੌਸਲਾ ਉਦੋਂ ਹੋਰ ਵਧਦਾ ਹੈ ਜਦੋਂ ਅਸੀਂ ਮੌਜੂਦਾ ਔਖੀਆਂ ਆਲਮੀ ਸਥਿਤੀਆਂ ਨੂੰ ਦੇਖਦੇ ਹਾਂ, ਅਤੇ ਇਸ ਵਿੱਚ ਵੀ ਭਾਰਤ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਬਣ ਕੇ ਉੱਭਰਦਾ ਹੈ। ਅੱਜ ਭਾਰਤ ਹਰੀ ਊਰਜਾ ਦੇ ਮਾਮਲੇ ਵਿੱਚ ਦੁਨੀਆ ਦੀਆਂ ਸਿਖਰਲੀਆਂ ਅਰਥਵਿਵਸਥਾਵਾਂ ਵਿੱਚੋਂ ਹੈ। ਭਾਰਤ, ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮਾਮਲੇ ਵਿੱਚ ਤਿੰਨ ਸਭ ਤੋਂ ਵਧੀਆ ਪ੍ਰਣਾਲੀਆਂ ਵਿੱਚੋਂ ਇੱਕ ਹੈ। ਭਾਰਤ, ਸਿਖਰਲੀਆਂ ਤਿੰਨ ਸਟਾਰਟਅੱਪ ਪ੍ਰਣਾਲੀਆਂ ਵਿੱਚੋਂ ਇੱਕ ਹੈ। ਭਾਰਤ ਸਭ ਤੋਂ ਵੱਡੀਆਂ ਡਿਜੀਟਲ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ। ਭਾਰਤ ਤੁਰੰਤ ਡਿਜੀਟਲ ਭੁਗਤਾਨ ਦੇ ਮਾਮਲੇ ਵਿੱਚ ਸਿਖਰ ’ਤੇ ਹੈ।
ਸਾਥੀਓ,
ਅੱਜ ਦਾ ਭਾਰਤ ਆਪਣੇ ਵੱਖ-ਵੱਖ ਖੇਤਰਾਂ ਵਿੱਚ ਆਪਣੀ ਸਮਰੱਥਾ ਨੂੰ ਵਧਾ ਰਿਹਾ ਹੈ, ਅਜਿਹੀਆਂ ਅਨੇਕਾਂ ਘਟਨਾਵਾਂ ਹਨ ਜੋ ਭਾਰਤ ਵਿੱਚ ਪਹਿਲੀ ਵਾਰ ਹੋਈਆਂ ਹਨ। ਭਾਰਤ ਦੇ ਫਾਸਟ ਬ੍ਰੀਡਰ ਰਿਐਕਟਰ ਨੇ ਪਹਿਲੀ ਵਾਰ ਆਪਣਾ ਅਹਿਮ ਪੜਾਅ ਪਾਰ ਕੀਤਾ। ਭਾਰਤ ਨੇ ਪਹਿਲੀ ਵਾਰ ਜਨਗਣਨਾ ਨੂੰ ਵੀ ਡਿਜੀਟਲ ਤਕਨੀਕ ਨਾਲ ਜੋੜਿਆ। ਇਸੇ ਦੌਰਾਨ, ਭਾਰਤ ਵਿੱਚ ਪਹਿਲੀ ਵਾਰ ਹਾਈਡ੍ਰੋਜਨ ਟਰੇਨ ਚੱਲੀ, ਇਸੇ ਦੌਰਾਨ ਭਾਰਤ ਨੇ ਪਹਿਲੀ ਵਾਰ ਗ਼ੈਰ-ਪਥਰਾਟ ਬਿਜਲੀ ਸਮਰੱਥਾ ਵਿੱਚ 300 ਗੀਗਾਵਾਟ ਦਾ ਅੰਕੜਾ ਪਾਰ ਕੀਤਾ।
ਸਾਥੀਓ,
ਮੈਂ ਤੁਹਾਨੂੰ ਇੱਕ ਹੋਰ ਉਦਾਹਰਣ ਦੇਵਾਂਗਾ। ਕੁਝ ਦਿਨ ਪਹਿਲਾਂ ਹੀ ਮੈਨੂੰ ਏਸ਼ਿਆਈ ਖੇਡਾਂ ਤੋਂ ਪਰਤੇ ਨੌਜਵਾਨ ਖਿਡਾਰੀਆਂ ਨੂੰ ਮਿਲਣ ਦਾ ਮੌਕਾ ਮਿਲਿਆ। ਭਾਰਤ ਨੇ ਇਸ ਵਾਰ 85 ਤਗ਼ਮੇ ਜਿੱਤੇ ਹਨ। ਅਤੇ ਇਸ ਵਿੱਚ ਵੀ ਅਸੀਂ ਕਈ ਪ੍ਰਾਪਤੀਆਂ ਪਹਿਲੀ ਵਾਰ ਹਾਸਲ ਕੀਤੀਆਂ ਹਨ। ਮਹਿਲਾ ਰਿਕਰਵ ਟੀਮ ਨੇ ਪਹਿਲੀ ਵਾਰ ਟੀਮ ਅਤੇ ਵਿਅਕਤੀਗਤ ਸੋਨੇ ਦੇ ਤਗ਼ਮੇ ਜਿੱਤੇ ਹਨ। ਇੱਕੋ ਏਸ਼ਿਆਈ ਖੇਡਾਂ ਵਿੱਚ, ਮੁੱਕੇਬਾਜ਼ੀ ਵਿੱਚ ਭਾਰਤ ਨੇ ਤਿੰਨ ਸੋਨੇ ਦੇ ਤਗ਼ਮੇ ਜਿੱਤੇ ਹਨ, ਅਤੇ ਇਹ ਵੀ ਪਹਿਲੀ ਵਾਰ ਹੋਇਆ ਹੈ।
ਸਾਥੀਓ,
ਹੁਣ ਮੈਂ ਇੱਕ ਸ਼ਬਦ ਬੋਲਾਂਗਾ, ਉਮੀਦ ਹੈ ਹਾਲ ਵਿੱਚ ਬਹੁਤ ਸਾਰੇ ਲੋਕਾਂ ਨੇ ਇਹ ਸ਼ਬਦ ਸੁਣਿਆ ਹੋਵੇਗਾ। ਇਹ ਸ਼ਬਦ ਹੈ – ਸਿਪਕ-ਟਕਰਾ। ਤੁਸੀਂ ਲੋਕਾਂ ਨੇ ਸੁਣਿਆ ਹੈ ਇਹ ਸ਼ਬਦ? ਜਿਨ੍ਹਾਂ ਨੂੰ ਨਹੀਂ ਪਤਾ, ਉਨ੍ਹਾਂ ਨੂੰ ਮੈਂ ਦੱਸ ਦਿਆਂ ਕਿ ਇਹ ਇੱਕ ਖੇਡ ਦਾ ਨਾਮ ਹੈ। ਦੁਨੀਆ ਇਸ ਨੂੰ ਖੇਡਦੀ ਹੈ, ਅਤੇ ਇਸ ਵਿੱਚ ਤਗ਼ਮੇ ਵੀ ਜਿੱਤਦੀ ਰਹੀ ਹੈ। ਇਹ ਇੱਕ ਤਰ੍ਹਾਂ ਨਾਲ ਫੁੱਟਬਾਲ ਅਤੇ ਵਾਲੀਬਾਲ ਦਾ ਸੁਮੇਲ ਹੈ। ਖੇਡੀ ਪੈਰਾਂ ਨਾਲ ਜਾਂਦੀ ਹੈ, ਪਰ ਖੇਡ ਨੈੱਟ ਦੇ ਆਰ-ਪਾਰ ਹੁੰਦੀ ਹੈ। ਭਾਰਤ ਨੇ ਪਹਿਲੀ ਵਾਰ, ਹਾਲ ਹੀ ਦੀਆਂ ਏਸ਼ਿਆਈ ਖੇਡਾਂ ਵਿੱਚ, ਇਸ ਖੇਡ ਦੇ ਪੁਰਸ਼ਾਂ ਦੇ ਕੁਆਡ੍ਰੈਂਟ ਮੁਕਾਬਲੇ ਵਿੱਚ ਵੀ ਤਗ਼ਮਾ ਜਿੱਤਿਆ ਹੈ।
ਸਾਥੀਓ,
ਇਹ ਬਦਲਦੇ ਭਾਰਤ ਦੀ ਪਛਾਣ ਹੈ। ਹਰ ਇੱਕ ਖੇਤਰ ਵਿੱਚ ਕੁਝ ਨਾ ਕੁਝ ਨਵਾਂ ਅਤੇ ਪਹਿਲੀ ਵਾਰ ਹੋ ਰਿਹਾ ਹੈ। ਭਾਵ ਭਾਰਤ ਦੀ ਜੋ ਰਵਾਇਤੀ ਤਾਕਤ ਰਹੀ ਹੈ, ਉਹ ਤਾਂ ਮਜ਼ਬੂਤ ਹੋ ਹੀ ਰਹੀ ਹੈ। ਜਿੱਥੇ ਅਸੀਂ ਓਨੇ ਸਮਰੱਥ ਨਹੀਂ ਸੀ, ਉੱਥੇ ਵੀ ਨਵੀਂ ਤਾਕਤ ਬਣ ਕੇ ਉੱਭਰ ਰਹੇ ਹਾਂ। ਅਤੇ ਇਹ ਸਭ ਵੱਖ-ਥਲੱਗ ਹੋ ਕੇ ਨਹੀਂ ਹੋ ਰਿਹਾ, ਇਹ ਸਭ, ਸੁਧਾਰ, ਪ੍ਰਦਰਸ਼ਨ ਅਤੇ ਤਬਦੀਲੀ ਦੀ ਨੀਤੀ ਦਾ ਨਤੀਜਾ ਹੈ।
ਸਾਥੀਓ,
ਦੇਸ਼ ਨੇ ਉਹ ਦਿਨ ਦੇਖੇ ਹਨ, ਜਦੋਂ ਬਿਜਲੀ ਦੀ ਮੰਗ ਵਧਣ ’ਤੇ ਪੂਰਾ ਗ੍ਰਿੱਡ ਬੈਠ ਜਾਇਆ ਕਰਦਾ ਸੀ। ਪਰ ਜਦੋਂ ਦੇਸ਼ ਇੱਕ ਇੱਛਾ-ਸ਼ਕਤੀ ਨਾਲ ਉੱਠ ਖੜ੍ਹਾ ਹੁੰਦਾ ਹੈ, ਤੁਰ ਪੈਂਦਾ ਹੈ, ਤਾਂ ਬਿਜਲੀ ਦਾ ਗ੍ਰਿੱਡ ਬੈਠਦਾ ਨਹੀਂ, ਬਲਕਿ ਉਹੀ ਗ੍ਰਿੱਡ ਦੇਸ਼ ਦੀ ਤਰੱਕੀ ਅਤੇ ਆਤਮ-ਵਿਸ਼ਵਾਸ ਨੂੰ ਬੁਲੰਦ ਕਰਦਾ ਹੈ।
ਸਾਥੀਓ,
ਅੱਜ ਸਾਡੀ ਨੌਜਵਾਨ ਸ਼ਕਤੀ, ਨਾਰੀ ਸ਼ਕਤੀ, ਸਾਡੇ ਕਿਸਾਨ, ਸਾਡੇ ਮਛੇਰੇ, ਗ਼ਰੀਬ ਅਤੇ ਮੱਧਵਰਗ, ਬੁਲੰਦ ਹੌਸਲੇ ਨਾਲ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਜੁਟੇ ਹਨ। ਅੱਜ ਤੁਸੀਂ ਦੇਖੋ, ਭਾਰਤ ਦੀ ਬਰਾਮਦ ਨਵੇਂ ਰਿਕਾਰਡ ਬਣਾ ਰਹੀ ਹੈ, ਜੇ ਮੈਂ ਸਤੰਬਰ ਦੀ ਹੀ ਗੱਲ ਕਰਾਂ, ਤਾਂ ਮਾਲ ਅਤੇ ਉਤਪਾਦਾਂ ਦੀ ਬਰਾਮਦ ਪਿਛਲੇ ਸਾਲ ਦੇ ਮੁਕਾਬਲੇ ਕਰੀਬ 25 ਫ਼ੀਸਦੀ ਵਧੀ ਹੈ। ਸਮੁੰਦਰੀ ਭੋਜਨ ਦੀ ਬਰਾਮਦ 12 ਸਾਲਾਂ ਵਿੱਚ ਵਧ ਕੇ ਦੁੱਗਣੇ ਤੋਂ ਵੱਧ ਹੋ ਚੁੱਕੀ ਹੈ। ਸਾਡੇ ਪਿੰਡਾਂ ਵਿੱਚ ਸਾਢੇ ਤਿੰਨ ਕਰੋੜ ਤੋਂ ਵੱਧ ਔਰਤਾਂ ਲਖਪਤੀ ਦੀਦੀ ਬਣ ਚੁੱਕੀਆਂ ਹਨ, ਅਤੇ ਅਸੀਂ 6 ਕਰੋੜ ਲਖਪਤੀ ਦੀਦੀ ਬਣਾਉਣ ਦੇ ਟੀਚੇ ’ਤੇ ਕੰਮ ਕਰ ਰਹੇ ਹਾਂ। ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਤਹਿਤ ਬਹੁਤ ਘੱਟ ਸਮੇਂ ਵਿੱਚ ਹੀ ਕਰੀਬ 70 ਲੱਖ ਨਵੀਂਆਂ ਨੌਕਰੀਆਂ ਪੈਦਾ ਕੀਤੀਆਂ ਗਈਆਂ ਹਨ। ਮੱਧਵਰਗ ਲਈ 12 ਲੱਖ ਰੁਪਏ ਦੀ ਆਮਦਨ ’ਤੇ ਟੈਕਸ ਜ਼ੀਰੋ ਹੋਇਆ ਹੈ, ਇਹ ਤੁਹਾਨੂੰ ਲੋਕਾਂ ਨੂੰ ਵਾਰ-ਵਾਰ ਯਾਦ ਕਰਵਾਉਣਾ ਪੈਂਦਾ ਹੈ, ਜੋ ਮਿਲਿਆ ਉਹ ਹਜ਼ਮ, ਅਜਿਹਾ ਨਹੀਂ ਚੱਲਦਾ ਹੈ। ਦੇਸ਼ ਵਿੱਚ ‘ਜੀਵਨ ਜਿਊਣ ਦੀ ਸੌਖ’ ਵੀ ਬਿਹਤਰ ਹੋ ਰਹੀ ਹੈ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਵੀ ਬਣ ਰਹੇ ਹਨ।
ਸਾਥੀਓ,
ਇੱਕ ਸਮਾਂ ਸੀ ਜਦੋਂ ਦੁਨੀਆ ਭਾਰਤ ਨੂੰ ਵਿਸ਼ਵ ਦਾ ਸਹਾਇਕ ਕੇਂਦਰ ਕਹਿੰਦੀ ਸੀ, ਪਰ ਅੱਜ ਦਾ ਭਾਰਤ ਸਿਰਫ਼ ਸੇਵਾਵਾਂ ਦੇਣ ਵਾਲਾ ਦੇਸ਼ ਨਹੀਂ ਹੈ, ਅਸੀਂ ਦੁਨੀਆ ਲਈ ਨਵੀਨਤਾ ਕਰ ਰਹੇ ਹਾਂ, ਡਿਜ਼ਾਈਨ ਕਰ ਰਹੇ ਹਾਂ, ਨਵੇਂ ਹੱਲ, ਨਵੀਂ ਤਕਨੀਕ ਬਣਾ ਰਹੇ ਹਾਂ। ਤੁਸੀਂ ਖੋਜ ਦਾ ਹੀ ਖੇਤਰ ਦੇਖੋ, ਅੱਜ ਖੋਜ ਪ੍ਰਕਾਸ਼ਨਾਂ ਦੇ ਮਾਮਲੇ ਵਿੱਚ ਅਸੀਂ ਤੀਜੇ ਸਥਾਨ ’ਤੇ ਹਾਂ। ਸਾਲ 2025 ਵਿੱਚ ਕਰੀਬ ਡੇਢ ਲੱਖ ਪੇਟੈਂਟ ਦਰਜ ਹੋਏ ਹਨ, ਇੱਕ ਸਾਲ ਵਿੱਚ ਡੇਢ ਲੱਖ ਪੇਟੈਂਟ। ਇਹ ਖੋਜ ਅਤੇ ਨਵੀਨਤਾ ਨੂੰ ਲੈ ਕੇ ਭਾਰਤ ਵਿੱਚ ਸੰਭਾਵਨਾਵਾਂ ਦੀ ਇੱਕ ਝਲਕ ਹੈ।
ਸਾਥੀਓ,
ਤੁਸੀਂ ਸੈਮੀਕੰਡਕਟਰ ਖੇਤਰ ਨੂੰ ਵੀ ਦੇਖੋ, ਦੁਨੀਆ ਦੇ ਚਿੱਪ-ਡਿਜ਼ਾਈਨ ਕਰਨ ਵਾਲੇ ਕਾਮਿਆਂ ਦਾ ਕਰੀਬ 20 ਫ਼ੀਸਦੀ ਹਿੱਸਾ ਭਾਰਤ ਵਿੱਚ ਹੈ। ਭਾਰਤੀ ਇੰਜੀਨੀਅਰ ਦੇਸ਼ ਵਿੱਚ ਹੀ 2-3 ਨੈਨੋਮੀਟਰ ਵਾਲੇ ਅਤਿ-ਆਧੁਨਿਕ ਚਿੱਪ ਡਿਜ਼ਾਈਨ ’ਤੇ ਕੰਮ ਕਰ ਰਹੇ ਹਨ। ਅਤੇ ਹੁਨਰਮੰਦਾਂ ਦੇ ਇਸ ਸਮੂਹ ਨੂੰ ਹੋਰ ਵੱਡਾ ਕਰਨ ਲਈ ਦੇਸ਼ ਵਿੱਚ ਅੱਜ ਹਰ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਭਾਰਤ ਦੇ ਅਕਾਦਮਿਕ ਅਦਾਰਿਆਂ ਵਿੱਚ ਸਾਡੇ ਵਿਦਿਆਰਥੀ, ਹੁਣ ਤੱਕ ਸਵਾ ਤਿੰਨ ਸੌ ਤੋਂ ਵੱਧ ਚਿੱਪ ਡਿਜ਼ਾਈਨ ਤਿਆਰ ਕਰ ਚੁੱਕੇ ਹਨ।
