ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਪ੍ਰਹਿਲਾਦ ਜੋਸ਼ੀ ਜੀ, ਸ਼੍ਰੀਪਦ ਨਾਇਕ ਜੀ, ਦੇਸ਼-ਵਿਦੇਸ਼ ਤੋਂ ਆਏ ਸਾਰੇ ਉਦਯੋਗਿਕ ਆਗੂ, ਨਿਵੇਸ਼ਕ, ਸਟਾਰਟਅੱਪ ਜਗਤ ਦੇ ਸਾਥੀ, ਸਾਰੇ ਸੀਨੀਅਰ ਅਧਿਕਾਰੀ, ਹੋਰ ਪਤਵੰਤੇ ਸੱਜਣ, ਦੇਵੀਓ ਅਤੇ ਸੱਜਣੋ।
‘ਭਾਰਤ ਅਖੁੱਟ ਊਰਜਾ ਸੰਮੇਲਨ’ ਵਿੱਚ ਤੁਹਾਡਾ ਸਾਰਿਆਂ ਸਾਥੀਆਂ ਦਾ ਮੈਂ ਅਭਿਨੰਦਨ ਕਰਦਾ ਹਾਂ, ਸਵਾਗਤ ਕਰਦਾ ਹਾਂ। ਇਸ ਵਾਰ ਦਾ ਇਹ ਸੰਮੇਲਨ ਵਿਸ਼ੇਸ਼ ਹੈ, ਕਿਉਂਕਿ ਇਹ ਵਿਸ਼ੇਸ਼ ਹਾਲਾਤ ਵਿੱਚ ਹੋ ਰਿਹਾ ਹੈ। ਅਸੀਂ ਦੇਖ ਰਹੇ ਹਾਂ ਕਿ ਕਿਵੇਂ ਇਸ ਸਾਲ ਊਰਜਾ ਸੰਕਟ ਦੀ ਹੀ ਚਰਚਾ ਰਹੀ ਹੈ। ਅਖੁੱਟ ਊਰਜਾ ਦਾ ਸਾਡੀ ਜ਼ਿੰਦਗੀ ਵਿੱਚ, ਸਾਡੀ ਵਿਕਾਸ ਯਾਤਰਾ ਵਿੱਚ ਕੀ ਮਹੱਤਵ ਹੈ, ਇਹ ਇਸ ਸਾਲ ਨੇ ਹੋਰ ਵੀ ਸਪੱਸ਼ਟ ਕਰ ਦਿੱਤਾ ਹੈ। ਇਹ ਵੀ ਸੁਖਾਵਾਂ ਸੰਯੋਗ ਹੈ ਕਿ ਇਸ ਸੰਮੇਲਨ ਵਿੱਚ ਅੰਤਰਰਾਸ਼ਟਰੀ ਸੌਰ ਗਠਜੋੜ ਦਾ 9ਵਾਂ ਇਜਲਾਸ ਵੀ ਹੋ ਰਿਹਾ ਹੈ। ਗ੍ਰੀਨ ਹਾਈਡ੍ਰੋਜਨ ਬਾਰੇ ਚੌਥੀ ਕਾਨਫਰੰਸ ਦੇ ਨੁਮਾਇੰਦੇ ਵੀ ਇੱਥੇ ਮੌਜੂਦ ਹਨ। ਭਾਵ, ਇਸ ਸਾਲ ਦੇ ਸਮਾਗਮ ਦਾ ਦਾਇਰਾ ਬਹੁਤ ਵੱਡਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਦੋਸਤੋ,
ਪਿਛਲੇ ਕੁਝ ਸਾਲਾਂ ਤੋਂ ਆਲਮੀ ਅਰਥਵਿਵਸਥਾ ਨੇ ਬੇਮਿਸਾਲ ਸੰਕਟ ਦੇਖੇ ਹਨ। ਕਰੋਨਾ ਮਹਾਮਾਰੀ ਤੋਂ ਲੈ ਕੇ ਪੱਛਮੀ ਏਸ਼ੀਆ ਦੇ ਸੰਕਟ ਤੱਕ ਦੁਨੀਆ ਨੇ ਕਈ ਵੱਡੇ ਸੰਕਟਾਂ ਦਾ ਸਾਹਮਣਾ ਕੀਤਾ ਹੈ ਅਤੇ ਪੱਛਮੀ ਏਸ਼ੀਆ ਦਾ ਸੰਕਟ ਤਾਂ ਅਜੇ ਵੀ ਜਾਰੀ ਹੈ। ਪਰ 140 ਕਰੋੜ ਭਾਰਤੀਆਂ ਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਹੁਣ ਤੱਕ ਇਸ ਸੰਕਟ ਨੂੰ ਬਿਹਤਰ ਤਰੀਕੇ ਨਾਲ ਸੰਭਾਲਿਆ ਹੈ ਅਤੇ ਇਸ ਸੰਕਟ ਦੇ ਬਾਵਜੂਦ ਵੀ ਭਾਰਤ ਦੀ ਵਿਕਾਸ ਦਰ ਉੱਚੀ ਰਹੀ ਹੈ। ਜੇਕਰ ਭਾਰਤ ਨੇ ਸਵੱਛ ਊਰਜਾ ਵਿੱਚ ਨਿਵੇਸ਼ ਨਾ ਕੀਤਾ ਹੁੰਦਾ, ਪਿਛਲੇ ਇੱਕ ਦਹਾਕੇ ਵਿੱਚ ਇਸ ਲਈ ਨਵੀਆਂ ਵਿਵਸਥਾਵਾਂ ਨਾ ਬਣਾਈਆਂ ਹੁੰਦੀਆਂ, ਤਾਂ ਸਾਡਾ ਸੰਕਟ ਬਾਕੀ ਦੁਨੀਆ ਨਾਲੋਂ ਕਿਤੇ ਜ਼ਿਆਦਾ ਗੰਭੀਰ ਹੋ ਸਕਦਾ ਸੀ।
ਸਾਥੀਓ,
