ਪੀਐੱਮਇੰਡੀਆ
ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।
ਗੁਜਰਾਤ ਦੇ ਪ੍ਰਸਿੱਧ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਉਪ ਮੁੱਖ ਮੰਤਰੀ ਹਰਸ਼ ਸਾਂਘਵੀ ਜੀ, ਕੇਂਦਰੀ ਮੰਤਰੀ ਅਤੇ ਸੰਸਥਾਪਕ ਟਰਸਟੀ ਮਨਸੁਖ ਭਾਈ ਮਾਂਡਵੀਆ, ਸਰਦਾਰ ਧਾਮ ਦੇ ਪ੍ਰਧਾਨ ਗਾਗਜੀ ਭਾਈ ਸੁਤਾਰੀਆ ਜੀ, ਦੁਸ਼ਯੰਤ ਭਾਈ ਪਟੇਲ, ਪੰਕਜ ਭਾਈ ਪਟੇਲ, ਰਾਜ ਭਾਜਪਾ ਪ੍ਰਧਾਨ ਭਾਈ ਜਗਦੀਸ਼ ਵਿਸ਼ਵਕਰਮਾ, ਮੰਚ ‘ਤੇ ਮੌਜੂਦ ਗੁਜਰਾਤ ਸਰਕਾਰ ਦੇ ਸਾਰੇ ਮੰਤਰੀ, ਸਾਰੇ ਦਾਤਾ ਸ਼੍ਰੀ, ਟਰਸਟੀ ਸ਼੍ਰੀ, ਹੋਰ ਮਹਾਨੁਭਾਵ ਅਤੇ ਗੁਜਰਾਤ ਦੇ ਕੋਨੇ-ਕੋਨੇ ਤੋਂ ਆਏ ਹੋਏ ਮੇਰੇ ਪਿਆਰੇ ਭਰਾਵੋ ਅਤੇ ਭੈਣੋਂ।
ਅੱਜ ਦਾ ਇਹ ਦਿਨ ਕਿਸੇ ਪਵਿੱਤਰ ਤਿਉਹਾਰ ਤੋਂ ਘੱਟ ਨਹੀਂ ਹੈ। ਇੱਥੇ ਆਉਣ ਤੋਂ ਪਹਿਲਾਂ ਮੈਂ ਸੋਮਨਾਥ ਮੰਦਿਰ ਵਿੱਚ ਸੀ। ਸੋਮਨਾਥ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਦੇ 75 ਵਰ੍ਹੇ ਪੂਰੇ ਹੋਏ ਹਨ। ਸੋਮਨਾਥ ਮੰਦਿਰ ਦੀ ਪੁਨਰ-ਸਥਾਪਨਾ, ਇਹ ਸੁਪਨਾ ਸਰਦਾਰ ਪਟੇਲ ਦੇ ਸੰਕਲਪ ਨਾਲ ਹੀ ਪੂਰਾ ਹੋਇਆ ਸੀ। ਇਸ ਮੌਕੇ ‘ਤੇ, ਪ੍ਰਭਾਸ ਪਾਟਨ ਵਿੱਚ ਸੋਮਨਾਥ ਅੰਮ੍ਰਿਤ ਮਹੋਤਸਵ ਮਨਾਇਆ ਜਾ ਰਿਹਾ ਹੈ। ਅਤੇ ਉਸੇ ਦਿਨ, ਇੱਥੇ ਵਡੋਦਰਾ ਵਿੱਚ ਸਰਦਾਰ ਧਾਮ ਨਾਲ ਜੁੜੇ ਇੱਕ ਬਹੁਤ ਮਹੱਤਵਪੂਰਨ ਪ੍ਰੋਜੈਕਟਸ ਦਾ ਉਦਘਾਟਨ ਹੋਇਆ ਅਤੇ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਡਾ. ਦੁਸ਼ਯੰਤ ਅਤੇ ਦਕਸ਼ਾ ਪਟੇਲ ਕੰਪਲੈਕਸ ਦਾ ਉਦਘਾਟਨ, ਸਿੱਖਿਆ ਸਹਾਇਕ ਯੋਜਨਾ ਦੀ ਸ਼ੁਰੂਆਤ, ਨਵੇਂ ਪ੍ਰੋਜੈਕਟਾਂ ਦਾ ਭੂਮੀ-ਪੂਜਨ, ਇਹ ਸਾਰੇ ਕੰਮ, ਭਵਿੱਖ ਵਿੱਚ ਰਾਸ਼ਟਰ ਨਿਰਮਾਣ ਦੇ ਪ੍ਰਭਾਵਸ਼ਾਲੀ ਪ੍ਰਕਲਪ ਸਾਬਤ ਹੋਣਗੇ। ਇੱਕ ਤਰ੍ਹਾਂ ਨਾਲ, ਇਹ ਸੰਸਥਾਨ ਨੌਜਵਾਨਾਂ ਲਈ ਭਵਿੱਖ ਦੇ ਕਰੀਅਰ ਦੇ launching pad ਦਾ ਕੰਮ ਕਰਨਗੇ। ਮੈਂ ਤੁਹਾਨੂੰ ਸਾਰਿਆਂ ਨੂੰ, ਸਮਾਜ ਦੇ ਸਾਰੇ ਲੋਕਾਂ ਨੂੰ ਇਸ ਪਵਿੱਤਰ ਕੰਮ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓਂ,
ਅੱਜ ਤੁਹਾਡੇ ਵਿੱਚ ਆਇਆ ਹਾਂ, ਤਾਂ ਇੱਕ ਹੋਰ ਗੱਲ ਦੀ ਖੁਸ਼ੀ ਹੈ। ਬੰਗਾਲ, ਅਸਾਮ ਅਤੇ ਪੁਡੂਚੇਰੀ ਦੇ ਨਤੀਜਿਆਂ ਨੇ ਪੂਰੇ ਦੇਸ਼ ਵਿੱਚ ਹੀ ਉਤਸ਼ਾਹ ਦਾ ਮਾਹੌਲ ਬਣਾ ਦਿੱਤਾ ਹੈ। ਅਤੇ ਉਸ ਦੇ ਨਾਲ-ਨਾਲ ਤੁਸੀਂ ਸਾਰਿਆਂ ਨੇ ਵੀ ਮਿਲ ਕੇ ਇੱਕ ਇਤਿਹਾਸ ਬਣਾਇਆ ਹੈ, ਗੁਜਰਾਤ ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਦੇ ਨਤੀਜੇ ਵੀ ਬਹੁਤ ਸ਼ਾਨਦਾਰ ਰਹੇ ਅਤੇ ਇਸ ਦੀ ਚਰਚਾ ਪੂਰੇ ਦੇਸ਼ ਵਿੱਚ ਹੋ ਰਹੀ ਹੈ।
ਸਾਥੀਓਂ,
ਗੁਜਰਾਤ ਦੇ ਲੋਕਾਂ ਨੇ ਹਮੇਸ਼ਾ ਰਾਜਨੀਤਿਕ ਸਥਿਰਤਾ ਨੂੰ ਮਹੱਤਵ ਦਿੱਤਾ ਹੈ। ਇਹ ਇੱਥੋਂ ਦੇ ਲੋਕਾਂ ਦੀ ਰਾਜਨੀਤਿਕ ਦੂਰ-ਦ੍ਰਿਸ਼ਟੀ ਹੈ, ਉਹ ਜਾਣਦੇ ਹਨ ਕਿ ਰਾਜਨੀਤਿਕ ਸਥਿਰਤਾ ਦਾ ਮਹੱਤਵ ਕੀ ਹੁੰਦਾ ਹੈ, ਅਤੇ ਜਿੱਥੇ ਰਾਜਨੀਤਿਕ ਸਥਿਰਤਾ ਹੁੰਦੀ ਹੈ, ਉੱਥੇ ਅਰਥਵਿਵਸਥਾ ਦੀ ਗਤੀ ਹੋਰ ਤੇਜ਼ ਹੋ ਜਾਂਦੀ ਹੈ। ਗੁਜਰਾਤ ਨੇ ਇਹ ਗੱਲ ਬਹੁਤ ਪਹਿਲਾਂ ਸਮਝ ਲਈ ਸੀ। ਉਸ ਦੇ ਨਤੀਜੇ ਅੱਜ ਸਾਨੂੰ ਗੁਜਰਾਤ ਦੇ ਵਿਕਾਸ ਵਿੱਚ ਵੀ ਦਿਖ ਰਹੇ ਹਨ, ਅਤੇ, ਇੱਕ ਤੋਂ ਬਾਅਦ ਇੱਕ ਚੋਣ ਦੇ ਨਤੀਜਿਆਂ ਵਿੱਚ ਵੀ ਦਿਖ ਰਹੇ ਹਨ।
ਸਾਥੀਓਂ,
ਤੁਹਾਡਾ ਸਾਰਿਆਂ ਦੇ ਵਿੱਚ ਆਉਣਾ, ਤੁਹਾਡੇ ਪ੍ਰੋਗਰਾਮਾਂ ਦਾ ਹਿੱਸਾ ਬਣਨਾ, ਮੇਰੇ ਲਈ ਹਮੇਸ਼ਾ ਹੀ ਬਹੁਤ ਸੁਖਦ ਹੁੰਦਾ ਹੈ ਅਤੇ ਲਗਦਾ ਹੈ ਘਰ ਵਿੱਚ ਆਇਆ ਹਾਂ। ਕਿਉਂਕਿ ਤੁਹਾਡੇ ਦਰਮਿਆਨ ਆ ਕੇ ਸਮਾਜ ਦੀ ਸ਼ਕਤੀ ਦਾ ਅਹਿਸਾਸ ਹੁੰਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਵੀ ਕਿਤੇ ਅਸਲ ਬਦਲਾਅ ਹੁੰਦਾ ਹੈ, ਉਹ ਸਮਾਜ ਦੀ ਸਮੂਹਿਕ ਤਾਕਤ ਨਾਲ ਹੀ ਹੁੰਦਾ ਹੈ। ਖਾਸ ਕਰਕੇ, ਜਿਨ੍ਹਾਂ-ਜਿਨ੍ਹਾਂ ਸਮਾਜਾਂ ਨੇ ਸਿੱਖਿਆ ਨੂੰ ਤਰਜੀਹ ਦਿੱਤੀ ਹੈ, ਸਿੱਖਿਆ ਵਿੱਚ ਸਮਾਨ ਭਾਗੀਦਾਰੀ ਨੂੰ ਆਪਣਾ ਟੀਚਾ ਬਣਾਇਆ ਹੈ, ਉਹ ਸਮਾਜ ਹਮੇਸ਼ਾ ਅੱਗੇ ਵਧਿਆ ਹੈ, ਉਨ੍ਹਾਂ ਨੇ ਨਵੀਆਂ ਉਚਾਈਆਂ ਨੂੰ ਛੂਹਿਆ ਹੈ।
