ਪੀਐੱਮਇੰਡੀਆ
ਤਾਮਿਲਨਾਡੂ ਦੇ ਰਾਜਪਾਲ ਰਾਜੇਂਦਰ ਆਰਲੇਕਰ ਜੀ, ਮੁੱਖ ਮੰਤਰੀ ਸੀ ਜੋਸਫ ਵਿਜੈ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਐੱਲ. ਮੁਰੂਗਨ ਜੀ, ਨੈਨਾਰ ਨਾਗੇਂਦਰਨ ਜੀ, ਤਾਮਿਲ ਭੈਣੋ ਅਤੇ ਭਰਾਵੋ, ਵਣੱਕਮ!
ਤੁਹਾਡੇ ਸਾਰਿਆਂ ਵਿਚਾਲੇ ਚੇਨੱਈ ਵਿੱਚ ਆ ਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਤਾਮਿਲਨਾਡੂ ਲਈ ਇਹ ਇੱਕ ਇਤਿਹਾਸਕ ਦਿਨ ਹੈ। ਅੱਜ ਦੇ ਪ੍ਰੋਗਰਾਮ ਵਿੱਚ 13 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਸ਼ਾਮਲ ਹਨ। ਅਸੀਂ ਮੁਕੰਮਲ ਹੋ ਚੁੱਕੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰ ਰਹੇ ਹਾਂ ਅਤੇ ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖ ਰਹੇ ਹਾਂ। ਇਨ੍ਹਾਂ ਵਿੱਚੋਂ ਕੁਝ ਸਾਡਾ ਰੋਜ਼ਾਨਾ ਦਾ ਸਫ਼ਰ ਸੌਖਾ ਬਣਾਉਣਗੇ। ਦੂਜੇ ਪ੍ਰੋਜੈਕਟ ਸਾਡੀ ਸਨਅਤ ਅਤੇ ਵਪਾਰ ਨੂੰ ਮਜ਼ਬੂਤ ਕਰਨਗੇ। ਇਹ ਸਾਰੇ ਰਲ ਕੇ ਪੂਰੇ ਤਾਮਿਲਨਾਡੂ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨਗੇ। ਮੈਂ ਇਸ ਮੌਕੇ ’ਤੇ ਸੂਬੇ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ।
ਅੱਜ ਤੋਂ ਨਰਾਤਿਆਂ ਦੇ ਪਵਿੱਤਰ ਤਿਉਹਾਰ ਦੀ ਸ਼ੁਰੂਆਤ ਹੋ ਰਹੀ ਹੈ। ਨਰਾਤਿਆਂ ਦਾ ਇਹ ਪਵਿੱਤਰ ਮੌਕਾ, ਅਤੇ ਸ਼ਿਵ ਦੇ ਨਾਲ-ਨਾਲ ਸ਼ਕਤੀ ਦੀ ਪਵਿੱਤਰ ਧਰਤੀ ਤਾਮਿਲਨਾਡੂ, ਅਤੇ ਇਸ ਪ੍ਰੋਗਰਾਮ ਵਿੱਚ ਆਉਣ ਤੋਂ ਪਹਿਲਾਂ ਮੈਨੂੰ ਜਲਕੰਡੇਸ਼ਵਰ ਮੰਦਰ ਵਿੱਚ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈਣ ਦਾ ਸੁਭਾਗ ਵੀ ਮਿਲਿਆ ਹੈ। ਮੈਂ ਤਾਮਿਲਨਾਡੂ ਦੀ ਇਸ ਤੀਰਥ ਧਰਤੀ ਤੋਂ, ਸਾਰੇ ਦੇਸ਼ਵਾਸੀਆਂ ਨੂੰ ਨਰਾਤਿਆਂ ਦੀਆਂ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਅੱਜ ‘ਭਾਰਤ ਰਤਨ’ ਜੈਪ੍ਰਕਾਸ਼ ਨਾਰਾਇਣ ਜੀ ਅਤੇ ‘ਭਾਰਤ ਰਤਨ’ ਨਾਨਾਜੀ ਦੇਸ਼ਮੁਖ ਦਾ ਜਨਮ ਦਿਹਾੜਾ ਵੀ ਹੈ। ਇਨ੍ਹਾਂ ਦੋਵਾਂ ਸ਼ਖ਼ਸੀਅਤਾਂ ਦਾ ਜੀਵਨ, ਸਾਨੂੰ ਦੇਸ਼ ਦੀ ਸੇਵਾ ਪ੍ਰਤੀ ਹੋਰ ਵੱਧ ਸਮਰਪਣ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੰਦਾ ਹੈ। ਮੈਂ ਇਸ ਮੰਚ ਤੋਂ ਇਨ੍ਹਾਂ ਦੋਵਾਂ ਮਹਾਨ ਸ਼ਖ਼ਸੀਅਤਾਂ ਅੱਗੇ ਸਿਰ ਝੁਕਾਉਂਦਾ ਹਾਂ।
ਸਾਥੀਓ,
ਹੁਣੇ ਕੁਝ ਦੇਰ ਪਹਿਲਾਂ, ਆਈਆਈਟੀ ਮਦਰਾਸ ਵਿੱਚ, ਮੈਨੂੰ ਉੱਥੇ ਦੇ ਬ੍ਰੇਨ ਰਿਸਰਚ (ਦਿਮਾਗ ਖੋਜ) ਕੇਂਦਰ ਵਿੱਚ ਜਾਣ ਦਾ ਮੌਕਾ ਮਿਲਿਆ। ਇਸ ਖੇਤਰ ਵਿੱਚ ਹੋਣ ਵਾਲੀ ਖੋਜ, ਲੋਕਾਂ ਦੀ ਸਿਹਤ ਸੰਭਾਲ ਦੇ ਖੇਤਰ ਵਿੱਚ ਕਈ ਨਵੇਂ ਮੌਕੇ ਪੈਦਾ ਕਰ ਸਕਦੀ ਹੈ। ਇਸ ਦੌਰੇ ਤੋਂ ਇਲਾਵਾ, ਮੈਨੂੰ ਚੇਨੱਈ ਮੈਟਰੋ ਦੇ ਇੱਕ ਹੋਰ ਹਿੱਸੇ ਨੂੰ ਵੀ ਲੋਕਾਂ ਨੂੰ ਸਮਰਪਿਤ ਕਰਨ ਦਾ ਮੌਕਾ ਮਿਲਿਆ ਹੈ।
ਸਾਥੀਓ,
ਮੰਦਰ ਤੋਂ ਲੈ ਕੇ ਮੈਟਰੋ ਤੱਕ, ਤਾਮਿਲਨਾਡੂ ਦੇ ਇਹ ਤਜਰਬੇ ਹੀ ਅੱਜ ਦੇ ਭਾਰਤ ਦੀ ਅਸਲ ਭਾਵਨਾ ਹਨ। ਭਾਰਤ ਆਪਣੇ ਸਭਿਆਚਾਰਕ ਵਿਰਸੇ ਤੋਂ ਪ੍ਰੇਰਨਾ ਲੈਂਦਾ ਹੈ, ਵਿਗਿਆਨ ਦੀ ਤਰੱਕੀ ਨਾਲ ਅੱਗੇ ਵਧਦਾ ਹੈ, ਅਤੇ ਆਧੁਨਿਕ ਬੁਨਿਆਦੀ ਢਾਂਚੇ ਰਾਹੀਂ ਨਵੇਂ ਮੌਕੇ ਪੈਦਾ ਕਰ ਰਿਹਾ ਹੈ। ਸਾਡੀ ਵਿਰਾਸਤ ਅਤੇ ਭਵਿੱਖ ਦੇ ਸਾਡੇ ਟੀਚੇ, ਨਾਲੋ-ਨਾਲ ਅੱਗੇ ਵਧ ਰਹੇ ਹਨ।
ਸਾਥੀਓ,
ਕੁਝ ਦਿਨ ਪਹਿਲਾਂ ਹੀ, ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਅਤੇ ਦੇਸ਼ਵਾਸੀਆਂ ਦੇ ਪਿਆਰ ਸਦਕਾ, ਮੈਂ ‘ਸਰਕਾਰ ਦੇ ਮੁਖੀ’ ਵਜੋਂ 25 ਸਾਲਾਂ ਦਾ ਇੱਕ ਅਹਿਮ ਪੜਾਅ ਪਾਰ ਕੀਤਾ ਹੈ। ਅਕਤੂਬਰ 2001 ਵਿੱਚ ਮੈਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਅਤੇ ਉਦੋਂ ਤੋਂ ਲੈ ਕੇ, ਦੇਸ਼ਵਾਸੀਆਂ ਨੇ ਮੈਨੂੰ ਸੀਐੱਮ (ਮੁੱਖ ਮੰਤਰੀ) ਅਤੇ ਫਿਰ ਪੀਐੱਮ (ਪ੍ਰਧਾਨ ਮੰਤਰੀ) ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ ਹੈ। 