Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਗਿਫ਼ਟ ਸਿਟੀ, ਗਾਂਧੀਨਗਰ ‘ਚ ‘ਇੰਡੀਆ ਇੰਟਰਨੈਸ਼ਨਲ ਐਕਸਚੇਂਜ’ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਗਿਫ਼ਟ ਸਿਟੀ, ਗਾਂਧੀਨਗਰ ‘ਚ ‘ਇੰਡੀਆ ਇੰਟਰਨੈਸ਼ਨਲ ਐਕਸਚੇਂਜ’ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਗਿਫ਼ਟ ਸਿਟੀ, ਗਾਂਧੀਨਗਰ ‘ਚ ‘ਇੰਡੀਆ ਇੰਟਰਨੈਸ਼ਨਲ ਐਕਸਚੇਂਜ’ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਗਿਫ਼ਟ ਸਿਟੀ, ਗਾਂਧੀਨਗਰ ‘ਚ ‘ਇੰਡੀਆ ਇੰਟਰਨੈਸ਼ਨਲ ਐਕਸਚੇਂਜ’ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਮੈਨੂੰ ਭਾਰਤ ਦੀ ਪਹਿਲੀ ਅੰਤਰਰਾਸ਼ਟਰੀ ਸਟਾਕ ਐਕਸਚੇਂਜ – ਇੰਡੀਆ ਇੰਟਰਨੈਸ਼ਨਲ ਐਕਸਚੇਂਜ – ਦਾ ਉਦਘਾਟਨ ਕਰਨ ਲਈ ਇੱਥੇ ‘ਗਿਫ਼ਟ ਸਿਟੀ’ ‘ਚ ਆ ਕੇ ਬਹੁਤ ਖ਼ੁਸ਼ੀ ਹੋਈ ਹੈ। ਸੱਚਮੁਚ ਭਾਰਤ ਦੇ ਵਿੱਤੀ ਖੇਤਰ ਲਈ ਇਹ ਇੱਕ ਅਹਿਮ ਮੌਕਾ ਹੈ।

ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਜੈਕਟ ਨੇ ਸਾਲ 2007 ਵਿੱਚ ਆਕਾਰ ਲਿਆ ਸੀ। ਇਸ ਪਿੱਛੇ ਦ੍ਰਿਸ਼ਟੀ ਇਹੋ ਸੀ ਕਿ ਭਾਰਤ ਲਈ ਵਿਸ਼ਵ ਪੱਧਰ ਦਾ ਵਿੱਤੀ ਅਤੇ ਸੂਚਨਾ-ਟੈਕਨੋਲੋਜੀ ਖੇਤਰ ਸਿਰਜਿਆ ਜਾਵੇ, ਤਾਂ ਜੋ ਉਸ ਦੀਆਂ ਸੇਵਾਵਾਂ ਕੇਵਲ ਭਾਰਤ ਨੂੰ ਹੀ ਨਹੀਂ, ਸਗੋਂ ਸਮੁੱਚੇ ਵਿਸ਼ਵ ਨੂੰ ਮਿਲ ਸਕਣ।

ਉਨ੍ਹਾਂ ਦਿਨਾਂ ਵਿੱਚ, ਜਿਵੇਂ ਕਿ ਹੁਣ ਵੀ ਹੁੰਦਾ ਹੈ, ਜਿੱਥੇ ਵੀ ਮੈਂ ਜਾਂਦਾ ਸਾਂ, ਮੈਂ ਉਨ੍ਹਾਂ ਦੇਸ਼ਾਂ ਦੇ ਉੱਚ-ਪੱਧਰ ਦੇ ਕੁਝ ਵਿੱਤੀ ਚਿੰਤਕਾਂ ਨੂੰ ਮਿਲਦਾ ਸਾਂ। ਚਾਹੇ ਨਿਊ ਯਾਰਕ ਹੋਵੇ, ਤੇ ਭਾਵੇਂ ਲੰਡਨ, ਸਿੰਗਾਪੁਰ, ਹਾਂਗ ਕਾਂਗ ਜਾਂ ਅਬੂ ਧਾਬੀ; ਉਨ੍ਹਾਂ ਵਿੱਚੋਂ ਬਹੁਤ ਸਾਰੇ ਭਾਰਤੀ ਮੂਲ ਦੇ ਵਿਅਕਤੀ ਜ਼ਰੂਰ ਮਿਲ ਜਾਂਦੇ ਸਨ। ਮੈਂ ਇਸ ਗੱਲ ਤੋਂ ਪ੍ਰਭਾਵਿਤ ਸਾਂ ਕਿ ਵਿੱਤੀ ਵਿਸ਼ਵ ਦੀ ਉਨ੍ਹਾਂ ਨੂੰ ਇੰਨੀ ਜ਼ਿਆਦਾ ਸਮਝ ਸੀ ਅਤੇ ਉਹ ਹੁਣ ਜਿਹੜੇ ਵੀ ਦੇਸ਼ਾਂ ਵਿੱਚ ਰਹਿ ਰਹੇ ਹਨ, ਉਹ ਉੱਥੇ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।

ਮੈਂ ਅਕਸਰ ਸੋਚਦਾ ਹੁੰਦਾ ਸਾਂ,”ਇਹ ਪ੍ਰਤਿਭਾ ਅਸੀਂ ਵਾਪਸ ਕਿਵੇਂ ਲਿਆ ਸਕਦੇ ਹਨ ਅਤੇ ਨਾਲ ਹੀ ਸਮੁੱਚੇ ਵਿੱਤੀ ਵਿਸ਼ਵ ਨੂੰ ਲੀਡਰਸ਼ਿਪ ਕਿਵੇਂ ਪ੍ਰਦਾਨ ਕਰਵਾਈ ਜਾ ਸਕਦੀ ਹੈ?”

ਭਾਰਤ ਦੀ ਗਣਿਤ ਵਿੱਚ ਲੰਮੀ ਰਵਾਇਤ ਰਹੀ ਹੈ। ਭਾਰਤ ਨੇ ਦੋ ਹਜ਼ਾਰ ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ‘ਸਿਫ਼ਰ’ ਦੀ ਧਾਰਨਾ ਅਤੇ ‘ਦਸ਼ਮਲਵ ਪ੍ਰਣਾਲੀ’ ਦੀ ਖੋਜ ਕੀਤੀ ਸੀ। ਇਹ ਚਾਣਚੱਕ ਹੀ ਨਹੀਂ ਵਾਪਰ ਗਿਆ ਕਿ ਭਾਰਤੀ ਇਸ ਵੇਲੇ ਸੂਚਨਾ ਟੈਕਨੋਲੋਜੀ ਅਤੇ ਵਿੱਤ ਦੇ ਖੇਤਰਾਂ ਵਿੱਚ ਮੋਹਰੀ ਹਨ; ਕਿਉਂਕਿ ਗਿਆਨ ਦੇ ਇਨ੍ਹਾਂ ਦੋਵੇਂ ਹੀ ਖੇਤਰਾਂ ‘ਚ ਸਿਫ਼ਰ ਦੀ ਭੂਮਿਕਾ ਅਹਿਮ ਹੁੰਦੀ ਹੈ!

ਜਦੋਂ ‘ਗਿਫ਼ਟ ਸਿਟੀ’ ਦੀ ਧਾਰਨਾ ਜਨਮ ਲੈ ਰਹੀ ਸੀ, ਮੈਂ ਉਦੋਂ ਗੁਜਰਾਤ ਦਾ ਮੁੱਖ ਮੰਤਰੀ ਸਾਂ। ਟੈਕਨੋਲੋਜੀ ਦੇ ਮਾਮਲੇ ਵਿੱਚ ਹੁਣ ਕਈ ਗੁਣਾ ਪ੍ਰਗਤੀ ਹੋ ਚੁੱਕੀ ਹੈ। ਸਾਡੇ ਕੋਲ ਭਾਰਤ ਤੇ ਵਿਦੇਸ਼ਾਂ ਵਿੱਚ ਭਾਰਤੀ ਮੂਲ ਦੀ ਵਿਸ਼ਵ ਪੱਧਰੀ ਪ੍ਰਤਿਭਾ ਮੌਜੂਦ ਸੀ। ਸੂਚਨਾ ਟੈਕਨੋਲੋਜੀ ਵਿੱਚ ਭਾਰਤ ਦੀ ਸਥਿਤੀ ਸਦਾ ਲੀਡਰਸ਼ਿਪ ਵਾਲੀ ਰਹੀ ਹੈ। ਵਿੱਤ ਦਾ ਟੈਕਨੋਲੋਜੀ ਨਾਲ ਸਬੰਧ ਬਹੁਤ ਮਜ਼ਬੂਤ ਹੁੰਦਾ ਜਾ ਰਿਹਾ ਸੀ। ਇਹ ਸਾਨੂੰ ਸਪੱਸ਼ਟ ਹੋ ਰਿਹਾ ਸੀ ਕਿ ਵਿੱਤ ਨੂੰ ਟੈਕਨੋਲੋਜੀ ਨਾਲ ਜੋੜਨਾ, ਜਾਂ ਜਿਵੇਂ ਕਿ ਕੁਝ ਵਾਰ ਇਸ ਨੂੰ ‘ਫ਼ਿਨਟੈੱਕ’ ਵੀ ਕਿਹਾ ਜਾਂਦਾ ਹੈ, ਭਾਰਤ ਦੇ ਭਵਿੱਖਮੁਖੀ ਵਿਕਾਸ ਦਾ ਅਹਿਮ ਅੰਗ ਹੋਵੇਗਾ।

ਮੈਂ ਬਹੁਤ ਸਾਰੇ ਮਾਹਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਸੀ ਕਿ ਭਾਰਤ ਨੂੰ ਵਿੱਤ ਦੇ ਖੇਤਰ ਵਿੱਚ ਇੱਕ ਚਿੰਤਕ ਆਗੂ ਕਿਵੇਂ ਬਣਾਇਆ ਜਾ ਸਕਦਾ ਹੈ। ਇਹ ਸਪੱਸ਼ਟ ਸੀ ਕਿ ਸਾਨੂੰ ਬਿਹਤਰੀਨ ਸਹੂਲਤਾਂ ਅਤੇ ਵਿਸ਼ਵ ਦੇ ਸਾਰੇ ਬਾਜ਼ਾਰਾਂ ਵਿੱਚ ਲੈਣ-ਦੇਣ ਦੀ ਯੋਗਤਾ ਦੀ ਲੋੜ ਪਵੇਗੀ। ‘ਗਿਫ਼ਟ ਸਿਟੀ’ ਇਸੇ ਦ੍ਰਿਸ਼ਟੀਕੋਣ ਤੋਂ ਉਪਜੀ ਸੀ। ਸਾਡਾ ਉਦੇਸ਼ ਸੀ ਕਿ ਵਿੱਤ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਭਾਰਤ ਦੀ ਵਿਸ਼ਵ-ਪੱਧਰੀ ਪ੍ਰਤਿਭਾ ਨੂੰ ਵਿਸ਼ਵ-ਪੱਧਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਅੱਜ ਇਸ ਐਕਸਚੇਂਜ ਦੇ ਉਦਘਾਟਨ ਨਾਲ, ਅਸੀਂ ਉਸ ਦ੍ਰਿਸ਼ਟੀਕੋਣ ਦੀ ਪ੍ਰਾਪਤੀ ਵਿੱਚ ਇੱਕ ਮੀਲ-ਪੱਥਰ ਕਾਇਮ ਕਰ ਲਿਆ ਹੈ।