ਇਸ ਲਈ ਭਰਾਵੋ, ਭੈਣੋਂ,
ਸਰਦਾਰਧਾਮ ਦੇ ਹਰ ਯਤਨ ਵਿੱਚ, ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ, ਮੈਂ ਹਮੇਸ਼ਾ ਤੁਹਾਡੇ ਨਾਲ ਖੜ੍ਹੇ ਹੋਣ ਦਾ ਯਤਨ ਕਰਦਾ ਹਾਂ। ਅਜੇ ਗਗਜੀ ਭਾਈ ਬਹੁਤ ਵਿਸਤਾਰ ਨਾਲ ਦੱਸ ਰਹੇ ਸਨ, ਸਾਲ 2021 ਵਿੱਚ, ਮੈਂ ਸਰਦਾਰਧਾਮ ਅਹਿਮਦਾਬਾਦ ਦੇ ਪ੍ਰੋਗਰਾਮ ਵਿੱਚ ਆਇਆ ਸੀ। ਓਦੋਂ ਗਰਲਜ਼ ਹੋਸਟਲ ਦਾ ਭੂਮੀ ਪੂਜਨ ਹੋਇਆ ਸੀ। ਪਿਛਲੇ ਵਰ੍ਹੇ ਉਸ ਦਾ ਉਦਘਾਟਨ ਵੀ ਹੋ ਗਿਆ। ਅੱਜ ਇੱਥੇ ਹਜ਼ਾਰਾਂ ਧੀਆਂ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ, ਆਪਣੇ ਸੁਪਨਿਆਂ ਨੂੰ ਨਵੀਂ ਦਿਸ਼ਾ ਦੇ ਰਹੀਆਂ ਹਨ। ਸੂਰਤ, ਰਾਜਕੋਟ, ਭੁਜ, ਮੇਹਸਾਣਾ ਅਤੇ ਦਿੱਲੀ, ਸਰਦਾਰਧਾਮ ਦੇ ਅਜਿਹੇ ਕਈ ਸੰਸਥਾਨ ਨੌਜਵਾਨਾਂ ਦਾ ਭਵਿੱਖ ਘੜ੍ਹਣ ਵਿੱਚ ਜੁਟੇ ਹਨ। ਅੱਜ ਵੀ ਅਹਿਮਦਾਬਾਦ ਦੇ ਨਿਕੋਲ ਵਿੱਚ 1 ਹਜ਼ਾਰ ਧੀਆਂ ਦੇ ਲਈ ਨਵੇਂ ਹੋਸਟਲ ਦਾ ਭੂਮੀ ਪੂਜਨ ਹੋਇਆ ਹੈ।
ਸਾਥੀਓਂ,
ਬਦਲਾਅ ਵਿਆਪਕ ਹੋਵੇ, ਅਤੇ ਨਤੀਜਾ ਸਥਾਈ ਹੋਵੇ, ਇਸ ਦੇ ਲਈ ਸਮਾਜ ਅਤੇ ਸਰਕਾਰ ਨੂੰ ਮਿਲ ਕੇ ਕੰਮ ਕਰਨਾ ਜ਼ਰੂਰੀ ਹੁੰਦਾ ਹੈ। ਇਸ ਲਈ, ਅੱਜ ਸਿੱਖਿਆ ਦੇ ਖੇਤਰ ਵਿੱਚ ਜ਼ਮੀਨੀ ਹਕੀਕਤਾਂ ਦੇ ਅਧਾਰ ‘ਤੇ ਕੰਮ ਹੋ ਰਿਹਾ ਹੈ। ਰਾਸ਼ਟਰੀ ਸਿੱਖਿਆ ਨੀਤੀ ਇਸ ਦੀ ਬਹੁਤ ਵੱਡੀ ਉਦਾਹਰਣ ਹੈ। ਅੱਜ ਨੌਜਵਾਨਾਂ ਦੀ ਰਾਹ ਤੋਂ ਰੋੜ੍ਹੇ ਹਟਾਏ ਜਾ ਰਹੇ ਹਨ। ਭਾਸ਼ਾ ਦੇ ਅਧਾਰ ‘ਤੇ ਹੋਣ ਵਾਲਾ ਭੇਦਭਾਵ ਖ਼ਤਮ ਹੋ ਰਿਹਾ ਹੈ। ਅੱਜ ਜ਼ੋਰ ਸਿਰਫ਼ ਕਿਤਾਬਾਂ ਅਤੇ ਡਿਗਰੀਆਂ ‘ਤੇ ਹੀ ਨਹੀਂ ਹੈ। ਸਿਕੱਲ ਡਿਵੈਲਪਮੈਂਟ ਅਤੇ ਇਨੋਵੇਸ਼ਨ ਨੂੰ ਪੜ੍ਹਾਈ ਦਾ ਹਿੱਸਾ ਬਣਾਇਆ ਗਿਆ ਹੈ। ਰਿਸਰਚ ਵਿੱਚ ਦਿਲਚਸਪੀ ਰੱਖਣ ਵਾਲੇ ਨੌਜਵਾਨਾਂ ਨੂੰ ਉਸ ਦੇ ਲਈ ਮਾਹੌਲ ਮਿਲ ਰਿਹਾ ਹੈ। ਸਾਡੇ ਨੌਜਵਾਨ ਡਿਗਰੀ ਪੂਰੀ ਕਰਕੇ ਤਜ਼ਰਬਾ ਨਾ ਹੋਣ ਕਾਰਨ ਭਟਕਣ ਨਾ, ਇਸ ਦੇ ਲਈ ਅਪ੍ਰੈਂਟਿਸਸ਼ਿਪ ਦੇ ਮੌਕੇ ਉਨ੍ਹਾਂ ਨੂੰ ਦਿੱਤੇ ਜਾ ਰਹੇ ਹਨ। ਤੁਸੀਂ ਸੋਚ ਸਕਦੇ ਹੋ, ਆਉਣ ਵਾਲੇ ਸਮੇਂ ਵਿੱਚ ਦੇਸ਼ ਵਿੱਚ ਇੰਨਾ ਵੱਡਾ skilled ਵਰਕਫੋਰਸ ਮਿਲੇਗਾ। ਇਸ ਦਾ ਸਭ ਤੋਂ ਵੱਡਾ ਲਾਭ ਦੇਸ਼ ਦੇ manufacturing ਸੈਕਟਰ ਨੂੰ ਹੋਵੇਗਾ।
ਸਾਥੀਓਂ,
ਸਾਡੇ ਗੁਜਰਾਤ ਦੇ ਨੌਜਵਾਨਾਂ ਵਿੱਚ ਉੱਦਮ ਦੀ ਸੁਭਾਵਿਕ ਸ਼ਕਤੀ ਹੁੰਦੀ ਹੈ। ਅੱਜ Startup India ਮਿਸ਼ਨ ਇਨ੍ਹਾਂ ਨੌਜਵਾਨਾਂ ਦੇ ਸੁਪਨੇ ਸਾਕਾਰ ਕਰ ਰਿਹਾ ਹੈ। ਛੋਟੇ ਸ਼ਹਿਰਾਂ ਦੇ ਨੌਜਵਾਨ ਵੀ ਉੱਦਮੀ ਬਣ ਰਹੇ ਹਨ। ਛੋਟੇ ਸ਼ਹਿਰਾਂ ਤੋਂ ਵੱਡੇ-ਵੱਡੇ ਸਟਾਰਟਅੱਪਸ ਸਾਹਮਣੇ ਆ ਰਹੇ ਹਨ। ਸਟਾਰਟਅੱਪਸ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵੀ ਲਗਾਤਾਰ ਵਧ ਰਹੀ ਹੈ। ਪਹਿਲਾਂ ਜਿਨ੍ਹਾਂ ਸੈਕਟਰਸ ਨੂੰ ਜੋਖਮ ਮੰਨਿਆ ਜਾਂਦਾ ਸੀ, ਉਹ ਹੁਣ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਰਹੇ ਹਨ। ਪਿਛਲੇ 10-12 ਵਰ੍ਹਿਆਂ ਵਿੱਚ ਸਪੋਰਟਸ ਤੋਂ ਲੈ ਕੇ ਸਪੇਸ ਟੈਕਨੋਲੋਜੀ ਤੱਕ ਦੇਸ਼ ਦੀ ਕਾਮਯਾਬੀ ਇਸ ਦਾ ਸਭ ਤੋਂ ਵੱਡਾ ਸਬੂਤ ਹੈ। ਅਤੇ ਇਸ ਦਾ ਬਹੁਤ ਵੱਡਾ ਲਾਭ ਗੁਜਰਾਤ ਦੇ ਸਾਡੇ ਧੀ-ਪੁੱਤਾਂ ਨੂੰ ਵੀ ਹੋ ਰਿਹਾ ਹੈ।
ਸਾਥੀਓਂ,
ਸਮਾਜ ਦੀ ਪ੍ਰਗਤੀ ਦਾ ਸਭ ਤੋਂ ਵੱਡਾ ਅਧਾਰ ਹੁੰਦਾ ਹੈ- ਉਸ ਦੀ ਅੱਧੀ ਆਬਾਦੀ ਦੀ ਭਾਗੀਦਾਰੀ! ਗੁਜਰਾਤ ਨੇ ਇਸ ਨੂੰ 2 ਦਹਾਕੇ ਪਹਿਲਾਂ ਹੀ ਸਮਝ ਵੀ ਲਿਆ ਸੀ, ਅਤੇ, ਇਸ ਦਿਸ਼ਾ ਵਿੱਚ ਮਜ਼ਬੂਤੀ ਨਾਲ ਕਦਮ ਵੀ ਚੁੱਕੇ ਸਨ।
ਸਾਥੀਓਂ,
ਅੱਜ ਗੁਜਰਾਤ ਮਾਡਲ ਦੀ ਓਹੀ ਸਫ਼ਲਤਾ ਦੇਸ਼ ਵਿੱਚ ਦੁਹਰਾਈ ਜਾ ਰਹੀ ਹੈ। ਦੇਸ਼ ਵਿੱਚ ਕਰੋੜਾਂ ਮਹਿਲਾਵਾਂ ਦੇ ਬੈਂਕ ਖਾਤੇ ਖੋਲ੍ਹੇ ਗਏ। ਪਖਾਨੇ, ਨਲ ਤੋਂ ਜਲ, ਗੈਸ ਕਨੈਕਸ਼ਨ ਦੀਆਂ ਸੁਵਿਧਾਵਾਂ ਦਿੱਤੀਆਂ ਗਈਆਂ। ਅੱਜ ਮੁਦਰਾ ਯੋਜਨਾ ਦੇ ਜ਼ਰੀਏ ਮਹਿਲਾਵਾਂ ਆਤਮ-ਨਿਰਭਰ ਵੀ ਬਣ ਰਹੀਆਂ ਹਨ। ਪਰਿਵਾਰ ਵਿੱਚ ਮਹਿਲਾਵਾਂ ਸਿਹਤਮੰਦ ਰਹਿਣ, ਇਸ ਦੇ ਲਈ ਆਯੁਸ਼ਮਾਨ ਭਾਰਤ ਅਤੇ ਮਾਤ੍ਰਿ ਵੇਦਨਾ ਜਿਹੀਆਂ ਯੋਜਨਾਵਾਂ ਕਵਚ ਬਣ ਕੇ ਕੰਮ ਕਰ ਰਹੀਆਂ ਹਨ।