25 ਸਾਲਾਂ ਦੇ ਇਸ ਸਫ਼ਰ ਵਿੱਚ, ਲੋਕਤੰਤਰ ਦੀਆਂ ਦੋ ਤਾਕਤਾਂ ਵਿੱਚ ਮੇਰਾ ਭਰੋਸਾ ਲਗਾਤਾਰ ਮਜ਼ਬੂਤ ਹੋਇਆ ਹੈ। ਪਹਿਲਾ- ਦੇਸ਼ ਦੇ ਲੋਕ! ਦੂਜਾ- ਸਹਿਕਾਰੀ ਸੰਘਵਾਦ (ਕੋਆਪਰੇਟਿਵ ਫੈਡਰਲਿਜ਼ਮ)! ਮੈਂ ਹਮੇਸ਼ਾ ਸੂਬੇ ਦੇ ਵਿਕਾਸ ਨਾਲ ਦੇਸ਼ ਦੇ ਵਿਕਾਸ ਦਾ ਟੀਚਾ ਲੈ ਕੇ ਚੱਲਿਆ ਹਾਂ।
ਸਾਥੀਓ,
ਮੁੱਖ ਮੰਤਰੀ ਹੁੰਦਿਆਂ, ਮੈਂ ਖ਼ੁਦ ਸੂਬਿਆਂ ਦੀਆਂ ਉਮੀਦਾਂ ਨੂੰ ਸਮਝਿਆ। ਇਸ ਲਈ, ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੈਂ ਨਾ ਸਿਰਫ਼ ਉਨ੍ਹਾਂ ਉਮੀਦਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ, ਸਗੋਂ ਇਹ ਯਤਨ ਵੀ ਕੀਤਾ ਕਿ ਹਰ ਸੂਬਾ ਆਪਣੇ ਟੀਚਿਆਂ ਨੂੰ ਪੂਰਾ ਕਰ ਸਕੇ।
ਸਾਥੀਓ,
ਮੁੱਖ ਮੰਤਰੀ ਰਹਿੰਦਿਆਂ ਮੈਨੂੰ ਕਈ ਵਾਰ ਕਰੁਣਾਨਿਧੀ ਜੀ ਅਤੇ ਅੰਮਾ ਜੈਲਲਿਤਾ ਜੀ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਸੀ। ਅਤੇ ਜਦੋਂ ਮੈਂ ਪ੍ਰਧਾਨ ਮੰਤਰੀ ਬਣਿਆ ਉਦੋਂ ਵੀ, ਜੈਲਲਿਤਾ ਜੀ, ਓ. ਪਨੀਰਸੇਲਵਮ ਜੀ, ਈ. ਪਲਾਨੀਸਵਾਮੀ ਜੀ ਅਤੇ ਐੱਮ.ਕੇ. ਸਟਾਲਿਨ ਜੀ, ਇਨ੍ਹਾਂ ਆਗੂਆਂ ਨਾਲ ਕੰਮ ਕਰਨ ਦਾ ਮੈਨੂੰ ਮੌਕਾ ਮਿਲਿਆ। ਸਰਕਾਰਾਂ ਬਦਲਦੀਆਂ ਰਹੀਆਂ, ਪਰ, ਤਾਮਿਲਨਾਡੂ ਦੇ ਵਿਕਾਸ ਅਤੇ ਇੱਥੋਂ ਦੇ ਲੋਕਾਂ ਦੀ ਸੇਵਾ ਦਾ ਮੇਰਾ ਸੰਕਲਪ ਹਮੇਸ਼ਾ ਅਟੁੱਟ ਰਿਹਾ। ਅਤੇ ਅੱਜ, ਇਸੇ ਸੰਕਲਪ ਨਾਲ, ਅਸੀਂ ਮੁੱਖ ਮੰਤਰੀ ਜੋਸਫ ਵਿਜੈ ਜੀ ਨਾਲ ਮਿਲ ਕੇ, ਤਾਮਿਲਨਾਡੂ ਦੇ ਵਿਕਾਸ ਦੇ ਇਸ ਸਫ਼ਰ ਨੂੰ ਅੱਗੇ ਵਧਾ ਰਹੇ ਹਾਂ।
ਸਾਥੀਓ,
ਅੱਜ ਤਾਮਿਲਨਾਡੂ ਵਿੱਚ ਸ਼ਹਿਰੀ ਵਿਕਾਸ ਸਾਡੀ ਇੱਕ ਵੱਡੀ ਪਹਿਲ ਹੈ। ਮੇਰਾ ਹਮੇਸ਼ਾ ਤੋਂ ਇਹ ਮੰਨਣਾ ਰਿਹਾ ਹੈ ਕਿ ਸ਼ਹਿਰੀਕਰਨ ਕੋਈ ਚੁਣੌਤੀ ਨਹੀਂ, ਸਗੋਂ ਇੱਕ ਮੌਕਾ ਹੈ। ਅਤੇ ਇਸ ਵਿੱਚ ਜਨਤਕ ਆਵਾਜਾਈ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਆਵਾਜਾਈ ਦੇ ਸਾਧਨ ਚੰਗੇ ਹੋਣ, ਤਾਂ ਇਸ ਨਾਲ ਲੋਕਾਂ ਦਾ ਜੀਵਨ ਸੁਖਾਲਾ ਹੁੰਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਬਿਹਤਰ ਆਵਾਜਾਈ ਲਈ ਸਿਰਫ਼ ਸੜਕਾਂ ਚੌੜੀਆਂ ਕਰਨਾ ਹੀ ਕਾਫ਼ੀ ਨਹੀਂ ਹੁੰਦਾ! ਆਧੁਨਿਕ ਸ਼ਹਿਰਾਂ ਵਿੱਚ ਸਾਨੂੰ ਹਰ ਪੱਖੋਂ ਮੁਕੰਮਲ ਬੁਨਿਆਦੀ ਢਾਂਚੇ ਦੀ ਲੋੜ ਹੁੰਦੀ ਹੈ। ਅਤੇ ਇਸੇ ਲਈ… ਪਿਛਲੇ ਇੱਕ ਦਹਾਕੇ ਵਿੱਚ ਅਸੀਂ ਪੂਰੇ ਦੇਸ਼ ਵਿੱਚ ਮੈਟਰੋ ਨੈੱਟਵਰਕ ਦਾ ਬਹੁਤ ਵੱਡਾ ਵਿਸਤਾਰ ਕੀਤਾ ਹੈ। 2014 ਵਿੱਚ, ਦੇਸ਼ ਦੇ ਸਿਰਫ਼ ਪੰਜ ਸ਼ਹਿਰਾਂ ਵਿੱਚ ਮੈਟਰੋ ਚੱਲਦੀ ਸੀ। ਅੱਜ ਦੇਸ਼ ਦੇ ਪੱਚੀ ਸ਼ਹਿਰਾਂ ਵਿੱਚ ਮੈਟਰੋ ਸੇਵਾਵਾਂ ਚੱਲ ਰਹੀਆਂ ਹਨ। 2014 ਵਿੱਚ ਦੇਸ਼ ਦਾ ਮੈਟਰੋ ਨੈੱਟਵਰਕ 250 ਕਿੱਲੋਮੀਟਰ ਦੇ ਕਰੀਬ ਸੀ। ਅੱਜ ਇਹ ਨੈੱਟਵਰਕ 1100 ਕਿੱਲੋਮੀਟਰ ਤੋਂ ਪਾਰ ਹੋ ਚੁੱਕਾ ਹੈ। ਮੈਨੂੰ ਖ਼ੁਸ਼ੀ ਹੈ ਕਿ ਅੱਜ ਚੇਨੱਈ ਮੈਟਰੋ ਦੇ ਇਸ ਵਿਸਤਾਰ ਨਾਲ, ਇਹ ਨੈੱਟਵਰਕ ਹੋਰ ਵੱਡਾ ਹੋ ਰਿਹਾ ਹੈ। ਅਤੇ ਇਹ ਕੰਮ ਇਸ ਲਈ ਕੀਤਾ ਗਿਆ ਹੈ, ਤਾਂ ਜੋ ਚੇਨੱਈ ਵਿੱਚ ਰਹਿਣ ਵਾਲੇ ਆਮ ਲੋਕ, ਇੱਥੇ ਕੰਮ ਕਰਨ ਵਾਲੇ ਪਰਿਵਾਰ, ਇੱਥੋਂ ਦੇ ਵਿਦਿਆਰਥੀ, ਅਤੇ ਬਜ਼ੁਰਗ, ਸਾਰਿਆਂ ਦਾ ਸਫ਼ਰ ਸੌਖਾ ਹੋਵੇ, ਅਤੇ ਉਹ ਆਪਣਾ ਸਫ਼ਰ ਘੱਟ ਸਮੇਂ ਵਿੱਚ ਪੂਰਾ ਕਰ ਸਕਣ।
ਸਾਥੀਓ,
ਅਸੀਂ ਆਪਣੇ ਸੂਬਿਆਂ ਨੂੰ ਮਜ਼ਬੂਤ ਬਣਾ ਕੇ ਭਾਰਤ ਨੂੰ ਮਜ਼ਬੂਤ ਬਣਾਉਣਾ ਹੈ। ਇਸੇ ਲਈ ਕੇਂਦਰ ਸਰਕਾਰ ਤਾਮਿਲਨਾਡੂ ਵਰਗੇ ਸੂਬਿਆਂ ਵਿੱਚ ਨਿਰਮਾਣ ਨੂੰ ਹੁਲਾਰਾ ਦੇ ਰਹੀ ਹੈ। ਤਾਮਿਲਨਾਡੂ ਦੇ ਨਿਰਮਾਣ ਸੈਕਟਰ, ਇੱਥੋਂ ਦੇ ਛੋਟੇ ਉਦਯੋਗਾਂ ਅਤੇ ਇਨ੍ਹਾਂ ਵਿੱਚ ਕੰਮ ਕਰਨ ਵਾਲੇ ਹਰ ਵਿਅਕਤੀ ’ਤੇ ਹਰ ਭਾਰਤਵਾਸੀ ਨੂੰ ਮਾਣ ਹੈ। ਅਤੇ ਅੱਜ ਕੇਂਦਰ ਸਰਕਾਰ ਦੀਆਂ ਮੁਹਿੰਮਾਂ, ਭਾਵੇਂ ਉਹ ‘ਮੇਕ ਇਨ ਇੰਡੀਆ’ ਹੋਵੇ ਜਾਂ ‘ਵੋਕਲ ਫ਼ਾਰ ਲੋਕਲ’, ਉਹ ਤਾਮਿਲਨਾਡੂ ਨੂੰ ਵੀ ਫਾਇਦਾ ਪਹੁੰਚਾ ਰਹੀਆਂ ਹਨ।
ਸਾਥੀਓ,
