Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜਮਾਇਤ ਉਲੇਮਾ-ਏ-ਹਿੰਦ ਦੇ ਨੇਤਾਵਾਂ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਜਮਾਇਤ ਉਲੇਮਾ-ਏ-ਹਿੰਦ ਦੇ ਨੇਤਾਵਾਂ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ


ਮੁਸਲਿਮ ਭਾਈਚਾਰੇ ਦੇ 25 ਨੇਤਾਵਾਂ ਨੇ ਅੱਜ ਜਮਾਇਤ ਉਲੇਮਾ-ਏ-ਹਿੰਦ ਦੇ ਬੈਨਰ ਹੇਠ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਵਫ਼ਦ ਦਾ ਸਵਾਗਤ ਕਰਦੇ ਹੋਏ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼੍ਰੀ ਅਜੀਤ ਡੋਵਾਲ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਭਾਰਤ ਵੱਲ ਦੇਖ ਰਹੀ ਹੈ ਅਤੇ ਭਾਰਤੀ ਸਮਾਜ ਦੇ ਸਾਰੇ ਹਿੱਸਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਰਾਸ਼ਟਰ ਨੂੰ ਅੱਗੇ ਲੈ ਕੇ ਜਾਣ।

ਵਫ਼ਦ ਦੇ ਨੇਤਾਵਾਂ ਨੇ ਸ਼੍ਰੀ ਡੋਵਾਲ ਨਾਲ ਸਹਿਮਤੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਸੱਦੇ ਅਨੁਸਾਰ ਇਸ ਦਾ ਉਦੇਸ਼ ਦੇਸ਼ ਨੂੰ ਇਕੱਠੇ ਹੋ ਕੇ ਅੱਗੇ ਲੈ ਕੇ ਜਾਣਾ ਹੋਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੀ ਸ਼ਲਾਘਾ ਕਰਦੇ ਹੋਏ ਵਫ਼ਦ ਨੇ ਉਮੀਦ ਪ੍ਰਗਟਾਈ ਕਿ ਉਨ੍ਹਾਂ ਦਾ ਲੋਕਾਂ ਦੇ ਨਾਲ ਹੋਣ ਦਾ ਰਾਸ਼ਟਰ ਵਿਆਪੀ ਵਿਸ਼ਵਾਸ ਸਮਾਜ ਦੇ ਸਾਰੇ ਹਿੱਸਿਆਂ ਦੀ ਖੁਸ਼ਹਾਲੀ ਅਤੇ ਕਲਿਆਣ ਨੂੰ ਯਕੀਨੀ ਬਣਾਏਗਾ। ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰਾ ਨਵੇਂ ਭਾਰਤ ਦੇ ਨਿਰਮਾਣ ਵਿੱਚ ਬਰਾਬਰ ਦਾ ਭਾਈਵਾਲ ਬਣਨਾ ਚਾਹੁੰਦਾ ਹੈ।

ਦਹਿਸ਼ਤਗਰਦੀ ਨੂੰ ਮੁੱਖ ਚੁਣੌਤੀ ਮੰਨਦੇ ਹੋਏ ਉਨ੍ਹਾਂ ਸਾਰੀਆਂ ਸ਼ਕਤੀਆਂ ਨੂੰ ਇਕੱਠਾ ਕਰਦੇ ਹੋਏ ਇਸ ਦਾ ਟਾਕਰਾ ਕਰਨ ਦਾ ਸੰਕਲਪ ਲਿਆ। ਉਨ੍ਹਾਂ ਅੱਗੇ ਕਿਹਾ ਕਿ ਇਹ ਮੁਸਲਿਮ ਭਾਈਚਾਰੇ ਦੀ ਜ਼ਿੰਮੇਵਾਰੀ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਪ੍ਰਸਥਿਤੀ ਵਿੱਚ ਰਾਸ਼ਟਰ ਦੀ ਸੁਰੱਖਿਆ ਅਤੇ ਖੁਸ਼ਹਾਲੀ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰਾ ਕਦੇ ਵੀ ਦੇਸ਼ ਖਿਲਾਫ਼ ਕਿਸੇ ਵੀ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਏਗਾ।

ਕਸ਼ਮੀਰ ਘਾਟੀ ਦੀ ਸਥਿਤੀ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਵਫ਼ਦ ਦੇ ਮੈਂਬਰਾਂ ਨੇ ਕਿਹਾ ਕਿ ਸਿਰਫ਼ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮੁੱਦੇ ਨੂੰ ਹੱਲ ਕਰ ਸਕਦੇ ਹਨ।