ਸਾਥੀਓਂ,
ਪਹਿਲਾਂ ਕਿੰਨੇ ਹੀ ਖੇਤਰਾਂ ਵਿੱਚ ਧੀਆਂ ਦੇ ਲਈ ਦਰਵਾਜ਼ੇ ਹੀ ਬੰਦ ਹੁੰਦੇ ਸਨ। ਅੱਜ ਉਨ੍ਹਾਂ ਸੈਕਟਰਸ ਵਿੱਚ ਧੀਆਂ ਲੀਡਰਸ਼ਿਪ ਰੋਲ ਵਿੱਚ ਸਾਹਮਣੇ ਆ ਰਹੀਆਂ ਹਨ। ਅੱਜ National Defence Academy ਵਿੱਚ ਮਹਿਲਾ ਕੈਡੇਟਸ training ਲੈ ਰਹੀਆਂ ਹਨ। ਸਾਡੀਆਂ ਧੀਆਂ ਫਾਈਟਰ ਪਾਇਲਟ ਬਣ ਰਹੀਆਂ ਹਨ। ਰਾਜਨੀਤੀ ਵਿੱਚ ਵੀ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਲਈ ਲਗਾਤਾਰ ਯਤਨ ਹੋ ਰਿਹਾ ਹੈ। ਨਾਰੀ ਸ਼ਕਤੀ ਵੰਦਨ ਸੰਸ਼ੋਧਨ ਦੇ ਜ਼ਰੀਏ ਅਸੀਂ ਇਸ ਦੇ ਲਈ ਇੱਕ ਹੋਰ ਯਤਨ ਕੀਤਾ ਸੀ। ਰਾਜਨੀਤਿਕ ਕਾਰਨਾਂ ਨਾਲ ਉਹ ਪਾਸ ਨਹੀਂ ਹੋ ਸਕਿਆ, ਲੇਕਿਨ ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ, ਦੇਸ਼ ਭਰ ਦੀਆਂ ਮਹਿਲਾਵਾਂ ਨੂੰ ਭਰੋਸਾ ਦਿੰਦਾ ਹਾਂ, ਅਸੀਂ ਇਸ ਦਿਸ਼ਾ ਵਿੱਚ ਲਗਾਤਾਰ ਯਤਨ ਕਰਦੇ ਰਹਾਂਗੇ।
ਸਾਥੀਓਂ,
ਮਹਿਲਾਵਾਂ ਲਈ ਸਾਰੇ ਖੇਤਰਾਂ ਵਿੱਚ ਸੰਭਾਵਨਾਵਾਂ ਦੇ ਦੁਆਰ ਖੁੱਲ੍ਹੇ, ਇਹ ਸਿਰਫ਼ ਸਰਕਾਰ ਹੀ ਨਹੀਂ, ਸਗੋਂ ਸਮਾਜ ਦੀ ਵੀ ਜ਼ਿੰਮੇਵਾਰੀ ਹੈ। ਅਤੇ ਮੈਨੂੰ ਖੁਸ਼ੀ ਹੈ, ਸਰਦਾਰਧਾਮ ਇਹ ਜ਼ਿੰਮੇਵਾਰੀ ਪੂਰੀ ਲਗਨ ਨਾਲ ਚੁੱਕ ਰਿਹਾ ਹੈ। ਮੈਂ ਇਨ੍ਹਾਂ ਯਤਨਾਂ ਦੇ ਲਈ ਵਿਸ਼ੇਸ਼ ਤੌਰ ‘ਤੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ, ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।
ਸਾਥੀਓਂ,
ਗੁਜਰਾਤ ਦੀ ਇੱਕ ਬਹੁਤ ਵੱਡੀ ਵਿਸ਼ੇਸ਼ਤਾ ਰਹੀ ਹੈ। ਇੱਥੇ ਸਮਾਜ ਹਮੇਸ਼ਾ ਸਮੇਂ ਦੀ ਦਿਸ਼ਾ ਨੂੰ ਜਲਦੀ ਪਛਾਣਦਾ ਹੈ। ਪਰਿਵਰਤਨ ਨੂੰ ਮੌਕੇ ਵਿੱਚ ਬਦਲਣਾ, ਨਵੀਆਂ ਸੰਭਾਵਨਾਵਾਂ ਨੂੰ ਅਪਣਾਉਣਾ, ਅਤੇ ਭਵਿੱਖ ਦੀ ਤਿਆਰੀ ਸਮੇਂ ਰਹਿੰਦੇ ਸ਼ੁਰੂ ਕਰਨਾ, ਇਹ ਗੁਜਰਾਤ ਦੇ ਕਾਰਜ ਸੱਭਿਆਚਾਰ ਦਾ ਹਿੱਸਾ ਰਿਹਾ ਹੈ। ਅੱਜ ਜਦੋਂ ਦੁਨੀਆ future technologies ਵੱਲ ਵਧ ਰਹੀ ਹੈ, ਉਦੋਂ ਗੁਜਰਾਤ ਵੀ ਨਵੀਂ ਗਤੀ ਦੇ ਨਾਲ ਅੱਗੇ ਵਧ ਰਿਹਾ ਹੈ। ਸੈਮੀਕੰਡਕਟਰ ਮੈਨੂਫੈਕਚਰਿੰਗ, ਏਅਰੋਸਪੇਸ, ਐਡਵਾਂਸਡ ਇੰਜੀਨੀਅਰਿੰਗ, ਗ੍ਰੀਨ ਐਨਰਜੀ, ਫਾਈਨੈਸ਼ੀਅਲ ਸਰਵਿਸਿਸ, ਹਰ ਖੇਤਰ ਵਿੱਚ ਗੁਜਰਾਤ ਆਪਣੀ ਨਵੀਂ ਪਛਾਣ ਬਣਾ ਰਿਹਾ ਹੈ। ਸਾਣੰਦ ਵਿੱਚ made-in-India ਸੈਮੀਕੰਡਕਟਰਸ ਬਣ ਰਹੇ ਹਨ। ਕੇਨਸ ਸੈਮੀਕੰਡਕਟਰ ਪਲਾਂਟ ਵਿੱਚ ਵੀ ਪ੍ਰੋਡਕਸ਼ਨ ਸ਼ੁਰੂ ਹੋ ਚੁੱਕਿਆ ਹੈ। ਧੋਲੇਰਾ ਅਤੇ ਸੂਰਤ ਵਿੱਚ ਵੀ ਨਵੇਂ ਸੈਮੀਕੰਡਕਟਰ ਪ੍ਰੋਜੈਕਟਸ ਅੱਗੇ ਵਧ ਰਹੇ ਹਨ।
ਸਾਥੀਓਂ,
ਸਾਡਾ ਭਾਰਤ, ਸਾਡਾ ਗੁਜਰਾਤ ਗਲੋਬਲ ਸਪਲਾਈ ਚੇਨ ਦਾ ਵੱਡਾ ਕੇਂਦਰ ਬਣੇ, ਅਸੀਂ ਇਸ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੇ ਹਾਂ। ਆਉਣ ਵਾਲੇ ਸਮੇਂ ਵਿੱਚ ਵਡੋਦਰਾ ਦੀ ਵੀ ਇਸ ਵਿੱਚ ਮਹੱਤਵਪੂਰਨ ਭੂਮਿਕਾ ਹੋਵੇਗੀ। ਅੱਜ ਇੱਥੇ ਬਣੇ metro coaches ਦੂਜੇ ਦੇਸ਼ਾਂ ਤੱਕ ਐਕਸਪੋਰਟ ਹੋ ਰਹੇ ਹਨ। ਸਾਵਲੀ ਵਿੱਚ ਆਧੁਨਿਕ ਰੇਲ ਸਿਸਟਮ ਦਾ, ਕੋਚਿਜ ਦਾ ਨਿਰਮਾਣ ਹੋ ਰਿਹਾ ਹੈ। Engineering, heavy machinery, Chemicals ਅਤੇ Pharma, Power equipment ਅਤੇ MSMEs, ਅਜਿਹੇ ਕਈ ਸੈਕਟਰਸ ਵਿੱਚ ਅੱਜ ਵਡੋਦਰਾ manufacturing ਦਾ ਮਜ਼ਬੂਤ ਕੇਂਦਰ ਬਣ ਚੁੱਕਿਆ ਹੈ। ਇੱਥੋਂ ਦੀ ਗਤੀ ਸ਼ਕਤੀ ਯੂਨੀਵਰਸਿਟੀ ਟ੍ਰਾਂਸਪੋਰਟ ਅਤੇ logistics ਦੀ ਫੀਲਡ ਵਿੱਚ professionals ਤਿਆਰ ਕਰ ਰਹੀ ਹੈ। ਹੁਣ ਏਅਰੋਸਪੇਸ ਸੈਕਟਰ ਵਿੱਚ ਵੀ ਵਡੋਦਰਾ ਨਵੀਂ ਪਛਾਣ ਬਣਾਉਣ ਜਾ ਰਿਹਾ ਹੈ। ਇੱਥੇ ਏਅਰਕ੍ਰਾਫਟ manufacturing project ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।