ਮੈਂ ਇੱਕ ਪੁਸਤਕ ਜਾਰੀ ਕਰਨ ਲਈ ਜੂਨ 2013 ‘ਚ ਬੌਂਬੇ ਸਟਾਕ ਐਕਸਚੇਂਜ ਗਿਆ ਸਾਂ। ਉਸ ਸਮੇਂ, ਬੀ.ਐਸ.ਈ. ਨੂੰ ਇੱਕ ਵਿਸ਼ਵ ਪੱਧਰ ਦੀ ਇੰਟਰਨੈਸ਼ਨਲ ਸਟਾਕ ਐਕਸਚੇਂਜ ਸਥਾਪਤ ਕਰਨ ਦਾ ਸੱਦਾ ਦਿੱਤਾ ਸੀ । ਸਾਲ 2015 ‘ਚ, ‘ਵਾਇਬ੍ਰੈਂਟ ਗੁਜਰਾਤ’ ਸਮਾਰੋਹ ਦੌਰਾਨ, ਉਨ੍ਹਾਂ ਗੁਜਰਾਤ ਸਰਕਾਰ ਨਾਲ ਇੱਕ ਸਹਿਮਤੀ-ਪੱਤਰ ਉੱਤੇ ਹਸਤਾਖਰ ਕੀਤੇ ਸਨ। ਅੱਜ, ਮੈਨੂੰ ਇਸ ਨਵੀਂ ਇੰਡੀਆ ਇੰਟਰਨੈਸ਼ਨਲ ਐਕਸਚੇਂਜ ਦਾ ਉਦਘਾਟਨ ਕਰਨ ਲਈ ਇੱਥੇ ਆ ਕੇ ਬਹੁਤ ਖ਼ੁਸ਼ੀ ਹੋਈ ਹੈ। ਇਹ ਕੇਵਲ ‘ਗਿਫ਼ਟ ਸਿਟੀ’ ਲਈ ਹੀ ਨਹੀਂ ਹੈ, ਸਗੋਂ 21ਵੀਂ ਸਦੀ ਦਾ ਬੁਨਿਆਦੀ ਢਾਂਚਾ ਸਿਰਜਣ ਲਈ ਭਾਰਤ ਵਾਸਤੇ ਵੀ ਇਹ ਇੱਕ ਅਹਿਮ ਮੀਲ-ਪੱਥਰ ਹੈ।

ਮੈਨੂੰ ਦੱਸਿਆ ਗਿਆ ਹੈ ਕਿ ਇਹ ਐਕਸਚੇਂਜ ਪਹਿਲੇ ਗੇੜ ਦੌਰਾਨ ਇਕਵਿਟੀ, ਵਸਤਾਂ, ਕਰੰਸੀਆਂ ਤੇ ਵਿਆਜ ਦੀ ਦਰ ਜਿਹੇ ਖੇਤਰਾਂ ਵਿੱਚ ਕਾਰੋਬਾਰ ਕਰੇਗੀ। ਬਾਅਦ ‘ਚ, ਇਹ ਭਾਰਤੀ ਅਤੇ ਵਿਦੇਸ਼ੀ ਕੰਪਨੀਆਂ ਦੇ ਇਕਵਿਟੀ ਇੰਸਟਰੂਮੈਂਟਸ ਦਾ ਕਾਰੋਬਾਰ ਵੀ ਕਰੇਗੀ। ਮੈਨੂੰ ਦੱਸਿਆ ਗਿਆ ਹੈ ਕਿ ਇੱਥੇ ਮਸਾਲਾ ਬੌਂਡਜ਼ ਵੀ ਟਰੇਡਿੰਗ ਲਈ ਉਪਲਬਧ ਹੋਣਗੇ। ਏਸ਼ੀਆ, ਅਫ਼ਰੀਕਾ ਤੇ ਯੂਰੋਪ ਦੀਆਂ ਹੋਰ ਬਹੁਤ ਸਾਰੀਆਂ ਕੰਪਨੀਆਂ ਇਸ ਅਹਿਮ ਅੰਤਰਰਾਸ਼ਟਰੀ ਵਿੱਤ ਕੇਂਦਰ ਤੋਂ ਫ਼ੰਡ ਪੈਦਾ ਕਰਨ ਦੇ ਯੋਗ ਹੋਣੀਆਂ ਚਾਹੀਦੀਆਂ ਹਨ। ਇਹ ਐਕਸਚੇਂਜ ਵਿਸ਼ਵ ਦੀਆਂ ਸਭ ਤੋਂ ਤੇਜ਼ ਰਫ਼ਤਾਰ ਐਕਸਚੇਂਜਾਂ ਵਿੱਚੋਂ ਇੱਕ ਬਣਨ ਜਾ ਰਹੀ ਹੈ ਕਿਉਂਕਿ ਇੱਥੇ ਅਤਿ ਆਧੁਨਿਕ ਟਰੇਡਿੰਗ, ਕਲੀਅਰਿੰਗ ਅਤੇ ਸੈਟਲਮੈਂਟ ਸਿਸਟਮਜ਼ ਮੌਜੂਦ ਹਨ। ਪੱਛਮ ਅਤੇ ਪੂਰਬ ਵਿਚਾਲੇ ਭਾਰਤ ਦਾ ਸਮਾਂ-ਖੇਤਰ ਸ਼ਾਨਦਾਰ ਹੈ। ਇਹ ਐਕਸਚੇਂਜ ਸਮੁੱਚੇ ਵਿਸ਼ਵ ਨੂੰ ਦਿਨ ਤੇ ਰਾਤ ਹਰ ਸਮੇਂ ਵਿੱਤੀ ਸੇਵਾਵਾਂ ਦਿੰਦੀ ਰਹਿ ਸਕਦੀ ਹੈ। ਮੈਨੂੰ ਦੱਸਿਆ ਗਿਆ ਹੈ ਕਿ ਇਹ ਐਕਸਚੇਂਜ ਬਾਈ ਘੰਟੇ ਕੰਮ ਕਰੇਗੀ; ਭਾਵ ਇਸ ਦੀ ਸ਼ੁਰੂਆਤ ਉਦੋਂ ਹੋਵੇਗੀ, ਜਦੋਂ ਜਾਪਾਨੀ ਬਜ਼ਾਰ ਖੁੱਲ੍ਹ ਜਾਣਗੇ ਅਤੇ ਬੰਦ ਉਦੋਂ ਹੋਵੇਗੀ, ਜਦੋਂ ਅਮਰੀਕੀ ਬਜ਼ਾਰ ਬੰਦ ਹੋਣਗੇ। ਮੈਨੂੰ ਯਕੀਨ ਹੈ ਕਿ ਇਹ ਐਕਸਚੇਂਜ ਆਪਣੇ ਸੇਵਾ-ਮਿਆਰ ਦੇ ਨਵੇਂ ਮਾਪਦੰਡ ਤੈਅ ਕਰੇਗੀ ਅਤੇ ਦੁਨੀਆ ਦੇ ਸਾਰੇ ਟਾਈਮ-ਜ਼ੋਨਜ਼ ਲਈ ਤੇਜ਼ ਰਫ਼ਤਾਰ ਨਾਲ ਲੈਣ-ਦੇਣ ਕਰੇਗੀ।

ਇਹ ਐਕਸਚੇਂਜ ਗਿਫ਼ਟ ਸਿਟੀ ‘ਚ ‘ਇੰਟਰਨੈਸ਼ਨਲ ਫ਼ਾਈਨੈਂਸ਼ੀਅਲ ਸਰਵਿਸੇਜ਼ ਸੈਂਟਰ’ – ਆਈ.ਐੱਫ਼.ਐੱਸ.ਸੀ. ਦਾ ਭਾਗ ਹੈ। ਇੱਕ ‘ਇੰਟਰਨੈਸ਼ਨਲ ਫ਼ਾਈਨੈਂਸ਼ੀਅਲ ਸਰਵਿਸੇਜ਼ ਸੈਂਟਰ’ ਦੀ ਧਾਰਨਾ ਸਾਧਾਰਨ ਪ੍ਰੰਤੂ ਸ਼ਕਤੀਸ਼ਾਲੀ ਹੈ। ਇਸ ਦਾ ਉਦੇਸ਼ ਆੱਫ਼ਸ਼ੋਰ ਟੈਕਨਾਲੋਜੀਕਲ ਤੇ ਰੈਗੂਲੇਟਰੀ ਫ਼ਰੇਮਵਰਕ ਨਾਲ ਆੱਨਸ਼ੋਰ ਪ੍ਰਤਿਭਾ ਪ੍ਰਦਾਨ ਕਰਵਾਉਣਾ ਹੈ। ਇਹ ਭਾਰਤੀ ਫ਼ਰਮਾਂ ਨੂੰ ਆੱਫ਼ਸ਼ੋਰ ਵਿੱਤੀ ਕੇਂਦਰਾਂ ਵਾਂਗ ਉਨ੍ਹਾਂ ਦੇ ਮੁਕਾਬਲੇ ਦੀਆਂ ਬਣਾਉਣ ਲਈ ਹੈ। ਗਿਫ਼ਟ ਸਿਟੀ ਆਈ.ਐੱਫ਼.ਐੱਸ.ਸੀ. ਵਿਸ਼ਵ ਦੇ ਹੋਰ ਕਿਸੇ ਵੀ ਮੋਹਰੀ ਕੌਮਾਂਤਰੀ ਵਿੱਤੀ ਕੇਂਦਰਾਂ ਦੇ ਮੁਕਾਬਲੇ ਸੁਵਿਧਾਵਾਂ ਤੇ ਵਿਨਿਯਮ ਮੁਹੱਈਆ ਕਰਵਾਉਣ ਦੇ ਯੋਗ ਹੈ।