ਇਸ ਆਲਮੀ ਸੰਕਟ ਨੇ ਹਰ ਦੇਸ਼ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਊਰਜਾ ਸੁਰੱਖਿਆ ਸਿੱਧੇ ਤੌਰ ‘ਤੇ ਆਰਥਿਕ ਸੁਰੱਖਿਆ ਨਾਲ ਜੁੜੀ ਹੋਈ ਹੈ। ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਊਰਜਾ ਸੁਰੱਖਿਆ ਦਾ ਭਵਿੱਖ ਸਾਫ਼ ਊਰਜਾ ਵਿੱਚ ਹੈ। ਜੇਕਰ ਅਸੀਂ ਅੱਗੇ ਵੀ ਜੈਵਿਕ ਈਂਧਨ ‘ਤੇ ਬਹੁਤ ਜ਼ਿਆਦਾ ਨਿਰਭਰ ਰਹਿੰਦੇ ਹਾਂ, ਤਾਂ ਆਲਮੀ ਅਰਥਵਿਵਸਥਾ ਵਾਰ-ਵਾਰ ਪ੍ਰਭਾਵਿਤ ਹੁੰਦੀ ਰਹੇਗੀ। ਕਿਉਂਕਿ ਜੈਵਿਕ ਈਂਧਨ ਦੇ ਭੰਡਾਰ ਸੀਮਤ ਹਨ, ਇਹ ਕੁਝ ਹੀ ਖੇਤਰਾਂ ਵਿੱਚ ਮੌਜੂਦ ਹਨ, ਪਰ ਅਖੁੱਟ ਊਰਜਾ ਦੀ ਸਮਰੱਥਾ ਅਥਾਹ ਹੈ ਅਤੇ ਹਰ ਖੇਤਰ, ਹਰ ਦੇਸ਼ ਇਸ ਦਾ ਲਾਭ ਲੈ ਸਕਦਾ ਹੈ।
ਸਾਥੀਓ,
ਇਸ ਖੇਤਰ ਵਿੱਚ ਪਿਛਲੇ 12 ਸਾਲਾਂ ਦੌਰਾਨ ਭਾਰਤ ਦੀ ਯਾਤਰਾ ਵਾਅਦਿਆਂ, ਜਨੂਨ ਅਤੇ ਕਾਰਗੁਜ਼ਾਰੀ ਦੀ ਰਹੀ ਹੈ। ਇਸ ਦਾ ਸਬੂਤ ਕੌਪ-26 ਨਾਲ ਜੁੜੀ ਸਾਡੀ ਵਚਨਬੱਧਤਾ ਹੈ। ਸਾਲ 2021 ਦੇ ਸੰਮੇਲਨ ਵਿੱਚ ਭਾਰਤ ਨੇ ਇੱਕ ਸੰਕਲਪ ਲਿਆ ਸੀ। ਸੰਕਲਪ ਇਹ ਸੀ ਕਿ ਅਸੀਂ 2030 ਤੱਕ 500 ਗੀਗਾਵਾਟ ਗੈਰ-ਜੈਵਿਕ ਊਰਜਾ ਸਮਰੱਥਾ ਹਾਸਲ ਕਰਾਂਗੇ। ਅਸੀਂ ਕਿਹਾ ਸੀ- ਅਸੀਂ ਇਹ ਕਰਕੇ ਦਿਖਾਵਾਂਗੇ! ਪੈਰਿਸ ਸਮਝੌਤੇ ਤਹਿਤ ਕੀਤੇ ਵਾਅਦੇ ਵਿੱਚ ਵੀ ਭਾਰਤ ਨੇ ਆਪਣੀ ਅੱਧੀ ਸਥਾਪਤ ਬਿਜਲੀ ਉਤਪਾਦਨ ਸਮਰੱਥਾ ਗੈਰ-ਜੈਵਿਕ ਸਰੋਤਾਂ ਤੋਂ ਪੂਰੀ ਕਰਨ ਦਾ ਟੀਚਾ ਰੱਖਿਆ ਸੀ ਅਤੇ ਭਾਰਤ ਨੇ ਇਹ ਟੀਚਾ 2025 ਵਿੱਚ ਹੀ ਹਾਸਲ ਕਰਕੇ ਦਿਖਾ ਦਿੱਤਾ। ਭਾਵ, ਤੈਅ ਸਮੇਂ ਤੋਂ ਪੰਜ ਸਾਲ ਪਹਿਲਾਂ ਅਸੀਂ ਇਹ ਪ੍ਰਾਪਤੀ ਹਾਸਲ ਕੀਤੀ। ਅੱਜ ਸਾਡੀ 50 ਫ਼ੀਸਦੀ ਤੋਂ ਵੱਧ ਸਥਾਪਤ ਬਿਜਲੀ ਉਤਪਾਦਨ ਸਮਰੱਥਾ ਗੈਰ-ਜੈਵਿਕ ਸਰੋਤਾਂ ‘ਤੇ ਆਧਾਰਿਤ ਹੈ। ਭਾਰਤ 500 ਗੀਗਾਵਾਟ ਦੇ ਟੀਚੇ ਨੂੰ ਹਾਸਲ ਕਰਨ ਲਈ ਵੀ ਪੂਰੀ ਮਜ਼ਬੂਤੀ ਨਾਲ ਜੁਟਿਆ ਹੋਇਆ ਹੈ। ਲਗਭਗ 300 ਗੀਗਾਵਾਟ ਅਸੀਂ ਹਾਸਲ ਕਰ ਲਿਆ ਹੈ। ਅਤੇ ਸੌਰ ਊਰਜਾ ਅਤੇ ਅਖੁੱਟ ਊਰਜਾ ਦੇ ਮਾਮਲੇ ਵਿੱਚ ਭਾਰਤ ਅੱਜ ਦੁਨੀਆ ਦੇ ਮੋਹਰੀ ਤਿੰਨ ਦੇਸ਼ਾਂ ਵਿੱਚੋਂ ਇੱਕ ਹੈ। ਹੁਣ ਆਉਣ ਵਾਲੇ 10-11 ਸਾਲਾਂ ਵਿੱਚ ਸਾਡਾ ਯਤਨ 500 ਗੀਗਾਵਾਟ ਦੀ ਨਵੀਂ ਗੈਰ-ਜੈਵਿਕ ਊਰਜਾ ਸਮਰੱਥਾ ਜੋੜਨ ਦਾ ਹੈ। ਇਹ ਟੀਚਾ ਥੋੜ੍ਹਾ ਔਖਾ ਹੈ, ਪਰ ਮੈਨੂੰ ਆਪਣੇ ਦੇਸ਼ ਦੀ ਸਮਰੱਥਾ ‘ਤੇ ਭਰੋਸਾ ਹੈ। ਅਤੇ ਇਸੇ ਲਈ ਮੈਂ ਆਖਦਾ ਹਾਂ- ਅਸੀਂ ਇਹ ਕਰਕੇ ਦਿਖਾਵਾਂਗੇ!