ਸਾਥੀਓਂ,
ਗੁਜਰਾਤ ਅਤੇ ਦੇਸ਼ ਵਿੱਚ ਵਿਕਾਸ ਦੇ ਯਤਨਾਂ ਦਰਮਿਆਨ, ਇੱਕ ਹੋਰ ਵਿਸ਼ਾ ਸੰਵੇਦਨਸ਼ੀਲ ਹੁੰਦਾ ਜਾ ਰਿਹਾ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ ਦੁਨੀਆ ਲਗਾਤਾਰ ਅਸਥਿਰ ਸਥਿਤੀਆਂ ਵਿੱਚੋਂ ਲੰਘ ਰਹੀ ਹੈ। ਪਹਿਲਾਂ ਕੋਰੋਨਾ ਦਾ ਸੰਕਟ, ਫਿਰ ਵਿਸ਼ਵਵਿਆਪੀ ਆਰਥਿਕ ਚੁਣੌਤੀਆਂ, ਅਤੇ ਹੁਣ ਪੱਛਮੀ ਏਸ਼ੀਆ ਵਿੱਚ ਵਧਦਾ ਤਣਾਅ, ਇਨ੍ਹਾਂ ਸਾਰੀਆਂ ਸਥਿਤੀਆਂ ਦਾ ਅਸਰ ਲਗਾਤਾਰ ਪੂਰੀ ਦੁਨੀਆ ‘ਤੇ ਪੈ ਰਿਹਾ ਹੈ, ਅਤੇ ਭਾਰਤ ਵੀ ਇਸ ਤੋਂ ਅਣਛੋਹਿਆ ਨਹੀਂ ਹੈ। ਜੇਕਰ ਕੋਰੋਨਾ ਮਹਾਮਾਰੀ ਇਸ ਸਦੀ ਦਾ ਸਭ ਤੋਂ ਵੱਡਾ ਸੰਕਟ ਸੀ, ਤਾਂ ਪੱਛਮੀ ਏਸ਼ੀਆ ਵਿੱਚ ਯੁੱਧ ਨਾਲ ਬਣੀਆਂ ਸਥਿਤੀਆਂ, ਇਸ ਦਹਾਕੇ ਦੇ ਵੱਡੇ ਸੰਕਟਾਂ ਵਿੱਚੋਂ ਇੱਕ ਹਨ। ਜਦੋਂ ਅਸੀਂ ਮਿਲ ਕੇ ਕੋਰੋਨਾ ਦਾ ਮੁਕਾਬਲਾ ਕਰ ਲਿਆ ਤਾਂ ਇਸ ਸੰਕਟ ਤੋਂ ਵੀ ਜ਼ਰੂਰ ਪਾਰ ਪਾ ਜਾਵਾਂਗੇ।
ਸਰਕਾਰ ਵੀ ਲਗਾਤਾਰ ਇਹ ਯਤਨ ਕਰ ਰਹੀ ਹੈ, ਕਿ ਦੇਸ਼ ਦੇ ਲੋਕਾਂ, ਦੇਸ਼ ਦੇ ਆਮ ਨਾਗਰਿਕ ‘ਤੇ ਇਨ੍ਹਾਂ ਸਾਰੀਆਂ ਪ੍ਰਤੀਕੂਲ ਸਥਿਤੀਆਂ ਦਾ ਘੱਟ ਤੋਂ ਘੱਟ ਅਸਰ ਹੋਵੇ। ਲੇਕਿਨ ਅਜਿਹੇ ਸਮੇਂ ਵਿੱਚ, ਦੇਸ਼ ਨੂੰ ਜਨਤਕ ਭਾਗੀਦਾਰੀ ਦੀ ਸ਼ਕਤੀ ਦੀ ਬਹੁਤ ਵੱਡੀ ਜ਼ਰੂਰਤ ਹੈ। ਸਾਨੂੰ ਭਾਰਤ ਦੇ ਨਾਗਰਿਕ ਦੇ ਤੌਰ ‘ਤੇ ਆਪਣੇ ਕਰਤੱਵ ਨੂੰ ਤਰਜੀਹ ਦੇਣੀ ਹੋਵੇਗੀ। ਇਸ ਤੋਂ ਪਹਿਲਾਂ ਦੇ ਦਹਾਕਿਆਂ ਵਿੱਚ ਵੀ ਜਦੋਂ-ਜਦੋਂ ਦੇਸ਼ ਯੁੱਧ ਜਾਂ ਕਿਸੇ ਹੋਰ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਸਰਕਾਰ ਦੀ ਅਪੀਲ ਅਤੇ ਉਸ ਅਪੀਲ ‘ਤੇ ਹਰ ਨਾਗਰਿਕ ਨੇ ਇੰਝ ਹੀ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਅੱਜ ਵੀ ਜ਼ਰੂਰਤ ਹੈ ਕਿ ਅਸੀਂ ਸਾਰੇ ਮਿਲ ਕੇ ਆਪਣੀ ਜ਼ਿੰਮੇਵਾਰੀ ਨਿਭਾਈਏ, ਦੇਸ਼ ਦੇ ਸੰਸਾਧਨਾਂ ‘ਤੇ ਪੈਣ ਵਾਲੇ ਬੋਝ ਨੂੰ ਘੱਟ ਕਰੀਏ। ਤੁਸੀਂ ਵੀ ਜਾਣਦੇ ਹੋ ਕਿ ਭਾਰਤ ਕਿੰਨੇ ਹੀ ਉਤਪਾਦਾਂ ਨੂੰ ਮੰਗਵਾਉਣ ਲਈ ਲੱਖਾਂ ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਖਰਚ ਕਰਦਾ ਹੈ। ਇਸੇ ਸਮੇਂ ਵਿਦੇਸ਼ ਤੋਂ ਆਉਣ ਵਾਲੇ ਉਤਪਾਦਾਂ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹ ਰਹੀਆਂ ਹਨ ਅਤੇ ਸਪਲਾਈ ਚੇਨ ਵੀ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਚੁੱਕੀ ਹੈ। ਅਤੇ ਇਸ ਲਈ ਦੇਸ਼ ‘ਤੇ ਇਹ ਦੋਹਰਾ ਸੰਕਟ ਹੈ। ਜਿਵੇਂ ਬੂੰਦ-ਬੂੰਦ ਨਾਲ ਘੜਾ ਭਰਦਾ ਹੈ, ਓਵੇਂ ਹੀ ਸਾਨੂੰ ਹਰ ਛੋਟੇ-ਵੱਡੇ ਯਤਨ ਨਾਲ ਅਜਿਹੇ ਉਤਪਾਦਾਂ ਦਾ ਉਪਯੋਗ ਘੱਟ ਕਰਨਾ ਹੈ ਜੋ ਵਿਦੇਸ਼ ਤੋਂ ਆਉਂਦੇ ਹਨ, ਅਤੇ ਅਜਿਹੇ ਨਿਜੀ ਕੰਮਾਂ ਤੋਂ ਵੀ ਬਚਣਾ ਹੈ ਜਿਸ ਵਿੱਚ ਵਿਦੇਸ਼ੀ ਮੁਦਰਾ ਖਰਚ ਹੁੰਦੀ ਹੋਵੇ।
ਸਾਥੀਓ,
ਭਾਰਤ ਦੇ ਇੰਪੋਰਟ ਦਾ ਬਹੁਤ ਵੱਡਾ ਹਿੱਸਾ, ਕਰੂਡ ਆਇਲ ਹੈ। ਅਤੇ ਬਦਕਿਸਮਤੀ ਨਾਲ, ਜਿਸ ਖੇਤਰ ਤੋਂ ਦੁਨੀਆ ਦੇ ਵੱਡੇ ਹਿੱਸੇ ਨੂੰ ਤੇਲ ਮਿਲਦਾ ਹੈ, ਅੱਜ ਓਹੀ ਖੇਤਰ ਸੰਘਰਸ਼ ਅਤੇ ਯੁੱਧ ਦੀ ਸਥਿਤੀ ਵਿੱਚ ਉਲਝਿਆ ਹੋਇਆ ਹੈ। ਅਤੇ ਇਸ ਲਈ, ਜਦੋਂ ਤੱਕ ਹਾਲਾਤ ਸਧਾਰਣ ਨਹੀਂ ਹੁੰਦੇ, ਸਾਨੂੰ ਸਾਰਿਆਂ ਨੂੰ ਮਿਲ ਕੇ ਛੋਟੇ-ਛੋਟੇ ਸੰਕਲਪ ਲੈਣੇ ਹੋਣਗੇ। ਮੈਂ ਕੱਲ੍ਹ ਕਰਨਾਟਕ ਅਤੇ ਤੇਲੰਗਾਨਾ ਵਿੱਚ ਵੀ ਇਸ ਬਾਰੇ ਚਰਚਾ ਕੀਤੀ ਹੈ, ਮੈਂ ਅੱਜ ਗੁਜਰਾਤ ਵਿੱਚ ਆਪਣੀ ਤਾਕੀਦ ‘ਤੇ ਫਿਰ ਤੋਂ ਜ਼ੋਰ ਦੇ ਰਿਹਾ ਹਾਂ। ਅਤੇ ਤੁਹਾਡੇ ‘ਤੇ ਤਾਂ ਮੇਰਾ ਜ਼ਿਆਦਾ ਹੱਕ ਹੈ, ਇਸ ਲਈ ਜ਼ਰਾ ਹੱਕ ਨਾਲ ਕਹਿਣ ਵਾਲਾ ਹਾਂ, ਮੇਰੀ ਦੇਸ਼ ਦੇ ਹਰ ਨਾਗਰਿਕ ਨੂੰ ਅਪੀਲ ਹੈ, ਜਿੱਥੇ ਸੰਭਵ ਹੋਵੇ, ਪੈਟਰੋਲ-ਡੀਜ਼ਲ ਦੀ ਵਰਤੋਂ ਘੱਟ ਕਰੋ। ਮੈਟਰੋ ਦੀ ਵਰਤੋਂ ਕਰੋ, ਇਲੈਕਟ੍ਰਿਕ ਬੱਸ ਅਤੇ ਪਬਲਿਕ ਟ੍ਰਾਂਸਪੋਰਟ ਦੀ ਜ਼ਿਆਦਾ ਵਰਤੋਂ ਕਰੋ। ਕਾਰ-ਪੂਲਿੰਗ ਨੂੰ ਹੁਲਾਰਾ ਦਿਓ। ਜਿਨ੍ਹਾਂ ਕੋਲ ਕਾਰ ਹੈ, ਉਹ ਇੱਕ ਗੱਡੀ ਵਿੱਚ ਜ਼ਿਆਦਾ ਲੋਕਾਂ ਨੂੰ ਨਾਲ ਲੈ ਕੇ ਚੱਲਣ। ਜਿਨ੍ਹਾਂ ਕੋਲ ਈਵੀ ਹੈ, ਉਹ ਵੀ ਦੂਜਿਆਂ ਦੀ ਮਦਦ ਲਈ ਅੱਗੇ ਆਉਣ।
