ਪੀਐੱਮਇੰਡੀਆ
ਕੇਂਦਰੀ ਕੈਬਨਿਟ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਸਰਕਾਰ ਦੇ ਮੁਖੀ ਵਜੋਂ 25 ਵਰ੍ਹਿਆਂ ਤੱਕ ਨਿਰੰਤਰ ਅਗਵਾਈ ਪੂਰੀ ਕਰਨ ‘ਤੇ ਵਧਾਈ ਦੇਣ ਵਾਲਾ ਪ੍ਰਸਤਾਵ ਪਾਸ ਕੀਤਾ ਹੈ। ਇਹ ਸਿਰਫ਼ ਇੱਕ ਰਵਾਇਤੀ ਸਨਮਾਨ ਤੋਂ ਕਿਤੇ ਵੱਧ ਰਾਸ਼ਟਰ ਪਹਿਲਾਂ ਅਤੇ ਨਾਗਰਿਕ ਪਹਿਲਾਂ ਦੇ ਸਿਧਾਂਤ ਨਾਲ ਨਿਰਦੇਸ਼ਿਤ ਪ੍ਰਧਾਨ ਮੰਤਰੀ ਮੋਦੀ ਦੀ ਅਸਧਾਰਨ ਯਾਤਰਾ ਦਾ ਉਤਸਵ ਹੈ। ਗੁਜਰਾਤ ਵਿੱਚ ਤਿੰਨ ਵਾਰ ਮਿਲੇ ਪ੍ਰਚੰਡ ਜਨਾਦੇਸ਼ ਅਤੇ ਲਗਾਤਾਰ ਤਿੰਨ ਲੋਕ ਸਭਾ ਚੋਣਾਂ ਵਿੱਚ ਮਿਲੇ ਸਮਰਥਨ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਜਨਤਾ ਦਾ ਅਟੁੱਟ ਵਿਸ਼ਵਾਸ ਝਲਕਦਾ ਹੈ।
ਇਹ ਦਸ ਪ੍ਰਮੁੱਖ ਵਿਸ਼ੇਸ਼ਤਾਵਾਂ ਗੁਜਰਾਤ ਵਿੱਚ ਉਨ੍ਹਾਂ ਦੀ ਅਗਵਾਈ ਅਤੇ ਭਾਰਤ ਵਿੱਚ ਉਨ੍ਹਾਂ ਦੀ ਅਗਵਾਈ ਨੂੰ ਜੋੜਨ ਵਾਲੇ ਅਖੰਡ ਸੂਤਰ ਨੂੰ ਦਰਸਾਉਂਦੀਆਂ ਹਨ।
1 ਗੁਜਰਾਤ ਤੋਂ ਭਾਰਤ ਤੱਕ ਵਿਕਾਸ ਦੇ ਦ੍ਰਿਸ਼ਟੀਕੋਣ ਦਾ ਵਿਸਥਾਰ
ਇਸ ਪ੍ਰਸਤਾਵ ਵਿੱਚ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਸ ਤਰ੍ਹਾਂ ਨਾਲ ਗੁਜਰਾਤ ਦੀਆਂ ਸਫਲ ਪਹਿਲਕਦਮੀਆਂ ਨੂੰ ਰਾਸ਼ਟਰੀ ਪੱਧਰ ‘ਤੇ ਪਹੁੰਚਾਇਆ। ਸਵਾਗਤ (SWAGAT) ਪਹਿਲਕਦਮੀ ਜਿਸ ਰਾਹੀਂ ਉਨ੍ਹਾਂ ਨੇ ਵਿਅਕਤੀਗਤ ਤੌਰ ‘ਤੇ ਨਾਗਰਿਕਾਂ ਦੀਆਂ ਸ਼ਿਕਾਇਤਾਂ ਸੁਣੀਆਂ, ਉਸ ਨੂੰ 2010 ਵਿੱਚ ਸੰਯੁਕਤ ਰਾਸ਼ਟਰ ਲੋਕ ਸੇਵਾ ਪੁਰਸਕਾਰ ਮਿਲਿਆ। ਬਾਅਦ ਵਿੱਚ ਇਸੇ ਪਹਿਲਕਦਮੀ ਨੇ ਪ੍ਰਗਤੀ (PRAGATI) ਨੂੰ ਪ੍ਰੇਰਿਤ ਕੀਤਾ ਜਿਸ ਨੇ ਸਰਕਾਰਾਂ ਨੂੰ ਇਕੱਠੇ ਲਿਆ ਕੇ ਰੁਕੇ ਹੋਏ ਪ੍ਰੋਜੈਕਟਾਂ ਦੀ ਸਮੀਖਿਆ ਕਰਨ, ਰੁਕਾਵਟਾਂ ਨੂੰ ਦੂਰ ਕਰਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਵਿੱਚ ਤੇਜ਼ੀ ਲਿਆਉਣ ਦਾ ਕੰਮ ਕੀਤਾ। ਇਸੇ ਤਰ੍ਹਾਂ ਖੇਤੀਬਾੜੀ ਲਈ ਜਯੋਤੀਗ੍ਰਾਮ ਦੀਆਂ ਵੱਖਰੀਆਂ ਬਿਜਲੀ ਲਾਈਨਾਂ ਇੱਕ ਰਾਸ਼ਟਰੀ ਦ੍ਰਿਸ਼ਟੀਕੋਣ ਬਣ ਗਈਆਂ ਜਿਸ ਨਾਲ ਗੁਜਰਾਤ ਦੇ ਅਨੁਭਵ ਦਾ ਸੰਪੂਰਨ ਭਾਰਤ ਵਿੱਚ ਵਿਸਥਾਰ ਹੋਇਆ।
2. ਗ਼ਰੀਬਾਂ ਪ੍ਰਤੀ ਦਿਆਲਤਾ ਨੇ ਵਿਆਪਕ ਪੱਧਰ ‘ਤੇ ਸਨਮਾਨ ਦਾ ਰੂਪ ਲੈ ਲਿਆ
ਪ੍ਰਧਾਨ ਮੰਤਰੀ ਮੋਦੀ ਦੀ ਗ਼ਰੀਬੀ ਪ੍ਰਤੀ ਸੰਵੇਦਨਸ਼ੀਲਤਾ ਉਨ੍ਹਾਂ ਦੀ ਮਾਤਾ ਨੂੰ ਰੋਜ਼ਾਨਾ ਦੀਆਂ ਮੁਸ਼ਕਲਾਂ ਨਾਲ ਜੂਝਦੇ ਹੋਏ ਦੇਖਣ ਅਤੇ ਯਾਤਰਾਵਾਂ ਦੌਰਾਨ ਘਾਟ ਦਾ ਸਾਹਮਣਾ ਕਰਨ ਨਾਲ ਵਿਕਸਿਤ ਹੋਈ। ਇਹ ਪ੍ਰਸਤਾਵ ਇਨ੍ਹਾਂ ਅਨੁਭਵਾਂ ਨੂੰ ਘਰਾਂ, ਪਾਣੀ, ਬੈਂਕਿੰਗ ਅਤੇ ਸਿਹਤ ਸੇਵਾਵਾਂ ਨੂੰ ਉਪਲਬਧ ਕਰਵਾਉਣ ਵਾਲੇ ਪ੍ਰੋਗਰਾਮਾਂ ਨਾਲ ਜੋੜਦਾ ਹੈ। ਲਗਭਗ 60 ਕਰੋੜ ਜਨ ਧਨ ਖਾਤੇ, 4 ਕਰੋੜ ਤੋਂ ਵੱਧ ਘਰਾਂ ਅਤੇ 25 ਕਰੋੜ ਲੋਕਾਂ ਦਾ ਗ਼ਰੀਬੀ ਤੋਂ ਬਾਹਰ ਨਿਕਲਣਾ ਇਹ ਦਰਸਾਉਂਦਾ ਹੈ ਕਿਸ ਤਰ੍ਹਾਂ ਵਿਅਕਤੀਗਤ ਸਮਝ ਜਨਤਕ ਕਾਰਵਾਈ ਵਿੱਚ ਬਦਲ ਗਈ ਜਿਸ ਨਾਲ ਪਰਿਵਾਰਾਂ ਨੂੰ ਸਨਮਾਨ ਮਿਲਿਆ।
ਸਸ਼ਕਤੀਕਰਣ ਨਾਲ ਸਮਾਜ ਦੇ ਸਾਰੇ ਖੇਤਰਾਂ ਵਿੱਚ ਮੌਕੇ ਖੁਲ੍ਹੇ
ਇਸ ਪ੍ਰਸਤਾਵ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਲੋਕਾਂ ਨੂੰ ਆਪਣਾ ਭਵਿੱਖ ਬਿਹਤਰ ਕਰਨ ਵਿੱਚ ਸਹਾਇਤਾ ਦਾ ਸੰਕਲਪ ਸਪਸ਼ਟ ਤੌਰ ‘ਤੇ ਝਲਕਦਾ ਹੈ। ਲਗਭਗ 3.5 ਕਰੋੜ ਮਹਿਲਾਵਾਂ ਲਖਪਤੀ ਦੀਦੀ ਬਣੀਆਂ, ਨਾਲ ਹੀ ਨਾਰੀ ਸ਼ਕਤੀ ਵੰਦਨ ਅਧਿਨਿਯਮ ਦੇ ਤਹਿਤ ਮਹਿਲਾਵਾਂ ਦੇ ਲਈ ਰਾਖਵਾਂਕਰਨ ਦਾ ਪ੍ਰਾਵਧਾਨ ਕੀਤਾ ਗਿਆ। ਸਟਾਰਟਅੱਪਸ, ਕੌਸ਼ਲ ਵਿਕਾਸ ਅਤੇ ਸਿੱਖਿਆ ਸਬੰਧੀ ਸੁਧਾਰਾਂ ਨੇ ਨੌਜਵਾਨਾਂ ਲਈ ਮੌਕਿਆਂ ਦਾ ਵਿਸਥਾਰ ਕੀਤਾ। ਪੀਐੱਮ-ਕਿਸਾਨ ਯੋਜਨਾ ਦੇ ਤਹਿਤ 4 ਲੱਖ ਕਰੋੜ ਰੁਪਏ ਤੋਂ ਵੱਧ ਟ੍ਰਾਂਸਫਰ ਹੋਇਆ, ਜਦਕਿ ਪੀਐੱਮ-ਜਨਮਨ ਯੋਜਨਾ ਨੇ ਵਿਸ਼ੇਸ਼ ਤੌਰ ‘ਤੇ ਕਮਜ਼ੋਰ ਕਬਾਇਲੀ ਭਾਈਚਾਰਾਂ ਨੂੰ ਟੀਚਾਬੱਧ ਸਹਾਇਤਾ ਪ੍ਰਦਾਨ ਕੀਤੀ ਜਿਸ ਨਾਲ ਇਤਿਹਾਸਕ ਪੱਖੋਂ ਪਿਛੜੇ ਭਾਈਚਾਰਿਆਂ ਤੱਕ ਵਿਕਾਸ ਦਾ ਵਿਸਥਾਰ ਹੋਇਆ।
4. ਸੁਧਾਰ ਪ੍ਰਤੀ ਅਟੁੱਟ ਵਚਨਬੱਧਤਾ
ਇਸ ਪ੍ਰਸਤਾਵ ਵਿੱਚ ਰਾਜਨੀਤਿਕ ਜੋਖਮਾਂ ਦੇ ਬਾਵਜੂਦ ਸੁਧਾਰਾਂ ਨੂੰ ਅੱਗੇ ਵਧਾਉਣ ਦੀ ਪ੍ਰਧਾਨ ਮੰਤਰੀ ਮੋਦੀ ਦੀ ਤਤਪਰਤਾ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਜੀਐੱਸਟੀ, ਵੈੱਲਫੇਅਰ ਡਿਲੀਵਰੀ ਵਿੱਚ ਸੁਧਾਰ ਅਤੇ ਬਸਤੀਵਾਦੀ ਕਾਨੂੰਨਾਂ ਨੂੰ ਬਦਲਣਾ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਚੁਣੌਤੀਆਂ ਨਾਲ ਨਿਪਟਣ ਦੇ ਉਨ੍ਹਾਂ ਦੇ ਦ੍ਰਿੜ੍ਹ ਇਰਾਦੇ ਨੂੰ ਦਰਸਾਉਂਦੇ ਹਨ। ਸਵੱਛਤਾ, ਡਿਜੀਟਲ ਭੁਗਤਾਨ ਅਤੇ ਸਥਾਨਕ ਉਤਪਾਦਾਂ ‘ਤੇ ਉਨ੍ਹਾਂ ਦੀਆਂ ਅਪੀਲਾਂ ਨੇ ਨਾਗਰਿਕਾਂ ਨੂੰ ਬਦਲਾਅ ਦੇ ਲਈ ਪ੍ਰੇਰਿਤ ਕੀਤਾ। ਸੁਧਾਰ ਉਨ੍ਹਾਂ ਦੀ ਅਗਵਾਈ ਦੀ ਨਿਰੰਤਰ ਵਚਨਬੱਧਤਾ ਦੇ ਰੂਪ ਵਿੱਚ ਉਭਰਦਾ ਹੈ ਜਿਸ ਨੂੰ ਦ੍ਰਿੜ੍ਹ ਵਿਸ਼ਵਾਸ, ਜਨਤਕ ਭਾਗੀਦਾਰੀ ਅਤੇ ਰਾਸ਼ਟਰੀ ਉਦੇਸ਼ ਤੋਂ ਬਲ ਮਿਲਦਾ ਹੈ।
