Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਚੇਨਈ ‘ਚ ”47ਵੀਂ ਤੁਗਲਕ ਵਰ੍ਹੇਗੰਢ-ਸ਼੍ਰੀ ਚੋ ਰਾਮਾਸਵਾਮੀ ਨੂੰ ਇੱਕ ਸ਼ਰਧਾਂਜਲੀ” ਮੌਕੇ ਵੀਡੀਓ ਕਾਨਫ਼ਰੰਸ ਰਾਹੀਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਚੇਨਈ ‘ਚ ”47ਵੀਂ ਤੁਗਲਕ ਵਰ੍ਹੇਗੰਢ-ਸ਼੍ਰੀ ਚੋ ਰਾਮਾਸਵਾਮੀ ਨੂੰ ਇੱਕ ਸ਼ਰਧਾਂਜਲੀ” ਮੌਕੇ ਵੀਡੀਓ  ਕਾਨਫ਼ਰੰਸ ਰਾਹੀਂ 
ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਪਿਆਰੇ ਡਾ. ਪਦਮਾ ਸੁਬਰਾਮਨੀਅਮ ਜੀ,

ਸ੍ਰੀ ਐੱਨ. ਰਵੀ,

ਸ੍ਰੀ ਜੀ. ਵਿਸ਼ਵਾਨਾਥਨ,

ਸ੍ਰੀ ਐੱਸ. ਰਜਨੀਕਾਂਤ,

ਸ੍ਰੀ ਗੁਰੂਮੂਰਤੀ,

ਤੁਗਲਕ ਦੇ ਪਾਠਕ

ਸਵਰਗੀ ਸ੍ਰੀ ਚੋ ਰਾਮਾਸਵਾਮੀ ਦੇ ਪ੍ਰਸ਼ੰਸਕ

ਅਤੇ ਤਾਮਿਲ ਨਾਡੂ ਦੀ ਜਨਤਾ

ਵਾਣੱਕਮ, ਇਨਿਯਾ ਪੋਂਗਲ ਨਲਵਾਜ਼ਦੁੱਕਲ

ਅਸੀਂ ਇੱਕ ਬਹੁਤ ਸ਼ੁਭ ਸਮੇਂ ਇਕੱਠੇ ਹੋਏ ਹਾਂ।

ਕੱਲ੍ਹ ਮੇਰੇ ਤੇਲਗੂ ਭੈਣਾਂ ਤੇ ਭਰਾਵਾਂ ਨੇ ਭੋਗੀ ਦਾ ਤਿਉਹਾਰ ਮਨਾਇਆ ਸੀ।

ਭਾਰਤ ਦੇ ਉੱਤਰੀ ਹਿੱਸੇ, ਖ਼ਾਸ ਕਰ ਕੇ ਪੰਜਾਬ ਦੇ ਦੋਸਤਾਂ ਨੇ ਲੋਹੜੀ ਮਨਾਈ ਸੀ।

ਅੱਜ ਮਕਰ ਸਕ੍ਰਾਂਤੀ ਹੈ।

ਗੁਜਰਾਤ ‘ਚ, ਇਹ ਦਿਨ ਅਕਾਸ਼ ਪਤੰਗਾਂ ਨਾਲ ਭਰਿਆ ਹੋਇਆ ਹੈ, ਜਿਸ ਨੂੰ ਉਤਰਾਇਣ ਵੀ ਕਿਹਾ ਜਾਂਦਾ ਹੈ।

ਅਸਾਮ ਦੇ ਲੋਕ ਮਾਘ ਬੀਹੂ ਮਨਾ ਰਹੇ ਹਨ।

ਅਤੇ ਤਾਮਿਲ ਨਾਡੂ, ਜਿੱਥੇ ਤੁਸੀਂ ਹੋ, ਇਹ ਪੋਂਗਲ ਹੈ।

ਪੋਂਗਲ, ਸ਼ੁਕਰਾਨਾ ਕਰਨ – ਭਗਵਾਨ ਸੂਰਜ ਦਾ ਤੇ ਉਨ੍ਹਾਂ ਜਾਨਵਰਾਂ ਦਾ ਧੰਨਵਾਦ ਕਰਨ ਦਾ ਤਿਉਹਾਰ ਹੈ, ਜਿਹੜੇ ਖੇਤੀਬਾੜੀ ਵਿੱਚ ਮਦਦ ਕਰਦੇ ਹਨ ਅਤੇ ਇਹ ਸਮਾਂ ਕੁਦਰਤ ਦਾ ਸ਼ੁਕਰੀਆ ਕਰਨ ਦਾ ਵੀ ਹੈ, ਜੋ ਸਾਨੂੰ ਕਾਇਮ ਰੱਖਣ ਲਈ ਕੁਦਰਤੀ ਸਰੋਤ ਪ੍ਰਦਾਨ ਕਰਦੀ ਹੈ।