ਸਾਥੀਓ,
ਡਿਜੀਟਲ ਟੈਕਨੋਲੋਜੀ ਨੇ ਹੁਣ ਇੰਨਾ ਕੁਝ ਅਸਾਨ ਬਣਾ ਦਿੱਤਾ ਹੈ। ਤਕਨਾਲੋਜੀ ਦੀ ਮਦਦ ਨਾਲ ਵੀ ਸਾਡੇ ਲਈ ਬਹੁਤ ਫਾਇਦੇਮੰਦ ਹੋਵੇਗੀ। ਇਹ ਜ਼ਰੂਰੀ ਹੈ ਕਿ ਸਰਕਾਰੀ ਅਤੇ ਪ੍ਰਾਈਵੇਟ, ਦੋਨੋਂ ਹੀ ਦਫ਼ਤਰਾਂ ਵਿੱਚ, ਵਰਚੁਅਲ ਮੀਟਿੰਗਾਂ ਅਤੇ ਵਰਕ ਫ੍ਰੋਮ ਹੋਮ ਨੂੰ ਤਰਜੀਹ ਦਿੱਤੀ ਜਾਵੇ। ਮੈਂ ਕੁਝ ਸਕੂਲਾਂ ਨੂੰ ਵੀ ਤਾਕੀਦ ਕਰਾਂਗਾ, ਕਿ ਕੁਝ ਸਮੇਂ ਲਈ ਔਨਲਾਈਨ ਕਲਾਸਾਂ ਦੀ ਵਿਵਸਥਾ ‘ਤੇ ਕੰਮ ਕਰਨ।
ਸਾਥੀਓ,
ਸਿਰਫ਼ ਈਂਧਣ ਹੀ ਨਹੀਂ, ਖਾਣ ਵਾਲੇ ਤੇਲ ‘ਤੇ ਵੀ ਦੇਸ਼ ਦੀ ਵੱਡੀ ਵਿਦੇਸ਼ੀ ਮੁਦਰਾ ਖਰਚ ਹੁੰਦੀ ਹੈ। ਜੇਕਰ ਅਸੀਂ ਥੋੜ੍ਹਾ ਸੰਜਮ ਵਰਤੀਏ, ਤੇਲ ਦੀ ਖਪਤ ਨੂੰ ਘੱਟ ਕਰੀਏ, ਖਾਣ ਵਾਲੇ ਤੇਲ ਦੀ, ਤਾਂ ਇਸ ਨਾਲ ਦੇਸ਼ ਅਤੇ ਸਾਡੀ ਸਿਹਤ, ਦੋਵਾਂ ਨੂੰ ਲਾਭ ਹੋਵੇਗਾ। ਅਤੇ ਸੂਰਤ ਵਾਲਿਆਂ ਨੂੰ ਮੈਂ ਖਾਸ ਤੌਰ ‘ਤੇ ਕਹਿੰਦਾ ਹਾਂ। ਇਸੇ ਤਰ੍ਹਾਂ ਮੈਂ ਅੱਜ ਸਮਾਜ ਦੇ ਸਾਰੇ ਭਰਾਵਾਂ-ਭੈਣਾਂ ਨੂੰ, ਮੈਂ ਤੁਹਾਡੇ ਪਰਿਵਾਰ ਦਾ ਮੈਂਬਰ ਹਾਂ, ਇਸ ਲਈ ਹੱਕ ਨਾਲ ਕਹਿੰਦਾ ਹਾਂ, ਅਤੇ ਇਸ ਵਿੱਚ ਤਾਂ ਅੱਗੇ ਆ ਕੇ ਤੁਹਾਨੂੰ ਮੇਰੀ ਮਦਦ ਕਰਨੀ ਪਵੇਗੀ। ਸੋਨੇ ਦੀ ਆਮਦ ‘ਤੇ ਵੀ ਦੇਸ਼ ਦਾ ਬਹੁਤ ਸਾਰਾ ਪੈਸਾ ਵਿਦੇਸ਼ ਜਾਂਦਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ, ਦੇਸ਼ਵਾਸੀਆਂ ਨੂੰ ਤਾਕੀਦ ਕਰਾਂਗਾ, ਕਿ ਜਦੋਂ ਤੱਕ ਹਾਲਤ ਸਹੀ ਨਾ ਹੋਣ, ਸਾਨੂੰ ਸੋਨੇ ਦੀ ਖਰੀਦ ਨੂੰ ਟਾਲਣਾ ਚਾਹੀਦਾ ਹੈ, ਗੋਲਡ ਦੀ ਜ਼ਰੂਰਤ ਨਹੀਂ ਹੈ।
ਸਾਥੀਓ,
ਅੱਜ ਸਮੇਂ ਦੀ ਮੰਗ ਹੈ ਕਿ ਅਸੀਂ ‘ਵੋਕਲ ਫਾਰ ਲੋਕਲ’ ਨੂੰ ਇੱਕ ਜਨਤਕ ਅੰਦੋਲਨ ਬਣਾਈਏ। ਵਿਦੇਸ਼ੀ ਸਮਾਨ ਦੀ ਥਾਂ, ਲੋਕਲ ਉਤਪਾਦਾਂ ਨੂੰ ਅਪਣਾਈਏ। ਆਪਣੇ ਪਿੰਡ, ਆਪਣੇ ਸ਼ਹਿਰ, ਆਪਣੇ ਦੇਸ਼ ਦੇ ਉੱਦਮੀਆਂ ਨੂੰ ਅਸੀਂ ਤਾਕਤ ਦੇਈਏ। ਇੱਥੇ ਲੋਕ ਬੈਠੇ ਹਨ, ਬਹੁਤ ਵਧੀਆ ਚੀਜ਼ਾਂ ਬਣਾਉਂਦੇ ਹਨ, ਸ਼੍ਰੇਸ਼ਠ ਚੀਜ਼ਾਂ ਦਾ ਉਤਪਾਦਨ ਕਰਦੇ ਹਨ।
ਸਾਥੀਓ,
ਸਾਡੇ ਵਿੱਚੋਂ ਜ਼ਿਆਦਾਤਰ, ਖੇਤੀ ਦੇ ਕਾਰੋਬਾਰ ਦੀ ਦੁਨੀਆ ਤੋਂ ਪੈਦਾ ਹੋ ਕੇ ਇੱਥੇ ਆਏ ਹਨ। ਖੇਤੀ ਵਿੱਚ, ਸਵਦੇਸ਼ੀ ਖਾਦ ਨੂੰ ਉਤਸ਼ਾਹ ਮਿਲੇ, ਨੈਚੂਰਲ ਫਾਰਮਿੰਗ ਨੂੰ ਹੁਲਾਰਾ ਮਿਲੇ। ਡੀਜ਼ਲ ਪੰਪ ਦੀ ਜਗ੍ਹਾ ਸੋਲਰ ਪੰਪਾਂ ਦੀ ਵਰਤੋਂ ਵਧੇ ਅਤੇ ਅਸੀਂ ਤਾਂ ਕਿਸਾਨ ਦੇ ਬੇਟੇ ਹਾਂ, ਕਿਸਾਨ ਦੀਆਂ ਬੇਟੀਆਂ ਹਾਂ, ਅਸੀਂ ਆਪਣੇ ਖੇਤ ਨੂੰ ਸਭ ਤੋਂ ਪਹਿਲਾਂ ਬਚਾਉਣਾ ਹੈ, ਅਸੀਂ ਆਪਣੀ ਧਰਤੀ ਮਾਂ ਨੂੰ ਬਚਾਉਣਾ ਹੈ, ਸਾਨੂੰ ਕੈਮੀਕਲ ਫਰਟੀਲਾਈਜ਼ਰਾਂ ਨਾਲ ਆਪਣੀ ਧਰਤੀ ਮਾਂ ਨੂੰ ਮਾਰਨਾ ਨਹੀਂ ਚਾਹੀਦਾ। ਸਾਡੇ ਖੇਤਾਂ ਨੂੰ ਬਚਾਉਣਾ ਹੈ, ਸਾਡੀ ਧਰਤੀ ਮਾਂ ਨੂੰ ਬਚਾਉਣਾ ਹੈ। ਅਤੇ ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗਾ, ਕਿ ਤੁਸੀਂ ਆਪਣੇ ਪਿੰਡ ਵਿੱਚ ਹਰ ਕਿਸਾਨ ਭਾਈ-ਭੈਣ ਨੂੰ ਕੈਮੀਕਲ ਫਰਟੀਲਾਈਜ਼ਰ ਤੋਂ ਮੁਕਤੀ ਦਾ ਰਾਹ ਦੱਸੋ, ਨੈਚੂਰਲ ਫਾਰਮਿੰਗ ਵੱਲ ਲੈ ਜਾਓ।
ਸਾਥੀਓ,
ਇੱਕ ਹੋਰ ਵੀ ਅਹਿਮ ਵਿਸ਼ਾ, ਅਤੇ ਉਹ ਵੀ ਤੁਹਾਡੇ ਵਿੱਚੋਂ ਜ਼ਿਆਦਾਤਰ ‘ਤੇ ਲਾਗੂ ਹੁੰਦਾ ਹੈ, ਬੁਰਾ ਨਾ ਮੰਨਣਾ। ਫੈਸ਼ਨ ਹੋ ਗਿਆ ਹੈ, ਜਿਵੇਂ ਹੀ ਛੁੱਟੀਆਂ ਹੋਈਆਂ, ਬੱਚਿਆਂ ਦੇ ਹੱਥ ਵਿੱਚ ਵਿਦੇਸ਼ ਦੀ ਟਿਕਟ ਫੜਾ ਦਿੰਦੇ ਹੋ। ਵਿਦੇਸ਼ ਵਿੱਚ ਜਾ ਕੇ ਵੇਕੇਸ਼ਨ ਕਰਦੇ ਹੋ (ਛੁੱਟੀਆਂ ਮਨਾਉਂਦੇ ਹੋ)। ਗਰਮੀ ਦੀਆਂ ਛੁੱਟੀਆਂ ਆ ਰਹੀਆਂ ਹਨ, ਅੱਜਕੱਲ੍ਹ ਵਿਦੇਸ਼ ਘੁੰਮਣ, ਉੱਥੇ ਡੈਸਟੀਨੇਸ਼ਨ ਵੈਡਿੰਗ, ਇੱਥੋਂ ਦੇ ਬਹੁਤ ਸਾਰੇ ਲੋਕ ਹਨ, ਮੈਨੂੰ ਸੱਦਾ ਨਹੀਂ ਭੇਜਦੇ ਹਨ, ਪਹਿਲਾਂ ਭੇਜਦੇ ਸੀ, ਕਿਉਂਕਿ ਵਿਦੇਸ਼ ਵਿੱਚ ਹੀ ਵਿਆਹ ਕਰਦੇ ਸੀ, ਹੁਣ ਬੰਦ ਕਰ ਰਹੇ ਹਨ। ਇਹ ਵਿਦੇਸ਼ ਵਿੱਚ ਵੈਡਿੰਗ ਇਨ੍ਹਾਂ ਦਾ ਫੈਸ਼ਨ ਬਹੁਤ ਵਧ ਰਿਹਾ ਹੈ। ਪਰ ਇਸ ‘ਤੇ ਵੀ ਬਹੁਤ ਵਿਦੇਸ਼ੀ ਮੁਦਰਾ ਖਰਚ ਹੁੰਦੀ ਹੈ।
ਸਾਥੀਓ,
