Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ


ਮਾਣਯੋਗ ਪ੍ਰਧਾਨ ਮੰਤਰੀ ਮਾਰਕ ਕਾਰਨੀ,

ਦੋਵਾਂ ਦੇਸ਼ਾਂ ਦੇ ਵਫ਼ਦ,

ਮੀਡੀਆ ਦੇ ਸਾਥੀ,

ਨਮਸਕਾਰ!

ਪ੍ਰਧਾਨ ਮੰਤਰੀ ਕਾਰਨੀ ਦਾ ਭਾਰਤ ਵਿੱਚ ਸਵਾਗਤ ਕਰਦੇ ਹੋਏ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਪ੍ਰਧਾਨ ਮੰਤਰੀ ਵਜੋਂ ਇਹ ਉਨ੍ਹਾਂ ਦਾ ਪਹਿਲਾ ਭਾਰਤ ਦੌਰਾ ਹੈ। ਅਸੀਂ ਇਸ ਨੂੰ ਇੱਕ ਅਹਿਮ ਮੀਲ ਪੱਥਰ ਵਜੋਂ ਦੇਖਦੇ ਹਾਂ।

ਪਿਛਲੇ ਸਾਲ ਕੈਨੇਡਾ ਵਿੱਚ ਆਯੋਜਿਤ ਜੀ7 ਬੈਠਕ ਵਿੱਚ ਉਨ੍ਹਾਂ ਨੇ ਮੇਰਾ ਅਤੇ ਮੇਰੇ ਵਫ਼ਦ ਦਾ ਨਿੱਘਾ ਸਵਾਗਤ ਕੀਤਾ ਸੀ। ਅੱਜ ਉਸੇ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕਰਨਾ ਮੇਰੇ ਲਈ ਸੁਭਾਗ ਦੀ ਗੱਲ ਹੈ। ਦੁਨੀਆ ਵਿੱਚ ਬਹੁਤ ਘੱਟ ਲੋਕ ਹਨ ਜਿਨ੍ਹਾਂ ਦੇ ਸੀਵੀ ਵਿੱਚ ਦੋ ਦੇਸ਼ਾਂ ਦੀ ਕੇਂਦਰੀ ਬੈਂਕਿੰਗ ਲੀਡਰਸ਼ਿਪ ਲਿਖੀ ਹੋਵੇ।

ਸਾਡੀ ਪਹਿਲੀ ਬੈਠਕ ਤੋਂ ਹੀ ਸਾਡੇ ਸਬੰਧਾਂ ਵਿੱਚ ਇੱਕ ਨਵੀਂ ਊਰਜਾ, ਆਪਸੀ ਵਿਸ਼ਵਾਸ ਅਤੇ ਸਕਾਰਾਤਮਿਕ ਆਈ ਹੈ। ਸਹਿਯੋਗ ਦੇ ਹਰ ਖੇਤਰ ਵਿੱਚ ਵਧ ਰਹੀ ਗਤੀ ਦਾ ਸਿਹਰਾ ਮੈਂ ਆਪਣੇ ਦੋਸਤ ਪ੍ਰਧਾਨ ਮੰਤਰੀ ਕਾਰਨੀ ਨੂੰ ਦਿੰਦਾ ਹਾਂ।

ਦੋਸਤੋ,

ਭਾਰਤ ਅਤੇ ਕੈਨੇਡਾ ਲੋਕਤੰਤਰੀ ਕਦਰਾਂ-ਕੀਮਤਾਂ ਵਿੱਚ ਅਟੁੱਟ ਭਰੋਸਾ ਰੱਖਦੇ ਹਨ। ਅਸੀਂ ਵਿਭਿੰਨਤਾ ਦਾ ਜਸ਼ਨ ਮਨਾਉਂਦੇ ਹਾਂ। ਮਨੁੱਖਤਾ ਦੀ ਭਲਾਈ ਸਾਡਾ ਸਾਂਝਾ ਨਜ਼ਰੀਆ ਹੈ। ਇਹੀ ਨਜ਼ਰੀਆ ਸਾਨੂੰ ਹਰ ਖੇਤਰ ਵਿੱਚ ਅੱਗੇ ਵਧਣ ਦੀ ਪ੍ਰੇਰਣਾ ਦਿੰਦਾ ਹੈ। ਅੱਜ ਅਸੀਂ ਇਸ ਵਿਜ਼ਨ ਨੂੰ ਅਗਲੇ ਪੱਧਰ ਦੀ ਸਾਂਝੇਦਾਰੀ ਵਿੱਚ ਬਦਲਣ ਬਾਰੇ ਚਰਚਾ ਕੀਤੀ।

ਸਾਡਾ ਟੀਚਾ ਹੈ ਕਿ 2030 ਤੱਕ ਸਾਡਾ ਵਪਾਰ $50 ਬਿਲੀਅਨ ਤੱਕ ਪਹੁੰਚੇ। ਆਰਥਿਕ ਸਹਿਯੋਗ ਦੀ ਪੂਰੀ ਸੰਭਾਵਨਾ ਨੂੰ ਖੋਲ੍ਹਣਾ ਸਾਡੀ ਤਰਜੀਹ ਹੈ। ਇਸ ਲਈ ਅਸੀਂ ਵਿਆਪਕ ਆਰਥਿਕ ਸਾਂਝੇਦਾਰੀ ਸਮਝੌਤੇ ਨੂੰ ਜਲਦ ਹੀ ਅੰਤਿਮ ਰੂਪ ਦੇਣ ਦਾ ਫ਼ੈਸਲਾ ਲਿਆ ਹੈ। ਇਸ ਨਾਲ ਦੋਵਾਂ ਦੇਸ਼ਾਂ ਵਿੱਚ ਨਿਵੇਸ਼ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਬਣਨਗੇ।

ਕੈਨੇਡਾ ਦੇ ਪੈਨਸ਼ਨ ਫੰਡਾਂ ਨੇ ਭਾਰਤ ਵਿੱਚ 100 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ। ਇਹ ਭਾਰਤ ਦੀ ਗ੍ਰੋਥ ਸਟੋਰੀ ਵਿੱਚ ਉਨ੍ਹਾਂ ਦੇ ਡੂੰਘੇ ਭਰੋਸੇ ਦਾ ਪ੍ਰਤੀਕ ਹੈ।

ਅੱਜ ਅਸੀਂ ਦੋਵਾਂ ਦੇਸ਼ਾਂ ਦੇ ਕਾਰੋਬਾਰੀ ਆਗੂਆਂ ਨੂੰ ਵੀ ਮਿਲਾਂਗੇ। ਉਨ੍ਹਾਂ ਦੇ ਸੁਝਾਅ ਸਾਡੀ ਆਰਥਿਕ ਸਾਂਝੇਦਾਰੀ ਦਾ ਰੋਡਮੈਪ ਤੈਅ ਕਰਨਗੇ।

ਦੋਸਤੋ,

ਤਕਨਾਲੋਜੀ ਅਤੇ ਇਨੋਵੇਸ਼ਨ ਵਿੱਚ ਅਸੀਂ ਕੁਦਰਤੀ ਸਾਂਝੇਦਾਰ ਹਾਂ। ਕੈਨੇਡਾ ਅਤੇ ਭਾਰਤ ਦੀ ਇਨੋਵੇਸ਼ਨ ਸਾਂਝੇਦਾਰੀ ਨਾਲ ਅਸੀਂ ਵਿਚਾਰਾਂ ਨੂੰ ਵਿਸ਼ਵ-ਵਿਆਪੀ ਹੱਲਾਂ ਵਿੱਚ ਬਦਲਾਂਗੇ।

ਪਿਛਲੇ ਮਹੀਨੇ ਭਾਰਤ ਵਿੱਚ ਹੋਈ ਏਆਈ ਇੰਪੈਕਟ ਸਮਿਟ ਦੀ ਸਫ਼ਲਤਾ ਵਿੱਚ ਕੈਨੇਡਾ ਦੇ ਕੀਮਤੀ ਯੋਗਦਾਨ ਲਈ ਮੈਂ ਪ੍ਰਧਾਨ ਮੰਤਰੀ ਕਾਰਨੀ ਦਾ ਧੰਨਵਾਦ ਕਰਦਾ ਹਾਂ। ਅਸੀਂ ਏਆਈ ਦੇ ਨਾਲ-ਨਾਲ ਕੁਆਂਟਮ, ਸੁਪਰ ਕੰਪਿਊਟਿੰਗ ਅਤੇ ਸੈਮੀਕੰਡਕਟਰਸ ਵਿੱਚ ਸਹਿਯੋਗ ਵਧਾਵਾਂਗੇ।