ਕੁਦਰਤ ਨਾਲ ਇੱਕਸੁਰਤਾ ਸਾਡੇ ਸੱਭਿਆਚਾਰ, ਸਾਡੀਆਂ ਰਵਾਇਤਾਂ ਦੀ ਤਾਕਤ ਹੈ।

ਉੱਤਰ ਤੋਂ ਦੱਖਣ ਤੱਕ, ਪੂਰਬ ਤੋਂ ਪੱਛਮ ਤੱਕ, ਅਸੀਂ ਦੇਖ ਸਕਦੇ ਹਾਂ ਕਿ ਸਮੁੱਚੇ ਰਾਸ਼ਟਰ ਵਿੱਚ ਕਿਵੇਂ ਤਿਉਹਾਰਾਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ।

ਤਿਉਹਾਰ ਜੀਵਨ ਦੇ ਜਸ਼ਨ ਹਨ।

ਤਿਉਹਾਰਾਂ ਨਾਲ ਇੱਕਜੁਟਤਾ ਦੀ ਭਾਵਨਾ ਆਉਂਦੀ ਹੈ।

ਉਹ ਏਕਤਾ ਦਾ ਖ਼ੂਬਸੂਰਤ ਧਾਗਾ ਬੁਣਦੇ ਹਨ।

ਇਹ ਸਾਰੇ ਤਿਉਹਾਰ ਮਨਾ ਰਹੇ ਸਮੁੱਚੇ ਭਾਰਤ ਦੇ ਲੋਕਾਂ ਨੂੰ ਮੇਰੀਆਂ ਵਧਾਈਆਂ।

ਮਕਰ ਸਕ੍ਰਾਂਤੀ ਮੌਕੇ ਸੂਰਜ ਆਪਣੇ ਬ੍ਰਹਿਮੰਡ ਦੇ ਰਾਹ ਵਿੱਚ ਆਪਣੀ ਰਾਸ਼ੀ ਮਦਲ ਕੇ ਮਕਰ ਰਾਸ਼ੀ ਵਿੱਚ ਦਾਖ਼ਲ ਹੁੰਦਾ ਹੈ। ਬਹੁਤੇ ਲੋਕਾਂ ਲਈ ਮਕਰ ਸਕ੍ਰਾਂਤੀ ਦਾ ਅਰਥ ਸਖ਼ਤ ਤੇ ਕਸ਼ਟਦਾਇਕ ਠੰਢ ਤੋਂ ਕੁਝ ਰਾਹਤ ਤੇ ਗਰਮਾਹਟ ਭਰੇ, ਚਮਕੀਲੇ ਦਿਨਾਂ ਦੀ ਆਮਦ ਤੋਂ ਹੁੰਦਾ ਹੈ।

ਸਾਡੇ ਵੱਲੋਂ ਅੱਜ ਮਨਾਏ ਜਾਣ ਵਾਲੇ ਕੁਝ ਤਿਉਹਾਰ ਵਾਢੀ ਦੇ ਤਿਉਹਾਰ ਹਨ।

ਸਾਡੀ ਅਰਦਾਸ ਹੈ ਕਿ ਇਹ ਤਿਉਹਾਰ ਸਾਡੇ ਉਨ੍ਹਾਂ ਕਿਸਾਨਾਂ ਦੇ ਜੀਵਨਾਂ ਵਿੱਚ ਖ਼ੁਸ਼ਹਾਲੀ ਤੇ ਖੇੜੇ ਲੈ ਕੇ ਆਉਣ, ਜੋ ਸਾਡੇ ਦੇਸ਼ ਨੂੰ ਅਨਾਜ ਨਾਲ ਭਰਪੂਰ ਕਰਨ ਲਈ ਆਪਣੀ ਸਖ਼ਤ ਮਿਹਨਤ ਜਾਰੀ ਰੱਖਦੇ ਹਨ।

ਦੋਸਤੋ,

ਮੇਰੀ ਇੱਛਾ ਤਾਂ ਤੁਹਾਡੇ ਵਿੱਚ ਖ਼ੁਦ ਆਉਣ ਦੀ ਸੀ – ਪਰ ਕੁਝ ਜ਼ਰੂਰੀ ਕਿਸਮ ਦੇ ਕੰਮਾਂ ਦੀ ਬਹੁਤਾਤ ਨੇ ਮੈਨੂੰ ਇੰਝ ਨਹੀਂ ਕਰਨ ਦਿੱਤਾ। ਮੈਂ ਆਪਣੇ ਪਿਆਰੇ ਦੋਸਤ ਸ੍ਰੀ ਚੋ ਰਾਮਾਸਵਾਮੀ ਨੂੰ ਤੁਗਲਕ ਦੀ 47ਵੀਂ ਵਰ੍ਹੇਗੰਢ ਮੌਕੇ ਆਪਣੀ ਸ਼ਰਧਾਂਜਲੀ ਭੇਟ ਕਰਦਾ ਹਾਂ।

ਚੋ ਦੇ ਅਕਾਲ ਚਲਾਣੇ ਨਾਲ, ਅਸੀਂ ਇੱਕ ਅਜਿਹਾ ਦੋਸਤ ਗੁਆ ਲਿਆ ਹੈ, ਜਿਸ ਨੇ ਆਪਣੇ ਰਾਹ ‘ਚ ਆਉਣ ਵਾਲੇ ਹਰੇਕ ਵਿਅਕਤੀ ਨੂੰ ਆਪਣੀ ਵਡਮੁੱਲੀ ਸੂਝਬੂਝ ਦੇ ਰੂ-ਬ-ਰੂ ਕਰਵਾਇਆ ਸੀ।

ਮੈਂ ਉਨ੍ਹਾਂ ਨੂੰ ਪਿਛਲੇ ਚਾਰ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਨਿਜੀ ਤੌਰ ਉੱਤੇ ਜਾਣਦਾ ਸਾਂ। ਇਹ ਮੇਰੇ ਲਈ ਇੱਕ ਨਿਜੀ ਘਾਟਾ ਹੈ।

ਉਹ ਮੇਰੇ ਸੰਪਰਕ ਵਿੱਚ ਆਉਣ ਵਾਲੀਆਂ ਬਹੁ-ਪੱਖੀ ਸ਼ਖ਼ਸੀਅਤਾਂ ਵਿੱਚੋਂ ਇੱਕ ਸਨ। ਉਹ ਇੱਕ ਅਦਾਕਾਰ, ਇੱਕ ਨਿਰਦੇਸ਼ਕ, ਇੱਕ ਪੱਤਰਕਾਰ, ਇੱਕ ਸੰਪਾਦਕ, ਇੱਕ ਲੇਖਕ, ਇੱਕ ਨਾਟਕਕਾਰ, ਇੱਕ ਸਿਆਸੀ ਆਗੂ, ਇੱਕ ਸਿਆਸੀ ਟਿੱਪਣੀਕਾਰ, ਇੱਕ ਸੱਭਿਆਚਾਰਕ ਆਲੋਚਕ, ਇੱਕ ਬੇਹੱਦ ਪ੍ਰਤਿਭਾਸ਼ਾਲੀ ਲੇਖਕ, ਇੱਕ ਧਾਰਮਿਕ ਤੇ ਸਮਾਜਕ ਆਲੋਚਕ, ਇੱਕ ਵਕੀਲ ਤੇ ਹੋਰ ਬਹੁਤ ਕੁਝ ਸਨ।

ਉਨ੍ਹਾਂ ਦੀਆਂ ਇਨ੍ਹਾਂ ਸਾਰੀਆਂ ਭੂਮਿਕਾਵਾਂ ਵਿੱਚੋਂ, ਤੁਗਲਕ ਰਸਾਲੇ ਦੇ ਸੰਪਾਦਕ ਵਜੋਂ ਉਨ੍ਹਾਂ ਦੀ ਭੂਮਿਕਾ ਤਾਜ ਵਿੱਚ ਹੀਰੇ ਵਾਂਗ ਸੀ। ਤੁਗਲਕ ਨੇ 47 ਸਾਲਾਂ ਦੌਰਾਨ ਲੋਕਤੰਤਰੀ ਕਦਰਾਂ-ਕੀਮਤਾਂ ਤੇ ਰਾਸ਼ਟਰੀ ਹਿਤਾਂ ਦੀ ਰਾਖੀ ਕਰਦਿਆਂ ਪ੍ਰਮੁੱਖ ਭੁਮਿਕਾ ਨਿਭਾਈ ਹੈ।