ਤੁਸੀਂ ਸੋਚੋ, ਕੀ ਭਾਰਤ ਵਿੱਚ ਅਜਿਹੀ ਕੋਈ ਥਾਂ ਨਹੀਂ ਹੈ? ਜੋ ਅਸੀਂ ਆਪਣੀਆਂ ਛੁੱਟੀਆਂ ਉੱਥੇ ਮਨਾਈਏ, ਸਾਡੇ ਬੱਚਿਆਂ ਨੂੰ ਸਾਡਾ ਇਤਿਹਾਸ ਪੜ੍ਹਾਈਏ। ਅਸੀਂ ਆਪਣੇ ਸਥਾਨਾਂ ‘ਤੇ ਮਾਣ ਕਰੀਏ। ਅਤੇ ਜ਼ਰੂਰੀ ਹੈ ਕਿ ਭਾਰਤ ਵਿੱਚ ਹੀ ਆਪਣੀਆਂ ਛੁੱਟੀਆਂ ਮਨਾਈਏ, ਅਤੇ ਵਿਆਹ ਲਈ ਵੀ, ਮੈਂ ਨਹੀਂ ਮੰਨਦਾ ਹਾਂ ਕਿ ਭਾਰਤ ਤੋਂ ਜ਼ਿਆਦਾ ਕੋਈ ਵਧੀਆ ਪਵਿੱਤਰ ਥਾਂ ਹੋ ਸਕਦੀ ਹੈ। ਜਦੋਂ ਇੱਥੇ ਵਿਆਹ ਕਰਦੇ ਹਾਂ ਨਾ, ਤਾਂ ਸਾਡੇ ਪੂਰਵਜਾਂ ਦੀ ਮਿੱਟੀ ਵੀ ਸਾਨੂੰ ਅਸ਼ੀਰਵਾਦ ਦਿੰਦੀ ਹੈ। ਅਤੇ ਵਿਆਹ ਲਈ ਵੀ, ਭਾਰਤ ਦੇ ਹੀ ਕਈ ਸਥਾਨ ਹਨ, ਉਨ੍ਹਾਂ ਨੂੰ ਅਸੀਂ ਚੁਣੀਏ। ਸਾਡੇ ਗੁਜਰਾਤ ਵਿੱਚ ਤਾਂ ਵੈਸੇ ਵੀ ਇੱਕ ਤੋਂ ਵਧ ਕੇ ਇੱਕ ਸਥਾਨ ਹਨ। ਅਤੇ ਮੈਂ ਤਾਂ ਤੁਹਾਨੂੰ ਸਾਰੇ ਪਾਟੀਦਾਰ ਭਰਾਵਾਂ ਨੂੰ ਕਹਾਂਗਾ, ਤੁਹਾਨੂੰ ਤਾਂ ਹੁਣ ਵਿਆਹ ਸਟੈਚੂ ਆਫ ਯੂਨਿਟੀ ਉੱਥੇ ਜਾ ਕੇ ਹੀ ਕਰਨਾ ਚਾਹੀਦਾ ਹੈ। ਤੁਹਾਡੇ ਹਰ ਵਿਆਹ ਵਿੱਚ ਸਰਦਾਰ ਸਾਹੇਬ ਖੁਦ ਅਸ਼ੀਰਵਾਦ ਦੇਣ ਲਈ ਮੌਜੂਦ ਰਹਿਣਗੇ। ਅਤੇ ਨਾਲ ਹੀ ਤੁਸੀਂ ਜਿਵੇਂ ਹਰਿਦੁਆਰ, ਰਿਸ਼ੀਕੇਸ਼ ਵਿੱਚ ਤੁਸੀਂ ਸ਼ਾਂਤੀ ਲਈ ਜਗ੍ਹਾ ਬਣਾ ਰਹੇ ਹੋ ਨਾ, ਉਸੇ ਤਰ੍ਹਾਂ ਹੀ ਤੁਸੀਂ ਸਟੈਚੂ ਆਫ ਯੂਨਿਟੀ ਵਿੱਚ ਵਿਆਹ ਲਈ ਜਗ੍ਹਾ ਬਣਾ ਦਿਓ। ਮੈਂ ਪੰਕਜ ਭਾਈ ਨੂੰ ਕਹਾਂਗਾ, ਉਸ ਲਈ ਵੀ ਕੁਝ ਕਰਨ। ਜਿਵੇਂ ਹਾਲ ਹੀ ਦੇ ਵਰ੍ਹਿਆਂ ਵਿੱਚ ਸਰਦਾਰ ਸਾਹੇਬ ਦੀ ਸਟੈਚੂ ਆਫ ਯੂਨਿਟੀ, ਸਾਡਾ ਏਕਤਾ ਨਗਰ ਟੂਰਿਜ਼ਮ ਦਾ ਇੰਨਾ ਵੱਡਾ ਕੇਂਦਰ ਬਣ ਕੇ ਉੱਭਰਿਆ ਹੈ। ਕੀ ਅਸੀਂ ਇਹ ਤੈਅ ਕਰ ਸਕਦੇ ਹਾਂ, ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਸਟੈਚੂ ਆਫ ਯੂਨਿਟੀ ਲੈ ਕੇ ਜਾਈਏ। ਵਿਦੇਸ਼ਾਂ ਵਿੱਚ ਸਾਡੇ ਵਧੇਰੇ ਲੋਕ ਰਹਿੰਦੇ ਹਨ, ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਤੁਹਾਡੀ ਜ਼ਿੰਮੇਵਾਰੀ ਹੈ ਘੱਟ ਤੋਂ ਘੱਟ ਵਿਦੇਸ਼ੀ ਪਰਿਵਾਰਾਂ ਨੂੰ, ਭਾਰਤ ਦੇਖਣ ਲਈ ਲੈ ਕੇ ਆਓ ਤੁਸੀਂ। ਦੇਸ਼ ਵਿਦੇਸ਼ ਵਿੱਚ ਸਾਡੇ ਸੰਪਰਕ ਦਾ ਕੋਈ ਵੀ ਪਰਿਵਾਰ, ਜੋ ਸਟੈਚੂ ਆਫ ਯੂਨਿਟੀ ਨਹੀਂ ਗਿਆ ਹੈ ਨਾ, ਉਸ ਨੂੰ ਉੱਥੇ ਲੈ ਜਾਣ ਲਈ ਪ੍ਰੇਰਿਤ ਕਰਨ। ਅਸੀਂ ਉਸ ਨੂੰ ਘੱਟੋ –ਘੱਟ ਇੱਕ ਟ੍ਰਿਪ ਲਈ ਮੋਟੀਵੇਟ ਕਰੀਏ। ਡੈਸਟੀਨੇਸ਼ਨ ਵੈਡਿੰਗਸ ਲਈ ਵੀ ਏਕਤਾ ਨਗਰ ਇੱਕ ਬਹੁਤ ਸ਼ਾਨਦਾਰ ਵਿਕਲਪ ਹੋ ਸਕਦਾ ਹੈ। ਸਟੈਚੂ ਆਫ ਯੂਨਿਟੀ ਵਿੱਚ ਇੰਨੀਆਂ ਸ਼ਾਨਦਾਰ ਵਿਵਸਥਾਵਾਂ ਹਨ, ਅਤੇ ਮਾਣ ਹੈ, ਦੁਨੀਆ ਦਾ ਸਭ ਤੋਂ ਉੱਚਾ ਸਟੈਚੂ, ਉਹ ਵੀ ਸਰਦਾਰ ਵੱਲਭਭਾਈ ਪਟੇਲ ਦਾ। ਇਸ ਦੇਸ਼ ਦਾ ਕੋਈ ਨਾਗਰਿਕ ਅਜਿਹਾ ਨਹੀਂ ਹੋ ਸਕਦਾ ਹੈ, ਕਿ ਜਿਸ ਨੂੰ ਇਸ ਲਈ ਮਾਣ ਨਾ ਹੋਵੇ ਦੋਸਤੋ। ਅਤੇ ਮੈਂ ਤੁਹਾਨੂੰ ਤਾਕੀਦ ਕਰਦਾ ਹਾਂ, ਤੁਸੀਂ ਸਾਰੇ ਇਸ ਦਾ ਲਾਭ ਲਓ, ਇਸ ਦਾ ਫਾਇਦਾ ਚੁੱਕੋ।
ਸਾਥੀਓ,
ਇਹ ਮੈਂ ਛੋਟੇ-ਛੋਟੇ ਯਤਨ, ਕੋਈ ਔਖੇ ਕੰਮ ਨਹੀਂ ਦੱਸੇ ਤੁਹਾਨੂੰ। ਪਰ ਤੁਸੀਂ ਮੰਨ ਕੇ ਚੱਲੋ, ਇਹ ਯਤਨ ਛੋਟੇ ਭਾਵੇਂ ਲੱਗ ਸਕਦੇ ਹੋਣ, ਪਰ ਛੋਟੇ ਯਤਨ ਵੀ, ਜਦੋਂ 140 ਕਰੋੜ ਲੋਕ, ਇਕੱਠੇ ਸੰਕਲਪ ਲੈਂਦੇ ਹਨ, 140 ਕਰੋੜ ਲੋਕ ਇੱਕ ਕਦਮ ਅੱਗੇ ਵਧਦੇ ਹਨ ਇਸ ਦਿਸ਼ਾ ਵਿੱਚ, 140 ਕਰੋੜ ਕਦਮ ਦੇਸ਼ ਅੱਗੇ ਵਧਦਾ ਹੈ। ਤਾਂ ਨਾਲ ਹੀ ਛੋਟੇ ਯਤਨ, ਰਾਸ਼ਟਰ ਦੀ ਸਭ ਤੋਂ ਵੱਡੀ ਤਾਕਤ ਬਣ ਜਾਂਦੇ ਹਨ। ਅਤੇ ਇਸ ਲਈ ਫਿਰ ਇੱਕ ਵਾਰ, ਸਾਨੂੰ ਇਕਜੁੱਟ ਹੋਣਾ ਹੋਵੇਗਾ, ਤਾਂ ਜੋ ਇਹ ਸੰਕਟ, ਕਿਸੇ ਵੀ ਤਰ੍ਹਾਂ ਸਾਡੀ ਪ੍ਰਗਤੀ ਨੂੰ, ਸਾਡੇ ਵਿਕਾਸ ਨੂੰ ਪ੍ਰਭਾਵਿਤ ਨਾ ਕਰੇ। ਮੈਨੂੰ ਵਿਸ਼ਵਾਸ ਹੈ, ਅਸੀਂ ਸਾਰੇ ਇਕੱਠੇ ਮਿਲ ਕੇ ਇਨ੍ਹਾਂ ਸੰਕਲਪਾਂ ਨੂੰ ਪੂਰਾ ਕਰਾਂਗੇ, ਅਤੇ ਦੇਸ਼ ਨੂੰ ਮਜ਼ਬੂਤੀ ਦਿਆਂਗੇ। ਅਤੇ ਦੂਜੀ ਗੱਲ ਮੈਨੂੰ ਗਗਜੀ ਭਾਈ ਨਾਲ ਕਰਨੀ ਹੈ, ਤੁਸੀਂ ਮੈਨੂੰ ਸਰਦਾਰ ਗੌਰਵ ਰਤਨ ਨਾਲ ਸਨਮਾਨਿਆ। ਜਿਸ ਪੁਰਸਕਾਰ ਨਾਲ ਸਰਦਾਰ ਸਾਹੇਬ ਦਾ ਨਾਮ ਜੁੜਿਆ ਹੋਵੇ ਨਾ, ਤਾਂ ਜ਼ਿੰਮੇਵਾਰੀ ਬਹੁਤ ਵਧ ਜਾਂਦੀ ਹੈ। ਯਾਨੀ ਇੱਕ ਤਰ੍ਹਾਂ ਨਾਲ ਗਗਜੀ ਭਾਈ ਨੇ ਬਹੁਤ ਚਲਾਕੀ ਨਾਲ ਮੈਨੂੰ ਬੰਨ੍ਹ ਲਿਆ ਹੈ, ਕਿ ਅੱਗੇ ਪਿੱਛੇ ਨਾ ਹੋਣਾ। ਅਤੇ ਸ਼ਾਇਦ ਮੇਰੀ ਕਿਸਮਤ ਵਿੱਚ ਲਿਖਿਆ ਹੋਇਆ ਹੈ, ਕਿ ਸਰਦਾਰ ਸਾਹੇਬ ਦੇ ਜੋ ਵੀ ਸੁਪਨੇ ਸਨ, ਉਨ੍ਹਾਂ ਨੇ ਜੋ ਵੀ ਕੰਮ ਸ਼ੁਰੂ ਕੀਤੇ ਸਨ, ਉਹ ਸਾਰੇ ਪੂਰੇ ਕਰਨ ਦਾ ਕੰਮ ਮੇਰੇ ਹੀ ਨਸੀਬ ਵਿੱਚ ਆਇਆ ਹੈ। ਅਤੇ ਅੱਜ ਜਦੋਂ ਤੁਸੀਂ ਇਹ ਸਨਮਾਨ, ਇਹ ਪੁਰਸਕਾਰ ਐਵਾਰਡ ਦਿੱਤਾ ਹੈ ਤਾਂ, ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ, ਕਿ ਸਰਦਾਰ ਸਾਹੇਬ ਦੇ ਸੁਪਨੇ ਪੂਰੇ ਕਰਨ ਵਿੱਚ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਮੈਨੂੰ ਜੋ ਵੀ ਸ਼ਕਤੀ ਮਿਲੀ ਹੈ, ਸੰਸਕਾਰ ਮਿਲੇ ਹਨ, ਗੁਜਰਾਤ ਦੀ ਮਿੱਟੀ ਨੇ ਮੈਨੂੰ ਜੋ ਸਿਖਾਇਆ ਹੈ, ਉਸ ਦੇ ਭਰੋਸੇ ‘ਤੇ ਮੈਂ ਕਹਿੰਦਾ ਹਾਂ, ਕਿ ਉਹ ਸੁਪਨੇ ਪੂਰੇ ਕਰਨ ਲਈ ਮਿਹਨਤ ਵਿੱਚ ਮੈਂ ਪਿੱਛੇ ਨਹੀਂ ਹਟਾਂਗਾ। ਅਤੇ ਮੇਰੇ ਸੁਭਾਅ ਨੂੰ ਗੁਜਰਾਤ ਚੰਗੀ ਤਰ੍ਹਾਂ ਜਾਣਦਾ ਹੈ, ਕਿ ਪਿੱਛੇ ਹਟਣਾ ਮੈਨੂੰ ਆਉਂਦਾ ਨਹੀਂ ਹੈ। ਪਰ ਤੁਸੀਂ ਇਹ ਸਨਮਾਨ ਕੀਤਾ ਹੈ, ਇਹ ਮੇਰੇ ਲਈ ਬਹੁਤ ਹੀ ਵੱਡੀ ਗੱਲ ਹੈ। ਇੱਕ ਵਾਰ ਮੈਂ ਇੱਕ ਕਿੱਸਾ ਪੜ੍ਹਿਆ ਸੀ, ਕਿ ਜਨਰਲ ਕਰਿਅੱਪਾ, ਉਨ੍ਹਾਂ ਦੇ ਪਿੰਡ ਵਿੱਚ ਉਨ੍ਹਾਂ ਦੇ ਸਨਮਾਨ ਦਾ ਪ੍ਰੋਗਰਾਮ ਹੋਣ ਵਾਲਾ ਸੀ। ਉਹ ਬਹੁਤ ਹੀ ਆਨੰਦ ਵਾਲਾ ਸੀ, ਲੋਕਾਂ ਨੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਦੁਨੀਆ ਭਰ ਵਿੱਚ ਜਾਂਦਾ ਹਾਂ, ਪੂਰੀ ਦੁਨੀਆ ਦੀ ਸਾਰੀ ਫੌਜ ਦੇ ਰੀਤੀ-ਰਿਵਾਜ ਦੇ ਨਾਲ ਮੈਨੂੰ ਸਾਰੇ ਸੈਲਿਊਟ ਕਰਦੇ ਹਨ, ਬਹੁਤ ਮਾਣ-ਸਨਮਾਨ ਮਿਲਦਾ ਹੈ। ਦੁਨੀਆ ਵਿੱਚ ਜੋ ਮਿਲਦਾ ਹੈ ਉਹ ਮਿਲੇ, ਪਰ ਜਦੋਂ ਘਰ ਵਿੱਚ ਮਿਲਦਾ ਹੈ ਨਾ, ਤਾਂ ਉਸ ਦਾ ਆਨੰਦ ਹੀ ਵੱਖਰਾ ਹੁੰਦਾ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਦਾ ਦੁਨੀਆ ਵਿੱਚ ਸਨਮਾਨ ਹੁੰਦਾ ਹੈ, ਕਾਰਨ ਭਾਰਤ ਸਮਰੱਥਾਵਾਨ ਹੋ ਰਿਹਾ ਹੈ, ਅਤੇ ਅੱਜ ਜਦੋਂ ਘਰ ਵਿੱਚ, ਘਰ ਦੇ ਬੇਟੇ ਨੂੰ, ਘਰ ਦੇ ਲੋਕ ਜਦੋਂ ਅਸ਼ੀਰਵਾਦ ਦਿੰਦੇ ਹਨ, ਤਾਂ ਕੰਮ ਕਰਨ ਦੀ ਸ਼ਕਤੀ ਬਹੁਤ ਵਧ ਜਾਂਦੀ ਹੈ। ਮੇਰੇ ਲਈ, ਮੇਰੇ ਪਰਿਵਾਰਜਨਾਂ ਨੇ, ਤੁਸੀਂ ਸਾਰਿਆਂ ਨੇ ਇਸ ਸਰਦਾਰ ਰਤਨ ਦੇ ਰੂਪ ਵਿੱਚ ਜੋ ਅਸ਼ੀਰਵਾਦ ਦਿੱਤੇ ਹਨ, ਉਸ ਦੇ ਬਦਲੇ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ। ਅਤੇ ਇਸ ਰਿਣ ਨੂੰ ਸਵੀਕਾਰ ਕਰਦਾ ਹਾਂ। ਫਿਰ ਇੱਕ ਵਾਰ ਤੁਸੀਂ ਸਾਰੇ ਜੋ ਸੰਕਲਪ ਲੈ ਕੇ ਚੱਲੇ ਹੋ, ਜੋ ਸੁਪਨੇ ਲੈ ਕੇ ਤੁਸੀਂ ਚੱਲੇ ਹੋ, ਉਸ ਲਈ ਪ੍ਰਮਾਤਮਾ ਤੁਹਾਨੂੰ ਬਹੁਤ ਸ਼ਕਤੀ ਦੇਵੇ। ਸਰਦਾਰ ਸਾਹੇਬ ਦੇ ਅਸ਼ੀਰਵਾਦ ਨਿਰੰਤਰ ਤੁਹਾਡੇ ਉੱਪਰ ਬਣੇ ਰਹਿਣ, ਅਤੇ ਪੰਕਜ ਭਾਈ ਵਰਗੇ ਸਾਥੀ ਤੁਹਾਨੂੰ ਮਿਲਦੇ ਰਹਿਣ। ਇੱਥੇ ਅਸੀਂ ਤਿੰਨ ਅਜਿਹੇ ਲੋਕ ਬੈਠੇ ਹਾਂ, ਕਿ ਜਿਨ੍ਹਾਂ ਦਾ ਵਿਸ਼ੇਸ਼ ਨਾਅਤਾ ਹੈ, ਇੱਕ ਪੰਕਜ ਭਾਈ, ਦੂਜਾ ਨਰਹਰਿ ਅਮੀਨ। ਅਸੀਂ ਸਾਰੇ ਨਵੇਂ-ਨਿਰਮਾਣ ਦੀਆਂ ਔਲਾਦਾਂ ਹਾਂ, ਤਾਂ ਮੈਨੂੰ ਖੁਸ਼ੀ ਹੋਈ ਕਿ ਅੱਜ ਪੰਕਜ ਭਾਈ ਨੇ ਵੀ ਬਹੁਤ ਵੱਡੀ ਜ਼ਿੰਮੇਵਾਰੀ ਲਈ ਹੈ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਜੈ ਸਰਦਾਰ, ਜੈ ਸਰਦਾਰ, ਧੰਨਵਾਦ। ਧੰਨਵਾਦ।
************
ਐੱਮਜੇਪੀਐੱਸ/ਐੱਸਐੱਸ/ਵੀਜੇ/ਡੀਕੇ/ਏਕੇ
Speaking at the inauguration of Sardardham Hostel in Vadodara. https://t.co/n6YSMRiWyq
— Narendra Modi (@narendramodi) May 11, 2026
बदलाव व्यापक हो, और परिणाम स्थायी हों... इसके लिए समाज और सरकार को मिलकर काम करना आवश्यक होता है।
— PMO India (@PMOIndia) May 11, 2026
इसलिए, आज शिक्षा के क्षेत्र में जमीनी हकीकतों के आधार पर काम हो रहा है।