ਭਾਰਤ, ਜਿਸ ਦਾ ਘਰੇਲੂ ਬਜ਼ਾਰ ਬਹੁਤ ਵਿਸ਼ਾਲ ਹੈ, ਜਿਹੇ ਵੱਡੇ ਦੇਸ਼ ਵਿੱਚ ਆੱਫ਼ਸ਼ੋਰ-ਜਿਹਾ ਮਾਹੌਲ ਸਿਰਜਣਾ ਕੋਈ ਸੁਖਾਲਾ ਨਹੀਂ ਹੈ। ਭਾਰਤ ਦੀ ਤੁਲਨਾ ਛੋਟੇ ਸ਼ਹਿਰਾਂ ਵਰਗੇ ਰਾਜਾਂ ਨਾਲ ਨਹੀਂ ਕੀਤੀ ਜਾ ਸਕਦੀ। ਕੁਝ ਦੇਸ਼ਾਂ ਦੇ ਸਥਾਨਕ ਬਜ਼ਾਰ ਬਹੁਤ ਛੋਟੇ ਹੁੰਦੇ ਹਨ ਅਤੇ ਉੱਥੇ ਵਿਸ਼ੇਸ਼ ਮੁਆਫ਼ਕ ਟੈਕਸ ਤੇ ਨਿਯੰਤ੍ਰਕ ਸ਼ਾਸਨ ਸੰਭਵ ਹੋ ਸਕਦੇ ਹਨ। ਵਿਸ਼ਾਲ ਦੇਸ਼ ਉਸ ਤਰ੍ਹਾਂ ਨਹੀਂ ਕਰ ਸਕਦੇ। ਭਾਰਤ ਜਿਹੇ ਵਿਸ਼ਾਲ ਦੇਸ਼ ਵਿੱਚ ਆੱਫ਼ਸ਼ੋਰ-ਜਿਹਾ ਕੇਂਦਰ ਕਾਇਮ ਕਰਨ ਦੇ ਰਾਹ ਵਿੱਚ ਰੈਗੂਲੇਟਰੀ ਚੁਣੌਤੀਆਂ ਆ ਜਾਂਦੀਆਂ ਹਨ। ਮੈਨੂੰ ਖ਼ੁਸ਼ੀ ਹੈ ਕਿ ਵਿੱਤ ਮੰਤਰਾਲੇ, ਰਿਜ਼ਰਵ ਬੈਂਕ ਤੇ ਸੇਬੀ ਨੇ ਰੈਗੂਲੇਟਰੀ ਮਾਮਲਿਆਂ ਦੇ ਹੱਲ ਲੱਭ ਲਏ ਹਨ।