ਦੋਸਤੋ,
ਭਾਰਤ ਦੀਆਂ ਕਾਢਾਂ, ਭਾਰਤ ਦੇ ਤਜਰਬਿਆਂ ਦਾ ਲਾਭ ਅਸੀਂ ਚਾਹੁੰਦੇ ਹਾਂ ਕਿ ਸਮੁੱਚੀ ਮਨੁੱਖਤਾ ਨੂੰ ਮਿਲੇ। ਗ੍ਰੀਨ ਊਰਜਾ ਨੂੰ ਲੈ ਕੇ ਵੀ ਸਾਡੀ ਭਾਵਨਾ ਇਹੀ ਹੈ। ਇਸ ਖੇਤਰ ਵਿੱਚ ਭਾਰਤ ਦੀਆਂ ਜਿਹੜੀਆਂ ਪ੍ਰਾਪਤੀਆਂ ਹਨ, ਉਹ ਦੁਨੀਆ ਦੇ ਅਨੇਕਾਂ ਦੇਸ਼ਾਂ ਦੇ ਕੰਮ ਆਉਣਗੀਆਂ। ਮੈਂ ਉਦਾਹਰਣਾਂ ਦੇ ਨਾਲ ਆਪਣੀ ਗੱਲ ਦੱਸਾਂਗਾ।
ਸਾਥੀਓ,
ਅਸੀਂ ਫਰਵਰੀ 2024 ਵਿੱਚ ਪ੍ਰਧਾਨ ਮੰਤਰੀ ਸੂਰਯਘਰ ਮੁਫ਼ਤ ਬਿਜਲੀ ਯੋਜਨਾ ਸ਼ੁਰੂ ਕੀਤੀ ਸੀ। ਇਸ ਤਹਿਤ ਇੱਕ ਕਰੋੜ ਘਰਾਂ ਵਿੱਚ ਛੱਤਾਂ ‘ਤੇ ਸੋਲਰ ਪੈਨਲ ਲਗਾਉਣ ਦਾ ਟੀਚਾ ਹੈ। ਪਿਛਲੇ 24-25 ਮਹੀਨਿਆਂ ਵਿੱਚ ਹੀ 65 ਲੱਖ ਤੋਂ ਵੱਧ ਘਰ ਇਸ ਮੁਹਿੰਮ ਨਾਲ ਜੁੜ ਚੁੱਕੇ ਹਨ। ਅਤੇ ਹੁਣੇ ਸਾਡੇ ਮੰਤਰੀ ਪ੍ਰਹਿਲਾਦ ਜੋਸ਼ੀ ਜੀ ਨੇ ਦੱਸਿਆ ਕਿ ਹਰ 6 ਦਿਨਾਂ ਵਿੱਚ ਇੱਕ ਲੱਖ ਨਵੇਂ ਘਰ ਇਸ ਸੌਰ ਊਰਜਾ ਮੁਹਿੰਮ ਦਾ ਹਿੱਸਾ ਬਣ ਰਹੇ ਹਨ। ਇਸ ਦਾ ਅਸਰ ਬਿਜਲੀ ਦੇ ਬਿੱਲਾਂ ‘ਤੇ ਵੀ ਦਿਖਾਈ ਦੇ ਰਿਹਾ ਹੈ। ਇੱਕ ਅਧਿਐਨ ਦੱਸਦਾ ਹੈ ਕਿ ਇਨ੍ਹਾਂ 65 ਲੱਖ ਘਰਾਂ ਦੇ ਬਿਜਲੀ ਬਿੱਲਾਂ ਵਿੱਚ ਲਗਭਗ 76 ਫ਼ੀਸਦੀ ਤੱਕ ਕਮੀ ਆਈ ਹੈ। ਲੱਖਾਂ ਪਰਿਵਾਰ ਅਜਿਹੇ ਵੀ ਹਨ, ਜਿਨ੍ਹਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਹੋ ਗਏ ਹਨ। ਬਹੁਤ ਸਾਰੇ ਪਰਿਵਾਰ ਅਜਿਹੇ ਹਨ, ਜਿਨ੍ਹਾਂ ਕੋਲ ਬਿਜਲੀ ਦੀ ਬੱਚਤ ਵੀ ਹੋ ਰਹੀ ਹੈ ਅਤੇ ਉਹ ਇਸ ਨੂੰ ਗਰਿੱਡ ਵਿੱਚ ਵੇਚ ਕੇ ਪੈਸੇ ਵੀ ਕਮਾ ਲੈਂਦੇ ਹਨ। ਭਾਰਤ ਦੀ ਇਹ ਯੋਜਨਾ ਬਹੁਤ ਸਾਰੇ ਦੇਸ਼ਾਂ ਵਿੱਚ, ਖ਼ਾਸ ਕਰਕੇ ਗਲੋਬਲ ਸਾਊਥ ਦੇ ਦੇਸ਼ਾਂ ਵਿੱਚ, ਊਰਜਾ ਸੁਰੱਖਿਆ ਨੂੰ ਬਹੁਤ ਮਜ਼ਬੂਤੀ ਦੇ ਸਕਦੀ ਹੈ।
ਦੋਸਤੋ,
ਭਾਰਤ ਸੌਰ ਊਰਜਾ ਨੂੰ ਆਪਣੇ ਨਾਗਰਿਕਾਂ ਦੀ ਜ਼ਿੰਦਗੀ ਦਾ ਹਿੱਸਾ ਬਣਾ ਰਿਹਾ ਹੈ। ਪਿਛਲੇ 12 ਸਾਲਾਂ ਵਿੱਚ ਅਸੀਂ ਉਦਯੋਗਾਂ ਅਤੇ ਖੇਤਾਂ ਨੂੰ ਵੀ ਸੌਰ ਊਰਜਾ ਨਾਲ ਜੋੜਨ ਦਾ ਯਤਨ ਕੀਤਾ ਹੈ। ਭਾਰਤ ਵਿੱਚ 44 ਹਜ਼ਾਰ ਤੋਂ ਵੱਧ ਸਰਕਾਰੀ ਇਮਾਰਤਾਂ ਸੌਰ ਊਰਜਾ ਨਾਲ ਜੁੜ ਚੁੱਕੀਆਂ ਹਨ। ਇਸ ਨਾਲ ਹਰ ਸਾਲ ਲਗਭਗ 700 ਕਰੋੜ ਰੁਪਏ ਦੀ ਬੱਚਤ ਹੋ ਰਹੀ ਹੈ। ਭਾਰਤ ਦੇ ਕਿਸਾਨਾਂ ਨੂੰ ਕੁਸੁਮ ਯੋਜਨਾ ਦਾ ਵੀ ਬਹੁਤ ਲਾਭ ਹੋ ਰਿਹਾ ਹੈ। ਇਸ ਨਾਲ 30 ਲੱਖ ਤੋਂ ਵੱਧ ਕਿਸਾਨਾਂ ਲਈ ਸੌਰ ਊਰਜਾ ਰਾਹੀਂ ਸਿੰਜਾਈ ਦੀ ਵਿਵਸਥਾ ਹੋਈ ਹੈ। ਅਤੇ ਇੱਕ ਅੰਦਾਜ਼ਾ ਹੈ ਕਿ ਇਸ ਨਾਲ ਸੋਲਰ ਪੰਪ ਦਾ ਲਾਭ ਲੈਣ ਵਾਲੇ ਹਰੇਕ ਕਿਸਾਨ ਦੀ ਹਰ ਸਾਲ ਲਗਭਗ ਇੱਕ ਲੱਖ ਰੁਪਏ ਦੀ ਬੱਚਤ ਹੋ ਰਹੀ ਹੈ। ਮੈਂ ਤੁਹਾਨੂੰ ਪ੍ਰਧਾਨ ਮੰਤਰੀ ਸੂਰਯ ਸਰੋਵਰ ਯੋਜਨਾ ਦੀ ਵੀ ਉਦਾਹਰਣ ਦੇਵਾਂਗਾ। ਇਸ ਦਾ ਸੰਕਲਪ ਹੈ ਕਿ ਸਰੋਵਰਾਂ, ਤਲਾਬਾਂ ਅਤੇ ਝੀਲਾਂ ਦੇ ਉੱਪਰ ਸੋਲਰ ਪੈਨਲ ਲਗਾ ਕੇ ਬਿਜਲੀ ਪੈਦਾ ਕੀਤੀ ਜਾਵੇ। ਇਸ ਨਾਲ ਜਲ ਸਰੋਤਾਂ ਦੀ ਹੋਰ ਬਿਹਤਰ ਵਰਤੋਂ ਹੋ ਰਹੀ ਹੈ। ਅਜਿਹੇ ਪ੍ਰਾਜੈਕਟਾਂ ਨਾਲ ਜ਼ਮੀਨ ‘ਤੇ ਹੋਣ ਵਾਲਾ ਖਰਚ ਵੀ ਘੱਟ ਹੋ ਰਿਹਾ ਹੈ।
ਦੋਸਤੋ,
ਸਾਡਾ ਸਾਫ਼ ਊਰਜਾ ਦਾ ਇਹ ਤੰਤਰ ਸਿਰਫ਼ ਪਣ-ਬਿਜਲੀ, ਸੌਰ ਊਰਜਾ, ਪੌਣ ਊਰਜਾ ਅਤੇ ਪਰਮਾਣੂ ਊਰਜਾ ਤੱਕ ਸੀਮਤ ਨਹੀਂ ਹੈ। ਭਾਰਤ ਗ੍ਰੀਨ ਹਾਈਡ੍ਰੋਜਨ ਦੇ ਖੇਤਰ ਵਿੱਚ ਵੱਡੀ ਪੁਲਾਂਘ ਪੁੱਟਣ ਲਈ ਮਿਸ਼ਨ ਮੋਡ ਵਿੱਚ ਅੱਗੇ ਵਧ ਰਿਹਾ ਹੈ। ਰਾਸ਼ਟਰੀ ਗ੍ਰੀਨ ਹਾਈਡ੍ਰੋਜਨ ਮਿਸ਼ਨ ਤਹਿਤ ਇਸ ਦਹਾਕੇ ਦੇ ਅੰਤ ਤੱਕ 50 ਲੱਖ ਟਨ ਗ੍ਰੀਨ ਹਾਈਡ੍ਰੋਜਨ ਦੇ ਉਤਪਾਦਨ ਦਾ ਟੀਚਾ ਹੈ। ਅਸੀਂ ਆਪਣੇ ਆਵਾਜਾਈ ਖੇਤਰ ਨੂੰ ਵੀ ਗ੍ਰੀਨ ਹਾਈਡ੍ਰੋਜਨ ਨਾਲ ਜੋੜ ਰਹੇ ਹਾਂ। ਕੁਝ ਮਹੀਨੇ ਪਹਿਲਾਂ ਹੀ ਭਾਰਤ ਨੇ ਪਹਿਲੀ ਗ੍ਰੀਨ ਹਾਈਡ੍ਰੋਜਨ ਰੇਲ ਸ਼ੁਰੂ ਕੀਤੀ ਹੈ।
ਸਾਥੀਓ,
ਤੁਸੀਂ ਸਾਰੇ ਮਾਹਰ ਜਾਣਦੇ ਹੋ ਕਿ ਸਿਰਫ਼ ਬਿਜਲੀ ਪੈਦਾ ਕਰਨਾ ਹੀ ਕਾਫ਼ੀ ਨਹੀਂ ਹੈ। ਉਸ ਦੀ ਕੁਸ਼ਲਤਾ ਨਾਲ ਵੰਡ ਕਰਨੀ, ਜਿੱਥੇ ਲੋੜ ਹੈ, ਉੱਥੇ ਪਹੁੰਚਾਉਣਾ ਵੀ ਜ਼ਰੂਰੀ ਹੈ। ਸਾਡੇ ਇੱਥੇ ਸੌਰ ਅਤੇ ਪੌਣ ਊਰਜਾ ਦੇਸ਼ ਦੇ ਕੁਝ ਹਿੱਸਿਆਂ ਵਿੱਚ ਵਧੇਰੇ ਪੈਦਾ ਹੁੰਦੀ ਹੈ। ਜਿੱਥੇ ਬਿਜਲੀ ਦਾ ਉਤਪਾਦਨ ਓਨਾ ਨਹੀਂ ਹੋ ਪਾਉਂਦਾ, ਦੇਸ਼ ਦੇ ਉਸ ਹਿੱਸੇ ਨੂੰ ਵੀ ਇਸ ਦਾ ਲਾਭ ਮਿਲੇ, ਉੱਥੇ ਵੀ ਘਰ, ਖੇਤ ਅਤੇ ਉਦਯੋਗ ਇਸ ਨਾਲ ਚੱਲਣ, ਇਹ ਯਕੀਨੀ ਬਣਾਇਆ ਜਾ ਰਿਹਾ ਹੈ। ਅਤੇ ਇਸੇ ਲਈ ਗ੍ਰੀਨ ਊਰਜਾ ਗਲਿਆਰੇ ਵਿਕਸਿਤ ਕੀਤੇ ਜਾ ਰਹੇ ਹਨ। ਇਨ੍ਹਾਂ ਗਲਿਆਰਿਆਂ ਤਹਿਤ ਵਿਸ਼ੇਸ਼ ਬਿਜਲੀ ਸੰਚਾਰ ਲਾਈਨਾਂ ਅਤੇ ਸਬ-ਸਟੇਸ਼ਨਾਂ ਦਾ ਨੈੱਟਵਰਕ ਤਿਆਰ ਕੀਤਾ ਜਾ ਰਿਹਾ ਹੈ। ਇਸ ਨਾਲ ਉਤਪਾਦਨ ਵਾਲੀ ਥਾਂ ਤੋਂ ਸੌਰ ਅਤੇ ਪੌਣ ਊਰਜਾ ਨੂੰ ਮੰਗ ਵਾਲੀ ਥਾਂ ਤੱਕ ਪਹੁੰਚਾਉਣਾ ਸੌਖਾ ਹੋ ਰਿਹਾ ਹੈ। ਅਤੇ ਇਸ ਵਿੱਚ ਇੱਕ ਦੇਸ਼, ਇੱਕ ਬਿਜਲੀ ਗਰਿੱਡ ਦਾ ਬਹੁਤ ਵੱਡਾ ਯੋਗਦਾਨ ਹੈ। ਪਿਛਲੇ ਸਾਲਾਂ ਵਿੱਚ ਅਸੀਂ 5 ਖੇਤਰੀ ਗਰਿੱਡਾਂ ਨੂੰ ਇੱਕ ਏਕੀਕ੍ਰਿਤ ਨੈੱਟਵਰਕ ਵਿੱਚ ਜੋੜਿਆ ਹੈ। ਹੁਣ ਪੂਰਾ ਦੇਸ਼ ਇੱਕੋ ਬਾਰੰਬਾਰਤਾ ਵਾਲੇ ਬਿਜਲੀ ਗਰਿੱਡ ਨਾਲ ਜੁੜਿਆ ਹੋਇਆ ਹੈ। ਗ੍ਰੀਨ ਊਰਜਾ ਗਲਿਆਰੇ ਦੀ ਇਸ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਹੁਣ ਅਸੀਂ ਅਗਲੇ ਪੜਾਅ ਵੱਲ ਵੀ ਕਦਮ ਵਧਾ ਚੁੱਕੇ ਹਾਂ। ਹਾਲ ਹੀ ਵਿੱਚ ਭਾਰਤ ਨੇ ਇਸ ਲਈ ਲਗਭਗ 2 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਟੀਚਾ ਤੈਅ ਕੀਤਾ ਹੈ।