5. ਆਤਮ-ਨਿਰਭਰ ਭਾਰਤ ਦੀ ਨੀਂਹ ਦਾ ਨਿਰਮਾਣ
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ, ਜਨਤਕ ਪੂੰਜੀਗਤ ਖਰਚ 2 ਲੱਖ ਕਰੋੜ ਰੁਪਏ ਤੋਂ ਵਧ ਕੇ 12 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਗਿਆ। ਨਾਲ ਹੀ ਰਾਜਮਾਰਗਾਂ ਦਾ ਵਿਸਥਾਰ ਅਤੇ ਰੇਲਵੇ ਦਾ ਇਲੈਕਟ੍ਰੀਫਿਕੇਸ਼ਨ ਵੀ ਹੋਇਆ। ਇਲੈਕਟ੍ਰੌਨਿਕਸ ਉਤਪਾਦਨ ਲਗਭਗ 2 ਲੱਖ ਕਰੋੜ ਰੁਪਏ ਤੋਂ ਵਧ ਕੇ 13 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਗਿਆ। ਰੱਖਿਆ ਉਤਪਾਦਨ ਅਤੇ ਸੈਮੀਕੰਡਕਟਰ ਮੈਨੂਫੈਕਚਰਿੰਗ ਭਾਰਤ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਦੇ ਉਨ੍ਹਾਂ ਦੇ ਦ੍ਰਿੜ੍ਹ ਇਰਾਦੇ ਨੂੰ ਦਰਸਾਉਂਦੇ ਹਨ।
6. ਤਕਨਾਲੋਜੀ ਨਾਲ ਨਾਗਰਿਕਾਂ ਦੀ ਸੇਵਾ ਅਤੇ ਰਾਸ਼ਟਰੀ ਇੱਛਾਵਾਂ ਦਾ ਵਿਸਥਾਰ
ਪ੍ਰਧਾਨ ਮੰਤਰੀ ਮੋਦੀ ਦਾ ਤਕਨਾਲੋਜੀ ‘ਤੇ ਭਰੋਸਾ ਰੋਜ਼ਾਨਾ ਦੀਆਂ ਸੇਵਾਵਾਂ ਅਤੇ ਵਿਗਿਆਨਕ ਖੇਤਰ ਵਿੱਚ ਹਾਸਲ ਕੀਤੀਆਂ ਗਈਆਂ ਪ੍ਰਾਪਤੀਆਂ ਤੋਂ ਸਪਸ਼ਟ ਹੁੰਦਾ ਹੈ। ਜਨ ਧਨ, ਆਧਾਰ ਅਤੇ ਮੋਬਾਈਲ ਸੰਪਰਕ ਨੇ ਭਲਾਈ ਯੋਜਨਾਵਾਂ ਦੀ ਵੰਡ ਵਿੱਚ ਸੁਧਾਰ ਕੀਤਾ ਜਦਕਿ ਯੂਪੀਆਈ ਨੇ ਭੁਗਤਾਨ ਪ੍ਰਣਾਲੀ ਦਾ ਕਾਇਆਕਲਪ ਕਰ ਦਿੱਤਾ ਹੈ। ਭਾਰਤ ਵਿੱਚ ਕੋਵਿਡ-19 ਦੇ ਟੀਕੇ ਵਿਕਸਿਤ ਕਰਨਾ ਅਤੇ ਚੰਦ੍ਰਯਾਨ-3 ਨੂੰ ਚੰਨ ਦੇ ਦੱਖਣੀ ਧਰੁਵ ਦੇ ਨੇੜੇ ਉਤਾਰਨਾ, ਪ੍ਰਧਾਨ ਮੰਤਰੀ ਮੋਦੀ ਦੇ ਵਿਗਿਆਨਕ ਤੌਰ ‘ਤੇ ਸਮਰੱਥ, ਆਤਮ-ਨਿਰਭਰ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। ਨਿਜੀ ਖੇਤਰ ਦੀ ਪੁਲਾੜ ਸਬੰਧੀ ਮਾਮਲਿਆਂ ਵਿੱਚ ਭਾਗੀਦਾਰੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ, ਕੁਆਂਟਮ ਟੈਕਨੋਲੋਜੀ ਅਤੇ ਬਾਇਓਟੈਕਨੋਲੋਜੀ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜ, ਸੰਕਲਪ ਵਿੱਚ ਉੱਪਰ ਲਿਖੇ ਇਸ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹਨ ਕਿ: ਤਕਨਾਲੋਜੀ ਜੀਵਨ ਨੂੰ ਬਿਹਤਰ ਬਣਾਉਂਦੇ ਹੋਏ ਰਾਸ਼ਟਰੀ ਸੰਭਾਵਨਾਵਾਂ ਦਾ ਵਿਸਥਾਰ ਕਰਦੀ ਹੈ।
7. ਉਥਲ-ਪੁਥਲ ਭਰੇ ਦੌਰ ਵਿੱਚ ਦ੍ਰਿੜ੍ਹ ਅਗਵਾਈ
ਇਸ ਪ੍ਰਸਤਾਵ ਵਿੱਚ ਆਲਮੀ ਉਥਲ-ਪੁਥਲ ਦੇ ਦੌਰ ਵਿੱਚ ਭਾਰਤ ਨੂੰ ਦਿਸ਼ਾ ਦੇਣ ਦੀ ਪ੍ਰਧਾਨ ਮੰਤਰੀ ਮੋਦੀ ਦੀ ਉਸ ਸਮਰੱਥਾ ਨੂੰ ਉਜਾਗਰ ਕੀਤਾ ਗਿਆ ਹੈ। ਕੋਵਿਡ-19 ਦੌਰਾਨ, ਉਨ੍ਹਾਂ ਨੇ ਦੇਸ਼ ਨੂੰ ਇਕਜੁੱਟ ਕੀਤਾ, ਘਰੇਲੂ ਟੀਕਿਆਂ ਦੇ ਵਿਕਾਸ ਦਾ ਸਮਰਥਨ ਕੀਤਾ ਅਤੇ ਤੇਜ਼ੀ ਨਾਲ ਟੀਕਾਕਰਣ ਨੂੰ ਸੰਭਵ ਬਣਾਇਆ। ਪੱਛਮੀ ਏਸ਼ੀਆ ਸੰਕਟ ਦੌਰਾਨ ਲਏ ਗਏ ਸਮੇਂ ਸਿਰ ਫੈਸਲਿਆਂ ਅਤੇ ਊਰਜਾ ਸੁਰੱਖਿਆ ਸਬੰਧੀ ਉਪਾਵਾਂ ਨੇ ਭਾਰਤ ਨੂੰ ਰੁਕਾਵਟਾਂ ਦਾ ਸਾਹਮਣਾ ਕਰਨ ਵਿੱਚ ਮਦਦ ਕੀਤੀ। ਉਨ੍ਹਾਂ ਦੀ ਅਗਵਾਈ ਨੇ ਵਰ੍ਹਿਆਂ ਤੋਂ ਵਿਕਸਿਤ ਸਮਰੱਥਾਵਾਂ ਦੇ ਨਾਲ-ਨਾਲ ਤੁਰੰਤ ਪ੍ਰਤੀਕਿਰਿਆਵਾਂ ਨੂੰ ਵੀ ਸ਼ਾਮਲ ਕੀਤਾ ਜਿਸ ਨਾਲ ਦੇਸ਼ ਨੂੰ ਔਖੇ ਸਮੇਂ ਵਿੱਚ ਸਮਰੱਥਾ ਦੇ ਨਾਲ ਆਤਮ-ਵਿਸ਼ਵਾਸ ਮਿਲਿਆ।
8. ਫੈਸਲਾਕੁੰਨ ਅਗਵਾਈ ਨਾਲ ਸ਼ਾਂਤੀ ਅਤੇ ਆਤਮ-ਵਿਸ਼ਵਾਸ ਹੋਇਆ ਯਕੀਨੀ
2016 ਦੀ ਸਰਜੀਕਲ ਸਟ੍ਰਾਇਕ, 2019 ਦੀ ਬਾਲਾਕੋਟ ਹਵਾਈ ਹਮਲੇ ਅਤੇ 2025 ਦਾ ਆਪ੍ਰੇਸ਼ਨ ਸਿੰਦੂਰ, ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਸਥਾਪਿਤ ਰਾਸ਼ਟਰੀ ਸੁਰੱਖਿਆ ਦੀਆਂ ਰਣਨੀਤਕ ਸਰਹੱਦਾਂ ਨੂੰ ਦਰਸਾਉਂਦੇ ਹਨ। ਪ੍ਰਸਤਾਵ ਵਿੱਚ ਇਨ੍ਹਾਂ ਨੂੰ ਆਰਟੀਕਲ 370 ਨੂੰ ਹਟਾਉਣ, ਇੱਕ ਰੈਂਕ ਇੱਕ ਪੈਨਸ਼ਨ ਅਤੇ ਚੀਫ ਆਫ ਡਿਫੈਂਸ ਸਟਾਫ ਦੇ ਅਹੁਦੇ ਦੀ ਸਿਰਜਣਾ ਦੇ ਨਾਲ ਰੱਖਿਆ ਗਿਆ ਹੈ। ਮਾਓਵਾਦੀ ਅੱਤਵਾਦ ਦੇ ਵਿਰੁੱਧ ਕਾਰਵਾਈ ਅਤੇ ਉੱਤਰ ਪੂਰਬ ਵਿੱਚ ਸ਼ਾਂਤੀ ਦੇ ਯਤਨਾਂ ਨਾਲ ਅਜਿਹੀ ਅਗਵਾਈ ਦਾ ਪਤਾ ਚੱਲਦਾ ਹੈ ਜੋ ਰਾਸ਼ਟਰੀ ਸੰਕਲਪ ਨੂੰ ਵਿਕਾਸ, ਸਥਿਰਤਾ ਅਤੇ ਜਨਤਕ ਵਿਸ਼ਵਾਸ ਨਾਲ ਜੋੜਦਾ ਹੈ।
9 ਵਿਸ਼ਵ ਮੰਚ ‘ਤੇ ਭਾਰਤ ਦਾ ਪ੍ਰਭਾਵ ਅਤੇ ਮਹੱਤਵ ਵਧ ਰਿਹਾ ਹੈ
ਇਸ ਪ੍ਰਸਤਾਵ ਵਿੱਚ ਭਾਰਤ ਦੀ ਵਧਦੀ ਪ੍ਰਤਿਸ਼ਠਾ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਵੱਖ-ਵੱਖ ਮਤਭੇਦਾਂ ਦੇ ਬਾਵਜੂਦ ਸਹਿਯੋਗ ਸਥਾਪਿਤ ਕਰਨ ਦੀ ਸਮਰੱਥਾ ਨਾਲ ਜੋੜਿਆ ਗਿਆ ਹੈ। ਜੀ20 ਅਤੇ ਬ੍ਰਿਕਸ ਵਿੱਚ ਸਰਬਸੰਮਤੀ ਦਾ ਨਿਰਮਾਣ, ਵਿਕਾਸਸ਼ੀਲ ਅਤੇ ਪਿਛੜੇ ਦੇਸ਼ਾਂ ਦੇ ਪੱਖ ਦਾ ਸਮਰਥਨ ਅਤੇ ਅਫਰੀਕੀ ਯੂਨੀਅਨ ਦਾ ਜੀ20 ਵਿੱਚ ਸ਼ਾਮਲ ਹੋਣਾ ਅਤੇ ਉਨ੍ਹਾਂ ਦੇ ਕੂਟਨੀਤਕ ਅਗਵਾਈ ਨੂੰ ਦਰਸਾਉਂਦਾ ਹੈ। ਵੈਕਸੀਨ ਮੈਤ੍ਰੀ ਅਭਿਆਨ ਨੇ ਇਹ ਸਿੱਧ ਕਰ ਦਿੱਤਾ ਕਿ ਭਾਰਤ ਦੀਆਂ ਸਮਰੱਥਾਵਾਂ ਦੂਸਰਿਆਂ ਲਈ ਕਿਸ ਤਰ੍ਹਾਂ ਨਾਲ ਉਪਯੋਗੀ ਹੋ ਸਕਦੀਆਂ ਹਨ। 