ਲੰਮੇ ਸਮੇਂ ਤੋਂ ਇਸ ਗੱਲ ਨੂੰ ਲੈ ਕੇ ਆਲੋਚਨਾ ਹੁੰਦੀ ਰਹੀ ਹੈ ਕਿ ਭਾਰਤੀ ਵਿੱਤੀ ਇੰਸਟਰੂਮੈਂਟਸ ਸਮੇਤ ਬਹੁਤੀ ਟਰੇਡਿੰਗ ਇਸ ਵੇਲੇ ਵਿਦੇਸ਼ਾਂ ਵਿੱਚ ਹੋ ਰਹੀ ਹੈ। ਇਹ ਕਿਹਾ ਜਾਂਦਾ ਹੈ ਕਿ ਭਾਰਤ ਨੇ ਕੁਝ ਭਾਰਤੀ ਵਿੱਤੀ ਇੰਸਟਰੂਮੈਂਟਸ ਲਈ ਵੀ ਕੀਮਤ-ਸਥਾਪਕ ਬਣਨਾ ਬੰਦ ਕਰ ਦਿੱਤਾ ਹੈ। ‘ਗਿਫ਼ਟ ਸਿਟੀ’ ਨਾਲ ਅਜਿਹੀਆਂ ਬਹੁਤ ਸਾਰੀਆਂ ਆਲੋਚਨਾਵਾਂ ਖ਼ਤਮ ਹੋਣ-ਯੋਗ ਹੋ ਜਾਣਗੀਆਂ। ਪਰ ‘ਗਿਫ਼ਟ ਸਿਟੀ’ ਲਈ ਮੇਰਾ ਦ੍ਰਿਸ਼ਟੀਕੋਣ ਹੋਰ ਵੀ ਵਿਸ਼ਾਲ ਹੈ। ਮੇਰਾ ਦ੍ਰਿਸ਼ਟੀਕੋਣ ਇਹ ਹੈ ਕਿ ਹੁਣ ਤੋਂ 10 ਵਰ੍ਹਿਆਂ ਬਾਅਦ, ‘ਗਿਫ਼ਟ ਸਿਟੀ’ ਨੂੰ ਘੱਟੋ-ਘੱਟ ਵਿਸ਼ਵ ਦੇ ਕੁਝ ਵਿਸ਼ਾਲ ਕਾਰੋਬਾਰੀ ਇੰਸਟਰੂਮੈਂਟਸ ਲਈ ਕੀਮਤ-ਸਥਾਪਕ (ਪ੍ਰਾਈਸ ਸੈਟਰ) ਬਣ ਜਾਣਾ ਚਾਹੀਦਾ ਹੈ; ਇਹ ਇੰਸਟਰੂਮੈਂਟਸ ਭਾਵੇਂ ਵਸਤਾਂ ‘ਚ ਹੋਣ ਤੇ ਚਾਹੇ ਕਰੰਸੀਆਂ, ਇਕਵਿਟੀਜ਼, ਵਿਆਜ ਦੀਆਂ ਦਰਾਂ ਜਾਂ ਹੋਰ ਕਿਸੇ ਵਿੱਤੀ ਇੰਸਟਰੂਮੈਂਟ ਲਈ ਹੋਣ।

ਭਾਰਤ ਨੂੰ ਅਗਲੇ 20 ਵਰ੍ਹਿਆਂ ਦੌਰਾਨ 30 ਕਰੋੜ ਤੋਂ ਵੱਧ ਨਵੀਆਂ ਨੌਕਰੀਆਂ ਪੈਦਾ ਕਰਨ ਦੀ ਜ਼ਰੂਰਤ ਹੈ। ਇਹ ਇੱਕ ਬਹੁਤ ਵਿਸ਼ਾਲ ਉੱਦਮ ਹੈ। ਸੇਵਾ ਖੇਤਰ ਵਿੱਚ ਹੁਨਰਮੰਦ ਅਤੇ ਵੱਧ ਤਨਖ਼ਾਹਾਂ ਵਾਲੀਆਂ ਨੌਕਰੀਆਂ ਨੂੰ ‘ਰੋਜ਼ਗਾਰ ਇਨਕਲਾਬ’ ਦਾ ਹਿੱਸਾ ਬਣਨਾ ਹੋਵੇਗਾ। ਗਿਫ਼ਟ ਸਿਟੀ ਇਹ ਯਕੀਨੀ ਬਣਾਏਗੀ ਕਿ ਉਨ੍ਹਾਂ ਵਿੱਚੋਂ ਵੱਧ ਤੋਂ ਵੱਧ ਇਸ ਅਹਿਮ ਖੇਤਰ ਵਿੱਚ ਸ਼ਾਮਲ ਹੋਣ ਦੇ ਯੋਗ ਬਣਨ। ਮੈਂ ਭਾਰਤੀ ਕੰਪਨੀਆਂ, ਐਕਸਚੇਂਜਸ ਅਤੇ ਰੈਗੂਲੇਟਰਜ਼ ਨੂੰ ਬੇਨਤੀ ਕਰਦਾ ਹਾਂ ਕਿ ਉਹ ਉਹ ਤਜਰਬੇਕਾਰ ਤੇ ਵਿਸ਼ਵ ਨੂੰ ਪਿਛਾਂਹ ਛੱਡਣ ਦੀ ਪ੍ਰਤਿਭਾ ਰੱਖਣ ਵਾਲੇ ਵਿੱਤੀ ਪੇਸ਼ੇਵਰਾਨਾ ਵਿਅਕਤੀਆਂ ਦਾ ਇੱਕ ਪੂਲ ਕਾਇਮ ਕਰਨ। ਉਹ ਇਸ ਮਹਾਨ ਨਵੇਂ ਸ਼ਹਿਰ ਲਈ ਕੰਮ ਕਰ ਸਕਦੇ ਹਨ ਅਤੇ ਸਮੁੱਚੇ ਵਿਸ਼ਵ ਨੂੰ ਸੇਵਾਵਾਂ ਪ੍ਰਦਾਨ ਕਰ ਸਕਦੇ ਹਨ। ਅਗਲੇ 10 ਵਰ੍ਹਿਆਂ ਦੌਰਾਨ, ਮੈਨੂੰ ਆਸ ਹੈ ਕਿ ਇਹ ਸਿਟੀ ਕਈ ਲੱਖ ਨੌਕਰੀਆਂ ਪੈਦਾ ਕਰ ਲਵੇਗੀ।