ਦੋਸਤੋ,
ਗ੍ਰੀਨ ਊਰਜਾ ਵਿੱਚ ਸਾਡੀ ਸਫਲਤਾ ਦੇ ਪਿੱਛੇ ਇੱਕ ਵੱਡਾ ਕਾਰਨ ਸਾਡੀ ਵਧਦੀ ਨਿਰਮਾਣ ਸਮਰੱਥਾ ਵੀ ਹੈ। ਕੁਝ ਸਾਲ ਪਹਿਲਾਂ ਤੱਕ ਅਸੀਂ ਸੌਰ ਊਰਜਾ ਨਾਲ ਜੁੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਲਈ ਵੀ ਪੂਰੀ ਤਰ੍ਹਾਂ ਦਰਾਮਦ ‘ਤੇ ਨਿਰਭਰ ਸੀ। ਇੱਕ ਦਹਾਕਾ ਪਹਿਲਾਂ ਸਾਡੀ ਸੋਲਰ ਮੋਡੀਊਲ ਨਿਰਮਾਣ ਸਮਰੱਥਾ ਸਿਰਫ਼ 2 ਗੀਗਾਵਾਟ ਦੇ ਆਸ-ਪਾਸ ਸੀ। ਅੱਜ ਇਹ 200 ਗੀਗਾਵਾਟ ਤੋਂ ਵੱਧ ਹੋ ਚੁੱਕੀ ਹੈ। ਸੋਲਰ ਸੈੱਲਾਂ ਦੀ ਨਿਰਮਾਣ ਸਮਰੱਥਾ ਵੀ ਲਗਭਗ 40 ਗੀਗਾਵਾਟ ਤੱਕ ਪਹੁੰਚ ਗਈ ਹੈ। ਹੁਣ ਅਸੀਂ ਹੋਰ ਪੁਰਜ਼ਿਆਂ ਦੇ ਨਿਰਮਾਣ ਦਾ ਵੀ ਵਿਸਤਾਰ ਕਰ ਰਹੇ ਹਾਂ। ਭਾਵ, ਗ੍ਰੀਨ ਊਰਜਾ ਨਾਲ ਜੁੜੀਆਂ ਭਾਰਤ ਦੀਆਂ ਖਾਹਿਸ਼ਾਂ, ਸਾਡੇ ਆਤਮਨਿਰਭਰ ਭਾਰਤ ਅਭਿਆਨ ਦੀ ਸਫਲਤਾ ਅਤੇ ਮੇਕ ਇਨ ਇੰਡੀਆ ਅਭਿਆਨ ਦੀ ਸਫਲਤਾ ਦਾ ਵੀ ਸਬੂਤ ਹਨ।
ਦੋਸਤੋ,
ਭਾਰਤ ਬਹੁਤ ਘੱਟ ਸਮੇਂ ਵਿੱਚ ਬਹੁਤ ਕੁਝ ਹਾਸਲ ਕਰਨ ਲਈ ਜੁਟਿਆ ਹੋਇਆ ਹੈ। ਅਸੀਂ ਇੱਥੇ ਹੀ ਨਹੀਂ ਰੁਕਣਾ ਹੈ। ਅਸੀਂ ਹਰ ਸਰਕਾਰੀ ਇਮਾਰਤ, ਹਰ ਸਕੂਲ-ਕਾਲਜ, ਹਸਪਤਾਲ, ਸਟਰੀਟ ਲਾਈਟਾਂ ਦੀ ਪੂਰੀ ਵਿਵਸਥਾ ਨੂੰ ਸੌਰ ਊਰਜਾ ਨਾਲ ਜੋੜਨਾ ਹੈ। ਇਸ ਕੰਮ ਨੂੰ ਤੇਜ਼ ਰਫ਼ਤਾਰ ਨਾਲ ਕਰਨਾ ਹੈ। ਮੈਂ ਸੁਝਾਅ ਦੇਵਾਂਗਾ ਕਿ ਇਸ ਲਈ ਸੂਬਿਆਂ ਦਰਮਿਆਨ, ਸਥਾਨਕ ਸੰਸਥਾਵਾਂ ਦਰਮਿਆਨ ਸਿਹਤਮੰਦ ਮੁਕਾਬਲਾ ਹੋਣਾ ਚਾਹੀਦਾ ਹੈ, ਤਾਂ ਜੋ ਬਿਹਤਰ ਕੰਮ ਕਰਨ ਵਾਲਿਆਂ ਨੂੰ ਉਤਸ਼ਾਹ ਮਿਲ ਸਕੇ ਅਤੇ ਇੱਕ ਥਾਂ ਦੀ ਸਫਲਤਾ ਦੀ ਕਹਾਣੀ ਤੋਂ ਦੂਜੇ ਲੋਕ ਵੀ ਸਿੱਖ ਸਕਣ।
ਸਾਥੀਓ,
ਮੇਰਾ ਇੱਕ ਸੁਝਾਅ ਖੇਤੀਬਾੜੀ ਵਿੱਚ ਸੌਰ ਊਰਜਾ ਨਾਲ ਵੀ ਜੁੜਿਆ ਹੋਇਆ ਹੈ। ਅਸੀਂ ਲੱਖਾਂ ਸੋਲਰ ਪੰਪ ਵੰਡੇ ਹਨ, ਪਰ ਅਸੀਂ ਸੋਲਰ ਪੰਪਾਂ ਤੋਂ ਅੱਗੇ ਵਧਣਾ ਹੈ। ਅਤੇ ਮੇਰਾ ਸੁਪਨਾ ਹੈ- ਅੰਨਦਾਤਾ ਊਰਜਾਦਾਤਾ ਬਣੇ। ਕਿਸਾਨ ਖਾਲੀ ਜ਼ਮੀਨ ‘ਤੇ ਸੋਲਰ ਪੈਨਲ ਲਗਾਉਣ, ਖੇਤਾਂ ਦੇ ਕਿਨਾਰਿਆਂ ਦੀਆਂ ਵੱਟਾਂ ਵੀ ਖਾਲੀ ਨਾ ਰਹਿਣ, ਉੱਥੇ ਵੀ ਸੋਲਰ ਪੈਨਲ ਲੱਗਣ। ਸਾਨੂੰ ਵੱਧ ਤੋਂ ਵੱਧ ਪਿੰਡਾਂ ਵਿੱਚ ਇਹ ਯਕੀਨੀ ਬਣਾਉਣਾ ਪਵੇਗਾ।
ਸਾਥੀਓ,