ਤੁਗਲਕ ਅਤੇ ਚੋ – ਵਿੱਚੋਂ ਇੱਕ ਤੋਂ ਬਗ਼ੈਰ ਦੂਜੇ ਬਾਰੇ ਕਲਪਨਾ ਕਰਨੀ ਵੀ ਔਖੀ ਹੈ। ਲਗਭਗ ਪੰਜ ਦਹਾਕਿਆਂ ਤੱਕ ਉਹ ਤੁਗਲਕ ਦੇ ਇੰਚਾਰਜ ਰਹੇ ਸਨ। ਜੇ ਕਿਸੇ ਨੇ ਭਾਰਤ ਦਾ ਸਿਆਸੀ ਇਤਿਹਾਸ ਲਿਖਣਾ ਹੋਵੇ, ਉਹ ਚੋ ਰਾਮਾਸਵਾਮੀ ਤੇ ਉਨ੍ਹਾਂ ਦੀ ਸਿਆਸੀ ਟਿੱਪਣੀ ਤੋਂ ਬਗ਼ੈਰ ਇਹ ਲਿਖ ਨਹੀਂ ਸਕਦਾ।

ਚੋ ਦੀ ਸ਼ਲਾਘਾ ਕਰਨੀ ਅਸਾਨ ਹੈ, ਪਰ ਪਰ ਚੋ ਨੂੰ ਸਮਝਣਾ ਬਹੁਤ ਸੁਖਾਲਾ ਨਹੀਂ ਹੈ। ਉਨ੍ਹਾਂ ਨੂੰ ਸਮਝਣ ਲਈ, ਸਾਨੂੰ ਉਨ੍ਹਾਂ ਦੇ ਹੌਸਲੇ, ਦ੍ਰਿੜ੍ਹਤਾ, ਉਨ੍ਹਾਂ ਦੀ ਰਾਸ਼ਟਰਵਾਦੀ ਭਾਵਨਾ ਨੂੰ ਸਮਝਣ ਦੀ ਜ਼ਰੂਰਤ ਹੋਵੇਗੀ; ਜੋ ਸੰਕੀਰਨਤਾ, ਖੇਤਰੀ, ਭਾਸ਼ਾਈ ਤੇ ਹੋਰ ਵੰਡਾਂ ਤੋਂ ਅਗਾਂਹ ਸੀ।
ਉਨ੍ਹਾਂ ਦੀ ਸਭ ਤੋਂ ਮਹਾਨ ਪ੍ਰਾਪਤੀ ਇਹ ਸੀ ਕਿ ਉਨ੍ਹਾਂ ਤੁਗਲਕ ਨੂੰ ਸਾਰੀਆਂ ਫੁੱਟ-ਪਾਊ ਤਾਕਤਾਂ ਵਿਰੁੱਧ ਇੱਕ ਹਥਿਆਰ ਬਣਾਇਆ। ਉਹ ਇੱਕ ਸਾਫ਼-ਸੁਥਰੇ ਤੇ ਭ੍ਰਿਸ਼ਟਾਚਾਰ ਤੋਂ ਮੁਕਤ ਸਿਆਸੀ ਪ੍ਰਣਾਲੀ ਲਈ ਜੂਝ ਰਹੇ ਸਨ। ਉਸ ਸੰਘਰਸ਼ ਦੌਰਾਨ, ਉਨ੍ਹਾਂ ਕਦੇ ਵੀ ਕਿਸੇ ਨੂੰ ਨਹੀਂ ਬਖ਼ਸ਼ਿਆ।
ਉਹ ਉਨ੍ਹਾਂ ਲੋਕਾਂ ਦੀ ਵੀ ਆਲੋਚਨਾ ਕਰ ਦਿੰਦੇ ਸਨ, ਜਿਨ੍ਹਾਂ ਨਾਲ ਉਨ੍ਹਾਂ ਦਹਾਕਿਆਂ ਬੱਧੀ ਤੱਕ ਅਦਾਕਾਰੀ ਕੀਤੀ ਸੀ, ਉਹ ਆਪਣੇ ਉਨ੍ਹਾਂ ਲੋਕਾਂ ਦੀ ਵੀ ਆਲੋਚਨਾ ਕਰਦੇ ਸਨ, ਜਿਹੜੇ ਕਈ ਦਹਾਕਿਆਂ ਤੋਂ ਉਨ੍ਹਾਂ ਦੇ ਦੋਸਤ ਸਨ, ਉਹ ਉਨ੍ਹਾਂ ਲੋਕਾਂ ਦੇ ਵੀ ਆਲੋਚਕ ਸਨ, ਜਿਹੜੇ ਉਨ੍ਹਾਂ ਨੂੰ ਆਪਣਾ ਪਥ-ਪ੍ਰਦਰਸ਼ਕ ਤੇ ਸਲਾਹਕਾਰ ਸਮਝਦੇ ਸਨ। ਕੋਈ ਵੀ ਬਖ਼ਸ਼ਿਆ ਨਹੀਂ ਗਿਆ। ਉਹ ਸ਼ਖ਼ਸੀਅਤਾਂ ਵੱਲ ਨਹੀਂ, ਸਗੋਂ ਮੁੱਦਿਆਂ ਵੱਲ ਵੇਖਦੇ ਸਨ।
ਰਾਸ਼ਟਰ ਹੀ ਉਨ੍ਹਾਂ ਦਾ ਕੇਂਦਰੀ ਸੰਦੇਸ਼ ਸੀ। ਇਹ ਗੱਲ ਉਨ੍ਹਾਂ ਦੀਆਂ ਲਿਖਤਾਂ, ਉਨ੍ਹਾਂ ਦੀਆਂ ਫ਼ਿਲਮਾਂ, ਨਾਟਕਾਂ ਅਤੇ ਦੇ ਨਿਰਦੇਸ਼ਨ ਹੇਠ ਬਣੇ ਟੈਲੀਵਿਜ਼ਨ ਦੇ ਲੜੀਵਾਰ ਨਾਟਕਾਂ ਅਤੇ ਉਨ੍ਹਾਂ ਫ਼ਿਲਮਾਂ ਵਿੱਚ ਵੀ ਝਲਕਦੀ ਹੈ, ਜਿਨ੍ਹਾਂ ਲਈ ਉਨ੍ਹਾਂ ਸਕ੍ਰੀਨ-ਪਲੇਅ ਲਿਖਿਆ ਸੀ।

