Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜੀ-20 ਸਿਖ਼ਰ ਸੰਮੇਲਨ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ


ਜੀ-20 ਸਿਖ਼ਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਦਿੱਤੇ ਗਏ ਬਿਆਨ ਦਾ ਮੂਲ ਪਾਠ ਨਿਮਨ ਲਿਖਤ ਹੈ।

”ਮੈਂ 29 ਨਵੰਬਰ ਤੋਂ 1 ਦਸੰਬਰ ਤੱਕ ਅਰਜਨਟੀਨਾ ਦੀ ਮੇਜ਼ਬਾਨੀ ਵਿੱਚ ਆਯੋਜਿਤ ਹੋਣ ਵਾਲੇ 13ਵੇਂ ਜੀ-20 ਸਿਖ਼ਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਬਿਊਨਸ ਆਇਰਸ (Buenos Aires) ਦਾ ਦੌਰਾ ਕਰਾਂਗਾ।

ਜੀ-20 ਦਾ ਉਦੇਸ਼ ਵਿਸ਼ਵ ਦੀਆਂ 20 ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿੱਚ ਬਹੁਪੱਖੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ। ਆਪਣੀ 10 ਸਾਲ ਦੀ ਹੋਂਦ ਦੇ ਦੌਰਾਨ ਜੀ-20 ਨੇ ਸਥਿਰ ਅਤੇ ਟਿਕਾਊ ਗਲੋਬਲ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕੰਮ ਕੀਤਾ ਹੈ। ਇਹ ਉਦੇਸ਼ ਵਿਕਾਸਸ਼ੀਲ ਦੇਸ਼ਾਂ ਅਤੇ ਭਾਰਤ ਵਰਗੀਆਂ ਉੱਭਰਦੀਆਂ ਅਰਥਵਿਵਸਥਾਵਾਂ ਲਈ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਹੈ।

ਗਲੋਬਲ ਆਰਥਕ ਵਿਕਾਸ ਅਤੇ ਖੁਸ਼ਹਾਲੀ ਵਿੱਚ ਭਾਰਤ ਦਾ ਯੋਗਦਾਨ, ਇਸ ਸਿਖ਼ਰ ਸੰਮੇਲਨ ਦੇ ਵਿਸ਼ੇ ”ਉਚਿਤ ਅਤੇ ਟਿਕਾਊ ਵਿਕਾਸ ਲਈ ਸਹਿਮਤੀ ਬਣਾਉਣਾ” ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਮੈਂ, ਹੋਰ ਜੀ-20 ਦੇਸ਼ਾਂ ਦੇ ਆਗੂਆਂ ਨਾਲ ਮਿਲਣ ਦੀ ਆਸ ਲੈ ਕੇ ਜਾ ਰਿਹਾ ਹਾਂ ਤਾਂ ਜੋ ਇਸ ਦੀ ਹੋਂਦ ਦੇ ਪਿਛਲੇ 10 ਸਾਲ ਵਿੱਚ ਜੋ ਕੰਮ ਹੋਇਆ ਹੈ ਉਸ ਦਾ ਜਾਇਜ਼ਾ ਲਿਆ ਜਾ ਸਕੇ ਅਤੇ ਆਉਣ ਵਾਲੇ ਦਹਾਕੇ ਵਿੱਚ ਪੇਸ਼ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਰਾਹ ਅਤੇ ਸਾਧਨ ਲੱਭੇ ਜਾ ਸਕਣ। ਅਸੀਂ ਵਿਸ਼ਵ ਦੀ ਆਰਥਕ ਅਤੇ ਵਪਾਰਕ ਸਥਿਤੀ, ਅੰਤਰ-ਰਾਸ਼ਟਰੀ ਵਿੱਤੀ ਅਤੇ ਟੈਕਸ ਪ੍ਰਣਾਲੀਆਂ, ਕਾਰਜ ਭਵਿੱਖ, ਮਹਿਲਾ ਸਸ਼ਕਤੀਕਰਨ, ਬੁਨਿਆਦੀ ਢਾਂਚੇ ਅਤੇ ਟਿਕਾਊ ਵਿਕਾਸ ਵਰਗੇ ਵਿਸ਼ਿਆਂ ‘ਤੇ ਚਰਚਾ ਕਰਾਂਗੇ।

ਉੱਭਰ ਰਹੀਆਂ ਅਰਥਵਿਵਸਥਾਵਾਂ ਜਿਨ੍ਹਾਂ ਨੇ ਆਰਥਕ ਸੰਕਟ ਸਮੇਂ ਵਿਸ਼ਵ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ, ਇਸ ਵੇਲੇ ਅਸੰਭਾਵਿਤ ਆਰਥਕ ਅਤੇ ਟੈਕਨੋਲੋਜੀਕਲ ਚੁਣੌਤੀਆਂ ਦਾ ਸਾਹਮਣਾ ਕਰ ਰਹੀਆਂ ਹਨ। ਮੈਂ ਸੁਧਰੀ ਹੋਈ ਬਹੁਪੱਖੀ ਵਿਵਸਥਾ ਦੀ ਲੋੜ ‘ਤੇ ਚਾਨਣਾ ਪਾਵਾਂਗਾ ਜੋ ਸਮਕਾਲੀ ਅਸਲੀਅਤਾਂ ਨੂੰ ਦਰਸਾਉਂਦੀ ਹੈ ਅਤੇ ਵਿਸ਼ਵ ਭਲਾਈ ਲਈ ਸਾਂਝੀ ਕਾਰਵਾਈ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਮਜ਼ਬੂਤੀ ਪ੍ਰਦਾਨ ਕਰ ਸਕਦੀ ਹੈ। ਇਸ ਗੱਲ ਦੀ ਵੀ ਗੰਭੀਰ ਲੋੜ ਹੈ ਕਿ ਅੰਤਰ ਰਾਸ਼ਟਰੀ ਸਹਿਯੋਗ ਵਧਾਇਆ ਜਾਵੇ ਅਤੇ ਭਗੌੜੇ ਆਰਥਕ ਅਪਰਾਧੀਆਂ ਅਤੇ ਦਹਿਸ਼ਤਵਾਦ ਵਿੱਚ ਪੈਸਾ ਲਗਾਉਣ ਵਿਰੁੱਧ ਤਾਲਮੇਲ ਭਰੀ ਕਾਰਵਾਈ ਨੂੰ ਹੋਰ ਵਧਾਇਆ ਜਾਵੇ।

ਪਹਿਲਾਂ ਵਾਂਗ ਹੀ, ਮੈਂ ਸਿਖ਼ਰ ਸੰਮੇਲਨ ਦੇ ਨਾਲ-ਨਾਲ ਲੀਡਰਾਂ ਨਾਲ ਮੁਲਾਕਾਤ ਕਰ ਕੇ ਦੁਵੱਲੇ ਅਤੇ ਸਾਂਝੇ ਹਿੱਤ ਦੇ ਮੁੱਦਿਆਂ ਬਾਰੇ ਚਰਚਾ ਕਰਨ ਲਈ ਆਸਵੰਦ ਹਾਂ।”

***

ਏਕੇਟੀ/ਐਸਐਚ