ਅਹਿਮ ਖਣਿਜਾਂ ‘ਤੇ ਅੱਜ ਹੋਇਆ ਐੱਮਓਯੂ ਲਚਕੀਲੀ ਸਪਲਾਈ ਚੇਨ ਨੂੰ ਮਜ਼ਬੂਤੀ ਦੇਵੇਗਾ। ਪੁਲਾੜ ਖੇਤਰ ਵਿੱਚ ਅਸੀਂ ਦੋਵਾਂ ਦੇਸ਼ਾਂ ਦੇ ਸਟਾਰਟਅੱਪਸ ਅਤੇ ਉਦਯੋਗਾਂ ਨੂੰ ਜੋੜਾਂਗੇ।

ਦੋਸਤੋ,

ਪ੍ਰਧਾਨ ਮੰਤਰੀ ਕਾਰਨੀ ਲਈ ਵਾਤਾਵਰਣ ਕੋਈ ਵੱਖਰਾ ਏਜੰਡਾ ਨਹੀਂ, ਸਗੋਂ ਆਰਥਿਕ ਸਥਿਰਤਾ ਦਾ ਹਿੱਸਾ ਰਿਹਾ ਹੈ। ਊਰਜਾ ਦੇ ਖੇਤਰ ਵਿੱਚ ਅਸੀਂ ਅਗਲੀ ਪੀੜ੍ਹੀ ਦੀ ਸਾਂਝੇਦਾਰੀ ਬਣਾ ਰਹੇ ਹਾਂ, ਜਿਸ ਵਿੱਚ ਹਾਈਡ੍ਰੋਕਾਰਬਨ ਦੇ ਨਾਲ-ਨਾਲ ਨਵਿਆਉਣਯੋਗ ਊਰਜਾ, ਗ੍ਰੀਨ ਹਾਈਡ੍ਰੋਜਨ ਅਤੇ ਊਰਜਾ ਸਟੋਰੇਜ ‘ਤੇ ਖ਼ਾਸ ਜ਼ੋਰ ਦਿੱਤਾ ਜਾਵੇਗਾ।

ਸਾਨੂੰ ਖ਼ੁਸ਼ੀ ਹੈ ਕਿ ਕੈਨੇਡਾ ਨੇ ਅੰਤਰਰਾਸ਼ਟਰੀ ਸੂਰਜੀ ਗੱਠਜੋੜ ਅਤੇ ਗਲੋਬਲ ਬਾਇਓਫਿਊਲ ਅਲਾਇੰਸ ਨਾਲ ਜੁੜਨ ਦਾ ਫ਼ੈਸਲਾ ਲਿਆ ਹੈ। ਆਪਣੇ ਸਾਂਝੇ ਯਤਨਾਂ ਨੂੰ ਅੱਗੇ ਵਧਾਉਣ ਲਈ ਅਸੀਂ ਇਸ ਸਾਲ ਭਾਰਤ-ਕੈਨੇਡਾ ਨਵਿਆਉਣਯੋਗ ਊਰਜਾ ਅਤੇ ਸਟੋਰੇਜ ਸਮਿਟ ਆਯੋਜਿਤ ਕਰਾਂਗੇ।

ਸਿਵਲ ਪ੍ਰਮਾਣੂ ਊਰਜਾ ਵਿੱਚ ਅਸੀਂ ਲੰਬੇ ਸਮੇਂ ਲਈ ਯੂਰੇਨੀਅਮ ਸਪਲਾਈ ਦੀ ਲੈਂਡਮਾਰਕ ਡੀਲ ਕੀਤੀ ਹੈ। ਅਸੀਂ ਛੋਟੇ ਮੌਡਿਊਲਰ ਰਿਐਕਟਰਾਂ ਅਤੇ ਐਡਵਾਂਸ ਰਿਐਕਟਰਾਂ ‘ਤੇ ਵੀ ਮਿਲ ਕੇ ਕੰਮ ਕਰਾਂਗੇ।