ਉਨ੍ਹਾਂ ਦੇ ਵਿਅੰਗ ਨੇ ਉਨ੍ਹਾਂ ਦੀ ਆਲੋਚਨਾ ਨੂੰ ਪਿਆਰ ਦੇ ਯੋਗ ਬਣਾ ਦਿੱਤਾ ਸੀ, ਇੱਥੋਂ ਤੱਕ ਕਿ ਜਿਨ੍ਹਾਂ ਦੀ ਉਹ ਆਲੋਚਨਾ ਕਰਦੇ ਸਨ, ਉਹ ਵੀ ਉਨ੍ਹਾਂ ਨੂੰ ਪਿਆਰ ਕਰਦੇ ਸਨ। ਉਹ ਕੋਈ ਬੀਜੀ ਹੋਈ ਜਾਂ ਬੀਜੀ ਜਾਣਯੋਗ ਨੇਕੀ ਨਹੀਂ ਸੀ। ਉਹ ਰੱਬ ਵੱਲੋਂ ਉਨ੍ਹਾਂ ਨੂੰ ਮਿਲਿਆ ਤੋਹਫ਼ਾ ਸੀ, ਜਿਸ ਦੀ ਵਰਤੋਂ ਉਨ੍ਹਾਂ ਕੇਵਲ ਜਨ ਹਿਤ ਨੂੰ ਉਤਸ਼ਾਹਿਤ ਕਰਨ ਲਈ ਹੀ ਕੀਤੀ। ਇਹ ਉਨ੍ਹਾਂ ਲਈ ਤੋਹਫ਼ਾ ਸੀ ਕਿ ਜਿਸ ਨੂੰ ਉਹ ਕਿਸੇ ਇੱਕ ਕਾਰਟੂਨ ਜਾਂ ਕਿਸੇ ਇੱਕ ਵਾਕ ਵਿੱਚ ਆਪਣੇ ਵਿਚਾਰ ਪ੍ਰਗਟਾਉਣ ਲਈ ਵਰਤਦੇ ਸਨ ਅਤੇ ਅਜਿਹਾ ਇੱਕ ਕਿਤਾਬ ਜਾਂ ਕਿਤਾਬਾਂ ਦੇ ਕਈ ਸੰਸਕਰਨ ਵੀ ਨਹੀਂ ਕਰ ਸਕਦੇ।

ਇਸ ਤੋਂ ਮੈਨੂੰ ਚੋ ਦਾ ਇੱਕ ਕਾਰਟੂਨ ਚੇਤੇ ਆਉਂਦਾ ਹੈ, ਜਿਸ ਵਿੱਚ ਲੋਕ ਆਪਣੀਆਂ ਬੰਦੂਕਾਂ ਨਾਲ ਮੈਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਆਮ ਲੋਕ ਮੇਰੇ ਸਾਹਮਣੇ ਖਲੋਤੇ ਹਨ; ਚੋ ਪੁੱਛਦੇ ਹਨ ਕਿ ਅਸਲ ਨਿਸ਼ਾਨਾ ਕੌਣ ਹੈ? ਮੈਂ ਜਾਂ ਆਮ ਲੋਕ? ਅੱਜ ਦੇ ਸੰਦਰਭ ਵਿੱਚ ਉਹ ਕਾਰਟੂਨ ਕਿੰਨਾ ਵਾਜਬ ਹੈ!