ਸਾਥੀਓ,
ਇੱਕ ਹੋਰ ਉਦਾਹਰਣ, ਆਲਮੀ ਸਮਰੱਥਾ ਕੇਂਦਰਾਂ ਦੀ ਵੀ ਹੈ। ਦੁਨੀਆ ਦੇ ਅੱਧੇ ਤੋਂ ਵੱਧ ਸਮਰੱਥਾ ਕੇਂਦਰ ਭਾਰਤ ਵਿੱਚ ਹਨ, ਇਹ ਸਿਰਫ਼ ਨੰਬਰਾਂ ਦੀ ਗੱਲ ਨਹੀਂ ਹੈ, ਇਨ੍ਹਾਂ ਦਾ ਕੰਮ ਵੀ ਬਦਲ ਰਿਹਾ ਹੈ। ਪਹਿਲਾਂ ਕਈ ਸਾਰੇ ਕੇਂਦਰਾਂ ਵਿੱਚ ਸਿਰਫ਼ ਸਹਾਇਤਾ ਸੇਵਾਵਾਂ ’ਤੇ ਹੀ ਧਿਆਨ ਹੁੰਦਾ ਸੀ। ਪਰ ਅੱਜ, ਇਹ ਆਰਟੀਫੀਸ਼ੀਅਲ ਇੰਟੈਲੀਜੈਂਸ, ਕਲਾਊਡ, ਇੰਜੀਨੀਅਰਿੰਗ, ਵਿਸ਼ਲੇਸ਼ਣ, ਉਤਪਾਦ ਵਿਕਾਸ ਵਰਗੇ ਅਨੇਕਾਂ ਖੇਤਰਾਂ ਵਿੱਚ ਕੰਮ ਕਰ ਰਹੇ ਹਨ, ਭਾਵ ਭਾਰਤ ਦੀ ਭੂਮਿਕਾ ਬਦਲ ਰਹੀ ਹੈ, ਭਾਰਤ ਦੀ ਪਛਾਣ ਬਦਲ ਰਹੀ ਹੈ। ਅਸੀਂ ਵੱਡੇ ਪੱਧਰ ’ਤੇ ਹੁਨਰ ਪ੍ਰਦਾਨ ਕਰਨ ਤੋਂ ਲੈ ਕੇ ਵੱਡੇ ਪੱਧਰ ’ਤੇ ਸੋਚਣ ਤੱਕ ਪਹੁੰਚੇ ਹਾਂ। ਪਹਿਲਾਂ ਜੋ ਦੁਨੀਆ ਭਾਰਤ ਦੀ ਮਨੁੱਖੀ ਸ਼ਕਤੀ ’ਤੇ ਭਰੋਸਾ ਕਰਦੀ ਸੀ, ਅੱਜ ਉਹ ਭਾਰਤ ਦੀ ਬੌਧਿਕ ਸ਼ਕਤੀ ’ਤੇ ਵੀ ਭਰੋਸਾ ਕਰਦੀ ਹੈ। ਅਤੇ ਇਸੇ ਦਾ ਨਤੀਜਾ ਹੈ ਕਿ ਅਸੀਂ ਹੁਣ ਸਿਰਫ਼ ਇੱਕ ਸਹਾਇਕ ਕੇਂਦਰ ਵਜੋਂ ਨਹੀਂ, ਬਲਕਿ ਇੱਕ ਬੌਧਿਕ ਕੇਂਦਰ ਦੇ ਰੂਪ ਵਿੱਚ ਵੀ ਦੁਨੀਆ ਦੇ ਨਾਲ ਕੰਮ ਕਰ ਰਹੇ ਹਾਂ।
ਸਾਥੀਓ,
ਸਰਕਾਰ ਜਦੋਂ ਵੀ ਕਿਸੇ ਖੇਤਰ ਵਿੱਚ ਨੀਤੀ ਬਣਾਉਂਦੀ ਹੈ, ਨਿਵੇਸ਼ ਦਾ ਫ਼ੈਸਲਾ ਲੈਂਦੀ ਹੈ, ਤਾਂ ਉਸ ਦੇ ਪਿੱਛੇ ਇੱਕ ਸੋਚ ਹੁੰਦੀ ਹੈ। ਭਾਰਤ ਵਿੱਚ ਕਿਹੜੀਆਂ ਸਮਰੱਥਾਵਾਂ ਵਿਕਸਿਤ ਕਰਨੀਆਂ ਹਨ, ਕਿਨ੍ਹਾਂ ਖੇਤਰਾਂ ਵਿੱਚ ਦੂਜੇ ਦੇਸ਼ਾਂ ’ਤੇ ਆਪਣੀ ਨਿਰਭਰਤਾ ਘੱਟ ਕਰਨੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕਿਨ੍ਹਾਂ ਸੰਕਟਾਂ ਲਈ ਅੱਜ ਹੀ ਤਿਆਰੀ ਕਰਨੀ ਹੈ। ਅਸੀਂ ਹਰ ਫ਼ੈਸਲੇ ਵਿੱਚ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹਾਂ। ਬਹੁਤ ਸਾਰੇ ਨਿਵੇਸ਼ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਫ਼ਾਇਦਾ ਦਿਸਣ ਵਿੱਚ ਕਈ ਸਾਲ ਲੱਗ ਜਾਂਦੇ ਹਨ, ਪਰ ਦੇਸ਼ ਦੇ ਭਵਿੱਖ ਲਈ ਉਨ੍ਹਾਂ ਦਾ ਬਹੁਤ ਮਹੱਤਵ ਹੁੰਦਾ ਹੈ। ਮੈਂ ਇਸ ਦੀ ਇੱਕ ਦਿਲਚਸਪ ਉਦਾਹਰਣ ਦਿੰਦਾ ਹਾਂ। ਤੁਸੀਂ ਸਾਰੇ ਭਾਰਤ ਦੀਆਂ ਦਵਾਈ-ਨਿਰਮਾਣ ਸਮਰੱਥਾਵਾਂ ਤੋਂ ਜਾਣੂ ਹੋ, ਪਰ ਕੁਝ ਸਾਲ ਪਹਿਲਾਂ ਤੱਕ ਭਾਰਤ ਬਹੁਤ ਵੱਡੀ ਮਾਤਰਾ ਵਿੱਚ ਦਵਾਈਆਂ ਲਈ, ਕੱਚੇ ਮਾਲ ਲਈ ਦਰਾਮਦ ’ਤੇ ਨਿਰਭਰ ਸੀ। ਹੁਣ ਦੇਸ਼ ਇਸ ਸਥਿਤੀ ਨੂੰ ਬਦਲ ਰਿਹਾ ਹੈ। ਤੁਸੀਂ ਪੈਨਿਸਿਲੀਨ-ਜੀ ਬਾਰੇ ਸੁਣਿਆ ਹੋਵੇਗਾ, ਇਹ ਐਂਟੀਬਾਇਓਟਿਕਸ ਲਈ ਜ਼ਰੂਰੀ ਹੈ। ਪਿਛਲੇ ਦੋ-ਤਿੰਨ ਦਹਾਕਿਆਂ ਵਿੱਚ, ਭਾਰਤ ਵਿੱਚ ਇਸ ਦਾ ਘਰੇਲੂ ਉਤਪਾਦਨ ਤਕਰੀਬਨ ਬੰਦ ਹੋ ਗਿਆ ਸੀ। ਅਸੀਂ ਇਸ ਨੂੰ ਉਤਪਾਦਨ ਆਧਾਰਿਤ ਪ੍ਰੋਤਸਾਹਨ ਭਾਵ ਪੀਐੱਲਆਈ ਸਕੀਮ ਦੇ ਦਾਇਰੇ ਵਿੱਚ ਲਿਆਂਦਾ। ਹੁਣ, ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਵਿੱਚ ਕਈ ਸਾਲਾਂ ਬਾਅਦ ਪੈਨਿਸਿਲੀਨ-ਜੀ ਦਾ ਘਰੇਲੂ ਉਤਪਾਦਨ ਫਿਰ ਤੋਂ ਸ਼ੁਰੂ ਹੋਇਆ ਹੈ।
ਸਾਥੀਓ,
ਪੈਨਿਸਿਲੀਨ-ਜੀ ਤਾਂ ਇੱਕ ਉਦਾਹਰਣ ਹੈ। ਭਾਰਤ ਵਿੱਚ ਅਸੀਂ ਦਵਾਈ ਬਣਾਉਣ ਵਾਲੇ ਕੱਚੇ ਮਾਲ (ਏਪੀਆਈ) ਨਾਲ ਜੁੜੀ ਪੂਰੀ ਘਰੇਲੂ ਸਪਲਾਈ ਲੜੀ ਬਣਾ ਰਹੇ ਹਾਂ। ਇਸ ਲਈ, ਇਸ ਖੇਤਰ ਨੂੰ ਪੀਐੱਲਆਈ ਸਕੀਮ ਤਹਿਤ ਲਿਆਂਦਾ ਗਿਆ ਹੈ ਅਤੇ ਹੁਣ ਤੱਕ ਇਸ ਵਿੱਚ 5 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋਇਆ ਹੈ। ਅਤੇ ਕਰੀਬ 40 ਪ੍ਰੋਜੈਕਟ ਸ਼ੁਰੂ ਹੋ ਚੁੱਕੇ ਹਨ। ਅਜਿਹੀਆਂ ਹੀ ਨੀਤੀਆਂ ਅਤੇ ਫ਼ੈਸਲੇ ਭਾਰਤ ਨੂੰ ਆਤਮਨਿਰਭਰਤਾ ਵੱਲ ਲੈ ਜਾ ਰਹੇ ਹਨ।
ਸਾਥੀਓ,
ਦੇਸ਼ ਦੀਆਂ ਇੰਨੀਆਂ ਸਾਰੀਆਂ ਪ੍ਰਾਪਤੀਆਂ ਦੀ ਚਰਚਾ ਦਰਮਿਆਨ ਸਾਡੇ ਮੀਡੀਆ ਦੇ ਸਾਥੀ ਸ਼ਿਕਾਇਤ ਕਰਨਗੇ ਕਿ ਗੱਲਾਂ ਤਾਂ ਬਹੁਤ ਹੋਈਆਂ, ਪਰ ਸਾਡੇ ਕੰਮ ਦਾ ਤਾਂ ਕੁਝ ਹੋਇਆ ਨਹੀਂ। ਐੱਨਡੀਟੀਵੀ ਇੰਨਾ ਸ਼ਾਨਦਾਰ ਸਮਾਗਮ ਕਰਵਾ ਰਿਹਾ ਹੈ ਅਤੇ ਸਾਡਾ ਤਾਂ ਮੰਤਰ ਹੈ – ਸਬਕਾ ਸਾਥ ਸਬਕਾ ਵਿਕਾਸ, ਮੀਡੀਆ ਦਾ ਵੀ ਵਿਕਾਸ, ਤਾਂ ਥੋੜ੍ਹੀਆਂ ਖੱਟੀਆਂ-ਮਿੱਠੀਆਂ ਗੱਲਾਂ ਵੀ ਚੰਗੀਆਂ ਲੱਗਣਗੀਆਂ ਤੁਹਾਨੂੰ ਲੋਕਾਂ ਨੂੰ?