ਖੇਤੀਬਾੜੀ ਵਿੱਚ ਮੁੱਲ ਵਾਧਾ, ਖੇਤੀਬਾੜੀ-ਤਕਨਾਲੋਜੀ ਅਤੇ ਭੋਜਨ ਸੁਰੱਖਿਆ ਸਾਡੀਆਂ ਸਾਂਝੀਆਂ ਤਰਜੀਹਾਂ ਹਨ। ਇਸ ਦਿਸ਼ਾ ਵਿੱਚ ਭਾਰਤ ਵਿੱਚ ਭਾਰਤ-ਕੈਨੇਡਾ ਪਲਸ ਪ੍ਰੋਟੀਨ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕੀਤਾ ਜਾਵੇਗਾ।

ਦੋਸਤੋ,

ਰੱਖਿਆ ਅਤੇ ਸੁਰੱਖਿਆ ਦੇ ਖੇਤਰ ਵਿੱਚ ਵਧਦਾ ਸਹਿਯੋਗ ਸਾਡੇ ਡੂੰਘੇ ਆਪਸੀ ਭਰੋਸੇ ਅਤੇ ਸਬੰਧਾਂ ਦੀ ਪਰਿਪੱਕਤਾ ਦਾ ਪ੍ਰਤੀਕ ਹੈ। ਅਸੀਂ ਰੱਖਿਆ ਉਦਯੋਗਾਂ, ਸਮੁੰਦਰੀ ਖੇਤਰ ਜਾਗਰੂਕਤਾ ਅਤੇ ਫ਼ੌਜੀ ਅਦਾਨ-ਪ੍ਰਦਾਨ ਨੂੰ ਵਧਾਉਣ ‘ਤੇ ਕੰਮ ਕਰਾਂਗੇ। ਇਸੇ ਮੰਤਵ ਨਾਲ ਅੱਜ ਅਸੀਂ ਭਾਰਤ-ਕੈਨੇਡਾ ਡਿਫੈਂਸ ਡਾਇਲੌਗ ਦੀ ਸਥਾਪਨਾ ਕਰਨ ਦਾ ਫ਼ੈਸਲਾ ਲਿਆ ਹੈ।

ਦੋਸਤੋ,

ਲੋਕਾਂ ਦੇ ਆਪਸੀ ਸਬੰਧ ਸਾਡੇ ਸਬੰਧਾਂ ਦੀ ਅਸਲੀ ਤਾਕਤ ਹੈ। ਅੱਜ ਅਸੀਂ ਇਨ੍ਹਾਂ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਅਹਿਮ ਫ਼ੈਸਲੇ ਲਏ। ਏਆਈ, ਸਿਹਤ ਸੰਭਾਲ, ਖੇਤੀਬਾੜੀ ਅਤੇ ਇਨੋਵੇਸ਼ਨ ਵਿੱਚ ਅੱਜ ਕਈ ਯੂਨੀਵਰਸਿਟੀਆਂ ਵਿਚਕਾਰ ਨਵੀਂਆਂ ਸਾਂਝੇਦਾਰੀਆਂ ਦਾ ਐਲਾਨ ਹੋ ਰਿਹਾ ਹੈ। ਅਸੀਂ ਕੈਨੇਡਾ ਦੀਆਂ ਯੂਨੀਵਰਸਿਟੀਆਂ ਵੱਲੋਂ ਭਾਰਤ ਵਿੱਚ ਕੈਂਪਸ ਖੋਲ੍ਹਣ ‘ਤੇ ਵੀ ਸਹਿਮਤ ਹੋਏ।

ਮੂਲਵਾਸੀ ਅਤੇ ਕਬਾਇਲੀ ਭਾਈਚਾਰੇ ਸਾਡੀ ਸਾਂਝੀ ਸਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ ਹਨ। ਸਭਿਆਚਾਰਕ ਅਦਾਨ-ਪ੍ਰਦਾਨ ਵਧਾਉਣ ਲਈ ਦੋਵਾਂ ਧਿਰਾਂ ਵਿਚਕਾਰ ਅੱਜ ਸਹਿਮਤੀ ਪੱਤਰ ‘ਤੇ ਦਸਤਖ਼ਤ ਕੀਤੇ ਗਏ ਹਨ।

ਦੋਸਤੋ,

ਭਾਰਤ ਦੇ ਲਈ ਕੈਨੇਡਾ ਇੰਡੋ-ਪੈਸੀਫਿਕ ਵਿੱਚ ਅਹਿਮ ਸਾਂਝੇਦਾਰ ਹੈ। ਹਿੰਦ ਮਹਾਂਸਾਗਰ ਰਿਮ ਐਸੋਸੀਏਸ਼ਨ ਵਿੱਚ ਡਾਇਲੌਗ ਪਾਰਟਨਰ ਬਣਨ ਵਿੱਚ ਉਨ੍ਹਾਂ ਦੀ ਦਿਲਚਸਪੀ ਦਾ ਅਸੀਂ ਸਵਾਗਤ ਕਰਦੇ ਹਾਂ। ਇਸ ਨਾਲ ਸਾਡੇ ਸਮੁੰਦਰੀ ਸਹਿਯੋਗ ਨੂੰ ਨਵੀਂ ਡੂੰਘਾਈ ਮਿਲੇਗੀ।

ਅਸੀਂ ਸਹਿਮਤ ਹਾਂ ਕਿ ਅੱਤਵਾਦ, ਉਗਰਵਾਦ ਅਤੇ ਕੱਟੜਪੰਥੀ ਦੋਵਾਂ ਦੇਸ਼ਾਂ ਲਈ ਹੀ ਨਹੀਂ, ਪੂਰੀ ਮਨੁੱਖਤਾ ਲਈ ਸਾਂਝੀਆਂ ਅਤੇ ਗੰਭੀਰ ਚੁਣੌਤੀਆਂ ਹਨ। ਇਨ੍ਹਾਂ ਦੇ ਖ਼ਿਲਾਫ਼ ਸਾਡਾ ਨੇੜਲਾ ਸਹਿਯੋਗ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਲਈ ਬੇਹੱਦ ਅਹਿਮ ਹੈ।

ਦੁਨੀਆ ਵਿੱਚ ਚੱਲ ਰਹੇ ਅਨੇਕਾਂ ਤਣਾਵਾਂ ਨੂੰ ਲੈ ਕੇ ਭਾਰਤ ਦੀ ਸੋਚ ਸਪਸ਼ਟ ਰਿਹਾ ਹੈ। ਅਸੀਂ ਹਮੇਸ਼ਾ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਦਾ ਸੱਦਾ ਦਿੱਤਾ ਹੈ। ਅਤੇ ਜਦੋਂ ਦੋ ਲੋਕਤੰਤਰ ਇਕੱਠੇ ਖੜ੍ਹੇ ਹੁੰਦੇ ਹਨ, ਤਾਂ ਸ਼ਾਂਤੀ ਦੀ ਆਵਾਜ਼ ਹੋਰ ਵੀ ਸਸ਼ਕਤ ਹੋ ਜਾਂਦੀ ਹੈ।

ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ ਸਾਡੇ ਲਈ ਡੂੰਘੀ ਚਿੰਤਾ ਦਾ ਵਿਸ਼ਾ ਹੈ। ਭਾਰਤ ਗੱਲਬਾਤ ਅਤੇ ਕੂਟਨੀਤੀ ਜ਼ਰੀਏ ਸਾਰੇ ਵਿਵਾਦਾਂ ਦੇ ਹੱਲ ਦਾ ਸਮਰਥਨ ਕਰਦਾ ਹੈ। ਇਸ ਖੇਤਰ ਵਿੱਚ ਮੌਜੂਦ ਸਾਰੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਲਈ ਅਸੀਂ ਸਾਰੇ ਦੇਸ਼ਾਂ ਨਾਲ ਮਿਲ ਕੇ ਕੰਮ ਕਰਦੇ ਰਹਾਂਗੇ।

ਮਹਾਮਹਿਮ,

ਤੁਹਾਡੀ ਫੇਰੀ ਨਾਲ ਸਾਡੇ ਸਹਿਯੋਗ ਦੇ ਹਰ ਖੇਤਰ ਨੂੰ ਇੱਕ ਨਵੀਂ ਤਾਕਤ ਮਿਲੀ ਹੈ। ਭਾਰਤ ਪ੍ਰਤੀ ਤੁਹਾਡੀ ਡੂੰਘੀ ਵਚਨਬੱਧਤਾ ਅਤੇ ਦੂਰ-ਦ੍ਰਿਸ਼ਟੀ ਲਈ ਮੈਂ ਇੱਕ ਵਾਰ ਫਿਰ ਤੁਹਾਨੂੰ ਦਿਲੋਂ ਵਧਾਈ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ।

************

ਐੱਮਜੇਪੀਐੱਸ/ ਪੀਆਰਕੇ