ਮੈਨੂੰ ਚੋ ਨਾਲ ਸਬੰਧਤ ਇੱਕ ਘਟਨਾ ਚੇਤੇ ਆਉਂਦੀ ਹੈ। ਇੱਕ ਵਾਰ ਚੋ ਤੋਂ ਖ਼ਫ਼ਾ ਹੋਏ ਕੁਝ ਲੋਕਾਂ ਨੇ ਆਂਡੇ ਸੁੱਟਣੇ ਸ਼ੁਰੂ ਕਰ ਦਿੱਤੇ। ਇਸ ‘ਤੇ ਚੋ ਨੇ ਆਖਿਆ,”ਅੱਯਾ, ਮੇਰੇ ਉੱਤੇ ਕੱਚੇ ਆਂਡੇ ਕਿਉਂ ਸੁੱਟਦੇ ਹੋ, ਜਦ ਕਿ ਤੁਸੀਂ ਮੈਨੂੰ ਇੱਕ ਆਮਲੇਟ ਬਣਾ ਕੇ ਦੇ ਸਕਦੇ ਹੋ।” ਇਸ ‘ਤੇ ਉਹ ਆਂਡੇ ਸੁੱਟਣ ਵਾਲੇ ਹੱਸ ਪਏ। ਉਨ੍ਹਾ ਵਿੱਚ ਹਾਲਾਤ ਨੂੰ ਆਪਣੇ ਹੱਕ ਵਿੱਚ ਕਰਨ ਦੀ ਅਥਾਹ ਯੋਗਤਾ ਸੀ।

ਤੁਗਲਕ ਸਭਨਾ ਲਈ ਇੱਕ ਮੰਚ ਸੀ। ਚੋ ਉੱਥੇ ਆਪਣੇ ਖ਼ੁਦ ਦੇ ਵਿਰੋਧੀ ਵਿਚਾਰ ਵੀ ਰੱਖਦੇ ਸਨ ਤੇ ਆਪਣੇ ਖ਼ੁਦ ਦੇ ਰਸਾਲੇ ਵਿੱਚ ਹੀ ਉਹ ਖ਼ੁਦ ਨੂੰ ਗਾਲੀ-ਗਲੋਚ ਵੀ ਛਾਪ ਲੈਂਦੇ ਸਨ। ਇਸੇ ਕਰ ਕੇ ਤੁਗਲਕ ਤੋਂ ਕਦੇ ਕੋਈ ਬਾਹਰ ਨਾ ਹੋਇਆ। ਜਿਨ੍ਹਾਂ ਦੀ ਉਹ ਆਲੋਚਨਾ ਕਰਦੇ ਸਨ, ਉਨ੍ਹਾਂ ਦੇ ਵਿਚਾਰ ਵੀ ਓਨੀ ਹੀ ਪ੍ਰਮੁੱਖਤਾ ਨਾਲ ਤੁਗਲਕ ਵਿੱਚ ਛਪੇ ਹੁੰਦੇ ਸਨ, ਜਿੰਨੀ ਨਾਲ ਚੋ ਦੇ ਆਪਣੇ ਵਿਚਾਰ ਮੌਜੂਦ ਹੁੰਦੇ ਸਨ। ਇਹ ਮੀਡੀਆ ਅਤੇ ਜਨਤਕ ਜੀਵਨ ਵਿੱਚ ਵਿੱਚ ਸਭ ਤੋਂ ਸੱਚੀ ਲੋਕਤੰਤਰੀ ਭਾਵਨਾ ਹੈ।