ਸੌਰ ਕ੍ਰਾਂਤੀ ਦਾ ਇਹ ਨਵਾਂ ਦੌਰ ਸਿਰਫ਼ ਇਸ ਨੂੰ ਅਪਣਾਉਣ ਤੱਕ ਸੀਮਤ ਨਹੀਂ ਹੈ, ਇਹ ਨਵੀਨਤਾ ‘ਤੇ ਵੀ ਨਿਰਭਰ ਕਰਦਾ ਹੈ। ਇਸ ਲਈ ਮੈਂ ਆਪਣੇ ਸਟਾਰਟਅੱਪਸ, ਆਈਆਈਟੀਜ਼, ਨਵੀਨਤਾਕਾਰਾਂ ਅਤੇ ਉੱਦਮੀਆਂ ਨੂੰ ਵਿਸ਼ੇਸ਼ ਤੌਰ ‘ਤੇ ਅਪੀਲ ਕਰਾਂਗਾ ਕਿ ਤੁਸੀਂ ਅੱਗੇ ਆਓ। ਤੁਸੀਂ ਅਜਿਹੇ ਮਾਡਲ ਤਿਆਰ ਕਰੋ, ਜਿੱਥੇ ਇੱਕ ਪਰਿਵਾਰ ਦੀਆਂ ਵੱਧ ਤੋਂ ਵੱਧ ਲੋੜਾਂ ਸੌਰ ਊਰਜਾ ਨਾਲ ਪੂਰੀਆਂ ਹੋ ਸਕਣ। ਜਿਸ ਨਾਲ ਸੌਰ ਊਰਜਾ 24 ਘੰਟੇ ਉਪਲਬਧ ਰਹੇ, ਹਰ ਮੌਸਮ ਵਿੱਚ ਉਪਲਬਧ ਰਹੇ। ਅਸੀਂ ਉਸ ਸਥਿਤੀ ਵੱਲ ਵਧਣਾ ਹੈ, ਜਿੱਥੇ ਇੱਕ ਪਰਿਵਾਰ ਆਪਣੀ ਹੀ ਛੱਤ ‘ਤੇ ਲੱਗੇ ਸੌਰ ਊਰਜਾ ਪਲਾਂਟ ਤੋਂ ਪੈਦਾ ਹੋਈ ਬਿਜਲੀ ਨਾਲ ਖਾਣਾ ਬਣਾ ਸਕੇ। ਅਸੀਂ ਸਾਫ਼ ਰਸੋਈ ਊਰਜਾ ਦੀ ਮੁਹਿੰਮ ਚਲਾਉਣੀ ਹੈ। ਦਰਾਮਦ ਕੀਤੀ ਗੈਸ ‘ਤੇ ਉਸ ਦੀ ਨਿਰਭਰਤਾ ਘੱਟ ਤੋਂ ਘੱਟ ਹੋਵੇ। ਅਸੀਂ ਉਹ ਸਥਿਤੀ ਲਿਆਉਣੀ ਹੈ, ਜਦੋਂ ਦੇਸ਼ ਦੇ ਵੱਧ ਤੋਂ ਵੱਧ ਮੱਧ ਵਰਗੀ ਪਰਿਵਾਰਾਂ ਕੋਲ ਇਲੈਕਟ੍ਰਿਕ ਵਾਹਨ ਦਾ ਬਦਲ ਹੋਵੇ ਅਤੇ ਉਹ ਆਪਣੀ ਸਕੂਟੀ, ਆਪਣੀ ਮੋਟਰਸਾਈਕਲ, ਆਪਣੀ ਕਾਰ ਨੂੰ ਘਰ ਵਿੱਚ ਹੀ ਸੌਰ ਊਰਜਾ ਨਾਲ ਬਣੀ ਬਿਜਲੀ ਰਾਹੀਂ ਚਾਰਜ ਕਰ ਸਕਣ। ਇਸ ਨਾਲ ਦੇਸ਼ ਦੇ ਮੱਧ ਵਰਗੀ ਪਰਿਵਾਰਾਂ ਨੂੰ ਹਰ ਸਾਲ ਹਜ਼ਾਰਾਂ ਰੁਪਏ ਦੀ ਬੱਚਤ ਹੋ ਸਕਦੀ ਹੈ।
ਸਾਥੀਓ,
ਸਾਨੂੰ ਅਜਿਹੇ ਉਤਪਾਦਾਂ ਦੀ ਵੀ ਲੋੜ ਹੈ, ਜੋ ਡੇਅਰੀ ਖੇਤਰ ਵਿੱਚ ਸੌਰ ਊਰਜਾ ਨੂੰ ਉਤਸ਼ਾਹਿਤ ਕਰਨ। ਪਸ਼ੂਆਂ ਦੇ ਚਾਰੇ, ਫ਼ਸਲ ਦੀ ਵਾਢੀ ਅਤੇ ਵਾਢੀ ਤੋਂ ਬਾਅਦ ਦੇ ਕੰਮਾਂ ਸਮੇਤ ਅਜਿਹੇ ਹਰ ਕੰਮ ਲਈ ਸੌਰ ਊਰਜਾ ਨਾਲ ਚੱਲਣ ਵਾਲੇ ਉਪਕਰਣ ਵਿਕਸਿਤ ਕੀਤੇ ਜਾਣ।
ਸਾਥੀਓ,
ਇਹ ਸਭ ਕੁਝ ਅਗਲੀ ਪੀੜ੍ਹੀ ਦੀ ਨਵੀਨਤਾ ਤੋਂ ਬਿਨਾਂ ਸੰਭਵ ਨਹੀਂ ਹੋਵੇਗਾ। ਇਸ ਲਈ ਦੇਸ਼ ਨੂੰ ਲੋੜੀਂਦੇ ਹਾਰਡਵੇਅਰ ਦੀ ਲੋੜ ਹੈ। ਸਾਨੂੰ ਊਰਜਾ ਸਟੋਰੇਜ ਦਾ ਸਵਦੇਸ਼ੀ ਹੱਲ ਚਾਹੀਦਾ ਹੈ। ਅਸੀਂ ਬੈਟਰੀ ਸਟੋਰੇਜ ਦੀ ਨਵੀਂ ਸਮਰੱਥਾ ਤਿਆਰ ਕਰਨੀ ਹੈ। ਇਹ ਤੁਹਾਡੇ ਸਾਰਿਆਂ ਲਈ, ਦੇਸ਼ ਦੇ ਨੌਜਵਾਨਾਂ ਦੇ ਸਾਹਮਣੇ ਇੱਕ ਬਹੁਤ ਵੱਡਾ ਮੌਕਾ ਹੈ। ਮੈਂ ਖੋਜ ਦੇ ਖੇਤਰ ਨਾਲ ਜੁੜੇ ਸਾਰੇ ਸਾਥੀਆਂ ਨੂੰ ਅਪੀਲ ਕਰਾਂਗਾ, ਨਿਵੇਸ਼ਕਾਂ ਨੂੰ ਵੀ ਅਪੀਲ ਕਰਾਂਗਾ ਕਿ ਇਸ ਮੌਕੇ ਨੂੰ ਹੱਥੋਂ ਨਾ ਜਾਣ ਦਿਓ। ਤੁਸੀਂ ਭਾਰਤ ਵਿੱਚ ਜੋ ਹੱਲ ਤਿਆਰ ਕਰੋਗੇ, ਉਹ ਦੁਨੀਆ ਦੇ ਅਨੇਕਾਂ ਦੇਸ਼ਾਂ ਦੇ ਕੰਮ ਆਉਣਗੇ।
ਸਾਥੀਓ,
ਭਾਰਤ ਦੁਨੀਆ ਦੇ ਸਭ ਤੋਂ ਨੌਜਵਾਨ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਸਾਫ਼ ਊਰਜਾ ਦੇ ਖੇਤਰ ਵਿੱਚ ਭਾਰਤ ਦਾ ਹਰ ਯਤਨ ਵੱਡੀ ਗਿਣਤੀ ਵਿੱਚ ਰੁਜ਼ਗਾਰ ਦੇ ਨਵੇਂ-ਨਵੇਂ ਮੌਕੇ ਵੀ ਪੈਦਾ ਕਰ ਰਿਹਾ ਹੈ। ਅੱਜ ਵੀ ਹਜ਼ਾਰਾਂ-ਹਜ਼ਾਰ ਸਾਥੀਆਂ ਨੂੰ ਇਸ ਖੇਤਰ ਵਿੱਚ ਰੁਜ਼ਗਾਰ ਮਿਲ ਰਿਹਾ ਹੈ। ਗ੍ਰੀਨ ਜੌਬਜ਼ ਲਈ ਬਹੁਤ ਵੱਡੀਆਂ ਸੰਭਾਵਨਾਵਾਂ ਬਣ ਰਹੀਆਂ ਹਨ। ਇਹ ਰੁਜ਼ਗਾਰ ਪੈਨਲਾਂ ਅਤੇ ਹੋਰ ਉਪਕਰਣਾਂ ਦੇ ਨਿਰਮਾਣ ਤੋਂ ਲੈ ਕੇ, ਇਨ੍ਹਾਂ ਦੀ ਸਥਾਪਨਾ, ਸੇਵਾ-ਸੰਭਾਲ ਅਤੇ ਆਵਾਜਾਈ ਤੱਕ ਵੱਖ-ਵੱਖ ਖੇਤਰਾਂ ਵਿੱਚ ਪੈਦਾ ਹੋ ਰਹੇ ਹਨ। ਭਵਿੱਖ ਵਿੱਚ ਵੀ ਜਦੋਂ ਸੌਰ ਊਰਜਾ ਦੀ ਸਮਰੱਥਾ ਹੋਰ ਵਧੇਗੀ, ਤਾਂ ਤੁਸੀਂ ਕਲਪਨਾ ਕਰੋ ਕਿ ਇਸ ਨਾਲ ਕਿੰਨੀਆਂ ਜ਼ਿਆਦਾ ਨੌਕਰੀਆਂ ਪੈਦਾ ਹੋਣਗੀਆਂ। ਰਸੋਈ ਦੇ ਚੁੱਲ੍ਹੇ ਤੋਂ ਲੈ ਕੇ ਆਵਾਜਾਈ ਦੇ ਸਾਧਨਾਂ ਤੱਕ, ਸਭ ਕੁਝ ਸੌਰ ਊਰਜਾ ਨਾਲ ਚੱਲਣ ਵਾਲਾ ਹੋਵੇਗਾ, ਸਵੱਛ ਊਰਜਾ ਨਾਲ ਚੱਲਣ ਵਾਲਾ ਹੋਵੇਗਾ, ਤਾਂ ਇੱਕ ਨਵੇਂ ਉਦਯੋਗ ਦਾ ਨਿਰਮਾਣ ਹੋਵੇਗਾ।
ਸਾਥੀਓ,
ਤੁਹਾਡੇ ਸਾਰਿਆਂ ਲਈ, ਦੁਨੀਆ ਦੇ ਹਰ ਨਿਵੇਸ਼ਕ ਲਈ ਭਾਰਤ ਬਹੁਤ ਵੱਡੇ ਮੌਕੇ ਲੈ ਕੇ ਆ ਰਿਹਾ ਹੈ। ਭਾਰਤ ਵਰਗੀ ਮੰਗ, ਇਹ ਪੈਮਾਨਾ, ਇਹ ਸੰਭਾਵਨਾਵਾਂ ਤੁਹਾਨੂੰ ਹੋਰ ਕਿਤੇ ਮਿਲਣੀਆਂ ਮੁਸ਼ਕਲ ਹਨ। ਭਾਰਤ ਵਰਗੀ ਰਾਜਨੀਤਿਕ ਅਤੇ ਨੀਤੀਗਤ ਸਥਿਰਤਾ ਵੀ ਤੁਹਾਨੂੰ ਹੋਰ ਥਾਵਾਂ ‘ਤੇ ਬਹੁਤ ਘੱਟ ਮਿਲੇਗੀ। ਇਸ ਦਾ ਨਤੀਜਾ ਅਸੀਂ ਦੇਖ ਵੀ ਰਹੇ ਹਾਂ। ਪਿਛਲੇ ਇੱਕ ਦਹਾਕੇ ਵਿੱਚ ਅਖੁੱਟ ਊਰਜਾ ਦੇ ਖੇਤਰ ਵਿੱਚ 15 ਲੱਖ ਕਰੋੜ ਰੁਪਏ ਤੋਂ ਵੱਧ, ਭਾਵ 164 ਅਰਬ ਡਾਲਰ ਦਾ ਨਿਵੇਸ਼ ਆਇਆ ਹੈ। ਸਾਲ 2024 ਦੇ ਆਰਈ-ਇਨਵੈਸਟ ਸੰਮੇਲਨ ਤੋਂ ਲੈ ਕੇ ਅੱਜ ਤੱਕ, ਭਾਵ ਸਿਰਫ਼ ਦੋ ਸਾਲਾਂ ਵਿੱਚ ਹੀ ਲਗਭਗ 6 ਲੱਖ ਕਰੋੜ ਰੁਪਏ, ਭਾਵ 63 ਅਰਬ ਡਾਲਰ ਤੋਂ ਵੱਧ ਦਾ ਨਿਵੇਸ਼ ਆਇਆ ਹੈ। ਅਤੇ ਅੰਦਾਜ਼ਾ ਹੈ ਕਿ ਇਸ ਦਹਾਕੇ ਦੇ ਅੰਤ ਤੱਕ ਇਸ ਖੇਤਰ ਵਿੱਚ 20 ਲੱਖ ਕਰੋੜ ਰੁਪਏ ਤੋਂ ਵੱਧ, ਭਾਵ ਲਗਭਗ 220 ਅਰਬ ਡਾਲਰ ਦੇ ਨਿਵੇਸ਼ ਦੇ ਮੌਕੇ ਪੈਦਾ ਹੋਣ ਵਾਲੇ ਹਨ। ਇਸ ਲਈ ਤੁਹਾਡੇ ਸਾਰਿਆਂ ਲਈ ਭਾਰਤ ਦੇ ਸਾਫ਼ ਊਰਜਾ ਖੇਤਰ ਵਿੱਚ ਮੌਕਿਆਂ ਦਾ ਨਵਾਂ ਆਸਮਾਨ ਖੁੱਲ੍ਹਣ ਜਾ ਰਿਹਾ ਹੈ।
ਦੋਸਤੋ,
ਭਾਰਤ ਨੇ ਦੁਨੀਆ ਨੂੰ ‘ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ’ ਦਾ ਸੁਨੇਹਾ ਦਿੱਤਾ ਹੈ। ਇਹੀ ਸੋਚ ਸਾਡੀ ਸਾਫ਼ ਊਰਜਾ ਯਾਤਰਾ ਵਿੱਚ ਵੀ ਦਿਖਾਈ ਦਿੰਦੀ ਹੈ। ਅੰਤਰਰਾਸ਼ਟਰੀ ਸੌਰ ਗਠਜੋੜ ਦੇ ਪਿੱਛੇ ਵੀ ਇਹੀ ਸੋਚ ਹੈ। ਸਾਡਾ ਯਤਨ ਹੈ ਕਿ ਅਖੁੱਟ ਊਰਜਾ ਲਈ ਲੋੜੀਂਦੀ ਵਿੱਤੀ ਸਹਾਇਤਾ, ਤਕਨਾਲੋਜੀ ਅਤੇ ਮੁਹਾਰਤ ਹਰ ਲੋੜਵੰਦ ਦੇਸ਼ ਤੱਕ ਪਹੁੰਚੇ। ਇਸੇ ਲਈ ਅਫ਼ਰੀਕਾ ਲਈ 200 ਮਿਲੀਅਨ ਡਾਲਰ ਦੀ ਅਫ਼ਰੀਕਾ ਸੋਲਰ ਫੈਸਿਲਿਟੀ ਦਾ ਪ੍ਰਸਤਾਵ ਰੱਖਿਆ ਗਿਆ ਹੈ।