36 ਦੇਸ਼ਾਂ ਤੋਂ ਪ੍ਰਾਪਤ ਸਨਮਾਨ ਪ੍ਰਧਾਨ ਮੰਤਰੀ ਮੋਦੀ ਨੂੰ ਪ੍ਰਾਪਤ ਅੰਤਰਰਾਸ਼ਟਰੀ ਸਨਮਾਨ ਅਤੇ ਸਾਂਝੇ ਸਮਾਧਾਨਾਂ ਵਿੱਚ ਭਾਰਤ ਦੇ ਵਧਦੇ ਪ੍ਰਭਾਵ ਅਤੇ ਯੋਗਦਾਨ ਨੂੰ ਰੇਖਾਂਕਿਤ ਕਰਦੇ ਹਨ।
10 ਪ੍ਰਗਤੀ ਨੂੰ ਵਿਰਾਸਤ ਅਤੇ ਜ਼ਿੰਮੇਵਾਰੀ ਤੋਂ ਸ਼ਕਤੀ ਮਿਲਦੀ ਹੈ
ਪ੍ਰਧਾਨ ਮੰਤਰੀ ਮੋਦੀ ਦੀ ਦੂਰਦ੍ਰਿਸ਼ਟੀ ਵਿਕਾਸ, ਸੱਭਿਆਚਾਰਕ ਆਤਮ-ਵਿਸ਼ਵਾਸ ਅਤੇ ਵਾਤਾਵਰਣ-ਅਧਾਰਿਤ ਜ਼ਿੰਮੇਵਾਰੀ ਨੂੰ ਇਕੱਠਾ ਕਰਦੀ ਹੈ। ਜਲਵਾਯੂ ਪਰਿਵਰਤਨ ਸਬੰਧੀ ਕਾਰਜਾਂ ਵਿੱਚ ਗੁਜਰਾਤ ਦੇ ਸਮਰਪਿਤ ਵਿਭਾਗ ਤੋਂ ਲੈ ਕੇ ਅਖੁੱਟ ਊਰਜਾ ਵਿਸਥਾਰ ਅਤੇ ਅੰਤਰਰਾਸ਼ਟਰੀ ਸਾਂਝੇਦਾਰੀਆਂ ਤੱਕ ਪ੍ਰਗਤੀ ਹੋਈ ਹੈ। ਯੋਗ, ਮੋਟੇ ਅਨਾਜ, ਕਾਸ਼ੀ ਵਿਸ਼ਵਨਾਥ ਧਾਮ ਅਤੇ ਰਾਮਲਲਾ ਦੀ ਪ੍ਰਤਿਮਾ ਦੀ ਸਥਾਪਨਾ ਨੇ ਭਾਰਤ ਦੇ ਉਸ ਦੀ ਵਿਰਾਸਤ ਨਾਲ ਸਬੰਧ ਨੂੰ ਹੋਰ ਵੀ ਮਜ਼ਬੂਤੀ ਪ੍ਰਦਾਨ ਕੀਤੀ ਹੈ। ਇਹ ਪ੍ਰਸਤਾਵ 2047 ਤੱਕ ਸਮ੍ਰਿੱਧ, ਆਤਮ-ਨਿਰਭਰ ਅਤੇ ਵਿਕਸਿਤ ਭਾਰਤ ਦੇ ਸਮੂਹਿਕ ਯਤਨ ਦੀ ਉਨ੍ਹਾਂ ਦੀ ਦੂਰਦ੍ਰਿਸ਼ਟੀ ਪ੍ਰਤੀ ਨਵੇਂ ਸਿਰ੍ਹੇ ਤੋਂ ਕੀਤੀ ਗਈ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਕਿਰਪਾ ਕਰਕੇ ਇੱਥੇ ਕਲਿੱਕ ਕਰਕੇ ਕੇਂਦਰੀ ਕੈਬਨਿਟ ਦਾ ਪ੍ਰਸਤਾਵ ਹਿੰਦੀ ਵਿੱਚ ਦੇਖੋ।
*******
ਐੱਮਜੇਪੀਐੱਸ/ਏਕੇ