ਅੱਜ ਪੁਰਜ਼ਿਆਂ ਤੋਂ ਲੈ ਕੇ ਤਕਨੀਕ ਅਤੇ ਤਿਆਰ ਉਤਪਾਦਾਂ ਤੱਕ, ਕੇਂਦਰ ਸਰਕਾਰ ਹਰ ਸੂਬੇ ਵਿੱਚ ਪੂਰੀ ਉਤਪਾਦਨ ਲੜੀ ਨੂੰ ਮਜ਼ਬੂਤ ਕਰ ਰਹੀ ਹੈ ਅਤੇ ਇਨ੍ਹਾਂ ਕੋਸ਼ਿਸ਼ਾਂ ਦਾ ਹੀ ਨਤੀਜਾ ਹੈ ਕਿ ਅੱਜ ਅਸੀਂ ਦੁਨੀਆ ਵਿੱਚ ਮੋਬਾਈਲ ਬਣਾਉਣ ਵਾਲੇ ਦੂਜੇ ਸਭ ਤੋਂ ਵੱਡੇ ਦੇਸ਼ ਹਾਂ। 2014 ਤੋਂ ਲੈ ਕੇ ਹੁਣ ਤੱਕ, ਸਾਡੀ ਇਲੈਕਟ੍ਰੋਨਿਕਸ ਦੀ ਬਰਾਮਦ 11 ਗੁਣਾ ਵਧੀ ਹੈ। ਸਾਡੀ ਰੱਖਿਆ ਬਰਾਮਦ 50 ਗੁਣਾ ਵਧੀ ਹੈ ਅਤੇ ਸਾਡੀ ਇੰਜੀਨੀਅਰਿੰਗ ਬਰਾਮਦ ਨੇ ਵੀ ਨਵਾਂ ਰਿਕਾਰਡ ਬਣਾਇਆ ਹੈ।
ਸਾਥੀਓ,
ਨਿਰਮਾਣ ਵਿੱਚ ਆਏ ਇਸ ਉਛਾਲ ਸਦਕਾ ਹੀ ਦੇਸ਼ ਵਿੱਚ ਨੌਜਵਾਨਾਂ ਲਈ ਲੱਖਾਂ ਸਿੱਧੇ ਅਤੇ ਅਸਿੱਧੇ ਰੁਜ਼ਗਾਰ ਪੈਦਾ ਹੋਏ ਹਨ। ਅਤੇ ਭਾਰਤ ਦੇ ਇਸ ਨਿਰਮਾਣ ਵਿਕਾਸ ਵਿੱਚ ਤਾਮਿਲਨਾਡੂ ਦੇ ਲੋਕਾਂ ਦਾ ਬਹੁਤ ਸ਼ਲਾਘਾਯੋਗ ਯੋਗਦਾਨ ਰਿਹਾ ਹੈ। ਅੱਜ ਅਸੀਂ ਐਡਵਾਂਸਡ ਲੁਬਰੀਕੈਂਟ ਬੇਸ ਆਇਲ ਪ੍ਰੋਜੈਕਟ ਦਾ ਨੀਂਹ ਪੱਥਰ ਰੱਖ ਰਹੇ ਹਾਂ। ਇਸ ਨਾਲ ਇੱਥੇ ਨਵੇਂ ਰੁਜ਼ਗਾਰ ਵੀ ਪੈਦਾ ਹੋਣਗੇ ਅਤੇ ਦੇਸ਼ ਦੀ ਦਰਾਮਦ ਨੂੰ ਘਟਾਉਣ ਵਿੱਚ ਵੀ ਬਹੁਤ ਵੱਡੀ ਮਦਦ ਮਿਲੇਗੀ। ਇੱਕ ਮਜ਼ਬੂਤ ਮੈਨੂਫੈਕਚਰਿੰਗ ਸੈਕਟਰ ਬਣਾਉਣ ਲਈ, ਸਾਨੂੰ ਚੰਗੀਆਂ ਸੜਕਾਂ ਚਾਹੀਦੀਆਂ ਹਨ, ਕੱਚੇ ਮਾਲ ਦੀ ਢੋਆ-ਢੁਆਈ ਲਈ ਰੇਲਵੇ ਅਤੇ ਬੰਦਰਗਾਹਾਂ ਚਾਹੀਦੀਆਂ ਹਨ, ਅਤੇ ਜਦੋਂ ਅਜਿਹਾ ਬੁਨਿਆਦੀ ਢਾਂਚਾ ਬਣਦਾ ਹੈ, ਤਾਂ ਇਸ ਨਾਲ ਵੱਖ-ਵੱਖ ਪੱਧਰਾਂ ’ਤੇ ਬਹੁਤ ਸਾਰੇ ਰੁਜ਼ਗਾਰ ਵੀ ਪੈਦਾ ਹੁੰਦੇ ਹਨ।
ਜਦੋਂ ਉਸਾਰੀ ਹੁੰਦੀ ਹੈ, ਤਾਂ ਇੰਜੀਨੀਅਰਾਂ ਨੂੰ ਕੰਮ ਮਿਲਦਾ ਹੈ, ਟੈਕਨੀਸ਼ੀਅਨਾਂ ਨੂੰ, ਮਜ਼ਦੂਰਾਂ ਨੂੰ, ਹਰ ਕਿਸੇ ਨੂੰ ਰੁਜ਼ਗਾਰ ਮਿਲਦਾ ਹੈ। ਸੀਮਿੰਟ, ਸਟੀਲ ਅਤੇ ਉਪਕਰਣਾਂ ਨਾਲ ਜੁੜੀਆਂ ਫ਼ੈਕਟਰੀਆਂ ਵਿੱਚ, ਛੋਟੀਆਂ ਕੰਪਨੀਆਂ ਵਿੱਚ ਵੀ ਰੁਜ਼ਗਾਰ ਦੇ ਮੌਕੇ ਪੈਦਾ ਹੁੰਦੇ ਹਨ। ਅਤੇ ਜਦੋਂ ਪ੍ਰੋਜੈਕਟ ਪੂਰਾ ਹੋ ਜਾਂਦਾ ਹੈ, ਤਾਂ ਚੰਗੀ ਕਨੈਕਟੀਵਿਟੀ ਕਾਰਨ ਸਨਅਤਾਂ ਅਤੇ ਸੇਵਾਵਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਮਿਲਦੀ ਹੈ। ਇਸੇ ਲਈ, ਅੱਜ ਜਿਨ੍ਹਾਂ ਰੇਲ ਅਤੇ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ ਅਤੇ ਜਿਨ੍ਹਾਂ ਦਾ ਉਦਘਾਟਨ ਹੋ ਰਿਹਾ ਹੈ, ਉਹ ਤਾਮਿਲਨਾਡੂ ਦੀ ਤਰੱਕੀ ਲਈ ਬਹੁਤ ਅਹਿਮ ਸਾਬਤ ਹੋਣਗੇ।
ਅੱਜ ਦੇਸ਼ ਵਿੱਚ ਬੰਦਰਗਾਹਾਂ ਦੇ ਢਾਂਚੇ ਨੂੰ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ, ਤਾਂ ਜੋ ਸ਼ਿਪਿੰਗ ਸੈਕਟਰ ਨਵੀਂਆਂ ਉਚਾਈਆਂ ਤੱਕ ਪਹੁੰਚ ਸਕੇ। ਇਸ ਵਿੱਚ ਵੀ ਤਾਮਿਲਨਾਡੂ ਦੀ ਬਹੁਤ ਵੱਡੀ ਭੂਮਿਕਾ ਹੈ। ਇਸੇ ਦਿਸ਼ਾ ਵਿੱਚ, ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਇੱਕ ਅਹਿਮ ਫ਼ੈਸਲਾ ਲਿਆ ਹੈ। ਕਰੀਬ 17 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਨਾਲ ਥੂਥੂਕੁਡੀ ਦੀ ਵੀਓਸੀ ਬੰਦਰਗਾਹ ਨੂੰ ਆਲਮੀ ਪੱਧਰ ਦੇ ਮੈਗਾ ਕੰਟੇਨਰ ਅਤੇ ਗ੍ਰੀਨ ਐਨਰਜੀ ਹੱਬ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਜਦੋਂ ਇਹ ਪ੍ਰੋਜੈਕਟ ਪੂਰਾ ਹੋਵੇਗਾ, ਤਾਂ ਇੱਥੇ ਦੁਨੀਆ ਦੇ ਬਹੁਤ ਵੱਡੇ ਕੰਟੇਨਰ ਵਾਲੇ ਸਮੁੰਦਰੀ ਜਹਾਜ਼ ਵੀ ਆਸਾਨੀ ਨਾਲ ਪਹੁੰਚ ਸਕਣਗੇ। ਇਹ ਸਾਡੇ ਤਾਮਿਲਨਾਡੂ ਨੂੰ ਸਨਅਤ ਅਤੇ ਢੋਆ-ਢੁਆਈ ਦਾ ਆਲਮੀ ਹੱਬ ਬਣਨ ਵਿੱਚ ਮਦਦ ਕਰੇਗਾ।
ਪਿਛਲੇ ਕੁਝ ਸਾਲਾਂ ਵਿੱਚ, ਭਾਰਤੀ ਬੰਦਰਗਾਹਾਂ ਦੀ ਰਫ਼ਤਾਰ ਅਤੇ ਕੰਮ ਕਰਨ ਦੀ ਸਮਰੱਥਾ ਦੋਵੇਂ ਬਿਹਤਰ ਹੋਈਆਂ ਹਨ। ਰਫ਼ਤਾਰ ਵਧਣ ਨਾਲ ਬੰਦਰਗਾਹਾਂ ’ਤੇ ਜਹਾਜ਼ਾਂ ਦਾ ਟਰਨ-ਅਰਾਊਂਡ ਸਮਾਂ ਅੱਧਾ ਰਹਿ ਗਿਆ ਹੈ, ਅਤੇ ਇਸ ਕਾਰਨ, ਭਾਰਤ ਦੇ ਉਤਪਾਦ ਵੀ, ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਆਲਮੀ ਬਾਜ਼ਾਰਾਂ ਤੱਕ ਪਹੁੰਚ ਰਹੇ ਹਨ।