ਦੋਸਤੋ,
ਆਉਣ ਵਾਲਾ ਦਹਾਕਾ ਸਾਡੇ ਜਲਵਾਯੂ ਟੀਚਿਆਂ ਲਈ ਬਹੁਤ ਮਹੱਤਵਪੂਰਨ ਹੈ। ਅਤੇ ਮੈਨੂੰ ਵਿਸ਼ਵਾਸ ਹੈ ਕਿ ਇਸ ਸੰਮੇਲਨ ਵਿੱਚ ਮੌਜੂਦ ਸਾਰੇ ਲੋਕ ਇਸ ਭਵਿੱਖ ਨੂੰ ਸੁਰੱਖਿਅਤ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਉਣਗੇ। ਸਾਨੂੰ ਹਰ ਦੇਸ਼ ਨੂੰ ਇਸ ਮੁਹਿੰਮ ਨਾਲ ਜੋੜਨਾ ਹੋਵੇਗਾ। ਹਰ ਖੇਤਰ ਨੂੰ ਇਸ ਤਬਦੀਲੀ ਦਾ ਭਾਈਵਾਲ ਬਣਾਉਣਾ ਹੋਵੇਗਾ। ਤਦ ਹੀ ਅਸੀਂ ਸਵੱਛ ਭਵਿੱਖ, ਹਰਿਆ-ਭਰਿਆ ਭਵਿੱਖ ਅਤੇ ਸੁਰੱਖਿਅਤ ਭਵਿੱਖ ਦਾ ਨਿਰਮਾਣ ਕਰ ਸਕਾਂਗੇ। ਇਨ੍ਹਾਂ ਸ਼ਬਦਾਂ ਨਾਲ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਬਹੁਤ-ਬਹੁਤ ਸ਼ੁਭਕਾਮਨਾਵਾਂ।
ਧੰਨਵਾਦ।
****
ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ
Speaking at the Bharat Renewable Energy Summit in Delhi. Watch my speech. https://t.co/09hT8k2qmU
— Narendra Modi (@narendramodi) November 2, 2026
पिछले कुछ वर्षों से Global Economy ने अभूतपूर्व संकट देखे हैं। कोरोना की महामारी से लेकर West Asia Crisis तक...दुनिया ने कई बड़े संकटों का सामना किया है। और West Asia का संकट तो अभी भी जारी है...लेकिन 140 करोड़ भारतीयों को इस बात का गर्व है कि हमने अब तक इस संकट को बेहतर तरीके से संभाला है और इस संकट के बावजूद भी भारत की growth high रही है: PM @narendramodi
— PMO India (@PMOIndia) November 2, 2026
Energy Security का future Clean Energy में है: PM @narendramodi
— PMO India (@PMOIndia) November 2, 2026
सौर क्रांति का ये नया दौर केवल adoption का नहीं है...ये innovation पर भी निर्भर है। इसलिए मैं अपने Startups से, IITs, innovators और Entrepreneurs से विशेष आग्रह करुंगा...आप आगे आएं...आप ऐसे model बनाएं जहां एक परिवार की ज्यादा से ज्यादा जरूरतें solar power से पूरी हों: PM @narendramodi
— PMO India (@PMOIndia) November 2, 2026