राष्ट्रीय शिक्षा नीति इसका बहुत बड़ा उदाहरण है: PM @narendramodi
छोटे शहरों से बड़े-बड़े StartUps सामने आ रहे हैं।
— PMO India (@PMOIndia) May 11, 2026
StartUps में महिलाओं की भागीदारी भी लगातार बढ़ रही है।
पहले जिन sectors को risky माना जाता था... वो अब युवाओं की पहली पसंद बन रहे हैं: PM @narendramodi
अगर कोरोना महामारी इस सदी का सबसे बड़ा संकट थी... तो पश्चिम एशिया में युद्ध से बनी परिस्थितियां...इस दशक के बड़े संकटों में से एक है।
— PMO India (@PMOIndia) May 11, 2026
जब हमने मिलकर कोरोना का मुकाबला कर लिया तो इस संकट से भी अवश्य पार पा जाएंगे।
सरकार भी लगातार ये प्रयास कर रही है, कि देश के लोगों पर इसका कम से…
हमें भारत के नागरिक के तौर पर अपने कर्तव्य को प्राथमिकता देनी होगी।
— PMO India (@PMOIndia) May 11, 2026
इससे पहले के दशकों में भी जब-जब देश युद्ध या किसी और अन्य बड़े संकट से गुजरा है, सरकार की अपील पर हर नागरिक ने ऐसे ही अपना दायित्व निभाया है।
आज भी जरूरत है कि हम सब मिलकर अपना दायित्व निभाएं... देश के संसाधनों…
हमें हर छोटे-बड़े प्रयास से ऐसे उत्पादों का उपयोग कम करना है जो विदेश से आते हैं… और ऐसे व्यक्तिगत कामों से भी बचना है जिसमें विदेशी मुद्रा खर्च होती हो: PM @narendramodi
— PMO India (@PMOIndia) May 11, 2026
आज समय की मांग है… कि हम “वोकल फॉर लोकल” को एक जन-आंदोलन बनाएं।
— PMO India (@PMOIndia) May 11, 2026
विदेशी सामान की जगह…लोकल उत्पादों को अपनाएं।
अपने गांव, अपने शहर, अपने देश के उद्यमियों को ताकत दें: PM @narendramodi
वडोदरा में सरदारधाम छात्रावास का उद्घाटन कर अत्यंत संतोष और गर्व की अनुभूति हुई है। pic.twitter.com/bdG5XyHGG7
— Narendra Modi (@narendramodi) May 11, 2026
बड़े बदलाव और बेहतर परिणाम के लिए समाज और सरकार का साथ मिलकर काम करना बहुत जरूरी है। राष्ट्रीय शिक्षा नीति इसका एक बड़ा उदाहरण है। pic.twitter.com/O7J6sbPXaU
— Narendra Modi (@narendramodi) May 11, 2026
हमारे बेटे-बेटियों के लिए सभी क्षेत्रों में संभावनाओं के नए-नए द्वार खुलें, ये सरकार के साथ-साथ समाज की भी जिम्मेदारी है। मुझे खुशी है कि सरदारधाम इस दायित्व को पूरी निष्ठा से निभा रहा है। pic.twitter.com/NXG2R0FTqG
— Narendra Modi (@narendramodi) May 11, 2026
गुजरात के साथ ही पूरा देश ग्लोबल सप्लाई चेन का बड़ा केंद्र बने, इस दिशा में हम लगातार काम कर रहे हैं। आने वाले समय में वडोदरा की भी इसमें महत्वपूर्ण भूमिका होने वाली है। pic.twitter.com/jPgSfsWkHH
— Narendra Modi (@narendramodi) May 11, 2026
140 करोड़ लोग एक कदम आगे बढ़ते हैं, तो देश भी 140 करोड़ कदम आगे बढ़ता है। इसलिए वैश्विक संकट के मौजूदा दौर में देशवासियों से मेरे कुछ विशेष आग्रह… pic.twitter.com/uO5xFHSEUL
— Narendra Modi (@narendramodi) May 11, 2026