ਸਾਡੀ ਸਮੁੰਦਰੀ ਅਰਥਵਿਵਸਥਾ ਦੀ ਦੂਰਅੰਦੇਸ਼ੀ ਵਿੱਚ ਸਾਡੇ ਮਛੇਰਿਆਂ ਦੀ ਬਹੁਤ ਵੱਡੀ ਭੂਮਿਕਾ ਹੈ। ਇਸੇ ਲਈ, ‘ਪੀਐੱਮ ਮਤਸਯ ਸੰਪਦਾ ਯੋਜਨਾ’ ਅਤੇ ਹੋਰ ਕਈ ਯੋਜਨਾਵਾਂ ਰਾਹੀਂ ਤਾਮਿਲਨਾਡੂ ਲਈ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇੱਥੇ ਮੱਛੀਆਂ ਫੜਨ ਵਾਲੀਆਂ ਬੰਦਰਗਾਹਾਂ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ। ਫਿਸ਼ਿੰਗ ਲੈਂਡਿੰਗ ਸੈਂਟਰ ਵਿਕਸਿਤ ਕੀਤੇ ਜਾ ਰਹੇ ਹਨ। ਕੋਲਡ ਚੇਨ ਸਹੂਲਤਾਂ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਮੱਛੀਆਂ ਨੂੰ ਤਾਜ਼ਾ ਰੱਖਣ ਲਈ ਢੋਆ-ਢੁਆਈ ਵਾਲੇ ਵਾਹਨ ਖ਼ਰੀਦਣ ਵਿੱਚ ਵੀ ਮਦਦ ਦਿੱਤੀ ਗਈ ਹੈ।
ਸਾਥੀਓ,
ਮਛੇਰੇ ਭਰਾਵਾਂ ਲਈ, ਚੇਨੱਈ ਫਿਸ਼ਿੰਗ ਹਾਰਬਰ ਨੂੰ ਆਧੁਨਿਕ ਬਣਾਉਣਾ ਹੋਵੇ ਜਾਂ ਤਾਮਿਲਨਾਡੂ ਵਿੱਚ ‘ਸੀ-ਵੀਡ ਪਾਰਕ’ ਦਾ ਵਿਕਾਸ ਹੋਵੇ, ਕੇਂਦਰ ਸਰਕਾਰ ਇਸ ਵਿੱਚ ਵੀ ਮਦਦ ਕਰ ਰਹੀ ਹੈ। ‘ਕਿਸਾਨ ਕਰੈਡਿਟ ਕਾਰਡ’ ਰਾਹੀਂ ਹੁਣ ਸਾਡੇ ਮਛੇਰਿਆਂ ਨੂੰ ਵੀ ਆਸਾਨੀ ਨਾਲ ਕਰਜ਼ਾ ਮਿਲ ਰਿਹਾ ਹੈ। ਅੱਜ ਦੇਸ਼ ਦਾ ਮੱਛੀ ਉਤਪਾਦਨ ਵੀ ਤੇਜ਼ੀ ਨਾਲ ਵਧਿਆ ਹੈ। ਪਿਛਲੇ ਸਾਲ ਸਾਡੀ ਸੀ-ਫੂਡ ਬਰਾਮਦ, ਮਾਤਰਾ ਅਤੇ ਮੁੱਲ ਦੋਵਾਂ ਪੱਖਾਂ ਤੋਂ ਆਪਣੇ ਸਭ ਤੋਂ ਉੱਚੇ ਪੱਧਰ ਤੱਕ ਪਹੁੰਚੀ ਹੈ। ਇਸ ਨਾਲ ਸਾਡੇ ਮਛੇਰੇ ਪਰਿਵਾਰਾਂ ਅਤੇ ਤੱਟਵਰਤੀ ਭਾਈਚਾਰੇ ਦੇ ਲੋਕਾਂ ਦਾ ਜੀਵਨ ਵੀ ਬਿਹਤਰ ਹੋਇਆ ਹੈ।
ਸਾਥੀਓ,
ਅਸੀਂ ਇੱਕ ਅਜਿਹਾ ਤਾਮਿਲਨਾਡੂ ਬਣਾਉਣਾ ਚਾਹੁੰਦੇ ਹਾਂ, ਜੋ ਲਗਾਤਾਰ ਨਵੀਂਆਂ ਉਚਾਈਆਂ ’ਤੇ ਪਹੁੰਚੇ। ਅਤੇ ਇਸ ਲਈ, ਕੇਂਦਰ ਤੋਂ ਜੋ ਵੀ ਮਦਦ ਚਾਹੀਦੀ ਹੋਵੇਗੀ, ਅਸੀਂ ਪੂਰੀ ਵਚਨਬੱਧਤਾ ਨਾਲ ਤੁਹਾਡੇ ਨਾਲ ਖੜ੍ਹੇ ਹਾਂ। ਅਸੀਂ ਰਲ ਕੇ ਵਿਕਸਿਤ ਤਾਮਿਲਨਾਡੂ ਤੋਂ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਕਰੀਏ, ਇਸੇ ਭਾਵਨਾ ਨਾਲ, ਇੱਕ ਵਾਰ ਫਿਰ, ਤੁਹਾਨੂੰ ਸਾਰਿਆਂ ਨੂੰ ਇਨ੍ਹਾਂ ਪ੍ਰੋਜੈਕਟਾਂ ਲਈ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।
ਨੰਦਰੀ, ਵਣੱਕਮ !!!
ਡਿਸਕਲੇਮਰ: ਇਹ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਲਗਭਗ ਅਨੁਵਾਦ ਹੈ। ਅਸਲ ਸੰਬੋਧਨ ਹਿੰਦੀ ਵਿੱਚ ਦਿੱਤਾ ਗਿਆ ਸੀ।
****
ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ
Works over Rs. 13,000 crore being launched in Chennai! https://t.co/76Uo9a3UaS
— Narendra Modi (@narendramodi) October 11, 2026
It is a pleasure to be in Chennai with all of you. This is a historic day for Tamil Nadu. Today’s programme involves projects worth thirteen thousand crore rupees. We are inaugurating many completed projects and laying foundations for new ones: PM @narendramodi
— PMO India (@PMOIndia) October 11, 2026
भारत अपनी सांस्कृतिक शक्ति से प्रेरणा लेता है, विज्ञान की प्रगति से आगे बढ़ता है और आधुनिक infrastructure के जरिए नए अवसरों का निर्माण कर रहा है। हमारी विरासत और भविष्य की हमारी आकांक्षाएं साथ-साथ आगे बढ़ रही हैं: PM @narendramodi
— PMO India (@PMOIndia) October 11, 2026
आधुनिक शहरों में हमें holistic infrastructure की जरूरत होती है। और इसलिए बीते एक दशक में, हमने पूरे देश में metro network का बहुत बड़ा expansion किया है: PM @narendramodi
— PMO India (@PMOIndia) October 11, 2026
आज देश में port infrastructure को भी मजबूत बनाया जा रहा है, ताकि shipping sector नई ऊंचाइयों तक पहुंच सके: PM @narendramodi
— PMO India (@PMOIndia) October 11, 2026