ਤੁਸੀਂ ਇਸ ਮਹੱਤਵ ਤੋਂ ਜਾਣੂ ਹੋ, ਜੋ ਮੈਂ ਸਮਾਰਟ ਸਿਟੀਜ਼ ਦੇ ਵਿਕਾਸ ਨੂੰ ਦਿੰਦਾ ਹਾਂ। ਗਿਫ਼ਟ ਸਿਟੀ ਦੇਸ਼ ਦੀ ਸੱਚਮੁਚ ਇੱਕ ਸਮਾਰਟ ਸਿਟੀ ਹੈ। ਸਾਰੇ ਹੀ 100 ਸਮਾਰਟ ਸਿਟੀਜ਼ ਇਹ ਗੱਲ ਚੰਗੀ ਤਰ੍ਹਾਂ ਸਮਝਣਗੇ ਕਿ ਗਿਫ਼ਟ ਸਿਟੀ ਕਿਵੇਂ ਆਪਣਾ ਜ਼ਮੀਨਦੋਜ਼ ਬੁਨਿਆਦੀ ਢਾਂਚਾ ਸਿਰਜਣ ਦੇ ਯੋਗ ਹੋਈ ਹੈ, ਜੋ ਸਮੁੱਚੇ ਵਿਸ਼ਵ ਦਾ ਮੁਕਾਬਲਾ ਕਰ ਸਕਦਾ ਹੈ। ਮੈਂ ਪਹਿਲਾਂ ਆਖ ਚੁੱਕਾ ਹਾਂ ਕਿ ਭਾਰਤ ਇੱਕ ਪੀੜ੍ਹੀ ਦੇ ਸਮੇਂ ਅੰਦਰ ਹੀ ਇੱਕ ਵਿਕਸਤ ਦੇਸ਼ ਬਣ ਸਕਦਾ ਹੈ। ਨਵੇਂ ਸ਼ਹਿਰ ਸਾਡੇ ਸੁਪਨਿਆਂ ਦਾ ਨਵਾਂ ਭਾਰਤ ਸਿਰਜਣ ਲਈ ਅਹਿਮ ਹੋਣਗੇ:

– ਇੱਕ ਆਤਮ-ਵਿਸ਼ਵਾਸੀ ਭਾਰਤ

– ਇੱਕ ਖ਼ੁਸ਼ਹਾਲ ਭਾਰਤ

– ਇੱਕ ਸਮਾਵੇਸ਼ੀ ਭਾਰਤ

– ਸਾਡਾ ਭਾਰਤ।

ਮੈਂ ਇਸ ਦੁਆਰਾ ‘ਇੰਡੀਆ ਇੰਟਰਨੈਸ਼ਨਲ ਐਕਸਚੇਂਜ’ ਦੇ ਉਦਘਾਟਨ ਦਾ ਐਲਾਨ ਕਰਦਾ ਹਾਂ। ਮੇਰੀ ਸ਼ੁਭ-ਇੱਛਾ ਹੈ ਕਿ ‘ਗਿਫ਼ਟ ਸਿਟੀ’ ਅਤੇ ‘ਇੰਡੀਆ ਇੰਟਰਨੈਸ਼ਨਲ ਐਕਸਚੇਂਜ’ ਸਰਬੋਤਮ ਬਣਨ।

ਤੁਹਾਡਾ ਧੰਨਵਾਦ।

***

AKT/AK