ਸਾਥੀਓ,
ਦੁਨੀਆ ਜਿੱਥੇ ਨਵੀਂ ਵਿਵਸਥਾ ਦੀ ਤਲਾਸ਼ ਵਿੱਚ ਹੈ, ਕੁਝ ਲੋਕ ਭਾਰਤ ਵਿੱਚ ਅਵਿਵਸਥਾ ਦੇ ਸੁਪਨੇ ਦੇਖ ਰਹੇ ਹਨ। ਅੱਜ ਜਦੋਂ ਦੁਨੀਆ ਵਿੱਚ ਇੰਨੀ ਅਵਿਵਸਥਾ ਹੈ, ਉਦੋਂ ਇੱਕ ਮਜ਼ਬੂਤ ਭਾਰਤ ਦੀ ਤਸਵੀਰ ਦੁਨੀਆ ਵਿੱਚ ਜਾਣੀ ਚਾਹੀਦੀ ਹੈ। ਪਰ ਇਹ ਲੋਕ ਭਾਰਤ ਦੀ ਸਾਖ ਨੂੰ ਹੀ ਮਿੱਟੀ ਵਿੱਚ ਮਿਲਾਉਣ ’ਤੇ ਤੁਲੇ ਹੋਏ ਹਨ। ਇਹ ਲੋਕ ਵਿਦੇਸ਼ਾਂ ਵਿੱਚ ਜਾ-ਜਾ ਕੇ ਭਾਰਤ ਨੂੰ ਬਦਨਾਮ ਕਰਦੇ ਹਨ, ਵਿਦੇਸ਼ੀਆਂ ਨੂੰ ਦਖ਼ਲ ਦੇਣ ਦੀ ਅਪੀਲ ਕਰਦੇ ਹਨ, ਪਤਾ ਨਹੀਂ ਕਦੋਂ ਤੱਕ ਕਾਂਗਰਸ ਆਪਣੇ ‘ਅਸਫਲ ਉਤਪਾਦ’ ਦੀ ਲਾਂਚਿੰਗ ਲਈ ਦੇਸ਼ ਨੂੰ ਦਾਅ ’ਤੇ ਲਗਾਉਂਦੀ ਰਹੇਗੀ। ਸਾਲ ਭਰ ਵਿੱਚ ਸਾਡੇ ਸ਼੍ਰੀਹਰੀਕੋਟਾ ਤੋਂ ਓਨੀਆਂ ਲਾਂਚਿੰਗਾਂ ਨਹੀਂ ਹੁੰਦੀਆਂ, ਜਿੰਨੀਆਂ ਇੱਕ ਸਾਲ ਵਿੱਚ ਕਾਂਗਰਸ ਦੇ ਲੋਕ ਆਪਣੇ ਨੇਤਾ ਨੂੰ ਲਾਂਚ ਕਰਨ ਦੀ ਅਸਫਲ ਕੋਸ਼ਿਸ਼ ਕਰ ਲੈਂਦੇ ਹਨ।
ਸਾਥੀਓ,
ਕਾਂਗਰਸ ਨੇ ਆਪਣੀ ਜੋ ਦੁਰਦਸ਼ਾ ਕਰਨੀ ਹੋਵੇ, ਕਰੇ, ਇਸ ਨਾਲ ਸਾਨੂੰ ਕੋਈ ਸਮੱਸਿਆ ਨਹੀਂ ਹੈ। ਪਰ ਆਪਣੇ ਪਰਿਵਾਰ ਨੂੰ ਲਗਾਤਾਰ ਨਾਕਾਮੀ ਦੇ ਦਾਗ ਤੋਂ ਬਚਾਉਣ ਲਈ ਕਾਂਗਰਸ ਹੁਣ ਭਾਰਤ ਦੀਆਂ ਪ੍ਰਾਪਤੀਆਂ ਨੂੰ, ਭਾਰਤ ਦੀਆਂ ਚੰਗਿਆਈਆਂ ਨੂੰ ਅਤੇ ਭਾਰਤ ਦੀ ਤਰੱਕੀ ਨੂੰ ਹੀ ਕਟਹਿਰੇ ਵਿੱਚ ਖੜ੍ਹਾ ਕਰ ਰਹੀ ਹੈ। ਅੰਗੂਰ ਇੰਨੇ ਖੱਟੇ ਹਨ ਕਿ ਕਾਂਗਰਸ ਅੰਗੂਰ ਦੀ ਵੇਲ ਨੂੰ ਕੱਟਣ ਵਿੱਚ ਹੀ ਜੁਟ ਗਈ ਹੈ। ਦਰਅਸਲ, ਕਾਂਗਰਸ ਦਾ ਇਹ ਪਰਿਵਾਰ ਉਨ੍ਹਾਂ ਦੀ ਪਾਰਟੀ ’ਤੇ ਬੋਝ ਬਣ ਚੁੱਕਾ ਹੈ, ਪਾਰਟੀ ਦੇ ਵੱਡੇ-ਬਜ਼ੁਰਗ ਵੀ ਇਹ ਸਮਝਦੇ ਹਨ, ਇਕੱਲੇ ਵਿੱਚ ਮਿਲਣ ’ਤੇ ਸਾਨੂੰ ਦੱਸਦੇ ਵੀ ਹਨ, ਪਰ ਅਪਮਾਨ ਦਾ ਘੁੱਟ ਪੀ ਕੇ ਉਹ ਚੁੱਪ ਹੀ ਰਹਿੰਦੇ ਹਨ।
ਸਾਥੀਓ,
ਕਾਂਗਰਸ ਦੇ ਇਸ ਰਵੱਈਏ ਦਾ ਨੁਕਸਾਨ ਸਰਕਾਰ ਦੇ ਇਮਾਨਦਾਰ ਆਲੋਚਕਾਂ ਨੂੰ ਵੀ ਹੁੰਦਾ ਹੈ, ਅਤੇ ਇਹ ਲੋਕਤੰਤਰ ਵਿੱਚ ਬਹੁਤ ਵੱਡਾ ਨੁਕਸਾਨ ਹੈ। ਇਮਾਨਦਾਰ ਆਲੋਚਕਾਂ ਨੂੰ ਇਸ ਤੋਂ ਬਹੁਤ ਨੁਕਸਾਨ ਹੋ ਰਿਹਾ ਹੈ। ਜੋ ਲੋਕਤੰਤਰੀ ਤਰੀਕੇ ਨਾਲ ਸਰਕਾਰ ਦੇ ਖ਼ਿਲਾਫ਼ ਆਪਣੀ ਗੱਲ ਰੱਖਣਾ ਚਾਹੁੰਦੇ ਹਨ, ਉਨ੍ਹਾਂ ਦੀ ਗੱਲ ਵੀ ਕਾਂਗਰਸ ਦੇ ਰੌਲੇ ਵਿੱਚ ਗੁਆਚ ਜਾਂਦੀ ਹੈ, ਉਨ੍ਹਾਂ ਇਮਾਨਦਾਰ ਆਲੋਚਕਾਂ ਦੀ ਆਵਾਜ਼ ਦਬ ਜਾਂਦੀ ਹੈ। ਜੋ ਲੋਕਤੰਤਰ ਦਾ ਭਲਾ ਚਾਹੁੰਦੇ ਹਨ, ਦੇਸ਼ ਦਾ ਹਿੱਤ ਚਾਹੁੰਦੇ ਹਨ ਅਤੇ ਭਾਵੇਂ ਸਰਕਾਰ ਦੇ ਕੱਟੜ ਵਿਰੋਧੀ ਹਨ, ਉਨ੍ਹਾਂ ਨੂੰ ਕਾਂਗਰਸ ਦੀ ਇਸ ਚੀਕ-ਚਿਹਾੜੇ ਵਿੱਚ ਕਿਤੇ ਮੌਕਾ ਹੀ ਨਹੀਂ ਮਿਲਦਾ ਆਪਣੀ ਗੱਲ ਰੱਖਣ ਦਾ। ਅਸੀਂ ਸੰਸਦ ਵਿੱਚ ਦੇਖਿਆ ਹੈ, ਵਿਰੋਧੀ ਪਾਰਟੀਆਂ ਦੇ ਕਿੰਨੇ ਹੀ ਹੋਣਹਾਰ ਨੌਜਵਾਨ ਸੰਸਦ ਮੈਂਬਰ ਹਨ, ਜੋ ਆਪਣੀ ਗੱਲ ਰੱਖਣਾ ਚਾਹੁੰਦੇ ਹਨ, ਸਰਕਾਰ ਦੀ ਆਲੋਚਨਾ ਕਰਨਾ ਚਾਹੁੰਦੇ ਹਨ, ਪਰ ਕਾਂਗਰਸ ਸੰਸਦ ਨਹੀਂ ਚੱਲਣ ਦਿੰਦੀ ਕਿਉਂਕਿ ਕਿਤੇ ਦੂਜਿਆਂ ਨੂੰ ਮੌਕਾ ਨਾ ਮਿਲ ਜਾਵੇ, ਕਿਉਂਕਿ ਕਾਂਗਰਸ ਨੂੰ ਸੁਰਖ਼ੀਆਂ ਵਿੱਚ ਸਿਰਫ਼ ਇੱਕ ਨੂੰ ਹੀ ਰੱਖਣਾ ਹੈ। ਅਜਿਹਾ ਕਰਕੇ ਵਿਰੋਧੀ ਧਿਰ ਦੇ ਨੌਜਵਾਨ ਸੰਸਦ ਮੈਂਬਰਾਂ ਨਾਲ ਕਾਂਗਰਸ ਬਹੁਤ ਅਨਿਆਂ ਕਰਦੀ ਹੈ।
ਅਤੇ ਸਾਥੀਓ,
ਅਜਿਹੇ ਅੰਦੋਲਨ, ਜੋ ਸੁਭਾਵਿਕ ਰੂਪ ਵਿੱਚ ਸਰਕਾਰ ਦੀਆਂ ਕਮੀਆਂ ਨੂੰ ਉਜਾਗਰ ਕਰਨਾ ਚਾਹੁੰਦੇ ਹਨ, ਜੋ ਵਾਕਈ ਸਿਸਟਮ ਵਿੱਚ ਸੁਧਾਰ ਕਰਨਾ ਚਾਹੁੰਦੇ ਹਨ ਅਤੇ ਲੋਕਤੰਤਰ ਵਿੱਚ ਇਹ ਜ਼ਰੂਰੀ ਵੀ ਹੈ, ਪਰ ਉਨ੍ਹਾਂ ਨੂੰ ਵੀ ਕਾਂਗਰਸ ਤਬਾਹ ਕਰ ਦਿੰਦੀ ਹੈ। ਕਾਂਗਰਸ ਉਹ ਪਰਜੀਵੀ ਬਣ ਗਈ ਹੈ, ਜੋ ਕਿਸੇ ਨੂੰ ਅੱਗੇ ਨਹੀਂ ਵਧਣ ਦੇਣਾ ਚਾਹੁੰਦੀ। ਦਿਮਾਗ਼ੀ ਨਕਸਲੀਆਂ ਨੇ ਕਾਂਗਰਸ ਦੇ ਦਿਮਾਗ਼ ’ਤੇ ਅਜਿਹਾ ਕਬਜ਼ਾ ਕਰ ਲਿਆ ਹੈ ਕਿ ਕਾਂਗਰਸ ਨੇ ਖ਼ੁਦ ਦੇ ਸੋਚਣ ਦੀ ਸਮਰੱਥਾ ਹੀ ਗੁਆ ਦਿੱਤੀ ਹੈ। ਜੋ ਜੰਗਲਾਂ ਵਿੱਚ ਵਿਨਾਸ਼ ਕਰਦੇ ਸਨ, ਉਹ ਹੁਣ ਕਾਂਗਰਸ ਵਿੱਚ ਵੜ ਕੇ ਦੇਸ਼ ਦਾ ਸਰਵਨਾਸ਼ ਕਰਨ ’ਤੇ ਤੁਲੇ ਹੋਏ ਹਨ।
ਸਾਥੀਓ,
ਇਨ੍ਹਾਂ ਸਾਰੀਆਂ ਚੁਣੌਤੀਆਂ ਦੇ ਵਿਚਕਾਰ ਸਾਡੇ ਸਾਹਮਣੇ ਵਿਕਸਿਤ ਭਾਰਤ ਦਾ ਵਿਸ਼ਾਲ ਟੀਚਾ ਹੈ। ਦੇਸ਼ ਦੀਆਂ ਉਮੀਦਾਂ ਅਸੀਮਤ ਹਨ। ਇਸ ਲਈ, ਭਾਰਤ ਵਿੱਚ ਇੱਕ ਹੀ ਜਜ਼ਬਾ ਅੱਜ ਗੂੰਜ ਰਿਹਾ ਹੈ, ਅਤੇ ਇਹ ਜਜ਼ਬਾ ਹੈ ਕਿ ਅਸੀਂ ਇਹ ਕਰਾਂਗੇ, ਅਸੀਂ ਇਹ ਕਰਾਂਗੇ। ਅਸੀਂ ਵੱਡੇ ਸੁਪਨੇ ਦੇਖਾਂਗੇ, ਹਰ ਚੁਣੌਤੀ ਨੂੰ ਮੌਕੇ ਵਿੱਚ ਬਦਲਾਂਗੇ, ਹਰ ਸੰਕਲਪ ਨੂੰ ਸਿੱਧੀ ਤੱਕ ਲੈ ਕੇ ਜਾਵਾਂਗੇ। ਸਾਡੀ ਤਾਕਤ ਸਾਡਾ ਆਤਮ-ਵਿਸ਼ਵਾਸ ਹੈ, ਸਾਡੀ ਪ੍ਰੇਰਨਾ 140 ਕਰੋੜ ਦੇਸ਼ਵਾਸੀਆਂ ਦੇ ਸੁਪਨੇ ਹਨ। ਅਸੀਂ ਨਵੀਂਆਂ ਖੋਜਾਂ ਕਰਾਂਗੇ, ਨਵੇਂ ਰਾਹ ਬਣਾਵਾਂਗੇ, ਨਵੀਂਆਂ ਬੁਲੰਦੀਆਂ ਛੂਹਾਂਗੇ ਅਤੇ ਭਾਰਤ ਦੀ ਸਫਲਤਾ ਨੂੰ ਦੁਨੀਆ ਦੀ ਸਫਲਤਾ ਨਾਲ ਜੋੜਾਂਗੇ। ਮੈਨੂੰ ਵਿਸ਼ਵਾਸ ਹੈ ਕਿ ਇਸ ਸੰਮੇਲਨ ਵਿੱਚੋਂ ਨਿਕਲਿਆ ਅੰਮ੍ਰਿਤ ਸਾਡੇ ਇਸੇ ਜਜ਼ਬੇ ਨੂੰ ਮਜ਼ਬੂਤ ਕਰੇਗਾ, ਸਾਡੇ ਸੰਕਲਪਾਂ ਨੂੰ ਨਵੀਂ ਊਰਜਾ ਦੇਵੇਗਾ ਅਤੇ ਭਾਰਤ ਦੀਆਂ ਵਿਸ਼ਾਲ ਉਮੀਦਾਂ ਨੂੰ ਸਾਕਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।
ਬਹੁਤ-ਬਹੁਤ ਧੰਨਵਾਦ।
ਡਿਸਕਲੇਮਰ: ਇਹ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਅਨੁਮਾਨਿਤ ਅਨੁਵਾਦ ਹੈ। ਮੂਲ ਸੰਬੋਧਨ ਹਿੰਦੀ ਵਿੱਚ ਦਿੱਤਾ ਗਿਆ ਸੀ।
*********
ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਐੱਸ
Speaking at the NDTV World Summit. @ndtv https://t.co/JFVAkeRZWQ
— Narendra Modi (@narendramodi) October 22, 2026
The changing world order calls for stronger global institutions, a greater voice for the Global South and international cooperation that stands firm in times of crisis. https://t.co/vGxL8xZSyW
— PMO India (@PMOIndia) October 22, 2026
Viksit Bharat is not just a promise for its people, but a guarantee of a better world. https://t.co/XFDMCTmZcK
— PMO India (@PMOIndia) October 22, 2026
India is strengthening its own capabilities to help strengthen the world. https://t.co/Qc3NljPQPW
— PMO India (@PMOIndia) October 22, 2026
From Back Office to Brain Office of the world. https://t.co/hG0CZpPhiP
— PMO India (@PMOIndia) October 22, 2026