ਸਿਆਵਰ ਰਾਮਚੰਦਰ ਕੀ ਜੈ!
ਸਿਆਵਰ ਰਾਮਚੰਦਰ ਕੀ ਜੈ!
ਸਿਆਵਰ ਰਾਮਚੰਦਰ ਕੀ ਜੈ!
ਵਿਜੈਦਸ਼ਮੀ ਦੇ ਇਸ ਪਵਿੱਤਰ ਤਿਉਹਾਰ ਮੌਕੇ ਮੈਂ ਪ੍ਰਭੂ ਸ਼੍ਰੀ ਰਾਮ, ਮਾਂ ਜਾਨਕੀ ਅਤੇ ਬਜਰੰਗ ਬਲੀ ਦੇ ਚਰਨਾਂ ਵਿੱਚ ਪ੍ਰਣਾਮ ਕਰਦਾ ਹਾਂ। ਇਸ ਪਵਿੱਤਰ ਮਾਹੌਲ ਵਿੱਚ, ਮੈਂ ਸਾਰੇ ਦੇਸ਼ਵਾਸੀਆਂ ਨੂੰ ਵਿਜੈਦਸ਼ਮੀ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਅੱਜ ਭਾਰਤ ਦਾ ਕੋਨਾ-ਕੋਨਾ ਰਾਮਮਈ ਹੈ। ਪਿੰਡ-ਪਿੰਡ, ਸ਼ਹਿਰ-ਸ਼ਹਿਰ ਰਾਮਲੀਲਾ ਦੇ ਰਸ ਵਿੱਚ ਦੇਸ਼ ਡੁੱਬਿਆ ਹੋਇਆ ਹੈ। ਦੇਸ਼ ਭਰ ਵਿੱਚ ਰਾਮਲੀਲਾਵਾਂ ਦਾ ਮੰਚਨ, ਪ੍ਰਭੂ ਸ਼੍ਰੀ ਰਾਮ ਦੇ ਆਦਰਸ਼ਾਂ ਨੂੰ ਜਿਉਂਦਾ ਰੱਖਣ ਦੀ ਪਰੰਪਰਾ, ਅੱਤਿਆਚਾਰ ਅਤੇ ਆਤੰਕ ਦੇ ਅੰਤ ਦਾ ਐਲਾਨ ਅਤੇ ਝੂਠ ’ਤੇ ਸੱਚ ਸਨਾਤਨ ਦੀ ਜਿੱਤ ਦਾ ਵਿਸ਼ਵਾਸ, ਸਾਡੇ ਲਈ ਇਹ ਸਿਰਫ਼ ਇੱਕ ਤਿਉਹਾਰ ਨਹੀਂ ਹੈ, ਇਹ ਭਾਰਤ ਦੀ ਪ੍ਰਾਣ ਊਰਜਾ (ਜੀਵਨ ਸ਼ਕਤੀ) ਹੈ। ਇਸ ਲਈ, ਅੱਜ ਜਦੋਂ ਦੇਸ਼ ਦਾ ਹਰ ਵਿਅਕਤੀ ਅਧਰਮ ’ਤੇ ਧਰਮ ਦੀ ਜਿੱਤ ਦਾ ਜੈਕਾਰਾ ਲਾ ਰਿਹਾ ਹੈ, ਤਾਂ ਆਓ, ਇੱਕ ਵਾਰ ਫਿਰ ਮੇਰੇ ਨਾਲ ਬੋਲੋ –
ਸਿਆਵਰ ਰਾਮਚੰਦਰ ਕੀ ਜੈ!
ਸਿਆਵਰ ਰਾਮਚੰਦਰ ਕੀ ਜੈ!
ਸਿਆਵਰ ਰਾਮਚੰਦਰ ਕੀ ਜੈ!