ਮੇਰੇ ਵਿਚਾਰ ਅਨੁਸਾਰ, ਉਨ੍ਹਾਂ ਦੇ ਵਿਚਾਰ ਤੇ ਉਨ੍ਹਾਂ ਦਾ ਯੋਗਦਾਨ ਕੇਵਲ ਤਾਮਿਲ ਭਾਸ਼ਾ ਤੇ ਤਾਮਿਲ ਜਨਤਾ ਤੱਕ ਹੀ ਸੀਮਤ ਨਹੀਂ ਸੀ। ਉਨ੍ਹਾਂ ਨੇ ਅੱਗੇ ਵਧਣ ਦੇ ਚਾਹਵਾਨ ਪੱਤਰਕਾਰਾਂ ਅਤੇ ਭਾਰਤ ਦੇ ਬਹੁਤ ਸਾਰੇ ਸਮਾਜਾਂ ਦੇ ਸਿਆਸੀ ਆਗੂਆਂ ਦੀਆਂ ਕਈ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ।
ਅਤੇ ਇਹ ਗੱਲ ਅਸੀਂ ਸਾਰੇ ਜਾਣਦੇ ਹਾਂ ਕਿ ਤੁਗਲਕ ਰਸਾਲਾ ਕੇਵਲ ਕੋਈ ਸਿਆਸੀ ਟਿੱਪਣੀ ਨਹੀਂ ਸੀ। ਉਹ ਕਰੋੜਾਂ ਤਾਮਿਲ ਲੋਕਾਂ ਦੇ ਕੰਨ ਤੇ ਅੱਖਾਂ ਸੀ। ਤੁਗਲਕ ਰਾਹੀਂ ਚੋ ਆਮ ਲੋਕਾਂ ਤੇ ਹਾਕਮਾਂ ਵਿਚਾਲੇ ਪੁਲ ਜੋੜਦੇ ਰਹੇ ਸਨ।

ਮੈਨੂੰ ਖ਼ੁਸ਼ੀ ਹੈ ਕਿ ਤੁਗਲਕ ਹੁਣ ਪੱਤਰਕਾਰੀ ਦੇ ਉਸੇ ਉਦੇਸ਼ ਨਾਲ ਆਪਣੀ ਯਾਤਰਾ ਜਾਰੀ ਰੱਖੇਗਾ, ਜਿਹੜਾ ਚੋ ਨੇ ਮਿੱਥਿਆ ਸੀ। ਜਿਨ੍ਹਾਂ ਨੂੰ ਹੁਣ ਤੁਗਲਕ ਦੀ ਵਿਰਾਸਤ ਮਿਲੀ ਹੈ, ਉਨ੍ਹਾਂ ਦੇ ਮੋਢਿਆਂ ਉੱਤੇ ਮਹਾਨ ਜ਼ਿੰਮੇਵਾਰੀ ਹੈ। ਚੋ ਦੇ ਦ੍ਰਿਸ਼ਟੀਕੋਣ ਤੇ ਪ੍ਰਤੀਬੱਧਤਾ ਦੀ ਸੇਧ ਵਿੱਚ ਚੱਲਣਾ ਇੱਕ ਵੱਡੀ ਚੁਣੌਤੀ ਹੋਵੇਗੀ। ਇਸ ਦ੍ਰਿਸ਼ਟੀ ਦੀ ਪਾਲਣਾ ਤਾਮਿਲ ਨਾਡੂ ਦੀ ਜਨਤਾ ਦੀ ਇੱਕ ਮਹਾਨ ਸੇਵਾ ਹੋਵੇਗੀ।

ਮੈਂ ਸ੍ਰੀ ਗੁਰੂਮੂਰਤੀ ਅਤੇ ਉਨ੍ਹਾਂ ਦੀ ਟੀਮ ਨੂੰ ਇਸ ਉੱਦਮ ਲਈ ਸ਼ੁਭ-ਕਾਮਨਾਵਾਂ ਦਿੰਦਾ ਹਾਂ। ਗੁਰੂਮੂਰਤੀ ਜੀ ਨੂੰ ਜਾਣਦਾ ਹੋਣ ਕਰ ਕੇ, ਮੈਨੂੰ ਭਰੋਸਾ ਹੈ ਕਿ ਉਹ ਸਫ਼ਲ ਹੋਣਗੇ।

ਜਿਸ ਵਿਅੰਗ, ਹਾਸਰਸ ਤੇ ਤਨਜ਼ੀਆ ਕਲਾ ਉੱਤੇ ਚੋ ਨੂੰ ਮੁਹਾਰਤ ਹਾਸਲ ਸੀ, ਉਸ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦੀ ਲੋੜ ਨਹੀਂ ਹੈ।
ਮੈਂ ਸਮਝਦਾ ਹਾਂ ਕਿ ਸਾਨੂੰ ਵਧੇਰੇ ਵਿਅੰਗ ਤੇ ਹਾਸਰਸ ਦੀ ਲੋੜ ਹੈ। ਹਾਸਰਸ ਨਾਲ ਸਾਡੇ ਜੀਵਨ ਵਿੱਚ ਖ਼ੁਸ਼ੀਆਂ ਆਉਂਦੀਆਂ ਹਨ। ਹਾਸਰਸ ਦੁੱਖਾਂ ਦੀ ਸਭ ਤੋਂ ਵਧੀਆ ਦਾਰੂ ਹੈ।