ਉਨ੍ਹਾਂ ਪ੍ਰਧਾਨ ਮੰਤਰੀ ਦੇ ਤੀਹਰੇ ਤਲਾਕ ਦੇ ਮੁੱਦੇ ‘ਤੇ ਅਪਣਾਏ ਰੁਖ਼ ਦੀ ਸ਼ਲਾਘਾ ਕੀਤੀ।

ਵਫ਼ਦ ਦੇ ਮੈਂਬਰਾਂ ਜਿਹੜੇ ਸਿੱਖਿਆ ਸੰਸਥਾਵਾਂ ਨਾਲ ਸਬੰਧਿਤ ਹਨ, ਨੇ ਨਕਦੀ ਰਹਿਤ ਲੈਣ ਦੇਣ, ਸਟਾਰਟ ਅਪਸ ਅਤੇ ਹਾਲ ਹੀ ਵਿੱਚ ਨੀਤੀ ਆਯੋਗ ਵੱਲੋਂ ਕਰਵਾਈ ਹੈਕਾਥੌਨ ਵਰਗੀਆਂ ਸਰਕਾਰ ਦੀਆਂ ਪਹਿਲਾਂ ਵਿੱਚ ਆਪਣੀਆਂ ਸੰਸਥਾਵਾਂ ਵੱਲੋਂ ਕੀਤੀ ਪ੍ਰਗਤੀ ਦਾ ਵੀ ਜ਼ਿਕਰ ਕੀਤਾ।

ਵਫ਼ਦ ਨੇ ਕੇਂਦਰ ਸਰਕਾਰ ਅਧੀਨ ਘੱਟ ਗਿਣਤੀਆਂ ਦੇ ਕਲਿਆਣ ਲਈ ਲਾਗੂ ਕੀਤੀਆਂ ਗਈਆਂ ਸਕੀਮਾਂ ਦੀ ਵੀ ਸ਼ਲਾਘਾ ਕੀਤੀ।

ਵਫ਼ਦ ਦੇ ਮੈਂਬਰਾਂ ਦਾ ਸਵਗਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਸਦਭਾਵਨਾ ਅਤੇ ਮੇਲ ਮਿਲਾਪ ਹੈ। ਸਰਕਾਰ ਨੂੰ ਕਿਸੇ ਵੀ ਨਾਗਰਿਕ ਨਾਲ ਭੇਦਭਾਵ ਕਰਨ ਦਾ ਅਧਿਕਾਰ ਨਹੀਂ ਹੈ ‘ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਵਿਸ਼ੇਸ਼ਤਾ ਵਿਭਿੰਨਤਾ ਵਿੱਚ ਏਕਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਨਵੀਂ ਪੀੜ੍ਹੀ ਵਿਸ਼ਵ ਪੱਧਰ ‘ਤੇ ਵਧ ਰਹੇ ਅਤਿਵਾਦ ਦਾ ਸ਼ਿਕਾਰ ਬਣਨ ਦੀ ਆਗਿਆ ਨਹੀਂ ਦੇਏਗੀ।

ਤੀਹਰੇ ਤਲਾਕ ‘ਤੇ ਪ੍ਰਧਾਨ ਮੰਤਰੀ ਨੇ ਮੁੜ ਦੁਹਰਾਇਆ ਕਿ ਮੁਸਲਿਮ ਭਾਈਚਾਰੇ ਨੂੰ ਇਸ ਮੁੱਦੇ ਦਾ ਰਾਜਨੀਤੀਕਰਨ ਨਹੀਂ ਕਰਨ ਦੇਣਾ ਚਾਹੀਦਾ ਅਤੇ ਉਨ੍ਹਾਂ ਇੱਥੇ ਹੋਏ ਇਕੱਠ ਨੂੰ ਤਾਕੀਦ ਕੀਤੀ ਕਿ ਉਹ ਇਸ ਸਬੰਧੀ ਸੁਧਾਰ ਕਰਨ ਦੀ ਜ਼ਿੰਮੇਵਾਰੀ ਲੈਣ।

ਵਫ਼ਦ ਦੇ ਮੈਂਬਰਾਂ ਵਿੱਚ ਜਮਾਇਤ ਉਲੇਮਾ –ਏ-ਹਿੰਦ ਦੇ ਪ੍ਰਧਾਨ ਮੌਲਾਨਾ ਕਰੀ ਸਈਦ ਮੁਹੰਮਦ ਉਸਮਾਨ ਮਨਸੂਰਪੁਰੀ, ਜਮਾਇਤ ਉਲੇਮਾ –ਏ-ਹਿੰਦ ਦੇ ਜਨਰਲ ਸਕੱਤਰ ਮੌਲਾਨਾ ਮਹਿਮੂਦ ਏ ਮਦਾਨੀ, ਅੰਜੂਮਨ-ਏ-ਇਸਲਾਮ, ਮੁੰਬਈ ਦੇ ਪ੍ਰਧਾਨ ਡਾ. ਜ਼ਾਹਿਰ ਆਈ ਕਾਜ਼ੀ, ਪ੍ਰੋ. ਅਖਤਾਰੁਲ ਵਾਸੇ ਅਤੇ ਮੌਲਾਨਾ ਬਦਰੁਦੀਨ ਅਜਮਲ ਸ਼ਾਮਲ ਸਨ।

***

AKT/AK