ਸਾਥੀਓ,
ਇਸ ਦੇਸ਼ ਨੇ, ਇਸ ਦੇ ਸੱਭਿਆਚਾਰ ਨੇ ਅਤੇ ਇਸ ਦੇ ਪੁਰਖਿਆਂ ਨੇ ਹਜ਼ਾਰਾਂ ਸਾਲਾਂ ਤੋਂ ਪ੍ਰਭੂ ਸ਼੍ਰੀ ਰਾਮ ਦੀ ਉਪਾਸਨਾ ਕੀਤੀ ਹੈ। ਇਹ ਆਸਥਾ ਸਿਰਫ਼ ਇਸ ਲਈ ਨਹੀਂ ਹੈ ਕਿ ਸ਼੍ਰੀ ਰਾਮ ਨੇ ਰਾਕਸ਼ਸ ਰਾਜੇ ਰਾਵਣ ਦਾ ਅੰਤ ਕੀਤਾ ਸੀ। ਇਹ ਆਸਥਾ ਇਸ ਲਈ ਵੀ ਹੈ, ਕਿਉਂਕਿ ਪ੍ਰਭੂ ਰਾਮ ਨੇ ਸਾਨੂੰ ਅਜਿਹੇ ਆਦਰਸ਼ ਦਿੱਤੇ ਹਨ, ਜੋ ਮਾਨਵਤਾ ਦੇ ਇਤਿਹਾਸ ਵਿੱਚ ਲਾਮਿਸਾਲ ਹਨ।
ਸਾਥੀਓ,
ਪ੍ਰਭੂ ਸ਼੍ਰੀ ਰਾਮ ਨੇ ਆਪਣੇ ਜੀਵਨ ਵਿੱਚ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ, ਪਰ ਉਨ੍ਹਾਂ ਨੇ ਸੱਚਾਈ ਅਤੇ ਨੀਤੀ ਦਾ ਰਸਤਾ ਕਦੇ ਨਹੀਂ ਛੱਡਿਆ। ਉਨ੍ਹਾਂ ਦਾ ਚਰਿੱਤਰ ਹੀ ਅਜਿਹਾ ਹੈ, ‘प्रसन्नतां या न गत अभिषेकतः तथा,न मम्ले वनवास दुःखतः॥’ ਭਾਵ, ਪ੍ਰਭੂ ਰਾਮ ਦੇ ਚਿਹਰੇ ’ਤੇ ਨਾ ਰਾਜਗੱਦੀ ਮਿਲਣ ਦੀ ਖੁਸ਼ੀ ਆਈ ਅਤੇ ਨਾ ਹੀ ਜੰਗਲ ਜਾਣ ਨਾਲ ਉਨ੍ਹਾਂ ਨੂੰ ਕੋਈ ਦੁੱਖ ਹੋਇਆ। ਉਨ੍ਹਾਂ ਨੇ ਹਰ ਸੰਕਟ ਸਹਿ ਕੇ ਵੀ ਧਰਮ ਦੀ ਪਾਲਣਾ ਕੀਤੀ ਅਤੇ ਸੱਚ ਦੀ ਸਥਾਪਨਾ ਕੀਤੀ। ਜਦੋਂ ਸਾਡੇ ਰਾਮ ਜੰਗਲ ਗਏ, ਤਾਂ ਉੱਥੇ ਉਨ੍ਹਾਂ ਨੇ ਨਿਸ਼ਾਦਰਾਜ ਨੂੰ ਗਲੇ ਲਾਇਆ, ਮਾਤਾ ਸ਼ਬਰੀ ਨੂੰ ਸਨਮਾਨ ਦਿੱਤਾ। ਉਨ੍ਹਾਂ ਨੇ ਦਇਆ, ਕਰੁਣਾ, ਪ੍ਰੇਮ ਅਤੇ ਆਪਸੀ ਭਾਈਚਾਰੇ ਦੇ ਮਿਆਰ ਕਾਇਮ ਕੀਤੇ। ਅਤੇ ਜਦੋਂ ਵਾਪਸ ਆ ਕੇ ਪ੍ਰਭੂ ਰਾਮ ਅਯੁੱਧਿਆ ਦੇ ਰਾਜਾ ਬਣੇ, ਤਾਂ ਅਜਿਹੇ ਰਾਮਰਾਜ ਦੀ ਸਥਾਪਨਾ ਕੀਤੀ, ਜਿਸ ਨੂੰ ਅੱਜ ਵੀ ਚੰਗੇ ਸ਼ਾਸਨ, ਗਵਰਨੈਂਸ ਦਾ ਮਿਆਰ ਮੰਨਿਆ ਜਾਂਦਾ ਹੈ। ਰਾਮਰਾਜ ਭਾਵ ਅਜਿਹਾ ਸ਼ਾਸਨ, ਜਿੱਥੇ ਕਿਸੇ ਨਾਲ ਭੇਦਭਾਵ ਨਾ ਹੋਵੇ, ਜਿੱਥੇ ਸਭ ਨੂੰ ਇਨਸਾਫ਼ ਮਿਲੇ, ਜਿੱਥੇ ਸਭ ਨੂੰ ਬਰਾਬਰ ਮੌਕੇ ਮਿਲਣ, ਜਿੱਥੇ ਸੱਤਾ ਦਾ ਉਦੇਸ਼ ਰਾਜ ਕਰਨਾ ਨਹੀਂ, ਸਗੋਂ ਜਨ-ਕਲਿਆਣ ਹੋਵੇ। ਅਤੇ ਇਸੇ ਲਈ ਗੋਸਵਾਮੀ ਤੁਲਸੀਦਾਸ ਜੀ ਨੇ ਕਿਹਾ ਸੀ – ‘दैहिक दैविक भौतिक तापा। राम राज नहिं काहुहि ब्यापा॥’ ਇਹੀ ਮਰਿਆਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ ਦਾ ਆਦਰਸ਼ ਹੈ। ਇਸ ਲਈ ਸਾਨੂੰ ਹਮੇਸ਼ਾ ਜਨਤਾ ਨੂੰ ਜਨਾਰਦਨ ਮੰਨ ਕੇ, ‘ਨਾਗਰਿਕ ਦੇਵੋ ਭਵ’ ਦੇ ਮੰਤਰ ’ਤੇ ਅੱਗੇ ਵਧਣਾ ਹੈ। ਅਸੀਂ ਗ਼ਰੀਬਾਂ ਅਤੇ ਵਾਂਝੇ ਲੋਕਾਂ ਦੀ ਸੇਵਾ ਨੂੰ ਸਰਵਉੱਚ ਰੱਖਣਾ ਹੈ।
ਸਾਥੀਓ,
ਪ੍ਰਭੂ ਰਾਮ ਦੇ ਜੀਵਨ ਤੋਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਦੀ ਹੈ। ਸੰਕਟ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਚੁਣੌਤੀ ਕਿੰਨੀ ਵੀ ਔਖੀ ਕਿਉਂ ਨਾ ਹੋਵੇ, ਅਸੀਂ ਦੂਜਿਆਂ ਦੇ ਸਹਾਰੇ ਨਹੀਂ ਬੈਠਣਾ, ਅਸੀਂ ਆਪਣੀ ਸਮਰੱਥਾ ਨੂੰ ਪਛਾਣਨਾ ਹੈ, ਅਸੀਂ ਆਪਣੇ ਸਾਧਨਾਂ ’ਤੇ ਵਿਸ਼ਵਾਸ ਕਰਨਾ ਹੈ, ਆਪਣੇ ਸੰਕਲਪ ਨੂੰ ਤਾਕਤ ਬਣਾਉਣਾ ਹੈ ਅਤੇ ਆਪਣੀ ਮਿਹਨਤ ਨਾਲ ਹੱਲ ਕੱਢਣਾ ਹੈ। ਪ੍ਰਭੂ ਰਾਮ ਨੇ ਸਾਨੂੰ ਸਿਖਾਇਆ ਕਿ ਰਸਤੇ ਦੀਆਂ ਮੁਸ਼ਕਿਲਾਂ ਸਾਡੇ ਸਫ਼ਰ ਨੂੰ ਰੋਕ ਨਹੀਂ ਸਕਦੀਆਂ। ਸਮੁੰਦਰ ਸਾਹਮਣੇ ਸੀ, ਲੰਕਾ ਦੂਰ ਸੀ, ਪਰ ਸੰਕਲਪ ਅਟੱਲ ਸੀ। ਇਸ ਲਈ ਰਾਮ ਜੀ ਨੇ ਜਨਤਾ ਦੀ ਸਮੂਹਿਕ ਤਾਕਤ ਨੂੰ ਜਗਾਇਆ, ਲੋਕਾਂ ਦੀ ਸ਼ਮੂਲੀਅਤ ਨੂੰ ਆਪਣਾ ਸਹਾਰਾ ਬਣਾਇਆ, ਉਪਲਬਧ ਸਾਧਨਾਂ ਨੂੰ ਜੋੜਿਆ ਅਤੇ ਅਸੰਭਵ ਲੱਗਣ ਵਾਲੇ ਟੀਚੇ ਨੂੰ ਸੰਭਵ ਬਣਾਇਆ। ਇਹੀ ਸਫਲਤਾ ਦਾ ਮੂਲ ਮੰਤਰ ਹੈ। ਆਪਣੀ ਤਾਕਤ ’ਤੇ ਵਿਸ਼ਵਾਸ, ਆਪਣੀ ਸਮਰੱਥਾ ’ਤੇ ਭਰੋਸਾ, ਆਪਣੇ ਸਾਧਨਾਂ ਦੀ ਸਹੀ ਵਰਤੋਂ ਅਤੇ ਆਪਣੇ ਟੀਚੇ ਪ੍ਰਤੀ ਅਟੁੱਟ ਸੰਕਲਪ। ਅੱਜ ਅਸੀਂ ਵੀ ਇਸੇ ਮੰਤਰ ਨੂੰ ਲੈ ਕੇ ਅੱਗੇ ਵਧਣਾ ਹੈ। ਸਾਡੇ ਸਾਹਮਣੇ ਵਿਕਸਿਤ ਭਾਰਤ ਦਾ ਟੀਚਾ ਹੈ, ਸਾਡੇ ਸਾਹਮਣੇ ਆਤਮਨਿਰਭਰ ਭਾਰਤ ਦਾ ਟੀਚਾ ਹੈ। ਅਸੀਂ ਜਨਸ਼ਕਤੀ ਨਾਲ ਜਨ-ਕਲਿਆਣ ਕਰਦਿਆਂ, ਲੋਕਾਂ ਦੀਆਂ ਸਾਰੀਆਂ ਉਮੀਦਾਂ ਨੂੰ ਪੂਰਾ ਕਰਨਾ ਹੈ ਅਤੇ ਇਸ ਦੇ ਲਈ ਵੀ ਅਸੀਂ ਭਗਵਾਨ ਰਾਮ ਤੋਂ ਹੀ ਪ੍ਰੇਰਨਾ ਲੈਣੀ ਹੈ।
ਸਾਥੀਓ,
ਕੋਈ ਰਾਸ਼ਟਰ ਉਦੋਂ ਹੀ ਤਰੱਕੀ ਕਰਦਾ ਹੈ, ਜਦੋਂ ਉਸ ਵਿੱਚ ਆਤਮ-ਸਨਮਾਨ ਦੀ ਭਾਵਨਾ ਹੁੰਦੀ ਹੈ। ਅਤੇ ਇਸ ਆਤਮ-ਸਨਮਾਨ ਵਿੱਚ ਬਹੁਤ ਵੱਡੀ ਭੂਮਿਕਾ ਉਸ ਦੀ ਵਿਰਾਸਤ ਦੀ ਹੁੰਦੀ ਹੈ। ਇਸ ਲਈ, ਅੱਜ ਦੇਸ਼ ਆਪਣੀ ਵਿਰਾਸਤ ਅਤੇ ਪਛਾਣ ਨੂੰ ਸੁਰੱਖਿਅਤ ਕਰਨ ਵਿੱਚ ਵੀ ਜੁਟਿਆ ਹੋਇਆ ਹੈ। ਸਦੀਆਂ ਤੱਕ ਸਾਡੀਆਂ ਵਿਰਾਸਤਾਂ ਨੂੰ ਲੁੱਟ ਕੇ ਵਿਦੇਸ਼ ਲਿਜਾਇਆ ਗਿਆ, ਪਰ ਅੱਜ ਅਸੀਂ ਆਪਣੀਆਂ ਉਨ੍ਹਾਂ ਵਿਰਾਸਤਾਂ ਨੂੰ ਵਾਪਸ ਲਿਆ ਰਹੇ ਹਾਂ। ਬੀਤੇ 12 ਸਾਲਾਂ ਵਿੱਚ ਸਾਢੇ ਛੇ ਸੌ ਤੋਂ ਵੱਧ ਪ੍ਰਾਚੀਨ ਮੂਰਤੀਆਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਹੈ। ਇਸੇ ਤਰ੍ਹਾਂ, ਭਾਰਤ ਆਪਣੇ ਸੱਭਿਆਚਾਰਕ ਕੇਂਦਰਾਂ ਨੂੰ ਦੁਨੀਆ ਵਿੱਚ ਨਵੀਂ ਪਛਾਣ ਦਿਵਾ ਰਿਹਾ ਹੈ। ਬੀਤੇ ਸਾਲਾਂ ਵਿੱਚ, ਸਾਡੀਆਂ ਕਈ ਥਾਵਾਂ ਨੂੰ ਯੂਨੈਸਕੋ ਵਰਲਡ ਹੈਰੀਟੇਜ ਸਾਈਟਸ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਪਿਛਲੇ ਸਾਲ ਦੀਵਾਲੀ ਨੂੰ ਵੀ ਯੂਨੈਸਕੋ ਨੇ ਮਾਨਵਤਾ ਦੀ ਅਮੂਰਤ ਸੱਭਿਆਚਾਰਕ ਵਿਰਾਸਤ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਇਹ ਕਰੋੜਾਂ ਭਾਰਤੀਆਂ ਦੀ ਸਮੂਹਿਕ ਇੱਛਾ-ਸ਼ਕਤੀ ਦਾ ਹੀ ਨਤੀਜਾ ਹੈ। ਅਸੀਂ ਇਸੇ ਲਗਨ ਨਾਲ ਅੱਗੇ ਵੀ ਕੰਮ ਕਰਨਾ ਹੈ।
ਸਾਥੀਓ,
ਵਿਜੈਦਸ਼ਮੀ, ਵਿਜੈ ਦਾ ਪੁਰਬ ਹੈ, ਜਿੱਤ ਦਾ ਤਿਉਹਾਰ ਹੈ। ਇਹ ਤਿਉਹਾਰ ਸਾਨੂੰ ਹੌਸਲਾ ਦਿੰਦਾ ਹੈ ਕਿ ਦੁਸ਼ਮਣ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਪਰ ਜਦੋਂ ਅਸੀਂ ਸੱਚਾਈ ਅਤੇ ਮਾਨਵਤਾ ਦੇ ਨਾਲ ਹੁੰਦੇ ਹਾਂ, ਤਾਂ ਅੰਤ ਵਿੱਚ ਜਿੱਤ ਸਾਡੀ ਹੀ ਹੁੰਦੀ ਹੈ। ਵਿਜੈਦਸ਼ਮੀ ਦੀ ਇਹੀ ਭਾਵਨਾ ਹਮੇਸ਼ਾ ਤੋਂ ਭਾਰਤ ਦੀ ਵਿਚਾਰਧਾਰਾ ਰਹੀ ਹੈ। ਸਾਡੇ ਰਿਸ਼ੀਆਂ ਨੇ ਸਾਨੂੰ ਪ੍ਰੇਰਨਾ ਦਿੱਤੀ ਹੈ – ‘समानो मन्त्रः समितिः समानी समानं मनः सह चित्तमेषाम्।’ ਭਾਵ, ਸਾਡੇ ਵਿਚਾਰ ਇੱਕੋ ਜਿਹੇ ਹੋਣ, ਸਾਡੀਆਂ ਕਮੇਟੀਆਂ, ਭਾਵ ਰਾਸ਼ਟਰ ਦੀਆਂ ਸਾਰੀਆਂ ਸੰਸਥਾਵਾਂ, ਸਾਰੀਆਂ ਸਿਆਸੀ ਪਾਰਟੀਆਂ, ਰਾਸ਼ਟਰ ਹਿੱਤ ਲਈ ਇਕੱਠੀਆਂ ਖੜ੍ਹੀਆਂ ਹੋਣ। ਸਾਨੂੰ ਇਸੇ ਭਾਵਨਾ ’ਤੇ ਚੱਲਣਾ ਪਵੇਗਾ, ਸਾਨੂੰ ਦੇਸ਼ ਦੇ ਦੁਸ਼ਮਣਾਂ ਨਾਲ ਮਿਲ ਕੇ ਲੜਨਾ ਪਵੇਗਾ। ਦੇਸ਼ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀਆਂ ਤਾਕਤਾਂ, ਸਮਾਜ ਨੂੰ ਵੰਡਣ ਵਾਲੇ ਲੋਕ, ਸਾਡੇ ਸੱਭਿਆਚਾਰ ਨਾਲ ਨਫ਼ਰਤ ਕਰਨ ਵਾਲਿਆਂ ਦੀ ਮਾਨਸਿਕਤਾ, ਇਹ ਦੇਸ਼ ਦੇ ਦੁਸ਼ਮਣ ਹਨ। ਅੱਜ ਵਿਜੈਦਸ਼ਮੀ ਦੇ ਸ਼ੁਭ ਤਿਉਹਾਰ ’ਤੇ ਅਸੀਂ ਆਪਣਾ ਸੰਕਲਪ ਮੁੜ ਦੁਹਰਾਉਣਾ ਹੈ, ਅਸੀਂ ਮਾਂ ਭਾਰਤੀ ਦੇ ਦੁਸ਼ਮਣਾਂ ਨੂੰ ਪਛਾਣਨਾ ਹੋਵੇਗਾ, ਉਨ੍ਹਾਂ ਨੂੰ ਹਰਾਉਣਾ ਹੋਵੇਗਾ। ਅਤੇ ਰਾਸ਼ਟਰ-ਪ੍ਰਥਮ ਦਾ ਸੰਕਲਪ ਲੈਂਦਿਆਂ, ਸਭ ਨੂੰ ਇਕੱਠੇ ਆਉਣਾ ਪਵੇਗਾ। ਮੈਨੂੰ ਵਿਸ਼ਵਾਸ ਹੈ ਕਿ ਅਯੁੱਧਿਆ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੌਰਾਨ ‘ਰਾਮ ਤੋਂ ਰਾਸ਼ਟਰ’ ਅਤੇ ‘ਦੇਵ ਤੋਂ ਦੇਸ਼’ ਦੀ ਜੋ ਸੰਕਲਪਨਾ ਅਸੀਂ ਕੀਤੀ ਹੈ, ਉਸ ਨੂੰ ਅਸੀਂ ਜ਼ਰੂਰ ਪੂਰਾ ਕਰਾਂਗੇ। ਮੈਂ ਇੱਕ ਵਾਰ ਫਿਰ ਸਾਰੇ ਦੇਸ਼ਵਾਸੀਆਂ ਨੂੰ ਦੁਸ਼ਹਿਰੇ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ।
ਜੈ ਸਿਆ ਰਾਮ!
ਜੈ ਸਿਆ ਰਾਮ!
ਜੈ ਸਿਆ ਰਾਮ!
ਭਾਰਤ ਮਾਤਾ ਦੀ ਜੈ।
ਭਾਰਤ ਮਾਤਾ ਦੀ ਜੈ।
ਬਹੁਤ-ਬਹੁਤ ਧੰਨਵਾਦ।
ਡਿਸਕਲੇਮਰ: ਇਹ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਅਨੁਮਾਨਿਤ ਅਨੁਵਾਦ ਹੈ। ਮੂਲ ਸੰਬੋਧਨ ਹਿੰਦੀ ਵਿੱਚ ਸੀ।
****
ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ
Vijaya Dashami celebrates the victory of good over evil. It reminds us of the enduring strength of truth and righteousness. https://t.co/jJSlQdNhu2
— Narendra Modi (@narendramodi) October 20, 2026
दिल्ली में श्रद्धा और भव्यता से ओतप्रोत विजयादशमी कार्यक्रम ने अभिभूत कर दिया। https://t.co/qVpa1NjZf1
— Narendra Modi (@narendramodi) October 20, 2026