ਮੁਸਕਰਾਹਟ ਦੀ ਤਾਕਤ ਜਾਂ ਹਾਸੇ ਦੀ ਸ਼ਕਤੀ ਸਦਾ ਗਾਲੀ-ਗਲੋਚ ਜਾਂ ਕਿਸੇ ਹੋਰ ਹਥਿਆਰ ਦੀ ਤਾਕਤ ਨਾਲੋਂ ਵੱਧ ਹੁੰਦੀ ਹੈ। ਹਾਸਾ ਪੁਲ ਤੋੜਦਾ ਨਹੀਂ, ਸਗੋਂ ਉਸਾਰਦਾ ਹੈ।

ਅਤੇ ਅੱਜ ਸਾਨੂੰ ਇਸੇ ਦੀ – ਪੁਲ ਉਸਾਰਨ ਦੀ ਲੋੜ ਹੈ। ਲੋਕਾਂ ਵਿਚਾਲੇ ਪੁਲ ਉਸਾਰਨ ਦੀ।

ਭਾਈਚਾਰਿਆਂ ਵਿਚਾਲੇ ਪੁਲ, ਸਮਾਜਾਂ ਵਿਚਾਲੇ ਪੁਲ।

ਹਾਸੇ ਨਾਲ ਮਨੁੱਖੀ ਸਿਰਜਣਾਤਮਕਤਾ ਆਉਂਦੀ ਹੈ। ਅਸੀਂ ਅਜਿਹੇ ਜੁੱਗ ਵਿੱਚ ਰਹਿ ਰਹੇ ਹਾਂ, ਜਿੱਥੇ ਇੱਕ ਭਾਸ਼ਣ ਜਾਂ ਇੱਕ ਸਮਾਰੋਹ ਅਨੇਕ ਸੱਭਿਆਚਾਰਾਂ ਦੀ ਸਿਰਜਣਾ ਕਰ ਸਕਦਾ ਹੈ।

ਦੋਸਤੋ,

ਮੈਂ ਪਹਿਲਾਂ ਚੇਨਈ ‘ਚ ਖ਼ੁਦ ਤੁਗਲਕ ਦੀ ਪਾਠਕਾਂ ਨਾਲ ਸਾਲਾਨਾ ਮਿਲਣੀ ਵਿੱਚ ਸ਼ਾਮਲ ਹੋ ਚੁੱਕਾ ਹਾਂ।

ਇਸ ਸਮਾਰੋਹ ਵਿੱਚ ਸ੍ਰੀ ਚੋ ਦੀ ਅਵਾਜ਼ ਵਿੱਚ ਸ਼੍ਰੀਮਦ ਭਗਵਦ ਗੀਤਾ ਦੇ ਸਲੋਕ ਬੋਲਣ ਦੀ ਤੁਹਾਡੀ ਰਵਾਇਤ ਰਹੀ ਹੈ, ਮੈਂ ਸ੍ਰੀ ਚੋ ਦੇ ਸਨਮਾਨ ਵਿੱਚ ਇੱਕ ਸਲੋਕ ਨਾਲ ਆਪਣੀ ਗੱਲ ਖ਼ਤਮ ਕਰਨੀ ਚਾਹੁੰਦਾ ਹਾਂ:

वासांसि जीर्णानि यथा विहाय नवानि गृह्णाति नरोऽपराणि।

तथा शरीराणि विहाय जीर्णान्यन्यानि संयाति नवानि देही।

(ਸਦੀਵੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਨਹੀਂ ਜਾਂਦਾ, ਸਗੋਂ ਇੱਕ ਤੋਂ ਦੂਜੇ ਟਿਕਾਣੇ ‘ਤੇ ਚਲਾ ਜਾਂਦਾ ਹੈ)।

Above all let us thank him for being the great Cho Ramaswamy – the one and only Cho.
ਆਓ ਆਪਾਂ, ਮਿਲ ਕੇ ਉਨ੍ਹਾਂ ਵੱਲੋਂ ਛੋਹੇ ਅਨੇਕ ਖੇਤਰਾਂ ਵਿੱਚ ਪਾਏ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕਰੀਏ। ਆਓ ਅਸੀਂ ਕੇਵਲ ਇੱਕੋ-ਇੱਕ ਮਹਾਨ ਚੋ ਰਾਮਾਸਵਾਮੀ ਦਾ ਧੰਨਵਾਦ ਕਰੀਏ।

*****

AKT/AK